Punjabi Poetry : Mela Ram Tair/Tayyar

ਪੰਜਾਬੀ ਗ਼ਜ਼ਲਾਂ, ਗੀਤ, ਕਵਿਤਾਵਾਂ : ਮੇਲਾ ਰਾਮ ਤਾਇਰ


ਕੋਈ ਤੇ ਨੇਕੀ ਦਾ ਕੰਮ ਕਰ ਲੈ

ਕੋਈ ਤੇ ਨੇਕੀ ਦਾ ਕੰਮ ਕਰ ਲੈ, ਖ਼ੁਦਾ ਦੇ ਬੰਦੇ ਕਜ਼ਾ ਦੇ ਪਹਿਲੋਂ। ਕਿ ਟੁੱਟ ਨਾ ਜਾਏ ਇਹ ਸ਼ਾਖ਼ ਜ਼ਿੰਦਗੀ, ਤਿੜਕ ਤਿੜਕ ਕੇ ਹਵਾ ਦੇ ਪਹਿਲੋਂ। ਹੈ ਕੌਣ ਐਸਾ ਜਹਾਨ ਉੱਤੇ, ਮੁਸੀਬਤਾਂ ਨੂੰ ਜੋ ਮੁੱਲ ਖ਼ਰੀਦੇ, ਕੋਈ ਤੇ ਆ ਕੇ ਹੈ ਸੱਟ ਪੈਂਦੀ, ਜਨੂੰ ਦੇ ਪਹਿਲੋਂ ਸੋਦਾ ਦੇ ਪਹਿਲੋਂ। ਇਸ਼ਕ ਦੀ ਲੱਜਤ ਜਹਾਨ ਉੱਤੇ ਨਸੀਬ ਹੁੰਦੀ ਏ ਨਾਲ ਕਰਮਾ, ਹਾਂ ਮੇਰੀ ਕਿਸਮਤ ਵਿਚ ਗ਼ਮ ਲਿਖੇ ਸੀ, ਸਨਮ ਦੀ ਨਾਜੋ ਅਦਾ ਦੇ ਪਹਿਲੋਂ। ਜੇ ਮਰ ਗਿਆ ਤੇ ਫਿਰ ਗ਼ਮ ਹੈ ਕਾਹਦਾ, ਜੇ ਜੰਮ ਪਿਆ ਤੇ ਖ਼ੁਸ਼ੀ ਹੈ ਕਾਹਦੀ, ਕਿ ਪੱਤਾ ਤੱਕ ਵੀ ਨਹੀਂ ਹਿਲ ਸਕਦਾ, ਪ੍ਰਭੂ ਦੀ ਰਜ਼ਾ ਦੇ ਪਹਿਲੋਂ। ਯਕੀਂ ਨਹੀਂ ਤੇ ਯਕੀਂ ਨਾ ਕਰਨਾ ਯਕੀਨ ਹੈ ਤੇ ਯਕੀਨ ਕਰ ਲਉ, ਬੁਰੀ ਸੀ ਲੇਕਿਨ ਬਣੀ ਹੋਈ ਸੀ, ਇਹ ਲੋਹੇ ਕਿਸਮਤ ਹੁਮਾ ਦੇ ਪਹਿਲੋਂ। ਕਸੂਰ ਉਹਦਾ ਕਸੂਰ ਮੇਰਾ ਫਿਤੂਰ ਦਿਲ ਦਾ ਏ ਕੋਈ ਕੱਢ ਲਏ, ਕਿ ਅੱਖੀਆਂ ਦੇ ਜ਼ਖ਼ਮ ਲਗਾਏ ਸੀ, ਦਿਲ 'ਤੇ ਕਜਾ ਦੇ ਪਹਿਲੋਂ। ਕੋਈ ਵੀ ਦਾਰੂ ਨਾ ਚੱਲ ਸਕੇਗਾ, ਇਹ ਵਕਤ ਮੁਸ਼ਕਲ ਨਾ ਟਲ ਸਕੇਗਾ, ਸਲਾਮ ਕਰ ਲੈ ਗ਼ੁਲਾਮ ਕਰ ਲੈ, ਜਹਾਂ ਨੂੰ ‘ਤਾਇਰ’ ਫ਼ਨਾਹ ਦੇ ਪਹਿਲੋਂ।

ਅਜ਼ਲ ਠਹਿਰ ਜਾ

ਅਜ਼ਲ ਠਹਿਰ ਜਾ ਮੁਸਕਰਾ ਲਾਂ 'ਤੇ ਆਵੀਂ। ਨਵਾਂ ਕੋਈ ਜਾਦੂ ਜਗਾ ਲਾਂ ਤੇ ਆਵੀਂ। ਜ਼ਰਾ ਹਾਸਿਆਂ ਦਾ ਸਵਾਗਤ ਕਰਨ ਦੇ, ਉਦਾਸੀ ਪੁਲਤਨਾਂ ਮੁੱਕਾ ਲਾਂ ਤੇ ਆਵੀਂ। ਮੈਂ ਤੂਫ਼ਾਨ ਦੇ ਨਾਲ ਟਕਰਾਉਣਾ ਚਾਹੁੰਣਾ, ਇਹ ਬਾਜੂ ਜ਼ਰਾ ਆਜ਼ਮਾ ਲਾਂ ਤੇ ਆਵੀਂ। ਸਹਾਰਾ ਧਰਮ ਦਾ ਮਜ਼ਹਬ ਦਾ ਇਹ ਨਾਰਾ, ਮੈਂ ਦੋਹਾਂ ਤੋਂ ਪਿੱਛਾ ਛੁਡਾ ਲਾਂ ਤੇ ਆਵੀਂ। ਜਰਾ ਠਹਿਰ ਜਾ ਤੱਤੀਏ ਬਿਜ਼ਲੀਏ, ਨਵਾਂ ਆਸ਼ਿਆਨਾਂ ਬਣਾ ਲਾਂ ਤੇ ਆਵੀਂ। ਬੁਝਾ ਲੈਣ ਦੇ ਮੈਨੂੰ ਪੀਲੇ ਚਿਰਾਗ, ਇਹ ਸੱਜਰਾ ਸਵੇਰਾ ਜਗ੍ਹਾ ਲਾਂ ਤੇ ਆਵੀਂ। ਲਹੂ ਭਗਤ ਸਿੰਘ ਦਾ ਆਜ਼ਾਦੀ ਨੂੰ ਦਿੱਤਾ, ਆਜ਼ਾਦੀ ਲਈ ਮੁੜਕਾ ਵਰ੍ਹਾ ਲਾਂ ਤੇ ਆਵੀਂ। ਕਰਮ ਕਰ ਵਤਨ ਤੇ ਕਰਮ ਕਰ ਐ ਫ਼ਿਰਕੂ, ਮੈਂ ਗਾਂਧੀ ਦੀ ਬਰਸੀ ਮਨਾ ਲਾਂ ਤੇ ਆਵੀਂ। ਮਿਟਾ ਲੈਣ ਦੇ ਮੈਨੂੰ ਧੁੰਦਲੇ ਇਹ ਦੀਵੇ, ਅਮੀਰਾਂ ਤੋਂ ਜਿੰਦੜੀ ਛੁਡਾ ਲਾਂ ਤੇ ਆਵੀਂ। ਅਜੇ ਝੁੱਗੀਆਂ ਵਿਚ ਚਾਨਣ ਨਹੀਂ ਆਇਆ, ਕੋਈ ਉਥੇ ਦੀਵਾ ਜਗਾ ਲਾਂ ਤੇ ਆਵੀਂ। ਨਵਾਂ ਕੋਈ ਸੂਰਜ ਨਿਕਲਣਾ ਐ ‘ਤਾਇਰ’ ਵਤਨ ਦੀ ਮੈਂ ਕਿਸਮਤ ਬਣਾ ਲਾਂ ਤੇ ਆਵੀਂ। ਅਜ਼ਲ ਠਹਿਰ ਜਾ ਮੁਸਕਰਾ ਲਾਂ ਤੇ ਆਵੀਂ। ਨਵਾਂ ਕੋਈ ਜਾਦੂ ਜਗਾ ਲਾਂ ਤੇ ਆਵੀਂ।

ਕਦੇ ਗ਼ਮ ਉਠਾ ਕੇ ਹੱਸੇ

ਕਦੇ ਗ਼ਮ ਉਠਾ ਕੇ ਹੱਸੇ ਕਦੇ ਮੁਸਕਰਾ ਕੇ ਰੋਏ। ਕਦੇ ਹਾਲੇ ਦਿਲ ਕਿਸੇ ਨੂੰ ਆਪਣਾ ਸੁਣਾ ਕੇ ਰੋਏ। ਕੀ ਜਾਣਦਾ ਹੈ ਕੋਈ ਗੁਜ਼ਰੀ ਜੋ ਨਾਲ ਸਾਡੇ, ਉਹ ਦਿਲ ਨੂੰ ਲੈ ਕੇ ਹੱਸੇ ਅਸੀਂ ਦਿਲ ਗਵਾ ਕੇ ਰੋਏ। ਲੱਖਾਂ ਹੀ ਰੰਗ ਦੇਖੇ ਆਉਂਦੇ ਜਵਾਨੀਆਂ 'ਤੇ, ਫਿਰ ਜਾਂਦੀਆਂ ਦੇ ਵੇਖੇ ਹੰਝੂ ਬਹਾ ਕੇ ਰੋਏ। ਹੱਸਦੇ ਕਦੇ ਸੀ ਜਿਹੜੇ ਦੂਜੇ ਦਾ ਘਰ ਜਲਾ ਕੇ, ਜਦ ਆਪਣੇ ਘਰ ਨੂੰ ਲੱਗੀ ਤਦ ਦਿਲ ਜਲਾ ਕੇ ਰੋਏ। ਸਿੱਖਿਆ ਜਿਨ੍ਹਾਂ ਨੇ ਆ ਕੇ ਦੁਨੀਆਂ 'ਚ ਜ਼ੁਲਮ ਕਰਨਾ, ਮਜ਼ਲੂਮ ਜਦ ਬਣੇ ਤੇ ਉਹ ਬਿਲ ਬਲਾ ਕੇ ਰੋਏ। ਕਰਦੇ ਸੀ ਜੋ ਕਿਸੇ ਨਾਲ ਜਦ ਆਪਣੇ ਨਾਲ ਬੀਤੀ, ਪਰਦੇ 'ਚ ਰਹਿਣ ਵਾਲੇ ਪਰਦਾ ਉਠਾ ਕੇ ਰੋਏ। ਦਾਮਨ ਜਿਨ੍ਹਾਂ ਭਰੇ ਸੀ ਮਕਰਾਂ ਦੀ ਪੰਡ ਚੁੱਕ ਕੇ, ਆਇਆ ਵਕਤ ਤੇ ਉਹ ਸਭ ਦਾਮਨ ਫੈਲਾ ਕੇ ਰੋਏ। ਜਦ ਪਰਖਿਆ ਇਸ਼ਕ ਨੂੰ ਹਿੱਜਰਾਂ ਦਾ 'ਤਾ ਚੜਾਅ ਕੇ, ਅਜ਼ਮਾਣ ਵਾਲੇ ਮੈਨੂੰ ਫਿਰ ਆਜ਼ਮਾ ਕੇ ਰੋਏ। ਇਲਹਾਦ ਦੇ ਪੁਜਾਰੀ ਸੱਚ ਸੱਚ ਇਹ ਕਹਿ ਰਹੇ ਨੇ, ਕਾਬੇ 'ਚ ਜਾਣ ਵਾਲੇ ਕਾਬੇ 'ਚ ਜਾ ਕੇ ਰੋਏ। ਇਨਸਾਨ ਕਬਰ ਦੀਵਾ ਏਨੀ ਕੁ ਜ਼ਿੰਦਗੀ ਹੈ, ਮੂਰਖ ਜਿਹੇ ਲੋਕ ਤਿੰਨੇ ਗੱਲਾਂ ਭੁਲਾ ਕੇ ਰੋਏ । ਆਪਣੀ ਹਯਾਤ ਅੰਦਰ ਇਹ ਵੇਖਿਆ ਮੈਂ ‘ਤਾਇਰ’, ਜੋ ਗੁਲ ਖਿਲਾ ਕੇ ਹੱਸੇ ਉਹ ਗੁਲ ਖਿਲਾ ਕੇ ਰੋਏ।

ਮੇਰੇ ਵਾਂਗੂੰ ਮੇਰਾ ਉਸ ਨੂੰ ਖ਼ਿਆਲ ਆਉਂਦਾ

ਮੇਰੇ ਵਾਂਗੂੰ ਮੇਰਾ ਉਸ ਨੂੰ ਖ਼ਿਆਲ ਆਉਂਦਾ ਤੇ ਕੀ ਹੁੰਦਾ ? ਦੋਹਾਂ ਦੇ ਸਾਹਮਣੇ ਇੱਕੋ ਸਵਾਲ ਆਉਂਦਾ ਤੇ ਕੀ ਹੁੰਦਾ ? ਸੜੇ ਹੋਏ ਦਿਲ ਦੀ ਅੱਗ ਦਾ ਸੇਕ ਜੇ ਉਹਨਾਂ ਨੂੰ ਲੱਗ ਜਾਂਦਾ, ਉਹਦੇ ਨੈਨਾਂ ਦੇ ਸਾਗਰ ਵਿਚ ਉਬਾਲ ਆਉਂਦਾ ਤੇ ਕੀ ਹੁੰਦਾ ? ਸੁੱਖਾਂ ਦਾ ਸਾਥ ਦੁਨੀਆਂ 'ਤੇ ਵੀ ਕੋਈ ਸਾਥ ਹੁੰਦਾ ਏ, ਦੁੱਖਾਂ ਦਾ ਵੀ ਕੋਈ ਬਣ ਕੇ ਭਿਆਲ ਆਉਂਦਾ ਤੇ ਕੀ ਹੁੰਦਾ ? ਕਹਾਣੀ ਆਪ ਬੀਤੀ ਦੀ ਇੱਕੋ ਵੇਲੇ ਲਿਖੀ ਜਾਂਦੀ, ਜਵਾਬ ਉਹਨਾਂ ਦਾ ਮੇਰੇ ਖਤ ਦੇ ਨਾਲ ਆਉਂਦਾ ਤੇ ਕੀ ਹੁੰਦਾ ? ਆਵਾਜ਼ਾਂ ਉਂਗਲੀਆਂ ਤਾਹਨੇ ਤੇ ਮਿਹਨੇ ਗਿਣਤੀਆਂ ਗੱਲਾਂ, ਬਲਾਵਾਂ ਜੋ ਸੀ ਉਹਨਾਂ ਨੂੰ ਜੇ ਟਾਲ ਆਉਂਦਾ ਤੇ ਕੀ ਹੁੰਦਾ ? ਤਰੇਲੇ ਹਿਜਰ ਦੇ ਪੱਤਿਆਂ ਨੂੰ ਜੇ ਸੜਿਆਂ ਨੂੰ ਆ ਚੁੰਮਦੀ, ਸੁੱਕੇ ਹੋਏ ਦਿਲ ਦੇ ਫੁੱਲ ਉੱਤੇ ਜਮਾਲ ਆਉਂਦਾ ਤੇ ਕੀ ਹੁੰਦਾ ?

ਸੋਹਣੀਏ ਨੀ ਸੱਕ ਕਾਹਨੂੰ

ਸੋਹਣੀਏ ਨੀ ਸੱਕ ਕਾਹਨੂੰ ਕੀਤਾ ਈ ਪਸ਼ੌਰ ਦਾ। ਕਲੀਏ ਨੀ ਦਿਲ ਕਾਹਨੂੰ ਚੀਰਨੀ ਏਂ ਭੌਰ ਦਾ। ਇਸ਼ਕ ਦਿਆਂ ਵਹਿਣਾਂ ਵਿਚ ਸਿਆਂ ਦਿੱਤੇ ਰੋੜ ਤੂੰ । ਅੱਖਾਂ ਨਾਲ ਲੱਖਾਂ ਸ਼ੀਸ਼ੇ ਦਿੱਤੇ ਜਿੰਦੇ ਤੋੜ । ਹੋਇਆ ਕੀ ਜੇ ਇਕ ਤੇਰਾ ਡੇਲਾ ਏ ਬਲੌਰ ਦਾ। ਸੋਹਣੀਏ ਨੀ ਸੱਕ ਕਾਹਨੂੰ ਕੀਤਾ ਈ ਪਸ਼ੌਰ ਦਾ। ਲਾਲ ਲਾਲ ਬੁੱਲਾਂ ਪਿੱਛੇ ਚਿੱਟੇ ਚਿੱਟੇ ਦੰਦ ਨੇ। ਬੱਤੀ ਅਸਮਾਨਾਂ ਉੱਤੇ ਚੜ੍ਹੇ ਹੋਏ ਚੰਦ ਨੇ। ਰਾਹ ਈ ਅਨਾਰਕਲੀਏ ਇਧਰ ਲਾਹੌਰ ਦਾ। ਸੋਹਣੀਏ ਨੀ ਸੱਕ ਕਾਹਨੂੰ ਕੀਤਾ ਈ ਪਸ਼ੌਰ ਦਾ। ਚੜ੍ਹਦੀ ਜਵਾਨੀ ਏ ਹੁਲਾਰੇ ਪਈ ਮਾਰਦੀ। ਕਿਸੇ ਨੂੰ ਇਹ ਡੋਬਦੀ ਤੇ ਕਿਸੇ ਨੂੰ ਇਹ ਤਾਰਦੀ। ਕਰੇ ਜੇ ਸਵਾਲ ਤੇ ਜਵਾਬ ਨਹੀਂਉਂ ਔੜਦਾ। ਸੋਹਣੀਏ ਨੀ ਸੱਕ ਕਾਹਨੂੰ ਕੀਤਾ ਈ ਪਸ਼ੌਰ ਦਾ।

ਆਕਾਸ਼ ਦੇ ਸਹਾਰੇ

ਆਕਾਸ਼ ਦੇ ਸਹਾਰੇ ਸੂਰਜ ਨੇ ਦਿੱਤੀ ਗਰਮੀ, ਬੱਦਲਾਂ ਨੇ ਦਿੱਤਾ ਪਾਣੀ ਧਰਤੀ ਨੇ ਦਿੱਤੇ ਦਾਣੇ। ਰਿਸ਼ਤਾ ਅਟੁੱਟ ਦੌਲਤ ਕਿਸਮਤ ਦਾ ਜੜਿਆ ਏ, ਕਰਮਾਂ ਦੇ ਨਾਲ ਲਿਖੇ ਮਨਘੜਤ ਕਈ ਫਸਾਨੇ। ਮੰਦਰਾਂ 'ਚ ਹੋਈ ਪੂਜਾ ਕਾਬੇ 'ਚ ਸਿਰ ਨਵਾਇਆ, ਮੁੱਲਾਂ ਨੇ ਬਾਂਗ ਦਿੱਤੀ ਗਿਰਜੇ 'ਚ ਗਾਏ ਗਾਣੇ। ਉਸ ਦੇ ਸੁਰਾਂ ਤੇ ਮਰਦੰਗ ਗੂੰਜ ਉਠੇ, ਤੇਰੇ ਮਿਲਣ ਦੇ ਲੱਖਾਂ ਕੀਤੇ ਗਏ ਬਹਾਨੇ। ਮੁੱਲਾਂ ਨੇ ਦਾੜ੍ਹੀ ਰੱਖੀ ਪਾਂਧੇ ਨੇ ਤਿਲਕ ਲਾਇਆ, ਭਾਈਆਂ ਨੇ ਲੁੱਟ ਲੀਤੇ ਚੜ੍ਹਤਾਂ ਦੇ ਕੁੱਲ ਖ਼ਜ਼ਾਨੇ। ਸਾਗਰ, ਸੁਰਾਹੀ, ਸ਼ੀਸ਼ਾ, ਪੈਮਾਨਾ ਭੰਨ ਸੁੱਟਿਆ, ਵਿਰਾਨ ਹੁੰਦੇ ਦੇਖੇ ਸਾਕੀ ਤੇਰੇ ਮੈਖ਼ਾਨੇ। ਹਾਸਲ ਹੋਇਆ ਸਕੂਨ ਨਾ ਬਰਸੋਂ ਰਿਹਾ ਮੈਂ ਫਿਰਦਾ, ਮੰਜ਼ਰ ਦਿਖਾਏ ਲੱਖਾਂ ‘ਤਾਇਰ’ ਮੈਨੂੰ ਖ਼ੁਦਾ ਨੇ। ਸੱਚ ਕਹਿਦਾਂ ਮੈਂ ਬ੍ਰਾਹਮਣ ਗਰ ਤੂੰ ਬੁਰਾ ਨਾ ਮੰਨੇ, ਤੇਰੇ ਸਨਮ ਕਦੋਂ ਦੇ ਬੁੱਤ ਹੋ ਗਏ ਪੁਰਾਣੇ।

ਤੇਰੇ ਹਰੇ ਖੇਤ ਤੇਰੇ ਭਰੇ ਖੇਤ

ਤੇਰੇ ਹਰੇ ਖੇਤ ਤੇਰੇ ਭਰੇ ਖੇਤ ਤੇਰੀ ਕੋਠੀ ਦੇ ਵਿਚ ਦਾਣੇ ਨੇ, ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ ਤੇਰੇ ਕਮਲੇ ਅੱਜ ਸਿਆਣੇ ਨੇ। ਤੂੰ ਐਬ ਕਰੇ ਤੇ ਜੁਰਮ ਨਹੀਂ ਤੂੰ ਪਾਪ ਕਰੇਂ ਤੇ ਸ਼ਰਮ ਨਹੀਂ, ਤੈਨੂੰ ਲੋੜ ਹੈ ਨਕਦੀ ਨੋਟਾਂ ਦੀ ਤੇਰੇ ਕੋਲ ਦਇਆ ਤੇ ਧਰਮ ਨਹੀਂ। ਤੇਰਾ ਪੇਟ ਬੜਾ ਲੰਮਲੇਟ ਬੜਾ ਤੈਨੂੰ ਆਏ ਰਾਸ ਜ਼ਮਾਨੇ ਨੇ। ਤੇਰੇ ਹਰੇ ਖੇਤ ਤੇਰੇ ਭਰੇ ਖੇਤ ਤੇਰੀ ਕੋਠੀ ਦੇ ਵਿਚ ਦਾਣੇ ਨੇ, ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ ਤੇਰੇ ਕਮਲੇ ਅੱਜ ਸਿਆਣੇ ਨੇ। ਕੋਈ ਮਰੇ ਸੜਕ 'ਤੇ ਤੈਨੂੰ ਕੀ ਕੋਈ ਸੜੇ ਸੜਕ 'ਤੇ ਤੈਨੂੰ ਕੀ, ਕੋਈ ਖੰਭਿਆਂ ਦੇ ਨਾਲ ਲਟਕ ਲਟਕ ਕੇ ਮਰੇ ਪਟਕ ਕੇ ਤੈਨੂੰ ਕੀ, ਰਹੇ ਮਾਘ ਜੇਠ ਤੇਰੇ ਕਾਰ ਹੇਠ ਤੇਰੇ ਕਈ ਤਰ੍ਹਾਂ ਦੇ ਖਾਣੇ ਨੇ। ਤੇਰੇ ਹਰੇ ਖੇਤ ਤੇਰੇ ਭਰੇ ਖੇਤ ਤੇਰੀ ਕੋਠੀ ਦੇ ਵਿਚ ਦਾਣੇ ਨੇ, ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ ਤੇਰੇ ਕਮਲੇ ਅੱਜ ਸਿਆਣੇ ਨੇ। ਮੈਨੂੰ ਫ਼ਿਕਰ ਪਿਆ ਏ ਆਟੇ ਦਾ ਤੈਨੂੰ ਤਾਂਘ ਲੱਗੀ ਏ ਸੋਨੇ ਦੀ, ਤੇਰੇ ਉੱਚੇ ਮਹਿਲਾਂ ਅੰਦਰ ਆਵਾਜ਼ ਨਾ ਪਹੁੰਚੇ ਰੋਣੇ ਦੀ। ਰਹੇ ਅੰਗ ਸੰਗ ਮੇਰੇ ਭੁੱਖ ਨੰਗ ਤੇਰੇ ਸ਼ਹਿਨਾਈਆਂ ਤੇ ਗਾਣੇ ਨੇ। ਤੇਰੇ ਹਰੇ ਖੇਤ ਤੇਰੇ ਭਰੇ ਖੇਤ ਤੇਰੀ ਕੋਠੀ ਦੇ ਵਿਚ ਦਾਣੇ ਨੇ, ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ ਤੇਰੇ ਕਮਲੇ ਅੱਜ ਸਿਆਣੇ ਨੇ। ਮੈਂ ਮਿਹਨਤੀ ‘ਤਾਇਰ’ ਭੁੱਖਾ ਹਾਂ ਤੂੰ ਬਿਨਾਂ ਮਿਹਨਤੋਂ ਰਾਜੀ ਏਂ, ਤੇਰੀ ਚੌਧਰ ਬੜੀ ਬਾਜ਼ਾਰਾਂ ਵਿਚ ਤੂੰ ਹਰ ਮਜਲਸ ਦਾ ਕਾਜੀ ਏਂ। ਮੈਂ ਕੁੱਲੀਉਂ ਬਿਨ ਮੈਂ ਜੁੱਲੀਉਂ ਬਿਨ ਮੇਰੇ ਭੁੱਖੇ ਬਾਲ ਨਿਆਣੇ ਨੇ। ਤੇਰੇ ਹਰੇ ਖੇਤ ਤੇਰੇ ਭਰੇ ਖੇਤ ਤੇਰੀ ਕੋਠੀ ਦੇ ਵਿਚ ਦਾਣੇ ਨੇ, ਤੇਰੇ ਰੰਗਲੇ ਮਹਿਲ ਵਿਚ ਚਹਿਲ-ਪਹਿਲ ਤੇਰੇ ਕਮਲੇ ਅੱਜ ਸਿਆਣੇ ਨੇ।

ਜਦ ਕਿਤਾਬੇ ਇਸ਼ਕ ਦੇ

ਜਦ ਕਿਤਾਬੇ ਇਸ਼ਕ ਦੇ ਵਰਕੇ ਫੋਲੇ ਗਏ, ਖੰਜਰਾਂ ਦੇ ਨਾਲ ਇਨਸਾਨਾਂ ਦੇ ਸਿਰ ਤੋਲੇ ਗਏ। ਵਕਤ ਦਿਆਂ ਹਾਕਮਾਂ ਤਾਕਤ ਨੂੰ ਇੰਝ ਅਪਣਾ ਲਿਆ, ਕੈਦਖ਼ਾਨੇ ਦੇਸ਼ ਭਗਤਾਂ ਵਾਸਤੇ ਖੋਲ੍ਹੇ ਗਏ। ਤਖ਼ਤਾਂ ਤਾਜ਼ਾਂ ਵਾਲਿਆਂ ਨੂੰ ਵੱਜੀ ਯੁਗ ਗਰਦੀ ਦੀ ਸੱਟ, ਤੋਪਾਂ ਬੰਦੂਕਾਂ ਦੇ ਉਹ ਬੇਕਾਰ ਸਭ ਗੋਲੇ ਗਏ। ਵਿਲਕ ਉੱਠੀ ਦੇਸ਼ ਭਗਤੀ ਉਸ ਵੇਲੇ ਦੇਖ ਕੇ, ਇਕ ਤਰਫ਼ ਨਿਕਲੇ ਜਨਾਜ਼ੇ 'ਤੇ ਇਕ ਤਰਫ਼ ਡੋਲੇ ਗਏ। ਸਾਲੂ ਸੜ ਗਏ ਨੱਥਾਂ ਟੁੱਟੀਆਂ ਵਾਲ ਖੁੱਲ੍ਹੇ ਰਹਿ ਗਏ, ਅੱਗ ਸਤਲੁਜ ਨੂੰ ਲੱਗੀ ਅਕਾਸ਼ ਨੂੰ ਸ਼ੋਲੇ ਗਏ। ਕੱਟ ਦਿੱਤੀ ਜੜ੍ਹ ਗ਼ੁਲਾਮੀ ਦੀ ਐ ‘ਤਾਇਰ’ ਉਸ ਵਕਤ, ਕਰਨ ਦੇ ਜਾਂ ਮਰਨ ਦੇ ਬੋਲ ਸੀ ਜਦ ਬੋਲੇ ਗਏ।

ਜੇ ਇਸ ਧਰਤੀ ਦੇ ਪੁੜ ਥੱਲੇ

ਜੇ ਇਸ ਧਰਤੀ ਦੇ ਪੁੜ ਥੱਲੇ ਗੰਧਕ ਤੇ ਪਾਰਾ ਬਣ ਸਕਦਾ, ਤਾਂ ਇਸ ਜ਼ਮੀਨ ਦੇ ਫ਼ਰਸ਼ ਉੱਤੇ ਜੁਗਨੂੰ ਵੀ ਤਾਰਾ ਬਣ ਸਕਦਾ। ਮਾਰਨ ਨਾਲੋਂ ਰੱਖਣ ਵਾਲਾ ਤਗੜਾ ਇਸ ਜ਼ਮਾਨੇ ਵਿਚ, ਡੁੱਬਣ ਵਾਲੇ ਲਈ ਇਕ ਤਿਨਕਾ ਦਰਿਆ 'ਚ ਸਹਾਰਾ ਬਣ ਸਕਦਾ। ਜੇ ਆਪਣੇ ਮਨ ਨੂੰ ਮਾਰ ਲਈਏ ਤਾਂ ਜਿੱਤ ਜਾਈਦਾ ਦੁਨੀਆਂ ਨੂੰ, ਅਹਿਸਾਨ ਕਰੋ ਤੇ ਦੁਸ਼ਮਣ ਵੀ ਇਕ ਸੱਜਣ ਪਿਆਰਾ ਬਣ ਸਕਦਾ। ਦੁਸ਼ਮਣ ਵੀ ਅਕਲ ਵਾਲਾ ਚੰਗਾ ਕਿਸੇ ਬੇਵਕੂਫ਼ ਜਿਹੇ ਮਿੱਤਰ ਤੋਂ, ਜੇ ਵਖ਼ਤ ਪਵੇ ਤਾਂ ਦੁੱਖਾਂ ਤੇ ਦਰਦਾਂ ਦਾ ਸਹਾਰਾ ਬਣ ਸਕਦਾ। ਹਾਂ ਕਿਸਮਤ ਜਿਸ ਨੂੰ ਮਾਰ ਦਵੇ ਦਰਕਾਰ ਦਵੇ ਜਾਂ ਹਾਰ ਦਵੇ, ਤਾਂ ਪਿੰਜਰੇ ਅੰਦਰ ਸ਼ੇਰ ਪਿਆ ਮਜਲੂਮ ਨਕਾਰਾ ਬਣ ਸਕਦਾ। ਕੁਛ ਕਰਨੀ ਤੇ ਕੁਛ ਕਰਮਗਤੀ ਕੁਛ ਭਾਗ ਨੇ ਪਿਛਲੇ ਕਰਮਾਂ ਦੇ, ਪਰਲੋਕ ਲਈ ਇਸ ਲੋਕ ਅੰਦਰ ਸਾਮਾਨ ਵੀ ਸਾਰਾ ਬਣ ਸਕਦਾ। ਦੋ ਸੱਜਣ ਤੇ ਦੋ ਦੁਸ਼ਮਣ ਨੇ ਏਨੀ ਕੁ ਇਹ ਦੁਨੀਆਂ ਹੈ ‘ਤਾਇਰ’, ਜੇ ਮਿਹਰ ਹੋਵੇ ਦਰਿਆ ਅੰਦਰ ਤਿਨਕੇ ਦਾ ਸਹਾਰਾ ਬਣ ਸਕਦਾ।

ਕਿੱਸਾ ਕਿਸੇ ਦਾ...

ਕਿੱਸਾ ਕਿਸੇ ਦਾ ਕੋਈ ਨਹੀਂ ਯਾਦ ਮੈਨੂੰ, ਜਦ ਕਿ ਮੇਰਾ ਹੀ ਕਿੱਸਾ ਕਿਤਾਬ ਹੈ ਇਕ । ਸਦਾ ਰਿਹਾ ਮੁਸੀਬਤਾਂ ਵਿਚ ਮੈਂ ਤੇ ਮੇਰਾ ਜੀਵਨ, ਨਹੀਂ ਔਖਾ ਹਿਸਾਬ ਹੈ ਇਕ । ਹੱਲ ਮੈਂ ਨਹੀਂ ਕੋਈ ਸਵਾਲ ਕਰਦਾ, ਸੌ ਸਵਾਲ ਦਾ ਸਿਰਫ਼ ਜਵਾਬ ਹੈ ਇਕ। ਕਾਸ਼ੀ ਕਾਬਾ ’ਤੇ ਬਣਿਆ ਹੈ ਦੋ ਥਾਂਈਂ, ਮੇਰੇ ਦਿਲਵਿਚ ਰੋਸ਼ਨ ਮਹਿਰਾਬ ਹੈ ਇਕ । ਦੁਨੀਆਂ ਆਪਣੀ ਦੁਨੀਆਂ ਵਸਾ ਰਹੀ ਏ, ਮੈਂ ਤੇ ਆਪਣੀ ਦੁਨੀਆਂ ਆਬਾਦ ਕਰਨਾ। ਦੁਨੀਆਂ ਕਿਸੇ ਭਗਵਾਨ ਨੂੰ ਲੱਭਦੀ ਏ, ਮੈਂ ਤੇ ਕਿਸੇ ਇਨਸਾਨ ਨੂੰ ਯਾਦ ਕਰਨਾ। ਜੇ ਮੈਂ ਕਿਸੇ ਦੀ ਹਮਦੋਸਨਾ ਅੰਦਰ, ਹੰਝੂ ਨਹੀਂ ਵਹਾਏ ਤੇ ਨਾ ਸਹੀ । ਜੇ ਮੈਂ ਕਿਸੇ ਨਿਰਦੋਸ਼ ਦੀ ਹਿੱਕ ਉੱਤੋਂ, ਜ਼ਖ਼ਮ ਨਹੀਂ ਮਿਟਾਏ ਤੇ ਨਾ ਸਹੀ। ਜੇ ਮੈਂ ਕਿਸੇ ਦੀ ਜਾ ਕੇ ਮਜ਼ਾਰ ਉੱਤੇ, ਫੁੱਲ ਨਹੀਂ ਚੜ੍ਹਾਏ ਤੇ ਨਾ ਸਹੀ। ਮਸਜਿਦ ਮੰਦਰ ਵਿਚ ਫੁੱਲ ਤੇ ਫਲ ਬੂਟੇ, ਜੇਕਰ ਨਹੀਂ ਲਾਏ ਤੇ ਨਾ ਸਹੀ। ਜਰ ਦੌਲਤਾਂ, ਮਾਣ ਅਪਮਾਨ ਵਾਲਾ, ਮੈਂ ਤੇ ਕੋਈ ਵੀ ਰੋਗ ਸਹੇੜਿਆ ਨਹੀਂ। ‘ਤਾਇਰ’ ਕਸਮ ਹੈ ਦਿਲ ਦੀਆਂ ਧੜਕਣਾਂ ਦੀ, ਮੈਂ ਇਨਸਾਨ ਦੇ ਦਿਲ ਨੂੰ ਛੇੜਿਆ ਨਹੀਂ।

ਕਲੀਆਂ ਨੇ ਅੱਜ

ਕਲੀਆਂ ਨੇ ਅੱਜ ਮਹਿਕ ਕੇ ਸ਼ਿੰਗਾਰਾਂ ਨੂੰ ਕਰ ਲਿਆ, ਭੌਰਾਂ ਨੇ ਮਧੂ ਪੀ ਕੇ ਪਿਆਰਾਂ ਨੂੰ ਕਰ ਲਿਆ। ਨਰਗਿਸ ਨੇ ਨੈਣ ਖੋਲ ਕੇ ਚੰਪਾ ਨੂੰ ਤੱਕਿਆ, ਕੁਝ ਅਹਿਦ ਡਾਲੀਆਂ ਤੇ ਕਿਰਤਾਰਾਂ ਨੇ ਕਰ ਲਿਆ। ਧਰਤੀ ਦੀ ਰਾਣੀ ਸਬਜ਼ ਪੋਸ਼ਾਕਾ ਨੂੰ ਪਾ ਲਿਆ, ਖ਼ੁਸ਼ੀਆਂ ਨੇ ਆਪਣੇ ਵੱਸ ਹੈ ਪੁਕਾਰਾਂ ਨੂੰ ਕਰ ਲਿਆ। ਗਾਂਧੀ ਨੇ ਆਪਣੀ ਅਤਰ ਪਟਾਰੀ ਨੂੰ ਖੋਲਿਆ, ਜਾਦੂ ਕਿਸੇ ਨੇ ਅੱਜ ਹੈ ਬਹਾਰਾਂ ਨੂੰ ਕਰ ਲਿਆ। ਕਿਸ ਸ਼ਾਨ ਨਾਲ ਝੂਲਦਾ ਤਿਰੰਗਾ ਹੈ ਦੇਖ ਲਵੋ, ਜਿਸ ਨੇ ਹੈ ਅਕਲ ਮੰਦ ਗਵਾਰਾਂ ਨੂੰ ਕਰ ਲਿਆ। ਕਲੀਆਂ ਨੇ ਅੱਜ... ... ... ... ... ...।

ਉਹ ਤਾਂ ਹਾਰੀਆਂ...

ਉਹ ਤਾਂ ਹਾਰੀਆਂ ਬਾਜ਼ੀਆਂ ਜਿੱਤ ਜਾਂਦੇ, ਜਿਹੜੇ ਹਵਾ ਦਾ ਰੁਖ ਪਹਿਚਾਨਦੇ ਨੇ। ਮੁਸ਼ਕਲ ਰਾਹ ਨਹੀਂ ਉਹਨਾ ਦਾ ਰੋਕ ਸਕਦੀ, ਜਿਹੜੇ ਨਾਲ ਟਕਰਾਉਂਦੇ ਤੂਫ਼ਾਨ ਦੇ ਨੇ। ਉਹ ਤੇ ਵਸਲ ਮਹਿਬੂਬ ਦਾ ਪਾ ਲੈਂਦੇ, ਜਿਹੜੇ ਝੱਲਦੇ ਦੁੱਖ ਹਿਜਰਾਨ ਦੇ ਨੇ। ਸੱਚੀ ਕੋਲੇ 'ਚੋਂ ਹੀਰੇ ਵੀ ਕੱਢ ਲੈਂਦੇ, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ। ਪੜ੍ਹ ਕੇ ਬਿਸਮਿੱਲਾ ਛੁਰੀ ਫੇਰ ਦਿੰਦੇ, ਉਂਜ ਹਾਫ਼ਜ਼ ਏ ਬਣੇ ਕੁਰਾਨ ਦੇ ਨੇ। ਠੱਗੀ ਕਰਨ ਲੱਗਿਆ ਜ਼ਰਾ ਝੁਕਦੇ ਨਹੀਂ, ਜਾਪਣ ਬੜੇ ਇਹ ਭਗਤ ਭਗਵਾਨ ਦੇ ਨੇ। ਬੇਈਮਾਨ ਇਨਸਾਨ ਜਹਾਨ ਉੱਤੇ, ਦਾਨੇ ਬਣਦੇ ਬੜੇ ਇਮਾਨ ਨੇ। ਪਰ ਨੁੱਕਰੇ ਬੈਠ ਕੇ ਜੀਵਨ ਗੁਜ਼ਾਰਦੇ ਨੇ, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ। ਰੂਪ, ਤੇਜ, ਅਣਖ ਤੇ ਮਾਣ ਇੱਜ਼ਤ, ਜੌਹਰ ਪੰਜ ਤੇ ਸੁਣਿਆ ਇਨਸਾਨ ਦੇ ਨੇ। ਰੋਣਾ, ਰੁੱਸਣਾ, ਹੱਸਣਾ, ਖੇਲਣਾ, ਜਿੱਦ, ਪੰਜ ਕੰਮ ਇਹ ਬਾਲ ਅਣਜਾਣ ਦੇ ਨੇ। ਧੋਖਾ, ਬੇਈਮਾਨੀ, ਨਿੰਦਾ, ਝੂਠ, ਚੋਰੀ ਪੰਜੇ ਕਸਬ ਮਸ਼ਹੂਰ ਸ਼ੈਤਾਨ ਦੇ ਨੇ। ਤਲਖੀ, ਆਕੜ, ਕ੍ਰੋਧ, ਘਮੰਡ, ਨਫ਼ਰਤ, ਪੰਜੇ ਐਬ ਅੰਦਰ ਬੇਈਮਾਨ ਦੇ ਨੇ। ਦਇਆ, ਨਿਮਰਤਾ, ਸ਼ੀਲਤਾ, ਖਿਮਾ, ਸ਼ੁੱਧੀ, ਪੰਜੇ ਕਸਬ ਮਸ਼ਹੂਰ ਵਿਦਵਾਨ ਦੇ ਨੇ। ਸੇਵਾ, ਪ੍ਰੇਮ, ਇੱਜ਼ਤ, ਮਾਣ, ਲਾਜ ਰੱਖਣੀ, ਪੰਜੇ ਚਲਣ ਇਹ ਨੇਕ ਸੰਤਾਨ ਦੇ ਨੇ। ਦੌਲਤ, ਜ਼ੋਰ, ਇੱਜ਼ਤ, ਪੂਜਾ, ਇਲਮ ਯਾਰੋ, ਭੌਰੇ ਪੰਜ ਇਹ ਬਾਗ਼ੀ ਜਹਾਨ ਦੇ ਨੇ । ਦੀਦ, ਵਸਲ, ਉਡੀਕ, ਖ਼ੁਰਾਕ, ਹਊਕੇ, ਨੁਸਖੇ ਪੰਜ ਇਹ ਦਰਦ ਹਿਜਰਾਨ ਦੇ ਨੇ। ਸੱਚ, ਤਪ, ਤਿਆਗ, ਇਖ਼ਲਾਕ, ਜ਼ਰੂਰਤ ਪੰਜ ਅਸੂਲ ਇਹ ਲੀਡਰ ਕਹਾਉਣ ਦੇ ਨੇ। ਕ੍ਰਿਪਾ, ਕਰਮ, ਰੱਖਿਆ, ਅੰਨ, ਤਨ ਦੇਣਾ, ਪੰਜ ਕੰਮ ਇਹ ਸੁਣਿਆ ਭਗਵਾਨ ਦੇ ਨੇ। ਪਰ ਇਹਨਾਂ ਗੱਲਾਂ ਨੂੰ ਜਾਣਦੇ ਉਹ ‘ਤਾਇਰ’, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ।

ਗ਼ਜ਼ਲ

ਬੜੀ ਖ਼ਾਕ ਪਿਆਰਾਂ ਦੇ ਰਾਹਾਂ 'ਚ ਛਾਣੀ, ਇਹ ਸੀਨੇ ਦੇ ਛਾਲੇ ਨੇ ਉਹਦੀ ਨਿਸ਼ਾਨੀ। ਹੰਝੂਆਂ ਦੇ ਮਣਕੇ ਵਿਯੋਗਾਂ ਦੇ ਧਾਗੇ, ਤੇ ਸਿੱਖ ਲਈ ਏ ਹਿਜਰਾਂ ਦੀ ਮਾਲਾ ਬਣਾਉਣੀ । ਬੜੀਆਂ ਲੰਮੀਆਂ ਰਾਤਾਂ ਤੇ ਲੰਮੇ ਖ਼ਿਆਲ, ਨਾ ਮੁੱਕਦਾ ਏ ਪੇਟਾ ਨਾ ਟੁੱਟਦੀ ਹੈ ਤਾਣੀ। ਚਾਵਾਂ ਦਾ ਪਿੰਜਰਾ ਤੇ ਉਮਰਾਂ ਦਾ ਕੈਦੀ, ਪਿਆਸੇ ਨੂੰ ਮਿਲਦਾ ਹੈ ਹੰਝੂਆਂ ਦਾ ਪਾਣੀ। ਮੈਂ ਉਸ ਮਾਨਸਰ ਵਿੱਚੋਂ ਮੋਤੀ ਨੂੰ ਲੱਭਣਾ, ਜਿਥੇ ਗਰਕ ਹੋ ਗਈ ਏ ਅੱਥਰੀ ਜਵਾਨੀ। ਸੱਜਣ ਦੇ ਬਨੇਰੇ ਤੇ ਜਾ ਬੈਠ ਕਾਵਾਂ, ਕਹਾਣੀ ਮੇਰੀ ਸੁਣ ਤੂੰ ਉਸ ਦੀ ਜ਼ਬਾਨੀ। ਸਵਾਹ ਚਿੱਖਾ ਦੀ ਹਵਾ ਲੈ ਗਈ ਏ, ਮੇਰੇ ਘਰ ਦੀ ‘ਤਾਇਰ’ ਹੈ ਏਨੀ ਕਹਾਣੀ।

ਗ਼ਜ਼ਲ

ਜ਼ਿੰਦਗੀ ਦੀ ਹਰ ਘੜੀ ਮਜਬੂਰ ਹੁੰਦੀ ਜਾ ਰਹੀ। ਪਹੁੰਚ ਕੇ ਮੰਜ਼ਲ ਤੇ ਮੰਜ਼ਲ ਦੂਰ ਹੁੰਦੀ ਜਾ ਰਹੀ। ਹੀਰ ਦੀ ਹਰ ਗੱਲ ਕੁਫ਼ਰ ਏ ਕਾਜੀਆਂ ਦੀ ਨਜ਼ਰ ਵਿਚ, ਖੇੜਿਆਂ ਦੀ ਹਰ ਅਦਾ ਮਨਜ਼ੂਰ ਹੁੰਦੀ ਜਾ ਰਹੀ। ਧੋਖਾ ਨਾ ਖਾਉ ਲੋਕੋ ਇਹ ਫੁੱਲ ਨੇ ਕਾਗ਼ਜ਼ਾਂ ਦੇ, ਇਹ ਰੰਗ ਲਾਲ, ਪੀਲੇ ਹਾਲੇ ਹੁਣੇ ਹੋਏ ਨੇ। ਚੁਪਕਾਂ ਪਏ ਮਾਰਦੇ ਨੇ ਤਲੀਆਂ ਪਏ ਪਾੜਦੇ ਨੇ, ਅੱਖਾਂ ਦੇ ਨਾਲ ਜੋ ਮੈਂ ਕੰਡੇ ਚੁਣੇ ਹੋਏ ਨੇ। ਜੇ ਫੱਸ ਗਿਆ ਤੇ ਤਾਂਕਿ ਫੜ੍ਹਕਣ ਦਾ ਹੁਣ ਮਜਾ ਲੈ, ਇਹ ਜਾਲ ਮੌਤ ਵਾਲੇ ਹੱਥੀਂ ਬੁਣੇ ਹੋਏ ਨੇ । ਵੈਰੀ ਤੇ ਮੈਨੂੰ ‘ਤਾਇਰ’ ਕੋਈ ਨਾ ਮਾਰ ਸਕਿਆ, ਸੱਜਣਾ ਨੇ ਬਣ ਕੇ ਦੁਸ਼ਮਣ ਮੇਰੇ ਫੁੱਲ ਚੁਣੇ ਹੋਏ ਨੇ।

ਸ਼ੇਅਰ

ਜਦੋਂ ਜ਼ੁਲਮਾਂ ਦੀ ਅੱਗ ਲੱਗੇ ਜ਼ਮੀਨ ’ਤੇ ਖ਼ੂਨ ਡੁੱਲਦਾ ਏ। ਜਦੋਂ ਰਾਜਾ ਤੇ ਜੋਗੀ ਆਪਣੇ ਕਰਤੱਵ ਨੂੰ ਭੁੱਲਦਾ ਏ । ਜਦੋਂ ਇਨਸਾਫ਼ ਦਾ ਪੂਰਾ ਨਾ ਜਗ ਵਿਚ ਤੋਲ ਤੁਲਦਾ ਏ। ਜਦੋਂ ਸਨਮਾਨ ਦਾ ਹੀਰਾ ਕਿਸੇ ਮੋਰੀ 'ਚ ਰੁਲਦਾ ਏ। ਕਤਲੋ ਗਾਰਦ ਤੇ ਲੁੱਟ ਪੈਂਦੀ ਬੜੇ ਅਪਰਾਧ ਹੁੰਦੇ ਨੇ। ਖੜ੍ਹੇ ਹਰ ਜ਼ਿੰਦਗੀ ਦੇ ਮੋੜ 'ਤੇ ਜੱਲਾਦ ਹੁੰਦੇ ਨੇ। ਜਦੋਂ ਅਬਲਾ ਦੀਆਂ ਇੱਜ਼ਤਾਂ ਦੇ ਸ਼ੀਸ਼ੇ ਚੂਰ ਹੁੰਦੇ ਨੇ। ਅਦਾਲਤ ਦੇ ਦਿਮਾਗਾਂ ਵਿਚ ਪਲੇ ਤੰਦੂਰ ਹੁੰਦੇ ਨੇ। ਜਦੋਂ ਦੌਲਤ ਤੇ ਤਾਕਤ ਦੇ ਨਸ਼ੇ ਭਰਪੂਰ ਹੁੰਦੇ ਨੇ। ਦੱਬੀ ਰਹਿੰਦੀ ਹੈ ਗੁਰਬਤ ਲੋਕ ਸਭ ਮਜਬੂਰ ਹੁੰਦੇ ਨੇ। ਉਦੋਂ ਕੁਦਰਤ ਕਿਸੇ ਰਹਿਬਰ ਨੂੰ ਘੱਲਦੀ ਹੈ ਜ਼ਮਾਨੇ ਵਿਚ। ਅਮਨ ਪਰਵਰਿਸ਼ ਮਿਲਦੀ ਉਸ ਨੂੰ ਜੇਲ੍ਹ ਖ਼ਾਨੇ ਵਿਚ। ਜਦੋਂ ਫੱਟਦੇ ਨੇ ਦਿਲ ਤੇ ਕੌਮ ਦੀ ਏਕਤਾ ਵੀ ਟੁੱਟਦੀ ਏ। ਇਹ ਤਾਰੀਖ਼ੀ ਕਹਾਵਤ ਹੈ ਬਗ਼ਾਵਤ ਜ਼ੁਲਮੋ ਫੁੱਟਦੀ ਏ। ਵੱਡੀ ਤਾਕਤ ਕਿਸੇ ਛੋਟੇ ਨੂੰ ਜਦ ਜੀ ਭਰ ਕੇ ਲੁੱਟਦੀ ਏ। ਜੋ ਇਕ ਵਾਰੀ ਹੈ ਮਰਦੀ ਕੌਮ ਫਿਰ ਸਦੀਆਂ ਨਾ ਉੱਠਦੀ ਏ। ਮੇਰੇ ਸ਼ੇਅਰ ਨਾ ਸਮਝੋ ਮੈਂ ਛਾਲੇ ਦਿਲ ਦੇ ਦੱਸਣੇ ਨੇ। ਮੈਂ ਝਗੜੇ ਹਾਲ ਮਾਂਝੀ ਦੇ ਤੇ ਮੁਸਤਕਬਿਲ ਦੇ ਦੱਸਣੇ ਨੇ।

ਗ਼ਜ਼ਲ

ਜ਼ਰ ਜ਼ੋਰੂ ਜ਼ਮੀਨ ਨੇ ਜੱਗ ਉੱਤੇ, ਆਦਮਯਾਤ ਨੂੰ ਬਹੁਤ ਖੁਵਾਰ ਕੀਤਾ। ਹਿਰਸ ਹਵਸ ਅਧਿਕਾਰਾਂ ਨੇ ਐ ‘ਤਾਇਰ’ ਬੜਾ ਜੱਗ ਉੱਤੇ ਅਤਿਆਚਾਰ ਕੀਤਾ। ਦੁਨੀਆਂ ਦੇ ਵਿਚ ਓ ਸਿਆਣੇ ਬੜੇ ਨੇ, ਜਿਨ੍ਹਾਂ ਦੇ ਘਰ ਵਿਚ ਦਾਨੇ ਬੜੇ ਨੇ। ਅਨ੍ਹਿਆਂ ਦੇ ਕੀ ਤਜ਼ਕਰੇ ਛੇੜਦੇ, ਸੁਸਾਇਟੀ ਦੇ ਅੰਦਰ ਕਾਨੇ ਬੜੇ ਨੇ। ਤੂੰ ਦਰਕਾਰ ਨਾ ਖ਼ੈਰ ਨੂੰ ਸਾਂਭ ਕੇ ਰੱਖ, ਮੰਗਣ ਵਾਲਿਆਂ ਨੂੰ ਘਰਾਨੇ ਬੜੇ ਨੇ। ਜੇ ਸਾਕੀ ਸੁਰਾਈਆਂ 'ਤੇ ਹੈ ਨਾਜ਼ ਤੈਨੂੰ, ਮੇਰੇ ਪਾਸ ਦਿਲਕਸ਼ ਪੈਮਾਨੇ ਬੜੇ ਨੇ। ਮੁਬਾਰਕ ਨੇ ਤੈਨੂੰ ਬਹਿਸ਼ਤਾ ਦੇ ਜਲਵੇ, ਮੇਰੀ ਦਿਲਲੱਗੀ ਲਈ ਵਿਰਾਨੇ ਬੜੇ ਨੇ। ਬੜੇ ਦਿਲਚਸਪ ਨੇ ਕੋਈ ਪੜ੍ਹ ਲਏ ‘ਤਾਇਰ’, ਮੇਰੀ ਜ਼ਿੰਦਗੀ ਦੇ ਫ਼ਸਾਨੇ ਬੜੇ ਨੇ।

ਪੱਥਰਾਂ ਦੇ ਸੀਨੇ

ਹਕੂਮਤ, ਹੁਸਨ, ਦੌਲਤ, ਕਲਮ, ਕੁਰਸੀ ਮਹਿਫ਼ਲਾਂ ਤਾਕਤ। ਤੇਰੀ ਸੂਰਤ, ਤੇਰੀ ਸੀਰਤ, ਤੇਰੀ ਜੈਦੱਤ। ਇਹ ਰੁਤਬਾ, ਮਰਤਬਾ ਉਹਦਾ ਇਲਮ ਤੇ ਹੁਨਰ ਦੌਲਤ। ਜਹਾਨਤ ਫ਼ਲਸਫ਼ੀ ਖੋਜੀ ਤੇਰੀ ਹਿੰਮਤ ਤੇਰੀ ਸ਼ੌਹਰਤ। ਏਨਾ ਕੁਝ ਹੁੰਦਿਆਂ ਵੀ ਤੈਥੋਂ ਕਾਸਾ ਕੋਈ ਨਹੀਂ ਭਰਦਾ। ਗੁਨਾਹਗਾਰਾਂ ਨੂੰ ਦੁਨੀਆਂ ਵਿਚ ਤਾਂ ਕੋਈ ਮਾਫ਼ ਨਹੀਂ ਕਰਦਾ। ਇਹ ਬੰਗਲੇ, ਬੈਂਕ ਬੈਲੰਸ ਰਾਤ-ਦਿਨ ਐਸ਼ਾਂ ਬਹਾਰਾਂ ਦੇ। ਇਹ ਮਿੱਸਾਂ ਲੇਡੀਆਂ ਗਾਣੇ ਤੇ ਨਗਮੇ ਨੇ ਸਿਤਾਰਾਂ ਦੇ। ਅੰਗੂਰੀ ਵਿਸਕੀਆਂ ਤੇ ਜੂਸ ਨੇ ਸੇਬਾਂ ਅਨਾਰਾਂ ਦੇ। ਵਪਾਰੀ ਦੀ ਸਟਾਕੀ ਵੀ ਵਣਜ ਕਰਨਾ ਹਜ਼ਾਰਾਂ ਦੇ। ਏਨਾ ਕੁਝ ਹੁੰਦਿਆਂ ਸੁਣ ਲੈ ਤੈਥੋਂ ਕੁਝ ਵੀ ਨਹੀਂ ਸਰਦਾ। ਵਕਤ ਆਵਾਜ਼ ਦਿੰਦਾ ਏ ਜ਼ਮਾਨਾ ਮਾਫ਼ ਨਹੀਂ ਕਰਦਾ। ਜਮੀਂ ਤੈਨੂੰ ਈਵਾਂ ਤੈਨੂੰ ਮਕਾਂ ਤੈਨੂੰ ਦੁਕਾਂ ਤੈਨੂੰ। ਜਗੀਰਾਂ ਤੇ ਗਰਾਂ ਤੈਨੂੰ ਜ਼ਬਾਂ ਤੈਨੂੰ ਬਿਆਂ ਤੈਨੂੰ। ਇਹ ਨਲਕੇ ਬਿਜਲੀਆਂ ਪੱਖੇ ਤੇ ਹੀਟਰ ਯੂਫ਼ਸ਼ਾਂ ਤੈਨੂੰ । ਗਰਜ਼ ਆਰਾਮ ਰਾਹਤ ਤੇ ਮੁਅੱਸਰ ਸਬ ਸਾਮਾਂ ਤੈਨੂੰ। ਏਨਾਂ ਕੁਝ ਹੁੰਦਿਆਂ ਜੇ ਦਰਦ ਦਾ ਅਹਿਸਾਸ ਕੁਛ ਵੀ ਨਈਂ। ਤੇ ਲੱਖਾਂ ਵਾਲਿਆ ਸੱਚ ਜਾਣ ਤੇਰੇ ਪਾਸ ਕੁਛ ਵੀ ਨਈਂ। ਮੁਕੱਰਰ ਵਾਹਜ਼ ਲੀਡਰ ਪੇਸ਼ਵਾ ਜਾਂ ਪੇਸ਼ਾਵਰ ਚੌਧਰ । ਤੇਰੀ ਔਖੀ ਤੇਰੀ ਸ਼ੌਖੀ ਤੇਰੀ ਆਕੜ ਓ ਸੁਣ ਕਾਫ਼ਰ। ਤੇਰੇ ਕਾਬੇ ਕਲੀਮੇ ਗੁਰਦੁਆਰੇ ਮਸਜਿਦਾਂ ਮੰਦਰ। ਤੇਰਾ ਅੱਲ੍ਹਾ ਤੇਰਾ ਸਤਗੁਰ ਤੇਰਾ ਨਾਗਰ ਤੇਰਾ ਗਿਰਧਰ। ਬਗਲ ਦੇ ਵਿਚ ਛੁਰੀ ਜੇਕਰ ਜਬਾਂ ਤੇ ਰਾਮ ਰਹਿਣਾ ਏ। ਕਿਸੇ ਵੇਲੇ ਤੇ ਇਹ ਲੇਖਾ ਵੀ ਤੈਨੂੰ ਦੇਣਾ ਪੈਣਾ ਏ। ਤੈਨੂੰ ਸਬ ਮਹਿਫ਼ਲੀ ਸਿਹਤ ਖ਼ੁਸ਼ੀ ਦਾ ਜਾਮ ਮਿਲਦਾ ਏ। ਤੇਰੇ ਹਰ ਜੁਰਮ ਨੂੰ ਅੱਜ ਤੇ ਸ਼ੁਗਲ ਦਾ ਨਾਮ ਮਿਲਦਾ ਏ। ਤੇਰੀ ਦੌਲਤ ਨੂੰ ਮਹਿਫ਼ਲ ਵਿਚ ਇਹ ਰੁਤਬਾ ਆਮ ਮਿਲਦਾ ਏ। ਖ਼ੁਸ਼ੀ ਰਾਹਤ ਦਾ ਚਹੁੰ ਤਰਫ਼ੋਂ ਤੈਨੂੰ ਪੈਗ਼ਾਮ ਮਿਲਦਾ ਏ। ਏਨਾ ਕੁਝ ਹੁੰਦਿਆਂ ਵੀ ਤੇਰੀ ਕੋਈ ਚੰਗੀ ਨਈਅਤ ਨਹੀਂ। ਤਾਂ ਇਸ ਜੋਬਨ ਜਵਾਨੀ ਦੀ ਖੈਰੀਅਤ ਨਹੀਂ ਖੈਰੀਅਤ ਨਹੀਂ। ਇਹ ਸ਼ਹਿਨਾਈਆਂ, ਰੁਬਾਈਆਂ, ਗੀਤ, ਗ਼ਜ਼ਲਾਂ ਓਹੀ ਰਸਮਾਂ ਨੇ। ਇਸ਼ਕ ਦਾ ਰਾਗ ਗਾਇਆ ਜਾ ਰਿਹਾ ਬਦਮਸਤ ਚਸ਼ਮਾ ਨੇ। ਇਹ ਰੋਣੇ ਤੇ ਦਿਲਾਸੇ ਨੇ ਭਰੋਸੇ ਨੇ ਤੇ ਕਸਮਾਂ ਨੇ। ਤੇਰੇ ਦਸਤੇ ਬੁਰਦ ਕੋਲੋਂ ਇਹ ਹੁਣ ਸਾਰੇ ਪਰੇਸ਼ਾਂ ਨੇ। ਤੇਰੇ ਜਾਦੂ ਤੇਰੇ ਟੂਣੇ ਸਿਤਮ ਅਸਰਾਰ ਨਹੀਂ ਬਦਲੇ। ਬਦਲ ਚੁੱਕੀਆਂ ਨੇ ਸਰਕਾਰਾਂ ਮਗਰ ਸਰਕਾਰ ਨਹੀਂ ਬਦਲੇ। ਪਿਆਨੋ ਜਲ-ਤਰੰਗ ਤਬਲੇ ਤੇਰੇ ਢਮਕੀਰੀਆਂ ਡਮਰੂ। ਸੁਰਖ ਰੁਖਸਾਰ ਨਾਜ਼ੁਕ ਬੁੱਲ੍ਹੀਆਂ ਜੁਲਫ਼ਾਂ ਤੇਰੇ ਅੱਬਰੂ। ਅਤਰ ਅੰਬਰ ਸ਼ਗੂਫ਼ੇ ਫੁੱਲ ਕਲੀਆਂ ਦੀ ਇਹ ਸਬ ਖ਼ੁਸ਼ਬੂ । ਤੇਰੇ ਮਹਿਲੀਂ ਚਿਰਾਗਾਂ ਵਿਚ ਬਲਦਾ ਹੈ ਕਿਸੇ ਦਾ ਲਹੂ। ਏਨਾਂ ਕੁਝ ਹੁੰਦਿਆਂ ਸਰਦੇ ਨਹੀਂ ਜੋ ਕਿਲੋ ਭਰ ਦਾਨੇ। ਤਾਂ ਕੀ ਹੋਣਾ ਹਸ਼ਰ ਤੇਰਾ ਖ਼ੁਦਾ ਜਾਨੇ ਖ਼ੁਦਾ ਜਾਨੇ। ਮਹਿਲਾਂ ਵਿਚ ਰਹਿ ਕੇ ਤੈਨੂੰ ਕੱਚੀਆਂ ਕੁੱਲੀਆਂ ਨਹੀਂ ਦਿਸੀਆਂ। ਅੱਖੀਂ ਅੱਥਰੂ ਤੇ ਚਿਹਰੇ ਜ਼ਰਦ ਸੁੱਕੀਆਂ ਬੁੱਲ੍ਹੀਆਂ ਨਹੀਂ ਦਿਸੀਆਂ। ਅਜੇ ਮਹਿਫ਼ਲਾਂ ਨੂੰ ਉਹ ਪਾਟੀਆਂ ਜੁੱਲੀਆਂ ਨਹੀਂ ਦਿਸੀਆਂ। ਅਜੇ ਸ਼ਾਇਦ ਅਮੀਰਾਂ ਨੂੰ ਰਾਹਾਂ ਭੁੱਲੀਆਂ ਨਹੀਂ ਦਿਸੀਆਂ। ਅਜੇ ਤੱਕ ਕੋਈ ਪਾਬੰਦੀ ਨਹੀਂ ਲਹੂ ਕੱਢ ਕੇ ਪੀਣੇ 'ਤੇ। ਅਜੇ ਤੱਕ ਚੋਟ ਨਈਂ ਲੱਗੀ ‘ਤਾਇਰ’ ਪੱਥਰ ਦੇ ਸੀਨੇ 'ਤੇ।

ਜੰਮ ਜੰਮ ਤੁਸੀਂ ਆਵੋ

ਜੀ ਆਇਆਂ ਨੂੰ, ਜੰਮ ਜੰਮ ਤੁਸੀਂ ਆਵੋ, ਆਦਰ ਮਾਣ ਕਰਨਾ ਤੇ ਸਤਿਕਾਰ ਕਰਨਾ। ਆਗੂ ਤੁਸੀਂ ਪਿਆਰੇ ਪੰਜਾਬ ਦੇ ਹੋ, ਏਸ ਕਰਕੇ ਮੈਂ ਤੇ ਪਿਆਰ ਕਰਨਾ। ਤੁਸੀਂ ਅਮਨ ਇਮਾਨ ਦੇ ਹੋ ਜਾਮਣ, ਆਸ ਰੱਖਣਾ ਤੇ ਇਤਬਾਰ ਕਰਨਾ। ਜੇਕਰ ਕਰੋ ਇਸ਼ਾਰਾ ਤੇ ਦੇਸ਼ ਉੱਤੋਂ, ਜਾਨ ਵਾਰਨ ਦਾ ਮੈਂ ਇਕਰਾਰ ਕਰਨਾ। ਮੈਂ ਸ਼ਾਇਰ ਹਾਂ ਅਜਬ ਸੰਜੀਦਗੀ ਨਾਲ, ਸੱਚੀ ਕੋਰੀ ਜਿਹੀ ਗੁਫ਼ਤਾਰ ਕਰਨਾ। ਜ਼ਰਾ ਮੈਨੂੰ ਸਮਝਾਉ ਤੇ ਸਮਝ ਲਾਂ, ਮੈਂ ਕੀਕਰ ਕੌਮ ਦੇ ਬੇੜੇ ਨੂੰ ਪਾਰ ਕਰਨਾ। ਏਸ ਰਾਜ ਅੰਦਰ ਇਹ ਵੀ ਮੰਨਣਾ, ਮੈਂ ਕੋਈ ਨਹੀਂ ਕਾਨੂੰਨ ਨੂੰ ਤੋੜ ਸਕਦਾ। ਹੁਣ ਕੋਈ ਸਿਆਸਤ ਦੇ ਮਕਸਦਾਂ ਲਈ, ਕੋਈ ਨਹੀਂ ਇਮਾਰਤਾਂ ਫੋੜ ਸਕਦਾ। ਮਹਿੰਗਾ ਅਦਲ ਏ ਭਾਵੇਂ ਅਦਾਲਤਾਂ ਵਿਚ, ਮੁਖ ਇਸ ਤੋਂ ਕੋਈ ਨਹੀਂ ਮੋੜ ਸਕਦਾ। ਸ਼ੀਸ਼ਾਗਰ ਨਹੀਂ ਉਹ ਕਹਾ ਸਕਦਾ, ਟੁੱਟੇ ਸ਼ੀਸ਼ੇ ਨੂੰ ਜੋ ਨਹੀਂ ਜੋੜ ਸਕਦਾ। ਅੰਨ ਦੇਸ਼ ਅੰਦਰ ਧਨ ਪੇਟੀਆਂ ਵਿਚ, ਐਪਰ ਦਿਲਾਂ ਅੰਦਰ ਇਤਮਿਨਾਨ ਹੈ ਨਈਂ। ਸੱਚੀ ਦੇਸ਼ ਦੇ ਕੋਮਲ ਜਿਹੇ ਜਿਸਮ ਅੰਦਰ, ਸ਼ਕਤ ਹੈ ਮੌਜੂਦ ਪਰ ਜਾਨ ਹੈ ਨਈਂ। ਕੁਛ ਲੀਡਰਾਂ ਵਿਚ ਖਿਚਾਉ ਦਿਸੇ, ਕੁਛ ਰੰਜ਼ ਦਿਸੇ ਖ਼ਲਫ਼ਸ਼ਾਰ ਦਿਸੇ। ਗਰਮੀ ਜਿਹੀ ਜਜ਼ਬਾਤਾਂ ਵਿਚ ਆਈ ਦੀ ਏ, ਅਤੇ ਦਿਲਾਂ ਅੰਦਰ ਇੰਤਜ਼ਾਰ ਦਿਸੇ। ਤਾਲਬ ਜੋ ਵੀ ਅਮਨ ਤੇ ਚੈਨ ਦਾ ਏ, ਦਰਅਸਲ ਉਹ ਬੇਕਰਾਰ ਦਿਸੇ। ਵਾਜ਼ਾਂ ਦੇਸ਼ ਪ੍ਰੇਮ ਦੀਆਂ ਬਹੁਤ ਸੁਣੀਆਂ, ਨਾ ਪਰ ਦਿਲਾਂ ਦੇ ਵਿਚ ਪਿਆਰ ਦਿਸੇ। ਧੜਕੇ ਫੜਕੇ ਜਿਹੇ ਦਿਲਾਂ ਦੇ ਵਿਚ, ਮੈਂ ਤੇ ਸਬਰ ਸ਼ਾਂਤੀ ਸ਼ੁਕਰ ਸਕੂਨ ਕਰਨਾ। ਗਰਮੀ ਜੋਸ਼ ਹਰਾਰਤ ਨੂੰ ਦੇਣ ਵਾਲਾ, ਨਵਾਂ ਜਿਗਰ ਅੰਦਰ ਪੈਦਾ ਖ਼ੂਨ ਕਰਨਾ। ਕੁੱਜੇ ਵਿਚ ਦਰਿਆ ਨੂੰ ਪਾ ਦੇਣਾ, ਐਸੇ ਸ਼ੇਅਰਾਂ ਵਿਚ ਬੰਦ ਮਜ਼ਮੂਨ ਕਰਨਾ। ਮਸ਼ੂਕ ਨੂੰ ਹੁਸਨ ਮੈਂ ਬਖ਼ਸ਼ਦਾ ਹਾਂ, ਪੈਦਾ ਆਸ਼ਕ ਲਈ ਜਬੱਤ ਜਨੂੰਨ ਕਰਨਾ। ਕਲਮ ਵਾਂਗ ਮੈਂ ਜਿਗਰ ਨੂੰ ਚਾਕ ਕਰਕੇ, ਸਾਰੀ ਦੁਨੀਆਂ ਕਸ਼ਾਫ਼ਤ ਤੋਂ ਪਾਕ ਕਰਨਾ । ਖਾਕ ਪਾਕ ਨੂੰ ਸੋਨਾ ਬਣਾ ਕੇ ਤੇ, ਸੌ ਸੌ ਦਿਲ ਇਕ ਸ਼ੇਅਰ ਨਾਲ ਚਾਕ ਕਰਨਾ। ਬਦੀ ਤਲਖੀ ਦਾ ਖ਼ੂਬ ਇਲਾਜ ਕਰਨਾ, ਖ਼ੁਸ਼ਯਾਏਕਾ ਮੁਰੱਕਬ ਮਾਜੂਨ ਦੇਣਾ। ਦਰਦੇ ਜਿਗਰ ਦਾ ਨੁਸਖ਼ਾ ਅਕਸੀਰ ਮੇਰਾ, ਸਬ ਮਿਰਚ ਕਾਲੀ ਮੈਂ ਸੋਚਲ ਲੂਣ ਦੇਣਾ। ਜ਼ਰਾ ਦੇ ਕੇ ਨਵਾਜਸ਼ ਇਸ ਹੁਸਨ ਨੂੰ ਮੈਂ, ਅਤੇ ਆਸ਼ਕਾਂ ਨੂੰ ਨਵੀਂ ਜੂਨ ਦੇਣਾ। ਰੋਕ ਦੇਣਾ ਗੁਸਤਾਖ਼ ਦੀ ਜੀਭ ਫੌਰਨ, ਵਿਚ, ਮਜਲਸ ' ਅਦਬ ਨੂੰ ਕੂੰਨ ਦੇਣਾ। ਮੈਂ ਪਰਵਾਜ਼ ਹਾਂ ਉੱਚੇ ਤਖੱਈਲਾਂ ਦੀ, ਤੁਲਸੀ ਗਾਲਬ ਟੈਗੋਰ ਦੀ ਜੀਭ ਹਾਂ ਮੈਂ। ਕਾਇਨਾਤ ਨੂੰ ਲਾਵਾਂ ਸ਼ੰਗਾਰ ‘ਤਾਇਰ’, ਇਸ ਕਦਰ ਸ਼ਾਇਰ ਖ਼ੁਸ਼ਨਸੀਬ ਹਾਂ ਮੈਂ।

ਕਰਨ ਮਰਨ ਦੀ ਜਿੰਨ੍ਹਾਂ ਨੇ ਸਹੁੰ ਖਾਧੀ

ਸਦਾ ਜਿਉਂਦੇ ਸ਼ਹੀਦੀਆਂ ਪਾਉਣ ਵਾਲੇ, ਜੀਵਨ ਦੇਸ਼ ਲਈ ਜੋ ਗੁਆ ਕੇ ਗਏ। ਕੋਈ ਖੱਟ ਕੇ ਕੋਈ ਕਮਾ ਕੇ ਗਏ, ਕੋਈ ਖਾ ਕੇ ਕੋਈ ਖਿਲਾ ਕੇ ਗਏ। ਰਮਜ਼ੇ ਇਸ਼ਕ ਨੂੰ ਜਿੰਨ੍ਹਾਂ ਨੇ ਜਾਣ ਲੀਤਾ, ਰੰਗੇ ਹੁਸਨ ਨੂੰ ਉਹ ਚਮਕਾ ਕੇ ਗਏ। ਅਨੱਲ ਹੱਕ ਦਾ ਨਾਰਾ ਲਗਾ ਕੇ ਤੇ, ਸਰਮਦ ਵਾਂਗ ਉਹ ਸੀਸ ਕਟਾ ਕੇ ਗਏ। ਗਾਫ਼ਲ ਕੌਮ ਨੇ ਅੱਜ ਤੱਕ ਸਮਝਿਆ ਨਹੀਂ, ਕਾਹਦੇ ਵਾਸਤੇ ਉਹ ਸ਼ਹੀਦ ਹੋ ਗਏ। ਟੁੱਟੀ ਕਬਰ 'ਤੇ ਇੱਟ ਨਾ ਲੱਗ ਸਕੀ, ਧਨੀ ਲੋਕ ਸਭ ਅੱਖ ਚੁਰਾ ਕੇ ਗਏ। ਮਰਨ ਵਾਲੇ ਸ਼ਹੀਦਾਂ ਨੇ ਜੱਗ ਉੱਤੇ, ਕਦੇ ਆਪਣੇ ਲਈ ਕੁਛ ਮੰਗਿਆ ਨਹੀਂ, ਹੱਕੋ ਬਾਤਲ ਦੀ ਉਹ ਪਹਿਚਾਨ ਕਰਕੇ, ਨਾਲ ਸ਼ੌਕ ਦੇ ਸੀਸ ਕਟਾ ਕੇ ਗਏ। ਉਹ ਕੋਈ ਖ਼ੂਨ ਸੀ ਜਿਸ ਦਾ ਅੱਜ ਤੀਕਰ, ਖ਼ੂਨੀ ਖੰਜਰਾਂ ਤੋਂ ਰੰਗ ਲੱਥਿਆ ਨਹੀਂ, ਸੜਦੇ ਪਏ ਨੇ ਉਹਨਾਂ ਦੇ ਜਿਸਮ ‘ਤਾਇਰ’ ਜਿਹੜੇ ਰੰਗ 'ਤੇ ਛੁਰੀ ਚਲਾ ਕੇ ਗਏ। ਸੌ ਸੌ ਜਨਮ ਜਨਮਾਨਤ ਦਾ ਪੁੰਨ ਕਰਕੇ, ਰੁਤਬਾ ਪਾਇਆ ਸੀ ਉਹਨਾਂ ਸ਼ਹੀਦੀਆਂ ਦਾ, ਸੂਰਜ ਵਾਂਗ ਉਹ ਰੌਸ਼ਨੀ ਦੇਣ ਵਾਲੇ, ਚੰਦ ਵਾਂਗ ਉਹ ਧਰਤੀ ਚਮਕਾ ਕੇ ਗਏ। ਮੌਤ ਵਾਸਤੇ ਜ਼ਿੰਦਗੀ ਲਾਜ਼ਮੀ ਏ ਐਪਰ, ਮੌਤ ਸ਼ਹੀਦਾਂ ਦੀ ਵੱਖਰੀ ਏ, ਉਹ ਤੇ ਸਿਦਕ ਈਮਾਨ ਦੀ ਜ਼ਿੰਦਗੀ ਵਿਚ, ਅਸਲੀ ਮੰਜ਼ਲ ਦਾ ਰਾਹ ਵਿਖਾ ਕੇ ਗਏ। ਖ਼ੂਨ ਜਿਗਰ ਨਾਲ ਬਾਗ਼ ਨੂੰ ਸਿੰਜਿਆ ਸੀ, ਪਰ ਅਫ਼ਸੋਸ ਕਿ ਹਸ਼ਰ ਹੈ ਇਹ ਹੋਇਆ, ਕੰਡੇ ਪਲੇ ਤੇ ਪਲ ਕੇ ਜਵਾਨ ਹੋ ਗਏ, ਫੁੱਲ ਖਿੜਣ ਦੇ ਪਹਿਲੋਂ ਕੁਮਲਾ ਕੇ ਗਏ। ਫੁੱਲ ਨਹੀਂ ਤੇ ਚਾਰ ਇਹ ਅੱਥਰੂ ਸਹੀ, ਚੱਲੋ ਚਾੜ੍ਹੀਏ ਉਹਨਾਂ ਦੀ ਮੜ੍ਹੀ ਉੱਤੇ, ਸੂਰਜ ਵਾਂਗ ਤਾਰੀਖ਼ ਦੇ ਪੰਨਿਆਂ ਨੂੰ, ਲਹੂ ਦੇ ਕੇ ‘ਤਾਇਰ’ ਚਮਕਾ ਕੇ ਗਏ। ਆਲਮ ਆਏ ਜੇਕਰ ਇਸ ਜੱਗ ਅੰਦਰ, ਪੈਦਾ ਉਹਨਾਂ ਨੇ ਬੜੇ ਮੁਰੀਦ ਕੀਤੇ, ਜ਼ਾਲਮ ਆਏ ਜੇਕਰ ਇਸ ਜਹਾਨ ਅੰਦਰ, ਦੀਦੇ ਉਹਨਾਂ ਦੇ ਬੜੇ ਬਦੀਦ ਕੀਤੇ। ਲਾਲਚ ਆਇਆ ਜੇ ਇਸ ਜਹਾਨ ਅੰਦਰ, ਮੂਰਖ ਲੋਕ ਨੇ ਉਹਨੇ ਖ਼ਰੀਦ ਕੀਤੇ। ਖੰਜਰ ਆਏ ਤੇ ਉਹਨਾਂ ਨੇ ਕਹਿਰ ਕੀਤੇ, ਕਈ ਲੋਕ ਨੇ ਉਹਨਾਂ ਸ਼ਹੀਦ ਕੀਤੇ। ਸੋਨਾ ਆਇਆ ਤੇ ਉਹਨੇ ਜਹਾਨ ਉੱਤੇ, ਆ ਕੇ ਪਾਪ ਅਪਰਾਧ ਖਿਲਾਰ ਦਿੱਤਾ। ਚਾਂਦੀ ਆਏ ਤੇ ਉਸ ਦੇ ਬਣੇ ਸਿੱਕੇ, ਦੁੱਖ ਏਸ ਨੇ ਬੇਸ਼ੁਮਾਰ ਕੀਤਾ। ਕੋਲਾ ਆਇਆ ਤੇ ਵੱਧ ਗਿਆ ਧਨ ਕਾਲਾ, ਕਾਲੇ ਧਨ ਨੇ ਬੜਾ ਅਵਾਜ਼ਾਰ ਦਿੱਤਾ। ਲੋਹਾ ਆਇਆ ਤੇ ਉਸ ਦੇ ਬਣੇ ਖੰਜ਼ਰ, ਜਿੰਨ੍ਹਾਂ ਕੌਮੀ ਸ਼ਹੀਦਾਂ ਨੂੰ ਮਾਰ ਦਿੱਤਾ।

ਮੈਨੂੰ ਇਤਬਾਰ ਨਹੀਂ ਆਉਂਦਾ

ਕੀ ਗੌਤਮ ਤੇ ਕਪਿਲ ਕੀ ਨਾਦ ਸਾਰੇ ਐਥੇ ਹੋਏ ਨੇ। ਜਨਕ ਤੇ ਵਿਆਸ ਜਿਹੇ ਸੂਰਜ ਸਿਤਾਰੇ ਐਥੇ ਹੋਏ ਨੇ। ਪਤੰਜਲੀ ਤੇ ਮਨੂੰ ਮਹਾਰਾਜ ਪਿਆਰੇ ਇਥੇ ਹੋਏ ਨੇ। ਪੈਗ਼ੰਬਰ ਤੇ ਵਲੀ ਅਵਤਾਰ ਭਾਰੇ ਇਥੇ ਹੋਏ ਨੇ। ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਹਨੂੰਮਾਨ, ਲਛਮਣ, ਭਰਤ, ਸੀਤਾ ਰਾਮ ਹੋਏ ਨੇ। ਇਥੇ ਬਾਲੀ ਤੇ ਅੰਗਦ ਦੇ ਵੀ ਚਰਚੇ ਆਮ ਹੋਏ ਨੇ। ਇਥੇ ਕੀ ਭੀਮ, ਅਰਜੁਨ ਤੇ ਗੋਕੁਲ ਦੇ ਸ਼ਾਮ ਹੋਏ ਨੇ। ਜਾਂ ਜੋ ਚਰਚੇ ਉਹਨਾਂ ਦੇ ਨੇ ਬਰਾਏ ਨਾਮ ਹੋਏ ਨੇ। ਇਥੇ ਚੀਚਕ ਤੇ ਦੁਰਯੋਧਨ ਬੜੇ ਮਗਰੂਰ ਹੋਏ ਨੇ। ਮੈਨੂੰ ਇੰਝ ਜਾਪਦਾ ਐਵੇਂ ਹੀ ਸਾਰੇ ਮਸ਼ਹੂਰ ਹੋਏ ਨੇ। ਉਹਨਾਂ ਦੀ ਜ਼ਿੰਦਗੀ ਦੇ ਚਿੰਨ੍ਹ ਮੈਨੂੰ ਨਹੀਂ ਨਹੀਂ ਆਉਂਦੇ। ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਪੋਰਸ, ਸਿਕੰਦਰ ਤੇ ਇਥੇ ਰਾਣਾ ਤੇ ਬਾਬਰ ਵੀ। ਇਥੇ ਪ੍ਰਤਾਪ, ਪ੍ਰਿਥਵੀ ਇਥੇ ਹੇਮੂੰ ਤੇ ਅਕਬਰ ਵੀ। ਇਥੇ ਫ਼ੌਜਾਂ ਰਸਾਲੇ ਵੀ ਇਥੇ ਲਸ਼ਕਰ ਦੇ ਲਸ਼ਕਰ ਵੀ। ਇਥੇ ਰਵੀਦਾਸ ' ਤੇ ਬੁੱਲ੍ਹਾ ਇਥੇ ਨਾਨਕ ਜਿਹੇ ਫ਼ੱਕਰ ਵੀ। ਇਥੇ ਗੁਰੂ ਗੋਬਿੰਦ ਸਿੰਘ ਨਲਵਾ ਬੈਰਾਗੀ ਵੀ। ਇਥੇ ਰਣਜੀਤ ਸਿੰਘ ਰਾਜਾ ਤੇ ਫੂਲਾ ਸਿੰਘ ਅਕਾਲੀ ਵੀ। ਤਾਰੀਖ਼ਾਂ ਲਿਖ ਕੇ ਕੀ ਤਾਰੀਖ਼ ਦਾ ਨਾਂ ਗ਼ਲਤੀ ਕੀਤੀ ਐ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਉਹ ਟੀਪੂ ਪੇਸ਼ਵਾ ਕਾਸਮ ਵੀ ਹੋਏ ਨੇ। ਬਿਧੀ ਚੰਦ ਦੀਪ ਸਿੰਘ ਵਰਗੇ ਬੜੇ ਰੁਸਤਮ ਵੀ ਹੋਏ ਨੇ। ਇਥੇ ਗ਼ਾਲਬ ਯੌਕ ਜਿਹੇ ਆਲਮ ਵੀ ਹੋਏ ਨੇ। ਇਥੇ ਟੈਗੋਰ, ਤੁਲਸੀ ਜਿਹੇ ਕਵੀ ਹਾਤਮ ਵੀ ਹੋਏ ਨੇ। ਇਥੇ ਮੀਰਾਂ, ਸੁਦਾਮਾ ਤੇ ਕਬੀਰਾ ਧੰਨੇ ਜੱਟ ਵਰਗੇ। ਇਹ ਗੱਲ ਕੋਈ ਅਜਬ ਜਿਹੀ ਜਾਪੇ, ਭਜਨ ਕਰਕੇ ਤੇ ਉਹ ਮਰ ਗਏ। ਮਗਰ ਉਹਨਾਂ ਦੀ ਇਹ ਦੁਨੀਆਂ ਤੇ ਸਾਰੀ ਡੁੱਬਦੀ ਜਾਂਦੀ ਹੈ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਸੁੰਦਰ ਤੇ ਮੁੰਦਰ ਦਾਸੀਆਂ ਝਾਂਸੀ ਦੀ ਰਾਣੀ ਸੀ। ਮੈਦਾਨੇ ਜੰਗ ਦੇ ਅੰਦਰ ਜਿੰਨ੍ਹਾਂ ਵਾਰੀ ਜਵਾਨੀ ਸੀ। ਜ਼ਫ਼ਰ ਸ਼ਾਹ ਤਾਂਤਿਆ ਟੋਪੇ ਦੀ ਵੀ ਕੋਈ ਕਹਾਣੀ ਸੀ। ਇਥੇ ਇਸਫ਼ਾਕ ਬਿਸਮਿਲ ਨੇ ਵੀ ਵਾਰੀ ਜ਼ਿੰਦਗਾਨੀ ਸੀ। ਤਿਲਕ ਤੇ ਗੋਖਲੇ ਸੁਭਾਸ਼ ਗਾਂਧੀ ਇਥੇ ਮਰ ਗਏ ਨੇ। ਭਗਤ ਸਿੰਘ ਸਾਥੀਆਂ ਦੇ ਨਾਲ ਇਸ ਸਤਲੁਜ 'ਚ ਸੜ ਗਏ ਨੇ। ਲਹੂ ਡੁੱਲਿਆ ਸ਼ਹੀਦਾਂ ਦਾ ਕਿਸੇ ਨੂੰ ਯਾਦ ਨਹੀਂ ਇਥੇ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਅੱਲ੍ਹਾ ਤੇ ਈਸ਼ਵਰ ਵਾਹਿਗੁਰੂ ਸਭ ਵੱਖੋ-ਵੱਖਰੇ ਨੇ। ਇਥੇ ਈਸਾ ਤੇ ਮੂਸਾ ਧਰਮ ਜੋ ਸਭ ਵੱਖੋ-ਵੱਖਰੇ ਨੇ। ਮਜ਼ਹਬਾਂ ਦੇ ਨਾਰੇ ਨੇ ਇਥੇ ਰੱਬ ਵੱਖੋ-ਵੱਖਰੇ ਨੇ। ਨਾ ਜੀਨੇ ਦੇ ਸਲੀਕੇ ਨੇ ਨਾ ਮਰਨੇ ਦੇ ਤਰੀਕੇ ਨੇ। ਗ਼ਰੀਬਾਂ ਨੂੰ ਨਾ ਸੁੱਖ ਦਾ ਸਾਹ ਗ਼ਲਤ ਰਸਤੇ ਉਲੀਕੇ ਨੇ। ਇਥੇ ਭਾਈਆਂ ਦੇ ਟੁੱਟੇ ਪਿਆਰ ਤੇ ਵੱਧ ਗਏ ਸ਼ਰੀਕੇ ਨੇ। ਮੱਲਾਹ ਸਭ ਮਨ ਦੇ ਪਾਂਧੀ ਜੇ ਤੇ ਬੇੜੀ ਤੁਰ ਨਹੀਂ ਸਕਦੀ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਨਾ ਇਥੇ ਵੇਦ ਤੇ ਮੰਤਰ ਨਾ ਇਥੇ ਹੈ ਅਜ਼ਾਂ ਦਿਸਦੀ। ਮਸੀਤਾਂ ਸੁੰਨੀਆਂ ਸੁੰਨੀਆਂ ਕੋਈ ਨਾ ਹੂੰ ਤੇ ਹਾਂ ਦਿਸਦੀ। ਉਜੜੀਆਂ ਖ਼ਾਨਗਾਹਾਂ ਤੇ ਨਾ ਵੱਸਦੀ ਹੈ ਸਰਾਂ ਦਿਸਦੀ। ਘੜੀ ਅਟਕੇ ਜੋ ਪਰਦੇਸੀ ਕੋਈ ਨਾ ਐਸੀ ਥਾਂ ਦਿਸਦੀ। ਨਵੀਂ ਦੁਨੀਆਂ ਨੇ ਕਰ ਛੱਡੇ ਵਤਨ ਦੀ ਸ਼ਾਨ ਦੇ ਟੁਕੜੇ। ਹਿੰਦੂ ਮੁਸਲਮ ਨੇ ਕਰ ਛੱਡੇ ਨੇ ਹਿੰਦੁਸਤਾਨ ਦੇ ਟੁਕੜੇ। ਲਹੂ ਡੁੱਲਿਆ ਬੇਦੋਸ਼ਾਂ ਦਾ ਇਹ ਵਿਰਥਾ ਜਾ ਨਹੀਂ ਸਕਦਾ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਹ ਮੇਰੀ ਕੌਮ ਹੈ ਮੈਂ ਕਿੰਝ ਇਹਦੇ 'ਤੇ ਨਾਜ਼ ਨੂੰ ਕਰ ਲਾਂ। ਮੈਂ ਬੰਦ ਆਪਣੇ ਤਖ਼ਈਅੱਲ ਦੇ ਸਾਜ਼ ਨੂੰ ਕਰ ਲਾਂ। ਕਿਹੜੀ ਥਾਂ ਹੈ ਕਿ ਮੈਂ ਜਿਥੇ ਅਦਾ ਨਮਾਜ ਨੂੰ ਕਰ ਲਾਂ। ਇਹ ਵੀ ਤਾਂ ਹੋ ਨਹੀਂ ਸਕਦਾ ਮੈਂ ਬੰਦ ਆਵਾਜ਼ ਨੂੰ ਕਰ ਲਾਂ। ਕੋਈ ਤੇ ਆਖਦੇ ਨੇ ਇਹ ਜ਼ਮਾਨਾ ਕੀ ਨਹੀਂ ਕਰਦਾ। ਮੈਂ ਆਪਣੇ ਦੇਸ਼ ਨੂੰ ਆਪਣਾ ਸਮਝ ਲਾਂ ਜੀ ਨਹੀਂ ਕਰਦਾ। ਮੈਨੂੰ ਤਾਰੀਖ਼ ਆਪਣੀ ’ਤੇ ਜ਼ਰਾ ਇਤਬਾਰ ਨਹੀਂ ਆਉਂਦਾ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਤੇ ਬਾਜ ਖਾਈ ਜਾ ਰਹੇ ਨੇ ਚਿੜ੍ਹੀਆਂ ਬੋਟਾਂ ਨੂੰ। ਇਥੇ ਇੱਜ਼ਤ ਤੋਂ ਦਿੱਤੀ ਜਾ ਰਹੀ ਤਰਜੀਹ ਹੈ ਨੋਟਾਂ ਨੂੰ। ਸਿਆਸਤਦਾਨ ਇਕ ਦੂਜੇ ਦੇ ਕਰਦੇ ਰਹਿਣ ਚੋਟਾਂ ਨੂੰ। ਇਥੇ ਬਦਮਾਸ਼ ਤੇ ਨਾਲਾਇਕ ਮੰਗਦੇ ਰਹਿੰਦੇ ਵੋਟਾਂ ਨੂੰ। ਇਥੇ ਇਨਸਾਨ ਦੇ ਜਾਮੇ ਦੇ ਵਿਚ ਫਿਰਦੇ ਦਰਿੰਦੇ ਨੇ। ਇਥੇ ਮੁਜਰਿਮ ਸੁਸਾਇਟੀ ਦੇ ਜੋ ਜਮਹੂਰੀ ਨੁਮਾਇੰਦੇ ਨੇ। ਇਹ ਮੇਰਾ ਦੇਸ਼ ਹੈ ਲੋਕੋ ਮੈਂ ਇਥੇ ਰਹਿ ਨਹੀਂ ਸਕਦਾ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਤੇ ਜੀਣੇ ਰਹਿਣੇ ਦਾ ਕੋਈ ਨਹੀਂ ਸਾਮਾਂ ਦਿਸਦਾ। ਇਥੇ ਹਉਕੇ ਤੇ ਰੋਣੇ ਨੇ ਤੇ ਹਾਵਾਂ ਦਾ ਧੂੰਆ ਦਿਸਦਾ। ਨਾ ਕੋਈ ਮਿਹਰਬਾਂ ਦਿਸਦਾ ਨਾ ਕੋਈ ਪਾਸਬਾਂ ਦਿਸਦਾ। ਦਇਆ ਤੇ ਧਰਮ ਦਾ ਇਥੇ ਨਹੀਂ ਕੋਈ ਨਿਸ਼ਾਂ ਦਿਸਦਾ। ਇਥੇ ਤੇ ਨਾਲ ਸਿੱਕਿਆ ਤੇ ਅਦਲ ਈਮਾਨ ਵਿਕਦਾ ਏ। ਇਥੇ ਸ਼ੈਤਾਨ ਦੀ ਤਕੜੀ ਦੇ ਵਿਚ ਭਗਵਾਨ ਵਿਕਦਾ ਏ। ਇਥੇ ਤੇ ਚੰਨ ਸੂਰਜ ਵੀ ਗ੍ਰਹਿਣੇ ਹੋਏ ਦਿਸਦੇ ਨੇ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਥੇ ਇਖ਼ਲਾਕ ਦੀ ਮਈਅੱਤ ਦੇ ਉੱਤੇ ਸੁੰਨ ਸੰਨਾਟਾ ਏ। ਇਥੇ ਘਿਉ ਦੁੱਧ ਦਾ ਤੋੜਾ ਏ ਇਥੇ ਆਟੇ ਦਾ ਘਾਟਾ ਏ। ਝੱਗਾਂ ਲੀਰੇ ਕਿਸੇ ਮੁਟਿਆਰ ਦਾ ਦੁਪੱਟਾ ਪਾਟਾ ਏ। ਇਥੇ ਉਹ ਚੌਧਰੀ ਕੋਈ ਅਜੇ ਵੀ ਬਿਰਲਾ ਟਾਟਾ ਏ। ਲਗਾ ਕੇ ਤਾਕ ਬੈਠੇ ਨੇ ਉਹ ਦੁਸ਼ਮਣ ਮੇਰੇ ਡੇਰੇ 'ਤੇ। ਸਿਆਹੀ ਰਾਤ ਕਾਲੀ ਦੀ ਮਲੋ ਸਭ ਮੇਰੇ ਚਿਹਰੇ ’ਤੇ। ਕਿ ਮੈਂ ਭੁੱਲ ਕੇ ਜਨਮ ਲੀਤਾ ਹੈ ਐਸੇ ਦੇਸ਼ ਦੇ ਅੰਦਰ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਲੱਖਾਂ ਇਨਸਾਨ ਇਥੇ ਨੇ ਕਿ ਪੇਸ਼ਾ ਹੀ ਗਦਾਈ ਏ। ਨਾ ਇਥੇ ਹਸਪਤਾਲਾਂ ਵਿਚ ਬੀਮਾਰਾਂ ਲਈ ਦਵਾਈ ਏ। ਤਬਾਹੀ ਏ ਤਬਾਹੀ ਏ ਇਥੇ ਐਸੀ ਮਹਿੰਗਾਈ ਏ। ਆਜ਼ਾਦੀ ਦੇਸ਼ ਮੇਰੇ ਨੂੰ ਜ਼ਰਾ ਰਾਸ ਆਈ ਏ। ਅੰਨੇ ਅਕਲੋਂ ਬਲਾ ਨੂੰ ਟਾਲਦੇ ਪਰ ਟਲ ਨਹੀਂ ਸਕਦੀ। ਇਹ ਭੁੱਖ ਅਦਬਾਂ ਦੇ ਸੱਚਿਆਂ ਵਿਚ ਕਦੇ ਵੀ ਢੱਲ ਨਹੀਂ ਸਕਦੀ। ਗ਼ੁਲਾਮੀ ਚੰਗੀ ਸੀ ਜਦ ਕਿ ਮੇਰਾ ਪੇਸ਼ਾ ਬਗ਼ਾਵਤ ਸੀ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਗ਼ਜ਼ਬ ਸਹਿਣੇ ਚਮਨ ਦੇ ਫੁੱਲ ਸਭ ਮੁਰਝਾਏ ਹੋਏ ਨੇ। ਕਿ ਜ਼ਦ ਵਿਚ ਬਿਜਲੀਆਂ ਦੀ ਆਸ਼ਿਆਨੇ ਆਏ ਹੋਏ ਨੇ। ਜਿੰਨੇ ਇਸ ਬਾਗ਼ ਦੇ ਪੰਛੀ ਔਹ ਸਭ ਘਬਰਾਏ ਹੋਏ ਨੇ। ਕਿ ਹਰ ਦਾਨੇ ਦੇ ਉੱਤੇ ਜਾਲ ਲੋਕਾਂ ਪਾਏ ਹੋਏ ਨੇ । ਕੋਈ ਬੁਲਬੁਲ ਦੀ ਰੰਗ ਉੱਤੇ ਬੇਸ਼ੱਕ ਨਸ਼ਤਰ ਚੁਭੋ ਜਾਏ। ਕਿਸੇ ਬੇੜੀ ਨੂੰ ਵੀ ਮੱਲਾਹ ਜਿਥੇ ਚਾਹੇ ਡੁਬੋ ਜਾਏ। ਇਹ ਧੋਖਾ ਲੋਕ ਦਿੰਦੇ ਨੇ ਕਿ ਇਹ ਰਿਸ਼ੀਆਂ ਦੀ ਧਰਤੀ ਏ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਇਹ ਦਿਨ ਦੀ ਰੌਸ਼ਨੀ ਏ ਜਾਂ ਡਰਾਉਣੀ ਰਾਤ ਕਾਲੀ ਏ। ਇਕ ਘਰ ਅੱਗ ਲੱਗੀ ਏ ਤੇ ਇਕ ਘਰ ਵਿਚ ਦੀਵਾਲੀ ਏ। ਕਿਤੇ ਭੋਜਨ ਪਦਾਰਥ ਨੇ ਕਿਤੇ ਨਾ ਕੋਲ ਥਾਲੀ ਏ। ਇਹ ਵੱਡਾ ਪਾਪ ਹੈ ਉਮੀਦ ਦਾ ਖ਼ਾਨਾ ਹੀ ਖ਼ਾਲੀ ਏ। ਗ਼ਰੀਬਾਂ ਦੀ ਅਰਸ਼ ਉੱਤੇ ਨਾ ਆਹ ਪਹੁੰਚੇ ਦੁਆ ਪਹੁੰਚੇ। ਲੋਕੀਂ ਤੇ ਚੰਨ ਦੀ ਧਰਤੀ 'ਤੇ ਰਾਕਟ ਲੈ ਕੇ ਜਾ ਪਹੁੰਚੇ। ਮੇਰੀ ਇਸ ਕੌਮ ਗਾਫ਼ਲ ਦੇ ਤੇ ਪਰ ਟੁੱਟਦੇ ਹੀ ਜਾਂਦੇ ਨੇ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ। ਉਨ੍ਹਾਂ ਦੀਆ ਆਤਮਾ ਉੱਚੀ ਤੇ ਜ਼ਿੰਦਗੀ ਸੀ ਭਜਨ ਕਰਨਾ। ਸਮਾਜਾਂ 'ਚੋਂ ਬੁਰਾਈਆਂ ਦੂਰ ਕਰਨੇ ਦਾ ਯਤਨ ਕਰਨਾ। ਸੁਲ੍ਹਾ ਯਾਰੀ ਮੁਹੱਬਤ ਪਿਆਰ ਦੁਨੀਆਂ ਵਿਚ ਅਮਨ ਕਰਨਾ। ਜਦੋਂ ਤਲਵਾਰ ਫੜ ਲੈਣੀ ਤੇ ਦੁਸ਼ਮਣ ਦਾ ਹਨਣ ਕਰਨਾ। ਤੂਫ਼ਾਨਾਂ ਵਗਦਿਆਂ ਅੰਦਰ ਔਹ ਬੇੜੀ ਠੇਲ ਜਾਂਦੇ ਸੀ। ਸ਼ਹੀਦੀ ਪਾਉਣ ਦੀ ਖ਼ਾਤਰ ਉਹ ਜਾਨ 'ਤੇ ਖੇਲ ਜਾਂਦੇ ਸੀ। ਮਗਰ ਹੁਣ ਸੌ ਵਿੱਚੋਂ ਨੱਬੇ ਸਮੱਗਲਰ ਤੇ ਬਲੈਕੀ ਨੇ, ਯਕੀਨ ਮੈਂ ਕਿਸ ਤਰ੍ਹਾਂ ਕਰ ਲਾਂ ਮੈਨੂੰ ਇਤਬਾਰ ਨਹੀਂ ਆਉਂਦਾ।

ਸੋਚ ਫ਼ਿਕਰ ਇਨਸਾਨ ਦੇ ਦੋ ਮਿੱਤਰ

ਸੋਚ ਫ਼ਿਕਰ ਇਨਸਾਨ ਦੇ ਦੋ ਮਿੱਤਰ, ਜਿਹੜੇ ਮੁਸ਼ਕਲਾਂ ਨੂੰ ਸਦਾ ਹੱਲ ਕਰਦੇ। ਅਕਲਮੰਦ ਨੇ ਜੋ ਇਨਸਾਨ ਹੁੰਦੇ, ਉਹ ਤੇ ਗੱਲ ਵਿੱਚੋਂ ਪੈਦਾ ਗੱਲ ਕਰਦੇ। ਰੌਲੇ ਰੱਪਿਆਂ ਦੇ ਵਿਚ ਫੱਸਣ ਵਾਲੇ, ਗੱਲ-ਗੱਲ ਅੰਦਰ ਵਲ ਫਲ ਕਰਦੇ। ‘ਤਾਇਰ’ ਸਦਾ ਨੁਕਸਾਨ ਵਿਚ ਉਹ ਰਹਿੰਦੇ, ਜਿਹੜੇ ਅੱਜ ਦੇ ਕੰਮ ਨੂੰ ਕੱਲ ਕਰਦੇ। ਪਰ ਅੱਜ ਸਮਾਂ ਕੁਝ ਹੋਰ ਦਾ ਹੋਰ ਹੋਇਆ, ਸ਼ਾਨਾ ਵਾਲੜੇ ਸ਼ਾਨ ਨੂੰ ਵੇਚਦੇ ਨੇ। ਅੱਜ ਭਗਤ ਭਗਵਾਨ ਦੇ ਠਗਤ ਹੋ ਗਏ, ਜਿਹੜੇ ਥਾਂ ਥਾਂ ਭਗਵਾਨ ਨੂੰ ਵੇਚਦੇ ਨੇ। ਮਸਜਿਦ ਵੱਲ ਜੇ ਕਿਧਰੇ ਮੈਂ ਨਜ਼ਰ ਕਰਨਾ, ਕਾਜ਼ੀ ਲੋਕ ਈਮਾਨ ਨੂੰ ਵੇਚਦੇ ਨੇ। ਗੁਰਦੁਆਰਿਆਂ ਦਾ ਕੀ ਜ਼ਿਕਰ ਕਰਨਾ, ਉਥੇ ਗੁਰੂ ਸਾਹਿਬਾਨ ਨੂੰ ਵੇਚਦੇ ਨੇ। ਧਰਮ ਕਸਮਾਂ ਦੀ ਜੱਦ ਵਿਚ ਜ਼ਿਬਾ ਹੋਇਆ, ਮਨ ਵਚਨ ਜ਼ੁਬਾਨ ਨੂੰ ਵੇਚਦੇ ਨੇ। ਕੋਈ ਅਹਿਦੋ ਪੈਮਾਨ ਨੂੰ ਵੇਚਦੇ ਨੇ, ਕੋਈ ਤਰਜ਼ੇ ਬਿਆਨ ਨੂੰ ਵੇਚਦੇ ਨੇ। ਅਜਬ ਕਿਸਮ ਦੀ ਇਥੇ ਸੌਦਾਗਰੀ ਏ, ਲੋਕੀਂ ਜਮੀਂ ਅਸਮਾਨ ਨੂੰ ਵੇਚਦੇ ਨੇ। ਬੱਲੇ ਪੈਸਿਆਂ ਤੈਥੋਂ ਕੁਰਬਾਨ ਜਾਵਾਂ, ਤੇਰੇ ਲਈ ਸੰਤਾਨ ਨੂੰ ਵੇਚਦੇ ਨੇ। ਸਾਧ ਤਮਾਂ ਦੇ ਮਾਰੇ ਸੰਨਿਆਸ ਵੇਚਣ, ਪੰਡਿਤ ਪੋਥੀਆਂ ਦੇ ਵਾਕ ਵੇਚਦੇ ਨੇ। ਸੱਜੇ ਹੋਏ ਨੇ ਗੱਦੀਆਂ ਤੇ ਬੈਠੇ, ਮੁਰਦਿਆਂ ਦੀ ਖਾਕ ਵੇਚਦੇ ਨੇ। ਸਭ ਡੰਡੀਆਂ ਪਾਸਕੂ ਮਾਰੀਆਂ ਨੇ, ਸੌਦੇ ਲਾ ਲਾ ਕੇ ਤਾਕ ਵੇਚਦੇ ਨੇ। ਗੱਡੇ ਝੂਠ ਅਪਰਾਧ ਦੇ ਭਰੇ ਹੋਏ ਨੇ, ਲੋਕੀਂ ਦੇ ਦੇ ਕੇ ਹਾਕ ਵੇਚਦੇ ਨੇ। ਇਹ ਹੈ ਦੇਸ਼ ਮੇਰਾ ਮੈਂ ਹੈਰਾਨ ਹੁਣਾ, ਇਥੇ ਲੋਕ ਜ਼ਮੀਰਾਂ ਨੂੰਵੇਚਦੇ ਨੇ। ਕਾਲੇ ਧਨ ਵਾਲੇ ਲੋਕੀਂ ਯੱਗ ਕਰਕੇ, ਪਏ ਖੰਡ ਤੇ ਖੀਰਾਂ ਨੂੰ ਵੇਚਦੇ ਨੇ। ਕੁੰਡਲ ਜ਼ੁਲਫ਼ਾਂ ਦੇ ਇਥੇ ਹਸੀਨ ਵੇਚਣ, ਅਤੇ ਨੈਨਾਂ ਦੇ ਤੀਰਾਂ ਨੂੰ ਵੇਚਦੇ ਨੇ। ਇਹਨਾਂ ਰਾਂਝਿਆਂ ਦੇ ਮੈਂ ਕੁਰਬਾਨ ਜਾਵਾਂ, ਹੱਥੀਂ ਆਪਣੀ ਹੀਰਾਂ ਨੂੰ ਵੇਚਦੇ ਨੇ। ਮੇਰੇ ਦੇਸ਼ ਦੇ ਵਿਚ ਇਖ਼ਲਾਕ ਦੀਆਂ ਲੋਕੀਂ, ਪਾਟੀਆਂ ਲੀਰਾਂ ਨੂੰ ਵੇਚਦੇ ਨੇ। ਜ਼ਾਲਮ ਭੁੱਖ ਨੇ ਉੱਤੋਂ ਹੈਰਾਨ ਕੀਤਾ, ਲੋਕੀਂ ਸੋਹਲ ਸ਼ਰੀਰਾਂ ਨੂੰ ਵੇਚਦੇ ਨੇ। ਸੁੱਚੇ ਮੋਤੀਆਂ ਦੇ ਵਣਜ ਕਰਨ ਵਾਲੇ, ਪਏ ਜੰਡ ਕਰੀਰਾਂ ਨੂੰ ਵੇਚਦੇ ਨੇ। ਇਕ ਬਣਿਆ ਗਰੁੱਪ ਹੈ ਚਮਚਿਆਂ ਦਾ, ਜਿਹੜੇ ਥਾਂ ਥਾਂ ਵਜ਼ੀਰਾਂ ਨੂੰ ਵੇਚਦੇ ਨੇ। ਇਹੋ ਦੇਸ਼ ਹੈ ਮੇਰਾ ਸੁਭਾਨ ਅੱਲਾਹ, ਇਥੇ ਲੋਕ ਬਦ ਰਾਹੀਆਂ ਨੂੰ ਵੇਚਦੇ ਨੇ। ਇਥੇ ਦੁੱਧ ਦਾ ਕਤਰਾ ਨਹੀਂ ਮਿਲਦਾ, ਬੁੱਚੜ ਲੋਕ ਇਥੇ ਗਾਈਆਂ ਨੂੰ ਵੇਚਦੇ ਨੇ। ਸਾਰਾ ਰਾਜ ਸਮਾਜ ਹੈ ਵਿਗੜਿਆਂ ਦਾ, ਇਥੇ ਚੋਰ ਸਿਪਾਹੀਆਂ ਨੂੰ ਵੇਚਦੇ ਨੇ। ਇਥੇ ਢਿੱਡ ਦੀਆਂ ਜਾਈਆਂ ਨੂੰ ਇਉਂ ਵੇਚਣ, ਜਿਵੇਂ ਪੂਨ ਸਿਲਾਈਆਂ ਵੇਚਦੇ ਨੇ। ਕਿਨੂੰ ਜਾ ਕੇ ਦੇਸ਼ ਦਾ ਹਾਲ ਦੱਸਾਂ, ਪਹਿਰੇਦਾਰ ਨੂੰ ਵੇਖਾਂ ਤੇ ਸੋਇਆ ਏ। ਕਿਤੇ ਦੇਸ਼ ਦੀ ਭਗਤੀ ਨਹੀਂ ਨਜ਼ਰ ਆਉਂਦੀ, ਜਾਣੇ ਰੱਬ ਅਨਰਥ ਕੀ ਹੋਇਆ ਏ। ਜਿਹੜਾ ਕੋਈ ਹੈ ਇਥੇ ਮੱਲਾਹ ਦਿਸਦਾ, ਉਹਨੇ ਪਹਿਲਾਂ ਹੀ ਬੇੜਾ ਡੁਬੋਇਆ ਏ। ਚੋਰ ਡਾਕੂ ਲੁਟੇਰਾ ਅੱਯਾਸ਼ ਖ਼ੂਨੀ, ਹਰ ਰਾਹ ਦੇ ਵਿਚ ਖਲੋਇਆ ਏ। ਹਰ ਕਲੀ ਮਧੋਲੀ ਹੋਈ ਜਾਪਦੀ ਏ, ਹਰ ਫੁੱਲ ਵਿਚ ਨਸ਼ਤਰ ਚੁਭੋਇਆ ਏ। ‘ਤਾਇਰ’ ਪੁੱਛਦਾ ਨਹੀਂ ਕੋਈ ਸੋਚਦਾ ਨਹੀਂ, ਕੀ ਹੋਣ ਲੱਗਾ ਕੀ ਹੋਇਆ ਏ।

ਸਾਡੇ ਵਿੰਹਦਿਆਂ ਵਿੰਹਦਿਆਂ ਕੀ ਹੋਇਆ

ਸਾਡੇ ਵਿੰਹਦਿਆਂ ਵਿੰਹਦਿਆਂ ਕੀ ਹੋਇਆ, ਬੜੇ ਬੜੇ ਹਾਜ਼ੀ ਬੇਨਮਾਜ ਬਣ ਗਏ। ਜੋ ਅੱਈਜਾਜ਼ ਸੀ ਉਹ ਮਹਿਮੂਦ ਬਣ ਗਏ, ਜੋ ਮਹਿਮੂਦ ਸੀ ਉਹ ਅੱਈਜਾਜ਼ ਬਣ ਗਏ। ਜਿੰਨ੍ਹਾਂ ਮਜਲਸਾਂ ਕਦੇ ਨਾ ਵੇਖਿਆ ਸੀ, ਉਹ ਮਜਲਸਾਂ ਦੇ ਮਾਇਆਨਾਜ਼ ਬਣ ਗਏ। ਦੀਵੇ ਲਾਟੂਆਂ ਵਿਚ ਤਬਦੀਲ ਹੋ ਗਏ, ਚਮਕ ਚਮਕ ਕੇ ਤੇ ਸਰਫਰਾਜ਼ ਬਣ ਗਏ। ਹੁਕਮ ਚਲਦੇ ਸੀ ਜਿੰਨ੍ਹਾਂ ਦੇ ਜਗ ਅੰਦਰ, ਉਹ ਖ਼ਾਮੋਸ਼ ਹੋ ਗਏ ਬੇਆਵਾਜ਼ ਬਣ ਗਏ। ਕਾਗ ਬਾਗ਼ ਦੇ ਬੁਲਬੁਲਾਂ ਬਣ ਬੈਠੇ, ਅੱਜ ਚਿੜ੍ਹੀਆਂ ਦੇ ਵੇਖਣਾ ਬਾਜ ਬਣ ਗਏ। ਗੀਤ ਜੀਵਨ ਦੇ ਹੋਰ ਦੇ ਹੋਰ ਹੋ ਗਏ, ਤੂੰਬੇ ਟੁੱਟੇ ਤੇ ਟੁੱਟ ਕੇ ਸਾਜ਼ ਬਣ ਗਏ। ਔਹ ਦੇਖ ਆਕਾਸ਼ ’ਤੇ ਉਡਣ ‘ਤਾਇਰ', ਹੁਣ ਤੇ ਗੱਡਿਆਂ ਦੇ ਹਵਾਈ ਜਹਾਜ਼ ਬਣ ਗਏ। ਸੂਦਾਂ ਰਾਗ ਨੂੰ ਬੇਗੁਰਿਆਂ ਫੇਰਿਆ ਏ, ਜਿਹੜੇ ਰਾਗੀ ਸੀ ਉਹ ਭਰਾਈ ਬਣ ਗਏ। ਬੇਅਕਲਾਂ ਦੇ ਕੋਲ ਬਲੈਕ ਆ ਗਈ, ਅਕਲ ਵਾਲੇ ਸੀ ਜਿਹੜੇ ਸ਼ੁਦਾਈ ਬਣ ਗਏ। ਸ਼ਾਹੂਕਾਰ ਸੀ ਰੱਬ ਦਾ ਰੂਪ ਹੁੰਦੇ, ਉਹ ਕੁਛ ਨਾਈ ਤੇ ਜਾਂ ਕਸਾਈ ਬਣ ਗਏ। ਪਾਪੜ ਭੁੰਨਦੇ ਸੀ ਜਿਹੜੇ ਬਾਜ਼ਾਰ ਅੰਦਰ, ਰਾਜ ਪਲਟਿਆ ਉਹ ਹਲਵਾਈ ਬਣ ਗਏ। ਚੋਰੀ ਆ ਗਈ ਸਰਾਫ਼ਾਂ ਦੀ ਕੁਲ ਅੰਦਰ, ਮੋਹਤਬਰ ਸੁਨਿਆਰੇ ਤਮਾਮ ਬਣ ਗਏ। ਦੇਖ ਦੇਖ ਕੇ ਤੇ ਹਰਕਤ ਆਗੂਆਂ ਦੀ, ਨੌਕਰ ਸਾਰੇ ਹੀ ਨਮਕ ਹਰਾਮ ਬਣ ਗਏ। ਟੁੱਕੜ ਬੋਚ ਸੀ ਜਿਹੜੇ ਜਹਾਨ ਅੰਦਰ, ਬੜੇ ਸੇਠ ਸੌਦਾਗਰ ਉਹ ਸ਼ਾਹ ਬਣ ਗਏ। ਜਿਹੜੇ ਕੁੰਜੀਆਂ ਜੰਦੀਆਂ ਵੇਚਦੇ ਸੀ, ਬਦੋ ਬਦੀ ਉਹ ਹਾਜਤ ਖ਼ਾਂ ਬਣ ਗਏ। ਨਾਮਵਰਾਂ ਦਾ ਨਾਮੋ-ਨਿਸ਼ਾਨ ਮਿਟਿਆ, ਸ਼ਾਹ ਬਾਦਸ਼ਾਹ ਸਭ ਗਦਾ ਬਣ ਗਏ। ਜਦ ਦਾ ਲੰਕਾ ਦਾ ਦੇਸ਼ ਆਜ਼ਾਦ ਹੋਇਆ, ਜਿੰਨੇ ਭਰਾਏ ਸੀ ਦਿਲਰੁਬਾ ਬਣ ਗਏ। ਨਵੇਂ ਨਕਸ਼ਿਆਂ ਵਿਚ ਮੈਂ ਵੇਖਿਆ ਏ, ਪਿਛਲੇ ਸ਼ਾਹ ਜੀ ਜੋ ਗ਼ਰੀਬ ਬਣ ਗਏ। ਐਸੇ ਸੜੇ ਨਸੀਬ ਕਿ ਕੀ ਕਹਿਣੇ, ਕਰਮਾਂ ਵਾਲੇ ਸੀ ਜੋ ਬਦਨਸੀਬ ਬਣ ਗਏ। ਜਿਹੜੇ ਫੁੱਲ ਸੀਗੇ ਉਹ ਤੇ ਖ਼ਾਰ ਬਣ ਗਏ, ਜਿਹੜੇ ਖ਼ਾਰ ਸੀਗੇ ਉਹ ਤੇ ਫੁੱਲ ਬਣ ਗਏ। ਨਾ-ਮਾਤਰ ਹੀ ਗ਼ੈਰਤਾਂ ਰਹਿ ਗਈਆਂ, ਬਹੁਤੇ ਲੋਕ ਅਮੀਰਾਂ ਦੇ ਟੁੱਲ ਬਣ ਗਏ। ਅੱਗੇ ਇਕ ਰਾਜ ਸੀ ਦੇਸ਼ ਅੰਦਰ, ਮਾਲਕ ਦੇਸ਼ ਦੇ ਫੁੱਲ ਬਟਾ ਫੁੱਲ ਬਣ ਗਏ। ਇਸੇ ਕਰਕੇ ਖ਼ਬਰੇ ਜਹਾਨ ਅੰਦਰ, ਚਸ਼ਮੇ ਫੇਜ ਦੇ ਜਿੰਨੇ ਸੀ ਚੁਲ ਬਣ ਗਏ। ਐਸੇ ਵਗੇ ਦਰਿਆ ਮੁਹੱਬਤਾਂ ਦੇ, ਇਸ਼ਕ ਮੁਸ਼ਕ ਵਾਲੇ ਉੱਤੇ ਪੁੱਲ ਬਣ ਗਏ। ਵਾਹ ਨੀ ਡੈਮੋਕਰੇਸੀਏ ਰੰਗ ਦੱਸਿਆ, ਕੁੜੀਆਂ ਚੱਟਪੱਟੀਆਂ ਮੁੰਡੇ ਗੁਲ ਬਣ ਗਏ। ਇਨਕਲਾਬ ਨੇ ਹੋਰ ਹੀ ਰੰਗ ਦੱਸਿਆ, ਛੋਲੇ ਕੋਕੜੂ ਮੋਠ ਮਲਾਈ ਬਣ ਗਏ। ਚੋਰ ਚੁਗਲ ਚੋਪਟ ਇਨਸਾਨ ਸੀ ਜੋ, ਜਾਂ ਉਹ ਗਿਆਨੀ ਤੇ ਜਾਂ ਉਹ ਭਾਈ ਬਣ ਗਏ। ਕੋਈ ਇੱਜ਼ਤਾਂ ਦੀ ਰਾਖੀ ਰਹੇ ਕਰਦੇ, ਬੜੇ ਟੌਹਰ ਵਾਲੇ ਦੇਖੇ ਘਾਈ ਬਣ ਗਏ। ਝੂਠ ਸੱਚ ਦੀ ਵਰਦੀ ਨੂੰ ਪਹਿਨ ਲੀਤਾ, ਜਿੰਨ੍ਹੇ ਚੋਰ ਸੀ ਉਹ ਸਿਪਾਹੀ ਬਣ ਗਏ। ਵਿਹੜੇ ਵਿਚ ਕਪੱਤੀ ਜੋ ਨਾਰ ਸੀਗੀ, ਉਹ ਤੇ ਸਾਰੇ ਮੁਹੱਲੇ ਦੀ ਲੈੱਕ ਬਣ ਗਈ। ‘ਤਾਇਰ’ਰੌਸ਼ਨੀ ਮੈਂ ਤੇ ਲੱਭਦਾ ਸੀ, ਸਾਰੀ ਦੁਨੀਆਂ ਹੀ ਬਲਿਊ ਬਲੈਕ ਬਣ ਗਈ।

ਜੇ ਮੈਂ ਸੂਫ਼ੀ ਦੇ ਐਬ ਨਾ ਤਾਰਦਾ

ਜੇ ਮੈਂ ਸੂਫ਼ੀ ਦੇ ਐਬ ਨਾ ਤਾਰਦਾ, ਹਾਂ ਉਹਦੀ ਆਬ ਤੇ ਤਾਬ ਤੋਂ ਡਰ ਲੱਗਦਾ। ਰੁਕ ਜਾਂਦਾ ਸਵਾਲ ਹੈ ਜੀਭ ਉੱਤੇ, ਉਹਦੇ ਤੁਰਸ਼ ਜਵਾਬ ਤੋਂ ਡਰ ਲੱਗਦਾ। ਜ਼ਾਲਮ ਇਸ਼ਕ ਜੋ ਹੁਸਨ ਖ਼ਰੀਦਦਾ ਏ, ਮੈਨੂੰ ਹੁਸਨ ਸ਼ਬਾਬ ਤੋਂ ਡਰ ਲੱਗਦਾ। ਖ਼ਬਰੇ ਕਿੰਨੇ ਕੁ ਖ਼ੂਨ ਨਾਲ ਰੰਗਿਆ ਏ, ਮੈਨੂੰ ਗੋਹਰੇ ਨਾਯਾਬ ਤੋਂ ਡਰ ਲੱਗਦਾ। ਮਸਜਿਦ ਵਿਚ ਦਰਿੰਦਗੀ ਵੇਖ ਕੇ ਤੇ ਮੈਨੂੰ ਹਰ ਮਹਿਰਾਬ ਤੋਂ ਡਰ ਲੱਗਦਾ। ਤੈਨੂੰ ਡਰ ਨਹੀਂ ਲੱਗਦਾ ਰੱਬ ਕੋਲੋਂ, ਮੈਨੂੰ ਰੋਜ਼ੇ ਹਿਸਾਬ ਤੋਂ ਡਰ ਲੱਗਦਾ। ਹੁਸਨ ਸਾਰਾ ਹੈ ਬਲਿਊ ਬਲੈਕ ਹੋਇਆ, ਮੈਨੂੰ ਇਸ਼ਕ ਦੇ ਬਾਬ ਤੋਂ ਡਰ ਲੱਗਦਾ। ਇਹ ਤੇ ਮੇਰੀਆਂ ਹੱਡੀਆਂ ਵਿਕਦੀਆਂ ਨੇ, ਮੈਨੂੰ ਮਾਸ ਕਬਾਬ ਤੋਂ ਡਰ ਲੱਗਦਾ। ਐਸਾ ਵੈਸ਼ਤ ਦਾ ਖ਼ੂਨੀ ਤੂਫ਼ਾਨ ਆਇਆ, ਮੈਨੂੰ ਸ਼ੋਰ ਗੁਰਦਾਬ ਤੋਂ ਡਰ ਲੱਗਦਾ। ਬੜੀ ਤੇਜ਼ ਰਫ਼ਤਾਰ ਤਬਾਹੀ ਦੀ ਏ, ਮੈਨੂੰ ਆਪਣੇ ਖ਼ਾਬ ਤੋਂ ਡਰ ਲੱਗਦਾ। ਐਟਮ ਬਣ ਗਿਆ ਦੁਨੀਆਂ ਦੇ ਫੂਕਨੇ ਨੂੰ, ਮੈਨੂੰ ਉਜੜੇ ਸੰਸਾਰ ਤੋਂ ਡਰ ਲੱਗਦਾ। ਰਾਕਟ ਮੰਗਲ ਦੀ ਧਰਤੀ 'ਤੇ ਜਾ ਪਹੁੰਚਾ, ਮੈਨੂੰ ਤੇਜ਼ ਰਫ਼ਤਾਰ ਤੋਂ ਡਰ ਲੱਗਦਾ। ਤਲਾ ਧਰਤੀ ਦਾ ਲੂਸਿਆ ਜਾਪਦਾ ਏ, ਟੈਂਕ, ਬੰਬ, ਤਲਵਾਰ ਤੋਂ ਡਰ ਲੱਗਦਾ। ਇਹ ਆਦਮੀ ਭੇੜੀਆ ਹੋ ਗਿਆ ਏ, ਮੈਨੂੰ ਏਸ ਖੂੰਖ਼ਾਰ ਤੋਂ ਡਰ ਲੱਗਦਾ। ਗੱਲ ਗੱਲ ਵੱਲ ਛੱਲ ਭਰਿਆ ਮੈਨੂੰ, ਸ਼ੋਰ ਤਕਰਾਰ ਤੋਂ ਡਰ ਲੱਗਦਾ। ਬੇੜੀ ਡੋਬ ਮੱਲਾਹਾਂ ਦੇ ਹੱਥ ਬੇੜੀ, ਮੈਨੂੰ ਆਰ ਤੇ ਪਾਰ ਤੋਂ ਡਰ ਲੱਗਦਾ। ਕਾਲਾ ਧਨ ਨੱਚੇ ਉੱਚੇ ਮਹਿਲ ਅੰਦਰ, ਥੱਲੇ ਚੀਖੋ ਪੁਕਾਰ ਤੋਂ ਡਰ ਲੱਗਦਾ। ਪਿੰਜਰ ਹੱਡੀਆਂ ਦਾ ਹਉਕੇ ਮਾਰਦਾ ਏ, ਮੈਨੂੰ ਏਸ ਬੇਕਾਰ ਤੋਂ ਡਰ ਲੱਗਦਾ। ਡਰ ਲੱਗਦਾ ਸਮਾਜ ਦੇ ਆਗੂਆਂ ਤੋਂ, ਹਰ ਗ਼ਾਫ਼ਲ ਹੁਸ਼ਿਆਰ ਤੋਂ ਡਰ ਲੱਗਦਾ। ਦੁਸ਼ਮਣ ਕੋਲੋਂ ਤੇ ਡਰਦੇ ਨੇ ਲੋਕ ‘ਤਾਇਰ’, ਮੈਨੂੰ ਆਪਣੇ ਯਾਰ ਤੋਂ ਡਰ ਲੱਗਦਾ।

ਦਮ ਦਮ ਹਮ ਦਮ ਬੁਰਾ ਬੀਤਦਾ ਏ

ਦਮ ਦਮ ਹਮ ਦਮ ਬੁਰਾ ਬੀਤਦਾ ਏ, ਮਹਿਰਮ ਆਪਣਾ ਕਦਮ ਵਧਾ ਕੇ ਚੱਲ। ਰੰਜ ਗ਼ਮ ਅਲੱਮ ਨੂੰ ਦੂਰ ਕਰਨਾ, ਨਵੇਂ ਯੁੱਗ ਦੇ ਨਾਲ ਟਕਰਾ ਕੇ ਚੱਲ । ਅੱਗ ਮੌਤ ਤਬਾਹੀ ਨਾਲ ਖੇਲਦਾ, ਜਾਂ ਗਰਜ ਛੱਡ ਕੇ ਫ਼ਰਜ਼ ਨਿਭਾ ਕੇ ਚੱਲ। ਜਾ ਕੇ ਕਿਸੇ ਸ਼ਹੀਦ ਦੀ ਮੜ੍ਹੀ ਉੱਤੇ, ਸਿਰ ਨਿਵਾ ਕੇ ਤੇ ਕਸਮ ਖਾ ਕੇ ਚੱਲ। ਇਨਕਲਾਬ ਨੂੰ ਲੋੜ ਕੁਰਬਾਨੀਆਂ ਦੀ, ਅਤੇ ਸੋਹਲ ਮਲੂਕ ਜਵਾਨੀਆਂ ਦੀ, ਦੇਸ਼ ਖ਼ੂਨ ਪਸੀਨੇ ਨੂੰ ਮੰਗਦਾ ਏ, ਬਲਿਦਾਨ ਖ਼ਾਤਰ ਮੁਸਕਰਾ ਕੇ ਚੱਲ। ਕਾਂਸ਼ੀ ਕਾਹਬਿਆਂ ਮਸਜਿਦਾਂ ਮੰਦਰਾਂ ਵਿਚ ਜੇ ਕੋਈ ਰੱਬ ਹੈ ਤੇ ਗ਼ੁੱਸੇ ਹੋਇਆ ਦਾ ਏ, ਦੋ ਪਿਆਰ ਤਲਵਾਰ ਦੀਆਂ ਦੇਵੀਆਂ ਨੇ, ਦੋਹਾਂ ਵਿੱਚੋਂ ਤੂੰ ਕੋਈ ਮਨਾ ਕੇ ਚੱਲ। ਚੱਲ ਕੰਧਾਂ ਕੱਚੀਆਂ ਦੇ ਪਰੇ ਮਹਿਲ ਉੱਚੇ, ਜਿਥੇ ਬਿਜਲੀਆਂ ਦੇ ਲਾਟੂ ਚਮਕਦੇ ਨੇ, ਜੇ ਕਰ ਡੈਨ ਗ਼ਰੀਬੀ ਨੂੰ ਖ਼ਤਮ ਕਰਨਾ, ਪੀਲੇ ਪੀਲੇ ਇਹ ਦੀਵੇ ਬੁਝਾ ਕੇ ਚੱਲ। ਚਿੱਟੇ ਬਗਲੇ ਅਮਰੀਕਾ ਦੇ ਫਿਰਨ ਇਥੇ, ਬੰਬ ਪਰਾਂ ਦੇ ਵਿਚ ਛੁਪਾ ਕੇ ਤੇ, ਉਹਨਾਂ ਨਾਲ ਕਾਲੇ ਅੰਗਰੇਜ਼ ਫਿਰਦੇ, ਚੱਲ ਉਹਨਾਂ ਦੀ ਅਲਖ ਮੁਕਾ ਕੇ ਚੱਲ। ਚੋਰੀ, ਰਿਸ਼ਵਤ, ਬਲੈਕ ਸਮੱਗਲਰਾਂ ਨੂੰ, ਹਾਲੇ ਅਸਾਂ ਦੇ ਵੋਟ ਬਚਾਈ ਜਾਂਦੇ, ਗੋਲੀ ਅੱਗੇ ਤੇ ਇਹ ਨਹੀਂ ਠਹਿਰ ਸਕਦੇ, ਇਹ ਗੱਲ ਲੀਡਰਾਂ ਨੂੰ ਸਮਝਾ ਕੇ ਚੱਲ। ਦੇਸ਼ ਵਿੱਚੋਂ ਗ਼ਰੀਬੀ ਨੂੰ ਖ਼ਤਮ ਕਰਨਾ, ਨਿਰਾ ਨਾਰਾ ਨਹੀਂ ਇਹ ਆਦੇਸ਼ ਹੈ ਇਕ, 'ਕੱਲਾ ਕੋਈ ਵੀ ਕੁਛ ਨਹੀਂ ਕਰ ਸਕਦਾ, ਕਦਮ ਆਪਣਾ ਨਾਲ ਮਿਲਾ ਕੇ ਚੱਲ। ਧੋਕਲ ਨਾਹਰ ਸਿੰਘ ਗੁੱਗੇ ਦੇ ਟੂਣਿਆਂ ਨੇ, ਦੇਸ਼ ਵਿੱਚੋਂ ਮਹਿੰਗਾਈ ਨਹੀਂ ਦੂਰ ਕਰਨੀ। ਕਾਲੇ ਧਨ ਨੂੰ ਕੱਢ ਕੇ ਪੇਟੀਆਂ 'ਚੋਂ, ਦੋ ਨੰਬਰ ਹਿਸਾਬ ਜਲਾ ਕੇ ਚੱਲ। ਗਾਂਧੀ, ਦਾਸ, ਸੁਭਾਸ਼, ਬਿਸਮਿਲ, ਭਗਤ ਸਿੰਘ ਵਰਗੇ, ਮੁੜ ਕੇ ਜੰਮਣੇ ਨਹੀਂ, ਕਿਵੇਂ ਦੇਸ਼ ਲਈ ਇਹਨਾਂ ਨੇ ਖ਼ੂਨ ਦਿੱਤਾ, ਦੇਸ਼ ਨੂੰ ਇਹ ਸਮਝਾ ਕੇ ਚੱਲ। ਬੋਤਲ, ਔਰਤ, ਬਲੈਕ ਦੀ ਜ਼ਿੰਦਗੀ ਨੇ, ਸਾਰਾ ਦੇਸ਼ ਇਹ ਕੀਤਾ ਤਬਾਹ ‘ਤਾਇਰ’, ਜਿਹੜਾ ਸੌਂ ਗਿਆ ਉਹਨੂੰ ਜਗਾ ਕੇ ਚੱਲ, ਬੈਠਾ ਹੋਇਆ ਜੋ ਉਹਨੂੰ ਉਠਾ ਕੇ ਚੱਲ।

ਕੌਮ ਦੀ ਇਹ ਕੌਮ ਸਭ ਬੀਮਾਰ ਏ

ਹੁਣ ਕੋਈ ਲੁਕਮਾਨ ਆ ਕੇ ਕੀ ਕਰੂ, ਦਰਦ ਦਾ ਦਰਮਾਨ ਆ ਕੇ ਕੀ ਕਰੂ। ਪੇਸ਼ਵਾ ਸੁਲਤਾਨ ਆ ਕੇ ਕੀ ਕਰੂ, ਇਸ ਜਗ੍ਹਾ ਭਗਵਾਨ ਆ ਦੇ ਕੀ ਕਰੂ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ। ਕਿਹੜੀ ਗੰਦਲ ਹੈ ਜਿਹਦੇ ਵਿਚ ਜ਼ਹਿਰ ਨਹੀਂ, ਕਿਹੜੀ ਅੱਖ ਹੈ ਜਿਸ ਦੇ ਅੰਦਰ ਗਹਿਰ ਨਹੀਂ। ਕਿਹੜਾ ਦਿਲ ਹੈ ਜਿਸ ਦੇ ਅੰਦਰ ਵੈਰ ਨਹੀਂ, ਸੱਚ ਸਮਝੋ ਦੇਸ਼ ਦੀ ਹੁਣ ਖ਼ੈਰ ਨਹੀਂ। ਧਰਮ ਵਾਲੀ ਤੱਕੜੀ ਹੈ ਟੁੱਟ ਗਈ, ਰੋ ਪਿਆ ਹੁਣ ਦੇਸ਼ ਵਾਲਾ ਪਿਆਰ ਏ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ। ਅੰਜੂਮਨ ਦੀ ਅੰਜੂਮਨ ਬੇਨੂਰ ਏ, ਇਸ ਜਗ੍ਹਾ 'ਤੇ ਦਰਦੇ ਦਿਲ ਕਾਫ਼ੂਰ ਏ। ਕਾਫ਼ਲਾ ਟਿੱਲਿਆਂ ਦਾ ਮੰਜ਼ਲ ਦੂਰ ਏ, ਮੌਤ ਜ਼ਿੰਦਗੀ ਲੈਣ 'ਤੇ ਮਜਬੂਰ ਏ। ਫੁੱਲ ਸਮਝ ਕੇ ਮੈਂ ਤੇ ਧੋਖਾ ਖਾ ਲਿਆ, ਪਰਖ ਕੀਤੀ ਤੇ ਨਿਕਲਿਆ ਖ਼ਾਰ ਏ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ। ਬਿਗੜ ਚੁੱਕਾ ਹੈ ਰਵਾਜੇ ਜ਼ਿੰਦਗੀ, ਖ਼ਤਮ ਹੋਇਆ ਹੈ ਸਮਾਜੇ ਜ਼ਿੰਦਗੀ। ਹਰ ਸ਼ਖ਼ਸ ਹੋਇਆ ਅਪਾਹਿਜੇ ਜ਼ਿੰਦਗੀ, ਹੋ ਨਹੀਂ ਸਕਦਾ ਇਲਾਜੇ ਜ਼ਿੰਦਗੀ। ਚਲਣ ਮੇਰਾ ਆਪਣਾ ਮਸ਼ਕੂਕ ਏ, ਫਿਰ ਭਲਾ ਦੂਜੇ 'ਤੇ ਕੀ ਇਤਬਾਰ ਏ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ। ਕੀ ਕੋਈ ਦੇਖੇ ਸਿਪਾ ਸਾਲਾਰੀਆਂ, ਰਹਿਬਰਾਂ ਨੇ ਵੇਚੀਆਂ ਖ਼ੁਦ-ਦਾਰੀਆਂ। ਚੋਰੀ ਯਾਰੀ ਰਿਸ਼ਵਤਾਂ ਮੱਕਾਰੀਆਂ, ਪਲਦੀਆਂ ਨੇ ਗੋਦ ਵਿਚ ਗੱਦਾਰੀਆਂ। ਇਹਨਾਂ ਜੁਰਮਾਂ ਦੀ ਸਜ਼ਾ ਤੇ ਮੌਤ ਏ, ਅਦਲ ਮੇਰੇ ਸਾਹਮਣੇ ਲਾਚਾਰ ਏ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ। ਮੈਨੂੰ ਚਾਹੀਦੇ ਕਾਰ, ਬੰਗਲੇ, ਕੋਠੀਆਂ, ਮੈਨੂੰ ਚਾਹੀਏ ਰੋਟੀਆਂ ਨਾਲ ਬੋਟੀਆਂ। ਮੈਨੂੰ ਚਾਹੀਦੇ ਮਾਲਾ, ਤਸਬੀ, ਚੋਟੀਆਂ, ਮੈਨੂੰ ਚਾਹੀਏ ਹੋਰਨਾਂ ਦੀਆਂ ਵਹੁਟੀਆਂ। ਕੌਮ ਦਾ ਨੇਤਾ ਹਾਂ ‘ਤਾਇਰ' ਖਾਣ ਨੂੰ, ਮੁਰਗਿਆਂ ਦੀਆਂ ਪਸਲੀਆਂ ਦਰਕਾਰ ਏ। ਇਕ ਮਰਜ਼ ਹੋਵੇ ਤੇ ਹੋ ਜਾਏ ਇਲਾਜ, ਕੌਮ ਦੀ ਇਹ ਕੌਮ ਸਭ ਬੀਮਾਰ ਏ।

ਕਿਹੜੇ ਸਾਜੇ ਦਿਲ ਤੇ ਮੈਂ ਨਗਮੇ ਨੂੰ ਛੇੜਾਂ

ਕਿਹੜੇ ਸਾਜੇ ਦਿਲ ਤੇ ਮੈਂ ਨਗਮੇ ਨੂੰ ਛੇੜਾਂ, ਕਿ ਸੁਰ ਜਿਹੜੀ ਸੀ ਬੇਸੁਰੀ ਹੋ ਰਹੀ ਏ। ਆਜ਼ਾਦੀ 'ਚ ਜ਼ਿੰਦਗੀ ਸਵਾਦਲ ਸੀ ਲੱਭਦੇ, ਮਗਰ ਜ਼ਿੰਦਗੀ ਇਹ ਛੁਰੀ ਹੋ ਰਹੀ ਏ। ਜਿਹੜੀ ਬੀਤਦੀ ਏ ਬੁਰੀ ਬੀਤਦੀ ਏ, ਜਿਹੜੀ ਹੋ ਰਹੀ ਏ ਬੁਰੀ ਹੋ ਰਹੀ ਏ। ਬੜਾ ਟੇਢਾ ਮਸਲਾ ਆਬਾਦੀ ਦਾ ਦਿਸਦਾ, ਵਿਗੜ ਜਾਏ ਨਾ ਇਹ ਆਬਾਦੀ ਦਾ ਮਸਲਾ। ਧਰਤੀ 'ਤੇ ਓਨੀ ਹੀ ਓਨੀ ਹੈ ਆਪਣੀ, ਜਿਹੜੀ ਦਿੱਤੀ ਹੋਈ ਹੈ ਸਾਨੂੰ ਖ਼ੁਦਾ ਨੇ। ਖੇਤਾਂ ਨੂੰ ਨਹਿਰਾਂ ਦਾ ਪਾਣੀ ਵੀ ਮਿਲਦਾ, ਫ਼ਸਲ ਲਈ ਵੀ ਮਿਹਨਤ ਨੇ ਕਰਦੇ ਸਿਆਣੇ। ਬੇਕਾਰੀ, ਮਹਿੰਗਾਈ ਨੂੰ ਰੋਕਣ ਦੀ ਖ਼ਾਤਰ, ਲਗਾਏ ਗਏ ਵੱਡੇ ਕਾਰਖ਼ਾਨੇ। ਕੋਈ ਪੇਸ਼ ਨਹੀਂ ਜਾਣ ਦੇਂਦੇ ਕਿਸੇ ਦੀ, ਧੜਾਧੜ ਨੇ ਜੰਮਦੇ ਨੇ ਇਥੇ ਨਿਆਣੇ। ਫ਼ਸਲ ਕੱਚੀ ਨੂੰ ਖਾਈ ਜਾਂਦੇ ਨੇ ਕੀੜੇ, ਕਿਥੋਂ ਆਏ ਰੋਟੀ ਕਿਥੋਂ ਆਣ ਦਾਣੇ। ਫ਼ਰਸ਼ ਹਿੱਲ ਰਿਹਾ ਤੇ ਅਰਸ਼ ਡੋਲਦਾ ਏ, ਬਲਾ ਆ ਰਹੀ ਏ ਬਲਾ ਆ ਰਹੀ ਏ। ਜਦੋਂ ਹਾਲ ਵੇਖਾਂ ਮੈਂ ਆਪਣੇ ਵਤਨ ਦਾ, ਇਹ ਦਿਲ ਡੋਲਦਾ ਏ ਕਲੇਜਾ ਹੈ ਕੰਬਦਾ। ਅੰਧੇਰਾ ਅੰਧੇਰਾ ਨਜ਼ਰ ਆ ਰਿਹਾ ਏ, ਇਹ ਪੰਧ ਜ਼ਿੰਦਗੀ ਦਾ ਕਿਤੇ ਵੀ ਨਹੀਂ ਲੱਭਦਾ। ਇਹ ਬਰਕਤ ਵਤਨ ਦੀ ਖ਼ਤਮ ਹੋ ਰਹੀ ਏ, ਪਿਉ ਚੀਕਦਾ ਤੇ ਉਹ ਮਾਂ ਰੋ ਰਹੀ ਏ।

ਜ਼ਮਾਨਾ ਆ ਗਿਆ ਹੁਣ

ਜ਼ਮਾਨਾ ਆ ਗਿਆ ਹੁਣ ਤੇ ਸਿਰਾਂ ਨਾਲ ਸਿਰ ਨੂੰ ਜੋੜਨ ਦਾ। ਵਕਤ ਹਿੰਮਤ ਤੇ ਮਿਹਨਤ ਦਾ ਹੈ ਜਾਂ ਮੁੜਕਾ ਨਿਚੋੜਣ ਦਾ। ਯਤਨ ਕਰ ਲਉ ਦਲਿੱਦਰ ਆਲਸਾ ਨੂੰ ਕਿਧਰੇ ਰੋੜਣ ਦਾ। ਸੁਣੋ ਐ ਬਾਗ਼ਬਾਨੋ ਵਕਤ ਨਹੀਂ ਇਹ ਫੁੱਲ ਤੋੜਨ ਦਾ। ਜੇ ਇਸ ਬਾਗ਼ੀ ਜਹਾਂ ਅੰਦਰ ਤਮੰਨਾ ਕੁਛ ਹੈ ਜੀਨੇ ਦੀ। ਜ਼ਰੂਰਤ ਬਾਗ਼ ਨੂੰ ਇਸ ਵਕਤ ਹੈ ਗਾੜ੍ਹੇ ਪਸੀਨੇ ਦੀ। ਬੜੀ ਹਰਕਤ 'ਚ ਬਰਕਤ ਹੈ ਬੜੀ ਹਿੰਮਤ 'ਚ ਦੌਲਤ ਏ। ਬੜੀ ਤਾਕਤ 'ਚ ਖ਼ੂਬੀ ਹੈ ਬੜੀ ਮਿਹਨਤ 'ਚ ਰਾਹਤ ਏ। ਨਵੀਂ ਦੁਨੀਆਂ ਨਵੇਂ ਸੂਰਜ ਨਵੇਂ ਸਾਮਾਨ ਪੈਦਾ ਕਰ। ਦਿਲਾਂ ਵਿਚ ਵਲਵਲੇ ਤੇ ਜੋਸ਼ ਨੇ ਅਰਮਾਨ ਪੈਦਾ ਕਰ। ਬਿਹਤਰ ਹਾਲਤ ਜ਼ਮਾਨੇ ਵਿਚ ਨਿਰਾਲੀ ਸ਼ਾਨ ਪੈਦਾ ਕਰ। ਜਾਂ ਪੈਦਾਇਸ਼ਾਂ ਨੂੰ ਬੰਦ ਕਰਦੇ ਜਾਂ ਤੂੰ ਇਨਸਾਨ ਪੈਦਾ ਕਰ। ਜਿੰਨ੍ਹਾਂ ਨੂੰ ਫ਼ਰਜ਼ ਦਾ ਜਾਂ ਦਰਦ ਨੂੰ ਅਹਿਸਾਸ ਕੁਛ ਹੋਵੇ। ਹੁਬਅੱਲ ਵਤਨੀਂ ਦਾ ਐ ‘ਤਾਇਰ’ ਜਿੰਨ੍ਹਾਂ ਨੂੰ ਪਾਸ ਕੁਛ ਹੋਵੇ।

ਓ ਵਤਨ ਦੇ ਜਵਾਨਾ

ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ। ਤਾਕਤ ਕਿਹਦੀ ਹੈ ਰੋਕੇ ਹੁਣ ਤੇਰੀਆਂ ਇਹ ਰਾਵਾਂ, ਤੇਰੀ ਤਰਫ਼ ਨੇ ਲੱਗੀਆਂ ਹੁਣ ਸਭ ਦੀਆਂ ਨਿਗਾਹਾਂ। ਨੇੜੇ ਤੇਰੀ ਹੈ ਮੰਜ਼ਿਲ ਨੇੜੇ ਤੇਰਾ ਨਿਸ਼ਾਨਾ, ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ। ਤੂੰ ਵੀ ਕਦਮ ਵਧਾ ਲੈ ਉਹ ਕਾਫ਼ਲੇ ਨੇ ਚੱਲੇ, ਉਹ ਦੇਸ਼ ਖ਼ੂਬ ਵੱਸਦੇ ਦੌਲਤ ਜਿੰਨ੍ਹਾਂ ਦੇ ਪੱਲੇ। ਦਿਨ ਦੇ ਮੁਸਾਫ਼ਰਾਂ ਨੇ ਪੱਤਨ ਨੇ ਰਾਤ ਮੱਲੇ, ਲਹਿਰਾਂ ਨੂੰ ਚੀਰ ਕੇ ਤੇ ਤੂੰ ਓਸ ਪਾਰ ਜਾਣਾ। ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ। ਉਹ ਮਿਹਨਤਾਂ ਦੀ ਰਾਣੀ ਬੇਦਾਰ ਹੋ ਰਹੀ ਏ, ਉੱਭਰੀ ਹੋਈ ਜਵਾਨੀ ਹੁਸ਼ਿਆਰ ਹੋ ਰਹੀ ਏ। ਤੇਰੀ ਨਵੀਂ ਕਹਾਣੀ ਤਿਆਰ ਹੋ ਰਹੀ ਏ, ਹੁੱਬੇ ਵਤਨ ਦਾ ਗਾਏ ਕੋਈ ਨਵਾਂ ਤਰਾਨਾ। ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ। ਰੰਜ਼ ਗ਼ਮ ਮੁਸੀਬਤਾਂ ਵਿਚ ਤਿਲ ਭਰ ਨਾ ਡੋਲਦੇ ਨੇ, ਦੁਨੀਆਂ 'ਤੇ ਰਹਿਣ ਵਾਲੇ ਜੀਵਨ ਨੂੰ ਟੋਲਦੇ ਨੇ। ਆਕਾਸ਼ 'ਤੇ ਨੇ ਉੱਡਦੇ ਪਾਤਾਲ ਫੋਲਦੇ ਨੇ, ਮਿਹਨਤ ਦੇ ਨਾਲ ਲੱਭਦਾ ਦੌਲਤ ਦਾ ਇਹ ਖ਼ਜ਼ਾਨਾ। ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ। ਉਹ ਬਦਲ ਰਹੀ ਏ ਦੁਨੀਆਂ ਨਿਰਮਾਣ ਹੋ ਰਿਹਾ ਏ, ਜੀਣੇ ਦਾ ਹੁਣ ਤੇ ਪੂਰਾ ਸਾਮਾਨ ਹੋ ਰਿਹਾ ਏ। ਇਨਸਾਨ ਇਹ ਮੁਕੰਮਲ ਇਨਸਾਨ ਹੋ ਰਿਹਾ ਏ, ਬਣਦਾ ਗਿਆ ਵਤਨ ਦਾ ‘ਤਾਇਰ’ ਨਵਾਂ ਫ਼ਸਾਨਾ। ਓ ਵਤਨ ਦੇ ਜਵਾਨਾ ਤੂੰ ਬਦਲ ਦੇ ਜ਼ਮਾਨਾ, ਤੂੰ ਰੋਕ ਗਰਮ ਵਾਵਾਂ ਤੂੰ ਟੋਲ ਠੰਡੀਆਂ ਛਾਵਾਂ।

ਨਾ ਡਰ ਬਿਜਲੀਆਂ ਤੋਂ

ਨਾ ਡਰ ਬਿਜਲੀਆਂ ਤੋਂ ਵਤਨ ਦੇ ਜਵਾਨਾਂ, ਬਣਾ ਲੈ ਕੋਈ ਤੂੰ ਨਵਾਂ ਆਸ਼ਿਆਨਾ। ਵਤਨ ਦਾ ਤੂੰ ਆਸ਼ਿਕ ਵਤਨ ਦਾ ਦੀਵਾਨਾ, ਵਤਨ ਦੀ ਇਹ ਕਿਸਮਤ ਨੂੰ ਤੂੰ ਹੈ ਬਣਾਨਾ। ਤੇਰੇ ਵੱਲ ਸਾਕੀ ਇਹ ਸਭ ਤੱਕ ਰਹੇ ਨੇ, ਇਹ ਸਾਗਰ ਇਹ ਸ਼ੀਸ਼ਾ ਸੁਰਾਹੀ ਪੈਮਾਨਾ। ਆਕਾਸ਼ਾਂ ਤੋਂ ਤਾਰੇ ਪਤਾਲਾਂ 'ਚੋਂ ਮੋਤੀ, ਤੂੰ ਕੱਢ ਕੱਢ ਕੇ ਖ਼ਾਨਾਂ 'ਚੋ ਹੀਰੇ ਲਿਆਣਾ। ਪਹਾੜਾਂ ਦੀਆਂ ਛਾਤੀਆਂ ਚੀਰ ਕੇ ਤੂੰ ਬਿਜਲੀ ਲਿਆਣਾ ਤੇ ਨਹਿਰਾਂ ਵਗਾਉਣਾ । ਹਨੇਰੇ ਦੀ ਵਾ ਇਹ ਤੇਰੇ ਪੈਰ ਚੁੰਮਦੀ, ਬਲਦਾਂ ਨੂੰ ਜੋਅ ਕੇ ਤੇ ਹੱਲ ਨੂੰ ਚਲਾਣਾ । ਉਹ ਅੰਨਦਾਤਿਆਂ ਤੇਰੀਆਂ ਬਰਕਤਾਂ ਨੇ, ਖਵਾ ਕੇ ਲੱਖਾਂ ਨੂੰ ਤੇ ਫਿਰ ਆਪ ਖਾਣਾ। ਵਗਾ ਕੇ ਤੂੰ ਆਪਣਾ ਲਹੂ ਤੇ ਪਸੀਨਾ, ਬਹੁਤ ਸਖ਼ਤੀਆਂ ਦੀ ਕਮਾਈ ਕਮਾਣਾ। ਪਲਾਨ ਇਹ ਤੇ ਚੱਲਦੇ ਤੇਰੇ ਆਸਰੇ 'ਤੇ, ਤਰੱਕੀ ਦੀ ਮੰਜ਼ਲ ਹੈ ਤੇਰਾ ਨਿਸ਼ਾਨਾ। ਤੂੰ ਲੋਕਾਂ ਦੇ ਵੱਲ ਕੀ ਪਿਆ ਵੇਖਦਾ ਏਂ, ਤੇਰੇ ਵੱਲ ਹੈ ‘ਤਾਇਰ’ ਤੱਕਦਾ ਜ਼ਮਾਨਾ।

ਜਿਹੜੇ ਚਮਕਣ ਜ਼ਮੀਨ ਉੱਤੇ

ਜਿਹੜੇ ਚਮਕਣ ਜ਼ਮੀਨ ਉੱਤੇ ਜਿਹੜੇ ਚਮਕਣ ਆਕਾਸ਼ਾਂ 'ਤੇ, ਸਿਤਾਰੇ ਹੋਰ ਹੁੰਦੇ ਨੇ, ਨਜ਼ਾਰੇ ਹੋਰ ਹੁੰਦੇ ਨੇ। ਸੁਬਹ ਉਠ ਕੇ ਤੇ ਇਹ ਕਹੀਦਾ ਕਿ ਤੱਕਿਆ ਆਸਰਾ ਤੇਰਾ, ਬੜਾ ਝੂਠਾ ਜੋ ਦੁਨੀਆਂ 'ਤੇ ਉਹ ਗੂੜ੍ਹਾ ਯਾਰ ਹੈ ਮੇਰਾ। ਲੱਭਣ ਬੰਡਲ ਇਹ ਨੋਟਾ ਦੇ ਕੋਈ ਨਾ ਕੰਮਕਾਰ ਏ ਕੰਮਕਾਰ ਏ, ਜਿਹੜੇ ਚਮਕਣ ਜ਼ਮੀਨ ਉੱਤੇ ਜਿਹੜੇ ਚਮਕਣ ਆਕਾਸ਼ਾਂ ’ਤੇ, ਸਿਤਾਰੇ ਹੋਰ ਹੁੰਦੇ ਨੇ, ਨਜ਼ਾਰੇ ਹੋਰ ਹੁੰਦੇ ਨੇ। ਉਹ ਚਿੜਿਉ ਖ਼ੈਰ ਨੂੰ ਮੰਗੋ ਕਿ ਇਹ ਬਾਜ਼ਾਂ ਦੀ ਦੁਨੀਆਂ ਏ। ਬੜੀ ਉੱਜਲੀ ਜਿਹੀ ਜਾਪੇ ਜੂਏਬਾਜ਼ਾਂ ਦੀ ਦੁਨੀਆਂ ਏ। ਜਿਹੜਾ ਵੱਡਾ ਫ਼ਰੇਬੀ ਏ ਆਹੋ ਸਰਮਾਇਆਦਾਰ ਏ, ਜਿਹੜੇ ਚਮਕਣ ਜ਼ਮੀਨ ਉੱਤੇ ਜਿਹੜੇ ਚਮਕਣ ਆਕਾਸ਼ਾਂ ’ਤੇ, ਸਿਤਾਰੇ ਹੋਰ ਹੁੰਦੇ ਨੇ, ਨਜ਼ਾਰੇ ਹੋਰ ਹੁੰਦੇ। ਜੇ ਘਰ ਘਰ ਜਾਵਾਂ ਤੇ ਸੱਚ ਕਹਿਣਾਂ ਮੇਰੀ ਜਿੰਦ ਡੋਲਦੀ ਰਹਿੰਦੀ। ਜਨਾਨੀ ਸਖ਼ਤ ਏ ਮੇਰੀ ਉਹ ਹਰਦਮ ਬੋਲਦੀ ਰਹਿੰਦੀ। ਮੈਂ ਡਰਦਾ ਕਹਿ ਛੱਡਾਂ ‘ਤਾਇਰ’ ਕਿ ਮੁਝ ਕੋ ਤੁਮ ਸੇ ਪਿਆਰ ਹੈ, ਜਿਹੜੇ ਚਮਕਣ ਜ਼ਮੀਨ ਉੱਤੇ ਜਿਹੜੇ ਚਮਕਣ ਆਕਾਸ਼ਾਂ ’ਤੇ, ਸਿਤਾਰੇ ਹੋਰ ਹੁੰਦੇ ਨੇ, ਨਜ਼ਾਰੇ ਹੋਰ ਹੁੰਦੇ ਨੇ।

ਇਰਾਦੇ ਪੂਰੇ ਹੋਵਣਗੇ

ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਗ਼ਰੀਬੀ ਖ਼ਤਮ ਹੋਵੇਗੀ ਇਹ ਕਾਣੀ ਵੰਡ ਮੁੱਕੇਗੀ, ਸੁਰਤ ਆਵੇਗੀ ਧਨੀਆਂ ਨੂੰ ਨਸ਼ੇ ਦੌਲਤ ਦੇ ਉਤਰਨਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਮੇਰੇ ਇਸ ਦੇਸ਼ ਦੀ ਧਰਤੀ ਨੂੰ ਕੋਈ ਗ਼ੈਰ ਨਾ ਛੇੜੂ, ਇਹ ਹੁਣ ਸੋਨੇ ਦੀ ਚਿੜੀਆ ਦੇ ਨਾ ਪਰ ਹੁਣ ਗ਼ੈਰ ਕੁਤਰਨਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਲਹੂ ਪੀ ਕੇ ਗ਼ਰੀਬਾਂ ਦਾ ਮਜੇ ਨਾਲ ਸੌਂ ਨਾ ਸਕਣਗੇ, ਧ੍ਰੋਹੀਆਂ, ਵੈਰੀਆਂ ਤੇ ਘਾਤਕਾਂ ਦੇ ਸੀਨੇ ਧੜਕਣਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਇਹ ਹੁਣ ਇਕ ਅਰਬ ਜਨ ਸ਼ਕਤੀ ਦੀ ਜੈ ਜੈਕਾਰ ਹੋਵੇਗੀ, ਇਹ ਭਾਰਤ ਮਾਂ ਦੇ ਸਿਰ ਦੇ ਤਾਜ ਦੇ ਵਿਚ ਹੀਰੇ ਚਮਕਣਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਨਵੇਂ ਗੁਚੇ, ਸ਼ਗੂਫ਼ੇ, ਡਾਲੀਆਂ ਤੇ ਫੁੱਲ, ਪੱਤ ਕਲੀਆਂ, ਨਵੇਂ ਗੁਲ ਤੇ ਨਵੇ ਗਮਲੇ ਨਵੇਂ ਹੁਣ ਬਾਗ਼ ਸੰਵਰਨਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ। ਨਵੀਂ ਦੁਨੀਆਂ ਨਵਾਂ ਆਕਾਸ਼ ਤੇ ਸੂਰਜ ਚੜੂ ‘ਤਾਇਰ’, ਨਵਾਂ ਹੁਣ ਚੰਨ ਚਮਕੇਗਾ ਨਵੇਂ ਹੁਣ ਤਾਰੇ ਚਮਕਣਗੇ। ਇਰਾਦੇ ਪੂਰੇ ਹੋਵਣਗੇ ਦਿਲਾਂ ਦੇ ਜੋਸ਼ ਉਭਰਨਗੇ, ਇਹ ਸਾਰੀ ਧਰਤੀ ਸੰਵਰੇਗੀ ਇਹ ਸਾਰੇ ਤਾਰੇ ਚਮਕਣਗੇ।

ਬੋਲੀਆਂ - ਦੇਸ਼ ਭਗਤੀ

ਦੌਲਤ ਘਰ ਵਿਚ ਆਵੇ ਗ਼ਮ ਸਭ ਘੱਟ ਜਾਂਦੇ, ਮਿਲ ਕੇ ਬੈਠਣ ਵੀਰੇ ਦੁੱਖ ਸਭ ਕੱਟ ਜਾਂਦੇ। ਬਾਗ਼ੇ ਵਿਚ ਕੇਲਾ ਏ, ਸਿੱਖ ਨਾਲ ਮਿਲ ਹਿੰਦੂਆਂ ਹੁਣ ਮਿਲਣ ਦਾ ਵੇਲਾ ਏ। ਹੋਰ ਨਾ ਕੋਈ ਜ਼ਹਿਰ ਦੀ ਗੰਦਲ ਦੱਖਣੀ ਏ, ਦੋਹਾਂ ਮਿਲ ਕੇ ਲਾਜ ਦੇਸ਼ ਦੀ ਰੱਖਣੀ ਏ। ਬਾਗ਼ੇ ਵਿਚ ਤੌੜੀ ਏ, ਸਵਰਗ ਦੀ ਰਾਹ ਦੇ ਲਈ ਪਹਿਲੀ ਏਕਤਾ ਦੀ ਪੌੜੀ ਏ। ਫਲਦੀ ਫੁੱਲਦੀ ਰਹੋ ਨੀ ਖੇਤਾਂ ਵਾਲੜੀਏ, ਨੱਚ ਨੱਚ ਕੇ ਤੂੰ ਕਿਹੋ ਨੀ ਝੁਮਕਿਆਂ ਵਾਲੜੀਏ। ਬਾਗ਼ੇ ਵਿਚ ਰੁੱਖ ਦਿਸਦਾ, ਵੀਰ ਪੰਜਾਬੀ ਦਾ, ਅੱਜ ਖਿੜਿਆ ਮੁੱਖ ਦਿਸਦਾ। ਖ਼ੁਸ਼ੀਆਂ ਦੇ ਦਿਨ ਆਉਂਦੇ ਨਾਲ ਨਸੀਬਾਂ ਦੇ, ਕਦੇ ਨਾ ਵਿਰਥੇ ਜਾਂਦੇ ਖ਼ੂਨ ਸ਼ਹੀਦਾਂ ਦੇ। ਕੋਈ ਕਰਦਾ ਮੁਨਾਦੀ ਏ ਸਦਕਾ ਜਵਾਨੀਆਂ ਦਾ, ਸਾਨੂੰ ਮਿਲ ਗਈ ਆਜ਼ਾਦੀ ਏ। ਜਗ੍ਹਾ ਨਾ ਦਿਲ ਵਿਚ ਦੇਣਾ ਗ਼ੈਰ ਖ਼ਿਆਲਾਂ ਨੂੰ, 'ਕੱਠੇ ਹੋ ਕੇ ਰੋਕੋ ਫ਼ਿਰਕੂ ਚਾਲਾਂ ਨੂੰ। ਬਾਗ਼ੇ ਵਿਚ ਫੁੱਲ ਦਿਸਦਾ ਧਰਤੀਏ ਪੰਜਾਬ ਦੀਏ, ਤੇਰੇ ਕੋਈ ਨਾ ਤੁੱਲ ਦਿਸਦਾ। ਸੋਹਣੇ ਸੋਹਣੇ ਫੁੱਲ ਖਿੜੇ ਨੇ ਆਸ਼ਾ ਦੇ, ਸਾਡੇ ਚਰਚੇ ਹੁੰਦੇ ਵਿਚ ਅਕਾਸਾਂ ਦੇ। ਬਾਗ਼ੇ ’ਚ ਮਮੀਰੇ ਨੇ, ਇੰਜ ਪੰਜਾਬ ਸਜੇ ਜਿਵੇਂ, ਮੁੰਦਰੀ 'ਚ ਹੀਰੇ ਨੇ। ਲੱਗਣ ਲੱਗੇ ਚੰਦ ਨੇ ਹੁਣ ਨਸੀਬਾਂ ਨੂੰ, ਰੋਕੋ ਮਿਲ ਕੇ ਵੀਰੋ ਚੰਦਰੀਆਂ ਜੀਭਾਂ ਨੂੰ। ਬਾਗ਼ੇ ਵੱਲ ਅੱਖ ਨਾ ਕਰੀਂ, ਮਜ਼੍ਹਬਾਂ ਦੀ ਸਹੁੰ ਦੇ ਕੇ, ਸਿੱਖਾਂ ਹਿੰਦੂਆਂ ਨੂੰ ਵੱਖ ਨਾ ਕਰੀਂ। ਮੁਸ਼ਕਲ ਦੇ ਨਾਲ ਸਿੱਲ ਪਰਬੱਤ ਦੀ ਹਿੱਲਦੀ ਏ, ਸਿਰ ਦੇ ਦਈਏ ਫੇਰ ਆਜ਼ਾਦੀ ਮਿਲਦੀ ਏ। ਕਲੀ ਕਲੀ ਤੇ ਫੁੱਲ ਸਭ ਖਿਲ ਗਏ ਨੇ, ਉਹ ਦੇਖੋ ਪੰਜਾਬ ਤੇ ਪੈਪਸੂ ਮਿਲ ਗਏ ਨੇ। ਇਹ ਗੀਤ ਨਵੀਲਾ ਏ, ਮੁੜ ਮੁੜ ਗਾ ‘ਤਾਇਰ’, ਇਹ ਤੇ ਨਹਿਰੂ ਦੀ ਲੀਲਾ ਏ।

ਕੋਈ ਫੁੱਟਪਾਥ 'ਤੇ ਮਰ ਜਾਏ

ਕੋਈ ਫੁੱਟਪਾਥ 'ਤੇ ਮਰ ਜਾਏ, ਕੋਈ ਮੁਸਕਰਾ ਕੇ ਲੰਘ ਜਾਏ। ਸਮਾਜ ਇਹ ਤੇਰੀ ਬੇਫ਼ਿਕਰੀ ਕਿੰਨਾ ਚਿਰ ਹੋਰ ਚੱਲਣੀ ਏ। ਕਿੰਨਾ ਚਿਰ ਕੋਲੇ ਚੁਗ ਕੇ ਵੇਚਣੇ ਮੁਟਿਆਰ ਭੈਣਾ ਨੇ, ਕਿੰਨਾ ਚਿਰ ਜ਼ਹਿਰ ਦੀ ਗੰਦਲ ਇਹ ਦਾਮਨ ਵਿਚ ਪਲਨੀ ਏ। ਕਿੰਨਾ ਚਿਰ ਗਲਬਾ ਰਹਿਣਾ ਏ ਅਮੀਰੀ ਦਾ ਗ਼ਰੀਬੀ ’ਤੇ, ਕਿੰਨਾ ਚਿਰ ਅੱਗ ਗੁਰਬਤ ਦੀ ਜ਼ਮਾਨੇ ਵਿਚ ਬਲਣੀ ਏ। ਸਮਾਜ ਇਹ ਤੇਰੀ... ... ... ... । ਹਨੇਰਾ ਕਦ ਤਲਕ ਰਹਿਣਾ ਏ, ਇਹਨਾਂ ਕੱਚੀਆਂ ਕੁੱਲੀਆਂ ਵਿਚ, ਕਦੋਂ ਮਾਯੂਸ ਜਿਹੀ ਦੁਨੀਆਂ ਇਹ ਦੁਨੀਆਂ ਨਾਲ ਰਲਣੀ ਏ। ਕਦੋਂ ਪੰਘੂੜੇ ਝੂਟਣਗੇ ਨੰਗੇ ਮੁੰਡੇ ਗ਼ਰੀਬਾਂ ਦੇ, ਖ਼ੁਦਾ ਜਾਣੇ ਨਾਦਾਰਾਂ ਦੀ ਕਦ ਬਦਲਣੀ ਏ। ਸਮਾਜ ਇਹ ਤੇਰੀ... ... ... ... । ਇਹ ਕਦ ਤੱਕ ਲਹੂ ਗ਼ਰੀਬਾਂ ਦਾ ਚਰਾਗਾਂ ਵਿਚ ਰਹੂ ਬਲਦਾ, ਕਿੰਨਾ ਚਿਰ ਮੀਟ ਭੁੰਨਣਾ ਏ ਕਿੰਨਾ ਚਿਰ ਚਰਬੀ ਦਲਨੀ ਏ। ਕਿੰਨਾ ਚਿਰ ਨਾਚ ਹੋਣੇ ਨੇ ਕਿੰਨਾ ਚਿਰ ਸ਼ਰਮ ਵਿਕਣੀ ਏ, ਇਨ੍ਹਾਂ ਬਦਮਸਤ ਅੱਖੀਆਂ ਦੀ ਕਿੰਨਾ ਚਿਰ ਪੇਸ਼ ਚੱਲਣੀ ਏ। ਸਮਾਜ ਇਹ ਤੇਰੀ... ... ... ... । ਨਜ਼ਾਮੇ ਆਮ ਰਈਅਤ ਆਖ਼ਰੀ ਹਿਚਕੀ ’ਤੇ ਹੈ ‘ਤਾਇਰ’, ਸ਼ਹਿਨਸ਼ਾਈਅਤ ਪਰੱਸਤਾਂ ਦੀ ਕਿਤੇ ਨਾ ਦਾਲ ਗਲਣੀ ਏ। ਕੋਈ ਫੁੱਟਪਾਥ 'ਤੇ ਮਰ ਜਾਏ, ਕੋਈ ਮੁਸਕਾ ਕੇ ਲੰਘ ਜਾਏ। ਸਮਾਜ ਇਹ ਤੇਰੀ ਬੇਫ਼ਿਕਰੀ ਕਿੰਨਾ ਚਿਰ ਹੋਰ ਚੱਲਣੀ ਏ।

ਐਤਕੀਂ ਵਣਜਾਰਿਆ

ਐਤਕੀਂ ਵਣਜਾਰਿਆ ਨਾ ਵੰਗਾਂ ਅਸੀਂ ਲੈਣੀਆਂ ਨੇ, ਹੋਰ ਤਰ੍ਹਾਂ ਸਾਵੇਂ ਅਸਾਂ ਕੁੜੀਆਂ ਮਨਾਉਣੇ ਨੇ। ਕੰਘੀ, ਸ਼ੀਸ਼ਾ, ਬਿੰਦਲੂ ਨਾ ਸੁਰਮਾ ਖ਼ਰੀਦਣਾ ਏ, ਹਰੇ, ਪੀਲੇ, ਕਾਸ਼ਨੀ ਦੁਪੱਟੇ ਨਾ ਰੰਗਾਉਣੇ ਨੇ। ਮੱਰ੍ਹਿਆਂ ਦੇ ਕੋਲ ਜਿਥੇ ਥੋਰਾਂ ਆਪੇ ਉੱਗੀਆਂ ਨੇ, ਹੱਥਾਂ 'ਚ ਬੰਦੂਕਾਂ ਲੈ ਕੇ ਮੋਰਚੇ ਬਣਾਉਣੇ ਨੇ। ਰੋਕਣਾ ਸਰਹੱਦ ਉੱਤੋਂ ਪਰਾਂ ਅਸਾਂ ਵੈਰੀਆਂ ਨੂੰ, ਵੈਰੀਆਂ ਦੇ ਹੱਥ ਅਸਾਂ ਆਪੇ ਹੀ ਵਟਾਉਣੇ ਨੇ। ਦੇਸ਼ ਦੀ ਉਸਾਰੀ ਤੇ ਤਮੀਰਾਂ ਜਿਥੇ ਲੱਗੀਆਂ ਨੇ, ਉਨ੍ਹਾਂ ਵਿਚ ਹਿੱਸੇ ਅਸਾਂ ਆਪਣੇ ਵੀ ਪਾਉਣੇ ਨੇ। ਪਲੰਘ ਅਤੇ ਪੀੜੇ ਅਸਾਂ ਰੰਗਲੇ ਵਿਛਾਉਣੇ ਨਹੀਂ, ਮਹਿਲਾਂ ਵਿਚ ਰਹਿਣ ਦੇ ਰਿਵਾਜ ਇਹ ਹਟਾਉਣੇ ਨੇ। ਹਾਲੇ ਤੱਕ ਸੁੱਤੇ ਹੋਏ ਜਾਗੇ ਨਹੀਂ ਅਭਾਗੇ ਜਿਹੜੇ, ਟੁੰਬ ਟੁੰਬ ਮੋਢਿਆਂ ਤੋਂ ਫੜ ਕੇ ਜਗਾਉਣੇ ਨੇ। ਆਪੇ ਕਦੇ ਯੋਜਨਾ ਨਾ ਚੱਲੀਆਂ ਜਹਾਨ ਵਿਚ, ਯੋਜਨਾ ਦੇ ਕੰਮ ਅਸਾਂ ਆਪ ਹੀ ਚਲਾਉਣੇ ਨੇ।

ਫੁੱਲ ਫੁੱਲ ਨੀ ਉਮੀਦਾਂ ਦੀਏ ਕਲੀਏ

ਫੁੱਲ ਫੁੱਲ ਨੀ ਉਮੀਦਾਂ ਦੀਏ ਕਲੀਏ ਨੱਚ ਨੱਚ ਓ ਤੂੰ ਅੱਜ ਮਨ ਮੇਰਿਆ। ਹੱਟ ਹੱਟ ਨੀ ਹਨੇਰੀਏ ਅੰਨੀਏ ਚੜ੍ਹ ਚੜ੍ਹ ਓ ਤੂੰ ਨਵਿਆਂ ਸਵੇਰਿਆ। ਗਈ ਉਹ ਕਾਲੋਂ ਕਾਲੋਂ ਸਾਰੀ ਹੋਏ ਨਵੇਂ ਉਜਾਲੇ, ਪਿੰਜਰੇ ਤੋੜ ਕੇ ਪੰਛੀ ਨਿਕਲੇ ਘਰ ਆਏ ਘਰ ਵਾਲੇ। ਵੱਸ ਭਾਗਾਂ ਦਿਆ ਭਰਿਆ ਉਹ ਵਿਹੜਿਆ, ਹੱਟ ਹੱਟ ਨੀ... ... ... ... ... ... । ਕਲੀਆਂ ਉੱਤੇ ਭੌਰੇ ਨੱਚੇ ਫੁੱਲ ਬਾਗ਼ ਦੇ ਫੁਲ ਗਏ ਨੇ, ਹੁਣ ਸੁੱਖ ਦੀਆਂ ਘੜੀਆਂ ਆਈਆਂ ਦਿਨ ਦੁੱਖਾਂ ਦੇ ਭੁੱਲ ਗਏ ਨੇ। ਹੱਸ ਖਿੜ ਕੇ ਉਹ ਵੀਰਾਂ ਦਿਆ ਚਿਹਰਿਆ, ਹੱਟ ਹੱਟ ਨੀ... ... ... ... ... ... । ਉਹ ਤਿਰੰਗਾ ਇਹ ਆਜ਼ਾਦੀ ਉਹ ਨੇ ਦੇਸ਼ ਪਿਆਰੇ, ਭਾਰਤ ਮਾਤਾ ਅੰਨ ਦੀ ਦਾਤਾ ਲੱਗਦੇ ਨੇ ਜੈਕਾਰੇ। ਦੂਰ ਦੇਸ਼ ਵਿੱਚੋਂ ਹੋ ਜਾ ਓ ਹਨੇਰਿਆ, ਹੱਟ ਹੱਟ ਨੀ... ... ... ... ... ... ।

ਕੋਈ ਤੇ ਕਹਿ ਦਏ

ਕੋਈ ਤੇ ਕਹਿ ਦਏ ਜਾ ਕੇ ਪਿਆਰੇ ਸਾਕੀ ਨੂੰ। ਹੋਰ ਪਿਲਾ ਦੇ ਰੁੱਖ ਜ਼ਰਾ ਨਾ ਬਾਕੀ ਨੂੰ। ਉਹ ਹੀਰਾਂ 'ਕੱਠੀਆਂ ਹੋਈਆਂ ਉਹ ਘਰ ਘਰ ਹੋਵੇ ਸ਼ਾਦੀ, ਪੰਛੀਆਂ ਨੇ ਪਿੰਜਰੇ ਤੋੜੇ ਉਹ ਆਈ ਏ ਆਜ਼ਾਦੀ ਨਸ਼ੇ ਨੇ ਲਾਕੀ ਨੂੰ। ਹੋਰ ਪਿਲਾ ਦੇ... ... ... ... ... ...I ਉਹ ਨੀਵੀਆਂ ਨੀਵੀਆਂ ਨਜ਼ਰਾਂ ਨਜ਼ਰਾਂ ਵਿਚ ਛੁੱਪੀਆਂ ਅੱਗਾਂ, ਉਹ ਨੀਲੇ ਸਬਜ਼ ਦੁਪੱਟੇ ਉਹ ਨੀਮ ਗੁਲਾਬੀ ਪੱਗਾਂ ਤੇ ਖੋਲਣ ਤਾਕੀ ਨੂੰ। ਹੋਰ ਪਿਲਾ ਦੇ... ... ... ... ... ...I ਹਰ ਥਾਂ 'ਤੇ ਵਗਦੀਆਂ ਬੰਬੀਆਂ ਉਹ ਖੇਤੀਆਂ ਹਰੀਆਂ ਭਰੀਆਂ, ਉਹ ਬਾਂਕੇ ਵੀਰ ਸਿਪਾਹੀ ਉਹ ਸੋਹਣੀਆਂ ਹੂਰਾਂ ਪਰੀਆਂ ਛੱਡੋ ਬੇਬਾਕੀ ਨੂੰ। ਹੋਰ ਪਿਲਾ ਦੇ... ... ... ... ... ...I ਉਹ ਚੌਲ ਤੇ ਨਾਲੇ ਖੀਰਾਂ ਉਹ ਭਾਬੀਆਂ ਨੇ ਘੁੰਡ ਚੁੱਕੇ, ਉਹ ਨੌਂਵੀ ਮਹੀਨੀ ਕਾਕਾ ਐ ‘ਤਾਇਰ’ ਸਾਹ ਪਿਆ ਸੁੱਕੇ ਮੈਂ ਵੇਖਾਂ ਝਾਕੀ ਨੂੰ। ਹੋਰ ਪਿਲਾ ਦੇ... ... ... ... ... ...I

ਇਹਨਾਂ ਟੁੱਟੀਆਂ ਹੋਈਆਂ ਕਬਰਾਂ 'ਤੇ

ਇਹਨਾਂ ਟੁੱਟੀਆਂ ਹੋਈਆਂ ਕਬਰਾਂ 'ਤੇ ਕੋਈ ਫੁੱਲ ਚੜ੍ਹਾ ਦੇਣਾ। ਨਸੀਬਾਂ ਵਾਲਿਉ ਨਾ ਅੰਦਲੀਬਾਂ ਨੂੰ ਭੁਲਾ ਦੇਣਾ। ਜਿਨ੍ਹਾਂ ਪਾਣੀ ਦੇ ਬਦਲੇ ਖ਼ੂਨ ਆਪਣੇ ਵਤਨ ਨੂੰ ਦਿੱਤਾ, ਵਤਨ ਦੇ ਵਾਸਤੇ ਸਭ ਕੁਝ ਜਿਨ੍ਹਾਂ ਨੇ ਵਤਨ ਨੂੰ ਦਿੱਤਾ। ਉਹਨਾਂ ਦੀ ਯਾਦ ਆਏ ਤੇ ਕੋਈ ਅੱਥਰੂ ਵਹਾ ਦੇਣਾ, ਨਸੀਬਾਂ ਵਾਲਿਉ... ... ... ... ... ...I ਬਲਾਵਾਂ ਨਾਲ ਉਲਝੇ ਉਹ ਪਹਾੜਾਂ ਨਾਲ ਟਕਰਾਏ, ਮੈਦਾਨਾਂ ਵਿਚ ਹਿੱਕਾਂ 'ਤੇ ਜਿਨ੍ਹਾਂ ਨੇ ਤੀਰ ਅਜਮਾਏ। ਜੇ ਸਰ ਸਕੇ ਤੇ ਕਬਰਾਂ 'ਤੇ ਕੋਈ ਦੀਵਾ ਜਗਾ ਦੇਣਾ, ਨਸੀਬਾਂ ਵਾਲਿਉ... ... ... ... ... ...I ਇਸ਼ਕ ਲਾ ਕੇ ਮੁਹੱਬਤ ਦਾ ਮਜ਼ਾ ਇਹਨਾਂ ਨੇ ਚੱਖ ਲੀਤਾ, ਕਟਾ ਕੇ ਸਿਰ ਵਤਨ ਦੀ ਲਾਜ ਨੂੰ ‘ਤਾਇਰ' ਸੀ ਰੱਖ ਲੀਤਾ। ਉਹਨਾਂ ਦੇ ਵਿਲਕਦੇ ਬੱਚਿਆਂ ਨੂੰ ਘੁੱਟ ਪਾਣੀ ਪਿਲਾ ਦੇਣਾ, ਨਸੀਬਾਂ ਵਾਲਿਉ... ... ... ... ... ...I

ਬੱਲੇ ਕੁੜੀਏ ਸਿਲਾਈਆਂ ਵਾਲੀਏ

ਬੱਲੇ ਕੁੜੀਏ ਸਿਲਾਈਆਂ ਵਾਲੀਏ ਕੰਮ ਕਰਕੇ ਜ਼ਮਾਨੇ ਨੂੰ ਦਿਖਾਲੀਏ, ਓ ਮੁੰਨੀਏ ਓ ਕਾਕੀਏ ਓ ਬੀਬੀਏ ਨਸੀਬਾਂ ਵਾਲੀਏ। ਕਣਕਾਂ ਦੇ ਖੇਤਾਂ ਵਿਚ ਸਰ੍ਹੋਂ ਦੀਆਂ ਗੰਦਲਾਂ ਤੇ ਪੀਲੇ ਪੀਲੇ ਲੱਗੇ ਮੁਰਝਾਏ ਹੋਏ ਫੁੱਲ ਨੇ, ਐਵੇਂ ਰੂਪ ਰੰਗ ਅਸੀਂ ਮੁੰਡਿਆਂ ਦਾ ਦੇਖਦੇ ਆਂ ਫ਼ਰਜ਼ਾਂ ਨੂੰ ਆਪਣੇ ਉਹ ਗਏ ਭੁੱਲ ਨੇ। ਉੱਠ ਸੀਤਾ, ਸਵਿੱਤਰੀ ਬਣ ਸਵਿੱਤਰੀ ਬਣ ਜਾ ਬੱਲੇ ਬੱਲੇ ਬੱਲੇ ਬੱਲੇ ਬੱਲੇ, ਛੱਡ ਗੀਟੀਆਂ ਛੱਡ ਗੁੱਡੀਆਂ ਉੱਠ ਸੁੱਤੇ ਹੋਏ ਵੀਰਾਂ ਨੂੰ ਜਗਾ ਲਈਏ। ਸਾਦੇ ਸਾਦੇ ਕੱਪੜੇ ਤੇ ਸਾਦਾ ਸਾਦਾ ਅੰਨ ਖਾਈਏ, ਪੜ੍ਹੀਏ ਪੜ੍ਹਾਈਏ ਨਾਲੇ ਚਰਖੇ ਚਲਾਈ ਜਾਈਏ। ਗੰਦੇ ਮੰਦੇ ਗੀਤਾਂ ਦੇ ਰਿਕਾਰਡ ਕਦੇ ਸੁਣੀਏ ਨਾ, ਭੈੜੇ ਭੈੜੇ ਫ਼ੈਸ਼ਨਾਂ ਦੀ ਅਲਖ ਮੁਕਾਈ ਜਾਈਏ। ਕੱਤੀਏ, ਤੁੰਮੀਏ, ਪੀਸੀਏ, ਛੁੱਟੀਏ ਬੱਲੇ ਬੱਲੇ ਬੱਲੇ ਬੱਲੇ ਬੱਲੇ, ਡਾਹ ਚਰਖੀ ਫੜ ਤੱਕਲੀ ਅਸੀਂ ਵਿਹਲ ਦੀ ਬੀਮਾਰੀ ਨੂੰ ਹਟਾ ਲਈਏ। ਬੱਲੇ ਕੁੜੀਏ ਸਿਲਾਈਆਂ ਵਾਲੀਏ... ... ... ... ... ...I ਜਾਨ ਤੇ ਜਹਾਨ ਦੇ ਕੇ ਨੈਣ ਤੇ ਪ੍ਰਾਣ ਦੇ ਕੇ ਦੇਸ਼ ਦੀ ਆਜ਼ਾਦੀ ਸਾਡੇ ਵੀਰਿਆਂ ਨੇ ਲਈ ਹੈ। ਸਭਿਅਤਾ ਵਿਦੇਸ਼ੀ ਸਾਡਾ ਤਨ ਮਨ ਫੂਕਿਆ ਏ, ਚੰਦਰੀ ਬੀਮਾਰੀ ਨਾ ਏ ਦੇਸ਼ ਵਿੱਚੋਂ ਗਈ ਹੈ। ਬੱਚੇ ਬੁੱਢੇ ਨਰ ਤੇ ਨਾਰੀ ਮਿਲ ਬੈਠੀਏ, ਰਲ ਸੋਚੀਏ ਅਸੀਂ ਚੰਦਰੇ ਰਿਵਾਜਾਂ ਨੂੰ ਮੁਕਾ ਲਈਏ। ਬੱਲੇ ਕੁੜੀਏ ਸਿਲਾਈਆਂ ਵਾਲੀਏ... ... ... ... ... ...I ਗੱਲ ਸੁਣ ਰੂਪੋ, ਰਾਧਾ, ਅੱਕੀਏ ਤੇ ਮੋਹਨੀਏ ਮਿੰਦਰੋ ਕਤਾਰੋ ਤੋਸ਼ੋ ਪਾਰੋ ਛੋਟੀ ਗੁੱਡੀਏ, ਵੀਰਾਂ ਵਾਂਗੂੰ ਵਰਦੀ ਬੰਦੂਕਾਂ ਲੈ ਕੇ ਹੱਥ ਵਿਚ ਚੱਲ ਖਾਂ ਜਹਾਜ਼ਾਂ ਵਿਚ ਅਸੀਂ ਬਹਿ ਕੇ ਉਡੀਏ। ਜੈ ਭਾਰਤ ਦੀ ਕਹਿ ਕੇ ‘ਤਾਇਰ’ ਆ ਕੇ ਮੌਜ ਵਿਚ ਜਾ ਕੇ ਫ਼ੌਜ ਵਿਚ ਅਸੀਂ ਵੈਰੀਆਂ ਦੀ ਅਲਖ ਮੁਕਾ ਲਈਏ। ਬੱਲੇ ਕੁੜੀਏ ਸਿਲਾਈਆਂ ਵਾਲੀਏ... ... ... ... ... ...I

ਬੱਲੇ ਮੁੰਡਿਆ ਤਵੀਤਾਂ ਵਾਲਿਆ

ਬੱਲੇ ਮੁੰਡਿਆ ਤਵੀਤਾਂ ਵਾਲਿਆ ਅਸਾਂ ਦੇਸ਼ ਨੂੰ ਸਵਰਗ ਬਣਾ ਲਿਆ। ਉਠ ਸੋਹਣਿਆ ਓ ਬੀਬਿਆਂ ਸੁਣ ਹੀਰਿਆ ਓ ਕਰਮਾਂ ਵਾਲਿਆ। ਜੋੜ ਹਿੱਕ ਨਾਲ ਹਿੱਕ ਵਧੇ ਪਿਆਰਾਂ ਵਾਲੀ ਸਿੱਕ ਹੁਣ ਰੱਖਣੀ ਨਾ ਫਿੱਕ ਇੱਕੋ ਜਾਣੀਏ ਮਿਲੇ ਇਕ ਨਾਲ ਇਕ ਲਈਏ ਗੱਲ ਇੱਕੋ ਮਿੱਕ ਕਦੇ ਹੋਵੀਏ ਨਾ ਦਿੱਕ ਮੌਜਾਂ ਮਾਣੀਏ ਮੈਲ ਮਨਾਂ 'ਚੋਂ ਕੱਢਦੇ ਸਾਰੀ, ਓ ਹਿੰਦੂਆਂ, ਓ ਮੋਮਨਾਂ ਓ ਸਿੱਖਾਂ ਹਰੀਜਨਾਂ ਲਾਲਿਆ, ਬੱਲੇ ਮੁੰਡਿਆ ਤਵੀਤਾਂ ਵਾਲਿਆ... ... ... ... ... ...I ਕੁਝ ਵੀਰ ਸਾਡੇ ਮਰੇ ਨਾਲ ਵੈਰੀਆਂ ਦੇ ਲੜੇ ਕੁਝ ਫਾਂਸੀਆਂ ’ਤੇ ਚੜੇ। ਘਬਰਾਏ ਨਾ ਕੁਝ ਕੈਦਾਂ ਵਿਚ ਸੜੇ ਦੁਖ ਉਹਨਾਂ ਨੇ ਸੀ ਜਰੇ। ਨਾ ਉਹ ਗੋਲੀਆਂ ਤੋਂ ਡਰੇ ਕੀਤੀ ਹਾਏ ਨਾ ਹੱਸ ਹੱਸ ਵਾਰੀ ਜਾਨ ਵਤਨ ਤੋਂ, ਕਈਆਂ ਸਾਥੀਆਂ ਲਈਆਂ ਫਾਂਸੀਆਂ ਅਤੇ ਸੀਨੇ ਵਿਚ ਗੋਲੀਆਂ ਨੂੰ ਖਾ ਲਿਆ। ਬੱਲੇ ਮੁੰਡਿਆ ਤਵੀਤਾਂ ਵਾਲਿਆ... ... ... ... ... ...I ਛੱਡ ਮਜ਼੍ਹਬਾਂ ਦੀ ਗੱਲ ਇਹਦੇ ਵਿਚ ਬੜੇ ਵੱਲ ਚੱਲ ਸਿੱਧਾ ਹੋ ਕੇ ਚੱਲ ਸਿੱਧੇ ਰਾਹ ਤੂੰ। ਦਿਲੋਂ ਕੱਢ ਦੇ ਤੂੰ ਛਲ ਲਾਹ ਦੇ ਸਿਰਾਂ ਉੱਤੋਂ ਝੱਲ ਉੱਠ ਉੱਠ ਜੋੜ ਹੱਲ ਰੰਗ ਲਾ ਤੂੰ । ਕਣਕ ਕਪਾਹਾਂ ਨੇ ਰੰਗ ਲਾਉਣਾ ਤਿਲ ਤੋਰੀਏ, ਸੋਹਣੀ ਮੂੰਗੀਏ ਵਾਹ ਵਾਹ ਸੱਜੀਏ ਜਵਾਰੇ ਤੇ ਛਟਾ ਲਿਆ। ਬੱਲੇ ਮੁੰਡਿਆ ਤਵੀਤਾਂ ਵਾਲਿਆ... ... ... ... ... ...I ਹੁਣ ਖੱਟ ਖੱਟ ਖਾਈਏ ਨਾਲ ਮਿਹਨਤਾਂ ਕਮਾਈਏ, ਦੁੱਖ ਭੁੱਖ ਨੂੰ ਮਿਟਾਈਏ ਹਿੱਕ ਡਾਹ ਕੇ। ਅਸੀਂ ਕੰਮ ਨੂੰ ਵਧਾਈਏ ਅਤੇ ਵਿਹਲ ਨੂੰ ਮੁਕਾਈਏ, ਚੱਪਾ ਚੱਪਾ ਭੌ ਨੂੰ ਵਾਹੀਏ ਜ਼ੋਰ ਲਾ ਕੇ। ਬੀਜ ਖਾਦ ਸਰਕਾਰੋਂ ਮਿਲਦੀ ਸੁਣ ਤੇਲੁਵਾ ਸੁਣ ਮੇਲੁਵਾ, ਅਸਾਂ ਬਿਜਲੀ ਦਾ ਪੰਪ ਲਵਾ ਲਿਆ। ਬੱਲੇ ਮੁੰਡਿਆ ਤਵੀਤਾਂ ਵਾਲਿਆ... ... ... ... ... ...I ਘਰ ਬਿਜਲੀ ਲਵਾਈਏ ਨਾਲੇ ਖੱਡੀ ਨੂੰ ਚਲਾਈਏ, ਅਤੇ ਕੋਹਲੂ ਨੂੰ ਚਲਾਈਏ ਨਾਲ ਜੋਸ਼ ਜੀ। ਸੋਹਣੀ ਖੁਰਲੀ ਸਜਾਈਏ ਮੱਝ ਗਊ ਨੂੰ ਲਿਆਈਏ, ਦੁੱਧ ਮੱਖਣਾਂ ਨੂੰ ਖਾਈਏ ਆਵੇ ਹੋਸ਼ ਜੀ। ਸੜਕ ਸਕੂਲ ਬਣਾਈਏ ‘ਤਾਇਰ’ ਸੁਣ ਲੰਬੜਾ, ਪੈਂਚਾ ਪਿੰਡ ਦਿਆ ਨਵਾਂ ਨਕਸ਼ਾ ਤਸੀਲੋਂ ਬਣਵਾ ਲਿਆ। ਬੱਲੇ ਮੁੰਡਿਆ ਤਵੀਤਾਂ ਵਾਲਿਆ... ... ... ... ... ...I

ਇਕ ਵਾਰ ਜੇ ਹਿੰਮਤ ਕਰ ਲਏਂ

ਇਕ ਵਾਰ ਜੇ ਹਿੰਮਤ ਕਰ ਲਏਂਓ ਹਿੰਦੀਆ, ਤੇਰੇ ਦੁੱਖ ਕੱਟਣਗੇ ਸਾਰੇ ਰੁਲ ਜਾਣੇ ਵੀਰ ਪਿਆਰੇ। ਧਰਤੀ ਸਾਡੀ ਨਾਲੇ ਸਾਡੇ ਸਾਡੇ ਨਦੀਆਂ ਤੇ ਦਰਿਆ, ਬੀਜ ਨਵੇਂ ਤੇ ਖਾਦ ਨਵੀਂ ਏ ਨਵੇਂ ਤੂੰ ਪੰਪ ਲਵਾ। ਜੇ ਹੱਲ ਦੀ ਜੱਗੀ ਫੜ ਲਏ ਓ ਹਿੰਦੀਆ, ਤੇਰੇ ਦੁੱਖ ਕੱਟਣਗੇ ਸਾਰੇ ਰੁਲ ਜਾਣੇ ਵੀਰ ਪਿਆਰੇ। ਨਵਾਂ ਟਰੈਕਟਰ, ਕਈ ਮਸ਼ੀਨਾਂ ਪਿੰਡ ਦੇ ਵਿਚ ਲਵਾ, ਕਾਰ ਕਰੀਂ ਤੂੰ ਰੱਜ ਕੇ ਹਿੰਦੀਆ ਵੰਡ ਕੇ ਰੋਟੀ ਖਾ, ਇਹ ਅੰਨ ਦਾ ਸੰਕਟ ਹਰ ਲਏ ਓ ਹਿੰਦੀਆ, ਤੇਰੇ ਦੁੱਖ ਕੱਟਣਗੇ ਸਾਰੇ ਰੁਲ ਜਾਣੇ ਵੀਰ ਪਿਆਰੇ। ਟੋਇਆ, ਟਿੱਬਾ, ਰੂੜੀ, ਮਲਬਾ ਥਾਂ ਥਾਂ ਇਸ ਨੂੰ ਲਾ, ਮੱਛਰ ਕੀੜੇ ਬੜੇ ਨੇ ਜ਼ਾਲਮ ਦੇਣ ਬੀਮਾਰੀ ਪਾ। ਤੂੰ ਜ਼ਰਾ ਕੁ ਦੁਖੜਾ ਕਰ ਲਏ ਓ ਹਿੰਦੀਆ, ਤੇਰੇ ਦੁੱਖ ਕੱਟਣਗੇ ਸਾਰੇ ਰੁਲ ਜਾਣੇ ਵੀਰ ਪਿਆਰੇ। ਇਸ ਧਰਤੀ ਦੇ ਉੱਤੇ ਵਗਦੇ ਦੌਲਤ ਦੇ ਦਰਿਆ, ਟੁੱਟੇ ਪਰ ਸੋਨੇ ਦੀ ਚਿੜੀ ਦੇ ਮੁੜ ਕੇ ‘ਤਾਇਰ’ ਲਾ। ਤੂੰ ਕੌਮ ਦੀ ਬਿਪਤਾ ਹਰ ਲਏ ਓ ਹਿੰਦੀਆ, ਤੇਰੇ ਦੁੱਖ ਕੱਟਣਗੇ ਸਾਰੇ ਰੁਲ ਜਾਣੇ ਵੀਰ ਪਿਆਰੇ।

ਭਾਰਤ ਮਾਂ ਦੀ ਛਾਤੀ ਉੱਤੇ

ਭਾਰਤ ਮਾਂ ਦੀ ਛਾਤੀ ਉੱਤੇ ਫ਼ਿਰਕੂ ਲੀਡਰ ਛਾਲੇ ਨੇ। ਇਹ ਸ਼ਿਕਾਰੀ ਬਾਗ਼ ਦੇ ਬਣਦੇ ਬਦੋ ਬਦੀ ਰਖਵਾਲੇ ਨੇ। ਕੰਮ ਇਹਨਾਂ ਨੇ ਇਹ ਕੀਤਾ ਕੀਤਾ ਕਤਲ ਭਰਾਵਾਂ ਨੂੰ, ਮਾਰ ਸੁੱਟੇ ਦੁੱਧ ਪੀਂਦੇ ਬੱਚੇ ਪੁੱਛੋ ਵਿਲਕਦੀਆਂ ਮਾਵਾਂ ਨੂੰ। ਫ਼ਿਰਕਾਦਾਰ ਇਹ ਲੀਡਰ ਸਾਡੇ ਵੰਡ ਕਰਾਵਣ ਵਾਲੇ ਨੇ, ਇਹ ਸ਼ਿਕਾਰੀ ਬਾਗ਼ ਦੇ ਬਣਦੇ ਬਦੋ ਬਦੀ ਰਖਵਾਲੇ ਨੇ। ਹਰ ਥਾਂ ਇਹਨਾਂ ਜਾਣ ਬੁੱਝ ਕੇ ਬੀਜੇ ਬੀਜ ਹਕਾਰਤ ਦੇ, ਨਵਾਖਲੀ ਬਿਹਾਰ ਤੇ ਪਿੰਡੀ ਮਰਕਜ਼ ਬਣੇ ਸ਼ਰਾਰਤ ਦੇ। ਹੁਣ ਵੀ ਦੇਸ਼ ਦੇ ਅੰਦਰ ਬੈਠੇ ਜ਼ਹਿਰੀ ਨਾਗ ਇਹ ਕਾਲੇ ਨੇ, ਇਹ ਸ਼ਿਕਾਰੀ ਬਾਗ਼ ਦੇ ਬਣਦੇ ਬਦੋ ਬਦੀ ਰਖਵਾਲੇ ਨੇ। ਪਹਿਲਾ ਕਾਰਾ ਵੰਡ ਦੇਸ਼ ਦੀ ਦੂਜਾ ਖ਼ੂਨੀ ਹੋਲੀ ਸੀ, ਤੀਜਾ ਕਾਰਾ ਤਾਣ ਕੇ ਮਾਰੀ ਬਾਪੂ ਜੀ ਨੂੰ ਗੋਲੀ ਸੀ। ਇਹ ਗ਼ੱਦਾਰ ਵਤਨ ਦੇ ‘ਤਾਇਰ’ ਸਾਡੇ ਵੇਖੇ ਭਾਲੇ ਨੇ, ਇਹ ਸ਼ਿਕਾਰੀ ਬਾਗ਼ ਦੇ ਬਣਦੇ ਬਦੋ ਬਦੀ ਰਖਵਾਲੇ ਨੇ।

ਵੱਸੇ ਵੱਸੇ ਮੇਰਾ ਦੇਸ਼

ਵੱਸੇ ਵੱਸੇ ਮੇਰਾ ਦੇਸ਼ ਰਹੇ ਵੱਸਦਾ ਹਮੇਸ਼, ਇਥੇ ਰੋਜ਼ ਰਹੇ ਦੀਵਾਲੀ ਕਰਮਾਂ ਵਾਲੀ। ਸਾਡਾ ਰੂਪ, ਮਾਣ, ਤੇਜ, ਵੱਧ ਜਾਏ ਸਮਾਜ ਵਿਚ, ਰਹੇ ਦੁੱਖ ਤੇ ਕਲੇਸ਼ ਨਾ ਦਵੇਸ਼ ਰਾਜ ਵਿਚ। ਚੜ੍ਹੇ ਦਿਲਾਂ ਵਿਚ ਚਾਅ ਨਾਲੇ ਵਧੇ ਉਤਸ਼ਾਹ, ਚੜ੍ਹੇ ਚਿਹਰਿਆਂ 'ਤੇ ਸਭ ਦੇ ਲਾਲੀ। ਵੱਸੇ ਵੱਸੇ ਮੇਰਾ ਦੇਸ਼ ... ... ... ...। ਇਥੋਂ ਮੁੱਕ ਜਾਏ ਝਗੜਾ ਦਵੇਸ਼ ਰਾਗ ਦਾ, ਸੱਚ ਤਪ ਤੇ ਤਿਆਗ ਨਾਲ ਦੇਸ਼ ਜਾਗਦਾ। ਕਰ ਮਨਾਂ ਨੂੰ ਸਾਫ਼ ਲਈਏ ਦੇਸ਼ ਨੂੰ ਵਸਾ, ਸਾਡੀ ਚਮਕੇ ਸ਼ਾਨ ਨਿਰਾਲੀ, ਵੱਸੇ ਵੱਸੇ ਮੇਰਾ ਦੇਸ਼ ... ... ... ...। ਸਾਡਾ ਆਸਾਂ ਵਾਲਾ ਬਾਗ਼ ਇਹ ਸਦਾ ਆਬਾਦ ਰਹੇ, ਸਾਡੇ ਦਿਲਾਂ ਵਿਚ ਨਹਿਰੂ ਜੀ ਦੀ ਸਦਾ ਯਾਦ ਰਹੇ। ‘ਤਾਇਰ’ ਮਿਲੇ ਧਨ ਚੜ੍ਹੇ ਐਸਾ ਸੋਹਣਾ ਚੰਨ, ਦੂਰ ਮੱਸਿਆ ਦੀ ਰਾਹ ਹੋਵੇ ਕਾਲੀ। ਵੱਸੇ ਵੱਸੇ ਮੇਰਾ ਦੇਸ਼ ... ... ... ...।

ਇਸ ਧਰਤੀ ਦੇ ਭਾਗ ਖੁੱਲਣਗੇ

ਇਸ ਧਰਤੀ ਦੇ ਭਾਗ ਖੁੱਲਣਗੇ ਨਵਾਂ ਜ਼ਮਾਨਾ ਆਉਣਾ ਏ। ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ ਏ। ਤਖ਼ਤ ਡੋਲ ਗਏ ਬਾਦਸ਼ਾਹਾਂ ਦੇ ਤਾਜ ਸਿਰਾਂ ਤੋਂ ਲਹਿ ਗਏ ਨੇ, ਕਈ ਸਟੋਰੀ ਮੈਂਬਰਾਂ ਵਾਲੇ ਹੱਥ 'ਤੇ ਹੱਥ ਰੱਖ ਬਹਿ ਗਏ ਨੇ। ਸੇਠ ਸੁਦਾਗਰ ਸ਼ਾਹੂਕਾਰਾਂ ਦੇ ਪੈ ਗਿਆ ਪਿੱਟ ਪਿਟਾਉਣਾ ਏ, ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ ਏ। ਇਹ ਨਿਜਾਮ ਬਦਲ ਜਾਉ ਸਾਰਾ ਇਸ ਦੁਨੀਆਂ ਦੀ ਮੰਡੀ ਦਾ, ਅੱਖ ਕਿਸੇ ਬਦਮਸਤ ਧਨੀ ਦੀ ਨਾਚ ਨਾ ਦੇਖੂ ਰੰਡੀ ਦਾ। ਸਾਧੂ ਸਾਨ੍ਹ ਚਲਿੱਤਰੇ ਚੌਕਸ ਸਭ ਨੂੰ ਕੰਮੇ ਲਾਉਣਾ ਏ, ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ ਏ। ਮਹਿੰਗ ਮੁਕਾ ਤੇ ਦੇਸ਼ ਦੇ ਵਿੱਚੋਂ ਸਾਰੇ ਦੁਖ ਮੁੱਕ ਜਾਵਣਗੇ, ਮੰਗਤੇ ਕੰਗਲੇ, ਕੋਹੜੀ ਨਿਰਧਨ ਕਿਤੇ ਨਜ਼ਰ ਨਾ ਆਵਣਗੇ। ਚੋਰੀ, ਯਾਰੀ, ਰਿਸ਼ਵਤ, ਡਾਕਾ ਘੜੀ ਦਾ ਇਕ ਪ੍ਰਾਹੁਣਾ ਏ, ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ ਏ। ਹਾਲੇ ਪਰ ਕਈ ਰੱਜ ਕੇ ਖਾਂਦੇ ਕਈ ਤਰਸਦੇ ਟੁੱਕਾਂ ਨੂੰ। ਮਾਂ-ਪਿਉ ਤੜਫਦੇ ਦੇਖ ਨਾ ਸਕਣ ਸੋਹਣਿਆਂ ਧੀਆਂ ਪੁੱਤਾਂ ਨੂੰ। ਆਹਾਂ ਦੇ ਗੁਬਾਰਿਆਂ ਉੱਚਾ ਅਰਸ ਦਾ ਕਿੰਗਰਾ ਢਾਹੁਣਾ ਏ, ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ ਏ । ਅਤਿਆਚਾਰੀ ਦੇਸ਼ ਦ੍ਰੋਹੀ ਮਰ ਜਾਵਣਗੇ ਨਾਕਾਰੇ, ਸੂਰਜ ਚੰਨ ਅਸਮਾਨ ਨਵਾਂ ਤੇ ਨਵੇਂ ਹੀ ਚਮਕਣਗੇ ਤਾਰੇ। ਰਾਜ ਨਵਾਂ ਕੋਈ ਐ ‘ਤਾਇਰ’ ਜੀ ਲੋਕਾਂ ਆਪ ਚਲਾਉਣਾ ਏ, ਇਹ ਅਮੀਰੀ ਅਤੇ ਗ਼ਰੀਬੀ ਦਾ ਜਿਸ ਭੇਦ ਮਿਟਾਉਣਾ I

ਖ਼ਬਰੇ ਕੀ ਹੋ ਗਿਆ

ਖ਼ਬਰੇ ਕੀ ਹੋ ਗਿਆ ਏ ਵੱਸਦੇ ਜਹਾਨ ਨੂੰ, ਇਨਸਾਨ ਨੂੰ ਈਮਾਨ ਨੂੰ ਹਰ ਨੌਜਵਾਨ ਨੂੰ। ਧਰਤੀ ਮੇਰੇ ਦੇਸ਼ ਦੀ ਸੋਨਾ ਉਗਲਦੀ, ਪਰ ਅੰਨ ਨਹੀਂ ਜੇ ਲੱਭਦਾ ਅਜੇ ਪੂਰਾ ਖਾਣ ਨੂੰ। ਇਹ ਚਸ਼ਮੇ ਨਦੀਆਂ ਨਾਲੇ ਤੇ ਦਰਿਆ ਨੇ ਚੱਲਦੇ, ਇਹ ਦੌਲਤ ਕੁਦਰਤ ਬਖ਼ਸ਼ੀ ਏ ਹਿੰਦੁਸਤਾਨ ਨੂੰ । ਜੰਗਲ ਪਹਾੜ ਸ਼ਹਿਰਾ ਤੇ ਮੈਦਾਨ ਨੇ ਬੜੇ, ਧਰਤੀ ਵੀ ਸਾਡੇ ਕੋਲ ਹੈ ਫ਼ਸਲ ਉਗਾਉਣ ਨੂੰ । ਹਿਮੰਤ ਹੈ ਮਿਹਨਤ ਜੁੱਰਤ ਹੈ ਵੀਰਾਂ ਦਾ 'ਕੱਠ ਹੈ, ਸਾਂਹਣ ਪੁਰਾਣਾ ਜੋਤਿਆ ਹੈ ਹੱਲ ਦੇ ਚਲਾਣ ਨੂੰ। ਮੁਕਲਾਵੇ ਵਾਲੀ ਨਾਰ ਵਾਂਗੂੰ ਸ਼ਹਿਰ ਸਜੇ ਨੇ, ਪਿੰਡਾਂ ਨੇ ਹੈ ਵਸਾਇਆ ਸਾਰੇ ਜਹਾਨ ਨੂੰ। ਅਕਲੋਂ ਹੁਨਰ ਤੇ ਇਲਮ ਦੀ ਇਥੇ ਕਮੀ ਨਹੀਂ, ਕਈ ਵਾਰ ਪੌੜੀ ਲਾ ਚੁੱਕੇ ਹਾਂ ਅਸਮਾਨ ਨੂੰ। ਸਾਡੇ ਮਹਿਕਦੇ ਚਮਨ ਦੀ ਏਨੀ ਸੀ ਵਾਸ਼ਨਾ, ਤਾਜ਼ੀਬ ਅਸਾਂ ਸਿਖਾਈ ਮਿਸਰੋ ਈਰਾਨ ਨੂੰ। ਹਿਦੇ ਗ਼ੁਲਾਮੀ ਸਾਰੀਆਂ ਸਿਫ਼ਤਾਂ ਸੀ ਖਾ ਗਿਆ, ਅਸੀਂ ਭੁੱਲ ਭੁੱਲਾ ਬੈਠੇ ਹਾਂ ਅਜਮਤ ਤੇ ਸ਼ਾਨ ਨੂੰ। ਇਥੋਂ ਦਾਣਾ-ਦਾਣਾ ਲੁੱਟ ਕੇ ਵਿਦੇਸ਼ੀ ਲੈ ਗਏ, ਅਸਾਂ ਸਾਲਾਂ ਸਾਲ ਪਾਲਿਆ ਹੈ ਇੰਗਲਿਸਤਾਨ ਨੂੰ। ਦੇਵੀ ਆਜ਼ਾਦੀ ਪੂਜੀਏ ਖ਼ੂਨੇ ਜਿਗਰ ਦੇ ਨਾਲ, ਤਲੀਆਂ 'ਤੇ ਰੱਖਿਆ ਸਾਡਿਆਂ ਵੀਰਾਂ ਨੇ ਜਾਨ ਨੂੰ। ਆਜ਼ਾਦ ਹਾਂ ਪਰ ਸ਼ਾਦ ਨਹੀਂ ਬਰਬਾਦ ਜਾਪੀਏ, ਬਾਜਾਂ ਨੇ ਮੱਲ ਲਏ ਆਲ੍ਹਣੇ ਚਿੜੀਆਂ ਦੇ ਖਾਣ ਨੂੰ। ਖ਼ਬਰੇ ਕੀ ਹੋ ਗਿਆ ਏ ਵੱਸਦੇ ਜਹਾਨ ਨੂੰ, ਇਨਸਾਨ ਨੂੰ ਈਮਾਨ ਨੂੰ ਹਰ ਨੌਜਵਾਨ ਨੂੰ।

ਤੂੰ ਇਕ ਮੰਨੀ ਮੇਰੀ

ਟੁੱਟਿਆ ਸਬਰ ਭਰੋਸੇ ਮੁੱਕੇ ਗੁੰਮ ਗੁੰਮ ਹੋਏ ਦਿਲਾਸੇ। ਸ਼ਿਕਵੇ ਰੋਣੇ ਹਉਮੇ ਰਹਿ ਗਏ ਨੱਸ ਗਏ ਖ਼ੁਸ਼ੀਆਂ ਹਾਸੇ। ਤੂੰ ਇਕ ਮੰਨੀ ਮੇਰੀ ਮੈਂ ਲੱਖ ਮੰਨਾ ਤੇਰੀ, ਹੁਣ ਆ ਕੇ ਪਾਰ ਲਗਾਏ ਇਹ ਰੁੜ ਚੱਲੀ ਏ ਬੇੜੀ। ਇਹ ਨਿੱਕੇ-ਨਿੱਕੇ ਬੱਚੇ ਨੇ ਹੱਥ ਕਾਸੇ ਫੜ ਕੇ ਫਿਰਦੇ ਨੇ, ਦੇਖ-ਦੇਖ ਕੇ ਹਾਲ ਇਹਨਾਂ ਦਾ ਅੱਖੋਂ ਹੰਝੂ ਕਿਰਦੇ ਨੇ। ਤੇਰੀ ਕੁਲ ਦੇ ਹੀਰੇ ਨੇ ਰੁਲਦੇ ਮੋਤੀ ਕੋਲਿਆਂ ਨਾਲ ਨੇ ਤੁਲਦੇ, ਦੇਸ਼ ਦੇ ਵਾਸੀ ਕੌਮ ਦੇ ਬੱਚੇ ਚੱਲਦੇ ਫਿਰਦੇ ਇਹ ਨੇ ਲਾਸ਼ਾਂ, ਰਾਮ ਕ੍ਰਿਸ਼ਨ ਨਾਨਕ ਅਰਜੁਨ ਦੀ ਗੱਲ ਕਰਾਂ ਮੈਂ ਕਿਹੜੀ, ਤੂੰ ਇਕ ਮੰਨੀ ਮੇਰੀ... ... ... ... ...। ਫਟੇ ਪੁਰਾਣੇ ਪਾਟੇ ਝੱਗੇ ਫਿਰਨ ਪਈਆਂ ਮੁਟਿਆਰਾਂ ਨੇ, ਹਾਏ ਪੈਸਿਆਂ ਇੱਜ਼ਤ ਵੇਚਣ ਸੋਹਲ ਮਲੂਕ ਇਹ ਨਾਰਾਂ ਨੇ। ਸੱਚਿਆ ਸਾਈਂਆਂ ਇਹ ਬਦਰਾਹੀਆਂ ਗਊਆਂ ਆਈਆਂ ਹੱਥ ਕਸਾਈਆਂ, ਨੈਨੀ ਨੀਰ ਤੇ ਬੁੱਲੀਆਂ ਨੇ ਸੁੱਕੀਆਂ ਧਰਮ ਕਰਮ ਦੀਆਂ ਜਿਨਸਾਂ ਨੇ ਮੁੱਕੀਆਂ। ਸੀਤਾ, ਸਤੀ, ਦ੍ਰੋਪਦ ਨਾਰੀ ਅੱਜ ਦੁਸ਼ਟਾਂ ਨੇ ਘੇਰੀ, ਤੂੰ ਇਕ ਮੰਨੀ ਮੇਰੀ... ... ... ... ...। ਲੁੱਟਾਂ, ਮਾਰਾਂ, ਚੋਰੀ, ਡਾਕੇ ਇਹ ਕਾਨੀਆਂ ਵੰਡਾਂ ਨੇ, ਮੁੱਕਣ ਵਿਚ ਨਾ ਆਵਣ ਲੋਕੀ ਪਾ ਪਾ ਥੱਕੇ ਢੰਡਾਂ ਨੇ। ਚੁੱਪਚਾਪ ਕੀਤੇ ਰਾਜ ਦੇ ਰਾਖੇ ਅੰਨ੍ਹੇ ਨੈਣੀਂ ਫਿਰਨ ਸੁਜਾਖੇ, ਕੋਈ ਨਾ ਸਮਝੇ ਕੋਈ ਨਾ ਸੋਚੇ ਕੋਈ ਨਾ ਜਾਣੇ ਕੋਈ ਨਾ ਦੇਖੇ। ਹਰ ਕੂਚੇ ਬਜ਼ਾਰ ਦੇ ਅੰਦਰ ਪਾਪ ਅਪਰਾਧ ਦੀ ਫੇਰੀ, ਤੂੰ ਇਕ ਮੰਨੀ ਮੇਰੀ... ... ... ... ...। ਮਹਿਲ ਰੰਗਲੇ ਬੁਰਜ ਮਿਨਾਰੇ ਲੋਕੀਂ ਮਾਇਆ ਵਾਲੇ ਨੇ, ਬੜੇ ਸੁਰੀਲੇ ਸਾਜ ਬਣਾਉਂਦੇ ਧੰਨ ਜੋ ਕਾਲੇ-ਕਾਲੇ ਨੇ। ਬਨ-ਬਨ ਫਿਰਦੇ ਚੁੱਕ-ਚੁੱਕ ਅੱਡੀਆਂ ਖਾਵਣ ਮਾਸ ਤੇ ਚੱਬਣ ਹੱਡਿਆ, ਇਹ ਉਪਕਾਰੀ ਮਾਇਆ ਧਾਰੀ ਬਹੁਤ ਚਿਰਾਂ ਦੀ ਹੈ ਬੀਮਾਰੀ, ਲਹੂ ਪੀ ਜਾਂਦੇ ਹੱਸ ਹੱਸ ‘ਤਾਇਰ’ ਜ਼ਰਾ ਨਾ ਕਰਦੇ ਦੇਰੀ, ਤੂੰ ਇਕ ਮੰਨੀ ਮੇਰੀ... ... ... ... ...।

ਅਜੇ ਇਹ ਜੰਗ...

ਅਜੇ ਇਹ ਜੰਗ ਨਹੀਂ ਮੁੱਕੀ ਅਜੇ ਬਰਕੀ 'ਚ ਫ਼ੌਜਾਂ ਨੇ, ਅਜੇ ਸਭ ਤਿਆਰ ਖੜੀਆਂ ਨੇ ਕਿ ਹੁਣ ਲੜੀਆਂ ਕਿ ਲੜੀਆਂ ਨੇ। ਅਜੇ ਭੁੱਟੋ ਦੇ ਸਿਰ ਤੋਂ ਜੰਗ ਦਾ ਇਹ ਭੂਤ ਨਹੀਂ ਲੱਥਾ, ਅਜੇ ਇਕ ਹੋਰ ਲਾਉਣਾ ਏ ਜੰਗਬਾਜ਼ਾਂ ਨੂੰ ਗੁਲਹੱਥਾ। ਅਜੇ ਉਸ ਚੀਨ ਦੀ ਯਾਰੀ ’ਤੇ ਉਸ ਨੂੰ ਬੜਾ ਮਾਣ ਏ। ਤੂੰ ਇਕ ਮੰਨੀ ਮੇਰੀ... ... ... ... ...। ਅਜੇ ਕਸ਼ਮੀਰ ਵਿਚ ਲਾਏ ਸੀ ਜਿਹੜੇ ਜ਼ਖ਼ਮ ਨਹੀਂ ਸੁੱਕੇ, ਉਹ ਪੈਟਨ ਟੈਂਕ, ਸ਼ੱਬਰ ਜੱਟ ਅਜੇ ਸਾਰੇ ਨਹੀਂ ਮੁੱਕੇ। ਅਜੇ ਉਹ ਹਾਰ ਖਾਵਣ ਦੀ ਨਾ ਉਸ ਨੂੰ ਕੋਈ ਹਾਣ ਏ। ਤੂੰ ਇਕ ਮੰਨੀ ਮੇਰੀ... ... ... ... ...। ਅਜੇ ਲੁੱਟਾਂ 'ਤੇ ਕਤਲਾਂ ਦੇ ਇਹ ਬਦਲੇ ਹੋਰ ਲੈਣੇ ਨੇ, ਅਜੇ ਤੋਪਾਂ ਦੇ ਗੋਲੇ ਦੁਸ਼ਮਣਾਂ 'ਤੇ ਹੋਰ ਪੈਣੇ ਨੇ। ਫਸੀ ਹੋਈ ਰਗਾਂ ਅੰਦਰ ਅਜੇ ਕਾਤਲ ਦੀ ਜਾਨ। ਤੂੰ ਇਕ ਮੰਨੀ ਮੇਰੀ... ... ... ... ...। ਅਜੇ ਜਮਰੌਦ ਖੈਬਰ 'ਤੇ ਅਸਾਂ ਝੰਡਾ ਲਹਿਰਾਣਾ ਏ, ਅਜੇ ਲਾਹੌਰ ਨੂੰ ਟੱਪ ਕੇ ਤੇ ਨਨਕਾਣੇ ਨੂੰ ਜਾਣਾ ਏ। ਅਜੇ ਤਲਵਾਰ ਨੇ ‘ਤਾਇਰ’ ਦਿਖਾਣੀ ਆਪਣੀ ਸਾਨਏ। ਤੂੰ ਇਕ ਮੰਨੀ ਮੇਰੀ... ... ... ... ...।

ਪੱਤਝੜ ਗਏ

ਪੱਤਝੜ ਗਏ ਸੱਖਣੀ ਡਾਲੀ ਏ ਫੁੱਲਾਂ ਕਲੀਆਂ ਤੇ ਲਾਲੀ ਨਹੀਂ। ਸਭ ਬੁਲਬੁਲਾਂ ਭੌਰੇ ਕਹਿੰਦੇ ਨੇ ਇਸ ਬਾਗ਼ ਦਾ ਇਥੇ ਮਾਲੀ ਨਹੀਂ। ਇਸ ਚਮਨ 'ਚ ਇਕ ਮੀਨਾਰਾ ਸੀ ਜਿਥੋਂ ਰੌਸ਼ਨੀ ਦੁਨੀਆਂ ਲੈਂਦੀ ਸੀ। ਉਥੇ ਸਖ਼ਤ ਹਨੇਰਾ ਹੋਇਆ ਏ ਕੋਈ ਨੁੱਕਰ ਉਹਦੀ ਉਜਾਲੀ ਨਹੀਂ। ਪੱਤਝੜ ਗਏ ਸੱਖਣੀ ਡਾਲੀ... ... ... ... । ਇਥੇ ਰੁੱਤ ਬਹਾਰ ਨੂੰ ਅੱਗ ਲੱਗੀ ਗੁਲ ਗੁੱਚੇ ਸ਼ਗੂਫ਼ੇ ਬਲ ਉੱਠੇ, ਇਥੇ ਸਬਜ਼ੇ ਸ਼ੋਲੇ ਬਣ ਗਏ ਨੇ ਹਾਲੇ ਖ਼ਤਰੇ ਤੋਂ ਖ਼ਾਲੀ ਨਹੀਂ। ਪੱਤਝੜ ਗਏ ਸੱਖਣੀ ਡਾਲੀ... ... ... ... । ਇਥੇ ਜ਼ਾਲਮ ਫ਼ਿਰਕਾਦਾਰੀ ਨੇ ਗਾਂਧੀ ਦਾ ਖ਼ੂਨ ਵਗਾਇਆ ਏ, ਇਸ ਕਰਕੇ ਚਮਨ ਅੰਦਰ ਕੋਈ ਫੁੱਲਦੀ ਫੁੱਲਦੀ ਡਾਲੀ ਨਹੀਂ, ਪੱਤਝੜ ਗਏ ਸੱਖਣੀ ਡਾਲੀ... ... ... ... ।

ਉਹ ਤਾਂ ਹਾਰੀਆਂ...

ਉਹ ਤਾਂ ਹਾਰੀਆਂ ਬਾਜ਼ੀਆਂ ਜਿੱਤ ਜਾਂਦੇ, ਜਿਹੜੇ ਹਵਾ ਦਾ ਰੁਖ ਪਹਿਚਾਨਦੇ ਨੇ। ਮੁਸ਼ਕਲ ਰਾਹ ਨਹੀਂ ਉਹਨਾ ਦਾ ਰੋਕ ਸਕਦੀ, ਜਿਹੜੇ ਨਾਲ ਟਕਰਾਉਂਦੇ ਤੂਫ਼ਾਨ ਦੇ ਨੇ। ਉਹ ਤੇ ਵਸਲ ਮਹਿਬੂਬ ਦਾ ਪਾ ਲੈਂਦੇ, ਜਿਹੜੇ ਝੱਲਦੇ ਦੁੱਖ ਹਿਜਰਾਨ ਦੇ ਨੇ। ਸੱਚੀ ਕੋਲੇ 'ਚੋਂ ਹੀਰੇ ਵੀ ਕੱਢ ਲੈਂਦੇ, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ। ਪੜ੍ਹ ਕੇ ਬਿਸਮਿੱਲਾ ਛੁਰੀ ਫੇਰ ਦਿੰਦੇ, ਉਂਜ ਹਾਫ਼ਜ਼ ਏ ਬਣੇ ਕੁਰਾਨ ਦੇ ਨੇ। ਠੱਗੀ ਕਰਨ ਲੱਗਿਆ ਜ਼ਰਾ ਝੁਕਦੇ ਨਹੀਂ, ਜਾਪਣ ਬੜੇ ਇਹ ਭਗਤ ਭਗਵਾਨ ਦੇ ਨੇ। ਬੇਈਮਾਨ ਇਨਸਾਨ ਜਹਾਨ ਉੱਤੇ, ਦਾਨੇ ਬਣਦੇ ਬੜੇ ਇਮਾਨ ਨੇ। ਪਰ ਨੁੱਕਰੇ ਬੈਠ ਕੇ ਜੀਵਨ ਗੁਜ਼ਾਰਦੇ ਨੇ, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ। ਰੂਪ, ਤੇਜ, ਅਣਖ ਤੇ ਮਾਣ ਇੱਜ਼ਤ, ਜੌਹਰ ਪੰਜ ਤੇ ਸੁਣਿਆ ਇਨਸਾਨ ਦੇ ਨੇ। ਰੋਣਾ, ਰੁੱਸਣਾ, ਹੱਸਣਾ, ਖੇਲਣਾ, ਜਿੱਦ, ਪੰਜ ਕੰਮ ਇਹ ਬਾਲ ਅਣਜਾਣ ਦੇ ਨੇ। ਧੋਖਾ, ਬੇਈਮਾਨੀ, ਨਿੰਦਾ, ਝੂਠ, ਚੋਰੀ ਪੰਜੇ ਕਸਬ ਮਸ਼ਹੂਰ ਸ਼ੈਤਾਨ ਦੇ ਨੇ। ਤਲਖੀ, ਆਕੜ, ਕ੍ਰੋਧ, ਘਮੰਡ, ਨਫ਼ਰਤ, ਪੰਜੇ ਐਬ ਅੰਦਰ ਬੇਈਮਾਨ ਦੇ ਨੇ। ਦਇਆ, ਨਿਮਰਤਾ, ਸ਼ੀਲਤਾ, ਖਿਮਾ, ਸ਼ੁੱਧੀ, ਪੰਜੇ ਕਸਬ ਮਸ਼ਹੂਰ ਵਿਦਵਾਨ ਦੇ ਨੇ। ਸੇਵਾ, ਪ੍ਰੇਮ, ਇੱਜ਼ਤ, ਮਾਣ, ਲਾਜ ਰੱਖਣੀ, ਪੰਜੇ ਚਲਣ ਇਹ ਨੇਕ ਸੰਤਾਨ ਦੇ ਨੇ। ਦੌਲਤ, ਜ਼ੋਰ, ਇੱਜ਼ਤ, ਪੂਜਾ, ਇਲਮ ਯਾਰੋ, ਭੌਰੇ ਪੰਜ ਇਹ ਬਾਗ਼ੀ ਜਹਾਨ ਦੇ ਨੇ । ਦੀਦ, ਵਸਲ, ਉਡੀਕ, ਖ਼ੁਰਾਕ, ਹਊਕੇ, ਨੁਸਖੇ ਪੰਜ ਇਹ ਦਰਦ ਹਿਜਰਾਨ ਦੇ ਨੇ। ਸੱਚ, ਤਪ, ਤਿਆਗ, ਇਖ਼ਲਾਕ, ਜ਼ਰੂਰਤ, ਪੰਜ ਅਸੂਲ ਇਹ ਲੀਡਰ ਕਹਾਉਣ ਦੇ ਨੇ। ਕ੍ਰਿਪਾ, ਕਰਮ, ਰੱਖਿਆ, ਅੰਨ, ਤਨ ਦੇਣਾ, ਪੰਜ ਕੰਮ ਇਹ ਸੁਣਿਆ ਭਗਵਾਨ ਦੇ ਨੇ। ਪਰ ਇਹਨਾਂ ਗੱਲਾਂ ਨੂੰ ਜਾਣਦੇ ਉਹ ‘ਤਾਇਰ’, ਜਿਹੜੇ ਲੋਕ ਹਕੀਕਤ ਨੂੰ ਜਾਣਦੇ ਨੇ।

ਲੋਕ ਗੀਤ

ਇਸ਼ਕ ਕਮਾਵੇ ਜਿਹੜਾ ਹੋਰ ਕੰਮ ਕਾਰ ਛੱਡੇ, ਰਹਿੰਦਾ ਹੋਇਆ ਜਗ ਵਿਚ ਜਗ ਨੂੰ ਵਿਸਾਰ ਛੱਡੇ। ਇਸ਼ਕ ਕਮਾਉਣਾ ਕੋਈ ਕੰਮ ਨਹੀਂ ਅਣਜਾਣਿਆ ਦਾ, ਚੱਲਦਾ ਨਹੀਂ ਇਥੇ ਕੋਈ ਦਾਅ ਵੀ ਸਿਆਣਿਆ ਦਾ। ਗੱਲ ਹੈ ਸਬੱਬ ਉੱਤੇ ਡੋਬੇ ਚਾਹੇ ਤਾਰ ਛੱਡੇ। ਇਸ਼ਕ ਤਾਈ ਲਾਜ ਲਾਵੇ ਰੱਖਦਾ ਜੋ ਲੋਕ ਲਾਜ, ਇਸ਼ਕ ਦੀ ਫ਼ਕੀਰੀ ਅੱਗੇ ਚੀਜ਼ ਕੀ ਏ ਤਖ਼ਤ ਤਾਜ। ਬਾਜੀ ਜਾਣ ਵਾਲੀ ਹੋਰ ਬਾਜੀਆਂ ਨੂੰ ਹਾਰ ਛੱਡੇ। ਇਸ਼ਕ ਦੇ ਮੈਦਾਨੋ ਹਾਰ ਖਾਣੀ ਮਹਾਂਪਾਪ ਹੈ, ਜਾਨੀ ਲਈ ਜਾਨ ਦਾ ਤਿਆਗ ਵੀ ਸਰਾਪ ਹੈ। ਮੌਤ ਦਿਆਂ ਰਾਹਾਂ ਵਿਚ ਜ਼ਿੰਦਗੀ ਖਿਲਾਰ ਛੱਡੇ।

ਭਗਤ ਸਿੰਘ ਦੀ ਮਾਤਾ ਤੇ ਭੈਣ ਦਾ ਵਿਰਲਾਪ

ਮਾਤਾ : ਘਰੋਂ ਬਾਹਰ ਤੈਨੂੰ ਕਦੇ ਕਢਦੀ ਨਾ। ਕਦੇ ਕਾਲਜਾਂ ਵਿਚ ਪੜਾਂਵਦੀ ਨਾ। ਚੋਟ ਲੱਗਦੀ ਨਾ ਮੇਰੇ ਜਿਗਰ ਉੱਤੇ, ਕਦੇ ਵੈਣ ਵਿਰਾਗ ਦੇ ਪਾਂਵਦੀ ਨਾ। ਭਗਤ ਸਿੰਘ ਦੀ ਰੂਹ : ਮਾਂਏ ਮੌਤ ਹਨੇਰੀ ਦੀ ਕੀ ਦਸਾਂ ? ਜੜ੍ਹਾਂ ਕਈ ਦਰੱਖ਼ਤਾਂ ਦੀਆਂ ਪਟੀਆਂ ਨੇ। ਦੋ ਚਾਰ ਦਿਨ ਦਾ ਸੌਦਾ ਜ਼ਿੰਦਗੀ ਦਾ, ਖ਼ਾਲੀ ਹੁੰਦੀਆਂ ਅੰਤ ਨੂੰ ਹੱਟੀਆਂ ਨੇ। ਸਦਾ ਹੁਸਨ ਨਾ ਹਾਰ ਸ਼ਿੰਗਾਰ ਰਹਿੰਦਾ, ਸਦਾ ਵਹਿੰਦੀਆਂ ਨਾ ਸਿਰੀ ਪੱਟੀਆਂ ਨੇ। ਸਾਡੀ ਮੌਤ ਦਾ ਮਾਂਏ ਨਾ ਕਰ ਮਾਤਮ, ਅਸਾਂ ਨੇਕੀਆਂ ਜੱਗ ਤੋਂ ਖੱਟੀਆਂ ਨੇ। ਲੱਖਾਂ ਮਾਵਾਂ ਦੇ ਪੁੱਤ ਇਸ ਦੇਸ਼ ਅੰਦਰ, ਦੁੱਖਾਂ ਨਾਲ ਬੀਮਾਰੀਆਂ ਮਰੀ ਜਾਂਦੇ। ਕਈ ਡੁੱਬ ਜਾਂਦੇ ਨਦੀਆਂ ਨਾਲਿਆਂ ਵਿਚ, ਕਈ ਸਾਗਰ ਸੰਸਾਰ ਤੋਂ ਤਰੀ ਜਾਂਦੇ। ਭੈਣ : ਖੋਲ੍ਹ ਕੇ ਕੇਸ ਵਿਰਲਾਪ ਕਰਦੀ, ਕਿਥੇ ਵੀਰ ਮੇਰਾ ਗਿਆ ਦਸੀਓ ਨੀ। ਕਿੰਨੇ ਲਾਲ ਨੂੰ ਝੁਲਸ ਕੇ ਰੋੜ ਦਿੱਤਾ, ਦੱਸੋ ਦੱਸੋ ਦਰਿਆ ਦੀਓ ਮੱਛੀਓ ਨੀ। ਹਮ ਜਿਨਸ ਦੇ ਨਾਲ ਪਿਆਰ ਕਰੇਓ, ਤੁਸੀਂ ਖ਼ਿਜ਼ਰ ਖ਼ਵਾਜਾਂ ਨੂੰ ਪਛੀਓ ਨੀ। ਸੁਣੋ ਸੁਣੋ ਨੀ ਮੱਛੀਓ ਦਰਿਆ ਦੀਓ, ਤੁਸੀਂ ਸਾਰੇ ਦਰਿਆ ਨੂੰ ਕਸੀਓ ਨੀ। ਹਾਏ ਦਰਦ ਨਾ ਕੋਈ ਵੰਡਾਵਣ ਵਾਲਾ, ਕਿਸ ਨੂੰ ਮੱਥੇ ਦੇ ਜਾ ਕੇ ਲੇਖ ਦੱਸਾਂ। ਮੇਰੇ ਰੇਖ ਵਿਚ ਕਿਸ ਨੇ ਮੇਖ ਮਾਰੀ, ਕਿਸ ਨੂੰ ਸੀਨੇ ਦੇ ਜਾ ਕੇ ਛੇਕ ਦੱਸਾਂ। ਭਗਤ ਸਿੰਘ ਦੀ ਰੂਹ : ਜੀਨਾ ਓਸ ਦਾ ਕੀ ਜਹਾਨ ਉੱਤੇ, ਜਿੰਨੂੰ ਗ਼ੈਰਤ ਤੇ ਸ਼ਰਮ ਹਯਾ ਹੈ ਨੀ। ਅਸੀਂ ਆਪ ਏ ਮੌਤ ਕਬੂਲ ਕੀਤੀ, ਸਾਨੂੰ ਕੋਈ ਜਵਾਨੀ ਦਾ ਚਾਅ ਹੈ ਨੀ। ਸਾਡੀ ਲਾਸ਼ ਨੂੰ ਮੱਛੀਆਂ ਕੀ ਖਾਨਾ, ਆਸਾਂ ਸਾਡੀਆਂ ਅੱਜ ਤੇ ਪੁੱਗੀਆਂ ਨੇ। ਰੁੜ੍ਹੇ ਜਾਂਵਦੇ ਹਾਂ ਜਿਨ੍ਹਾਂ ਪਾਣੀਆਂ ਵਿਚ, ਏਥੇ ਸਾਹਾਂ ਦੀਆਂ ਬੇੜੀਆਂ ਡੁਬੀਆਂ ਨੇ। ਭੈਣ : ਮਿਲ ਜਾਏ ਜਹਾਨ ਦੀ ਬਾਦਸ਼ਾਹੀ, ਮੁਸ਼ਕਿਲ ਵੀਰ ਮਿਲਦੇ ਮਾਂ ਦੇ ਜਾਏ ਹੋਏ। ਮੈਂ ਤੇ ਲੱਭਦੀ ਫਿਰ ਦਰਿਆ ਉੱਤੇ, ਟੁਕੜੇ ਲਾਸ਼ ਦੇ ਕਟੇ-ਕਟਾਏ ਹੋਏ। ਹਾਏ ਰੱਬਾ ! ਇਹ ਕੀ ਕਹਿਰ ਹੋਇਆ, ਨਕਸ਼ ਚਿਤਾ ਦੇ ਸਾਰੇ ਮਿਟਾਏ ਹੋਏ। ਸੜ੍ਹਿਆਂ ਕੱਖਾਂ ਨੂੰ ਸੀਨੇ ਦੇ ਨਾਲ ਲਾਵਾਂ, ਜਿਨ੍ਹਾਂ ਨਾਲ ਸੀ ਇਹ ਜਲਾਏ ਹੋਏ। ਤੇਰੀ ਮੌਤ ਨੂੰ ਮੈਂ ਕਬੂਲ ਕਰਦੀ, ਦੁੱਖ ਝੱਲ ਲੈਂਦੀ ਆਪਣੀ ਜਾਨ ਉੱਤੇ। ਸੀਨਾ ਪਾੜ ਕੇ ਕਿਸ ਨੂੰ ਛੇਕ ਦੱਸਾਂ, ਮਹਿਰਮ ਕੋਈ ਨਾ ਰਿਹਾ ਜਹਾਨ ਉੱਤੇ। ਭਗਤ ਸਿੰਘ ਦੀ ਰੂਹ : ਭੈਣੇ ਗੋਦੀਓ ਲਾਲ ਗੁਆਚ ਜਾਵੇ, ਚੁੱਪ ਕਰ ਰਹੀਏ ਤੇ ਬੋਲੀਏ ਨਾ। ਮੋਤੀ ਲੱਭਦੇ ਵਿਚ ਸਮੁੰਦਰਾਂ ਦੇ, ਕਦੇ ਕੰਢੇ ਦਰਿਆਵਾਂ ਦੇ ਟੋਲੀਏ ਨਾ। ਰਾਜ ਦਿਲਾਂ ਦੇ ਦਿਲਾਂ ਵਿਚ ਰਹਿਣ ਦਈਏ, ਥਾਂ ਥਾਂ ਤੇ ਦਰਦ ਨੂੰ ਫੋਲੀਏ ਨਾ। ਮੌਤ ਮਰੇ ਜੇ ਵੀਰ ਬਹਾਦਰੀ ਦੀ, ਹਾਂਵਾਂ ਮਾਰੀਏ ਨਾ ਤੇ ਸਿਰ ਖੋਲ੍ਹੀਏ ਨਾ। ਅਸੀਂ ਪਾਣੀਆਂ ਦੇ ਵਿਚ ਪਰਵੇਸ਼ ਕੀਤਾ, ਤੂੰ ਤੇ ਧਰਤੀ 'ਤੇ ਕਰਨੀ ਏ ਵਾਸ ਭੈਣੇ। ਖੋਲ੍ਹ ਦਿਲ ਦੀ ਤਾਕੀ ਤੇ ਵੇਖ ‘ਤਾਇਰ’, ਅਸੀਂ ਵਸਦੇ ਹਾਂ ਤੇਰੇ ਪਾਸ ਭੈਣੇ।

ਭੈਣੇ ਹਿੰਦੀਏ ਰਾਜ ਦੀਏ ਮਾਲਕੇ ਨੀ

ਭੈਣੇ ਹਿੰਦੀਏ ਰਾਜ ਦੀਏ ਮਾਲਕੇ ਨੀ, ਮੈਂ ਤੇ ਪੂਜਦੀ ਹਾਂ ਸੌ ਸੌ ਵਾਰ ਤੈਨੂੰ। ਤੈਨੂੰ ਚਾਅ ਸੀ ਸੋਲ੍ਹਾਂ ਸ਼ਿੰਗਾਰ ਲੱਗਣ, ਹੁਣ ਲੱਗ ਗਏ ਕਈ ਸ਼ਿੰਗਾਰ ਤੈਨੂੰ। ਜਲ ਸਾਗਰਾਂ ਦਾ ਤੇਰੇ ਚਰਨ ਚੁੰਮੇ, ਪਰਬੱਤ ਮਿਲ ਗਏ ਨੇ ਪਹਿਰੇਦਾਰ ਤੈਨੂੰ। ਚਸ਼ਮੇ, ਨਦੀ, ਨਾਲੇ ਤੇ ਮੈਦਾਨ ਚੌੜੇ, ਹਰੇ ਖੇਤ ਕਰਦੇ ਨਮਸਕਾਰ ਤੈਨੂੰ। ਤੂੰ ਤੇ ਮਨੂੰ ਬਿਆਸ ਦੀ ਆਤਮਾ ਏਂ, ਕਾਲੀਦਾਸ ਨੇ ਕੀਤਾ ਪਿਆਰ ਤੈਨੂੰ। ਨੀ ਸੁਣ ਚੌਦਾਂ ਸਹੇਲੀਆਂ ਵਾਲੀਏ ਨੀ, ਕੋਈ ਸਕਦਾ ਨਹੀਂ ਵਿਸਾਰ ਤੈਨੂੰ। ਛੋਟੀ ਭੈਣ ਮਰਾਠੀ ਨੇ ਤਿਲਕ ਲਾਇਆ, ਤਮਿਲ, ਤੇਲਗੂ ਨੇ ਮਾਣ ਵਧਾਇਆ ਏ। ਤੇ ਕੰਨੜ, ਬੰਗਾਲੀ ਦਾ ਸਿਦਕ ਵੇਖੋ, ਝੁਰਮੁਟ ਉੜੀਆ ਜਾਂ ਉਰਦੂ ਨੇ ਪਾਇਆ ਏ। ਅਸਾਮੀ, ਗੁਜਰਾਤੀ ਨੇ ਖ਼ੁਸ਼ ਹੋ ਕੇ, ਤੇਰੇ ਨਾਮ ਨੂੰ ਅੱਜ ਚਮਕਾਇਆ ਏ। ਸੰਸਕ੍ਰਿਤ, ਮਲਯਾਲਮ, ਕਸ਼ਮੀਰੀ ਆਖੇ, ਤੈਨੂੰ ਸੁਰਮਾ ਪੰਜਾਬੀ ਨੇ ਪਾਇਆ ਏ। ਪ੍ਰਕਿਰਤੀ ਦੀ ਜੇਠੀਏ ਬੇਟੀਏ ਨੀ, ਢੋਲ ਤੇਰੇ ਜ਼ਮਾਨੇ ਵਿਚ ਵੱਜਦੇ I ਕੀ ਕਹਿਣਾ ਹੈ ਤੇਰੇ ਸੁਹੱਪਣਾਂ ਦਾ, ਤੇਰੇ ਤਾਜ ਅੰਦਰ ਹੀਰੇ ਸਜਦੇ ਨੇ। ਤੈਨੂੰ ਨਹਿਰੂ ਨੇ ਹਿੰਦ ਦਾ ਰਾਜ ਦਿੱਤਾ, ਮਾਣ ਹੋਇਆ ਹੈ ਵਿਚ ਪੰਜਾਬ ਮੇਰਾ। ਚਮਕੀ ਤੂੰ ਤੇ ਨਾਲ ਹੀ ਚਮਕ ਉੱਠਿਆ, ਸੁਣ ਪਿਆਰੀਏ ਹੁਸਨ ਸ਼ਬਾਬ ਮੇਰਾ। ਸਤਲੁਜ, ਜਮਨਾ ਦਰਿਆ ਬਿਆਸ ਰਾਵੀ, ਪੂਜਕ ਰਿਹਾ ਹੈ ਜਿਹਲਮ, ਝਨਾਬ ਮੇਰਾ। ਅਰਜੁਨ ਦੇਵ ਨੇ ਗੁਰਮੁਖੀ ਅੱਖਰਾਂ ਵਿਚ, ਲਿਖਿਆ ਜ਼ਿੰਦਗੀ ਦਾ ਨਵਾਂ ਬਾਬ ਮੇਰਾ। ਲੱਖਾਂ ਮੁਸ਼ਕਲਾਂ ਮੇਰੇ 'ਤੇ ਆਣ ਚੜ੍ਹੀਆਂ, ਮੈਂ ਤੇ ਆਈ ਨਾ ਕਿਸੇ ਦੇ ਵਾਰ ਥੱਲੇ। ਨਲਵਾ, ਬੰਦਾ ਬੈਰਾਗੀ ਗਵਾਹ ਮੇਰੇ ਮੇਰੀ ਪਰਵਰਿਸ਼ ਹੋਈ ਤਲਵਾਰ ਥੱਲੇ । ਮਾਂ ਪੰਜਾਬੀ ਤੋਂ ਐਨੀਆਂ ਨਫ਼ਰਤਾਂ ਕਿਉਂ, ਅਤੇ ਹਿੰਦੀ ਦੇ ਨਾਂ ਤੋਂ ਖਾਰ ਹੈ ਕਿਉਂ। ਅੱਜ ਤੱਕ ਇਹ ਗੱਲ ਨਹੀਂ ਸਮਝ ਆਈ, ਸਾਡੇ ਨਾਂ ’ਤੇ ਸੋਚ ਵਿਚਾਰ ਹੈ ਕਿਉਂ। ਕੀ ਹੋ ਗਿਆ ਵੀਰ ਪੰਜਾਬੀਆਂ ਨੂੰ, ਆਏ ਰੋਜ਼ ਪਾਉਂਦੇ ਹਾਹਾਕਾਰ ਹੈ ਕਿਉਂ। ਸਾਰੇ ਜੱਗ ਵਿਚ ਅਸਾਂ ਦਾ ਮਾਣ ਹੁੰਦਾ, ਅੱਪਰ ਘਰ ਵਿਚ ਟੁੱਟਿਆ ਪਿਆਰ ਹੈ ਕਿਉਂ। ਮੈਂ ਹਾਂ ਮਾਤਰੀ ਤੂੰ ਹੈਂ ਦੇਸ਼ ਭਾਸ਼ਾ, ਪਹਿਲੀ ਵਾਰ ਹੈ ਹੋਇਆ ਮਿਲਾਪ ਸਾਡਾ। ਜਦੋਂ ਤੰਗ ਖ਼ਿਆਲਾਂ ਦੇ ਕਿਲੇ ਟੁੱਟੇ, ਦੁਨੀਆਂ ਕਰੇਗੀ ਜਪ ਤੇ ਜਾਪ ਸਾਡਾ। ਦੇਣਾ ਗਿਆਨ ਨੇਤਰ ਕੰਮ ਵਿੱਦਿਆ ਦਾ, ਰਹਿਬਰ ਦੇਸ਼ ਦੇ ਇਹ ਗੱਲ ਸੋਚਦੇ ਨਹੀਂ। ਸਦੀਆਂ ਪੜ੍ਹਿਆ ਅੰਗਰੇਜ਼ੀ ਤੇ ਫ਼ਾਰਸੀ ਨੂੰ, ਦਿਲ ਗੁਰਮੁਖੀ 'ਤੇ ਕਿਉਂ ਲੋਚਦੇ ਨਹੀਂ। ਭਾਸ਼ਾ ਉੱਤੇ ਨਹੀਂ ਇਹ ਤਕਰਾਰ ਸੱਜਦੇ, ਇਹ ਕਿਉਂ ਹਿੱਕ ਦੀ ਪੁੰਜ ਫਰੋਲਦੇ ਨਹੀਂ। ਪੱਟੀ ਅਹਿਦ ਗ਼ੁਲਾਮੀ ਨੇ ਲਿਖੀ ਸੀ ਜੋ, ਰਲ-ਮਿਲ ਇਹਨੂੰ ਕਿਉਂ ਪੋਚਦੇ ਨਹੀਂ। ਭਾਸ਼ਾ ਮਾਤਰੀ ਬਖ਼ਸਦੀ ਦੇਸ਼ ਭਗਤੀ, ਰਾਜ ਭਾਸ਼ਾ ਨੇ ਰੌਸ਼ਨ ਦਿਮਾਗ਼ ਕਰਨਾ। ਅੰਮ੍ਰਿਤ ਕੁੰਡ 'ਚੋਂ ਨਿਕਲੀਆਂ ਦੋ ਨਦੀਆਂ ‘ਤਾਇਰ', ਜਿੰਨਾਂ ਨੇ ਹਰਿਆ ਹੈ ਬਾਗ਼ ਕਰਨਾ।

ਲਿੱਖੀ ਹੋਈ ਇੰਜ ਮੇਰੇ ਦੇਸ਼ ਦੀ ਕਹਾਣੀ

ਲਿੱਖੀ ਹੋਈ ਇੰਜ ਮੇਰੇ ਦੇਸ਼ ਦੀ ਕਹਾਣੀ ਏ, ਦੇਸ਼ ਦੀ ਕਹਾਣੀ ਏ। ਚਹੁੰ ਗੱਲਾਂ ਵਾਲੀ ਇਕ ਪੋਥੀ ਇਹ ਪੁਰਾਣੀ ਏ, ਪੋਥੀ ਇਹ ਪੁਰਾਣੀ ਏ। ਸੜੇ ਹੋਏ ਲਹੂਆਂ ਦੀ ਸਿਆਹੀ ਵਿਚ ਹੰਝੂ ਪਾਏ, ਖੋਪਰ ਸ਼ਹੀਦਾਂ ਦੇ ਸੀ ਬੋਕੀਆਂ ਦੇ ਕੰਮ ਆਏ। ਕਲਮ ਬਣਾਉਣ ਲਈ ਹੱਡੀਆਂ ਨੂੰ ਟੱਕ ਲਾਏ, ਡਾਇਰ ਦੀ ਗੋਲੀ ਪਹਿਲੇ ਸਫ਼ੇ 'ਤੇ ਨਿਸ਼ਾਨੀ ਏ। ... ... ... ... ... ...ਦੇਸ਼ ਦੀ ਕਹਾਣੀ ਏ। ਹਉਕੇ ਕਿਸੇ ਭੈਣ ਦੇ ਸੁਹਾਗ ਕਿਸੇ ਨਾਰ ਦਾ, ਰੋਣਾ ਹੈ ਮਾਸੂਮ ਤੇ ਯਤੀਮ ਤੇ ਨਾਦਾਰ ਦਾ। ਦਰਦ ਇਹਦੇ ਨਾਲ ਹੈ ਜੇ ਮਾਂ ਦੇ ਪਿਆਰ ਦਾ, ਦੂਜੇ ਸਫ਼ੇ ਉੱਤੇ ਭਗਤ ਸਿੰਘ ਦੀ ਜਵਾਨੀ ਏ। ... ... ... ... ... ...ਦੇਸ਼ ਦੀ ਕਹਾਣੀ ਏ। ਦਰਦ ਵਾਲਾ ਕਿੱਸਾ ਕਿਸੇ ਬੁੱਝੇ ਜਿਹੇ ਚਿਰਾਗ ਦਾ, ਟੁੱਟੇ ਹੋਏ ਫੁੱਲ ਅਤੇ ਉਜੜੇ ਹੋਏ ਬਾਗ਼ ਦਾ। ਕਿਵੇਂ ਕੋਈ ਦੇਸ਼ ਲਈ ਦੇਸ਼ ਨੂੰ ਤਿਆਗਦਾ, ਤੀਜੇ ਸਫ਼ੇ ਉੱਤੇ ਸੁਭਾਸ਼ ਦਿਲ ਜਾਨੀ ਏ। ... ... ... ... ... ...ਦੇਸ਼ ਦੀ ਕਹਾਣੀ ਏ। ਚੌਥੇ ਸਫ਼ੇ ਉੱਤੇ ਇਕ ਡਿੱਠੀ ਤਸਵੀਰ ਏ, ਇਹ ਕੋਈ ਨੰਗਾ ਜਿਹਾ ਦੇਸ਼ ਦਾ ਫ਼ਕੀਰ ਏ। ਗੋਲੀ ਨਾਲ ਇਹਦਾ ਕਿਸੇ ਸੀਨਾ ਦਿੱਤਾ ਚਿਰ ਏ, ਜਮਨਾ ’ਤੇ ਮੜ੍ਹੀ ‘ਤਾਇਰ’ ਉਸ ਦੀ ਨਿਸ਼ਾਨੀ ਏ। ... ... ... ... ... ...ਦੇਸ਼ ਦੀ ਕਹਾਣੀ ਏ।

ਆਉ ਜੀ ! ਆਜ਼ਾਦੀ ਉੱਤੋਂ ਤਨ-ਮਨ ਵਾਰ ਲਉ

ਆਉ ਜੀ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ। ਉਠੋ ਮਜ਼ਦੂਰੋ ਤੇ ਕਿਸਾਨੋ ਮੇਰੇ ਦੇਸ਼ ਦਿਉ, ਉਠੋ ਦੇਸ਼ ਵਾਸਿਉ ਜਵਾਨੋਂ ਮੇਰੇ ਦੇਸ਼ ਦਿਉ। ਉਠੋ ਮੇਰੀ ਸੱਧਰੋ ਅਰਮਾਨੋਂ ਮੇਰੇ ਦੇਸ਼ ਦਿਉ, ਗਾਂਧੀ ਦੀ ਆਸ਼ੀਰਵਾਦ ਨਹਿਰੂ ਦਾ ਪਿਆਰ ਲਉ। ਆਉ ਜੀ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ। ਉਠੋ ਸਾਰੇ ਉਠ ਕੇ ਤੇ ਰੋਕ ਲਉ ਉਪਾਧੀਆਂ, ਅੱਗੇ ਬਹੁਤ ਸਾਰੀਆਂ ਨੇ ਹੋਈਆਂ ਬਰਬਾਦੀਆਂ। ਚੋਰਾਂ ਘਰੀਂ ਦੀਵੇ ਜਗੇ ਖ਼ੂਬ ਹੋਈਆਂ ਸ਼ਾਦੀਆਂ, ਉਹਨਾਂ ਨੂੰ ਪ੍ਰੇਮ ਤੇ ਪਿਆਰ ਥੀਂ ਸੁਧਾਰ ਲਉ। ਆਉ ਜੀ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ। ਜੁਰਮਾਂ ਵਾਲੇ ਆਖਦੇ ਕਾਨੂੰਨ ਨਹੀਂ ਜੇ ਰਹਿਣ ਦੇਣਾ, ਚੋਰ ਪਏ ਆਖਦੇ ਆਰਾਮ ਨਹੀਂ ਜੇ ਲੈਣ ਦੇਣਾ। ਮਿਲੀ ਏ ਆਜ਼ਾਦੀ ਨਹੀਂ ਸੁੱਖ ਨਾਲ ਬਹਿਣ ਦੇਣਾ, ਘਰਾਂ ਨੂੰ ਉਜਾੜ ਲਉ ਤੇ ਉਠੋ ਡਾਕੇ ਮਾਰ ਲਉ। ਆਉ ਜੀ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ। ਨੌਕਰ ਸਲਾਹਾਂ ਕਰਦੇ ਉਪਰੋਂ ਕਮਾਈ ਕਰੋ, ਬਦ ਪਏ ਆਖਦੇ ਨੇ ਹੋਰ ਬਦਰਾਹੀ ਕਰੋ। ਮਿਲੀ ਏ ਆਜ਼ਾਦੀ ਕਿਸੇ ਨਾਲ ਨਾ ਭਲਾਈ ਕਰੋ, ਟੱਕਰੇ ਗ਼ਰੀਬ ਉਹਦੀ ਖੱਲ ਨੂੰ ਉਤਾਰ ਲਉ। ਆਉ ਜੀ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ। ਜ਼ਰਾ ਮੈਨੂੰ ਦੱਸੋ ਮੇਰਾ ਦੇਸ਼ ਕਿਵੇਂ ਵੱਸੇਗਾ, ਦੇਸ਼ ਦਾ ਮਾਸੂਮ ਤੇ ਨਾਦਾਨ ਕਦੋਂ ਹੱਸੇਗਾ। ਗਾਂਧੀ ਮੁੜ ਆਉਣਾ ਨਹੀਂ ਰਾਹ ਕੌਣ ਦੱਸੇਗਾ, ਬੇੜੀ ਠਿੱਲੀ ਜਾਏ ‘ਤਾਇਰ’ ਡੋਬ ਲਉ ਜਾਂ ਤਾਰ ਲਉ। ਆਉ ਜੀ ! ਆਜ਼ਾਦੀ ਉੱਤੋਂ ਤਨ ਮਨ ਵਾਰ ਲਉ, ਫ਼ਰਜ਼ ਨਿਭਾਉ ਸਿਰੋ ਕਰਜ਼ ਉਤਾਰ ਲਉ।

ਵਾਰਾਂ ਤੈਥੋਂ ਤਨ-ਮਨ

ਵਾਰਾਂ ਤੈਥੋਂ ਤਨ-ਮਨ ਵਾਰਾਂ ਨੀ ਆਜ਼ਾਦੀਏ, ਤੇਰੇ ਬਿਨ ਘੜੀ ਨਾ ਗੁਜ਼ਾਰਾਂ ਨੀ ਆਜ਼ਾਦੀਏ। ਤੇਰੇ ਲਈ ਵੀਰ ਜੋ ਸ਼ਹੀਦ ਹੋਏ ਯਾਦ ਨੇ, ਤੇਰੇ ਲਈ ਮਾਵਾਂ ਦੇ ਜੋ ਪੁੱਤ ਮੋਏ ਯਾਦ ਨੇ। ਛਾਣੀਆਂ ਸੀ ਕੰਦਰਾਂ ਤੇ ਗਾਰਾਂ ਨੀ ਆਜ਼ਾਦੀਏ, ਵਾਰਾਂ ਤੈਥੋਂ ਤਨ-ਮਨ... ... ... । ਕਹੀਆਂ ਅਤੇ ਸੁਣੀਆਂ ਨਾ ਜਾਂਦੀਆਂ ਕਹਾਣੀਆਂ, ਤੇਰੇ ਲਈ ਵਾਰੀਆਂ ਸੀ ਸੋਹਲ ਇਹ ਜਵਾਨੀਆਂ। ਗੋਲੀਆਂ ਦੇ ਨਾਲ ਮੋਈਆਂ ਡਾਰਾਂ ਨੀ ਆਜ਼ਾਦੀਏ, ਵਾਰਾਂ ਤੈਥੋਂ ਤਨ-ਮਨ... ... ... । ਫੂਕੇ ਗਏ ਘਰ ਨਾਲੇ ਕਈ ਹਿੱਕਾਂ ਪਾਟੀਆਂ, ਕਿਥੇ ਈ ਸੁਭਾਸ਼ ਕਿਥੇ ਬਰਮਾ ਦੀਆਂ ਘਾਟੀਆਂ। ਮਰੇ ਪਰਦੇਸਾਂ 'ਚ ਹਜ਼ਾਰਾਂ ਨੀ ਆਜ਼ਾਦੀਏ, ਵਾਰਾਂ ਤੈਥੋਂ ਤਨ-ਮਨ... ... ... । ਗਈ ਏ ਵਿਛੋੜੇ ਪਾ ਕੇ ਉੱਚੀ ਜਿਹੀ ਆਤਮਾ, ਵਾਰ ਦਿੱਤਾ ਤੇਰੇ ਉੱਤੋਂ ਗਾਂਧੀ ਏ ਮਹਾਤਮਾ। ਖ਼ੂਨ ਦੇ ਕੇ ਲੱਭੀਆਂ ਬਹਾਰਾਂ ਨੀ ਆਜ਼ਾਦੀਏ, ਵਾਰਾਂ ਤੈਥੋਂ ਤਨ-ਮਨ... ... ... । ਕੱਢਿਆ ਗ਼ੁਲਾਮੀ ਨੂੰ ਸੀ ਸਿਰ ਇਹ ਕਟਾ ਕੇ, ਮੌਤ ਵੱਲ ਤੁਰੇ ‘ਤਾਇਰ’ ਝੰਡੇ ਨੂੰ ਉਠਾ ਕੇ। ਵੱਸੀਆਂ ਨੇ ਤਦ ਗੁਲਜ਼ਾਰਾਂ ਨੀ ਆਜ਼ਾਦੀਏ, ਵਾਰਾਂ ਤੈਥੋਂ ਤਨ-ਮਨ... ... ... ।

ਚੜ੍ਹ ਚੜ੍ਹ ਜਾਵੀਂ ਤਿਰੰਗਿਆ

ਚੜ੍ਹ ਚੜ੍ਹ ਜਾਵੀਂ ਤਿਰੰਗਿਆ ਅਸਮਾਨਾਂ ਤੇ, ਦੁੱਖ ਦਲਿੱਦਰ ਕੱਟ ਦੇਈ ਇਨਸਾਨਾਂ ਦੇ। ਸਾਨੂੰ ਤੇਰਾ ਸਹਾਰਾ ਏ ਜਾਨੀ ਕਿ, ਇਹ ਸਿਰ ਨਾਲੋਂ ਝੰਡਾ ਪਿਆਰਾ ਏ। ਸੋਹਣੇ ਸੋਹਣੇ ਰੰਗ ਪਿਆਰੇ ਲੱਗਦੇ ਨੇ, ਨਦੀ ਕਿਨਾਰੇ ਜਿਵੇਂ ਦੀਪਕ ਜਗਦੇ ਨੇ। ਵਿਚ ਚੱਕਰ ਅਸ਼ੋਕੀ ਦੇ ਸਦਕੇ ਮੈਂ ਜਾਵਾਂ, ਝੰਡਿਆ ਜੰਗ ਦੁਨੀਆਂ ਦੀ ਰੋਕੀਏ। ਰਾਵੀ ਕੰਢੇ ਲਹਿਰਾਇਆ ਤੈਨੂੰ ਨਹਿਰੂ ਨੇ, ਕਿਲ੍ਹਿਆਂ ਉੱਤੇ ਚੜ੍ਹਾਇਆ ਤੈਨੂੰ ਨਹਿਰੂ ਨੇ। ਤੂੰ ਤੇ ਅੱਖੀਆਂ ਦਾ ਤਾਰਾ ਏਂ, ਲੱਖ ਵਾਰੀ ਜਿੰਦ ਸਦਕੇ ਤੂੰ ਤੇ ਅਮਨ ਦਾ ਜ਼ਾਮਨ ਏ। ਤੇਰੇ ਥੱਲੇ ਬਹਿ ਕੇ ਖ਼ੁਸ਼ੀ ਮਨਾਵਾਂਗੇ, ਦੇਸ਼ ਪ੍ਰੇਮ ਦੇ ਗੀਤ ਜਦੋਂ ਗਾਵਾਂਗੇ। ਤੈਨੂੰ ਪੂਜਿਆ ਜਵਾਨਾਂ ਨੇ ਸੱਚੀ ਗੱਲ ਇਹ ‘ਤਾਇਰ’, ਅੱਜ ਦੁਨੀਆਂ 'ਤੇ ਸ਼ਾਨਾਂ ਨੇ।

ਉਹਦੇ ਨਾਲ ਪਿਆਰ ਹੁੰਦਾ ਏ

ਉਹਦੇ ਨਾਲ ਪਿਆਰ ਹੁੰਦਾ ਏ ਉਹਨੂੰ ਹੈ ਪੂਜਦੀ ਦੁਨੀਆਂ, ਜੋ ਮਰਦਾ ਦੇਸ਼ ਦੇ ਲਈ ਉਹ ਸਾਰਿਆਂ ਨੂੰ ਚੰਗਾ ਲੱਗਦਾ ਏ। ਸ਼ਹੀਦੇ ਵਤਨ ਦੀ ਦੁਨੀਆਂ 'ਤੇ ਤਾਜ਼ਾ ਯਾਦ ਰਹਿੰਦੀ ਏ, ਕਰੋੜਾਂ ਕਬਰਾਂ ਵਿੱਚੋਂ ਇਕ ਕਬਰ 'ਤੇ ਦੀਵਾ ਜਗਦਾ ਏ। ਜੋ ਮਰ ਕੇ ਕੌਮ ਜਿੰਦਾ ਕਰ ਗਿਆ ਉਹ ਤਰ ਗਿਆ ਸਮਝੋ, ਵਤਨ ਆਪਣੇ ਦੀ ਖੇਤੀ ਨੂੰ ਹਰਾ ਉਹ ਕਰ ਗਿਆ ਸਮਝੋ। ਵਤਨ ਦੀ ਆਸ਼ਕੀ ਆਪਣੇ ਲਈ ਹੀ ਆਸ਼ਕੀ ਹੁੰਦੀ, ਵਤਨ ਦੀ ਆਸ਼ਕੀ ਸਭ ਕੁਝ ਵਤਨ ਉੱਤੋਂ ਲੁਟਾ ਦੇਵੇ। ਸ਼ਹੀਦਾਂ ਨੇ ਤਮੰਨਾ ਅੱਜ ਤੀਕਰ ਇਹ ਨਹੀਂ ਰੱਖੀ, ਉਹਨਾਂ ਦੀ ਕਬਰ ਦੇ ਉੱਤੇ ਕੋਈ ਦੀਵਾ ਜਗ੍ਹਾ ਦੇਵੋ। ਉਹ ਪਰਬੱਤ ਤੋੜ ਦਿੰਦਾ ਏ ਸਮੁੰਦਰ ਚੀਰ ਸੁੱਟਦਾ ਏ, ਜੋ ਆਪਣਾ ਖ਼ੂਨ ਕੱਢ ਕੇ ਆਪ ਦੂਜੇ ਨੂੰ ਪਿਲਾ ਦੇਵੇ। ਸ਼ਮਾ ਕੀ ਏ ਪਤੰਗਾ ਕੀ ਏ ‘ਤਾਇਰ’ ਇਸ ਦੁਨੀਆਂ 'ਤੇ, ਇਸ਼ਕ ਵਿਚ ਐਸੀ ਖ਼ੂਬੀ ਏ ਇਸ਼ਕ ਮਰਨਾ ਸਿਖਾ ਦੇਵੇ।

ਵੱਸੇ ਵੱਸੇ ਮੇਰਾ ਦੇਸ਼

ਵੱਸੇ ਵੱਸੇ ਮੇਰਾ ਦੇਸ਼ ਰਹੇ ਵੱਸਦਾ ਹਮੇਸ਼ ਇਹਦਾ ਜੁਗ ਜੁਗ ਰਾਜ ਸਵਾਯਾ, ਅੱਜ ਦਿਨ ਖ਼ੁਸ਼ੀਆਂ ਦਾ ਆਇਆ। ਇਹਦੇ ਬਾਗ਼ ਵਿਚ ਸੋਹਣੇ ਸੋਹਣੇ ਫੁੱਲ ਖਿੜਦੇ ਫੁਲਦੇ, ਅੱਜ ਜੱਗ ਵਿਚ ਹਿੰਦੀਆਂ ਦੇ ਝੰਡੇ ਝੁੱਲਦੇ ਝੁੱਲਦੇ ਹੋਇਆ ਜੱਗ ਵਿਚ ਮਾਣ ਸਾਡੀ ਦੂਣੀ ਚੌਣੀ ਸ਼ਾਨ, ਅਸੀਂ ਉੱਚਾ ਮਰਤਬਾ ਪਾਇਆ। ਵੱਸੇ ਵੱਸੇ ਮੇਰਾ ਦੇਸ਼... ... ... ... I ਇਥੇ ਸੌ ਕਰੋੜ ਸ਼ੂਰਵੀਰ ਵੱਸਦੇ ਵੱਸਦੇ, ਬਲਸ਼ਾਲੀ ਪਹਿਲਵਾਨਾਂ ਦੇ ਨੇ ਚਿਹਰੇ ਹੱਸਦੇ ਹੱਸਦੇ। ਇਥੇ ਨਰ ਅਤੇ ਨਾਰ ਜਾਣ ਦੇਸ਼ ਤੋਂ ਨਿਸਾਰ, ਜਿੰਨਾ ਪਲਟ ਦਿੱਤੀ ਹੈ ਕਾਇਆ। ਵੱਸੇ ਵੱਸੇ ਮੇਰਾ ਦੇਸ਼... ... ... ... I ਇਹਨਾਂ ਦੇਸ਼ ਲਈ ਸਿਰ ਭੱਠੀਆਂ 'ਚ ਝੋਕਿਆ ਝੋਕਿਆ, ਇਹਨਾਂ ਗੋਲੀਆਂ ਨੂੰ ਛਾਤੀਆਂ ਦੇ ਉੱਤੇ ਰੋਕਿਆ ਰੋਕਿਆ। ਇਹਨਾਂ ਜਾਨ ਦਿੱਤੀ ਵਾਰ ਕੀਤਾ ਦੇਸ਼ ਨਾਲ ਪਿਆਰ, ਐ ‘ਤਾਇਰ’ ਫ਼ਰਜ਼ ਨਿਭਾਇਆ। ਵੱਸੇ ਵੱਸੇ ਮੇਰਾ ਦੇਸ਼... ... ... ... I

ਪਿਆਰ ਕਰੋ ਸੌ ਵਾਰ ਕਰੋ

ਪਿਆਰ ਕਰੋ ਸੌ ਵਾਰ ਕਰੋ ਨਾਲੇ ਦੇਸ਼ ਤੋਂ ਵਾਰੋ ਜਾਨ ਰੇ ਫਿਰ ਸਾਰੇ ਦੁੱਖ ਮਿਟ ਜਾਵਣਗੇ। ਬੱਦਲ ਗਰਜੇ ਵਗੇ ਹਨੇਰੀ ਆਉਂਦੇ ਰਹਿਣ ਤੂਫ਼ਾਨ, ਕਹਿਰ ਬਲਾ ਤੇ ਜ਼ੁਲਮ ਸਿਤਮ ਨੂੰ ਰੋਕ ਲਵੇ ਇਨਸਾਨ ਇਕਰਾਰ ਕਰੋ ਇਸਰਾਰ ਕਰੋ ਰਹੇ ਕਾਇਮ ਸਾਡੀ ਸ਼ਾਨ ਰੇ ਫਿਰ ਸਾਰੇ ਦੁੱਖ ਮਿਟ ਜਾਵਣਗੇ। ਜੱਰਿਉ ਜੁਗਨੂੰ ਜੁਗਨੂੰਉ ਚੰਦਾ ਬਣ ਕਰੀਏ ਪ੍ਰਕਾਸ਼, ਭੁੱਲੇ ਭਟਕੇ ਵੀ ਨਾ ਟੁੱਟੇ ਏਕਤਾ ਤੋਂ ਵਿਸ਼ਵਾਸ। ਪਿਆਰ ਕਰੋ ਇਕਰਾਰ ਕਰੋ ਅਸਾਂ ਕਰਨਾ ਏ ਕਲਿਆਣ, ਰੇ ਫਿਰ ਸਾਰੇ ਦੁੱਖ ਮਿਟ ਜਾਵਣਗੇ। ਭੁੱਖ, ਬੀਮਾਰੀ, ਵੱਲ ਬਲਾਵਾਂ ਕੋਲੋਂ ਹੋਵੇ ਖਲਾਸੀ, ਸੁੱਖੀ ਵਸਣ ਫਿਰ ਦੇਸ਼ ਦੇ ਅੰਦਰ ਸਾਰੇ ਦੇਸ਼ ਦੇ ਵਾਸੀ। ਵਿਸਤਾਰ ਕਰੋ ਪ੍ਰਚਾਰ ਕਰੋ ਪੰਜ ਸਾਲਾ ਚਲੇ ਪਲਾਨ, ਰੇ ਫਿਰ ਸਾਰੇ ਦੁੱਖ ਮਿਟ ਜਾਵਣਗੇ। ਇਸ ਝੰਡੇ ਦੀ ਛਤਰ ਛਾਇਆ ਵਿਚ ਗਾਈਏ ਗੀਤ ਖਲੋ ਕੇ, ਕੱਟ ਦਈਏ ਸਭ ਦੇਸ਼ ਦੀ ਮੁਸ਼ਕਲ ‘ਤਾਇਰ’ ’ਕੱਠੇ ਹੋ ਕੇ। ਪਿਆਰ ਕਰੋ ਸੌ ਵਾਰ ਕਰੋ ਸਾਡਾ ਚਮਕੇ ਹਿੰਦੁਸਤਾਨ, ਰੇ ਫਿਰ ਸਾਰੇ ਦੁੱਖ ਮਿਟ ਜਾਵਣਗੇ।

ਹਿੰਦੀ ਕਹਿਲਾਵਣ ਵਾਲਿਉ

ਹਿੰਦੀ ਕਹਿਲਾਵਣ ਵਾਲਿਉ ਓ ਦੇਸ਼ ਦਿਓ ਰਖਵਾਲਿਉ, ਓ ਮਹਿਲਾਂ ਤੇ ਕੁੱਲੀਆਂ ਵਾਲਿਉ ਜ਼ਰਾ ਸੋਚ ਲਉ। ਇਹ ਆਪਣਾ ਰਾਜ ਸਮਾਜ ਏ ਖੇਤ ਆਪਣੇ ਤੇ ਆਪਣਾ ਅਨਾਜ ਏ, ਇਥੇ ਪਿਆਰ ਦਿਲਾਂ ਵਿਚ ਵੱਸਦਾ ਰਹੇ ਜ਼ਰਾ ਸੋਚ ਲਉ। ਇਹ ਪੰਪ ਚੱਲਣ ਤੇ ਗਾਂਹ ਵੱਗਣ ਨਾਲੇ ਦਿਲਾਂ ਦੇ ਵਿਚ ਉਤਸ਼ਾਹ ਵੱਧਣ, ਕਿਵੇਂ ਦੌਲਤ ਦੇ ਦਰਿਆ ਵਗਣ ਜ਼ਰਾ ਸੋਚ ਲਉ। ਕਰ ਲਉ ਇਹ ਦੂਰ ਉਪਾਧੀਆਂ ਤੁਸੀਂ ਰੋਕ ਲਵੋ ਬਰਬਾਦੀਆਂ, ਘਰ-ਘਰ ਵਿਚ ਹੋਵਣ ਸ਼ਾਦੀਆਂ ਜ਼ਰਾ ਸੋਚ ਲਉ। ਤੁਸੀਂ ਜੀਉ ਮਰੋ ਤੇ ਦੇਸ਼ ਲਈ ਕੋਈ ਦਮ ਭਰੋ ਤੇ ਦੇਸ਼ ਲਈ, ਕੋਈ ਕੰਮ ਕਰੋ ਤੇ ਦੇਸ਼ ਲਈ ਜ਼ਰਾ ਸੋਚ ਲਉ। ਇਥੇ ਉਗਣ ਨਾ ਫ਼ਿਰਕਾਦਾਰੀਆਂ ਇਹ ਕਰ ਦਿਉ ਦੂਰ ਬੀਮਾਰੀਆਂ, ਹੁਣ ਉੱਚੀਆਂ ਲਾਉ ਉਡਾਰੀਆਂ ਜ਼ਰਾ ਸੋਚ ਲਉ। ਇਥੇ ਹਿੰਦੂ ਸਿੱਖ ਈਸਾਈ ਏ ਹਰੀਜਨ ਤੇ ਮੁਸਲਮ ਭਾਈ ਏ, ਸਭ ਇੱਕੋ ਰਾਹ ਦੇ ਰਾਹੀ ਏ ਜ਼ਰਾ ਸੋਚ ਲਉ। ਸਾਡੇ ਸਾਹਮਣੇ ਇਕ ਤਸਵੀਰ ਏ ਇਹ ਸਾਡਾ ਦੇਸ਼ ਫ਼ਕੀਰ ਏ, ਅਸੀਂ ਕਰਨੀ ਨਵੀਂ ਤਾਮੀਰ ਏ ਜ਼ਰਾ ਸੋਚ ਲਉ । ਉਠੋ ਮਾਲੀਉ ਬਣ ਕੇ ਟੋਲੀਆਂ ਕੰਮ ਕਰੋ ਤੇ ਭਰ ਲਵੋ ਝੋਲੀਆਂ, ਸੁਣੋ ਸੁਣੋ ‘ਤਾਇਰ' ਦੀਆਂ ਬੋਲੀਆਂ ਜ਼ਰਾ ਸੋਚ ਲਉ। ਹਿੰਦੀ ਕਹਿਲਾਵਣ ਵਾਲਿਉ ਓ ਦੇਸ਼ ਦਿਓ ਰਖਵਾਲਿਉ, ਓ ਮਹਿਲਾਂ ਤੇ ਕੁੱਲੀਆਂ ਵਾਲਿਉ ਜ਼ਰਾ ਸੋਚ ਲਉ।

ਜੰਗੀ ਗੀਤ

ਭੁੱਟੋ ਤੇ ਅਯੂਬ ਕਹਿੰਦੇ ਅੱਲ੍ਹਾ ਅੱਲ੍ਹਾ ਤੂੰ ਬੋਲ ਗਈ ਹਾਏ ਰੱਬਾ ਕੁੱਕੜ ਕੜੂੰ। ਹਿੰਦ ਥੀਂ ਲੜਾਈ ਨਾਲ ਵਾਹ ਪੈ ਗਿਆ, ਸੋਚਿਆ ਸੀ ਜੋ ਉਹ ਅਧੂਰਾ ਰਹਿ ਗਿਆ। ਅੱਲ੍ਹਾ ਅੱਲ੍ਹਾ ਜੰਗ ਵਿਚ ਭੱਠਾ ਬਹਿ ਗਿਆ, ਹਿੰਦ ਸਾਡਾ ਖੋ ਕੇ ਇਲਾਕਾ ਲੈ ਗਿਆ। ਕਿਹੜਾ ਦਿਖਲਾਈਏ ਅਸੀਂ ਦੁਨੀਆਂ ਨੂੰ ਮੂੰਹ। ਬੋਲ ਗਈ ਹਾਏ ਰੱਬਾ... ... ... । ਟੈਂਕ ਅਮਰੀਕਾ ਦੇ ਉਹ ਸਾਰੇ ਤੋੜ ਗਏ, ਮੂੰਹ ਸਾਡਾ ਉੱਡਣੇ ਜਹਾਜ਼ ਮੋੜ ਗਏ। ਤੋਪਾਂ ਤੇ ਰਸਾਲੇ ਸਾਡਾ ਸਾਥ ਛੋੜ ਗਏ, ਮੌਤ ਦੇ ਦੁਸ਼ਾਲੇ ਸਾਡੇ ਉੱਤੇ ਓੜ ਗਏ। ਕਿਵੇਂ ਜਾ ਕੇ ਦੱਸੀਏ ਇਹ ਗੱਲ ਕਿਸੇ ਨੂੰ, ਬੋਲ ਗਈ ਹਾਏ ਰੱਬਾ... ... ... । ਗੋਲੀ ਸਿੱਕਾ ਜਿੰਨੇ ਹਥਿਆਰ ਕੋਲ ਸੀ, ਜਿੰਨਾਂ ਅਮਰੀਕਨਾਂ ਦਾ ਪਿਆਰ ਕੋਲ ਸੀ। ਚੀਨੀਆਂ ਦਾ ਕੌਲ ਇਕਰਾਰ ਕੋਲ ਸੀ, ਵੱਡਾ ਇੰਡੋਨੇਸ਼ੀਆ ਦਾ ਯਾਰ ਕੋਲ ਸੀ। ਉੱਡ ਗਿਆ ਐਵੇਂ ਜਿਵੇਂ ਉੱਡਦਾ ਹੈ ਰੂੰ, ਬੋਲ ਗਈ ਹਾਏ ਰੱਬਾ... ... ... । ਸਾਰੇ ਸਾਡੇ ਉੱਡਦੇ ਸਹਾਰੇ ਗਏ ਨੇ, ਪਾਪ ਪੁੰਨ ਸਾਰੇ ਹੀ ਨਤਾਰੇ ਗਏ ਨੇ। ਛਾਤਾ ਬਰਦਾਰ ਜੋ ਉਤਾਰੇ ਗਏ ਨੇ, ਉਹ ਵੀ ਸਾਡੇ ਚੁਣ ਚੁਣ ਮਾਰੇ ਗਏ ਨੇ। ਲੱਥ ਗਿਆ ਹੌਲੀ-ਹੌਲੀ ਮਜ਼ਹਬੀ ਜਨੂੰ, ਬੋਲ ਗਈ ਹਾਏ ਰੱਬਾ... ... ... । ਸਾਡਾ ਤਕਦੀਰ ਨੂੰ ਸਲਾਮ ਦੇ ਦਿਉ, ਸਾਡਾ ਤਦਬੀਰ ਨੂੰ ਸਲਾਮ ਦੇ ਦਿਉ। ਦੱਰੇ ਹਾਜੀ ਪੀਰ ਨੂੰ ਸਲਾਮ ਦੇ ਦਿਉ, ਸਾਡਾ ਕਸ਼ਮੀਰ ਨੂੰ ਸਲਾਮ ਦੇ ਦਿਉ। ਐਵੇਂ ਹੈ ਵਹਾਇਆ ਇਹ ਬੇਦੋਸ਼ਿਆਂ ਦਾ ਲਹੂ, ਬੋਲ ਗਈ ਹਾਏ ਰੱਬਾ... ... ... । ਸੋਚਣੇ ਹਾਂ ਹੁਣ ਸਾਡਾ ਟੌਹਰ ਬਚ ਜਾਏ, ਬਚ ਜਾਏ ਭਾਵੇਂ ਕਿਸੇ ਤੌਰ ਬਚ ਜਾਏ। ਬਚ ਜਾਏ ਪਿੰਡੀ ਤੇ ਲਾਹੌਰ ਬਚ ਜਾਏ, ਸਿਆਲਕੋਟ ਤੇ ਪਿਸ਼ੌਰ ਬਚ ਜਾਏ। ਵਿੰਨ ਦਿੱਤਾ ਹਿੰਦੀਆਂ ਨੇ ਸਾਡਾ ਲੂੰ ਲੂੰ, ਬੋਲ ਗਈ ਹਾਏ ਰੱਬਾ... ... ... ।

ਘੋੜੀ – ਭਗਤ ਸਿੰਘ

ਆਉ ਨੀ ਭੈਣਾ ਰਲ ਘੋੜੀਆਂ ਗਾਵੀਏ ਜੰਝ ਤੇ ਹੋਈ ਏ ਤਿਆਰ ਏ ਹਾਂ। ਮੌਤ ਲਾੜੀ ਨੂੰ ਵਰਨਾਵਣ ਚੱਲਿਆ ਭਗਤ ਸਿੰਘ ਸਰਦਾਰ ਏ ਹਾਂ। ਫਾਂਸੀ ਦਾ ਤਖ਼ਤਾ ਤੇਰਾ ਖਾਰਾ ਓ ਲਾੜਿਆ ਬਹਿ ਗਇਉਂ ਚੌਂਕੜੀ ਮਾਰ ਏ ਹਾਂ। ਬਾਪੂ ਗਾਂਧੀ ਨੇ ਵੱਡਾ ਕਾਜ ਰਚਾ ਲਿਆ ਸ਼ਗਨ ਮਹੂਰਤ ਵਿਚਾਰ ਏ ਹਾਂ। ਭਾਰਤ ਮਾਤਾ ਨੇ ਉੱਤੋਂ ਛੰਨਾ ਉਛਾਲਿਆ ਪਾਣੀ ਤੇ ਦਿੱਤਾ ਚੰਨਾ ਵਾਰ ਏ ਹਾਂ। ਵਾਗ ਫੜਾਈ ਤੈਥੋਂ ਭੈਣਾਂ ਨੇ ਮੰਗਿਆ ਦੇਸ਼ ਦਾ ਮੰਗਿਆ ਪਿਆਰ ਏ ਹਾਂ। ਰਾਜਗੁਰੂ, ਸੁਖਦੇਵ ਸਰਬਾਲੇ ਬੈਠੇ ਤੂੰ ਦੋਹਾਂ ਦੇ ਵਿਚਕਾਰ ਏ ਹਾਂ। ਹਰੀ ਕ੍ਰਿਸ਼ਨ ਤੇਰਾ ਸਾਂਡੂ ਓ ਲੜਿਆ ਦੋਵੇਂ ਤੇ ਢੁਕੇ ਇੱਕੋ ਵਾਰ ਏ ਹਾਂ। ਜੰਡੀ ਤੇ ਵੱਡੀ ਲਾੜੇ ਜ਼ੁਲਮੋ ਸਿਤਮ ਦੀ, ਸਬਰ ਦੀ ਮਾਰ ਤਲਵਾਰ ਏ ਹਾਂ। ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ, ਪੈਦਲ ਤੇ ਕਈ ਅਸਵਾਰ ਏ ਹਾਂ। ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੂ ਤੁਰ ਪਈ, ‘ਤਾਇਰ' ਵੀ ਹੋਏ ਨੇ ਤਿਆਰ ਏ ਹਾਂ।

ਤੜਕੇ ਫੜਕੇ ਜਹੇ...

ਤੜਕੇ ਫੜਕੇ ਜਹੇ ਦਿਲਾਂ ਦੇ ਵਿਚ, ਮੈਂ ਤੇ ਸਬਰ ਸ਼ਾਂਤੀ ਸ਼ੁਕਰ ਸਕੂਨ ਕਰਨਾ। ਗਰਮੀ ਜੋਸ਼ ਹਰਾਰਤ ਨੂੰ ਦੇਣ ਵਾਲਾ, ਨਵਾਂ ਦਿਲਾਂ ਅੰਦਰ ਪੈਦਾ ਖ਼ੂਨ ਕਰਨਾ। ਕੂਜੇ ਵਿਚ ਦਰਿਆ ਨੂੰ ਪਾ ਦੇਣਾ, ਐਸੇ ਸ਼ੇਅਰਾਂ ਵਿਚ ਬੰਦ ਮਜ਼ਮੂਨ ਕਰਨਾ। ਜੇ ਮਸ਼ੂਕ ਨੂੰ ਹੁਸਨ ਮੈਂ ਬਖ਼ਸ਼ਦਾ ਹਾਂ, ਪੈਦਾ ਆਸ਼ਕ ਲਈ ਜਬਤ ਜਨੂੰਨ ਕਰਨਾ। ਕਲਮ ਵਾਂਗਰਾ ਜਿਗਰ ਨੂੰ ਚਾਕ ਕਰਕੇ, ਸਾਰੀ ਦੁਨੀਆਂ ਕਸ਼ਾਫ਼ਤ ਤੋਂ ਪਾਕ ਕਰਨਾ। ਖਾਕ ਪਾਕ ਨੂੰ ਵੀ ਸੋਨਾ ਬਣਾ ਦੇਣਾ, ਸੋ ਸੋ ਦਿਲ ਇਕ ਸ਼ੇਅਰ ਨਾਲ ਚਾਕ ਕਰਨਾ। ਬਦੀ ਤਲਖੀ ਦਾ ਖ਼ੂਬ ਇਲਾਜ ਕਰਨਾ, ਖ਼ੁਸ਼ ਜਾਇਕਾ ਮੁਰਕਬ ਮਾਜੂਨ ਦੇਣਾ। ਦਰਦੇ ਦਿਲ ਦਾ ਨੁਸਖਾ ਅਕਸੀਰ ਮੇਰਾ, ਮੱਗ ਮਿਰਚ ਸੌਂਚਲ ਕਾਲਾ ਲੂਣ ਦੇਣਾ। ਜ਼ਰਾ ਦੇ ਕੇ ਨਿਵਾਜਿਸ਼ ਇਸ ਹੁਸਨ ਨੂੰ, ਮੈਂ ਅਤੇ ਆਸ਼ਕਾਂ ਨੂੰ ਨਵੀ ਜੂਨ ਦੇਣਾ। ਰੋਕ ਦੇਣਾ ਗੁਸਤਾਖ਼ ਦੀ ਜੀਭ ਫੋਰਨ, ਵਿਚ ਮਜਲਿਸ ਦੇ ਅਦਬ ਨੂੰ ਕੂਨ ਦੇਣਾ। ਮੈਂ ਪਰਵਾਜ ਹਾਂ ਉੱਚੇ ਤਖ਼ਾਈਲਾਂ ਦੀ, ਤੁਲਸੀ ਗੁਲਾਬ ਟਗੋਰ ਦੀ ਜ਼ਬਾਨ ਹਾਂ ਮੈਂ। ਕਾਇਨਾਤ ਨੂੰ ਲਾਵਾਂ ਸ਼ਿੰਗਾਰ ‘ਤਾਇਰ’, ਇਸ ਕਦਰ ਖ਼ੁਸ਼ਨਸੀਬ ਹਾਂ ਮੈਂ।

ਜੇ ਕੋਈ ਤੋਲੇ...

ਜੇ ਕੋਈ ਤੋਲੇ ਇਖ਼ਲਾਕ ਦੀ ਤਕੜੀ 'ਤੇ, ਮੇਰੀ ਗੱਲ ਹੈ ਲੱਖ ਹਜ਼ਾਰ ਦੀ ਗੱਲ। ਗੱਲ ਗੱਲ ਦੇ ਵਿਚ ਹੈ ਫ਼ਰਕ ਹੁੰਦਾ, ਕਿਤੇ ਡੋਬਦੀ ' ਤੇ ਕਿਤੇ ਤਾਰਦੀ ਗੱਲ। ਉਹ ਵੀ ਗੱਲ ਹੀ ਹੈ ਜਿਹੜੀ, ਗੱਲ ਕਰਕੇ ਗੱਲ ਗੱਲ ਨੂੰ ਪਈ ਨਿਤਾਰਦੀ ਗੱਲ। ਗੱਲ ਧਰਤੀ ਤੋਂ ਲੈ ਜਾਏ ਬੁਲੰਦੀਆਂ 'ਤੇ, ਜਦੋਂ ਦਿਲਾਂ ਦੇ ਜਜ਼ਬੇ ਉਭਾਰਦੀ ਗੱਲ। ਗੱਲ ਸੁਣ ਮਾਲੀਆ ਵਾਲੀਆ ਦੇਸ਼ ਦਿਆ, ਗਈ ਪਤਝੜ ਕਰ ਬਹਾਰ ਦੀ ਗੱਲ। ਕਲੀਆਂ ਕਚੀਆਂ ਨੂੰ ਏਥੇ ਤੋੜ ਲੈਂਦੇ, ਏਦੋਂ ਵੱਧ ਕੀ ਹੋਣ ਆਜ਼ਾਰ ਦੀ ਗੱਲ। ਇਕ ਗੱਲ ਕਰਕੇ ਗੱਲ ਜਿੱਤ ਲੈਂਦੇ, ਇਕ ਜਿੱਤ ਨੂੰ ਪਈ ਏ ਹਾਰਦੀ ਗੱਲ। ਇਕ ਗੱਲ ਹੈ ਗਲੇ ਦਾ ਹਾਰ ਬਣਦੀ, ਇਕ ਗੱਲ ਹੈ ਜੀਵਨ ਸਵਾਰਦੀ ਗੱਲ। ਪਰ ਇਸ ਵੇਲੇ ਤੇ ਗੱਲ ਹੈ ਇਹ, ‘ਤਾਇਰ’ ਰਲ ਮਿਲ ਸੋਚੀਏ ਦੇਸ਼ ਪਿਆਰ ਦੀ ਗੱਲ। ਉਲੂ ਸਦਾ ਉਜਾੜਾ ਨੂੰ ਮੰਗਦੇ ਨੇ, ਮੋਰ ਕਰਦਾ ਏ ਅਬਰੇ ਬਹਾਰ ਦੀ ਗੱਲ। ਤਿਆਗੀ ਉਹ ਜੋ ਕਰੇ ਤਿਆਗ ਦੀ ਗੱਲ, ਸਖੀ ਉਹ ਜੋ ਕਰੇ ਉਪਕਾਰ ਦੀ ਗੱਲ। ਪੰਡਿਤ ਉਹ ਜੋ ਸਭ ਨੂੰ ਗਿਆਨ ਦੇਵੇ, ਨੇਤਾ ਉਹ ਜੇ ਕਰੇ ਵਿਚਾਰ ਦੀ ਗੱਲ। ਰਾਜਾ ਉਹ ਜੋ ਕਰੇ ਇਨਸਾਫ਼ ਨੂੰ ਪੂਰਾ, ਦਾਤਾ ਉਹ ਜੋ ਕਰੇ ਦਾਤਾਰ ਦੀ ਗੱਲ। ਖ਼ਾਦਮ ਖ਼ਿਦਮਤਾਂ ਦੀ ਸਦਾ ਗੱਲ ਕਰਦੇ, ਠਗ ਕਰਦੇ ਨੇ ਚੋਰ ਬਾਜ਼ਾਰ ਦੀ ਗੱਲ। ਆਲਮ ਗੱਲ ਕਰਦਾ ਸਦਾ ਪੁਸਤਕਾਂ ਦੀ, ਜ਼ਾਲਮ ਕਰਦਾ ਹੈ ਸਦਾ ਸ਼ਿਕਾਰ ਦੀ ਗੱਲ। ਜਾਲੀ ਪੰਛੀਆਂ ਨੂੰ ਸਦਾ ਕੈਦ ਕਰਦਾ, ਮਾਲੀ ਕਰਦਾ ਹੈ ਸਦਾ ਗੁਲਜ਼ਾਰ ਦੀ ਗੱਲ। ਮਾਇਆ ਪਿੱਛੇ ਤੇ ਲੱਗਦੇ ਲੋਕ ਸਾਰੇ, ਵਿਰਲਾ ਸੁਣਦਾ ਹੈ ਏਥੇ ਬੇਕਾਰ ਦੀ ਗੱਲ। ਜੀਭ ਨਾਲ ਗੱਲ ਕਰੋੜ ਹੁੰਦੀ, ਮਾਅਨੇਖੇਜ਼ ਹੈ ਹੁੰਦੀ ਇਸ਼ਾਰੇ ਦੀ ਗੱਲ। ਅੱਜ ਤੱਕ ਹਕੀਮ ਨਾ ਸਮਝ ਸਕਿਆ, ਬੇਕਰਾਰ ਜਾਂ ਤੜਫਦੇ ਪਾਰੇ ਦੀ ਗੱਲ। ਗੱਲ ਦੁਸ਼ਮਣ ਦੀ ਸ਼ਾਂਤੀ ਤੇ ਰੜਕਦੇ ਰਹੇ, ਮਿੱਠੀ ਲੱਗਦੀ ਸੱਜਣ ਪਿਆਰੇ ਦੀ ਗੱਲ। ਝੱਟ ਜ਼ਿੰਦਗੀ ਦਾ ਨਕਸ਼ਾ ਦਸ ਦਿੰਦੀ, ਟੁੱਟਦੇ ਹੋਏ ਅਸਮਾਨ ਦੇ ਤਾਰੇ ਦੀ ਗੱਲ। ਇਕ ਗੱਲ ਹੈ ਜੀਵਨ ਤਲਾਸ਼ ਕਰਦੀ, ਇਕ ਮੌਤ ਨੂੰ ਹੈ 'ਵਾਜ਼ਾਂ ਮਾਰਦੀ ਗੱਲ। ਇਕ ਗੱਲ ਹੈ ਕਾਂਜੀ ਦੀ ਛਿੱਟ ‘ਤਾਇਰ’, ਇਕ ਦੁੱਧ 'ਚੋਂ ਪਾਣੀ ਨਿਤਾਰਦੀ ਗੱਲ। ਧਨੀ ਕਰਦਾ ਹੈ ਗੱਲ ਖ਼ਜ਼ਾਨਿਆਂ ਦੀ, ਕਰਦਾ ਮਿਹਨਤੀ ਸੜੇ ਨਸੀਬ ਦੀ ਗੱਲ। ਵਾਪਸ ਕਦੇ ਨਾ ਮੁੜ ਕੇ ਆਵਦੀ ਏ, ਨਿਕਲ ਜਾਏ ਜੇ ਇਕ ਵਾਰ ਜੀਭ ਦੀ ਗੱਲ। ਹੁਸਨ ਸਦਾ ਮਜ਼ਾਕਾਂ ਦੀ ਗੱਲ ਕਰਦਾ, ਆਸ਼ਕ ਕਰਦਾ ਏ ਹਬੀਬ ਦੀ ਗੱਲ। ਲਚਕਦਾਰ ਅਮੀਰ ਦੀ ਗੱਲ ਹੋਵੇ, ਵਜਨਦਾਰ ਹੈ ਹੁੰਦੀ ਗ਼ਰੀਬ ਦੀ ਗੱਲ। ਲਾਰੇ ਲਪਿਆਂ ਦੀ ਗੱਲ ਹੋਏ ਮਿੱਠੀ, ਸਾਫ਼ ਤਲਖ਼ ਹੈ ਹੁੰਦੀ ਇਨਕਾਰ ਦੀ ਗੱਲ। ਦੁਸ਼ਮਣ ਜਿਬਾ ਵੀ ਕਰ ਦਏ ਤੇ ਰੰਜ ਕੀ ਏ, ਦਿਲ ਨੂੰ ਤੋੜਦੀ ਏ ਦਿਲ ਦੇ ਯਾਰ ਦੀ ਗੱਲ। ਗੱਲ ਮਾਂ ਦੀ ਹਰ ਕੋਈ ਮੋੜ ਦਿੰਦਾ, ਕੌਣ ਮੋੜਦਾ ਹੈ ਆਪਣੀ ਨਾਰ ਦੀ ਗੱਲ। ਗੱਲ ਪਿਓ ਦੀ ਮੋੜਨੀ ਸਾਹਿਲ ਹੁੰਦੀ, ਪਰ ਕੌਣ ਮੋੜਦਾ ਏ ਬਰਖ਼ੁਰਦਾਰ ਦੀ ਗੱਲ। ਮਤਾ ਰੋਟੀਓਂ ਨਾ ਜਵਾਬ ਮਿਲ ਜਾਏ, ਮੰਨਣੀ ਪੈਂਦੀ ਏ ਆਪਣੀ ਸਰਕਾਰ ਦੀ ਗੱਲ। ਇਹ ਨਾ ਹੋਵੇ ਤੇ ਜੁਗ ਤੋਂ ਮੁੱਕ ਜਾਏ, ਪਾਪ ਪੁੰਨ ਕਮਾਈ ਤੇ ਕਾਰ ਦੀ ਗੱਲ। ਜਦ ਦੀ ਲੜ ਲੱਗੀ ਤਦ ਦੀ ਮਾਰ ਵੱਗੀ, ਸੁਣਨੀ ਪੈਂਦੀ ਏ ਲੱਖ ਹਜ਼ਾਰ ਦੀ ਗੱਲ। ਮੈਨੂੰ ਰੋਟੀਆਂ ਦਾ ਫ਼ਿਕਰ ਪਿਆ ‘ਤਾਇਰ', ਤੁਸੀਂ ਕਰਦੇ ਓ ਤਸਬੀ ਜਨ ਨਾਰ ਦੀ ਗੱਲ।

ਬਹੁਤ ਬੁਰਾ ਭਾਈ...

ਬਹੁਤ ਬੁਰਾ ਭਾਈ ਬਹੁਤ ਬੁਰਾ ਭਾਈ ਬਹੁਤ ਬੁਰਾ ਪੂਰਨ ਕਾਲੀ ਦਾਸ ਦਾ ਤੇ ਵਾਰਿਸ ਸ਼ਾਹ ਦੀ ਹੀਰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ, ਖਿੱਚ ਦਿੱਤੀ ਤਸਵੀਰ। ਸੋਹਣੀ ਫ਼ਜ਼ਲ ਹੁਸੈਨ ਦੀ, ਤੇ ਭਗਤ ਕਬੀਰ ਦੇ ਗੀਤ, ਨਾਟਕ ਕਾਲੀ ਦਾਸ ਦਾ, ਮਨ ਕਰ ਦਏ ਪ੍ਰਤੀਤ। ਕਵਿਤਾ ਪੜ੍ਹੇ ਟੈਗੋਰ ਦੀ, ਜਾਂ ਪੜ੍ਹ ਕੇ ਇਕਬਾਲ, ਫੇਰ ਸ਼ਾਇਰ ਦਾ ਫ਼ਰਜ਼ ਹੈ ਆਪਣਾ ਲਿਖੇ ਖ਼ਿਆਲ। ਨਫ਼ਰਤ ਵੈਰ ਲੜਾਈ ਦਾ ਜੇ ਬੀਜ ਬੋਇਆ ਤੇ ਬਹੁਤ ਬੁਰਾ। ਟੁੱਟਦੀ ਰਾਤੇ ਸ਼ਿਖ਼ਰ ਬਨੇਰੇ ਉੱਲੂ ਰੋਇਆ ਬਹੁਤ ਬੁਰਾ। ਸੂਰਜ ਚੜ੍ਹੇ ਰਜਾਈ ਲੈ ਕੇ ਪੰਡਿਤ ਸੋਇਆ ਬਹੁਤ ਬੁਰਾ। ਬੇਅਕਲਾਂ ਨੂੰ ਲਾਰਾ ਦੇ ਕੇ ਧਨ ਖੋਇਆ ਬਹੁਤ ਬੁਰਾ। ਘਰ ਦਾ ਭੇਦੀ ਦੁਸ਼ਮਣ ਬਣ ਕੇ ਸਾਹਮਣੇ ਹੋਇਆ ਬਹੁਤ ਬੁਰਾ। ਸਾਥੀ ਬਣ ਕੇ ਰਾਹਾਂ ਅੰਦਰ ਦਿੱਤਾ ਟੋਇਆ ਬਹੁਤ ਬੁਰਾ। ਬਹੁਤ ਬੁਰਾ ਭਾਈ ਬਹੁਤ... ... ... ... । ਹੱਟੀ ਵਾਲੇ ਜਾਣ ਬੁੱਝ ਕੇ ਘੱਟ ਤੋਲਿਆ ਤੇ ਬਹੁਤ ਬੁਰਾ। ਬਿਨਾਂ ਵਜ੍ਹਾ ਹੀ ਕਸਮਾਂ ਖਾ ਕੇ ਝੂਠ ਬੋਲਿਆ ਬਹੁਤ ਬੁਰਾ। ਇੱਜ਼ਤ ਵਾਲਾ ਹੀਰਾ ਮਿੱਟੀ ਵਿਚ ਰੋਲਿਆ ਬਹੁਤ ਬੁਰਾ। ਵੈਰੀ ਨੂੰ ਜੇ ਸਮਝ ਕੇ ਸੱਜਣ ਰਾਜ ਖੋਲ੍ਹਿਆ ਬਹੁਤ ਬੁਰਾ। ਧਨ ਕਿਸੇ ਦਾ ਵੇਖ ਕੇ ਆਪਣਾ ਸੀਨਾ ਸਲਿਆ ਬਹੁਤ ਬੁਰਾ। ਝੂਠ ਪਾਠ ਅਪਰਾਧ ਦਾ ਬੂਟਾ ਜੇ ਫਲਿਆ ਤੇ ਬਹੁਤ ਬੁਰਾ। ਫੁੱਲ ਬਾਗ਼ ਦਾ ਓ ਬੇਦਰਦਾ ਅੱਗ ਵਿਚ ਜਲਿਆ ਬਹੁਤ ਬੁਰਾ। ਰਾਜ ਦਾ ਆਪਣੇ ਦੇਸ਼ ਦੇ ਅੰਦਰ ਤੇਜ ਜੇ ਢਲਿਆ ਬਹੁਤ ਬੁਰਾ। ਸੱਜਣ ਨੂੰ ਜੇ ਦੁਸ਼ਮਣ ਦੇ ਹੱਥ ਸੁਨੇਹਾ ਘਲਿਆ ਬਹੁਤ ਬੁਰਾ। ਬਹੁਤ ਬੁਰਾ ਭਾਈ ਬਹੁਤ... ... ... ... । ਸ਼ਾਦੀ ਹੋਵੇ ਜਿਸ ਘਰ ਅੰਦਰ ਉਥੇ ਰੋਣਾ ਬਹੁਤ ਬੁਰਾ। ਮੌਤ ਦੇ ਉੱਤੇ ਹੱਸ ਹੱਸ ਕੇ ਤੇ ਲਟੂ ਹੋਣਾ ਬਹੁਤ ਬੁਰਾ। ਖੋਟੀ ਨੀਅਤ ਨਾਲ ਕਿਸੇ ਦੀ ਸ਼ੈਅ ਨੂੰ ਛੋਨਾ ਬਹੁਤ ਬੁਰਾ। ਸੱਪ ਮੈਹਾਂ ਸੰਸਾਰ ਭੂਤਰੇ ਨਿਸ਼ਚੈ ਕਰਨਾ ਬਹੁਤ ਬੁਰਾ। ਔਰਤ ਅੰਨ੍ਹੇ ਬੋਲੇ ਖੁਸਰੇ ਨਾਲ ਹੈ ਲੜਨਾ ਬਹੁਤ ਬੁਰਾ। ਬਿਨਾਂ ਦਲੀਲੋਂ ਬਹਿਸ ਨਿਕੰਮੀ ਸਿਰ 'ਤੇ ਚੜ੍ਹਨਾ ਬਹੁਤ ਬੁਰਾ। ਬਿਨਾਂ ਇੱਜ਼ਤ ਦੇ ਇਸ ਜਗਤ ਵਿਚ ਜੀਣਾ ਮਰਨਾ ਬਹੁਤ ਬੁਰਾ। ਡਰ ਜੇ ਸਾਹਮਣੇ ਆ ਜਾਵੇ ਤੇ ਡਰ ਤੋਂ ਡਰਨਾ ਬਹੁਤ ਬਹੁਤ ਬੁਰਾ। ਬਹੁਤ ਬੁਰਾ ਭਾਈ ਬਹੁਤ... ... ... ... । ਬੇਅਕਲਾਂ ਦੀ ਮਜਲਿਸ ਅੰਦਰ ਪੀਣਾ ਖਾਣਾ ਬਹੁਤ ਬੁਰਾ । ਸਖੀ ਦੇ ਨਾਲ ਸਲਾਮ ਹੀ ਚੰਗੀ ਸੂਮ ਦਾ ਦਾਨਾ ਬਹੁਤ ਬੁਰਾ। ਅਦਲ ਨੂੰ ਗਦੀਓ ਕਰੇ ਸ਼ਿਫ਼ਾਰਸ਼ ਅਫ਼ਸਰ ਕਾਣਾ ਬਹੁਤ ਬੁਰਾ। ਟਿਚਕਰ ਨਾਲ ਗ਼ਰੀਬ ਨਾ ਕਰੀਏ ਉਹ ਸਤਾਇਆ ਬਹੁਤ ਬੁਰਾ। ਬਿਨਾਂ ਮੁਰਾਦੋ ਦਰੋਂ ਸਵਾਲੀ ਜਾਏ ਖ਼ਾਲੀ ਬਹੁਤ ਬੁਰਾ। ਮਾਲੀ ਹੁੰਦਿਆਂ ਬਾਗ਼ ਅੰਦਰ ਸੁੱਕੇ ਡਾਲੀ ਬਹੁਤ ਬੁਰਾ। ਫੜ ਕੇ ਪੰਛੀ ਖੰਭ ਤੋੜ ਦਏ ਓ ਹੈ ਜਾਲੀ ਬਹੁਤ ਬੁਰਾ। ਅਤਿਆਚਾਰੀ ਜ਼ਾਲਿਮ ਪਾਪੀ ਦੇਸ਼ ਦਾ ਵਾਲੀ ਬਹੁਤ ਬੁਰਾ। ਬੇਇਤਬਾਰਾ ਕ੍ਰਿਤਘਨ ਤੇ ਚੋਰ ਸਵਾਲੀ ਬਹੁਤ ਬੁਰਾ। ਸਾਹਨ, ਕਾਹਨ, ਭਲਵਾਨ ਮਦਾਰੀ ਢਿੱਡੋਂ ਖ਼ਾਲੀ ਬਹੁਤ ਬੁਰਾ। ਲੀਡਰ ਹੋ ਕੇ ਭਿਖ ਨੂੰ ਮੰਗੇ ਬਗਲੀ ਪਾਏ ਬਹੁਤ ਬੁਰਾ। ਫ਼ੱਕਰ ਹੋ ਕੇ ਗ੍ਰਿਸਤ 'ਤੇ ਆਸ ਲਗਾਏ ਬਹੁਤ ਬੁਰਾ। ਆਸ਼ਕ ਹੋ ਕੇ ਗ਼ੈਰ ਦੇ ਦਰ 'ਤੇ ਅਲਖ ਜਗਾਏ ਬਹੁਤ ਬੁਰਾ। ਸ਼ਾਇਰ ਹੋ ਕੇ ਦੌਲਤ ਲਭੇ ਹੱਥ ਫੈਲਾਏ ਬਹੁਤ ਬੁਰਾ। ਬਹੁਤ ਬੁਰਾ ਭਾਈ ਬਹੁਤ... ... ... ... ।

ਜੇ ਕਰ ਇਸ਼ਕ ਦੇ...

ਜੇ ਕਰ ਇਸ਼ਕ ਦੇ ਹਿੱਸੇ ਸੌਦਾ ਆਇਆ, ਹਿੱਸੇ ਪਿਆਰ ਦੇ ਮਿਹਰੋਂ ਵਫ਼ਾ ਆਏ। ਹਿੱਸੇ ਹੁਸਨ ਦੇ ਆਇਆ ਨਾਜ ਨੱਖਰਾ, ਹਿੱਸੇ ਦਿਲ ਦੇ ਜਲਨ ਤਪਾ ਆਏ। ਹਿੱਸੇ ਅਕਲ ਦੇ ਸਮਝ ਤੇ ਸੋਚ ਆਈ, ਸੋਹਣੀ ਸੂਰਤ ਦੇ ਹਿੱਸੇ ਹਿਆ ਆਏ। ਆਈਆਂ ਹੁਸਨ ਦੇ ਹਿੱਸੇ ਵਿਚ ਦੌਲਤਾਂ ਨੇ, ਤੇ ਮਿਹਨਤਾਂ ਹਿੱਸੇ ਉਤਸ਼ਾਹ ਆਏ। ਹਿੱਸੇ ਸਿਦਕ ਦੇ ਸਬਰ ਕਰਾਰ ਆਇਆ, ਬੇਯਕੀਨੀ ਦੇ ਹਿੱਸੇ ਵਲਾ ਆਏ। ਜਿਵੇਂ ਜੋਗੀ ਦੇ ਹਿੱਸੇ ਵਿਚ ਜਬਤ ਆਇਆ, ਐਵੇਂ ਸੋਗੀ ਦੇ ਹਿੱਸੇ ਸੌਦਾ ਆਏ। ਹਿੱਸੇ ਫੁੱਲ ਦੇ ਜਿਵੇਂ ਖ਼ੁਸਬੂ ਆਏ, ਹਿੱਸੇ ਮੌਰ ਦੇ ਕਾਲੀ ਘਟਾ ਆਏ। ਆਈਆਂ ਪਰਬੱਤਾਂ ਹਿੱਸੇ ਖ਼ਾਮੋਸ਼ੀਆਂ ਨੇ, ਵੱਡੇ ਪੁਰਸ਼ਾਂ ਦੇ ਹਿੱਸੇ ਝੁਕਾ ਆਏ। ਆਈਆਂ ਨੇਕੀ ਦੇ ਹਿੱਸੇ ਵਿਚ ਬਰਕਤਾਂ ਨੇ, ਜਿਵੇਂ ਹਿਕਮਤ ਦੇ ਹਿੱਸੇ ਸ਼ਫ਼ਾ ਆਏ। ਦਾਨੀ ਪੁਰਸ਼ ਦੇ ਹਿੱਸੇ ਦਯਾ ਆਈ, ਹਿੱਸੇ ਸਾਧ ਦੇ ਸੀਤਲ ਸੁਭਾਅ ਆਏ। ਹਿੱਸੇ ਨਿੰਦਕਾਂ ਦੇ ਆਏ ਚੁਗਲਖੋਰੀ, ਹਿੱਸੇ ਬਦੀ ਦੇ ਕਹਿਰ ਬਲਾ ਆਏ। ਹਿੱਸੇ ਧਰਮ ਦੇ ਆਈ ਇਮਾਨਦਾਰੀ, ਹਿੱਸੇ ਕਰਮ ਦੇ ਉਹਦੀ ਰਜਾ ਆਏ। ਹਿੱਸੇ ਜ਼ੁਲਮ ਦੇ ਪਾਪ ਅਪਰਾਧ ਆਇਆ, ਤੇ ਮਜਲੂਮ ਦੇ ਹਿੱਸੇ ਵਿਚ ਹਾਅ ਆਏ। ਹਰ ਮੌਤ ਦੇ ਹਿੱਸੇ ਵਿਚ ਨਵਾਂ ਜੀਵਨ, ਹਰ ਜ਼ਿੰਦਗੀ ਦੇ ਹਿੱਸੇ ਕਜਾ ਆਏ। ਹਿੱਸੇ ਆਈ ਹਕੀਕਤ ਦੇ ਧਰਮ ਰਕਸ਼ਾ, ਹਿੱਸੇ ਕਾਜੀਆਂ ਜੋਰੇ ਜਫ਼ਾ ਆਏ। ਜਿਸ ਨੇ ਕੌਮ ਨੂੰ ਜ਼ਿੰਦਗੀ ਬਖ਼ਸ਼ ਦਿੱਤੀ, ਘਰ ਘਰ ਦੇ ਵਿੱਚੋਂ ਸਦਾ ਆਏ। ‘ਤਾਇਰ’ ਜੀਨਾ ਤੇ ਹਰ ਕੋਈ ਜਾਣਦਾ ਏ, ਮਜ਼ਾ ਤਦ ਹੈ ਮਰਨ ਦਾ ਮਜ਼ਾ ਆਏ।

ਓਦੋਂ ਸਮਝੋ ਸ਼ਨਿਚਰ...

ਜਦੋਂ ਭੁੱਖਿਆਂ/ਮੁਹਤਾਜਾਂ ਦਾ ਕੋਈ ਨਾ ਆਸਰਾ ਹੋਵੇ। ਮੁਸੀਬਤ ਵਿਚ ਨਾ ਦਰਦੀ, ਕੋਈ ਵੀ ਦੂਸਰਾ ਹੋਵੇ। ਜੋ ਅੱਥਰੂ ਪੂੰਝ ਦਵੇ ਕੋਈ ਨਾ ਐਸਾ ਭਰਾ ਹੋਵੇ । ਭਲਾਈ ਦਾ ਨਤੀਜਾ ਜਿਸ ਵਕਤ ਸਮਝੋ ਬੁਰਾ ਹੋਵੇ। ਜ਼ੁਬਾਨ ਤੇ ਕੌਲ ਦਾ ਇਤਬਾਰ ਨਾ ਹੋਵੇ ਜ਼ਮਾਨੇ ਵਿਚ, ਓਦੋਂ ਸਮਝੋ ਸ਼ਨਿਚਾਰ ਬਹਿ ਗਿਆ ਮੰਗਲ ਦੇ ਖ਼ਾਨੇ ਵਿਚ। ਜੇ ਸੋਨੇ ਨੂੰ ਪਾਵੇ ਹੱਥ ਆਦਮੀ, ਉਹਦੀ ਸਵਾ ਬਣ ਜਾਏ। ਉਧਰ ਬਿਪਤਾ ਬਣੇ ਕੋਈ ਉਹਦਾ ਝੂਠਾ ਗਵਾਹ ਬਣ ਜਾਏ। ਜੇ ਅੱਥਰੂ ਦਾ ਬਣੇ ਸ਼ੋਲਾ ਤੇ ਹਰ ਇਕ ਸਾਹ ਦੀ ਹਾਅ ਬਣ ਜਾਏ। ਜਦੋਂ ਫੁੱਲਾਂ ਦੀ ਲੱਦੀ ਸੇਜ ਇਕ ਸੂਲੀ ਜਾਂ ਫਾਹ ਬਣ ਜਾਏ। ਮਕਾਰੀ ਝੂਠ ਦਾ ਦਖ਼ਲ ਜਦੋਂ ਹੋਵੇ ਯਾਰ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਨਿਆਣਾ ਦੁੱਧ ਨੂੰ ਤਰਸੇ ਕਿਧਰੇ ਉਧਾਰ ਨਾ ਲੱਭੇ । ਜਨਾਨੀ ਨੂੰ ਅਮੀਰਾਂ ਦੇ ਘਰਾਂ ਵਿਚ ਕਾਰ ਨਾ ਲੱਭੇ । ਦਰਦ ਤੜਫ਼ੇ ਤੇ ਕੁਰਲਾਏ ਕਿਤੋਂ ਵੀ ਪਿਆਰ ਨਾ ਲੱਭੇ। ਕਿਸੇ ਮਜਲਿਸ ਸੁਸਾਇਟੀ 'ਚੋਂ ਜ਼ਰਾ ਸਤਿਕਾਰ ਨਾ ਲੱਭੇ। ਜੇ ਪੈ ਕੇ ਖ਼ੈਰ ਡੁੱਲ ਜਾਏ ਫੱਟੇ ਕੱਪੜੇ ਪੁਰਾਣੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਜੇ ਘਰ ਦੇ ਵਿਚ ਵਿਆਹ ਹੋਵੇ ਤੇ ਪੈਸਾ ਕੋਲ ਨਾ ਹੋਵੇ। ਮੁਸੀਬਤ ਦੀ ਕਹਾਣੀ ਵੀ ਜ਼ਬਾਨ ਤੋਂ ਫੋਲ ਨਾ ਹੋਵੇ। ਤਸੱਲੀ ਵਾਸਤੇ ਸੱਜਣਾਂ ਦਾ ਮਿੱਠਾ ਬੋਲ ਨਾ ਹੋਵੇ। ਜੇ ਤੇਹ ਲੱਗੇ ਤੇ ਖੂਹ ਉੱਤੇ ਕੋਈ ਲੱਜ ਡੋਲ ਨਾ ਹੋਵੇ। ਜਦੋਂ ਨਿਲਾਮ ਇੱਜ਼ਤ ਹੋ ਜਾਏ ਆਨੇ ਦੋ ਆਨੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਮੁਹੱਬਤ ਦੀ ਨਜ਼ਰ ਬਦਲੇ ਬਦਲ ਕੇ ਕੈਹਿਰ ਬਣ ਜਾਏ। ਲਿਖੀ ਮੱਥੇ ਦੀ ਸੜ ਜਾਏ ਜਾਂ ਅੰਮ੍ਰਿਤ ਜ਼ਹਿਰ ਬਣ ਜਾਏ। ਹਵਾ ਉਹ ਠੰਡੀ ਠੰਡੀ ਅੱਗ ਦੀ ਇਕ ਲਹਿਰ ਬਣ ਜਾਏ। ਜਦੋਂ ਦੋਜ਼ਖ਼ ਇਹ ਆਪਣਾ ਵਸਦਾ ਵਸਦਾ ਸ਼ਹਿਰ ਹੋ ਜਾਏ। ਕਲਾ ਪ੍ਰਧਾਨ ਹੋ ਜਾਏ ਜਦੋਂ ਵਸਦੇ ਘਰਾਣੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਜੇ ਦੌਲਤ ਹੱਥ ਵਿਚ ਆਏ ਤੇ ਰੇਤਾ ਵਾਂਗ ਵੱਗ ਜਾਵੇ। ਬਣੇ ਦਰਦੀ ਵਧਾ ਕੇ ਪਿਆਰ ਚੋਰਾਂ ਵਾਂਗ ਠੱਗ ਜਾਏ। ਲੱਭੇ ਨਾ ਰਾਤ ਨੂੰ ਚਾਨਣ ਦੁਪਹਿਰੀ ਦੀਵਾ ਜਗ ਜਾਏ। ਕਰੇ ਨੇਕੀ ਤੇ ਉਹਦੇ ਇਵਜ਼ ਵਿਚ ਕੋਈ ਦੂਸ਼ਣ ਲੱਗ ਜਾਏ। ਨਵਾਂ ਸੂਰਜ ਨਵਾਂ ਗ਼ਮ ਦਰਜ਼ ਹੋ ਜਾਵੇ ਫ਼ਸਾਨੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਭਰੀ ਮਜਲਿਸ ਵਿੱਚੋਂ ਦਿਲ ਦਾ ਬੇਲੀ ਯਾਰ ਉਠ ਜਾਏ। ਭਰੋਸਾ ਹਰ ਵਕਤ ਕਰੀਏ ਤੇ ਉਹ ਹਰ ਵਾਰ ਉਠ ਜਾਏ। ਸਕੇ ਭਾਈਆਂ ਦਾ ਜੋ ਹੈ ਪਿਆਰ ਜੇ ਉਹ ਪਿਆਰ ਉਠ ਜਾਏ। ਮਰਦ ਔਰਤ ਦਾ ਜੋ ਹੈ ਪਿਆਰ ਜੇ ਉਹ ਪਿਆਰ ਉਠ ਜਾਏ। ਬਿਨਾਂ ਬਦਲੋਂ ਗਿਰੇ ਬਿਜਲੀ ਜੇ ਵਸਦੇ ਘਰਾਨੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... । ਬਹੁਦ ਦਰਦੀਲੇ ਕਿੱਸੇ ਹੋਣ ਜੀਵਨ ਦੀ ਕਹਾਣੀ ਦੇ। ਉਹ ਟੁੱਟ ਜਾਣ ਸਾਜ ਸਾਰੇ ਹੌਲੀ ਹੌਲੀ ਜ਼ਿੰਦਗਾਣੀ ਦੇ। ਉਪਰ ਗੁਰਬਤ ਹੋਵੇ ਤੇ ਭੁੱਖ ਹੋਵੇ ਤੇ ਹੋਵਣ ਦਿਨ ਜਵਾਨੀ ਦੇ। ਸ਼ਰੀਕਾ ਬੋਲੀਆਂ ਮਾਰੇ ਵਜਣ ਤਾਅਨੇ ਜਨਾਨੀ ਦੇ। ਲਬਾਂ ਕੋਲ ਜਾਮ ‘ਤਾਇਰ’ ਛੇਕ ਪੈ ਜਾਏ ਪੈਮਾਨੇ ਵਿਚ, ਉਦੋਂ ਸਮਝੋ ਸ਼ਨਿਚਰ... ... ... ... ... ।

ਰਹੀਆਂ ਰੌਣਕਾਂ

ਰਹੀਆਂ ਰੌਣਕਾਂ ਸਦਾ ਅਸਮਾਨ ਉੱਤੇ, ਬਿਜਲੀ ਚਮਕਦੀ ਤੇ ਬਦਲ ਗਜਦੇ ਰਹੇ। ਏਸੇ ਤਰ੍ਹਾਂ ਜ਼ਮੀਨ ’ਤੇ ਰਹਿਣ ਵਾਲੇ, ਇਕ ਦੂਜਿਆਂ ਦੇ ਪਰਦੇ ਕਰਦੇ ਰਹੇ। ਮੈਖ਼ਾਨਿਆਂ ਦੇ ਵਿਚ ਹਿੰਦੂ ਬੈਠੇ, ਸੂਫ਼ੀ ਮਸਜਿਦਾਂ ਦੇ ਵਿਚ ਸਜਦੇ ਰਹੇ। ਗਾਜੀ ਲੋਕ ਮੈਦਾਨਾਂ ਵਿਚ ਰਹੇ ਲੜਦੇ, ਮੂਜੀ ਭਾਜੜਾਂ ਖਾ ਕੇ ਭੱਜਦੇ ਰਹੇ। ਹਾਸਦ ਹਸਦ ਦੀ ਅੱਗ ਵਿਚ ਸੜਨ ‘ਤਾਇਰ’, ਤੂੰਬੇ ਆਸ਼ਕਾਂ ਦੇ ਸਦਾ ਵਜਦੇ ਰਹੇ। ਭੋਗੀ ਲੋਕ ਸੰਸਾਰ ਅੰਦਰ ਭੋਗ ਭੋਗਦੇ, ਜੋਗੀ ਸਦਾ ਸੰਸਾਰ ਨੂੰ ਤਜਦੇ ਰਹੇ।

ਬੋਝ ਚੁੱਕ ਕੇ

ਬੋਝ ਚੁੱਕ ਸਿਰ ਤੇ ਕੀ ਤੁਰਨਾ, ਜ਼ਿੰਦਗੀ ਹੈ ਬੇਸਾਮਾਨਿਆਂ ਦੀ। ਗੱਲ ਨਾਲ ਜਵਾਨੀ ਦੇ ਮੁੱਕ ਜਾਂਦੀ, ਗੁਲੋ ਬੁਲਬੁਲ ਦੀ ਤੇ ਯਾਰਾਣਿਆਂ ਦੀ। ਰੌਣਕ ਅਰਸ਼ 'ਤੇ ਰਹੀ ਸਿਤਾਰਿਆਂ ਦੀ, ਰੌਣਕ ਫ਼ਰਸ਼ 'ਤੇ ਰਹੀ ਮੈਹਿਖ਼ਾਣਿਆਂ ਦੀ। ਏਸ ਕਥਾ ਜਿਹੀ ਹੋਰ ਨਹੀਂ ਕਥਾ ਯੁਗ 'ਤੇ ਕਥਾ ਜੋ ਹੈ ਸ਼ਮ੍ਹਾ ਪਰਵਾਣਿਆਂ ਦੀ। ਜਿੰਨੇ ਜੰਮ ਕੇ ਮਸਤੀਆਂ ਵੇਖੀਆਂ ਨਹੀਂ, ਇਸ ਜੱਗ ਉੱਤੇ ਉਹ ਇਨਸਾਨ ਕੀ ਏ। ਘੁੱਟ ਪੀ ਕੇ ‘ਤਾਇਰ' ਜੀ ਵੇਖ ਲਈ ਦਾ, ਇਹ ਇਨਸਾਨ ਕੀ ਏ ਤੇ ਭਗਵਾਨ ਕੀ ਏ। ਉਤਰ ਜਾਏ ਤੇ ਕੀ ਹੈ ਨਸ਼ਾ ਹੁੰਦਾ, ਵਿਸਰ ਜਾਏ ਤੇ ਉਹ ਹੈ ਨਾਮ ਕਾਹਦਾ। ਜਿਹੜਾ ਖ਼ੁਸ਼ੀ ਵਰਤਾਏ ਨਾ ਮਹਿਫ਼ਲਾਂ ਵਿਚ, ਉਹ ਹੈ ਫ਼ੈਜੋ ਮੁਹੱਬਤ ਦਾ ਜਾਮ ਕਾਹਦਾ। ਇੰਤਜ਼ਾਰ ਨੂੰ ਜੋ ਨਾ ਖ਼ਤਮ ਕਰ ਦਏ, ਕਿਸੇ ਸੱਜਣ ਦਾ ਉਹ ਪੈਗ਼ਾਮ ਕਾਹਦਾ। ਘੜੀ ਭਰ ਜੋ ਆਰਾਮ ਦੇਵੇ, ਉਹ ਐਸ਼ ਆਨੰਦ ਆਰਾਮ ਕਾਹਦਾ। ਰੂਹ ਬੁੱਤ ਵਾਲੀ ਕੱਚੀ ਹੈ ਯਾਰੀ, ਪੱਕੀ ਯਾਰੀ ਤੇ ਰੋਜੇ ਹਿਸਾਬ ਦੀ ਏ। ਗੁਨ੍ਹਾਗਾਰੀਆਂ ਦੇ ਪਰਦੇ ਧੋਣ ਦੇ ਲਈ, ਲੋੜ ‘ਤਾਇਰ’ ਨੂੰ ਜਾਮੇ ਸ਼ਰਾਬ ਦੀ ਏ। ਨਿਰਾ ਭਜਨ ਤੇ ਬੰਦਗੀ ਜੀਵਨ ਨਹੀਂ, ਦਰਅਸਲ ਇਹ ਕੈਦ ਭਗਵਾਨ ਦੀ ਏ। ਨਿਰਾ ਪਾਪ ਅਪਰਾਧ ਦਰਿੰਦਗੀ ਏ, ਸਭ ਤਾਬਿਆ ਮਰਜ਼ੀ ਸ਼ੈਤਾਨ ਦੀ ਏ। ਖਾਣਾ ਖਟਣਾ ਭੋਗਣਾ ਮਰ ਜਾਣਾ, ਏਹੋ ਜੂਨ ਨਿਕੰਮੀ ਇਨਸਾਨ ਦੀ ਏ । ਲੋਕ ਵਿਚ ਪਰਲੋਕ ਲਈ ਕੁਝ ਕਰਨਾ, ਗੱਲ ਜੱਚੀ ਨਾ ਵੇਦ ਪੁਰਾਣ ਦੀ ਏ। ਮਾਲਾ ਨਾਲ ਨਹੀਂ ਕਦੇ ਸਵਰਗ ਮਿਲਿਆ, ਜੇ ਤੂੰ ਕਿਸੇ ਦਾ ਕੁਝ ਸਵਾਰਿਆ ਨਹੀਂ। ਤੇਰਾ ਜਾਮੇ ਸ਼ਰਾਬ ਬੇਕਾਰ ‘ਤਾਇਰ’, ਜੇ ਤੂੰ ਸਿਰ ਤੋਂ ਫ਼ਰਜ਼ ਉਤਾਰਿਆ ਨਹੀਂ।

ਆਇਆ ਸਾਵਨ

ਆਇਆ ਸਾਵਨ ਸੁਚੱਜਾ ਪਿਆਰੀਏ ਨੀ, ਅਸੀਂ ਅੰਮ੍ਰਿਤ ਛੁਪਾ ਕੇ ਰੱਖਿਆ ਏ। ਗੁੜ ਸੱਕ ਛਿੱਲੜ ਸੰਤਰੇ ਦੇ, ਅਸਾਂ ਮੱਟ ਦਬਾ ਕੇ ਰੱਖਿਆ ਏ। ਠੇਕੇਦਾਰਾਂ ਪਿਆਰਿਆਂ ਸਾਰਿਆਂ ਨੇ, ਸਾਡਾ ਦਿਲ ਭਰਮਾ ਕੇ ਰੱਖਿਆ ਏ। ਏਸ ਚੌਦਵੇਂ ਰਤਨ ’ਤੇ ਸੱਚ ਕਹਿਣਾ, ਬੜਾ ਟੈਕਸ ਲਗਾ ਕੇ ਰੱਖਿਆ ਏ। ਚਾਰ ਚੂਲੀਆਂ ਇਹਦੀਆਂ ਲੈ ਕੇ ਤੇ, ਜਦੋਂ ਨਸ਼ੇ ਦੇ ਰਾਕਟ ਤੇ ਚੜ੍ਹੀ ਦਾ ਏ। ਪਹੁੰਚ ਜਾਈਦਾ ਝੱਟ ਅਸਮਾਨ ਅੰਦਰ, ਮੰਗਲ ਚੰਦ ਤੇ ਸੂਰਜ ਨੂੰ ਫੜੀ ਦਾ ਏ।

ਫ਼ਿਰਕਾਦਾਰੀ

ਕਦੋਂ ਨਹੀਂ ਤੂੰ ਦੇਸ਼ ਤਬਾਹ ਕੀਤਾ, ਫ਼ਿਰਕਾਦਾਰੀਏ ਗੰਧਲੇ ਜ਼ਹਿਰ ਦੀ ਏ। ਤੇਰੇ ਮਜ਼ਹਿਬੀ ਦੀਵਾਨਿਆਂ ਵੈਣ ਪਾਏ ਨੀ, ਪਟਰਾਣੀਏ ਉਜੜੇ ਸ਼ਹਿਰ ਦੀ ਏ। ਦਿਲ ਦਿਲ ਤੂੰ ਫੂਕ ਕੇ ਕਰੇ ਕੋਲਾ, ਨੀ ਚਵਾਤੀਏ ਜ਼ੁਲਮ ਤੇ ਕਹਿਰ ਦੀ ਏ। ਭਾਈ ਨਾਲ ਨਾ ਭਾਈ ਨੂੰ ਮਿਲਣ ਦਵੇ, ਨੀ ਸੁਣ ਮੌਤ ਨਿਸ਼ਾਨੀਏ ਵੈਰ ਦੀ ਏ। ਦੇਸ਼ ਭਗਤ ਨੀ ਪੁੱਟ ਕੇ ਕਬਰ ਤੇਰੀ, ਤੈਨੂੰ ਸਦਾ ਜ਼ਮੀਨ ਵਿਚ ਗੱਡਦੇ ਰਹੇ। ‘ਤਾਇਰ’ ਮਜ਼ਹਬਾਂ ਦਾ ਆਸਰਾ ਲੈਣ ਵਾਲੇ, ਤੈਨੂੰ ਮੋਈ ਨੂੰ ਕਬਰ 'ਚੋਂ ਕਢਦੇ ਰਹੇ।

ਜੂਠ ਬੁਰੀ

ਜੂਠ ਬੁਰੀ ਹੈ ਜੂਠ ਤੋਂ ਝੂਠ ਮੰਦਾ ਅਤੇ ਝੂਠ ਤੋਂ ਨਿੱਤ ਦੀ ਕੰਗ ਮੰਦੀ। ਮੰਦਾ ਵਿਹਲ ਹੈ ਵਿਹਲ ਤੋਂ ਭੁੱਖ ਮੰਦੀ ਅਤੇ ਭੁੱਖ ਤੋਂ ਹੁੰਦੀ ਹੈ ਸੰਗ ਮੰਦੀ। ਮੰਦਾ ਕਹਿਰ ਹੈ ਕਹਿਰ ਤੋਂ ਵੈਰ ਮੰਦਾ ਵੈਰ ਕੋਲੋਂ ਹੈ ਭੁਜਦੀ ਭੰਗ ਮੰਦੀ। ਮੰਦੀ ਏਕਤਾ ਟੁਟਣੀ ਦੇਸ਼ ਦੀ ਏ ਲੱਗੀ ਨਾਲ ਭਰਾਵਾਂ ਦੇ ਜੰਗ ਮੰਦੀ। ਮੰਦੀ ਹਾਰ ਹੈ ਹਾਰ ਤੋਂ ਬੁਰੀ ਭਾਜੜ ਅਤੇ ਭਾਜੜੋਂ ਕਰਮਾਂ ਦੀ ਮਾਰ ਮੰਦੀ। ਮੰਦੀ ਧੀ ਹੈ ਕੁਲ ਗਰਕ ਕਰਦੀ ਘਰ ਦਾ ਨਾਸ਼ ਕਰਦੀ ‘ਤਾਇਰ’ ਨਾਰ ਮੰਦੀ। ਦਿਲ ਚੰਗਾ ਹੈ ਦਿਲ ਤੋਂ ਨਜ਼ਰ ਚੰਗੀ ਚੰਗੀ ਸ਼ਕਲ ਤੋਂ ਅਕਲ ਮਨੁੱਖ ਦੀ ਏ। ਰਾਤ ਚੰਗੀ ਹੈ ਰਾਤ ਤੋਂ ਦਿਨ ਚੰਗਾ ਚੰਗੀ ਗੁਜ਼ਰਦੀ ਘੜੀ ਜੋ ਸੁੱਖ ਦੀ ਏ। ਫੁੱਲ ਚੰਗਾ ਹੈ ਫੁੱਲ ਤੋਂ ਫੁੱਲ ਚੰਗਾ ਚੰਗੀ ਫੁੱਲ ਕੋਲੋਂ ਛਾਂ ਰੁੱਖ ਦੀ ਏ। ਚੰਗੀ ਜੀਭ ਹੈ ਜੀਤੋ ਨਸੀਬ ਚੰਗੇ ਚੰਗੀ ਸਭ ਤੋਂ ਬੋਲੀ ਮੁੱਖ ਦੀ ਏ। ਬਾਗ਼ ਚੰਗਾ ਚੰਗੀ ਬਾਗ਼ ਤੋਂ ਰੰਗਤ ਗੁਲਜ਼ਾਰ ਦੀ ਏ। ਚੰਗਾ ਜ਼ਰ ਹੈ ਜ਼ਰ ਤੋਂ ਘਰ ਚੰਗਾ ਚੰਗੀ ਘਰ ਤੋਂ ਕੁੱਲੀ ਯਾਰ ਦੀ ਏ। ਚੰਗੀ ਜ਼ੁਲਫ਼ ਹੈ ਜ਼ੁਲਫ਼ ਤੋਂ ਮੈਂ ਚੰਗੀ ਅਤੇ ਮੈਂ ਤੋਂ ਮੈ ਦਾ ਖੁਮਾਰ ਚੰਗਾ। ਚੰਗਾ ਚੁੱਪ ਹੈ ਚੁੱਪ ਤੋਂ ਸਫ਼ਰ ਚੰਗਾ ਅਤੇ ਸਬਰ ਸਿਦਕ ਤੋਂ ਏਸਾਰ ਚੰਗਾ। ਚੰਗੀ ਸ਼ਾਨ ਹੈ ਸ਼ਾਨ ਤੋਂ ਮਾਣ ਚੰਗਾ ਚੰਗਾ ਚੰਗਿਆਂ ਵਿਚ ਸ਼ੁਮਾਰ ਚੰਗਾ। ਚੰਗੀ ਦੀਦ ਹੈ ਦੀਦ ਤੋਂ ਵਸਲ ਚੰਗਾ ਅਤੇ ਵਸਲ ਕੋਲੋਂ ਇੰਤਜ਼ਾਰ ਚੰਗਾ। ਚੰਗਾ ਹੁਸਨ ਹੈ ਹੁਸਨ ਤੋਂ ਇਸ਼ਕ ਚੰਗਾ ਅਤੇ ਇਸ਼ਕ ਤੋਂ ਹੋਰ ਆਜ਼ਾਰ ਚੰਗਾ। ਚੰਗਾ ਮਾਣ ਹੈ ਮਾਣੋ ਗਿਆਨ ‘ਤਾਇਰ’ ਐਪਰ ਸਭ ਤੋਂ ਦੇਸ਼ ਪਿਆਰ ਚੰਗਾ।

ਮੋਤੀ ਲੱਭਦੇ...

ਮੋਤੀ ਲੱਭਦੇ ਸਦਾ ਸਮੁੰਦਰਾਂ 'ਚੋਂ, ਹੀਰੇ ਲੱਭਦੇ ਨੇ ਗਹਿਰੀ ਖ਼ਾਨ ਵਿੱਚੋਂ। ਸ਼ਕਲ ਲੱਭਦੀ ਸ਼ੀਸ਼ੇ ਦੇ ਵਿਚ ਜਿਵੇਂ, ਅਕਲ ਲੱਭਦੀ ਏਵੇਂ ਗਿਆਨ ਵਿੱਚੋਂ। ਰਸ ਲੱਭਦਾ ਜਿਸ ਤਰ੍ਹਾਂ ਪੋਰੀਆਂ 'ਚੋਂ, ਮਿਠਤ ਲੱਭਦੀ ਸ਼ੀਰੀ ਜ਼ਬਾਨ ਵਿੱਚੋਂ। ਜੋਤ ਲਭੇ ਭਗਵਾਨ ਦੇ ਰੂਪ ਵਿੱਚੋਂ, ਗੁਣ ਲੱਭਦੇ ਨੇਕ ਇਨਸਾਨ ਵਿੱਚੋਂ। ਜਿਵੇਂ ਸੁੱਚ ਵਿੱਚੋਂ ਬਰਕਤ ਲਭਦੀ ਏ, ਦਯਾ ਲੱਭਦੀ ਧਰਮ ਇਮਾਨ ਵਿੱਚੋਂ। ਤੇਜ ਲੱਭਦਾ ਏ ਬ੍ਰਹਮਚਾਰੀਆਂ ਵਿੱਚੋਂ, ਅਤੇ ਸ਼ਾਂਤੀ ਲੱਭਦੀ ਏ ਦਾਨ ਵਿੱਚੋਂ। ਖ਼ੁਸ਼ੀ ਲੱਭਦੀ ਨੇਕ ਇਮਾਨ ਵਿੱਚੋਂ, ਦਿਲ ਲੱਭਦਾ ਤਰਜ਼ੇ ਬਿਆਨ ਵਿੱਚੋਂ। ਕਦੇ ਗੁਜਰ ਕੇ ਹੱਥ ਨਾ ਆਂਵਦਾ ਏ, ਗਿਆ ਵਕਤ ਤੇ ਤੀਰ ਕਮਾਨ ਵਿੱਚੋਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੇਲਾ ਰਾਮ ਤਾਇਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ