Punjabi Poetry : Joga Singh

ਪੰਜਾਬੀ ਕਵਿਤਾਵਾਂ : ਜੋਗਾ ਸਿੰਘ



1. ਨਜ਼ਰ ਤੇਰੀ ਦਾ ਇਸ਼ਾਰਾ

ਨਜ਼ਰ ਤੇਰੀ ਦਾ ਇਸ਼ਾਰਾ ਮਿਲ ਗਿਆ। ਮੈਨੂੰ ਲਹਿਰਾਂ 'ਚੋਂ ਕਿਨਾਰਾ ਮਿਲ ਗਿਆ। ਤੇਰੇ ਗਮ ਦੀ ਦਾਤ ਹੰਝੂ ਹੀ ਸਹੀ, ਮੈਨੂੰ ਜੀਵਨ ਦਾ ਸਹਾਰਾ ਮਿਲ ਗਿਆ। ਮੈਨੂੰ ਮੁੜ ਕੇ ਮੇਰਾ ਜੀਵਨ ਮਿਲ ਗਿਆ, ਮੇਰੇ ਖ਼ਾਬਾਂ ਦਾ ਪਿਆਰਾ ਮਿਲ ਗਿਆ। ਅੰਬਰਾਂ ਵਿਚ ਆ ਗਿਆ ਕੋਈ ਤੂਫ਼ਾਨ, ਇਕ ਸਿਤਾਰੇ ਨੂੰ ਸਿਤਾਰਾ ਮਿਲ ਗਿਆ। ਉਮਰ ਭਰ ਮੈਂ ਰੱਜ ਕੇ ਇਹ ਮਾਨਣਾ, ਮੈਨੂੰ ਦਰਦਾਂ ਦਾ ਭੰਡਾਰਾ ਮਿਲ ਗਿਆ।

2. ਕਿਤ ਭਰਵਾਸੇ ਦੱਸ ਕੋਈ ਜੀਵੇ ?

ਜਦ ਤੋਂ ਤੇਰੀ ਮਨ-ਤਖ਼ਤੀ ਤੋਂ ਮੇਰੇ ਨਾਂ ਦੇ ਅੱਖਰ ਮਿਟ ਗਏ ਦਿਲ ਮੇਰੇ 'ਚੋਂ ਖ਼ੁਸ਼ੀਆਂ ਗਈਆਂ ਉੱਚ-ਉਡਾਰੀ ਮਾਰ ਓ ਯਾਰ। ਇਹ ਦਿਲ ਥਲ ਦੀ ਨਿਆਈਂ ਹੋਇਆ ਇੱਥੇ ਸੂਰਜ ਭਖਦੇ ਰਹਿੰਦੇ ਹੁਣ ਕਿਧਰੋਂ ਕੋਈ ਚੰਦਾ ਆਵੇ ਇਸ ਨੂੰ ਦੇ ਜੋ ਠਾਰ ਓ ਯਾਰ। ਕਿਸ ਨੂੰ ਹਿਰਦਾ ਖੋਲ੍ਹ ਦਿਖਾਵਾਂ ਵਿਸਰ ਗਏ ਜਦ ਜੀਅ ਦੇ ਜਾਨੀ ਪੈ ਗਈ ਵਿਚ ਡੂੰਘਾਣਾਂ ਬੇੜੀ ਨਾ ਆਰ ਨਾ ਪਾਰ ਓ ਯਾਰ। ਮੌਤ ਸੁਆਣੀ ਸੇਜ ਵਿਛਾਵੇ ਇਕ ਪਲ ਵਸਲ ਮਿਲੇ ਤਾਂ ਜੀਵਾਂ ਸਾਹਾਂ ਲਈ ਮੈਂ ਝੋਲੀ ਅੱਡ ਕੇ ਆਇਆ ਤੇਰੇ ਦੁਆਰ ਓ ਯਾਰ। ਕਿਤ ਭਰਵਾਸੇ ਦੱਸ ਕੋਈ ਜੀਵੇ ਕਿੱਦਾਂ ਵਿਹੁ ਉਮਰਾਂ ਦੀ ਪੀਵੇ ਇਕ ਸੱਜਣ ਦੇ ਦਰਸ਼ਨ ਬਾਝੋਂ ਔਖੀ ਚੁੰਮਣੀ ਦਾਰ ਓ ਯਾਰ। ਜਦ ਤੋਂ ਤੇਰੀ ਮਨ-ਤਖ਼ਤੀ ਤੋਂ ਮੇਰੇ ਨਾਂ ਦੇ ਅੱਖਰ ਮਿਟ ਗਏ ਦਿਲ ਮੇਰੇ 'ਚੋਂ ਖ਼ੁਸ਼ੀਆਂ ਗਈਆਂ ਉੱਚ-ਉਡਾਰੀ ਮਾਰ ਓ ਯਾਰ।

3. ਚੰਮ ਤੇ ਗੀਤ

ਗੀਤ ਮਰ ਗਿਆ ਹੈ ਤੇ ਸਾਜ਼ ਵੀ ਗਾਉਣ ਵਾਲਾ ਅਜੇ ਜਿਉਂਦਾ ਹੈ, ਪਤਾ ਨਹੀਂ ਕਿਉਂ ? ਕਹਿੰਦੇ ਨੇ-ਉਹ ਬੜਾ ਸੁੰਦਰ ਗਾਇਆ ਕਰਦਾ ਸੀ .... ਤੇ ਇਕ ਦਿਨ ਉਸ ਨੇ ਆਪਣੇ ਸਾਜ਼ 'ਤੇ ਮੜਿਆ ਚੰਮ ਉਬਾਲ ਕੇ ਖਾ ਲਿਆ, ਪਤਾ ਨਹੀਂ ਕਿਉਂ ? ਚੰਮ ਭੇਡ ਦੀ ਸਲੂਣੀ ਖੱਲ ਸੀ ਸ਼ਾਇਦ ! ਇਕ ਦਿਨ ਮੈਂ ਉਸ ਨੂੰ ਮਿਉਂਸਿਪੈਲਿਟੀ ਦੀ ਟੁੱਟੀ ਰੋੜਾਂ ਵਾਲੀ ਸੜਕ ਉਤੇ ਨੰਗੇ ਪੈਰੀਂ ਤੁਰੇ ਜਾਂਦੇ ਦੇਖਿਆ ਸੀ ... ਉਦੋਂ ਮੇਰੇ ਮਨ ਵਿਚ ਉਸ ਦਾ ਚੰਮ ਖਾ ਜਾਣ ਵਾਲਾ ਅਜੀਬੋ-ਗਰੀਬ ਕਰਮ ਉੱਭਰ ਆਇਆ ਸੀ ਤੇ ਮੈਂ ਇਹ ਵੀ ਸੋਚ ਗਿਆ ਸਾਂ ਕਿ ਉਸ ਨੇ ਆਪਣੇ ਚੰਮ ਦੇ ਬੂਟ ਵੀ ਉਬਾਲ ਕੇ ਖਾ ਲਏ ਹੋਣੇ ਨੇ, ਕਿੱਲਾਂ ਸਮੇਤ ! ਤੇ ਉਹ ਅਜੇ ਵੀ ਜਿਉਂਦਾ ਹੈ, ਪਤਾ ਨਹੀਂ ਕਿਉਂ ?

4. ਮੁਹੱਬਤ ਨਫ਼ਰਤ

ਨਫ਼ਰਤ ਤੋਂ ਮੁਹੱਬਤ ਤੱਕ ਮੁਹੱਬਤ ਤੋਂ ਨਫ਼ਰਤ ਤੱਕ ਸਿਰਫ਼ ਕੁਝ ਲਫ਼ਜ਼ਾਂ ਦੀ ਵਿੱਥ ਹੈ ਤੇ ਹਰ ਲਫ਼ਜ਼ ਸਮੁੰਦਰ ਹੈ ! ਜ਼ਿਹਨ ਤੋਂ ਨੈਣਾਂ ਤੱਕ ਆਉਣ ਤੇ ਨੈਣਾਂ ਵਿੱਚ ਉਤਰਨ ਤੱਕ ਲਫ਼ਜ਼ ਪਤਾ ਨਹੀਂ ਕਿੰਨੇ ਮੌਸਮਾਂ 'ਚੋਂ ਗੁਜ਼ਰਦੇ ਹਨ ਤੇ ਮੌਸਮ ਬੇ-ਅਸਰ ਕਦੋਂ ਹੁੰਦਾ ਹੈ ! ਭਰੇ ਜੰਗਲ ਵਿਚ ਕਈ ਰੁੱਖ ਰੁੰਡ-ਮੁੰਡ ਵੀ ਹੁੰਦੇ ਹਨ ਲਫ਼ਜ਼ ਉਨ੍ਹਾਂ ਨੂੰ ਵੀ ਚਾਹੀਦੇ ਹਨ ਜੇ ਭੋਗਣ ਲਈ ਨਹੀਂ ਤਾਂ ਪਹਿਨਣ ਲਈ ਹੀ ਸਹੀ ... ਲਫ਼ਜ਼ਾਂ ਵਾਲਿਓ ! ਕੁਝ ਲਫ਼ਜ਼ ਸਾਨੂੰ ਵੀ ਜਿਉਣ ਦਿਓ ਮੁਹੱਬਤ ਦੇ ਨਾ ਸਹੀ, ਨਫ਼ਰਤ ਦੇ ਹੀ ਸਹੀ ਨਫ਼ਰਤ ਵੀ ਤਾਂ ਇਕ ਰਿਸ਼ਤਾ ਹੈ ਭਲਾ ਕੰਧਾਂ ਨੂੰ ਨਫ਼ਰਤ ਕੌਣ ਕਰਦਾ ਹੈ ! ਤੇ ਉਂਜ ਵੀ, ਨਫ਼ਰਤ ਤੋਂ ਮੁਹੱਬਤ ਤੱਕ ਮੁਹੱਬਤ ਤੋਂ ਨਫ਼ਰਤ ਤੱਕ ਸਿਰਫ਼ ਕੁਝ ਲਫ਼ਜ਼ਾਂ ਦੀ ਵਿੱਥ ਹੈ। ਲਫ਼ਜ਼ਾਂ ਵਾਲਿਓ ! ਕੁਝ ਲਫ਼ਜ਼ ਸਾਨੂੰ ਵੀ ਤੁਰਨ ਦਿਓ !

5. ਮਾਰਸ਼ਲ ਲਾਅ

ਰਾਤ ਅੱਜ ਵੀ ਵੀਰਾਨ ਰਹੇਗੀ ਤੇ ਸ਼ਹਿਰ ਉਦਾਸ ! ਪਰ ਨਜ਼ਰ ਦੀ ਸੀਮਾ ਤੋਂ ਪਾਰ ਵੀ ਇਕ ਦੁਨੀਆ ਹੈ ਉਜਾੜ ਵਿਚਲੇ ਉਸ ਅੰਨ੍ਹੇ ਖੂਹ ਦੇ ਪਾਣੀ ਵਿਚ ਰੋਜ਼ ਰਾਤ ਨੂੰ ਤਾਰੇ ਉਤਰ ਆਉਂਦੇ ਨੇ ਪਰ ਹਨੇਰੇ ਵਿਚ ਤਾਰਿਆਂ ਦੇ ਉਤਰਨ ਜਾਂ ਅੱਖਾਂ ਵਿਚ ਹੰਝੂਆਂ ਦੇ ਸਿੰਮ ਆਉਣ ਦਾ ਖੜਾਕ ਨਹੀਂ ਹੋਇਆ ਕਰਦਾ ! ਕਰਫ਼ਿਊ ਦੀ ਸ਼ਰਤ ਨਾ ਤਾਰੇ ਉਤਰਨ 'ਤੇ ਲਗਦੀ ਹੈ ਨਾ ਹੰਝੂਆਂ ਦੇ ਸਿੰਮ ਆਉਣ 'ਤੇ ਹੀ ... ਸਿਪਾਹੀ ਦਾ ਤਾਂ ਕੋਈ ਕਸੂਰ ਨਹੀਂ ਜਨਾਬ ! ਉਸ ਨੇ ਤਾਂ ਆਵਾਜ਼ ਦੇਣੀ ਹੈ ਤੇ ਫਿਰ ਗੋਲੀ ਮਾਰ ਦੇਣੀ ਹੈ ! ਉਸ ਨੂੰ ਇਸ ਤੋਂ ਵਧ ਹੋਰ ਕੁਝ ਨਹੀਂ ਦੱਸਿਆ ਗਿਆ ਸਿਰਫ਼ ਹੰਝੂਆਂ ਤੇ ਤਾਰਿਆਂ ਨੂੰ ‘ਕੋਡ ਵਰਡ ਦਾ ਪਤਾ ਨਹੀਂ ! ਤੇ ਹਾਂ, ਜਨਾਬ ! ਸਿਪਾਹੀ ਨੇ ਆਵਾਜ਼ ਦਿੱਤੀ ਸੀ ਤੇ ਫਿਰ ਗੋਲੀ ਦਾਗ ਦਿੱਤੀ ਸੀ ! ਪਰ ਇਸ ਦੌਰਾਨ, ਰੁੱਖਾਂ ਦੀ ਬੋਲੀ ਜੁਗਨੂੰਆਂ ਦੇ ਚਾਨਣ ਦੇ ਸ਼ੋਰ ਅੰਨ੍ਹੇ ਖੂਹ ਵਿਚ ਉਤਰੇ ਤਾਰਿਆਂ ਦੀ ਮੰਦ-ਮੰਦ ਮੁਸਕਰਾਹਟ ਤੇ ਰੁੱਖਾਂ ਨੂੰ ਪਰੀ-ਕਥਾ ਸੁਣਾ ਰਹੀ ਰਾਤ ਦੀ ਬੁੱਢੀ ਤਾਰੀਕੀ ਨਾਲ ਕੀ ਵਾਪਰੀ ਇਸ ਦਾ ਹਿਸਾਬ ਕੱਲ੍ਹ ਨੂੰ ਕਰਫ਼ਿਊ ਹਟਾ ਦਿੱਤੇ ਜਾਣ ਤੋਂ ਬਾਅਦ ਵੀ ਨਹੀਂ ਕੀਤਾ ਜਾਏਗਾ

6. ਮੰਚ, ਪਾਤਰ ਤੇ ਉਹ

ਮੰਚ ਉਤੇ ਕੋਈ ਆਇਆ ਹੈ ਤੇ ਚਲਾ ਗਿਆ ਹੈ ਪਤਾ ਨਹੀਂ ਕੌਣ ? ਨੇਤਾ, ਅਭਿਨੇਤਾ, ਕਵੀ ਜਾਂ ਮਸਖ਼ਰਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਹੈ ਤਾੜੀਆਂ ਦੀ ਆਵਾਜ਼ ਵਿੱਚ ਇਕ ਆਵਾਜ਼ ਉਸ ਦੀ ਵੀ ਹੈ ਉਹ ਜੋ ਹਾਲ ਦੇ ਅੰਦਰ ਵੀ ਹੈ, ਬਾਹਰ ਵੀ ... ਨੇਤਾ ਨੇ ਕਿਹਾ ਹੋਣਾ ਹੈ “ਨੀਂਦ ਆ ਰਹੀ ਸੀ ਮੋਹ ਦਾ ਬੰਨ੍ਹਿਆ ਚਲਾ ਆਇਆ ਖ਼ਿਦਮਤਗਾਰ ਨੂੰ ਜਦ ਚਾਹੋਗੇ ਜਾਗ ਜਾਏਗਾ ਤੇ ਮੂੰਚ 'ਤੇ ਚਲਾ ਆਏਗਾ " ਅਭਿਨੇਤਾ ਨੇ ਕਿਸੇ ਨਾਟਕ ਦਾ ਡਾਇਲਾਗ ਬੋਲ ਦਿੱਤਾ ਹੋਣਾ ਹੈ ਮੇਕ-ਅੱਪ ਤੋਂ ਬਿਨਾਂ ... ਕਵੀ ਹੋਇਆ ਤਾਂ ਉਸ ਨਜ਼ਮ ਪੜ੍ਹਨ ਤੋਂ ਪਹਿਲਾਂ ਸ਼ਿਕਾਇਤ ਕੀਤੀ ਹੋਣੀ ਹੈ ਮਾਈਕ ਦੀ ਖ਼ਰਾਬੀ ਦੀ, ਰੌਸ਼ਨੀ ਦੀ, ਦਰਸ਼ਕਾਂ ਦੀ ਤੇ ਜਾਂ ਫਿਰ ਚਸ਼ਮਾ ਭੁੱਲ ਕੇ ਆਉਣ ਦੀ ਆਪਣੀ ਪੁਰਾਣੀ ਆਦਤ ਦੀ .. ਮਸਖ਼ਰਾ ਹੋਇਆ ਤਾਂ ਕਿਹਾ ਹੋਣਾ ਹੈ “ਸਤਿਕਾਰਯੋਗ ਦਰਸ਼ਕੋ, ਨਹੀਂ ਸੱਚ ਪ੍ਰਬੰਧਕੋ, ਨਹੀਂ ਸੱਚ ਪ੍ਰਧਾਨ ਜੀ ਬਈ ਅੱਲਾ ਦੇ ਵਾਸਤੇ ਹੱਸ ਪਓ ! ਹੱਸ ਪਓਗੇ ਤਾਂ ਵਾਪਸ ਜਾਣ ਦਾ ਕਿਰਾਇਆ ਵੀ ਮਿਲ ਜਾਏਗਾ ਮੈਨੂੰ ..." ਤੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਹੈ ਇਹਨਾਂ ਵਿਚ ਇਕ ਆਵਾਜ਼ ਉਸ ਦੀ ਵੀ ਹੈ ਉਹ ਜੋ ਹਾਲ ਵਿਚ ਬੈਠਾ ਇਕ ਦਰਸ਼ਕ ਵੀ ਹੈ ਤੇ ਬਾਹਰ ਝੀਥਾਂ ਵਿਚੋਂ ਦੀ ਵੇਖਦਾ ਤਮਾਸ਼ਬੀਨ ਵੀ ਪਰ ਮੰਚ ਉਤੇ ਆਉਣ ਜਾਂ ਆ ਕੇ ਚਲਾ ਜਾਣ ਵਾਲਾ ਪਾਤਰ ਨਹੀਂ

7. ਇਕ ਕਲਰਕ ਦਾ ਮੁਆਫ਼ੀਨਾਮਾ

ਖ਼ਾਕਸਾਰ ਨੂੰ ਮੁਆਫ਼ ਕਰੋ, ਗੁਨਾਹ ਬਖ਼ਸ਼ੋ ਅੱਗੋਂ ਤੋਂ ਕੁਤਾਹੀ ਨਹੀਂ ਕਰਾਂਗਾ ! ਤੇ ਕੋਈ ਗ਼ੁਸਤਾਖ਼ੀ ਨਹੀਂ ਕਰਾਂਗਾ ! ਗ਼ੁੁਸਤਾਖ਼ੀ, ਮਸਲਨ ਜਿਸ ਨੂੰ ਗ਼ੁਸਤਾਖ਼ੀ ਸਮਝਦੇ ਹੋ ਜਾਂ ਕਹਿੰਦੇ ਹੋ ਪਰ ਜੋ ਮੇਰੇ ਲਈ ਮਹਿਜ਼ ਆਦਤ ਹੈ, ਸੁਭਾਅ ਹੈ ਨਹੀਂ ਸੱਚ ‘ਹੈ’ ਨਹੀਂ, ‘ਸੀ’ ਕਿ ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਯਕੀਨ ਜਾਣੋ ਹਜ਼ੂਰ, ਮੈਂ ਹੁਣ ਇਸ ਬਾਤ ਨੂੰ ਮੁੰਹ ਤੱਕ ਨਹੀਂ ਆਉਣ ਦਿਆਂਗਾ ਆਪਣੇ ਸੁਭਾਅ ਨੂੰ ਰੋਪੜੀ ਤਾਲਾ ਮਾਰ ਚਾਬੀਆਂ ਗੋਬਿੰਦ ਸਾਗਰ ਵਿਚ ਸੁੱਟ ਆਵਾਂਗਾ ਜੇ ਕਹੋ ਤਾਂ ਚਿਹਰੇ ਦੀ ਹਰ ਨੰਗੀ ਥਾਂ ਉਤੇ 'ਹਾਂ ਜੀ’ ਖੁਣਵਾ ਲਵਾਂ ? ਤੁਸੀਂ ਚਾਹੁੰਦੇ ਹੋ ਕਿ ਮੈਂ, ਮੇਰੇ ਮੇਜ਼ ਤੇ ਕੁਰਸੀ ਵਾਂਗ, ਬੱਸ ਟਿਕਿਆ ਰਹਾਂ ਤੇ ਉਦੋਂ ਹੀ ਹਰਕਤ ਵਿਚ ਆਵਾਂ ਜਦੋਂ ਤੁਹਾਡੀ ਘੰਟੀ ਦੀ ਆਵਾਜ਼ ਮੇਰੇ ਕੰਨੀਂ ਪਵੇ ਇਹ ਵੀ ਹੋ ਜਾਏਗਾ ਹਜ਼ੂਰ, ਇਹ ਵੀ ਹੋ ਜਾਏਗਾ ! ਮੈਂ ਇਕਬਾਲ ਕਰਦਾ ਹਾਂ ਕਿ ਉਸ ਦਿਨ, ਜਦ ਤੁਸੀਂ ‘ਬੜੇ ਸਾਹਬ’ ਨੂੰ ਮਿਲ ਕੇ ਆਏ ਸੋ ਤਾਂ ਸਭ ਨੂੰ ਖਾਣ ਨੂੰ ਪੈਂਦੇ ਸੋ, ਬਿਲਾ ਵਜ਼ਾ, ਉਂਜ ਹੀ ਤੇ ਮੇਰੀ ਬਾਤ ਮੇਰੇ ਮੂੰਹ ਤੱਕ ਆ ਗਈ ਸੀ, ਸ਼ਾਇਦ ਮੂੰਹ ਤੋਂ ਬਾਹਰ ਵੀ “ਡਿੱਗਿਆ ਖੋਤੇ ਤੋਂ, ਗੁੱਸਾ ਘੁਮਿਆਰ 'ਤੇ ..." ਪਤਾ ਨਹੀਂ ਇਹ ਤੁਹਾਨੂੰ ਸੁਣ ਗਈ ਸੀ ਜਾਂ ਉਸ ਗੂੜ੍ਹੀ ਲਾਲ ਪੱਗ ਵਾਲੇ ਸੱਪ-ਅੱਖੇ ਨੇ ਤੁਹਾਨੂੰ ਦੱਸ ਦਿੱਤੀ ਸੀ ਪਰ ਯਕੀਨ ਮੰਨੋ ਮਾਈ-ਬਾਪ ! ਇਹ ਤਾਂ ਆਪਣੀ ਬੋਲੀ ਦਾ ਇਕ ਅਖਾਣ ਹੈ ਤੇ ਅਖਾਣ ਤਾਂ ਬੱਸ ਅਖਾਣ ਹੁੰਦੇ ਨੇ ! ਉਂਜ ਵੀ ਤੁਸੀਂ ਕਿਹੜਾ ਖੋਤੇ ਤੋਂ ਡਿੱਗੇ ਸੋ ਤੇ ਅਸੀਂ ਕਿਹੜਾ ਘੁਮਿਆਰ ਸਾਂ ... ਪਰ ਫਿਰ ਵੀ ਜੇ ਤੁਸੀਂ ਮਹਿਸੂਸ ਕਰ ਹੀ ਲਿਆ ਏ ਤਾਂ ਮੁਆਫ਼ ਕਰਨਾ, ਮੁਝ ਗ਼ਰੀਬ ਤੇ ਰਹਿਮ ਕਰਨਾ ! ਤੁਸੀਂ ਆਪ ਹੀ ਤਾਂ ਇਕ ਦਿਨ ਸਭ ਨੂੰ ਬੁਲਾ ਕੇ ਕਿਹਾ ਸੀ “ਗਲਤੀ ਹੋ ਜਾਵੇ ਤਾਂ ਤਹੱਮਲ ਤੋਂ ਕੰਮ ਲਵੋ, ਮਨੁੱਖ ਭੁੱਲਣਹਾਰ ਹੈ।” ਮੇਰੀ ਇਕ ਅਰਜ਼ ਹੈ ਹਜ਼ੂਰ ਕਿ ਦੋ ਘੜੀ ਮੈਨੂੰ ਵੀ ਮਨੁੱਖ ਸਮਝ ਲਿਆ ਜਾਵੇ ! ਮੈਂ ਖ਼ਾਕਸਾਰ ਤੁਹਾਡੇ ਬੱਚਿਆਂ ਜਿਹਾ ਹਾਂ ਮੈਂ ਵਾਅਦਾ ਕਰਦਾ ਹਾਂ ਕਿ ਅੱਗੋਂ ਤੋਂ ਜਿਵੇਂ ਆਖੋਗੇ ਕਰੀ ਜਾਵਾਂਗਾ ਪਰ ... ਪਰ ਇਕ ਗੱਲ ਹੋਰ ਵੀ ਹੈ ਹਜੂਰ ! ਜੇ ‘ਬੜੇ ਸਾਹਬ' ਨੇ ਕੁਝ ਕਿਹਾ ਤਾਂ ਉਹਨਾਂ ਦੀ ਵੀ ਮੰਨਣੀ ਪਏਗੀ ਉਂਜ ਵੀ ਸਿਆਣੇ ਕਹਿੰਦੇ ਨੇ ਕਿ “ਜੇ ਲਿੱਦ ਹੀ ਖਾਣੀ ਹੈ ਤਾਂ ਹਾਥੀ ਦੀ ਕਿਉਂ ਨਾ ਖਾਧੀ ਜਾਏ !” ਠੀਕ ਹੈ, ਸਿਆਣੇ ਕਹਿੰਦੇ ਹੋਣਗੇ, ਉਹਨਾਂ ਨੂੰ ਕਹਿੰਦੇ ਰਹਿਣ ਦਿਓ .. ਮੈਨੂੰ ਕੀ, ਮੈਂ ਤਾਂ ਹਾਥੀ ਤੇ ਘੋੜੇ ਦੋਹਾਂ ਨੂੰ ਖੁਸ਼ ਰੱਖਾਂਗਾ ਹਜ਼ੂਰ ! ਮਿਹਰਬਾਨੀ ਕਰ ਕੇ ਮੇਰੇ ਤੋਂ ਮੇਰੀ ਇਹ ਕੁਰਸੀ ਨਾ ਖੋਹਣਾ ! ਮੈਂ ਯਕੀਨ ਦਿਵਾਉਂਦਾ ਹਾਂ ਕਿ ਵੀਹ ਵਰੇ ਤਾਂ ਕੀ ਮੈਂ ਆਉਂਦੇ ਇਕ ਵਰ੍ਹੇ ਵਿਚ ਹੀ ਤੁਹਾਡੇ ਜਿਹਾ ਹੋ ਜਾਵਾਂਗਾ ! ਬੱਸ, ਹਜ਼ੂਰ ਮੁਆਫ਼ ਕਰਨਾ, ਬਖ਼ਸ਼ ਦੇਣਾ ! ਮੇਰੇ ਤੋਂ ਮੇਰੀ ਇਹ ਕੁਰਸੀ ਨਾ ਖੋਹਣਾ ਇਹ ਕੁਰਸੀ ਮੇਰੀ ਹੈ, ਮੈਂ ਇਸ ਕੁਰਸੀ ਦਾ ਹਾਂ ਤੇ ਇਸ ਲਈ ਕੁਝ ਵੀ ਕਰ ਸਕਦਾ ਹਾਂ ਖ਼ੁਦਕੁਸ਼ੀ ਵੀ ! ਖ਼ੁਦਕੁਸ਼ੀ ਵੀ !! ਤੇ ਖ਼ੁਦਕੁਸ਼ੀ ਵੀ !!!

8. ਝੰਡੂ ਮੋਚੀ ਦੀ ਗਵਾਹੀ

ਮੈਂ ਠੀਕ ਹੀ ਕਹਿੰਦਾ ਹਾਂ, ਪੰਚਾਇਤੇ ! ਗਊ ਦੀ ਸਹੁੰ, ਠੀਕ ਹੀ ਕਹਿੰਦਾ ਹਾਂ ਤੁਹਾਥੋਂ ਕੀ ਲੁਕੋਣਾ ਪੰਚਾਇਤ ਤਾਂ ਰੱਬ-ਰੂਪ ਹੁੰਦੀ ਏ ਤੇ ਤੁਹਾਥੋਂ ਲੁਕਿਆ ਵੀ ਕੀ ਏ ? ਤੁਹਾਨੂੰ ਓਦੋਂ ਵੀ ਪਤਾ ਸੀ ਕਿ ਪਰ ਸਾਲ ਕਿਸ਼ਨੇ ਖੋਜੀ ਨੇ ਭਰੀ ਸੱਥ ਵਿਚ ਸਰਦਾਰਾਂ ਦੇ ਛੁਹਰ ਨੂੰ ਗਾਲਾਂ ਕਿਉਂ ਕੱਢੀਆਂ ਸਨ ! ਤੁਹਾਨੂੰ ਹੁਣ ਵੀ ਪਤਾ ਹੈ ਕਿ ਉਸ ਦੀ ਗਊ ਵਰਗੀ ਤੀਵੀਂ ਕਲਕੱਤੇ ਦੇ ਸੋਨਾਗਾਚੀ ’ਚ ਕਿਵੇਂ ਪੁੱਜ ਗਈ ਹੈ ਗਊ ਹੁੰਦੀ ਤਾਂ ਮੈਂ ਵੀ ਸਮਝ ਜਾਂਦਾ ਕਿ ਬਿਚਾਰੀ ਪੁਜਦਿਆਂ ਹੀ ਜਿਉਂਦਿਆਂ ਤੁਲ ਗਈ ਹੋਵੇਗੀ ਤੇ ਉਸ ਦੀ ਖੱਲ ਕਦੋਂ ਦੀ ਬਾਟਾ ਦੇ ਚੰਮ ਦੇ ਕਾਰਖ਼ਾਨੇ ’ਚ ਰੰਗੀ ਗਈ ਹੋਵੇਗੀ ਪਰ ਉਹ ਗਊ ਨਹੀਂ ਸੀ, ਗਊ ਵਰਗੀ ਸੀ ਤੇ ਕਿਸ਼ਨਾ ਖੋਜੀ ਚੋਰੀ ਹੋਈ ਗਊ ਦਾ ਖੁਰਾ ਤਾਂ ਲੱਭ ਸਕਦਾ ਸੀ ਗਊ ਵਰਗੀ ਤੀਵੀਂ ਦੀ ਪੈੜ ਤੇ ਕਲਕੱਤੇ ਦਾ ਸੋਨਾਗਾਚੀ ਉਸ ਦੀ ਪਹੁੰਚ ਤੋਂ ਬਹੁਤ ਦੂਰ ਸੀ, ਪਚਾਇਤੇ ! ਤੁਹਾਨੂੰ ਇਹ ਵੀ ਪਤਾ ਹੈ ਕਿ ਤੇਈਏ ਨਾਲ ਮਰ ਗਏ ਮੈਥੋਂ ਛੋਟੇ ਦੀ ਬਹੂ ਦੀ ਗਊ ਲਈ ਰੋਜ਼ ਮੱਕੀ ਦੀ ਭਰੀ ਕਿੱਥੋਂ ਆਉਂਦੀ ਹੈ ਖ਼ੈਰ ਛੱਡੋ, ਉਸ ਬਿਚਾਰੀ ਵਿਧਵਾ ਦੀ ਕੀ ਗੱਲ ਕਰਨੀ ਹੈ ਓਸ ਦਾ ਢਿੱਡ ਤੁਰਦਾ ਹੈ ਅਲੂਏਂ ਬਾਲ ਪਲਦੇ ਹਨ ! ਬਾਲ ਤਾਂ ਰੱਬ ਦੀ ਨਿਆਮਤ ਨੇ ਇਨ੍ਹਾਂ ਨੂੰ ਪਾਲਣਾ ਤਾਂ ਪਿੰਡ ਦਾ ਇਕ ਫ਼ਰਜ਼ ਬਣਦਾ ਹੈ ਪਰ ਮੈਂ ਕੀ ਕਰਾਂ, ਪੰਚੋ ! ਰੱਬ-ਰੂਪ ਬੰਦਿਓ ! ਜਦੋਂ ਸਾਹਮਣੀ ਦੋ ਖਣਾਂ ਦੀ ਕੋਠੜੀ ਵਿਚੋਂ ਇਕ ਭੇਦ-ਭਰੀ ਮਰਦਾਵੀਂ ਆਵਾਜ਼ ਆਉਂਦੀ ਹੈ ਤੇ ਅਧਰੰਗ ਦੇ ਰੋਗੀ ਮੇਰੇ ਬਾਪੂ ਦੀ ਅੱਧੀ ਦੇਹ ਤਪਣ ਲੱਗ ਜਾਂਦੀ ਹੈ ਤੇ ਉਹਦਾ ਇਕੋ-ਇਕ ਜਿਉਂਦਾ ਹੱਥ ਖੂੰਡੀ ਨੂੰ ਅਹੁਲਦਾ ਹੈ ਤਾਂ ਮੈਂ ਸ਼ਰਮ ਦਾ ਮਾਰਿਆ ਰਜ਼ਾਈ ਵਿੱਚ ਦੁਬਕ ਜਾਨਾਂ ... ਤੁਹਾਨੂੰ ਸਭ ਪਤਾ ਹੈ ਕਿ ਮੈਂ ਕਿਉਂ ਹਨੇਰੇ ਵਿਚ ਹੀ ਘਰ ਤੋਂ ਨਿਕਲਦਾ ਸਾਂ ਨਜ਼ਰ ਮੇਰੀ ਹਰ ਵੇਲੇ ਜ਼ਿ਼ਮੀਂ 'ਚੋਂ ਕੀ ਲਭਦੀ ਸੀ ਤੇ ਫਿਰ ਮੈਥੋਂ ਰਿਹਾ ਨਾ ਗਿਆ, ਪੰਚਾਇਤੇ ! ਮੈਥੋਂ ਰਿਹਾ ਨਾ ਗਿਆ ... ਕੱਲ੍ਹ ਜਦੋਂ ਮੇਰੀ ਰੂਪੋ ਦੀ ਪਹਿਲੀ ਚੀਕ ਉਸ ਦੇ ਸਹੁਰਿਆਂ ਦੀ ਕੋਠੜੀ ਦੀਆਂ ਕੱਚੀਆਂ ਕੰਧਾਂ ਦੀ ਥਾਂ ਸਰਦਾਰਾਂ ਦੇ ਕਾਲੇ-ਸ਼ਾਹ, ਬਿੱਫਰੇ ਹੋਏ ਬਾਜਰੇ ਦੀ ਫਸਲ ਨੇ ਸੁਣੀ ਤਾਂ ਮੈਥੋਂ ਰਿਹਾ ਨਾ ਗਿਆ, ਪੰਚਾਇਤੇ ! ਮੈਥੋਂ ਰਿਹਾ ਨਾ ਗਿਆ ... ਤੁਸੀਂ ਸਭ ਜਾਣਦੇ ਹੋ, ਚੁੱਪ ਹੋ ਪਰ ਪਰ ਨਹੀਂ ਜਾਣਦੇ ਕਿ ਤੁਹਾਡੀ ਚੁੱਪ ਨੇ ਇਕ ਬਾਪ ਤੋਂ ਆਪਣੀ ਹੀ ਧੀ ਦੀ ਅਸਮਤਦਰੀ ਦੀ ਗੱਲ ਪਰਹੋਂ ਵਿਚ ਅਖਵਾ ਦਿੱਤੀ ਖ਼ਿਮਾ ਕਰਨਾ, ਇਸ ਭਿਆਨਕ ਪਾਪ ਦੇ ਲਈ ਖ਼ਿ਼ਮਾ ਕਰਨਾ !

9. ਪੰਜਾਬੋ

ਬਚਪਨ ਵਿਚ ਕਿੰਨੇ ਹੀ ਵਾਰ ਮੈਂ ਉਸ ਨੂੰ ਮਾਂ ਨਾਲ ਗੱਲਾਂ ਕਰਦਿਆਂ ਸੁਣਿਆ ਸੀ “ਕਿਤੇ ਪਰਾਏ ਭਾਗ ਵੀ ਲੱਗੇ ਨੇ ਕਿਸੇ ਨੂੰ ਧੀਏ ! ਮਨ-ਮਿਥੀਆਂ ਹੋਣ ਲੱਗ ਜਾਣ ਤਾਂ ਆਦਮੀ ਬਾਦਸ਼ਾਹ ਨਾ ਬਣ ਜਾਏ ? ਕੀ ਦੱਸਾਂ ਧੀਏ ! ਅਖੇ ਸਾਵਣ ਖੀਰ ਨਾ ਖਾਧੀਆ ਤਾਂ ਕਿਉਂ ਜੰਮਿਓ ਅਪਰਾਧੀਆ ?” ਤੇ ਫਿਰ ਉਹ ਗੁਣਗੁਣਾਉਂਦੀ ਨਹੀਂ, ਬੁੜਬੁੜਾਉਂਦੀ ਤੁਰ ਜਾਂਦੀ ... “ਓੜਕ ਏਥੋਂ ਚੱਲਣਾ ਇਕ ਦਿਨ ਕਬਰਾਂ ਉਡੀਕਣ ਖੜੀਆਂ। ...” ਉਹਨੂੰ ਅਚਾਨਕ ਹੀ ਜਦੋਂ ਕੋਈ ਸੁੱਖ-ਸਾਂਦ ਪੁੱਛ ਬੈਠਦਾ ਸੀ ਤਾਂ ਉਹ ਅਕਸਰ ਇਹ ਪਖਾਣਾ ਪਾਇਆ ਕਰਦੀ “ਕੀ ਦੱਸਾਂ ਕੀ ਦੱਸਾਵਾਂ ਕੀ ਫ਼ਰਿਆਦੀਂ ਜਾਵਾਂ ਭੋਜਨ ਖਾ ਗਿਆ ਬਚੜਿਆਂ ਨੂੰ ਮੈਂ ਸ਼ਰਮੀਂ ਮਰ-ਮਰ ਜਾਵਾਂ” ਤੇ ਉਹਦਾ ਗੱਚ ਭਰ ਆਉਂਦਾ ਸੀ ਭੋਜਨ ਦੀ ਤਲਾਸ਼ 'ਚ ਉਹਦਾ ਹਰ ਸਮੇਂ ਹਸੂੰ-ਹਸੂੰ ਕਰਦਾ ਸਰਵਣ-ਪੁੱਤ ਨੰਦ ਬਸਰੇ ਦੀ ਲਾਮ 'ਚ ਚਲਾ ਗਿਆ ਸੀ ਮਗਰੋਂ ਇਕ ਚਿੱਠੀ ਆਈ ਸੀ, ਉਹਦੀ ਨਹੀਂ ਉਹਦੀ ਪਲਟਨ ਦੇ ਕਿਸੇ ਅਫ਼ਸਰ ਦੀ ਸੀ ਜੋ ਪੰਜਾਬੋ ਨੂੰ ਇਸ ਭਰੇ ਦੇਸ਼ 'ਚ ਇਕੱਲਾ ਕਰ ਗਈ ਸੀ ਹੁਣ ਪੰਜਾਬੋ ਦਾ ਇਸ ਦੇਸ਼ ਨਾਲ ਇਹ ਰਿਸ਼ਤਾ ਰਹਿ ਗਿਆ ਸੀ ਕਿ ਉਹਦਾ ਨਾਂ 'ਪੰਜਾਬੋ' ਸੀ ਉਹਦੀ ਆਂਦਰ, ਉਹਦੀ ਕੁੱਖ, ਉਹਦੀ ਉਮੀਦ ਤਾਂ ਕਿਸੇ ‘ਹੋਰ’ ਦੇਸ ਦੀ ਮਿੱਟੀ ਚ ਮਿਲ ਗਏ ਸਨ ! ਹੁਣ ਪੰਜਾਬੋ ਨਾਂ ਦਾ ਇਹ ਪਿੰਜਰ ਸੂਰਜ ਚੜ੍ਹਦਿਆਂ ਹੀ ਇਕ ਸੋਟੀ ਦੇ ਸਹਾਰੇ ਆਪਣੇ ਕੋਠੜਿਓਂ ਨਿੱਕਲਦਾ ਗਲੀਆਂ ਦੇ ਲੰਡਰ ਕੁੱਤਿਆਂ ਤੋਂ ਬਚਦਾ-ਬਚਾਉਂਦਾ ਚਾਨਣ ਲੰਬੜ ਦੀ ਸਬ੍ਹਾਤ 'ਚ ਪਏ ਚਰਖੇ ਕੋਲ ਹੀ ਪੀੜ੍ਹੀ 'ਤੇ ਬੈਠ ਜਾਂਦਾ ਤੇ ਚਰਖਾ ਹਰਕਤ ’ਚ ਆ ਜਾਂਦਾ ਪਰ ਇਸ ਚਰਖੇ ਦੀ ਹਰਕਤ 'ਚੋਂ ਗੀਤ ਨਹੀਂ, ਵੈਣਾਂ ਜਿਹੀ ਕੋਈ ਸੁਰ ਨਿਕਲਦੀ ਸੀ ! ਘੂਕ ਨਹੀਂ, ਸੂਤ ਨਿੱਕਲਦਾ ਸੀ ! ਇਹ ਸੂਤ ਚਾਨਣ ਲੰਬੜ ਦੀ ਅਠਾਰਾਂ ਵਰ੍ਹਿਆਂ ਦੀ ਧੀ ਤਾਰੋ ਦੇ ਦਾਜ ਲਈ ਦਰੀਆਂ, ਖੇਸਾਂ, ਝੋਲਿਆਂ ਤੇ ਮੰਜਿਆਂ ਦੇ ਸੂਤ 'ਚ ਵਟਦਾ ਜਾਂਦਾ ਸੀ ਪਰ ਪੰਜਾਬੋ ਸੁਪਨੇ ਜਿਹੇ ਦੀ ਹਾਲਤ ਵਿਚ ਆਪਣੀ ਜਵਾਨੀ ਤੇ ਨੰਦ ਦੇ ਬਚਪਨੇ ਵੇਲੇ ਉਸ ਦੀ ਕਿਸੇ ‘ਤਾਰੋ’ ਵਾਸਤੇ ਕੱਤੇ ਸੂਤ ਬਾਰੇ ਸੋਚਦੀ ਰਹਿੰਦੀ ... ਸੋਚਦੀ ਰਹਿੰਦੀ ਤੇ ਰੋਂਦੀ ਰਹਿੰਦੀ ... ਪਰ ਉਸ ਦੇ ਰੋਣ ਦਾ ਪਤਾ ਸਿਰਫ਼ ਉਸ ਦੀਆਂ ਅੱਖਾਂ ਤੋਂ ਲਗਦਾ ਜਾਂ ਚੱਲ ਰਹੇ ਚਰਖੇ ਦੀ ਆਵਾਜ਼ ਤੋਂ ਜਿਸ 'ਚੋਂ ਗੀਤ ਨਹੀਂ, ਵੈਣਾਂ ਜਿਹੀ ਕੋਈ ਸੁਰ ਨਿੱਕਲਦੀ ਸੀ ! ਘੂਕ ਨਹੀਂ, ਸੂਤ ਨਿੱਕਲਦਾ ਸੀ ! ਤੇ ਇਹ ਵੀ ਪਤਾ ਨਾ ਲਗਦਾ ਕਿ ਪੰਜਾਬੋ ਦਾ ਹੱਥ ਚਰਖੇ ਨੂੰ ਗੇੜਾ ਦੇ ਰਿਹਾ ਹੈ ਜਾਂ ਚਰਖਾ ਪੰਜਾਬੋ ਦੇ ਹੱਥ ਨੂੰ ਘੁਮਾ ਰਿਹਾ ਹੈ ਚਰਖਾ ਪੰਜਾਬੋ ਦਾ ਪਿੰਜਰ ਹੈ ਜਾਂ ਪੰਜਾਬੋ ਚਰਖੇ ਦਾ ਜਾਂ ਦੋਵੇਂ ਹੀ ਇਕ-ਦੂਜੇ ਦਾ .. ਇਹ ਭੇਤ ਉਦੋਂ ਹੀ ਖੁੱਲ੍ਹਦਾ ਜਦੋਂ ਵਰ੍ਹਿਆਂ ਤੋਂ ਚਰਖੇ ਮੁੱਢ ਪਈ ਵਾਟੀ ਚ ਉਲੱਦੀ ਚਾਹ ਨੂੰ ਪੀੜ੍ਹੀ 'ਤੇ ਬੈਠੀ ਪੰਜਾਬੋ ਦਾ ਪਿੰਜਰ ਪਾਣੀਹਾਰ ਨਿਗਲ ਜਾਂਦਾ ਜਾਂ ਵਾਟੀ 'ਚ ਪਈ ਦਾਲ ਤੇ ਕੋਲ ਪਈਆਂ ਰੋਟੀਆਂ ਨੂੰ ਬਿਨਾਂ ਦੇਖਿਆਂ ਉਹਨਾਂ ਵੱਲ ਪਾਸਾ ਕਰ ਅੰਦਰ ਉਤਾਰ ਲੈਂਦਾ ! ਪਹਿਲੀ ਵਾਰ ਪੰਜਾਬੋ ਨੂੰ ਤੱਕ ਕੇ ਹੀ ਮੈਨੂੰ ਸਮਝ ਆਇਆ ਸੀ ਕਿ ਖਾਣ ਦੀ ਚੀਜ਼ ਨੂੰ ਬਿਨਾਂ ਤਕਿਆਂ ਖਾਣ ਦੀ ਕੀ ਮਜਬੂਰੀ ਹੁੰਦੀ ਹੈ। ਕਿ ਢਿੱਡ ਨੂੰ ਝੁਲਕਾ ਦੇਣ ਦਾ ਮੁਹਾਵਰਾ ਕਿੱਥੋਂ ਬਣਿਆ ਹੈ ਕਿ ਚਾਨਣ ਲੰਬੜ ਦੀ ਧੀ, ਤਾਰੋ ਪੰਜਾਬੋ ਨੂੰ ਚਾਹ ਜਾਂ ਰੋਟੀ ਦੇਣ ਆਈ ਬਾਰ-ਬਾਰ ਇਹ ਮੁਹਾਵਰਾ ਕਿਉਂ ਦੁਹਰਾਉਂਦੀ ਹੈ ਕਿ ਉਹ ਖ਼਼ੁਦ ਵੀ ਚਾਹ ਨੂੰ ਪਾਣੀਹਾਰ ਕਿਉਂ ਪੀਂਦੀ ਹੈ ਕਿ ਪੰਜਾਬੋ ਰੋਜ਼ ਤਾਰੋ ਦੇ ਦਾਜ ਲਈ ਸੂਤ ਕੱਤਣ ਲਈ ਹੀ ਚਾਨਣ ਲੰਬੜ ਦੇ ਘਰ ਕਿਉਂ ਆਉਂਦੀ ਹੈ ਕਿ ਏਸ ਚਰਖੇ 'ਚੋਂ ਗੀਤਾਂ ਦੀ ਥਾਂ ਵੈਣਾਂ ਦੀ ਸੁਰ ਕਿਉਂ ਨਿੱਕਲਦੀ ਹੈ ! ਘੂਕ ਕਿਉਂ ਨਹੀਂ, ਸੂਤ ਕਿਉਂ ਨਿੱਕਲਦਾ ਹੈ !

10. ਮੁਨਸ਼ੀ ਖ਼ਾਂ

ਕਹੇ ਜਾਂਦੇ ਆਜ਼ਾਦ ਭਾਰਤ 'ਚ ਪਹਿਲੀ ਵਾਰ ਜਦੋਂ ਵੋਟਾਂ ਪਈਆਂ ਤਾਂ ਵੋਟਰ-ਸੂਚੀ 'ਚ ਅਸਾਡੇ ਸੀਰੀ ਮੁਨਸ਼ੀ ਖ਼ਾਂ ਦਾ ਨਾਂ ਸੱਜਣ ਸਿੰਘ ਛਪਿਆ ਸੀ ! ਦੁੱਲੇ ਮੋਚੀ ਦਾ ਪੁੱਤ ਮੁਨਸ਼ੀ ਖ਼ਾਂ ਲਬਾਂ ਨਾ ਪਹਿਲਾਂ ਕਟਦਾ ਸੀ ਤੇ ਨਾਂ ਹੁਣ ਜੇ ਦਾੜ੍ਹੀ ਕਟਦਾ ਸੀ ਤਾਂ ਹੁਣ ਉਹ ਵੀ ਹਟ ਗਿਆ ਸੀ ਉਹਨੇ ‘ਆਪਣੇ ਦੇਸ’ ਜਾਣ ਤੋਂ ਇਨਕਾਰ ਕਰ ਏਧਰ ਕਿਸੇ ‘ਹੋਰ ਦੇ ਦੇਸ’ ਪਰ ਆਪਣੀ ਮਿੱਟੀ 'ਚ ਰਹਿਣ ਲਈ ‘ਪਤਵੰਤਿਆਂ’ ਦੀ ਇਹ ਸ਼ਰਤ ਮੰਨ ਲਈ ਸੀ ! ਤੇ ਕਮਾਲ ਦੀ ਗੱਲ ਹੈ ਕਿ ਜਿੱਥੇ ਪਿੰਡ ਵਿਚ ਨਾਂਵਾਂ ਦੇ ਅੱਗੇ ਸਰਦਾਰ, ਪੰਡਤ ਜਾਂ ਸੇਠ ਅਤੇ ਪਿੱਛੇ ਸਿੰਘ, ਰਾਮ ਜਾਂ ਚੰਦ ਲਾ ਕੇ ਬੁਲਾਉਣ ਦਾ ਰਿਵਾਜ ਨਹੀਂ ਹੁੰਦਾ ਉਥੇ ਹੁਣ ਲੋਕ ਮੁਨਸ਼ੀ ਖ਼ਾਂ ਨੂੰ ‘ਸੱਜਣ ਸਿਆਂ' ਕਹਿ ਕੇ ਬੁਲਾਉਣ ਲੱਗੇ ਪਏ ਸਨ ਪਰ ਜਦੋਂ ਵੀ ਕੋਈ ਉਸ ਨੂੰ ਸੱਜਣ ਸਿਉਂ ਕਹਿ ਕੇ ਬੁਲਾਉਂਦਾ ਸੀ ਤਾਂ ਮੈਂ ਉਸ ਦੇ ਚਿਹਰੇ ਦੇ ਅਜੀਬ ਰੰਗ ਦੇਖਦਾ ਬੱਦਲਾਂ ਦੀ ਛਾਂ ਜਿਹਾ ਹਾਸਾ ਮੱਥੇ 'ਤੇ ਤੀਹਰੀਆਂ ਤਿਉੜੀਆਂ ਉਹਦਾ ਲਹੂ ਤਾਂ ਪੰਘਰਦਾ ਸੀ ਪਰ ਕਿਸੇ 'ਆਪਣੇ' ਦੇ ਹੱਸ ਕੇ ਬੁਲਾਏ ਜਾਣ 'ਤ ਭੁੱਬ ਮਾਰ ਕੇ ਗਲ ਲੱਗਣ ਵਾਂਗ ਨਹੀਂ “ਦਰਦਵੰਦਾਂ ਜਿਹਾ ਪੰਛੀ-ਹਾਸਾ ਤਾਂ ਮੈਂ ਉਦੋਂ ਹੀ ਦੇਖਦਾ ਜਦੋਂ ਗੁਰਦਵਾਰੇ ਦਾ ਭਾਈ ਉਸ ਦੇ ਕੋਲੋਂ ਦੀ ਲੰਘਦਾ ਸਦਾ ਹੀ ਉਸ ਨੂੰ ‘ਆ ਬਈ ਮੁੱਲਾਂ !’ ਕਹਿ ਕੇ ਬੁਲਾਉਂਦਾ ਹੁੰਦਾ ਸੀ ਪਰ ਉਦੋਂ ਵੀ ਉਹਦੇ ਚਿਹਰੇ ਦੇ ਰੰਗਾਂ ਤੋਂ ਇਹ ਪਤਾ ਨਾ ਲਗਦਾ ਕਿ ਉਸ ਦਾ ਇਹ ਹੁੰਗਾਰਾ ਮਜਬੂਰੀ ਦਾ ਹੁੰਦਾ, ਰੋਹ ਦਾ ਜਾਂ ਖ਼ੁਸ਼ੀ ਦਾ ਅਜਿਹਾ ਮੈਂ ਉਦੋਂ ਵੀ ਦੇਖਦਾ ਜਦੋਂ ਉਹ ਘਰੋਂ ਬਾਹਰ ਗਲੀ ’ਚ ਆ ਸਾਡੇ ਗਵਾਂਢੀ ਸੈਦੇ ਕਾਣੇ ਦੇ ਗੱਡੇ ਦੇ ਪੱਟ 'ਤੇ ਆਪਣੀ ਫ਼ਾਤਮਾ ਦੇ ਨਮਾਜ਼ ਪੜ੍ਹਨ ਵਾਲੇ ਕਟਾਮਾਂ ਵਾਲੇ ਮੁਸੱਲੇ ਦੀ ਗੱਦੀ ਬਣਾਈ ਦੇਖਦਾ ਉਦੋਂ ਵੀ ਉਹਦੇ ਮੱਥੇ ਤੇ ਤੀਹਰੀਆਂ ਤਿਉੜੀਆਂ ਹੁੰਦੀਆਂ ਸਨ ਚਿਹਰੇ 'ਤੇ ਬੱਦਲਾਂ ਦੀ ਛਾਂ ਜਿਹਾ ਹਾਸਾ ਪਰ ਅੱਖਾਂ 'ਚ ਖ਼ੂਨ ਉਦੋਂ ਉਹਦੇ ਚਿਹਰੇ ਦਾ ਰੰਗ ਉਹੋ ਜਿਹਾ ਨਹੀਂ ਸੀ ਹੁੰਦਾ ਜਿਹੋ-ਜਿਹਾ ਉਦੋਂ ਹੁੰਦਾ ਸੀ ਜਦੋਂ ਕੋਈ ਉਸ ਨੂੰ ਸੱਜਣ ਸਿਉਂ ਕਹਿ ਕੇ ਬੁਲਾਇਆ ਕਰਦਾ ਸੀ ! ਤੇ ਹਾਂ ਸੱਚ, ਮੈਂ ਭੁੱਲ ਗਿਆ ਵੇਲ ਵਾਂਗ ਦੂਹਰੀ ਹੋ ਜਾਣ ਵਾਲੀ ਫ਼ਾਤਮਾ ਲਾਇਲਪੁਰ ਦੀ ਜੰਮੀ-ਪਲੀ ਸੀ ਤੇ ਮੁਨਸ਼ੀ ਖ਼ਾਂ ਹਲ ਵਾਹੁੰਦਾ ਅਕਸਰ ਗਾਇਆ ਕਰਦਾ ਸੀ “ਜੱਗੇ ਮਾਰਿਆ ਲਾਇਲਪੁਰ ਡਾਕਾ ਤਾਰਾਂ ਖੜਕ ਗਈਆਂ .. ਜੱਗੇ ਮਾਰਿਆ ..." ਤੇ ਮੈਨੂੰ ਮੁਨਸ਼ੀ ਖਾਂ ਡਾਕੂ ਜਿਹਾ ਲੱਗਣ ਲੱਗ ਪੈਂਦਾ ਜੋ ਲਾਇਲਪੁਰ ਤੋਂ ਨਕਦੀ ਤਾਂ ਨਹੀਂ ਪਰ ਸ਼ਾਇਦ ਆਪਣਾ ਜਨਾਜ਼ਾ ਜਾਇਜ਼ ਕਰਨ ਲਈ ਫ਼ਾਤਮਾ ਨਾਲ ਨਿਕਾਹ ਕਰ ਕੇ ਲਿਆਇਆ ਸੀ ਜੇ ਡਾਕੂ ਹੁੰਦਾ ਤਾਂ ਫ਼ਾਤਮਾ ਨੇ ਨਕਦੀ ਵਾਂਗ ਉਸ ਕੋਲ ਰਹਿ ਜਾਣਾ ਸੀ ਜਾਂ ਖ਼ਰਚ-ਖੁੱਟ ਕੇ ਵਿਹਾ ਜਾਣਾ ਸੀ ਪਰ ਉਹ ਨਕਦੀ ਨਹੀਂ ਸੀ, ਇਕ ਬਾ-ਈਮਾਨ ਔਰਤ ਸੀ ਜੋ ਦੁੱਧ ਬਣ ਕੇ ਰਹਿਣ ਦਾ ਇਕਰਾਰ ਕਰ ਕੇ ਆਈ ਸੀ ਪਰ ਉਸ ਆਦਮਖੋਰ ਝੱਖੜ 'ਚ ਪਾਣੀ ਨਾਲੋਂ ਪਤਲੀ ਹੋ ਆਪਣੇ ਪੇਕੇ ਘਰ ਆਪਣੀ ਮਿੱਟੀ ਚ ਮਿਲਣ ਲਈ ਚਲੀ ਗਈ ਸ਼ਾਇਦ ਉਸ ਨੂੰ ਪਤਾ ਸੀ ਕਿ ਉਸ ਦਾ ਨੀਝਾਂ ਨਾਲ ਤਿਆਰ ਕੀਤਾ ਦਾਜ ਚ ਲਿਆਂਦਾ ਕਟਾਮਾਂ ਵਾਲਾ ਮੁਸੱਲਾ ਸੈਦੇ ਕਾਣੇ ਦੇ ਗੱਡੇ ਦੇ ਪੱਟ ਦੀ ਗੱਦੀ ਬਣ ਜਾਣਾ ਹੈ ! ਤੇ ਮੁਨਸ਼ੀ ਥਾਂ ਹੁਣ ਬਹੁਤ ਬੁੱਢਾ ਹੋ ਚੁੱਕੈ ਉਹ ਨਾ ਸਾਡਾ ਸੀਰੀ ਹੈ ਨਾ ਨੌਕਰ ਸਿਰਫ਼ ਖੇਤ ਰਹਿੰਦਾ ਹੈ ਪੱਕੇ ਬਾਜਰੇ ਜਾਂ ਜਵਾਰ ਤੋਂ ਚਿੜੀਆਂ ਉਡਾ ਛਡਦਾ ਹੈ ਜਾਂ ਗਈ ਰਾਤ ਤੱਕ ਕੋਠੇ ਚ ਪਿਆ ਗਾਉਂਦਾ ਰਹਿੰਦਾ ਹੈ “ਕੋਈ ਲੱਦਿਆ ਮੁਸਾਫ਼ਰ ਜਾਂਦਾ, ਦੁਨੀਆ ਰੰਗ ਵਸਦੀ" ਮੈਂ ਜਦੋਂ ਵੀ ਕਦੀ ਪਿੰਡ ਜਾਂਦਾ ਹਾਂ ਤਾਂ ਓਦਰਿਆ ਜਿਹਾ ਮੈਨੂੰ ਅੱਡ ਬੁਲਾ ਕੇ ਆਖਦੈ “ਜੋਗੇ ਸਿਆਂ, ਤੂੰ ਸਿਆਣੈ, ਪੜ੍ਹਿਆ-ਲਿਖਿਐਂ ਤੇਰੀ ਗੱਲ ਕਿਸੇ ਨੇ ਮੋੜਨੀ ਬੀ ਨਹੀਂ ਸਾਡੀ ਮੁਸਾਫ਼ਰੀ ਤਾਂ ਹੁਣ ਢਾਈ ਦਿਨਾਂ ਦੀ ਰਹਿ ਗਈ ਤੂੰ ਜੀਉਂਦੇ-ਜੀਅ ਮੇਰੀ ਇਕ ਦੇਣਦਾਰੀ ਲਾਹ ਜੀਂ ਇਉਂ ਕਰੀਂ, ਮੈਨੂੰ ਫੂਕਣ ਨਾ ਦੇਈਂ ਹਾਅ ਆਪਣੀ ਬੇਰੀ ਥੱਲੇ ਦੱਬ ਦੇਈਂ ਤੇ ਉਹ ਕਟਾਮਾਂ ਵਾਲਾ ਮੁਸੱਲਾ ...” ਉਸ ਦੀ ਗੱਲ ਪੂਰੀ ਵੀ ਨਹੀਂ ਹੋਈ ਹੁੰਦੀ ਕਿ ਉਸ ਦੀ ਭੁੱਬ ਨਿੱਕਲ ਜਾਂਦੀ ਹੈ !

11. ਸੌਂ ਜਾਵੋ !

“ਬੜਾ ਭਿਆਨਕ ਹੁੰਦਾ ਹੈ ਹਥਿਆਰਬੰਦ ਯੋਧੇ ਦਾ ਸੌਂ ਜਾਣਾ ਮੁਰਦੇ ਨੂੰ ਜੀਉਂਦੇ ਹੁੰਦਿਆਂ ਤੱਕਣਾ ਪਰ ਇਸ ਤੋਂ ਕਿਤੇ ਵੱਧ ਭਿਆਨਕ ਹੈ ਆਜ਼ਾਦ ਦੇਸ਼ ਵਿਚ ਜੇਲ੍ਹਾਂ ਦਾ ਜ਼ਰੂਰੀ ਹੋਣਾ !" ਉਹ ਅਕਸਰ ਇਹ ਸਤਰਾਂ ਦੁਹਰਾਇਆ ਕਰਦਾ ਹੈ ਪਤਾ ਨਹੀਂ ਕਿਉਂ ‘ਉਹ’, ਜਿਸ ਨੇ ਪਤਾ ਨਹੀਂ ਕਿੰਨਾ ਹੰਢਾਇਆ ਤੇ ਕਿੰਨਾ ਸਫ਼ਰ ਕੀਤਾ ਹੈ ! ਬਸ, ਚਿੰਤਾਵੰਤ ਅੱਖਾਂ, ਸਥਿਰ ਤੇ ਧੁਆਂਖਿਆ ਚਿਹਰਾ ਜਿਸ ਨੂੰ ਪਛਾਨਣ ਲਈ ਦੀਵੇ ਦੀ ਨਹੀਂ ਸੂਰਜ ਦੀ ਰੌਸ਼ਨੀ ਦੀ ਲੋੜ ਪੈਂਦੀ ਹੈ। ਪਰ ਨਾਲ ਹੀ ਏਨੀ ਮਾਸੂਮੀਅਤ ਜਿਸ ਨੂੰ ਤਜਰਬੇ ਦੀ ਗਰਿਫ਼ਤ ਵਿਚ ਨਹੀਂ ਰੱਖਿਆ ਜਾ ਸਕਦਾ ਕੇਹਾ ਜ਼ਹੀਨ ਆਦਮੀ ਹੈ ਉਹ ਜਿਸ ਨੂੰ ਆਪਣੇ ‘ਹਾਸਿਲ’ ਬਾਰੇ ਕੁਝ ਵੀ ਪਤਾ ਨਹੀਂ ਪਰ ਉਹ ਹਮੇਸ਼ਾ ਇੰਝ ਹੀ ਕਰਦਾ ਹੈ ਤੁਹਾਡੇ ਸਾਹਮਣੇ ਆਵੇਗਾ ਜੇਬਾਂ ਚ ਹੱਥ ਪਾ, ਲਫ਼ਜ਼ਾਂ ਨੂੰ ਬਾਹਰ ਕੱਢ ਚੀਨੇ ਕਬੂਤਰਾਂ ਵਾਂਗ ਹਵਾ 'ਚ ਉਡਾ ਦੇਵੇਗਾ ਤੇ ਤੁਹਾਡੇ ਕੰਨਾਂ ਵਿਚ ਉਹਨਾਂ ਦੇ ਖੰਭਾਂ ਦੇ ਫੜਫੜਾਉਣ ਦੀ ਆਵਾਜ਼ ਗੂੰਜਦੀ ਰਹਿ ਜਾਵੇਗੀ ਮਚਾਨ ਤੇ ਵਜਦੇ ਹਥੌੜੇ ਦੀ ਲਗਾਤਾਰ ਆਵਾਜ਼ ਵਾਂਗ ... ਤੁਹਾਨੂੰ ਸਿਰਫ਼ ਏਨਾਂ ਹੀ ਸੁੱਝੇਗਾ ਜਾਂ ਸਮਝ ਆਵੇਗਾ ਕਿ ਕੁੱਤਿਆਂ ਨੂੰ ਘਰਾਂ ਦੇ ਰਖਵਾਲੇ ਹੋਣ ਦੀ ਤੇ ਆਦਮੀਆਂ ਨੂੰ ਅੰਦਰ ਰਜਾਈਆਂ ’ਚ ਦੁਬਕਣ ਦੀ ਕੀ ਮਜਬੂਰੀ ਹੈ ? ਕਿ ਧਰਤੀ ਉਤੇ ਸਿਰਫ਼ ਤਿੰਨ ਹੀ ਤਰ੍ਹਾਂ ਦੇ ਇਨਸਾਨ ਹਨ ਕੁੱਤੇ, ਬਘਿਆੜ ਤੇ ਸ਼ੇਰ ! ਕੁੱਤੇ ਰਾਖੀ ਕਰਦੇ ਹਨ ਬਘਿਆੜ ਪਾੜ ਖਾਂਦੇ ਹਨ ਸ਼ੇਰ ਨਿਆਂ ਕਰਦੇ ਹਨ ਬਾਕੀ ਤਾਂ ਸਭ ਕੀੜੇ-ਮਕੌੜੇ ਹਨ ! ਉਸ ਵੇਲੇ ਤੱਕ ਉਸ ਦੀਆਂ ਜੇਬਾਂ ਵਿਚਲੇ ਲਫ਼ਜ਼ਾਂ ਦੇ ਕਬੂਤਰ ਉੱਡ ਚੁੱਕੇ ਹੁੰਦੇ ਨੇ ਤੇ ਤੁਸੀਂ ਸਿਰਫ਼ ਸੱਖਣੀਆਂ ਅੱਖਾਂ ਦੇ ਰੂਬਰੂ ਹੁੰਦੇ ਹੋ ਜਿਨ੍ਹਾਂ ਵਿਚ ਅੱਖਾਂ ਪਾ ਕੇ ਤੱਕਿਆ ਨਹੀਂ ਜਾ ਸਕਦਾ ਬਿਲਕੁਲ ਉਸ ਤਰਾਂ ਦੀਆਂ ਅੱਖਾਂ ਜਿਹੜੀਆਂ ਉਸ ਕੁੜੀ ਦੀਆਂ ਉਸ ਵੇਲੇ ਹੁੰਦੀਆਂ ਹਨ ਜਿਸ ਨੂੰ ਉਹਦੇ ਪਸੰਦ ਦਾ ਲਾੜਾ ਨਾ ਮਿਲਿਆ ਹੋਵੇ ਜਾਂ ਉਸ ਵਿਧਵਾ ਦੀਆਂ ਜਿਸ ਦੇ ਸਾਹਵੇਂ ਉਹਦਾ ਪਤੀ ਚਿਖ਼ਾ ਚ ਬਲ ਰਿਹਾ ਹੋਵੇ ਤੁਸੀਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ, ਮੇਰੇ ਯਾਰੋ ! ਸੌਂ ਜਾਵੋ ਰਾਤ ਬਹੁਤ ਬੀਤ ਗਈ ਹੈ ਬਹੁਤ ਬਾਕੀ ਹੈ ! ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਚਿਹਰਿਆਂ 'ਤੇ ਉਹਨਾਂ ਦੀਆਂ ਪਲਕਾਂ, ਭਵਾਂ ਤੇ ਗੱਲਾਂ ਦੀਆਂ ਹੱਡੀਆਂ ਤੋਂ ਸਿਵਾ ਬੀਤੇ ਦਾ ਕੋਈ ਪਛਤਾਵਾ ਨਹੀਂ ਹੁੰਦਾ ਫਿਰ ਵੀ ਇਹ ਕੇਹੀ ਇਬਾਰਤ ਹੈ ਚਿਹਰੇ ਦੀ ਕਿ ਕੁਝ ਵੀ ਲੁਕਿਆ ਨਹੀਂ ਰਹਿੰਦਾ ਤੇ ਇੰਝ ਦਾ ਬੇਆਕਾਰ ਚਿਹਰਾ ਜਦੋਂ ਹੁੰਦਾ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਹਵਾ ਨਾਲ ਕਾਗਜ਼ ਦਾ ਖੜਕਾ ਹੋਇਆ ਹੋਵੇ ਤੇ ਜਿਸ ਨੂੰ ਸੁਣ ਕੇ ਤੁਸੀਂ ਇੰਝ ਤ੍ਰਬਕ ਜਾਂਦੇ ਹੋ ਜਿਵੇਂ ਅਚਾਨਕ ਤੁਹਾਡੇ ਪੈਰਾਂ ਵਿਚੋਂ ਦੀ ਕੋਈ ਸੱਪ ਸਰਕ ਜਾਵੇ ! ਤੁਸੀਂ ਕਦੇ ਸਿਆਲਾਂ ਦੀ ਯਖ਼-ਠੰਡੀ ਰਾਤ ਵਿਚ ਸਿਹਣ ਵਿਚ ਖੰਭ ਫੜਫੜਾਉਂਦੀ ਮੁਰਗ਼ਾਬੀ ਦੀ ਚੀਖ ਸੁਣੀ ਹੈ ? ਜਾਂ ਕਿਸੇ ਸ਼ਿਕਾਰੀ ਦਾ ਨਿਸ਼ਾਨਾ ਬਣੇ ਪੰਛੀ ਦੇ ਖ਼ੂਨ ਦੇ ਬੁੱਥ ਧਰਤੀ 'ਤੇ ਟੇਪਾ-ਟੇਪਾ ਕਰ ਕੇ ਸੁੱਕੇ ਵੇਖੇ ਨੇ ? ਜਾਂ ਤੁਹਾਡੇ ਨਾਲ ਦੇ ਕਮਰੇ ਵਾਲਾ ਚਿਤਰਕਾਰ ਫੁੱਲ ਕਿਉਂ ਨਹੀਂ, ਉਹਨਾਂ ਦੀਆਂ ਪੱਤੀਆਂ ਕਿਉਂ ਚਿਤਰਦਾ ਹੈ ? ਤੇ ਉਹਦਾ ਦੋਸਤ ਉਸ ਨੂੰ ਬਾਰ-ਬਾਰ ਇਹ ਕਿਉਂ ਕਹਿੰਦਾ ਹੈ ਕਿ ਉਹ ਉਹਦੀ ਵਹੁਟੀ ਦਾ ਨਗਨ-ਚਿਤਰ ਬਣਾਵੇ ! ਮੈਨੂੰ ਯਕੀਨ ਹੈ ਕਿ ਤੁਸੀਂ ਆਖੋਗੇ “ਨਹੀਂ” ਇਹ ਤੁਹਾਡੇ ਜਿਹਾਂ ਦਾ ਹਾਸਿਲ ਨਹੀਂ ਹੋ ਸਕਦਾ ਤੁਸੀਂ ਜੋ ਇਹ ਦਾਅਵਾ ਕਰਦੇ ਹੋ ਕਿ ਤੁਹਾਡੇ ਕੋਲ ਹਰ ਸਵਾਲ ਦਾ ਉੱਤਰ ਹੈ ! ਜ਼ਰੂਰ ਹੋਣਾ ਹੈ ! ਪਰ ਇਹ ਅਣ-ਚੁੰਮੇ ਹੋਠਾਂ ਵਾਂਗ ਨਿਸ਼ਬਦਾ ਹੈ ਇਕ ਅਣਪੜ੍ਹੀ ਇਬਾਰਤ ਹੈ ਸ਼ਾਇਦ ਅਜੇ ਤੱਕ ਮਨੁੱਖੀ ਭੀੜ ਤੁਹਾਡੀ ਕਿਤਾਬ ਦਾ ਪਹਿਲਾ ਪਾਠ ਨਹੀਂ ਬਣੀ ਤੇ ਤੁਸੀਂ ਨਹੀਂ ਜਾਣਦੇ ਕਿ ਮਨੁੱਖ ਨੂੰ ਮਾਰਨ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ ! ਸਿਰਫ਼ ਉਹੋ ਜਾਣਦਾ ਹੈ ਜਿਸਦੇ ਚਿਹਰੇ 'ਤੇ ਉਸਦੀਆਂ ਪਲਕਾਂ, ਭਵਾਂ ਤੇ ਹੱਡੀਆਂ ਤੋਂ ਸਿਵਾ ਬੀਤੇ ਦਾ ਕੋਈ ਪਛਤਾਵਾ ਨਹੀਂ ਜੋ ਮਲਕੜੇ ਜਿਹੇ ਕਿਸੇ ਵੀ ਆਦਮੀ ਦਾ ਭਵਿੱਖ ਖੋਹ ਲੈਂਦਾ ਹੈ। ਖ਼ੈਰ ਛੱਡੋ, ਰਾਤ ਬਹੁਤ ਬੀਤ ਗਈ ਹੈ ਬਹੁਤ ਬਾਕੀ ਹੈ ਸੌਂ ਜਾਵੋ !

12. ਪ੍ਰਸੰਗ ਦੱਸ ਕੇ ਵਿਆਖਿਆ

ਸਵਾਲ : ਹੇਠ ਲਿਖੇ ਪੰਜਾਂ ਬੰਦਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਕੀਤੀ ਜਾਵੇ। ੳ- ਕਿਥੇ ਮਰ ਗਿਆ ਏਂ ਸ਼ਾਂਤੀ ਦੇਵ* ! ਅੰਮ੍ਰਿਤਸਰ ? ਜਲੰਧਰ ? ਪਟਿਆਲੇ ? ਬਠਿੰਡੇ ? ਭਿਵੰਡੀ ? ਜੇ ਏਥੇ ਨਹੀਂ ਤਾਂ ਫਿਰ ਹੋਰ ਕਿਹੜੇ ਮੰਦਰ, ਮਸਜਿਦ, ਮਸੀਤ ਵਿੱਚ ? ਕਿਉਂ ਜੁ ਮੈਨੂੰ ਏਨਾ ਪੱਕਾ ਕੀਤਾ ਹੈ ਕਿ ਇਸ ਵਾਰ ਤੂੰ ‘ਖਜੁਰਾਹੋ’ ਨਹੀਂ ਗਿਆ .. * ਸ਼ਾਇਰ ਦਾ ਦੋਸਤ ਅ- ਹੱਥਾਂ ਨੂੰ ਸਾੜਨ ਲਈ ਇਹਨਾਂ ਨੂੰ ਚਿਖਾ ’ਚ ਦੇਣ ਦੀ ਲੋੜ ਨਹੀਂ ਚੁੱਲ੍ਹਾ ਹੀ ਕਾਫ਼ੀ ਹੈ ਜਿਸ ਵਿਚ ਰੋਜ਼ ਮੇਰੀ ਮਾਂ ਹੱਥ ਸਾੜਦੀ ਹੈ ! ੲ- “ਤੇਰੇ ਆਉਣ ਤੋਂ ਪਹਿਲਾਂ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਉਹ ਹੁਣ ਪਤਾ ਨਹੀਂ ਕਿੱਥੇ ਗਿਆ ਆ ਉਸ ਨੂੰ ਲੱਭਣ ਚੱਲੀਏ !” “ਪਰ ਫਿਰ ਅਸਾਨੂੰ ਕੌਣ ਲੱਭੇਗਾ”, ਤੂੰ ਕਿਹਾ ਤੇ ਤੂੰ ਵੀ ਤੁਰ ਗਿਆ ... ਸ- ਹੁਣ ਤੇਰੇ ਹੱਥਾਂ ਲਈ ਮੈਨੂੰ ਖੇਤਾਂ ਵਿਚ ਮਹਿੰਦੀ ਬੀਜਣ ਦੀ ਲੋੜ ਨਹੀਂ ਕਿਉਂ ਜੁ ਰੰਗ ਦੇ ਖ਼ੁਸ਼ਕ ਹੋ ਜਾਣ ਤੋਂ ਬਾਅਦ ਇਹਦੀ ਕੋਈ ਮਹਿਕ ਨਹੀਂ ਰਹਿੰਦੀ ਰੰਗ ਭਾਵੇਂ ਮਹਿੰਦੀ ਦਾ ਹੋਵੇ ਜਾਂ ਲਹੂ ਦਾ ! ਹ- ਨੇੜਿਓਂ ਹੀ ਕਿਤੋਂ, ਦੂਰ-ਪਾਰੋਂ ਨਹੀਂ ਛੱਤਾਂ ਪਾੜਵੇਂ ਪਟਾਖੇ ਚੱਲਣ ਦੀ ਆਵਾਜ਼ ਆਈ ਹੈ ! “ਅੱਜ ‘ਦੀਵਾਲੀ ਹੈ,” ਉਸ ਕਿਹਾ। ਦੂਜੇ ਦਿਨ ਮੈਂ ਫਿਰ ਕਿਹਾ “ਅੱਜ ਤਾਂ ਇਹ ਕੱਲ੍ਹ ਨਾਲੋਂ ਵੀ ਵੱਧ ਸੁਣਦੀ ਹੈ " “ਅੱਜ ‘ਅੰਨ੍ਹੀ ਦੀਵਾਲੀ’ ਹੈ, ਮੂਰਖਾ !” “ਜੇ ਕੱਲ੍ਹ ਨੂੰ ਵੀ ਆਈ ਤਾਂ ?" “ਉਸ ਨੂੰ ਦੀਵਾਲਾ ਕਹਿਣਗੇ”, ਆਖ ਉਹ ਹਨੇਰੇ ਚ ਲਹਿ ਗਿਆ ....

13. ਜ਼ਿਕਰ

ਨੀ ਮਾਂ ! ਰੱਬ ਦੇ ਵਾਸਤੇ ਇਹਨਾਂ ਨੂੰ ਆਖ ਕਿ ਉਹਨੂੰ ‘ਡੁੱਬੜਾ' ਕਹਿ ਕੇ ਨਾ ਰੋਣ ! ਉਸ ਜਿਹੇ ਬੰਦਿਆਂ ਦਾ ਮਾਤਮ ਨਹੀਂ ਮਹਿਫ਼ਿਲ ਹੀ ਹੁੰਦੀ ਹੈ ਤੇ ਮਹਿਫ਼ਿਲ ਵਿਚ ਮੂੰਹਾਂ 'ਤੇ ਪੱਲੇ ਲੈ ਰੋਇਆ ਨਹੀਂ ਜਾਂਦਾ ਜ਼ਿਕਰ ਕਰੀਦਾ ਹੁੰਦਾ ਹੈ ! ਮੁਆਫ਼ ਕਰੀਂ ਮਾਂ ! ਤੂੰ ਹੀ ਦੱਸਿਆ ਸੀ ਕਿ ਪੁਰਾਣੇ ਸਮਿਆਂ ਵਿਚ ਜਦੋਂ ਸੂਰਜ ਡੁਬਦਾ ਸੀ ਤਾਂ ਕੁਝ ਲੋਕ ਕਿਹਾ ਕਰਦੇ ਸਨ ਕਿ ਸੂਰਜ ਮਰ ਗਿਆ ਹੈ ਤੇ ਉਹ ਹਨੇਰੇ ਵਿਚ ਸਿਸਕੀਆਂ ਭਰਦੇ ਰਜਾਈਆਂ ਵਿਚ ਦੁਬਕ ਜਾਇਆ ਕਰਦੇ ਸਨ ਤੇ ਕੁਝ ਲੋਕ ਮੋਮ-ਬੱਤੀਆਂ ਬਾਲ ਕੇ ਰਾਤ ਦਾ ਜਸ਼ਨ ਮਨਾਇਆ ਕਰਦੇ ਸਨ ! ਮਾਂ ! ਇਹਨਾਂ ਨੂੰ ਆਖ ਕਿ ਉਹ ‘ਡੁੱਬੜਾ’ ਨਹੀਂ ਸੀ ਮੈਨੂੰ ਆਪਣੀ ਜਵਾਨੀ ਦੀ ਸਹੁੰ ਮੈਂ ਆਪਣੇ ਇਹਨਾਂ ਦੀਦਿਆਂ ਨਾਲ ਤੱਕਿਆ ਸੀ ਕਿ ਉਹ ‘ਡੁੱਬੜਾ’ ਨਹੀਂ ਸੀ ! ਉਹ ਡੁੱਬਿਆ ਨਹੀਂ ਸੀ ! ਜਦੋਂ ਦਰਿਆ ਚ ਹੜ੍ਹ ਆਇਆ ਸੀ ਜਦੋਂ ਕਿਨਾਰੇ 'ਤੇ ਖੜ੍ਹੇ ਬੁੱਢੇ-ਪੁਰਾਣੇ ਰੁੱਖਾਂ ਦੇ ਪਰਛਾਵੇਂ ਕੰਬ ਰਹੇ ਸਨ ਜਦੋਂ ਭੂਤਰੇ ਪਾਣੀਆਂ ਦੀ ਸ਼ੂਕ ਖਾਣ ਨੂੰ ਆਉਂਦੀ ਸੀ ਤਾਂ ਉਹਦਾ ਚਿਹਰਾ ਇੰਜ ਹੋ ਗਿਆ ਸੀ ਜਿਵੇਂ ਚਿਹਰੇ 'ਤੇ ਮਾਸ ਨਾ ਹੋਵੇ, ਸਿਰਫ਼ ਲਹੂ ਹੀ ਲਹੂ ਹੋਵੇ ਤੇ ਉਹ ਸ਼ੂਟ ਵੱਟ ਕੇ ਦਰਿਆ ਨੂੰ ਪੈ ਗਿਆ ਸੀ ਮੇਰੇ ਵਿੰਹਦਿਆਂ-ਵਿੰਹਦਿਆਂ ਲਹਿਰ ਹੋ ਗਿਆ ਸੀ... ਉਹ ਡੁੱਬਿਆ ਨਹੀਂ ਸੀ ਮਾਂ !ਇਹਨਾਂ ਨੂੰ ਆਖ ... ਉਹਨੂੰ ਡੁੱਬੜਾ ਕਹਿ ਕੇ ਨਾ ਰੋਣ ਉਸਦਾ ਜ਼ਿਕਰ ਕਰਨ ...

14. ਅੜਿਆ ! ਰੂਹ ਸਾਡੀ ਨਸ਼ਿਆਈ

ਅੜਿਆ ! ਰੂਹ ਸਾਡੀ ਨਸ਼ਿਆਈ। ਚੰਬੇ ਵਰਗੀ ਮੇਲ-ਸੁਗੰਧੀ ਸਾਡੀ ਝੋਲੀ ਪਾਈ। ਅੜਿਆ ! ਰੂਹ ਸਾਡੀ ਨਸ਼ਿਆਈ। ਮਹਿਕਾਂ ਦੇ ਮਟਕੇ ਸਿਰ ਚੁੱਕੀ ਵਗੀਆਂ ਸ਼ੋਖ਼ ਹਵਾਵਾਂ। ਮੈਂ ਨਸ਼ਿਆਈ ਸੁੱਝੇ ਨਾ ਕੁਝ ਕੀ ਡੋਲ੍ਹਾਂ ਕੀ ਪਾਵਾਂ। ਪਤਝੜ ਰੁੱਤੇ ਜਿੰਦ ਦੇ ਰੁਖੜੇ ਚਿੜੀਆਂ ਝੁਰਮਟ ਪਾਈ। ਅੜਿਆ ! ਰੂਹ ਸਾਡੀ ਨਸ਼ਿਆਈ। ਇਕ ਛੋਹ ਤੇਰੀ ਲੱਖ ਮੁਬਾਰਕ ਖੁਸ਼ੀ ਨਾ ਅੰਗ ਸਮਾਵੇ। ਸਹੀਓ ਨੀ ਮੇਰਾ ਆਪਾ ਮੈਥੋਂ ਬਾਗੀ ਹੁੰਦਾ ਜਾਵੇ। ਮੇਰੇ ਨੈਣੀਂ ਰਹੇਂ ਤੂੰ ਤਰਦਾ ਹੋਰ ਭੁੱਖ ਨਾ ਕਾਈ। ਅੜਿਆ ! ਰੂਹ ਸਾਡੀ ਨਸ਼ਿਆਈ। ਯਾਰਾਂ ਦਾ ਸੁਪਨਾ ਵੀ ਕਹਿੰਦੇ ਹੁੰਦਾ ਬੜਾ ਚੰਗੇਰਾ। ਯਾਰ ਮੇਰੇ ਨੇ ਸੱਚੀ-ਮੁੱਚੀਂ ਪਾਇਆ ਏ ਅੱਜ ਫੇਰਾ। ਸੁਰਗਾਂ ਨਾਲੋਂ ਵੀ ਹੈ ਚੰਗੀ ਨਾਲ ਤੇਰੇ ਅਸ਼ਨਾਈ। ਅੜਿਆ ! ਰੂਹ ਸਾਡੀ ਨਸ਼ਿਆਈ। ਚੰਬੇ ਵਰਗੀ ਮੇਲ-ਸੁਗੰਧੀ ਸਾਡੀ ਝੋਲੀ ਪਾਈ। ਅੜਿਆ ! ਰੂਹ ਸਾਡੀ ਨਸ਼ਿਆਈ।

15. ਵਕਤ ਆ ਗਿਆ ਹੈ

ਮੇਰੇ ਹਮਸਫਰੋ, ਸਹਿਯੋਗੀਓ, ਮਾਤਹਿਤੋ ! ਜਾਂ ਮੇਰੇ ਜੋ ਵੀ ਕੋਈ ਲਗਦੇ ਹੋ । ਮੇਰੇ ਜਾਣ ਤੋਂ ਬਾਅਦ ਮੈਂ ਜੋ ਵੀ ਬੋਲਿਆ-ਚਾਲਿਆ ਜਾਂ ਲਿਖਿਆ ਉਸ ਨੂੰ ਉੱਕਾ ਹੀ ਮੁਆਫ਼ ਨਾ ਕਰਨਾ ਤੇ ਸੱਥਰ ’ਤੇ ਬੈਠ ਕੇ ਕਤਈ ਇਹ ਨਾ ਕਹਿਣਾ ਕਿ ਜਾਣ ਵਾਲਾ ਬੜਾ ਚੰਗਾ ਸੀ ... ਮੈਨੂੰ ਪਤਾ ਹੈ ਕਿ ਤੁਸੀਂ ਇਹੋ ਜਿਹਾ ਬਹੁਤ ਕੁਝ ਕਹੋਗੇ, ਕਰੋਗੇ ਮੇਰੀ ਦੇਹ ਨੂੰ ਫੁੱਲਾਂ ਨਾਲ ਲੱਦ ਦਿਓਗੇ । ਏਨਾ ਕਿ ਮੇਰੀ ਮੁਰਦਾ ਦੇਹ ਤੁਹਾਡੇ ਇਹਨਾਂ ਫੁੱਲਾਂ, ਬੋਲਾਂ ਤੇ ਹੰਝੂਆਂ ਨਾਲ ਏਨੀ ਭਾਰੀ ਹੋ ਜਾਏਗੀ ਕਿ ਤੁਹਾਥੋਂ ਕੰਧਾ ਵੀ ਦੇ ਨਹੀਂ ਹੋਣਾ ਤੇ ਮੈਂ ਤੁਹਾਡੇ ਮੋਢਿਆਂ ਉਤੇ ਹੁਣ ਹੋਰ ਵਾਧੂ ਭਾਰ ਲੱਦਣਾ ਨਹੀਂ ਚਾਹੁੰਦਾ ਕਿਉਂ ਜੁ ਮੈਂ ਪਹਿਲਾਂ ਬਹੁਤ ਭਾਰਾ ਬੋਲ ਤੇ ਲਿਖ ਚੁੱਕਾ ਹਾਂ ਤੁਹਾਨੂੰ, ਤੁਹਾਡੇ ਬਾਰੇ ਜੋ ਯਕੀਨਨ ਤੁਹਾਨੂੰ ਕਦੇ ਵੀ ਰਾਸ ਨਹੀਂ ਆਇਆ ਹੋਣਾ ਪਰ ਫਿਰ ਵੀ ਤੁਸੀਂ “ਹਾਂ ਜੀ ! ਹਾਂ ਜੀ !" ਕਹਿੰਦੇ ਰਹੇ ਤੇ ਮੈਂ ਅੰਦਰੇ-ਅੰਦਰ ਤੁਹਾਡੀ ਇਸ “ਹਾਂ ਜੀ ! ਹਾਂ ਜੀ !” ਦੀ ਤੋਤਾ-ਰਟ ਉਤੇ ਤੁਹਾਡੇ ਇਸ ਛੋਟੇਪਣ ਉਤੇ ਝੂਠੀਆਂ ਮੁਸਕਾਨਾਂ ਭਰੇ ਹੁੰਗਾਰਿਆਂ ਉਤੇ ਕ੍ਰਿਝਦਾ ਰਿਹਾ, ਰਿਝਦਾ ਰਿਹਾ, ਸੁਲਘਦਾ ਰਿਹਾ ਤੇ ਹੋਰ ਤਿੱਖਾ, ਹੋਰ ਚੁਭਵਾਂ, ਹੋਰ ਕੌੜਾ ਬੋਲਦਾ ਰਿਹਾ .... ਇਸ ਅਹਿਸਾਸ ਤੇ ਸੋਚ ਨਾਲ ਕਿ ਕੀ ਸਚਮੁੱਚ ਤੁਹਾਡੇ ਵਿਚੋਂ ਕੋਈ ਵੀ ਨਹੀਂ ਸੀ ਮੇਰੇ ਮੂੰਹ ਉਤੇ ਹੱਥ ਰੱਖਣ ਵਾਲਾ ? ਮੇਰੇ ਹੱਥੋਂ ਮੇਰੀ ਕਲਮ ਖੋਹ ਕੇ ਵਗਾਹ ਸੁੱਟਣ ਵਾਲਾ ? ਮੇਰੀਆਂ ਆਪ-ਹੁਦਰੀਆਂ ਨੂੰ ਨੱਥ ਪਾਉਣ ਵਾਲਾ ? ਤੇ ਇਹ ਵੀ ਸੋਚਦਾ ਰਿਹਾ ਗਿਲਾਨੀ-ਭਰੀ ਸੋਚ ਕਿ ਮੈਂ ਕਿਹੋ ਜਿਹੀ ਮੁਰਦਾ ਕੌਮ ਦਾ ਨੇਤਾ, ਅਭਿਨੇਤਾ ਜਾਂ ਅਫ਼ਸਰ ਹਾਂ ਜਿਸ ਦਾ ਕੋਈ ਜਣਾ ਵੀ ਨਹੀਂ ਮੈਨੂੰ ਵਰਜਣ ਵਾਲਾ ! ਪਰ ਹੁਣ ਜਦੋਂ ਮੈਂ ਮਰ ਚੁੱਕਾ ਹਾਂ ਤੁਸੀਂ ਫਿਰ ਵੀ ਮੇਰੀ ਮਈਅਤ ’ਤੇ ਆਏ ਮੇਰੇ ਬੀਤੇ ਤੇ ਕੀਤੇ ਦਾ ਗੁਣ-ਗਾਨ ਕਰ ਰਹੇ ਹੋ ! ਸ਼ਾਇਦ, ਸੋਚ ਰਹੇ ਹੋ ਕਿ ਮੈਂ ਪਤਾ ਨਹੀਂ ਕਦੋਂ ਕਫ਼ਨ ਚੋਂ ਉੱਠ ਖਲੋਵਾਂਗਾ ਤੇ ਜੋ ਜੀਅ 'ਚ ਆਇਆ ਲਿਖ ਜਾਂ ਬੋਲ ਦਿਆਂਗਾ ... ਮੈਨੂੰ ਨਹੀਂ ਚਾਹੀਦੀ ਇਸ ਮੁਰਦਾ ਕੌਮ ਦੀ ਨੇਤਾਗਿਰੀ ਤੇ ਨਾ ਚਾਹੀਦੇ ਨੇ ਸਿਫ਼ਤਾਂ ਦੇ ਉਹ ਪੁਲ ਜੋ ਹਰ ਚੋਰ, ਡਾਕੂ, ਨੇਤਾ, ਅਭਿਨੇਤਾ ਜਾਂ ਅਫ਼ਸਰ ਜਾਂ ਮੇਰੇ ਜਿਹੇ ਮੂੰਹ-ਜ਼ੋਰ ਬੰਦੇ ਦੀ ਮਈਅਤ 'ਤੇ ਬੈਠੇ ਤੁਸੀਂ ਜਾਂ ਤੁਹਾਡੇ ਜਿਹੇ ਕਿੰਨੇ ਹੀ ਹੋਰ, ਜਾਂ ਸ਼ਾਇਦ ਸਾਰੇ ਹੀ ਅਕਸਰ ਬੰਨ੍ਹਿਆ ਕਰਦੇ ਨੇ ! ਨਾ ਹੀ ਮੈਂ ਤੁਹਾਡੇ ਕੰਧਿਆਂ ਉਤੇ ਆਪਣੀ ਕਬਰ ਤੱਕ ਜਾਣਾ ਹੈ ਤੁਸੀਂ ਜੋ ਮੇਰੇ ਜੀਊਂਦੇ-ਜੀਅ ਇੰਜ ਹੀ ਕਰਦੇ ਰਹੇ ਹੋ ! ਖ਼ੁਦਾ ਦੇ ਵਾਸਤੇ ਆਪੋ-ਆਪਣੇ ਘਰੀਂ ਜਾਓ ਖਾਓ, ਪੀਓ ਤੇ ਆਰਾਮ ਨਾਲ ਸੌਂ ਜਾਵੋ ! ਪਰ ਹਾਂ, ਜੇ ਤੁਹਾਡੇ ਵਿਚੋਂ ਕਿਸੇ ਇਕ ਵਿਚ ਵੀ ਜ਼ਿੰਦਗੀ ਦਾ ਕੋਈ ਕਣ ਬਾਕੀ ਹੈ ਤਾਂ ਉਹ ਉਠੇ ਤੇ ਉੱਚੀ ਆਵਾਜ਼ ਵਿਚ ਲਲਕਾਰ ਕੇ ਆਖੇ “ਉਠੋ ਮੁਰਦਿਓ, ਖੀਰ ਤਿਆਰ ਹੋਈ ਜਿਹੋ ਜਿਹਾ ਵੀ ਸੀ, ਅਸਾਡਾ ਨੇਤਾ, ਅਭਿਨੇਤਾ ਜਾਂ ਅਫ਼ਸਰ ਇਸ ਨੂੰ ਪਿਆ ਰਹਿਣ ਦਿਓ, ਏਥੇ ਹੀ, ਜਿਥੇ ਹੈ ! ਆਪਾਂ ਖੁਦ ਆਪਣੇ ਆਪਣੇ ਕਫ਼ਨਾਂ 'ਚੋਂ ਬਾਹਰ ਆਈਏ ਤੇ ਰਹਿੰਦੀਆਂ ਘੜੀਆਂ ਜੀਊਂ ਲਈਏ !”

16. ਗੀਤ-ਪਰ ਬੋਲ ਨਾ ਸਕਦੇ

ਸਾਡਾ ਸਭ ਦੁੱਖ ਜਾਣਦੇ ਰੁੱਖ ਬੋਲ ਨਾ ਸਕਦੇ। ਇਹ ਭਲੀ-ਭਾਂਤ ਪਹਿਚਾਣਦੇ ਪਰ ਬੋਲ ਨਾ ਸਕਦੇ। ਇਹਨਾਂ ਦੇ ਗਲ ਘੱਤ ਕੇ ਬਾਂਹੀਂ ਰੋਵਣ ਵੇਲਾਂ, ਮਾਰਨ ਧਾਹੀਂ ਇਹ ਵੀ ਰੋਵਣ ਉਹਨਾਂ ਵਾਂਗਰ ਇਹ ਉਹਨਾਂ ਦੇ ਹਾਣ ਦੇ। ਪਰ ਬੋਲ ਨਾ ਸਕਦੇ। ਬੰਦਾ ਛਾਵੇਂ ਬੈਠਣ ਆਵੇ ਇਹਨਾਂ ਨੂੰ ਹੀ ਛਾਂਗੀ ਜਾਵੇ ਨਾ ਬੋਲਣ ਨਾ ਕੂਕਣ ਫਿਰ ਵੀ ਭਾਵੇਂ ਸਭ ਕੁਝ ਸਿਆਣਦੇ। ਪਰ ਬੋਲ ਨਾ ਸਕਦੇ। ਇਹਨਾਂ ਧੁਰੋਂ ਫਕੀਰੀ ਪਾਈ ਅੰਤਾਂ ਦੀ ਦਿਲਗੀਰੀ ਪਾਈ ਰੱਬ ਦੇ ਫੱਕਰ ਖੜ੍ਹੇ-ਖੜੋਤੇ ਮੁਹਤਾਜੀ ਨਾ ਮਾਣਦੇ। ਪਰ ਬੋਲ ਨਾ ਸਕਦੇ। ਬੰਦੇ ਦੀ ਹੋਣੀ ਨੂੰ ਜਾਣਨ ਉਸ ਦੀ ਹਰ ਇਕ ਨਬਜ਼ ਪਛਾਨਣ ਇਹਨਾਂ ਨੂੰ ਭੁੱਲ ਜਾਏ ਬੰਦਾ ਇਹ ਪਰ ਉਸ ਨੂੰ ਜਾਣਦੇ। ਪਰ ਬੋਲ ਨਾ ਸਕਦੇ। ਪੰਛੀ ਝੁਰਮਟ ਪਾਉਂਦੇ ਆਵਣ ਇਹਨਾਂ 'ਤੇ ਚਰਚੋਲ੍ਹਰ ਪਾਵਣ ਇਹ ਉਹਨਾਂ ਨੂੰ ਮੇਵੇ ਦੇਵਣ ਬਿਨਾਂ ਹਸਾਨ ਜਿਤਾਣ ਦੇ। ਪਰ ਬੋਲ ਨਾ ਸਕਦੇ।

17. ਕੌਣ ਕਦੇ ਰੁਕਿਆ ਹੈ

ਵਤਨ ਮੇਰੇ ਦੀ ਮਿੱਟੀ ਤੇ ਸੀ ਜਦ ਗੋਰਾ ਪਰਛਾਵਾਂ ਰੁੱਖ ਬੇਗਾਨੇ ਜਾਪਣ ਲੱਗੇ ਤੇ ਮਤਰੇਈਆਂ ਛਾਂਵਾਂ ਧੁੱਪ ਤਾਂ ਆਖ਼ਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ ਹਰ ਕੋਈ ਸੋਚਣ ਲੱਗਾ ਏਹੋ, ‘ਹੁਣ ਕਿਧਰ ਨੂੰ ਜਾਵਾਂ’ ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ ਕਿਸੇ ਬਗਾਨੇ ਆ ਕੇ ਮੱਲੀਆਂ ਜੱਦੀ-ਪੁਸ਼ਤੀ ਥਾਂਵਾਂ ਨਾ ਏਧਰ ਨਾ ਓਧਰ ਦਾ ਮੈਂ, ਨਾ ਕੋਈ ਥਹੁ-ਟਿਕਾਣਾ ਮੌਤੋਂ ਵੱਡੀ ਗੱਲ ਹੋਏ ਜਦ ਗੁੰਮ ਜਾਏ ਸਿਰਨਾਵਾਂ ! ਕੀ ਉਹਨਾਂ ਦਾ ਜੀਣ ਵੇ ਲੋਕੋ, ਜੋ ਹੱਥ ਅੱਡੀ ਫਿਰਦੇ ਪੇਟ ਜਿਨ੍ਹਾਂ ਦੇ ਖਾਲੀ-ਖਾਲੀ ਟੁੱਕਰ ਖੋਹ ਲਏ ਕਾਂਵਾਂ ਏਦਾਂ ਦੀ ਹਾਲਤ ਵਿਚ ਫਿਰ ਕੁਝ ਸਿਰ-ਲੱਥ ਅੱਗੇ ਆਏ ਆਖਣ ਲੱਗੇ ਰੁੱਖ ਵੀ ਸਾਡੇ, ਸਾਡੀਆਂ ਹੀ ਨੇ ਛਾਂਵਾਂ ਕਈ ਕਰੋੜਾਂ ਉਠ ਤੁਰੇ ਫਿਰ ਉਸ ਪਰਛਾਵੇਂ ਪਿੱਛੇ ਕਿਸ ਕਿਸ ਦਾ ਹੁਣ ਨਾਮ ਲਵਾਂ ਮੈਂ, ਵਿੱਚ ਪਿਆ ਕੀ ਨਾਂਵਾਂ ਮੈਂ ਵੀ ਸਾਂ ਤੇ ਤੂੰ ਵੀ ਸੈਂ, ਉਹ ਵੀ ਤੇ ਉਹ ਵੀ ਸੀ ਪਹਿਨ ਬਸੰਤੀ ਚੋਲੇ ਚੱਲੇ, ਉੱਭਰਨ ਲੱਗੀਆਂ ਬਾਂਹਵਾਂ ਤੁਸੀਂ ਸਿਆਣੇ ਸਭ ਜਾਣਦੇ ਕੀ ਕੁਝ ਅੱਗੇ ਹੋਇਆ ਕੌਣ ਕਦੇ ਰੁਕਿਆ ਹੈ ਸਾਹਵੇਂ ਸ਼ੂਕਦਿਆਂ ਦਰਿਆਵਾਂ।

18. ਟੱਪੇ

ਫੁੱਲਾਂ ਦੀ ਕਿਆਰੀ ਏ ! ਕੋਈ ਗੀਤ ਸੁਣਾ ਸਖੀਏ, ਚੜ੍ਹੀ ਦਿਲ ਨੂੰ ਖੁਮਾਰੀ ਏ ! ਮੈਂ ਗੀਤ ਸੁਣਾਵਾਂਗੀ। ਪਰ ਇਕ ਸ਼ਰਤ ਮੇਰੀ, ਤੂੰ ਗਾਏਂ ਤਾਂ ਗਾਵਾਂਗੀ ! ਗਾਉਣੇ ਦਾ ਚਾਅ ਮੈਨੂੰ। ਚਸ਼ਮੇ ਦੀ ਕਲਕਲ ਤੇ ਚੰਗੀ ਲਗਦੀ ਏ 'ਵਾ ਮੈਨੂੰ ! ਚਲ ਮਿਲ ਕੇ ਗਾਉਨੇ ਆਂ। ਗੀਤਾਂ ਵਿਚ ਮਾਹੀਏ ਦੇ, ਨਖ-ਸਿਖ ਦਰਸਾਉਨੇ ਆਂ ! ਪਹਿਲੋਂ ਦੱਸ ਨੀ ਸਖੀਏ ! ਤੇਰੇ ਨਟ-ਖਟ ਮਾਹੀਏ ਦਾ, ਸੁਹਣਾ ਨਾਂ ਕੀ ਸਖੀਏ ? ਬਿਨ ਦੱਸਿਆਂ ਨਾ ਰਹਿ ਹੁੰਦਾ, ਸੱਸੇ ਤੋਂ ਸ਼ੁਰੂ ਹੁੰਦਾ, ਪੂਰਾ ਨਾ ਕਹਿ ਹੁੰਦਾ। ਮੇਰਾ ਹਾਲ ਵੀ ਤੇਰੇ ਜਿਹਾ। ਮੇਰੇ ਮਾਹੀਏ ਦੇ ਨਾਂ ਨੂੰ ਵੀ, ਪਹਿਲਾ ਅੱਖਰ ਲੱਗੇ ਜੱਜਾ। ਪਹਿਲੀ ਵਾਰ ਕਦੋਂ ਮਿਲਿਆ ? ਸੱਚ ਦੱਸੀਂ ਸਖੀਏ ਨੀ, ਕੀ ਹੋਇਆ ਜਦੋਂ ਮਿਲਿਆ। ਸੀ ਉਮਰ ਅਠਾਰਾਂ ਦੀ। ਕਾਲਜ ਵਿਚ ਪੜ੍ਹਦੀ ਸਾਂ, ਰੁੱਤ ਹੈ ਸੀ ਬਹਾਰਾਂ ਦੀ ! ਹੁਣ ਗੱਲ ਦੱਸ ਅਪਣੀ ਤੂੰ। ਕਿੱਥੇ ਤੇ ਕਿੰਜ ਮਿਲੀ, ਤੂੰ ਆਪਣੇ ਮਾਹੀਏ ਨੂੰ ? ਮੈਨੂੰ ਦਸਦਿਆਂ ਸੰਗ ਆਵੇ। ਬਾਪੂ ਨੇ ਘਰ ਸੱਦਿਆ, ਮੈਥੋਂ ਤੱਕਿਆ ਹੀ ਨਾ ਜਾਵੇ ! ਬੱਸ ਉਹ ਦਿਨ, ਉਹ ਦਿਨ ਸੀ ! ਅੰਬਰ 'ਤੇ ਬੱਦਲ ਸਨ, ਕਣੀਆਂ ਦੀ ਕਿਣ ਮਿਣ ਸੀ ! ਕਦ ਮਗਰੋਂ ਮਿਲੀ ਦੱਸ ਖਾਂ। ਇਸ਼ਕੇ ਦੀ ਬੰਦ ਕਲੀ, ਕਿਸ ਘੜੀ ਖਿਲੀ ਦੱਸ ਖਾਂ। ਘਰ ਦੇ ਵਿਚ ਸਖਤੀ ਸੀ। ਮੇਰੀ ਚਾਚੀ ਕਲਮੂੰਹੀਂ ਬੱਸ ਨਿਰੀ ਕੰਬਖ਼ਤੀ ਸੀ ! ਓਸੇ ਦਿਨ ਤੈਅ ਹੋਇਆ। ਬਾਪੂ ਨੇ ਕਹਿ ਦਿੱਤਾ, ਜੋ ਨਾ ਮੈਥੋਂ ਕਹਿ ਹੋਇਆ। ਹੁਣ ਤੇਰੀ ਵਾਰੀ ਏ। ਮਾਹੀਏ ਦੇ ਨਾਲ ਕਿਵੇਂ, ਪੈ ਗਈ ਤੇਰੀ ਯਾਰੀ ਏ। ਯਾਰੀ ਦੀ ਨਾ ਗੱਲ ਅੜੀਏ। ਐਵੇਂ ਮੁਲਾਕਾਤ ਹੋਈ, ਬੱਸ, ਚੜ੍ਹ ਗਿਆ ਝੱਲ ਅੜੀਏ। ਕੀ-ਕੀ ਕੁਝ ਬੋਲ ਗਈ। ਇਹਨਾਂ ਨੂੰ ਤੱਕਦਿਆਂ ਹੀ, ਮਾਹੀਏ ਤੇ ਡੋਲ ਗਈ। ਉਦੋਂ ਦਿੱਲੀ ਰਹਿੰਦੇ ਸਾਂ। ਘੁੰਮਦੇ-ਘਮਾਂਦੇ ਸਾਂ, ਸਿਨਮਾ ਵੀ ਵਿੰਹਦੇ ਸਾਂ। ਬਾਪੂ ਨੇ ਵੀ ਝੱਟ ਕੀਤਾ। ਮੈਨੂੰ ਪੁੱਛਿਆ ਵੀ ਨਾ, ਰਿਸ਼ਤਾ ਤਤਫੱਟ ਕੀਤਾ। ਮੇਰੇ ਨਾਲ ਵੀ ਇੰਜ ਬੀਤੀ। ਏਨਾ ਕੁ ਫ਼ਰਕ ਹੈ ਬੱਸ, ਬਾਪੂ ਕਾਹਲ ਨਹੀਂ ਕੀਤੀ। ਉਹ ਸਭ ਕੁਝ ਜਾਣ ਗਏ ਮੂੰਹੋਂ ਭਾਵੇਂ ਕੁਝ ਨਾ ਕਿਹਾ ਪਰ ਅੰਦਰੋਂ ਪਛਾਣ ਗਏ ! ਹੁਣ ਅਗਲੀ ਸੁਣਾ ਅੜੀਏ। ਵਿਆਹ ਪਿੱਛੋਂ ਜ਼ਿੰਦਗੀ ਦਾ, ਕੀ ਓਵੇਂ ਨਸ਼ਾ ਅੜੀਏ। ਉਸ ਨਾਲੋਂ ਵੀ ਵੱਧ ਚੰਗਾ। ਖੁਸ਼ ਰਖਦਾ ਤੇ ਖੁਸ਼ ਰਹਿੰਦਾ, ਨਾ ਬੋਲੇ ਕਦੇ ਮੰਦਾ। ਹੁਣ ਤੂੰ ਦੱਸ ਨੀ ਸਖੀਏ। ਕਿ ਤੇਰਾ ਵੀ ਮਾਹੀਆ ਹੁਣ, ਹੈ ਓਵੇਂ ਦਾ ਹੀ ਸਖੀਏ। ਹੁਣ ਝੁਰਨਾ ਕੀ ਬੀਤੇ 'ਤੇ ਮੈਂ ਤਾਂ ਪਛਤਾਉਂਦੀ ਹਾਂ, ਆਪਣੇ ਹੀ ਕੀਤੇ 'ਤੇ। ਉਹ ਨਿੱਤ ਦਾ ਸ਼ਰਾਬੀ ਏ। ਹੋਰ ਕੋਈ ਔਗੁਣ ਨਾ, ਏਹੋ ਇਕ ਖਰਾਬੀ ਏ। ਕੀ ਉਹ ਕੁੱਟਦਾ, ਮਾਰਦਾ ਏ ? ਜਾਂ ਪੀ ਕੇ ਖਰੂਦ ਕਰੇ, ਲਲਕਾਰੇ ਮਾਰਦਾ ਏ। ਕੀ ਉਹ ਰਾਤ-ਦਿਨੇ ਲੜਦਾ ? ਘੜ-ਘੜ ਕੇ ਬਹਾਨੇ ਨਿੱਤ, ਗਈ ਰਾਤੇ ਘਰੇ ਵੜਦਾ ? ਏਦਾਂ ਦਾ ਕੁਝ ਵੀ ਨਾ। ਬੱਸ ਪੀ ਕੇ ਸੌਂ ਜਾਂਦਾ, ਰਹਿੰਦੀ ਖਾਣ ਦੀ ਸੁਧ ਵੀ ਨਾ। ਮੈਨੂੰ ਵੀ ਤੇ ਬੱਚਿਆਂ ਨੂੰ। ਸੱਚੀ-ਮੁੱਚੀਂ ਪਿਆਰ ਕਰੇ, ਟੁੱਟ ਪੈ ਜਾਏ ਚੁਗੱਤਿਆਂ ਨੂੰ। ਮੋਇਆ ਏ ਸਵਾ ਲੱਖ ਦਾ, ਸਿਆਣੇ ਕਹਿੰਦੇ ਨੇ, ਜੀਂਦਾ ਹਾਥੀ ਇਕ ਲੱਖ ਦਾ। ਨਾ ਇਹ ਬੋਲ ਅਲਾ ਅੜੀਏ, ਮਾਹੀਆ ਮੇਰਾ ਜੀਊਂਦਾ ਰਹੇ, ਮਰੇ ਓਹਦੀ ਬਲਾ ਅੜੀਏ। ਮੈਥੋਂ ਮੇਰੀਆਂ ਸੁਣੀ ਜਾਵੇਂ। ਅੜੀਏ ਚਲਾਕ ਨੱਢੀਏ, ਗੱਲ ਗੱਲ ਚੋਂ ਚੁਣੀ ਜਾਵੇਂ। ਮੈਂ ਵੀ ਤਾਂ ਸੁਣਾਂ ਤੇਰੀ। ਮਾਹੀਏ ਦੇ ਸੰਗ ਦੱਸ ਤੂੰ ਕਿੰਜ ਮਿਲਦੀ ਮਿਜ਼ਾ ਤੇਰੀ।

ਗ਼ਜ਼ਲਾਂ

19. ਰੰਗਲੇ ਬੋਲ, ਟਹਿਕਦੇ ਹਾਸੇ

ਰੰਗਲੇ ਬੋਲ, ਟਹਿਕਦੇ ਹਾਸੇ, ਮਹਿਫ਼ਲ ’ਚੋਂ ਇਸ ਕਦਰ ਗਏ । ਗੁੰਮ ਗਏ, ਕੁਝ ਭਟਕ ਗਏ, ਕੁਝ ਰਾਤ ਗਏ, ਕੁਝ ਫ਼ਜ਼ਰ ਗਏ। ਸੰਝ ਪਈ ਤਾਂ ਰੁੱਖਾਂ ਹੇਠਾਂ, ਛਾਵਾਂ ਦੀ ਸ਼ਤਰੰਜ ਵਿਛੀ, ਸੱਖਣੀ ਪਈ ਬਿਸਾਤ ਉਡੀਕੇ, ਖੇਡਣ ਵਾਲੇ ਕਿਧਰ ਗਏ ! ਕੁਝ ਭੁਲੇਖੇ, ਕੁਝ ਇਕ ਸੁਪਨੇ, ਕੁਝ ਚਿਰ ਲਈ ਮਹਿਮਾਨ ਸਜੇ, ਪਲ ਦੀ ਦੁਆ - ਸਲਾਮੀ ਪਿੱਛੋਂ, ਆਪੋ-ਆਪਣੀ ਡਗਰ ਗਏ । ਇਕ ਤਲਿਸਮੀ ਆਲਮ ਦੇ ਵਿਚ, ਮੇਰੇ ਅੰਦਰ ਉੱਤਰ ਕੇ, ਮੇਰੀ ਜੋ ਪਹਿਚਾਣ ਬਣੇ ਸਨ, ਖ਼ੁਦ ਤੋਂ ਵੀ ਬੇਖ਼ਬਰ ਗਏ। ਜਦੋਂ ਮਿਲੇ ਤਾਂ ਮਿਲੇ ਸਬੂਤੇ, ਕਦੇ ਵੀ ਅੱਧੇ, ਪੌਣੇ ਨਹੀਂ, ਜਦ ਤਿੜਕੇ ਤਾਂ ਜ਼ੱਰਾ ਜ਼ੱਰਾ, ਪੌਣਾਂ ਦੇ ਵਿਚ ਖਿੰਡਰ ਗਏ। ਬੱਸ ਇਕ ਜ਼ਿੱਦੀ ਲਮਹਾ ਨਿੱਠ ਕੇ, ਜ਼ਿਹਨ ਪਕੜ ਕੇ ਬੈਠ ਗਿਆ, ਉਂਜ ਤਾਂ ਕਿੰਨੇ ਠੰਢੇ ਤੱਤੇ, ਮੌਸਮ ਮਨ ਤੋਂ ਗੁਜ਼ਰ ਗਏ। ਇਕ ਚੁਰਸਤੇ ਉਤੇ ਆ ਕੇ, ਪਤਾ ਨਹੀਂ ਕੀ ਵਾਪਰਿਆ, ਪੈਂਡੇ ਸਨ ਪਰ ਪੈਂਡਿਆਂ ਉਤੇ, ਚੱਲਣ ਵਾਲੇ ਬਿਖਰ ਗਏ। ਖੰਡਰਾਂ ਦੇ ਵਿਚ ਬੈਠਾ ਕੋਈ, ਕੱਲਾ-ਕਾਰਾ ਸੋਚ ਰਿਹੈ, ਕਿੱਥੇ ਚਲੀ ਗਈ ਸਭ ਰੌਣਕ, ਕਿੱਧਰ ਸਾਰੇ ਬਸ਼ਰ ਗਏ।

20. ਤੁਹਮਤਾਂ ਦੇ ਭਾਰ ਹੇਠਾਂ ਦੱਬਿਆ

ਤੁਹਮਤਾਂ ਦੇ ਭਾਰ ਹੇਠਾਂ ਦੱਬਿਆ ਨਹੀਂ ਹਾਂ ਮੈਂ। ਸ਼ੁਹਰਤ ਦੇ ਸਾਗ਼ਰ ਵਿਚ ਵੀ, ਡੁੱਬਿਆ ਨਹੀਂ ਹਾਂ ਮੈਂ। ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ, ਕਿਸ ਤਰ੍ਹਾਂ ਦੇ ਲੋਕ, ਅੱਜ ਦੀ ਘੜੀ ਤੱਕ ਖ਼ੈਰ ਹੈ, ਰੁਲਿਆ ਨਹੀਂ ਹਾਂ ਮੈਂ। ਕੇਹਾ ਮੁਸਾਫ਼ਿਰ ਹਾਂ ਕਿ, ਮੇਰੇ ਪੈਰੀਂ ਸਫ਼ਰ ਸਦਾ, ਕਿ ਸੁਪਨਿਆਂ ਦੇ ਵਿਚ ਵੀ, ਰੁਕਿਆ ਨਹੀਂ ਹਾਂ ਮੈਂ। ਮੇਰੇ ਵੀ ਦੁਆਲੇ ਰਹੇ ਨੇ, ਮੰਜ਼ਰ ਬੜੇ ਹੁਸੀਨ, ਕੋਈ ਬਾਤ ਹੈ ਕਿ ਫਿਰ ਵੀ, ਗੁੰਮਿਆ ਨਹੀਂ ਹਾਂ ਮੈਂ। ਏਨਾ ਵੀ ਕਿਉਂ ਉਦਾਸ ਏਂ, ਏਨਾ ਵੀ ਨਾਉਮੀਦ ਕਿਉਂ, ਕਾਫ਼ੀ ਨਹੀਂ ਕਿ ਧੁਖ਼ ਤਾਂ ਰਿਹਾਂ, ਬੁਝਿਆ ਨਹੀਂ ਹਾਂ ਮੈਂ ? ਅਹਿਸਾਸ ਦੀ ਸ਼ਿੱੱਦਤ 'ਚ ਬੱਸ, ਏਨਾ ਕੁ ਫ਼ਰਕ ਹੈ, ਕਿ ਰਿਸ਼ਤਿਆਂ ਦੀ ਭੀੜ ਵਿਚ, ਗੁੰਮਿਆ ਨਹੀਂ ਹਾਂ ਮੈਂ। ਕਿਸ-ਕਿਸ ਤਰ੍ਹਾਂ ਦੇ ਜ਼ਲਜ਼ਲੇ, ਆਏ ਤੇ ਆ ਕੇ ਚਲੇ ਗਏ, ਤੂੰ ਇਤਮੀਨਾਨ ਰੱਖ ਕਿ, ਫਿਰ ਵੀ ਕੰਬਿਆ ਨਹੀਂ ਹਾਂ ਮੈਂ। ਏਨਾ ਉਦਾਸ ਕਦੇ ਵੀ, ਹੋਇਆ ਨਹੀਂ ਹਾਂ ਮੈਂ, ਏਨਾ ਵੀ ਆਪਣੇ-ਆਪ ਵਿਚ, ਖੋਇਆ ਨਹੀਂ ਹਾਂ ਮੈਂ। ਇਹਸਾਸੇ-ਅਲਵਿਦਾ ਨੂੰ, ਏਨਾ ਕੁ ਸਮਝਦਾਂ, ਤਾਹੀਓਂ ਤਾਂ ਸ਼ਾਇਦ ਇਸ ਘੜੀ, ਰੋਇਆ ਨਹੀਂ ਹਾਂ ਮੈਂ। ਤੂੰ ਹੀ ਤਾਂ ਆਖਿਆ ਸੀ, ਕਿਨਾਰੇ ਨਦੀ ਦੇ ਹਾਂ, ਏਸੇ ਲਈ ਤੈਨੂੰ ਅੱਜ ਤੱਕ, ਮਿਲਿਆ ਨਹੀਂ ਹਾਂ ਮੈਂ।

21. ਹਰ ਵਾਰੀ ਜਦ ਅਰਥਾਂ ਦਾ ਵਿਸਥਾਰ

ਹਰ ਵਾਰੀ ਜਦ ਅਰਥਾਂ ਦਾ ਵਿਸਥਾਰ ਕਰੀ ਦਾ ਹੈ। ਲਫ਼ਜ਼ਾਂ ਉਤੇ ਲਫ਼ਜ਼ਾਂ ਦਾ ਹੀ ਭਾਰ ਧਰੀ ਦਾ ਹੈ। ਪਾਗਲ ਨਹੀਂ ਜੋ ਮਾਰ ਛੜੱਪੇ, ਉੱਡਦਾ ਜਾਂਦਾ ਹੈ, ਓਹਦੇ ਬੱਸ ਕੀ, ਇਹ ਕੌਤਕ ਹੀ ਬੇਸਬਰੀ ਦਾ ਹੈ। ਉਸ ਨੇ ਚਾਨਣ ਜਾਂ ਨ੍ਹੇਰੇ ਤੋਂ ਲੈਣਾ-ਦੇਣਾ ਹੈ ਕੀ, ਜਿਸ ਦੇ ਲਈ ਹਰ ਮੌਸਮ ਹੀ ਬੱਸ ਬੇਖ਼ਬਰੀ ਦਾ ਹੈ। ਜਿਸ ਦੇ ਖੰਭ ਦੇ ਪਿੱਛੇ ਭਟਕ ਰਿਹੈਂ, ਐ ਪਾਗਲ ਮਨ, ਤੇਰੀ ਮੈਨਾ ਦਾ ਨਹੀਂ, ਇਹ ਕਿਸੇ ਉਡਣ-ਪਰੀ ਦਾ ਹੈ। ਭਾਈਆਂ ਬਾਝ ਭੱਜ ਜਾਵਣ ਬਾਂਹੀਂ, ਠੀਕ ਕਿਹਾ, ਮਸਲਾ ਤਾਂ ਪਰ ਮਨਾਂ ਵਿਚਾਲੇ ਕੰਧ ਉੱਸਰੀ ਦਾ ਹੈ। ਨਿਆਂ ਕੀਤਾ ਜਾਂ ਅਨਿਆਂ, ਇਹ ਤਾਂ ਤੂੰ ਜਾਣੇ, ਸਾਨੂੰ ਫਿਰ ਵੀ ਮਾਣ, ਤੇਰੀ ਮੁਹਤਬਰੀ ਦਾ ਹੈ। ਸਰਦਾਰਾਂ ਦੀ ਮਿਹਰ ਕਿ ਭਰੀ ਲਦਾ ਦਿੱਤੀ, ਬਾਪੂ ਦੇ ਲਈ ਸੁਆਲ ਧੀ ਦੀ ਅਸਮਤਦਰੀ ਦਾ ਹੈ। ਸੋਹਣੀ ਹੀ ਦੱਸ ਸਕਦੀ ਹੈ, ਮਹੀਂਵਾਲ ਨਹੀਂ, ਸ਼ੂਕਦਿਆਂ ਦਰਿਆਵਾਂ ਨੂੰ ਕਿੰਜ ਪਾਰ ਕਰੀ ਦਾ ਹੈ। ਰਿਸ਼ਤਿਆਂ ਦੀ ਗੱਲ ਪੁੱਛਦੇ ਹੋ, ਪਰਦੇਸੀ ਹੋ, ਪੁੱਛੋ ਨਾ ਕੀ ਹਾਲ ਬਾਬਿਓ ਇਸ ਨਗਰੀ ਦਾ ਹੈ ! ਸੰਤਾਲੀ ਤੇ ਚੌਰਾਸੀ, ਏਦਾਂ ਹੀ ਬੀਤ ਗਏ, ਇੱਕੀਵੀਂ ਨੂੰ ਸੋਚ, ਸੁਪਨਿਆਂ ਵਿਚ ਡਰੀ ਦਾ ਹੈ। ਨਿਰੀ ਮੁਹੱਬਤ ਕੁੜੀ ਨਾਵਾਕਿਫ਼ ਬਿਖੜੇ ਪੈਂਡੇ ਤੋਂ, ਇਸ ਪੈਂਡੇ ਦੇ ਦਰਦ ਨੂੰ, ਕਿਹੜੇ ਮੁੱਲ ਵਰੀ ਦਾ ਹੈ ! ਜਿਸ ਦੀ ਲਾਸ਼ ਮੁੜੀ ਹੈ, ਹੁਣੇ ‘ਸੁਧਾਰ ਘਰੋਂ’, ਸਿੱਖੋ ਇਸ ਤੋਂ ਲੋਕਾਂ ਦੇ ਵਿਚ ਕਿੰਜ ਵਿਚਰੀ ਦਾ ਹੈ। ਤੂੰ ਪੁੱਛਿਐ ਤਾਂ ਦੱਸ ਦੇਨਾਂ, ਕਿ ਹਾਲ ਕੇਹਾ, ਸੁੱਕੇ ਪੱਤੇ ਵਾਂਗ ਨਦੀ ਹੀ ਹਿੱਕ ਤਰੀ ਦਾ ਹੈ।

22. ਹਵਾ ਚੱਲੀ, ਵਗੀ ਨ੍ਹੇਰੀ

ਹਵਾ ਚੱਲੀ, ਵਗੀ ਨ੍ਹੇਰੀ, ਚੜ੍ਹੀ ਬੋਲੀ, ਪਈ ਕਾਲੀ। ਨਜ਼ਰ ਆਈ ਨਾ ਪੈੜ ਅਪਣੀ, ਬੜੀ ਦੇਖੀ ਬੜੀ ਭਾਲੀ। ਅਸਾਡੀ ਸਾਂਝ ਬੱਦਲਾਂ ਨਾਲ, ਯਾਰੋ ਪੈ ਗਈ ਜਦ ਤੋਂ, ਘਰੋਂ ਤੁਰਦੇ ਹਾਂ ਤਨ ਭਰ ਕੇ, ਘਰੇ ਮੁੜਦੇ ਹਾਂ ਮਨ ਖਾਲੀ। ਨਾ ਕੋਈ ਹੈ ਮਹਾਂਮਾਰੀ, ਨਾ ਗ਼ੈਬਾਂ ਦਾ ਕਹਿਰ ਦਿੱਸੇ, ਕਿਸੇ ਨੇ ਫੇਰ ਵੀ ਕਿਉਂ, ਚੁੱਲ੍ਹਿਆਂ ਵਿਚ ਅੱਗ ਨਹੀਂ ਬਾਲੀ ? ਬਹੁਤ ਵਾਰੀ ਵਿਧਾਤਾ ਦੀ, ਲਿਖੀ ਮੁੜ ਗਈ ਬਰੂਹਾਂ ਤੋਂ, ਜੋ ਆਦਮ ਦੇ ਤੁਖ਼ਮ ਠਾਣੀ, ਗਈ ਟਾਲੀ ਨਹੀਂ ਟਾਲੀ। ਤੁਸੀਂ ਕਿਉਂ ਵੰਡਦੇ ਹੋ ਓਸ ਨੂੰ, ਰੰਗਾਂ ਤੇ ਨਸਲਾਂ ਵਿਚ, ਜੋ ਉਗਿਆ ਹੈ ਜ਼ਿ਼ਮੀਂ ਵਿਚੋਂ, ਉਹ ਜਾਂ ਹਾਲੀ ਹੈ ਜਾਂ ਪਾਲੀ। ਹੁਣ ਤਾਂ ਬਦਲ ਗਏ ਨੇ ਮਾਇਨੇ, ਹਮਸਾਏ ਤੇ ਅਪਣੇ ਦੇ, ਕੋਈ ਦਿਸਦਾ ਨਹੀਂ ਵਾਰਿਸ, ਕੋਈ ਲੱਭਦਾ ਨਹੀਂ ਵਾਲੀ। ਢਿੱਡ ਦੀ ਅੱਗ ਦੇ ਸੰਗ, ਬਣ ਗਈ ਏ ਦੇਹ ਮੇਰੀ ਕੁੰਦਨ, ਹੋਰ ਕੀ ਰੂਪ ਬਖ਼ਸ਼ੇਗੀ, ਸਿਤਮ ਤੇਰੇ ਦੀ ਕੁਠਾਲੀ। ਕਿਵੇਂ ਆਏਗੀ ਮੁੜ ਰੌਣਕ ਦੱਸ, ਉਸ ਬੇਨੂਰ ਚਿਹਰੇ 'ਤੇ, ਜਿਦ੍ਹੀ ਦੇਹ ਧੁੱਪਾਂ ਨੇ ਲੂਹੀ, ਜਿਦੀ ਰੂਹ ਬਰਫ਼ਾਂ ਨੇ ਗਾਲੀ ?

23. ਸੂਲ ਦੀ ਨੋਕ 'ਤੇ, ਹਰ ਕਲਮਕਾਰ

ਸੂਲ ਦੀ ਨੋਕ 'ਤੇ, ਹਰ ਕਲਮਕਾਰ ਜੀਊਂਦਾ ਹੈ। ਲਟਕਦਾ ਤਾਰ ਤੇ ਤੁਪਕਾ, ਜਿਉਂ ਤਾਰ-ਤਾਰ ਜੀਊਂਦਾ ਹੈ। ਤੇਰੇ ਨਿਜ਼ਾਮ ਵਿਚ ਇਹ ਅਟੱਲ ਕਿਉਂ ਹੈ ਖ਼਼ੁਦਾ ? ਕਿ ਜੋ ਵੀ ਜੀਊਂਦਾ ਹੈ ਇਸ ਵਿਚ, ਬੀਮਾਰ ਜੀਊਂਦਾ ਹੈ। ਹੋਰ ਜੀਊਂਣ ਦਾ ਰਸਤਾ ਨਹੀਂ, ਮਰਨ ਦਾ ਹਕ ਵੀ ਨਹੀਂ, ਇਕ ਨਦੀ ਹੈ ਕਿ ਬੰਦਾ ਜਿਸ ਦੇ ਆਰ-ਪਾਰ ਜੀਊਂਦਾ ਹੈ। ਬਹੁਤ ਭਿਆਨਕ ਹੈ ਇਸ ਸਦੀ ਵਿਚ, ਬੇਕੰਮਾ ਰਹਿ ਕੇ ਜੀਊਣਾ ਕਿਸੇ ਉਮੀਦ ’ਤੇ ਜੀਊਂਦਾ ਜੋ ਕੋਈ, ਉਧਾਰ ਜੀਊਂਦਾ ਹੈ। ਨਬੀ ਹੋਣਾ ਹੈ ਜਿਸ ਨੂੰ ਹਰ-ਸੂ ਫੁੱਲ ਦਿਖਾਈ ਦਿੰਦੇ ਨੇ, ਬੰਦਾ ਕਿੱਥੇ ਹੈ ਜੋ ਰੱਜ-ਹੁੱਬ ਕੇ ਬਹਾਰ ਜੀਊਂਦਾ ਹੈ ? ਕੇਹਾ ਸਰਾਪ ਦੇ ਅਦਨ 'ਚੋਂ ਕੱਢਿਆ ਆਦਮ, ਕਿ ਵਾਰ-ਵਾਰ ਮਰਦਾ ਹੈ ਤੇ ਵਾਰ-ਵਾਰ ਜੀਊਂਦਾ ਹੈ। ਸੰਨਾਟਾ ਰਾਤ ਦਾ ਤੇ ਚੁੱਪ ਕਬਰਾਂ ਜਿਹੀ, ਹਰ-ਸੂ, ਜ਼ਿਹਨ ’ਚ ਸੁਬਹ ਦਾ ਫਿਰ ਵੀ ਅਜੇ ਇਕਰਾਰ ਜੀਊਂਦਾ ਹੈ। ਕਦੇ ਤਾਂ ਅੱਪੜੇਗਾ ਮੰਜ਼ਿਲੇ-ਮਕਸੂਦ 'ਤੇ ਰਾਹੀ, ਜਦੋਂ ਤੱਕ ਇਨਸਾਨ ਦਾ ਇਨਸਾਨ ਤੇ ਇਤਬਾਰ ਜੀਊਂਦਾ ਹੈ।

24. ‘ਮੈਂ’ ਤੇ ‘ਮੇਰੀ ਹੋਂਦ’ ’ਚ ਕਿਧਰੇ

‘ਮੈਂ’ ਤੇ ‘ਮੇਰੀ ਹੋਂਦ’ ’ਚ ਕਿਧਰੇ ਰਹਿ ਨਾ ਜਾਏ ਪਾੜਾ, ਏਹੋ ਰਮਜ਼ ਰਹਿ ਗਈ ਆਖ਼ਿਰ ਮੇਰੇ ਤੋਂ ਅਣਜਾਣੀ। ਦੋ ਪਲ ਜੀਵਨ, ਚਹੁੰ ਪਲ ਭਟਕਣ, ਬੱਸ ਏਨਾ ਹੀ ਹਾਸਿਲ, ਕਿੰਨੀ ਜਮ੍ਹਾਂ ਤੇ ਕਿੰਨੀ ਮਨਫ਼ੀ, ਓਹੀਓ ਰਾਮ-ਕਹਾਣੀ। ਮੌਤ ਖੜ੍ਹੀ ਬੂਹੇ, ਨਾ ਉਸ ਨੂੰ ਜੀ-ਆਇਆਂ ਕਹਿ ਹੋਇਆ, ਉਂਜ ਤਾਂ ਪਲ-ਪਲ ਮਰ ਕੇ ਆਪਾਂ ਏਨੀ ਉਮਰ ਵਿਹਾਣੀ। ਜੀਵਨ ਏਨਾ ਸਿੱਧਾ ਨਾ ਸੀ, ਜਿੰਨਾ ਸਮਝ ਲਿਆ ਮੈਂ, ਆਖ਼ਿਰ ਉਮਰੇ ਕਿੰਜ ਸੁਲਝਾਵਾਂ, ਇਹ ਉਲਝੀ ਹੋਈ ਤਾਣੀ ? ਹਾਂ, ਅਟਕ ਭਟਕ ਕੇ ਤੁਰਦੇ ਗਏ ਜੋ, ਪਹੁੰਚ ਗਏ ਹੋਣੇ ਨੇ, ਪਰ ਦਲਦਲ ਵਿਚ ਖਰਚ ਹੋ ਗਈ, ਮੇਰੀ ਅਉਧ ਨਿਮਾਣੀ। ਏਨੀ ਅੱਗ ਵਰ੍ਹੀ ਕਿ ਯਾਰੋ, ਭਾਫ਼ ਬਣ ਗਏ ਬੱਦਲ, ਪਰ ਨਾ ਉੱਡਿਆ ਸੇਜਲ ਅੱਖ ’ਚੋਂ, ਇਕ ਬੂੰਦ ਵੀ ਪਾਣੀ। ਲੱਖਾਂ ਯਤਨ ਕਰੇ ਕਿ ਖ਼ੁਦ ਤੋਂ ਦੂਰ ਚਲਾ ਜਾਵਾਂਗਾ, ਪਰ ਇਹ ਸਾਂਝ ਮੈਂ ਤੋੜ ਨਾ ਸਕਿਆ, ਯੁੱਗਾਂ ਜੇਡ ਪੁਰਾਣੀ।

25. ਹਰ ਸੁਆਲ 'ਚ ਪਿਆ ਹੁੰਦਾ

ਹਰ ਸੁਆਲ ’ਚ ਪਿਆ ਹੁੰਦਾ, ਉਸ ਦਾ ਹੀ ਜਵਾਬ ਜਿਵੇਂ। ਪੌਦੇ ’ਚੋਂ ਬਣ ਫੁੱਟਦੀ, ਪੌਦੇ ਦੀ ਦਾਬ ਜਿਵੇਂ। ਨਾ ਬਾਣੀ ਹੀ ਆਈ, ਨਾ ਕਿਧਰੇ ਸੁਰ ਗੂੰਜੀ, ਰੁੱਸ ਗਈ ਮਰਦਾਨੇ ਸੰਗ, ਇਸ ਵਾਰ ਰਬਾਬ ਜਿਵੇਂ। ਕੁਝ ਉੱਜੜ-ਜਾਣਿਆਂ ਨੇ, ਤੇ ਕੁਝ ਵਸ-ਜਾਣਿਆਂ ਨੇ, ਖੋਹ ਲਈ ਮਰਦਾਨੇ ਤੋਂ, ਇਸ ਵਾਰ ਰਬਾਬ ਜਿਵੇਂ। ਕੁਝ ਬੋਲ ਸ਼ਰੀਕਾਂ ਦੇ, ਕੁਝ ਹੁਕਮ ਹਾਕਿਮਾਂ ਦੇ, ਢਾਈਆਂ ਦਾ ਕਰ ਚੱਲੇ, ਅੱਜ ਦਾ ਪੰਜਾਬ ਜਿਵੇਂ। ਮਨ ਦੇ ਵਿਚ ਮੋਹ ਵਾਲਾ ਖਾਨਾ ਹੀ ਖਰਾਬ ਕਿਤੋਂ, ਆਵਣਗੇ ਮਹਿਫ਼ਲ ਦੇ, ਦਸ ਫੇਰ ਆਦਾਬ ਕਿਵੇਂ ? ਤਵੀਆਂ 'ਤੇ ਸੜਦੇ ਤੱਕ, ਕੁਝ ਸੁਬਕ ਸ਼ਬਾਬਾਂ ਨੂੰ, ਝੱਲੀ ਹੈ ਦਸ ਕਦੀ, ਜ਼ਖ਼ਮਾਂ ਦੀ ਤਾਬ ਇਵੇਂ ? ਤੁਸਾਂ ਜਿੱਦਾਂ ਕਰਨਾ ਸੀ, ਤੁਸੀਂ ਓਦਾਂ ਈ ਕਰਦੇ ਰਹੇ, ਹੁਣ ਭਾਜੀ ਮੋੜਨ ਦਾ, ਵੇਲਾ ਏ ਜਨਾਬ ਤਿਵੇਂ। ਹਰ ਸ਼ਾਮ ਸੁਨਹਿਰੀ ਸੀ, ਹਰ ਰਾਤ ਚਾਨਣੀ ਸੀ, ਪਹੁ ਫੁੱਟੀ ਤਾਂ ਨ੍ਹੇਰਾ ਸੀ, ਟੁੱਟਿਆ ਕੋਈ ਖ਼ਾਬ ਜਿਵੇਂ। ਔਕਾਤ ਨੂੰ ਭੁੱਲ ਆਪਣੀ, ਮੈਂ ਕਹਿੰਦਾ ਜਾਵਾਂਗਾ, ਬੱਸ ਠੀਕ ਹੀ ਹੋਣਾ ਹੈ, ਕਹਿੰਦੇ ਨੇ ਜਨਾਬ ਜਿਵੇਂ।

26. ਗ਼ੁਰਬਤ ਕੋਈ ਰਸਮ ਨਹੀਂ

ਗ਼ੁਰਬਤ ਕੋਈ ਰਸਮ ਨਹੀਂ, ਨਾ ਭੁੱਖ ਰਿਵਾਇਤ ਹੈ। ਸੱਖਣੇ ਪਏ ਢਿੱਡਾਂ ਲਈ, ਰੋਟੀ ਹੀ ਆਇਤ ਹੈ। ਰਾਜਸੀ ਅਮਲਦਾਰੀ, ਬਾਲਾਤਰ ਜੀਵਨ ਤੋਂ, ਵਾਫ਼ਰ ਹੈ ਬਾਕੀ ਸਭ, ਜੀਊਣਾ ਹੀ ਕਿਫ਼ਾਇਤ ਹੈ। ਧੌਣਾਂ ਤੇ ਜੋਗ ਧਰੀ, ਤੁਰਦੇ ਹੀ ਜਾਣਾ ਹੈ, ਜੀਵਨ ਲਈ, ਏਹੋ ਹੀ, ਇਕ ਸ਼ਰਤ ਨਿਹਾਇਤ ਹੈ। ਕੁਰਸੀ ਤੇ ਊਂਘ ਰਿਹਾ, ਹਾਕਿਮ ਮੁਤਮਈਨ ਹੈ, ਨਾ ਕਿਸੇ ਨੂੰ ਸ਼ਿਕਵਾ ਹੈ, ਨਾ ਕੋਈ ਸ਼ਿ਼ਕਾਇਤ ਹੈ। ਕੋਈ ਕੌਣ ਸਵਾਲ ਕਰੇ, ਤੇ ਕੌਣ ਜਵਾਬ ਦਏ, ਗੂੰਗੇ ਅਧਿਆਪਕ ਨੇ, ਬੋਲਿਆਂ ਦੀ ਜਮਾਇਤ ਹੈ। ਕਾਤਿਲ, ਮਕਤੂਲ ਖੜੇ ਇਕੋ ਹੀ ਕਟਹਿਰੇ ਵਿਚ, ਨਾ ਇਸ ਦੀ ਸਮਾਇਤ ਹੈ, ਨਾ ਉਸ ਦੀ ਸਮਾਇਤ ਹੈ। ਨਾਦਾਨ ਹੀ ਦਾਨੀ ਹੈ, ਆਓ ਤਾਂ ਕੋਈ ਚੱਲ ਕੇ, ਕਹਿ ਦੇਵੋ ਇਸ ਦਰ 'ਤੇ, ਦੂਈ ਨਾ ਦਰਾਇਤ ਹੈ। ਮੂੰਹ-ਜ਼ੋਰ ਦੀ ਮਰਜ਼ੀ ਹੈ, ਬੋਲੇ ਜੋ ਮੂੰਹ ਆਵੇ, ਸ਼ੁਹਦਿਆਂ ਦੀ ਜਦ ਤੀਕਰ, ਨਾ ਕੋਈ ਸ਼ਿਕਾਇਤ ਹੈ। ਬੇਟੀ ਦੀ ਸ਼ਾਦੀ 'ਤੇ ਦੇ ਆਏ ਤਿਲ-ਫੁੱਲ ਜੋ, ਇਸ ਦੌਰ ’ਚ ਇਹ ਵੀ ਤਾਂ, ਅੰਦਾਜ਼ੇ ਖਿਰਾਇਤ ਹੈ।

27. ਰਹਿਮਤ ਦੇ ਬੱਦਲ ਨਾ, ਇਸ ਵਾਰ ਵਰ੍ਹੇ

ਰਹਿਮਤ ਦੇ ਬੱਦਲ ਨਾ, ਇਸ ਵਾਰ ਵਰ੍ਹੇ ਕਿਧਰੇ। ਅਰਮਾਨ ਮੁਹੱਬਤ ਦੇ, ਰਹਿ ਗਏ ਧਰੇ ਕਿਧਰੇ। ਅਹੁ ਡਾਲ 'ਤੇ ਬੈਠਾ ਜੋ, ਪੰਛੀ ਏ ਚਹਿਕ ਰਿਹਾ, ਬਦਜ਼ਾਤ ਸ਼ਿਕਾਰੀ ਦੀ, ਨਾ ਨਜ਼ਰ ਪਏ ਕਿਧਰੇ। ਮੈਂ ਉਸ ਤੋਂ ਪੁੱਛ ਬੈਠਾ, ਕੀ ਮੁੱਲ ਏ ‘ਬੰਦੇ’ ਦਾ ? ਉਸ ਦਸਿਆ, “ਇਕ ਟਕਾ , ਕੌਡੀ ਦਾ ਵਿਕੇ ਕਿਧਰੇ।” ਮਜ਼ਬਾਂ ਦੇ ਨਾਂ 'ਤੇ ਜੋ, ਇਹ ਲੜ-ਲੜ ਮਰਦੇ ਨੇ, ਹੋਣੇ ਤੂੰ ਦੇਖ ਲਵੀਂ, ਇਹ ਵੀਰ ਸਕੇ ਕਿਧਰੇ। ਪਲਕਾਂ ਦੇ ਛੱਪਰਾਂ 'ਤੇ, ਸੁਪਨੇ ਤਾਂ ਸਜਾ ਲਏ ਨੇ, ਮਨ ਅੰਦਰੋਂ ਕੰਬਦਾ ਹੈ, ਬਿਜਲੀ ਨਾ ਗਿਰੇ ਕਿਧਰੇ। ਜਿਸ ਰੱਬ ਨੂੰ ਭਾਲ ਰਿਹੈਂ, ਜੰਗਲ ਵਿਚ ਪਰਬਤ 'ਤੇ, ਅੰਦਰ ਤੱਕ ਹੋਣਾ ਹੈ, ਏਥੇ ਹੀ ਕਿਤੇ ਕਿਧਰੇ। ਇਸ ਫਿਰਕੇਦਾਰੀ ਦੀ, ਸੱਪਣੀ ਦੋ-ਮੂੰਹੀਂ ਤੋਂ, ਇਹਤਿਆਤ ਜ਼ਰੂਰੀ ਹੈ ਨਾ ਵਾਰ ਕਰੇ ਕਿਧਰੇ। ਦੂਜੇ ਦੇ ਲੱਗੀ 'ਤੇ, ਹੱਥ ਸੇਕੇਂ, ਖ਼ੁਸ਼ ਹੋਵੇਂ, ਗਾਫ਼ਿਲ ! ਇਹ ਲੱਗੀ ਏ, ਤੇਰੇ ਹੀ ਘਰੇ ਕਿਧਰੇ। ਮੈਂ ਘਰ-ਘਰ ਜਾਵਾਂਗਾ, ਫੁੱਲਾਂ ਦੇ ਸੁਪਨੇ ਲੈ, ਤਲਵਾਰ ਬੰਦੂਕਾਂ ਦੇ, ਜੰਗਲ 'ਚੋਂ ਪਰੇ ਕਿਧਰੇ। ਨਾ ਰੋਕ ਸਕਣ ਇਸ ਨੂੰ, ਪੱਥਰ ਦੀਆਂ ਦੀਵਾਰਾਂ, ਇਹ ਵਹਿਣ ਮੁਹੱਬਤ ਦਾ ਰੋਕੇ ਨਾ ਰੁਕੇ ਕਿਧਰੇ।

28. ਪੱਤੇ ਨਾ ਟਾਹਣੀਆਂ 'ਤੇ

ਪੱਤੇ ਨਾ ਟਾਹਣੀਆਂ 'ਤੇ, ਫੁੱਲ ਨਾ ਕਰੂੰਬਲਾਂ 'ਤੇ, ਕਿਸ ਦੀ ਇਹ ਪਹਿਰੇਦਾਰੀ, ਕਰਦੇ ਨੇ ਖ਼ਾਰ ਹੁਣ। ਅਸਾਂ ਪਰਦੇਸੀਆਂ ਨੇ, ਵਤਨਾਂ ਨੂੰ ਪਰਤਣਾ ਨਾ, ਰੱਖੀਂ ਬੇਸ਼ੱਕ ਰੱਖੀਂ, ਖੁੱਲ੍ਹੇ ਦੁਆਰ ਹੁਣ। ਜੀਊਣਾ ਵੀ ਰੇਜ਼ਾ-ਰੇਜ਼ਾ, ਮਰਨਾ ਵੀ ਪੋਟਾ-ਪੋਟਾ, ਸੁੰਞਾਂ ’ਚ ਭਟਕਿਆ ਕਿਉਂ, ਸਾਰਾ ਸੰਸਾਰ ਹੁਣ ? ਏਸ ਤੋਂ ਵੱਡੀ ਸਜ਼ਾ, ਕੀ ਦੇਵੇਂਗਾ ਯੋਗੀਆ, ਯਾਰ ਦੇ ਚੁੰਮਣ ਵਰਗੀ, ਲਗਦੀ ਏ ਦਾਰ ਹੁਣ। ਕਿਸੇ ਨੇ ਫੁਲਾਂ ਵਿਚੋਂ, ਖ਼ੁਸ਼ਬੂ ਕਸ਼ੀਦ ਕੀਤੀ, ਰੋਹੀਆਂ 'ਚ ਤਾਂਹੀਓਂ ਭਟਕੀ, ਫਿਰਦੀ ਬਹਾਰ ਹੁਣ। ਕਾਂਵਾਂ ਨੇ ਜਾਚ ਸਿੱਖੀ, ਹੰਸਾਂ ਦੀ ਚਾਲ ਦੀ, ਚਿੜੀਆਂ ਦੇ ਮਰਨ ਉਤੇ, ਹੱਸਣ ਗੰਵਾਰ ਹੁਣ। ਮੈਂ ਹੀ ਤਾਂ ਆਖਦਾ ਹਾਂ, ਨਜ਼ਰ ਨਾ ਰੱਖ ਨੀਵੀਂ, ਕਹਿਣ ਦੇ ਜੋ ਵੀ ਕਹਿੰਦੀ, ਕੱਜਲ ਦੀ ਧਾਰ ਹੁਣ। ਤਨ ਜੇ ਵਜੂਦ ਹੈ ਇਕ, ਮਨ ਦੀ ਵੀ ਇਕ ਹਸਤੀ, ਦੋਹਾਂ 'ਚ ਕਿਹੜੇ ਲਛਮਣ, ਵਾਹੀ ਏ ਕਾਰ ਹੁਣ ? ਸ਼ਹਿਜ਼ਾਦੀ ਦੇ ਸੌਣ ਲਈ ਤਾਂ, ਬਖ਼ਸ਼ੇ ਨੇ ਸੌ ਵਰ੍ਹੇ, ਸਾਡੇ ਲਈ ਦਿਨ ਬੱਸ, ਨੀਂਦਰ ਦੇ ਚਾਰ ਹੁਣ।

29. ਉੱਡਣ ਨੂੰ ਅਹੁਲਦਾ ਸੀ

ਉੱਡਣ ਨੂੰ ਅਹੁਲਦਾ ਸੀ, ਹਲਚਲ ਪਰਾਂ ’ਚ ਸੀ। ਝਾਂਜਰ ਦੀ ਡੋਰ ਪਰ ਬੇਗਾਨੇ ਕਰਾਂ ’ਚ ਸੀ। ਦਸਤਕ ਦੇ ਭਰਮ ਦੇ ਵਿਚ, ਬੂਹਾ ਜਾਂ ਖੋਲ੍ਹਿਆ, ਤੱਕਿਆ ਇਕ ਜ਼ਰਦ ਪੱਤਾ, ਮੇਰੇ ਦਰਾਂ 'ਚ ਸੀ। ਅਹੁ ਜੋ ਮਲੰਗ ਜੇਹਾ, ਫਿਰਦਾ ਹੈ ਭਟਕਦਾ, ਇਹਦਾ ਵੀ ਨਾਮ ਕਿਧਰੇ, ਵਸਦੇ ਘਰਾਂ 'ਚ ਸੀ। ਚਿਹਰਾ ਤ੍ਰੇੜਿਆ ਤੇ ਅੱਖਾਂ ਜੋ ਸੁੰਨੀਆਂ, ਡਲ੍ਹਕਦਾ ਪਾਣੀ ਕਿਧਰੇ, ਇਹਨਾਂ ਸਰਾਂ ’ਚ ਸੀ। ਸਾੜਾ, ਫ਼ਰੇਬ, ਧੋਖਾ, ਦਿਸਦੈ ਜੋ ਹਰ ਤਰਫ਼, ਇਹ ਨਾ ਸੀ, ਹੋਰ ਸਭ ਕੁਝ ਸਾਡੇ ਗਰਾਂ 'ਚ ਸੀ। ਨਹੁੰਆਂ ਤੋਂ ਮਾਸ ਅੱਡ ਕਰ, ਕਿੱਥੇ ਕਰ ਦਫ਼ਨ ਆਏ, ਕਿੱਥੇ ਹੈ ਸਾਂਝ ਉਹ ਜੋ ਰਾਹਬਰਾਂ ’ਚ ਸੀ। ਇਕ ਚਾਕ ਸੀ ਕਿ ਜੇਸ ਦੀ ਵੰਝਲੀ ਗੁਆਚ ਗਈ, ਉਹ ਮੁਹੱਬਤ ਗੁੰਮ ਗਈ ਜੋ ਪਹਿਲਾਂ ਸੁਰਾਂ ’ਚ ਸੀ।

30. ਬੜਾ ਮਾਸੂਮ ਹੈ ਉਹ ਦਿਲ

ਬੜਾ ਮਾਸੂਮ ਹੈ ਉਹ ਦਿਲ, ਨਾ ਜਾਣੇ ਕਿੰਜ ਵਿਚਰਦਾ ਹੈ। ਪਤਾ ਨਾ ਕਦੋਂ ਉਹ ਬਾਹਿਰ, ਕਦੋਂ ਅੰਦਰ ਉਤਰਦਾ ਹੈ। ਕੱਲ੍ਹ ਜੋ ਪੌਣ ਬਣ ਕੇ, ਜੰਗਲਾਂ ਵਿਚ ਸਰਸਰਾਂਦਾ ਸੀ, ਉਹੋ ਅੱਜ ਧੂੜ ਬਣ, ਆਵਾਰਾ-ਜਾ ਸੜਕਾਂ 'ਤੇ ਫਿਰਦਾ ਹੈ। ਉਦੋਂ ਹੋਠਾਂ ਦੀ ਸੁਰਖੀ, ਵਾਂਗ ਪਾਰੇ ਪਿਘਲ ਤੁਰਦੀ ਹੈ, ਜਦੋਂ ਮੂੰਹ-ਜ਼ੋਰ ਹੋ ਹੰਝੂ, ਕੋਈ ਨੈਣਾਂ 'ਚੋਂ ਕਿਰਦਾ ਹੈ। ਕਿਤੇ ਪੱਥਰ, ਕਿਤੇ ਪਾਣੀ, ਕਿਤੇ ਸਹਿਰਾ, ਕਿਤੇ ਜੰਗਲ, ਇਨ੍ਹੀਂ ਥਾਈਂ ਬਸੇਰਾ, ਪਰ ਪਤਾ ਨਹੀਂ ਕਿਸ ਬਸ਼ਰ ਦਾ ਹੈ। ਦਗੇਬਾਜ਼ੀ, ਫਰੇਬੀ, ਝੂਠ ਭਾਵੇਂ ਕਰਮ ਨੇ ਇਸ ਦੇ, ਇਨ੍ਹਾਂ ਨੂੰ ਨਸ਼ਰ ਨਾ ਕਰਨਾ, ਇਹ ਬੰਦਾ ਅਪਣੇ ਘਰ ਦਾ ਹੈ। ਦਿਲੋਂ ਕੁਝ ਹੋਰ ਹੋਏ ਤਾਂ ਹੋਏ, ਕਹਿ ਨਹੀਂ ਸਕਦਾ, ਮੂੰਹੋਂ ਆਵਾਜ਼ ਨਾ ਨਿਕਲੇ, ਕੇਹਾ ਸ਼ਹਿਰੀ ਚੌਗਿਰਦਾ ਹੈ। ਸਾਜ਼ਿਸ਼ ਚੁੱਪ ਦੀ ਹੈ ਜਾਂ ਕਿ ਕੋਈ ਹੋਰ ਹੀ ਕਾਰਨ, ਕਿ ਅੱਜ ਦੇ ਵਕਤ ਹਰ ਇਨਸਾਨ, ਖ਼਼ੁਦ ਖ਼਼ੁਦ ਤੋਂ ਵੀ ਡਰਦਾ ਹੈ।

31. ਮੇਰੀ ਹਰੇਕ ਨਜ਼ਮ ਬੱਸ

ਮੇਰੀ ਹਰੇਕ ਨਜ਼ਮ ਬੱਸ, ਤੇਰੇ ਹੀ ਨਾਂ ਹੁੰਦੀ। ਹੁੰਦੀ ਜੇ ਜਜ਼ਬਿਆਂ ਦੀ ਕੋਈ ਜ਼ੁਬਾਂ ਹੁੰਦੀ। ਜੜ੍ਹੋਂ ਉਖੜੇ ਹੋਏ ਰੁੱਖ ਹੀ ਰਾਹੀਂ ਮਿਲੇ ਮੈਨੂੰ, ਘੜੀ-ਪਲ ਸੁਸਤਾ ਵੀ ਲੈਂਦਾ ਜੇ ਇਹਨਾਂ ਦੀ ਛਾਂ ਹੁੰਦੀ। ਟੇਢੇ ਰਸਤਿਆਂ 'ਤੇ ਤੁਰਦਿਆਂ ਅਪਣਾ ਜੇ ਮਿਲ ਜਾਂਦਾ, ਮੇਰੀ ਇਕੱਲ ਵੀ ਹੁਣ ਤਕ ਕਦੋਂ ਦੀ ਕਾਰਵਾਂ ਹੁੰਦੀ। ਮੈਂ ਕੁਝ ਸੁਪਨੇ, ਕੁਝ ਪੈੜਾਂ ਛੱਡ ਆਉਂਦਾ ਪਿਛਾਂਹ ਅਪਣੇ ਕਦੇ ਇਹਨਾਂ ਲਈ ਰਾਹ ਵਿਚ ਜ਼ਰਾ ਜਿੰਨੀ ਵੀ ਥਾਂ ਹੁੰਦੀ। ਇਹ ਕੁਦਰਤ ਖ਼ੂਬਸੂਰਤ ਹੈ, ਇਹ ਸੋਹਣੀ ਹੋਰ ਹੋ ਜਾਂਦੀ, ਜੇ ਇਸ ਵਿਚ ਜ਼ਿੰਦਗੀ ਦੀ ਤੋਰ ਸਾਂਵੀਂ ਤੇ ਰਵਾਂ ਹੁੰਦੀ। ਨਾ ਧੀ ਹੁੰਦੀ, ਨਾ ਪੁੱਤ ਹੁੰਦਾ, ਨਾ ਬੂਹੇ 'ਤੇ ਬੈਠੀ ‘ਉਹ’ ਹੁੰਦੀ, ਤੁਸੀਂ ਦੱਸੋ ਮਿਰੀ ਇਹ ਜ਼ਿੰਦਗੀ ਫਿਰ ਕਿਸ ਤਰ੍ਹਾਂ ਹੁੰਦੀ ! ਮੈਂ ਕੁਝ ਹੋਰ ਹੁੰਦਾ ਪਰ ਜੋਗਾ ਸਿੰਘ ਨਾ ਹੁੰਦਾ, ਜੇ ਮੇਰੇ ਸਿਰ ਉਤੇ ਨਾ ਮੇਰੀ ਘੁੱਗੀ-ਹਾਰ ਮਾਂ ਹੁੰਦੀ।

32. ਇਹ ਇਹਤਿਹਾਤ ਜ਼ਰੂਰੀ ਹੈ

ਇਹ ਇਹਤਿਹਾਤ ਜ਼ਰੂਰੀ ਹੈ, ਹੁਣ ਜਿਧਰ ਨੂੰ ਵੀ ਜਾਵਾਂ, ਜੇ ਪਰਤਾਂ ਤਾਂ ਸਵਾ-ਸਬੂਤਾ, ਟੁੱਕਿਆ ਹੋਇਆ ਨਾ ਆਵਾਂ। ਰੱਕੜ ਖੇਤ ਤੇ ਬਾਂਝ ਜ਼ਮੀਨਾਂ, ਉੱਜੜੇ ਜੰਗਲ, ਬੇਲੇ, ਨਦੀਆਂ ਦਾ ਸਭ ਨੀਰ ਡੀਕ ਲਿਆ, ਸ਼ੂਕਦਿਆਂ ਦਰਿਆਵਾਂ। ਰੁੱਖ ਨਿਪੱਤੇ ਜੜ੍ਹ ਤੋਂ ਪੁੱਛਣ, ਜੜ੍ਹ ਮਿੱਟੀ ਨੂੰ ਕੋਸੇ, ਹਰਿਆ ਬੂਟ ਰਹਿਓ ਰੀ ਕਿਧਰੇ, ਹੈ ਕੋਈ ਟਾਵਾਂ-ਟਾਵਾਂ ? ਜਿੱਥੇ ਬੈਠ ਪਿੰਡ ਦੇ ਬੁੱਢੇ, ਲਾਉਂਦੇ ਨਿੱਤ ਕਚਹਿਰੀ, ਬਹੁਤ ਉਦਾਸ ਰਹਿੰਦੀਆਂ ਅੱਜ-ਕੱਲ੍ਹ, ਉਹ ਬੋਹੜਾਂ ਦੀਆਂ ਛਾਵਾਂ। ਭਾਈ ਹੀ ਭਾਈਆਂ ਨੂੰ ਵੱਢਦੇ, ਤਾਰੀਖ਼ ਇਹੋ ਹੀ ਦੱਸੇ, ਝੂਠੇ ਲੋਕ ਜੋ ਕਹਿੰਦੇ “ਮਿਰਜ਼ਾ ਮਰਿਆ ਬਾਝ ਭਰਾਵਾਂ।” ਕਿਹੜੀ ਪਾਕ ਜਗ੍ਹਾ ਆਦਮ ਦਾ ਖ਼਼ੂਨ ਨਹੀਂ ਹੈ ਡੁਲ੍ਹਾ, ਜਿੱਥੇ ਕਬਰਾਂ, ਸਿਵੇ ਨਹੀਂ ਹਨ, ਕਿੱਥੇ ਨੇ ਉਹ ਥਾਂਵਾਂ ? ਬੰਦੇ ਦੀ ਕੀ ਲੋੜ ਏ ਏਥੇ, ਜਿੱਥੇ ਵਰ੍ਹਿਆਂ-ਬੱਧੀ, ਤਖ਼ਤਾਂ ਉੱਤੇ ਰਾਜ ਕਰਦੀਆਂ, ਲੱਕੜ ਦੀਆਂ ਖੜਾਵਾਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ