Punjabi Poetry : Subhash Divana

ਪੰਜਾਬੀ ਕਵਿਤਾਵਾਂ : ਸੁਭਾਸ਼ ‘ਦੀਵਾਨਾ’


ਆਦਮੀ ਵਿੱਚ ਭੂਤ ਰਹਿੰਦੈ

ਆਦਮੀ ਵਿੱਚ ਭੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ? ਹਰ ਜਗ੍ਹਾ ਯਮਦੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ? ਕੁੱਟੋ ਪਰ ਕੁਸਕਣ ਨਾ ਦੇਵੋ, ਸੱਤਾ ਧਾਰੀ ਆਖਦੈ, ਇਸ ਤਰ੍ਹਾਂ ਕੰਮ ਸੂਤ ਰਹਿੰਦੈ,ਕੀ ਕਿਹਾ? ਸੁਣਿਆ ਨਹੀਂ ? ਆਦਮੀ ਵਿੱਚ ਰਾਮ ਰਾਵਣ ਗੁੱਥਮ ਗੁੱਥਾ ਹੋ ਰਹੇ, ਟਾਕਰਾ ਮਜ਼ਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ? ਦਿਲ ਨਹੀਂ ਕਰੁਣਾ ਨਹੀਂ, ਇਖਲਾਕ ਨਾ,ਕਿਰਦਾਰ ਨਾ, ਸਮਝੋ ਇਕ ਕਲਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ? ਬਖਸ਼ਦੀ ਕੁਦਰਤ ਨਾ ਹਰਗਿਜ਼, ਹਰ ਖਤਾ ਦੀ ਹੈ ਸਜਾ, ਕੋਲ ਉਸ ਦੇ ਸਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ? ਮੁੱਕ ਗਏ ਹਾਸੇ ਤੇ ਹੰਝੂ, ਜਿੰਦਗੀ ਨੇ ਵਰਜਿਐ. ਹੁਣ ਤਾਂ ਇਕ ਕਲਬੂਤ ਰਹਿੰਦੈ, ਕੀ ਕਿਹਾ? ਸੁਣਿਆ ਨਹੀਂ ? ਨਫਰਤਾਂ ਦੀ ਲਹਿਲਹਾਉਂਦੀ, ਫਸਲ ਅੰਦਰ ਦੋਸਤੋ, ਜਿੰਨ ਕਾਲਾ ਭੂਤ ਰਹਿੰਦੈ, ਕੀ ਕਿਹਾ ? ਸੁਣਿਆ ਨਹੀਂ ? ਸੱਚ ਦੇ ਪਾਂਧੀ ਨੇ ਜਿਹੜੇ , ਉਹਨਾਂ ਦੇ ਹੀ ਰੂਪ ਵਿੱਚ, ਸ਼ਾਂਤੀ ਦਾ ਰੂਪ ਰਹਿੰਦਾ, ਕੀ ਕਿਹਾ? ਸੁਣਿਆ ਨਹੀਂ ?

ਭੇਤ ਖੁਲ੍ਹਦਾ ਜਾ ਰਿਹਾ ਸੀ

ਉਹ ਜੋ ਦਿਲ ਦਾ ਖੂਨ ਡੁਲ੍ਹਦਾ ਜਾ ਰਿਹਾ ਸੀ। ਮੇਰਿਆਂ ਸ਼ੇਅਰਾਂ 'ਚ ਘੁਲਦਾ ਜਾ ਰਿਹਾ ਸੀ। ਜਿੱਦਾਂ ਜਿੱਦਾਂ, ਮੈਂ ਇਕੱਲਾ ਪੈ ਰਿਹਾ ਸਾਂ, ਜਿੰਦਗੀ ਦਾ ਭੇਤ ਖੁਲ੍ਹਦਾ ਜਾ ਰਿਹਾ ਸੀ। ਮੰਡੀ ਅੰਦਰ ਹਰ ਬਸ਼ਰ ਦਾ ਭਾਅ ਸੀ ਆਪਣਾ, ਮੁੱਲ ਦੇ ਉਹ ਸਾਂਵੀਂ ਤੁਲਦਾ ਜਾ ਰਿਹਾ ਸੀ। ਤਾਜ ਉਹ ਪਹਿਨਾ ਰਿਹਾ ਸੀ ਹਾਕਮਾਂ ਨੂੰ, ਕਿਰਤੀ ਖੁਦ ਮਿੱਟੀ 'ਚ ਰੁਲਦਾ ਜਾ ਰਿਹਾ ਸੀ। ਆ ਗਈ ਸੀ ਦਿਲ ਦੇ ਸਾਗਰ ,ਚ ਸੁਨਾਮੀ, ਜਜ਼ਬੇ ਦਾ ਤੂਫਾਨ ਝੁੱਲਦਾ ਜਾ ਰਿਹਾ ਸੀ। (ਕਾਵਿ ਸੰਗ੍ਰਿਹ ਦਿਲ ਦੀ ਜੁਬਾਨ ਵਿੱਚੋਂ)

ਦੁੱਖ ਚੋਂ ਟਪਕਣ ਲੱਗਾ ਸੁੱਖ ਹੈ

ਦੁੱਖ ਚੋਂ ਟਪਕਣ ਲੱਗਾ ਸੁੱਖ ਹੈ। ਹੁਣ ਆਪਾਂ ਨੂੰ ਕਾਹਦਾ ਦੁੱਖ ਹੈ। ਜਿਉਂ ਜਿਉਂ ਨੀਯਤ ਰੱਜਦੀ ਜਾਂਦੀ, ਅਰਥ ਗੁਆਂਦੀ ਜਾਂਦੀ ਭੁੱਖ ਹੈ। ਧੀਰਜਵਾਨ ਗਿਆਨੀ ਬੰਦਾ, ਦੂਜਿਆਂ ਹਿਤ ਘਣਛਾਵਾਂ ਰੁੱਖ ਹੈ। ਕਾਲੇ ਅਮਲਾਂ ਦੇ ਜਮਘਟ ਵਿੱਚ, ਵਿਰਲਾ ਟਾਵਾਂ, ਉੱਜਲਾ ਮੁੱਖ ਹੈ। ਜਾਣ ਲਈ ਜੇ ਆਇਆ ਜਗ ਤੇ, ਐਸਾ ਮਨੁੱਖ ਵੀ ਕੈਸਾ ਮਨੁੱਖ ਹੈ। ਜਣਦੀ ਹੈ ਜੋ ਜੁੱਗ – ਪਰਿਵਰਤਕ, ਨਿਸਚੈ ਹੀ ਉਹ ਮੁਬਾਰਕ, ਕੁੱਖ ਹੈ। ਜੀਵਣ ਅੰਦਰ ਦੁੱਖ ਸੁੱਖ ਦੋਵੇਂ, ਉਸ ਉਪਰੰਤ ਤਾਂ ਸੁੱਖ ਹੀ ਸੁੱਖ ਹੈ। (ਕਾਵਿ ਸੰਗ੍ਰਹਿ ਕਵਿਤਾ ਮੇਰੀ ਰੂਹ ਵਿੱਚੋਂ)

ਵਿਅੰਗ

ਐਵੇਂ ਨਾ ਰੱਖੋ ਸੋਚ ਦੇ ਦੀਵੇ ਨੂੰ ਬਾਲ ਕੇ। ਦੁਰਲੱਭ ਦਿਮਾਗ ਹੈ, ਇਨ੍ਹੂੰ ਰੱਖੋ ਸੰਭਾਲ ਕੇ। ਵਾਅਦਾ ਹੀ ਕੀ ਹੈ, ਜਿਹੜਾ ਵਫਾ ਹੋ ਗਿਆ ਅਖੀਰ, ਜੇ ਮੌਤ ਨੂੰ ਵੀ ਟਾਲ ਸਕੋ, ਰੱਖੋ ਟਾਲ ਕੇ। ਇਹ ਤਰਕ ਤੇ ਵਿਵੇਕ ਤਾਂ ਦੁਸ਼ਮਣ ਨੇਂ ਜਾਨ ਦੇ, ਇਸ ਅਕਲ ਵਰਗੀ ਚੀਜ਼ ਨੂੰ, ਰੱਖੋ ਸੁਆਲ ਕੇ। ਮਾਰੋ ਵਗਾਹ ਕੇ ਪੁਸਤਕਾਂ, ਜੋ ਚੱਟਦੀਆਂ ਦਿਮਾਗ, ਵਿਹੜੇ 'ਚ ਮੱਝ, ਝੋਟਾ, ਕੋਈ ਰੱਖੋ ਪਾਲ ਕੇ। ਲਿਬਰਲ ਇਹ ਸੋਚ, ਵਾਦਾਂ ਵਿਵਾਦਾਂ ਤੋਂ ਬਚ ਕੇ ਭਾਅ, ਸਮਝਾਉਂਦਾ ਹਾਂ ਹਰੇਕ ਨੂੰ, ਲਾਗੇ ਬਹਾਲ ਕੇ। ਕਿਰਦਾਰ ਤਕ ਕੇ ਲੋਕਾਂ ਦਾ, ਯਾਦ ਆਉਣ ਗਿਰਗਟਾਂ, ਖੁਦ ਨੂੰ ਦਿਖਾਉਣ ਝੱਟ ਉਹ, ਚੁਗਿਰਦੇ 'ਚ ਢਾਲ ਕੇ। ਜੋ ਅੰਟ ਸ਼ੰਟ, ਸੁਝਦੈ, ਉਹ ਲਿਖ ਧਰਨਾਂ ਰੋਜ਼ ਹੀ, ਕੀ ਗੱਲ ਬਣੀ ਹੈ? ਦੇਖੋ ਖਾਂ ਅੱਖਰ ਉਠਾਲ ਕੇ।

ਅਸੀਂ ਮਿੱਟੀ ਦੇ ਦੀਵੇ ਹਾਂ

ਅਸੀਂ ਮਿੱਟੀ ਦੇ ਦੀਵੇ ਹਾਂ, ਜਗਾ ਲੈਣਾ ਬੁਝਾ ਲੈਣਾ। ਜਗਾਉਣਾ ਕਬਰ ਉੱਤੇ ਜਾਂ,ਦੀਵਾਲੀ ਫਿਰ ਮਨਾ ਲੈਣਾ। ਖ੍ਰੀਦੇ ਵੀ ਜਾ ਸਕਦੇ ਹਾਂ,ਤੇ ਵੇਚੇ ਵੀ ਜਾ ਸਕਦੇ ਹਾਂ, ਬਾਜਾਰ ਅੰਦਰ ਸਜਾ ਸਾਨੂੰ, ਜ਼ਰਾ ਬੋਲੀ ਲਗਾ ਲੈਣਾ। ਲੁੜੀਂਦੀ ਰੌਸ਼ਨੀ ਹੈ ਜਾਂ, ਤੁਹਾਨੂੰ ਰਾਸ ਹੈ ਨ੍ਹੇਰਾ, ਜੇ ਚਾਹੋ ਜਗਮਗਾ ਲੈਣਾ, ਜਦੋਂ ਚਾਹੋ ਹਟਾ ਲੈਣਾ । ਹੈ ਸਾਨੂੰ ਤੇਲ ਕੁਝ ਦਰਕਾਰ,ਤੇ ਇਕ ਰੂੰ ਦੀ ਬੱਤੀ ਵੀ, ਜਦੋਂ ਵੀ ਲੋੜ ਹੋਵੇ, ਬਸ ਅਗਨੀ ਵਿਖਾ ਲੈਣਾ। ਗਵਾਰਾ ਰੌਸ਼ਨੀ ਮੁਫਲਿਸ ਦੇ ਘਰ,ਨਾ ਹੋਵੇ ਹਾਕਮ ਨੂੰ, ਉਨ੍ਹੂੰ ਦਰਕਾਰ ਹੈ ਹਰ ਲੋਅ ਹੀ ਆਪਣੇ ਨਾਂ ਕਰਾ ਲੈਣਾ। ਜੇ ਆਪਣੇ ਵਾਸਤੇ ਕਾਰੀਗਰ,ਚਾਹੁੰਦੈ ਬਣਾਉਣਾ ਕੁੱਝ, ਬੜਾ ਸੌਖਾ ਹੈ ਉਸ ਦੇ ਵਾਸਤੇ, ਉੱਲੂ ਬਣਾ ਲੈਣਾ। ਹਨੇਰਾ ਹੋਵੇ ਦੀਪਕ ਹੇਠ, ਸੁਣਦੇ ਆਏ ਹਾਂ ਆਪਾਂ, ਹੈ ਔਖਾ ਬਹੁਤ ਹੀ ਔਖਾ, ਅਖੌਤਾਂ ਨੂੰ ਮਿਟਾ ਲੈਣਾ। (ਕਾਵਿ ਸੰਗ੍ਰਿਹ ਮੌਸਮ ਬਦਲ ਗਿਆ ਵਿੱਚੋਂ)