Punjabi Poetry : Babu Mangu Ram Muggowalia

ਪੰਜਾਬੀ ਕਵਿਤਾਵਾਂ : ਬਾਬੂ ਮੰਗੂ ਰਾਮ ਮੁੱਗੋਵਾਲੀਆ


¨ਸੋਹੰ¨

ਓਮਕਾਰ ਕਰ ਸਿਫ਼ਤ ਪਰਮਾਤਮਾ ਦੀ, ਨਾਮ ਸਿਮਰਦਿਆਂ ਜਨਮ ਕਲਿਆਣ ਹੋਵੇ । ਜੀਵ ਜੰਤ ਬ੍ਰਹੰਮਡ ਦੇ ਵਿੱਚ ਜਿਤਨੇ, ਸਭ ਨੂੰ ਤੁਧ ਪਾਸੋਂ ਜਨਮ ਦਾਨ ਹੋਵੇ । ਸਰਬ ਜੀਵਾਂ ਦਾ ਆਤਮਕ ਬਲ ਦਾਤਾ, ਨਿਯਾਂ ਸਭ ਦਾ ਤੇਰੇ ਹੁਕਮ ਨਾਲ ਹੋਵੇ । ਪਰਉਪਕਾਰ ਭਗਤੀ ਜਤ ਸਤ ਪ੍ਰੇਮ ਅੰਦਰ, ਸੀਤਲ ਸ਼ਾਂਤੀ ਤੇਰਾ ਅਸਥਾਨ ਹੋਵੇ । ਰਾਗੀ ਰਾਗ ਕਵਿਸ਼ਰਾਂ ਜ਼ੋਰ ਲਾਇਆ, ਲੀਲ੍ਹਾ ਤੇਰੀ ਦਾ ਨਾ ਇਮਤਿਹਾਨ ਹੋਵੇ । ਨਿਮਸਕਾਰ ਕਰਕੇ ਕਲਮ ਚੁੱਕ ਲਈ, ਮੰਗੂ ਰਾਮ ਜੇ ਮੇਹਰ ਭਗਵਾਨ ਹੋਵੇ।

ਗੁਰਦੇਵ ਉਸਤਤੀ

ਬੈਂਤ : 1 ਧੰਨ ਧੰਨ ਗੁਰਦੇਵ ਜੀ ਧੰਨ ਹੈਂ ਤੂੰ, ਅੱਗੇ ਤੁੱਧ ਦੇ ਹੈ ਪੁਕਾਰ ਸਾਡੀ । ਹੈ ਨਹੀਂ ਆਸਰਾ ਹੋਰ ਨਮਾਣਿਆਂ ਨੂੰ , ਕੀਤੀ ਡਾਹਢਿਆਂ ਕੌਮ ਖੁਆਰ ਸਾਡੀ । ਜਿੱਧਰ ਜਾਂਵਦੇ ਮਾਰ-ਦੁਰਕਾਰ ਪੈਂਦੀ, ਕੌਮ ਦੁੱਖ ਝੱਲੇ ਬੇਸ਼ੁਮਾਰ ਸਾਡੀ । ਮੰਦੇ ਹਾਲ ਨਾ ਔਹੜਦੀ ਗੱਲ ਕੋਈ, ਇੱਜਤ ਰਹੀ ਨਾ ਵਿੱਚ ਘਰ ਬਾਰ ਸਾਡੀ । 'ਮੰਗੂ ਰਾਮ' ਸਭ ਖੋਲ੍ਹਕੇ ਹਾਲ ਦੱਸੀਂ, ਸੁਣੇ ਗੁਰੂ ਫਰਯਾਦ ਕਰਤਾਰ ਸਾਡੀ। 2 ਆਦਿ ਧਰਮੀ ਨਾਮ ਕਹਾਣ ਵਾਲੋ, ਘਰ ਆਪਣੇ ਵੱਲ ਭੀ ਧਿਆਨ ਕਰਨਾ । ਸਾਡਾ ਹਾਲ ਕਿਕੂੰ ਤੇ ਸਵਾਲ ਕਿਕੂੰ, ਅੱਜ ਦੁੱਖਾਂ ਦਾ ਕੀ ਬਿਆਨ ਕਰਨਾ । ਦੁੱਖਾਂ ਚਾਰ ਚੁਫੇਰਿਓਂ ਘੇਰ ਲੀਤੇ, ਦੁਰਦਸ਼ਾ ਦਾ ਕੀ ਹੈ ਗਿਆਨ ਕਰਨਾ । ਭਾਈਓ ਜਾਪਦੇ ਹੈਂ ਅਸੀਂ ਗਏ ਗੁਜ਼ਰੇ, ਆਦੀ ਨਸਲ ਦਾ ਵੀਰੋ ਕਲਿਆਣ ਕਰਨਾ । ਬਾਪ ਦਾਦੇ ਆਏ ਪਿੱਛੇ ਦੁੱਖ ਸਹਿੰਦੇ, ਅਗਲੀ ਨਸਲ ਨੂੰ ਨਾ ਵੀਰਾਨ ਕਰਨਾ । ਦੁੱਖ ਭੁੱਖ ਸਹਿਕੇ ਪੈਸਾ ਜਮ੍ਹਾਂ ਕਰ ਲਓ, ਆਦਿ ਧਰਮ ਦਾ ਪੈਦਾ ਨਿਸ਼ਾਨ ਕਰਨਾ । ਪਿੰਡ-ਪਿੰਡ ਕਮੇਟੀਆਂ ਕਰੋ ਕਾਇਮ, ਮਿਲਕੇ ਸਾਰਿਆਂ ਏਹ ਐਲਾਨ ਕਰਨਾ । ਨਹੀਂ ਮੁਲ਼ਕ ਦੇ ਵਿੱਚ ਅਧਿਕਾਰ ਸਾਨੂੰ, ਆਦਲ ਰਾਜ ਦੇ ਅੱਗੇ ਫ਼ੁਰਮਾਨ ਕਰਨਾ । ਹੋਊ ਜਿੱਤ ਅਸਾਡੜੀ ਠੀਕ ਵੀਰੋ, ਨਿਯਾਂਕਾਰ ਸਰਕਾਰ ਹੁਕਮਰਾਨ ਕਰਨਾ । ਕੌਮੀ ਕੰਮ ਕਰਨਾ ਨਹੀਂ ਮੂਲ ਡਰਨਾ, ਅਜ਼ਾਦ ਸੱਤ ਕਰੋੜ ਇਨਸਾਨ ਕਰਨਾ । ਜੇਕਰ ਨਾਮ ਜਹਾਨ ਦੇ ਵਿੱਚ ਚਾਹੁੰਦੇ, ਰਲਕੇ ਤਨ-ਮਨ-ਧਨ ਦਾ ਦਾਨ ਕਰਨਾ । ਜੀਂਦੇ ਰਹਾਂਗੇ ਦੇਖਾਂਗੇ ਕੌਮ ਸੁਖੀ, ਮਰ ਗਏ ਤਾਂ ਜਸ ਜਹਾਨ ਕਰਨਾ । ਆਪਸ ਵਿੱਚ ਨਾ ਵੈਰ ਵਿਰੋਧ ਪਾਣਾ, ਇੱਕ ਦੂਜੇ ਤੇ ਨਹੀਂ ਇਹਸਾਨ ਕਰਨਾ । ਵੀਰੋ ਇਹੋ ਫਰਜ਼ ਸਾਡੀ ਜ਼ਿੰਦਗੀ ਦਾ, ਪੜ੍ਹਾ ਵਿੱਦਿਆ ਸੰਤਾਨ ਬਲਵਾਨ ਕਰਨਾ । ਬਾਝ ਵਿੱਦਿਆ ਨਾ ਕਲਿਆਣ ਹੋਣਾ, ਐਵੇਂ ਕਾਸ ਨੂੰ ਬਹੁਤ ਵਖਿਆਨ ਕਰਨਾ । ਹੱਥ ਜੋੜ ਮੰਗੂ ਰਾਮ ਅਰਜ਼ ਕਰਦਾ, ਥੋੜੇ ਲਿਖੇ ਨੂੰ ਜ਼ਿਆਦਾ ਪਰਵਾਨ ਕਰਨਾ। 3 ਨੀਚ ਨੀਚ ਕਹਿਕੇ ਸਾਥੋਂ ਦੂਰ ਨੱਸਣ, ਸਾਨੂੰ ਕੁੱਤਿਆਂ ਵਾਂਗ ਦੁਰਕਾਰ ਕਰਦੇ । ਸਾਡਾ ਆਦਮੀ ਭੁੱਲ ਕੇ ਚਲਾ ਜਾਵੇ, ਡੰਡਾ ਮਾਰਨ ਨੂੰ ਝੱਟ ਤਿਆਰ ਕਰਦੇ । ਵੀਰੋ ਆਦਮੀ ਦੇਖਕੇ ਨੱਕ ਚਾੜ੍ਹਨ, ਸਾਤੋਂ ਕੁੱਤੇ ਨੂੰ ਬਹੁਤ ਪਿਆਰ ਕਰਦੇ । ਮਤਲਬ ਆਪਣੇ ਨੂੰ ਸਾਨੂੰ ਪਾਣ ਜੱਫੀ, ਸਿਰ ਜੋੜਕੇ ਰੋਜ਼ ਹੀ ਕਾਰ ਕਰਦੇ । ਨਾਲ ਆਜ਼ਜ਼ੀ ਕੰਮ ਨੂੰ ਕੱਢ ਲੈਂਦੇ, ਪਿੱਛੋਂ ਪਸ਼ੂਆਂ ਵਾਂਗ ਦੁਰਕਾਰ ਕਰਦੇ । ਗਰਜ਼ ਦੋਸਤੋ ਘਰਾਂ ਦੀ ਬੁਰੀ ਹੁੰਦੀ, ਖ਼ਾਤਰ ਪੇਟ ਦੀ ਸਭ ਤਰ੍ਹਾਂ ਕਾਰ ਕਰਦੇ । ਬੱਚੇ ਔਰਤਾਂ ਸਾਡੜੇ ਰੁਲਣ ਰਾਹੀਂ, ਅੱਖੀ ਵੇਖਕੇ ਨਹੀਂ ਵਿਚਾਰ ਕਰਦੇ । ਹੋਰ ਸੈਂਕੜੇ ਅਸਾਂ ਪਰ ਜ਼ੁਲਮ ਹੁੰਦੇ, ਅੱਗੇ ਤੁਸਾਂ ਦੇ ਰੋ ਪੁਕਾਰ ਕਰਦੇ । ਬਾਂਝ ਵਿਦਯਾ ਦੁੱਖ ਨਾ ਦੂਰ ਹੋਵੇ, ਰਹਿਣਾ ਇੱਕ ਦੂਜੇ ਨੂੰ ਖ਼ਬਰਦਾਰ ਕਰਦੇ । ਵਾਂਗ ਦੂਜਿਆਂ ਵਿੱਦਿਯਾ ਪੜ੍ਹ ਲਈਏ, ਦੇਖੀ ਜਾਏਗੀ ਜੋ ਕਰਤਾਰ ਕਰਦੇ । ਸਮਾਂ ਆਵਸੀ ਅੱਖੀਆਂ ਦੇਖ ਲੈਸਨ, ਇੱਕ ਦੂਜੇ ਨੂੰ ਰਹਿਣਾ ਹੁਸ਼ਿਆਰ ਕਰਦੇ । ਤਾਹੀਉਂ ਰੱਬ ਦੇ ਵਾਸਤੇ ਹੱਥ ਜੋੜਾਂ, ਰਹਿਣਾ ਬੱਚਿਆਂ ਨੂੰ ਇਲਮਦਾਰ ਕਰਦੇ । ਆਪਸ ਵਿੱਚ ਇਤਫ਼ਾਕ ਪਿਆਰ ਪਾਕੇ ਆਦਿ ਧਰਮ ਦਾ ਰਹੋ ਪ੍ਰਚਾਰ ਕਰਦੇ । ਮੰਗੂ ਰਾਮ ਦੀ ਬੇਨਤੀ ਮੰਨ ਲੈਣੀ, ਆਪਣੇ ਗੁਰੂਆਂ ਨੂੰ ਰਹਿਣਾ ਨਮਸਕਾਰ ਕਰਦੇ । 4 ਮੇਰੇ ਹਾਣੀਓ ਅਤੇ ਬਜ਼ੁਰਗ ਵੀਰੋ, ਸਾਡੀ ਕੌਮ ਦੇ ਕਿਉਂ ਮੰਦੇ ਹਾਲ ਹੋ ਗਏ । ਵਾਂਗਰ ਪਸ਼ੂਆਂ ਬੇਮੁਹਾਰ ਫਿਰਦੇ, ਧੱਕੇ ਖਾਂਦਿਆਂ ਨੂੰ ਕਈ ਸਾਲ ਹੋ ਗਏ । ਸਾਡੀ ਗਿਣਤੀ ਹੈ ਸੱਤ ਕਰੋੜ ਭਾਈਓ, ਪੈਦਾ ਅਸੀਂ ਭੀ ਜੱਗ ਦੇ ਨਾਲ ਹੋ ਗਏ । ਲੋਕ ਸੁਖੀ ਤੇ ਤੁਸੀਂ ਹੈਂ ਦੁੱਖ ਸੈਂਹਦੇ, ਦੁੱਖਾਂ ਵੱਲ ਨਾ ਦੋਸਤੋ ਖ਼ਿਆਲ ਹੋ ਗਏ । ਸਾਡੀ ਆਣ ਗਰੀਬੀ ਨੇ ਧੌਣ ਭੰਨੀ, ਢੋਰ ਖਿਚਦਿਆਂ ਦੇ ਢੁੰਡਰ ਲਾਲ ਹੋ ਗਏ । ਦੁੱਖ ਭੁੱਖ ਮੁਸੀਬਤਾਂ ਸੈਂਹਦਿਆਂ ਨੂੰ , ਭਾਈਓ ਕਾਲ਼ਿਆਂ ਤੋਂ ਚਿੱਟੇ ਵਾਲ਼ ਹੋ ਗਏ । ਨਾਲੇ ਬੋਝੇ ਬਗ਼ਾਰ ਨੇ ਤੰਗ ਕੀਤੇ, ਬੋਝੇ ਚੁੱਕਦਿਆਂ ਦੇ ਸਿਰ ਲਾਲ ਹੋ ਗਏ । ਪੈਸਾ ਮਿਲੇ ਨਾ ਪੂਰਾ ਮਜ਼ਦੂਰੀਆਂ ਦਾ, ਹੱਡ ਚੰਮ ਦੇ ਮੰਦੜੇ ਹਾਲ ਹੋ ਗਏ । ਕਈ ਜ਼ਿਮੀਦਾਰਾਂ ਜੱਟਾਂ ਨਾਲ ਸੀਰ ਕਰਦੇ, ਗੋਡੀ ਕਰਦਿਆਂ ਦੇ ਗੋਡੇ ਲਾਲ ਹੋ ਗਏ । ਵਾਢੀ ਕਰਦਿਆਂ-2 ਹੱਥ ਰੈਹ ਗਏ, ਮੰਗ ਖਾਣ ਦੇ ਸਾਡੇ ਖ਼ਿਆਲ ਹੋ ਗਏ । ਸਾਨੂੰ ਮੁਲਕ ਦਾ ਕੋਈ ਅਧਿਕਾਰ ਹੈਨਾ, ਵੀਰੋ ਮੰਦੀਆਂ ਤੋਂ ਕੰਗਾਲ਼ ਹੋ ਗਏ । ਭੈਣਾਂ ਲੜਕੀਆਂ ਔਰਤਾਂ ਬੱਚਿਆਂ ਦੇ, ਕੰਮ ਕਰਦਿਆਂ ਦੇ ਬੁਰੇ ਹਾਲ ਹੋ ਗਏ । ਰੋਟੀ ਕੱਪੜਾ ਮੂਲ ਨਾ ਜੁੜੇ ਸਾਨੂੰ, ਨੰਗ ਭੁਖ ਦੇ ਦੁੱਖ ਹਲਾਲ ਹੋ ਗਏ । ਸਾਡੇ ਦੇਖ ਗ਼ਰੀਬੀ ਦਾ ਦਾਗ ਮੱਥੇ, ਭਾਈ ਸਾਡੇ ਨਾ ਸਾਡੇ ਰਖਵਾਲ ਹੋ ਗਏ । ਵੀਰੋ ਸਭ ਮੁਸੀਬਤਾਂ ਦੂਰ ਹੋਵਨ, ਪੜ੍ਹ ਵਿਦਯਾ ਕੌਮ ਸੰਭਾਲ ਹੋ ਗਏ । ਜੇਕਰ ਹੁਣ ਵੀ ਵਖ਼ਤ ਸੰਭਾਲਿਆ ਨਾ, ਮੰਗੂ ਰਾਮ ਫੇਰ ਨੀਚ ਚੰਡਾਲ ਹੋ ਗਏ ।

ਆਦਿ ਧਰਮ ਨਾਦ

ਆਦਿ ਧਰਮ ਨਾਦ ਮੁਲਕ ਵਿੱਚ ਬੱਜਿਆ, ਛੂਤ ਛਾਤ ਜਾਤ ਪਾਤ ਨੇ ਸੀ ਦੱਬਿਆ । ਜਦੋਂ ਦਾ ਮੰਡਲ ਨੇ ਜਨਮ ਧਾਰਿਆ, ਊਚ ਨੀਚ ਬੋਝ ਸਿਰ ਤੋਂ ਉਤਾਰਿਆ । ਖ਼ਾਤਰ ਪਰਚਾਰ ਆਦੀ ਡੰਕਾ ਕੱਢਿਆ, ਆਦਿ ਧਰਮੀ ਨਾਦ ਮੁਲਕ ਵਿੱਚ ਬੱਜਿਆ । ਰੱਖ ਨਾਮ ਆਦ ਧਰਮੀ ਥੰਮ੍ਹ ਗੱਡਿਆ, ਆਦ ਧਰਮੀ ਨਾਦ ਮੁਲਕ ਵਿੱਚ ਬੱਜਿਆ । ਇਸਾਈ ਮੁਸਲਮਾਨ ਸਾਨੂੰ ਪਾਣ ਜਫੀਆਂ, ਵਿਦਯਾ ਨੇ ਭਾਈਓ ਸਭੇ ਗੱਲਾਂ ਦੱਸੀਆਂ । ਤੁਸੀਂ ਭੀ ਨਕਾਰਿਓ ਹੁਣ ਖੋਲ੍ਹੋ ਅੱਖੀਆਂ, ਨੀਮੀ ਧੌਣ ਸਿੱਟ ਕਾਹਨੂੰ ਮਾਰੋ ਮੱਖੀਆਂ । ਵਾਸਤੇ ਪਰਮਾਤਮਾ ਦੇ ਰੱਖੋ ਲੱਜਿਆ, ਆਦਿ ਧਰਮੀ ਨਾਦ ਮੁਲਕ ਵਿੱਚ ਬੱਜਿਆ । ਦੁੱਖਾਂ ਵਿੱਚੋਂ ਕੌਮ ਸਾਡੀ ਤਾਈਓਂ ਤਰਨਾ, ਭੇਜੋ ਅਗਲੀ ਨਸਲ ਨੂੰ ਸਕੂਲ ਪੜ੍ਹਨਾ । ਇੰਗਲਿਸ਼ ਆਦਲ ਰਾਜ ਵੀਰੋ ਦੱਸ ਛੱਡਿਆ, ਆਦ ਧਰਮੀ ਨਾਦ ਮੁਲਕ ਵਿੱਚ ਬੱਜਿਆ । ਧਾਰ ਲੌ ਇਰਾਦਾ ਹਿੱਸੇਦਾਰ ਹੋਣ ਦਾ, ਵੇਲਾ ਨਹੀਂ ਵੀਰੋ ਹੁਣ ਸੁਖੀ ਸੌਣਦਾ । ਮੁੱਕ ਜਾਏ ਝਗੜਾ ਦੁੱਖ ਭੁੱਖ ਰੋਣ ਦਾ, ਕਰ ਲੌ ਫ਼ਿਕਰ ਕੌਮ ਦੇ ਪੜ੍ਹੌਣ ਦਾ । ਮੰਗੂ ਰਾਮ ਛੂਤ ਛਾਤ ਫਾਹ ਵੱਢਿਆ, ਆਦਿ ਧਰਮੀ ਨਾਦ ਮੁਲਕ ਵਿੱਚ ਬੱਜਿਆ ।

ਨੌਜਵਾਨਾਂ ਜਾਗ ਜਰਾ

ਉੱਠ ਅਛੂਤਾ ਨੌਜਵਾਨਾਂ ਜਾਗ ਜਰਾ, ਕੌਮ ਦੀ ਬਿਗੜੀ ਹੋਈ ਤਕਦੀਰ ਬਣਾ । ਅੱਜ ਗਰੀਬ ਜੋ ਜ਼ੁਲਮ ਦਾ ਸ਼ਿਕਾਰ ਹੋਇਆ, ਦੇਹ ਕੁਰਬਾਨੀ ਤੂੰ ਇਸ ਨੂੰ ਅਜ਼ਾਦ ਕਰਾ । ਇਕੱਠ ਦੀ ਲਾਠੀ ਹੱਥ ਵਿੱਚ ਫੜ ਲੈ, ਵੈਰੀਆਂ ਦੇ ਤੂੰ ਛੱਕੇ ਛੁਡਾ । ਨਹੀਂ ਤਾਂ ਸਦੀਆਂ ਤੱਕ ਇਹ ਦੱਬੀ ਰਹੇਗੀ, ਕੀਤਾ ਨਾ ਜੇ ਕੋਈ ਇਸ ਦਾ ਉਪਾ । ਉੱਠ ਅਛੂਤਾ ਨੌਜਵਾਨਾ ਜਾਗ ਜਰਾ, ਕੌਮ ਦੀ ਵਿਗੜੀ... ਹੁਣ ਝੁਕਣਾ ਨਿਵਣਾ ਛੱਡ ਤੂੰ, ਜ਼ਰਾ ਆਪਣੇ ਆਪ ਤੂੰ ਹੋਸ਼ ਵਿੱਚ ਆ । ਸਰੀਰ ਆਪਣੇ ਨੂੰ ਬਲਵਾਨ ਬਣਾ, ਧੀਆਂ ਭੈਣਾਂ ਦੀ ਪੱਤ ਰੱਖਣ ਦੀ ਖ਼ਾਤਰ, ਹੱਥ ਵਿੱਚ ਅਣਖ ਦਾ ਝੰਡਾ ਚਾ । ਕਰ ਖੱਟੇ ਦੰਦ ਸਭ ਵੈਰੀਆਂ ਦੇ, ਬੁਰੇ ਕੰਮਾਂ ਦਾ ਇਹਨਾਂ ਨੂੰ ਮਜ਼ਾ ਚਖਾ । ਨਹੀਂ ਇੱਜ਼ਤ ਇਹਨਾਂ ਦੀ ਲੁੱਟਦੀ ਰਹੇਗੀ, ਜੇ ਵੈਰੀਆਂ ਨੂੰ ਨਾ ਤੈਂ ਕੀਤਾ ਫ਼ਨਾਹ । ਉੱਠ ਅਛੂਤਾ ਨੌਜਵਾਨਾ ਜਾਗ ਜਰਾ, ਕੌਮ ਦੀ ਬਿਗੜੀ... ਹੁਣ ਆਪਣੇ ਆਪ ਨੂੰ ਤਕੜਾ ਕਰ ਲੈ, ਜੇ ਲੈਣਾ ਈ ਕੋਈ ਸੁੱਖ ਦਾ ਸਾਹ । ਵੀਰ ਆਪਣੇ ਤੂੰ ਇਕੱਠੇ ਕਰ ਲੈ, ਪਿੰਡ ਪਿੰਡ ਵਿੱਚ ਆਪਣੇ ਜਥੇ ਬਣਾ । ਏਕਤਾ ਦਾ ਸਬਕ ਇਹਨਾਂ ਨੂੰ ਪੜ੍ਹਾਕੇ, ਨਾਲ ਵੈਰੀਆਂ ਮੱਥਾ ਡਾਹ । ਕੌਮ ਦੇ ਅੰਦਰ ਜੇਕਰ ਹੋਣਾ ਹੈ ਰੋਸ਼ਨ, ਵਿੱਚ ਰਣ-ਭੂਮੀ ਦੇ ਹੱਥ ਵਿਖਾ । ਭਰਦੇ ਜੋਸ਼ ਤੇ ਕੌਮ ਦੇ ਅੰਦਰ, ਸੁੱਤੇ ਵੀਰ ਹਲੂਣ ਜਗਾ । ਉੱਠ ਅਛੂਤ ਨੌਜਵਾਨਾ ਜਾਗ ਜਰਾ, ਕੌਮ ਦੀ ਬਿਗੜੀ... ਹੱਕ ਤੈਨੂੰ ਤੇਰਾ ਤਾਹੀਉਂ ਮਿਲਣਾ, ਰੱਖੇਂਗਾ ਜੇ ਦਿਲ ਵਿੱਚ ਚਾਹ । ਆਪਸ ਵਿਚਲੇ ਵੈਰ ਵਿਰੋਧ ਨੂੰ ਛੱਡਕੇ, ਪੈਜਾ ਭਾਈ ਤੂੰ ਸਿੱਧੇ ਰਾਹ । ਬੱਚਿਆਂ ਨੂੰ ਜੇ ਜੀਉਂਦੇ ਰੱਖਣਾ । ਇਹਨਾਂ ਨੂੰ ਅਣਖੀਲਾ ਸਬਕ ਪੜ੍ਹਾ । ਦੂਜੀਆਂ ਕੌਮਾਂ ਵੱਲ ਤੂੰ ਨਜ਼ਰ ਮਾਰ ਲੈ ਗੁਰੂਆਂ ਦੀ ਕੋਈ ਯਾਦ ਜਗਾ, ਉੱਠ ਅਛੂਤ ਨੌਜਵਾਨਾ ਜਾਗ ਜਰਾ । ਕੌਮੀ ਦੀ ਬਿਗੜੀ... ।

ਪੰਜਾਬ ਦੇ ਅਛੂਤ ਪੰਥ ਨੂੰ ਵਧਾਈ

ਮੇਰੇ ਵੱਲੋਂ ਵਧਾਈ ਅਛੂਤ ਪੰਥਾ, ਆਜ਼ਾਦ ਵਿੱਚ ਪੰਜਾਬ ਕਰਾ ਦਿੱਤਾ । ਕੀਤਾ ਵਾਹਿਦਾ ਜੋ ਉਨੀਂ ਸੌ ਛਬੀ ਅੰਦਰ, ਪੰਜਾਹ ਸੰਨ ਦੇ ਵਿੱਚ ਮੁਕਾ ਦਿੱਤਾ । ਮੁਗੋਵਾਲ ਪਹਿਲੀ ਕਾਨਫ਼ਰੰਸ ਹੋਈ, ਪ੍ਰੋਗਰਾਮ ਮੈਂ ਤੋੜ ਨਭਾ ਦਿੱਤਾ । ਊਚ ਨੀਚ ਕਲੰਕ ਨੇ ਤੰਗ ਕੀਤੇ, ਛੂਤ ਛਾਤ ਦਾ ਕੋੜ੍ਹ ਹਟਾ ਦਿੱਤਾ । ਲਥਾ ਬੋਝੇ ਬਗਾਰ ਦਾ ਭਾਰ ਸਿਰ ਤੋਂ, ਫ਼ਤਵਾ ਕੰਮੀਂ ਕਮੀਣ ਤੁੜਾ ਦਿੱਤਾ । ਰਈਅਤ ਨਾਮਿਆਂ ਦੀ ਲਾਹਨਤ ਦੂਰ ਹੋਈ, ਰਹੈਸ਼ੀ ਘਰਾਂ ਦੇ ਮਾਲਕ ਬਣਾ ਦਿੱਤਾ । ਜਨਮ ਦਿਨ ਗੁਰੂ ਰਵਿਦਾਸ, ਬਾਲਮੀਕਿ ਛੁੱਟੀ, ਪੰਜਾਬ ਹਕੂਮਤ ਤੋਂ ਗਜ਼ਟ ਕਰਵਾ ਦਿੱਤਾ । ਡਿਸਟਰਿਕਟ ਬੋਰਡ ਮਿਉਂਸਪਲਟੀ ਪੰਚਾਇਤ ਕੌਂਸਲ, ਮੈਂਬਰ ਬਣਨ ਦਾ ਵੋਟ ਬਣਾ ਦਿੱਤਾ । ਜ਼ਿਮੀਂਦਾਰਾਂ ਦੇ ਵਾਂਗਰਾਂ ਬਣੇ ਮਾਲਕ, ਕਾਸ਼ਤਕਾਰਾਂ ਦੇ ਵਿੱਚ ਮਲ਼ਾ ਦਿੱਤਾ । ਮਿਲੇ ਵਿੱਦਿਆ ਦੇ ਅਧਿਕਾਰ ਸਾਰੇ, ਫ਼ੀਸ ਮੁਆਫ਼ ਤੇ ਵਜ਼ੀਫ਼ਾ ਲਗਵਾ ਦਿੱਤਾ । ਸ਼ੁਰੂ ਪੰਜਵੀਂ ਮਿਡਲ, ਇੰਟਰ, ਐਫ.ਏ, ਬੀ.ਏ. ਐਮ.ਏ. ਤਾਈਂ ਪੁਚਾ ਦਿੱਤਾ । ਭਰਤੀ ਫੌਜ ਪੁਲੀਸ ਦੇ ਵਿੱਚ ਹੋਏ ਦਾਖ਼ਲ, ਮਹਿਕਮਾ ਸਿਵਲ ਦਾ ਵੀ ਖੁੱਲਵਾ ਦਿੱਤਾ । ਝਗੜਾ ਨੌਕਰੀਆਂ ਦਾ ਸਾਰਾ ਖ਼ਤਮ ਹੋਇਆ, ਪੰਦਰਾਂ ਫ਼ੀਸਦੀ ਹਿੱਸਾ ਲਿਖਵਾ ਦਿੱਤਾ । ਧੰਨਵਾਦੀ ਹਾਂ ਡਾਕਟਰ ਅੰਬੇਡਕਰ ਦਾ, ਉੱਜੜ ਗਿਆਂ ਨੂੰ ਮੁੜ ਵਸਾ ਦਿੱਤਾ । ਮੰਨ ਕੇ ਸੈਂਟਰ ਅਸੈਂਬਲੀ ਲਾ ਮੈਂਬਰ, ਅਛੂਤ ਪੰਥ ਦਾ ਮਾਣ ਵਧਾ ਦਿੱਤਾ । ਧੰਨਵਾਦ ਕਰਦਾ ਕੌਮੀਂ ਸੇਵਕਾਂ ਦਾ, ਦੇ ਕੇ ਆਸਰਾ ਕੌਮ ਬਚਾ ਦਿੱਤਾ । ਸਾਥੀ ਮੰਡਲ ਪ੍ਰਧਾਨ ਤੇ ਸੰਤ ਸਾਧੂ, ਮਦਦ ਤੁਸਾਂ ਦੀ ਕੌਮ ਜਗਾ ਦਿੱਤਾ । ਮੇਰਾ ਪਿਛਲਾ ਪ੍ਰੋਗਰਾਮ ਹੋਇਆ ਪੂਰਾ, ਸਾਰਾ ਪਰਚੇ ਦੇ ਵਿੱਚ ਦੁਹਰਾ ਦਿੱਤਾ । ਖਿਮਾਂ ਰੱਖਣੀਂ, ਨਹੀਂ ਕਰੋਧ ਕਰਨਾ, ਸਭ ਨੂੰ ਜੈ ਗੁਰਦੇਵ ਬੁਲਾ ਦਿੱਤਾ । ਮੰਗੂ ਰਾਮ ਨੂੰ ਸਮਝ ਕੇ ਦਾਸ ਆਪਦਾ, ਭੁੱਲ ਬਖਸ਼ਣੀਂ ਸੰਦੇਸ਼ ਪੁਚਾ ਦਿੱਤਾ ।

  • ਮੁੱਖ ਪੰਨਾ : ਬਾਬੂ ਮੰਗੂ ਰਾਮ ਮੁੱਗੋਵਾਲੀਆ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ