Punjabi Poetry : Narinder Kumar

ਪੰਜਾਬੀ ਕਵਿਤਾਵਾਂ : ਨਰਿੰਦਰ ਕੁਮਾਰ


ਜਾਤ ਕੀ ਏ ਤੁਹਾਡੀ

ਜਾਤ ਕੀ ਏ ਤੁਹਾਡੀ ਧਰਮ ਕਿਹੜਾ ਕੀ ਤੁਸੀਂ ਕਿਸੇ ਰੋਂਦੇ ਹੋਏ ਬੱਚੇ ਨੂੰ ਛੱਡ ਲੰਘ ਜਾਂਦੇ ਹੋ ਜਾਂ ਲੰਘ ਨਹੀਂ ਹੁੰਦਾ ,ਵਾਪਸ ਪਰਤ ਆਂਦੇ ਹੋ ਮਾਂ ਬਾਪ ਬਾਰੇ ਪੁੱਛਦੇ ਓ, ਚੁੱਪ ਕਰਵਾਉਂਦੇ ਹੋ 'ਫ਼ਿਕਰ ਨਾ ਕਰ ,ਮੈਂ ਹਾਂ ਤੇਰੇ ਕੋਲ, ਰੋਈਦਾ ਨਹੀਂ ਐਵੇਂ', ਕਹਿੰਦੇ ਹੋ ਅੰਦਰੋ ਰੋਣ ਲੱਗ ਜਾਂਦੇ ਹੋ ਜਾਤ ਕੀ ਏ ਤੁਹਾਡੀ, ਧਰਮ ਕਿਹੜਾ ਕਿਸੇ ਰਾਹਗੀਰ ਦੀ ਡਿਗਦੀ ਵਸਤ ਵੇਖ ਓਹਨੂੰ ਵਾਜਾਂ ਲਾਂਦੇ ਹੋ ਡਿਗੀ ਵਸਤ ਫੜਵਾਉਣ ਲਈ ਦੌੜਾਂ ਲਾਂਦੇ ਹੋ ਕਮਲੇ ਜਿਹੇ ਹੋ ਜਾਂਦੇ ਹੋ ਜਾਤ ਕੀ ਏ ਤੁਹਾਡੀ, ਧਰਮ ਕਿਹੜਾ ਰਸਤਾ ਪੁੱਛਣ ਵਾਲੇ ਨੂੰ ਸਮਝਾ ਕੇ ਸਾਰਾ ਰਸਤਾ ਸਹੀ ਮੁੜਿਆ ਕੇ ਨਹੀਂ, ਪਿੱਛੇ ਵੇਖੀ ਜਾਂਦੇ ਹੋ ਆਪ ਕਿਧਰ ਜਾਣਾ ਸੀ, ਖੁਦ ਨੂੰ ਯਾਦ ਕਰਵਾਉਂਦੇ ਹੋ ਜਾਤ ਕੀ ਏ ਤੁਹਾਡੀ, ਧਰਮ ਕਿਹੜਾ।

ਲਗਦੈ ਜਿਵੇਂ ਧੋਖਾ ਹੋ ਗਿਆ ਏ

ਸੱਜਣਾ ਸਾਡੇ ਇੰਨਕਲਾਬ ਆ ਗਿਆ ਏ ਸਰਕਾਰ ਨਵੀਂ ਬਣ ਗਈ ਏ ਪੂਰਾ ਸਵਾਦ ਆ ਗਿਆ ਏ ਗੁੱਸਾ ਰੱਜ ਕੇ ਕੱਢਿਆ ਅਸਾਂ ਸਾਹ ਸੌਖਾ ਹੋ ਗਿਆ ਏ ਇੰਜ ਕਿਓਂ ਲਗਦੈ ਜਿਵੇਂ ਧੋਖਾ ਹੋ ਗਿਆ ਏ ਰਾਤੋ ਰਾਤ ਆਮ ਖਾਸ ਹੋ ਗਏ ਨੇ ਖ਼ਾਸਮ ਖਾਸ ਆਮ ਰਹਿ ਗਏ ਨੇ ਹਿੰਗ ਫਟਕੜੀ ਹਿੱਲੇ ਵੀ ਨਹੀਂ ਰੰਗ ਚੋਖਾ ਹੋ ਗਿਆ ਏ ਲਗਦੈ ਜਿਵੇਂ ਧੋਖਾ ਹੋ ਗਿਆ ਏ ਕੋਈ ਟੈਂਸ਼ਨ ਨਹੀਂ ਸਭ ਦਾ ਸੂਤ ਏ ਹਰ ਥਾਂ ਤੇ ਪੁਰਾਣੀ ਕਰਤੂਤ ਏ ਲੱਸੀ ਪਾਣੀ ਦੀ ਲੁਕਵੀਂ ਬਹਾਰ ਏ ਵਿਰੋਧੀ ਪਾਰਟੀਆਂ ਦਾ ਬੁਰਾ ਹਾਲ ਏ ਆਸ ਲਾ ਲਈ ਸੀ ਜਿਨ੍ਹਾਂ ਬਹੁਤੀ ਓਨ੍ਹਾਂ ਲਈ ਥੋੜ੍ਹਾ ਔਖਾ ਹੋ ਗਿਆ ਏ ਲਗਦੈ ਜਿਵੇਂ ਧੋਖਾ ਹੋ ਗਿਆ ਏ ਨਵੀਂ ਪਾਰਟੀ ਲਈ ਦੌੜਾਂ ਨੇ ਹਰ ਤਰ੍ਹਾਂ ਦੀਆਂ ਜੋੜ ਤੋੜਾਂ ਨੇ ਪਾਰਟੀ 'ਚ ਭਰਤੀ ਖੁੱਲ੍ਹੀ ਏ ਪੁਰਾਣਿਆਂ ਨੂੰ ਕਿਹੜੀ ਪੌੜੀ ਭੁੱਲੀ ਏ 'ਪੇਟੀ' ਲਾ ਕੇ 'ਖੋਖਾ' ਹੋ ਗਿਆ ਏ ਲਗਦੈ ਜਿਵੇਂ ਧੋਖਾ ਹੋ ਗਿਆ ਏ

ਦਿੱਲੀ ਬਾਰਡਰ ਤੋਂ ਪੜ੍ਹ ਕੇ ਮੁੜਿਆ ਮੁੰਡਾ

ਮੈਨੂੰ ਤਾਂ ਹੁਣ ਕੁੱਝ ਪਤਾ ਲੱਗਣ ਲੱਗਾ ਕਿ ਮੈਂ ਕਿਉਂ ਹਰ ਵੇਲੇ ਖਿਝਿਆ ਜਿਹਾ, ਪ੍ਰੇਸ਼ਾਨ ਰਹਿੰਦਾ ਸੀ ਨਾ ਮੇਰੇ ਕੋਲ ਕੋਈ ਸਪਸ਼ਟ ਸਵਾਲ ਸੀ ਤੇ ਨਾ ਹੀ ਕੋਈ ਜਵਾਬ ਹੁੰਦਾ ਸੀ ਦਿੱਲੀ ਬਾਰਡਰ ਤੇ ਆਣ ਕੇ ਲੱਗਾ ਕਿਸਾਨ ਲੀਡਰ ਸਿਆਣੇ ਨੇ ਇਨ੍ਹਾਂ ਕੋਲ ਮੇਰੇ ਸਵਾਲ ਨੇ ਮੇਰੇ ਸਵਾਲਾਂ ਦੇ ਜਵਾਬ ਨੇ ਦਿੱਲੀ ਵਾਲੇ ਇਨ੍ਹਾਂ ਸਾਹਮਣੇ ਨਿਆਣੇ ਨੇ ਮੈਂ ਹੁਣ ਖੁਸ਼ ਹਾਂ, ਪ੍ਰੇਸ਼ਾਨ ਨਹੀਂ ਹਾਂ ਮੈਨੂੰ ਲਗਦੈ, ਮੈਂ ਆਮ ਕਿਸਾਨ ਨਹੀਂ ਹਾਂ ਅੱਜ ਪਹਿਲੀ ਵਾਰ ਮਾਂ ਨੂੰ ਚੰਗੀ ਤਰਾਂ ਮਿਲਿਆਂ ਓਹ ਹੈਰਾਨ ਹੋਈ ਸੁਣ ਕੇ ਮੈਂ ਸਬਜੀ ਬਣਾ ਲੈਂਦਾ ਫੁਲਕੇ ਵੀ ਲਾਹ ਲੈਂਦੈਂ ਪਹਿਲਾਂ ਬਾਕੀਆਂ ਨੂੰ ਖੁਆਈਦੀ ਏ ਫੇਰ ਬੁਰਕੀ ਮੂੰਹ ਚ ਪਾਈਦੀ ਏ ਦਸ ਤੂੰ ਕੀ ਖਾਣਾ ਏ ਅੱਜ ਮੈਂ ਹੱਥੀਂ ਬਣਾਣ ਏ ਬਹੁਤ ਪੜ੍ਹਨਾ ਏ, ਸਿੱਖਣਾ ਏ, ਸਿੱਖਣਾ ਏ ਕਿਤਾਬਾਂ ਸੰਭਾਲ ਕੇ ਰੱਖੀਂ ਵਾਪਸ ਦਿੱਲੀ ਬਾਰਡਰ ਜਾਣਾ ਏ

ਅਸੀਂ ਚਲੀ ਜਾਨੇ ਆਂ

ਅਸੀਂ ਚਲੇ ਜਾਨੇ ਆਂ ਸਾਡਾ ਪਾਣੀ ਮੋੜ ਦੇ ਸਾਡੀ ਮਿੱਟੀ ਮੋੜ ਦੇ ਅਸੀਂ ਚਲੇ ਜਾਨੇ ਆਂ ਆਪਣੀ ਖਾਦ ਲੈਅ ਜਾ ਮਾਰੂ ਦਵਾਈ ਲੈਅ ਜਾ ਕਾਲੀ ਕਮਾਈ ਲੈਅ ਜਾ ਕਿਸਾਨ ਦੀ ਖੁਦਾਈ ਮੋੜ ਦੇ ਅਸੀਂ ਚਲੇ ਜਾਨੇ ਆਂ ਤੂੰ ਕਹਿਨੈਂ ਹਰੀ ਕ੍ਰਾਂਤੀ ਤੋਂ ਪਹਿਲਾਂ ਕੋਈ ਤਰੱਕੀ ਨਹੀਂ ਸੀ ਹੋਈ ਅਸੀਂ ਦਸਦੇ ਆਂ- ਹਰੀ ਕ੍ਰਾਂਤੀ ਤੋਂ ਪਹਿਲਾਂ ਕਿਸੇ ਪਰਿਵਾਰ ਨੇ ਕਦੇ ਖੁਦਕੁਸ਼ੀ ਨਹੀਂ ਸੀ ਢੋਈ ਆਪਣੀ ਕ੍ਰਾਂਤੀ ਲੈਅ ਜਾ ਸਾਡੀ ਸ਼ਾਂਤੀ ਮੋੜ ਦੇ ਅਸੀਂ ਚਲੇ ਜਾਨੇ ਆਂ ਅਸੀਂ ਮੁੱਲ ਮੰਗਣ ਨਹੀਂ ਹਿਸਾਬ ਕਰਨ ਆਏ ਆਂ ਅੱਜ ਦੇ ਨਹੀਂ ਚਿਰਾਂ ਦੇ ਸਤਾਏ ਆਂ ਝੂਠੇ ਪਰਚੇ ਲੈਅ ਜਾ ਝੂਠੇ ਕਰਜੇ ਲੈਅ ਜਾ ਸਾਡੇ ਅੰਗੂਠੇ ਮੋੜ ਦੇ ਅਸੀਂ ਚਲੇ ਜਾਨੇ ਆਂ ਸਾਡਾ ਪਾਣੀ ਮੋੜ ਦੇ ਸਾਡੀ ਮਿੱਟੀ ਮੋੜ ਦੇ ਅਸੀਂ ਚਲੇ ਜਾਨੇ ਆਂ

ਦਿੱਲੀ ਮੌਜ ਕਰਦੀ

ਦਿੱਲੀ ਮੌਜ ਕਰਦੀ ਓ ਦਿੱਲੀ ਮੌਜ ਕਰਦੀ ਮਹਿਲਾਂ 'ਚ ਕਿਲਿਆਂ ਚ ਸੁਕਿਆਂ 'ਚ ਗਿਲਿਆਂ ਚ ਮੀਂਹ ਜਾਂ ਹਨ੍ਹੇਰੀ ਹੋਵੇ ਫਸਲ ਘੱਟ ਜਾਂ ਬਥੇਰੀ ਹੋਵੇ ਦਿੱਲੀ ਮੌਜ ਕਰਦੀ ਜਿਹਦੀ ਕੋਈ ਬਿਜਾਈ ਨਾ ਜਿਹਦੀ ਕੋਈ ਵਾਹੀ ਨਾ ਜਿਹਦੀ ਆਪਣੀ ਕਮਾਈ ਨਾ ਜਿਹਨੂੰ ਕੋਈ ਮਹਿੰਗਾਈ ਨਾ ਓ ਦਿੱਲੀ ਮੌਜ ਕਰਦੀ ਹਵਾ ਤੇਰੇ ਸ਼ਹਿਰ ਦੀ ਮਾਰ ਕਰੇ ਕਹਿਰ ਦੀ ਸੜਕਾਂ ਤੇ ਬਹਿ ਖਾਨੇ ਆਂ ਰੋਟੀ ਰਾਤ ਦੀ, ਦੋਪਹਿਰ ਦੀ ਦਿੱਲੀ ਮੌਜ ਕਰਦੀ ਅਸੀਂ ਕਿੰਨੇ ਹੀ ਗਵਾਏ ਓਹਨੇ ਕਿੰਨੇ ਹਥਿਆਏ ਜਿਹਦੇ ਸਾਰੇ ਨੇ ਸਤਾਏ ਓ ਦਿੱਲੀ ਮੌਜ ਕਰਦੀ।

ਅੱਜ ਮਿੱਟੀ ਪੁੱਛਣ ਆਈ ਏ

ਜਿਸ ਮਿੱਟੀ ਦੀ ਖੁਸ਼ਬੂ ਦੀਆਂ ਗੱਲਾਂ ਨੇ ਜਿਸ ਨਾਲ ਜੁੜਨ ਲਈ ਮੱਲਾਂ ਨੇ ਓਹ ਆਪ ਬੂਹੇ ਤੇ ਪਹੁੰਚੀ ਏ ਅੱਜ ਮਿੱਟੀ ਪੁੱਛਣ ਆਈ ਏ ਜਿਸ ਮਿੱਟੀ ਨੂੰ ਤੁਸੀਂ ਚੁੰਮਦੇ ਹੋ ਜਿਸ ਮਿੱਟੀ ਨੂੰ ਤੁਸੀਂ ਸੁੰਘਦੇ ਹੋ ਜਿਸ ਮਿੱਟੀ ਦੀਆਂ ਕਸਮਾਂ ਖਾ ਖਾ ਤੁਸੀਂ ਦੇਸ਼ ਭਗਤ ਬਣ ਘੁੰਮਦੇ ਹੋ ਓਹੀ ਮਿੱਟੀ ਪੁੱਛਣ ਆਈ ਏ ਕਿੱਥੇ ਰੱਖਣਾ ਗਹਿਣੇ ਮੈਨੂੰ ਕਿਹੜੀ ਤੂੰ ਸਕੀਮ ਬਣਾਈ ਏ ਮੈਨੂੰ ਆਪਣਿਆਂ ਤੋਂ ਨਿਖੇੜਨ ਦੀ ਏਹ ਕਿਹੜੀ ਖੇਡ ਰਚਾਈ ਏ ਇਹ ਮਿੱਟੀ ਪੁੱਛਣ ਆਈ ਏ ਮੇਰਾ ਕਰਜ਼ਾ ਕੀ ਮੋੜਨਾ ਤੂੰ ਦਸ ਕਿੰਨੇ ਚ ਸੌਦਾ ਕੀਤਾ ਬਗਾਨਿਆਂ ਨੂੰ ਲੜ ਫੜਾਵਣ ਦਾ ਦਸ ਜਿਗਰਾ ਕਿਵੇਂ ਹੈ ਤੂੰ ਕੀਤਾ ਅੱਜ ਮਿੱਟੀ ਪੁੱਛਣ ਆਈ ਏ ਅੱਜ ਤੈਥੋਂ ਪੁੱਛਣ ਆਈ ਏ।

ਦਿੱਲੀ ਛੱਡ ਕੇ ਨਾ ਆਈਂ

ਭਾਵੇਂ ਤੇਰੀ ਓਹ ਇੱਕ ਮੰਨੇ ਭਾਵੇਂ ਤੂੰ ਸੌ ਮਨਵਾਈਂ ਦਿੱਲੀ ਛੱਡ ਕੇ ਨਾ ਆਈਂ ਜਿਹੜੀ ਸਮਝ ਤੇਰੇ ਕੋਲ ਏ ਓਸ ਦੀ ਦਿੱਲੀ ਨੂੰ ਬੜੀ ਥੋੜ ਏ ਵੀਹ ਪੰਝੀ ਮੀਟਿੰਗਾਂ ਵਿੱਚ ਹੋਰ ਜਾਈਂ ਇਕ ਵਾਰ ਨਾ ਸਮਝਣ, ਬਾਰ ਬਾਰ ਸਮਝਾਈਂ ਦਿੱਲੀ ਛੱਡ ਕੇ ਨਾ ਆਈਂ ਦਿੱਲੀ ਛੱਡ ਓਹਨਾ ਦੇ ਹਵਾਲੇ ਵੇਖ ਲਏ ਨੇ ਓਹਨਾ ਦੇ ਚਾਲੇ ਆਪਣੇ ਹੱਕ ਵੀ ਮੰਗਣੇ ਪੈਂਦੇ ਓਹਨਾ ਤੋਂ ਜਿਹਨਾਂ ਨੂੰ ਦਿੱਤੇ ਸੀ ਦੋਸ਼ਾਲੇ ਬਹੁਤੀ ਕਾਹਲੀ ਨਾ ਮਚਾਈਂ ਦਿੱਲੀ ਛੱਡ ਕੇ ਨਾ ਆਈਂ ਜੇ ਤੂੰ ਮੁੜ ਗਿਆ ਵਾਪਸ ਹਿੰਦੂ ਸਿੱਖ ਲੜ ਪਊ ਪੰਜਾਬ ਹਰਿਆਣਾ ਲੜ ਪੈਣੇ ਚੰਡੀਗੜ੍ਹ ਤੇ ਪਾਣੀਆਂ ਦੇ ਮਸਲੇ ਜੰਮ ਪੈਣੇ ਅਸੀਂ ਵੇਖਿਆ ਏ ਕਈ ਵਾਰ ਸਾਨੂੰ ਫੇਰ ਨਾ ਵਿਖਾਈਂ ਦਿੱਲੀ ਛੱਡ ਕੇ ਨਾ ਆਈਂ।

ਜਿੱਤ ਗਿਆਂ ਤੂੰ ਲੜਾਈ

ਜਿੱਤ ਗਿਆਂ ਤੂੰ ਲੜਾਈ ਲੋਕਾਈ ਜਾਨ ਵਾਰਦੀ ਬੱਸ ਵੇਖਣਾ ਏ ਬਾਕੀ ਦਿੱਲੀ ਕੀ ਕੁਝ ਹਾਰਦੀ ਓਹਨੇ ਕੀਤਾ ਏ ਜਬਰ ਤੂੰ ਕੀਤਾ ਏ ਸਬਰ ਨਵੀਂ ਲੀਹ ਤੂੰ ਬਣਾਈ ਤੇਰੀ ਵਡੀ ਏ ਕਮਾਈ ਜਿੱਤ ਗਿਆਂ ਤੂੰ ਲੜਾਈ ਕਿਰਤੀ ਜਿੱਤਿਆ,ਕਿਸਾਨ ਜਿੱਤਿਆ ਪੰਜਾਬ ਹਰਿਆਣਾ ਇਕ ਹੋ ਕੇ ਜਿੱਤਿਆ ਇਕ ਮਿਕ ਹੋ ਗਏ ਸਭ ਜਦ ਓਹਨੇ ਵੰਡ ਪਾਈ ਜਿੱਤ ਗਿਆਂ ਤੂੰ ਲੜਾਈ।

ਓਹ ਰੋਜ਼ TV ਵੇਖਦੇ ਸੀ

ਸੀ ਓਹ ਸਾਡੇ ਵਰਗੇ ਹੀ ਪਰ ਸਾਡੇ ਨਾਲ ਨਹੀਂ,ਅਲੱਗ ਖੜ੍ਹੇ ਸੀ ਸਾਡੇ ਨਾਲ ਖੇਡੇ ਸੀ, ਨਾਲ ਪੜ੍ਹੇ ਸੀ ਸਾਡੀਆਂ ਸਭ ਦੀਆਂ ਮੁਸੀਬਤਾਂ ਇੱਕੋ ਜਿਹੀਆਂ ਸਨ ਮਸਲੇ, ਹਾਲਾਤ ਲੱਗਭਗ ਇੱਕੋ ਜਿਹੇ ਸੀ ਨਾ ਓਹ ਸਰਕਾਰ ਸੀ, ਨਾ ਹੀ ਉਹ ਮੱਕਾਰ ਸੀ ਪਰ ਅੱਜ ਜਦੋਂ ਅਸੀਂ ਆਪਣੇ ਭਵਿੱਖ ਵੱਲ ਵੇਖਣਾ ਸ਼ੁਰੂ ਕੀਤਾ ਓਹ ਸਾਡੇ ਖਿਲਾਫ ਖੜ੍ਹੇ ਸੀ ਓਹਨਾ ਸਾਡੇ ਤੇ ਕਈ ਉਪਨਾਮ ਮੜ੍ਹੇ ਸੀ ਇੰਜ ਕਿਵੇਂ ਹੋ ਸਕਦਾ ਅਸੀਂ ਹੈਰਾਨ ਸੀ, ਪ੍ਰੇਸ਼ਾਨ ਸੀ ਕਿੱਥੋਂ ਸਿੱਖੀ ਓਹਨਾਂ ਏਹ ਭਾਸ਼ਾ, ਸੋਚ, ਤਰੀਕਾ ਸਾਨੂੰ ਦਸਿਆ ਸੀ ਕਿਸੇ ਸਿਆਣੇ ਕਿ ਇੱਕੋ ਜਿਹੇ ਹਾਲਾਤਾਂ ਦੇ ਮਾਰੇ ਲੋਕ ਇੱਕੋ ਜਿਹੇ ਹੁੰਦੇ ਨੇ ਸੱਚ ਜਾਨਣ ਦੀ ਕਾਹਲ 'ਚ ਅਸੀਂ ਓਹਨਾ ਦਾ ਪਿੱਛਾ ਕੀਤਾ ਘਰ ਤਕ ਪਹੁੰਚ ਵੇਖਿਆ, ਤੇ ਪਤਾ ਲੱਗਾ ਓਹ ਰੋਜ਼ TV ਵੇਖਦੇ ਸੀ।

ਤੈਨੂੰ ਕੀਹਨੇ ਦਸਿਆ

ਤੈਨੂੰ ਕੀਹਨੇ ਦਸਿਆ ਕਿ ਏਹ ਫੁੱਲ ਹੁੰਦਾ ਏ? ਤੈਨੂੰ ਕੀਹਨੇ ਦਸਿਆ ਕਿ ਇਹ ਕੰਡਾ ਹੁੰਦਾ ਏ? ਤੈਨੂੰ ਕਿੰਜ ਪਤਾ ਲੱਗਾ ਕਿ ਸੱਪ ਪੈਰਾਂ ਚ ਪਿਆ ਵੀ ਡੰਗ ਦੇਂਦਾ ਏ।

ਤੋਤੇ

ਓਹ ਓਨਾ ਹੀ ਬੋਲਦੇ ਨੇ ਜਿੰਨਾ ਕੁ ਸੁਣਿਆ ਹੁੰਦਾ ਓਹੀ ਜੋ ਸੁਣਾਇਆ ਹੁੰਦਾ ਓਹੀ ਜਿੰਨਾ ਸਿਖਾਇਆ ਹੁੰਦਾ ਬੋਲਦੇ ਨੇ। ਏਧਰ, ਓਧਰ ਨਹੀਂ ਦੌੜਦੇ ਕੁਝ ਹੋਰ ਸੁਨਣ ਜਾਂ ਸਿੱਖਣ ਲਈ ਇੱਕੋ ਵੱਲ ਰੱਖਦੇ ਨੇ ਕੰਨ, ਮਨ ਤੇ ਧਿਆਨ ਓਹਨਾ ਦਾ ਏਹੀ ਹੈ ਗਿਆਨ ਨਕਲ ਕਰਨਾ ਹੂਬਹੂ ਸੁਣਾਉਣ, ਸਿਖਾਉਣ ਵਾਲੇ ਦੀ ਆਵਾਜ਼ ਦੀ। ਸੁਭਾਅ ਨਕਲ , ਹੋਂਦ ਨਕਲ ਤੇ ਸੋਹਣੀ ਸ਼ਕਲ ਪਰ ਪੰਜੇ ਨੁਕੀਲੇ ਤੇ ਬਦਸ਼ਕਲ। ਓਹ ਉੜ ਤਾਂ ਸਕਦੇ ਨੇ ਮੀਲਾਂ ਦੂਰ ਢਿੱਡ ਭਰਨ ਲਈ ਪਰ ਪਿੰਜਰੇ 'ਚ ਬਹਿ ਦੂਜਿਆਂ ਦਾ ਦਿੱਤਾ ਖਾਂਦੇ ਨੇ ਗੰਗਾ ਰਾਮ ਕਹਾਉਣ ਦਾ ਸੁੱਖ ਪਾਂਦੇ ਨੇ। ਚੂਰੀ ਖਾਣੀ ਏ, ਪੁੱਛਣ ਤੇ ਖਾਣੀ ਏ, ਖਾਣੀ ਏ ਦੁਹਰਾਂਦੇ ਨੇ ਤੇ ਅਵਾਜ਼ ਕਰਾਰੀ ਰੱਖਣ ਲਈ ਮਿਰਚਾਂ ਖਾਂਦੇ ਨੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ