Punjabi Poetry : Mukhtiar Singh Jafar
ਪੰਜਾਬੀ ਕਵਿਤਾਵਾਂ : ਮੁਖਤਿਆਰ ਸਿੰਘ ਜ਼ਫ਼ਰ
1. ਮੰਡੀ ਵਿੱਚੋਂ ਆ ਕੇ ਬਾਪੂ
ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਓਂ ਵੇ ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ। ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ। ਜਾਪਦਾ ਹਿਸਾਬ ਤੇਰਾ ਤੇਲ ਅਤੇ ਖਾਦ ਦਾ ਵੇ ਪੂਰਾ ਨਹੀਂ ਕਣਕ ਵਿੱਚੋਂ ਹੋਇਆ। ਹਾਉਕਾ ਤੇਰੇ ਬੁੱਲਾਂ ਉੱਤੇ ਆਇਆ ਅੱਖੀਂ ਵੇਖਿਆ ਮੈਂ, ਵੇਖ ਮੈਨੂੰ ਕਾਸਤੋਂ ਲੁਕੋਇਆ। ਮੇਰੇ ਬਾਬਲਾ ਮੈਂ, ਤੇਰੇ ਮਨ ਦੀਆਂ ਜਾਣਦੀ ਹਾਂ, ਕਾਹਤੋਂ ਰੰਗ ਜਾਏ ਇੱਕ ਆਏ। ਆਸਾਂ ਲਾ ਕੇ ਤਨ ਤਾਈਂ ਪੋਹ ਮਾਘ ਕੱਕਰਾਂ ‘ਚ ਕਣਕ ਨੂੰ ਪਾਣੀ ਲਾਉਂਦੇ ਠਾਰਿਆ। ਆਖਦਾ ਸੀ ਧੀਏ ਲੈ ਕੇ ਐਤਕੀਂ ਵਿਛਾਈ ਦੇਊਂ, ਰੀਝ ਪੂਰੀ ਹੋਈ ਨਾ ਵਿਚਾਰਿਆ। ਖ਼ਸਮਾਂ ਨੂੰ ਖਾਏ ਮੇਰੀ ਬਾਬਲਾ ਵਿਛਾਈ ਪਰ ਤੇਰਾ ਵੀ ਕਿਉਂ ਮੂੰਹ ਕੁਮਲਾਏ। ਜਾਪਦਾ ਦਿਮਾਗ ਵਿੱਚ ਲਿਮਟਾਂ ਤੇ ਕੱਪੜੇ ਦੇ ਹੋਰ ਨਿੱਕੇ ਮੋਟੇ ਘੁੰਮਦੇ ਉਧਾਰ। ਸੀਨੇ ‘ਚ ਅਲੇਹ ਦੇ ਕੰਡੇ ਵਾਂਗੂੰ ਚੁਭੀ ਤੇਰੇ ਬਾਪੂ, ਪਿੱਛੋਂ ਪਈ ਸੀ ਆਵਾਜ਼ ਜੋ ਬਾਜ਼ਾਰ। ਔਖਾ ਸੌਖਾ ਪਾਣੀ ਵਾਂਗੂੰ ਪੀ ਗਿਆ ਤੂੰ ਘੁੱਟੋਬਾਟੀ, ਬੋਲ ਤੱਤੇ ਠੰਢੇ ਸੇਠ ਨੇ ਸੁਣਾਏ। ਪੁੱਤ ਜਿਵੇਂ ਧਨੀਆਂ ਦਾ ਪੈਸੇ ਦੇ ਗੁਮਾਨ ਵਿੱਚ, ਲੁੱਟ ਲੈਂਦਾ ਇੱਜਤਾਂ ਕੁਆਰੀਆਂ। ਓਵੇਂ ਤੇਰੀ ਸੋਨੇ ਜਹੀ ਕਣਕ ਬਾਪੂ ਮੰਡੀ ਵਿੱਚ, ਰਲ਼ ਲੁੱਟੀ ਸੇਠਾਂ ਸਰਕਾਰੀਆਂ। ਤੇਰੇ ਖੇਤੀਂ ਜੰਮੀ ਵੇ ਕਣਕ ਬਾਪੂ ਭੈਣ ਮੇਰੀ, ਕੌਣ ਸਾਡੀ ਇੱਜ਼ਤ ਬਚਾਏ। ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ।