Punjabi Poetry : Rabinder Singh Rabbi

ਪੰਜਾਬੀ ਕਵਿਤਾਵਾਂ : ਰਾਬਿੰਦਰ ਸਿੰਘ ਰੱਬੀ



1. ਨਹੀਂ ਨਹੀਂ ਇਹ ਕਵਿਤਾ ਨਹੀਂ ਹੁੰਦੀ

ਨਹੀਂ ਨਹੀਂ ਕਵਿਤਾ ਇਹ ਨਹੀਂ ਹੁੰਦੀ ਦੋਸਤ ਜਿਵੇਂ ਕਿਸੇ ਹੁਸੀਨ ਕੁੜੀ ਦੀਆਂ ਝੀਲ ਜਿਹੀਆਂ ਅੱਖਾਂ ਹੋਣ ਜਾਂ ਕਿਸੇ ਸੇਠ ਦੇ ਸੋਫੇ ‘ਤੇ ਵਿਛੀ ਚਾਦਰ ਹੋਵੇ ਦੁੱਧ ਚਿੱਟੀ ਜਾਂ ਹੋਵੇ ਫਾਨੂਸ ਨਾਲ ਲਟਕਿਆ ਕੋਈ ਚੰਦ ਦਾ ਟੋਟਾ ਤੇ ਜਾਂ ਕਾਰ ਚ ਲੱਗੇ ਸਟੀਰਿਓ ਚ ਗੂੰਜਦੀ ਗਾਇਕ ਦੀ ਅਵਾਜ਼ ਨਹੀਂ ਨਹੀਂ ਕਵਿਤਾ ਇਹ ਨਹੀਂ ਹੁੰਦੀ ਕਵਿਤਾ ਇਹ ਹੋ ਹੀ ਨਹੀਂ ਸਕਦੀ ਕਵਿਤਾ ਗਰਦਨ ‘ਤੇ ਲਟਕਿਆ ਫੋੜਾ ਨਹੀਂ ਹੁੰਦੀ ਅਤੇ ਨਾ ਹੀ ਹੈ ਕਵਿਤਾ ਮਹਾਂਪ੍ਰਭੂਆਂ ਦੀ ਖੁਸ਼ਨੂਦੀ ਲਈ ਕੀਤੀ ਮਿਆਂ ਮਿਆਂ ਕਵਿਤਾ ਮਹਿਬੂਬਾ ਦੇ ਹੋਂਠ ਚੁੰਮਣ ਤੱਕ ਵੀ ਸੀਮਤ ਨਹੀਂ ਹੁੰਦੀ ਅਤੇ ਨਾ ਹੀ ਹੁੰਦੀ ਹੈ ਕਵਿਤਾ ਧੀ ਨੂੰ ਦਿੱਤੇ ਦਾਜ ਵਰਗੇ ਬੇਲੋੜੀ ਸ਼ੈਅ ਨਹੀਂ ਨਹੀਂ ਕਵਿਤਾ ਇਹ ਨਹੀਂ ਹੁੰਦੀ ਕਵਿਤਾ ਜੋੜ ਤੋੜ ਕਰ ਕੇ ਛਪਦੇ ਕਵੀਆਂ ਜਿਹੀ ਵੀ ਨਹੀਂ ਹੁੰਦੀ ਤੇ ਨਾ ਹੀ ਹੁੰਦੀ ਹੈ ਕਵਿਤਾ ਢੇਰ ਸਾਲਾਂ ਤੋ ਅਹੁਦੇਦਾਰੀਆਂ ਨਾਲ ਚਿਪਕੇ ਚਿੱਚੜਾਂ ਜਿਹੀ ਕਵਿਤਾ ਰੁਮਾਂਟਿਕ ਪਲਾਂ ਨੂੰ ਯਾਦਗਾਰ ਵਜੋਂ ਸਾਂਭਣ ਦਾ ਵਸੀਲਾ ਵੀ ਨਹੀਂ ਹੈ ਅਤੇ ਨਾ ਹੀ ਹੈ ਕਵਿਤਾ ਕਿਸੇ ਅੱਲੜ੍ਹ ਵੱਲੋਂ ਦਿੱਤੇ ਪਹਿਲੇ ਲਵ ਲੈਟਰ ਵਿੱਚ ਕੈਦ ਨਹੀਂ ਨਹੀਂ ਕਵਿਤਾ ਇਹ ਨਹੀਂ ਹੁੰਦੀ ਕਵਿਤਾ ਤਾਂ ਉਪਜਦੀ ਏ ਭਾਦੋਂ ਦੇ ਪਸੀਨੇ ਚੋਂ ਹੌਲੇ ਹੌਲੇ ਜਨਮ ਲੈਂਦੀ ਹੈ ਕਵਿਤਾ ਕਣਕ ਸੁੱਟ ਕੇ ਆਉਣ ਮਗਰੋਂ ਪੈਸੇ ਗਿਣਦਿਆਂ ਕਵਿਤਾ ਕਿਸੇ ਵਿਧਾਇਕ ਦੀ ਸੇਜ ਉੱਤੇ ਲੁੱਟੀ ਪੁੱਟੀ ਗਈ ਅਬਲਾ ਦੀ ਸਿਸਕੀ ਹੁੰਦੀ ਹੈ ਕਵਿਤਾ ਸੜਕਾਂ ਉੱਤੇ ਰੋੜੀ ਕੁੱਟਦੇ ਬੱਚਿਆਂ ਦੀਆਂ ਅੱਖਾਂ ‘ਚੋਂ ਸਿੰਮਦੀ ਹੈ ਕਵਿਤਾ ਮਾਂ ਦੀਆਂ ਸਧਰਾਈਆਂ ਅੱਖਾਂ ਦਾ ਨਾਂ ਹੈ ਕਵਿਤਾ ਲਾਰਿਆਂ ਚੋਂ ਉੱਪਜੀ ਰੋਹ ਦੀ ਅਵਾਜ਼ ਹੈ ਕਵਿਤਾ ਹੀ ਹੈ ਕਿਸੇ ਕੰਜ ਕੁਆਰੀ ਦੇ ਅਧੇੜ ਨਾਲ ਨਰੜੇ ਜਾਣ ਦੀ ਗਾਥਾ ਹਾਂ ਹਾਂ ਦੋਸਤਾ ਇਹ ਕਵਿਤਾ ਹੁੰਦੀ ਹੈ ਉਹ ਤਾਂ ਕਵਿਤਾ ਨਾਲ ਖਿਲਵਾੜ ਹੁੰਦਾ ਹੈ ਕਵਿਤਾ ਨਾਲ ਬਲਾਤਕਾਰ ਹੁੰਦਾ ਹੈ

2. ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ

ਯੂਨਾਨੀ ਆਏ, ਆਏ ਸੀ ਮੰਗੋਲ, ਹੂਣ, ਅਰਬ ਤੇ ਮੁਗਲਾਂ ਦਾ ਰਾਜ ਆਪਾਂ ਦੇਖਿਆ ਗੌਰੀ ਨੂੰ ਵੀ ਝੱਲਿਆ, ਗਜਨਵੀ ਦੇ ਸਾਹਵੇਂ ਖੜੇ, ਖਿਲਜੀਆਂ ਦਾ ਕਾਜ ਆਪਾਂ ਦੇਖਿਆ ਤੁਗਲਕ, ਸੱਯਦ ਅਤੇ ਲੋਧੀਆਂ ਨੇ ਰਾਜ ਕੀਤਾ, ਗੁਲਾਮਾਂ ਦਾ ਵੀ ਤਾਜ ਆਪਾਂ ਦੇਖਿਆ ਦੇਖਿਆ ਹੈ ਆਪਾਂ ਰਲ ਸਾਰਿਆਂ ਨੇ ਦੇਖਿਆ ਹੈ, ਕਿਰਪਾਨ, ਬਾਜ ਆਪਾਂ ਦੇਖਿਆ ਕਿੱਥੇ ਖੜੇ, ਕਿੱਥੇ ਲੜੇ, ਕਿੱਥੇ ਝੜੇ, ਕਿੱਥੇ ਅੜੇ, ਗੱਲ ਇਹ ਵੇਲਾ ਗਈ ਵਿਹਾ ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ ਦੇਸ ਨੂੰ ਅਜ਼ਾਦ ਕਰਵਾਉਣ ਲਈ ਝੂਲ ਗਏ, ਫਾਂਸੀ ਜੇਲ੍ਹਾਂ, ਕੈਦਾਂ ਆਪਾਂ ਕੱਟੀਆਂ ਕਾਲੇ ਪਾਣੀਆਂ ‘ਚ ਗਏ, ਕੁਰਕ ਜਮੀਨਾਂ ਹੋਈਆਂ, ਸੱਚ ਦੀਆਂ ਛੱਡੀਆਂ ਨਾ ਹੱਟੀਆਂ ਘਰ ਘਾਟ ਤਬਾਹ ਹੋਏ, ਖੇਰੂੰ ਪਰਿਵਾਰ ਪਰ ਤਾਜਾਂ ਦੀਆਂ ਤਲੀਆਂ ਨਾ ਚੱਟੀਆਂ ਦੇਸ ਲਈ ਦੇਖੋ ਜੋਧੇ ਦਰ ਬ ਦਰ ਸੀ ਤੇ ਘਰ ਦੀਆਂ ਬਰੂਹਾਂ ਗਈਆਂ ਪੱਟੀਆਂ ਕਰ ਗਏ ਹਵਾਲੇ ਦੇਸ ਵਾਸੀਆਂ ਨੂੰ ਦੇਸ ਕੋਲੇ, ਕਿੰਨਾਂ ਕੁੱਝ ਸਿਰ ’ਤੇ ਸਿਹਾ ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ ਸੰਤਾਲੀ ਵਿੱਚ ਵੰਡ ਦਾ ਸੰਤਾਪ ਆਪਾਂ ਝੱਲਿਆ, ਉੱਜੜ ਕੇ ਆਏ ਸੀ ਜੀ ਬਾਰ ‘ਚੋਂ ਵੈਰੀ ਹੋਇਆ ਖੂਨ ਸੀ, ਮਜਬੀ ਜਨੂੰਨ ਸੀ, ਨੌਜਵਾਨ ਮਰੇ ਪਰਿਵਾਰ ’ਚੋਂ ਕੇਹੀ ਕਾਲੀ ਹਵਾ ਵੱਗੀ, ਕਿਹੜਾ ਮਾਰ ਗਿਆ ਠੱਗੀ, ਕੱਢੀਏ ਕੀ ਜਿੱਤ ‘ਚੋਂ ਜਾਂ ਹਾਰ ‘ਚੋ ਬਣ ਸਰਕਾਰ ਗਈ, ਕਿਸੇ ਨੇ ਨਾ ਸਾਰ ਲਈ, ਟੁੱਟ ਗਏ ਪੰਛੀ ਕੁੱਲ ਡਾਰ ’ਚੋ ਲਈ ਅੰਗੜਾਈ ਫਿਰ, ਜ਼ਿੰਦਗੀ ਸੀ ਆਈ ਫਿਰ, ਸੂਰਜ ਸੀ ਪਹਿਲਾਂ ਜਿਹਾ ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ ਚੁਰਾਸੀ ਦੇ ਦੌਰ ਵਿੱਚ, ਲਈ ਸੀ ਡੋਰ ਖਿੱਚ, ਪੂਰਾ ਦੁੱਖ ਭੋਗਿਆ ਪੰਜਾਬ ਨੇ ਲੋਕ ਸੀ ਮਸੂਮ, ਦੋਵਾਂ ਪਾਸਿਆਂ ਤੋਂ ਖਿੱਚ ਪਏ, ਮਹਿਕਣਾ ਛੱਡਤਾ ਗੁਲਾਬ ਨੇ ਕਿੰਨੇ ਸਾਲ ਪਿੱਛੇ ਪਏ ਕਿੰਨੇ ਕਿੰਨੇ ਦੁੱਖ ਸਹੇ, ਸੁਆਲਾਂ ਦੇ ਮਿਲਣੇ ਜੁਆਬ ਨੇ ਪੁੱਤ, ਬਾਪ, ਮਾਵਾਂ ਅਤੇ ਭਾਈ ਜਿਹੀਆਂ ਬਾਹਵਾਂ, ਦੱਸੋ ਕਿਸ ਕੋਲ ਇਸਦੇ ਹਿਸਾਬ ਨੇ ਮੁੜ ਘਿੜ ਰਿੜ ਰਿਹਾ, ਪਾਣੀ ਵਿੱਚ ਗਿੜ ਰਿਹਾ, ਪੁਣ ਰਿਹਾ ਕੀਹਨੇ ਕੀ ਕਿਹਾ ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ ਸਭ ਕੁੱਝ ਜਰ ਕੇ, ਸਭ ਕੁੱਝ ਹਰ ਕੇ, ਫਿਰ ਲੈ ਲੈਂਦਾ ਅੰਗੜਾਈ ਆ ਮਾਣ ਨਾ ਛੱਡੇ, ਪੂਰ ਲੈਂਦਾ ਸਭ ਖੱਡੇ, ਇਹੋ ਗੱਲ ਨਾ ਹੀ ਦੋਖੀਆਂ ਨੂੰ ਭਾਈ ਆ ਵਾੜਤਾ ਜ਼ਹਿਰ, ਝੱਲ ਹੋਏ ਨਾ ਕਹਿਰ, ਨਵੀਂ ਪੌਦ ਕੇਹੀ ਚਾਟ ਉੱਤੇ ਲਾਈ ਆ ਕੁੱਝ ਨਹੀਂ ਰਹਿਣਾ ਇਹ ਰੱਬੀ ਦਾ ਹੈ ਕਹਿਣਾ, ਪਾਉਂਦਾ ਪੰਜਾਬ ਦੇ ਨਾਂ ਦੀ ਦੁਹਾਈ ਆ ਆਖਰੀ ਇਹ ਵਾਰ, ਇਹਤੋਂ ਹੋਣਾ ਨਹੀਂ ਸਹਾਰ, ਪੰਜਾਬ ਪਾਣੀਆਂ ‘ਚ ਖੜਾ ਹੈ ਤਿਹਾ ਪੰਜਾਬ ਨੂੰ ਬਚਾ ਲਓ ਤੁਸੀਂ ਰਲ ਕੇ ਪੰਜਾਬੀਓ, ਕਿ ਡੁੱਬਦਾ ਪੰਜਾਬ ਜਾ ਰਿਹਾ

3. ਆਮ ਲੋਕਾਂ ਵਿੱਚੋਂ ਹੁੰਦੇ, ਇਨ੍ਹਾਂ ਦੀ ਹੀ ਗੱਲ ਕਹਿੰਦੇ, ਸੱਚ ਕਹਿਣੋਂ ਜ਼ਰਾ ਵੀ ਨਾ ਡਰਦੇ

ਆਮ ਲੋਕਾਂ ਵਿੱਚੋਂ ਹੁੰਦੇ, ਇਨ੍ਹਾਂ ਦੀ ਹੀ ਗੱਲ ਕਹਿੰਦੇ, ਸੱਚ ਕਹਿਣੋਂ ਜ਼ਰਾ ਵੀ ਨਾ ਡਰਦੇ। ਝੂਠ ਦਾ ਇਹ ਪਾਜ ਖੋਲ੍ਹਣ, ਲੈਣ ਬੁਰੇ ਨਾਲ ਆਢਾ, ਕਦੇ ਜਿੱਤ ਜਾਂਦੇ ਕਦੇ ਹਰਦੇ। ਬਿਗਾਨਿਆਂ ਦੇ ਦੁੱਖ ਵਿੱਚ ਡੋਲ੍ਹਦੇ ਨੇ ਹੰਝੂ ਅਤੇ ਕਈ ਇਨਸਾਫ ਲਈ ਮਰਦੇ। ਆਪਣੇ ਹੀ ਲੋਕਾਂ ਲਈ ਸਮੇਂ ਦੀ ਅਵਾਜ਼ ਬਣ, ਪਾੜ ਦਿੰਦੇ ਕੁਫਰ ਦੇ ਪਰਦੇ। ਸੱਚ ਮੁੱਚ ਸੱਚ ਦੇ ਪੁਜਾਰੀ ਦਿੰਦੇ ਲੋਅ ਸਦਾ, ਇਨ੍ਹਾਂ ਲਈ ਸ਼ਬਦ ਨੇ ਸ਼ਾਨ ਜੀ । ਕਲਮ ਦੀ ਨੋਕ ਨਾਲ ਅੱਖਰਾਂ ਨੂੰ ਗੁੰਦਦੇ ਨੇ, ਤਾਹੀਓਂ ਇਹ ਹੁੰਦੇ ਨੇ ਮਹਾਨ ਜੀ । ਸਦਾ ਹੀ ਉਚਾਟ ਰਹਿੰਦੇ, ਸਦਾ ਹੀ ਬੇਚੈਨ ਰਹਿੰਦੇ, ਅੱਖ ਵਿੱਚ ਅੱਖ ਪਾ ਕੇ ਤੱਕਦੇ। ਔਕੜਾਂ ਨਾਲ ਲਾਉਣ ਮੱਥਾ, ਚੋਟੀਆਂ ਦੇ ਨਾਲ ਖਹਿੰਦੇ, ਅੰਬਰਾਂ ਨੂੰ ਗਾਹੁੰਦੇ ਨਹੀਂ ਥੱਕਦੇ। ਫੁੱਲਾਂ ਨਾਲ ਖੇਡਦੇ ਨੇ, ਸ਼ਬਦਾਂ ਨਾਲ ਪੀਂਘ ਪਾਉਂਦੇ, ਅੱਗ ਦੇ ਅੰਗਾਰਿਆਂ ’ਤੇ ਨੱਚਦੇ। ਦੰਭ, ਝੂਠ, ਠੱਗੀ ਤੇ ਫਰੇਬ ਹੀ ਨੇ ਜ਼ਹਿਰ ਮਿੱਠਾ, ਰਾਹ ਕੌੜੇ ਹੁੰਦੇ ਸਦਾ ਸੱਚ ਦੇ। ਪੰਧ ਔਖਾ, ਵਲਦਾਰ, ਅੱਕਦੇ ਨਾ ਥੱਕਦੇ ਨਾ, ਗਹਿਰੇ ਸਦਾ ਛੱਡਦੇ ਨਿਸ਼ਾਨ ਜੀ । ਕਲਮ ਦੀ ਨੋਕ ਨਾਲ ਅੱਖਰਾਂ ਨੂੰ ਗੁੰਦਦੇ ਨੇ, ਤਾਹੀਓਂ ਇਹ ਹੁੰਦੇ ਨੇ ਮਹਾਨ ਜੀ । ਧਰਮ, ਜਾਤ, ਲਿੰਗ ਅਤੇ ਨਸਲ ਨੂੰ ਛੱਡ ਕੇ, ਮਨੁੱਖਤਾ ਦੇ ਬੋਲ ਰਹਿਣ ਬੋਲਦੇ। ਹੱਕ ਲਈ, ਸੱਚ ਲਈ, ਅਮਨ ਇਨਸਾਫ ਲਈ, ਤਾਜਾਂ ਮੂਹਰੇ ਨਹੀਂਓਂ ਕਦੇ ਡੋਲਦੇ। ਅੰਬਰਾਂ, ਪਹਾੜਾਂ ਅਤੇ ਮਨਾਂ ਦੀਆਂ ਕੁੰਦਰਾਂ ਨੂੰ, ਕਲਮ ਦੀ ਧਾਰ ਨਾਲ ਫੋਲਦੇ। ਕੋਹਾਂ ਤੱਕ ਰਾਹ ਰੁਸ਼ਨਾਉਂਦੀਆਂ ਨੇ ਲਿਖਤਾਂ, ਸਮਝ ਨਹੀਂ ਪਾਉਂਦੇ ਕਈ ਕੋਲ ਦੇ। ਅੱਖਰ ਹੀ ਨੱਚਦੇ ਨੇ, ਅੱਖਰ ਹੀ ਹੱਸਦੇ ਨੇ, ਅੱਖਰਾਂ ਚ ਸੱਚੀ ਸੁੱਚੀ ਜਾਨ ਜੀ । ਕਲਮ ਦੀ ਨੋਕ ਨਾਲ ਅੱਖਰਾਂ ਨੂੰ ਗੁੰਦਦੇ ਨੇ, ਤਾਹੀਓਂ ਇਹ ਹੁੰਦੇ ਨੇ ਮਹਾਨ ਜੀ। ਸ਼ਬਦ ਹੀ ਗੁਰੂ ਅਤੇ ਰਾਹ ਦਰਸਾਵੇ ਸਾਡਾ, ਸ਼ਬਦਾਂ ਦੀ ਸ਼ਕਤੀ ਬੇਅੰਤ ਹੈ। ਅੱਖਰਾਂ ਤੋਂ ਬਣਦੇ ਨੇ ਸ਼ਬਦ ਅਤੇ ਗੁਰੂ ਵਾਕ, ਮੰਨਦਾ ਇਨ੍ਹਾਂ ਨੂੰ ਰਾਜਾ ਰੰਕ ਹੈ। ਬਾਬਾ ਇਸੇ ਕਾਰਨੇ ਹੀ ਲੇਖਕਾਂ ਨੂੰ ਧੰਨ ਕਹੇ, ਅੱਖਰਾਂ ਦੀ ਧਾਰ ਹੀ ਅਨੰਤ ਹੈ। ਝੁਕਦਾ ਹੈ ਸਿਰ ਮੇਰਾ, ਸਜਦਾ ਹੈ ਇਨ੍ਹਾਂ ਅੱਗੇ, ਇਹੋ ਹੀ ਨੇ ਰੱਬੀ ਇਨਸਾਨ ਜੀ । ਕਲਮ ਦੀ ਨੋਕ ਨਾਲ ਅੱਖਰਾਂ ਨੂੰ ਗੁੰਦਦੇ ਨੇ, ਤਾਹੀਓਂ ਇਹ ਹੁੰਦੇ ਨੇ ਮਹਾਨ ਜੀ

4. ਗਹਿਣੇ ਪਈ ਜ਼ਮੀਰ

ਆਓ ! ਕੁੱਝ ਪਲ ਹੋਰ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦੇਈਏ। ਕਿਉਂ ਜੁ ਅਸੀਂ ਤਾਂ ਅਜੇ ਹੋਰ ਪੂੰਝਣੀ ਏਂ ਲਾਲ਼ ਸਰਮਾਏਦਾਰੀ ਦੀ ਅਜੇ ਤਾਂ ਹੋਰ ਤ੍ਰਿਹਣਾ ਏਂ ਅਸੀਂ ਪੀਲੀਆਂ -ਨੀਲੀਆਂ ਪੱਗਾਂ ਤੋਂ ਲੁੱਟਦੇ ਵੇਖਣੀ ਹੈ ਅਜੇ ਹੋਰ ਆਪਣੀਆਂ ਧੀਆਂ ਭੈਣਾਂ ਦੀ ਇੱਜਤ ਤੇ ਅੱਖਾਂ ਬੰਦ ਕਰਕੇ ਗਾਉਣੇ ਨੇ ਬੇਸੁਰੇ ਰਾਗ ਅਜੇ ਕੁੱਝ ਦੇਰ ਹੋਰ ਇਸ ਲਈ ਆਓ ! ਕੁੱਝ ਪਲ ਹੋਰ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦੇਈਏ। ਅਜੇ ਤਾਂ ਪੀਲੀਆਂ ਭੂਕ ਅੱਖਾਂ ਨੂੰ ਹੋਰ ਕਹਿਣਾ ਹੈ ਸੂਰਜਮੁਖੀ ਅੰਦਰ ਵੜੀਆਂ ਗੱਲ੍ਹਾਂ, ਨਿਕਲੇ ਕੰਗਰੋੜ ਤੱਕ ਕੇ ਬੰਨਣੀਆਂ ਤਸ਼ਬੀਹਾਂ ਬੇਵਸੀ ਨੂੰ ਪਾਣ ਚੜ੍ਹਾ ਕੇ ਬੇਸ਼ਰਮੀ ਦੀ ਲਿਖਣੀਆਂ ਨੇ ਰੁਮਾਂਟਿਕ ਕਵਿਤਾਵਾਂ ਤੇ ਮਹਿਬੂਬਾ ਦੇ ਬੇਮੇਚ ਹੁਸਨ ਨੁੰ ਮੇਚਣਾ ਹੈ ਚੰਨ ਤਾਰਿਆਂ ਦੇ ਨਾਲ ਇਸ ਲਈ ਆਓ ! ਕੁੱਝ ਪਲ ਹੋਰ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦੇਈਏ। ਕਿਉਂ ਜੁ ਜ਼ਮੀਰ ਦੀ ਹੋਂਦ ਨਾਲ ਹੀ ਪੈਂਦਾ ਹੈ ਘੁੱਟ ਘੁੱਟ ਮਰਨਾ ਧੁੱਪ ਦੀ ਬੁੱਕ ਭਰ ਕੇ ਮੂੰਹ 'ਚ ਪਾਉਣ ਲੱਗਿਆਂ ਡਿੱਗਦਾ ਏ ਅੱਥਰੂ ਸਾਹਾਂ ਦੀ ਲੋਚਾ ਕਰਦੀ ਏ ਅਠਖੇਲੀ ਕਦੇ ਕਦੇ ਚਾਵਾਂ ਨਾਲ ਤੇ ਰਾਤਾਂ ਦੇ ਸੀਨੇ ਨਾਲ ਚਿਪਕਿਆ ਹੌਕਾ ਦਿੰਦਾ ਏ ਹੋਕਾ ਇਸ ਲਈ ਆਓ ! ਕੁੱਝ ਪਲ ਹੋਰ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦੇਈਏ। ਧਰਮ ਦੀ ਸਰਦਲ 'ਤੇ ਊਂਘਦੇ ਦਾਨਵ ਦੀ ਇੰਤਜ਼ਾਰ ਤੱਕ ਡੋਲਾ ਤੋਰ ਬੈਠੇ ਬਾਪ ਦੇ ਅੱਖਾਂ 'ਚ ਆਏ ਕਰਜ਼ ਦੇ ਭੈਅ ਤੱਕ ਜਾਂ ਲੰਬੜਾਂ ਦੇ ਅੱਥਰੇ ਮੁੰਡੇ ਹੱਥੋਂ ਬੇਪੱਤ ਹੋਈ ਨੂੰਹ ਧੀ ਦੇ ਹੌਕਿਆਂ ਤੱਕ ਜਾਂ ਸਾਹਾਂ ਦੀ ਗਰਦਿਸ਼ 'ਚ ਆਈ ਕੰਜ ਕੁਆਰੀ ਦੀ ਹੂਕ ਤੱਕ ਆਓ ! ਕੁੱਝ ਪਲ ਹੋਰ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦੇਈਏ।

5. ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ

ਆਓ, ਗੱਲ ਚਮਨ ਦੀ ਕਰੀਏ, ਖੁੱਸਦਾ ਖੁੱਸਦਾ ਖੁੱਸ ਗਿਆ ਹਾਸਾ ਵਿੱਚ ਰਸਾਤਲ ਵਿਰਸਾ ਜਾ ਰਿਹੈ, ਬੇਗਾਨਾ ਕਿੰਝ ਦਏ ਧਰਵਾਸਾ ਕੀ ਕੁੱਝ ਡੁੱਬਿਆ, ਕੀ ਕੁੱਝ ਬਚਿਆ, ਗੁਆਉਣ ਵਾਲੇ ਨੂੰ ਫਰਕ ਨਾ ਮਾਸਾ ਸੁੰਨ ਮਸਾਨ ਜਿਹੀ ਜਿੰਦੜੀ ਫਿਰਦੀ, ਖੁਸ਼ੀਆਂ ਖੇੜਿਆਂ ਦਾ ਨਾ ਵਾਸਾ । ਸੱਤ ਦਰਿਆਵਾਂ ਦੀ ਇਹ ਧਰਤੀ, ਕਲ ਕਲ ਵਗਦੇ ਨਦੀਆਂ ਨਾਲੇ ਸਭ ਧਰਮਾਂ ਦੇ ਲੋਕੀਂ ਵਸਦੇ, ਹਰ ਜਾਤੀ ਦੇ ਗੋਰੇ ਕਾਲੇ ਵੈਰ ਵਿਰੋਧ, ਵਿਤਕਰਾ ਨਾ ਸੀ, ਲੱਭਦਾ ਨਹੀਂ ਸੀ ਦੂਤੀ ਭਾਲੇ। ਜੋ ਸੀ ਜਨਮ ਲੈਂਦਾ ਇਸ ਥਾਂ ਤੇ, ਲੱਭੇ ਨਹੀਂ, ਲੱਖਾਂ ਕੋਹ ਗਾਲੇ ਅੱਜ ਵੀ ਜੋਧੇ ਸੂਰਮਗਤੀ ਦਾ, ਸਿਰ ‘ਤੇ ਲੱਗਿਆ ਸਿਹਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਪੰਜ ਆਬ ਦੀ ਧਰਤੀ ਘੇਰੀ, ਸਤਲੁਜ, ਬਿਆਸ, ਰਾਵੀ ਦਰਿਆਵਾਂ। ਝਨਾਂ, ਜਿਹਲਮ ਸੀ ਗੱਲਾਂ ਕਰਦੇ, ਮਾਣਦੇ ਸਾਂ ਬੋਹੜਾਂ ਦੀਆਂ ਛਾਵਾਂ। ਰਿਸ਼ਤੇ ਨਾਤੇ, ਸੁੱਚਮ ਗੰਢਾਂ, ਸੁਣਦੇ ਸਾਂ ਜੋ ਕਹਿੰਦੀਆਂ ਮਾਵਾਂ। ਜੂਹਾਂ ਤੇ ਸੀ ਜੁੜ ਜੁੜ ਖੜ੍ਹਦੇ, ਮੰਜਿਲ ਸਨ ਪਹੁੰਚਾਉਂਦੀਆਂ ਰਾਹਵਾਂ। ਮਾਣ ਸੀ ਵਤਨੀਂ ਵੀਰਾਂ ਉੱਤੇ, ਸਦਾ ਸਲਾਮਤ ਮੰਗਦੀਆਂ ਬਾਹਵਾਂ। ਓਸ ਪੰਜਾਬ ਦਾ ਏਸ ਪੰਜਾਬ ਨੂੰ, ਪਾਇਆ ਸਰਸਰੀ ਫੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਢਾਈ ਆਬ ਦੀ ਧਰਤੀ ਰਹਿ ਗਈ, ਕੀ ਕੁੱਝ ਹੋਇਆ, ਦੱਸ ਨਹੀਂ ਹੋਣਾ। ਸਤਲੁਜ, ਬਿਆਸ ਪਏ ਹੁਬਕੀਂ ਰੋਵਣ, ਝਨਾਂ, ਜਿਹਲਮ ਦਾ ਰੁਕੇ ਨਾ ਰੋਣਾ। ਰਾਵੀ ਕੱਟੀ ਵੱਢੀ ਰੁਆਂਸੀ, ਕੀ ਕੀ ਹੋਇਆ, ਕੀ ਕੀ ਹੋਣਾ। ਦੁੱਖ, ਸੰਤਾਪ ਨੇ ਇੰਝ ਗ੍ਰਸਿਆ, ਗੀਤਾਂ ਵਿੱਚ ਇਹ ਕਿੰਝ ਪ੍ਰੋਣਾ ? ਗੱਲ ਲੋਕਾਂ ਦੀ ਹੀ ਦੱਸਦਾ ਹਾਂ, ਮੇਰਾ ਦਿਸ ਰਿਹਾ ਚਿਹਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਆਪਣੇ ਹੋਣ ਪਰਾਏ ਲੱਗੇ, ਗੱਲ ਉਨ੍ਹਾਂ ਨੂੰ ਰਾਸ ਨਾ ਆਈ। ਨਿੱਕੇ ਜਿਹੇ ਖਿੱਤੇ ਨੇ ਪੂਰੀ, ਧਰਤ ਦੇ ਉੱਤੇ ਪਾਈ ਦੁਹਾਈ। ਕਿਹੜਾ ਜਾਦੂ, ਟੂਣਾ ਕਰੀਏ, ਕਿਸ ਕਿਸ ਗੱਲ ਦੀ ਹੋਏ ਮਨਾਹੀ। ਅੰਤ ਚ ਜਿਹਨੂੰ ਕਹਿਣ ਅਲਾਮਤ, ਪਾ ਦਿੱਤੀ ਸਾਡੇ ਗਲ ਫਾਹੀ। ਅੱਜ ਸਾਡੇ ਸਿਰ ਚਾੜ੍ਹੀ ਉਹੀ, ਡਿੱਗਿਆ ਸਿਰ ਭਾਰ ਸ਼ੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਹੌਲੀ ਹੌਲੀ ਅੰਦਰੋਂ ਅੰਦਰੀਂ, ਘਰ ਦੇ ਲੋਕ ਬਣਾਤੇ ਵੈਰੀ। ਆਪਣਿਆਂ ਦੇ ਤੇਵਰ ਬਦਲੇ, ਰੱਖਣ ਲੱਗ ਪਏ ਅੱਖ ਕਹਿਰੀ। ਤਲਖ ਕਲਾਮੀ, ਸਿੜੀ ਸਿਆਪਾ, ਰੁਲਦੀਆਂ ਪੱਗਾਂ ਕੋਰਟ ਕਚਹਿਰੀ। ਕੋਈ ਨਾ ਸਮਝੇ ਚਾਲ ਹੈ ਕਿਸਦੀ, ਚਾਲ ਸੀ ਸੂਖਮ, ਡੂੰਘੀ, ਗਹਿਰੀ। ਨਵੀਂ ਪਨੀਰੀ ਚਾੜ੍ਹ ਲਈ ਹੱਥੀਂ, ਦਿਸੇ ਚੁਪਾਸੀਂ ਨ੍ਹੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਅੱਜ ਕਿਸੇ ਵੀ ਪਿੰਡ ਚ ਜਾਓ, ਲੱਗਦੈ ਪਿੰਡ ਹੈ ਹੱਸਦਾ ਗਾਉਂਦੈ ? ਛਿੰਝਾਂ, ਘੋਲ, ਕਬੱਡੀ, ਮੁਗਦਰ, ਤੱਕੋ, ਕੀ ਕੁੱਝ ਨਜ਼ਰ ਹੈ ਆਉਂਦੈ ? ਭੰਗੜੇ, ਝੂਮਰ, ਜਾਗੋ, ਗਿੱਧਾ, ਦੱਸੋ, ਕੀ ਹੁਣ ਕੋਈ ਸਿਖਾਉਂਦੈ ? ਪਿੰਡ, ਕਸਬੇ ਤੇ ਸ਼ਹਿਰ ਨੂੰ ਤੱਕ ਕੇ, ਬੇਵੱਸ ਹਾਂ, ਪਰ ਮਨ ਕੁਰਲਾਉਂਦੈ। ਅੱਜ ਸਾਡੇ ਘਰ ਪਾਇਆ ਹੋਇਆ, ਏਸ ਅਲਾਮਤ ਘੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਸਾਹ ਸੱਤ ਹੀਣੇ ਗੱਭਰੂ ਤੁਰਦੇ, ਟੀਕੇ ਲਾਉਂਦੇ, ਗੋਲੀਆਂ ਖਾਂਦੇ। ਮੁਟਿਆਰਾਂ ਦਾ ਜੋਬਨ ਭਿੱਟਿਆ, ਠੇਢਾ ਖਾਵਣ ਜਾਂਦੇ ਜਾਂਦੇ। ਕੋਈ ਨਾ ਮਾਂਦਰੀ, ਵੈਦ ਸਲਾਹੁੰਦੈ, ਸੁੱਕੇ ਪਿੰਜਰ ਕਿਸ ਨੂੰ ਭਾਉਂਦੇ। ਮਾਪੇ ਝੂਰਨ, ਵੱਸ ਨਾ ਚੱਲੇ, ਆਪਣੇ ਹੀ ਨੇ ਆਪ ਸਤਾਉਂਦੇ। ਕਿਸ ਮੂੰਹ ਤੁਰ ਪਈ ਇਹ ਲੋਕਾਈ, ਝੂਰਦਾ ਬੁੱਢਾ ਠੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਚਿੱਟਾ ਖਾ ਦਿਲ ਕਾਲੇ ਕਰ ਲਏ, ਜਿਨ੍ਹਾਂ ਤੋਂ ਸੀ ਲੱਖਾਂ ਆਸਾਂ। ਇਸ ਦਲਦਲ ‘ਚ ਲੱਕੀਂ ਖੁਭ ਗਏ, ਪਾਈਆਂ ਜਿਨ੍ਹਾਂ ਧਮਾਲਾਂ, ਰਾਸਾਂ। ਘਰ ਘਰ ਅੰਦਰ ਜਾਦੂ ਫਿਰ ਗਿਆ, ਵਿਰਸਾ ਤਿੜਕੇ, ਪਈਆਂ ਲਾਸਾਂ। ਪਲ ਪਲ ਮਰ ਮਰ ਮਰਦਾ ਜਾਂਦੈ, ਗਿਣਦਾ ਕਿੰਨੀਆਂ ਹਨ ਸਵਾਸਾਂ। ਡੁੱਬਦੇ ਜਾਂਦੇ ਨੂੰ ਠੱਲਣ ਲਈ, ਭਾਈ ਦਾ ਪਏ ਨਾ ਜੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਹੋਰ ਵੀ ਲੋਕੀਂ ਵਸਦੇ ਘੁੱਗੀਂ, ਕਿਧਰੇ ਦਿਸੇ ਨਾ ਕਾਲਖ ਨੇਰੀ। ਸਾਡੇ ਘਰ ਵਿੱਚ, ਸਾਡੀ ਪੱਗ ਤੇ, ਕਿਸਨੇ ਲੁਕਕੇ ਕਾਲਖ ਫੇਰੀ। ਰਸਦੇ ਵਸਦੇ ਬੱਚਿਆਂ ਦੇ ਦਿਲ, ਕਿਸ ਕੀਤੇ ਨੇ ਰਾਖ ਦੀ ਢੇਰੀ। ਰੁਕੋ, ਸੋਚੋ ਕੋਈ ਉੱਤਰ ਭਾਲੋ, ਹਾੜਾ ਗੱਲ ਸੁਣੋ ਇਹ ਮੇਰੀ । ਸਾਂਭ ਲਓ ਮਿਲ ਜੁਲ ਕੇ ਇਸਨੂੰ, ਅਲਾਮਤਾਂ ਲਾ ਲਿਆ ਡੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ। ਆਓ, ਕੋਈ ਸਬੱਬ ਬਣਾਈਏ, ਮੁੜ ਇਹ ਆਪਣੇ ਪੈਰ ਖਲੋਵੇ। ਆਪਣੀ ਖੁਸ਼ੀ ਚ ਭੰਗੜੇ ਪਾਏ, ਦੁੱਖ ਆਪਣੇ ਚ ਭੁੱਬੀਂ ਰੋਵੇ। ਦਾਗ ਜੋ ਪੈ ਗਏ ਆਤਮਾ ਉੱਤੇ, ਮਲ ਮਲ ਅੰਦਰੋਂ ਬਾਹਰੋਂ ਧੋਵੇ। ਪਹਿਲਾਂ ਵਾਂਗ ਹੀ ਖਿੜ ਖਿੜ ਹੱਸੇ, ਸੋਨਾ ਬਣੇ ਜੇ ਲੋਹ ਨੂੰ ਛੋਹਵੇ। ਰੱਬੀ ਸੱਚ ਕਹਿ, ਸੱਚ ਕਹਿ, ਸੱਚ ਕਹਿ, ਆਉਣਾ ਕਦੋਂ ਸਵੇਰਾ ਹੀ ਹੈ। ਉਹ ਪੰਜਾਬ ਵੀ ਮੇਰਾ ਹੀ ਸੀ, ਇਹ ਪੰਜਾਬ ਵੀ ਮੇਰਾ ਹੀ ਹੈ।

6. ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ

ਕਿੰਨੇ ਸਾਲਾਂ ਤੋਂ ਰਹੇ ਹਾਂ ਗਾਉਣ ਸੁਣਦੇ, ਕਿੰਨੇ ਸਾਲਾਂ ਤੋਂ ਇਸਦੀ ਸੁਗੰਧ ਤੱਕੀ। ਮਾਂ ਦੇ ਦੁੱਧ ਨਾਲ ਇਸਦੀ ਮਿਲੀ ਗੁੜਤੀ, ਰਹੇ ਬੋਲਦੇ ਰੂਹ ਨਾ ਕਦੇ ਅੱਕੀ। ਸਾਡੇ ਕਣ ਕਣ ਵਿੱਚ ਹੈ ਵਾਸ ਇਸਦਾ, ਇਸਦੇ ਅੱਖਰਾਂ ਦੀ ਅਸੀਂ ਲਈ ਫੱਕੀ। ਸਾਡੇ ਸੁਹਾਗ, ਘੋੜੀਆਂ, ਵੈਣ ਇਸ ਵਿੱਚ, ਲੋਰੀ ਸੁਣਾ ਸੁਣਾ ਮਾਂ ਨਾ ਕਦੇ ਥੱਕੀ। ਸਾਡਾ ਵਿਰਸਾ, ਸਾਡੀ ਜੁਬਾਨ ਮਿਸਰੀ, ਹੋਂਦ ਗੁਆਚੀ ਲਈ ਫਿਰ ਕਿਉਂ ਰੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਸਿੱਧਾਂ, ਨਾਥਾਂ ਜੋਗੀਆਂ ਤੋਂ ਗੱਲ ਤੁਰਦੀ, ਤੁਰਦੀ ਤੁਰਦੀ ਇਹ ਕਿਹੜੇ ਰਾਹ ਪਈ ਏ। ਬਾਬਾ ਫਰੀਦ ਦੀ ਬਾਣੀ ਮਿਠਾਸ ਦਿੰਦੀ, ਬਾਬੇ ਨਾਨਕ ਦੀ ਬਾਣੀ ਚੋਂ ਗਿਆਨ ਲਈਏ। ਵਾਰ ਚੰਡੀ ਦੀ ਲਿਆਉਂਦੀ ਜੋਸ਼ ਪੂਰਾ, ਨਾ ਡਰਾਈਏ ਅਤੇ ਕਿਸੇ ਤੋਂ ਨਾ ਡਰੀਏ। ਕਿੰਨੇ ਭਗਤਾਂ, ਫਕੀਰਾਂ ਨੇ ਰਲ ਮਿਲ ਕੇ, ਪਟਾਰੀ ਗੁਣਾਂ ਦੀ ਸਹਿਜ ਦੇ ਨਾਲ ਭਰੀ ਏ। ਸ਼ਹਿਦ ਡੁੱਲ੍ਹ ਡੁੱਲ੍ਹ ਪਏ ਪੈਂਤੀ ਅੱਖਰੀ ਵਿੱਚ, ਪਰਾਏ ਡੂੰਮਣੇ ਨੂੰ ਕਿਉਂ ਫਿਰ ਚੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਬੁੱਲਾ, ਕਾਦਰ, ਵਾਰਿਸ ਸ਼ਾਹ ਮੁਹੰਮਦ, ਇਸਨੂੰ ਰੀਝ ਦੇ ਨਾਲ ਸ਼ਿੰਗਾਰਿਆ ਹੈ। ਗੁਰੂ ਸਹਿਬਾਨ ਨੇ ਮੋਤੀ ਚਿਣ ਚਿਣ ਕੇ, ਨਾਲ ਅਦਬ ਦੇ ਇਸ ਨੂੰ ਪਿਆਰਿਆ ਹੈ। ਭਾਈ ਗੁਰਦਾਸ ਨੇ ਵਾਰਾਂ ਵਿੱਚ ਰਸ ਭਰ ਕੇ, ਇਸਦੀ ਹੋਂਦ ਨੁੰ ਹੀ ਸਤਿਕਾਰਿਆ ਹੈ। ਦਮੋਦਰ, ਮੁਕਬਲ ਸ਼ਾਹ ਹੁਸੈਨ ਵਰਗੇ, ਇਨ੍ਹਾਂ ਹੋਰ ਵੀ ਰੂਪ ਨਿਖਾਰਿਆ ਹੈ। ਹਾਸ਼ਮ, ਪੀਲੂ ਅਤੇ ਕਿੰਨੇ ਹੀ ਮਾਣਮੱਤੇ, ਹੌਲੀ ਹੌਲੀ ਅਸੀਂ ਚੇਤੇ ਚੋਂ ਖੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਸੇਖੋਂ, ਦੁੱਗਲ, ਵਿਰਕ, ਸੁਜਾਨ ਸਿੰਘ ਨੇ, ਕਿੰਨਾ ਸਾਹਿਤ ਨੂੰ ਮਾਲਾ ਮਾਲ ਕੀਤਾ। ਨੂਰਪੁਰੀ, ਪਾਤਰ ਤੇ ਅਜੀਤ ਕੌਰਾਂ, ਆਪਣੀਆਂ ਲਿਖਤਾਂ ਨਾਲ ਕਮਾਲ ਕੀਤਾ। ਨਾਨਕ ਸਿੰਘ, ਪ੍ਰੀਤਲੜੀ, ਧੀਰ, ਕੰਵਲ, ਬਲਵੰਤ ਗਾਰਗੀ ਬੜਾ ਨਿਹਾਲ ਕੀਤਾ। ਕਿਸ ਦਾ ਨਾਂ ਲਈਏ, ਕਿਸ ਨੂੰ ਰਹਿਣ ਦਈਏ, ਕਾਰਜ ਮਾਂ ਦੇ ਹਰ ਇੱਕ ਲਾਲ ਕੀਤਾ। ਗੱਲ ਮੁੱਕਣੀ ਆ ਕੇ ਫੇਰ ਉਥੇ, ਸਾਂਝਾ ਕੁਨਬਾ ਕਿਉਂ ਰਲ ਡੁਬੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਚਾਤ੍ਰਿਕ, ਮੋਹਨ ਸਿੰਘ, ਵੀਰ ਸਿੰਘ ਅੰਮ੍ਰਿਤਾ ਨੇ, ਰਸ ਭਰ ਭਰ ਇਸ ਤੇ ਡੋਲ੍ਹਿਆ ਹੈ। ਪਾਸ਼, ਦਿਲ, ਉਦਾਸੀ, ਸ਼ਿਵ, ਨੀਲੋਂ, ਕਲਮ ਨਾਲ ਉਨ੍ਹਾਂ ਅੱਖਰ ਤੋਲਿਆ ਹੈ। ਬੇਜੁਬਾਨ ਅੱਖਰ ਸਨ ਰਹਿਣ ਕਬਰੀਂ, ਦਿੱਤੀ ਜੁਬਾਨ ਹਰ ਅੱਖਰ ਬੋਲਿਆ ਹੈ। ਇਹ ਆਦਮਕੱਦ ਸਾਹਿਤ ਦੀ ਕਦਰ ਕੀਹਨੂੰ, ਅਸੀਂ ਆਪੇ ਹੀ ਘੱਟੇ ਵਿੱਚ ਰੋਲਿਆ ਹੈ। ਇਸੇ ਲਈ ਪਰਾਈ ਨੂੰ ਚੁੱਕ ਮੋਢੇ, ਗਲੀ, ਘਰ ਮੁਹੱਲੇ ਵਿੱ ਚ ਢੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਯਮਲਾ, ਮਾਣਕ, ਸਦੀਕ, ਗੁਰਦਾਸ ਰਲਕੇ, ਮਾਂ ਬੋਲੀ ਦੀ ਤੂਤੀ ਵਜਾਈ ਰੱਜ ਕੇ। ਸੁਰਿੰਦਰ ਕੌਰ, ਪ੍ਰਕਾਸ਼, ਰਣਜੀਤ ਕੌਰਾਂ, ਕੀਤੀ ਇਸ ਦੀ ਸਿਫਤ ਸਲਾਹ ਗੱਜ ਕੇ। ਬਿੰਦਰਖੀਆ, ਛਿੰਦਾ ਤੇ ਮਾਣ ਮੱਤਿਆਂ ਨੇ, ਇਹਨੂੰ ਗਾਇਆ ਸਟੇਜਾਂ ਤੇ ਸੱਜ ਕੇ। ਮਾਨ ਮਰਾੜਾਂ ਦਾ, ਦੇਵ ਥਰੀਕਿਆਂ ਦਾ, ਲਿਖਣ ਕਿੱਸੇ ਗਥਾਵਾਂ ਗੱਜ ਵੱਜ ਕੇ। ਕਿੰਨੇ ਹੋਏ ਨੇ ਨਾਮੀ ਗਰਾਮੀ ਲੋਕੀਂ, ਜਿਹੜੇ ਮਾਲਾ ਚ ਹੁਣ ਪ੍ਰੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਸਾਡੇ ਬੋਲਾਂ ਵਿੱਚ, ਸਾਡੇ ਸਾਹਾਂ ਵਿੱਚ, ਸਾਡੀ ਰਗ ਰਗ ਇਹ ਸਮਾਈ ਹੋਈ ਹੈ। ਸਾਡੇ ਖੂਨ ਦੇ ਕਤਰੇ ਦੇ ਵਿੱਚ ਦੇਖੋ, ਇਸਦੀ ਹੋਂਦ ਦੀ ਸ਼ਾਹਦੀ ਆਈ ਹੋਈ ਹੈ। ਸਾਡੇ ਮਨਾਂ ਉੱਤੇ ਕਰਦੀ ਰਾਜ ਬੈਠੀ, ਸਾਡੀਆਂ ਸੋਚਾਂ ਸੰਗ ਰੁਸ਼ਨਾਈ ਹੋਈ ਹੈ। ਅਸੀਂ ਹਾਂ, ਜੇ ਹੈ ਇਹ ਮਾਣ ਮੱਤੀ, ਕੀਤੀ ਪੁੱਤਰਾਂ ਨੇ ਵਡਿਆਈ ਹੋਈ ਹੈ। ਪੰਜ ਆਬ ਹੁਣ ਢਾਈ ਆਬ ਰਹਿ ਗਏ, ਆਦਮ ਕੱਦ ਤੋਂ ਛੋਟੇ ਹੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ। ਆਓ ਸੋਚੀਏ, ਬੈਠ ਕੇ ਗੱਲ ਕਰੀਏ, ਕੌਣ ਹੈ ਜੋ ਇਹਨੂੰ ਨਕਾਰਦਾ ਏ। ਕਿਹੜਾ ਮਾਂ ਦੀ ਗੋਦ ਦੇ ਵਿੱਚ ਬਹਿ ਕੇ, ਉਹਦੀ ਚੁੰਨੀ ਨੂੰ ਪਿਆ ਖਿਲਾਰਦਾ ਏ। ਮਾਂ ਦੇ ਦੁੱਧ ਦੀ ਲਾਜ ਨਾ ਹੈ ਕਿਸਨੂੰ, ਕਿਹੜਾ ਮਾਂ ਨੂੰ ਹੀ ਪਿਆ ਚਾਰਦਾ ਏ। ਮਾਂ ਬੋਲੀ ਨੂੰ ਸੁੱਟ ਕੇ ਰੇਹ ਉੱਤੇ, ਕਿਹੜਾ ਮਾਸੀਆਂ ਚਾਚੀਆਂ ਪਿਆਰਦਾ ਏ। ਆਓ, ਗਿਰੇਬਾਨ ਚ ਦੇਖੀਏ ਦੋਖੀਆਂ ਨੂੰ, ਕਾਹਨੂੰ ਹੋਣੀ ‘ਤੇ ਬੈਠ ਕੇ ਰੋ ਰਹੇ ਹਾਂ। ਅਸੀਂ ਉਂਝ ਪੰਜਾਬੀ ਦਾ ਦਮ ਭਰਦੇ ਪਰ ਮੁਨਕਰ ਪੰਜਾਬੀ ਤੋਂ ਹੋ ਰਹੇ ਹਾਂ।

7. ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ, ਰਹੂ ਮਨ ਵਿੱਚ ਸਦਾ ਤੁਹਾਡੀ ਯਾਦ ਜੀ

ਤੁਸੀਂ ਸਾਡੇ ਕੋਲੋਂ ਚੱਲੇ, ਰਿਹਾ ਸਾਡੇ ਕੀ ਹੈ ਪੱਲੇ, ਮਨ ਵਿੱਚ ਚੀਸਾਂ ਜਿਹੀਆਂ ਪੈਂਦੀਆਂ। ਕਿੰਨਾ ਸਮਾਂ ਸਾਡੇ ਕੋਲ ਕਰਿਆ ਬਤੀਤ ਤੁਸੀਂ, ਯਾਦਾਂ ਸਦਾ ਚੇਤਿਆਂ ‘ਚ ਰਹਿੰਦੀਆਂ। ਸਦਾ ਖੁਸ਼ ਖੇੜਿਆਂ ‘ਚ ਰਹੋ ਅਤੇ ਮੌਜਾਂ ਮਾਣੋਂ, ਮਨ ਵਿੱਚੋਂ ਉੱਠੇ ਫਰਿਆਦ ਜੀ। ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ, ਰਹੂ ਮਨ ਵਿੱਚ ਸਦਾ ਤੁਹਾਡੀ ਯਾਦ ਜੀ। ਤੁਹਾਡੇ ਕੰਮਾਂ ਕਾਜਾਂ ਤਾਈਂ, ਤੁਹਾਡੇ ਵਿੱਢੇ ਕਾਰਜਾਂ ਨੂੰ, ਅਸੀਂ ਮਨ ਲਾ ਕੇ ਪੂਰਾ ਕਰਨਾ। ਜਤਨ ਹਜ਼ਾਰ ਭਾਵੇਂ ਕਰ ਲਈਏ ਅਸੀਂ ਪਰ, ਘਾਟਾ ਨਾ ਤੁਹਾਡੇ ਵਾਲਾ ਭਰਨਾ। ਤੁਹਾਡੇ ਗੁਣਾਂ, ਤੁਹਾਡੇ ਕੰਮਾਂ ਦੀ ਚੰਗਿਆਈ, ਯਾਦ ਆਉੂ ਸਾਰਿਆਂ ਨੁੰ ਤੁਹਾਥੋਂ ਬਾਅਦ ਜੀ। ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ, ਰਹੂ ਮਨ ਵਿੱਚ ਸਦਾ ਤੁਹਾਡੀ ਯਾਦ ਜੀ। ਵਗਦਾ ਸਵੱਛ ਪਾਣੀ ਦੇਖ ਖੁਸ਼ੀ ਹੋਂਵਦੀ, ਖੜਾ ਪਾਣੀ ਬਦਬੂ ਮਾਰਦਾ। ਚੰਗਾ ਇਨਸਾਨ ਨਵੇਂ ਰਾਹਾਂ ਉੱਤੇ ਮਹਿਕ ਵੰਡੇ ਅਤੇ ਦੁਖੀ ਹਿਰਦੇ ਨੂੰ ਰਹੇ ਠਾਰਦਾ। ਮਾਣ ਹੈ ਤੁਹਾਡੇ ਉੱਤੇ, ਕੰਮ ਤੁਸੀਂ ਕਰਨੇ ਨੇ, ਸੁੰਨੇ ਰਾਹ ਕਰਨੇ ਅਬਾਦ ਜੀ। ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ, ਰਹੂ ਮਨ ਵਿੱਚ ਸਦਾ ਤੁਹਾਡੀ ਯਾਦ ਜੀ। ਯਾਦ ਸਦਾ ਰੱਖਿਓ ਆਪਣੇ ਸਨੇਹੀਆਂ ਨੂੰ, ਭੁੱਲ ਜਾਣਾ ਸਾਡੀਆਂ ਖੁਨਾਮੀਆਂ। ਰੋਸੇ, ਗਿਲੇ, ਸ਼ਿਕਵੇ ਨਾ ਚੇਤਿਆਂ ‘ਚ ਆਉਣ ਦਿਓ, ਨੇੜੇ ਨਾ ਆਉਣ ਪ੍ਰੇਸ਼ਾਨੀਆਂ। ਮਨ ‘ਚ ਤੁਹਾਡੇ ਲਈ ਕਿੰਨਾ ਹੈ ਸਨੇਹ ਰੱਬੀ, ਜ਼ਿੰਦਗੀ ਦਾ ਇਹੋ ਹੈ ਸਵਾਦ ਜੀ। ਅੱਜ ਦੀ ਵਿਦਾਇਗੀ ਨੂੰ ਜਾਣੋਂ ਨਾ ਵਿਦਾਇਗੀ, ਰਹੂ ਮਨ ਵਿੱਚ ਸਦਾ ਤੁਹਾਡੀ ਯਾਦ ਜੀ।

8. ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ

ਭਗਤ ਸਿਓਂ ਦੀ ਸੋਚ ਅਜੇ ਵੀ, ਸਭ ਮਨ ਲੱਗਦੀ ਹੈ ਗੱਲ ਨਹੀਂ ਹੈ ਮੇਰੀ ਤੇਰੀ, ਇਹ ਗੱਲ ਜੱਗਦੀ  ਹੈ ਕਿੰਨਾ ਕੁੱਝ ਤਬਦੀਲ ਹੈ ਕਰਿਆ, ਏਸ ਲੋਕਾਈ ਨੇ, ਜੁੱਗ ਵਿਗਿਆਨ ਦਾ ਧਾਰਿਆ ਹੈ ਜੀ ਭੇਸ ਲੋਕਾਈ ਨੇ ਪਰ ਜੋਧੇ ਨੇ ਜ਼ਿੰਦਗੀ ਆਪਣੀ ਮਾਣੀ ਨਹੀਂ ਲੋਕੋ ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ ਉਹ ਵੀ ਚਾਹੁੰਦੈ ਚੰਗਾ ਖਾ ਪੀ, ਜੀਵਨ ਜੀਅ ਲੈਂਦਾ ਕੌਣ ਜੀਅ ਰਿਹਾ, ਕੌਣ ਮਰ ਰਿਹਾ, ਫਰਕ ਕੀਹਨੂੰ ਪੈਂਦਾ ਕਿਸ ਤਰ੍ਹਾਂ ਦੀ ਉਹ ਸੋਚ ਹੋਊ, ਜੋ ਸਭ ਦੀ ਸੋਚਦਾ ਸੀ ਸਭਨਾਂ ਦੇ ਲਈ ਰਾਜ ਭਾਗ, ਕਿਓਂ ਹਰਦਮ ਲੋਚਦਾ ਸੀ ਤੁਰਦੇ ਉਸਦੇ ਰਾਹ, ਇਹ  ਉਲਝਦੀ ਤਾਣੀ ਨਹੀਂ ਲੋਕੋ ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ ਪੀਲੀਆਂ ਪੱਗਾਂ ਬੰਨ੍ਹ ਕੇ ਹੀ, ਅਸੀਂ ਤੁਰਲੇ ਛੱਡਦੇ ਹਾਂ ਤੇਰੇ ਦਿਨ ਦਿਹਾਰ ਤੇ ਜਲਸੇ, ਰੈਲੀ ਕੱਢਦੇ ਹਾਂ ਵਿਚਾਰਧਾਰਾ ਨੂੰ ਲਾ ਕੇ ਖੂੰਜੇ, ਜਸ਼ਨ ਮਨਾਉਂਦੇ ਹਾਂ ਇਸ ਦਿਨ ਹੀ ਤੇਰੇ ਨਾਹਰੇ ਨੂੰ, ਉੱਚੀ ਸੁਰ ਵਿੱਚ ਗਾਉਂਦੇ ਹਾਂ ਭੁੱਲ ਗਏ ਹਾਂ ਐਪਰ ਗੱਲ ਪੁਰਾਣੀ ਨਹੀਂ ਲੋਕੋ ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ ਯਾਦ ਮਨਾਂ ਵਿੱਚ ਹੈ ਪਰ ਉਸਦਾ ਆਖਾ ਮੰਨਦੇ ਨਹੀਂ ਆਪਣੇ ਸੂਰੇ ਦੇ ਬੋਲਾਂ ਨੂੰ ਇੱਕ ਗੱਠ ਬੰਨ੍ਹਦੇ ਨਹੀਂ ਸਮਾਨਤਾ ਲਈ ਸੀ ਜਿਸ ਨੇ, ਆਪਣਾ ਜੀਵਨ ਲਾ ਦਿੱਤਾ ਕੌਮ ਲਈ ਕਿੰਝ ਮਰਨਾ, ਲੋਕਾਂ ਨੂੰ ਸਮਝਾ ਦਿੱਤਾ ਮਨ ਆਇਆ ਕਹਿ ਦਿੱਤਾ, ਰੱਬੀ ਬਾਣੀ ਨਹੀਂ ਲੋਕੋ ਭਗਤ ਸਿਓਂ ਦੀ ਯਾਦ ਮਨਾਂ ਚੋਂ ਜਾਣੀ ਨਹੀਂ ਲੋਕੋ

9. ਭਗਤ ਸਿੰਘ ਤੇਰੀ ਸੋਚ 'ਤੇ

ਗੱਲ ਹੈ ਇਹ ਦੇਸ ਦੀ, ਨਾ ਰੰਗ ਦੀ ਨਾ  ਵੇਸ ਦੀ ।  ਗੱਲ ਹੈ ਇਹ ਖੂਨ ਦੀ, ਅਤੇ ਦੇਸ ਲਈ ਜਨੂੰਨ ਦੀ । ਗੱਲ  ਕਹਿਣੀ  ਹੈ  ਤੁਰੇ   ਜਾਂਦੇ ਰਾਹੀ ਨੂੰ  ਰੋਕ  ਕੇ।  ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ । ਅਸੈਂਬਲੀ ਬੰਬ ਸੁੱਟਕੇ, ਤੂੰ ਲੈ ਗਿਆ  ਮਨ ਲੁੱਟ ਕੇ । ਸਾਂਡਰਸ ਨੂੰ ਮਾਰ  ਕੇ ਅਤੇ ਕਰਜ਼ ਸਿਰ ਤੋਂ ‘ਤਾਰ ਕੇ ।  ਗੱਲ ਤੇਰੀ  ਸੋਚ ਦੀ,  ਕਰਨੀ ਹੈ  ਕਰਨੀ ਘੋਖ  ਕੇ ।  ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ। ਲੈਣ ਲਈ ਅਜ਼ਾਦੀ ਨੂੰ, ਕੀ ਕੀ ਨਹੀਂ ਕਰਿਆ ਸੀ ਤੂੰ।  ਜਾਤ, ਖਿੱਤਾ, ਧਰਮ ਤੋਂ, ਇਹ ਵਹਿਮ ਤੋਂ ਇਹ ਭਰਮ ਤੋਂ। ਰਾਹ ਦਿਖਾਇਆ ਤੂੰ ਹੀ ਸੀ, ਇਹ ਸੋਚ ਅੰਨ੍ਹੀ ਟੋਕ ਕੇ ।  ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ। ਲੋੜ ਹੈ ਤੇਰੀ ਸੋਚ ਦੀ,  ਹਰ ਅੱਖ   ਤੈਨੂੰ ਲੋਚ ਦੀ ।  ਭਗਤ ਸਿੰਘ  ਜਿਹੇ ਸੂਰਮੇ,  ਪਾ ਜਾਂਦੇ  ਰੱਬੀ ਪੂਰਨੇ ।  ਨੌਜਵਾਂ’ ਬਸ  ਛੱਡਦੇ  ਲੜ, ਪੱਗ  ਬੰਨ੍ਹਦੇ  ਪੋਚ  ਕੇ ।  ਭਗਤ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ।

10. ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ

ਚਾਰੇ ਪਾਸੇ ਆਪਾ ਧਾਪੀ, ਰਹੇ ਘੁੰਮਦੀ ਲੋਕਾਈ। ਖੌਰੇ ਕਿਹੜੇ  ਚੰਦਰੇ ਨੇ ਭੈੜੀ ਖ਼ਬਰ ਧੁਮਾਈ। ਨਸ਼ੇ ਨਸ਼ੇ ਨਸ਼ੇ ਨਸ਼ੇ ਕਹਿਣ ਨਿੱਤ ਅਖ਼ਬਾਰਾਂ। ਇਸ ਵਹਿਣ ਨੂੰ ਦੱਸੋ ਕਿਸ ਨਾਂ ਨਾਲ ਪੁਕਾਰਾਂ। ਛੇਵਾਂ ਦਰਿਆ ਨਾ ਆਖੋ ਇਸ ਦੌਰ ਨੂੰ, ਫੇ ਹੋਣਾ ਨਹੀਂ ਠੱਲ ਮਿੱਤਰੋ । ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ । ਕਦੇ ਗਾਉਂਦਾ, ਪਾਉਂਦਾ ਭੰਗੜੇ ਤੇ ਹੇਕਾਂ ਲਾਉਂਦਾ ਸੀ । ਪੂਰੀ ਦੁਨੀਆਂ ਦੇ ਮਨਾਂ ਉੱਤੇ ਇਹੋ ਭਾਉਂਦਾ ਸੀ । ਖੜ੍ਹੀ ਮੁੱਛ, ਪੱਗ ਤੁਰਲੇ ਦੀ ਰਹਿੰਦੀ ਮੋਂਹਦੀ ਸੀ । ਟੋਲੀ ਕੁੜੀਆਂ ਦੀ ਸਾਰੇ ਮਨਾਂ ਨੂੰ ਹੀ ਪੋਂਹਦੀ ਸੀ । ਸੁਹਣੇ ਗੱਭਰੂ ਤੇ ਮੁਟਿਆਰਾਂ ਫਬੀਆਂ ਨੂੰ, ਗਿਆ ਕਿਹੜਾ ਛਲ ਮਿੱਤਰੋ । ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ । ਪਿੰਡਾਂ ਵਿੱਚੋਂ ਗੁੰਮ ਹੁੰਦਾ ਏ ਪੰਜਾਬ ਜਾਂਵਦਾ, ਸ਼ਹਿਰ, ਕਸਬੇ ਦੇ ਵਿੱਚ ਨਾ ਨਜ਼ਰ ਆਂਵਦਾ । ਵਾਹੋ ਦਾਹੀ ਨਵੇਂ ਰੰਗਰੂਟ ਰਹਿੰਦੇ ਕਿਤੇ ਭੱਜੇ, ਨਹੀਂ ਹੋਸ਼, ਕਿੱਥੇ ਡਿੱਗੇ, ਕਦੋਂ ਸੁੰਨ, ਕਦੋਂ ਗੱਜੇ । ਇਹ ਮੁੰਡੀਰ ਫਿਰਦੀ ਹੈ ਪਾਸਾ ਵੱਟਦੀ, ਨਾ ਸੋਚਣ ਲਈ ਪਲ ਮਿੱਤਰੋ । ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ । ਸਾਰੇ ਰੋਗਾਂ ਦੀ ਇਹ ਜੜ੍ਹ ਬੜੀ ਭੈੜੀ ਹੈ ਬੇਕਾਰੀ, ਵੱਡੇ ਵੱਡੇ ਖੱਬੀਖਾਨਾਂ ਦੀ ਇਹ ਰੋਲੇ ਸਰਦਾਰੀ । ਦੱਸੋ ਕਿਸ ਭਾਅ ਰੁਲ ਗਈ ਜਵਾਨੀ ਮਸਤਾਨੀ, ਰਿਹਾ ਬਚਪਨ ਰੋਂਦਾ, ਸਿਰੇ ਚੜ੍ਹੀ ਨਾ ਜਵਾਨੀ। ਕੌਣ, ਕਦੋਂ, ਕਿਵੇਂ ਕਰੂ ਨਿਪਟਾਰਾ, ਤੇ ਆਊ ਕਿਹੜਾ ਦਲ ਮਿੱਤਰੋ । ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ । ਚੰਗੀ ਸੋਚ ਵਾਲੇ ਥੋੜ੍ਹੇ, ਉਹ ਵੀ ਬੈਠੇ ਮੂੰਹ ਘੁਮਾ ਕੇ, ਸਾਡੇ ਮਨਾਂ ਦਾ ਉਹ ਚੈਨ ਸਦਾ ਰੱਖਦੇ ਛੁਪਾਕੇ । ਦੱਸੋ ਹੋਰ ਕਿਹੜਾ ਸਾਗਰ ਪੰਜਾਬ ਤਰੇ ਹੋਰ, ਇਨ੍ਹਾਂ ਅੰਨ੍ਹੇ ਰਾਹਾਂ ਉੱਤੇ ਇਹਨੂੰ ਕੀਹਨੇ ਦਿੱਤਾ ਤੋਰ। ਕਦੇ ਕਦੇ ਕਿਤੋਂ ਸੁਣਦੀ ਦਹਾੜ ਨਾਲ, ਨਾ ਹੋਣਾ ਕੋਈ ਹੱਲ ਮਿੱਤਰੋ। ਆਓ, ਰਲ ਮਿਲ ਬੈਠ ਸਾਰੇ ਕਰੀਏ, ਪੰਜਾਬ ਦੀ ਕੋਈ ਗੱਲ ਮਿੱਤਰੋ ।

11. ਭਲਾ ਹੋਵੇ ਤੇਰਾ (30 ਮਾਰਚ, 1992)

ਭਲਾ ਹੋਵੇ ਤੇਰਾ ਜੇ ਤੂੰ ਮੋੜ ਕੇ ਲਿਆਵੇਂ, ਸਾਡਾ ਹੱਸਦਾ ਤੇ ਵੱਸਦਾ ਪੰਜਾਬ। ਜ਼ਾਲਮਾਂ ਨੇ ਸਾੜ ਦਿੱਤੇ ਨਿੱਕੇ-ਨਿੱਕੇ ਬੋਟ, ਦਿੱਤੇ ਫੂਕ ਇਨ੍ਹਾਂ ਚੰਬਾ ਅਤੇ ਗੁਲਾਬ। ਲਾਹ ਕੇ ਕਲੀਰੇ, ਸੁੱਟ ਦਿੱਤੇ ਅੰਨ੍ਹੇ ਖੂਹ, ਦਿੱਤਾ ਰੱਖੜੀ ਦਾ ਧਾਗਾ-ਧਾਗਾ ਤੋੜ। ਮਾਮਲੇ ਨੇ ਭਾਰੀ ਪਏ ਨਰਮ ਸਰੀਰਾਂ ਉੱਤੇ, ਪਿੰਡਿਆਂ ’ਚ ਉੱਗ ਆਇਆ ਕੋਹੜ। ਮਾਰਦੇ ਨੇ ਲੇਰਾਂ ਅੱਜ ਬਾਲ ਬਾਪੂ ਬਿਨ, ਹਾੜਾ ਲਾਲਾਂ ਨੂੰ ਹੈ ਅੰਮੀਆਂ ਦੀ ਲੋੜ, ਐਸੀ ਝੱਲ ਮਾਰੀ, ਉੱਠ ਸਕੇ ਨਾ ਹੀ ਹੋਵੇ, ਨਾ ਹੀ ਅਗੋਂ ਝੱਲ ਸਕਣੇ ਦੀ ਤਾਬ। ਭਲਾ ਹੋਵੇ ਤੇਰਾ ਜੇ ਤੂੰ ਮੋੜ ਕੇ ਲਿਆਵੇਂ, ਸਾਡਾ ਹੱਸਦਾ ਤੇ ਵੱਸਦਾ ਪੰਜਾਬ। ਝੁਲਸੇ ਨੇ ਗਏ ਅੱਜ ਘੁੱਗੀਆਂ ਦੇ ਖੰਭ, ਲਏ ਚਿੜੀ ਵੀ ਨਾ ਉਚੀ-ਉੱਚੀ ਸਾਹ। ਅਮਨ ਦੇ ਰਾਖਿਆਂ ਨੇ ਚੁੱਕ ਕੇ ਬੰਦੂਕ ਅੱਜ, ਫੜ ਲਏ ਨੇ ਓਪਰੇ ਹੀ ਰਾਹ। ਮਰਦਾ ਹੈ ਕੋਈ ਡੁੱਲ੍ਹੇ ਬੰਦੇ ਦਾ ਹੀ ਖ਼ੂਨ, ਇਹਨੂੰ ਰੋਕਣ ਦੀ ਲਾਓ ਪੂਰੀ ਵਾਹ। ਲਹੂ ਦੀ ਨਾ ਜਾਤ ਕੋਈ, ਧਰਮ ਨਾ ਬੋਲੀ, ਇਹਨੂੰ ਡੋਲ੍ਹ-ਡੋਲ੍ਹ ਕਰੋ ਨਾ ਖ਼ਰਾਬ। ਭਲਾ ਹੋਵੇ ਤੇਰਾ ਜੇ ਤੂੰ ਮੋੜ ਕੇ ਲਿਆਵੇਂ, ਸਾਡਾ ਹੱਸਦਾ ਤੇ ਵੱਸਦਾ ਪੰਜਾਬ। ਵਿਛਿਆ ਹੈ ਸੱਥਰ ਹੀ ਅੱਖ ਝਪਕਾਏ ਵਿੱਚ, ਠੂਹ-ਠੂਹ, ਠਾਹ-ਠਾਹ ਥੋੜ੍ਹੀ ਜਿਹੀ ਹੋਈ। ਫਟਿਆ ਹੈ ਬੰਬ ਅੱਜ ਭਰੇ ਹੋਏ ਬਜ਼ਾਰ ਵਿੱਚ, ਮੜੀਆਂ ’ਚ ਜਗ੍ਹਾ ਨਹੀਂ ਕੋਈ। ਮਾਨੁਸ ਕੀ ਜਾਤ ਸਭੈ ਏਕੇ ਪਹਿਚਾਨਬੋ, ਦੀ ਮਹਾਂ ਤੁਕ ਗਈ ਹੈ ਲੁਕੋਈ। ਜੰਮਦੀਆਂ ਸੂਲਾਂ ਦੇ ਹੀ ਹੋਏ ਮੂੰਹ ਤਿੱਖੇ, ਇਹਨੂੰ ਮੱਲ੍ਹਮਾਂ ਦੀ ਦਿਓ ਯਾਰੋ ਦਾਬ। ਭਲਾ ਹੋਵੇ ਤੇਰਾ ਜੇ ਤੂੰ ਮੋੜ ਕੇ ਲਿਆਵੇਂ, ਸਾਡਾ ਹੱਸਦਾ ਤੇ ਵੱਸਦਾ ਪੰਜਾਬ। ਗਿਆ ਮਾਰ ਦਿੱਤਾ ਕੋਈ ਭੈਣਾਂ ਦਾ ਓ ਵੀਰ, ਅੱਜ ਪੁਲ ਉੱਤੇ ਚੱਲੀ ਜਦੋਂ ਗੋਲੀ। ਗੁੰਮ ਗਏ ਨੇ ਮੁੰਡੇ, ਹੋਏ ਪਿੰਡ ਸੁੰਨੇ-ਸੁੰਨੇ, ਮਾਵਾਂ-ਭੈਣਾਂ ਦੀ ਹੈ ਪੱਤ ਜਾਂਦੇ ਰੋਲੀ। ਖਿੱਚ-ਖਿੱਚ ਕੀਤਾ ਬੁਰਾ ਹਾਲ ਬੁੱਢੇ ਮਾਪਿਆਂ ਦਾ, ਬੋਲਦੇ ਨੇ ਜੰਗਲੀ ਹੀ ਬੋਲੀ। ਸਾਹ ਸੱਤ ਮੁੱਕਿਆ ਹੈ ਸਾਰੇ ਹੀ ਸਰੀਰ ਵਿੱਚੋਂ, ‘ਰੱਬੀ’ ਕੀਤੀ ਮਾੜੀ ਸਾਡੀ ਬਾਬ। ਭਲਾ ਹੋਵੇ ਤੇਰਾ ਜੇ ਤੂੰ ਮੋੜ ਕੇ ਲਿਆਵੇਂ, ਸਾਡਾ ਹੱਸਦਾ ਤੇ ਵੱਸਦਾ ਪੰਜਾਬ।

12. ਕੁੱਖ ਵਿਚ ਮਾਰਨ ਦੀ ਚੱਲ ਪਈ ਪੁੱਠੀ ਰੀਤ

ਲੰਘਿਆ ਵੇਲਾ ਹੱਥ ਨਹੀਂ ਆਉਂਦਾ, ਮੂਰਖ ਹੈ ਪਿੱਛੋਂ ਪਛਤਾਉਂਦਾ। ਕੁੜੀ ਜੰਮਣ ਤੋਂ ਹੈ ਘਬਰਾਉਂਦਾ । ਲਾਏ ਪੰਜਾਬ ਨੂੰ ਲੀਕ, ਕੁੱਖ ਵਿੱਚ ਮਾਰਨ ਦੀ, ਚੱਲ ਪਈ ਪੁੱਠੀ ਰੀਤ, ਲੋਕੋ ਸੋਚ ਲਵੋ, ਕੀ ਮਾੜਾ ਕੀ ਠੀਕ। ਕਲਪਨਾ ਚਾਵਲਾ ਚੰਦ ‘ਤੇ ਚੜ੍ਹਗੀ, ਪੀ ਟੀ ਊਸ਼ਾ ਦਿਲਾਂ ‘ਚ ਵੜ੍ਹਗੀ। ਪੀ ਵੀ ਸਿੰਧੂ ਅਤੇ ਮਲਾਲਾ ਕੁੜੀਆਂ ਲਈ ਪ੍ਰਤੀਕ। ਕੁੱਖ ਵਿੱਚ ਮਾਰਨ ਦੀ, ਚੱਲ ਪਈ ਪੁੱਠੀ ਰੀਤ, ਲੋਕੋ ਸੋਚ ਲਵੋ, ਕੀ ਮਾੜਾ ਕੀ ਠੀਕ। ਹਰ ਪਾਸੇ ਕੁੜੀਆਂ ਦੀ ਝੰਡੀ, ਫੇਰ ਕਿਉਂ ਕਰਦੇ ਓਂ ਭੰਡੀ। ਅਣਜੰਮੀਆਂ ਦੀ ਲਾ ਤੀ ਮੰਡੀ, ਸੂਝਵਾਨ ਰਹੇ ਚੀਖ। ਕੁੱਖ ਵਿੱਚ ਮਾਰਨ ਦੀ, ਚੱਲ ਪਈ ਪੁੱਠੀ ਰੀਤ, ਲੋਕੋ ਸੋਚ ਲਵੋ, ਕੀ ਮਾੜਾ ਕੀ ਠੀਕ। ਭੁਗਤਣਾ ਇਹ ਆਪਾਂ ਨੂੰ ਪੈਣਾ, ਸਦਾ ਨਹੀਂ ਰੱਬੀ ਨੇ ਕਹਿਣਾ। ਕੁੜੀਆਂ ਦਾ ਇਹ ਪਾਪ ਨਹੀਂ ਲਹਿਣਾ, ਕਲੰਕ ਰਹੂ ਧੁਰ ਤੀਕ, ਕੁੱਖ ਵਿੱਚ ਮਾਰਨ ਦੀ, ਚੱਲ ਪਈ ਪੁੱਠੀ ਰੀਤ, ਲੋਕੋ ਸੋਚ ਲਵੋ, ਕੀ ਮਾੜਾ ਕੀ ਠੀਕ।

13. ਪਿੰਡ ਬਣਾਤੇ ਸ਼ਹਿਰ ਇਹ ਸਮਝੋ ਕਿਸ ਦੀ ਮਾਇਆ ਹੈ

ਇੱਕ ਬੇਗਾਨਾ ਬਣ ਕੇ ਆਪਣੇ ਘਰ ਵਿੱਚ ਆਇਆ ਹੈ। ਪਿੰਡ ਬਣਾਤੇ ਸ਼ਹਿਰ ਇਹ ਸਮਝੋ ਕਿਸ ਦੀ ਮਾਇਆ ਹੈ । ਮੰਨਿਆ ਸਾਇੰਸ ਨੇ ਬੜੀ ਤਰੱਕੀ ਕੀਤੀ ਹੋਈ ਆ, ਦੇਖੋ ਅਤੇ ਵਿਚਾਰੋ ਸਾਡੀ ਵਸਤ ਕੀ ਖੋਈ ਆ। ਵਿਰਸਾ ਭੁੱਲੇ, ਭੁੱਲੇ ਬੋਲੀ, ਰਸਮ ਰਿਵਾਜ ਨੇ ਖੂੰਜੇ, ਜਿਸ ਦੇ ਸਿਰ ‘ਤੇ ਸਰਦਾਰੀ ਸੀ, ਉਹ ਰੁਲਦੀ ਹੈ ਭੁੰਝੇ। ਸ਼ਹਿਰ, ਬਜ਼ਾਰ ਤੇ ਵਸਤ ਨੇ ਹਰ ਬੰਦਾ ਭਰਮਾਇਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ। ਵਾਹੋ ਦਾਹੀ ਜਾਈ ਜਾਂਦੇ, ਬੈਠ ਪਲੇਨਾਂ ਉਂਤੇ, ਘਾਹ ਖੋਤਣਗੇ, ਅਜੇ ਵੀ ਬੈਠੇ ਘਰ ਆਪਣੇ ਜੋ ਸੁੱਤੇ। ਮਾਰ ਨਿਹੋਰੇ ਤੋਰ ਲਏ ਸਾਰੇ, ਬੰਦੇ ਬੰਦੀਆਂ ਜੀ, ਕੋਠੀ, ਖੇਤ, ਦਰੱਖਤ ਉਡੀਕਣ, ਘਰ ਵਿੱਚ ਜੰਦੀਆਂ ਜੀ। ਖੁੱਲ੍ਹਾ ਡੁੱਲ੍ਹਾ ਮਿਲਿਆ, ਜਿਸ ਨੇ ਜੋ ਜੋ ਚਾਹਿਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ। ਘਰ ਘਰ ਕੇਬਲ, ਟੀ ਵੀ ਚੱਲਣ, ਦੇਖਣ ਬੈਠੇ ਸਾਰੇ, ਕਾਰਟੂਨ ਤੋਂ ਲੈ ਕੇ ਨਾਟਕ, ਫਿਲਮਾਂ ਦੇਣ ਨਜ਼ਾਰੇ। ਵੱਡੇ ਵੀ ਇਸ ਵਹਿਣ ਚ ਵਹਿ ਗਏ, ਲਾਵਣ ਖੂਬ ਠਹਾਕੇ, ਪ੍ਰੋਗਰਾਮ ਜੋ ਲਾਇਵ ਚੱਲਦੇ, ਬੜੇ ਬਣਾਤੇ ਕਾਕੇ । ਸ਼ਰਮ ਦਾ ਘਾਟਾ, ਪਤਾ ਨੀਂ ਕਿਹੜਾ ਮਾਮਾ, ਤਾਇਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ। ਮੋਬਾਇਲ ਦੀ ਸੁਬ੍ਹਾ ਤੋਂ ਹੀ ਵੱਜ ਜਾਂਦੀ ਘੰਟੀ ਹੈ। ਨ੍ਹੇਰ ਸਵੇਰੇ ਆਉਣ ਸੁਨੇਹੇ, ਦੱਸਦਾ ਬੰਟੀ ਹੈ। ਥੱਕ ਜਾਂਦਾ ਹੈ ਚਾਰਜਰ ਵੀ, ਹੋਏ ਦੁਪਹਿਰ ਜਦੋਂ, ਪਾਪਾ ਜੀ, ਤੁਸੀਂ ਲੈ ਕੇ ਆਉਣਾ ਪਾਵਰ ਬੈਂਕ ਕਦੋਂ। ਦੋ ਮੋਬਾਇਲ ਤੇ ਤਿੰਨ ਤਿੰਨ ਨੰਬਰ, ਹਰਿੱਕ ਲਿਆਇਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ। ਇਸ ਨ੍ਹੇਰੀ, ਇਸ ਝੱਖੜ ਨੇ ਹੁਣ ਛੱਡਣਾ ਕੱਖ ਨਹੀਂ, ਸਭ ਕੁੱਝ ਦੇਖਦੇ, ਸੁਣਦੇ, ਫਿਰ ਵੀ ਪੁੱਟਦੇ ਅੱਖ ਨਹੀਂ। ਬਚ ਨਹੀਂ ਸਕਦੇ, ਫਿਰ ਵੀ ਕੁੱਝ ਕੁ ਹੀਲਾ ਕਰ ਜਾਵੋ, ਆਪਣੀ ਨਵੀਂ ਪਨੀਰੀ ਦੇ ਹੱਥ, ਕੁੱਝ ਤਾਂ ਧਰ ਜਾਵੋ। ਚੰਗਾ ਲਓ ਅਪਣਾ, ਰੱਬੀ ਨੇ ਸੱਚ ਸੁਣਾਇਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ। ਪਿੰਡ ਬਣਾਤੇ ਸ਼ਹਿਰ, ਇਹ ਸਮਝੋ ਕਿਸ ਦੀ ਮਾਇਆ ਹੈ।

14. ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ

ਰਹੀ ਵਧਦੀ ਅਬਾਦੀ, ਗੱਲ ਹੋ ਗੀ ਬੇਸੁਆਦੀ। ਸਦੀ ਇੱਕੀਵੀਂ ਹੈ ਆਈ, ਗੱਲ ਝੂਠ ਨਹੀਂ ਕਾਈ। ਹੁਣ ਕਹੋ ਇਹੋ ਗੱਲ ਹਿੱਕ ਠੋਕ ਦੋਸਤੋ, ਵਧਦੀ ਅਬਾਦੀ ਨੇ ਮੁਹਾਲ ਕੀਤਾ ਜੀਣਾ, ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ। ਬੱਚਾ ਇੱਕ ਹੀ ਬਥੇਰਾ, ਕਰ ਲਓ ਵੱਡਾ ਜੇਰਾ। ਮੁੰਡੇ ਕੁੜੀ ਦਾ ਨਹੀਂ ਰੌਲਾ, ਚਿੱਤ ਕਰੋ ਨਹੀਂ ਹੌਲਾ।  ਰਹੇ ਮੁੰਡੇ ਦੀ ਹੀ ਲਾਲਸਾ ‘ਚ ਲੋਕ ਦੋਸਤੋ, ਵਧਦੀ ਅਬਾਦੀ ਨੇ ਮੁਹਾਲ ਕੀਤਾ ਜੀਣਾ, ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ। ਕੀਤਾ ਬੜਾ ਪ੍ਰਚਾਰ, ਨਹੀਂ ਮੰਨੀਂ ਅਸਾਂ ਹਾਰ, ਸੋਮੇ ਕੁਦਰਤੀ ਘਟੇ, ਅਸੀਂ ਅਜੇ ਵੀ ਨਹੀਂ ਹਟੇ। ਇਹ ਚਿੰਬੜ ਗਈ ਲਹੂ ਪੀਣੀ ਜੋਕ ਦੋਸਤੋ, ਵਧਦੀ ਅਬਾਦੀ ਨੇ ਮੁਹਾਲ ਕੀਤਾ ਜੀਣਾ, ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ। ਇਹ ਰੱਬੀ ਦਾ ਹੈ ਕਹਿਣਾ, ਜੇ ਜੱਗ ਵਿੱਚ ਰਹਿਣਾ। ਕਹਿਣਾ ਮੰਨ ਲਓ ਮੇਰਾ, ਤੋੜੋ ਜਾਹਲਤਾਂ ਦਾ ਘੇਰਾ। ਰਹੇ ਨਰਕ ’ਚ ਜ਼ਿੰਦਗੀ ਨੂੰ ਝੋਕ ਦੋਸਤੋ। ਵਧਦੀ ਅਬਾਦੀ ਨੇ ਮੁਹਾਲ ਕੀਤਾ ਜੀਣਾ, ਜਨਸੰਖਿਆ ’ਤੇ ਲਾਉਣੀ ਪੈਣੀ ਰੋਕ ਦੋਸਤੋ।

15. ਧਰਤ ਸੁਹਾਵੀ

ਭਾਗ-1 ਧਰਤ ਸੁਹਾਵੀ ਸੁੰਨ ਮਸਾਨ ਸਰਾਂ ਪਈ ਸੀ, ਧੁੰਦ ਗੁਬਾਰ ’ਚ ਲਿਪਟ ਗਈ ਸੀ। ਚੜ੍ਹਦਾ ਚੰਦ ਸੀ, ਸੂਰਜ ਚੜ੍ਹਦਾ, ਹਰ ਇੱਕ ਆਪਣੀ ਥਾਂ ਜਾ ਖੜ੍ਹਦਾ। ਦਰਿਆ ਖੌਲੇ,  ਸਾਗਰ ਗੂੰਜੇ, ਵਗਦੀਆਂ ਪੌਣਾਂ ਕਾਲਖ਼ ਹੂੰਝੇ। ਲਿਸ਼ਕੇ ਬਿਜਲੀ, ਬੱਦਲ ਝੂੰਮੇ, ਪਰਬਤ, ਚੋਟੀ ਪੌਣ ਵੀ ਘੁੰਮੇ। ਬਰਫਾਂ, ਅੋਸ, ਰਿਮ-ਝਿਮ ਤੇ ਕਿਣ-ਮਿਣ, ਨ੍ਹਾ ਲੈਂਦੇ ਫੁੱਲ, ਪੱਤੇ ਪਲ-ਛਿਣ। ਤੈਰਨ ਮੱਛੀਆਂ, ਡੱਡਾਂ ਬੋਲਣ, ਜੀਅ-ਜੰਤੂ ਮੂੰਹ ਆਪਣਾ ਖੋਲ੍ਹਣ। ਬੋਲੇ ਵਣ, ਕਾਇਨਾਤ ਸੁਣਾਵੇ, ਰੌਂਅ ’ਚ ਪੌਣ ਵੀ ਨਾਦ ਵਜਾਵੇ। ਸਰਦੀ, ਗਰਮੀ, ਪੱਤਝੜ ਆਉਂਦੀ, ਬਸੰਤ ਵੀ ਆਪਣਾ ਰਾਗ ਸੁਣਾਉਂਦੀ। ਜੜ੍ਹੀ, ਬੂਟੀਆਂ, ਫੁੱਲ ਤੇ ਫ਼ਲ ਸੀ, ਕੁਦਰਤ ਦੇ ਵਿੱਚ ਬਾਹਲਾ ਬਲ ਸੀ। ਧਰਤ ਸੁਹਾਵੀ, ਕੂਲ੍ਹਾਂ ਵੱਗਣ, ਝਰਨੇ, ਚਸ਼ਮੇ ਥਾਂ ਸਿਰ ਸਜਣ। ਅੰਬਰ ਛੋਂਹਦੀਆਂ ਪਰਬਤ ਲੜੀਆਂ, ਰੁਕ-ਰੁਕ, ਲੱਗ-ਲੱਗ ਜਾਵਣ ਝੜੀਆਂ। ਕੁਦਰਤ ਹੱਸੀ, ਆਦਮ ਆਇਆ, ਜੰਗਲ ਵਿੱਚ ਸੀ ਡੇਰਾ ਲਾਇਆ। ਵਿੱਚ ਗੁਫਾਵੀਂ ਅੱਗਾਂ ਬਾਲੇ, ਨੇਜੇ, ਦਾਤੀ, ਦਸਤੇ, ਭਾਲੇ । ਪਹੀਆ ਜੀਵਨ ਕਰੇ ਸੁਖਾਲਾ, ਹੁਣ ਨਾ ਗਰਮੀ ਨਾ ਹੁਣ ਪਾਲਾ । ਬੰਦੇ ਬਹਿ ਦਿਮਾਗ ਲਗਾਇਆ, ਆਪਣਾ ਨਵਾਂ ਹੀ ਜਗਤ ਸਜਾਇਆ। ਆਪਣਾ ਨਵਾਂ ਹੀ ਜਗਤ ਸਜਾਇਆ।  ਭਾਗ-2 ਜ਼ਹਿਰੀ ਹੋ ਗਿਆ ਤੀਲਾ-ਤੀਲਾ ਭੱਜਦੇ-ਭੱਜਦੇ ਕਿੱਧਰ ਪੁੱਜਾ, ਪਲ-ਪਲ ਰਹਿੰਦਾ ਕੰਮ ’ਚ ਰੁੱਝਾ। ਕਾਰਾਂ, ਰੇਲਾਂ, ਮੋਟਰ, ਗੱਡੀਆਂ, ਬਿਲਡਿੰਗਾਂ ਸੱਤ ਅਸਮਾਨੋਂ ਵੱਡੀਆਂ। ਡੈਮ, ਪੁਲ, ਬਾਈਪਾਸ ਅਨੇਕਾਂ, ਪਰ ਸੁੱਕੀਆਂ ਨੇ ਘਰ ਧਰੇਕਾਂ। ਵਾਹੋ- ਦਾਹੀ, ਨੱਠਾਂ-ਭੱਜਾਂ, ਹੋਰ ਕਮਾਵਾਂ, ਭੁੱਖਾ-ਰੱਜਾਂ। ਘਾਟ ਸਮੇਂ ਦੀ, ਲੱਗੇ ਰੋਗ, ਪਰ ਚੁਗਦਾ ਰਿਹਾ ਸਭ ਦਾ ਚੋਗ। ਟੀਵੀ ਚੈਨਲ, ਮ੍ਸ਼ੂਰੀ, ਫਿਲਮਾਂ, ਕਾਰਟੂਨ, ਕਿੱਸੇ, ਗੀਤ ਨਾਲ ਚਿਲਮਾਂ। ਚੱਲਣ ਮਿੱਲਾਂ, ਫੈਕਟਰੀ ਧੂੰਆਂ, ਦਿਨ-ਰਾਤੀਂ ਸੀ ਪਿਸਦੀਆਂ ਰੂਹਾਂ। ਘੰਟੇ, ਸ਼ਿਫ਼ਟ, ਡਿਊਟੀ, ਵਾਰੀ, ਹਾਜ਼ਰੀ ਗਿਣਤੀ ਨਰ ਤੇ ਨਾਰੀ। ਮੈਟਰੋ, ਜਹਾਜ਼, ਵਿਦੇਸ਼ੀ ਦੌਰੇ, ਅਗਲਾ ਦਿਨ ਨਾ ਚੜ੍ਹਨਾ ਖੌਰੇ। ਮੀਟਿੰਗ, ਨੋਟਿਸ, ਨਿਯਮ ਤੇ ਬਾਤਾਂ, ਕੰਮ ਹੈ, ਕੰਮ ਹੈ, ਦਿਨ ਤੇ ਰਾਤਾਂ। ਭੱਜੀ ਸਾਰੀ ਦੁਨੀਆਂ ਫਿਰਦੀ, ਆਪਣੇ ਹੀ ਰੌਲੇ ਵਿੱਚ ਘਿਰਦੀ। ਓਜ਼ੋਨ ਪਟੀ, ਪਾਣੀ ਦਾ ਮੁੱਕਣਾ, ਔਖਾ ਨਹੀਂ ਅਖੇ ਚੰਦ ’ਤੇ ਥੁੱਕਣਾ। ਜ਼ਹਿਰੀ ਧਰਤ, ਪਾਣੀ ਜ਼ਹਿਰੀਲਾ, ਜ਼ਹਿਰੀ ਹੋ ਗਿਆ ਤੀਲਾ-ਤੀਲਾ। ਸਬਜ਼ੀ ਸਬਜ਼ ਨਾ ਰਹਿ ਗਈ ਸੁਣ ਲਓ, ਆਲ-ਦੁਆਲੇ ਜੰਗਲ ਉਣ ਲਓ। ਗੱਲ ਜੋ ਕਹਿੰਦਾ ਸੱਚੀ ਕਹਿੰਦਾ, ਰੱਬੀ ਫਰਕ ਜ਼ਮਾਨੇ ਪੈਂਦਾ।  ਭਾਗ-3 ਮੌਲੀ ਕੁਦਰਤ ਅੰਬਰ ਨੀਲਾ ਫਰਕ ਜ਼ਮਾਨੇ ਨੂੰ ਹੈ ਪੈ ਗਿਆ, ਚੱਲਦਾ-ਚੱਲਦਾ ਪਹੀਆ ਰਹਿ ਗਿਆ। ਰੁਕਿਆ ਪਹੀਆ, ਰੁਕ ਗਏ ਸਾਰੇ, ਦੇਣ ਦਿਖਾਈ ਲੱਗੇ ਤਾਰੇ। ਪੱਤੀ, ਬੂਟਾ, ਫੁੱਲ ਮੁਸਕਾਏ, ਕੁਦਰਤ ਰੰਗ ਵਿੱਚ ਰਾਗ ਸੁਣਾਏ। ਹਰੀ-ਭਰੀ ਦਿਸਦੀ ਹਰਿਆਲੀ, ਦੀਂਹਦਾ ਨਹੀਂ ਕੁਦਰਤ ਦਾ ਮਾਲੀ। ਤਿੜਾਂ, ਭੰਬੋਲਾਂ, ਖੱਬਲ ਤੇ ਅੱਕ, ਤੂਤਣੀਆਂ, ਗੋਲ੍ਹਾਂ ਗਈਆਂ ਪੱਕ। ਪਹੀਆ ਰੁਕਣ ਨਾਲ ਸੁੰਨ ਹੋ ਗਏ, ਕੁਦਰਤ ਦੇ ਆਪੇ ਵਿੱਚ ਖੋ ਗਏ। ਮੌਲੀ ਕੁਦਰਤ, ਅੰਬਰ ਨੀਲਾ, ਮਾਣਨ ਦਾ ਕਿੰਝ ਹੋਵੇ ਹੀਲਾ। ਦਾਨਿਸ਼ਮੰਦ, ਗਿਆਨੀ ਸੋਚਣ, ਕੁਦਰਤ ਦੀ ਗੋਦੀ ਨੂੰ ਲੋਚਣ। ਚਿੜੀ, ਗੁਟਾਰ ਅਤੇ ਘੁੱਗੀ ਮੋਰ, ਤੋਤਾ, ਹੰਸ, ਮੁਰਗਾਬੀ ਤੋਰ। ਨੀਲਕੰਠ, ਬਿਜੜੇ ਤੇ ਮੈਨਾ, ਆਪਣੇ ਇਹ ਵੀ ਨੇੜੇ ਹੈ ਨਾ। ਸਹੇ, ਖਰਗੋਸ਼, ਲੂੰਬੜ ਤੇ ਗਿੱਦੜ, ਫਿਰਨ ਅਜ਼ਾਦ ਇਨ੍ਹਾਂ ਦੇ ਇੱਜੜ। ਮੌਸਮ ਥੋੜ੍ਹਾ ਸੁਖਾਵਾਂ ਹੋਇਆ, ਲੱਗਦੈ ਸਭ ਕੁੱਝ ਧੋਇਆ-ਧੋਇਆ। ਕੁਦਰਤ ਅੱਗੇ ਝੁਕਗੇ ਸਾਰੇ, ਕੁਦਰਤ ਅੱਗੇ ਰੁਕਗੇ ਸਾਰੇ। ਘੁਰਕੀ ਦੇ ਬੰਦਾ ਥਾਂ ਕਰਿਆ, ਪਲ ’ਚ ਕੀਤਾ ਹਰਿਆ-ਭਰਿਆ। ਜੋ ਨਹੀਂ ਸੀ, ਦਿੱਸਣ ਲੱਗਾ, ਕੁਦਰਤ ਨੇ ਮੂੰਹ ਕਰਿਆ ਬੱਗਾ। ਕੁਦਰਤ ਨੇ ਮੂੰਹ ਕਰਿਆ ਬੱਗਾ।  ਭਾਗ-4 ਤਾਂ ਕੁਦਰਤ ਦੇ ਨੇਮ ਨੂੰ ਮੰਨੋਂ ਰਫ਼ਤਾਰ ਕਰਦਿਓ ਭਾਵੇਂ ਚੌਣੀ, ਵਿੱਚ ਦਿਮਾਗ ਇਹ ਗੱਲ ਬਿਠਾਉਣੀ। ਬੰਦੇ ਬਿਨ ਵੀ ਧਰਤ ਹੈ ਕਿਸ ਦੀ, ਬੰਦੇ ਤੋਂ ਵੀ ਪਹਿਲ ਸੀ ਜਿਸ ਦੀ। ਬਣਦਾ ਮਾਣ ਦਿਓ ਕੁਦਰਤ ਨੂੰ, ਮੁੱਕ ਜਾਏਗੀ ਮੈਂ-ਮੈਂ, ਤੂੰ-ਤੂੰ। ਜੇ ਚਾਹੁੰਦੇ ਕਦੇ ਇੰਝ ਨਾ ਹੋਵੇ, ’ਕੱਲਿਆਂ ਬਹਿ ਕੋਈ ਘਰ ਨਾ ਰੋਵੇ। ਤਾਂ ਕੁਦਰਤ ਦੇ ਨੇਮ ਨੂੰ ਮੰਨੋਂ, ਗੰਢ ਨਾਲ ਨਾ ਕੁਦਰਤ ਬੰਨ੍ਹੋਂ। ਰਹੋ ਸੁਖਾਲੇ, ਧਰਤ ਸੁਖਾਲੀ, ਖ਼ੁਸ਼ ਰਹਿਣਗੇ ਹਾਲੀ –ਪਾਲੀ । ਮੁੜ ਨਾ ਹੋਣੀ ਇਹ ਵਰਤਾਵੇ, ਸਾਨੂੰ ਸਾਡਾ ਕਰਮ ਸਿਖਾਵੇ। ਰੱਬੀ ਸਮਝ ਲੈ ਪੱਕੀ ਗੱਲ, ਇਹੋ ਹੈ ਔਕੜ ਦਾ ਹੱਲ। ਇਹੋ ਹੈ ਔਕੜ ਦਾ ਹੱਲ।

16. ਗੁਰ ਤੇਗ ਬਹਾਦਰ ਜੀ ਦੀ, ਕੁਰਬਾਨੀ ਨੂੰ ਕੌਣ ਭੁਲਾਊ

ਚਾਂਦਨੀ ਚੌਕ ’ਚ ਜ਼ਾਲਮ ਦੇ ਸੀ, ਅੱਗੇ ਮੂਲ ਨਾ ਡੋਲੇ। ਚੜ੍ਹਦੀ ਕਲਾ ਵਿੱਚ ਰਹੇ ਸਦਾ ਹੀ, ਚੜ੍ਹਦੀ ਕਲਾ ਵਿੱਚ ਬੋਲੇ। ਝੂਠ ਕਦੇ ਨਾ ਸਾਹਵੇਂ ਹੁੰਦਾ, ਝੂਠ ਤਾਜ ਦੇ ਗੋਲੇ। ਸੱਚ ਗੂੰਜੇ ਦਿੱਲੀ ਦੇ ਅੰਬਰੀਂ, ਪਾਜ ਝੂਠ ਦੇ ਫੋਲੇ। ਸੱਚ ਦੇ ਮਾਰਚ ਚੱਲਣ ਵਾਲੇ ਨੂੰ ਕਿੰਝ ਕੋਈ ਡੁਲਾਊ। ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੌਣ ਭੁਲਾਊ। ਜਿੱਧਰ ਵੀ ਗਏ, ਵਿਛ-ਵਿਛ ਜਾਂਦੀ, ਸੰਗਤ ਗੁਰ ਦੇ ਮੂਹਰੇ। ਬਾਣੀ ਸੁਣ ਕੇ, ਬਾਣੀ ਪੜ੍ਹਕੇ, ਆਉਂਦੇ ਵਿੱਚ ਸਰੂਰੇ। ਸ਼ਾਂਤ ਵੀ ਸਨ, ਬਲਸ਼ਾਲੀ ਵੀ ਸਨ, ਤੇਗ ਦੇ ਧਨੀ ਸੀ ਸੂਰੇ। ਬਾਣੀ ਢਾਲ ਕੇ ਜੀਵਨ ਦੇ ਵਿੱਚ, ਕਾਜ ਸਭਨ ਦੇ ਪੂਰੇ। ਸ਼ਾਂਤ ਰਸੀ ਸੀ ਬਾਣੀ, ਤਪੇ ਹਿਰਦੇ ’ਚ ਠੰਢਕ ਪਾਊ। ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੌਣ ਭੁਲਾਊ। ਮਾਤਾ ਗੁਜਰੀ ਤੋਂ ਇੱਕ ਪੁੱਤਰ, ਸੂਰਾ ਤੇ ਬਲਸ਼ਾਲੀ। ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ, ਸਭ ਧਰਮਾਂ ਦਾ ਵਾਲੀ। ਪੁੱਤਰ ਗੁਰੂ ਹਰਿਗੋਬਿੰਦ ਜੀ ਦਾ, ਕਰਦਾ ਗੱਲ ਸੁਖਾਲੀ। ਰੱਖਿਆ ਕਰਦਾ ਸਭ ਦੀ ਹੀ ਜਿਵੇਂ, ਬਾਗ ਸੰਭਾਲੇ ਮਾਲੀ। ਇਹੋ ਜਿਹੀ ਸਿਦਕੀ ਹਸਤੀ ਨੂੰ, ਆ ਕੇ ਕੌਣ ਝੁਕਾਊ। ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੌਣ ਭੁਲਾਊ। ਮੌਤ ਦਾ ਖੌਫ਼ ਅਤੇ ਜ਼ਾਲਮ ਦਾ ਡਰ, ਕਿਸ ਨੂੰ ਪਿਆ ਡਰਾਵੇ। ਮਤੀ ਦਾਸ ਭਾਈ ਸਤੀ ਦਾਸ ਵਾਂਗ, ਕਿਹੜਾ ਮੌਤ ਪ੍ਰਣਾਵੇ। ਭਾਈ ਦਿਆਲਾ ਦੇਗ ’ਚ ਬੈਠਾ, ਮੰਦ-ਮੰਦ ਮੁਸਕਾਵੇ। ਚਾਂਦਨੀ ਚੌਕ ਦਾ ਖੂੰਜਾ-ਖੂੰਜਾ, ਗੁਣ ਸਤਿਗੁਰ ਦੇ ਗਾਵੇ। ਨਾ ਡਰਦੇ ਨਾ ਕਿਸੇ ਡਰਾਵਣ, ਇਨ੍ਹਾਂ ਨੂੰ ਕੌਣ ਹਰਾਊ। ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੌਣ ਭੁਲਾਊ। ਰੱਬੀ ਰੰਗ ਵਿੱਚ ਰੰਗੇ ਲੋਕੀਂ, ਸੱਚ ਦੇ ਮਾਰਗ ਤੁਰਦੇ। ਅਨੰਦਪੁਰ ਸਾਹਿਬ ਤੋਂ ਚਾਂਦਨੀ ਚੌਕ ਦੇ, ਸਾਥੀ ਸੀ ਉਹ ਧੁਰ ਦੇ। ਡੋਲਣ ਨਾ ਕਦੇ ਥਿੜਕਣ ਨਾ ਉਹ, ਲੜ ਲੱਗ ਗਏ ਜਦ ਗੁਰ ਦੇ। 14 ਰਾਗਾਂ ‘ਚ ਰਚ ਕੇ ਬਾਣੀ, ਜੁੜ ਗਏ ਨਾਲ ਨੇ ਸੁਰ ਦੇ। ਤੇਗ ਬਹਾਦਰ ‘ਹਿੰਦ ਦੀ ਚਾਦਰ’, ਲੋਕਾਈ ਸਦਾ ਗਾਊ। ਗੁਰ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਕੌਣ ਭੁਲਾਊ।

17. ਚੜ੍ਹਿਆ ਸੋਧਣ ਧਰਤਿ ਲੋਕਾਈ

ਸੁਪਤਨੀ ਸੀ, ਦੋ ਪੁੱਤਰ ਸੀ, ਬੁੱਢੇ ਮਾਪੇ । ਕੌਣ ਘਰਾਂ ਨੂੰ ਛੱਡ ਕੇ ਤੁਰਦੈ ? ਮਨ ਵਿੱਚ ਕੀ ਸੀ ? ਘਰ ਨੂੰ ਛੱਡਣਾ ? ਨਾ ਨਾ ਨਾ ਨਾ ਸਾਰਾ ਜਗਤ ਹੀ ਆਪਣਾ ਹੋਇਆ ਸੁਰਮਈ ਹੋਇਆ, ਵੱਜੀਆਂ ਤਾਲਾਂ ਤਲਵੰਡੀ ਤਲਵੰਡੀ ਹੋਈ, ਨਾਨਕ, ਨਾਨਕ ਗੂੰਜਣ ਲੱਗਾ ਓਸ ਸਮੇਂ ਕੌਣ ਮਾਪੇ ਛੱਡਦੈ ? ਰਤਾ ਸਮਝ ਕੇ ਦੇਖੋ, ਪਰਖੋ ਨਾਨਕ ਦੀ ਪੀੜਾ ਨੂੰ ਸਮਝੋ ਚੜ੍ਹਿਆ ਸੋਧਣ ਧਰਤਿ ਲੋਕਾਈ ਚੜ੍ਹਿਆ ਸੋਧਣ ਧਰਤਿ ਲੋਕਾਈ ਜੋ ਕਹਿੰਦਾ ਸੀ, ਉਹ ਕੀਤਾ ਹੈ ਜੋ ਕੀਤਾ ਹੈ, ਦਿਸਦਾ ਹੈ ਉਹ ਰੱਤੀ ਫਰਕ ਨਾ, ਜੋ ਵੀ ਗਾਵੇ ਜੋ ਵੀ ਗਾਵੇ, ਕਰਨ ਸਭ ਸਿਜਦਾ ਕੀ ਤਾਕਤ ਸੀ ? ਵਸੀਲਾ ਕੀ ਸੀ ? ਕਿਸ ਕਾਰਨ ਉੱਠ ਤੁਰਿਆ ਆਪੇ ਚੜ੍ਹਿਆ ਸੋਧਣ ਧਰਤਿ ਲੋਕਾਈ ਸਾਲ ਨੇ ਗੁਜ਼ਰੇ, ਲੰਘੀਆਂ ਸਦੀਆਂ ਨਾਨਕ ਬਾਣੀ ਨਿਰੰਤਰ ਗੂੰਜੇ ਆਓ ! ਇਸ ਦੇ ਮੂਲ ਨੂੰ ਸਮਝੋ ਸਮਝੋ, ਜਾਣੋ ਤੇ ਪ੍ਰਚਾਰੋ ਸਮਝਾਏ ਜੇ ਸਮਝ ਗਏ ਤਾਂ ਨਾਨਕ, ਨਾਨਕ, ਨਾਨਕ ਪੁਕਾਰੋ ਅੰਦਰੋਂ ਨਾਨਕ ਜੋ ਪੁਕਾਰੇ ਨਾਨਕ ਉਸ ਨਾਲ ਇੱਕ ਸੁਰ ਗਾਵੇ ਨਾਨਕ ਉਸ ਨਾਲ ਇੱਕ ਸੁਰ ਗਾਵੇ

18. ਗੁਰੂ ਗੋਬਿੰਦ ਸਿੰਘ

ਸੀਸ ਨਿਵਾਵਾਂ, ਮੱਥਾ ਟੇਕਾਂ, ਖ਼ਾਲਸਾ ਪੰਥ ਦੇ ਬਾਨੀ ਨੂੰ। ਦੁਨੀਆਂ ਕਿਸ ਤਰ੍ਹਾਂ ਭੁੱਲ ਸਕਦੀ ਹੈ, ਉਨ੍ਹਾਂ ਦੀ ਕੁਰਬਾਨੀ ਨੂੰ। ਤੇਗ ਬਹਾਦਰ ਜੀ ਪਿਤਾ ਸੀ, ਧੰਨ ਗੁਜਰੀ ਸੀ ਮਾਤਾ। ਨਾ ਕਿਸੇ ਨੇ ਤੱਕਿਆ ਜਗ ’ਤੇ ਇੰਨਾ ਸੁੱਚਾ ਨਾਤਾ। ਨਿੱਕੀਆਂ-ਨਿੱਕੀਆਂ ਖੇਡਾਂ ਕਰ ਕੇ, ਕੀਤੇ ਚੋਜ਼ ਨਿਆਰੇ। ਇਹ ਤਾਂ ਪੂਰਾ ‘ਰੱਬੀ ਰੂਪ’ ਨੇ, ਆਖਣ ਲੋਕੀਂ ਸਾਰੇ। ਜਨਮ ਲਿਆ ਪਟਨਾ ਸਾਹਿਬ ਵਿੱਚ, ਅਨੰਦਪੁਰ ਡੇਰਾ ਲਾਇਆ। ਸੱਤ ਸਾਲ ਦੀ ਨਿੱਕੀ ਉਮਰੇ, ਪਿਤਾ ਸ਼ਹੀਦ ਕਰਾਇਆ। ਖ਼ਾਲਸਾ ਪੰਥ ਦੀ ਸਥਾਪਨਾ ਕਰਕੇ, ਕੀਤੀ ਰਹਿਨੁਮਾਈ। ਪੰਜ ਕੱਕਿਆਂ ਤੇ ਰਹੁ-ਰੀਤਾਂ ਦੀ ਨਵੀਂ ਹੀ ਰੀਤ ਚਲਾਈ। ਜਾਤ-ਪਾਤ ਤੇ ਭੇਦ-ਭਾਵ ਦੇ ਖਤਮ ਕੀਤੇ ਸੀ ਝੇੜੇ। ਗੁਰ ਚੇਲਾ, ਚੇਲਾ ਗੁਰ ਬਣਿਆ, ਸਾਰੇ ਕੰਮ ਨਿਬੇੜੇ। ਦੱਬੇ-ਕੁਚਲੇ ਲੋਕਾਂ ਨੂੰ ਉਨ੍ਹਾਂ ਗਿੱਦੜੋਂ ਸ਼ੇਰ ਬਣਾਇਆ। ਸਵਾ ਲੱਖ ਦੇ ਨਾਲ ਉਨ੍ਹਾਂ ਨੇ ਇੱਕ-ਇੱਕ ਸਿੰਘ ਲੜਾਇਆ। ਦੋ ਪੁੱਤਰ ਸਰਹਿੰਦ ਅਤੇ ਦੋ ਚਮਕੌਰ ’ਚ ਵਾਰੇ। ਮਗਰੋਂ ਖਿਦਰਾਣੇ ਦੀ ਢਾਬੇ, ਦਿਖਾਏ ਹੱਥ ਕਰਾਰੇ। ਪਿਤਾ ਵਾਰਿਆ, ਪੁੱਤਰ ਵਾਰੇ, ਸਿੰਘ ਸ਼ਹੀਦ ਕਰਾਏ। ਸੇਜਾਂ ਛੱਡ ਕੇ ਮਾਛੀਵਾੜੇ ਜੰਗਲੀਂ ਡੇਰੇ ਲਾਏ। ਕੌਮ, ਧਰਮ ਦੀ ਖਾਤਰ ਨਾ ਗੱਲ ਕੀਤੀ ਕੋਈ ਮਨਜ਼ੂਰ। ਪਹਾੜੀ ਰਾਜਿਆਂ ਅਤੇ ਔਰੰਗੇ ਦਾ ਹੰਕਾਰ ਕੀਤਾ ਸੀ ਚੂਰ। ਅੱਜ ਦੇਖਾਂ ਮੈਂ ਚਾਰੇ ਪਾਸੇ ਉਸ ਦਾ ਨੂਰ ਹੀ ਨੂਰ। ਕਿਹੜਾ ਜ਼ਰਾ ਹੈ ਜਿਸਦੇ ਵਿੱਚੋਂ ਆਉਂਦਾ ਨਹੀਂ ਸਰੂਰ। ਉਨ੍ਹਾਂ ਮਨੁੱਖਤਾ ਦੀ ਰਾਖੀ ਲਈ, ਕੀ ਕੌਤਕ ਵਰਤਾਏ। ‘ਰੱਬੀ’ ਪਏ ਜਿੱਥੇ ਚਰਨ ਗੁਰਾਂ ਦੇ, ਗੁਰਦੁਆਰੇ ਬਣਾਏ।

19. ਉਹ ਵੀ ਸਨ

ਉਹ ਵੀ ਸਨ, ਜੋ ਜੀਅ ਸਕਦੇ ਸਨ। ਹੋਰ ਜੀਅ ਸਕਦੇ ਸਨ। ਰਾਜ, ਸੱਤਾ, ਗਰੂਰ ਸਭ ਕੁੱਝ ਸੀ ਮਿਲਦਾ। ਅਜੇ ਕੀ ਦੇਖਿਆ ਸੀ ਉਨ੍ਹਾਂ ਕਿ ਸਵੀਕਾਰ ਕਰ ਲਿਆ, ਇਸ ਜਹਾਨੋ ਜਾਣਾ। ਉਹ ਵੀ ਸਨ, ਜੋ ਝੁਕ ਸਕਦੇ ਸਨ। ਤਖ਼ਤ ਦੇ ਸਾਹਮਣੇ, ਤਾਜ ਦੇ ਮੂਹਰੇ। ਸੱਤਾ ਦੇ ਅੱਗੇ, ਰਾਜ ਦੇ ਸਾਹਮਣੇ ਡਰਾਬਿਆਂ ਅੱਗੇ, ਹੁਕਮਾਂ ਮੂਹਰੇ। ਉਹ ਵੀ ਸਨ, ਜੋ ਡਰ ਸਕਦੇ ਸਨ। ਨੰਗੀਆਂ ਤਲਵਾਰਾਂ ਸਾਹਵੇਂ, ਕਠੋਰ ਅਵਾਜ਼ਾਂ ਸੁਣਦਿਆਂ ਸਖ਼ਤ ਹੁਕਮਾਂ ਦੀ ਗਰਜ ਭਾਂਪਦਿਆਂ। ਉਹ ਵੀ ਸਨ, ਜੋ ਲਲਚਾ ਸਕਦੇ ਸਨ। ਮਹਿਲੀ ਸੁੱਖਾਂ ਲਈ, ਸੋਹਣੇ ਗੁਦੈਲੇ ਉੱਤੇ ਸੌਣ ਲਈ ਠੰਢ ਤੋਂ ਬਚਣ ਲਈ, ਪੋਹ ਦੀਆਂ ਸਰਦ ਰਾਤਾਂ ਚ। ਉਹ ਵੀ ਸਨ, ਜੋ ਪਸੀਜ ਸਕਦੇ ਸਨ। ਤਾਜ ਵੱਲੋਂ ਆਉਂਦੀ ਅਵਾਜ਼ ਸੁਣ ਕੇ। ਦਰਬਾਰ ਚੋਂ ਆਉਂਦੇ ਸੁਨੇਹੇ ਸਮਝ ਕੇ। ਅਤੇ ਦਾਦੀ ਮਾਂ ਦੀ ਬੁੱਕਲ ਚੋਂ ਬਾਹਰ ਨਿਕਲਦਿਆਂ। ਉਹ ਵੀ ਸਨ, ਹਾਂ ਉਹ ਹੀ ਸਨ । ਅਤੇ ਉਹ ਸਦਾ ਹੀ ਰਹਿਣਗੇ। ਇਸੇ ਲਈ।

20. ਜਾਦੂਗਰ ਸੀ ?

ਉੱਡ ਕੇ ਵਿੱਚ ਹਵਾਵਾਂ ਆਇਆ। ਗਾਇਬ ਹੋ ਗਿਆ ਕਿਤੋਂ ਨਾ ਲੱਭਾ। ਬੜਾ ਢੂੰਡਿਆ, ਨਹੀਂ ਥਿਆਇਆ। ਜਾਦੂਗਰ ਸੀ ? ਧੁੱਪਾਂ ਛਾਵਾਂ ਕਰਦਾ ਰਹਿੰਦਾ ਨਾਗ ਲੋਕ ਵਿੱਚ ਲਾਉਂਦਾ ਗੇੜੇ ਨਾਲ ਜਨੌਰਾਂ ਕਰਦਾ ਗੱਲਾਂ ਉੱਤੇ ਤੁਰਨ ਸਮੁੰਦਰੀ ਛੱਲਾਂ ਜਾਦੂਗਰ ਸੀ ? ਸੋਇਨ ਧਰਤੀ, ਸੋਨ ਪਹਾੜੀ ਨਿਰਜੀਵ ਦੇਸ, ਕੰਵਲ ਸੈਨ ਰਾਜਾ ਇੱਕ ਇੱਕ ਗੱਲ ਮਨਾਂ ਵਿੱਚ ਚਾੜ੍ਹੀ । ਬਣਮਾਨਸ, ਦੈਂਤ, ਕਈ ਟਾਪੂ ਟੱਪੇ ਸਭ ਥਾਈਂ ਘੁੰਮ ਲਏ ਚੱਪੇ ਚੱਪੇ । ਜਾਦੂਗਰ ਸੀ ? ਸੁਮੇਰ, ਸਿਲਕਾ, ਊਨਾ ਤੇ ਮੀਨਾ ਪਰਬਤ ਕੈਲਾਸ, ਧਰੂਹ, ਸਿਰਸ਼ਾਰ । ਦਿਸਣੋਂ ਤਾਰੇ ਹਟਦੇ ਜਿੱਥੇ ਉੱਪਰੋਂ ਚੰਨ ਨੂੰ ਰਹੇ ਨਿਹਾਰ । ਜਾਦੂਗਰ ਸੀ ? ਜਾਦੂਗਰ ਸੀ ਗੱਲ ਨੂੰ ਸਮਝੋ, ਗੱਲ ਨੂੰ ਮੰਨੋ ਕੱਢ ਨਾ ਦਿਆ ਕਰੋ ਐਵੇਂ ਕੰਨੋਂ ਬਾਬੇ ਬਾਣੀ ਲਿਖਿਆ ਸੱਚ ਹੈ ਪੜ੍ਹੋ, ਵਿਚਾਰੋ, ਅਮਲ ‘ਚ ਢਾਲੋ। ਕੀ ਸੀ ਉਹ ਤੇ ਕੀ ਬਣਾਇਆ ਮਨ ਵਿੱਚ ਚਿੰਤਨ ਦੀ ਅੱਗ ਬਾਲੋ। ਸੁਰਤਾਂ ਘੁੰਮੀਆਂ, ਬਦਲਿਆ ਮਨ ਹੈ ਅੜਿਆ, ਪੜ੍ਹਿਆ ਸਭ ਮਨਵਾਇਆ। ਗੱਲ ਕਹਿਣ ਦੀ ਸੂਝ ਅਤੇ ਵੱਲ ਹੈ ਹੀਆ, ਸਲੀਕਾ ਮੂੰਹ ‘ਤੇ ਆਖੇ। ਜਦ ਜਾਲਮ ਹੋ ਜਾਂਦੇ ਰਾਖੇ। ਗੱਲ ਕਹਿ ਆਪਣਾ ਸਿੱਖ ਬਣਾਇਆ। ਜਾਦਗੂਰ ਸੀ । ਜਾਦੂਗਰ ਸੀ ਆਪਣੇ ਸਮੇਂ ਤੋਂ ਬਹੁਤ ਸੀ ਅੱਗੇ ਦੇਸ ਦੇਸਾਂਤਰ ਪੈਰੀਂ ਘੁੰਮੇ ਹਰ ਨਾਲ ਗੋਸਟ, ਹਰ ਨਾਲ ਗੱਲਾਂ ਹਰ ਇੱਕ ਨੂੰ ਉਹ ਆਪਣਾ ਲੱਗੇ। ਕਿਸੇ ਲਈ ਗੁਰੂ, ਪੀਰ ਤੇ ਲਾਮਾ ਵਲੀ, ਵੀ ਆਂਹਦੇ ਇੱਕ ਸੁਰ ਸੱਭੇ। ਕਿਰਤ ਕਰੇਂਦਾ, ਕਾਣ ਨਾ ਕਰਦਾ ‘ ਨੀਚਾ ’ ਨਾਲ ਜੋ ਸਾਥ ਨਿਭਾਉਂਦਾ। ਵੇਲਾ ਦੇਖੋ ਉਹ, ਸੋਚੋ ਸਮਝੋ ਉਸ ਸਮੇਂ ਕੌਣ ਕਰ ਦਿਖਾਉਂਦਾ। ਜਾਦੂਗਰ ਸੀ । ਜਾਦੂਗਰ ਸੀ ਵੱਡੇ ਛੋਟੇ ਅੱਗੇ ਝੁਕਦੇ ਨਾਨਕ ਨਾਨਕ ਗੂੰਜਣ ਲੱਗੇ । ਇੱਕ ਸੁਰ ਹੋਏ ਧਰਤੀ ਅੰਬਰ ਨਦੀਆਂ, ਨਾਲੇ ਕਲ ਕਲ ਵੱਗੇ। ਜਾਵੇ ਜਿੱਧਰ, ਥੰਮੇ ਲੋਕਾਈ ਮੂਕ ਬਣੀ ਸਭ ਜਾਂਦੇ ਸੁਣਦੇ ਵੱਡੇ ਵੱਡੇ ਹੰਕਾਰੀ ਜਾਲਮ ਬਾਣੀ ਸੁਣ ਸੀ ਰਹਿੰਦੇ ਝੁਕਦੇ। ਜਾਦੂਗਰ ਸੀ। ਜਾਦੂਗਰ ਸੀ ਬਾਣੀ ਕੀ ਸੀ ? ਅਮਲ ‘ਚ ਵਰਤੋਂ ਚੰਗੇ ਕਰਮ ਕਮਾ ਲੈ ਬੰਦੇ। ਕਿਰਤ ਦਸਾਂ ਨਹੁੰਆਂ ਦੀ ਕਰਨੀ ਵੰਡ ਛਕਣ ਦਾ ਦਿੱਤਾ ਹੋਕਾ ਵੱਡੇ ਛੋਟੇ ਸਾਰੇ ਮੰਨਣ ਅੱਗੇ ਪਿੱਛੇ ਸਾਰੇ ਸਮਝਣ ਨੀਵੇਂ ਊਚੇ ਸਾਰੇ ਜਾਨਣ ਇੱਧਰ ਉੱਧਰ ਸਾਰੇ ਮਾਨਣ ਕੀ ਸੀ ਹੋਕਾ ? ਕੀ ਸੀ ਕਹਿਣਾ ? ਮਨ ਜਾਨਣਾ, ਮਨ ਪਛਾਨਣਾ ਇਹੀ ਕਾਰ ਕਮਾਈ ਉਸ ਨੇ ਇਹੀ ਰੰਗਤ ਲਾਈ ਉਸ ਨੇ। ਅੱਜ ਵੀ ਉਸਦੇ ਪਾਂਧੀ ਤੁਰਦੇ ਤੁਰਦੇ ਜਾਂਦੇ .. ਤੁਰਦੇ ਜਾਂਦੇ ਰਾਹ ਬਣਾਉਂਦੇ। ਬੀਜ ਸੀ ਲਾਇਆ, ਪੌਦਾ ਬਣਿਆ ਪੌਦੇ ਦਾ ਪਸਾਰ ਹੋ ਗਿਆ ਨਾਨਕ ਨਾਨਕ ਜਗਤ ਪਸਾਰਾ ਰਬਾਬ ਅਤੇ ਮਰਦਾਨੇ ਦੀ ਸੁਰ ਰੱਖਣੀ ਬਾਬੇ ਨਾਲ ਜ਼ਰੂਰੀ। ਆਓ ! ਰਲ ਮਿਲ ਰੱਬੀ ਸੁਰ ਰੱਖੀਏ ਪੂਰੀ, ਰੱਖੀਏ ਪੂਰੀ।

21. ਸੱਜਰੀ ਸਵੇਰ

ਸਾਨੂੰ ਫੁੱਲਾਂ ਰੰਗੀ ਸੱਜਰੀ ਸਵੇਰ ਚਾਹੀਦੀ। ਕੇ ਰੰਗ ’ਚ ਲਪੇਟੀ ਨਾ ਘੁਮੇਰ ਚਾਹੀਦੀ। ਚਾਹੀਦਾ ਹੈ ਸਾਨੂੰ ਮੋੜ ਕੇ ਜੋ ਸੁਪਨਾ ਲਿਆਏ। ਨਹੀਂ ਇਹਦੇ ਵਿੱਚ ਕੋਈ ਹੇਰ ਫੇਰ ਚਾਹੀਦੀ। ਕਹਿੰਦੇ ਦੇਰ ਘਰ ਉਹਦੇ ਨਾ ਹਨੇਰ ਹੋਂਵਦਾ, ਕਿੰਨੀ ਦੇਰ ਹੋਰ ਲੱਗੂ, ਸਾਨੂੰ ਦੇਰ ਚਾਹੀਦੀ। ਬੜੇ ਥੱਕ ਗਏ ਹਾਂ ਬੋਲ ਸੁਣ ਸੁਣ ਕਾਇਰਾਂ ਦੇ, ਬਾਜਾਂ ਵਾਲੇ ਦੀ ਗਰਜ ਸਾਨੂੰ ਫੇਰ ਚਾਹੀਦੀ ।

22. ਨਾਨਕ

ਆਉਂਦਾ ਨਾਨਕ, ਗਾਉਂਦਾ ਨਾਨਕ, ਦੁੱਖ ਸੁੱਖ  ਵਿੱਚ ਮੁਸਕਾਉਂਦਾ ਨਾਨਕ । ਤਲਵੰਡੀ  ਤੋਂ  ਤੁਰਿਆ  ਦੇਖੋ,  ਆਸ  ਪਾਸ ਮਹਿਕਾਉਂਦਾ ਨਾਨਕ। ਝੂਠ,  ਫਰੇਬ,  ਕੁਫਰ  ਨੂੰ  ਭੰਡੇ, ਸੱਚ  ਦਾ  ਹੋਕਾ  ਲਾਉਂਦਾ  ਨਾਨਕ। ਨਾ ਡਰਦਾ, ਨਾ  ਕਿਸੇ ਡਰਾਵੇ,  ਤਾਂ ਹੀ ਮਨ  ਨੂੰ   ਭਾਉਂਦਾ ਨਾਨਕ । ਕਿਰਤ  ਕਰਨ  ਦਾ ਦੇਵੇ  ਹੋਕਾ,  ਹੱਥੀਂ  ਕਰ  ਦਿਖਾਉਂਦਾ  ਨਾਨਕ । ਲੋਕਾਈ   ਨੂੰ  ਨਾਲ   ਤੋਰ  ਕੇ,  ਸੱਚ ਦੀ ਛਹਿਬਰ ਲਾਉਂਦਾ ਨਾਨਕ । ਭੈਣ  ਨਾਨਕੀ  ਲਾਡ  ਲਡਾਵੇ,  ਤ੍ਰਿਪਤਾ  ਮਾਂ  ਵੀ  ਵਾਰੀ  ਜਾਵੇ । ਮਹਿਤਾ  ਕਾਲ  ਚਿੰਤਾ  ਕਰਦੈ,  ਹੁੰਦਾ  ਨਹੀਂ  ਜੋ  ਪਿਤਾ  ਜੀ ਚਾਹਵੇ । ਵਿੱਚ  ਸੁਲਤਾਨ  ਪੁਰ  ਮੋਦੀ ਖਾਨੇ,  ਤੇਰ੍ਹਾਂ  ਤੇਰ੍ਹਾਂ  ਤੋਲੀ  ਜਾਵੇ। ਰਾਏ   ਬੁਲਾਰ  ਮੁਰੀਦ  ਹੈ ਬਣਿਆ,  ਨਾਨਕ ਦੇ ਹੀ ਸੋਹਲੇ ਗਾਵੇ। ਜੁੜਦੀ ਨਾਨਕ ਕੋਲ ਆ  ਸੰਗਤ, ਹਰ ਇੱਕ ਨੂੰ ਇਹ ਬੋਲੀ ਭਾਵੇ। ਨਾਨਕ  ਮੂਹਰੇ  ਗੱਲ  ਨਾ  ਕਰਦੇ, ਦੋਖੀ ਪਿੱਛੋਂ  ਕਰਦੇ  ਦਾਅਵੇ । ਲਾਲੋ, ਸੱਜਣ, ਭਾਗੋ ਖੜ੍ਹ ਗਏ, ਨਾਨਕ ਕੂੜ ਦੇ ਸਾਹਵੇਂ ਅੜ੍ਹ ਗਏ। ਨਾਨਕ ਦੇ ਇਸ ਤੇਜ ਦੇ ਕਾਰਨ, ਦੋਖੀ, ਪਾਪੀ ਕੁੰਦਰੀਂ ਵੜ੍ਹ ਗਏ। ਆਲਾ ਦੁਆਲਾ ਮਹਿਕਣ ਲੱਗਾ, ਚਰਨੀਂ ਲੱਗੇ ਸਾਰੇ ਪੜ੍ਹ ਗਏ। ਨਾਨਕ ਪੀਰ, ਵਲੀ ਹੈ ਨਾਨਕ, ਨਾਨਕ ਹਰ ਚੋਟੀ ‘ਤੇ ਚੜ੍ਹ ਗਏ। ਚਾਰ ਉਦਾਸੀਆਂ ਕੀਤੀਆਂ ਪੈਦਲ, ਪਾਪ, ਕਲੰਕੀ ਝੜ ਝੜ ਝੜ ਗਏ। ਨਾਨਕ  ਆਵੇ,  ਸੁਰ  ਸੁਣਾਵੇ, ਨਾਨਕ ਨੂੰ ਸੁਣ ਰਾਹੀ ਖੜ੍ਹ ਗਏ। ਮਰਦਾਨੇ ਦਾ ਸਾਥ ਪਿਆਰਾ, ਰਬਾਬੀ ਧੁਨ ਦਾ ਅਜਬ ਨਜ਼ਾਰਾ। ਬਾਣੀ ਉਤਰੀ,  ਸੁਰ  ਹੈ   ਛੇੜੀ, ਮਹਿਕਣ ਲੱਗਾ ਆਲਮ ਸਾਰਾ। ਬਾਹਰੋਂ  ਅੰਦਰੋਂ  ਇੱਕ  ਸੁਰ  ਹੋਏ, ਵੱਗਣ ਲੱਗੀ ਨਾਨਕ ਧਾਰਾ। ਕਾਲੀ ਬੇਈਂ ਲੱਗੀ ਰੌਣਕ, ਭਰੇ ਮੈਦਾਨ ਤੇ ਭਰੇ ਕਿਨਾਰਾ। ਨਾਨਕ ਬਾਣੀ ਗੂੰਜਣ ਲੱਗੀ, ਕਿਰਤੀਆਂ ਨੂੰ ਮਿਲ ਗਿਆ ਸਹਾਰਾ । ਕਾਦਰ ਦੀ ਕੁਦਰਤ ਨਾਲ ਇੱਕ ਸੁਰ, ਚੰਨ, ਧਰਤੀ ਤੇ ਸੂਰਜ, ਤਾਰਾ। ਕੇਹੀ ਗੱਲ ਕਰਦਾ  ਹੈ  ਨਾਨਕ,  ਨਾਨਕ  ਦੀ  ਸੁਰ  ਦਾ  ਪਾਸਾਰਾ। ਚਾਹੁੰਦਾ ਕੀ ਹੈ ? ਕੀ ਕਹਿੰਦਾ ਹੈ ? ਨਾਨਕ ਕਿਸ ਧਿਰ ਵੱਲ ਬਹਿੰਦਾ ਹੈ। ਕਿਸ ਧਿਰ ਦੀ ਉਹ ਗੱਲ ਕਰਦਾ ਹੈ, ਨਾਨਕ ਕਿਸ ਧਿਰ ਨਾਲ ਰਹਿੰਦਾ ਹੈ। ਉਸ  ਦਾ   ਪਾਂਧੀ,  ਸੱਚ  ਦਾ ਰਾਹੀ, ਜਣੇ ਖਣੇ ਨਾਲ  ਨਾ ਖਹਿੰਦਾ ਹੈ। ਨਾਨਕ ਬਾਣੀ ਸੱਚ ਦਾ ਸਾਗਰ,  ਨਿਰਮਲ  ਨੀਰ  ਸਦਾ  ਵਹਿੰਦਾ ਹੈ। ਜਿੱਥੇ  ਪੁੱਜੀ  ਨਾਨਕ  ਬਾਣੀ,  ਉਸਦਾ ਤੇਜ  ਨਹੀਂ  ਲਹਿੰਦਾ  ਹੈ। ਨਾਨਕ ਹੀ ਨਾਨਕ ਨੂੰ  ਜਾਣੇ,  ਨਾਨਕ  ਸਾਹਵੇਂ  ਕੂੜ  ਤ੍ਰਹਿੰਦਾ  ਹੈ। ਜਾਤ  ਪਾਤ  ਨੂੰ  ਭੰਡੇ  ਨਾਨਕ, ਛੂਤ  ਛਾਤ  ਨੂੰ ਛੰਡੇ  ਨਾਨਕ। ਲੋਈ, ਗੁਦੈਲੇ ਮਲਿਕ ਦੇ ਛੱਡ ਕੇ, ਸਹੇ  ਲਾਲੋ  ਘਰ  ਕੰਡੇ  ਨਾਨਕ। ਮਾਲ੍ਹ,  ਪੂੜੇ  ਨੂੰ  ਹੱਥ  ਨਾ  ਲਾਏ,  ਕੋਧਰੇ  ਨੂੰ ਹੀ ਵੰਡੇ ਨਾਨਕ। ਥੋਥੀਆਂ  ਰਸਮਾਂ,  ਥੋਥੀਆਂ  ਰੀਤਾਂ,  ਵਿੱਚ ਚੌਰਾਹੇ ਚੰਡੇ ਨਾਨਕ। ਲੀਕ ਖਿੱਚੀ ਸੀ ਕੂੜ ਤੇ ਸੱਚ ਦੀ, ਤਾਂ ਹੀ ਝੂਲਣ ਝੰਡੇ, ਨਾਨਕ। ਰੱਬੀ  ਬਾਣੀ  ਗਈ  ਅਲਾਪੀ,  ਭੱਜੇ  ਮੁੱਲਾਂ, ਪੰਡੇ, ਨਾਨਕ। *ਨਾਨਕ ਬਾਣੀ ਪੜ੍ਹ ਕੇ, ਸੁਣ ਕੇ, ਚੰਗੇ ਕਰਮ ਕਮਾਉਂਦੇ ਬੰਦੇ। ਰੱਬੀ ਬਾਣੀ ਦੇ ਵਿੱਚ ਢਲਕੇ, ਸਭ ਦੇ ਮਨ ਨੂੰ ਭਾਓੰਦੇ ਬੰਦੇ। ਸਭ ਦੀ ਸੁਣਦੇ, ਸਹਿਜ ਨਾਲ ਕਹਿੰਦੇ, ਕਰ ਲੈਂਦੇ ਜੋ ਚਾਹੁੰਦੇ ਬੰਦੇ। ਲੋਕਾਈ ਨੂੰ ਸਮਝਣ ਦੇ ਲਈ, ਬਾਣੀ ਪੜ੍ਹ ਸਮਝਾਉਂਦੇ ਬੰਦੇ। ਕਿਰਤੀ ਨਾਨਕ, ਵਲੀ ਹੈ ਨਾਨਕ, ਸੱਚੀਆਂ ਆਖ ਸੁਣਾਉਂਦੇ ਬੰਦੇ। ਸੱਚੀ ਕਿਰਤ ਤੇ ਸੂਝ ਦੇ ਮਾਲਿਕ, ਰੱਬੀ ਜਗਤ ਪੜ੍ਹਾਉਂਦੇ ਬੰਦੇ।

23. ਰਾਜ ਕਰੇਗਾ ਖ਼ਾਲਸਾ

30  ਮਾਰਚ  1699  ਅਨੰਦਪੁਰੀਂ, ਦਸਮੇਸ਼  ਪਿਤਾ  ਨੇ ਕਾਰਜ  ਰਚਾਇਆ  ਏ । ਦੂਰੋਂ ਦੂਰੋਂ ਨਰ ਨਾਰੀ ਕੋਲ ਪੁੱਜੇ ਸੱਦੇ, ਪੜ੍ਹਕੇ ਬੁਲਾਵਾ  ਹਰ  ਮੁੱਖ  ਰੁਸ਼ਨਾਇਆ  ਏ ।   ਸੂਬਿਆਂ ਦੀਆਂ ਹੱਦਾਂ ਨੂੰ ਕਰਕੇ ਪਰਾਰ ਦੇਖੋ, ਦੂਰੋਂ ਨੇੜਿਓਂ ਪ੍ਰੇਮੀਆਂ ਨੂੰ ਬੁਲਾਇਆ ਏ । ਕੱਠੇ ਹੋਵੋ ਸਿੱਖੋ ਵਿਸਾਖੀ ਵਾਲੇ ਦਿਨ, ਕਰ ਲਓ ਤਿਆਰੀ ਬੜੀ ਦੂਰੋਂ ਸੱਦਾ ਆਇਆ ਏ । ਸੰਗਤਾਂ ਵਹੀਰ ਬੰਨ੍ਹ ਤੁਰੀਆਂ ਅਨੰਦਪੁਰੀ, ਗੌਲੇ  ਨਹੀਂ  ਰਸਤੇ  ਦੇ  ਵਿਚ  ਟਿੱਬੇ  ਟੋਏ । ਸਾਜਣਾ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੱਖੋ ਆਕੀ ਰਹੇਗਾ ਨਾ ਕੋਏ । ਜਾਤ ਪਾਤ ਛੂਤ ਛਾਤ ਰੰਗ ਤੇ ਨਸਲ ਅਤੇ ਕੌਮਾਂ ਧਰਮਾਂ ਦੇ ਨਾਲੋਂ ਉਪਰ ਉਠਾਇਆ ਏ । ਸੌੜੀਆਂ ਵਲਗਣਾ ‘ਚੋਂ ਗੁਰਾਂ ਬਾਹਰ ਕੱਢਕੇ, ਆਏ ਨਰ ਨਾਰੀ ਨੂੰ ਅਂਖਾਂ ‘ਤੇ ਬਿਠਾਇਆ ਏ । ਬਣੀਂ ਏਂ ਅਨੰਦਪੁਰੀ ਸੁਰਗੀ ਨਜ਼ਾਰਾ, ਹਰ ਵਾਸੀ ਖੁਸ਼ੀ  ਵਿਚ  ਦੂਣ  ਸਵਾਇਆ  ਏ । ਦਾਤੇ ਦੇ ਕੌਤਕਾਂ ਨੂੰ ਰਾਜ਼ ਕਰ ਜਾਣੀਏਂ ਨਾ, ਉਸੇ ਨੇ ਹੀ ਕੀਤਾ ਸਭ ਉਸੇ ਦੀ ਹੀ ਮਾਇਆ ਏ । ਫਬਿਆ ਪੰਡਾਲ ਦੇਖ ਅੱਖਾਂ ਚੰਧਿਆਉਂਦੀਆਂ, ਬਹੁਤੇ ਤਾਂ ਪੰਡਾਲ ਦੀ ਸਜਾਵਾਟ  ‘ਚ  ਖੋਏ । ਸਾਜਣਾ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੱਖੋ ਆਕੀ ਰਹੇਗਾ ਨਾ ਕੋਏ । ਸ਼ੇਰ ਦੀ ਭਬਕ ਹੋਊ, ਚੀਤੇ ਜਿਹੀ ਫੁਰਤੀ, ਬਾਘ ਜਿਹਾ ਜੇਰਾ ਹੋਊ ਸੂਰਮੇ ਦਲੇਰ ਦਾ । ਹਾਥੀ ਵਾਂਗ ਝੁੱਲੂ ਜਦੋਂ ਲੋਰ ਵਿਚ ਆਊ ਸਿੰਘ, ਬੱਕਰੀਆਂ ਭੇਡਾਂ ਨਹੀਂ ਜੰਗਲ ‘ਚ ਘੇਰ ਦਾ । ਲੱਖਾਂ ‘ਚੋਂ ਪਛਾਣ ਹੋਊ ਸੂਰਮੇ ਦਲੇਰ ਦੀ, ਜਿੱਥੇ ਜਾਊ ਕਾਲ ਪੈ ਜਾਊਗਾ ਹਨੇਰ ਦਾ । ਸੂਰਮੇ ਨਾ ਡਰਨਗੇ ਮੌਤ ਕੋਲੋ ਜ਼ਰਾ ਕੁ ਵੀ, ਸੂਰਮਾ ਤਾਂ ਮੌਤ ਨੂੰ ਵੀ ਰਹੂ ਸ਼ਿਸ਼ਕੇਰ ਦਾ । ਦਾਗ ਤਾਂ ਗੁਲਾਮੀ ਵਾਲੇ ਕਰਨੇ ਨੇ ਦੂਰ ਸਿੱਖੋ, ਛਿੱਟੇ ਬਦਨਾਮੀ ਵਾਲੇ ਇਹਦੇ ਹੱਥੋਂ ਧੋਏ । ਸਾਜਣਾ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੱਖੋ ਆਕੀ ਰਹੇਗਾ ਨਾ ਕੋਏ । ਦਇਆ ਰਾਮ ਖੱਤਰੀ ਉੱਠਿਆ ਲਾਹੌਰ ਦਾ, ਦੋਵੇਂ ਹੱਥ ਜੋੜਦਾ ਤੇ ਹਿੰਮਤ ਸੰਭਾਲਦਾ । ਧਰਮ ਦਾਸ ਜੱਟ ਦਿੱਲੀ ਵਾਲੇ ਨੇ ਨਾ ਲਾਜ ਲਾਈ, ਦੇਖੋ ਸੀਸ ਭੇਟ ਕਰ ਧਰਮ ਨੂੰ ਪਾਲ ਦਾ । ਭਾਈ ਹਿੰਮਤ ਜੀ ਆਏ ਸੀ ਜਗਨ ਨਾਥੋਂ, ਮੁਹਕਮ ਚੰਦ ਛੀਂਬਾ ਸੀ ਦਵਾਰਕਾ ਵਿਚਾਲ ਦਾ । ਬਿਦਰ ਦੇ ਸਾਹਿਬ ਚੰਦ ਨਾਈ ਨੇ ਵੀ ਜੇਰਾ ਕੀਤਾ, ਜਾਨ ਦੇ ਮੋਹ ਨੂੰ ਸਿੱਖ ਨਾ ਖਿਆਲ ਦਾ । ਜਾਤ ਪਾਤ ਨੂੰ ਵਿਸਾਰ, ਪਾਹੁਲ ਲੈ ਖੰਡੇ ਬਾਟੇ, ਕਥਨੀ ਤੇ ਕਹਿਣੀ ਵਾਲੇ ਪਿਆਰੇ ਪੰਜ ਹੋਏ । ਸਾਜਿਆ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੰਘੋ ਆਕੀ ਰਹੇਗਾ ਨਾ ਕੋਏ । ਕੱਛ ਕੜਾ ਕਿਰਪਾਨ ਕੇਸ ਕੰਘਾ ਰੱਖਿਓ, ਪੰਜ ਕੱਕਿਆਂ ਨੂੰ ਕਦੀ ਦਿਲੋਂ ਤਾਂ ਭੁਲਾਉਣਾ ਨਹੀਂ । ਪੂਰਨ ਪ੍ਰੀਤੀ ਗੁਰਬਾਣੀ ਨਾਲ ਪਾਉਣੀ, ਭੀੜ ਪਵੇ, ਦੁੱਖ ਆਵੇ, ਮੌਤ ਨੂੰ ਭੁਲਾਉਣਾ ਨਹੀਂ । ਇੱਕ ਨਿਰਾਕਾਰ ਦੀ ਕਰਨੀ ਅਰਾਧਨਾ, ਦਰ ਦਰ ਜਾ ਕੇ ਸਿੰਘੋ ਆਪਾ ਕਲਪਾਉਣਾ ਨਹੀਂ । ਖਲਕ ‘ਚ ਖਾਲਕ ਹੈ ਆਪ ਡੇਰਾ ਲਾਈ ਬੈਠਾ, ਦੁੱਖ ਨਹੀਂ ਦੇਣਾ ਕਿਸੇ, ਕਿਸੇ ਨੂੰ ਸਤਾਉਣਾ ਨਹੀਂ । ਪੰਜ ਕੱਕਿਆਂ ਨੂੰ ਜਿਹੜਾ ਇੱਕ ਕਰ ਜਾਣੂੰ, ਉਹੀ  ਸਭ  ਤੋ  ਜ਼ਿਆਦਾ  ਕੋਲ  ਮੇਰੇ  ਹੋਏ । ਸਾਜਿਆ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੰਘੋ ਆਕੀ ਰਹੇਗਾ ਨਾ ਕੋਏ । ਲੋਕਾਂ ਦੇ ਦਿਲਾਂ ਉੱਤੇ ਕਰਨਾ ਹੈ ਰਾਜ ਤੁਸਾਂ, ਦੁਨਿਆਵੀ ਗੱਦੀਆਂ ‘ਤੇ ਜਾਣਾ ਸਿੰਘੋ ਡੁੱਲ ਨਾ । ਬਾਣੀ ਅਤੇ ਬਾਣੇ ਦੀ ਰੱਖਣੀ ਪਛਾਣ ਤੁਸੀਂ, ਚੀਜ਼ ਕੋਈ ਵੀ ਤੁਹਾਡੇ ਲਈ ਇਹਦੇ ਤੁੱਲ ਨਾ।   ਸਿੱਖਿਆਵਾਂ ਢਾਲ ਲੈਣੀਆਂ ਜ਼ਿੰਦਗਾਨੀ ਵਿਚ, ਪ੍ਰੇਮ ਹੀ ਹੈ ਮੁੱਲ ਇਹਦਾ, ਹੋਰ ਕੋਈ ਮੁੱਲ ਨਾ।   ਕੇਸਰ ਚਮੇਲੀ ਗੇਂਦਾ ਚਾਹੇ ਹੋ ਕਮਲ ਪਰ, ਚੇਤਿਆਂ ‘ਚੋਂ ਜਾਂਦੇ ਤਾਂ ਗੁਲਾਬ ਦੇ ਫੁੱਲ ਨਾ ਮੁੱਕ ਜਾਊ ਉੱਠੂ ਜੋ ਮੁਕਾਉਣ ਲਈ ਖ਼ਾਲਸੇ ਨੂੰ, ਪਤਿਤ ਜੋ ਰੱਬੀ ਉਹ ਵੀ ਮੇਰੇ ਲਈ ਮੋਏ। ਸਾਜਿਆ ਮੈਂ ਖ਼ਾਲਸਾ ਹੈ, ਰਾਜ ਹੋਊ ਖ਼ਾਲਸੇ ਦਾ, ਜਿਹਦੇ ਵਿਚ ਸਿੰਘੋ ਆਕੀ ਰਹੇਗਾ ਨਾ ਕੋਏ ।

24. ਦੋਹਿਰਾ : ਪੰਜ ਪਾਣੀ ਦੇ ਵਾਰਸੋ

ਪੰਜ ਪਾਣੀ ਦੇ ਵਾਰਸੋ, ਕੋਈ ਕਰਲੋ ਹੀਲਾ। ਪੂਰੀ ਕੌਮ ਹੀ ਹੋ ਗਈ, ਕਿੰਝ ਤੀਲਾ - ਤੀਲਾ। ਕਿਹੜਾ ਆਇਆ ਮਾਂਦਰੀ, ਜਿਸ ਵੱਸ ਵਿਚ ਕੀਤੇ। ਕੌਣ  ਸੁਣਾਊ  ਦਾਸਤਾਂ, ਜੋ ਹੋਈ   ਬੀਤੇ । ਸਪਤ ਸਿੰਧੂਓਂ ਬਣ ਗਿਆ, ਢਾਈ ਆਬ ਦਾ ਮਾਲਕ। ਹੋਣੀ ਘਾੜੇ ਦਾ ਅੱਜ, ਬਣਿਆ ਕੌਣ ਚਾਲਕ। ਕਲ - ਕਲ ਵਗਦੇ ਦਰਿਆ, ਕਿਧਰੇ ਨਾ ਦਿਸਦੇ। ਰਲ ਮਿਲ ਜ਼ਹਿਰਾਂ ਘੋਲੀਆਂ, ਨੇ ਪੁੱਤਰਾਂ ਇਸਦੇ। ਬੋਤਲ ਵਿੱਚ ਬੰਦ ਆ ਗਿਆ, ਜਿਸਦੇ ਨਾਂ ਖਿੱਤਾ। ਕਿਸ ਨੇ ਪਾਣੀ ਚੂਸਿਆ, ਕਿਸ ਦਾ ਇਹ ਕਿੱਤਾ। ਬੂੰਦ - ਬੂੰਦ ਤ੍ਰਿਹਾਏ ਨੇ, ਪੁੱਤ ਇਸਦੇ ਸੁੱਚੇ। ਤਿਲਕਣ, ਲੁੜਕਣ, ਬੁੜਕਦੇ, ਜੋ ਸ਼ਮਲੇ ਉੱਚੇ। ਦਿੱਤਾ ਪਿਤਾ ਦਾ ਦਰਜਾ, ਵਿੱਚ ਬਾਣੀ ਇਸਨੂੰ। ਪੜ੍ਹਦੇ - ਸੁਣਦੇ ਰੋਜ਼ ਹੀ, ਪਰ ਪੁੱਛੀਏ ਕਿਸਨੂੰ। ਨਵੀਂ ਪੌਦ ਲਈ ਸੋਚਿਓ, ਕੀ ਛੱਡਕੇ ਜਾਣਾ। ਆਪਣੇ ਹੱਥੀਂ ਵਾਰਸਾਂ, ਨੂੰ ਕਰੇਂ ਨਿਤਾਣਾ। ਰੱਬੀ ਬੋਲ ਉਚਾਰਦੇ, ਜੋ ਸੂਰੇ ਸੱਚੇ। ਜਲ ਸੰਭਾਲੋ ਅੱਜ, ਨਹੀਂ ਕੱਲ੍ਹ ਹੋਣਾ ਕੱਚੇ।

25. ਵਾਰ ਪੰਜਾਬ ਸਿੰਹੁ ਦੀ

ਮੂਧੇ ਮੂੰਹੀਂ ਪਿਆ ਹੈ, ਜੋ ਸੂਰਾ ਵੱਡਾ। ਤੜਫ਼ੇ,ਵਿਲਖੇ ਦੇਖ-ਦੇਖ, ਨਸ਼ਿਆਂ ਦਾ ਅੱਡਾ। ਹੱਥੋਂ ਨਿਕਲਦੀ ਪੌਦ ਦੇਖ, ਮੂੰਹ ਗਿਆ ਹੈ ਟੱਡਾ। ਭੱਜਿਆ, ਅੱਗੇ ਖਾਈ ਸੀ, ਪਿੱਛੇ ਸੀ ਖੱਡਾ। ਨਸ਼ਿਆਂ ਦੇ ਇਸ ਦਲਦਲੀਂ, ਫਸਿਆ ਹੈ ਗੱਡਾ। ਕਿੰਝ ਪੰਜਾਬ ਸਿੰਹੁ ਰਿਹਾ ਨਾ, ਅੱਜ ਸੂਰਾ ਵੱਡਾ । ਵੱਡਾ ਸੂਰਾ ਰਿਹਾ ਨਾ, ਅੱਜ ਬੈਠਾ ਝੂਰੇ। ਆਪਦੇ ਅੰਗ ਤੇ ਸਾਕ ਹੀ, ਜਾਂਦੇ ਨੇ ਘੂਰੇ। ਬਾਬੇ ਬੋਹੜ ਵਿਛ ਗਏ, ਚਿੱਟੇ ਦੇ ਮੂਹਰੇ। ਦਾਅਵੇ,ਵਾਅਦੇ ਰੁਲ ਗਏ, ਹੋਏ ਅੱਖੀਓਂ ਦੂਰੇ। ਕੌਲੇ ਲੱਗ ਕੇ ਹੁਬਕਣ, ਜੋ ਬਲੀ ਸੀ ਪੂਰੇ। ਨਸ਼ਿਆਂ ਦੇ ਇਸ ਦਲਦਲੀਂ, ਰੁੜ-ਪੁੜ ਗਏ ਸੂਰੇ। ਸਮਝ ਅਜੇ ਨਾ ਆਂਵਦੀ, ਹੈ ਕਿਸਦਾ ਕਾਰਾ। ਰੁਲਿਆ ਕਿੰਝ ਅੱਜ ਰੇਤ ਵਿੱਚ, ਸੀ ਅੰਬਰੀਂ ਤਾਰਾ। ਕਿਸ ਨੇ ਖੇਡੀ ਖੇਡ ਹੈ, ਨਾ ਚੱਲਦਾ ਚਾਰਾ। ਸਿਰ ਸੁੱਟ ਸਾਰੇ ਬਹਿ ਗਏ, ਨਾ ਬਣਦਾ ਨਾਹਰਾ। ਪਿੰਜਰ ਸੁੱਕ-ਸੁੱਕ ਭੁਰ ਰਿਹਾ, ਨਾ ਚੜ੍ਹਦਾ ਪਾਰਾ। ਕੌਣ ਆ ਕੇ ਕਹੂਗਾ, ਇਹ ਕਿੱਸਾ ਸਾਰਾ। ਅੱਖਾਂ ਸਾਹਵੇਂ ਵਾਪਰੇ ਪਰ ਤਿੱਪ ਨਾ ਡੁੱਲ੍ਹੇ। ਮੜੀਆਂ ਅੱਗਾਂ ਲੱਗੀਆਂ, ਠੰਢੇ ਨੇ ਚੁੱਲ੍ਹੇ। ਵਿੱਚ ਸਨਾਟਾ ਬਸਤੀਆਂ, ਕੋਈ ਭੇਦ ਨਾ ਖੁੱਲ੍ਹੇ। ਵਿੱਚ ਸੱਥਾਂ ਦੇ ਰੁਲਦੇ ਨੇ, ਟੋਪੀ, ਪੱਗ, ਕੁੱਲੇ। ਮਾਵਾਂ ਗੋਦਾਂ ਸੁੰਨ੍ਹੀਆਂ, ਸੁੰਨੇ ਨੇ ਦੁੱਲ੍ਹੇ। ਜਿਸ ਦੇ ਕਾਬਲ ਕੰਧਾਰ ਤੱਕ, ਸੀ ਝੰਡੇ ਝੁੱਲੇ। ਜਾਗੋ, ਉੱਠੋ, ਦੇਖ ਲਓ, ਕੋਈ ਹੀਲਾ ਕਰੀਏ। ਕੱਲ ਦੁਕੱਲੇ ਬੈਠ ਕੇ, ਨਾ ਅੰਦਰੀਂ ਮਰੀਏ। ਆਓ, ਸੁਣੀਏ ਏਸ ਨੂੰ, ਮੋਢੇ ਸਿਰ ਧਰੀਏ। ਕਿਉਂ ਆਪਣੇ ਪਰਛਾਵਿਓਂ, ਹੀ ਜਾਂਦੇ ਡਰੀਏ। ਚੁੱਪ ਚੁਪੀਤੇ ਸਹਿਮ ਦੇ ਕਿਉਂ ਸਾਗਰ ਤਰੀਏ। ਕਿਉਂ ਨਿਹੱਥੇ ਜੰਗ ਵਿੱਚ, ਜਾਂਦੇ ਹਾਂ ਹਰੀਏ। ਜੀਕਣ ਖੰਡਾ ਖੜਕਦਾ, ਕੰਨਾਂ ਵਿੱਚ ਬੋਲੇ। ਜਿਸਦੀ ਸੁਣਕੇ ਗਰਜਣਾ, ਕਾਬਲ ਸੀ ਡੋਲੇ। ਤੇਜ ਸਾਹਮਣੇ ਅਬਦਾਲੀ ਨਾ,ਕਦੇ ਖੜ੍ਹਦੇ ਕੋਲੇ। ਮਾਰ-ਮਾਰ ਜਿਸ ਨਾਗਣੀ, ਕਰੇ ਪਰਬਤ ਪੋਲੇ। ਵੱਡ ਹੰਕਾਰੀ, ਜ਼ਾਲਮ ਸੀ, ਜਿਸ ਕਦਮੀਂ ਰੋਲੇ। ਉਸਦੇ ਪੁੱਤਰ ਬਣਾ ਦਿੱਤੇ, ਚਿੱਟੇ ਦੇ ਗੋਲੇ। ਉੱਠ ਪੰਜਾਬਾ ਮੇਰਿਆ, ਤੂੰ ਲੈ ਅੰਗੜਾਈ। ਦੋਖੀ ਲੈ ਪਛਾਣ ਤੂੰ, ਦਿਖਾ ਸੂਰਮਤਾਈ। ਪੂਰਵਜਾਂ ਸੀ ਤੇਰਿਆਂ, ਨੇ ਰੱਖ ਵਿਖਾਈ। ਪਾ ਨਿਊਂਦਾ ਗੱਜ ਕੇ, ਜਿਸ ਭਾਜੀ ਪਾਈ। ਮੁੜਨਾ ਸੁੱਕਾ ਭੇਜਣਾ, ਨਾ ਛੱਡਣਾ ਕਾਈ। ਰੱਬੀ ਗਰਜਣਾਂ ਅੰਬਰੀਂ, ਇਹ ਆਸ ਹੈ ਲਾਈ।

26. ਕੋਰੜਾ ਛੰਦ : ਖਿੱਤਾ ਹੈ ਪੰਜਾਬ

ਖਿੱਤਾ ਹੈ ਪੰਜਾਬ, ਗੱਲਬਾਤ ਵੱਖਰੀ। ਪੂਰਨ ਸਿੰਘ ਕਹੇ, ਹੈ ਜਵਾਨੀ ਅੱਥਰੀ। ਬਹਾਦਰੀ ਦੀ ਧਾਂਕ, ਹੈ ਅੰਬਰੀਂ ਘੁੰਮੇਂ। ਵੱਡੇ - ਵੱਡੇ ਨਾਢੂਆਂ, ਪੈਰ ਸੀ ਚੁੰਮੇਂ। ਮੱਥਾ ਨਾਲ ਤਾਜਾਂ ਦੇ, ਲਾਇਆ ਏਸ ਨੇ। ਸੋਨਾ ਮਿੱਟੀ ਵਿੱਚੋਂ ਵੀ, ਪਾਇਆ ਏਸ ਨੇ। ਕੱਦ - ਬੁੱਤ ਵੱਡਾ ਸੀ, ਅੱਜ ਨਾ ਰਿਹਾ। ਦੁੱਖ ਕਿਹੜਾ - ਕਿਹੜਾ, ਨਾ ਇਸਨੇ ਸਿਹਾ। ਲਾਈ ਲੱਗ ਥੋੜ੍ਹਾ, ਮਗਰੋਂ ਵਿਚਾਰਦਾ। ਸੂਰਮਾ ਹੈ ਬੜਾ, ਨਾ ਮੈਦਾਨੀਂ ਹਾਰਦਾ। ਖਾਣ - ਪੀਣ ਖੁੱਲ੍ਹਾ, ਗੱਲਬਾਤ ਅੱਡ ਹੈ। ਜੁੱਸੇ ਵਿੱਚ ਜੋਸ਼, ਪਕਰੋੜ ਹੱਡ ਹੈ। ਬੋਲੀ ਅਤੇ ਬਾਣੇ ਦਾ, ਹੈ ਮਾਣ  ਇਸ ਨੂੰ। ਮੋਢੇ ‘ਤੇ ਬਿਠਾਉਂਦਾ, ਸੰਸਾਰ ਜਿਸਨੂੰ। ਰੱਬੀ ਬੋਲ ਇਹੋ, ਧਾਂਕ ਪੈਂਦੀ ਰਹੇ। ਕੋਰੜੇ ‘ਚ ਬੋਲ ਇਹ, ਕਹਿਣ ਲਈ ਕਹੇ। ਕੋਰੜੇ ‘ਚ ਬੋਲ ਇਹ, ਕਹਿਣ ਲਈ ਕਹੇ।

27. ਕਬਿੱਤ : ਵਾਇਰਸ ਕਰੋਨਾ

ਪਿੰਡ - ਪਿੰਡ, ਗਲੀ - ਗਲੀ, ਸ਼ਹਿਰ ਅਤੇ ਕਸਬੇ ‘ਚ, ਚੱਲਦੀ ਹੈ ਗੱਲ ਇੱਕੋ, ਜਾਨ ਹੈ ਜਹਾਨ ਹੈ। ਡਰ, ਘਬਰਾਹਟ ਨਾ, ਚਿੰਤਾ ਨਾ ਸੋਗ ਪਾਉਣਾ, ਐਵੇਂ ਝੱਜੂ ਪਾ ਕੇ ਲੋਕੋ, ਘੱਟ ਜਾਂਦੀ ਸ਼ਾਨ ਹੈ। ਹੱਸੋ,ਖੇਡੋ, ਟੱਪੋ, ਮਾਣੋ, ਰੱਜ - ਰੱਜ ਜ਼ਿੰਦਗੀ ਨੂੰ, ਖੇੜਿਆਂ ‘ਚ ਰਹੋ ਲੋਕੋ, ਜਿੰਦ ਇਹ ਮਹਾਨ ਹੈ। ਵਾਇਰਸ ਕਰੋਨਾ ਨੇ, ਭੱਜੀ ਜਾਂਦੀ ਜ਼ਿੰਦਗੀ ਨੂੰ, ਥੰਮਿਆਂ ਹੈ, ਲੱਭੇ ਅਜੇ, ਆਪਣਾ ਮਕਾਨ ਹੈ। ਡਰੋ ਨਾ ਕਰੋਨਾ ਕੋਲੋਂ, ਨਾ ਹੀ ਕੋਈ ਸੰਸਾ ਕਰੋ, ਸਾਵਧਾਨੀ ਸੂਝ ਭਰੀ, ਵਰਤਣੀ ਚਾਹੀਦੀ। ਹਵਾ ‘ਚ ਇਹ ਫੈਲੇ ਨਾ, ਉੱਡ - ਪੁੱਡ ਜਾਂਦਾ ਨਹੀਂ, ਯਾਦ ਰੱਖੋ, ਬਾਂਹ ਤੁਸੀਂ, ਫੜਨੀ ਨਾ ਰਾਹੀ ਦੀ। ਡਰ ਅਤੇ ਸਹਿਮ ਦਾ, ਸਿਰਜੀਏ ਮਾਹੌਲ ਨਾ, ਰਹਿਣਾ ਘਰ ਸੋਚੋ ਨਾ, ਗੱਲ ਹੈ ਮਨਾਹੀ ਦੀ। ਉਰਲਾ ਜੇ ਸਹੀ ਕਹੇ, ਪਾਰਲਾ ਜੇ ਸਹੀ ਕਰੇ, ਸਹੀ ਗੱਲ, ਸਹੀ ਸਮੇਂ, ਸਹੀ ਦੀ ਸਲਾਹੀ ਦੀ। ਤੋੜੀ ਰਫ.ਤਾਰ ਇੰਝ, ਰਲ ਕੇ ਕਰੋਨਾ ਦੀ, ਸ਼ੌਂਕ ਨਹੀਂ ਕੋਈ ਕਿਸੇ, ਘਰ ਵਿੱਚ ਡੱਕਣਾ। ਹੱਥ ਸਾਫ ਕਰੋ ਛੇਤੀ, ਚਿਹਰੇ ‘ਤੇ ਲਾਵੋ ਨਾਹੀਂ, ਸਾਹਿਤ ਪੜ੍ਹੋ ਜਾਂ ਫਿਰ ਸ਼ਿੰਨਚੈਨ ਤੱਕਣਾ। ਘਰ ਆਪ ਆਵੇ ਨਾਹੀਂ, ਬਾਹਰ ਅਸੀਂ ਜਾਣਾ ਕਦੋਂ ? ਮਰ - ਮੁੱਕ ਜਾਣਾ ਇਸ, ਕਿਸਨੇ ਇਹ ਚੱਕਣਾ ? ਸੂਰਿਓ, ਪੰਜਾਬੀਓ, ਦੱਸਤਾ ਕਬਿੱਤ ਵਿੱਚ, ਰੱਬੀ ਦੇਸ ‘ਚ ਨਾ ਇਹਦਾ, ਮਨਸੂਬਾ ਪੱਕਣਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਬਿੰਦਰ ਸਿੰਘ ਰੱਬੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ