Punjabi Poetry : Mandeep Singh Chhiniwal
ਪੰਜਾਬੀ ਕਵਿਤਾਵਾਂ : ਮਨਦੀਪ ਸਿੰਘ ਛੀਨੀਵਾਲ
ਓਪਰੀ-ਨ੍ਹੇਰੀ
ਦਿਖਣੇ ਕਿਸੇ ਨੂੰ ਕੀ ਸੱਜਣਾ, ਇਹ ਅੱਖਾਂ ਵਿੱਚ ਈ ਸੁੱਕ ਜਾਂਦੇ !! ਮੇਰੇ ਹੰਝੂਆਂ ਦੇ ਕਿੱਸੇ ਵੇ, ਸ਼ੁਰੂਆਤ ਤੋਂ ਪਹਿਲਾਂ ਮੁੱਕ ਜਾਂਦੇ !! ਹੱਸਦੇ- ਹੱਸਦੇ ਸੱਜਣ ਏਦਾਂ, ਜਦੋਂ ਫੇਰ ਨੇ ਮੁੱਖ ਜਾਂਦੇ !! ਕਿਸੇ ਓਪਰੀ ਨ੍ਹੇਰੀ ‘ਚ, ਜਿਵੇਂ ਕੰਬ ਨੇ ਰੁੱਖ ਜਾਂਦੇ !! ਜਿੰਨਾ ਮਰਜੀ ਭਰਲੋ ਪਾਣੀ, ਫਿਰ ਵੀ ਡੁੱਲ੍ਹ ਨੇ ਬੁੱਕ ਜਾਂਦੇ !! ਕੁਝ ਰਿਸ਼ਤੇ ਵੀ ਹੁੰਦੇ ਐਸੇ, ਨਾ ਚਾਹੁੰਦੇ ਹੱਥੋਂ ਛੁੱਟ ਜਾਂਦੇ !! ਚਿਤ੍ਰਗੁਪਤ ਦੇ ਲਿਖੇ ਕਰਮ ਵੀ, ਪਲ-ਛਿਣ ਵਿੱਚ ਹੀ ਫੁੱਟ ਜਾਂਦੇ !! ਵਾਅਦੇ ਬੇ-ਬੁਨਿਆਦੀ ਜਦ ਨੇ, ਹਾਏ ! ਕੱਚੀ ਉਮਰੇ ਟੁੱਟ ਜਾਂਦੇ !! ਨਵੀਂ ਲਿਆਂਦੀ ਕਾਪੀ ਚੋਂ, ਜਿਉਂ ਪੱਟੇ ਪੇਜ ਜੜੁੱਤ ਜਾਂਦੇ !! ਦੇਹਾਂ ਫੁਰਤੀਲੀਆਂ ਵਾਲੇ ਵੀ, ਇਉਂ ਪਲੋ-ਪਲੀ ਬਣ ਬੁੱਤ ਜਾਂਦੇ !!
ਮੂਲ/ਵਿਆਜ
ਮਿੱਟੀ ਆਪਣੀ ਦੇ ਕੋਲੋਂ, ਦੂਰ ਹੋਕੇ ਬੈਠੇ ਆਂ। ਜੋੜਿਆ ਵਿਆਜ ਵਾਧੂ, ਮੂਲ ਖੋ’ਕੇ ਬੈਠੇ ਆਂ। ਸੀ ਸ਼ਹਿਦ ਦਿਆਂ ਸੁਫ਼ਨਿਆਂ ਨਾਲ਼ ਲਬਰੇਜ ਅੱਖਾਂ, ਤੇ ਮਧੂ-ਮੱਖੀਆਂ ਦੇ ਛੱਤਿਆਂ ਚੋਂ ਜ਼ਹਿਰ ਚੋਅਕੇ ਬੈਠੇ ਆਂ। ਦੁਸ਼ਮਣਾਂ ਬੜੀ ਹੀ ਲਿਹਾਜ਼ ਚੰਗੀ ਵਰਤੀ, ਆਪਣਿਆਂ ਕੋਲੋਂ ਅਸੀਂ ਖਾਕੇ ਧੋਖੇ ਬੈਠੇ ਆਂ। ਦਿਲ ਵਿੱਚ ਜਿਹੜੀ ਤਸਵੀਰ ਹੈ ਪੰਜਾਬ ਦੀ, ਉਹਨੂੰ ਅੱਜ ਹੰਝੂਆਂ ਦੇ ਨਾਲ਼ ਧੋਕੇ ਬੈਠੇ ਆਂ।
ਅੱਖਾਂ
ਵਿਰਲਾ ਹੀ ਕੋਈ ਬੁੱਝ ਸਕਦਾ ਏ, ਪਾਉਂਦੀਆਂ ਜੋ ਬੁਝਾਰਤ ਅੱਖਾਂ। ਹੋਸ਼ ਗਵਾ ਲੈਣ ਚੰਗੇ-ਚੰਗੇ, ਕਰਦੀਆਂ ਜਦ ਸ਼ਰਾਰਤ ਅੱਖਾਂ। ਉਂਝ “ਮੱਕੇ” ਦੀ ਇੱਜ਼ਤ ਪੂਰੀ, ਪਰ ਸਾਡੇ ਲਈ ਜ਼ਿਆਰਤ ਅੱਖਾਂ। ਅਸੀਂ ਤੇ ਦੇਖਣ ਦਾ ਕੰਮ ਲਈਏ, ਉਹਦੇ ਲਈ ਤਜਾਰਤ ਅੱਖਾਂ। ਨਾਮਕਰਨ ਦਾ ਵੇਲਾ ਆਇਆ, ਰੱਖਿਆ ਨਾਮ, ਕਿਆਮਤ ਅੱਖਾਂ। ਕੋਲ਼ੋਂ ਰੰਗ ਨਹੀਂ ਭਰ ਹੁੰਦੇ ਇਹ, ਰੱਬ ਦੀ ਹੋਣ ਨਿਆਮਤ ਅੱਖਾਂ। ਨੀਝ ਲਾਕੇ ਜੇ ਤੱਕ ਲਈਏ, ਫੇਰ ਨਾ ਦੇਣ ਜ਼ਮਾਨਤ ਅੱਖਾਂ। ਜਿਨ੍ਹਾਂ ਲਈ ਅਸੀਂ ਬਣ ਗਏ ਤਾਰੇ, ਰੱਬਾ ਰਹਿਣ ਸਲਾਮਤ ਅੱਖਾਂ।
ਢਕਵੰਜ
ਉੱਪਰੋਂ ਦੇਣੀ ਹੱਲਾਸ਼ੇਰੀ, ਦਿਲ ਵਿੱਚ ਰੱਖਣੀ ਖ਼ਾਰ ਹੋਵੇ, ਲੋਕਾਂ ਵਾਂਗੂੰ ਸਾਡੇ ਕੋਲੋਂ, ਹੁੰਦੇ ਇਹ ਢਕਵੰਜ ਨਹੀਂ। ਮੌਕਾ ਵੇਖਕੇ ਡੰਗ ਮਾਰਨਾ, ਕੰਮ ਬੰਦਿਆਂ ਤੇ ਨਾਗਾਂ ਦਾ, ਫ਼ਰਕ ਸਿਰਫ ਏਨਾ ਕਿ ਹੁੰਦੀ ਬੰਦਿਆਂ ਪਿੰਡੇ ਕੰਜ ਨਹੀਂ। ਮਿਹਨਤ ਨਾਲ਼ ਹੀ ਭਰ ਹੁੰਦੇ, ਕਿਸਮਤ ਦੇ ਡੂੰਘੇ ਟੋਏ ਨੇ, ਰੋ-ਰੋ ਵਕ਼ਤ ਗਵਾਉਂਦੇ ਨਾ, ਬੀਤੇ ‘ਤੇ ਕਰਦੇ ਰੰਜ ਨਹੀਂ। ਰਿਸ਼ਤੇ ਹੁਣ ਤਾਂ ਸੌਦੇ ਬਣ ਗਏ, ਕਦਰ ਰਹੀ ਨਾ ਭੋਰਾ ਵੀ, 15-20 ਲੱਖ ਘੱਲੋ ਪਹਿਲਾਂ, ਨਈਂ ਤੇ ਆਉਣੀ ਜੰਝ ਨਹੀਂ। ਮਨ ਦੀ ਮੈਲ਼ ਨੂੰ ਧੋ ਲੈ ਸੱਜਣਾ, ਨੀਵਾਂ ਹੋਕੇ ਦਿਨ ਕੱਟ ਲੈ, ਬਿਨ ਦੱਸਿਆਂ ਤੁਰ ਜਾਣਾ ਈ, ਗੱਡਿਆ ਪੱਕਾ ਵੰਝ ਨਹੀਂ।
ਇਸ਼ਕ ਅਗਨ
ਦਰਦਾਂ ਦੇ ਵਿੱਚ ਡੁੱਬੇ ਵੀ, ਤੇ ਵਕਤੋਂ ਖਾਧੇ ਠੁੱਡੇ ਵੀ, ਢਹਿ-ਢੇਰੀ ਵੀ ਹੋਏ ਆਂ, ਤੇ ਦੁੱਖ ਪਾਏ ਨੇ ਮੂਧੇ ਵੀ। ਅਸੀਂ ਆਪੇ ਬਣਕੇ ਸੀਨਾ, ਖੰਜਰ ਵੀ ਆਪੇ, ਦਿਲ ਆਪਣੇ ਵਿੱਚ ਵਾਰੋ-ਵਾਰੀ ਖੁੱਭੇ ਵੀ। ਯਾਦ ਤੇਰੀ ਦਾ ਬੋਝ ਢੋਂਦਿਆਂ-ਢੋਂਦਿਆਂ ਨੀ, ਹੋ ਗਏ ਹਾਂ ਹੁਣ ਅਕਲੋਂ-ਅਸਲੋਂ ਕੁੱਬੇ ਵੀ। ਫੇਰ ਹੀ ਸਾਨੂੰ ਮਿਲਣਾ ਚਾਨਣ ਖੁਸ਼ੀਆਂ ਦਾ, ਪਹਿਲਾਂ ਤੇਰੇ ਹਿਜਰ ਦਾ ਸੂਰਜ ਡੁੱਬੇ ਵੀ। ਕਿ ਤੇਰਾ ਮਖ਼ਮਲੀ ਹਾਸਾ ਅੱਖਾਂ ਠਾਰ ਦਵੇ, ਪਰ ਇੱਕੋ ਵੇਲੇ ਸੂਲਾਂ ਵਾਂਗੂੰ ਚੁਭੇ ਵੀ। ਜਾਣਦੇ ਹੋਏ ਕਿ ਮੱਚਕੇ-ਸੜਕੇ ਮਰ ਜਾਣਾ, ਨਾਂਅ ਤੇਰਾ ਲੈ ਇਸ਼ਕ ਅਗਨ ਵਿੱਚ ਕੁੱਦੇ ਵੀ।
ਕੋਈ ਹੋਰ
ਕਿਸੇ ਤੀਜੇ ਕਰਕੇ ਫ਼ਰਕ ਦੋਹਾਂ ਵਿੱਚ ਪੈ ਜਾਵੇ, ਤਾਂ ਸਮਝ ਲਵੀਂ ਕਿ ਰਿਸ਼ਤਾ ਹੀ ਕਮਜ਼ੋਰ ਹੋਣਾ। ਜੋ ਨਾ ਦਏ ਸਕੂਨ ਤੇ ਨਾ ਹੀ ਠੰਡਕ ਹਿਰਦੇ ਨੂੰ, ਗੀਤ ਨਹੀਂ ਹੋਣਾ ਉਹ ਫਿਰ, ਕੇਵਲ ਸ਼ੋਰ ਹੋਣਾ। ਉਂਝ ਤਾਂ ਸੱਜਣ ਨੂੰ ਵੀ, ਕਹਿ ਦਿੰਦੇ ਦਿਲ ਦਾ ਚੋਰ, ਪਰ ਜਿਹੜਾ ਖੋਹਵੇ ਹਾਸੇ, ਉਹ ਤਾਂ ਸੱਚੀਂ ਚੋਰ ਹੋਣਾ। ਸੌਖਾ ਨਹੀਓਂ ਹੁੰਦਾ, ਗਲ਼ ਵਿੱਚ ਫਾਹਾ ਪਾ ਲੈਣਾ, ਐਂਵੇ ਨਾ ਲਾਓ ਅੰਦਾਜ਼ੇ, ਨਹੀਂ ਚੱਲਦਾ ਜ਼ੋਰ ਹੋਣਾ। ਖ਼ੈਰ ਮਿਲੇ ਤੋਂ ਖੁਸ਼ ਹੋਵੇ, ਹੋਏ ਉਦਾਸ ਦੁਰਕਾਰੇ ਤੋਂ, ਫ਼ੱਕਰ ਤਾਂ ਨਹੀਂ ਹੋਣਾ, ਉਹ ਕੋਈ ਹੋਰ ਹੋਣਾ।
ਸਤਿ-ਬਚਨ
ਪਹਿਲਾਂ ਦਿਲ ਦੀ ਧੜਕਨ ਸੈਂ, ਹੁਣ ਹੰਝੂ ਬਣ ਗਿਆ ਏਂ, ਨਿਰੀ ਝੂਠ ਇਹ ਗੱਲ, ਕਿ ਤੂੰ ਹੁਣ ਮੇਰੇ ਕੋਲ ਨਹੀਂ। ਲਿਖਣਾ ਚਾਹਵਾਂ ਤੈਨੂੰ ਕੁੱਝ, ਬੜਾ ਕੁੱਝ ਕਹਿਣਾ ਵੀ, ਪਰ ਟੁੱਟ ਜਾਂਦੀਆਂ ਕਲਮਾਂ, ਸਾਥ ਨਿਭਾਉਂਦੇ ਬੋਲ ਨਹੀਂ। ਕੀ ਹੋਇਆ ਅੱਜ ਗ਼ੈਰ ਜੇ ਹੋਏ, ਕਦੇ ਤਾਂ ਤੇਰੇ ਹੁੰਦੇ ਸਾਂ, ਯਾਦਾਂ ਨੂੰ ਚਾਹੇ ਖੂੰਜੇ ਸੁੱਟ, ਪਰ ਪੈਰਾਂ ਹੇਠ ਮਧੋਲ ਨਹੀਂ। ਗੁੱਸੇ-ਗਿਲੇ ਜੇ ਹੋਵਣ ਵੀ ਤਾਂ, ਘਰ ਬਹਿਕੇ ਸੁਲਝਾਈਦੇ, ਜੇਕਰ ਰਾਜੀ-ਵਾਜੀ ਵੀ ਤਾਂ, ਗਲ਼ ਵਿੱਚ ਪਾਈਏ ਢੋਲ ਨਹੀਂ। ਰੱਖਣੀ ਏ ਤਾਂ ਤੁਰ ਪੈ ਨਾਲ, ਨਹੀਂ ਤਾਂ ਪਿੱਛੇ ਮੁੜਜਾ ਤੂੰ, ਸਿੱਧੀ ਜਿਹੀ ਹੁਣ ਗੱਲ ਨਿਬੇੜ, ਕਰ ਐਂਵੇ ਗੋਲ-ਮੋਲ ਨਹੀਂ। ਭਲੇ ਵੇਲੇ ਦੀਆਂ ਗੱਲਾਂ ਹੁਣ ਤੇ, ਸਤਿ-ਬਚਨ ਕਹਿ ਮੰਨੀ ਜਾਣਾ, ਨਾਲ ਵਕਤ ਦੇ ਬਦਲ ਗਏ ਹਾਂ, ਹੁਣ ਪਹਿਲਾਂ ਵਾਂਗੂ ਸੋਹਲ ਨਹੀਂ।
ਹਾਰਾਂ ਦੀ ਸਦਾ ਜਿੱਤ
ਬੇਚੈਨੀਆਂ, ਬੇਬਸੀਆਂ ਹੀ ਰਹੀਆਂ ਮੇਰੇ ਨਾਲ ਸਦਾ, ਬਸ ਕਿਸਮਤ ਹੀ ਨਾ ਮਿੱਤ ਹੋਈ। ਮੇਰੀ ਜ਼ਿੰਦਗੀ ਵੀ ਯਾਰਾ ਬਸ ਕੁਝ ਐਸੀ ਰਹੀ, ਜਿੱਥੇ ਹਾਰਾਂ ਦੀ ਸਦਾ ਜਿੱਤ ਹੋਈ। ਮੇਰੀ ਦਰਦ ਕਹਾਣੀ, ਸੱਚੀ ਹੋਕੇ ਵੀ ਤੁਕਬੰਦੀ ਰਹੀ, ਉਹਦੀ ਝੂਠੀ ਤੁਕਬੰਦੀ, ਇੱਕ ਮਸ਼ਹੂਰ ਕਬਿੱਤ ਹੋਈ। ਤੇਰੇ ਹੱਕਾਂ ਉੱਤੇ ਡਾਕਾ ਵੱਜਿਆ ਏ ਜੇ ਅੱਜ-ਕੱਲ੍ਹ ਹੀ, ਸਾਡੇ ਨਾਲ, ਜਦੋਂ ਦੇ ਜੰਮੇ, ਇਹ ਧੱਕੇਸ਼ਾਹੀ ਨਿੱਤ ਹੋਈ। ਜਿਹੜੇ ਦਿਨ ਤੂੰ ਵਿਛੜਿਆ, ਸੀ ਮੇਰੇ ਲਈ ਹਸ਼ਰ ਉਹੋ, ਮੈਂ ਸੁਣਿਆ ਤੇਰੇ ਲਈ, ਉਹ ਘੜੀ ਸਦੀਵੀ ਤਿੱਥ ਹੋਈ। ਕਈ ਸਵਖਤੇ ਤੁਰਕੇ ਹੀ, ਆਥਣ ਤਾਈਂ ਮੰਜ਼ਿਲ ਪਹੁੰਚ ਗਏ, ਕੁਝ ਅਸੀਂ ਹਾਂ, ਇੰਨੇ ਸਾਲਾਂ ਤੋਂ, ਇੱਕ ਮੰਜ਼ਿਲ ਹੀ ਨਾ ਮਿੱਥ ਹੋਈ।
ਨਗ਼ਮਾ
ਕੋਈ ਨਗ਼ਮਾ ਮੁਹੱਬਤ ਦਾ, ਹੁਣ ਤੇ ਛੇੜ ਨਹੀਂ ਹੁੰਦਾ। ਨਹੀਂ ਫੁੱਟਦਾ ਕੁੱਝ ਵੀ ਕਲਮੋਂ, ਨਸ਼ਾ ਜਿੰਨੀ ਦੇਰ ਨਹੀਂ ਹੁੰਦਾ। ਨਾ ਇਹੇ ਉਹ ਨਸ਼ਾ ਜੋ ਦੁਨੀਆਂ ਵਿੱਚ ਨੁਕਸਾਨ ਕਰਦਾ ਏ, ਇਹ ਤਾਂ ਹੈ ਜਾਮ ਰੂਹਾਨੀ, ਜੀਹਦੇ ਕੋਈ ਨੇੜ ਨਹੀਂ ਹੁੰਦਾ। ਘੜ ਲਏ ਸਭ ਅਸੂਲ ਤੈਂ, ਬਸ ਆਪਣੇ ਹੀ ਫਾਇਦੇ ਲਈ, ਦਿਲਾਂ ਦੇ ਸੌਦਿਆਂ ਵਿੱਚ ਤਾਂ, ਕਦੀ ਹੇਰ-ਫ਼ੇਰ ਨਹੀਂ ਹੁੰਦਾ। ਐਸਾ ਉਲਝੇ ਅਸੀਂ, ਇਹ ਜ਼ਿੰਦਗੀ ਦੇ, ਤਾਣੇ-ਬਾਣੇ ‘ਚ, ਰੋਣਾ ਚਾਹੀਏ ਵੀ ਤਾਂ, ਕੋਈ, ਹੰਝੂ ਕੇਰ ਨਹੀਂ ਹੁੰਦਾ। ਇਹ ਰੰਗ ਭਗਵਾਂ ਜੋ ਤੈਨੂੰ ਭਾਵੇ, ਬਸ ਓਨੀ ਹੀ ਦੇਰ ਹੈ, ਜਿੰਨਾ ਚਿਰ ਤੂੰ ਇਹਨਾਂ ਦੇ ਵਿੱਚ ‘ਕੱਲਾ ਘੇਰ ਨਹੀਂ ਹੁੰਦਾ। ਬੜਾ ਡੁੱਲ੍ਹਿਆ ਜਿਗਰ ਦਾ ਖ਼ੂਨ ਤੇ ਹੰਝੂ ਵਹੇ ਕਿੰਨੇ, ਹੁਣ ਇਹ ਖੂਹਾ ਇਸ਼ਕੇ ਦਾ, ਅਸਾਂ ਤੋਂ ਗੇੜ੍ਹ ਨਹੀਂ ਹੁੰਦਾ। ਬੰਦਾ ਤਾਂ ਹੀ ਡਿੱਗਦਾ ਏ ਜੇਕਰ ਹੌਂਸਲਾ ਹਾਰੇ, ਸਿਰਫ਼ ਸੱਟਾਂ ਨਾਲ ਤਾਂ ਕੋਈ ਵੀ ਢੇਰ ਨਹੀਂ ਹੁੰਦਾ।
ਸਲਾਮ
ਧੁੱਪਾਂ ਨੇ ਸੀ ਜ਼ੋਰ ਲਾਇਆ, ਹਿੰਮਤਾਂ ਨੂੰ ਤੋੜਨੇ ਦਾ, ਪਰ ਜਿਨ੍ਹਾਂ ਨੇ ਬਚਾਇਆ, ਉਹਨਾਂ ਛਾਵਾਂ ਨੂੰ ਸਲਾਮ ਏ। ਮੰਜ਼ਿਲ ਤਾਂ ਇੱਕ ਦਿਨ ਮਿਲ ਹੀ ਏ ਜਾਣੀ ਯਾਰਾ, ਜਿਨ੍ਹਾਂ ਇੱਥੇ ਤਾਈਂ ਪਹੁੰਚਾਇਆ, ਉਹਨਾਂ ਰਾਹਵਾਂ ਨੂੰ ਸਲਾਮ ਏ। ਘਰੇ ਰੋਟੀ ਘੱਟ ਹੋਵੇ, ਆਖ ਦੇਵੇ ਭੁੱਖ ਹੈਨੀ, ਤਿਆਗ ਦੀਆਂ ਮੂਰਤਾਂ, ਮਾਵਾਂ ਨੂੰ ਸਲਾਮ ਏ। ਜਿਹੜੇ ਇੱਕ ਤੱਕਣੀ ਨਾ’ ਲੱਖਾਂ ਦਿਲ ਲੁੱਟ ਲੈਂਦੇ, ਐਸੀਆਂ ਉਹ ਸੂਰਤਾਂ, ਅਦਾਵਾਂ ਨੂੰ ਸਲਾਮ ਏ। ਜਦੋਂ ਵੀ ਨੇ ਜ਼ਿੰਦਗੀ ‘ਚ ਤਲਖ਼ੀਆਂ ਵਧੀਆਂ, ਯਾਰਾਂ ਮੇਰਿਆਂ ਜੋ ਕਰੀਆਂ, ਦੁਆਵਾਂ ਨੂੰ ਸਲਾਮ ਏ। ਦੁੱਖਾਂ ਦੇ ਸਮੁੰਦਰਾਂ ‘ਚ ਜਦੋਂ ਵੀ ਤੂਫ਼ਾਨ ਆਇਆ, ਸਾਡੇ ਹੱਕ ‘ਚ ਜੋ ਖੜੀਆਂ, ਹਵਾਵਾਂ ਨੂੰ ਸਲਾਮ ਏ।
ਤਾਰੀਫ਼ਾਂ ਦੇ ਨਹੀਂ ਭੁੱਖੇ ਹੁੰਦੇ
ਤਾਰੀਫ਼ਾਂ ਦੇ ਨਹੀਂ ਭੁੱਖੇ ਹੁੰਦੇ ਯੋਧੇ ਮਿੱਤਰਾ, ਗੀਤ ਨਹੀਓਂ ਬਣਦੇ ਗੱਦਾਰਾਂ ‘ਤੇ ਕਦੇ। ਜਿੰਨੀ ਛੇਤੀ ਹੋਜੇ ਪੈਣਾ ਇਹਨੂੰ ਦਫ਼ਾ ਕਰਨਾ, ਇਸ ਭਗਵੇਂ ਜਿਹੇ ਰੰਗ ਨੇ ਨਾ ਨਫ਼ਾ ਕਰਨਾ, ਆਪਣੀ ਰੋਟੀ ਦਾ ਕਰ ਆਪ ਤੂੰ ਫ਼ਿਕਰ, ਟੇਕ ਨਾ ਤੂੰ ਲਾ ਲਈਂ ਸਰਕਾਰਾਂ ‘ਤੇ ਕਿਤੇ। ਤਾਰੀਫ਼ਾਂ ਦੇ ਨਹੀਂ ਭੁੱਖੇ ਹੁੰਦੇ ਯੋਧੇ ਮਿੱਤਰਾ, ਗੀਤ ਨਹੀਓਂ ਬਣਦੇ ਗੱਦਾਰਾਂ ‘ਤੇ ਕਦੇ। ਸਿੰਜੀ ਖ਼ੂਨ ਨਾਲ ਧਰਤੀ ਨੇ ਸੌਖਿਆਂ ਨਹੀਂ ਸੁੱਕਣਾ, ਬਾਬੇ ਨਾਨਕ ਦਾ ਦੇਸ਼ ਇਹ ਮੁਕਾਇਆਂ ਨਈਓਂ ਮੁੱਕਣਾ, ਜੇ ਦੇਖਣਾ ਪੰਜਾਬ, ਖ਼ੁਦ ਲੋਕਾਂ ‘ਚ ਵਿਚਰ, ਐਵੇਂ ਕਰੀਂ ਨਾ ਭਰੋਸਾ ਅਖਬਾਰਾਂ ‘ਤੇ ਕਿਤੇ। ਤਾਰੀਫ਼ਾਂ ਦੇ ਨਹੀਂ ਭੁੱਖੇ ਹੁੰਦੇ ਯੋਧੇ ਮਿੱਤਰਾ, ਗੀਤ ਨਹੀਓਂ ਬਣਦੇ ਗੱਦਾਰਾਂ ‘ਤੇ ਕਦੇ। ਕਰ ਕਿਸੇ ਨਾਲ ਧੋਖਾ, ਨਾ ਤੂੰ ਦਿਲੋਂ ਲਹਿ ਜਾਵੀਂ, ਰੱਖੀਂ ਸਬਰ, ਨਾ ਪੁੱਠੇ ਕਿਸੇ ਰਾਹ ਪੈ ਜਾਵੀਂ, ਚਾਹੇ ਘੱਟ ਜੁੜੇ ਪੈਸਾ, ਚਾਹੇ ਦੇਰ ਨਾ’ ਸਹੀ, ਦਵੀਂ ਲੱਗਣ ਨਾ ਦਾਗ਼ ਕਿਰਦਾਰਾਂ ‘ਤੇ ਕਿਤੇ। ਤਾਰੀਫ਼ਾਂ ਦੇ ਨਹੀਂ ਭੁੱਖੇ ਹੁੰਦੇ ਯੋਧੇ ਮਿੱਤਰਾ, ਗੀਤ ਨਹੀਓਂ ਬਣਦੇ ਗੱਦਾਰਾਂ ‘ਤੇ ਕਦੇ।
ਦਾਜ
ਉਹੋ ਵਿੱਚ ਅਖ਼ਬਾਰਾਂ ਦੇ ਨਹੀਂ ਛਪਦੇ, ਜੀ ਮਾਮਲੇ ਜੋ ਐਸੇ ਲੁੱਟਾਂ ਦੇ। ਜਿਨ੍ਹਾਂ ਸਾਕ ਦੇ ਨਾਂ ‘ਤੇ ਸੌਦੇ ਕਰਕੇ, ਮੁੱਲ ਵੱਟੇ ਧੀਆਂ-ਪੁੱਤਾਂ ਦੇ। ਸੋਨੇ ਦੇ ਹੀ ਖ਼ੌਰੇ ਬਣ ਜਾਂਦੇ ਨੇ, ਇਹ ਬਾਹਰਲੇ ਮੁਲਕ ਪੜ੍ਹਕੇ। ਭਾਂਵੇ ਹੋਵੇ “ਪ੍ਰਧਾਨ” ਗੁਰੂ ਘਰ, ਤਾਂ ਵੀ ਦਾਜ ਲੈਂਦੇ ਵੱਧ-ਚੜ੍ਹਕੇ। ਮੂੰਹ ਅੱਡਦੇ ਨੇ ਵੱਡਾ, ਭੁੱਖੇ ਲਾਲਚ ਦੇ, ਆਉਂਦੀ ਜਿਵੇਂ ਸੰਗ ਕੋਈ ਨਾ। ਕਹਿੰਦੇ 15 ਕੁ ਲੱਖ ਝੋਲੀ ਪਾ ਦਿਓ, ਤੇ ਹੋਰ ਸਾਡੀ ਮੰਗ ਕੋਈ ਨਾ। ਨਾਲੇ ਵਿਆਹ ‘ਤੇ ਖਰਚ ਚੰਗਾ ਕਰਦੋ, ਕਸਰ ਕੋਈ ਰਹਿ ਨਾ ਜਾਏ। ਅਖੇ ਮੁੰਡੇ ਦੇ ਨੇ ਗਾਹਕ ਬਥੇਰੇ, ਕਿ ਹੋਰ ਕੋਈ ਲੈ ਨਾ ਜਾਵੇ। ਜ਼ੁਬਾਨ ‘ਤੇ ਨਾ ਖੜੇ ਇੱਕ ਮਹੀਨਾ, ਕੀ ਉਮਰਾਂ ਲਈ ਨਾਲ਼ ਖੜੋਂਗੇ? ਜੇ ਤੁਸੀਂ ਪੈਸਿਆਂ ਦੇ ਲਈ ਜੋੜੋਂ ਰਿਸ਼ਤਾ, ਤਾਂ ਫੇਰ ਵੀ ਇਹਦੇ ਲਈ ਲੜੋੰਗੇ। ਥੋਡੀ ਹੈਨੀ ਕੋਈ ਧੀ-ਭੈਣ ਆਪਣੀ, ਤਾਂ ਫੇ’ ਇੱਜ਼ਤਾਂ ਦੀ ਸਾਰ ਕੀ ਹੋਣੀ। ਜੀਹਦੀ ਘਰ ਵਿੱਚ ਹੈਨੀ ਕੋਈ ਇੱਜ਼ਤ, ਤਾਂ ਦੱਸੋ ਫਿਰ ਬਾਹਰ ਕੀ ਹੋਣੀ ?
ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ
ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ, ਤੇ ਅੰਬਰਾਂ ਨੂੰ ਚੀਰਦੇ ਜੈਕਾਰੇ ਸਿੰਘਾਂ ਦੇ। ਸਾਊ ਵੀ ਏ ਪੂਰਾ ਨਾਲ਼ੇ ਜੋਸ਼ ‘ਚ ਕੋਈ ਤੋੜ ਨਾ, ਜੇ ਓਟ ਮਿਲੇ ਗੁਰੂ ਦੀ ਤਾਂ ਹੋਰ ਕੋਈ ਲੋੜ ਨਾ। ਅਫ਼ਗ਼ਾਨ ਤੱਕ ਸਿੱਕਾ ਵੀ ਚਲਾਇਆ ਹੋਇਆ ਏ, ਜੰਗਲਾਂ ‘ਚ ਦਿਨ ਵੀ ਗੁਜ਼ਾਰੇ ਸਿੰਘਾਂ ਨੇ। ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ, ਤੇ ਅੰਬਰਾਂ ਨੂੰ ਚੀਰਦੇ ਜੈਕਾਰੇ ਸਿੰਘਾਂ ਦੇ। ਸ਼ੁਰੂ ਹੁੰਦਾ ਜੀਹਤੋਂ ਕਿੱਸਾ ਅਣਖ ਦੀ ਕਿਤਾਬ ਦਾ, ਪੰਜਾਬ ਸਦਾ ਬਣਿਆ ਹੈ ਚਿਹਰਾ ਇਨਕਲਾਬ ਦਾ। ਓਪਰੀ ਹਵਾ ਤੋਂ ਰਹੇ ਜਿਨ੍ਹਾਂ ਨੂੰ ਬਚਾਉਂਦੇ, ਉਹਨਾਂ ਦੇ ਹੀ ਵਾਰ ਨੇ ਸਹਾਰੇ ਸਿੰਘਾਂ ਨੇ। ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ, ਤੇ ਅੰਬਰਾਂ ਨੂੰ ਚੀਰਦੇ ਜੈਕਾਰੇ ਸਿੰਘਾਂ ਦੇ। ਕਦੇ ਇੱਕ ਮੁੱਠ ਛੋਲਿਆਂ ਨਾ’ ਕਰਿਆ ਗੁਜ਼ਾਰਾ, ਹੁਣ ਲੰਗਰ ਬਦਾਮਾਂ ਦੇ, ਇਹ ਕੈਸਾ ਵਰਤਾਰਾ? ਜੇ ਕੋਈ ਨੀਵਾਂ ਹੋਕੇ ਆਵੇ, ਗਲ਼ ਲਾਕੇ ਮਿਲਦੇ, ਅੜੀ ਵਾਲਿਆਂ ਦੇ ਪਾਏ ਨੇ ਖਿਲਾਰੇ ਸਿੰਘਾਂ ਨੇ। ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ, ਤੇ ਅੰਬਰਾਂ ਨੂੰ ਚੀਰਦੇ ਜੈਕਾਰੇ ਸਿੰਘਾਂ ਦੇ। ਖੋਹ ਲਉਂਗੇ ਜ਼ਮੀਨ ਕਿਵੇਂ ਇੰਨੀ ਹੀ ਆਸਾਨੀ ਨਾ’, ਪੀੜ੍ਹੀਆਂ ਤੋਂ ਜੁੜੇ ਹੋਏ ਆਂ ਅਸੀਂ ਕਿਰਸਾਨੀ ਨਾ’। ਟਲ਼ਜਾ ਜੇ ਤੈਨੂੰ ਗੱਲੀਂ-ਬਾਤੀਂ ਟਾਲ਼ਦੇ, ਨਈਂ ਤਾਂ ਹਾਕਮਾ ਵੇ ਹੱਥ ਬੜੇ ਭਾਰੇ ਸਿੰਘਾਂ ਦੇ। ਲੰਗਰਾਂ ਨਾ’ ਹੋ ਗਈ ਨਿਹਾਲ ਧਰਤੀ, ਤੇ ਅੰਬਰਾਂ ਨੂੰ ਚੀਰਦੇ ਜੈਕਾਰੇ ਸਿੰਘਾਂ ਦੇ।
ਜਿਸਮਾਂ ਦੀ ਲੋਈ
ਜਿਸਮਾਂ ਦੀ ਲੋਈ, ਨਾਲ਼ ਦਰਦਾਂ ਭਿਓਂ ਗਈਆਂ, ਚੰਦਰੀਆਂ ਪੀੜਾਂ ਸਾਡੇ ਹੱਡਾਂ ਵਿਚ ਰੌਂਅ ਗਈਆਂ। ਸੂਰਜਾਂ ਜਿਹੇ ਹਾਸੇ, ਪੈ ਗਏ ਨ੍ਹੇਰਿਆਂ ਦੀ ਜੂਨ ਨੇ, ਦਿਨ ਚੜ੍ਹੇ ਫਾਹਾ, ਜਦ ਲਿਆ ਸੀ ਸੁਕੂਨ ਨੇ, ਕੌਲਿ਼ਆਂ ਦੇ ਗਲ਼ ਲੱਗ, ਚਾਨਣੀਆਂ ਸੌਂ ਗਈਆਂ, ਚੰਦਰੀਆਂ ਪੀੜਾਂ, ਸਾਡੇ ਹੱਡਾਂ ਵਿਚ ਰੌਂਅ ਗਈਆਂ। ਕਿਸਮਤਾਂ ਵਿਚ ਬੜੇ ਡੂੰਘੇ ਖੱਡੇ ਪੈ ਗਏ, ਉੱਠੇ ਜੋ ਖ਼ੈਰਾਤ ਲਈ, ਹੱਥ ਅੱਡੇ ਰਹਿ ਗਏ, ਚੀਕ ਵੀ ਨਾ ਹੋਵੇ ਹੁਣ, ਬੁੱਲ੍ਹ ਵੀ ਸਿਓਂ ਗਈਆਂ, ਚੰਦਰੀਆਂ ਪੀੜਾਂ ਸਾਡੇ ਹੱਡਾਂ ਵਿਚ ਰੌਂਅ ਗਈਆਂ। ਸਮੇਂ ਦੀ ਗਿਰਝ, ਜਿਹਨੂੰ ਖਾ ਗਈ ਨੋਚ-ਨੋਚ ਕੇ, ਕਦੇ ਉਹਨਾਂ ਉਮਰਾਂ ਦੇ ਬਾਰੇ ਵੇਖੀਂ ਸੋਚ ਕੇ, ਜੋ ਆਦਮੀ ਦੀ ਜੂਨ, ਬਣ ਡੰਗਰ ਜਿਓਂ ਗਈਆਂ, ਚੰਦਰੀਆਂ ਪੀੜਾਂ ਸਾਡੇ ਹੱਡਾਂ ਵਿਚ ਰੌਂਅ ਗਈਆਂ। ਬੀਜ ਮੱਚ ਜਾਂਦੇ ਜਿਵੇਂ ਪਾਣੀਆਂ ਨੂੰ ‘ਡੀਕਦੇ, ਏਦਾਂ ਈ ਮਰ ਖਪ ਜਾਣੇ, ਖ਼ਾਬ ਮਨਦੀਪ ਦੇ, ਸਾਡੇ ਹੁਣ ਲੇਖਾਂ ਦੀਆਂ ਛੱਤਾਂ ਵੀ ਨਿਓਂ ਗਈਆਂ, ਚੰਦਰੀਆਂ ਪੀੜਾਂ ਸਾਡੇ ਹੱਡਾਂ ਵਿਚ ਰੌਂਅ ਗਈਆਂ।
Introduction of Dilli
ਕਾਣੀਆਂ ਵੰਡਾਂ ਕਰਨ ਵਿੱਚ, ਜਿਹਨੂੰ ਖ਼ਾਸ ਮੁਹਾਰਤ ਹੈ ਜੀਹਦੇ ਮਿੱਠੇ ਬੋਲਾਂ ਵਿੱਚ ਵੀ ਲੁਕੀ ਸ਼ਰਾਰਤ ਹੈ। ਬਿਨਾਂ ਗਿਣਤੀਓਂ ਖਾ ਗਈ ਇਹ ਕਈ ਸ਼ਿੰਦੇ ਪੁੱਤ ਮਾਵਾਂ ਦੇ, ਇਹਦੇ ਦਰ ਮੂਹਰੇ ਢੇਰ ਲੱਗੇ ਰਹਿੰਦੇ ਨੇ ਬਦ-ਦੁਆਵਾਂ ਦੇ। ਇਹਦੀ ਰਾਖੀ ਕਰਨ ਲਈ ਪੁੱਤ ਖੜੇ ਦੇਸ਼ ਦੀਆਂ ਹੱਦਾਂ ‘ਤੇ, ਹੱਕ ਆਪਣੇ ਲੈਣ ਲਈ ਪਿਓ ਬੈਠੇ ਏਸ ਦੀਆਂ ਹੱਦਾਂ ‘ਤੇ। ਸਾਡੇ ਲਈ ਜੋ ਸੂਰ ਬਰਾਬਰ, ਕਹੇ ਉਹਨਾਂ ਨੂੰ ਸੂਰੇ ਇਹ, ਸਾਹਮਣਾ ਕਰਨ ਲਈ ਸ਼ੇਰਾਂ ਦਾ, ਪਾਲ਼ੀ ਬੈਠੀ ਕਤੂਰੇ ਇਹ। ਹਮਲਾ ਕੀਤਾ ਤਖਤਾਂ ‘ਤੇ, ਨੌਜਵਾਨੀ ਮਾਰ ਮੁਕਾਅ ਦਿੱਤੀ, ਬਚੀ-ਖੁਚੀ, ਰਹਿੰਦੀ-ਖੂੰਹਦੀ, ਹੁਣ ਸ਼ਰਮ ਵੀ ਇਹਨੇ ਲਾਹ ਦਿੱਤੀ। ਝੂਠੇ ਪਰਚੇ ਪਾ ਸਿੰਘਾਂ ‘ਤੇ, ਜੇਲ੍ਹਾਂ ਦੇ ਵਿੱਚ ਡੱਕ ਦਿੱਤੇ, ਭੱਜੀ ਆਪਣੇ ਫਰਜ਼ਾਂ ਤੋਂ ਤੇ ਨਾ ਹੀ ਸਾਨੂੰ ਹੱਕ ਦਿੱਤੇ। ਇਹਦੀ ਪੱਤ ਬਚਾਉਣ ਲਈ, ਅਸੀਂ ਜਿੰਨੀਆਂ ਜੰਗਾਂ ਲੜੀਆਂ ਨੇ, ਇਹਨੇ ਸਾਡੇ ਖ਼ਾਤਮੇ ਲਈ ਵੀ, ਓਨੀਆਂ ਚਾਲਾਂ ਘੜੀਆਂ ਨੇ। ਮਿੱਠੀ ਬਣ-ਬਣ ਘਰ ਨੂੰ ਆਵੇ, ਜਦ ਪੈਂਦੀ ਇਹਨੂੰ ਜ਼ਰੂਰਤ ਹੈ, ਮੁੜਕੇ ਝੱਟ ਹੀ ਰੰਗ ਵਟਾਵੇ, ਇਹ ਧੋਖੇ ਦੀ ਮੂਰਤ ਹੈ।
ਕੁੜੀਆਂ ਚਿੜੀਆਂ ਦੇ ਹਾਸੇ
ਸੀਰਤ ਵੀ ਮਹਿਕੇ ਫੁੱਲ ਵਾਂਗੂੰ, ਨਾ ਗੱਲ ‘ਕੱਲੀ ਇਹ ਦਿੱਖ ਦੀ ਏ। ਕੁੜੀਆਂ ਚਿੜੀਆਂ ਦੇ ਹਾਸੇ ਤੋਂ ਤਾਂ, ਕੁਦਰਤ ਹੱਸਣਾ ਸਿੱਖਦੀ ਏ। ਨਿੱਕੀ ਮੋਟੀ ਗੱਲ ਉੱਤੇ, ਐਂਵੇ ਨੀ ਢੇਰੀ ਢਾਹੀਦੀ, ਓੜਕੇ ਚੁੰਨੀ ਖੁਸ਼ੀਆਂ ਦੀ, ਗ਼ਮ ਦੀ ਚਾਦਰ ਲਾਹੀਦੀ। ਜਿਸ ਫੁੱਲ ਉੱਤੇ ਰੌਣਕ ਜਿਆਦਾ, ਤਿਤਲੀ ਵੀ ਉੱਥੇ ਈ ਟਿਕਦੀ ਏ। ਕੁੜੀਆਂ ਚਿੜੀਆਂ ਦੇ ਹਾਸੇ ਤੋਂ ਤਾਂ, ਕੁਦਰਤ ਹੱਸਣਾ ਸਿੱਖਦੀ ਏ। ਤੁਸੀਂ ਤਾਂ ਹਰ ਇੱਕ ਜ਼ਿੰਦਗੀ ਦੇ ਵਿੱਚ, ਕੁੜੀਓ ਮੌਜ ਬਹਾਰਾਂ ਓ। ਉਹ ਖ਼ੁਦ ਹੀ ਹਾਰੇ ਬੰਦੇ ਨੇ, ਜੋ ਕਹਿੰਦੇ ਤੁਸੀਂ ਹਾਰਾਂ ਓ। ਹਰ ਹੋਜੇ ਕਲਮ ਸੁਲੱਖਣੀ ਉਹ, ਜੋ ਥੋਡੇ ਬਾਰੇ ਲਿਖਦੀ ਏ। ਕੁੜੀਆਂ ਚਿੜੀਆਂ ਦੇ ਹਾਸੇ ਤੋਂ ਤਾਂ, ਕੁਦਰਤ ਹੱਸਣਾ ਸਿੱਖਦੀ ਏ। ਦੁਨੀਆ ਭਰ ਦੇ ਹਉਂਕੇ ਭਾਂਵੇ, ਥੋਡੇ ਹਿੱਸੇ ਪੈ ਗਏ ਨੇ, ਕੱਚੀ ਉਮਰੇ ਦੇਖੇ ਸਾਰੇ, ਚਾਅ ਵੀ ਕੱਚੇ ਲਹਿ ਗਏ ਨੇ, ਰੂਹ ਥੋਡੀ ਨੂੰ ਸਜਦਾ ਜਿਹੜੀ, ਫਿਰ ਵੀ ਮੰਜ਼ਿਲ ਮਿੱਥਦੀ ਏ। ਕੁੜੀਆਂ ਚਿੜੀਆਂ ਦੇ ਹਾਸੇ ਤੋਂ ਤਾਂ, ਕੁਦਰਤ ਹੱਸਣਾ ਸਿੱਖਦੀ ਏ।
ਪੰਜਾਬ
ਜੁੱਸੇ ‘ਚ ਪੰਜਾਬ, ਸਾਡੇ ਗੁੱਸੇ ‘ਚ ਪੰਜਾਬ। ਸਾਹਵਾਂ ‘ਚ ਪੰਜਾਬ, ਸਾਡੇ ਚਾਵਾਂ ‘ਚ ਪੰਜਾਬ। ਜੇ ਦੁੱਖ ਵੀ ਸਹੂਗਾ, ਸੀ ਨਾ ਕਹੂਗਾ ਪੰਜਾਬ। ਚੜ੍ਹਦੀ ਕਲਾ ਹੀ ਬਸ ਕਹੂਗਾ ਪੰਜਾਬ। ਚਿੱਤ-ਚੇਤਿਆਂ ‘ਚ ਸਦਾ ਰਹੂਗਾ ਪੰਜਾਬ। ਮਿੱਟੀ ਆਪਣੀ ਤੋਂ ਭਾਵੇਂ ਹੋ ਗਏ ਆਂ ਦੂਰ, ਬੇਗਾਨੀ ਪੌਣ ਵਿੱਚ ਭਾਵੇਂ ਹੋ ਗਏ ਆਂ ਚੂਰ, ਤਾਂ ਵੀ ਖੂਨ ਬਣ ਨਾੜਾਂ ਵਿੱਚ ਵਹੂਗਾ ਪੰਜਾਬ। ਚਿੱਤ-ਚੇਤਿਆਂ ‘ਚ ਸਾਡੇ ਰਹੂਗਾ ਪੰਜਾਬ। ਚੜ੍ਹਦੀ ਕਲਾ ਹੀ ਬਸ ਕਹੂਗਾ ਪੰਜਾਬ। ਗੌਰ ਨਾਲ ਸੁਣੀਆਂ ਨੇ ਗੁਰੂ ਦੀਆਂ ਸਾਖੀਆਂ, ਰੂਹ ਵਿੱਚ ਵਸੀਆਂ ਨੇ ਮਾਘੀਆਂ, ਵਿਸਾਖੀਆਂ, ਨਾ ਮੱਥਾ ਵੈਰੀ ਨਾਲ ਲਾਉਣੋਂ ਘਬਰਾਊਗਾ ਪੰਜਾਬ। ਦਸ਼ਮੇਸ਼ ਨੂੰ ਹਮੇਸ਼ ਹੀ ਧਿਆਊਗਾ ਪੰਜਾਬ। ਸੰਤਾਲੀ ਤੇ ਚੁਰਾਸੀ ਵਿੱਚ ਹੋਏ ਜਿੰਨੇ ਟੋਟੇ ਨੇ, ਉਹਦੇ ਬਾਰੇ ਲਿਖ-ਲਿਖ ਘਸ ਗਏ ਪੋਟੇ ਨੇ, ਮਜ਼ਲੂਮਾਂ ਨਾਲ ਹਿੱਕ ਤਾਣ ਖੜੂਗਾ ਪੰਜਾਬ। ਹੱਕਾਂ ਲਈ ਤਾਂ ਅੱਗੇ ਹੋਕੇ ਲੜੂਗਾ ਪੰਜਾਬ।
ਅਜੀਬ ਜਿਹਾ ਸਮਾਂ ਹੈ
ਅਜੀਬ ਜਿਹਾ ਸਮਾਂ ਹੈ, ਅਜੀਬ ਜਿਹੇ ਹਾਲਾਤ ਨੇ। ਜਦੋਂ ਤੁਹਾਨੂੰ ਇਹੀ ਨੀ ਸਮਝ ਆਉਂਦਾ ਕਿ ਕਿਹੜੇ ਰਾਹ ਤੁਰਨਾ, ਤੁਰਨਾ ਹੈ ਵੀ ਜਾਂ ਨਹੀਂ? ਜਦੋਂ ਤੁਸੀਂ ਕਿਸੇ ਮਾਮੂਲੀ ਜਿਹੀ ਗੱਲ ‘ਤੇ ਬਹੁਤ ਜ਼ਿਆਦਾ ਗੁੱਸਾ ਕਰ ਲੈਨੇ ਓ, ਤੇ ਕਿਸੇ ਹਲਕੀ ਜਿਹੀ ਗੱਲ ‘ਤੇ ਕਿੰਨਾ-ਕਿੰਨਾ ਚਿਰ ਹੱਸਦੇ ਰਹਿੰਦੇ ਹੋ। ਕਦੇ ਤਾਂ ਦਿਲ ਕਰਦਾ, ਨਵੇਂ ਰਿਸ਼ਤੇ ਬਣਾਵਾਂ ਜਾਂ ਅੱਧਮਰੇ ਰਿਸ਼ਤਿਆਂ ਨੂੰ ਮੁੜ ਸੁਰਜੀਵ ਕਰ ਲਵਾਂ, ਕਦੇ ਦਿਲ ਕਰਦਾ, ਜੋ ਚੰਗੇ-ਭਲੇ ਨੇ, ਉਹਨਾਂ ਨੂੰ ਵੀ ਖਤਮ ਕਰ ਲਵਾਂ। ਕਦੇ ਦਿਲ ਕਰਦਾ ਕਿ ਬਾਕੀ ਰਹਿੰਦੀ ਜ਼ਿੰਦਗੀ ਬੜੀ ਐਸ਼ੋ-ਅਰਾਮ ਅਤੇ ਖੁਸ਼ਦਿਲੀ ਨਾਲ ਜਿਉਵਾਂ, ਕਦੇ ਕਦੇ ਦਿਲ ਕਰਦਾ ਕਿ ਇਸਨੂੰ ਅੱਜ ਹੀ ਮਾਰ-ਮੁਕਾ ਲਵਾਂ। ਕਦੇ ਕਦੇ ਨਵੀਆਂ ਚੀਜ਼ਾਂ ਨੂੰ ਪਾਉਣ ਦੀ ਖਵਾਹਿਸ਼ ਹੁੰਦੀ ਹੈ, ਕਦੇ ਕਦੇ ਪਾਈਆਂ ਹੋਈਆਂ ਚੀਜ਼ਾਂ ਨੂੰ ਗੁਆਉਣ ਦੀ। ਕਿੰਨੇ ਸਮੇਂ ਤੋਂ ਟਾਲ਼ੇ ਕੰਮ ਨਿਪਟਾਉਣ ਨੂੰ ਵੀ ਦਿਲ ਕਰਦਾ, ਪਰ ਦੂਜੇ ਹੀ ਪਲ ਤੁਸੀਂ ਉਹ ਕੰਮ ਵੀ ਛੱਡਕੇ ਬਹਿ ਜਾਂਦੇ ਹੋ ਜੋ ਕਰ ਰਹੇ ਹੁੰਦੇ ਓ। ਉਹ ਵੇਲਾ ਜਦੋਂ ਨਾ ਤਾਂ ਤੁਸੀਂ ਹੀ ਕਿਸੇ ਤੋਂ ਕੋਈ ਉਮੀਦ ਕਰਦੇ ਹੋ, ਨਾ ਹੀ ਤੁਸੀਂ ਕਿਸੇ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋ। ਕਦੇ-ਕਦੇ ਦਿਲ ਕਰਦਾ ਤੈਨੂੰ ਦਿਲ ਦੀਆਂ ਸਾਰੀਆਂ ਗੱਲਾਂ ਦੱਸਾਂ, ਪਰ ਫਿਰ ਅਚਾਨਕ ਖ਼ਿਆਲ ਆਉਂਦਾ ਕਿ ਤੈਨੂੰ ਇਹ ਵੀ ਨਾ ਦੱਸਾਂ ਕਿ ਮੈਂ ਤੈਨੂੰ ਕੁਝ ਕਹਿਣਾ ਵੀ ਹੈ। ਮਨ ਦੀ ਅਵਸਥਾ ਬੜੀ ਗੁੰਝਲਦਾਰ ਹੋ ਰਹੀ ਹੈ। ਅਜਿਹੇ ਸਮੇਂ ਚੋਂ ਨਿੱਕਲਿਆ ਬੰਦਾ ਜਾਂ ਤਾਂ ਜ਼ਿੰਦਗੀ ‘ਚ ਮੁੜ ਕਦੇ ਨਹੀਂ ਹਾਰਦਾ, ਜਾਂ ਥੋੜ੍ਹੇ ਸਮੇਂ ‘ਚ ਹੀ ਇਹ ਖੇਡ ਹਾਰ ਜਾਂਦਾ, ਤੇ ਜੀਵਨ-ਲੀਲਾ ਸਮਾਪਤ। ਦੱਸਿਆ ਤਾਂ ਹੈ ਨਾ ਅਜੀਬ ਜਿਹਾ ਸਮਾਂ ਹੈ, ਅਜੀਬ ਜਿਹੇ ਹਾਲਾਤ ਨੇ। ਜਦੋਂ ਤੁਹਾਨੂੰ ਇਹੀ ਨੀ ਸਮਝ ਆਉਂਦਾ ਕਿ ਕਿਹੜੇ ਰਾਹ ਤੁਰਨਾ, ਤੁਰਨਾ ਹੈ ਵੀ ਜਾਂ ਨਹੀਂ?
ਕਹਾਣੀਆਂ
ਜ਼ਿੰਦਗੀ ‘ਚ ਬੀਤੀਆਂ ਨੇ ਬੜੀਆਂ ਕਹਾਣੀਆਂ, ਸੱਚੀਆਂ ਤੇ ਕੁਝ ਕੋਲੋਂ ਘੜੀਆਂ ਕਹਾਣੀਆਂ। ਫੇਰ ਸਿਰ ਉੱਤੇ ਹੱਥ, ਕਦੇ ਦਿੱਤਾ ਹੈ ਸਕੂਨ ਵੀ, ਸੀਨਿਆਂ ‘ਤੇ ਨਾਗ ਬਣ ਲੜੀਆਂ ਕਹਾਣੀਆਂ। ਝੂਠ ਤੇ ਫਰੇਬ ਵਿੱਚ ਗੁੰਨ੍ਹਕੇ ਹਕੀਕਤਾਂ, ਮੱਥੇ ਸਾਡੇ ਉੱਤੇ, ਉਹਨੇ ਮੜ੍ਹੀਆਂ ਕਹਾਣੀਆਂ। ਭਾਂਵੇ ਉਹਦੇ ਦਿਲ ਵਿਚ ਜਗ੍ਹਾ ਕੋਈ ਮਿਲੀ ਨਾ, ਪਰ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹੀਆਂ ਕਹਾਣੀਆਂ। ਕਿੱਸਿਆਂ-ਕਿਤਾਬਾਂ ਵਿੱਚ ਪੜ੍ਹੀਆਂ ਸੀ ਜੋ, ਅੱਜ ਉਹੀ ਸਾਡੇ ਨਾਲ ਬਣੀਆਂ ਕਹਾਣੀਆਂ। ਉਂਝ ਤਾਂ ਮੁਹੱਬਤਾਂ ਦੇ ਸਾਹ ਘੁੱਟੇ ਗਏ ਨੇ, ਕਲਮਾਂ ਦੇ ਵਿੱਚੋਂ ਪਰ ਜਣੀਆਂ ਕਹਾਣੀਆਂ। ਯਾਦਾਂ ਵਾਲੀ ਧੁੱਪ ਜਦੋਂ ਲੂਸਦੀ ਹੈ ਸੁਫ਼ਨੇ, ਤਾਂ ਛਾਂ ਬਣ ਸਾਡੇ ਉੱਤੇ ਤਣੀਆਂ ਕਹਾਣੀਆਂ। ਚਾਰ ਕੱਕਿਆਂ ਦੇ ਨਾਲ਼ ਸਾਂਝ ਬੜੀ ਗੂੜ੍ਹੀ ਰਹੀ, ਕਲਮਾਂ, ਕਿਤਾਬਾਂ ਅਤੇ ਕਣੀਆਂ, ਕਹਾਣੀਆਂ।