Punjabi Poetry : Sarabjit Kaur Hajipur

ਪੰਜਾਬੀ ਕਵਿਤਾਵਾਂ : ਸਰਬਜੀਤ ਕੌਰ ਹਾਜੀਪੁਰਮੈਂ ਕਵਿਤਾ ਹਾਂ...

ਹਾਂ ਮੈਂ ਕਵਿਤਾ ਹਾਂ ਬਿਖਰਦੀ ਹਾਂ,ਸੰਵਰਦੀ ਹਾਂ ਉਲਝਦੀ ਹਾਂ,ਸੁਲਝਦੀ ਹਾਂ ਕਦੇ ਸੁਣਦੀ ਹਾਂ, ਕਦੇ ਕਹਿੰਦੀ ਹਾਂ ਮੈਂ ਹਸਦੀ ਹਾਂ, ਰੋ ਪੈਂਦੀ ਹਾਂ ਮੈਂ ਕਵਿਤਾ ਹਾਂ... ਮੈਂ ਹਵਾ ਹਾਂ,ਮੈਂ ਟਾਹਣੀ ਹਾਂ ਮੈਂ ਮਿੱਟੀ ਹਾਂ,ਮੈਂ ਪਾਣੀ ਹਾਂ ਮੈਂ ਗੋਲੀ ਨਹੀਂ, ਮੈਂ ਰਾਣੀ ਪਟਰਾਣੀ ਹਾਂ ਮਹਾਰਾਣੀ ਹਾਂ ਮੈਂ ਕੋਝੀ ਨਹੀਂ, ਸਿਆਣੀ ਹਾਂ ਮੈਂ ਕਵਿਤਾ ਹਾਂ.... ਮੈਂ ਕੱਖ ਨਹੀਂ ,ਮੈਂ ਲੱਖ ਹਾਂ ਮੈਂ ਮੱਥੇ ਤੇ ਲਟਕਦੀ ਲਟ ਹਾਂ ਮੈਂ ਸੁਰਮੇ ਲੱਦੀ ਅੱਖ ਹਾਂ ਮੈਂ ਝੂਟੇ ਖਾਂਦਾ ਲੱਕ ਹਾਂ ਮੈਂ ਕਵਿਤਾ ਹਾਂ...... ਮੈਂ ਪ੍ਰੀਤ  ਹਾਂ, ਸੰਗੀਤ ਹਾਂ ਮੈਂ ਸਾਜ਼ ਹਾਂ, ਮੈਂ ਗੀਤ ਹਾਂ ਰਿਵਾਜ ਹਾਂ,ਮੈਂ ਰੀਤ ਹਾਂ ਮੈਂ ਕੋਸੀ ਹਾਂ,ਮੈਂ ਸੀਤ ਹਾਂ ਮੈਂ ਸ਼ਾਂਤ ਹਾਂ,ਮੈਂ ਸ਼ੋਰ ਹਾਂ ਮੈਂ ਫੁੱਲ ਹਾਂ ਮੈਂ ਥੋਰ੍ਹ ਹਾਂ ਮੈਂ  ਕਿਸੇ ਪਤੰਗ  ਦੀ ਡੋਰ ਹਾਂ, ਮੈਂ ਕਿਸੇ ਚੰਦ ਦੀ ਚਕੋਰ ਹਾਂ... ਮੈਂ ਕਵਿਤਾ ਹਾਂ......... ਮੈਂ  ਨਫਰਤ ਨਹੀਂ , ਮੈਂ ਪਿਆਰ ਹਾਂ ਮੈਂ ਦੁਸ਼ਮਣ ਨਹੀਂ ,ਮੈਂ ਯਾਰ ਹਾਂ ਮੈਂ ਜਿੱਤ ਹਾਂ, ਮੈਂ ਹਾਰ ਹਾਂ ਮੈਂ ਅੱਠੇ ਪਹਿਰ ਸਵਾਰ ਹਾਂ ਮੈਂ ਅੰਮ੍ਰਿਤ ਹਾਂ, ਨਾ ਜ਼ਹਿਰ ਹਾਂ ਮੈਂ ਛੱਲ ਹਾਂ ਜਾਂ ਲਹਿਰ ਹਾਂ ਮੈਂ ਦਰਦ ਹਾਂ ਜਾਂ ਕਹਿਰ ਹਾਂ ਮੈਂ ਖੁੱਲ੍ਹੀ ਹਾਂ ਜਾਂ ਬਹਿਰ ਹਾਂ ਮੈਂ ਕਵਿਤਾ ਹਾਂ....... ਮੈਂ ਆਸ਼ਕਾਂ ਦਾ ਸਹਾਰਾ ਹਾਂ ਮੈਂ ਅਣਗਿਣਿਆ ਕੋਈ ਤਾਰਾ ਹਾਂ  ਮੈਂ ਖ਼ਿਆਲਾਂ ਦੇ ਵਿੱਚ ਬੰਦ ਹਾਂ ਕਿਸੇ ਮਹਿਬੂਬ ਦਾ ਚੰਦ ਹਾਂ ਮੈਂ ਕਵਿਤਾ ਹਾਂ... ਕਦੇ ਇਸ਼ਕ ਮਜ਼ਾਜੀ ਲੱਗਦੀ ਹਾਂ ਕਦੇ ਇਸ਼ਕ ਹਕੀਕੀ ਵਰਗੀ ਹਾਂ ਜਿਹੋ ਜਹੀ ਅੱਖ ਨਾਲ ਤੱਕੋਗੇ ਮੈਂ ਓਹੋ ਜਹੀ ਹੀ ਲੱਗਦੀ ਹਾਂ ਮੈਂ ਅਹਿਸਾਸ ਹਾਂ, ਮੈਂ ਛੋਹ ਹਾਂ ਮੈਂ ਪੌਣਾਂ ਦੀ ਖੁਸ਼ਬੋ  ਹਾਂ ਮੈਂ ਟਿਮਟਿਮਾਉਂਦਾ ਜੁਗਨੂੰ ਹਾਂ ਮੈਂ ਹਨ੍ਹੇਰਿਆਂ ਦੀ ਲੋਅ ਹਾਂ ਮੈਂ ਕਵਿਤਾ ਹਾਂ..... ਮੈਂ ਨਿਰਾਸ਼ਿਆਂ ਦਾ ਰਾਜ ਹਾਂ ਮੈਂ ਸਿਵਿਆਂ ਵਿੱਚ ਉੱਡਦੀ ਖ਼ਾਕ ਹਾਂ ਮੈਂ ਟੁੱਟਦੇ ਹੋਏ ਤਾਰਿਆਂ ਵਿੱਚ ਮੈਂ ਮੁੜ ਜਿਉਣ ਦੇ ਇਸ਼ਾਰਿਆਂ ਵਿੱਚ ਮੈਂ ਤਿਪ ਤਿਪ ਕਰਦੀ ਬੂੰਦ ਹਾਂ ਕਦੇ ਨਦੀ ਕਦੇ ਸਮੁੰਦਰ ਹਾਂ ਮੈਂ ਕਵਿਤਾ ਹਾਂ.... ਮੈਂ ਜਾਮ  ਹਾਂ , ਸ਼ਰਾਬ ਹਾਂ ਮੈਂ ਸਵਾਲ ਹਾਂ,ਜਵਾਬ  ਹਾਂ ਮੈਂ ਝੀਲ ਹਾਂ,ਮੈਂ ਆਬ ਹਾਂ ਮੈਂ ਨੀਂਦਰ ਵਿੱਚ ਖਵਾਬ ਹਾਂ ਨਾਪਾਕ ਹਾਂ ਮੈਂ ਪਾਕ ਹਾਂ ਮੈਂ ਜੜ੍ਹ ਹਾਂ ਮੈਂ ਸ਼ਾਖ ਹਾਂ ਮੈਂ ਰੋਂਦਿਆਂ ਲਈ ਦਿਲਾਸਾ ਹਾਂ ਮੈਂ ਖੁਸ਼ੀਆਂ ਦੇ ਵਿੱਚ ਹਾਸਾ ਹਾਂ ਮੈਂ ਕਵਿਤਾ ਹਾਂ..... ਮੈਂ ਨਿੱਤ ਬਦਲਦੀਆਂ ਰੁੱਤਾਂ ਜਹੀ ਸਦੀਆਂ ਤੋਂ ਖੜ੍ਹੇ ਰੁੱਖਾਂ ਜਹੀ ਮੈਂ ਪੰਛੀ ਕੋਈ ਚਹਿਕ ਰਿਹਾ ਮੈਂ ਫੁੱਲ ਹਾਂ ਕੋਈ ਮਹਿਕ ਰਿਹਾ ਮੈਂ ਟੇਢੇ ਮੇਢੇ ਰਾਹਵਾਂ ਵਿਚ ਮੈਂ ਧੁੱਪਾਂ ਵਿੱਚ, ਮੈਂ ਛਾਵਾਂ ਵਿਚ ਮੈਂ ਨਦੀਆਂ ਵਿਚ, ਦਰਿਆਵਾਂ ਵਿੱਚ ਮੈਂ ਸੁਰਮੇ ਰੰਗੀ ਘਟਾਵਾਂ ਵਿੱਚ ਮੈਂ ਵੀਰਾਂ  ਦੀਆਂ ਪ੍ਰਵਾਹਾਂ ਵਿੱਚ ਮੈਂ ਭੈਣਾਂ ਦੀਆਂ ਦੁਆਵਾਂ  ਵਿੱਚ ਮੈਂ ਬਾਪ ਦੀਆਂ ਥੱਕੀਆਂ ਬਾਹਵਾਂ ਵਿੱਚ ਮੈਂ ਰੱਬ ਵਰਗੀਆਂ ਮਾਂਵਾਂ  ਵਿੱਚ ਮੈਂ ਕਵਿਤਾ ਹਾਂ..... ਮੈਂ ਗਿੱਧਿਆਂ ਵਿੱਚ,ਮੈਂ ਭੰਗੜੇ ਵਿੱਚ ਮੈਂ ਪੈਰੋਂ ਹੀਣੇ ਲੰਗੜੇ ਵਿੱਚ ਮੈਂ ਉੱਚੀਆਂ ਲੰਬੀਆਂ ਹੇਕਾਂ ਵਿੱਚ ਮੈਂ ਬੋਲੀਆਂ ਵਿੱਚ, ਮੈਂ ਗੂੰਗੜੇ ਵਿੱਚ ਮੈਂ ਕਵਿਤਾ ਹਾਂ...... ਮੈਂ ਜਮੀਨ ਹਾਂ,ਆਕਾਸ਼ ਹਾਂ ਮੈਂ ਉਮੀਦ ਹਾਂ,ਮੈਂ ਆਸ ਹਾਂ ਮੈਂ ਹੋਣੀ ਹਾਂ, ਮੈਂ ਕਾਸ਼ ਹਾਂ ਮੈਂ ਤੁਰਦੀ ਫਿਰਦੀ ਲਾਸ਼ ਹਾਂ ਮੈਂ ਕਵਿਤਾ ਹਾਂ...... ਮੈਂ ਦੈਂਤ ਨਹੀਂ, ਸ਼ੈਤਾਨ ਨਹੀਂ ਮੈਂ ਅਣਜਾਣ ਨਹੀਂ, ਨਾਦਾਨ ਨਹੀਂ ਮੈਂ ਝੱਖੜ ਨਹੀਂ, ਤੂਫ਼ਾਨ ਨਹੀਂ ਇਨਸਾਨ ਨਹੀਂ, ਭਗਵਾਨ ਨਹੀਂ ਮੈਂ ਕਵਿਤਾ ਹਾਂ ਬਸ ਕਵਿਤਾ ਹਾਂ...... ਮੈਂ ਬਦਲਦੀ ਹੋਈ ਤਕਦੀਰ ਵਿੱਚ ਕੰਧ ਤੇ ਲਟਕਦੀ ਤਸਵੀਰ ਵਿੱਚ ਮੈਂ ਮੌਜਾਂ ਕਰਦੇ ਬਚਪਨ ਵਿੱਚ ਮੈਂ ਝੁਰੜੀਆਂ ਦੀ ਲਕੀਰ ਵਿੱਚ ਮੈਂ ਕਵਿਤਾ ਹਾਂ.... ਮੈਂ ਸ਼ਰਮ ਹਾਂ, ਮੈਂ ਸੰਗ ਹਾਂ, ਮੈਂ ਕੜਾ ਹਾਂ,ਮੈਂ  ਵੰਗ ਹਾਂ ਮੈਂ ਮੱਥੇ ਦੀ ਬਿੰਦੀ ਹਾਂ ਮੈਂ ਹਰ ਪ੍ਰਕਾਰ ਦਾ ਰੰਗ ਹਾਂ ਮੈਂ ਕਵਿਤਾ ਹਾਂ..... ਮੈਂ ਖੇਤਾਂ ਦੇ ਡਰਨਿਆਂ ਵਿੱਚ ਮੈਂ ਪਾਣੀ ਦੇ ਝਰਨਿਆਂ ਵਿੱਚ ਮੈਂ ਟਿੰਡਾਂ ਵਾਲਿਆਂ ਖੂਹਾਂ ਵਿੱਚ ਮੈਂ ਸੱਚੀ ਸੁੱਚੀਆਂ ਰੂਹਾਂ ਵਿੱਚ ਮੈਂ ਕਵਿਤਾ ਹਾਂ.... ਮੈਂ ਮਹਿਕ ਹਾਂ ਗਿੱਲੀ ਮਿੱਟੀ ਦੀ ਮੈਂ ਮਹਿਕ ਹਾਂ ਗੁੜ ਦੀ ਲੇਟੀ ਦੀ ਮੈਂ ਮਹਿਕ ਹਾਂ ਫੁੱਲਾਂ ਕਲੀਆਂ ਦੀ ਮੈਂ ਧੂੜ ਹਾਂ ਸੁੰਨੀਆਂ ਗਲੀਆਂ ਦੀ ਮੈਂ ਫੁੱਲਾਂ ਉੱਤੇ ਤ੍ਰੇਲ ਜਹੀ ਮੈਂ ਚਿੱਟੀ ਖਿੜੀ ਸਵੇਰ ਜਹੀ ਮੈਂ ਸੋਨੇ ਰੰਗੀ ਦੁਪਹਿਰ ਜਹੀ ਮੈਂ ਢਲੀ ਸ਼ਾਮ ਦੀ ਗਹਿਰ ਜਹੀ ਮੈਂ ਕਵਿਤਾ ਹਾਂ..... ਮੈਂ ਹੰਝੂ ਖੁਸ਼ੀਆਂ ਗਮੀਆਂ ਦਾ ਵਹਿੰਦੀ ਹਾਂ ਨਿੱਤ  ਨੈਣਾਂ ਵਿੱਚ ਮੈਂ ਸਦਾ ਵਿੱਛੜ ਕੇ ਤੁਰਿਆਂ ਲਈ ਕੁਰਲਾਓਂਦੀ ਹਾਂ ਨਿੱਤ  ਵੈਣਾਂ ਵਿੱਚ ਮੈਂ ਕਵਿਤਾ ਹਾਂ..... ਮੈਂ ਜੰਗਲਾਂ ਅਤੇ ਉਜਾੜਾਂ ਵਿੱਚ ਮੈਂ ਪੱਥਰਾਂ ਅਤੇ ਪਹਾੜਾਂ ਵਿੱਚ ਮੈਂ ਰੁੱਤ ਹਾਂ ਪੋਹ ਦੇ ਪਾਲਿਆਂ ਦੀ ਮੈਂ ਤਪਦੀ ਧੁੱਪ ਹਾਂ ਹਾੜਾਂ ਵਿੱਚ ਮੈਂ ਕਵਿਤਾ ਹਾਂ..... ਮੈਂ ਸੀਮਤ ਨਹੀਂ ਹਾਂ ਕਲਮ ਤੱਕ ਹਰ ਹਰਫ਼ ਤੇ ਮੇਰਾ ਆਪਣਾ ਹੱਕ ਮੈਂ ਹੁਕਮ ਨਹੀਂ ਫ਼ਰਿਆਦ ਹਾਂ ਮੈਂ ਕੈਦ ਨਹੀਂ ਆਜ਼ਾਦ ਹਾਂ ਮੈਂ ਕਵਿਤਾ ਹਾਂ.... ਮੈਂ ਅੰਦਰ ਹਾਂ, ਮੈਂ ਬਾਹਰ ਹਾਂ ਮੈਂ ਪੱਤਝੜ ਹਾਂ,ਬਹਾਰ ਹਾਂ ਮੈਂ ਕੂੰਜਾਂ ਦੀ ਉੱਡਦੀ ਡਾਰ ਹਾਂ ਮੈਂ ਕਣ ਕਣ ਦੀ ਸ਼ੁਕਰਗੁਜਾਰ ਹਾਂ ਮੈਂ ਆਦਿ ਹਾਂ, ਜੁਗਾਦਿ ਹਾਂ ਮੈਂ ਅਨੰਤ ਹਾਂ, ਬੇਅੰਤ ਹਾਂ ਮੈਂ ਨਿਰਭਉ ਹਾਂ, ਨਿਰਵੈਰ ਹਾਂ ਮੈਂ ਰਾਗ  ਹਾਂ,ਮੈਂ ਬਹਿਰ ਹਾਂ ਮੈਂ ਉੱਜੜ ਕੇ ਵੀ ਨਾ ਉੱਜੜੀ ਹਾਂ ਮੈਂ ਸੋਨੇ  ਲਫ਼ਜੀ ਗੁਜਰੀ ਹਾਂ ਮੈਂ ਤਿੱਖੀ ਤੇਜ਼ ਕਟਾਰ ਜਹੀ ਮਾਂ ਦੁਰਗਾ ਦੀ ਤਲਵਾਰ ਜਹੀ ਮੈਂ ਕਵਿਤਾ ਹਾਂ... ਮੈਂ ‘ਕੱਲ੍ਹੀ ਕਾਲੀ ਸਿਆਹੀ ਨਾ ਮੈਂ ਕਲਮ ਕੋਈ ਥਿਆਹੀ ਨਾ ਮੈਂ ਵਿਦਵਾਨਾਂ ਦੀ ਜਾਈ ਹਾਂ ਕਵੀਆਂ ਦੀ ਕਲਮ ਚੋਂ ਆਈ ਹਾਂ ਮੈਂ ਕਵਿਤਾ ਹਾਂ... ਮੈਂ ਕਵਿਤਾ ਹਾਂ!!

ਕਿੰਨੇ ਮਿੱਟੀ ਤੇ ਰੰਗ ਚੜ੍ਹਾਏ ਰੱਬਾ

ਕਿੰਨੇ ਮਿੱਟੀ ਤੇ ਰੰਗ ਚੜ੍ਹਾਏ ਰੱਬਾ ਤੇਰੀ ਕਲਾ ਤੋਂ ਜਾਵਾਂ ਬਲਿਹਾਰ ਸਦਕੇ!! ਤੁਸਾਂ ਸਿਰਜਿਆ ਪੁਤਲਾ ਸੱਚ ਵਾਲਾ ਅਸਾਂ ਝੂਠ ਦੀ ਚਾਦਰ ਲਈ ਤਾਣ ਚੱਕ ਕੇ!! ਤੁਸਾਂ ਕਿਰਤ ਕਰੋ, ਵੰਡ ਛੱਕੋ ਸਿਖਾਇਆ ਸਾਨੂੰ ਅਸਾਂ ਖੋਹ -ਖੋਹ  ਬਣੇ ਹੱਕਦਾਰ ਸਭ ਦੇ! ਤੁਸਾਂ ਇੱਟਾਂ ਲਾਈਆਂ ਹੱਕ ਦੀਆਂ ਅਸਾਂ ਬੇਈਮਾਨੀ ਦੀ ਲਾਈ ਗਾਰ ਚੱਕ ਕੇ!! ਤੇਰਾ ਰੁਤਬਾ ਨੀਵਾਂ ਕਰੀ ਜਾਂਦੇ ਹੁੰਦਾ ਕੁਰਸੀਆਂ ਦਾ ਵਪਾਰ ਵਧ   ਕੇ!! ਤੇਰੀਆਂ ਧੀਆਂ, ਭੈਣਾਂ ਰੁਲ ਚਲੀਆਂ ਆ ਜਿਸਮਾਂ ਦਾ ਹੁੰਦਾ ਕਾਰੋਬਾਰ ਕੱਜ ਦੇ! ਤੇਰੇ ਪੁੱਤਰ ਰੁਲ ਗਏ ਨਸ਼ਿਆਂ ਚ ਉਜੜੀ ਜਾਂਦੇ ਨੇ ਘਰ ਬਾਹਰ ਸਭ ਦੇ!! ਫਾਹੇ ਲਾਈ ਕਰਜ਼ੇ ਕਿਰਸਾਨੀ ਰੱਬਾ ਪਿੱਛੇ ਰੋਂਦਾ ਸਾਰਾ ਪਰਿਵਾਰ ਛੱਡ ਗਏ!! ਛਾਈ ਧੁੰਦ ਤੇ ਪਿਆ ਹਨੇਰ ਰੱਬਾ ਡੁੱਬ ਚਲਾ ਤੇਰਾ ਸੰਸਾਰ ਮੁੜ ਕੇ। ਬਾਬਾ ਨਾਨਕ ਫੇਰਾ ਪਾ ਜਾ ਵੇ ਸੁਣ "ਸਰਬ" ਦੀ ਅੱਜ ਪੁਕਾਰ ਰੱਬ ਵੇ!!

ਮੈ ਝੱਲੀ ਦੀਆਂ ਛੱਡ ਦੇ ਫ਼ਿਕਰਾਂ

ਮੈ ਝੱਲੀ ਦੀਆਂ ਛੱਡ ਦੇ ਫ਼ਿਕਰਾਂ ਕੀ ਦੇਣਾ ਅੱਕ ਦੀ ਰਾਖੀ ਨੇ ਕਿਉਂ ਹਵਾ ਨੂੰ ਪੁੱਛ ਰਿਹਾ ਏ ਕਿੰਨੇ ਸਾਹ ਅਜੇ ਬਾਕੀ ਨੇ? ਸਾਡੇ ਲੇਖਾਂ ਲਈ ਤਾਂ ਅੱਜਕਲ੍ਹ ਬੀਆਬਾਨ ਬਹਾਰਾਂ ਨੇ ਹਵਾ ਹਨੇਰੀ ਪਤਝੜ ਰੁੱਤਾਂ ਮੈ ਤੱਤੜੀ ਦੇ ਸਾਥੀ ਨੇ ਚਾਨਣ ਮੇਰਾ ਮੁਢੋਂ ਵੈਰੀ ਰੋਸ਼ਨੀਆਂ ਤੋਂ ਨਫ਼ਰਤ ਏ ਚੰਨ ਤਾਰੇ ਤੇ ਕਾਲੀਆਂ ਰਾਤਾਂ ਕਰਦੇ ਮੇਰੀ ਰਾਖੀ ਨੇ ਤੇਰੇ ਕੀ ਦੱਸ ਪੱਲੇ ਪਾਉਣਾ ਇਹ ਤਾਂ ਮੇਰੀਆਂ ਸੂਹਾਂ ਲੈਣ ਲਈ ਜੋ ਚੋਂਕੀ ਭਰਦੇ ਗੈਰਾਂ ਦੀ ਕਮਲਾ ਕਰ ਕੇ ਰੱਖ ਦੇਣਾ ਹੈ ਮੇਰੀ ਇਕੋ ਝਾਤੀ ਨੇ ਆਓ ਸਖੀਓ.. ਮਲੋ ਨੀ ਵਟਣਾ ਚਮਕਾ ਮੈ ਵੀ ਚੰਨ ਵਾਂਗੂ ਮੈ ਲਾੜੀ ਨੇ ਮੌਤ ਵਿਆਹੁਣੀ ਸਭ ਹਾਜੀਪੁਰੀਏ ਬਰਾਤੀ ਨੇ!!

ਇਹ ਨਾ ਸੋਚੀਂ ਮੈ ਵੰਗਾਂ ਜੋਗੀ

ਇਹ ਨਾ ਸੋਚੀਂ ਮੈ ਵੰਗਾਂ ਜੋਗੀ ਸੁਰਖੀ ਬਿੰਦੀ ਦੇ ਰੰਗਾਂ ਜੋਗੀ ਸਿੱਧਰੀ ਜਾ ਫਟਕਾਰ ਨਹੀ ਹਾਂ ਮੈ ਆਪੇ ਤੋਂ ਬਾਹਰ ਨਹੀ ਹਾਂ ਪੈਰ ਦੀ ਜੁੱਤੀ ਸਮਝ ਨਾ ਮੈਨੂੰ ਝਾਂਜਰ ਦੀ ਛਣਕਾਰ ਨਹੀ ਹਾਂ ਜ਼ੁਲਮ ਨਾ ਕਰਦੀ ਨਾਹੀ ਸਹਿੰਦੀ ਮੈ ਦੁਰਕਾਰੀ ਨਾਰ ਨਹੀ ਹਾਂ ਸ਼ਰਮ ਹਯਾ ਤੇ ਭੋਲਾ ਚਿਹਰਾ ਉਂਝ ਸ਼ਮਸ਼ੀਰ ਦੀ ਧਾਰ ਜਿਹੀ ਹਾਂ ਕੋਇਲ ਵਾਂਗਰ ਮਿੱਠੀ ਬੋਲੀ ਸ਼ੇਰਨੀ ਦੀ ਦਹਾੜ ਜਿਹੀ ਹਾਂ ਲੋੜ ਪੈਣ ਤੇ ਚੰਡੀ ਬਣ ਜਾ ਉਂਝ ਮੈਂ ਠੰਢੀ ਠਾਰ ਜਿਹੀ ਹਾਂ ਔਰਤ ਹਾਂ ਮੈਂ ਜਗ ਦੀ ਜਨਨੀ ਚੀਜ ਕੋਈ ਬੇਕਾਰ ਨਹੀਂ ਹਾਂ!!

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ