Punjabi Ghazals : Amardeep Sandhawalia

ਪੰਜਾਬੀ ਗ਼ਜ਼ਲਾਂ : ਅਮਰਦੀਪ ਸੰਧਾਵਾਲੀਆ



1. ਉਨ੍ਹੇ ਲਛਮਣ ਰੇਖਾ ਨੂੰ ਪਾਰ

ਉਨ੍ਹੇ ਲਛਮਣ ਰੇਖਾ ਨੂੰ ਪਾਰ ਤਾਂ ਕਰਨਾ ਹੀ ਕਰਨਾ ਸੀ। ਨਹੀਂ ਲੰਕਾ ਕਿਵੇਂ ਸੜਦੀ, ਕਿਵੇਂ ਰਾਵਣ ਨੇ ਮਰਨਾ ਸੀ। ਵਸਲ ਨੂੰ ਤਾਂਘਦੇ ਉਹ ਪਲ ਜੁਗੋ ਜੁਗ ਮਹਿਕਦੇ ਰਹਿਣੇ, ਜਦੋਂ ਕੱਚਾ ਘੜਾ ਸੀ ਕੋਲ ਤੇ ਦਰਿਆ ਵੀ ਤਰਨਾ ਸੀ। ਮੁਹੱਬਤ ਦੇ ਨਗਰ ਵਿਚ ਰਹਿਣ ਦੀ ਕੀਮਤ ਕੀ ਪੁੱਛਦੇ ਹੋ, ਦਿਨੇ ਰਾਤੀਂ ਪਿਆ ਮੈਨੂੰ ਤਲੀ 'ਤੇ ਸੀਸ ਧਰਨਾ ਸੀ। ਸ਼ਿਕਾਇਤ ਇਹ ਨਹੀਂ ਤੂੰ ਤੋੜਿਆ ਕਿਉਂ ਦਿਲ ਦੀਵਾਨੇ ਦਾ, ਗਿਲਾ ਹੈ ਪਿਆਰ ਕਿਉਂ ਕੀਤਾ ਜ਼ਮਾਨੇ ਤੋਂ ਜੇ ਡਰਨਾ ਸੀ। ਕਿਸੇ ਦੇ ਨਾਲ ਤੈਨੂੰ ਸੈਰ ਕਿੰਜ ਲੱਗੀ ਪਹਾੜਾਂ ਦੀ, ਕਿਵੇਂ ਲੱਗਿਆ ਕਦੇ ਤੱਕਿਆ ਜੋ ਮੇਰੇ ਨਾਲ ਝਰਨਾ ਸੀ। ਕਥਾ ਅਪਣੀ 'ਚੋਂ ਜਿਹੜੀ ਚੀਜ਼ ਨੂੰ ਮੁੜ ਮੁੜ ਮੈਂ ਪੜ੍ਹਦਾ ਹਾਂ, ਇਹ ਉਹ ਖ਼ਾਲੀ ਜਗ੍ਹਾ ਹੈ ਜਿਸ 'ਚ ਤੇਰਾ ਨਾਮ ਭਰਨਾ ਸੀ।

2. ਹਵਾ ਦਾ ਕੀ, ਕਦੇ ਵਗਦੀ

ਹਵਾ ਦਾ ਕੀ, ਕਦੇ ਵਗਦੀ, ਕਦੇ ਉਹ ਬੰਦ ਹੋ ਜਾਏ, ਵਿਚਾਰਾ ਬਿਰਖ਼ ਉਸਦੇ ਹੁਕਮ ਦਾ ਪਾਬੰਦ ਹੋ ਜਾਏ। ਕਦੇ ਮੈਂ ਵੇਖ ਜਿਸਨੂੰ ਚੰਦ ਖੁਣਵਾਇਆ ਸੀ ਮੱਥੇ ‘ਤੇ, ਸਦਾ ਇਕਰਾਰ ਕਰਕੇ ਈਦ ਦਾ ਉਹ ਚੰਦ ਹੋ ਜਾਏ। ਨਿਭੇਗੀ ਖ਼ੂਬ ਜੇ ਥੋੜੀ ਕੁ ਮੈਨੂੰ ਸੂਝ ਆ ਜਾਵੇ, ਤੇ ਜਾਂ ਥੋੜਾ ਜਿਹਾ ਪਾਗ਼ਲ ਉਹ ਦਾਨਿਸ਼ਮੰਦ ਹੋ ਜਾਏ। ਕਿਵੇਂ ਮੰਜ਼ਿਲ ‘ਤੇ ਪਹੁੰਚਣਗੇ ਜੋ ਕਹਿੰਦੇ ਤੁਰਨ ਤੋਂ ਪਹਿਲਾਂ, ਜ਼ਰਾ ਠਹਿਰੋ ਕਿ ਅਗਲੀ ਰਾਤ ਦਾ ਪ੍ਰਬੰਧ ਹੋ ਜਾਏ। ਮੇਰਾ ਦਿਲਬਰ ਤਾਂ ਯਾਰੋ ਹੂ ਬ ਹੂ ਹੈ ਈਸ਼ਵਰ ਵਰਗਾ, ਕਦੇ ਉਹ ਨੂਰ ਹੋ ਜਾਏ ਕਦੇ ਆਨੰਦ ਹੋ ਜਾਏ।

3. ਉਹ ਮਾਰਦੇ ਨੇ ਝੂਠ

ਉਹ ਮਾਰਦੇ ਨੇ ਝੂਠ ਕਿ ਉਹ ਮਛਲੀਆਂ ਦੇ ਨਾਲ ਨੇ। ਉਹ ਤਾਂ ਧਰੀ ਫਿਰਦੇ ਹਮੇਸ਼ਾ ਮੋਢਿਆਂ ‘ਤੇ ਜਾਲ ਨੇ। ਪੰਛੀ ਵੀ ਉਸਦੇ ਸ਼ਹਿਰ ਦੇ ਉਸ ਤੋਂ ਮੁਤਾਸਿਰ ਨੇ ਬੜੇ, ਹੁਣ ਪਿੰਜਰੇ ਸੋਨੇ ਦੇ ਕਿਧਰੇ ਉਹ ਵੀ ਲੈਂਦੇ ਭਾਲ ਨੇ। ਸੁਣਿਐ ਕਿਸੇ ਦੇ ਨਾਲ ਫਿਰ ਉਹ ਬੇਵਫ਼ਾਈ ਕਰ ਗਏ, ਅਫ਼ਸੋਸ ਹੈ ਉਹ ਕਿਸ ਤਰ੍ਹਾਂ ਦਾ ਸ਼ੌਕ ਬੈਠੇ ਪਾਲ ਨੇ। ਬੱਸ ਕੁਝ ਕੁ ਠਹਿਰੇ ਪਲ ਜੋ ਤੇਰੇ ਨਾਲ ਮਾਣੇ ਸੀ ਕਦੇ, ਉਹ ਪਲ ਹੀ ਮੇਰੇ ਵਾਸਤੇ ਸਭ ਦਿਨ ਮਹੀਨੇ ਸਾਲ ਨੇ। ਮੁੜ-ਘੁੜ ਕੇ ਕੰਧਾਂ ਨਾਲ ਦੁੱਖ ਸੁਖ ਨਾ ਕਰਾਂ ਤਾਂ ਕੀ ਕਰਾਂ, ਕਿਸ ਕੰਮ ਨੇ ਘਰ ਮਰਮਰੀ, ਰੀਝਾਂ ਜੇ ਖ਼ਸਤਾ ਹਾਲ ਨੇ। ਕੁਝ ਬੇਰੁਖ਼ੀ ਉਸਦੀ ‘ਅਮਰ’ ਨੂੰ ਜੀਣ ਤੋਂ ਹੈ ਰੋਕਦੀ, ਕੁਝ ਲੋਕ ਉਸਦੇ ਸ਼ਹਿਰ ਦੇ ਜੀ ਦਾ ਬਣੇ ਜੰਜਾਲ਼ ਨੇ।