Punjabi Poetry : Kiranveer Sidhu

ਪੰਜਾਬੀ ਕਵਿਤਾਵਾਂ : ਕਿਰਨਵੀਰ ਸਿੱਧੂ



1. ਰਾਣੀ ਸੀ ਜੋ ਉਹ ਦਾਸੀ ਹੋ ਗਈ

ਰਾਣੀ ਸੀ ਜੋ ਉਹ ਦਾਸੀ ਹੋ ਗਈ। ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ। ਕਲਮ ਨਾਲ ਕਿੱਕਲੀ ਪਾਉਂਦੀ ਸੀ ਜੋ ਜ਼ਿੰਦਗੀ ਦਾ ਗੀਤ ਗੁਣਗੁਣਾਉਂਦੀ ਸੀ ਜੋ ਚਿਹਰੇ ਤੇ ਉਹਦੇ ਉਦਾਸੀ ਹੋ ਗਈ। ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ। ਪਤਾ ਨੀ ਕੀ ਉਸਾਰਦੀ ਢਾਹੁੰਦੀ ਰਹਿੰਦੀ ਏ। ਲੱਗਦਾ ਕਿਸੇ ਉਧੇੜ ਬੁਣ ਵਿਚ ਰਹਿੰਦੀ ਏ। ਸ਼ਾਂਤ ਸ਼ਹਿਰ ਦੀ ਰਾਣੀ ਮਾਇਆ ਨਗਰੀ ਦੀ ਵਾਸੀ ਹੋ ਗਈ, ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ। ਕਾਗਜ਼ ਕਲਮ ਨਾਲ ਰੁੱਸ ਕੇ ਬਹਿ ਗਈ। ਪਤਾ ਨਹੀਂ ਕਿੱਥੋਂ ਕਿੱਥੋਂ ਟੁੱਟ ਕੇ ਬਹਿ ਗਈ। ਪਾਣੀਆਂ ਦੀ ਧਰਤੀ ਤੇ ਜ਼ਮੀਨ ਦਿਲ ਦੀ ਕਿਉਂ ਪਿਆਸੀ ਹੋ ਗਈ, ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ। ਰਾਣੀ ਸੀ ਜੋ ਉਹ ਦਾਸੀ ਹੋ ਗਈ। ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।

2. ਸਿਆਹੀ

ਮੰਜੇ ਤੋਂ ਉੱਠ ਮੈਂ ਤੁਰ ਪਈ ਉਸ ਦਰ ਵੱਲ ਜਿੱਥੇ ਹਰ ਪੰਜੀਂ ਸਾਲੀਂ ਮੇਰੀ ਉਂਗਲ ਦਾ ਮੁੱਲ ਪੈਂਦਾ ਬੜਾ ਕੀਮਤੀ ਹੁੰਦਾ ਉਸ ਦਿਨ ਮੇਰੀ ਉਂਗਲ ਦਾ ਨਿਸ਼ਾਨ... ਮੇਰੇ 'ਅਧਿਕਾਰ' ਪ੍ਰਤਿ ਹਲੂਣ ਕੇ ਜਗਾਉਂਦਾ ਮੈਨੂੰ ਸੰਵਿਧਾਨ ... ਸਵੇਰ ਸਾਰ ਹੀ ਨਹੀਂ ਉੱਠ ਤੁਰੀ ਸੀ ਮੈਂ ਉਡੀਕਦੀ ਰਹੀ ਸਿਖ਼ਰ ਦੁਪਹਿਰ ਤੱਕ ਕਿ ਸ਼ਾਇਦ ਕੋਈ ਆ ਕੇ ਮੇਰੇ ਸਿਰ ਤੇ ਛਾਂ ਕਰ ਦੇਵੇ... ਪਰ ਆਖਿਰ ਧੁੱਪ ਹੀ ਪਈ ਕਬੂਲਣੀ ਮੈਨੂੰ ਜਾ ਲਵਾਇਆ ਮੈਂ ਉਂਗਲੀ ਦੇ ਨੀਲਾ ਜਿਹਾ ਨਿਸ਼ਾਨ... ਨੀਲੀ ਸਿਆਹੀ ਦੀ ਭਾਅ ਚਮਕ ਉੱਠੀ ਮੇਰੀਆਂ ਅੱਖਾਂ ਵਿੱਚ... ਮਸ਼ੀਨ ਵਿੱਚੋਂ ਉਪਜੀ ਟੀਂ ਦੀ ਆਵਾਜ਼ ਮੈਨੂੰ ਇੰਝ ਜਾਪੀ ਜਿਵੇਂ ਹੁਕਮਰਾਨ ਦੇ ਦਰ ਤੇ ਪਹੁੰਚ ਗਈ ਏ ਮੇਰੇ ਚੁੱਲ੍ਹੇ ਦੇ ਹਨੇਰੇ ਤੇ ਢਿੱਡ ਵਿਚਲੀ ਅੱਗ ਦੀ ਖ਼ਬਰ ... ਪਰ ਮੇਰੀਆਂ ਅੱਖਾਂ ਦੀ ਚਮਕ ਬਹੁਤਾ ਚਿਰ ਨਾ ਰਹੀ ਤੇ ਕਾਲਾ ਹੁੰਦਾ ਗਿਆ ਨੀਲਾ ਨਿਸ਼ਾਨ... ਬਦਲਦੇ ਰੰਗ ਦੀ ਭਾਅ ਨੇ ਮੈਨੂੰ ਚੇਤੇ ਕਰਵਾ ਦਿੱਤਾ ਕਿ ਨੀਲਾ ਰੰਗ ਤਾਂ ਸਿਰਫ਼ ਅਸਮਾਨੀ ਸੁਪਨਿਆਂ ਦਾ ਹੁੰਦਾ ਮੇਰੇ ਹਿੱਸੇ ਦੀ ਮਿੱਟੀ ਦਾ ਰੰਗ ਤਾਂ ਅਜੇ ਕਾਲਾ ਹੀ ਏ... ਬੜੇ ਚਿਰ ਤੋਂ ਉਡੀਕ ਵਿੱਚ ਸੀ ਮੈਂ ਕਿ ਮੇਰੀ ਵੋਟ ਦਾ 'ਹੱਕ' ਮੈਨੂੰ 'ਆਸ' ਦੀ ਅੱਖ ਦੇਵੇਗਾ... ਪਰ ਮੈਂ ਪਹਿਚਾਣ ਲਿਆ ਹੁਣ ਕਿ ਮੇਰੀ ਉਂਗਲ ਨਾਲੋਂ ਹੱਥਾਂ ਦਾ ਬੁੱਕ ਮਜ਼ਬੂਤ ਹੈ ਮੇਰੀ ਮਿਹਨਤ ਦਾ ਇਹੀ ਸਬੂਤ ਹੈ ਮੈਂ ਉੱਠੀ ... ਤੇ ਕੂਚ ਦਿੱਤਾ ਸਿਆਹੀ ਦੇ ਨਿਸ਼ਾਨ ਨੂੰ ਜੋ ਨੀਲਾ ਬਣਕੇ ਕਾਲਾ ਰੂਪ ਛੁਪਾਉਂਦਾ...

3. ਆ ਹਵਾ ਰਲ ਬਹਿ ਗੱਲਾਂ ਕਰੀਏ

ਆ ਹਵਾ ਰਲ ਬਹਿ ਗੱਲਾਂ ਕਰੀਏ ਦਿਲ ਦੇ ਵਰਕੇ ਪੜੀਏ ਕਿਉਂ ਕੋਲੋਂ ਦੀ ਲੰਘ ਜਾਨੀ ਏ ਮਹਿਮਾਨ ਜਿਹੀ ਬਣਕੇ ਅਣਜਾਣ ਜਿਹੀ ਬਣਕੇ... ਦਿਲਾਂ ਕੋਲ ਤਾਂ ਦਿਲਾਂ ਲਈ ਵਿਹਲ ਨਹੀਂ ਤੂੰ ਹੀ ਮੇਰੇ ਬੂਹੇ ਆਇਆ ਕਰ ਦੋ ਸੁਣਿਆ ਕਰ ਚਾਰ ਗੱਲਾਂ ਸੁਣਾ ਜਾਇਆ ਕਰ... ਸੁਣਾ ਜਾ ਨੀ ਗੱਲ ਕੋਈ ਕੰਧਾਂ ਤੇ ਮੋਰਾਂ ਦੀ ,ਗਿੱਧਿਆਂ ਦੇ ਸ਼ੋਰਾਂ ਦੀ ... ਦੇ ਜਾ ਨੀ ਸਲਾਹ ਕੋਈ ਬਾਗ ਵਿਚ ਕਿਹੜਾ ਰੰਗ ਪਾਵਾਂ ਨੀ ਧੁੱਪਾਂ ਹੀ ਧੁੱਪਾਂ ਦਿਸਦੀਆਂ ਨੇ ਦੱਸ ਚਰਖਾ ਕਿੱਥੇ ਡਾਹਵਾ ਨੀ... ਟੱਬਰ ਮੇਜ਼ ਕੁਰਸੀਆਂ ਲਾ ਕੇ ਬਹਿ ਜਾਂਦਾ ਢਿੱਡ ਤਾਂ ਭਰ ਜਾਂਦਾ ਮੇਰਾ ਮਨ ਜਾ ਭੁੱਖਾ ਰਹਿ ਜਾਂਦਾ... ਮੈਂ ਤੱਕਦੀ ਰਹਿੰਦੀ ਪਰਛਾਵਾਂ ਨੀ ਕਦੋਂ ਤੰਦੂਰ 'ਚੋ ਆਡਣ ਪਾਵਾ ਨੀ ਦੱਸੀ ਨੀ ਹਵਾਏ ਇਕ ਪੂਰ ਤੇਰਾ ਵੀ ਲਾਹਵਾਂ ਨੀ... ਅੱਧੀ ਰਾਤ ਤੱਕ ਸ਼ੀਸ਼ੇ ਤੇ ਚਾਨਣ ਜਾ ਹੁੰਦਾ ਰਹਿੰਦਾ ਬਹਿ ਪੋਤੇ ਕੋਲ ਬਾਤ ਕਦੋਂ ਪਾਵਾ ਨੀ ਜੀਅ ਕਰਦਾ ਵਿਹੜੇ ਵਿੱਚੋਂ ਪੁੱਟ ਕੇ ਇੱਟਾਂ ਸਿੱਲੀ ਮਿੱਟੀ ਦੇ ਗਲਾਸ ਕੌਲੀਆਂ ਬਣਾਵਾਂ ਨੀ ... ਠੰਢੀਆਂ ਕੰਧਾਂ ਵਿਚ ਮਨ ਜਿਹਾ ਤਪਦਾ ਰਹਿੰਦਾ ਕਿਹੜੇ ਬੇਫਿਕਰੇ ਬੋਹੜ ਦੀ ਛਾਵੇਂ ਮੰਜੀ ਡਾਹਵਾ ਨੀ... ਪਿੱਪਲ ਤੇ ਪਾ ਕੇ ਪੀਂਘ ਫੱਟੀ ਤੇ ਬਹਿਕੇ ਫਿਕਰ ਉਡਾਵਾਂ ਸਾਰੇ ਨੀ ਪੱਤੇ ਵਜਾਵਣ ਢੋਲ ਤੇ ਤੂੰ ਗੀਤ ਗਾਵੀਂ ਮੁਟਿਆਰੇ ਨੀ... ਆ ਹਵਾ ਰਲ ਬਹਿ ਗੱਲਾਂ ਕਰੀਏ ਤੈਨੂੰ ਹਾਲ ਸੁਣਾਵਾਂ ਸਾਰੇ ਨੀ ਦਿਲਾਂ ਕੋਲ ਤਾਂ ਦਿਲਾਂ ਲਈ ਵਿਹਲ ਨਹੀਂ ਤੇਰੇ ਨਾਲ ਹੀ ਜ਼ਿੰਦਗੀ ਮਾਣ ਜਾਵਾਂ ਸਰਕਾਰੇ ਨੀ ....

4. ਚਿੜੀਆਂ ਦੀ ਡਾਰ

ਚਿੜੀਆਂ ਦੀ ਡਾਰ ਮੈਂ ਉਡਦੀ ਦੇਖੀ ਵੇ ਕਦੇ ਇਸ ਬਨੇਰੇ ਕਦੇ ਉਸ ਬਨੇਰੇ ਦਾਣੇ ਮੈਂ ਚੁਗਦੀ ਦੇਖੀ ਵੇ ਚਿੜੀਆਂ ਦੀ ਡਾਰ ਮੈਂ ਉਡਦੀ ਦੇਖੀ ਵੇ, ਮਿੱਟੀ ਮੈਂ ਰੁੜਦੀ ਦੇਖੀ ਵੇ ਕਦੇ ਟਿੱਬੇ-ਟੋਏ, ਰੋੜੇ ਕਦੇ ਬੁੱਤਾਂ ਦਾ ਜੋੜੇ ਬੁੱਤਾਂ ਤੋਂ ਪਾਣੀਆਂ ਵਿੱਚ ਘੁਲਦੀ ਦੇਖੀ ਵੇ ਮਿੱਟੀ ਮੈਂ ਰੁੜਦੀ ਦੇਖੀ ਵੇ, ਬਾਪੂ ਹਲ ਵਾਹੁੰਦਾ ਦੇਖਿਆ ਵੇ ਰੇਹ ਨਾਲ ਬੋਰਾ ਭਰਿਆ ਮੋਢੇ ਤੇ ਧਰਿਆ ਬੋਰੇ ਦੇ ਬੋਝ ਨਾਲ ਢੂੰਹੀ ਝੁਕਾਉਂਦਾ ਦੇਖਿਆ ਵੇ ਬਾਪੂ ਹਲ ਵਾਹੁੰਦਾ ਦੇਖਿਆ ਵੇ, ਮਾਂ ਚੁੱਲ੍ਹਾ ਤਪਾਉਦੀਂ ਦੇਖੀ ਵੇ ਰੀਝਾਂ ਨਾਲ ਗੁਹਾਰਾ ਬਣਾਉਂਦੀ ਹੱਥੀਂ ਫੇਰ ਪਾੜ ਲਾਉਂਦੀ ਚਿਣ ਚਿਣ ਪਾਥੀਆਂ ਲਾਉਂਦੀ ਅੱਗ ਦਾ ਸੇਕ ਜਗਾਉਂਦੀ ਦੇਖੀ ਵੇ ਮਾਂ ਚੁੱਲ੍ਹਾ ਤਪਾਉਦੀਂ ਦੇਖੀ ਵੇ, ਪਾਣੀ ਮੈਂ ਰੁੜਦੇ ਦੇਖੇ ਵੇ ਜੋ ਖੜ ਗਏ, ਸੜ ਗਏ ਪਾਣੀਆਂ ਤੋਂ ਪਾਣੀ ਮੈਂ ਛੁੱਟਦੇ ਦੇਖੇ ਜੁੜਦੇ ਦੇਖੇ ਵੇ ਪਾਣੀ ਮੈਂ ਰੁੜਦੇ ਦੇਖੇ ਵੇ , ਚਿੜੀਆਂ ਦੀ ਡਾਰ ਮੈਂ ਉਡਦੀ ਦੇਖੀ ਵੇ ਕਦੇ ਇਸ ਬਨੇਰੇ ਕਦੇ ਉਸ ਬਨੇਰੇ ਦਾਣੇ ਮੈਂ ਚੁਗਦੀ ਦੇਖੀ ਵੇ ਚਿੜੀਆਂ ਦੀ ਡਾਰ ਮੈਂ ਉਡਦੀ ਦੇਖੀ ਵੇ ...

5. ਬੇਮਤਲਬ

ਮੇਰੀ ਹੋਂਦ ਦਾ ਮੇਰੇ ਖੂਨ ਵਿੱਚ ਇਕ ਕਤਰਾ ਏ ਇਹ ਕਤਰਾ ਕਤਲ ਮੈਂ ਕਰਨਾ ਨਹੀਂ ਮੈਂ ਸੋਚ ਲਿਆ ਏ ਜਿੰਦਗੀ ਲਈ ਬੇਮਤਲਬ ਜਿਹਾ ਮੈਂ ਮਰਨਾ ਨਹੀਂ । ਕਿਉਂ ਮੇਰੇ ਲਈ ਹੱਦਬੰਦੀਆਂ ਨੇ ਮੇਰੇ ਕਦਮਾਂ ਹੇਠ ਪਾਬੰਦੀਆਂ ਨੇ ਮੈਨੂੰ ਦੱਬਦੀਆਂ ਨੇ ਮੈਨੂੰ ਘੁੱਟਦੀਆਂ ਨੇ ਰਿਸ਼ਤਿਆਂ ਦੀਆਂ ਇਹ ਜੱਥੇਬੰਦੀਆਂ ਨੇ। ਮੱਥੇ ਤੇ ਸੂਰਖ਼ ਸਿੰਦੂਰ ਮੇਰੇ ਪਰ ਰਾਹਾਂ ਉੱਤੇ ਹਨੇਰਾ ਏ ਮੈਂ ਦੁਨੀਆਂ ਦੇ ਵਿੱਚ ਵਸਦੀ ਹਾਂ ਦੁਨੀਆਂ ਤੇ ਹੱਕ ਵੀ ਮੇਰਾ ਏ ਪਰ ਮੇਰੇ ਹਿੱਸੇ ਆਇਆ ਕਿਉਂ ਬਸ ਬਿੰਦੀ ਜਿੰਨਾ ਘੇਰਾ ਏ। ਮੈਂ ਬੰਜਰ ਧਰਤੀ ਦਾ ਬੀਜ ਹਾਂ ਅਣਚਾਹਿਆ ਉੱਗਣ ਵਾਲੀ ਚੀਜ਼ ਹਾਂ ਆਪਣਾ ਸਿਰ ਜਦੋਂ ਵੀ ਚੁੱਕਦੀ ਹਾਂ ਕਦਮਾਂ ਉੱਤੇ ਉਠਦੀ ਹਾਂ ਕੁਝ ਰਾਖੇ ਬਣ ਕੇ ਆਉਂਦੇ ਨੇ ਧੁਰ ਤੱਕ ਜੜਾ ਹਿਲਾਉਦੇ ਨੇ ਆਪਣੀ ਮਿੱਟੀ ਨਾਲੋਂ ਟੁੱਟਦੀ ਹਾਂ ਬੁੱਕਾਂ ਵਿੱਚ ਭਰ ਕੇ ਹੋਂਦ ਨੂੰ ਵਜੂਦ ਆਪਣਾ ਚੁੱਕਦੀ ਹਾਂ । ਉੱਡਣਾ ਲੋਚਦੀ ਪਰਵਾਜ਼ ਹਾਂ ਚੁੱਪ ਦੀ ਆਵਾਜ਼ ਹਾਂ 'ਕੰਜਕ ' ਹਾਂ ਕਮਜ਼ੋਰ ਨਹੀਂ ਨੱਥ, ਪੰਜੇਬਾਂ ਬੇੜੀਆਂ ਬਸ ਪਿੰਜਰੇ ਨੇ ਕੁਝ ਹੋਰ ਨਹੀਂ । ' ਦੇਵੀ ' ਹਾਂ ਰੱਬ ਦਾ ਰੂਪ ਮੈਂ 'ਰੱਬ ' ਲਈ ਬੰਦਿਸ਼ਾਂ ਬੜੀਆਂ ਨੇ ਸੂਝਵਾਨ ਸਮਾਜ ਦੀਆਂ ਰੀਤਾਂ ਦੀਆਂ ਕੁਝ ਕੜੀਆਂ ਨੇ ਬਸ ਮੇਰੇ ਲਈ ਹੀ ਘੜੀਆਂ ਨੇ। ਬੇਸ਼ੱਕ ਹੋਈਆਂ ਤਰੱਕੀਆਂ ਨੇ ਮੈਨੂੰ ਪੀਸਣ ਲਈ ਜੋ ਚੱਕੀਆਂ ਨੇ ਹਾਲੇ ਤੱਕ ਵੀ ਨਾ ਉਹ ਥੱਕੀਆਂ ਨੇ ਪਰ ਮੈਂ ਕਦੇ ਵੀ ਰੁਕਣਾ ਨਹੀਂ ਝੱਖੜਾਂ ਅੱਗੇ ਝੁਕਣਾ ਨਹੀਂ । ਮੈਂ ਸ਼ੇਰਨੀ ਨਾ ਕੋਈ ਹਿਰਨ ਹਾਂ ਹਨੇਰਿਆ ਨੂੰ ਜੋ ਚੀਰਦੀ ਜਾ ਰਹੀ ਆਸ ਦੀ 'ਕਿਰਨ 'ਹਾਂ । ਮੇਰੇ ਦੁਆਲੇ ਘੇਰੇ ਨੇ ਕੁਝ ਕੜੀਆਂ ਚਾਰ ਚੁਫੇਰੇ ਨੇ ਮੈਨੂੰ ਵਾਢੀਆਂ ਪੈਂਦੀਆਂ ਆਈਆਂ ਨੇ ਮੁੱਢ ਕਦੀਮੋਂ ਹੀ ਪਰ ਮੇਰੇ ਪੱਤਿਆਂ ਨੂੰ ਕੋਈ ਛਾਂਗ ਲਵੇ ਇਹ ਹੁਣ ਮੈਂ ਜਰਨਾ ਨਹੀਂ ਮੈਂ ਸੋਚ ਲਿਆ ਏ ਜਿੰਦਗੀ ਲਈ ਬੇਮਤਲਬ ਜਿਹਾ ਮੈਂ ਮਰਨਾ ਨਹੀਂ ਬੇਮਤਲਬ ਜਿਹਾ ਮੈਂ ਮਰਨਾ ਨਹੀਂ ।

6. ਮਿੱਟੀ ਦੇ ਸਰਦਾਰ

ਹੱਥ ਬੰਨ੍ਹ ਕਰਾਂ ਵੇ ਜੋਦੜੀ ਰੱਖੀਂ ਵੇ ਆਪਣੀ ਗੋਦੜੀ ਮੇਰੇ ਬਾਪ ਨੂੰ ਬਾਪ ਦਿਆ ਯਾਰਾਂ ਨੂੰ ਵੇ ਮਿੱਟੀ ਦਿਆ ਸਰਦਾਰਾਂ ਨੂੰ ... ਚਾਂਦੀ ਰੰਗੀਆਂ ਕਣੀਆਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਸੋਨੇ ਰੰਗੀ ਕਣਕ ਜਦੋਂ ਰੁੱਸ ਕੇ ਭੁੰਜੇ ਪੈ ਜਾਂਦੀ ... ਹਾੜ ਮਹੀਨੇ ਬੂੰਦਾਂ ਡਿੱਗੀਆਂ ਖੇਤ ਨਾ ਗਿੱਲੇ ਹੁੰਦੇ ਚਾਅ ਵੀ ਸਿੱਲੇ ਪੈ ਜਾਂਦੇ ਫ਼ਸਲ ਵੇਚ ਕੇ ਲਿਆਉਣੇ ਪੱਖੇ, ਕੂਲਰ ਦਾਜ ਦੀਆਂ ਦਰੀਆਂ ਸਭ ਵਿੱਚੇ ਰਹਿ ਜਾਂਦੇ... ਬਾਰੀ ਉਹਲੇ ਖੜ ਕੇ ਤੱਕਿਆ ਮਾਂ ਨੇ ਮੇਰੇ ਬਾਪ ਦੀ ਅੱਖ ਰੋਈ ਬਿਜਲੀ ਲਿਸ਼ਕਣ ਨਾਲ ਸੁਨਹਿਰੀ ਧੀ ਮੋਈ ... ਅੱਧੇ ਵਰ੍ਹੇ ਦੀ ਦਹਿਲੀਜ਼ ਤੇ ਜਦ ਬੱਦਲ ਚੜ ਕੇ ਆਉਂਦਾ ਵਹੀ ਦੇ ਲੱਗਿਆ ਗੂਠਾ ਮੇਰੇ ਬਾਪ ਦਿਆ ਯਾਰਾਂ ਨੂੰ ਮੂੰਹ ਚਿੜਾਉਦਾ ... ਅੰਨਦਾਤਾ ਮਾਰਿਆ ਸਰਕਾਰਾਂ ਨੇ ਕਦੇ ਕੁਦਰਤ ਦੀਆਂ ਮਾਰਾਂ ਨੇ ਇਹਨਾਂ ਦੀ ਪੀੜ ਗੰਢ ਦੇਵੇ ਕੋਈ ਐਸਾ ਦਰਜੀ ਨਹੀਂ ਇਹਨਾਂ ਦੀ ਚਲਦੀ ਮਰਜੀ ਨਹੀਂ ਇਹਨਾਂ ਦੀ ਲੱਗਦੀ ਅਰਜ਼ੀ ਨਹੀਂ ਇਹ ਰੱਬ ਦਾ ਸ਼ੁਕਰ ਮਨਾਉਂਦੇ ਨੇ ਮਿਹਨਤ ਦਾ ਪੀਰ ਧਿਆਉਂਦੇ ਨੇ ਖੂਹਾਂ ਤੇ ਦੀਵੇ ਜਗਾਉਦੇ ਨੇ ਮਿੱਟੀ ਦੇ ਸਰਦਾਰ ਕਹਾਉਂਦੇ ਨੇ

7. ਸਿਆਣੇ ਲੋਕ

ਆਪਣੀ ਉਮਰ ਤੋਂ ਵੱਡੇ ਹਾਦਸਿਆਂ ਨੂੰ ਦੇਖਿਆ ਮੈਂ, ਧੁੱਪਾਂ ਵਿੱਚ ਵੀ ਅੱਗ ਨੂੰ ਸੇਕਿਆ ਮੈਂ, ਬਹੁਤ ਦੂਰ ਤੋਂ ਧੁੰਦਲੀਆਂ ਮੰਜ਼ਿਲਾਂ ਨੂੰ ਦੇਖਿਆ ਮੈਂ, ਕੁਝ ਰੁੱਤਾਂ ਕੁਝ ਮੌਸਮ ਅੱਜ ਵੀ ਚੇਤੇ ਨੇ , ਬੇਸ਼ੱਕ ਹੋਰਾਂ ਲਈ ਪੁਰਾਣੇ ਹੋ ਗਏ ਐਵੇਂ ਤਾਂ ਨਹੀਂ ਅਸੀਂ ਉਮਰ ਤੋਂ ਵੱਧ 'ਸਿਆਣੇ ' ਹੋ ਗਏ

8. ਕੁਝ ਰਿਸ਼ਤੇ

ਕੁਝ ਰਿਸ਼ਤੇ ਰੱਬ ਬਣਾਉਂਦਾ ਕੁਝ ਬਣ ਜਾਂਦੇ ਨੇ ਆਪਮੁਹਾਰੇ ਕੁਝ ਉਮਰਾਂ ਸਾਰੀ ਨਿਭਦੇ ਨੇ ਕੁਝ ਟੁੱਟ ਜਾਂਦੇ ਨੇ ਅੱਧ ਵਿਚਕਾਰੇ ... ਕੁਝ ਰਿਸ਼ਤੇ ਪੈਰ ਦੀ ਪੈੜ ਜਿਹੇ ਕੁਝ ਪਾਣੀ ਤੇ ਲੀਕ ਹੀ ਲੱਗਦੇ ਨੇ ਕੁਝ ਹਾਸਿਆ ਦੇ ਵਿੱਚ ਹੱਸਦੇ ਨੇ ਕੁਝ ਹੰਝੂਆਂ ਦੇ ਵਿੱਚ ਵਗਦੇ ਨੇ ... ਕੁਝ ਰਿਸ਼ਤੇ ਅਰਦਾਸ ਜਿਹੇ ਨਿੱਤ ਸ਼ਾਮ ਸਵੇਰੇ ਕਰਦੇ ਹਾਂ ਕੁਝ ਰਿਸ਼ਤੇ ਨੇ ਆਸ ਜਿਹੇ ਪੂਰੇ ਹੋਣ ਲਈ ਤਰਲੇ ਭਰਦੇ ਹਾਂ ... ਕੁਝ ਰਿਸ਼ਤੇ ਮੰਜ਼ਿਲ ਵਰਗੇ ਲੰਮੀ ਉਡੀਕ ਕਰਾਉਂਦੇ ਨੇ ਕੁਝ ਰਿਸ਼ਤੇ ਸਾਹਾਂ ਵਰਗੇ ਹੁੰਦੇ ਹਰ ਸਾਹ ਨਾਲ ਚੇਤੇ ਆਉਂਦੇ ਨੇ ... ' ਸਿੱਧੂਆ' ਪੁੱਛ ਲੈ ਰੱਬ ਸੱਚੇ ਕੋਲੋਂ ਉਹ ਪੈਰ ਕਿੰਨੀ ਕੁ ਦੂਰ ਅਜੇ ਜੋ ਨਿੱਤ ਸੁਪਨਿਆਂ ਵਿਚ ਆਉਂਦੇ ਨੇ ਤਾਰਿਆਂ ਛਾਵੇਂ ਫੇਰੀ ਪਾਉਂਦੇ ਨੇ... ਕੁਝ ਰਿਸ਼ਤੇ ਰੂਹ ਤੇ ਰੱਬ ਵਰਗੇ ਜੋ ਨਾ ਜਾਂਦੇ ਇਨਕਾਰੇ ਕੁਝ ਰਿਸ਼ਤਿਆਂ ਦੇ ਨਾਂ ਨਹੀਂ ਹੁੰਦੇ ਪਰ ਜਾਂਦੇ ਧੁਰ ਦਰਗਾਹ ਸਤਿਕਾਰੇ ਲੈ ਦੇਖ ' ਕਿਰਨ ' ਅੱਜ ਦਿਲ ਦੀ ਧੜਕਣ ਬਣ ਗਏ ਨੇ ਸਾਹਾਂ ਵਰਗੇ ਯਾਰ ਪਿਆਰੇ ...

9. ਰੰਗ

ਤੂੰ ਐਵੇਂ ਹੀ ਕਿਹਾ ਸੀ ਮੇਰੀ ਜ਼ਿੰਦਗੀ ਦਾ ਰੰਗ ਬਣ ਜਾ ਮੈਂ ਸੱਚੀ ਪਿਘਲ ਗਈ ਤੇਰੇ ਵਿੱਚ ਮਿਲਣ ਲਈ ਜਦ ਤੇਰਾ ਰੰਗ ਬਦਲਿਆ ਤਾਂ ਮੈਂ ਬੇਰੰਗ ਹੋ ਗਈ ...

10. ਕੀੜਾ

ਚੰਗੀ ਗੱਲ ਤਾਂ ਨਹੀਂ ਸਮਾਧੀ ਵਿੱਚ ਲੀਨ ਹੋ ਜਾਣਾ ਸਿਆਣਪ ਦਿਖਾਉਂਦਿਆਂ ਚੁੱਪ ਦੇ ਸ਼ੌਕੀਨ ਹੋ ਜਾਣਾ ਮੇਰੇ ਸੰਘ ਦਾ ਕਾਂ ਕੁਰਲਾਉਂਦਾ ਜਦੋਂ ਤੱਕ ਬੋਲਣਾ ਤਾਂ ਪੈਣਾ ਏ ਇੰਝ ਕਿਵੇਂ ਮੰਨ ਲਵਾਂ ਸਭ ਕੁਝ ਸਹਿਣਾ ਪੈਣਾ ਏ ਮਨੂੰ ਸਿਮ੍ਰਤੀ ਦਾ ਕੀੜਾ ਰੀੜ ਦੀਆਂ ਹੱਡੀਆਂ ਵਿੱਚ ਰੀਂਗਦਾ ਹੀ ਰਹਿਣਾ ਏ ਬੰਦੇ ਦੀ ਬੰਦਾ ਜੇ ਜਾਤ ਪਰਖੇ ਫਿਰ ਬੰਦੇ ਨੂੰ ਬੰਦਾ ਹੀ ਕਿ ਕਹਿਣਾ ਏ ਘੁਮਿਆਰ ਜੇ ਨੀਵੇਂ ਨੇ ਕਿ ਭਾਂਡੇ ਪਾਣੀ ਪਾਉਣਾ ਏ ਤਰਖਾਣ ਜੇ ਮਾੜੇ ਨੇ ਕਿ ਕੋਠਾ ਪਾਉਣਾ ਏ ਜੱਟ ਜੇ ਅੜਬੀ ਏ ਕਿ ਦਾਣੇ ਘਰੇ ਲਿਆਉਣੇ ਨੇ ਛੀਂਬੇ ਜੇ ਚੰਗੇ ਨਹੀਂ ਕਿ ਤਨ ਤੇ ਲੀੜੇ ਪਾਉਣੇ ਨੇ ਕਿਰਤੀ ਜੇ ਭਿੱਟੇ ਨੇ ਕਿ ਭੂਮੀ ਹਲ ਚਲਾਉਣੇ ਨੇ ਲੋਕਾ ਵੇ! ਜੇ ਮੰਨੂੰ ਨੂੰ ਧਿਆਉਣਾ ਏ ਕਿ ਮੰਦਰੀਂ ਟੱਲ ਖੜਕਾਉਣਾ ਏ ਕਿਉਂ ਹੱਥ ਤਸਬੀ ਪਾਉਣਾ ਏ ਮਸੀਹ ਨੂੰ ਹਿੱਕ ਨਾਲ ਲਾਉਣਾ ਏ ਕਿਉਂ ਬਾਣੀ ਅੱਗੇ ਸੀਸ ਝਕਾਉਣਾ ਏ ਖਤਮ ਕਰੋ ਮੰਨੂੰ ਜਾਂ ਮੈਨੂੰ ਮਾਰ ਦਿਉ ਨਹੀਂ ਤਾਂ ਮੇਰੀ ਸੰਘੀ ਦੇ ਕਾਂ ਨੇ ਇੰਝ ਹੀ ਕੁਰਲਾਉਣਾ ਏ ...

11. ਰੈਡਕਲਿਫ

ਮੇਰੀ ਸਰਜ਼ਮੀਨ ਦੇ ਪਰਿੰਦੇ ਬੇਖੌਫ਼ ਹੀ ਰੈਡਕਲਿਫ ਤੋਂ ਪਾਰ ਹੋ ਆਉਂਦੇ ਨੇ ਨਨਕਾਣੇ ਸੀਸ ਝੁਕਾਉਂਦੇ ਨੇ ਲਾਹੌਰ ਦੀਆਂ ਬਾਤਾਂ ਪਾਉਂਦੇ ਨੇ ਪਰ ਇਹ ਦਾਗੇ ਨਹੀਂ ਜਾਂਦੇ ਇਹ ਕੈਦੀ ਨਹੀਂ ਹੁੰਦੇ ਕਿਉਂ ਜੋ.. ਇਹ ਮੱਥੇ ਤਿਲਕ ਨਹੀਂ ਲਾਉਂਦੇ ਸਿਰ ਦਸਤਾਰ ਨਹੀਂ ਸਜਾਉਦੇ ਇਹ ਵੋਟ ਨਹੀਂ ਪਾਉਂਦੇ!

12. ਲੀਰਾਂ ਦਾ ਗੁੱਡਾ

ਸਾਡੇ ਘਰ ਕੰਮ ਕਰਦੀ ਗੋਲੋ ਦੀ ਮਾਂ ਇਕ ਦਿਨ ਮੇਰੀ ਭੈਣ ਨੂੰ ਲੀਰਾਂ ਦਾ ਗੁੱਡਾ ਬਣਾ ਕੇ ਦੇ ਗਈ ਮੈਂ ਅਕਸਰ ਦੇਖਦੀ ਉਹ ਗੁੱਡੇ ਨੂੰ ਗਲ ਨਾਲ ਲਾਉਂਦੀ ਤਾਰਿਆਂ ਛਾਵੇਂ ਬਾਤਾਂ ਪਾਉਂਦੀ ਬਾਹਰ ਅੰਦਰ ਜਾਂਦੀ ਕੁੱਛੜ ਚੁੱਕ ਉਹਦੇ ਨਾਲ ਤੁਰ ਪੈਂਦੀ, ਇਕ ਦਿਨ ਮਾਂ ਨੇ ਲੀਰਾਂ ਦਾ ਗੁੱਡਾ ਉਧੇੜ ਕੇ ਇੰਨੂੰ ਬਣਾ ਲਿਆ ਤੇ ਮੱਸਿਆ ਦੇ ਮੇਲੇ ਤੋਂ ਰਬੜ ਦਾ ਗੁੱਡਾ ਲਿਆ ਕੇ ਮੇਰੀ ਭੈਣ ਦੀ ਬੁੱਕਲ ਧਰ ਤਾ ਤੇ ਕਹਿੰਦੀ ਲੀਰਾਂ ਦਾ ਗੁੱਡਾ ਤੇਰੇ ਬਾਕੀ ਖਿਡੌਣਿਆਂ ਦੇ ਮੇਚ ਦਾ ਨਹੀਂ , ਹੁਣ ਭੈਣ ਰਬੜ ਦੇ ਗੁੱਡੇ ਨੂੰ ਲਾੜ ਲੜਾਉਦੀ ਏ ਨਾਲ ਵੀ ਰੱਖਦੀ ਏ ਪਰ ਪਤਾ ਨਹੀਂ ਕਿਉਂ ਉਹਨੂੰ ਗਲ ਨਾਲ ਨਹੀਂ ਲਾਉਂਦੀ ਉਹਦੇ ਨਾਲ ਬਾਤਾਂ ਨਹੀਂ ਪਾਉਂਦੀ ਮੁੜ ਮੁੜ ਇੰਨੂੰ ਵੱਲ ਤੱਕਦੀ ਏ ਸ਼ਾਇਦ ਉਹਦੇ ਬੋਲ ਬਸ ਉਸੇ ਨੂੰ ਸਮਝ ਆਉਂਦੇ ਸੀ ....

13. ਮੜੀਆਂ

ਬੜੀ ਤਰਕਵਾਦੀ ਹਾਂ ਮੈਂ ਹਰ ਗੱਲ ਨੂੰ ਤਰਕ ਦੀ ਕਸਵੱਟੀ ਤੇ ਖਰਾ ਉਤਰਨਾ ਫਿਤਰਤ ਹੈ ਮੇਰੀ ਪਰ ਮੜੀਆਂ ਪੂਜਣ ਦੇ ਖਿਲਾਫ ਮੈਂ ਕਿੰਝ ਬੋਲਾਂ? ਆਖਿਰ ਮੇਰੀ ਜਵਾਨੀ ਇਕ ਪੱਥਰ ਨੂੰ ਹੀ ਤਾਂ ਸਮਰਪਿਤ ਰਹੀ ਵਰਿਆਂ ਤੀਕ ਪਾਕ ਮੁਹੱਬਤ ਦੀ ਕੱਚੀ ਲੱਸੀ ਨਾਲ ਪੂਜਦੀ ਰਹੀ ਪਰ ਵਰ ਨਾ ਮਿਲਿਆ ....

14. ਅੱਖਾਂ ਦੇ ਤਾਰੇ

ਜੋ ਸਾਹਾਂ ਦੇ ਨੇੜੇ ਅੱਖਾਂ ਦੇ ਤਾਰੇ ਨਹੀਂ ਭੁੱਲਣੇ ਹੋ ਸਕਦਾ ਮੈਂ ਭੁੱਲ ਜਾ ਖੁਦ ਨੂੰ ਪਰ ਯਾਰ ਪਿਆਰੇ ਨਹੀਂ ਭੁੱਲਣੇ ... ਭੁੱਲਣੀ ਨਹੀਂ ਉਡੀਕ ਜੋ ਯਾਰ ਮੇਰੇ ਕਾਲਜ ਦੇ ਗੇਟ ਤੇ ਖੜ ਕੇ ਕਰਦੇ ਸੀ ਮੇਰੇ ਬਿਨਾਂ ਕਿੱਦਾਂ ਤੁਰ ਪੈਂਦੇ ਮੋਹ ਜੋ ਜਾਨੋਂ ਵੱਧ ਕੇ ਕਰਦੇ ਸੀ ... ਕਿਤਾਬਾਂ ਤਾਂ ਮੈਂ ਹੁਣ ਵੀ ਪੜ ਲੈਂਦੀ ਹਾਂ ਪਰ ਕਦੇ ਕਦੇ ਉਹ ਦਿਨ ਚੇਤੇ ਕਰ ਲੈਂਦੀ ਹਾਂ , ਸਭ ਤੋਂ ਸੋਹਣੀ ਥਾਂ ਹੁੰਦੀ ਸੀ ਲਾਇਬਰੇਰੀ ਜਿੱਥੇ ਜਾਣ ਨੂੰ ਕਾਹਲੇ ਰਹਿੰਦੇ ਸੀ ਮਾਘ ਦੇ ਮਹੀਨੇ ਇਕ ਨੁੱਕਰੇ ਕੁਰਸੀਆਂ ਲਾ ਕੇ ਮੱਠੀ ਜਿਹੀ ਧੁੱਪ ਵਿੱਚ ਜਾ ਬਹਿੰਦੇ ਸੀ ਵਰਕੇ ਫਰੋਲਦੇ ਫਰੋਲਦੇ ਹਜ਼ਾਰਾਂ ਜਜ਼ਬਾਤ ਫਰੋਲ ਲੈਂਦੇ ਸੀ ... ਦੋਸਤੀ ਬਸ ਦੋਸਤੀ ਨਾ ਸੀ ਇਕ ਪਹਿਚਾਣ ਸੀ ਇਕੱਠਿਆਂ ਦੇ ਹੰਝੂ ਇਕੱਠਿਆਂ ਦੀ ਖਿੜਦੀ ਮੁਸਕਾਨ ਸੀ ... ਨਾ ਕੋਈ ਚੁਸਤ ਚਲਾਕੀ ਨਾ ਘਾਟੇ ਸੀ ਨਾ ਵਾਧੇ ਸੀ ਅਸੀਂ ਬੰਦੇ ਸਿੱਧੇ ਸਾਦੇ ਸੀ ਨਾ ਦੋ ਸੀ ਨਾ ਚਾਰ ਸੀ ਮੇਰੇ ਲਈ ਤਾਂ ਹਜ਼ਾਰ ਸੀ ... ਕੁਝ ਰਿਸ਼ਤੇ ਮੈਂ ਖੂਨ ਦੇ ਨਿਭਾਏ ਕੁਝ ਰਿਸ਼ਤੇ ਮੈਂ ਜੂਨ ਦੇ ਨਿਭਾਏ ਮੇਰੀ ਜਿੰਦਗੀ ਦੀ ਪੀਂਘ ਨੂੰ ਹੁਲਾਰਾ ਦੇ ਜਾਂਦੇ ਨੇ ਜੋ ਰਿਸ਼ਤੇ ਮੈਂ ਸਕੂਨ ਦੇ ਨਿਭਾਏ ... ਸਲਾਮ ਉਹਨਾਂ ਦੋਸਤਾਂ ਨੂੰ ਜੋ ਮੇਰੇ ਹਾਸੇ ਬਣੇ ਮੇਰੇ ਰੋਸੇ ਬਣੇ ਮੇਰੀ ਦੁਆ ਬਣੇ ਮੇਰੇ ਹਮਰਾਹ ਬਣੇ ਤਪਦੀਆਂ ਧੁੱਪਾਂ ਵਿੱਚ ਵੀ ਮੇਰੀ ਛਾਂ ਬਣੇ ...

15. ਕਲਮ

ਕੱਲ ਇਕ ਅਜ਼ੀਜ਼ ਦੋਸਤ ਨਾਲ ਮੁਲਾਕਾਤ ਹੋਈ ਸ਼ਹਿਰ ਦੇ ਸ਼ੋਰ ਤੋਂ ਦੂਰ ਮੈਂ ਤੇ ਉਹ ਕੁਦਰਤ ਦੀ ਬੁੱਕਲ ਵਿੱਚ ਬਹਿ ਗੱਲੀਂ ਪੈ ਗਈਆਂ ਕਹਿਣ ਲੱਗੀ 'ਤੇਰੇ ਵੱਲ ਆਉਦਿਆ ਮੈਂ ਤੱਕਿਆ ਇੱਟਾਂ ਦੇ ਭੱਠੇ ਤੇ ਬੋਝ ਨਾਲ ਢੂਹੀ ਝੁਕਾਉਂਦਾ ਬਜੁਰਗ ਕਾਮਾ, ਇੱਟਾਂ ਢੋਹਦੀ ਮਾਂ ਨੂੰ ਹੰਝੂ ਸੁੱਟ ਭੁੱਖ ਮਿਟਾਵਣ ਲਈ ਬੁਲਾਉਦਾ ਨਿਆਣਾ, ਮੈਂ ਸੋਚੀ ਪੈ ਗਈ ਗਰੀਬੀ ਏਡੀ ਸਜ਼ਾ ਕਿਉਂ? ਕਿ ਪੱਥਰ ਹੋ ਜਾਂਦੀ ਏ ਮਾਂ ਦੀ ਮਮਤਾ , ਪੈਰ ਘੜੀਸਦਾ ਰਹਿ ਜਾਂਦਾ ਏ ਬੁਢਾਪਾ, ਅਜ਼ਾਦੀ ਦਿਵਸ ਤੇ ਸੁਣਿਆ ਸੀ ਮੈਂ ਕਹਿੰਦਾ ਰਾਜ ਨੇਤਾ 'ਸਵੱਛ ਭਾਰਤ 'ਬਣਾਉ 'ਬੇਟੀ ਪੜਾਉ ਬੇਟੀ ਬਚਾਓ' ਸਾਡਾ ਵਾਅਦਾ 'ਘਰ ਘਰ ਨੌਕਰੀ ' ਤੜਕਸਾਰ ਅਖਬਾਰ ਦੇ ਪਹਿਲੇ ਪੰਨੇ ਨਜ਼ਰ ਪਈ ' ਨੌਕਰੀ ਦੇਣ ਲਈ ਰਿਸ਼ਵਤ ਮੰਗਣ ਤੇ ਪਰੇਸ਼ਾਨ ਸਰਕਾਰੀ ਸਕੂਲ ਦੇ ਪਿਛਵਾੜੇ ਬੋਹੜ ਨਾਲ ਫਾਹਾ ਲੈਣ ਆਏ ਨੌਜਵਾਨ ਨੇ ਕੂੜੇ ਦੇ ਢੇਰ ਵਿੱਚੋਂ ਕਾਗਜ਼ ਚੁਗਦੀ ਨਿੱਕੀ ਕੁੜੀ ਦੇ ਹੱਥ ਵਿੱਚ ਭਰੂਣ ਦੇਖਿਆ' ਤੇ ਉਪਰ ਤਿੰਨ ਰੰਗੀ ਨਹਿਰੂ ਟੋਪੀ ਲੈ ਕੇ ਰਾਜਨੇਤਾ ਹੱਥ ਜੋੜ ਕੇ ਖੜੇ ਮੁਸਕਰਾ ਰਹੇ ਸਨ .... ਇੰਨਾ ਆਖ ਚੁੱਪ ਹੋਈ ਮੇਰੀ ਦੋਸਤ 'ਕਲਮ' ਮੈਂ ਕਿਹਾ ਉਦਾਸ ਨਾ ਹੋ ਚਲ ਉੱਠ ਤੁਰ ਨਾਲ ਮੇਰੇ ਅਸੀਂ ਰਲਕੇ ਹੀ ਤਾਂ ਬਦਲਣਾ ਏ ਇਸ ਸਮੇਂ ਦੇ ਦੌਰ ਨੂੰ .....

16. ਧਰਤੀ

ਸੱਚ ਹੀ ਤਾਂ ਕਿਹਾ ਤੂੰ ਧਰਤੀ ਹੀ ਤਾਂ ਹਾਂ ਮੈਂ ਕਿੰਨਾ ਕੁਝ ਦਫਨ ਏ ਮੇਰੇ ਅੰਦਰ ਜੋ ਕਵਿਤਾ ਦੀਆਂ ਕਰੂੰਬਲਾਂ ਵਿਚੋਂ ਲਿਸ਼ਕ ਉਠਦਾ, ਸਮੇਂ ਦੇ ਨਾਲ ਸਮਾ ਜਾਂਦੀ ਏ ਰੀਤਾਂ ਨੇਮਾਂ ਇੱਜਤਾਂ ਅਣਖਾਂ ਦੇ ਮਾਰੂਥਲ ਵਿੱਚ ਮੇਰੇ ਜ਼ਜਬਿਆ ਦੀ ਕਲ ਕਲ ਕਰਦੀ ਨਦੀ ਕਦੇ ਆਵੀਂ ਜਰਾ ਛੂਹ ਕੇ ਦੇਖੀ ਤੈਨੂੰ ਮਿਲ ਹੀ ਜਾਵੇਗੀ ਮੋਟੇ ਕਣਾ ਚੋਂ ਰੀਝਾਂ ਦੀ ਸਿੱਲ ....

17. ਸੱਭਿਅਕ ਮਨੁੱਖ

ਅਸੀਂ ਕਿੰਨੇ ਸੱਭਿਅਕ ਹੋ ਗਏ ਹਾਂ ਕਿ ਅੱਜ ਕੱਲ੍ਹ ਢੋਅ ਰਹੇ ਹਾਂ ਸੋਲਵੀਂ ਸਦੀ ਦੀਆਂ ਪਰੰਪਰਾਵਾਂ ਤੇ ਨਾਲੋ ਨਾਲ ਇਕੀਵੀਂ ਸਦੀ ਦੀ ਆਧੁਨਿਕਤਾ , ਨਿੱਤ ਹੀ ਚਿਖਾ ਬਣਾਉਂਦੇ ਤੇ ਸਿਵਾ ਸੇਕਦੇ ਹਾਂ ਪੁਲਾੜੀ ਯੁੱਗ ਦੇ ਸਰਵ ਸ਼ਰੇਸ਼ਟ ਧਰਮੀ ਮਾਨਵ ਅਸੀਂ, ਜੇ ਏਦਾਂ ਹੀ ਤਰੱਕੀ ਕਰਦੇ ਰਹੇ ਤਾਂ ਨਿਸ਼ਚੇ ਹੀ ਇਕ ਦਿਨ ਹਰ ਘਰ ਕਬਰਸਤਾਨ ਵਿੱਚ ਬਦਲ ਦੇਵਾਂਗੇ, ਵਿਸ਼ਵ ਅਮਨ ਦੇ ਸਮਰਥਕ ਭਲਾ ਜੰਗ ਦੀਆਂ ਲਾਸਾਨੀ ' ਬਰਕਤਾਂ' ਨੂੰ ਕਿਵੇਂ ਸਮਝ ਸਕਦੇ ਨੇ! ਮਾਰੂ ਹੱਥਿਆਰਾਂ ਦੀਆਂ ਫੈਕਟਰੀਆਂ ਦੇ ਕਾਮੇ ਕੀ ਕਰਨਗੇ? ਡਾਕਟਰ, ਨਰਸ, ਰੈਡ ਕਰਾਸ ਵਾਲੇ ਤਾਂ ਭੁੱਖੇ ਮਰ ਜਾਣਗੇ... ਅੰਗਹੀਣ, ਯਤੀਮ, ਭੁੱਖਿਆਂ ਤੋਂ ਬਿਨਾਂ ਤਾਂ ਮਾਨਵ ਸੇਵਾ ਸੰਸਥਾਵਾਂ ਤੇ ਲਾਇਆ ਕਰੋੜਾਂ ਰੁਪਇਆ ਅਜਾਈ ਜਾਵੇਗਾ! ਕਿੰਨਾ ਚੰਗਾ ਹੋਵੇ ਜੇ ਕਤਲ, ਬਲਾਤਕਾਰ, ਦੰਗਿਆਂ ਨੂੰ ਮਸਾਲੇ ਲਾ ਕੇ ਦੱਸਣ ਦੀ ਥਾਂ ਹੱਲ ਲੱਭਿਆ ਜਾਵੇ.. ਪਰਮਾਣੂ ਹੱਥਿਆਰਾਂ ਦੀ ਥਾਂ ਫੁੱਲਾਂ ਦੇ ਬੀਜਾਂ ਦੀਆਂ ਨਸਲਾਂ ਖੋਜੀਆਂ ਜਾਣ.. ਦੰਭ, ਨਫ਼ਰਤ ਦੇ ਮਹਿਲ ਢਹਿ ਜਾਣ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ , ਅਜੇ ਹੁਣੇ ਤਾਂ ਸਿੱਖੀ ਏ ਅਸੀਂ ਆਪਣੇ ਹਮਸਾਇਆ ਦੇ ਖੂਨ ਦੀ ਹੋਲੀ ਖੇਡਣੀ .. ਆਦੀ ਮਾਨਵ ਨਹੀਂ ਹਾਂ ਅਸੀਂ ਜੋ ਪਸ਼ੂਆਂ ਦੀ ਬਲੀ ਦੇਵਾਂਗੇ ਅਸੀਂ ਤਾਂ ਸੱਤਾਂ ਦੀ ਬਲੀ ਚੜਾਉਦੇ ਹਾਂ ਜਿਉਂਦੇ ਬੰਦੇ ਤੇ ਬਾਹਰ ਭਾਫ਼ ਵੀ ਨਹੀਂ ਨਿਕਲਣ ਦਿੰਦੇ .. ਰੱਬ ਵੀ ਕੀ ਵਿਗਾੜ ਲਵੇਗਾ ਸਾਡਾ ਹੀਰੇ ਦੇ ਮੁਕਟ ਚੜਾ ਕੇ ਕਰਜਾਈ ਕਰ ਲਿਆ ਅਸੀਂ ਤੇ ਸੁਨਿਹਰੀ ਦੀਵਾਰਾਂ ਅੰਦਰ ਕੈਦ ਕਰ ਲਿਆ ਏ, ਯੋਗ ਸਾਧਨਾ ਸ਼ਾਤੀ ਨਹੀਂ ਦਿੰਦੀ ਵਿਸਕੀ ਦੀ ਬੋਤਲ ਤੇ ਬਲੂ ਫਿਲਮ ਹੀ ਕਾਫ਼ੀ ਏ ਦਿਨ ਭਰ ਦਾ ਥਕੇਵਾਂ ਲਾਹੁਣ ਲਈ, ਅੱਜ ਦਾ ਸੱਭਿਅਕ ਮਨੁੱਖ ਅਸੱਭਿਅਕ ਖੇਡਾਂ ਨਹੀਂ ਖੇਡਦਾ ਸ਼ੇਰ, ਚੀਤੇ ਮਾਰਨਾ ਵੀ ਕੋਈ ਸੂਰਮਗਤੀ ਏ ਅਸੀਂ ਤਾਂ ਆਪਣਿਆਂ ਦੀ ਪੁੜਪੜੀ ਵਿੱਚ ਗੋਲੀ ਦਾਗ ਦਿੰਦੇ ਹਾਂ , ਕਾਗਜ਼ੀ ਪੁਤਲੇ ਨਹੀਂ ਜਿਉਂਦੇ ਮਨੁੱਖ ਸਾੜਦੇ ਹਾਂ, ਕੋਈ ਵੀ ਮੁਲਕ ਸਾਡੀ ਰੀਸ ਕਿਵੇਂ ਕਰੂ ਅਸੀਂ ਵਿਕਾਸ ਦੇ ਉਸ ਰਾਹ ਤੇ ਹਾਂ ਕਿ ਸਾਡੇ ਤੋਂ ਬਾਅਦ ਕਿਸੇ ਸੱਭਿਅਤਾ ਦੀ ਹੋਂਦ ਹੀ ਨਹੀਂ ਹੋਣੀ .. ਇਹ ਕਿਹੋ ਜਿਹਾ ਸੱਭਿਆਚਾਰਕ ਵਿਕਾਸ ਹੈ ਕਿ ਬਹਿਲਾ ਰਹੀ ਏ ਦਰੋਪਤੀ ਚਿੱਤ ਦੁਰਯੋਧਨ ਦਾ ਤੇ ਅਣਡਿੱਠਾ ਕਰ ਰਹੀ ਏ ਅੱਖ ਅਰਜਨ ਦੀ!

18. ਬੇਵਫਾ

ਮੇਰੀ ਕਵਿਤਾ ਬੜੀ ਬੇਵਫਾ ਨਿਕਲੀ ਸ਼ਿਵ ਦੀ ਬੁੱਕਲ ਵਿੱਚ ਜਵਾਨ ਹੋਈ ਤੇ ਹੁਣ ਆਖਦੀ ਏ ਮੈਂ ਪਾਸ਼ ਦੀ ਉਂਗਲ ਫੜਕੇ ਤੁਰਨਾ ਏ, ਮੈਂ ਆਖਦੀ ਹਾਂ ਇੰਝ ਨਹੀਂ ਕਰੀਦਾ , ਕਹਿੰਦੀ ਮੈਂ ਸ਼ਿਵ ਦੀ ਪੀੜ ਲੈ ਆਈ ਹਾਂ ਤੇ ਪਾਸ਼ ਦੀ ਤਿੱਖੀ ਨੁੱਕਰ ਵਾਲੀ ਕਲਮ ਵਿੱਚ ਸਿਆਹੀ ਵਾਂਗ ਘੋਲ ਕੇ ਲਿਖਾਂਗੀ ਇਕ ਨਵੀਂ ਕਵਿਤਾ ...

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ