Punjabi Poetry : Prabhsharandeep Singh

ਪੰਜਾਬੀ ਰਚਨਾਵਾਂ : ਪ੍ਰਭਸ਼ਰਨਦੀਪ ਸਿੰਘ


ਕਰਤਾ

ਨਾਮੇ ਅੰਦਰ ਪੁਰਖੁ ਹੈ ਕਰਤਾ, ਨਾਮ ਹੈ ਵਿੱਚ ਸਵਾਸਾਂ। ਰੋਮ-ਰੋਮ ਵਿੱਚ ਨਾਮ ਰੁਮਕਦਾ, ਬਿਰਹੋਂ-ਭਿੰਨੀਆਂ ਆਸਾਂ। ਕੁਦਰਤ ਹੁਕਮ ਦੁਇ ਵਿਸਮਾਦੀ, ਖੇੜੇ ਵਿੱਚ ਵਰਤੇਂਦੇ, ਕਰਤਾ ਅਮ੍ਰਿਤ ਸਰੀਂ ਬਿਠਾਲੇ, ਦੇ ਕੇ ਸੁਖਦ ਪਿਆਸਾਂ ।

ਗੁਰੂ ਨਾਨਕ

ਤੇਗ਼ ਸ਼ਬਦ ਦੀ ਜ਼ੋਰ ਨਾ’ ਝੁੱਲੀ, ਗੁਰ ਨਾਨਕ ਦਾ ਆਉਣਾ। ਖ਼ਾਕੂ ਵਿੱਚ ਰੁਲੇਂਦੀ ਖ਼ਲਕਤ, ਖ਼ਾਲਕ ਸਨਮੁਖ ਗਾਉਣਾ । ਗੁਰ ਦੀਆਂ ਤਾਨਾਂ ਅਰਸ਼ ਜ਼ਿਮੀਂ ਵਿੱਚ, ਹਰਕਤ ਨਵੀਂ ਜਗਾਈ, ਕਿਰਤੀ ਤਖ਼ਤ ਲਿਤਾੜਨ, ਗੁਰ ਨੇ, ਸਿੱਕਾ ਨਵਾਂ ਜਮਾਉਣਾ।

ਗੁਰੂ ਨਾਨਕ ਦਾ ਦੇਸ

ਗੁਰੂ ਨਾਨਕ ਦਾ ਦੇਸ ਹੈ ਕਿਹੜਾ, ਕਿਹੜਾ ਆਖ ਵਖਾਣੇ। ਜਿੱਥੇ ਮਘਦੇ ਅੱਥਰੂ ਦੇ ਵਿੱਚ, ਸਿਦਕ ਸੰਭੋਲਣ ਭਾਣੇ । ਜਿੱਥੇ ਕਣੀਆਂ ਮਣੀਆਂ ਬਣਸਨ, ਮੁੜ੍ਹਕੇ ਨੂੰ ਛੁਹ-ਛੁਹ ਕੇ, ਜਿੱਥੇ ਬੋਲੀ ਸ਼ਬਦ-ਸੰਵਾਰੀ, ਲੈਂਦੀ ਸਾਹ ਰੱਬਾਣੇ।

ਦੇਸ

ਦੇਸ ਹੁਵੇਂਦਾ ਪੌਣ ਤੇ ਪਾਣੀ, ਜਿਸ ਉਹ ਰਮਜ਼ ਪਛਾਣੀ। ਦੇਸ ਦੇ ਅੰਦਰ ਬੋਲੀ ਵਿਗਸੇ, ਬਾਣੀ ਜਿਸ ਨੇ ਮਾਣੀ। ਮਿੱਟੀ ਦੇ ਵਿੱਚ ਰਹਿਤਲ ਰਮਦੀ, ਰਹਿਤਲ ਵਿੱਚ ਸਾਹ ਘੁਲ਼ਦੇ। ਦੇਸ ਬਿਨਾਂ ਨਾ ਫੁੱਲ-ਪੱਤੀਆਂ 'ਚੋਂ, ਸੁਣਦੀ ਨਿੱਤ ਕਹਾਣੀ ।

ਮਿੱਟੀ

ਮਿੱਟੀ ਅੱਗਾਂ ਸੋਖ-ਸੋਖ ਕੇ, ਘੜ-ਘੜ ਡੌਲ਼ੇ ਦੇਹੀ। ਰੱਤੀਂ ਸਿੰਜੀ ਕੁੰਦਨ ਸਿਰਜੇ, ਜੰਮਦੇ ਰਹਿਣ ਸਨੇਹੀ। ਮਿੱਟੀ ਵਿੱਚ ਜੜ੍ਹਾਂ ਲੈ ਪੁਸ਼ਤਾਂ, ਬੋਹੜਾਂ ਜਿਉਂ ਲਹਿਰਾਵਣ, ਮਿੱਟੀ ਨੇ ਬਨਸਪਤਿ ਖੇੜੇ, ਮੇਰ ਹੈ ਬਖ਼ਸ਼ੀ ਕੇਹੀ !

ਮਾਂ ਤੇ ਮਿੱਟੀ

ਮਾਵਾਂ ਨਾ ਮਿੱਟੀ ਦੀਆਂ ਜਾਈਆਂ, ਇਹ ਮਿੱਟੀ ਦੀਆਂ ਭੈਣਾਂ। ਮਾਂ ਦੇ ਸੁਪਨੇ ਚੰਨ ਤੋਂ ਲਿਆਵਣ, ਧਰਤ ਵਿਛੇਦੀਆਂ ਰੈਣਾਂ। ਕਿਰਤੀ ਤੇ ਸੂਰੇ ਦੇ ਦਾਈਏ, ਮਿੱਟੀ ਦੀਆਂ ਅਪਣੱਤਾਂ, ਮੁੜ-ਮੁੜ ਉਸ ਤੋਂ ਜਿੰਦ ਵਾਰਨੀ, ਜਿਸ ਗੋਦੀ ਵਿੱਚ ਸੈਣਾਂ।

ਜਣਨੀ-ਧਰਤੀ

ਜਣਨੀ ਤੇ ਧਰਤੀ ਦਾ ਨਾਤਾ, ਕੌਣ ਕਹੇ ਕਿਨ ਜਾਤਾ। ਮਾਂ ਦੀਆਂ ਅੱਖਾਂ ਹਰ ਕਣ ਚੁਗਿਆ, ਜੋ ਸਾਚੇ ਰੰਗ ਰਾਤਾ। ਧਰਤੀ 'ਤੇ ਜਦ ਧੌਂਸ ਬਿਗਾਨੀ, ਪੀੜ ਰੋਗਾਂ ਤੋਂ ਡੂੰਘੀ। ਮਰ-ਮੁੱਕ ਜਾਣਾ, ਚੋਟ ਨਾ ਸਹਿਣੀ, ਆਤਮ ਭੇਤ ਪਛਾਤਾ।

ਬੋਲੀ

ਮਾਣਸ ਚਿੱਤ ਸੰਜੋਗ-ਵਿਜੋਗ ਜੋ, ਰੰਗ ਅਨੇਕ ਖਿੜਾਏ । ਦੇਹੀ ਅੰਦਰ, ਦੇਹੀ ਪਾਰੋਂ, ਨੇਤਿ ਨੇਤਿ ਮੁਸਕਾਏ। ਜੋ ਖਿਣ ਕਾਮਲ, ਸੋ ਖਿਣ ਹੱਸੇ, ਜੋ ਹੀਣਾ ਸੋ ਰੋਵੇ, ਰੂਹ ਦੀ ਵੱਥ, ਸਿਦਕ ਦੀ ਟੀਸੀ, ਬੋਲੀ ਵਿੱਚ ਸਮਾਏ।

ਬੋਲੀ-ਆਪਾ

ਬੋਲ ਅਬੋਲ ਸਰੋਦੀਂ ਘੁਲ਼ ਗਏ, ਰਾਗ ਸੁਪਨਿਆਂ ਜੇਹੇ। ਭੁੱਲੇ ਬੋਲ ਤੇ ਰਹਿ ਗਏ ਪਿੰਜਰ, ਦੁੱਖ ਸੁਣਾਈਏ ਕੇਹੇ। ਨਾਂਹ ਤਾਂ ਫੇਰ ਹਿਜਰ ਵਿੱਚ ਮੋਈਏ, ਨਾਂਹ ਮੂੰਹ-ਜ਼ੋਰ ਉਡਾਰੀ। ਬੋਲੀ ਬਾਝੋਂ ਰੁਣ-ਝੁਣ ਨਾਹੀਂ, ਰੁੱਖੇ ਹੁਕਮ ਸੁਨੇਹੇ।

ਬੇਵਤਨੀ ਤੇ ਬੋਲੀ

ਧਰਤ ਬਿਗਾਨੀ, ਬੋਲ ਬਿਗਾਨੇ, ਦੇਹੀ ਰਹਿ ਗਈ ਮੇਰੀ । ਦੇਹੀ ਉੱਤੇ ਭਉਂਦੀਆਂ ਗਿਰਝਾਂ, ਨੋਚ ਲੈਣ ਦੀ ਦੇਰੀ। ਕਦੋਂ ਗੀਤ ਪਰਦੇਸੀ ਹੋਏ, ਕਦ ਭੁੱਲਿਆ ਨਾਂ ਤੇਰਾ। ਜਦ ਵੀ ਸੁੱਚੀਆਂ ਆਹਾਂ ਉੱਠੀਆਂ, ਬਾਤ ਤੁਰੇਗੀ ਤੇਰੀ।

ਮਾਂ ਦੀ ਸਿੱਖ

ਜਪੁਜੀ ਦੀ ਕੋਈ ਲੈਅ ਅਨੂਠੀ, ਮਾਂ ਦੀ ਮਿੱਠੀ ਲੋਰੀ । ਨੀਹਾਂ, ਕੱਚੀਆਂ ਗੜ੍ਹੀਆਂ ਵਿੱਚੋਂ, ਉਂਗਲੀ ਫੜ ਜਿੰਦ ਤੋਰੀ। ਤਾਰੀਖ਼ਾਂ ਮਾਵਾਂ ਦੇ ਸਬਰੀਂ, ਜਿਉਣ ਸਿਦਕ ਲੜ ਲੱਗ ਕੇ, ਬਾਣੀ ਦੇ ਸਰ ਤ੍ਰਿਖਾ ਬੁਝਾਵੇ, ਗੁਰ ਯਾਦਾਂ ਦੀ ਡੋਰੀ।

ਜੀਵਨ

ਜੀਵਨ ਹੈ ਮਿੱਟੀ ਦਾ ਖੇੜਾ, ਵਿੱਚ ਖ਼ਾਕੂ ਦੇ ਜੀਉੜੇ। ਧੜਕਣ ਦੇ ਵਿੱਚ ਸੱਚੇ, ਬਾਹਰੋਂ ਰੰਗ ਮਾਇਆ ਦੇ ਕੂੜੇ। ਕਲਹ-ਕਲੇਸ਼, ਸਾਜ਼ਿਸ਼ਾਂ, ਜੁਗਤਾਂ, ਨਾਲ਼ੇ ਈ ਮਾਂ ਦੀ ਮਮਤਾ, ਬੀਆਬਾਨੀਂ ਫੁੱਲ ਨੇ ਖਿੜਦੇ, ਡਲ੍ਹਕਣ ਰੰਗਲੇ ਚੂੜੇ।

ਮੌਤ

ਪੀਲ਼ੇ ਪੱਤਿਆਂ ਦੀ ਖੜ-ਖੜ ਵਿੱਚ, ਡੌਰੂ ਮੌਤ ਵਜਾਵੇ। ਰੁੰਡ-ਮਰੁੰਡ ਵਣਾਂ ਨੂੰ ਕਰਦੀ, ਗਿਣ-ਗਿਣ ਆਹੂ ਲਾਹਵੇ। ਮੌਤ ਸਮੇਂ ਦੀ ਸ਼ਾਹਦੀ ਭਰਦੀ, ਜੀਵਨ ਹੌਲਾਂ ਮਾਤਾ, ਹੌਲਾਂ ਦੇ ਵਿੱਚ ਬੀਤਾ ਜਿਉਂਦਾ, ਰੰਗ ਨਵਾਂ ਫੁੱਟ ਆਵੇ।

ਕਾਲ਼

ਗਰਦਿਸ਼ ਦੇ ਵਿੱਚ ਚੰਨ ਸਿਤਾਰੇ, ਘੁੰਮ-ਘੁੰਮ ਵਿਗਸੇ ਧਰਤੀ। ਦਿਵਸ-ਰਾਤ ਜਿਉਂ ਆਵਣ ਜਾਣਾ, ਕਾਲ਼ ਦੀ ਲੀਲ੍ਹਾ ਵਰਤੀ। ਜੋ ਨਹੀਂ ਮਰਦੇ, ਜੋ ਮਰ ਜਿਉਂਦੇ, ਵਾਟਾਂ ਸਾਂਭ ਸਿਧਾਏ, ਅੱਥਰੂ ਵਿੱਚੋਂ ਪੈੜਾਂ ਉਗਮਣ, ਸੁਰਤਿ ਕਾਲ਼ ਦੀ ਪਰਤੀ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ-ਗੀਤ

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ ਸਾਗਰਾਂ ਦੇ ਸੌਂ ਗਏ ਨੀਰ ਸਖੀਏ, ਕਿਹੜੇ ਰੰਗ ਵਗਦੀ ਸਮੀਰ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ ਸੁੱਤਿਆਂ ਸਰਾਂ ਨੂੰ ਜਾਏ ਝੂਣ ਸਖੀਏ, ਸਾਗਰਾਂ ‘ਚ ਕਾਹਤੋਂ ਆਏ ਊਣ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ ਕਿੱਥੇ ਕਿੱਥੇ ਟੋਲਦੇ ਨੇ ਮੀਤ ਸਖੀਏ, ਝਿਮ ਝਿਮ ਆਂਵਦੇਂ ਨੇ ਗੀਤ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ ਮੁੱਕ ਗਏ ਨੇ ਦੁਨੀ ਦੇ ਕਲੋਲ ਸਖੀਏ, ਜਗਦੇ ਕਦੀਮਾਂ ਵਾਲੇ ਬੋਲ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ ਸਾਡੇ ਉੱਤੇ ਸੱਜਰਾ ਮਲਾਲ ਸਖੀਏ, ਜਿੰਦੜੀ ‘ਚ ਬਲ਼ਦੀ ਮਸ਼ਾਲ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ ਇਕ ਖਿਣ ਡੁੱਲ੍ਹ ਜਾਂਦਾ ਨੂਰ ਸਖੀਏ, ਜਿੰਦ ਸਾਡੀ ਹੋਈ ਭਰਪੂਰ। ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ ਡਾਢਿਆਂ ਮੁਸਾਫ਼ਰਾਂ ਦੇ ਬੋਲ ਸਖੀਏ, ਇਕ ਪਲ ਬਹਿ ਜਾਈਂ ਕੋਲ।

ਉੱਡ ਉੱਡ ਜਾਣਾ-ਗੀਤ

ਉੱਡ ਉੱਡ ਜਾਣਾ ਕਣਕ ਦਾ ਦਾਣਾ ਰੰਗ ਅਣਜਾਣਾ, ਮਨ ਭਾਉਣਾ। ਰੁੱਤ ਅਲਬੇਲੀ ਠਾਠਾਂ ਵਾਲ਼ੀ ਮੱਥੇ ਭਾਂਬੜ, ਕੀ ਕਰੀਏ ਖਿਣ ਖਿਣ ਕਸਕ ਵਿਛੋੜੇ ਵਾਲ਼ੀ ਨਗਰ ਸੁਹਾਣਾ, ਮਨ ਭਾਉਣਾ। ਅਸਮਾਨਾਂ ਦੀ ਸੁਰਤਿ ਪਿਆਰੀ ਕਲੀਆਂ ਛੁਹ, ਜਲ ਜਲ ਲਰਜ਼ੇ ਮੇਰੇ ਦਿਲ ਦਾ ਅੰਬਰ ਗੂੜ੍ਹਾ ਤੈਂ ਲਿਸ਼ਕਾਣਾ, ਮਨ ਭਾਉਣਾ। ਸਹੀਓ ਨੀ ਕੋਈ ਭੇਤ ਬਤਾਇਓ ਅੱਖ ਭਰ ਪੀਵੋ, ਡੁੱਬ ਜਾਈਏ ਇੱਕ ਤਾਰਾ ਘੁੱਟ ਅੰਬਰੀਂ ਤਰਨਾ ਡੁੱਬ ਡੁੱਬ ਜਾਣਾ, ਮਨ ਭਾਉਣਾ। ਮਸਤ ਜੁਦਾਈਆਂ ਘੋਰ ਘਟਾਵਾਂ ਬਰਸਣ ਚਾਅ, ਮਿਲਾਪਾਂ ਦੇ ਕਣੀ ਕਣੀ ਵਿੱਚ ਦਿਲ ਪਰਚਾਣਾ ਰੰਗ ਰੁੰਗ ਆਣਾ, ਮਨ ਭਾਉਣਾ। ਪੱਤਾ ਤੋੜ ਲਿਆਵੀਂ ਸੱਜਣਾ ਰਮਜ਼ ਲਿਖੇਂ, ਕੋਈ ਦਿਲ ਵਾਲ਼ੀ ਆਂਙਣ ਮੇਰੇ, ਸਾਵਾ ਬੂਟਾ ਰਾਣਾ ਮਾਣ੍ਹਾ, ਮਨ ਭਾਉਣਾ। ਨੈਣੀਂ ਭੇਤ ਮੁਹੱਬਤਾਂ ਵਾਲ਼ੇ ਫੜ ਫੜ ਬੋਚਾਂ, ਉੱਡ ਵੈਂਦੇ ਤਾਰਾ ਤਾਰਾ ਕਿੰਞ ਮੁਸਕਾਵੇ ਸੁਖਨ ਅਲਾਣਾ, ਮਨ ਭਾਉਣਾ। ਜਾਵੋ ਜੀ ਕੋਈ ਰੁੱਕਾ ਲੈ ਕੇ ਸੱਜਣ ਹਮਾਰਾ, ਕਿਤ ਹਾਲੀਂ ਪਲਕ ਉਦ੍ਹੀ ਨੂੰ ਓੜ੍ਹ ਨਿਹਾਲੀ ਸੁਪਨ ਸਜਾਣਾ ਮਨ ਭਾਉਣਾ।

ਉਮਰਾ ਦੀ ਲੰਮੀ ਲੰਮੀ ਵਾਟ-ਗੀਤ

ਉਮਰਾ ਦੀ ਲੰਮੀ ਲੰਮੀ ਵਾਟ ਸਖ਼ੀਏ ਉਮਰਾ ਦੀ ਲੰਮੀ ਲੰਮੀ ਵਾਟ ਦੂਰ ਸਾਰੀ ਤਾਰਿਆਂ ਦੇ ਨੈਣ ਅਣਭੋਲ਼ ਜਿਹੇ ਹੇਠਾਂ ਸਾਡੀ ਨਿੱਕੀ ਜਿਹੀ ਸਬਾਤ ਸਖ਼ੀਏ ਮਿੱਠੀ ਮਿੱਠੀ ਮਾਰੀ ਜਾਂਦੇ ਝਾਤ। ਚੁਣ ਚੁਣ ਅੱਖੀਆਂ ਨੇ ਦਰਦ ਜ਼ਮਾਨਿਆਂ ਦੇ ਬਾਲ਼ ਲਈ ਏ ਚਾਵਾਂ ਵਾਲ਼ੀ ਲਾਟ ਸਖ਼ੀਏ ਕਿਹੜੇ ਵੇਲ਼ੇ ਖੁੱਲ੍ਹਦੇ ਕਪਾਟ। ਰਾਹਵਾਂ ਜੋ ਨੇ ਤੇਰੀਆਂ ਤੇ ਰਾਹਵਾਂ ਓਹੀਓ ਮੇਰੀਆਂ ਨੇ ਘੜੀ ਘੜੀ ਕਾਲ਼ੀ ਬੋਲ਼ੀ ਰਾਤ ਸਖ਼ੀਏ ਤੁਰ ਪਈ ਸਿਤਾਰਿਆਂ ਦੀ ਬਾਤ। ਤੇਰੀ ਮੇਰੀ ਮੇਰੀ ਤੇਰੀ ਜਿੰਦੜੀ ਗ਼ਮਾਂ ਨੇ ਘੇਰੀ ਕੌਲਾਂ ਅਣਜਾਣਿਆਂ ਦੀ ਬਾਤ ਸਖ਼ੀਏ ਝਿੰਮ ਝਿੰਮ ਜਗੇ ਕਾਇਨਾਤ। ਚੋਰ ਮੇਰੀ ਜਿੰਦ ਵਿੱਚ ਲੁਕੇ ਘੁੱਪ ਘੋਰ ਭੈੜੇ ਲੁਕ ਲੁਕ ਲਾਂਵਦੇ ਨੇ ਘਾਤ ਸਖ਼ੀਏ ਦੀਵਾ ਏ ਬਲ਼ੇਂਦਾ ਸਾਰੀ ਰਾਤ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ

ਹਿੱਕ ਮੇਰੀ ਅੰਮੜੀ ਦੀ ਰੂਹ ਮੇਰੀ ਅੰਮੜੀ ਦੀ ਸਾਂਭ ਲਏ ਕਦੀਮਾਂ ਵਾਲ਼ੇ ਬੋਲ ਨਦੀਆਂ ਦੇ ਵੇਗ ਵਿੱਚ ਥਲ਼ਾਂ ਦੀਆਂ ਲਹਿਰਾਂ ਉੱਤੇ ਸਿਦਕਾਂ ਦੇ ਅੱਥਰੇ ਕਲੋਲ ਗੁਰਾਂ ਦਿਆਂ ਤੀਰਾਂ ਤਾਈਂ ਨੀਲੇ ਦੇ ਪੌੜਾਂ ਦੀ ਟਾਪ ਚੁੰਮ ਗਈ ਪਵਣ ਕੋਈ ਸੋਹਲ ਤੇਗ ਵਾਲ਼ੀ ਭੇਟਾ ਦੇ ਵਲ਼ਵਲ਼ੇ ਬਿਸਮ ਭਏ ਕਣਕਾਂ ਦੇ ਉੱਚੇ ਉੱਚੇ ਬੋਹਲ਼ ਅੰਬਰਾਂ ‘ਚ ਸੀਸ ਮੇਰਾ ਨਦੀਆਂ ‘ਚ ਹਿੱਕ ਮੇਰੀ ਪੱਤ ਮੇਰੀ ਕੌਣ ਗਿਆ ਰੋਲ਼ ਅੱਖਾਂ ਤੇ ਨਹੀਂ ਫੇਰ ਬੈਠਾ ਗੁਰਾਂ ਦੇ ਦਰਾਂ ਤੋਂ ਮੈਂ ਅੰਮੀਏਂ ਬਿਠਾਲੈ ਮੈਨੂੰ ਕੋਲ਼ ਯਾਰਾਂ ਦੀਆਂ ਯਾਰੀਆਂ ਦੇ ਕਿੱਸੇ ਕੌਣ ਲਖ ਸਕੂ ਸੌਂ ਜਾਂਦੇ ਭੈੜੇ ਅਣਭੋਲ਼ ਜੁਗ ਜੁਗ ਖੇਡ ਖੇਡ ਸੀਸ ਭੇਟ ਕਰੀ ਜਾਂਦੇ ਅੰਮੀਏਂ ਨੀ ਚਿੱਤ ਰਿਹਾ ਡੋਲ ਯਾਰੀਆਂ ਦੇ ਮਾਣ ਤੋਂ ਮੈਂ ਹੌਲ਼ਾ ਤਾਂ ਨਹੀਂ ਪੈ ਗਿਆ ਵਾਂ ਹੰਝੂਆਂ ਨਾ’ ਜਿੰਦ ਮੇਰੀ ਤੋਲ ਪਾੜ ਦਏ ਬੇਦਾਵੇ ਮੇਰੇ ਸਦੀਆਂ ਦੇ ਇੱਕੋ ਹੱਲੇ ਦੇ ਦੇ ਨੀ ਮਾਏ ਇੱਕ ਬੋਲ ਭੀੜਾਂ ਬਉਰਾਨੀਆਂ ਤੇ ਮੇਲੇ ਕੋਈ ਸ਼ੁਹਦਿਆਂ ਦੇ ਗੁੰਮਿਆਂ ਮੈਂ ਅੱਖੀਆਂ ਨੂੰ ਖੋਲ੍ਹ ਨੈਣ ਮੇਰੇ ਮੁੰਦ ਮਾਏ ਤੱਕਣੇ ਦਾ ਤਾਣ ਆਵੇ ਸਾਹਿਬਜ਼ਾਦੇ ਚਾਰੇ ਲਵਾਂ ਟੋਲ ਬਾਬਾ ਦੀਪ ਸਿੰਘ ਸੂਰਾ ਕੌਲ ਦਾ ਸੱਜਣ ਪੂਰਾ ਖੰਡਾ ਰਿਹਾ ਜਿੰਦ ਨੂੰ ਝੰਜੋਲ਼ ਲੀਕੋਂ ਪਾਰ ਜਾਵਾਂ ਮਾਏ ਨਾਦ ਕੋਈ ਅਲਾਵਾਂ ਐਸਾ ਵਸ ਜਾਂ ਸ਼ਹੀਦਾਂ ਦੇ ਜਾ ਕੋਲ਼

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਪ੍ਰਭਸ਼ਰਨਦੀਪ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ