Punjabi Poetry : Dr. Pritpal Kaur Chahal

ਪੰਜਾਬੀ ਕਵਿਤਾਵਾਂ : ਡਾ. ਪ੍ਰਿਤਪਾਲ ਕੌਰ ਚਾਹਲ-ਵਿੰਨੀਪੈਗ


1. ਪੰਜਾਬੀ ਮਾਂ ਬੋਲੀ

'ਪੰਜਾਬੀਏ' 'ਪੰਜਾਬੀਏ' ਨੀਂ ਮੇਰੀ 'ਮਾਂ ਬੋਲੀਏ' ਨੀਂ ਕਰਦੀ ਹਾਂ ਤੈਨੂੰ ਬੜਾ ਪਿਆਰ। ਦਿਲ 'ਚ ਹੈ ਡਾਹਢਾ ਸਤਿਕਾਰ.....। ਕਰਦੇ ਹਾਂ ਤੈਨੂੰ ਨੀਂ ਪਿਆਰ ......। ਸਿੱਖੀ ਸੀ ਮੈਂ ਬੋਲਣੀ ਪੰਜਾਬੀ ਮਾਏ ਮੇਰੀਏ ਨੀਂ ਸੁਣ ਕੇ ਮੈਂ ਘਰ ਅਤੇ ਬਾਹਰ ਕੁੜੀ ਮੁੰਡੇ ਸ਼ਬਦ ਦੀ ਪਛਾਣ ਮਾਏ ਮੇਰੀਏ ਨੀਂ ਲਿੰਗ ਤੇ ਪੁਲਿੰਗ ਦਰਕਾਰ । ਸਿੱਖ ਲੈਂਦੇ ਆਪੇ ਬੱਚੇ ਘਰਾਂ ਵਿੱਚ ਬੋਲਣਾ ਨੀਂ ਲਗ ਮਾਤਰਾ ਦੀ ਆਪੇ ਪਵੇ ਸਾਰ.......। ਕਰਦੇ ਹਾਂ ਤੈਨੂੰ ਬੜਾ ਪਿਆਰ......। ਬੜੀ ਹੀ ਅਮੀਰ ਬੋਲੀ ਪੰਜਾਬੀ ਮਾਏ ਮੇਰੀਏ ਨੀਂ ਬੜਾ ਇਹਦਾ ਵਿਰਸਾ ਅਮੀਰ। ਹੋਰ ਨੂੰ ਥਾਂ ਤੇਰੀ ਦੇਵਾਂ ਸੁਣ ਮਾਏ ਮੇਰੀਏ ਨੀਂ ਮੰਨਦਾ ਨਾ ਮੇਰਾ ਹੈ ਜ਼ਮੀਰ। ਅੱਜ ਦੇ ਸਕੂਲਾਂ ਵਿੱਚ ਬੋਲਦੇ ਪੰਜਾਬੀ ਜਿਹੜੇ ਮਿਲਦੇ ਨੇ ਦੰਡ ਕਈ ਵਾਰ......। ਕਰਦੇ ਹਾਂ ਫਿਰ ਵੀ ਪਿਆਰ......। ਆਉਂਦੀ ਮਾਂ ਬੋਲੀ ਹੋਵੇ ਸੌਖਾ ਹੈ ਗਿਆਨ ਬੜਾ ਦੂਜੀਆਂ ਭਾਸ਼ਾਵਾਂ ਵਿੱਚੋਂ ਸਿੱਖਣਾ। ਆਪਣੀ ਹੀ ਲਿੱਪੀ ਵਿੱਚ ਸੌਖਾ ਬੜਾ ਲੱਗੇ ਮਾਏ ਦੂਸਰੀ ਲਿੱਪੀ 'ਚ ਕੁੱਝ ਲਿਖਣਾ। ਅੰਗਰੇਜ਼ੀ ਵੀ ਨਾ ਸਿੱਖ ਪਾਏ ਪੂਰੀ ਮਾਏ ਮੇਰੀਏ ਨੀਂ ਪੰਜਾਬੀ ਦੀ ਨਾ ਲਈ ਅਸਾਂ ਸਾਰ ......। ਆਖਦੀ ਤੂੰ ਠੀਕ ਹੈਂ ਜ਼ੁਬਾਨਾਂ ਸੱਭ ਚੰਗੀਆਂ ਨੇ ਪੰਜਾਬੀ ਲਈ ਹੈ ਵੱਖਰਾ ਪਿਆਰ। ਸੁਣ ਕੇ ਤੂੰ ਮਰ ਜਾਣਾ ਆਉਂਦੇ ਸੱਠਾਂ ਸਾਲਾਂ ਵਿੱਚ ਦਿਲ ਨੂੰ ਨਾ ਪਵੇ ਨੀਂ ਕਰਾਰ। ਤੈਨੂੰ ਤੇ ਨਾ ਮਰਨ ਦੇਣਾ ਰੱਖੂੰ ਅੰਗ ਸੰਗ ਮਾਏ ਕਰਦੀ ਹਾਂ ਅੱਜ ਇਕਰਾਰ । ਕਰਦੇ ਹਾਂ ਤੈਨੂੰ ਨੀਂ ਪਿਆਰ। ਬੜਾ ਤੇਰਾ ਤਿਹੁ ਸਤਿਕਾਰ .......।

2. ਮਾਤਾ ਗੁਜਰੀ ਜੀ

ਮਾਤਾ ਗੁਜਰੀ ਸੀ ਹੋਏ ਗੁਰੂ ਦਸਵੇਂ ਦੀ ਮਾਂ ਰਹੂ ਜੱਗ ਵਿੱਚ ਉੱਚਾ ਮਾਤਾ ਗੁਜਰੀ ਦਾ ਨਾਂ ਮਾਂ ਗੁਜਰੀ ਸੀ ਹੋਏ ਗੁਰੂ ਗੋਬਿੰਦ ਸਿੰਘ ਦੀ ਮਾਂ ਰਹੂ ਜੱਗ ਵਿੱਚ ਉੱਚਾ ਮਾਤਾ ਗੁਜਰੀ ਦਾ ਨਾਂ.... ਪਤੀ ਹੋਇਆ ਸੀ ਸ਼ਹੀਦ, ਜੰਜੂ ਤਿਲਕ ਦਾ ਰਾਖਾ ਅਜੇ ਯਾਦਾਂ 'ਚ ਸੀ ਤਾਜ਼ਾ, ਚੌਂਕ ਚਾਂਦਨੀ ਦਾ ਸਾਕਾ ਦੋ ਸ਼ਹੀਦ ਹੋਏ ਪੋਤੇ, ਪਤਾ ਛੋਟਿਆਂ ਦਾ ਨਾ.... ਰਹੂ ਜੱਗ ਵਿੱਚ ਉੱਚਾ ਮਾਂ ਗੁਜਰੀ ਦਾ ਨਾਂ ..... ਠੰਡਾ ਬੁਰਜ ਬੜਾ, ਨਾਲੇ ਸਰਦੀ ਬੜੀ ਮੀਂਹ ਪਵੇ ਛਮਾ ਛਮ, ਹੇਠੋਂ ਠੰਡ ਸੀ ਚੜ੍ਹੀ ਚੁੰਨੀ ਪਤਲੀ ਤਿੰਨਾਂ ਤੇ, ਕਿਤੇ ਰੋਸ਼ਨੀ ਵੀ ਨਾ ..... ਰਹੂ ਜੱਗ ਵਿੱਚ ਉੱਚਾ, ਮਾਂ ਗੁਜਰੀ ਦਾ ਨਾਂ .... ਮਾਂ ਗੁਜਰੀ ਨੇ ਲਾਲ, ਹੱਥੀਂ ਆਪ ਸੀ ਸਜਾਏ ਰਾਹ ਧਰਮ ਦੀ ਚੁਣ, ਸੀਸ ਦੇਣੇ ਸੀ ਸਿਖਾਏ ਹੈ ਮਾਂਵਾਂ ਲਈ ਮਿਸਾਲ ਮਾਂ ਗੁਜਰੀ ਦਾ ਨਾਂ..... ਰਹੂ ਜੱਗ ਵਿੱਚ ਉੱਚਾ ਮਾਂ ਗੁਜਰੀ ਦਾ ਨਾਂ..... ਮਾਂ ਗੁਜਰੀ ਦੇ ਲਾਲ, ਗਏ ਨੀਹਾਂ 'ਚ ਚਿਣਾਏ ਪਰ ਸਿਦਕ ਤਾਂ ਵੇਖੋ, ਮੂੰਹੋਂ ਨਿਕਲੀ ਨਾ ਹਾਏ ਮੂੰਹੋਂ ਨਿਕਲੀ ਨਾ ਹਾਏ, ਤਿੰਨੋਂ ਡਰੇ ਰਤਾ ਨਾ..... ਰਹੂ ਜੱਗ ਵਿੱਚ ਉੱਚਾ ਮਾਂ ਗੁਜਰੀ ਦਾ ਨਾਂ ..... ਮਾਤਾ ਗੁਜਰੀ ਸੀ ਹੋਏ, ਗੁਰੂ ਦਸਵੇਂ ਦੀ ਮਾਂ ਰਹੂ ਜੱਗ ਵਿੱਚ ਉੱਚਾ, ਮਾਂ ਗੁਜਰੀ ਦਾ ਨਾਂ ।

3. "ਖ਼ੁਦ 'ਚੋਂ ਖ਼ੁਦਾ ਦੀ ਤਲਾਸ਼ ......"

ਅੱਜ ਦੀ ਔਰਤ ਇਨਕਾਰੀ ਹੈ ...... ਉਹ ਮੀਰਾ ਵੀ ਹੈ ਉਹ ਸੀਤਾ ਵੀ ਹੈ ਉਹ ਯਸ਼ੋਦਰਾ ਵੀ ਹੈ ਅਤੇ ਹਰ ਯੁੱਗ ਦੀ ਅਹੱਲਿਆ ਵੀ ਹੈ। ਗੌਤਮ ਬੁੱਧ ਤੇ ਗੌਤਮ ਰਿਸ਼ੀ ਅੱਜ ਵੀ ਹਨ। ਪਰ ਰਾਮ ਹੋਣ ਅਤੇ ਰਾਮ ਬਨਣ ਵਿੱਚ, ਤੇ ਅਹੱਲਿਆ ਤੋਂ ਲੈ ਕੇ ਔਰਤ ਬਨਣ ਵਿੱਚ, ਯੁੱਗਾਂ ਤੋਂ ਵੀ ਲੰਬੇ ਪੜਾਅ ਅੱਜ ਵੀ ਹਨ। ਪਰ ਅੱਜ ਦੀ ਔਰਤ ਇਨਕਾਰੀ ਹੈ ਸੀਤਾ ਬਣ ਕੇ, ਅਗਨੀ ਪ੍ਰੀਖਿਆ ਦੇਣ ਤੋਂ। ਯਸ਼ੋਦਰਾ ਬਣਕੇ, ਗੌਤਮ ਬੁੱਧ ਤੋਂ ਬਿਨਾਂ ਇਕੱਲਿਆਂ ਜ਼ਿੰਦਗੀ ਜਿਊਣ ਤੋਂ। ਤੇ ਅਹੱਲਿਆ ਦੀ ਤਰ੍ਹਾਂ, ਪੱਥਰ ਹੋਣ ਤੋਂ ਲੈ ਕੇ ਔਰਤ ਬਨਣ ਤੋਂ। ਕਿ ਭਾਵੇਂ ਸਦੀਆਂ ਲੱਗ ਗਈਆਂ ਉਸਨੂੰ ਯਸ਼ੋਦਰਾ ਤੋਂ ਸਰੋਜਨੀ ਨਾਇਡੂ ਬਨਣ ਵਿੱਚ। ਅਤੇ ਖੰਭ ਕੱਟੇ ਜਾਣ ਤੇ ਹੌਂਸਲਿਆਂ ਵਿੱਚ ਉਡਾਣ ਭਰਨ ਵਿੱਚ। ਰਾਣੀ ਝਾਂਸੀ ਬਣਕੇ ਆਪਣੀ ਜਨਮ ਭੂਮੀ ਲਈ ਅੰਗਰੇਜ਼ਾਂ ਨਾਲ ਲੜਨ ਵਿੱਚ। ਕਿ ਬਹੁਤ ਮੁਸ਼ਕਿਲ ਸੀ, ਠੋਕਰਾਂ ਖਾ ਕੇ ਹੱਥਾਂ ਦੀਆਂ ਲਕੀਰਾਂ ਦੀ ਥਾਂ ਹੱਥਾਂ ਦੀਆਂ ਉਂਗਲਾਂ ਤੇ ਹੱਥਾਂ ਤੇ ਵਿਸ਼ਵਾਸ ਕਰਨ ਵਿੱਚ। ਕਿ ਉਹ ਜਾਣ ਗਈ ਹੈ ਆਪਣੀ ਹੋਂਦ ਦੇ ਅਹਿਸਾਸ ਨੂੰ ਅਪਣੇ ਮਹੱਤਵ ਅਤੇ ਮਾਣ ਸਨਮਾਨ ਨੂੰ ...... ਕਿ ਔਰਤ ਬਿਨਾਂ ਤਾਂ ਆਦਮੀ ਦੀ ਹੋਂਦ ਵੀ ਮੁਮਕਿਨ ਨਹੀਂ ਤੇ ਇਹ ਬ੍ਰਹਿਮੰਡ ਵੀ ਮੁਮਕਿਨ ਨਹੀਂ ਕਿ ਪਹਿਚਾਣ ਰਹੀ ਹੈ ਉਹ ਆਪਣੇ ਆਪ ਨੂੰ ...... ਆਪਣੀਆਂ ਹੱਦਾਂ ਸਰਹੱਦਾਂ ਅਤੇ ਮੱਥੇ ਵਿੱਚ ਬਲਦੇ ਭਾਗ ਨੂੰ। ਕਿ ਭਾਵੇਂ ਦੇਰ ਲੱਗੇਗੀ ਖ਼ੁਦ 'ਚੋਂ ਖ਼ੁਦਾ ਲੱਭਣ ਵਿੱਚ ਸਦੀਆਂ ਪੁਰਾਣੀਆਂ ਮੰਨੂ-ਬਿਰਤੀ ਰੂੜ੍ਹੀਆਂ ਕੱਟਣ ਵਿੱਚ ...... ਪਰ ਯਕੀਨ ਹੈ ਮੈਨੂੰ ਤਲਾਸ਼ ਲਵੇਗੀ ਉਹ ਖ਼ੁਦ 'ਚੋਂ ਖ਼ੁਦਾ ਨੂੰ ...... ਖ਼ੁਦ 'ਚੋਂ ਖ਼ੁਦਾ ਨੂੰ.....

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ