Punjabi Poetry : Nirmal Dutt

ਪੰਜਾਬੀ ਕਵਿਤਾਵਾਂ : ਨਿਰਮਲ ਦੱਤ



ਦਰਵਾਜ਼ੇ

ਹੁਣ ਸਾਰੇ ਦਰਵਾਜ਼ੇ ਬੰਦ ਨੇ. ਹੁਣ ਥ੍ਹੋੜਾ ਚਿਰ ਬਹਿ ਕੇ ਕਿਧਰੇ ਦਮ ਲੈਨੇ ਆਂ. ਨਹੀਂ ਦਸਤਕ ਦੀ ਲੋੜ ਨਹੀਂ ਹੈ. ਦਰਵਾਜ਼ੇ, ਦਰਵਾਜ਼ੇ ਹੀ ਨੇ: ਬੰਦ ਹੁੰਦੇ ਨੇ, ਖੁੱਲ੍ਹ ਜਾਂਦੇ ਨੇ, ਬੰਦ ਹੁੰਦੇ ਨੇ, ਖੁੱਲ੍ਹ ਜਾਂਦੇ ਨੇ..............!

ਚੰਨ ਦੀਆਂ ਚਿੱਪਰਾਂ

ਅੱਕੇ-ਅੱਕੇ ਅੰਗਾਂ ਵਾਲ਼ੀ ਥੱਕੀ-ਜਿਹੀ ਸਵੇਰ ਬੈਠੀ ਰਾਤ ਦੀਆਂ ਕਾਤਰਾਂ ਫਰੋਲ਼. ਚੰਨ ਦੀਆਂ ਚਿੱਪਰਾਂ ਜੋ ਰਾਤੀਂ ਚੋਰੀ ਤੋੜੀਆਂ ਨੇ ਕੁਝ ਤੇਰੇ, ਕੁਝ ਮੇਰੇ ਕੋਲ਼. ਨੇਫੇ ਵਿੱਚੋਂ ਕੱਢ ਕਿਤੇ ਚੇਤੇ 'ਚ ਲੁਕੋ ਕੇ ਰੱਖੀਂ ਪਲਾਂ ਦੇ ਇਹ ਤੋਹਫ਼ੇ ਅਨਮੋਲ. ਏਨ੍ਹਾਂ ਨੇ ਹੀ ਕੰਮ ਆਉਣਾ ਸੁੰਨੇ-ਸੁੰਨੇ ਵੇਲ਼ਿਆਂ 'ਚ ਚਿੱਤ ਜਦੋਂ ਐਵੇਂ ਜਾਊ ਡੋਲ. ਏਨ੍ਹਾਂ ਦਾ ਕਮਾਲ ਵੇਖੀਂ ਜਦੋਂ ਵੀ ਸਤਾਊ ਤੈਨੂੰ ਕਾਲ਼ੇ-ਕਾਲ਼ੇ ਦਿਨਾਂ ਦੀ ਭੂਗੋਲ.

ਗ਼ਜ਼ਲ

ਇਹ ਜੋ ਵਰਜਿਤ ਰਸਤੇ ਤੇਰੇ ਯਾਰ ਬਣੇ ਨੇ, ਕੁਝ ਕਾਫ਼ਿਰ, ਆਵਾਰਾ, ਕੁਝ ਅਵਤਾਰ ਬਣੇ ਨੇ. ਗੱਲ, ਗੱਲ 'ਤੇ ਲੜਦੀ ਹੈ ਤਾਂ ਖ਼ੁਸ਼ ਹੁੰਦਾ ਹਾਂ, ਤਕਰਾਰਾਂ ਦੇ ਅੱਗੇ ਚੱਲ ਕੇ ਪਿਆਰ ਬਣੇ ਨੇ. ਦਿਲ ਦੇ ਦਰ 'ਤੇ ਦਸਤਕ ਦਿੰਦੇ ਪਾਗ਼ਲਪਨ ਹੀ, ਹਰ ਇੱਕ ਪਾਗ਼ਲਪਨ ਦਾ ਖ਼ੁਦ ਉਪਚਾਰ ਬਣੇ ਨੇ. ਜਿਸਮਾਂ ਦੇ ਉਪਨਿਸ਼ਦਾਂ ਵਿੱਚੋਂ ਜੰਮਦੇ ਦੁਖੜੇ, ਉਪਨਿਸ਼ਦਾਂ ਦੇ ਜਿਸਮਾਂ ਦਾ ਸ਼ਿੰਗਾਰ ਬਣੇ ਨੇ. ਫ਼ਿਰ ਕੁਝ ਬਾਗ਼ੀ ਬੋਲ ਸਲੀਬਾਂ ਚੁੱਕੀ ਫ਼ਿਰਦੇ, ਫ਼ਿਰ ਔੜਾਂ ਵਿੱਚ ਬਾਰਿਸ਼ ਦੇ ਆਸਾਰ ਬਣੇ ਨੇ. ਇਹ ਲੋਰੀ ਦੇ ਟੁਕੜੇ, ਇਹ ਅੱਖਾਂ ਦੇ ਤਾਰੇ, ਖਾਲੀ ਮੇਰੀ ਜ੍ਹੇਬ ਤੇ ਇਹ ਬਾਜ਼ਾਰ ਬਣੇ ਨੇ.

ਮੈਂ ਤੇ ਤਾਰੇ

ਕਦੇ ਕਦਾਈਂ ਮੈਂ ਤੇ ਤਾਰੇ ਕਿੰਨਾਂ ਚਿਰ ਗੱਲਾਂ ਕਰਦੇ ਹਾਂ: ਮੈਂ ਓਹਨਾਂ ਤੋਂ ਪੁੱਛਦਾ ਰਹਿਨਾਂ ਕੀ ਓਹਨਾਂ ਨੇ ਮਾਂ ਦੇ ਥਣ 'ਤੇ ਦੰਦੀ ਵੱਢ ਕੇ ਖਿੜ-ਖਿੜ ਹੱਸਦੇ ਬਾਲ ਦੇ ਮੂੰਹ 'ਚੋਂ ਡੁੱਲ੍ਹਦਾ ਹੋਇਆ ਦੁੱਧ ਦਾ ਇੱਕ ਕਤਰਾ ਤੱਕਿਆ ਹੈ ? ਮੈਂ ਓਹਨਾਂ ਤੋਂ ਪੁੱਛਦਾ ਰਹਿਨਾਂ ਕੀ ਓਹਨਾਂ ਨੇ ਮੇਰੇ ਪਿੰਡ ਦੇ ਨੰਦੂ ਵਰਗੇ ਉਹ ਵੇਖੇ ਨੇ ਜੋ ਵਿਚਾਰੇ ਘੋਰ ਗ਼ਰੀਬੀ ਸਹਿੰਦੇ-ਸਹਿੰਦੇ ਔਰਤ ਦੇ ਚੁੰਮਣ ਦਾ ਸੁਪਨਾ ਲੈਂਦੇ-ਲੈਂਦੇ ਮਰ ਜਾਂਦੇ ਨੇ ? ਮੈਂ ਓਹਨਾਂ ਤੋਂ ਪੁੱਛਦਾ ਰਹਿਨਾਂ ਕੀ ਓਹਨਾਂ 'ਚੋਂ ਕਿਸੇ ਕਦੇ ਕੁਝ ਗੀਤ ਲਿਖੇ ਨੇ ? ਮੈਂ ਓਹਨਾਂ ਤੋਂ ਪੁੱਛਦਾ ਰਹਿਨਾਂ ਕੀ ਓਹਨਾਂ 'ਚੋਂ ਕਿਸੇ ਕਦੇ ਕੋਈ ਚਿਤਰ ਬਣਾਇਐ ? ਮੈਂ ਓਹਨਾਂ ਤੋਂ ਪੁੱਛਦਾ ਰਹਿਨਾਂ ਕੀ ਓਹਨਾਂ ਨੇ ਗੀਤਾ ਜਾਂ ਗੁਰਬਾਣੀ ਪੜ੍ਹ ਕੇ ਗਿਰਜੇ ਜਾਂ ਮਸਜਿਦ ਤੋਂ ਮੁੜਕੇ ਇੱਕ ਦੂਜੇ ਦਾ ਲਹੂ ਬਹਾਇਐ ? ਮੇਰੀਆਂ ਗੱਲਾਂ ਸੁਣਦਾ, ਸੁਣਦਾ ਕੋਈ, ਕੋਈ ਤਾਰਾ ਹੱਸ ਪੈਂਦਾ ਹੈ, ਕੋਈ, ਕੋਈ ਤਾਰਾ ਰੋ ਪੈਂਦਾ ਹੈ, ਕੋਈ, ਕੋਈ ਤਾਰਾ ਐਵੇਂ ਖ਼ਫ਼ਾ-ਖ਼ਫ਼ਾ ਜਿਹਾ ਲੱਗਦਾ ਮਹਿਫ਼ਲ ਵਿੱਚੋਂ ਤੁਰ ਜਾਂਦਾ ਹੈ; ਕਦੇ ਕਦਾਈਂ ਮੈਂ ਤੇ ਤਾਰੇ ਕਿੰਨਾਂ ਚਿਰ ਗੱਲਾਂ ਕਰਦੇ ਹਾਂ, ਕਿੰਨੀਆਂ ਹੀ ਗੱਲਾਂ ਕਰਦੇ ਹਾਂ.

ਰਾਤ ਜਦੋਂ ਆਵੇ

ਰਾਤ ਜਦੋਂ ਆਵੇ ਕੁਝ ਤਾਰੇ ਧੁੰਦਲਾ-ਧੁੰਦਲਾ ਵੇਖਣ ਵਾਲ਼ੇ ਬੁੱਢਿਆਂ ਵਾਂਗੂੰ ਅੱਖਾਂ 'ਤੇ ਹੱਥਾਂ ਦੀ ਛਾਂ ਕਰ ਪਹਿਚਾਨਣ ਦੀ ਕੋਸ਼ਿਸ਼ ਕਰਦੇ. ਰਾਤ ਜਦੋਂ ਆਵੇ ਕੁਝ ਤਾਰੇ ਖੁੰਢਾਂ 'ਤੇ ਬੈਠੇ ਹੋਏ ਮੁਸ਼ਟੰਡਿਆਂ ਵਾਂਗੂੰ ਬੇ-ਸ਼ਰਮੀਂ, ਬੇ-ਅਦਬੀ ਹਾਸੀ ਹੱਸਦੇ ਹੋਏ ਇੱਕ-ਦੂਜੇ ਦੇ ਕੰਨਾਂ ਵਿੱਚ ਕੁਝ ਕਹਿੰਦੇ ਰਹਿੰਦੇ. ਰਾਤ ਜਦੋਂ ਆਵੇ ਕੁਝ ਤਾਰੇ ਕੰਮ ਤੋਂ ਪਰਤੀ ਮਾਂ ਨੂੰ ਤੱਕ ਕੇ ਬੌਰੇ ਹੋਏ ਬਾਲਾਂ ਵਾਂਗੂੰ ਨੱਚਦੇ, ਟੱਪਦੇ, ਸ਼ੋਰ ਮਚਾਓਂਦੇ. ਰਾਤ ਜਦੋਂ ਆਵੇ ਕੁਝ ਤਾਰੇ ਅੱਖਾਂ ਵਿੱਚ ਕੁਝ ਸੁਪਨੇ ਲੈ ਕੇ ਬੁੱਲ੍ਹਾਂ 'ਤੇ ਕੁਝ ਗੀਤ ਸਜਾ ਕੇ ਹੱਥਾਂ ਵਿੱਚ ਗੁਲਦਸਤੇ ਫੜ ਕੇ ਦੇਹਲ਼ੀ 'ਤੇ ਬੈਠੇ ਮਿਲਦੇ ਨੇ.

ਕਰਨਾ..........!

ਕਰਨਾ ਜੋ ਮਨ ਆਵੇ ਕਰਨਾ, ਚੰਨ ਸੂਰਜ ਮਿੱਤਰਾਂ ਵਰਗੇ ਨੇ ਇਹਨਾ ਦੀ ਇੱਕ-ਦੂਜੇ ਕੋਲ਼ੇ ਕਦੇ ਕੋਈ ਚੁਗਲੀ ਨਾ ਕਰਨਾ. ਕਰਨਾ ਜੋ ਮਨ ਆਵੇ ਕਰਨਾ, ਖੰਭ ਖੋਲ੍ਹਦੇ, ਨਿੱਕੇ, ਨਾਜ਼ਕ ਫੁੱਲਾਂ ਦੇ ਬੇ-ਦਾਗ਼ ਮਨਾਂ ਵਿੱਚ ਸ਼ੱਕ ਦੇ, ਡਰ ਦੇ, ਨਫ਼ਰਤ ਦੇ ਕਿੱਸੇ ਨਾ ਧਰਨਾ. ਕਰਨਾ ਜੋ ਮਨ ਆਵੇ ਕਰਨਾ, ਉਹ ਤਾਰਾ ਜੋ ਤੂਫ਼ਾਨਾਂ ਵਿੱਚ ਰਸਤਾ-ਰਸਤਾ ਨਾਲ ਰਿਹਾ ਹੈ ਤੱਕ ਕੇ ਹੋਰ ਚਮਕਦੇ ਤਾਰੇ ਉਸ ਤਾਰੇ ਵੱਲ ਪਿੱਠ ਨਾ ਕਰਨਾ. ਕਰਨਾ ਜੋ ਮਨ ਆਵੇ ਕਰਨਾ, ਗੀਤ, ਅਵਾਰਾ ਭੁੱਖ ਦੇ ਮਾਰੇ ਰਾਹਾਂ ਤੋਂ ਬੇ-ਰਾਹ ਹੋ ਗਏ ਨਸ਼ਾ ਕਰਦੀਆਂ ਗ਼ਜ਼ਲਾਂ ਨਾਕਾਰਾ, ਬੇਵਸ, ਘਰ ਤੋਂ ਬੇ-ਘਰ ਨੇ ਸੁੱਚੀ ਇੱਕ ਦੁਆ ਇਹਨਾ ਲਈ ਹਰ ਦਿਨ ਸ਼ਾਮ-ਸਵੇਰੇ ਕਰਨਾ. ਕਰਨਾ ਜੋ ਮਨ ਆਵੇ ਕਰਨਾ, ਮਿਹਨਤ ਦੇ ਹਿੱਸੇ ਵਿੱਚ ਪੂਰੀ ਰੋਟੀ ਆਵੇ ਬੇ-ਕਾਬੂ ਜਿਹੀ ਬੇ-ਇਨਸਾਫ਼ੀ ਸੁੱਖ ਦੇ ਸੁਪਨੇ ਖਾ ਨਾ ਜਾਵੇ ਇਹਦੇ ਲਈ ਜੋ ਹੋ ਸਕਦਾ ਹੈ ਉਹ ਸਾਰਾ ਜੀਅ ਲਾ ਕੇ ਕਰਨਾ. ਕਰਨਾ ਜੋ ਮਨ ਆਵੇ ਕਰਨਾ, ਜਿਸ ਦੇ ਹੋਸ਼ ਠਿਕਾਣੇ ਉਹ ਇਹ ਸੱਚ ਪਾ ਜਾਂਦਾ ਹੈ: ਕਿ ਰਾਤ ਜਿਵੇਂ ਆਵੇ ਓਵੇਂ ਦਿਨ ਆ ਜਾਂਦਾ ਹੈ ਹਰ ਇੱਕ ਰੁੱਤ ਨੂੰ ਮੀਤ ਬਨਾਓਣਾਂ ਹਰ ਮੌਸਮ ਅਪਣੇ ਵੱਲ ਕਰਨਾ. ਕਰਨਾ ਜੋ ਮਨ ਆਵੇ ਕਰਨਾ...............!!

ਸੱਚ ਤੇ ਸਮਾਧੀ

ਹੇ ਰਿਸ਼ੀਵਰ, ਯਾਦ ਰੱਖਣਾ ਕਿ ਕਦੇ ਤਿਤਲੀ ਕੋਈ ਬੁੱਢੀ ਨਹੀਂ ਹੁੰਦੀ, ਨਾ ਕਦੇ ਵੀ ਨਜ਼ਮ ਦਾ ਢਲ਼ਿਆ ਹੈ ਜਿਸਮ, ਗ਼ਜ਼ਲ ਦੇ ਨੈਣਾਂ 'ਚੋਂ ਨਹੀਂ ਮੁੱਕਦੀ ਸ਼ਰਾਬ, ਹਰ ਰੁਬਾਈ ਹਰ ਸਮੇਂ ਨੱਚਦਾ ਸ਼ਬਾਬ; ਹੇ ਰਿਸ਼ੀਵਰ, ਇਹ ਸਨਾਤਨ ਸੱਚ ਹੈ; ਜੇ ਸਮਾਧੀ ਏਸ ਸੱਚ ਤੋਂ ਬੇਖ਼ਬਰ ਹੈ ਏਸ ਬੇਖ਼ਬਰੀ ਦਾ ਕੋਈ ਉਪਚਾਰ ਕਰਨਾ, ਤਾਂ ਕਿ ਕਿਧਰੇ ਇਹ ਸਮਾਧੀ ਟੁੱਟ ਨਾ ਜਾਵੇ ਇਸ ਸਮਾਧੀ ਦਾ ਜ਼ਰਾ ਵਿਸਥਾਰ ਕਰਨਾ.

ਮੈਂ ਕਦ ਕਹਿਨਾ

ਮੈਂ ਕਦ ਕਹਿਨਾ ਕਿ ਮੇਰੀ ਪਿਆਸ ਸੀਮਤ ਹੈ ਤੇ ਮੇਰੇ ਸੁਪਨਿਆਂ ਤੱਕ ਗੀਤ ਨਹੀਂ ਪੁੱਜਦੇ ਬੇਗਾਨੇ ਆਬਸ਼ਾਰਾਂ ਦੇ. ਮੈਂ ਕਦ ਕਹਿਨਾ ਕਿ ਰੰਗਾਂ ਵਿੱਚ ਦਿਲਚਸਪੀ ਨਹੀਂ ਮੇਰੀ ਤੇ ਮੇਰੇ ਬਾਗ਼ ਨੂੰ ਬੇਚੈਨ ਨਹੀਂ ਕਰਦੇ ਬਦਨ ਨੰਗੀਆਂ ਬਹਾਰਾਂ ਦੇ. ਮੈਂ ਕਦ ਕਹਿਨਾ ਕਿ ਮੇਰਾ ਗੀਤ ਮੇਰੇ ਸਾਜ਼ ਤੋਂ ਚੋਰੀ ਰਾਹ ਨਹੀਂ ਤੱਕਦਾ ਕਦੇ ਸੁਰ-ਕੀਤੀਆਂ ਨਵੀਆਂ ਸਿਤਾਰਾਂ ਦੇ. ਮੈਂ ਕਦ ਕਹਿਨਾ ਮੇਰੇ ਘਰ ਵਿੱਚ ਮੇਰੀ ਬਿਰਤੀ ਨਹੀਂ ਟੁੱਟਦੀ ਹਵਾ ਵਿੱਚ ਤੈਰਕੇ ਆਓਂਦੇ ਨੇ ਜਦ ਨਖ਼ਰੇ ਬਜ਼ਾਰਾਂ ਦੇ. ਮੈਂ ਇਹ ਬੇ-ਝਿਜਕ ਮੰਨਦਾ ਹਾਂ ਮੈਂ ਇਹ ਬੇ-ਖ਼ੌਫ਼ ਕਹਿੰਦਾ ਹਾਂ ਕਿ ਮੇਰੇ ਨਾਲ਼ ਵੀ ਰਹਿੰਦੇ ਨੇ ਝੋਰੇ ਬੇ-ਕਰਾਰਾਂ ਦੇ. ਪਰ ਮੈਂ ਯਾਦ ਰੱਖਦਾ ਹਾਂ ਤੇ ਮੈਂਨੂੰ ਬਹੁਤ ਪਿਆਰੇ ਨੇ ਤਰੀਕੇ ਹੋਸ਼ਮੰਦਾਂ ਦੇ ਸਲੀਕੇ ਸਮਝਦਾਰਾਂ ਦੇ.

ਕਿੰਨੇ ਚੰਗੇ ਦਿਨ ਹੁੰਦੇ ਸਨ!

ਕਿੰਨੇ ਚੰਗੇ ਦਿਨ ਹੁੰਦੇ ਸਨ: ਜਦੋਂ ਕਿਤੇ ਕੋਈ ਚੀਜ਼ ਨਾ ਮਿਲਣੀ ਜਾਂ ਕਿਧਰੇ ਧੋਖਾ ਹੋ ਜਾਣਾ ਜਾਂ ਫ਼ਿਰ ਮੇਰੇ ਬੇਲੀ ਬੱਚਿਆਂ ਮੈਂਨੂੰ ਅਪਣੀਆਂ ਖੇਡਾਂ ਵਿੱਚ ਸ਼ਾਮਲ ਨਾ ਕਰਨਾ ਜਾਂ ਫ਼ਿਰ ਗਲ਼ੀਆਂ, ਮੈਦਾਨਾਂ ਵਿੱਚ ਭੱਜਦੇ, ਟੱਪਦੇ ਗੋਡਿਆਂ ਉੱਤੇ ਨੱਕ-ਬੁੱਲ੍ਹ ਉੱਤੇ ਸੱਟ ਲੱਗ ਜਾਣੀ ਜਾਂ ਫ਼ਿਰ ਇਹਨਾਂ ਵਰਗੀ ਕੋਈ ਹੋਰ ਪੀੜ ਜਦ ਹਿੱਸੇ ਆਓਣੀ, ਹਰ ਇੱਕ ਪੀੜ ਦਾ ਹੱਲ ਹੁੰਦਾ ਸੀ: ਮਾਂ ਹੁੰਦੀ ਸੀ; ਕਿੰਨੇ ਚੰਗੇ ਦਿਨ ਹੁੰਦੇ ਸਨ: ਜਦੋਂ ਕਦੇ ਕੋਈ ਡਰ ਹੋ ਜਾਣਾ: ਪਲ, ਪਲ ਨੇੜੇ ਆਓਂਦੀ ਹੋਈ ਪ੍ਰੀਖਿਆ ਦਾ ਡਰ ਨਿੱਕੀਆਂ, ਵੱਡੀਆਂ ਭੁੱਲਾਂ ਕਾਰਨ ਲੱਗਣ ਵਾਲੇ ਪਾਪਾਂ ਦਾ ਡਰ ਨੀਂਦਾਂ ਦੇ ਵਿੱਚ ਖੌਰੂ ਪਾਓਂਦੇ ਕਿਸੇ ਭਿਅੰਕਰ ਸੁਪਨੇ ਦਾ ਡਰ ਚੌਰਾਹੇ ਵਿੱਚ ਕੀਤੇ ਹੋਏ ਟੂਣੇ ਦਾ ਡਰ ਮੜ੍ਹੀਆਂ ਵੱਲ ਨੂੰ ਜਾਂਦੇ ਹੋਏ ਰਸਤੇ ਦਾ ਡਰ ਐਸ ਤਰ੍ਹਾਂ ਦਾ ਜਦੋਂ ਕਦੇ ਕੋਈ ਡਰ ਹੋ ਜਾਣਾ, ਹਰ ਡਰ ਦਾ ਵੀ ਹੱਲ ਹੁੰਦਾ ਸੀ: ਰੱਬ ਹੁੰਦਾ ਸੀ; ਕਿੰਨੇ ਚੰਗੇ ਦਿਨ ਹੁੰਦੇ ਸਨ ਓਹੀਓ ਚੰਗੇ ਦਿਨ ਹੁੰਦੇ ਸਨ: ਮਾਂ ਹੁੰਦੀ ਸੀ ਰੱਬ ਹੁੰਦਾ ਸੀ, ਅੱਜ ਕੱਲ੍ਹ ਗੱਲ ਕੁਝ ਹੋਰ ਤਰ੍ਹਾਂ ਹੈ.

ਜੇ ਤੂੰ ਚਾਹੇਂ ਤਾਂ ਮੁੜਨ ਸੱਚ ਬਣ ਕੇ

ਜੇ ਤੂੰ ਚਾਹੇਂ ਤਾਂ ਮੁੜਨ ਸੱਚ ਬਣ ਕੇ ਰੁੱਸ ਕੇ ਜੋ ਖ਼ਾਬ ਤੁਰ ਗਏ. ਆਪੇ ਅੱਖਾਂ 'ਚੋਂ ਪਿਆ ਕੇ ਦਾਰੂ ਪੁਛੇਂ ਕਾਹਤੋਂ ਹੋਸ਼ ਉੱਡ ਗਏ? ਮੈਂਨੂੰ ਰੱਬ ਦੀ ਦੀਦ ਜਦ ਹੋਈ ਸੱਚੀਂ-ਮੁੱਚੀਂ ਤੂੰ ਲੱਗਿਆ. ਫਿਰੇ ਮਿੱਟੀ ਦੇ ਵੇਚਦੀ ਨਖ਼ਰੇ ਤੇ ਮੋਤੀਆਂ ਦੇ ਮੁੱਲ ਮੰਗਦੀ. ਤੇਰੇ ਬੁੱਲ੍ਹਾਂ 'ਤੇ ਗਾਓਂਦੀਆਂ ਨਦੀਆਂ ਅੱਖਾਂ 'ਚੋਂ ਕਾਹਤੋਂ ਥਲ ਤਪਦੇ? ਤੈਨੂੰ ਧੁੱਪ ਦਾ ਸੁਆ ਦਊਂ ਚਿੱਟਾ ਘੱਗਰਾ ਤੇ ਬੱਦਲ਼ੀ ਦੀ ਕਾਲ਼ੀ ਕੁੜਤੀ. ਤੇਰਾ ਰਾਹ ਵੇਖਣ ਤਸਵੀਰਾਂ ਤੇ ਰੰਗ ਤੇਰਾ ਦਰ ਲੱਭਦੇ. ਸੁਣੇ ਰੱਬ ਵੀ ਤਾਂ ਲੁਕ-ਲੁਕ ਰੋਵੇ ਗੀਤ ਤੇਰਾ ਕੂਕ ਵਰਗਾ. ਅਸੀਂ ਮੱਥੇ 'ਤੇ ਸਜਾ ਲਏ ਸਜਦੇ ਜਦੋਂ ਦਾ ਤੈਨੂੰ ਰੱਬ ਮੰਨਿਆਂ. ਓਥੇ ਚੰਨ੍ਹ ਨੇ ਆਲ੍ਹਣਾ ਪਾਇਆ ਜਿੱਥੇ ਮੇਰੇ ਗੀਤ ਖੇਡਦੇ. ਜਿੱਥੇ ਸੁੱਕ ਗਏ ਅੱਖਾਂ 'ਚੋਂ ਸੁਪਨੇ ਓਥੋਂ ਅੱਗੇ ਰਾਹ ਮੁੱਕ ਗਏ. ਜਿੱਥੇ ਉੱਠ ਗਏ ਅੱਖਾਂ ਤੋਂ ਪਰਦੇ ਓਥੇ ਸਾਰੇ ਰਾਹ ਮੁੱਕ ਗਏ. ਕਾਲ਼ੀ ਰਾਤ ਵੇਚਦੀ ਮਿਸ਼ਰੀ ਦਿਨ ਵੇਚੇ ਥਾਨ ਧੁੱਪ ਦੇ. ਹਾਂ ਮੈਂ ਜਾਣਕੇ ਨਾ ਵੇਖਾਂ ਅੱਖਾਂ ਤੇਰੀਆਂ ਐਵੇਂ ਕਾਹਤੋਂ ਰਾਹ ਭੁੱਲਣੈ? ਕਿਸੇ ਅੱਖ ਵਿੱਚ ਲਾ ਲੈ ਡੇਰੇ ਮੁੱਕਜੇਂਗਾ, ਰਾਹ ਨੀ ਮੁੱਕਣੇ. ਓਹਦੀ ਮਹਿਕ ਲੱਭਣ ਤਲਵਾਰਾਂ ਫੁੱਲਾਂ ਨੇ ਜੀਹਦਾ ਦਿਲ ਤੋੜਿਆ. ਫੁੱਲ ਬਹਿ ਗਏ ਫੁੱਲਾਂ ਤੋਂ ਮੂੰਹ ਵੱਟਕੇ ਮਹਿਕਾਂ ਦਾ ਮੇਲ ਹੋ ਗਿਆ.

ਬਾਣੀ ਕਹੋ ਕਬੀਰ ਜੀ

ਬਾਣੀ ਕਹੋ ਕਬੀਰ ਜੀ, ਮਨ ਨੂੰ ਦੇਵੋ ਮੌਜ, ਐਵੇਂ ਦਿਲ ਪਰਚਾ ਰਹੀ ਸੰਤਾਂ ਦੀ ਇੱਕ ਫੌਜ. ਬਾਣੀ ਕਹੋ ਕਬੀਰ ਜੀ, ਮਨ ਨੂੰ ਦਿਓ ਸਕੂਨ, ਧਰਮਾਂ ਕੋਲ਼ੇ 'ਨ੍ਹੇਰ ਹੈ, ਮਜ਼੍ਹਬਾਂ ਕੋਲ਼ ਜਨੂੰਨ. ਬਾਣੀ ਕਹੋ ਕਬੀਰ ਜੀ, ਐਸਾ ਹੋਏ ਕਮਾਲ, ਨੈਣਾਂ ਨੂੰ ਰਸਤਾ ਦਿਸੇ, ਮਨ ਦੇ ਮਿਟਣ ਜੰਜਾਲ.

ਤੈਨੂੰ ਜੇ ਲੱਗਦਾ ਹੈ

ਤੈਨੂੰ ਜੇ ਲੱਗਦਾ ਹੈ ਤੂੰ ਇੱਕ ਗੁੰਮਿਆਂ ਖ਼ਤ ਹੈਂ ਤੈਨੂੰ ਜੇ ਲੱਗਦਾ ਹੈ ਤੂੰ ਇੱਕ ਟੁੱਟਿਆ ਤਾਰਾ ਤੈਨੂੰ ਜੇ ਲੱਗਦਾ ਹੈ ਕਿ ਤੂੰ ਬੇਸਿਰ-ਪੈਰਾ ਸੁਪਨਾ ਹੈਂ ਇੱਕ ਤੈਨੂੰ ਜੇ ਲੱਗਦਾ ਹੈ ਕਿ ਤੂੰ ਪਤਾ ਨਹੀਂ ਕਿੱਥੇ ਤੋਂ ਲੈ ਕੇ ਕਿੱਥੇ ਤੱਕ ਜਾਂਦਾ ਰਸਤਾ ਹੈਂ ਤੈਨੂੰ ਜੇ ਲੱਗਦਾ ਹੈ ਕਿ ਤੂੰ ਮਾਰੂਥਲ ਵਿੱਚ ਬਿਨ-ਮੀਂਹ ਭੁੱਜਦਾ ਬੀਜ ਹੈਂ ਕੋਈ ਤੈਨੂੰ ਜੇ ਲੱਗਦਾ ਹੈ ਕਿ ਤੂੰ ਤੇਜ਼ ਹਨੇਰੀ ਅੱਗੇ ਬੇਵਸ ਇੱਕ ਪੀਲ਼ਾ, ਸੁੱਕਾ ਪੱਤਾ ਹੈਂ ਤੈਨੂੰ ਜੇ ਲੱਗਦਾ ਹੈ ਕਿ ਤੇਰੇ ਵਿੱਚ ਤੇ ਇੱਕ ਛੋਟੇ ਜਿਹੇ ਕੀਟਾਣੂ ਵਿੱਚ ਕੋਈ ਫ਼ਰਕ ਨਹੀਂ ਹੈ ਤੈਨੂੰ ਜੇ ਲੱਗਦਾ ਹੈ "ਕਿੱਥੋਂ", "ਕਿਉਂ", "ਕਿਸ ਲਈ" ਦਾ ਤੂੰ ਕੋਈ ਉੱਤਰ ਦੇ ਨਹੀਂ ਸਕਦਾ ਤੈਨੂੰ ਜੇ ਲੱਗਦਾ ਹੈ ਕਿ ਬੱਸ ਹੌਕੇ ਹੀ ਤੇਰੀ ਹੋਣੀ ਨੇ ਤੇ ਤੇਰੇ ਹਿੱਸੇ ਦਾ ਸ਼ਾਇਦ ਧਰਤੀ 'ਤੇ ਕੋਈ ਗੀਤ ਨਹੀਂ ਹੈ ਤੈਨੂੰ ਜੇ ਐਦਾਂ ਲੱਗਦਾ ਹੈ ਤੇ ਐਦਾਂ ਲੱਗਦਾ ਰਹਿੰਦਾ ਹੈ ਤੂੰ ਬਿਲਕੁਲ ਮੇਰੇ ਵਰਗਾ ਹੈਂ ਮੇਰੇ ਵਰਗੇ! ਕਦੇ ਨਾ ਸੋਚੀਂ ਕਿ ਧਰਤੀ 'ਤੇ ਤੇਰਾ ਕੋਈ ਮੀਤ ਨਹੀਂ ਹੈ.

ਡਰ ਦਾ ਇਹ ਭੇਤ ਪਾ ਲਿਆ ਹੈ ਮੈਂ:

ਡਰ ਦਾ ਇਹ ਭੇਤ ਪਾ ਲਿਆ ਹੈ ਮੈਂ: ਡਰ ਦੇ ਡਰ ਨੂੰ ਮਿਟਾ ਲਿਆ ਹੈ ਮੈਂ ਹੁਣ ਨੇ ਬੇ-ਅਸਰ 'ਨ੍ਹੇਰੀਆਂ ਰਾਤਾਂ ਇੱਕ ਸੂਰਜ ਬਣਾ ਲਿਆ ਹੈ ਮੈਂ. ਫੁੱਲ ਦੀ ਖ਼ੁਸ਼ਬੂ ਨੇ ਮੋਹ ਲਈ ਤਿੱਤਲੀ ਫੁੱਲ ਦੇ ਰੰਗ ਦੀ ਹੋ ਗਈ ਤਿੱਤਲੀ ਹੋ ਕੇ ਪੱਤਝੜ ਦੇ ਡਰ ਤੋਂ ਬੇ-ਪਰਵਾਹ ਇੱਕ ਸੁਪਨੇ 'ਚ ਖੋ ਗਈ ਤਿੱਤਲੀ. ਤੈਨੂੰ ਜੇ ਖ਼ੁਦ 'ਤੇ ਏਤਬਾਰ ਨਹੀਂ ਤੇਰੇ ਦੁੱਖ ਦਾ ਕੋਈ ਉਪਚਾਰ ਨਹੀਂ ਆਪਣੀ ਵਿੱਸਰੀ ਹਕੀਕਤ ਨੂੰ ਜ਼ਰਾ ਯਾਦ ਤਾਂ ਕਰ ਤੇਰੀ ਤਾਕਤ, ਤੇਰੀ ਸ਼ਕਤੀ ਦਾ ਕੋਈ ਪਾਰ ਨਹੀਂ. ਭਗਵੇਂ, ਕਾਲ਼ੇ ਪਾ ਕੇ ਬੈਠੇ, ਲੱਗਦੇ ਬੜੇ ਸਿਆਣੇ ਨਾ ਇੱਕ ਨੂੰ ਕੋਈ ਖੋਜ-ਖ਼ਬਰ ਹੈ, ਨਾ ਕੁਝ ਦੂਜਾ ਜਾਣੇ ਜੀ ਕਰਦੈ ਮਿਹਨਤਕਸ਼ ਲੋਕੀ ਕਹਿਣ ਇਨ੍ਹਾਂ ਨੂੰ ਜਾ ਕੇ ਮਿਹਨਤ ਹੈ ਤਾਂ ਭਰਨ ਪੰਘੂੜੇ, ਤਾਂਹੀਂਓਂ ਉੱਗਦੇ ਦਾਣੇ.

ਸਾਰ

ਜੋ ਅੱਖੋਂ ਬਾਹਰ ਦਿਸਦਾ ਹੈ ਉਹ ਵਿਸਥਾਰ ਹੈ ਮੇਰਾ, ਤੇ ਜੋ ਅੱਖਾਂ ਦੇ ਪਿੱਛੇ ਹੈ ਉਹ ਆਧਾਰ ਹੈ ਮੇਰਾ, ਮੇਰੇ ਆਧਾਰ ਤੇ ਵਿਸਥਾਰ ਦੇ ਵਿਚਕਾਰ ਪਲ-ਪਲ ਬਦਲਦਾ ਆਕਾਰ ਹੈ ਮੇਰਾ: ਬੱਸ ਇਹੀ ਸਾਰ ਹੈ ਮੇਰਾ; ਮੈਂ ਜਦ-ਜਦ ਆਪਣੇ ਵਿਸਥਾਰ ਵਿੱਚ ਹੋਵਾਂ ਕਦੇ ਕੁਝ ਪਾਉਣ ਦਾ ਲਾਲਚ, ਕਦੇ ਕੁਝ ਖੋਣ ਦੀ ਦਹਿਸ਼ਤ, ਬੜਾ ਬੇ-ਚੈਨ ਕਰਦੇ ਨੇ; ਇਹ ਬੇ-ਚੈਨੀ ਜਦੋਂ ਇੱਕ ਬੋਝ ਬਣ ਜਾਵੇ ਤਾਂ ਫਿਰ ਆਧਾਰ ਨੂੰ ਲੱਭਣਾ ਹੀ ਮੇਰੀ ਖੋਜ ਬਣ ਜਾਵੇ ; ਮੈਂ ਜਦ-ਜਦ ਆਪਣੇ ਆਧਾਰ 'ਤੇ ਆਵਾਂ ਤਾਂ ਮੈਂ ਹੀ ਕ੍ਰਿਸ਼ਨ ਮੈਂ ਹੀ ਬੁੱਧ ਬਣ ਜਾਵਾਂ.

ਗੀਤ ਕੁਛ ਇਸਤਰ੍ਹਾਂ ਮਿਲੇ.....!

ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਭਟਕੀ ਹੋਈ ਨਾਮੁਰਾਦ ਬੱਦਲੀ ਨੂੰ ਰਾਤ ਦੇ ਦੇਵੇ ਚੰਨ ਦਾ ਤੋਹਫ਼ਾ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਦਿਨ ਦੇ ਥੱਕੇ ਹੋਏ ਸੂਰਜ ਦੇ ਲਈ ਸ਼ਾਮ ਲਾ ਦੇਵੇ ਸੁਨਹਿਰੀ ਬਿਸਤਰ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਰੇਤ ਦੇ ਕਿਰਕਿਰੇ ਵਿਸਥਾਰਾਂ ਵਿਚ ਆਪੇ ਉੱਗ ਜਾਵੇ ਮਿੱਠੀ-ਮਿੱਠੀ ਖਜੂਰ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਸੁੰਨੇ, ਮਾਯੂਸ ਦਰਖ਼ਤਾਂ ਉੱਤੇ ਰੰਗ ਛਿੜਕ ਦੇਵੇ ਹੱਸਦੀ-ਹੱਸਦੀ ਬਹਾਰ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਹੱਸਦੇ ਹੋਏ ਬਾਲ ਦੀਆਂ ਗੋਲ਼-ਗੋਲ਼ ਗੱਲ੍ਹਾਂ 'ਤੇ ਆਪੇ ਹੋ ਜਾਵੇ ਮਾਂ ਦੇ ਦੁੱਧ ਦੀ ਬੌਛਾਰ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਬੇਵਜ੍ਹਾ ਦੁਖਦੇ ਹੋਏ ਦਿਲ ਨੂੰ ਕਿਤੋਂ ਆਪੇ ਮਿਲ ਜਾਵੇ ਬੇਸਬੱਬ ਰਾਹਤ; ਗੀਤ ਕੁਛ ਇਸਤਰ੍ਹਾਂ ਮਿਲੇ ਕਿ ਜਿਵੇਂ ਕੰਬਦੇ ਹੋਏ ਲਾਲ-ਲਾਲ ਬੁੱਲ੍ਹਾਂ 'ਤੇ ਆਪੇ ਟਿਕ ਜਾਂਦੇ ਨੇ ਤਿਰਹਾਏ ਹੋਂਠ.

ਕ੍ਰਿਸ਼ਮਾਂ

ਬੱਸ ਇੱਕ 'ਸੁੰਨ' ਹੈ ਖ਼ਲਾਅ ਹੈ ਬੱਸ ਗੂੰਜਦੀ ਚੁੱਪ ਜਿਹੀ ਖ਼ਲਾਅ ਅੰਦਰ ਠੰਡ ਏਨੀ ਹੈ ਕਿ ਖ਼ੁਦ ਬਰਫ਼ ਦੀ ਜੰਮ ਜਾਏ ਬਰਫ਼ ਅੱਗ ਏਨੀ ਹੈ ਕਿ ਖ਼ੁਦ ਅੱਗ ਨੂੰ ਅੱਗ ਲੱਗ ਜਾਵੇ; ਠੰਡ ਤੇ ਅੱਗ ਦੇ ਫੈਲ਼ੇ ਹੋਏ ਵਿਸਥਾਰਾਂ ਵਿੱਚ ਅਪਣੀ ਇਹ ਸੋਹਣੀ ਜਿਹੀ ਧਰਤੀ ਹੈ: ਰੰਗ ਹੈ ਰਸ ਹੈ ਖੁਸ਼ਬੂ ਹੈ ਤੇ ਸੰਗੀਤ ਵੀ ਹੈ; ਤੂੰ ਹੈਂ, ਮੈਂ ਹਾਂ ਇੱਕ ਚੁੰਮਣ ਹੈ ਤੇ ਤੇਰੇ ਪਿਆਰ 'ਚ ਲਿੱਖੀ ਹੋਈ ਇੱਕ ਕਵਿਤਾ ਹੈ; ਦੱਸ ਭਲਾਂ ਇਸ ਤੋਂ ਬਿਨਾਂ ਹੋਰ ਕ੍ਰਿਸ਼ਮਾਂ ਕੀ ਹੈ?

ਕਿੱਥੇ ਨੇ?

ਹੁਣ ਭਲਾ ਕਿੱਥੇ ਨੇ ਉਹ ਜਾਦੂ-ਭਰੇ ਦਿਨ ਉਹ ਤਲਿੱਸਮੀ ਰਾਤਾਂ? ਦਿਨ ਉਹ ਜਾਦੂ-ਭਰੇ ਜਦ ਸ਼ੌਕ ਮੇਰੇ ਚੁੰਮਦੇ ਫਿਰਦੇ ਸੀ ਨੀਲਾ-ਅੰਬਰ ਮੇਰਿਆਂ ਉੱਡਦਿਆਂ ਚਾਵਾਂ 'ਤੇ ਸਵਾਰ, ਮੇਰੇ ਖ਼ਿਆਲ ਜਿਵੇਂ ਦਿਲਕਸ਼ ਗੀਤਾਂ ਦੇ ਅਲਾਪ, ਮੇਰੇ ਜਜ਼ਬੇ ਕਿ ਜਿਵੇਂ ਧੁੱਪ ਦੇ ਬਸੰਤੀ ਟੁਕੜੇ, ਮੇਰੇ ਹੱਥਾਂ ਨੂੰ ਛੂਹਣ ਵਾਸਤੇ ਕਿੰਨੀਆਂ ਪਰੀਆਂ ਅਪਣੀ ਜੰਨਤ ਦੇ ਅਸੂਲਾਂ ਤੋਂ ਹਮੇਸ਼ਾ ਬਾਗ਼ੀ, ਮੇਰਿਆਂ ਕਦਮਾਂ ਲਈ ਮੰਜ਼ਲਾਂ ਤੋਂ ਪਾਰ ਦੇ ਰਸਤੇ ਬੇਚੈਨ, ਮੇਰੇ ਨੈਣਾਂ ਨੂੰ ਬਹੁਤ ਸਾਫ਼ ਨਜ਼ਰ ਆਓਂਦੀ ਸੀ ਸਾਰੇ ਦੋਸ਼ਾਂ ਤੋਂ ਬਰੀ ਅਪਣੀ ਇਹ ਪਿਆਰੀ ਦੁਨੀਆਂ. ਕਿੱਥੇ ਨੇ ਹੁਣ ਉਹ ਤਲਿੱਸਮੀ ਰਾਤਾਂ ਜਦ ਸੀ ਆ ਬਹਿੰਦੇ ਮੇਰੇ ਬਿਸਤਰ ਵਿੱਚ ਦੋਸਤਾਂ ਵਰਗੇ ਚਮਕਦੇ ਤਾਰੇ ਆਪਣੀ, ਆਪਣੀ ਦਿਲਚਸਪ ਕਹਾਣੀ ਲੈ ਕੇ, ਚੀਰ ਕੇ ਕਾਲ਼ੇ-ਕਾਲ਼ੇ ਬੱਦਲਾਂ ਨੂੰ ਚੰਨ ਉਤਰ ਆਓਂਦਾ ਸੀ ਧਰਤੀ ਉੱਤੇ ਮੇਰੀਆਂ ਮਿੱਠੀਆਂ-ਮਿੱਠੀਆਂ ਨੀਂਦਾਂ ਦੀ ਰਾਖੀ ਦੇ ਲਈ, ਤੇ ਇਨ੍ਹਾਂ ਨੀਂਦਾਂ 'ਚ ਲਹਿ ਜਾਣ ਲਈ ਵਿਹਵਲ ਸਨ ਰਾਂਗਲੇ ਸੁਪਨਿਆਂ ਦੇ ਕਈ ਵਿਸਤਾਰ? ਕਿੱਥੇ ਨੇ ਹੁਣ ਉਹ ਤਲਿੱਸਮੀ ਰਾਤਾਂ ਜਦ ਮੇਰੇ ਮਿਚਦੇ-ਮਿਚਦੇ ਨੈਣ ਤੇ ਥੱਕਿਆ ਜਿਹਾ ਜਿਸਮ ਨਰਮ ਬਾਹਾਂ ਤੇ ਗਰਮ ਸਾਹਾਂ ਅਤੇ ਮਹਿਕੀਆਂ ਜ਼ੁਲਫ਼ਾਂ ਕੋਲ਼ੋਂ ਹੋਰ ਮੰਗਦੇ ਸੀ ਸੁਲਘਦਾ ਜਿਹਾ ਸਾਥ? ਕਿੱਥੇ ਨੇ ਜਾਦੂ-ਭਰੇ ਦਿਨ ਉਹ ਤੇ ਕਿੱਥੇ ਨੇ ਤਲਿੱਸਮੀ ਰਾਤਾਂ? ਉੱਡ ਗਏ ਦੂਰ ਕਿਤੇ ਜਾਦੂ-ਭਰੇ ਦਿਨ ਤੇ ਤਲਿੱਸਮੀ ਰਾਤਾਂ ਪਰ ਜੋ ਬਚਿਆ ਹੈ ਉਹ ਹੋਰ ਬਹੁਤ ਬਿਹਤਰ ਹੈ: ਦਿਨ ਕਿ ਹੁਣ ਮਿੱਠੀ-ਮਿੱਠੀ ਮਸਤੀ ਨੇ ਰਾਤਾਂ ਨੇ ਹਲਕਾ-ਹਲਕਾ ਅਨਹਦ ਨਾਦ.

ਸੂਰਜ ਦੀ ਉਡੀਕ

ਅੱਜ ਦੀ ਰਾਤ ਕੋਈ ਫ਼ਿਕਰ ਨਹੀਂ ਨਾ-ਮੁਰਾਦ ਮੌਸਮ ਦਾ. ਅੱਜ ਦੀ ਰਾਤ ਕੋਈ ਜ਼ਿਕਰ ਨਹੀਂ ਬੇ-ਉਮੀਦ ਗੀਤਾਂ ਦਾ . ਅੱਜ ਦੀ ਰਾਤ ਕਹੋ ਭਟਕ ਰਹੇ ਜ਼ਰਦ, ਪੀਲੇ ਪੱਤਿਆਂ ਨੂੰ ਫ਼ੇਰ ਤੋਂ ਯਾਦ ਕਰਨ ਲੰਘੀਆਂ ਬਹਾਰਾਂ ਦੇ ਅਦਾਬ. ਅੱਜ ਦੀ ਰਾਤ ਲੈ ਕੇ ਤਾਰਿਆਂ ਤੋਂ ਅਨਹਦ ਨਾਦ ਰੱਖ ਦਵੋ ਚੁੱਪ ਖੜ੍ਹੀ ਬੰਸਰੀ ਦੇ ਬੁੱਲ੍ਹਾਂ 'ਤੇ. ਅੱਜ ਦੀ ਰਾਤ ਚਲੋ ਫ਼ੇਰ ਤੋਂ ਕਰਦੇ ਹਾਂ ਅਬਾਦ ਜ਼ਿਹਨ ਵਿੱਚ ਫੈਲ ਰਹੇ ਬੇ-ਸ਼ਰਮ ਬੀਆਬਾਨਾ ਨੂੰ. ਅੱਜ ਦੀ ਰਾਤ ਚਲੋ ਝੁੱਲ ਰਹੇ ਤੂਫ਼ਾਨਾ ਨਾਲ ਫ਼ਿਰ ਮਿਲਾਓਂਦੇ ਹਾਂ ਬੇ-ਖ਼ੌਫ਼ ਬਾਦਬਾਨਾ ਨੂੰ. ਅੱਜ ਦੀ ਰਾਤ ਪੜ੍ਹ ਕੇ ਸੁੱਕ ਗਏ ਜ਼ਖ਼ਮਾਂ ਦੇ ਨਿਸ਼ਾਨ ਆਓ ਫ਼ਿਰ ਲੱਭਦੇ ਹਾਂ ਖੋ ਗਈ ਤਰਤੀਬ. ਅੱਜ ਦੀ ਰਾਤ ਬਨੇਰੇ 'ਤੇ ਜਗਾ ਕੇ ਸੁਪਨੇ ਆਓ ਫ਼ਿਰ ਕਰਦੇ ਹਾਂ ਸੂਰਜ ਦੀ ਉਡੀਕ.

ਨਜ਼ਮ-ਇਸ ਤਰ੍ਹਾਂ ਮਿਲਦੀ ਹੈ

ਨਜ਼ਮ ਮਿੱਟੀ ਦੀਆਂ ਤੈਹਾਂ 'ਚ ਬੰਦ ਹੀਰਾ ਨਹੀਂ, ਟੁੱਟ ਕੇ ਕੀਤੀ ਹੋਈ ਮਿਹਨਤ ਦੇ ਪਸੀਨੇ ਦਾ ਇਨਾਮ; ਨਜ਼ਮ ਇਸ ਤਰ੍ਹਾਂ ਮਿਲਦੀ ਹੈ, ਨਜ਼ਮ ਇਸ ਤਰ੍ਹਾਂ ਮਿਲਦੀ ਹੈ : ਜਿਸ ਤਰ੍ਹਾਂ ਇੱਕ ਸੁਬਹਾ ਸੁੰਨੀਆਂ ਟਾਹਣੀਆਂ 'ਤੇ ਹੱਸਦੀ ਹੋਈ ਨਰਮ-ਨਰਮ, ਕੂਲ਼ੀ ਬਸੰਤ; ਜਿਸ ਤਰ੍ਹਾਂ ਅੰਬ ਦੇ ਬੂਰ 'ਚੋਂ ਆਓਂਦਾ ਹੋਇਆ ਮਰ ਕੇ ਸੁਰਜੀਤ ਹੋਈ ਜ਼ਿੰਦਗੀ ਦੇ ਜਸ਼ਨ ਦਾ ਗੀਤ; ਜਿਸ ਤਰ੍ਹਾਂ ਜੰਗਲੀ ਬਿਰਖਾਂ ਦੀ ਤਾਣੀ ਹੋਈ ਛਤਰੀ ਵਿੱਚੋਂ ਚਮਕਦੀ ਚੰਦ ਦੀ ਕਿਰਨ; ਜਿਸ ਤਰ੍ਹਾਂ ਸ਼ਾਮ ਦੇ ਸਾਂਵਲੇ ਸਫ਼ੇ ਉੱਤੇ ਤਾਰਿਆਂ ਦੇ ਹਰਫ਼ਾਂ ਵਿੱਚ ਫੈਲਦੀ ਗੁੱਝੀ ਇਬਾਰਤ ਕੋਈ; ਜਿਸ ਤਰ੍ਹਾਂ ਖਿਝੀ-ਖਿਝੀ ਬੱਦਲੀ ਦੀ ਉਂਗਲ ਛੱਡ ਕੇ ਮੇਰੇ ਵੱਲ ਦੌੜ ਰਿਹਾ ਬਾਲਕ-ਚੰਨ; ਜਿਸ ਤਰ੍ਹਾਂ ਨੀਂਦ ਵਿੱਚ ਖੋਏ ਹੋਏ ਬਾਲ ਦੇ ਬੁੱਲ੍ਹਾਂ 'ਤੇ ਹੱਸਦਾ ਸੁਪਨਾ; ਜਿਸ ਤਰ੍ਹਾਂ ਮਾਂ ਦੀਆਂ ਝੁਰੜੀਆਂ 'ਚੋਂ ਝਰਦਾ ਨੂਰੀ ਇਲਹਾਮ.............!

ਗ੍ਰਹਿਣ

ਹੱਸਦੇ-ਹੱਸਦੇ ਚੰਨ ਨੇ ਜਦ ਸੂਰਜ ਦੇ ਅੱਗੇ ਆ ਕੇ ਉਸਦੀਆਂ ਅੱਖਾਂ ਉੱਤੇ ਅਪਣੇ ਦੋਵੇਂ ਹੱਥ ਰੱਖ ਦਿੱਤੇ ਧਰਤੀ ਦੇ ਸੂਹੇ ਚਿਹਰੇ 'ਤੇ ਡਰ ਦੀ ਕਾਲ਼ੀ ਰਾਤ ਫ਼ੈਲ ਗਈ; ਸੂਰਜ ਨੇ ਚੰਨ ਦੇ ਹੱਥਾਂ ਨੂੰ ਫੜਿਆ ਚੁੰਮਿਆਂ ਤੇ ਫ਼ਰਮਾਇਆ: ਹਟ ਵੀਰੇ ਇੱਕ ਪਾਸੇ ਹੋ ਜਾ ਗੋਰੀ-ਗੋਰੀ ਧਰਤੀ ਦਾ ਪਿਆਰਾ-ਪਿਆਰਾ ਮੁਖੜਾ ਵੇਖਣ ਦੇ !

ਫੁੱਲਾਂ ਦਾ ਦੁੱਖ

ਤੂੰ ਵੀ ਤਾਂ ਠੀਕ ਹੀ ਹੋਵੇਂਗੀ ਕਿਤੇ ਆਪਣੇ ਘਰ ਦੀ ਰਸੋਈ ਅੰਦਰ, ਮੈਂ ਵੀ ਬੱਸ ਮਸਤ ਹੀ ਸਾਂ ਆਪਣੀ ਬੀਵੀ ਦੇ ਸੁਪਨਿਆਂ ਦੀ ਰਾਖੀ ਵਿੱਚ; ਹੁਣ ਜਦੋਂ ਉਂਝ ਹੀ ਮਿਲ ਪਏ ਹਾਂ ਵਕਤ ਦਿਆਂ ਮੋੜਾਂ 'ਤੇ, ਦਿਲ 'ਚ ਇਕ ਮਿੱਠੀ ਜਿਹੀ ਚੀਸ ਦਾ ਅਹਿਸਾਸ ਹੈ ਫ਼ਿਰ: ਲੱਗਦਾ ਹੈ ਫ਼ੇਰ ਤੋਂ ਹੌਕਿਆਂ ਦੀ ਰੁੱਤ ਪਰਤ ਆਈ ਹੈ; ਇਹ ਤੇਰਾ ਚਿਹਰਾ ਕਿਸੇ ਦੁਖਦੇ ਹੋਏ ਗੀਤ ਜਿਹਾ ਮੇਰੀਆਂ ਨੀਂਦਾਂ ਦਾ ਵੈਰੀ ਹੈ ਇਹ, ਤੇਰੀਆਂ ਪਿਆਰ-ਪਿਆਰ ਅੱਖਾਂ ਵਿੱਚ ਤੈਰਦੇ ਬੇਵਸੀ ਦੇ ਦੋ ਕਤਰੇ ਮੇਰੇ ਹਰ ਜ਼ਬਤ ਦੀ ਤਬਾਹੀ ਨੇ; ਤੂੰ ਨਹੀਂ ਹੁੰਦੀ ਤਾਂ ਮੈਂ ਤੈਨੂੰ ਹੀ ਲੱਭਦਾ ਰਹਿਨਾ, ਬੈਠ ਕੇ ਕੋਸੀ-ਕੋਸੀ ਧੁੱਪ ਅੰਦਰ ਬੱਸ ਫੁੱਲਾਂ ਦਾ ਦੁੱਖ ਸੁਣਦਾ ਹਾਂ; ਹੁਣ ਨਹੀਂ ਮਿਲਦੇ ਕਦੇ ਬੀਤੀਆਂ ਰਾਤਾਂ ਦੇ ਸਕੂਨ, ਹੁਣ ਤਾਂ ਫ਼ਿਰ ਲੱਗ ਗਈ ਹੈ ਸੁਪਨਿਆਂ ਨੂੰ ਭੁੱਖ ਦੀ ਨਜ਼ਰ; ਹੁਣ ਤਾਂ ਫ਼ਿਰ ਸੱਤ-ਰੰਗੀ ਪੀਂਘ ਤੋਂ ਪਾਰ ਹੁਣ ਤਾਂ ਫ਼ਿਰ ਤਾਰਿਆਂ ਦੀ ਹੱਦ ਤੋਂ ਪਰ੍ਹਾਂ ਉੱਡ ਕੇ ਜਾਣ ਨੂੰ ਦਿਲ ਕਰਦਾ ਹੈ.

ਧੁੱਪ-ਛਾਂ

ਇਹ ਜੋ ਖ਼ੁਸ਼ੀ ਮਿਲੀ ਹੈ ਇਸ ਵਿੱਚ ਨਸ਼ਾ-ਨਸ਼ਾ ਹੋ ਨੱਚ ਰਿਹਾ ਹੈਂ ਚੰਗੀ ਗੱਲ ਹੈ. ਪਰ ਵੇਖੀਂ ਕਿਧਰੇ ਚਾਂਭਲ-ਚਾਂਭਲ ਐਧਰ, ਔਧਰ ਪੈਰ ਨਾ ਮਾਰੀਂ ਦਰਦ ਕਿਤੇ ਨੇੜੇ ਸੁੱਤਾ ਹੈ ਜਾਗ ਪਵੇਗਾ.

ਬਰਸਦੀ ਹਰ ਤਰਫ਼ ਸ਼ਰਾਬ ਰਹੇ

ਬਰਸਦੀ ਹਰ ਤਰਫ਼ ਸ਼ਰਾਬ ਰਹੇ ਤੇਰੀ ਨੀਅਤ ਵੀ ਕੁਛ ਖ਼ਰਾਬ ਰਹੇ ਹੱਥ ਪਰ ਜਾਮ ਵਲ ਵਧੇ ਜਦ ਵੀ ਕਰੀਂ ਦੁਆ ਕਿ ਤੇਰੀ ਪਿਆਸ ਕਾਮਯਾਬ ਰਹੇ. ਜਿਸ ਨੂੰ ਚਾਹਿਆ ਸੀ ਪਾ ਲਈ ਹੈ ਹੁਣ ਮੇਰੇ ਘਰ ਨੂੰ ਸਜਾ ਰਹੀ ਹੈ ਹੁਣ ਫੇਰ ਕਿਉਂ ਇਹ ਫ਼ਰੇਬ,ਮੇਰੇ ਖ਼ੁਦਾ ਹੋਰ ਇੱਕ ਨਜ਼ਰ ਆ ਰਹੀ ਹੈ ਹੁਣ? ਕੋਈ ਸਜਦਾ, ਕੋਈ ਸਲਾਮ ਨਹੀਂ ਕੋਈ ਅਰਜ਼ੀ, ਕੋਈ ਪੈਗ਼ਾਮ ਨਹੀਂ ਮਿਲ ਗਿਆ ਆਪਣਾ ਪਤਾ ਜਦ ਤੋਂ ਮੇਰਾ ਕੋਈ ਖ਼ਤ ਕਿਸੇ ਦੇ ਨਾਮ ਨਹੀਂ. ਕੋਈ ਦੌਲਤ, ਕੋਈ ਸ਼ਬਾਬ ਨਹੀਂ ਕਿਸੇ ਜੰਨਤ ਦਾ ਕੋਈ ਖ਼ਾਬ ਨਹੀਂ ਏਸ ਬੇ-ਹੋਸ਼ੀਆਂ ਦੀ ਮੰਡੀ ਵਿੱਚ ਹੋਸ਼ ਮੰਗਦਾ ਹਾਂ ਮੈਂ, ਸ਼ਰਾਬ ਨਹੀਂ.

ਆਓ ਫਿਰ ਬਾਲ਼ੀਏ ਚਰਾਗ਼ ਕੋਈ

ਆਓ ਫਿਰ ਬਾਲ਼ੀਏ ਚਰਾਗ਼ ਕੋਈ ਆਓ ਹੁਣ ਫੇਰ ਤੋਂ ਦੁਆ ਕਰੀਏ; ਆਓ ਕਰੀਏ ਦੁਆ ਕਿ ਪੱਤਝੜਾਂ ਦੇ ਮੌਸਮ ਵਿੱਚ ਸਾਨੂੰ ਆਓਂਦਾ ਰਹੇ ਮੁੜ-ਮੁੜ ਬਹਾਰ ਦਾ ਸੁਪਨਾ ਆਓ ਕਰੀਏ ਦੁਆ ਕਿ ਫੁੱਲਾਂ ਦੀਆਂ ਕਬਰਾਂ 'ਚੋਂ ਫਿਰ ਜੋ ਉੱਗਣ ਤਾਂ ਫੁੱਲ ਹੀ ਉੱਗਣ; ਆਓ ਕਰੀਏ ਦੁਆ ਮਾਸੂਮ ਕਿਸ਼ਤੀਆਂ ਨੂੰ ਸਦਾ ਹਵਾ ਦਾ ਰਹਿਮ ਤੇ ਲਹਿਰਾਂ ਦਾ ਸਾਥ ਮਿਲਦਾ ਰਹੇ ਆਓ ਕਰੀਏ ਦੁਆ ਕਿ ਮਾਤਮੀਂ ਉਡੀਕਾਂ ਨੂੰ ਹਮੇਸ਼ਾ ਖ਼ਬਰ ਮਿਲੇ ਘਰਾਂ ਨੂੰ ਪਰਤ ਰਹੀ ਰੌਣਕ ਦੀ; ਆਓ ਕਰੀਏ ਦੁਆ ਕਿ ਸੰਸਿਆਂ ਦੀ ਕਾਲ਼ੀ ਰਾਤ ਫੇਰ ਤੋਂ ਕਿਰਨ-ਕਿਰਨ ਹੋ ਜਾਵੇ ਆਓ ਕਰੀਏ ਦੁਆ ਕਿ ਥਿੜਕਦਿਆਂ ਪੈਰਾਂ ਨੂੰ ਫਿਰ ਤੋਂ ਸਾਬਤ-ਕਦਮ ਯਕੀਨ ਮਿਲੇ; ਆਓ ਕਰੀਏ ਦੁਆ ਕਿ ਭਟਕੇ ਹੋਏ ਰਾਹੀਆਂ ਨੂੰ ਫਿਰ ਤੋਂ ਰਸਤੇ ਦੀ ਵਫ਼ਾ ਯਾਦ ਆਵੇ ਆਓ ਕਰੀਏ ਦੁਆ ਕਿ ਸਹਿਮੇ ਹੋਏ ਬੋਲਾਂ ਨੂੰ ਫੇਰ ਤੋਂ ਸੁਰ ਮਿਲੇ ਦਲੇਰੀ ਦਾ; ਆਓ ਕਰੀਏ ਦੁਆ ਕਿ ਸ਼ਾਮ ਢਲ਼ੇ ਹਰ ਇੱਕ ਆਲ੍ਹਣੇ ਨੂੰ ਭੁੱਖ ਤੋਂ ਨਜਾਤ ਮਿਲੇ ਆਓ ਕਰੀਏ ਦੁਆ ਕਿ ਵਸਦਿਆਂ ਘਰਾਂ ਅੰਦਰ ਘੜੇ 'ਚ ਪਾਣੀ ਤੇ ਚੁੱਲ੍ਹੇ 'ਚ ਬਲ਼ਦੀ ਅੱਗ ਰਹੇ: ਆਓ ਕਰੀਏ ਦੁਆ ਕਿ ਰੁੱਸੇ ਹੋਏ ਯਾਰਾਂ ਨੂੰ ਫੇਰ ਤੋਂ ਹੌਲ ਪਵੇ ਯਾਰਾਂ ਦਾ ਆਓ ਕਰੀਏ ਦੁਆ ਕਿ ਸੁੰਨੀ ਪਈ ਡੋਲੀ ਨੂੰ ਫੇਰ ਤੋਂ ਵਰ ਮਿਲੇ ਕਹਾਰਾਂ ਦਾ; ਆਓ ਕਰੀਏ ਦੁਆ ਕਿ ਮਿੱਠੇ ਜਿਹੇ ਲੱਗਦੇ ਗੀਤ ਸਦਾ ਸਜਾਉਂਦੇ ਰਹਿਣ ਚਾਨਣੀਆਂ ਰਾਤਾਂ ਨੂੰ ਆਓ ਕਰੀਏ ਦੁਆ ਕਿ ਵਿਧਵਾ ਆਸ ਸੁਹਾਗ ਰਾਤ ਲਈ ਫੇਰ ਤੋਂ ਸ਼ਿੰਗਾਰ ਕਰੇ; ਆਓ ਹੁਣ ਫੇਰ ਤੋਂ ਦੁਆ ਕਰੀਏ ਆਓ ਫਿਰ ਬਾਲ਼ੀਏ ਚਰਾਗ਼ ਕੋਈ....!

ਚੰਨ ਰਾਤਾਂ ਵਿੱਚ ਲੋਅ ਦੇਵੇ

ਚੰਨ ਰਾਤਾਂ ਵਿੱਚ ਲੋਅ ਦੇਵੇ, ਥੋੜ੍ਹਾ-ਥੋੜ੍ਹਾ ਰਹਿ ਹੱਸਦਾ ਕਿਤੇ ਦੁੱਖ ਨਾ ਡੁਬੋ ਦੇਵੇ. ਕੀ ਸੱਚ ਤੂੰ ਪਛਾਣੇਗਾ, ਜੇ ਤੂੰ ਮੇਰੀ ਚੁੱਪ ਨਾ ਸੁਣੀ ਮੇਰੇ ਬੋਲਾਂ ਨੂੰ ਕੀ ਜਾਣੇਗਾ? ਰੰਗ ਉੱਡ ਗਏ ਗੁਲਾਬਾਂ ਦੇ, ਦੁੱਖ ਦੀ ਕੂਕ ਸੁਣੀ ਦਿਲ ਕੰਬ ਗਏ ਕਿਤਾਬਾਂ ਦੇ. ਪੱਕੇ ਰੰਗ ਨਹੀਂ ਖ਼ਾਬਾਂ ਦੇ, ਮਿੱਟੀ ਜਦੋਂ ਸੱਚ ਬੋਲਦੀ ਸਿਰ ਝੁਕਦੇ ਕਿਤਾਬਾਂ ਦੇ. ਜ਼ਰਾ ਹੱਸ ਕੇ ਵਿਖਾ ਕੁੜੀਏ, ਸੌਂ ਚੁੱਕੇ ਖ਼ਾਂਬਾਂ 'ਚੋਂ ਕੋਈ ਆਸ ਜਗਾ ਕੁੜੀਏ. ਤੇਰਾ ਰੱਬ ਜਿਹਾ ਨਾਂ ਮਿੱਤਰਾ, ਜਦ ਤੱਕ ਸਾਹ ਚੱਲਣੇ ਤੇਰੀ ਦਿਲ ਵਿੱਚ ਥਾਂ ਮਿੱਤਰਾ.

ਟੱਪੇ

ਡੋਰੇ, ਕਣਕਾਂ ਬੀਜਦਿਓ ਸੋਚੋ ਉੱਗਦੇ ਕਿਓਂ ਖੇਤਾਂ ਵਿੱਚੋਂ ਝੋਰੇ? ਹਾਰੇ, ਹਲ਼ ਤਕਦੀਰ ਲਿਖਦਾ 'ਥੌੜਾ ਚਿੱਬੇ ਹੋਏ ਲੇਖ ਸੰਵਾਰੇ. ਰਾਣੀ, ਐਨਾਂ ਤਾਂ ਨਾ ਲੁੱਟੋ ਹਾਕਮੋਂ ਤੁਸੀਂ ਚਾਂਦੀ ਦੀ ਰੋਟੀ ਤਾਂ ਨੀ ਖਾਣੀ. ਕਾਸੇ, ਮਨ ਵਿੱਚ ਮੈਲ਼ ਮਿੱਤਰਾ ਤਾਂਹੀਓਂ ਹੱਸਦੈਂ ਚਿੱਬੇ ਜਿਹੇ ਹਾਸੇ. ਹੋੜੇ, ਅੰਦਰੋਂ ਰੱਬ ਲੱਭਿਆ ਐਵੇਂ ਕਿੰਨੇ ਹੀ ਬਣਾ ਕੇ ਰੱਬ ਤੋੜੇ. ਦਾਣੇ, 'ਨ੍ਹੇਰਿਆਂ ਦਾ ਜ਼ੋਰ ਹੋ ਗਿਆ ਤਾਂਹੀਓਂ ਟੁੱਟ ਗਏ ਧੁੱਪਾਂ ਦੇ ਟਾਹਣੇ. ਬਾਰੀ, ਸਿੱਕਿਆਂ ਦਾ ਹੁਕਮ ਚੱਲੇ ਗੋਰੇ ਰੰਗ ਦੀ ਚੱਲੇ ਸਰਦਾਰੀ. ਪਰਦੇ, ਵੱਡੀਆਂ ਪੀੜਾਂ ਨੂੰ ਮੇਰੇ ਦੁੱਖਾਂ ਵਿੱਚੋਂ ਮਨਫ਼ੀ ਕਰਦੇ. ਸਦੀਆਂ, ਬਹੁਤੀਆਂ ਤਮੀਜ਼ਾਂ ਵਾਲ਼ਿਓ ਕਾਹਤੋਂ ਮੈਲ਼ੀਆਂ ਕਰਾ ਲਈਆਂ ਨਦੀਆਂ? ਬੇਰੀਆਂ, ਨਿੱਤ ਸੋਹਣੀ ਧੁੱਪ ਚੜ੍ਹਦੀ ਲੰਘ ਜਾਂਦੀਆਂ ਨੇ ਕਾਲ਼ੀਆਂ ਹਨੇਰੀਆਂ. ਕਾਸੇ, ਡੁੱਬ, ਡੁੱਬ ਫੇਰ ਤੈਰਦੇ ਖਾਰੇ ਹੰਝੂਆਂ 'ਚੋਂ ਮਿੱਠੇ-ਮਿੱਠੇ ਹਾਸੇ. ਛਾਵਾਂ, ਤੇਰੇ ਨਾਲ ਮਹਿਕ ਗਈਆਂ ਰਾਤ ਚਾਨਣੀ 'ਚ ਨਰਮ ਹਵਾਵਾਂ. ਮਾਇਆ, ਰੋਂਦੇ-ਰੋਂਦੇ ਫੁੱਲ ਹੱਸ ਪਏ ਜਦੋਂ ਪੈਰ ਤੂੰ ਬਾਗ਼ ਵਿੱਚ ਪਾਇਆ. ਮਸਤੀ, ਪਹਿਲਾਂ ਟੁੱਟੇ ਘਰ ਜੋੜ ਲੈ ਪਿੱਛੋਂ ਚੰਨ ਨੂੰ ਬਣਾ ਲਈਂ ਬਸਤੀ. ਹਾਣੀ, ਥੋੜ੍ਹਾ-ਥੋੜ੍ਹਾ ਸਿੱਖ ਹੱਸਣਾ ਨਹੀਂ ਤਾਂ ਡੋਬ ਦਊ ਅੱਖਾਂ ਦਾ ਪਾਣੀ. ਹਾਣੀ, ਨਦੀਆਂ ਨੇ ਪਿਆਸ ਜੋ ਦਿੱਤੀ ਮੇਟੀ ਮੇਰੇ ਹੀ ਘੜੇ ਦੇ ਪਾਣੀ. ਪਾਣੀ, ਹੋਰਾਂ ਨੂੰ ਜਗਾਓਣ ਵਾਲ਼ਿਆ ਕਦੇ ਆਪਣੀ ਨਾ ਨੀਂਦ ਪਛਾਣੀ. ਨਦੀਆਂ, ਪਲ 'ਚ ਉਹ ਪਲ ਲੰਘ ਜੇ ਜੀਹਨੂੰ ਲੱਭਦੇ ਬਿਤਾਈਏ ਸਦੀਆਂ. ਬੇਰੀ, ਰੱਬ ਦੀ ਤੂੰ ਮੰਨੇ ਨਾ ਮੰਨੇ ਰੱਬ ਮੰਨਦਾ ਹਮੇਸ਼ਾ ਤੇਰੀ. ਗਾਵੇਂ, ਰੇਸ਼ਮੀਂ ਰੁਮਾਲ ਜ਼ਿੰਦਗੀ ਆਪੇ ਦਾਗ਼ ਤੂੰ ਡਰਾਂ ਦੇ ਲਾਵੇਂ. ਗਹਿਣੇ, ਧੁੱਪਾਂ ਤੈਨੂੰ ਨਿੱਘ ਵੰਡਣਾ ਸਦਾ ਛਾਵਾਂ ਦੇ ਆਸਰੇ ਰਹਿਣੇ. ਤਾਣਾ, ਧਰਤੀ ਦੇ ਦੁੱਖ ਮੇਟ ਲੈ ਐਥੇ ਰਹਿਣਾ ਹੈ ਹਮੇਸ਼ਾ ਆਣਾ-ਜਾਣਾ. ਡਾਲੀ, ਹੰਝੂ ਤਾਂ ਲੁਕੋਅ ਲਏ ਜੱਗ ਤੋਂ ਸੱਚ ਬੋਲ ਗਈ ਅੱਖਾਂ ਦੀ ਲਾਲੀ.

ਨੀਂਦ

ਦੇਰ ਰਾਤ ਤੱਕ ਐਵੇਂ ਹੀ ਬੱਸ ਰਿਹਾ ਜਾਗਦਾ. ਨੀਂਦ ਪਤਾ ਨਹੀਂ ਆਓਂਦੀ, ਆਓਂਦੀ ਕਿੱਥੇ ਰਹਿ ਗਈ? ਪਹਿਲਾਂ ਤਾਂ ਬਦਸ਼ਕਲ ਜਿਹੀਆਂ ਬੁੱਢੀਆਂ ਯਾਦਾਂ ਨੇ ਚਿੱਟੀਆਂ ਚੁੰਨੀਆਂ ਦੇ ਘੁੰਡ ਕੱਢ ਕੇ, ਭੁੰਜੇ ਬਹਿ ਕੇ, ਰੋ, ਰੋ ਕੇ, ਹਟਕੋਰੇ ਲੈ ਕੇ, ਦੁਖਦਾ ਹੋਇਆ ਲੰਮਾਂ-ਚੌੜਾ ਰੁਦਨ ਸੁਣਾਇਆ ਭੁੱਲਿਆ ਰੱਬ ਚੇਤੇ ਕਰਵਾਇਆ; ਚਿਰ ਪਿੱਛੋਂ ਫਿਰ ਜੋਬਨ-ਮੱਤੀਆਂ ਭਰ-ਅੰਗੀਆਂ ਅੱਲ੍ਹੜ ਯਾਦਾਂ ਦਾ ਝੁਰਮਟ ਆਇਆ ਓਹਨਾ ਨੇ ਹੌਲ਼ੀ-ਹੌਲ਼ੀ ਨਿਰਵਸਤਰ ਹੋ ਕੇ ਐਸਾ ਦਿਲਕਸ਼, ਜਾਦੂ-ਭਰਿਆ ਨਾਚ ਵਿਖਾਇਆ ਮੈਂਨੂੰ ਮੇਰਾ ਰੱਬ ਭੁਲਾਇਆ; ਐਦਾਂ ਹੀ ਬੱਸ ਦੇਰ ਰਾਤ ਤੱਕ ਰਿਹਾ ਜਾਗਦਾ: ਥੱਕ ਚੁੱਕਿਆ ਸਾਂ ਨੀਂਦ ਜਦੋਂ ਆਈ ਤਾਂ ਉਸਨੂੰ "ਜੀ ਆਇਆਂ" ਵੀ ਕਹਿ ਨਹੀਂ ਸਕਿਆ.

ਸਾਡੇ ਹਿੱਸੇ ਦਾ ਹੁਸਨ

ਇਹ ਜੋ ਚਿਹਰੇ ਨੇ ਗ਼ਰੀਬ ਜੱਟ ਦੇ ਵਿਹੜੇ 'ਚ ਪਏ ਟੁੱਟੇ, ਪੁਰਾਣੇ ਜਿਹੇ ਗੱਡੇ ਵਰਗੇ; ਇਹ ਜੋ ਚਿਹਰੇ ਨੇ ਰੇਤ ਦੇ ਟਿੱਬਿਆਂ 'ਚ ਰੁਲ਼ਦੀ ਹੋਈ ਚਿੱਬੀ ਜਿਹੀ ਗਾਗਰ ਵਰਗੇ; ਇਹ ਜੋ ਚਿਹਰੇ ਨੇ ਕਿਨਾਰੇ 'ਤੇ ਪਏ ਉੱਖੜੇ ਜਹਾਜ਼ਾਂ ਵਰਗੇ; ਇਹ ਜੋ ਚਿਹਰੇ ਨੇ ਬੇ-ਚਰਾਗ਼ ਸੁੰਨੇ ਮਜ਼ਾਰਾਂ ਵਰਗੇ; ਇਹ ਜੋ ਚਿਹਰੇ ਨੇ ਢਹਿ ਗਈ ਮੌਣ 'ਤੇ ਉੱਗੇ ਹੋਏ ਕੰਡਿਆਂ ਵਰਗੇ; ਇਹ ਜੋ ਚਿਹਰੇ ਨੇ ਸ਼ਾਮ ਦੇ ਲਹੂ 'ਚ ਲਿੱਬੜੇ ਹੋਏ ਬੱਦਲਾਂ ਵਰਗੇ; ਇਹ ਜੋ ਚਿਹਰੇ ਨੇ ਧੁੰਦ ਵਿੱਚ ਉਲਝੀ ਹੋਈ ਤਾਰਿਆਂ ਦੀ ਲੋ ਵਰਗੇ; ਜਦੋਂ ਵੀ ਵੇਖਦਾ ਹਾਂ ਇਹਨਾਂ ਨੂੰ ਮੈਨੂੰ ਲੱਗਦਾ ਹੈ ਮੈਥੋਂ ਪੁੱਛਦੇ ਨੇ ਕੋਈ ਦੱਸੇ ਤਾਂ ਭਲਾ ਕਿੱਥੇ ਹੈ ਸਾਡੇ ਹਿੱਸੇ ਦਾ ਹੁਸਨ, ਸਾਡੇ ਹਿੱਸੇ ਦਾ ਹੁਸਨ...........!

ਉਨ੍ਹਾਂ ਨੂੰ ਕੀ ਕਹੋਗੇ?

ਉਹ ਜਿਹੜੇ ਘਾਹ ਦੇ ਮੈਦਾਨਾਂ 'ਚ ਉੱਗੇ ਬਾਲੜੇ ਜਿਹੇ, 'ਕੱਲੇ-ਕਾਰੇ ਫੁੱਲ ਨੂੰ ਤੱਕ ਕੇ ਕਿਸੇ ਗ਼ੈਬੀ ਖੁਸ਼ੀ ਵਿੱਚ ਝੂਮ ਉੱਠਦੇ ਨੇ ਉਨ੍ਹਾਂ ਨੂੰ ਕੀ ਕਹੋਗੇ? ਉਹ ਜਿਹੜੇ ਰਾਤ ਨੂੰ ਤਾਰਿਆਂ ਸੰਗ ਜਾਗ ਕੇ ਤੇ ਨਖ਼ਰੀਲੇ ਜਿਹੇ ਚੰਨ ਨਾਲ ਇੱਕ ਸੰਵਾਦ ਰਚ ਕੇ ਰੇਸ਼ਮੀਂ ਜਿਹੇ ਗੀਤ ਬੁਣਦੇ ਨੇ ਉਨ੍ਹਾਂ ਨੂੰ ਕੀ ਕਹੋਗੇ? ਉਹ ਜਿਹੜੇ ਧਰਤ ਦੇ ਸੀਨੇ 'ਚ ਸਾਂਭੇ ਚਿੰਨ੍ਹ ਲੱਭ ਕੇ ਟੁਕੜਾ-ਟੁਕੜਾ ਜੋੜ ਕੇ ਆਪਣੀ ਕਹਾਣੀ ਕਿਸੇ ਦਾਦੀ ਦੀਆਂ ਪਰੀਆਂ ਨੂੰ ਭੇਟਾ ਕਰਨ ਦੀ ਤਜਵੀਜ਼ ਰੱਖਦੇ ਨੇ ਉਨ੍ਹਾਂ ਨੂੰ ਕੀ ਕਹੋਗੇ? ਉਹ ਜਿਹੜੇ ਪਵਿੱਤਰ ਪੁਸਤਕਾਂ ਦੇ ਜ਼ਰਦ, ਖਸਤਾ ਵਰਕਿਆਂ ਵਿੱਚ ਬੰਦ ਪਏ ਰੌਸ਼ਨੀ ਤੇ ਨਿੱਘ ਦੇ ਸੰਦੇਸ਼ ਨੂੰ ਕੱਲ੍ਹ ਤੱਕ ਪਹੁੰਚਾਉਣ ਦੀ ਕੋਸ਼ਿਸ਼ 'ਚ ਰੁੱਝੇ ਨੇ ਉਨ੍ਹਾਂ ਨੂੰ ਕੀ ਕਹੋਗੇ? ਉਹ ਜਿਹੜੇ ਖੰਜਰਾਂ ਦੀ ਖੇਡ ਦਾ ਕੋਈ ਸ਼ੌਕ ਨਹੀਂ ਰੱਖਦੇ ਤੇ ਜੋ ਸਾਊ ਸਲੀਕੇ ਨਾਲ ਕਹਿੰਦੇ ਨੇ ਮੱਨੁਖਾਂ ਵਿੱਚ ਕੋਈ ਸੰਘਰਸ਼ ਨਹੀਂ ਸਹਿਯੋਗ ਚਾਹੀਦੈ ਉਨ੍ਹਾਂ ਨੂੰ ਕੀ ਕਹੋਗੇ? ਉਨ੍ਹਾਂ ਨੂੰ ਚੋਰ ਕਹਿਣਾ, ਸਾਧ ਕਹਿਣਾ ਜਾਂ ਕੋਈ ਬੇਅਸਰ ਅਪਵਾਦ ਕਹਿਣਾ ਉਨ੍ਹਾਂ ਦੀ ਸੋਚ ਨੂੰ 'ਨ੍ਹੇਰੇ ਦਾ ਇੱਕ ਸੰਵਾਦ ਕਹਿਣਾ ਜਾਂ ਕੋਈ ਗਾਲ਼੍ਹ ਵਰਗਾ "ਵਾਦ" ਕਹਿਣਾ ਉਨ੍ਹਾਂ ਨੂੰ ਕੁਝ ਵੀ ਕਹਿਣਾ ਪਰ ਜਦੋਂ ਸੰਕਟ 'ਚ ਹੋਵੋ ਉਨ੍ਹਾਂ ਦੀ ਜੋਤ ਵਰਗੀ ਜ਼ਿੰਦਗੀ ਨੂੰ ਯਾਦ ਕਰ ਲੈਣਾ ਉਨ੍ਹਾਂ ਦੀ ਗੀਤ ਵਰਗੀ ਜ਼ਿੰਦਗੀ ਨੂੰ ਯਾਦ ਕਰ ਲੈਣਾ!

ਦੋਹੇ

ਮੀਰਾ ਮਨ ਦੀ ਪਿਆਸ ਹੈ, ਤਨ ਦੀ ਪੀੜਾ ਹੀਰ, ਵਾਰਿਸ ਦਿਲ ਦਾ ਗੀਤ ਹੈ, ਰੂਹ ਦਾ ਰਾਗ ਕਬੀਰ. ਪੂਰੀ ਹੁੰਦੀ ਹੈ ਉਦੋਂ ਜੀਵਨ ਦੀ ਤਸਵੀਰ, ਜਦ ਮਜਨੂੰ ਦੀ ਪੀੜ 'ਚੋਂ ਪੈਦਾ ਹੋਣ ਕਬੀਰ. ਹੂਰਾਂ ਵਰਗਾ ਰੂਪ ਸੀ, ਪਰੀਆਂ ਵਰਗਾ ਵੇਸ, ਐਸੀ ਮੂਰਤ ਵੇਖ ਕੇ, ਡੋਲ ਗਿਆ ਦਰਵੇਸ. ਡੋਲ ਗਏ ਦਰਵੇਸ ਨੂੰ, ਸਾਈਂ ਕਰਿਓ ਮਾਫ਼, ਪਤਲੀ ਪਰਤ ਜਹਾਨ ਦੀ, ਰੂਹ ਦਾ ਸ਼ੀਸ਼ਾ ਸਾਫ਼. ਅੰਬਰ 'ਤੇ ਕਾਲ਼ੀ ਘਟਾ, ਧਰਤੀ ਉੱਤੇ ਮੋਰ, ਦਿਲ ਤੋਂ ਦਿਲ ਤੱਕ ਆ ਰਹੀ, ਇੱਕ ਅਣਦਿਸਦੀ ਡੋਰ ਮੈਂ ਤੇ ਸੂਰਜ ਚੱਲ ਪਏ, ਢੂੰਡਣ ਤੇਰੇ ਰਾਜ਼, ਸ਼ਾਮ ਢਲ਼ੀ ਤਾਂ ਛੱਡ ਗਿਆ, ਰਾਹ ਵਿੱਚ ਧੋਖੇਬਾਜ਼. ਪਤਾ ਨਹੀਂ ਕਿੰਝ ਖੋ ਗਏ ਵਲੀ, ਔਲੀਏ, ਪੀਰ, ਸ਼ੱਕ ਦੀ ਦੀਮਕ ਖਾ ਗਈ ਬੋਹੜਾਂ ਜਿਹੇ ਫ਼ਕੀਰ. ਭਗਵੇਂ ਵਸਤਰ ਪਹਿਨ ਕੇ ਕਰਨ ਬੇਨਤੀ ਰੁੱਖ, ਰੱਬਾ ਹੁਣ ਤਾਂ ਮੇਟਦੇ ਧਰਤੀ ਮਾਂ ਦੇ ਦੁੱਖ. ਹਰ ਮਨ ਵਿੱਚ ਮੌਜੂਦ ਨੇ ਇੱਕ ਪਾਗ਼ਲ, ਇੱਕ ਸੰਤ, ਧਰਤੀ 'ਤੇ ਮਿਲਦੇ ਜਿਵੇਂ ਪੱਤਝੜ ਅਤੇ ਬਸੰਤ. ਵੱਖਰੇ, ਵੱਖਰੇ ਰੂਪ ਨੇ ਪੱਤਝੜ ਅਤੇ ਬਸੰਤ, ਪਰ ਅੰਦਰਲੀ ਚੇਤਨਾ ਨਾ ਪਾਗ਼ਲ, ਨਾ ਸੰਤ. ਤਾਰੇ ਜਗਦੇ ਰਾਤ ਨੂੰ, ਦਿਨ ਵਿੱਚ ਪੰਛੀ-ਗੀਤ, ਹਰ ਕਾਲਖ ਲਈ ਰੌਸ਼ਨੀ, ਹਰ ਚੁੱਪ ਲਈ ਸੰਗੀਤ. ਦੁੱਖ ਦੀ ਆਦਤ ਚੰਦਰੀ, ਸੁੱਖ ਸੰਗ ਰੱਖਦਾ ਵੈਰ, ਹਰ ਘਰ ਦੀ ਦੇਹਲ਼ੀ ਲਈ, ਜੋਗੀ ਮੰਗਦਾ ਖੈਰ. ਅੰਬਰ ਧਰਤੀ ਨੂੰ ਲਿਖੇ ਇੱਕ ਸਾਦਾ ਸੰਦੇਸ਼, ਲੋੜ ਮਿਟਾਉਣੀ ਜਸ਼ਨ ਹੈ, ਲਾਲਚ ਬਣੇ ਕਲੇਸ਼. ਬਿਨ ਰਿਸ਼ਤੇ ਕੋਈ ਜ਼ਿੰਦਗੀ ਤੇ ਰਿਸ਼ਤੇ ਦਾ ਚਾਅ, ਇਹ ਤਪਦੀ ਮਾਰੂਥਲੀ, ਉਹ ਅੱਗ ਦਾ ਦਰਿਆ. ਆਦਿ-ਅੰਤ ਤੋਂ ਮੁਕਤ ਹੈ ਸਾਗਰ ਤੇਰਾ ਨੀਰ, ਬਣਨਾ-ਮਿਟਣਾ ਤਾਂ ਸਦਾ ਲਹਿਰਾਂ ਦੀ ਤਕਦੀਰ. ਬਾਹਰ-ਬਾਹਰ ਢੂੰਡਿਆ, ਅੰਦਰ ਲਿਆ ਵਿਸਾਰ, ਬਾਹਰ ਨੂੰ ਸਮਝਣ ਲਈ, ਅੰਦਰ ਦੀ ਰੱਖ ਸਾਰ. ਅੰਤਮ ਸੱਚ ਨੂੰ ਪਾਉਣ ਲਈ, ਰੂਹ ਸੰਗ ਛੇੜ ਵਿਚਾਰ, ਪਰ ਮਿੱਟੀ ਦੇ ਜਿਸਮ ਦਾ, ਸਦਾ ਕਰੀਂ ਸਤਿਕਾਰ. ਇੱਕ ਲਾਲਚ ਦੀ ਵੇਦਨਾ, ਇੱਕ ਡਰ ਦਾ ਸੰਚਾਰ, ਇਹੀ ਮੇਰਾ ਬੋਝ ਨੇ, ਇਹ ਮੇਰੀ ਰਫ਼ਤਾਰ. ਇਹ ਮਰਮਰ ਦੀ ਮੂਰਤੀ, ਇਹ ਫੁੱਲਾਂ ਦੇ ਹਾਰ, ਇਹ ਸਭ ਮੋਹ ਦਾ ਰੂਪ ਹੈ, ਜਾਣਾ ਇਸ ਤੋਂ ਪਾਰ. ਲੈਣਾ ਹੀ ਹੈ ਜ਼ਿੰਦਗੀ, ਇਹ ਸਾਹਾਂ ਦਾ ਸਾਰ, ਸੇਵਕ ਲੈਂਦੇ ਸ਼ਾਂਤੀ, ਸੰਤ ਲਵੇ ਸਤਿਕਾਰ. ਫ਼ਰਕ ਬੜਾ ਹੈ ਲਾਜ਼ਮੀਂ ਲੈਣ-ਲੈਣ ਵਿਚਕਾਰ, ਖੋਹ ਕੇ ਲੈਣਾ ਲਾਲਸਾ, ਦੇ ਕੇ ਲੈਣਾ ਪਿਆਰ. ਕਾਲ਼ੀ ਕੁੜਤੀ ਰਾਤ ਦੀ ਸਜੀ ਤਾਰਿਆਂ ਨਾਲ਼, ਜਿਸ ਗੋਰੀ ਲਈ ਇਹ ਬਣੀ ਸਭ ਨੂੰ ਉਸਦੀ ਭਾਲ਼. ਪਹਿਨੇ ਕੁੜਤੀ ਰਾਤ ਦੀ, ਚਾਨਣ ਦੀ ਸਲਵਾਰ, ਸਾਰੇ ਸਜਦੇ ਪਹੁੰਚਦੇ ਉਸ ਗੋਰੀ ਦੇ ਦੁਆਰ. ਡਰੇਂ ਤਾਂ ਕਤਰਾ ਦਰਦ ਦਾ ਹਸਤੀ ਕਰੇ ਤਬਾਹ, ਜਰੇਂ ਤਾਂ ਸਾਗਰ ਪੀੜ ਦੇ ਦਿਲ ਵਿੱਚ ਜਾਣ ਸਮਾਅ. ਸਦਾ-ਸਦਾ ਤੋਂ ਹੋ ਰਹੀ ਰੰਗਾਂ ਦੀ ਬਰਸਾਤ ਹਰ ਚੁੰਨੀ ਲਈ, ਹਰ ਸਮੇਂ, ਮਰਜ਼ੀ ਦੀ ਸੌਗਾਤ. ਦਿਨ ਚਾਨਣ ਦੀ ਸਲਤਨਤ, ਰਾਤਾਂ ਵਿੱਚ ਵੀ ਲੋਅ, ਫਿਰ ਵੀ ਗਿਲਾ ਹਨੇਰ ਦਾ, ਬੇ-ਸ਼ੁਕਰਾ ਨਾ ਹੋ. ਨੀਲਾ ਅੰਬਰ ਭਰਮ ਹੈ, ਐਵੇਂ ਨਾ ਖੰਭ ਖੋਲ੍ਹ, ਰੱਖੀਂ ਨਿੱਘਾ ਆਲ੍ਹਣਾਂ, ਰਹਿ ਬੋਟਾਂ ਦੇ ਕੋਲ਼. ਸੁਣ ਕੀ ਆਖਣ ਚੂੜੀਆਂ, ਬਹਿ ਝਾਂਜਰ ਦੇ ਕੋਲ਼, ਇਹਨਾਂ 'ਚੋਂ ਲੱਭ ਆਰਤੀ ਤੇ ਸੰਖਾਂ ਦੇ ਬੋਲ. ਬੱਦਲਾਂ ਸੰਗ ਚੱਲਦਾ ਰਿਹਾ ਲਹਿਰਾਂ ਦਾ ਸੰਵਾਦ, ਕਿਸ ਤੋਂ ਪਹਿਲਾਂ ਕੌਣ ਹੈ, ਕਿਹੜਾ ਕਿਸ ਤੋਂ ਬਾਅਦ? ਹੱਸ ਕੇ ਸਾਗਰ ਬੋਲਿਆ, "ਮੈਂ ਇੱਕ ਸੱਚ ਹਰ ਪਹਿਰ, ਉੱਡਾਂ ਤਾਂ ਬੱਦਲ ਬਣਾਂ, ਨੱਚਾਂ ਤਾਂ ਮੈਂ ਲਹਿਰ." ਨਿੱਕੇ ਜਿਹੇ ਇੱਕ ਗੀਤ ਨੂੰ ਦੱਸਦਾ ਬੁੱਢਾ ਸਾਜ਼, ਫੁੱਲ ਦੇ ਦਿਲ ਵਿੱਚ ਹੈ ਕੋਈ ਤਿਤਲੀ ਵਰਗਾ ਰਾਜ਼. ਕਾਲ਼ੀ-ਬੋਲ਼ੀ ਰਾਤ ਵਿੱਚ ਚਾਨਣ ਦਾ ਸਨਮਾਨ, ਸੂਰਜ ਦੇ ਸਿਰ ਹੋ ਰਿਹਾ ਜੁਗਨੂੰ ਦਾ ਅਹਿਸਾਨ

ਕਵਿਤਾ

ਇਹ ਮੇਰੀ ਨਜ਼ਮ ਜੋ ਜਾਗੀ ਹੈ ਐਨੀ ਦੇਰ ਤੋਂ ਬਾਅਦ ਰਾਤ ਇਹ ਦੇਰ ਤੱਕ ਮੇਰੇ ਨਾਲ ਭਟਕੀ ਹੈ; ਪਹਿਲਾਂ ਤਾਂ ਘੁੰਮਦੇ ਰਹੇ ਮਿਸਰ ਦੇ ਬਾਜ਼ਾਰਾਂ ਵਿੱਚ, ਫ਼ੇਰ ਉਲਝੇ ਰਹੇ ਸੱਚ-ਝੂਠ ਦੇ ਤਕਰਾਰਾਂ ਵਿੱਚ; ਫ਼ੇਰ ਇੱਕ ਜੁਗਨੂੰਆਂ ਦੀ 'ਨ੍ਹੇਰੀ ਜਿਹੀ ਬਸਤੀ ਵਿੱਚ ਐਵੇਂ ਲੱਭਦੇ ਰਹੇ ਸੂਰਜ ਦੀ ਪੈੜ; ਘਰ ਜਦੋਂ ਪਰਤੇ ਰਾਤ ਦੇਰ ਗਈ ਇੱਕ ਮੱਕੜੀ ਦੇ ਜਾਲੇ 'ਚ ਫਸੇ ਨਿੱਕੇ ਜਿਹੇ, ਕੂਲ਼ੇ ਜਿਹੇ, ਰੇਸ਼ਮੀਂ ਜਿਹੇ ਖੰਭ ਉੱਤੋਂ ਸਹਿਮੇਂ-ਸਹਮੇਂ ਪੜ੍ਹਦੇ ਰਹੇ ਸ਼ੋਖ ਰੰਗਾਂ 'ਚ ਲਿਖੀ ਆਸ ਤੇ ਡਰ ਦੀ ਕਹਾਣੀ ਆਪਣੀ; ਫ਼ੇਰ ਇਹ ਨਜ਼ਮ ਮੇਰੀ ਰੋ ਪਈ ਕਤਰਾ-ਕਤਰਾ; ਮੈਂ ਮਸਾਂ ਰੋਕ ਕੇ ਪਲਕਾਂ 'ਤੇ ਲਰਜ਼ਦੇ ਹੋਏ ਡਰ ਏਸ ਨੂੰ ਯਾਦ ਕਰਾਓਂਦਾ ਰਿਹਾ ਬੁੱਧ ਦੇ ਕੁਝ ਬੋਲ ਕੁਝ ਕੁ ਗੀਤਾ ਦੇ ਸ਼ਲੋਕ; ਰਾਤ ਬੱਸ ਢਲ਼ ਹੀ ਗਈ ਸੀ ਇਹ ਜਦੋਂ ਸੌਂਈਂ ਸੀ ਇਹ ਮੇਰੀ ਨਜ਼ਮ ਜੋ ਜਾਗੀ ਹੈ ਐਨੀ ਦੇਰ ਤੋਂ ਬਾਅਦ.

ਕਿੰਨੇ ਸਾਰੇ ਤਾਰੇ

ਰਾਤ ਵਿੱਚ ਕਿੰਨੇ ਸਾਰੇ ਤਾਰੇ ਨੇ, ਦੁੱਖ ਹੈ ਜੇ, ਸੁੱਖ ਵੀ ਐਨੇ ਸਾਰੇ ਨੇ, ਬੇਈਮਾਨੀ ਨਜ਼ਰ ਦੀ ਦੂਰ ਤਾਂ ਕਰ, ਜਿਸ ਤਰ੍ਹਾਂ ਨਜ਼ਰ ਹੈ, ਨਜ਼ਾਰੇ ਨੇ. ਰੱਬ ਦੀ ਗੱਲ ਹੀ ਬੜੀ ਨਿਆਰੀ ਹੈ, ਤੂੰ ਹੀ ਇਹ ਗੱਲ ਨਹੀਂ ਵਿਚਾਰੀ ਹੈ, ਰੱਬ ਦੀ ਸੱਤਾ ਦਾ ਕੋਈ ਦਲਾਲ ਨਹੀਂ, ਉਸਦੀ ਤੇ ਤੇਰੀ ਸਿੱਧੀ ਯਾਰੀ ਹੈ. ‍ਲੋਕ ਜਾਂਦੇ ਹੀ ਗ਼ਲਤ ਪਾਸੇ ਨੇ, ਬੁੱਲ੍ਹ ਹੀ ਹੱਸਦੇ ਨੇ, ਦਿਲ ਉਦਾਸੇ ਨੇ, ਖ਼ੁਦ ਹੀ ਸਾਕੀ ਤੇ ਜਾਮ ਵੀ ਖ਼ੁਦ ਹੀ, ਫ਼ਿਰ ਵੀ ਸਭ ਰੂਹ ਤੱਕ ਪਿਆਸੇ ਨੇ. ਬੁੱਤ ਐਵੇਂ, ਕਿਤਾਬ ਐਵੇਂ ਹੈ, ਆਕਲਾਂ ਦਾ ਜਵਾਬ ਐਵੇਂ ਹੈ, ਸੱਚ ਬੱਸ ਏਸ ਪਲ ਦਾ ਹਾਸਿਲ ਹੈ, ਯਾਦ ਐਵੇਂ ਹੈ, ਖ਼ਾਬ ਐਵੇਂ ਹੈ. ਨਾ ਉਦੈਅ ਹੋਵਾਂ, ਨਾ ਮੈਂ ਲਹਿੰਦਾ ਹਾਂ, ਸਾਰਿਆਂ ਮੌਸਮਾਂ 'ਚ ਵਹਿੰਦਾ ਹਾਂ, ਸਾਂਵਲੀ ਰਾਤ ਦੇ ਬਿਸਤਰ 'ਚ ਸੌਂ ਲਵਾਂ ਥੋੜ੍ਹਾ, ਦਿਨ ਨੂੰ ਸੂਰਜ ਦੇ ਘਰ 'ਚ ਰਹਿੰਦਾ ਹਾਂ.

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ