Punjabi Poetry : Rajesh Babbi

ਪੰਜਾਬੀ ਕਵਿਤਾਵਾਂ : ਰਾਜੇਸ਼ ਬੱਬੀ1. ਹਿੰਦ ਦੀ ਚਾਦਰ

ਹਿੰਦ ਦੀ ਚਾਦਰ ਤੇਗ ਬਹਾਦਰ। ਕੌਮ ਤੇ ਕਰ ਉਪਕਾਰ ਗਏ ਲਾਸਾਨੀ ਕੁਰਬਾਨੀ ਕਰਕੇ ਕੁੱਲ ਹਿੰਦ ਨੂੰ ਤਾਰ ਗਏ ਲਾਸਾਨੀ ਕੁਰਬਾਨੀ ਕਰਕੇ...... ਔਰੰਗਜ਼ੇਬ ਨੇ ਜ਼ੁਲਮ ਜੋ ਢਾਇਆ ਹਿੰਦ ਵਾਸੀਆਂ ਉੱਤੇ। ਐਸਾ ਕਤਲੇਆਮ ਚਲਾਇਆ ਰਹਿਣ ਨਾ ਦਿੱਤੇ ਸੁੱਤੇ। ਆਣ ਗੁਰਾਂ ਦੇ ਚਰਨੀ ਪੈ ਗਏ ਸਭ ਪਾਸੇ ਜਦ ਹਾਰ ਗਏ। ਲਾਸਾਨੀ ਕੁਰਬਾਨੀ ਕਰਕੇ...... ਕਸ਼ਮੀਰੀ ਪੰਡਤਾਂ ਨੇ ਆ ਕੇ ਰੋ-ਰੋ ਦੁੱਖ ਸੁਣਾਏ। ਸੁਣਕੇ ਦੁੱਖ ਗੁਰੂ ਨੇ ਉਠਕੇ ਸੀਨੇ ਨਾਲ ਲਗਾਏ ਕਹਿਣ ਲੱਗੇ ਗੁਰੂ ਹੁਣ ਨਾ ਡਰਿਓ ਹੋ ਇੱਕ ਤੋਂ ਤੁਸੀ ਚਾਰ ਗਏ ਲਾਸਾਨੀ ਕੁਰਬਾਨੀ ਕਰਕੇ...... ਦਿੱਲ ਚੋ ਕੱਢ ਕੇ ਭੈਅ ਮੌਤ ਦਾ ਸਤਗੁਰੂ ਦਿੱਲੀ ਪੁੱਜੇ। ਦੁਸ਼ਮਣ ਦੇ ਘਰ ਭਾਜੜ ਪੈ ਗਈ ਹੱਲ ਨਾ ਕੋਈ ਸੁੱਝੇ। ਚਾਂਦਨੀ ਚੌਕ ਦੇ ਵਿੱਚ ਖਲੋ ਕੇ ਦੁਸ਼ਮਣ ਨੂੰ ਲਲਕਾਰ ਗਏ ਲਾਸਾਨੀ ਕੁਰਬਾਨੀ ਕਰਕੇ..... ਧਰਮ ਦੀ ਖਾਤਰ ਸ਼ੀਸ ਕਟਾਇਆ ਵੇਖੋ ਇਹ ਕੁਰਬਾਨੀ ਕੌਮ ਦੀ ਖਾਤਰ ਜਾਨ ਵਾਰ'ਤੀ ਹੋਣ ਨਾ ਦਿੱਤੀ ਹਾਨੀ। ਪੀ ਕੇ ਜਾਮ ਸ਼ਹੀਦੀ ਵਾਲਾ ਕਰ ਵਿਲੱਖਣ ਕਾਰ ਗਏ ਲਾਸਾਨੀ ਕੁਰਬਾਨੀ ਕਰਕੇ ਕੁੱਲ ਹਿੰਦ ਨੂੰ ਤਾਰ ਗਏ

2. ਚਿਟਾ ਖਾ ਗਿਆ ਜਵਾਨੀ ਮੇਰੇ ਦੇਸ਼ ਦੀ

ਢਾਹ ਸਕਿਆ ਨਾ ਜਿਨੂੰ ਕੋਈ ਸੂਰਮਾ ਉਹ ਵੈਰੀਆਂ ਨੇ ਕਿਵੇਂ ਢਾਹ ਲਿਆ ਚਿਟਾ ਖਾ ਗਿਆ ਜਵਾਨੀ ਮੇਰੇ ਦੇਸ਼ ਦੀ ਤੇ ਲੀਡਰਾਂ ਨੇ ਦੇਸ਼ ਖਾ ਲਿਆ ਚਿੱਟਾ............ ਪੁੱਤ ਆਪਣੇ ਜਵਾਨ ਹੱਥੀ ਤੋਰਕੇ ਤੇ ਵੇਖੋ ਮਾਵਾਂ ਵੈਣ ਪਾਉਂਦੀਆ ਰੋਰੋ ਹੋ ਗਈਆਂ ਬੇਹਾਲ ਅੱਖੀਂ ਵੇਖੀਆਂ ਉਹ ਉੱਚੀ ਉੱਚੀ ਕੁਰਲਾਉਂਦੀਆ ਜੀਣ ਜੋਗੀਆਂ ਨਾ ਰਹੀਆਂ ਉਹ ਜੱਗ ਤੇ ਵਿਛੋੜ ਵਾਲਾ ਰੋਗ ਲਾ ਲਿਆ ਚਿੱਟਾ............ ਚੰਦ ਚਾਂਦੀ ਦੀਆਂ ਛਿੱਲੜਾਂ ਦੇ ਵਾਸਤੇ ਜੋ ਘਰ ਦੂਜੇ ਦਾ ਉਜਾੜਦੇ। ਜਦੋਂ ਲੱਗਦੀ ਹੈ ਅੱਗ ਘਰ ਆਪਣੇ ਕੰਧਾਂ ਚ ਫਿਰ ਸਿਰ ਮਾਰਦੇ ਪਿਛੋਂ ਰੋਂਦੇ ਨੇ ਉਹ ਯਾਦ ਕਰ ਕਰਕੇ ਜੋਂ ਹੱਥੀ ਵਕਤ ਲੰਘਾ ਲਿਆ ਚਿੱਟਾ............ ਸੁੱਤੇ ਹਾਕਮ ਪਏ ਨੇ ਤਾਣ ਲੰਮੀਆਂ ਨਾ ਇਦੇ ਬਾਰੇ ਕੁੱਝ ਬੋਲਦੇ ਉਹ ਤਾਂ ਆਪ ਵੀ ਵਪਾਰ ਇਹੋ ਕਰਦੇ ਵਪਾਰ ਵਿੱਚੋਂ ਨਫਾ ਟੋਲਦੇ ਗੱਲਾਂ ਸੱਚੀਆਂ ਸੁਣਾਉਦਾ ਬੱਬੀ ਸੁਣ ਲਓ ਵਪਾਰ ਇਨ੍ਹਾਂ ਨੇ ਬਣਾ ਲਿਆ ਚਿੱਟਾ............

3. ਚਾਰੇ ਪਾਸੇ ਜ਼ੁਲਮ ਦੀ ਵਗੇ ਨੇਰ੍ਹੀ

ਚਾਰੇ ਪਾਸੇ ਜ਼ੁਲਮ ਦੀ ਵਗੇ ਨੇਰ੍ਹੀ ਹਰ ਪਾਸੇ ਸੀ ਚੰਦੂ ਦਾ ਬੋਲਬਾਲਾ ਚੰਦੂ ਬੋਲਦਾ ਬੇਸ਼ਕ ਕੂੜ ਮੂੰਹ ਤੋਂ ਝੂਠ ਨਹੀਂ ਕੋਈ ਉਸਨੂੰ ਨੂੰ ਕਹਿਣ ਵਾਲਾ ਦੂਜੇ ਪਾਸੇ ਸੀ ਸੱਚ ਦੀ ਜੋਤ ਜਗਦੀ ਚੰਦੂ ਵੇਖਕੇ ਜਿਸਨੂੰ ਘਬਰਾਈ ਬੈਠਾ ਇਸ ਜੋਤ ਨੂੰ ਕਿਦਾਂ ਮੈ ਕਰਾਂ ਠੰਡੀ ਮਨ ਵਿੱਚ ਕੋਈ ਜੁਗਤ ਬਣਾਈ ਬੈਠਾ ਪਹਿਲਾਂ ਭੇਜਿਆ ਧੀ ਦਾ ਸਾਕ ਉਸਨੇ ਹਰਗੋਬਿੰਦ ਨੂੰ ਸੀ ਉਹ ਭਰਮਾਉਣ ਲੱਗਾ ਚਲਕੇ ਚਾਲ ਚਲਾਕੀ ਦੀ ਆਪਣੀ ਉਹ ਗੁਰੂ ਘਰ ਚ ਸੰਨ੍ਹ ਸੀ ਲਾਉਣ ਲਗਾ ਜਾਣੀ ਜਾਨ ਗੁਰੂ ਨੇ ਝਟ ਕੀਤੀ ਚੰਦੂ ਚੰਦਰੇ ਦਾ ਕਪਟ ਪਹਿਚਾਣ ਲੀਤਾ ਇਸੇ ਲਈ ਗੁਰਾਂ ਝਟਪਟ ਹੀ ਰਿਸ਼ਤਾ ਲੈਣ ਤੋਂ ਕੋਰਾ ਇਨਕਾਰ ਕੀਤਾ ਲਾਲ ਪੀਲਾ ਗੁੱਸੇ ਵਿਚ ਹੋ ਚੰਦੂ ਬਿਨਾ ਗਲ ਤੋਂ ਗੁਰੂ ਗ੍ਰਿਫਤਾਰ ਕਰਕੇ ਲੈਕੇ ਵਿਚ ਕਚਹਿਰੀ ਦੇ ਆ ਗਿਆ ਉਹ ਬਹਿ ਗਿਆ ਉਹ 'ਕੱਠਾ ਦਰਬਾਰ ਕਰਕੇ ਤੱਤੀ ਤਵੀ ਤਪਾ ਕੇ ਚੰਦਰੇ ਨੇ ਮੇਰੇ ਗੁਰੂ ਨੂੰ ਉਪਰ ਬਿਠਾ ਦਿੱਤਾ ਤਰਸ ਕੀਤਾ ਨਾ ਭੋਰਾ ਵੀ ਉਸ ਪਾਪੀ ਪਾਣੀ ਉਬਲਦਾ ਗੁਰੂ ਤੇ ਪਾ ਦਿੱਤਾ ਪਾ ਗਏ ਸ਼ਹੀਦੀ ਗੁਰੂ ਅਰਜਨ ਉਨ੍ਹਾਂ ਧਰਮ ਦੀ ਦਿਤੀ ਨਾ ਹੋਣ ਹਾਨੀ ਬੱਬੀ ਲਿਖ ਕੇ ਸਚ ਹੀ ਚਲਿਆ ਜੇ ਤੁਸੀਂ ਭੁੱਲ ਗਏ ਹੋ ਗੁਰੂ ਦੀ ਕੁਰਬਾਨੀ

4. ਜ਼ਹਿਰ

ਹੁੰਦੀਆਂ ਸੀ ਕਦੇ ਸਿਫਤਾਂ ਜਿਵੇਂ ਫੁੱਲ ਗੁਲਾਬ ਦੀਆਂ। ਏਦਾਂ ਈ ਸਿਫਤਾਂ ਹੁੰਦੀਆਂ ਸੀ ਮੇਰੇ ਦੇਸ਼ ਪੰਜਾਬ ਦੀਆਂ।। ਇਹ ਸੋਨੇ ਦੀ ਚਿੜੀ ਕੋਈ ਫੜ ਮਿੱਟੀ ਵਿੱਚ ਰੋਲ ਗਿਆ। ਇਦੇ ਸ਼ਰਬਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਕੋਈ ਘੋਲ ਗਿਐ।। ਏਦੀ ਅੱਲੜ ਜਹੀ ਜਵਾਨੀ ਤਾਂ ਨਸ਼ਿਆਂ ਵਿੱਚ ਰੁਲ ਗਈ ਏ। ਏਦੀ ਤੰਦਰੁਸਤੀ ਦੇ ਲਈ ਦਵਾਈ ਹਰ ਇੱਕ ਥੁੜ ਗਈ ਏ।। ਏਨੇ ਹੁਣ ਪੈਰਾਂ ਤੇ ਨਹੀਂ ਆਉਣਾ ਕੋਈ ਚੁੱਪ ਕੀਤੇ ਬੋਲ ਗਿਐ। ਏਦੇ ਸ਼ਰਬਤ............. ਏਦੇ ਕਣ-ਕਣ ਵਿੱਚ ਸੁਹੱਪਣ ਸੀ ਸਭ ਗੰਧਲਾ ਹੋ ਗਿਆ ਏ। ਔਹ ਵੇਖੋ ਖਾ ਸਲਫਾਸ ਕਿਤੇ ਅੰਨਦਾਤਾ ਸੌਂ ਗਿਆ ਏ।। ਜਿਹੜਾ ਭਰਦਾ ਸੀ ਢਿੱਡ ਸਭਦਾ ਉਹ ਅੱਜ ਖੁਦ ਵੀ ਡੋਲ ਗਿਐ ਏਦੇ ਸ਼ਰਬਤ..................... ਇੱਥੇ ਰੋਂਦੀਆਂ ਮਾਂਵਾਂ ਭੈਣਾ ਨੂੰ ਕੋਈ ਚੁੱਪ ਕਰਾਵੇ ਨਾ। ਸਭ ਦੂਰੋਂ ਦੂਰੋਂ ਵੇਖਣ ਇਨ੍ਹਾਂ ਕੋਲ ਕੋਈ ਜਾਵੇ ਨਾ।। ਏਦੀ ਗੋਦੜੀ ਵਿੱਚੋਂ ਕੱਢਕੇ ਹਰ ਦੁੱਖ "ਬੱਬੀ" ਫੋਲ ਗਿਐ

5. ਸਾਉਣ ਮਹੀਨਾ ਆਇਆ ਵੇਖੋ

ਸਾਉਣ ਮਹੀਨਾ ਆਇਆ ਵੇਖੋ, ਸਾਉਣ ਮਹੀਨਾ ਆਇਆ ਕੋਇਲ ਕੂਕਦੀ ਬਾਗਾਂ ਦੇ ਵਿੱਚ, ਚਿੜੀਆਂ ਰੌਲਾ ਪਾਇਆ ਗੂੜੇ ਕਾਲੇ ਬੱਦਲ ਛਾਏ, ਘਟਾ ਚੜੀ ਘਣਘੋਰ ਬੱਚੇ ਬੁੱਢੇ ਖੁਸ਼ੀ ਮਨਾਵਣ, ਛਮਛਮ ਨੱਚਣ ਮੋਰ ਰੱਬਾ ਰੱਬਾ ਮੀਂਹ ਵਰਾ, ਕਹਿ ਬੱਚਿਆਂ ਰੌਲਾ ਪਾਇਆ ਸਾਉਣ ਮਹੀਨਾ ਆਇਆ------------------ ਸੱਜ ਵਿਆਹੀਆਂ ਕੁੜੀਆਂ ਚਿੜੀਆਂ, ਪਿਪਲੀਂ ਪੀਂਘਾਂ ਪਾਈਆਂ ਮਾਹਲ ਪੂੜੇ ਤੇ ਖੀਰਾਂ ਘਰ ਘਰ, ਬੈਠ ਬਣਾਉਂਦੀਆਂ ਮਾਈਆਂ 'ਕੱਠੀਆਂ ਹੋ ਕੇ ਸਭਨੇ ਸ਼ਾਮੀਂ, ਤੀਆਂ ਮੇਲਾ ਲਾਇਆ ਸਾਉਣ ਮਹੀਨਾ ਆਇਆ ਵੇਖੋ ਹਰਿਆ ਭਰਿਆ ਚਾਰ ਚੁਫੇਰਾ, ਸਾਵਣ ਰੁੱਤ ਸੁਹਾਵੇ "ਬੱਬੀ" ਵਿੱਚ ਇਕਾਂਤ ਬੈਠਕੇ ਸਾਵਣ ਗੀਤ ਸੁਣਾਵੇ ਨਿੱਕੀਆਂ ਨਿੱਕੀਆਂ ਕਣੀਆਂ ਆਈਆਂ, ਗਰਮੀ ਤੋਂ ਸੁੱਖ ਪਾਇਆ ਸਾਉਣ ਮਹੀਨਾ ਆਇਆ ਵੇਖੋ, ਸਾਉਣ ਮਹੀਨਾ ਆਇਆ ਕੋਇਲ ਕੂਕਦੀ ਬਾਗਾਂ ਦੇ ਵਿੱਚ, ਚਿੜੀਆਂ ਰੌਲਾ ਪਾਇਆ

6. ਸਤਿਗੁਰੂ ਨਾਨਕ ਤੇਰੀ ਬਾਣੀ

ਸਤਿਗੁਰੂ ਨਾਨਕ ਤੇਰੀ ਬਾਣੀ ਕੁੱਲ ਦੁਨੀਆਂ ਨੂੰ ਤਾਰੇ ਤਾਹੀਓਂ ਤੇਰੀ ਬਾਣੀ ਹਰ ਕੋਈ ਬੰਦਾ ਪਿਆ ਉਚਾਰੇ ਸਤਿਗੁਰੂ ਨਾਨਕ ਤੇਰੀ ਬਾਣੀ ਸਭ ਲਈ ਇੱਕ ਧਰਵਾਸਾ ਤੇਰੇ ਦਰ ਤੋਂ ਡਿੱਠਾ ਨਾ ਮੈਂ ਜਾਂਦਾ ਕੋਈ ਨਿਰਾਸ਼ਾ ਸਤਿਗੁਰੂ ਨਾਨਕ ਤੇਰੀ ਬਾਣੀ ਸਭ ਨੂੰ ਰਾਹੇ ਪਾਵੇ ਕਦੇ ਕੁਰਾਹੇ ਨਹੀਂ ਜਾਂਦਾ ਜੋ ਇਸਨੂੰ ਰੋਜ ਧਿਆਵੇ ਸਤਿਗੁਰੂ ਨਾਨਕ ਤੇਰੀ ਬਾਣੀ ਸਭ ਲਈ ਇੱਕ ਸਹਾਰਾ ਇਸ ਬਾਣੀ ਨੂੰ ਪੜ ਕੇ ਆਉਂਦੈ ਵੱਖਰਾ ਜਿਹਾ ਨਜ਼ਾਰਾ ਸਤਿਗੁਰੂ ਨਾਨਕ ਤੇਰੀ ਬਾਣੀ ਏਕੇ ਦਾ ਪ੍ਰਚਾਰ ਇਸ ਬਾਣੀ ਦੀ ਸਿੱਖਿਆ ਸਭ ਦਾ ਕਰੋ ਦਿਲੋਂ ਸਤਿਕਾਰ ਸਤਿਗੁਰੂ ਨਾਨਕ ਤੇਰੀ ਬਾਣੀ ਨਾਰੀ ਦਾ ਸਤਿਕਾਰ ਤਾਹੀਓਂ 'ਬੱਬੀ' ਇਸ ਬਾਣੀ ਨੂੰ ਕਰਦੈ ਦਿਲੋਂ ਪਿਆਰ

7. ਮੈਂ ਮਜਦੂਰ ਹਾਂ

ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ ਮੈਂ ਕੀ ਲੈਣੈ ਮਜਦੂਰ ਦਿਵਸ ਤੋਂ ਕਿਉਂਕਿ ਮੇਰੇ ਬੱਚਿਆਂ ਦਾ ਪੇਟ ਤਾਂ ਮੇਰੀ ਮਜਦੂਰੀ ਨੇ ਭਰਨੈ ਨਾ ਕਿ ਕਿਸੇ ਮਜਦੂਰ ਦਿਵਸ ਨੇ ਮਜਦੂਰ ਦਿਵਸ ਤਾਂ ਹੈ ਨੌਕਰੀ ਪੇਸ਼ਾ ਲੋਕਾਂ ਦਾ ਸਾਡਾ ਕਾਹਦਾ ਮਜਦੂਰ ਦਿਵਸ ਭੁੱਖੇ ਪੇਟ ਕੋਈ ਦਿਵਸ ਯਾਦ ਨਹੀਂ ਰਹਿੰਦਾ ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ ਐ ਦੁਨੀਆ ਦੇ ਅਹਿਲਕਾਰੋ ਮਨਾਓ ਮਜਦੂਰ ਦਿਵਸ ਉਡਾਓ ਮੇਰੀ ਮਜਬੂਰੀ ਦਾ ਮਜ਼ਾਕ ਮਨਾਓ ਜ਼ਸ਼ਨ ਮੇਰੀ ਮਜਬੂਰੀ ਦੇ ਕਿਉਂਕਿ ਤੁਸੀਂ ਕਿਹੜਾ ਕੋਈ ਮੇਰੀ ਗੱਲ ਕਰਨੀ ਹੈ ਤੁਹਾਨੂੰ ਤਾ ਬਸ ਵਿਹਲ ਨਹੀਂ ਆਪਣੀ ਆਯਾਸ਼ੀ ਤੋਂ ਤਾਹਿਓ ਤਾਂ ਅਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ ਮੈਂ ਤਾਂ ਹਮੇਸ਼ਾਂ ਦਬਿਆ ਰਹਾਂਗਾ ਲੁਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ ਪਰ ਮੈਨੂੰ ਇੱਕ ਗੱਲ ਤਾਂ ਖੁਸ਼ੀ ਦਿੰਦੀ ਹੈ ਕਿ ਚਲੋ ਏਸੇ ਬਹਾਨੇ ਹੀ ਸਹੀ ਮੇਰੇ ਸਿਕਾਗੋ ਦੇ ਸ਼ਹੀਦਾਂ ਨੂੰ ਕੋਈ ਯਾਦ ਤਾਂ ਕਰਦੈ ਹੋਰ ਤੁਸੀ ਧਨਾਢਾਂ ਨੇ ਕੀ ਦੇਣੈ ਕਿਸੇ ਮਜਦੂਰ ਨੂੰ ਤੁਸੀਂ ਤਾਂ ਹਮੇਸ਼ਾਂ ਸਾਡਾ ਮਜਾਕ ਉਡਾਓਣੈ ਕਿਉਂਕਿ ਅਸੀਂ ਮਜਦੂਰ ਹਾਂ ਤੇ ਹਮੇਸ਼ਾ ਅਸੀ ਮਜਦੂਰ ਹੀ ਰਹਿਣੈ....

8. ਜਦ ਹੋਏ ਸੀ ਕਤਲ ਭਰਾਵਾਂ ਦੇ

ਜਦ ਹੋਏ ਸੀ ਕਤਲ ਭਰਾਵਾਂ ਦੇ ਕਈ ਮਰੇ ਸੀ ਪੁੱਤਰ ਮਾਂਵਾ ਦੇ ਕਰ ਯਾਦ ਵਕਤ ਮਨਹੂਸ ਜਿਹਾ ਇੱਕ ਗੱਲ ਸੁਣਾਵਾ ਮੈਂ ਲੋਕੋ ਇਸ ਝੂਠੀ ਜਹੀ ਆਜਾਦੀ ਦਾ ਕਿੰਝ ਜਸ਼ਨ ਮਨਾਵਾਂ ਮੈ ਲੋਕੋ........... ਮੈਂ ਆਪਣੇ ਵਤਨ ਉਜਾੜੇ ਦੀ ਲੈ ਲਈ ਆਜਾਦੀ ਭਾੜੇ ਦੀ ਚੋਰਾਂ ਹੱਥ ਦੇ ਕੇ ਭਾਰਤ ਨੂੰ ਮੈਂ ਕਿੰਝ ਬਚਾਵਾਂ ਵੇ ਲੋਕੋ ਇਸ ਝੂਠੀ ਜਹੀ ਆਜਾਦੀ ਦਾ ਕਿੰਝ ਜਸ਼ਨ ਮਨਾਵਾਂ ਮੈ ਲੋਕੋ........... ਲੁੱਟ ਹੁੰਦੀ ਪਈ ਗਰੀਬਾਂ ਦੀ ਪੱਤ ਬੇ-ਬੱਤ ਹੋਈ ਸ਼ਹੀਦਾਂ ਦੀ ਸ਼ਰੇਆਮ ਪਏ ਡਾਕੂ ਲੁਟਦੇ ਨੇ ਕਿੰਝ ਪੱਤ ਬਚਾਵਾਂ ਵੇ ਲੋਕੋ ਇਸ ਝੂਠੀ ਜਹੀ ਆਜਾਦੀ ਦਾ ਕਿੰਝ ਜਸ਼ਨ ਮਨਾਵਾਂ ਮੈ ਲੋਕੋ........... ਇੱਥੇ ਗੰਦਗੀ ਚੁੱਕਦੀਆਂ ਬਾਲੜੀਆਂ ਰੋਟੀ ਲਈ ਕੱਢਣ ਲਾਹਲੜੀਆਂ ਰੁਲਦੇ ਪਏ ਬਚਪਨ ਢਾਬੇ ਤੇ ਆਜੋ ਦਿਖਾਵਾਂ ਮੈਂ ਲੋਕੋ ਇਸ ਝੂਠੀ ਜਹੀ ਆਜਾਦੀ ਦਾ ਕਿੰਝ ਜਸ਼ਨ ਮਨਾਵਾਂ ਮੈ ਲੋਕੋ........... ਦਿੱਤੀ ਸੀ ਆਜਾਦੀ ਗੋਰਿਆਂ ਨੇ ਲਈ ਘੇਰ ਦਿਮਾਗੋ ਕੋਰਿਆਂ ਨੇ ਇਹ ਸੱਚ ਜੋ ਲਿਖਿਆ "ਬੱਬੀ" ਨੇ ਉਸ ਨਾਲ ਮਿਲਾਵਾਂ ਵੇ ਲੋਕੋ ਇਸ ਝੂਠੀ ਜਹੀ ਆਜਾਦੀ ਦਾ ਕਿੰਝ ਜਸ਼ਨ ਮਨਾਵਾਂ ਮੈ ਲੋਕੋ...........

9. ਨਾਨਕ ਇੱਕ ਸੋਚ ਸੀ

ਨਾਨਕ ਇੱਕ ਸੋਚ ਸੀ ਨਾਨਕ ਇੱਕ ਫਲਸਫਾ ਸੀ ਜਿਸਦੀ ਅੱਜ ਲੋੜ ਹੈ ਇਸ ਕੁੱਲ ਲੁਕਾਈ ਨੂੰ ਲੋੜ ਨਹੀ ਬਾਬੇ ਨਾਨਕ ਨੂੰ ਇਸ ਧਰਤੀ ਤੇ ਦੁਬਾਰਾ ਆਉਣ ਦੀ ਲੋੜ ਹੈ ਉਸਦੇ ਪ੍ਰਕਾਸ਼ ਦੀ ਉਸਦੀ ਬਾਣੀ ਦੇ ਪ੍ਰਚਾਰ ਦੀ ਨਾਨਕ ਨੇ ਕਦ ਕਿਹਾ ਸੀ ਮੇਰਾ ਗੁਰਦੁਆਰਾ ਬਣਾਓ ਨਾਨਕ ਨੇ ਕਦ ਕਿਹਾ ਸੀ ਮੇਰਾ ਜਨਮ ਦਿਨ ਮਨਾਓ ਉਸ ਨੇ ਤਾਂ ਕਿਹਾ ਸੀ। ਮੇਰੀ ਲਿਖੀ ਬਾਣੀ ਤੇ ਅਮਲ ਕਰਿਓ। ਮਲਕ ਭਾਗੋ ਤੋਂ ਦੂਰ ਰਹਿਓ ਤੇ ਗੁਰਦੁਆਰੇ ਬੇਸ਼ਕ ਨਾ ਜਾਇਓ ਪਰ ਜੇ ਕਦੇ ਵਕਤ ਮਿਲੇ ਤਾਂ ਭਾਈ ਲਾਲੋ ਦੇ ਘਰ ਜਰੂਰ ਜਾਇਓ। ਬਾਬਾ ਅੱਜ ਤੇਰੀ ਬਾਣੀ ਤੇ ਅਮਲ ਨਹੀਂ ਵਿਖਾਵਾ ਹੋ ਰਿਹਾ ਹੈ ਮਲਕ ਭਾਗੋ ਜੱਫਾ ਮਾਰੀ ਬੈਠਾ ਹੈ ਤੇਰੀ ਬਾਣੀ ਨੂੰ। ਤੇ ਜ਼ੁਲਮ ਤੇ ਜ਼ੁਲਮ ਕਰੀ ਜਾ ਰਿਹਾ ਏ ਭਾਈ ਲਾਲੋ ਤੇ। ਲਾਲੋ ਨੂੰ ਉਸਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਓਹ ਤਾਂ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਕ ਵਾਰ ਮਰਦਾ ਏ। ਆਹ ਤੇਰੀ ਬਾਣੀ ਦੀਆਂ ਸਤਰਾਂ...... "ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥" ਅੱਜ ਦਾ ਸੱਚ ਬਿਆਨ ਕਰਦੀਆਂ ਨੇ। ਮਾਫ ਕਰੀਂ ਬਾਬਾ ਅੱਜ ਤੇਰੇ ਜਨਮ ਦਿਹਾੜੇ ਤੇ ਸਿਰਫ਼ ਐਨਾ ਹੀ....... ਕਦੀ ਫਿਰ ਵਕਤ ਮਿਲਿਆ ਤਾਂ ਤੇਰੇ ਨਾਲ ਹੋਰ ਵੀ ਗੱਲਾਂ ਕਰਾਂਗਾ ਤੇਰੀ ਸੋਚ ਨੂੰ ਸਲਾਮ ਹੈ ਬਾਬਾ ਅੱਜ ਤੇਰੀ ਸੋਚ ਤੋਂ ਇਨਸਾਨ ਦੂਰ ਚਲਾ ਗਿਆ ਹੈ। ਮੱਤ ਬਕਸ਼ ਤੇ ਓਹ ਵਾਪਿਸ ਆ ਜਾਵੇ ਤੇ ਪਹਿਰਾ ਦੇਵੇ ਤੇਰੀ ਸੋਚ ਤੇ। ਤੇਰੇ ਹੋਕੇ ਤੇ........

10. ਸੱਚ

ਹਵਾ ਦੇ ਰੁਖ ਵਿੱਚ ਵਹਿ ਜਾਣਾ ਕੋਈ ਮਾਇਨੇ ਨਹੀਂ ਰੱਖਦਾ ਉਲਟ ਹਵਾ ਤੋਂ ਜਾਂਦੇ ਜੋ ਇਤਿਹਾਸ ਬਣਾਉਂਦੇ ਨੇ ਵਗਦੇ ਪਾਣੀ ਨਾਲ ਤਾਂ ਹਰ ਕੋਈ ਰੁੜ ਹੀ ਜਾਂਦਾ ਏ ਉਲਟ ਪਾਣੀ ਦੇ ਚਲਦੇ ਜੋ ਤਾਰੂ ਅਖਵਾਉਂਦੇ ਨੇ ਬਣੇ ਰਾਹਾਂ ਦੇ ਉੱਤੇ ਚੱਲਣਾ ਸੌਖਾ ਹੁੰਦਾ ਏ ਵਿਰਲੇ ਲੋਕ ਹੀ ਹੁੰਦੇ ਜੋ ਰਾਹ ਆਪ ਬਣਾਉਂਦੇ ਨੇ ਆਪਣਿਆਂ ਨੂੰ ਪਿਆਰ ਤਾਂ ਏਥੇ ਹਰ ਕੋਈ ਕਰਦਾ ਏ। ਵਿਰਲਾ ਹੀ ਕੋਈ ਦੂਸਰਿਆਂ ਦਾ ਦੁੱਖ ਵੰਡਾਉਂਦਾ ਏ ਲੋਕ ਬਹੁਤ ਨੇ ਜੋ ਸੜਕਾਂ 'ਤੇ ਲੰਗਰ ਲਾਉਂਦੇ ਨੇ। ਰੱਬ ਰੂਪ ਉਹ ਜੋ ਭੁੱਖੇ ਦੀ ਭੁੱਖ ਮਿਟਾਉਂਦਾ ਏ "ਘਾਲਿ ਖਾਇ ਕਿਛੁ ਹਥਹੁ ਦੇਇ" ਇਹ ਕਿਸੇ ਨੂੰ ਯਾਦ ਨਹੀਂ। ਹਰ ਕੋਈ ਆਪਣੇ ਆਪ ਚ ਨਾਢੂ ਖਾਂ ਅਖਵਾਉਂਦਾ ਏ ਆਪਣੇ ਰੰਗ ਚ ਰਹਿ ਰਹਿ 'ਬੱਬੀ' ਬੌਰਾ ਹੋ ਗਿਆ ਹੈ। ਸ਼ਾਇਦ ਇਸੇ ਲਈ ਹਰ ਵੇਲੇ ਢੋਲੇ ਦੀਆਂ ਲਾਉਂਦਾ ਏ

11. ਅਜੋਕਾ ਸਾਵਨ

ਚੜਿਆ ਸਾਉਣ ਮਹੀਨਾ ਬੱਦਲ ਛਾਏ ਨੇ। ਇੰਝ ਲੱਗਦਾ ਮਹਿਮਾਨ ਨਵੇਂ ਘਰ ਆਏ ਨੇ।। ਪਿੱਪਲਾਂ ਉੱਤੇ ਪੀਂਘ ਨਾ ਕਿੱਧਰੇ ਲੱਭਦੀ ਏ। ਬੇਸ਼ੱਕ ਕੋਇਲਾਂ ਮਿੱਠੇ ਗੀਤ ਸੁਣਾਏ ਨੇ।। ਨਵ-ਵਿਆਹੀਆਂ ਕੁੜੀਆਂ ਤੀਆਂ ਭੁੱਲ ਗਈਆਂ। ਪਰ ਸਟੇਟਸ ਸਭ ਨੇ ਸਾਉਣ ਦੇ ਲਾਏ ਨੇ।। ਅੰਬ ਸੰਧੂਰੀ ਰਿਹੜੀਆਂ ਉੱਤੇ ਮਿਲਦੇ ਨੇ। ਫੁੱਲ ਹਿਜ਼ਰ ਦੇ ਬਸ ਬੈਠੇ ਕਮਲਾਏ ਨੇ।। ਮਾਹਲ ਪੂੜੇ ਨਾ ਖੀਰ ਕਿਸੇ ਘਰ ਬਣਦੀ ਏ। ਪੀਜੇ ਬਰਗਰ ਸਭ ਨੇ ਘਰੇ ਬਣਾਏ ਨੇ।। ਪੈਲ ਮੋਰ ਨੇ ਵੀ ਜੰਗਲ ਵਿੱਚ ਪਾਈ ਏ। ਕੁਦਰਤ ਨੇ ਸਭ ਆਪਣੇ ਰੰਗ ਵਿਖਾਏ ਨੇ।। ਉੱਠ ਕੇ ਵੇਖ ਤੇ ਕਹਿ ਸਭਨਾ ਨੂੰ ਜੀ ਆਇਆਂ। ਇਹ ਮਹਿਮਾਨ ਜੋ ਤੇਰੇ ਘਰ ਵਿੱਚ ਆਏ ਨੇ।। ਬੱਬੀ ਉੱਠ ਕੇ ਵੇਖ ਨਜ਼ਾਰੇ ਕੁਦਰਤ ਦੇ। ਇਹ ਸਾਰੇ ਹੀ ਕੁਦਰਤ ਮਾਂ ਦੇ ਜਾਏ ਨੇ।।

12. ਲਿਖਾਂ ਕੀ ਸਿਫਤ ਤੇਰੀ ਗੁਰੂ ਬਾਜਾਂ ਵਾਲਿਆਂ

ਲਿਖਾਂ ਕੀ ਸਿਫਤ ਤੇਰੀ ਗੁਰੂ ਬਾਜਾਂ ਵਾਲਿਆਂ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ ਭੇਜਿਆ ਪਿਤਾ ਨੂੰ ਦਿੱਲੀ ਧਰਮ ਬਚਾਉਣ ਲਈ ਦੇ ਕੇ ਕੁਰਬਾਨੀ ਜਾਨ ਕੌਮ ਲੇਖੇ ਲਾਉਣ ਲਈ ਪਿਤਾ ਨੇ ਵੀ ਹੱਸ ਸੀਨੇ ਮੌਤ ਨੂੰ ਲਗਾ ਲਿਆ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ ਅਜੀਤ ਤੇ ਜੁਝਾਰ ਤੋਰ ਦਿੱਤੇ ਚਮਕੌਰ ਨੂੰ ਛੋਟੇ ਪੁੱਤ ਮਾਂ ਦੇ ਨਾਲ ਤੋਰੇ ਪਾਸੇ ਹੋਰ ਨੂੰ ਆਪ ਜਾਕੇ ਡੇਰਾ ਮਾਛੀਵਾੜੇ ਵਿੱਚ ਲਾ ਲਿਆ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ ਕੌਮ ਲਈ ਸ਼ਹੀਦੀ ਤੇਰੇ ਛੋਟੇ ਪੁੱਤ ਪਾ ਗਏ ਹੁੰਦੀ ਕੀ ਅਣਖ ਸਾਰੇ ਜੱਗ ਨੂੰ ਵਿਖਾ ਗਏ ਮਾਂ ਨੇ ਵੀ ਹੱਸ ਸੀਨੇ ਨਾਲ ਮੌਤ ਨੂੰ ਲਗਾ ਲਿਆ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ ਮਿਲੇ ਨਾ ਮਿਸਾਲ ਕਿਤੇ ਤੇਰੀ ਕੁਰਬਾਨੀ ਦੀ ਰੀਸ ਕਿੰਨੇ ਕਰ ਲੈਣੀ ਪੁਤਰਾਂ ਦੇ ਦਾਨੀ ਦੀ ਤਾਹੀਓਂ ਤੇਰੇ ਅੱਗੇ ਸ਼ੀਸ ਬੱਬੀ ਨੇ ਝੁਕਾਅ ਲਿਆ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ ਲਿਖਾਂ ਕੀ ਸਿਫਤ ਤੇਰੀ ਗੁਰੂ ਬਾਜਾਂ ਵਾਲਿਆਂ ਸਾਰਾ ਪਰਿਵਾਰ ਦੇ ਕੇ ਕੌਮ ਨੂੰ ਬਚਾ ਲਿਆ

13. ਬਾਬਾ ਨਾਨਕ

ਮੈਂ ਬਾਬਾ ਨਾਨਕ ਵੇਖਿਆ ਸੁਪਨੇ ਵਿੱਚ ਨਾਨਕ ਵੇਖਿਆ। ਖੇਤਾਂ ਵਿੱਚ ਹੱਲ ਚਲਾਉਂਦਾ ਮੈਂ ਸਤਿਗੁਰ ਨਾਨਕ ਵੇਖਿਆ। ਮੈਂ ਬਾਬਾ ਨਾਨਕ ਵੇਖਿਆ ਮੈਂ ਬਾਬਾ ਨਾਨਕ ਵੇਖਿਆ ਸੁਪਨੇ ਵਿੱਚ ਨਾਨਕ ਵੇਖਿਆ। ਕਿਰਤੀ ਨੂੰ ਹੱਕ ਦਿਵਾਉਂਦਾ ਮੈਂ ਸਤਿਗੁਰ ਨਾਨਕ ਵੇਖਿਆ। ਮੈਂ ਬਾਬਾ ਨਾਨਕ ਵੇਖਿਆ ਮੈਂ ਬਾਬਾ ਨਾਨਕ ਵੇਖਿਆ ਸੁਪਨੇ ਵਿੱਚ ਨਾਨਕ ਵੇਖਿਆ। ਭੁੱਲਿਆ ਨੂੰ ਰਾਹੇ ਪਾਉਂਦਾ ਮੈਂ ਸਤਿਗੁਰ ਨਾਨਕ ਵੇਖਿਆ। ਮੈਂ ਬਾਬਾ ਨਾਨਕ ਵੇਖਿਆ ਮੈਂ ਬਾਬਾ ਨਾਨਕ ਵੇਖਿਆ ਸੁਪਨੇ ਵਿੱਚ ਨਾਨਕ ਵੇਖਿਆ। ਕੁੱਝ 'ਬੱਬੀ' ਨੂੰ ਸਮਝਾਉਂਦਾ ਮੈਂ ਸਤਿਗੁਰ ਨਾਨਕ ਵੇਖਿਆ। ਮੈਂ ਬਾਬਾ ਨਾਨਕ ਵੇਖਿਆ

14. ਉਠੋ ਓਏ ਕਲਮਾਂ ਵਾਲਿਓ

ਉਠੋ ਓਏ ਕਲਮਾਂ ਵਾਲਿਓ। ਜਾਗੋ ਓਏ ਕਲਮਾਂ ਵਾਲਿਓ। ਅੱਜ ਮੰਗੋ ਤੁਸੀਂ ਜਵਾਬ।। ਆਹ ਨਸ਼ਾ ਕੌਣ ਪਏ ਵੇਚਦੇ। ਇਨ੍ਹਾਂ ਦਾ ਕੌਣ ਨਵਾਬ।। ਅੱਜ ਕਿਉਂ ਉੱਜੜਦਾ ਜਾ ਰਿਹੈ। ਮੇਰਾ ਘੁੱਗ ਵਸਦਾ ਪੰਜਾਬ।। ਕੌਣ ਵੋਟਾਂ ਵੇਲੇ ਵੰਡਦੈ। ਹਰ ਘਰ ਦੇ ਵਿੱਚ ਸ਼ਰਾਬ।। ਅੱਜ ਕਿਉਂ ਨਸ਼ਾ ਨਹੀਂ ਰੁਕ ਰਿਹਾ। ਇਹਦਾ ਹਾਕਮ ਦਵੇ ਹਿਸਾਬ। ਇਹਦਾ ਹਾਕਮ ਦਵੇ ਹਿਸਾਬ।।

15. ਪਿਤਾ ਬਨਾਮ

(*ਪਿਤਾ ਨੂੰ ਸਮਰਪਿਤ ਹੈ ਮੇਰੀ ਇਹ ਰਚਨਾ*) ਸਿਫਤ ਮਾਂ ਦੀ ਕਰਦਾ ਏ ਹਰ ਕੋਈ ਕੋਈ ਵਿਰਲਾ ਹੀ ਪਿਓ ਦੀ ਗੱਲ ਕਰਦਾ ਘਰ ਸਾਂਭਦੀ ਸਾਰਾ ਹੀ ਮਾਂ ਬੇਸ਼ੱਕ ਹੁੰਦਾ ਫਿਕਰ ਪਿਉ ਨੂੰ ਵੱਧ ਘਰਦਾ ਕਿਸੇ ਚੀਜ ਦੀ ਘਰ ਵਿੱਚ ਲੋੜ ਹੋਵੇ ਕਿਥੋਂ ਆਵੇਗੀ ਪਿਤਾ ਹੀ ਜਾਣਦਾ ਏ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਮੌਜਾਂ ਬਾਪੂ ਦੇ ਸਿਰ ਹੀ ਮਾਣਦਾ ਏ ਹੋਵੇ ਸਿਰ ਤੇ ਬਾਪ ਦਾ ਹੱਥ ਜਿਸਦੇ ਉਹ ਨਹੀਂ ਕਿਸੇ ਦੀ ਕੋਈ ਪਰਵਾਹ ਕਰਦਾ ਸਿਰ ਤੇ ਬਾਪੂ ਦੇ ਕਰੇ ਉਹ ਮਨ ਆਈਆਂ ਲੋਕੀਂ ਕਹਿਣ ਉਹ ਉਡਦੀਆਂ ਹੈ ਫੜਦਾ ਸਾਇਆ ਬਾਪ ਦਾ ਸਿਰੋਂ ਜਦ ਉਠ ਜਾਵੇ ਪਤਾ ਫੇਰ ਜਮਾਨੇ ਦਾ ਲੱਗਦਾ ਏ ਫਿਰ ਯਾਦ ਆਉਂਦੀ ਦਿਨ ਬੀਤਿਆਂ ਦੀ 'ਬੱਬੀ' ਫੇਰ ਪਿਓ ਨਹੀਂ ਲੱਭਦਾ ਏ

16. ਕੁਦਰਤ

ਇਹ ਤੇਰਾ ਫੈਸਲਾ ਸੀ, ਮੈਂ ਧਰਤ ਘੁੰਮ ਲਵਾਂ ਆਕਾਸ ਘੁੰਮ ਲਵਾਂ ਤੇ ਪਤਾਲ ਘੁੰਮ ਲਵਾਂ ਤੂੰ ਖੁੱਲ ਕੇ ਧਰਤ ਅਕਾਸ਼ ਤੇ ਪਤਾਲ ਘੁੰਮਿਆਂ ਮੈਂ ਤੈਨੂੰ ਰੋਕਿਆ ਨਹੀਂ। ਹੁਣ ਮੈਨੂੰ ਸਿਰਫ ਇਹ ਦੁਨੀਆਂ ਘੁੰਮ ਲੈਣ ਦੇ। ਐਨੇ ਵਿੱਚ ਹੀ ਤੰਗ ਹੋ ਗਿਐ। ਕਾਸ਼ ਤੂੰ ਵੀ ਐਨਾ ਅਵਾਰਾ ਘੁੰਮਣ ਤੋਂ ਪਹਿਲਾਂ ਸੋਚ ਲੈਂਦਾ ਤਾਂ ਸ਼ਾਇਦ ਮੈਂ ਇਹ ਦੁਨੀਆਂ ਘੁੰਮਣ ਦਾ ਵਿਚਾਰ ਛੱਡ ਦਿੰਦੀ।

17. ਬੇਵਸੀ

ਵਾਤਾਵਰਨ ਖੁਸ਼ਹਾਲ ਹੋ ਗਿਐ ਪਰ ਬੰਦਾ ਬੇਹਾਲ ਹੋ ਗਿਐ। ਸਭ ਕੁੱਝ ਹੁੰਦੇ ਹੋਏ ਵੀ ਵੇਖੋ ਕਿੰਝ ਬੰਦਾ ਕੰਗਾਲ ਹੋ ਗਿਐ।। ਵਾਤਾਵਰਨ.................... ਬੜੇ ਜਹਾਜ ਉਡਾਏ ਨੇ ਮੈਂ ਘਰ ਅੰਬਰ ਤੇ ਪਾਏ ਨੇ ਮੈਂ ਕਹਿੰਦੇ ਕਹਿੰਦੇ ਦੇਖੋ ਬੰਦਾ ਅੱਜ ਕਿੰਨਾ ਬਦਹਾਲ ਹੋ ਗਿਐ ਵਾਤਾਵਰਨ................... ਕੁਦਰਤ ਦੇ ਨਾਲ ਮੱਥਾ ਲਾ ਕੇ ਸਭ ਕੁੱਝ ਮੁੱਠੀ ਦੇ ਵਿੱਚ ਪਾ ਕੇ ਝੂਠਾ ਵਹਿਮ ਹੀ ਪਾਲ ਹੋ ਗਿਐ ਵਾਤਾਵਰਨ...................... ਦੁਨੀਆਂ ਦੀ ਰਫਤਾਰ ਵਧਾ ਕੇ ਅੰਬਰਾਂ ਉੱਤੇ ਟਾਕੀ ਲਾ ਕੇ ਖੁਦ ਤਾਂ ਮਾਲਾਮਾਲ ਹੋ ਗਿਐ ਵਾਤਾਵਰਨ...................... ਰੱਬ ਨੂੰ ਥੱਲੇ ਲਿਆਉਂਣ ਸੀ ਲੱਗੇ ਪਰ ਅੱਜ ਇਸ ਕੁਦਰਤ ਦੇ ਅੱਗੇ ਬੇਵੱਸ ਤੇ ਬੇਮਾਲ ਹੋ ਗਿਐ। ਵਾਤਾਵਰਨ...................... ਨਿੱਤ ਹੀ ਨਵੀਂ ਕਹਾਣੀ ਘੜਦਾ ਕਦੀ ਸੀ ਉਡਦੀਆਂ ਹੁੰਦਾ ਫੜਦਾ ਸਮਝਿਐਂ ਕੀ ਕਮਾਲ ਹੋ ਗਿਐ? ਵਾਤਾਵਰਨ...................... ਕਿਸੇ ਨੂੰ ਕੁੱਝ ਵੀ ਸਮਝ ਨਾ ਆਵੇ ਬੱਬੀ ਸਭ ਨੂੰ ਇਹ ਸਮਝਾਵੇ ਅੱਜ ਬੰਦਾ ਬੇਤਾਲ ਹੋ ਗਿਐ ਵਾਤਾਵਰਨ......................

18. ਸਫ਼ਰ-ਏ-ਜਿੰਦਗੀ

ਮੈਂ ਇੱਥੋਂ ਤੱਕ ਕਿਸਮਤ ਦੇ ਨਾਲ ਲੜ ਕੇ ਆਇਆਂ ਹਾਂ। ਰਸਤੇ ਦੀ ਹਰ ਔਖੀ ਪੌੜੀ ਚੜ੍ਹ ਕੇ ਆਇਆ ਹਾਂ। ਅੱਜ ਵੀ ਮੇਰੇ ਕੋਲ ਹਿਸਾਬ ਹੈ, ਮੇਰੀਆ ਪੀੜਾਂ ਦਾ ਮੈਂ ਦੁਨੀਆਂ ਨੂੰ ਬੇਹੱਦ ਨੇੜਿਓਂ ਪੜ੍ਹ ਕੇ ਆਇਆ ਹਾਂ। ਜਿੰਦਗੀ ਜੀਣ ਦਾ ਢੰਗ ਇਹ ਮੈਂਨੂੰ ਐਵੇਂ ਨਹੀਂ ਆਇਆ? ਕੁੱਝ ਪਲ ਮੈਂ ਕਿਸਮਤ ਦੇ ਕੋਲ ਵੀ ਖੜ੍ਹ ਕੇ ਆਇਆ ਹਾਂ। ਕੁੱਝ ਵੀ ਹੈ ਪਰ ਦਿਲ ਨੂੰ ਅੱਜ ਸਕੂਨ ਜਿਹਾ ਮਿਲਦੈ ਮੈੰ ਮਿਹਨਤ ਦੀ ਹਾਂਡੀ ਦੇ ਵਿੱਚ ਕੜ੍ਹ ਕੇ ਆਇਆ ਹਾਂ। "ਬੱਬੀ" ਤੂੰ ਵੀਂ ਯਾਦ ਰੱਖੀਂ ਉਸ ਬੀਤੇ ਵੇਲੇ ਨੂੰ ਇੱਥੋਂ ਤੱਕ ਤੂੰ ਕਿਸ ਕਿਸ ਦਾ ਹੱਥ ਫੜ੍ਹ ਕੇ ਆਇਆ ਹਾਂ।

19. ਇਸ ਵਾਰ ਇਲੈਕਸ਼ਨ ਤੋਂ ਪਹਿਲਾਂ

ਇਸ ਵਾਰ ਇਲੈਕਸ਼ਨ ਤੋਂ ਪਹਿਲਾਂ ਅਸੀਂ ਖੂਬ ਵਿਰੋਧੀ ਭੰਡਾਂਗੇ। ਅਸੀਂ ਭੇਡਾਂ ਦੀ ਉੱਨ ਲਾਹ ਕੇ ਫਿਰ ਭੇਡਾਂ ਨੂੰ ਕੰਬਲ ਵੰਡਾਂਗੇ। ਅਸੀਂ ਆਪਣੇ ਚੇਲੇ ਚਮਟਿਆਂ ਨੂੰ ਤਾਅ ਜ਼ਿੰਦਗੀ ਹੀ ਖੁਸ਼ ਰੱਖਣਾ ਏ। ਅਸੀਂ ਕੁੱਝ ਨਹੀਂ ਦੇਣਾ ਲੋਕਾਂ ਨੂੰ ਕਹਿ ਦਿਓ ਖਜ਼ਾਨਾ ਸੱਖਣਾ ਏ। ਹੱਕ ਮੰਗਣ ਵਾਲੇ ਲੋਕਾਂ ਨੂੰ ਅਸੀਂ ਡੰਡੇ ਨਾਲ ਦਬਾਵਾਂਗੇ। ਕੋਈ ਮੰਗੇਗਾ ਰੋਜ਼ਗਾਰ ਅਗਰ ਓਨੂੰ ਵੱਖਰਾ ਮਜ਼ਾ ਚਖਾਵਾਂਗੇ। ਅਸੀਂ ਮਾਲਿਕ ਇਸ ਖਜ਼ਾਨੇ ਦੇ ਜਿਥੋਂ ਆਪਣਾ ਟੈਕਸ ਅਦਾ ਕਰਨਾ। ਕੀ ਕਰੀਏ ਅਸੀਂ ਗਰੀਬੜੇ ਜਹੇ? ਅਸੀਂ ਪੇਟ ਟੱਬਰ ਦਾ ਹੈ ਭਰਨਾ । ਕਿਸੇ ਹੋਰ ਦੇ ਪਿੱਛੇ ਨਾ ਲੱਗਿਓ ਲੋਕੀਂ ਐਵੇਂ ਰੌਲਾ ਪਾਉਂਦੇ ਨੇ। ਓਹ ਝੂਠੀਆਂ ਸੱਚੀਆਂ ਗੰਢ ਕੇ ਤਾਂ ਐਂਵੇ ਜਨਤਾ ਨੂੰ ਭੜਕਾਉਂਦੇ ਨੇ। ਜਾਓ ਪੁੱਛ ਕੇ ਵੇਖੋ 'ਬੱਬੀ' ਨੂੰ ਜਿਨ੍ਹੇ ਸਾਡਾ ਸਾਥ ਨਿਭਾਇਆ ਏ। ਓਹਨੂੰ ਆਂਚ ਕਦੀ ਨਾ ਆਈ ਏ ਅਸੀਂ ਆਪਣਾ ਫ਼ਰਜ਼ ਨਿਭਾਇਆ ਏ।

20. ਮਾਂ ਤਾਂ ਆਖਿਰ ਮਾਂ ਹੁੰਦੀ ਐ

ਮਾਂ ਤਾਂ ਆਖਿਰ ਮਾਂ ਹੁੰਦੀ ਐ ਰੱਬ ਦਾ ਦੂਜਾ ਨਾਂਅ ਹੁੰਦੀ ਐ ਮਾਂ ਦੀ ਪੂਜਾ ਰੱਬ ਦੀ ਪੂਜਾ ਹਰ ਘਰ ਦੇ ਵਿੱਚ ਤਾਂ ਹੁੰਦੀ ਐ ਮਾਂ ਤਾਂ ਆਖਿਰ...... ਮਾਂ ਬੱਚਿਆਂ ਨੂੰ ਲਾਡ ਲਡਾਵੇ ਗਿੱਲਿਓਂ ਚੁੱਕ ਕੇ ਸੁੱਕੇ ਪਵੇ ਸਰਦੀ ਦੇ ਵਿੱਚ ਨਿੱਘ ਪਿਆਰ ਦਾ ਤੱਪਦੀ ਧੁੱਪ ਚ ਛਾਂ ਹੁੰਦੀ ਐ ਮਾਂ ਤਾਂ ਆਖਿਰ................... ਸੱਚ ਹੀ ਆਖਣ ਲੋਕ ਸਿਆਣੇ ਬੱਚਿਆਂ ਦਾ ਦੁੱਖ ਮਾਂ ਹੀ ਜਾਣੇ ਕੁੱਝ ਵੀ ਇਸ ਤੋਂ ਮੰਗ ਕੇ ਵੇਖੋ ਇਸ ਕੋਲੋਂ ਨਾ ਨਾਂਹ ਹੁੰਦੀ ਐ ਮਾਂ ਤਾਂ ਆਖਿਰ.............. ਜਿਸ ਘਰ ਮਾਂ ਜਿਹਾ ਦੀਵਾ ਜਗਦੈ ਮਾਂ ਬਿਨ ਓਹੀ ਸੁੰਨਾ ਲਗਦੈ ਬੱਬੀ ਨੂੰ ਕੋਈ ਪੁੱਛ ਕੇ ਵੇਖੇ ਮਾਂ ਹੀ ਰੱਬ ਦੀ ਥਾਂ ਹੁੰਦੀ ਐ ਮਾਂ ਤਾਂ ਆਖਿਰ..............

21. ਨਾਨਕ ਮੱਤਾ ਨਾਨਕ ਲਾਮਾ

ਨਾਨਕ ਮੱਤਾ ਨਾਨਕ ਲਾਮਾ ਨਾਨਕ ਨਾਮ ਫਕੀਰ । ਕੁੱਲ ਦੁਨੀਆਂ ਦਾ ਰਾਹ ਦਸੇਰਾ ਮਾਤਰ ਇੱਕ ਸ਼ਰੀਰ। ਬਚਪਨ ਦੇ ਵਿੱਚ ਜਾ ਪਾਂਧੇ ਕੋਲ ਇੱਕ ਓਂਕਾਰ ਸਿਖਾਇਆ। ਕਾਇਨਾਤ ਨੂੰ ਦਸਿਆ ਉਸਨੇ ਸਤਿਗੁਰੂ ਦੀ ਤਸਵੀਰ। ਦੁਨੀਆਂ ਉਸ ਨੂੰ ਰੱਬ ਕਹਿੰਦੀ ਪਰ ਉਹ ਨਾ ਮੂੰਹੋਂ ਆਖੇ। ਖੁਦ ਨੂੰ ਦੱਸੇ ਦੁਨੀਆਂ ਅੱਗੇ ਉਹ ਨਾਨਕੀ ਦਾ ਵੀਰ। ਤਰਕ ਤੱਥ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਸਮਝਾਵੇ। ਮਲਕ ਭਾਗੋ ਤੇ ਭਾਈ ਲਾਲੋ ਵਿੱਚ, ਖਿੱਚੀ ਉਸ ਲਕੀਰ। ਮੋਦੀ ਖਾਨੇ ਦੇ ਵਿੱਚ ਬਹਿ ਕੇ ਤੇਰਾਂ ਤੇਰਾਂ ਤੋਲੇ ਪਾਈ ਪਾਈ ਦਾ ਹਿਸਾਬ ਵਿਖਾਇਆ, ਪੁਛਿਆ ਜਦੋਂ ਵਜੀਰ। ਮੱਕੇ ਅੰਦਰ ਬਹਿ ਕੇ ਉਸਨੇ ਸਭ ਦੀ ਸੋਚ ਘੁੰਮਾਈ। 'ਬੱਬੀ' ਉਸਦੀ ਇੱਕ ਵੀ ਝੂਠੀ ਨਿਕਲੀ ਨਾ ਤਕਰੀਰ। ਨਾਨਕ ਮੱਤਾ ਨਾਨਕ ਲਾਮਾ ਨਾਨਕ ਨਾਮ ਫਕੀਰ । ਕੁੱਲ ਦੁਨੀਆਂ ਦਾ ਰਾਹ ਦਸੇਰਾ ਮਾਤਰ ਇੱਕ ਸ਼ਰੀਰ।

22. ਢਾਹ ਸਕਿਆ ਨਾ ਜਿਨੂੰ ਕੋਈ ਸੂਰਮਾ

ਢਾਹ ਸਕਿਆ ਨਾ ਜਿਨੂੰ ਕੋਈ ਸੂਰਮਾ ਵੈਰੀ ਨੇ ਉਨੂੰ ਕਿਵੇਂ ਢਾਹ ਲਿਆ ਚਿਟਾ ਖਾ ਗਿਆ ਜਵਾਨੀ ਮੇਰੇ ਦੇਸ਼ ਦੀ ਤੇ ਲੀਡਰਾਂ ਨੇ ਦੇਸ਼ ਖਾ ਲਿਆ ਚਿੱਟਾ............ ਪੁੱਤ ਆਪਣੇ ਜਵਾਨ ਹੱਥੀ ਤੋਰਕੇ ਤੇ ਵੇਖੋ ਮਾਵਾਂ ਵੈਣ ਪਾਉਂਦੀਆ ਰੋਰੋ ਹੋ ਗਈਆਂ ਬੇਹਾਲ ਅੱਖੀਂ ਵੇਖੀਆਂ ਉਹ ਉੱਚੀ ਉੱਚੀ ਕੁਰਲਾਉਂਦੀਆ ਜੀਣ ਜੋਗੀਆਂ ਨਾ ਰਹੀਆਂ ਉਹ ਜੱਗ ਤੇ ਵਿਛੋੜ ਵਾਲਾ ਰੋਗ ਲਾ ਲਿਆ ਚਿੱਟਾ............ ਚੰਦ ਚਾਂਦੀ ਦੀਆਂ ਛਿੱਲੜਾਂ ਦੇ ਵਾਸਤੇ ਜੋ ਘਰ ਦੂਜੇ ਦਾ ਉਜਾੜਦੇ। ਜਦੋਂ ਲੱਗਦੀ ਹੈ ਅੱਗ ਘਰ ਆਪਣੇ ਕੰਧਾਂ ਚ ਫਿਰ ਸਿਰ ਮਾਰਦੇ ਪਿਛੋਂ ਰੋਂਦੇ ਨੇ ਉਹ ਯਾਦ ਕਰ ਕਰਕੇ ਜੋਂ ਹੱਥੀ ਵਕਤ ਲੰਘਾ ਲਿਆ ਚਿੱਟਾ............ ਸੁੱਤੇ ਹਾਕਮ ਪਏ ਨੇ ਤਾਣ ਲੰਮੀਆਂ ਨਾ ਇਦੇ ਬਾਰੇ ਕੁੱਝ ਬੋਲਦੇ ਉਹ ਤਾਂ ਆਪ ਵੀ ਵਪਾਰ ਇਹੋ ਕਰਦੇ ਵਪਾਰ ਵਿੱਚੋਂ ਨਫਾ ਟੋਲਦੇ ਗੱਲਾਂ ਸੱਚੀਆਂ ਸੁਣਾਉਦਾ *ਬੱਬੀ* ਸੁਣ ਲਓ ਵਪਾਰ ਇਨ੍ਹਾਂ ਨੇ ਬਣਾ ਲਿਆ ਚਿੱਟਾ............

23. ਨੰਨੀਆਂ-2 ਜਾਨਾਂ

ਜੇ ਧਰਤੀ ਤੇ ਹੋਂਦ ਬਚਾਉਣੀ ਚਾਹੁੰਦੇ ਹੋ ਇਨਸਾਨਾਂ ਦੀ ਕੁਖਾਂ ਦੇ ਵਿਚ ਕਰੋ ਹਿਫਾਜ਼ਤ ਨੰਨੀਆਂ-2 ਜਾਨਾਂ ਦੀ ਕਿਓਂ ਕੁਦਰਤ ਦੇ ਕੰਮਾਂ ਦੇ ਵਿਚ ਲਤ ਫਸਾਈ ਜਾਂਦੇ ਹੋ ਕਿਓਂ ਨਿਜ ਖਾਤਰ ਸ਼ਕਲ ਧਾਰਕੇ ਬਹਿ ਗਏ ਹੋ ਹੈਵਾਨਾ ਦੀ ਇੱਜਤ ਮਾਣ ਦਿਓ ਸਭ ਇਸਨੂੰ ਜਿਸਨੇ ਜਗ ਚਲਾਉਣਾ ਏ ਛੱਡੋ ਕਰਨੀ ਪੂਜਾ ਲੋਕੋ ਪਥਰ ਦੇ ਭਗਵਾਨਾਂ ਦੀ ਜੇ ਧੀਆਂ ਨੂੰ ਕੁਖਾਂ ਅੰਦਰ ਏਦਾਂ ਹੀ ਮਾਰੀ ਜਾਓਗੇ ਧਰਤੀ ਉੱਤੇ ਵਧ ਜਾਵੇਗੀ ਇਕ ਦਿਨ ਹੋਂਦ ਸ਼ੈਤਾਨਾਂ ਦੀ ਬੱਬੀ ਵਾਗੂੰ ਤੁਸੀਂ ਵੀ ਜੇਕਰ ਧੀਆਂ ਨੂੰ ਸਤਿਕਾਰੋਗੇ ਫਿਰ ਨਾ ਰਹਿਣੀ ਲੋੜ ਤੁਹਾਨੂੰ ਬਾਬਿਆਂ ਦੇ ਵਰਦਾਨਾ ਦੀ

24. ਅਫ਼ਸੋਸ

ਰਵੀਦਾਸ ਤੇਰੇ ਸੁਪਨਿਆਂ ਦਾ ਭਾਰਤ ਅੱਜ ਵੀ ਨਹੀਂ ਬਣਿਆ ਇਸ ਗੱਲ ਦਾ ਅਫ਼ਸੋਸ ਤਾਂ ਦਿਲ ਨੂੰ ਰਹਿਣੈ ਹੀ ਰਹਿਣੈ। ਜਦ ਤੱਕ ਇਸ ਧਰਤੀ ਤੇ ਸਭ ਨੂੰ ਅੰਨ ਨਹੀਂ ਮਿਲਦਾ ਅਸੀਂ ਉਲਾਹਮਾ ਸਰਕਾਰਾਂ ਨੂੰ ਦਿੰਦੇ ਹੀ ਰਹਿਣੈ। ਤੂੰ ਜਿਨ੍ਹਾਂ ਦੀ ਖਾਤਰ ਆਪਣੀ ਜਿੰਦਗੀ ਵਾਰ ਦਿੱਤੀ ਉਹਨਾਂ ਤੇਰੀ ਬਾਣੀ ਪੜ ਗੰਗਾ ਵਿੱਚ ਤਾਰ ਦਿੱਤੀ ਕੁਝ ਤਾਂ ਕਹਿੰਦੇ ਅਸੀਂ ਕੀ ਤੇਰੀ ਬਾਣੀ ਤੋਂ ਲੈਣੈ ਇਸ ਗੱਲ ਦਾ ਅਫ਼ਸੋਸ ਤਾਂ ਦਿਲ ਨੂੰ ਰਹਿਣੈ ਹੀ ਰਹਿਣੈ ਤੂੰ ਤਾਂ ਮੂਰਤੀ ਪੂਜਾ ਨੂੰ ਪਾਖੰਡ ਆਖਿਆ ਸੀ ਤੇਰੇ ਲੋਕਾਂ ਲਈ ਇਸ ਦੀ ਕੋਈ ਹੋਰ ਵਿਆਖਿਆ ਸੀ ਇਹ ਕਹਿੰਦੇ ਇਹ ਮੂਰਤੀਆਂ ਨੇ ਤਾਂ ਤਰਦੇ ਹੀ ਰਹਿਣੈ ਇਸ ਗੱਲ ਦਾ ਅਫ਼ਸੋਸ ਤਾਂ ਦਿਲ ਨੂੰ ਰਹਿਣੈ ਹੀ ਰਹਿਣੈ ਕਾਸ਼ ਕਿਤੇ ਤੇਰੇ ਲੋਕ ਸਮਝ ਲੈਣ ਤੇਰੀ ਬਾਣੀ ਨੂੰ। ਫਿਰ ਨਾ ਕਹਿਣਗੇ ਚਰਨਾਮਤ ਇਹ ਗੰਦੇ ਪਾਣੀ ਨੂੰ। ਬੱਬੀ ਨੇ ਤਾਂ ਆਪਣੀ ਗੱਲ ਨੂੰ ਕਹਿੰਦੇ ਹੀ ਰਹਿਣੈ ਇਸ ਗੱਲ ਦਾ ਅਫ਼ਸੋਸ ਤਾਂ ਦਿਲ ਨੂੰ ਰਹਿਣੈ ਹੀ ਰਹਿਣੈ

25. ਆਜਾਦੀ ਦਿਵਸ

ਕੀਤੀਆਂ ਸੀ ਜਿਸ ਦੇ ਲਈ ਲੱਖਾਂ ਕੁਰਬਾਨੀਆਂ ਅੱਜ ੳਹ ਆਜ਼ਾਦੀ ਕਿਤੇ ਲੱਭਿਆਂ ਨਾ ਲੱਭਦੀ ਗੋਰਿਆਂ ਤੋਂ ਬਾਅਦ ਹਾਂ ਗੁਲਾਮ ਹੋਏ ਕਾਲਿਆਂ ਦੇ ਇੱਕੋ ਗੱਲ ਕਹਿੰਦੀ ਏ ਜੁਬਾਨ ਏਥੇ ਸਭ ਦੀ ਗੋਰਿਆਂ ਤੋਂ ਹੋਏ ਸੀ ਆਜ਼ਾਦ ਸੰਤਾਲੀ 'ਚ ਹੁਣ ਤਾਂ ਮੰਡੀਰ ਇਨ੍ਹਾਂ ਕਾਲਿਆਂ ਦੀ ਦੱਬਦੀ ਕਾਲਿਆਂ ਤੋਂ ਔਖੀ ਏ ਆਜਾਦੀ ਮੇਰੇ ਦੋਸਤੋ ਬਿਨਾ ਸ਼ੱਕ ਕਰ ਲਵੋ ਪੂਜਾ ਕਿਸੇ ਰੱਬ ਦੀ ਇਨ੍ਹਾਂ ਨੂੰ ਫਿਕਰ ਕਿਥੇ ਝੁੱਗੀ ਦੇ ਬਸ਼ਿੰਦਿਆਂ ਦੀ ਫਿਕਰ ਇਨ੍ਹਾਂ ਨੂੰ ਰਹਿੰਦੀ ਆਪਣੀ ਹੀ "ਡੱਬ" ਦੀ ਬਚਣਾ ਜੇ ਚਾਹੁੰਦੈ "ਬੱਬੀ" ਤੂੰ ਵੀ ਗੱਲ ਸੁਣ ਲੈ ਲੈ ਲੈ ਸ਼ਰਣ ਕਿਸੇ ਡੇਰੇ ਵਾਲੇ ਰੱਬ ਦੀ ਕੀਤੀਆਂ ਸੀ ਜਿਸ ਦੇ ਲਈ ਲੱਖਾਂ ਕੁਰਬਾਨੀਆਂ ਅੱਜ ੳਹ ਆਜ਼ਾਦੀ ਕਿਤੇ ਲੱਭਿਆਂ ਨਾ ਲੱਭਦੀ।

26. ਭਗਤ ਸਿੰਘ ਦੀ ਸੋਚ

ਭਗਤ ਸਿਆਂ ਤੇਰੀ ਸੋਚ ਨੂੰ ਅੱਜ ਤੱਕ ਪਿਆ ਨਾ ਬੂਰ। ਇੱਥੇ ਕੁੱਤੇ ਖਾਣ ਜਲੇਬੀਆਂ ਅਤੇ ਮਿਹਨਤਕਸ਼ ਮਜਬੂਰ ।। ਭਗਤ ਸਿਆਂ ਇਸ ਦੇਸ਼ ਲਈ ਇੱਕ ਤੇਰੀ ਸੋਚ ਸੀ ਹੋਰ। ਤੂੰ ਦੱਸ ਕਦੋਂ ਸੀ ਸੋਚਿਆ? ਇੱਥੇ ਰਾਜ ਕਰਨਗੇ ਚੋਰ।। ਭਗਤ ਸਿਆਂ ਤੇਰੀ ਸੋਚ ਦਾ ਅਜੇ ਹੋਇਆ ਨਾ ਵਿਸਥਾਰ। ਆ ਵੇਖ ਤੇਰੇ ਕਿੰਝ ਬਾਗ ਨੂੰ ਅੱਜ ਗਾਲ੍ਹੜ ਰਹੇ ਉਜਾੜ।। ਭਗਤ ਸਿਆਂ ਇਸ ਦੇਸ਼ ਨੂੰ ਅੱਜ ਫਿਰ ਤੇਰੀ ਪਈ ਲੋੜ। ਤੂੰ ਆ, ਤੇ ਆਕੇ ਕੱਢਜਾ ਇੱਥੋਂ ਜਾਤੀਵਾਦ ਦਾ ਕੋੜ੍ਹ।। ਭਗਤ ਸਿਆਂ ਤੇਰੀ ਸੋਚ ਨੂੰ ਬੱਬੀ*ਲੱਖ-ਲੱਖ ਕਰੇ ਸਲਾਮ। ਤੂੰ ਭਾਰਤ ਦੇਸ਼ ਦੇ ਵਾਸਤੇ ਪੀ ਲਿਆ ਮੌਤ ਦਾ ਜਾਮ।।

27. ਰੱਬ ਨਾਲ ਗੱਲਾਂ

ਭਗਵਾਨ ਤੇਰੀ ਹੋਂਦ ਤੇ ਪਹਿਲਾਂ ਮੈਨੂੰ ਸ਼ੱਕ ਸੀ, ਪਰ ਹੁਣ ਯਕੀਨ ਹੋ ਗਿਐ, ਕਿ ਤੇਰੀ ਕੋਈ ਹੋਂਦ ਹੈ ਹੀ ਨਹੀਂ ਕਿਉਂਕਿ ਜੇਕਰ ਸੱਚਮੁੱਚ ਤੇਰੀ ਕੋਈ ਹੋਂਦ ਹੁੰਦੀ, ਤਾਂ ਤੂੰ ਬਚਾ ਲੈਣਾ ਸੀ ਉਸ ਆਸ਼ਿਫਾ ਨੂੰ ਤੇ ਉਸਦੇ ਵਰਗੀਆਂ ਕਈ ਹੋਰ ਮਾਸੂਮ ਬੱਚੀਆਂ ਨੂੰ। ਪਰ ਕਿਉਂਕਿ ਤੈਨੂੰ ਤਾਂ ਸਿਰਜਿਐ ਇਨ੍ਹਾਂ ਹਵਸ ਦੇ ਸ਼ਿਕਾਰੀਆਂ ਨੇ। ਬਣਾਇਐ ਤੇਰਾ ਵਜੂਦ ਆਪਣੀ ਲੋੜ ਮੁਤਾਬਿਕ। ਇਸ ਲਈ ਤੂੰ ਕੁਝ ਨਹੀਂ ਸੀ ਕਰ ਸਕਦਾ, ਕਿਉਂਕਿ ਤੂੰ ਇੱਕ ਪੱਥਰ ਦੀ ਮੂਰਤ ਤੋਂ ਵੱਧ ਹੋਰ ਕੁਝ ਨਹੀਂ। ਜੇ ਸੱਚ ਮੁੱਚ ਤੇਰੀ ਕੋਈ ਹੋਂਦ ਹੈ, ਤਾਂ ਕਿਉਂ ਲੁਕਿਆ ਹੋਇਐ ਇੱਕ ਕਾਇਰ ਇਨਸਾਨ ਦੀ ਤਰ੍ਹਾਂ। ਸਜਾ ਕਿਉਂ ਨਹੀਂ ਦਿੰਦਾ ਇਨ੍ਹਾ ਬਲਾਤਕਾਰੀਆਂ ਨੂੰ, ਇਨ੍ਹਾਂ ਹੱਤਿਆਰਿਆਂ ਨੂੰ। ਪਰ ਨਹੀਂ ਤੂੰ ਕੁਝ ਨਹੀਂ ਕਰ ਸਕਦਾ ਕਿਉਂਕਿ ਤੂੰ ਇੱਕ ਪੱਥਰ ਤੋਂ ਵੱਧ ਹੋਰ ਕੁੱਝ ਨਹੀਂ। ਏਸੇ ਲਈ ਮੈਨੂੰ ਤੇਰੀ ਹੋਂਦ ਤੇ ਪਹਿਲਾਂ ਜੋ ਸ਼ੱਕ ਸੀ ਉਹ ਹੁਣ ਯਕੀਨ ਵਿੱਚ ਬਦਲ ਗਿਐ। ਕਿ ਤੇਰੀ ਕੋਈ ਹੋਂਦ ਹੈ ਹੀ ਨਹੀਂ ਤੇਰੀ ਕੋਈ ਹੋਂਦ ਹੈ ਹੀ ਨਹੀਂ.........

28. ਵਿਛੋੜਾ

ਪੋਹ ਦਾ ਮਹੀਨਾ ਉਤੋਂ ਕਾਲੀ ਬੋਲੀ ਰਾਤ ਸੀ। ਪੋਤਿਆਂ ਨੂੰ ਦਾਦੀ ਪਈ ਸੁਣਾਉਂਦੀ ਕੋਈ ਬਾਤ ਸੀ।। ਏਨੇ ਨੂੰ ਸੁਨੇਹਾ ਕਿਤੋਂ ਸੂਬੇ ਦਾ ਵੀ ਆ ਗਿਆ਼਼...... ਪਲਾਂ ਚ ਵਿਛੋੜਾ ਦਾਦੀ ਪੋਤਿਆਂ ਦਾ ਪਾ ਗਿਆ...... ਬੱਚਿਆਂ ਦੇ ਚਿਹਰੇ ਸੀ ਚਿਰਾਗ ਵਾਂਗੂੰ ਜਗਦੇ। ਆਣ ਕੇ ਖਲੋ ਗਏ ਸਾਹਵੇਂ ਮੋਮਣੇ ਜਿਹੇ ਠੱਗ ਦੇ। ਵੇਖ ਕੇ ਪਸੀਨਾ ਕਹਿੰਦੇ ਸੂਬੇ ਨੂੰ ਵੀ ਆ ਗਿਆ....... ਪਲਾਂ ਚ ਵਿਛੋੜਾ...................... ਨਿੱਕੇ ਨਿੱਕੇ ਬਾਲਾਂ ਨੇ ਜੈਕਾਰੇ ਆ ਕੇ ਬੋਲਤੇ। ਸੂਬਾ ਸਰਹੰਦ ਦੇ ਭੁਲੇਖੇ ਸਾਰੇ ਖੋਲਤੇ।। ਸਾਰੀ ਹੀ ਕਚਹਿਰੀ ਚ ਹਨੇਰਾ ਜਿਹਾ ਛਾ ਗਿਆ....... ਪਲਾਂ ਚ ਵਿਛੋੜਾ...................... ਬੱਚੇ ਕਹਿੰਦੇ ਅਸੀਂ ਲਾੜੀ ਮੌਤ ਨੂੰ ਵਿਆਹੁਣਾ ਏ। ਦਾਦਾ ਜੀ ਦੀ ਪੱਗ ਨੂੰ ਨਾ ਦਾਗ ਅਸਾਂ ਲਾਉਣਾ ਏ।। ਸੁਣ ਤਕਰਾਰ ਸੂਬਾ ਗੁੱਸੇ ਵਿੱਚ ਆ ਗਿਆ........ ਪਲਾਂ ਚ ਵਿਛੋੜਾ................. ਉੱਠ ਕੇ ਸੁਣਾਇਆ ਮੌਤ ਵਾਲਾ ਫਰਮਾਨ ਸੀ। ਛੋਟੀਆਂ ਸੀ ਜਿੰਦਾਂ ਭੋਰਾ ਡੋਲੇ ਨਾ ਇਮਾਨ ਸੀ।। ਬੱਬੀ ਵੇਖੋ ਤਾਹੀਓਂ ਸੀਸ ਉਨ੍ਹਾ ਨੂੰ ਝੁਕਾ ਗਿਆ..... ਪਲਾਂ ਚ ਵਿਛੋੜਾ ਦਾਦੀ ਪੋਤਿਆਂ ਦਾ ਪਾ ਗਿਆ

29. ਧੀਆਂ

ਫੁੱਲ ਨਹੀਂ.. ਤਲਵਾਰ ਬਣਾਓ ਧੀਆਂ ਨੂੰ । ਖੁਦ ਦੀਆਂ ਪਹਿਰੇਦਾਰ ਬਣਾਓ ਧੀਆਂ ਨੂੰ । ਆਪਣੇ ਪੈਰੀਂ ਆਪੇ ਖੜੀਆਂ ਹੋ ਜਾਵਣ । ਏਦਾਂ ਦੇ ਕਿਰਦਾਰ ਬਣਾਓ ਧੀਆਂ ਨੂੰ । ਇਹ ਦੁਨੀਆਂ ਦੀ ਸਿਰਜਣ ਹਾਰੀ ਨਾਰੀ ਏ । ਘਰ- ਘਰ ਦਾ ਸ਼ਿੰਗਾਰ ਬਣਾਓ ਧੀਆਂ ਨੂੰ । ਇਹਨਾਂ ਅੰਦਰ ਹੀਣ ਭਾਵਨਾ ਨਾ ਆਵੇ । ਏਨਾ ਜਿਆਦਾ ਪਿਆਰ ਜਤਾਓ ਧੀਆਂ ਨੂੰ । ਰੱਬ ਦੀ ਪੂਜਾ ਬੇਸ਼ਕ ਭਾਵੇਂ ਨਾ ਕਰਿਓ । ਪੂਜਾ ਦੀ ਹੱਕਦਾਰ ਬਣਾਓ ਧੀਆਂ ਨੂੰ । ਜੇ ਚਾਹੁੰਦੇ ਹੋ ਧੀ ਕੋਈ ਉੱਚਾ ਨਾਮ ਕਰੇ । ਖੁਸ਼ੀ ਖੁਸ਼ੀ ਸ਼ੰਸਾਰ ਵਿਖਾਓ ਧੀਆਂ ਨੂੰ । ਬੱਬੀ ਧੀਆਂ ਘਰ ਦੀ ਰੌਣਕ ਹੁੰਦੀਆਂ ਨੇ । ਨਾ ਕੁੱਖਾਂ ਵਿੱਚ ਮਾਰ ਮੁਕਾਓ ਧੀਆਂ ਨੂੰ । ਨਾ ਕੁੱਖਾਂ ਵਿਚ ਮਾਰ ਮੁਕਾਓ ਧੀਆਂ ਨੂੰ । ਨਾ ਕੁੱਖਾਂ ਵਿਚ ਮਾਰ ਮੁਕਾਓ ਧੀਆਂ ਨੂੰ । ਫੁੱਲ ਨਹੀਂ... ਤਲਵਾਰ ਬਣਾਓ ਧੀਆਂ ਨੂੰ । ਖੁੱਦ ਦੀਆਂ ਪਹਿਰੇਦਾਰ ਬਣਾਓ ਧੀਆਂ ਨੂੰ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ