Punjabi Poetry : Jatinder Raahi
ਪੰਜਾਬੀ ਕਵਿਤਾਵਾਂ : ਜਤਿੰਦਰ ਰਾਹੀ
1. ਤਾਰੇ
ਰਾਤਾਂ ਨੂੰ ਜਾਗਣਾ ਤੇ ਗਿਣਨੇ ਤਾਰੇ,,, ਇੰਞ ਨੀ ਲੱਭਦੇ ਸੱਜਣ ਪਿਆਰੇ। ਕਿੱਥੋਂ ਭਾਲ਼ੇਂ ਉਹ ਅਫਸਾਨੇ? ਜੋ ਨਾ ਬਣੇ, ਤੇਰੇ ਸਹਾਰੇ। ਜੇਹੜੇ ਖਿਆਲਾਂ, ਤੂੰ ਖੰਭ ਲਾ ਬੈਠਾਂ, ਉਹ ਖੁਦ ਲਗਦੇ, ਬੇਵਸ ਵਿਚਾਰੇ। ਤੇਰੇ ਖਾਬ, ਮੰਜ਼ਿਲਾਂ, ਤੇ ਇਰਾਦੇ; ਇਨ੍ਹਾਂ ਦੇ ਨਾ ਮਿਲਣ ਸਿਤਾਰੇ। ਇਹ ਕਿਸ ਪਾਸੇ ਹੈਂ ਟੁਰਿਆ ਜਾਨਾਂ? ਕਹਿੜੀ ਮੰਜ਼ਿਲ ਤੈਨੂੰ ਪੁਕਾਰੇ? ਕੱਢ ਲੈ ਕੁੱਝ ਤਾਂ ਸਮੇਂ ਦੀ ਕੁੱਖੋਂ, ਲਿਖ-ਲਿਖ ਕੇ ਕਿੰਞ ਹੋਣੇ ਗੁਜ਼ਾਰੇ?
2. ਮੁਸ਼ਕਿਲ ਹੈ
ਮਨ ਜਿੱਥੇ ਹੈ ਫਿਰਦੈਂ, ਓਥੇ ਜ਼ਹਿਨ ਪੁਜਾਣਾ ਮੁਸ਼ਕਿਲ ਹੈ। ਆਪਣੇ ਹੱਥੀਂ ਦਿਲ ਦੀਆਂ, ਕੱਚੀਆਂ ਕੰਧਾਂ ਢਾਹੁਣਾ ਮੁਸ਼ਕਿਲ ਹੈ। ਉਹ ਕਹਿੰਦੇ ਨੇ ਕੁਝ ਉਮਦਾ ਲਿਖ, ਪਰ ਇਸ ਦਿਮਾਗ ਤੋਂ ਪਾਰ ਪਾਣਾ ਮੁਸ਼ਕਿਲ ਹੈ। ਮੈਂ ਚਾਹੁਨਾ ਜੋ ਲਫਜ਼ਾਂ ਵਿੱਚ ਸਮੇਟਣਾ, ਉਹ ਸਭ ਪਰੋ ਕੇ, ਗਲ਼ ਦਾ ਹਾਰ ਬਣਾਉਣਾ ਮੁਸ਼ਕਿਲ ਹੈ। ਕਿਹਨੂੰ ਕਿਹਨੂੰ ਸਮਝਾਈਏ ਜਜ਼ਬਾਤ ਇੰਜ ੳੱਖੱੜੇ? ਹਰ ਸਮੇਂ ਕੂਟਨੀਤਿਕ ਜਿਹਾ ਬਣਕੇ, ਮੌਲਾ, ਘੁੱਟ-ਘੁੱਟ ਜੀਣਾ ਮੁਸ਼ਕਿਲ ਹੈ।
3. ਖਿਆਲ-1
ਆ ਮੇਰੇ ਸਰਪ੍ਰਸਤ, ਮੈਨੂੰ ਬਰਬਾਦ ਕਰ। ਤੇਰੀ ਖ਼ਿਲਾਫਤ ਦੇ, ਕਾਬਿਲ ਜੋ ਹੋ ਗਿਆਂ ਹਾਂ ਮੈਂ। ਹੁਣ ਤੱਕ ਚੁਗਦਾ ਰਿਹਾ, ਤੇਰੇ ਪੈਂਡਿਆਂ ਦੇ ਕੰਡੇ; ਹੁਣ ਤੇਰਾ ਇੱਕੋ-ਇੱਕ, ਰਕੀਬ ਜੋ ਹੋ ਗਿਆ ਹਾਂ ਮੈਂ। ਹੁਣ ਤੱਕ ਦੂਜਿਆਂ ਦੀ ਤਨਕੀਦ, ਤੇਰੇ ਹਾਸੇ ਦੀ ਵਜ੍ਹਾ ਹੁੰਦੀ ਸੀ; ਅੱਜ ਤੇਰੀ ਕਰਦੇ ਹੀ, ਖੱਬੇ-ਪੱਖੀ ਹੋ ਗਿਆ ਹਾਂ ਮੈਂ। ਤੇਰੀ ਸਮਾਨਤਾ, ਉਦਾਰਤਾ, ਸਹਿਣਸ਼ੀਲਤਾ, ਦਾ ਸਮਰਥੱਕ ਰਿਹਾ ਹਾਂ ਮੈਂ; ਪਰ ਤੇਰੇ ਰਾਤੋ-ਰਾਤ ਧਾਰਮਿਕ-ਰਾਸ਼ਟਰਵਾਦ ਦੀ ਰਾਖ ਮਲ਼ਣ ਤੋਂ ‘ਜਾਗ’ ਗਿਆ ਹਾਂ ਮੈਂ।
4. ਮਲਾਲ
ਉਹਨੂੰ ਮਾਣ ਰਿਹਾ, ਆਪਣੇ ਕੁਝ ਲਫ਼ਜ਼ਾਂ ਤੇ ਦਾਅਵਿਆਂ ਦਾ। ਮੈਂ ਵੀ ਪੱਲਾ ਛੱਡ ਨਾ ਸਕਿਆ, ਤਜ਼ਰਬਿਆਂ ਤੇ ਪੁਰਾਣੇ ਕੁਝ ਵਿਚਾਰਾਂ ਦਾ। ਕੀ ਦੱਸਾਂ ਇਸ ਮੇਲ਼ ਦਾ ਅੰਜਾਮ? ਨਾਂ ਯਾਰ ਰਿਹਾ, ਨਾ ਹੀ ਮਲਾਲ ਰਿਹਾ।
5. ਕਾਗਜ਼ ਦਾ ਸੱਚ
ਦਿਲ ਕਰਦਾ ਇਕ ਪੈਂਸਿਲ ਕੱਚੀ ਲੈ ਕੇ, ਘੜ ਕੇ ਇਸ ਨੂੰ ਸ਼ਮਸ਼ੀਰ ਦੇ ਵਾਂਗ,, ਉਸ ਕੋਰੇ ਕਾਗਜ਼ ਦਾ ਕਾਤਲ ਬਣ ਜਾਵਾਂ। ਜੋ ਸਾਫ਼ ਹੈ ਝੂਠੇ ਸੱਚ ਦੇ ਵਾਂਗ। ਕਿਵੇਂ ਰਹਿੰਦਾ ਹੈ ਖ਼ਾਮੋਸ਼ ਇਹ, ਏਨਾ ਕੁਝ ਸਹਿਣ ਤੋਂ ਬਾਅਦ। ਕਈ ਨਿਰਦੋਸ਼ ਰੁੱਖਾਂ ਦੇ ਘਾਣ ਦਾ, ਇੱਕੋ- ਇੱਕ ਗਵਾਹ ਹੈ ਇਹ। ਫਿਰ ੳਨ੍ਹਾਂ ਦੇ ਕੱਟਣ ਤੋਂ ਲੈ ਕੇ, ਆਪਣੇ ਹੀ ਬਣਨ ਦੀ ਰਾਹ ਹੈ ਇਹ। ਫਿਰ ਕਿਂਉ ਰਹਿੰਦਾ ਸਾਫ ਇਨਾ ਇਹ, ਦਿੰਦਾ ਹਰੇਕ ਮਿਸਾਲ ਕਿਉਂ ਹਮੇਸ਼ਾ, ਕੇ ‘ਕੋਰਾ ਕਾਗਜ਼’- ਕੋਰਾ ਕਾਗਜ਼ ‘ ਹੈ ਇਹ। ਇਹ ਕੋਰਾ ਕਿੰਜ ਹੋ ਸਕਦਾ? ਏਨਾ ਗੁੰਗਾ ਹੋ ਕੇ? ਕਿੰਨੇ ਕਤਲ ਕਰਾ ਕੇ ਬਣਿਆ, ਇਹਦਾ ਬਾਣਾ ਬੇਮਿਸਾਲ, ਜਿੰਨਾ ਮਰਜ਼ੀ ਚਿੱਟਾ ਬਣ ਜਾ, ਕਰਮ ਨੀ ਲੁਕਦੇ ਰੰਗਾਂ ਨਾਲ। ਭਾਂਵੇ ਮੇਰੀ ਯਾਰੀ ਪੱਕੀ ਇਸ ਦੋਸ਼ੀ ਦੇ ਨਾਲ, ਨਹੀਂ ਛੱਡਣਾ ਮੈਂ ਸਾਫ ਇਹਨੂੰ, ਇਹਦੇ ਚਰਿਤੱਰ ਨਾਲ਼। ਇਸ ਤੋਂ ਲਿਖ-ਲਿਖ ਬਦਲੇ ਲੈਣੇ, ਕੰਮ ਨੀ ਕੋਈ ਲਿਖਾਰੀ ਦਾ, ਬਦਲਾ ਲੈਣ ਦੀ ਚਾਹਤ ਦੇ ਵਿੱਚ, ਮੈਂ ਵੀ ਕਾਤਲ ਬਣ ਰਿਹਾ ਹਾਂ, ਇਸ ਹਰੀ-ਭਰੀ ਕਿਆਰੀ ਦਾ।।
6. ਅਹਿਸਾਨ
ਉਹ ਜੋ ਦੱਬੇ ਅਹਿਸਾਨਾਂ ਥੱਲੇ, ਉ੍ਹਨਾਂ ਦੇ ਇਸ਼ਕ ਨੂੰ ਵੀ ਸਲਾਮ ਹੈ। ਕਰਜ਼ੇ ਥੱਲੇ ਤਾਂ ਦੱਬੇ ਰੱਜ ਕੇ, ਫਿਰ ਵੀ ਦਿਲ ਤੇ ਨਾ ਲਗਾਮ ਹੈ। ਦਿਲ ਜੋ ਕੱਲਾ ਹੈ, ਲੱਭਦਾ ਹੈ ਸਹਾਰਾ, ਵੈਸੇ ਤਾ ਗੁਨਾਹ ਨਹੀਂ, ਫੇਰ ਵੀ ਸੌ ਖ਼ੂਨ ਮਾਫ ਹੈ। ਸੋਚ ਤਾ ਲਿਆ ਹੈ, ਜ਼ਾਲਿਮ ਝੱਖੜ ਨਾਲ ਲੜਨਾ, ਪੱਲੇ ਕੁਝ ਨਹੀਂ , ਬਸ ਦੋ ਰੁੱਗ ਆਸ ਹੈ। ਕਿਹੜੇ ਰਾਹ ਟੁਰਨਾ ਹੈ? ਕਿਹੜੀ ਵਾਟ ਹੈ? ਕਿੱਥੇ ਚੜ੍ਹਾਈ ਕਰਾ ਰਹੀ? ਇਹ ਜੋ ਦਿਲ ਦੀ ਆਸ ਹੈ। ਇੰਞ ਅੰਨ੍ਹੇ ਹੋ ਕੇ ਦਿਲ ਦੇ ਆਖੇ ਲੱਗਿਆ, ਵਾਹ ਬਈ ਵਾਹ ਮਿੱਤਰਾ! ਤੈਨੂੰ ਵੀ ਸਲਾਮ ਹੈ। ਪਿੱਛੇ ਮੁੜ ਕੇ ਦੇਖ, ਤੈਨੂੰ ਕੌਣ-ਕੌਣ ਡੀਕਦਾ, ਕਿਉਂ ਤੇਰੇ ਸਿਰ ‘ਤੇ ਚੜ੍ਹਿਆ, ਕਿਸੇ ਨਵੇਂ ਦਾ ਰੁਝਾਨ ਹੈ?
7. ਮੇਰੇ ਰਾਹ
ਮੇਰੇ ਰਾਹਾਂ ਦੇ ਵਿੱਚ ਲੱਥੇ, ਕੁਝ ਸੁਪਨੇ ਤੇ ਕੁਝ ਅੱਖਾਂ। ਹਰ ਕੋਈ ਲੋਚੇ ਮੇਥੋਂ ਸਭ ਕੁਝ, ਮੈਂ ਜੀਹਦੇ ਵੱਲ ਤੱਕਾਂ। ਸੁੱਪਨੇ ਮੰਗਦੇ ਅਣਥੱਕ ਮਿਹਨਤ,ਅਪਣੇ ਮੰਗਦੇ ਵੇਲਾ। ਦੋਵਾਂ ਦੀ ਇਸ ਪਿਆਸ ਦੇ ਅੱਗੇ, ਮੇਰਾ ਸਾਵਣ ਧੇਲਾ। ਮੈਂ ਵੀ ਅਪਣੀ ਪਿਆਸ ਬੁਝਾਵਾਂ, ਜੇ ਕੋਈ ਚਸ਼ਮਾ ਲੱਭੇ। ਖਿਆਲਾਂ ਦੇ ਇਸ ਸਾਗਰ ਨੂੰ ਮੈਂ, ਕਿੰਨਾ ਹੋਰ ਫਰੋਲ਼ਾਂ? ਉਸ ਚਸ਼ਮੇ ਦਾ ਨਾਂ ਹੈ ਕਵਿਤਾ, ਹੋਰ ਪਤਾ ਨਾ ਲੱਭੇ। ਨਾ ਕੋਈ ਜਾਣੇ, ਨਾ ਕੋਈ ਦੱਸੇ; ਕਿੰਨਾ ਵੀ ਪਾ ਲਓ ਰੌਲ਼ਾ।
8. ਮੈਂ
ਮੈਂ ਬਲ਼ਾਂ ਵਾਂਗ ਹਜਾਰ ਮਸ਼ਾਲਾਂ, ਮੈਂ ਸ਼ੀਤਲ ਵਾਂਗ ਹਿਮਾਲਿਆ। ਮੈਂ ਗੁੱਸਾ ਵਾਂਗ ਦੁਪਹਿਰੇ, ਮੈਂ ਨਿਮਰ ਵਾਂਗ ਸਵੇਰਾਂ। ਮੈਂ ਸੋਚਾਂ ਵਾਂਗ ਬਹਾਰਾਂ, ਮੇਰਾ ਲਿਖਣਾ ਵਾਂਗ ਗਵਾਰਾਂ। ਉਹਨੂੰ ਤਕਣਾ ਵਾਂਗ ਚਕੋਰਾਂ, ਉਹਨੂੰ ਮੰਨਣਾ ਵਾਂਗ ਹਵਾਵਾਂ। ਮੈਂ ਓਹਦੇ ਨੇੜੇ ਤਾਂ ਕਦੋਂ ਤੋਂ, ਪਰ ਉਹਨੂੰ ਪਾੳਣਾ ਵਾਂਗ ਦੁਆਵਾਂ।
9. ਪੈਮਾਨਾ
ਇੱਕ ਦੂਜੇ ਦੀ ਜ਼ਿੰਦਗੀ ਨੂੰ, ਅਸੀਂ ਜਦ ਵੀ ਤੱਕੀਏ ਪੈਮਾਨੇ ਨਾਲ਼। ਨਾ ਦੇਖੀਏ ਓਹਦੇ ਵਕਤਾਂ ਮਾੜਿਆਂ ਨੂੰ, ਨਾ ਦੇਖੀਏ ਓਹਦੇ ਨਾਲ਼ ਜੋ ਹੋਈ ਕਮਾਲ। ਜੋ ਹੰਢਾਏ ਓਹਨੇ ਨੰਗੇ ਪਿੰਡੇ ਤੇ, ਲੁਕ ਜਾਣ ਉਹ ਜ਼ਖ਼ਮ, ਅੱਜ ਦੀਆਂ ਚਮਕਾਂ ਨਾਲ਼। ਕਈ ਜ਼ਖ਼ਮਾਂ ਓਹਨੂੰ ਤੋੜਿਆ, ਲੁਟਿੱਆ, ਕਈ ਜ਼ਖ਼ਮਾਂ ਤੋਂ ਓਹਨੇ ਪਾਈ ਪਾਰ। ਕੁਝ ਦੇ ਗਏ ਓਹਨੂੰ ਯਾਦਾਂ ਮਿੱਠੀਆਂ, ਕਈਆਂ ਨੇ ਨਾ ਓਹਦੀ ਲਈ ਸਾਰ। ਉਹ ਫਿਰ ਵੀ ਹੈ ਤੁਰਿਆ ਜਾਂਦਾ, ਬੱਸ ਮੰਨ ਕੇ ਸਮੇਂ ਦੀ ਖੇਡੀ ਚਾਲ। ਸਿੱਖਦਾ ਰਹਿ ਬੱਸ ਹਰ ਠੋਕਰ ਤੋਂ, ਤੂੰ ਜ਼ਿੰਦਾ ਰੱਖ ਅਪਣਾ ਕਲਾਮ। ਰੋਕੇਂਗਾ ਸਭ; ਜੇ ਰੁਕ ਗਿਆ ਤੂੰ, ਚਲਦਾ ਰਹਿ ਕੇ, ਚਲਦਾ ਰੱਖ ਇਹ ਬਵਾਲ। ਛੱਡ ਦੂਜਿਆਂ ਨੂੰ ਨਾਪਣਾ, ਅਪਣੀ ਨਜ਼ਰਾਂ ਦੇ ਅਧੂਰੇ ਪੈਮਾਨੇ ਨਾਲ਼। ਸਡ ਦੀ ਜ਼ਿੰਦਗੀ ਦੇਵੇ ਕੁਝ ਚੱਕਮੇਂ, ਬੱਸ ਦੇਵੇ ਅਪਣੀ ਮਰਜ਼ੀ ਨਾਲ਼। ਹਰ ਜਗ੍ਹਾ ਜਾਗਦਾ ਰਹਿ ਕੇ, ਕੈਦ ਕਰ ਇਹ ਪਲ ਪੂਰੇ ਚਾਂਵਾਂ ਨਾਲ਼। ਇਹੋ ਤੇਰੇ ਪੱਲੇ ਰਹਿਣੇ, ਜਦ ਟੁਰਨਾ ਇੱਥੋਂ ਤਜ਼ਰਬੇ ਨਾਲ਼।
10. ਡੇਕ
ਚੜ੍ਹਦੀ ਹਾੜ੍ਹ ਦੁਪਹਿਰੇ, ਡੇਕ ਦੇ ਥੱਲੇ ਮੰਜੀ ਡਾਹ ਪਿਆ ਸੀ,, ਬਚਪਨ ਤੋਂ ਬਾਅਦ, ਫਿਰ ਅੱਜ ਕਾਫੀ ਸਮਾਂ ਨਸੀਬ ਹੋਇਆ ਸੀ। ਛੇੜ ਲਈਆਂ ਮੈਂ ਕੁਝ ਗੱਲਾਂ ਡੇਕ ਨਾਲ, ਜੋ ਚੇਤਾ ਸੀ,, ਪਹਿਲ ਤਾਂ ਡੇਕ ਦੀ ਸੀ, ਮੈਂ ਤਾਂ ਵੈਸੇ ਈ ਬੇਸੁੱਧ ਸੀ। ਕਹਿੰਦੀ, “ਤੂੰ ਵੀ ਮਜਬੂਰ ਏਂ ਤਾਂ ਹੀ ਨਿਹਾਰਦਾ ਏਂ ਮੈਨੂੰ” ਮੈਂ ਕਿਹਾ, “ਮੈਂ ਤਾਂ ਪਹਿਲਾਂ ਵੀ ਲਿਖਦਾ ਰਿਹਾਂ ਦੇਖ ਕੇ ਤੈਨੂੰ।” ਕਹਿੰਦੀ, “ਤੂੰ ਗੱਲਾਂ ਦਾ ਮਾਹਰ ਹੋ ਗਿਆ ਏਂ ਹੁਣ” ਮੈਂ ਕਿਹਾ, “ਦੁਨੀਆ ਨੇ ਸਿਖਾ ਦਿੱਤਾ ਮੈਨੂੰ।” ਕਹਿੰਦੀ, “ਚੇਤਾ? ਤੈਨੂੰ ਉਸ ‘ਚਿੜੀਆਂ ਦੇ ਚੰਬੇ’ ਦਾ?” ਮੈਂ ਕਿਹਾ, “ਉਹ ਹੁਣ ਕਿਤਾਬਾਂ ਵਿੱਚ ਹੀ ਜ਼ਿੰਦਾ ਹੈ।” ਪੁੱਛਦੀ, “ਉਨ੍ਹਾਂ ਭੋਲ਼ਿਆਂ ਦਾ ਰਕੀਬ ਕੌਣ ਹੋ ਸਕਦਾ?” ਮੈਂ ਕਿਹਾ, “ਅਸੀਂ ਹੀ ਹਥਿਆਰੇ ਹਾਂ ਜਾਣੇ-ਅਣਜਾਣੇ।” ਕਹਿੰਦੀ, “ਬਹੁਤ ਹਿੰਮਤ ਆ ਗਈ ਸੱਚ ਮੰਨਣ ਦੀ ਤੈਨੂੰ” ਮੈਂ ਕਿਹਾ, “ਥੋੜ੍ਹਾ ਪੁਰਾਣਾ ਵੀ ਤਾਂ ਹੋ ਗਿਆ, ਲੱਗਦਾ ਮੈਨੂੰ।” ਕਹਿੰਦੀ, “ਬਹੁਤ ‘ਸਮਿੰਟ ਦੇ ਜੰਗਲ’ ਉਸਾਰਦਾ ਜਾ ਰਿਹਾਂ” ਮੈਂ ਕਿਹਾ, “ਇਹ ਦੁਨੀਆ ਲਈ ਕਲਾ ਹੋ ਚੁੱਕੀ ਅੱਜ-ਕੱਲ।” ਕਹਿੰਦੀ, “ਬਸ ਕਰ ਕਮਲ਼ਿਆ, ਲੋਕ ਪਾਗਲ ਕਹਿਣਗੇ ਹੁਣ” ਮੈਂ ਕਿਹਾ, “ਕਹਿਣ ਵਾਲੇ ਘਰਾਂ ਵਿੱਚ ਬੰਦ ਰਹਿੰਦੇ ਅੱਜ-ਕੱਲ।”
11. ‘ਅਮਰਜੰਸੀ’ (ਐਮਰਜੈਂਸੀ)
ਇਸ ਅਮਰਜੰਸੀ ਨੇ ਕੀ-ਕੀ ਲੁੱਟਿਆ? ਦੇਵਾਂ ਕਿੰਞ ਰਸੀਦਾਂ। ਅੱਜ ਵੀ ਚੇਤੇ, ਉਜੜੇ ਘਰ, ਸੁਨੇ ਫਲ਼ੇ,, ਅਤੇ ਡਿੱਗੀਆਂ ਕੁਝ ਮਸ੍ਹੀਤਾਂ। ਸਭ ਨੇ ਕੁਝ-ਕੁਝ ਕੀਮਤ ਦਿੱਤੀ,, ਝੱਲ ਵੱਡੀਆਂ ਤਕਲੀਫਾਂ। ਕਈਆਂ ਦੀ ਗੁੰਗੀ ਮਾਂ ਹੋਈ,, ਮੰਗਦੀ ਕੁਝ ਤਫ਼ਸੀਲਾਂ। ਜੋ ਵਰਦੀਆਂ ਪਾ ਕੇ ਸ਼ਾਮਿਲ ਇਸ ਵਿੱਚ,, ਉਨ੍ਹਾਂ ਦੀਆਂ ਰੁਲ਼ੀਆਂ ਤਤੀਲਾਂ। ਫੇਰ ਕੌਣ ਰਾਜ਼ੀ ਇਹ ਸਭ ਰਚਾ ਕੇ? ਕਦੇ ਸੋਚਿਆ ਲਾਹ ਕੇ, ‘ਨਸ਼ਾ-ਏ-ਦੀਨਾਂ?’
12. ਸੋਚਣ ਦਾ ਸਮਾਂ
ਪਲ-ਪਲ ਵਧਦੀ ਇਸ ਦੁਨੀਆ ਵਿੱਚ, ਲੱਖਾਂ ਮੇਰੇ ਵਰਗੇ ਵਸਦੇ ਨੇ। ਜਿਨ੍ਹਾਂ ਨੂੰ ਨਹੀਂ ਪਰਵਾਹ ਕਿਸੇ ਸੋਚ, ਖਾਮੀ ‘ਤੇ ਤਰੱਕੀ ਦੀ, ਆਲ਼ੇ-ਦੁਆਲ਼ੇ ਹੁੰਦੇ ਜ਼ੁਲਮ, ਚਲਾਕੀ ‘ਤੇ ਹਾਨੀ ਦੀ। ਬੱਸ ਖੁਸ਼ੀ ਹੈ ਬੀਤੇ ਕੱਲ ਦੀ ਤੇ ਹੁਣ ਦੇ ਪਲ ਦੀ, ਨਾਂ ਜਲਦੀ ਹੈ ਕਿਤੇ ਪੁੱਜਣ ਦੀ, ਤੇ ਨਾਂ ਕਿਸੇ ਦੇ ਆਵਣ ਦੀ। ਦੇਸ-ਦੁਨੀਆ ਦਾ ਠੇਕਾ, ਮੈਂ ਕੁਝ ‘ਭੇਡਾਂ’ ਨਾਮੇ ਛੱਡਿਆ ਹੈ, ਜਿਨ੍ਹਾਂ ਵੇਹਲੇ ਰਹਿ-ਰਹਿ ਇਨਸਾਨੀਅਤ ਨੂੰ ਦਿਲੋਂ ਕੱਢਿਆ ਹੈ। ਜਿਨ੍ਹਾਂ ਲਈ ਧਰਮ ਉੱਚਾ ਹੈ, ਕੁਦਰਤ ‘ਤੇ ਇਨਸਾਨ ਤੋਂ, ਪੱਲੇ ਇਲਮ ਤਾਂ ਕੁਝ ਨੀ, ਬੱਸ ਡਰਦੇ ਨੇ ਸ਼ਮਸ਼ਾਨ ਤੋਂ। ਮੈਨੂੰ ਫਿਕਰ ਹੈ; ਹਵਾ, ਪਾਣੀ ਤੇ ਰੁੱਖਾਂ ਦਾ,, ਕੱਟੜਪੰਥੀਆਂ ਵਾਂਗ ਇਨ੍ਹਾਂ ਦੇ ਵੀ ਦੂਸ਼ਿਤ ਹੋਣ ਦਾ। ਛੱਡੋ ਸਾਰੀ ਦੁਨੀਆਦਾਰੀ, ਅਪਣੇ ਅੰਦਰ ਝਾਕਣ ਦਾ ਸਮਾਂ ਹੈ, ਭੁਲਕੇ ਆਪਣੀ ਝੂਠੀ ਸ਼ਾਨ, ਇਸ ਦੁਨੀਆ ਬਾਰੇ ਸੋਚਣ ਦਾ ਸਮਾਂ ਹੈ।
13. ਪੱਥਰ
ਨਿੱਤ ਪੱਥਰ, ਦੁੱਧ ਨਾਲ ਧੋਂਦੇ ਵੇਖ, ਪੱਥਰਾਂ ਵਿੱਚ ਇਜ਼ਾਫਾ ਬੇਸ਼ੁਮਾਰ ਜਾਰੀ ਏ। ਪੱਥਰ ਲੋਕੀਂ ਪੱਥਰ ਸ਼ਹਿਰ ਵਸਾਏ, ‘ਤਰਕ’ ਦੀ ਹੱਤਿਆ ਅਕਸਰ ਜਾਰੀ ਏ। ਏਨੇ ਸਾਰੇ ‘ਸੂਰਜ’ ਠੰਡੇ ਪੈ ਗਏ ਲਗਦਾ, ਤਾਂਹੀ ‘ਸ਼ਬਦ ਗੂਰੁ’ ਤੇ ਹੁਣ ‘ਅੰਧ-ਵਿਸ਼ਵਾਸ’ ਭਾਰੀ ਏ। ਜੇ ਮਨ ਨੀ ਸਕਦੇ ਤਾਂ ਲੱਭੋ, ਘੱਟੋ-ਘੱਟ,, ਹਰ ‘ਟੋਟਕੇ’ ਤੇ ਅੱਜ ਵੀ ‘ਕਾਰਣ’ ਭਾਰੀ ਏ। ਤੂੰ ਬਦਲ ਸਕਦਾ ਏਂ ਇਸ ‘ਹੋਣੀ’ ਨੂੰ, ਇਹ ਤੇਰੀ ਦੁਨੀਆਂਦਾਰੀ ਨੇ ਮੱਤ ਮਾਰੀ ਏ। ਕਿਤਾਬਾਂ ਪੜ੍ਹ ਕੇ ਲਿਖਣ ਬੈਠਣਾ, ਇਹ ਬੱਸ ਦਿਖਾਵਾ ਕਰਨ ਦੀ ਤਿਆਰੀ ਏ। ਖੁਦ ਜਾ ਕੇ ਹਰ ਜਜ਼ਬਾਤ ਮਹਿਸੂਸ ਕਰ, ਜੇ ਚਾਰ ਅੱਖਰ ਲਿਖਣ ਦੀ ਮਨ ਵਿੱਚ ਧਾਰੀ ਏ।
14. ਸੱਚ ਦਾ ਹਾਲ
ਸੱਚ ਬੋਲਦਾ ਏਂ? ਫੇਰ ਕੀ ਟ੍ਹੋਲ਼ਦਾ ਏਂ? ਤਿਆਰ ਰਹਿ; ਕਿਸੇ ਆਪਣੇ ਦੇ ਗੁੱਸੇ ਲਈ, ਤਾਹਨਿਆਂ ਲਈ, ਤਸੀਹਿਆਂ ਦੇ ਲਈ। ਫੇਰ ਵੀ ਸੱਚ ਬੋਲਦਾ ਏਂ? ਫਿਰ ਨਹੀਂ ਚੰਗਾ ਤੂੰ ਕਿਸੇ ਲਈ,, ਤੇਰੀ ਨਹੀਂ ਕਿਸੇ ਨੂੰ ਲੋੜ। ਝੂਠੀਆਂ ਤਰੀਫਾਂ ਨਹੀਂ ਹੁੰਦੀਆਂ, ਸੱਚ ਦੇ ਬੋਲ ਕੇ ਬੋਲ। ਹੁਣ ਵੀ ਸੱਚ ਬੋਲਦਾ ਏਂ? ਕਿੳਂ ਆਪਣੀ ਖੁਸ਼ੀ ਲਈ ਕੁਫ਼ਰ ਤੋਲਦਾ ਏਂ? ਲੋਕਾਂ ਨੂੰ ਪਸੰਦ ਨਾ, ਸੱਚੇ-ਕੌੜੇ ਬੋਲ,, ਹੋਲ਼ੀ-ਹੋਲ਼ੀ ਸਿਖ ਤੂੰ ਵੀ, ਗੱਲਾਂ ਗੋਲ਼-ਮਟੋਲ਼।
15. ਉਹ ਕੱਲਾ ਨਹੀਂ
ਰੋਂਦਾ ਸੀ ਬਹੁਤ ਉਹ, ਪਰ ਫੇਰ ਵੀ ਛੱਡ ਕੇ ਆਇਆ ਹਾਂ। ਬਹੁਤ ਉਮੀਦਾਂ ਨਾਲ ਵੇਖਦਾ ਸੀ ਮੈਨੂੰ, ਤਾਂ ਵੀ ਛੱਡ ਕੇ ਆਇਆਂ ਹਾਂ, ਚਾਹੁੰਦਾ ਸੀ, ਮੈਂ ਨਾਲ਼ ਹੀ ਵਾਪਿਸ ਲੈ ਜਾਵਾਂ ਓਨੂੰ; ਪਰ ਛੱਡ ਕੇ ਆਇਆ ਹਾਂ। ਉਹਦੇ ਅੱਥਰੂ ਮੈਨੂੰ ਖਿੱਚਦੇ ਰਹੇ, ਪਰ ਛੱਡ ਕੇ ਆਇਆ ਹਾਂ; ਵਾਅਦਾ ਕੀਤਾ ਮੈਂ ਓਥੇ ਹੀ ਮਿਲ਼ਨੇ ਦਾ, ਪਰ ਛੱਡ ਕੇ ਆਇਆ ਹਾਂ। ਅੱਜ ਫੇਰ ਤੋਂ ਛੱਡਿਆ ਤਾਂ ਹੈ ਉਸਨੂੰ, ਪਰ ਨਾਲ਼ ਸੰਗੇ ਹੀ ਲੈ ਕੇ ਜਾਣਾ। ਏਦਾਂ ਹੀ ਰੋਂਦੇ ਮੈਨੂੰ ਵੀ ਸਕੂਲੇ ਛੱਡਿਆ ਸੀ ਕਿਸੇ ਨੇ, ਪਰ ਲੈਕੇ ਨਾ ਗਿਆ; ਪਰ ਅੱਜ ਉਹਦਾ ਯਕੀਨ ਤੇ ਅਪਣਾ ਵਾਅਦਾ ਨਹੀਂ ਟੁੱਟਣ ਦੇਣਾ ਮੈਂ। ਇੱਥੇ ਹੀ ਉਡੀਕਾਂਗਾ ਤੇ ਉਸਨੂੰ ਨਾਲ਼ ਲੈ ਕੇ ਹੀ ਪਰਤਾਂਗਾ, ਬੱਸ ਉਸਨੂੰ ਯਕੀਨ ਦਿਵਾਉਣ ਲਈ, ਕਿ ਉਹ ਕੱਲਾ ਨਹੀਂ।
16. ਬਾਰੀ
ਗਿਰੇ ਜੋ ਜ਼ਮੀਨ ਪੇ, ੳਨਕਾ ਗੁਮਾਂ ਚੂਰ-ਚੂਰ ਹੈ। ਡਾਲੀ ਪੇ ਜੋ ਹੈਂ, ਵੋ ਸੋਚਤੇ ਹੈਂ ‘ਵੋ ਅਮਰ ਜ਼ਰੂਰ ਹੈ।’ ਸਿਲਸਿਲਾ ਯੂੰ ਮਿੱਟੀ ਮੇਂ ਮਿਲਨੇ ਕਾ, ਬਾ-ਦਸਤੂਰ ਜਾਰੀ ਹੈ। ਫਿਰ ਭੀ ਵੋ ਨਹੀਂ ਮਾਨਤੇ, ਕਿ ਇਕ ਦਿਨ ੳਨਕੀ ਭੀ ਬਾਰੀ ਹੈ।