Punjabi Poetry : Sarang Phillauri

ਪੰਜਾਬੀ ਰਚਨਾਵਾਂ : ਸਾਰੰਗ ਫ਼ਿਲੌਰੀ


ਖੁੱਲ੍ਹ ਜਾਵਣ ਤਾਂ ਪਰਲੋ ਆ ਜਾਏ

ਖੁੱਲ੍ਹ ਜਾਵਣ ਤਾਂ ਪਰਲੋ ਆ ਜਾਏ ਪਾਜ ਲਕੋਈ ਬੈਠਾ ਵਾਂ... ਸੀਨੇ ਦੇ ਵਿੱਚ ਕਈਆਂ ਦੇ ਮੈਂ ਰਾਜ਼ ਲਕੋਈ ਬੈਠਾਂ ਵਾਂ... ਮੇਰੇ ਦਿਲ ਦੇ ਭੋਲ਼ੇਪਣ 'ਤੇ ਚਿੜੀਆਂ ਸ਼ਰਤ ਲਗਾਈ ਏ... ਉਹ ਕੀ ਜਾਨਣ ਬੁੱਕਲ਼ ਵਿੱਚ ਮੈਂ ਬਾਜ਼ ਲਕੋਈ ਬੈਠਾਂ ਵਾਂ... ਸੱਜਣ ਅੱਜ ਜੋ ਬੇ-ਪਰਦਾ ਹੋ ਵਿੱਚ ਬਜ਼ਾਰੀ ਘੁੰਮਦੇ ਨੇ... ਖ਼ੈਰ ਬਦੌਲਤ ਮੇਰੀ ਏ ਮੈਂ ਲਾਜ ਲਕੋਈ ਬੈਠਾਂ ਵਾਂ... ਖ਼ੌਰੇ ਕਿਸਦੇ ਸਿਰ 'ਤੇ ਸੱਜਣਾਂ ਕਿਸ ਵੇਲ਼ੇ ਗਿਰ ਜਾਣੀ ਏ... ਅੱਖਾਂ ਦੇ ਵਿੱਚ ਹੰਝੂ ਦਿਲ ਵਿੱਚ ਗਾਜ ਲਕੋਈ ਬੈਠਾਂ ਵਾਂ... ਚਾਹਵਾਂ ਤਾਂ ਤੈਨੂੰ ਤੇਰੇ ਲਹਿਜੇ ਵਿੱਚ ਜਵਾਬ ਵੀ ਦੇ ਦੇਵਾਂ... ਪਰ ਮੈਂ ਅੱਖ ਵਿੱਚ ਸ਼ਰਮ ਤੇ ਸਾਂਝ ਲਿਹਾਜ ਲਕੋਈ ਬੈਠਾਂ ਵਾਂ... ਚਿਹਰੇ ਉੱਤੇ ਹਾਸੇ ਦੇ ਸੁਰਤਾਲ ਤੇ ਸੱਜਣਾਂ ਪਰਦਾ ਨੇ... ਪਰਦੇ ਪਿੱਛੇ ਟੁੱਟੇ ਦਿਲ ਦੇ ਸਾਜ਼ ਲਕੋਈ ਬੈਠਾਂ ਵਾਂ... 'ਸਾਰੰਗ' ਉਹ ਤੇ ਨਵਿਆਂ ਦੇ ਨਾਲ਼ ਸੁਲਾਹ ਕਮਾ ਕੇ ਬੈਠੇ ਨੇ... ਮੈਂ ਹੀ ਦਿਲ ਵਿੱਚ ਹਾਲੇ ਤੱਕ ਇਤਰਾਜ਼ ਲਕੋਈ ਬੈਠਾਂ ਵਾਂ!!!

ਉਲਝਣ ਏ ਜੋ ਹੱਲ ਨਹੀਂ ਹੁੰਦੀ

ਉਲਝਣ ਏ ਜੋ ਹੱਲ ਨਹੀਂ ਹੁੰਦੀ... ਦਿਲ ਦੀ ਸੱਟ ਏ ਝੱਲ ਨਹੀਂ ਹੁੰਦੀ... ਯਾਦ ਤੇਰੀ ਬਣ ਹੰਝੂ ਵਹਿ ਗਈ... ਪਲਕਾਂ ਕੋਲ਼ੋਂ ਠੱਲ ਨਹੀਂ ਹੁੰਦੀ... ਮੇਰੇ ਵੱਲ੍ਹ ਤੂੰ ਉਂਗਲ਼ ਕਰਦੈਂ... ਪਰ ਮੈਥੋਂ ਤੇਰੇ ਵੱਲ੍ਹ ਨਹੀਂ ਹੁੰਦੀ... ਇੱਕ ਆਸ਼ਕ ਜੇ ਮਿਟ ਜਾਂਦਾ ਏ... ਖ਼ਤਮ ਇਸ਼ਕ ਦੀ ਅੱਲ ਨਹੀਂ ਹੁੰਦੀ... ਪੰਡ ਖ਼ਤਾਂ ਦੀ ਲਿਖ ਬੈਠਾਂ ਵਾਂ... ਉਹ ਗੱਲ ਵੱਖਰੀ ਘੱਲ ਨਹੀਂ ਹੁੰਦੀ... ਉਹ ਤੇ ਸੱਜਣਾਂ ਤੂੰ ਲਾਹ ਦਿੱਤੀ... ਉਂਝ ਵਾਲਾਂ ਦੀ ਖੱਲ ਨਹੀਂ ਹੁੰਦੀ... ਛੱਡਣਾਂ ਏਂ ਤਾਂ ਅੱਜ ਛੱਡ ਮੈਨੂੰ... ਕੱਲ੍ਹ ਦਾ ਕੀ ਏ ਕੱਲ੍ਹ ਨਹੀਂ ਹੁੰਦੀ... 'ਸਾਰੰਗ' ਜਦ ਕੋਈ ਤੇਰਾ ਪੁੱਛਦੈ... ਕਹਿ ਦਿੰਦਾਂ ਵਾਂ "ਗੱਲ ਨਹੀਂ ਹੁੰਦੀ"!!!

ਤੇਰੇ ਬਾਝੋਂ ਝੱਲੇ ਹੋ ਗਏ

ਤੇਰੇ ਬਾਝੋਂ ਝੱਲੇ ਹੋ ਗਏ... ਸੱਚੀਂ ਕੱਲਮ-ਕੱਲੇ ਹੋ ਗਏ... ਸ਼ਹਿਰ ਤੇਰੇ ਦੇ ਲੋਕੀ ਕਹਿੰਦੇ... ਉਰਦੂ ਪੜ੍ਹਕੇ ਝੱਲੇ ਹੋ ਗਏ... ਮੇਰੀ ਕਿਸਮਤ ਵਾਲ਼ੇ ਤਾਰੇ... ਲਗਦੈ ਬੱਦਲਾਂ ਥੱਲੇ ਹੋ ਗਏ... ਸੱਜਣਾਂ ਨੇ ਗ਼ਮ ਐਨੇ ਦਿੱਤੇ... ਸਾਡੇ ਛੋਟੇ ਪੱਲੇ ਹੋ ਗਏ... ਪਹਿਲਾਂ ਈ ਨਹੀਂ ਸੀ ਮੱਲ੍ਹਮ ਲੱਭਦੀ... ਜ਼ਖਮ ਪੁਰਾਣੇ ਅੱਲੇ ਹੋ ਗਏ... ਪਹਿਲਾਂ ਰਾਹ ਸੀ ਤੱਕਦੇ ਹੁੰਦੇ... ਹੁਣ ਤੇ ਰਾਹ ਵੀ ਮੱਲੇ ਹੋ ਗਏ... ਮਨਾਉਣ ਗਏ ਅਸੀਂ ਰੁੱਸ ਕੇ ਆ ਗਏ... ਸਾਥੋਂ ਕੰਮ ਅਵੱਲੇ ਹੋ ਗਏ... ਪਹਿਲਾਂ ਦਰਸ਼ਣ ਨਿੱਤ ਹੁੰਦੇ ਸੀ... ਹੁਣ ਉਹ ਵੀ ਟਾਵੇਂ ਟੱਲੇ ਹੋ ਗਏ... ਸਾਥੋਂ ਸੋਹਣਿਆਂ ਸੰਗ ਮਿਲ਼ ਸੱਜਣ... ਸੋਹਣੇ ਬੱਲੇ ਬੱਲੇ ਹੋ ਗਏ... ਸ਼ਾਹਦਿਲ ਸੱਜਣਾਂ ਲਾਹ ਕੇ ਸੁੱਟ ਤੇ... ਤੇਰੇ ਤੰਗ ਹੁਣ ਛੱਲੇ ਹੋ ਗਏ!!!

ਵਫ਼ਾ ਦੀ ਕਿਸ਼ਤੀ ਹੱਥ ਚੱਪੂ

ਵਫ਼ਾ ਦੀ ਕਿਸ਼ਤੀ ਹੱਥ ਚੱਪੂ ਇਤਬਾਰ ਹੁੰਦਾ... ਵਿਰਲਾ ਹੀ ਕੋਈ ਇਸ਼ਕ ਦੀ ਰਾਵੀ ਪਾਰ ਹੁੰਦਾ... ਨਗ਼ਦੋਂ ਨਗ਼ਦੀ ਸਿਰ ਦੀ ਬਾਜ਼ੀ ਲੱਗਦੀ ਏ... ਇਸ਼ਕ ਦੀ ਬਾਜ਼ੀ ਵਿੱਚ ਨਹੀਂ ਕਦੇ ਉਧਾਰ ਹੁੰਦਾ... ਜਿਹੜੇ ਇਸ਼ਕ ਵਪਾਰ ਦੇ ਆਦੀ ਹੋ ਜਾਂਦੇ... ਉਹਨਾਂ ਤੋਂ ਨਹੀਂ ਹੋਰ ਕੋਈ ਕੰਮ-ਕਾਰ ਹੁੰਦਾ... ਖ਼ੌਰੇ ਸਾਡੇ ਐਬ ਹੀ ਸੱਜਣਾਂ ਭਾਰੇ ਨੇ... ਐਵੈਂ ਨਹੀਂ ਕੋਈ ਏਦਾਂ ਦਿਲ 'ਚੋ ਬਾਹਰ ਹੁੰਦਾ... ਤੁਪਕਾ ਤੁਪਕਾ ਵਫ਼ਾ ਦਾ ਪਾਣੀ ਮੰਗਦਾ ਏ... ਫਿਰ ਜਾ ਕੇ ਇਹ ਬੂਟਾ ਇਸ਼ਕ ਤਿਆਰ ਹੁੰਦਾ... ਲੱਖ ਗ਼ਲਤੀਆਂ ਕਰ ਲੈਣ ਤਾਂ ਵੀ ਭੁੱਲ ਜਾਈਏ... ਏਦਾਂ ਦਾ ਸੋਹਣੇ ਸੱਜਣਾਂ ਦਾ ਸਤਿਕਾਰ ਹੁੰਦਾ... ਇੱਕ ਵਾਰੀ ਜੇ ਢਹਿ ਜਾਏ ਛੱਪਰ ਇਸ਼ਕੇ ਦਾ... ਸੱਚਿਆਂ ਦਾ ਨਹੀਂ ਮੁੜਕੇ ਫੇਰ ਉਸਾਰ ਹੁੰਦਾ... 'ਸਾਰੰਗ' ਦਾ ਦਿਲ ਸੱਜਣਾਂ ਸ਼ੀਸ਼ੇ ਵਰਗਾ ਸੀ... ਪਰ ਟੁੱਟਕੇ ਤਾਂ ਇੱਕ ਸ਼ੀਸ਼ਾ ਵੀ ਹਥਿਆਰ ਹੁੰਦਾ!!!

ਕੁੱਝ ਕਹਿਣਾ ਏਂ ਤਾਂ ਆਖ ਸੁਣਾ

ਕੁੱਝ ਕਹਿਣਾ ਏਂ ਤਾਂ ਆਖ ਸੁਣਾ... ਤੂੰ ਗੱਲ ਮੁਕਾ!!.... ਮੈਂ ਤਾਂ ਕਾਫ਼ੀ ਅਰਸੇ ਛੱਡਿਆ... ਤੇਰੇ ਘਰ ਵੱਲ੍ਹ ਜਾਂਦਾ ਰਾਹ... ਤੂੰ ਗੱਲ ਮੁਕਾ!!.... ਓਦਣ ਦੇ ਕੁੱਝ ਸੌਖੇ ਹੋ ਗਏ... ਸਾਡੇ ਗਲ਼ 'ਚੋਂ ਲੱਥਾ ਫਾਹ... ਤੂੰ ਗੱਲ ਮੁਕਾ!!.... ਖਵਾਬਾਂ ਦੀ ਮੈਂ ਕਬਰ ਸਜਾ ਲਈ... ਖਵਾਬਾਂ ਉੱਤੇ ਮਿੱਟੀ ਪਾ... ਤੂੰ ਗੱਲ ਮੁਕਾ!!.... ਉਹਨਾਂ ਨਾਲ਼ ਨਹੀਂ ਬਣਦੀ ਸਾਡੀ... ਦਿਲ ਜਿਹਨਾਂ ਦੇ ਕਾਲ਼ੇ ਸ਼ਾਹ... ਤੂੰ ਗੱਲ ਮੁਕਾ!!.... ਲਾਰੇ ਲੱਪੇ ਲੋੜ ਨਹੀਂ ਸਾਨੂੰ... ਉਂਝ ਈ ਕਰ ਦੇ ਕੋਰੀ ਨਾਂਹ... ਤੂੰ ਗੱਲ ਮੁਕਾ!!.... ਇੱਕ ਵਾਰੀ ਤਾਂ ਮਿਲਣਾ ਏ ਮੈਂ... ਦਿਲ ਦੀ ਥਾਂ ਤੇ ਪੱਥਰ ਪਾ... ਤੂੰ ਗੱਲ ਮੁਕਾ!!.... ਓਦਣ ਸ਼ਿਕਵੇ ਮੁੱਕ ਜਾਣੇ ਨੇ... ਕਰ ਬੈਠਾ ਜੋ ਖਾਹ-ਮਖ਼ਾ... ਤੂੰ ਗੱਲ ਮੁਕਾ!!.... ਤੂੰ ਅੰਬਰ ਮੈਂ ਧਰਤੀ ਵਰਗਾ... ਸਾਡੇ ਵਿੱਚ ਏ ਫ਼ਰਕ ਬੜਾ... ਤੂੰ ਗੱਲ ਮੁਕਾ!!.... ਨਹੀਂ ਮੰਜ਼ੂਰ ਤੇ ਧੱਕਾ ਕੋਈ ਨਹੀਂ... ਜਿੱਧਰ ਜਾਣਾ ਸਦਕੇ ਜਾਹ... ਤੂੰ ਗੱਲ ਮੁਕਾ!!... ਬਹੁਤ ਹੋ ਗਿਆ ਥੱਕ ਗਿਆ ਵਾਂ... 'ਸਾਰੰਗ' ਨੂੰ ਨਹੀਂ ਹੁਣ ਪਰਵਾਹ... ਤੂੰ ਗੱਲ ਮੁਕਾ!!....

ਉਹਨੇ ਲਗਦੈ ਮੈਨੂੰ ਚੇਤੇ ਕਰ

ਉਹਨੇ ਲਗਦੈ ਮੈਨੂੰ ਚੇਤੇ ਕਰ ਮੁਸਕਾਇਆ ਏ... ਓਹਦੇ ਸ਼ਹਿਰ ਵੱਲੋਂ ਇੱਕ ਹਵਾ ਦਾ ਬੁੱਲਾ ਆਇਆ ਏ... ਅੰਬਰਾਂ ਵਿੱਚ ਘਟਾਵਾਂ ਚੜ੍ਹ ਕੇ ਆ ਗਈਆਂ... ਲਗਦੈ ਓਹਨੇ ਨੈਣੀਂ ਸੁਰਮਾ ਪਾਇਆ ਏ... ਬਿਜਲੀ ਦੀ ਲਿਸ਼ਕੋਰ ਵੀ ਦੂਣੀ ਚੌਣੀ ਏ... ਲਗਦੈ ਓਹਨੇ ਮੱਥੇ ਟਿੱਕਾ ਲਾਇਆ ਏ... ਵਰ੍ਹਨ ਲੱਗ ਪਿਆ ਇੰਦਰ ਅੱਜ ਬੇ-ਮੌਸਮ ਹੀ... ਲਗਦੈ ਗਿੱਲੀਆਂ ਜ਼ੁਲਫ਼ਾਂ ਨੂੰ ਝਟਕਾਇਆ ਏ... ਅੰਬਰਾਂ ਉੱਤੇ ਪੀਂਘ ਪਈ ਸੱਤ ਰੰਗਾਂ ਦੀ... ਸੱਤ ਰੰਗੀ ਫੁਲਕਾਰੀ ਨੂੰ ਲਹਿਰਾਇਆ ਏ... ਗੂੜ੍ਹੇ ਫਿੱਕੇ ਰੰਗਾਂ ਦਾ ਗੁਲਦਸਤਾ ਓਹ... ਖ਼ੌਰੇ ਕਿਸਨੇ ਲੇਖਾਂ ਵਿੱਚ ਲਿਖਾਇਆ ਏ... ਹਵਾ ਦੀ ਖੁਸ਼ਬੂ ਵਾਂਗ ਇਤਰ ਦੇ ਲਗਦੀ ਏ... ਰਾਤ ਦਾ ਚਾਨਣ ਹੋ ਗਿਆ ਦੂਣ ਸਵਾਇਆ ਏ... ਮੇਰੇ ਵਰਗਾ ਉਸ ਬਣਵਾ ਸੁਨਿਆਰੇ ਤੋਂ... ਚਾਂਦੀ ਦਾ ਇੱਕ ਬਿਛੂਆ ਪੈਰੀਂ ਪਾਇਆ ਏ... 'ਸਾਰੰਗ' ਉਹ ਕੋਈ ਸ਼ੈਅ ਸੁਰਖ਼ਾਬੀ ਸੁਰਗਾਂ ਦੀ... ਤੂੰ ਭੁੱਲ ਔਕਾਤਾਂ ਜਿਸਨੂੰ ਐਨਾਂ ਚਾਹਿਆ ਏ!!!

ਏਥੇ ਈ ਗ਼ਲਤੀ ਕਰ ਬੈਠਾਂ

ਓਹਦੇ ਧੋਖੇ ਨੂੰ ਇਤਬਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ... ਜ਼ਾਲਮ ਨੂੰ ਸਰਕਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! ਦੁਸ਼ਮਣ ਸੀ ਉਹ ਮੂੰਹ 'ਤੇ ਕਿਸਦੇ ਲਿਖਿਆ ਏ... ਝੱਲਿਆ ਓਹਨੂੰ ਯਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! ਜਿਸਦੇ ਪੱਲੇ ਫ਼ੁੱਲ ਤਾਂ ਕੀ ਇੱਕ ਛਾਂ ਵੀ ਨਹੀਂ... ਮੈਂ ਉਹ ਬੂਟਾ ਫ਼ੁੱਲਦਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! ਸ਼ਕਲੋਂ ਸੋਹਣੇ ਨੀਅਤਾਂ ਦੇ ਨਹੀਂ ਸੋਹਣੇ ਸੀ... ਸੋਹਣਿਆਂ ਨੂੰ ਖੁੱਦਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! ਕਾਲ਼ੇ ਤਿਲ ਦੇ ਪਿੱਛੇ ਦਿਲ ਵੀ ਕਾਲ਼ਾ ਸੀ... ਮੈਂ ਹੁਸਨ ਦਾ ਪਹਿਰੇਦਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! ਫ਼ਿਤਰਤ ਸੀ ਉਹ ਰੱਖਦੇ ਫਨੀਅਰ ਸੱਪ ਵਾਲ਼ੀ... ਮੈਂ ਉਹਨੂੰ ਫ਼ਨਕਾਰ ਸਮਝਿਆ... ਏਥੇ ਈ ਗ਼ਲਤੀ ਕਰ ਬੈਠਾਂ!! #ਸਾਰੰਗ ਓਹਦਾ ਹੱਸਣਾਂ ਤੇ ਇੱਕ ਆਦਤ ਸੀ... ਤੂੰ ਝੱਲਿਆ ਓਹਨੂੰ ਪਿਆਰ ਸਮਝਿਆ... ਏਥੇ ਗ਼ਲਤੀ ਕਰ ਬੈਠਾਂ!!

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸਾਰੰਗ ਫ਼ਿਲੌਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ