Punjabi Poetry : Sukh Brar

ਪੰਜਾਬੀ ਕਵਿਤਾਵਾਂ : ਸੁੱਖ ਬਰਾੜ



1. ਉਠ ਜਾਗ ਪੰਜਾਬ ਸਿਆਂ

ਉੱਠ ਜਾਗ ਪੰਜਾਬ ਸਿਆਂ ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੱਕ ਸੋਨ ਚਿੜੀ ਆਪਣੀ, ਸ਼ਿਕਰੇ ਕਿਹੜੀ ਚਾਲ ਨਾਲ ਫੜ੍ਹ ਗਏ ! ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੂੰ ਕੀ ਸੀ,ਕੀ ਬਣ ਗਿਆ ਸਾਰੀ ਭੁੱਲ ਗਿਐਂ ਰੀਤ ਪੁਰਾਣੀ ਤੇਰੇ ਚੇਤਿਓਂ ਵਿੱਸਰ ਗਈ ਬਾਬੇ ਨਾਨਕ ਜੀ ਦੀ ਬਾਣੀ ਜਿਸ ਨੂੰ ਸੁਣ ਬਾਬਰ ਦੇ ਹੱਥ ਤਲਵਾਰ ਵਾਲੇ ਸੀ ਖੜ੍ਹ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਦਸਮੇਸ਼ ਪਿਤਾ ਨੇ ਸੀ ਜ਼ੁਲਮ ਦੇ ਰੋਕੇ ਵਾਰ ਲੈ ਢਾਲਾਂ, ਉਸ ਰਾਹ ਤੋਂ ਰੋਕਣ ਲਈ ਦੋਖੀ ਚੱਲਦੇ ਲੂੰਬੜ ਚਾਲਾਂ, ਓਸ ਸ਼ੇਰ ਦੇ ਪੁੱਤਰ ਕਿਉਂ, ਅੱਜ ਫਿਰ ਘੁਰਨਿਆਂ ਵਿੱਚ ਦੜ ਗਏ ! ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੈਨੂੰ ਕੀਹਨੇ ਨਹੀਂ ਲੁੱਟਿਆ ਕੀ ਤੈਮੂਰ ਤੇ ਕੀ ਅਬਦਾਲੀ ਤੇਰੇ ਅਣਖੀ ਸੂਰਮਿਆਂ ਖੋਹ ਹਥਿਆਰ ਮੋੜਤੇ ਖਾਲ਼ੀ ਨਲੂਏ ਜਿਹੇ ਯੋਧਿਆਂ ਦੇ, ਨਾਮ ਪਠਾਣੀਆਂ ਦੇ ਮੂੰਹ ਚੜ੍ਹ ਗਏ - ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੀ ਇਸ ਧਰਤੀ ਨੇ ਪੈਦਾ ਕੀਤੇ ਭਗਤ, ਸਰਾਭੇ ਤੈਨੂੰ ਅੱਜ ਯਾਦ ਨਹੀਂ ਬੱਬਰ ਅਕਾਲੀ, ਗਦਰੀ ਬਾਬੇ ਹੱਕ-ਸੱਚ ਦੀ ਖ਼ਾਤਰ ਜੋ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੇ ਸਿਰੜੀ ਜੁੱਸੇ ਨੂੰ ਢਾਲ ਨਾ ਸਕੇ ਤੋਪ ਦੇ ਗੋਲੇ ਚਿੱਟੇ ਦੀ ਚੁੱਟਕੀ ਨੇ ਕਰਤੇ ਗੱਭਰੂ ਗੂੰਗੇ-ਬੋਲੇ ਲੈ ਸਾਰ ਜੁਆਨੀ ਦੀ ਸਮਝ ਲੈ ਕੌਣ ਘਾੜਤਾਂ ਘੜ੍ਹ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੇ ਮਿੱਠੜੇ ਪਾਣੀ ਨੂੰ, ਕਰਤਾ ਕੌੜਾ ਪਾ-ਪਾ ਜ਼ਹਿਰਾਂ, ਦਰਿਆ ਤਾਂ ਵੰਡੇ ਸੀ, ਇਹ ਹੁਣ ਵੰਡੀ ਜਾਂਦੇ ਨਹਿਰਾਂ ਪਰ ਤੇਰੇ ਸਭ ਮਸਲੇ , ਵੀਰਨਾਂ ਤੇਜ਼ ਹੜ੍ਹਾਂ ਵਿੱਚ ਹੜ੍ਹ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਇੱਕ ਪੁੱਤਰ ਅੰਨਦਾਤਾ ਲੈ ਗਿਆ ਫਾਹਾ ਕਰਜ਼ੇ ਡੁੱਬਾ ਦੂਜਾ ਡੇਰੇ ਸਾਧਾਂ ਦੇ ਡਿੱਗ-ਡਿੱਗ ਪੈਰੀਂ ਹੋ ਗਿਆ ਕੁੱਬਾ ਹੁਣ ਬਹੁੜ ਜੋਗੀਆ ਵੇ ਟੱਬਰ ਦੇ ਨਾਗ ਕੁੰਡਲੀਏ ਲੜ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੀ ਧਰਤ ਸੁਹਾਵੀ ਤੇ, ਰਹੇ ਨੇ ਗੁਰ-ਪੀਰਾਂ ਦੇ ਵਾਸੇ, ਅੱਜ ਉਸੇ ਧਰਤੀ ਤੇ, ਹਾਹਾਕਾਰ ਮੱਚੀ ਹਰ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ, ਅੰਗ ਨੇ ਗਲ਼ੀਆਂ ਦੇ ਵਿੱਚ ਸੜ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੇ ਘਰ ਦੇ ਜੰਦਰੇ ਦੀ, ਦੇਖ ਖਾਂ ਕਿਹੜੇ ਹੱਥੀਂ ਕੁੰਜੀ ਗੱਲ ਸੋਲਾਂ ਆਨੇਂ ਐਂ ਚੋਰੀ ਭੇਤ ਬਿਨਾਂ ਨਹੀੰ ਹੁੰਦੀ ਤੇਰੇ ਘਰ ਦੇ ਰਖਵਾਲੇ ਲਗਦੈ ਨਾਲ ਚੋਰਾਂ ਦੇ ਖੜ੍ਹ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ ! ਤੇਰੀ ਰੱਤ ਚੂਸ ਲਈ, ਬੇਈਮਾਨਾਂ, ਰਿਸ਼ਵਤਖ਼ੋਰਾਂ ਤੇਰਾ ਕੱਖ ਵੀ ਛੱਡਣਾ ਨਹੀਂ ਇਹਨਾਂ ਘਰ ਵਿੱਚ ਵੜਿਆਂ ਚੋਰਾਂ ਸੁੱਖ ਸੁੱਤਿਆਂ ਨਹੀਂ ਸਰਨਾ ਜਿੱਤ ਗਏ ਜੋ ਉਹਨਾਂ ਸੰਗ ਲੜ ਗਏ ਉਠ ਜਾਗ ਪੰਜਾਬ ਸਿਆਂ - ਸੁੱਤਿਆ ਚੋਰ ਘਰਾਂ ਵਿੱਚ ਵੜ ਗਏ !

2. ਸਾਡੇ-ਬੇਗਾਨੇ

ਬੇਗਾਨੇ ਓਦੋਂ ਵੀ ਸਾਡੇ ਸੀਨਿਆਂ ’ਚ ਗੋਲ਼ੀਆਂ ਵਿੰਨ੍ਹਦੇ ਰਹੇ ਸਾਡੇ ਓਦੋਂ ਵੀ ਭਰਮਾਉਂਦੇ ਰਹੇ ਤੇ ਚਰਖੇ ਕੱਤਦੇ ਰਹੇ ! ਬੇਗਾਨੇ ਉਦੋਂ ਵੀ ਥੱਪੜ ਮਾਰਦੇ ਰਹੇ ਸਾਡੇ ਓਦੋਂ ਵੀ ਹਾਉਕੇ ਭਰਦੇ ਰਹੇ ਤੇ ਦੂਜੀ ਗੱਲ੍ਹ ਪੇਸ਼ ਕਰਦੇ ਰਹੇ ! ਪਰ, ਉਹ ਸੰਪੂਰਨ ਸਾਡੇ ਨਿਬੜੇ ਨੋਟਾਂ ਤੇ ਆਣ ਛਪੇ ਤੇ ਹੱਥੋ-ਹੱਥੀ ਵਿਕੇ ! ਤੇ ਆਖਰ ਫਾਂਸੀ ਲਟਕੇ ਜੁਝਾਰੂ ਧੂੜ ਵਿੱਚ ਦੱਬੀ ਕਿਤਾਬ ਚ ਗੁਆਚ ਗਏ ! ਬੇਗਾਨੇ ਅੱਜ ਵੀ ਸਾਡੇ ਸੀਨਿਆਂ ਚ ਗੋਲ਼ੀਆਂ ਵਿੰਨ੍ਹਦੇ ਨੇ ਤੇ ਸਾਡੇ ਮੋਮਨ ਅੱਜ ਵੀ ਕਈ ਕਿੱਲੋ ਮੋਮਬੱਤੀਆਂ ਫੂਕ ਕੇ ਗਲੋਬਲ ਵਾਰਮਿੰਗ ਚ’ ਵਾਧਾ ਕਰਦੇ ਦੋਨੋ ਹੱਥ ਜੋੜ ਸਾਹਮਣੇ ਖੜ੍ਹਦੇ ਤੇ ਲੋਕ ਅਗਲੀ ਸਵੇਰ ਕਿਸੇ ਅਖਬਾਰ ਦੀ ਸੁਰਖ਼ੀ ਚ’ ਜਾਂ ਸੋਸ਼ਲ ਮੀਡੀਆ ਦੇ ਪੜ੍ਹਦੇ ਖੁੰਢ ਚਰਚਾ ਕਰਦੇ, ਘੰਧੇੜੀਂ ਚੜ੍ਹਦੇ ਬੇਗਾਨਿਆਂ ਨੂੰ ਆਪਣਿਆਂ ਚ’ ਖੜ੍ਹਾ ਕਰਦੇ ਤੇ ਰਲ ਕੇ ਕੋਈ ਨਵਾਂ ਮਨਸੂਬਾ ਘੜਦੇ ਬੇਗਾਨੇ ਅੱਜ ਵੀ ਸਾਨੂੰ ਉਸੇ ਪੱਲੜੇ ਧਰਦੇ !

3. ਬੋਲੀਆਂ

ਇਸ ਦੁਨੀਆਂ ਵਿੱਚ ਹਰ ਸ਼ੈ ਵਿਕਦੀ ਤੂੰ ਦੱਸ ਕੀ ਕੀ ਲੈਣਾ। ਬਈ ਪਾਣੀ ਵਿਕ ਗਿਆ, ਹਵਾ ਵੀ ਵਿਕ ਗਈ ਹੋਰ ਕੀ ਪਿੱਛੇ ਰਹਿਣਾ। ਨੀ ਢਕ ਲੈ ਤਨ ਆਪਣਾ ਸ਼ਰਮ ਹਯਾ ਦਾ ਗਹਿਣਾ। ਨੀ ਢੱਕ ਲੈ.........! ਸਮਾਰਟ ਫ਼ੋਨ ਨੇ ਸਭ ਕੁਝ ਖਾ ਲਿਆ ਕੀ ਕੈਮਰਾ ਕੀ ਘੜੀਆਂ ! ਕਲਮਾਂ ਖਾ ਗਿਆ, ਨਕਸ਼ੇ ਖਾ ਗਿਆ ਅੱਖੀਆਂ ਨਾ ਹੁਣ ਲੜੀਆਂ। ਬਈ ਚਿੱਠੀਆਂ ਸਾਹਿਬਾਂ ਘੱਲੀਆਂ, ਵਟਸਅੱਪ ਤੇ ਮਿਰਜ਼ੇ ਪੜ੍ਹੀਆਂ ! ਬਈ ਚਿੱਠੀਆਂ—— ਵੀਰ ਤੇਰੇ ਨੇ ਆਈਪੈਡ ਦਿੱਤਾ, ਆਈਫੋਨ ਮਾਹੀਏ ਲੈਤਾ। ਭੁੱਲਗੀ ਸੰਧਾਰੇ,ਵੰਗਾਂ ਵੀ ਭੁੱਲੀਆਂ ਤੀਆਂ ਨੂੰ ਬਾਏ ਬਾਏ ਕਹਿਤਾ। ਨੀ ਇੱਕੋ ਇੱਕ ਫਿਕਰ ਪਿਆ, ਕਿਤੇ ਮੁੱਕ ਜਾਏ ਨਾ ਡੈਟਾ। ਨੀ ਇੱਕ ਤੈਨੂੰ — ਸੁਣ ਬਈ ਗਭਰੂਆ ਲੌਕਟ ਵਾਲਿਆ ਜ਼ਰਾ ਸੁਣਕੇ ਜਾਈਂ ਸ਼ੁਕੀਨਾ। ਆਈਲੈਟ ਕਰ ਲਈ, ਵੀਜ਼ਾ ਲੈ ਲਿਆ ਪਾਟੀਆਂ ਪਾ ਲੀਆਂ ਜੀਨਾ। ਬਈ ਵਿੱਚ ਤੇਰੀ ਬੈਠਕ ਦੇ ਕਿੱਦਾਂ ਗੁਟਕੂ ਕਬੂਤਰ ਚੀਨਾ। ਬਈ ਵਿੱਚ ਵਿੱਚ ਤੇਰੀ ——- ਕਰੋਨਾ ਕਰੋਨਾ ਕਰਦੀ ਨੀ ਤੂੰ ਮਿੰਨਾ ਮਿੰਨਾ ਜਿਹਾ ਖੰਘਦੀ। ਕਾਲਿਜ ਛੁੱਟਿਆ, ਜਿੰਮ ਵੀ ਛੁੱਟ ਗਿਆ ਮੇਲਿਆਂ ਤੋਂ ਵੀ ਸੰਗਦੀ ਵਿੱਚ ਦੀ ਮਿੱਤਰਾਂ ਦੇ ਮਾਸਕ ਪਾ ਕੇ ਲੰਘਦੀ। ਨੀ ਵਿੱਚ ਦੀ ਮਿੱਤਰਾਂ ਦੇ —- ਰਾਂਝਣ ਅੱਜ-ਕੱਲ੍ਹ ਬੰਦੇ ਚਾਰੇ ਹੀਰ ਪੀਜ਼ੇ ਖਾਂਦੀ ਰਹਿ ਗਈ ! ਪੁੰਨੂ ਟੀਕਾ ਲਾ ਕੇ ਸੌਂ ਗਿਆ ਸੱਸੀ ਏ ਸੀ ਚਲਾ ਕੇ ਪੈ ਗਈ। ਬਈ ਪਾਣੀ ਵਿੱਚ ਬੱਸ ਚਲਪੀ, ਸੋਹਣੀ ਟਿਕਟ ਕਟਾਕੇ ਬਹਿ ਗਈ ! ਵੇ ਪਾਣੀ ਬੱਸ ਚਲਦੀ —-

4. ਕਲਮਾਂ ਵਾਲਿਉ ਤੇ ਕਲਾਕਾਰੋ

ਕਲਮਾਂ ਵਾਲਿਉ ਤੇ ਕਲਾਕਾਰੋ, ਦੇਸ ਪੰਜਾਬ ਨੂੰ ਪਾਰ-ਉਤਾਰੋ। ਨਸ਼ੇ ਹਥਿਆਰ ਬੜੇ ਲਿਖ-ਗਾ ਲਏ ਹੁਣ ਕੁਝ ਹਾਅ ਦਾ ਨਾਹਰਾ ਮਾਰੋ। ਖੜ੍ਹ ਕੇ ਸ਼ੀਸ਼ੇ ਮੂਹਰੇ ਪੁੱਛਿਓ ਜ਼ਰਾ ਸੁਆਲ ਇਹ ਸ਼ਕਲਾਂ ਨੂੰ। ਸੋਚੋ ਕਿਹੜੇ ਰਾਹ ਪਾ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ! ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ ! ਕੁਝ ਚਿਰ ਭੁੱਲ ਕੇ ਲੱਕ ਦੀ ਮਿਣਤੀ। ਕਰਿਉ ਖ਼ੁਦਕੁਸ਼ੀਆਂ ਦੀ ਗਿਣਤੀ। ਧੀ ਮੁਟਿਆਰ ਨੇ ਕੋਰੀ ਸੱਧਰ , ਬਾਪ ਦੀ ਅਰਥੀ ਦੇ ਵਿੱਚ ਚਿਣਤੀ। ਉੱਤੋਂ ਸ਼ਾਹੂਕਾਰ ਲੈ ਜਾਣਾ ਸਿਰ ਤੇ ਪੱਕੀਆਂ ਫਸਲਾਂ ਨੂੰ । ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ ! ਜੰਮ-ਜੰਮ ਗਾਉ ਜ਼ੁਲਫ਼ ਦੀਆਂ ਛਾਵਾਂ। ਨੈਣਾਂ ਦੀਆਂ ਮਸਤ ਅਦਾਵਾਂ। ਪਰ, ਚਿੱਤਰਿਓ ਪੁੱਤ ਨਸ਼ੇ ਵਿੱਚ ਡੁੱਬੇ, ਉਲਝੇ ਵਾਲ ਵਿਲਕਦੀਆੰ ਮਾਵਾਂ। ਰਲਕੇ ਦਿਉ ਲਾਸ਼ਾਂ ਨੂੰ ਮੋਢਾ ਪਾਸੇ ਰੱਖ ਕੇ ਰਫ਼ਲਾਂ ਨੂੰ। ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ ! ਲਿਖ-ਲਿਖ ਨਗਮੇ ਗੈਂਗ ਬਣਾਏ। ਕਿਉਂ ਪਿਸਤੌਲ ਨੇ ਡੱਬ ਵਿੱਚ ਪਾਏ। ਇਹ ਜੋ ਅੱਗ ਦਰਾਂ ਤੇ ਫਿਰਦੀ , ਸੇਕਣੇ ਪੈਣੇ ਘਰ ਮਚਾਏ । ਹੁਣ ਕਿਹੜੇ ਖਾਤੇ ਪਾਈਏ ਅਰਮਾਨਾਂ ਦੇ ਕਤਲਾਂ ਨੂੰ। ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ ! ਫੋਕੇ ਪਾਣੀਆਂ ਨੂੰ ਨਾ ਪੁਣੀਏ। ਚਲੋ! ਜ਼ਮੀਰਾਂ ਦੀ ਵੀ ਸੁਣੀਏ। “ਸੁੱਖ” ਜੋ ਕੰਡੇ ਹੱਥੀਂ ਬੀਜੇ ਰਲਕੇ ਪਲਕਾਂ ਦੇ ਨਾਲ ਚੁਣੀਏ। ਨਹੀਂ ਤਾਂ ਲਾਹਣਤਾਂ ਪੈਣਗੀਆਂ ਇਹੋ ਜਿਹੀਆਂ ਅਕਲਾਂ ਨੂੰ। ਸੋਚੋ ਕਿਉੰ ਗੁੰਮਰਾਹ ਕਰ ਚੱਲੇ ਆਉਣ ਵਾਲ਼ੀਆਂ ਨਸਲਾਂ ਨੂੰ !

5. ਖ਼ੁਸ਼-ਆਮਦੀਦ

ਆ ਮੇਰੇ ਬੱਚੇ ਖੁਸ਼-ਆਮਦੀਦ ! ਇਸ ਬ੍ਰਹਿਮੰਡ ਦੇ ਸਾਂਝੀ ਹੁੰਦਿਆਂ - ਰਾਤ ਦੀਆਂ ਰਾਣੀਆਂ ਦੀ ਖੁਸ਼ਬੂ ਤੋਂ ਬਾਅਦ ਤੇ ਸੁੱਚੇ ਸ਼ਹਿਦ ਦੀ ਗੁੜ੍ਹਤੀ ਤੋਂ ਬਾਅਦ ਮਾਰਨੇ ਪੈਣੇ ਹੰਭਲ਼ੇ ਕਰਨੀ ਹੋਵੇਗੀ ਜਦੋ-ਜਹਿਦ ਤੈਨੂੰ ਕਿ ਜ਼ਲੀਲਤਾ ਦੀ ਹਵਾੜ ਦਾ ਸੰਗੀ ਨਾ ਹੋਣਾ ਪਵੇ ! ਤੈਨੂੰ ਖੜ੍ਹਨਾ ਨਾ ਪਵੇ- ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ‘ਚ ਬਦਲਦੇ ਪੰਡਾਲਾਂ ‘ਚ! ਸ਼ਾਮਲ ਨਾ ਹੋਣਾ ਪਵੇ - ਮਨੁੱਖਤਾ ਦੇ ਕਤਲ ‘ਚ ਮਨਾਏ ਜਸ਼ਨਾਂ ‘ਚ ਤੇ ਗੁੰਗੀਆਂ ਜ਼ੁਬਾਨਾਂ ਦੀਆਂ ਮਹਿਫ਼ਲਾਂ ‘ਚ ! ਹੋਣਾ ਹੋਵੇਗਾ ਦ੍ਰਿੜ੍ਹ ਕਾਂ ਕਿ ਮੜਕ ਢਿੱਲੀ ਨਾ ਹੋਵੇ, ਭਾਵਕਤਾ ਦੀ ਸਲ੍ਹਾਬ ‘ਚ ਤੇ ਨੱਕ ਘੁੱਟ ਨਾ ਹੁਜ਼ਰਨਾ ਪਵੇ ਹੀਣਤਾ ਦੀ ਗ਼ਰਜ਼ ਚੋਂ ! ਛਿੱਕਾਂ ਵੀ ਨਾ ਆਉਣ ਤੈਨੂੰ ਈਰਖਾ ਦੀ ਐਲਰਜੀ ਤੋਂ ! ਭਰਨੇ ਨਾ ਪੈਣ ਕੌੜੇ ਘੁੱਟ ਗ਼ਰੂਰਤਾ ਦੀ ਕੁਨੀਨ ਦੇ ! ਲੋਹਾ ਲਾਖ਼ਾ ਹੁੰਦਿਆਂ ਮੁਹਤਾਜ ਨਾ ਹੋਵੇਂ ਬਰਾਛਾਂ ਖਿਲਾਰ ਕੇ ਝੂਠੀ ਮੁਸਕਾਨ ਦਾ ! ਨਾ ਨਪੀੜਨੀਆਂ ਪੈਣ ਚੀਸਾਂ ਕੌੜੀਆਂ-ਕਸੈਲੀਆਂ ਸੁਣਕੇ ! ਜ਼ੁਲਮ ਦੇ ਪੰਜਿਆਂ ਦਾ ਮੂੰਹ ਜਾਲਮ ਵੱਲ ਕਰਨਾ ਹੋਵੇਗਾ ! ਤਾਂ ਕਿ ਪੈਂਡਾ ਕਬਰਾਂ ਖਰੂਦ ਕੇ, ਲਾਸ਼ਾਂ ਲਿਤਾੜ ਕੇ ਨਾ ਕਰਨਾ ਪਵੇ ! ਕਈਆਂ ਅੱਖਾਂ ਚ ਨਾ ਰੜਕੇਂ ਤੂੰ ਵੀ ਜ਼ਿੰਦਾ-ਦਿਲੀ ਦੀ ਦਹਿਲੀਜ਼ ਤੇ ਦਸਤਕ ਦੇ ਕੇ ! ਨਹੀਂ ਉੱਠ ਸਕਣੇ ਤ੍ਰਿਸ਼ੂਲ ਤੇ ਕਿਰਪਾਨਾਂ ਸੱਚ ਦੀ ਹਿੱਟਕੀ ਨੂੰ ਦੱਬਣ ਲਈ ! ਤੈਨੂੰ ਚੁਫੇਰਿਓਂ ਘੇਰ ਕੇ ਹੀਆ ਨਹੀਂ ਪੈਣਾ ਭੀੜ ਦਾ ਧਰਮ ਦਾ ਰੱਸਾ ਲੈ ਕੇ ਨੱਥ ਮਾਰਨ ਲਈ ! ਨਾ ਸਿੱਖੇਂਗਾ ਪੈਂਤੜੇ ਗਿਰਗਟ ਵਾਂਗ ਰੰਗ ਬਦਲਣ ਦੇ ! ਤੈਨੂੰ ਜ਼ਰੂਰ ਸੁਣਾਈ ਦੇਵੇਗੀ ਢਹਿੰਦੀ ਮਸਜਿਦ ਦੀ ਲੇਰ ਧਰਮ ਨਿਰਪੱਖਤਾ ਦੇ ਨਾਹਰਿਆਂ ਦੀ ਗੂੰਜ ਚੋਂ ! ਤਾਰਿਆਂ ਦਾ ਛਾਵੇਂ ਬੈਠਾ ਸਰਘੀ ਦੇ ਚਾਨਣ ਨੂੰ ਚਿਤਰੇਂਗਾ ! ਖ਼ੈਰ, ਸਭ ਕੁਝ ਹੁੰਦਿਆਂ ਸਿਖਾਉਣਾ ਹੋਵੇਗਾ ਵਹਿਣਾ ਸਹਿਕਦੀਆਂ ਪੌਣਾ ਤੇ ਸੁਲਗਦੀਆਂ ਲਹਿਰਾਂ ਨੂੰ ! ਇਹ ਅੜਿੱਕਾ ਦੌੜ ਦੌੜਦਿਆਂ ਜਜ਼ਬੇ ਤੇ ਸ਼ਿੱਦਤ ਨਾਲ ਲਾਵੇਂਗਾ ਜੇਤੂ ਰਿਬਨ ਨੂੰ ਹੱਥ ! ਆ ਮੇਰੇ ਬੱਚੇ ਸੁਮੀਤ ਖ਼ੁਸ਼-ਆਮਦੀਦ ! ਹੰਭਲੇ ਮਾਰ ਤੇ ਜਦੋ-ਜਹਿਦ ਕਰ ਆ ਇਸ ਯੁੱਗ ਦੇ ਮੇਦੀਆਂ ਦਾ ਮੀਤ ਬਣ !

6. ਤੇਰੇ ਪਿਆਰ ਦੀ ਕੋਰੀ ਕੈਨਵਸ ਤੇ

ਤੇਰੇ ਪਿਆਰ ਦੀ ਕੋਰੀ ਕੈਨਵਸ ਤੇ, ਕੋਈ ਜੱਗੋਂ ਵੱਖਰਾ ਰੰਗ ਭਰਾਂ ! ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ, ਮੈਂ ਬਹਿਰਾਂ ਦੇ ਵਿੱਚ ਬੰਦ (ਕੈਦ) ਕਰਾਂ ! ਜਿਉਂ ਗੂੰਜੇ ਰਾਗ ਹਵਾਵਾਂ ਚੋੰ। ਕੋਈ ਛੋਹਿਆ ਸਾਜ਼ ਫਿਜ਼ਾਵਾਂ ਚੋੰ। ਸਰਗਮ ਸੁਣਦੀ ਹੈ ਸਾਹਾਂ ਚੋੰ, ਮੇਰੀ ਮੰਜ਼ਿਲ ਹੋ ਗਈ ਤੇਰਾ ਗਿਰਾਂ। ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------ ਮਨ ਛਿੜਨ ਤਰੰਗਾਂ ਰਾਤਾਂ ਨੂੰ। ਕੋਇਲ ਨੂੰ ਸੁਣ ਬਰਸਾਤਾਂ ਨੂੰ। ਕਿਵੇਂ ਲਿਖਾਂ ਸ਼ੋਖ ਜਜ਼ਬਾਤਾਂ ਨੂੰ, ਬੋਲਣ ਨਾ ਲੱਗ ਪਏ ਕਲਮ ਡਰਾਂ .... ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------ ਤੇਰੀ ਦੀਦ ਨੂੰ ਜੰਗਲ਼ ਫੋਲਾਂ ਨੀ, ਤੈਨੂੰ ਹਰ ਟਾਹਣੀ ਚੋਂ ਟੋਹਲਾਂ ਨੀ, ਮੈਨੂੰ ਪੱਤੇ ਕਰਨ ਕਲੋਲਾਂ ਨੀ, ਮੈਂ ਜਿੱਤ ਕੇ ਬਾਜ਼ੀ ਰੋਜ਼ ਹਰਾਂ ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------ ਮਨ ਡਰਦਾ ਨਾ ਤੂੰ ਖੋ ਜਾਵੇਂ। ਕਿਤੇ ਅੱਖੋਂ ਉਹਲੇ ਹੋ ਜਾਵੇਂ। ਕਿਤੇ ਸੰਦਲੀ ਬੂਹਾ ਢੋਅ ਜਾਵੇਂ, ਬਿਨ ਤੇਰੇ ਸਾਗਰ ਕਿਵੇਂ ਤਰਾਂ। ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------ ਸ਼ਿਕਵਾ ਨਹੀਂ ਚਾਰ ਲਕੀਰਾਂ ਦਾ। “ਸੁੱਖ” ਖੇਡ ਨਾ ਇਹ ਤਕਦੀਰਾਂ ਦਾ। ਕਰ ਸੌਦਾ ਪਾਕ ਜ਼ਮੀਰਾਂ ਦਾ। ਤੇਰੇ ਦਰ ਤੇ ਆਣ ਮੈਂ ਸੀਸ ਧਰਾਂ .... ਤੈਨੂੰ ਖੁੱਲ੍ਹੀ ਕਵਿਤਾ ਵਰਗੀ ਨੂੰ ------

7. ਇਕ ਕਹਿੰਦੈ ਆਹ ਤੇਰਾ ਕਰੋਨਾ

ਇਕ ਕਹਿੰਦੈ ਆਹ ਤੇਰਾ ਕਰੋਨਾ ਦੂਜਾ ਕਹਿੰਦੈ ਕਰ ਨਾ ਭੰਡੀ ! ਇਕ ਕਹਿੰਦੈ ਮੈ ਲੈਣਾ ਕੁਝ ਨਹੀਂ ਉਹ ਆਹਦਾ ਮੇਰੀ ਵੱਡੀ ਮੰਡੀ ! ਕੁਦਰਤ ਕੈਸੀ ਖੇਡ ਰਚਾਈ ਅੰਦਰੀਂ ਵੜ ਗਏ ਮਾਈ ਭਾਈ ਤੁਰਦਾ ਸੀ ਜੋ ਧੌਣ ਅਕੜਾ ਕੇ ਅਣਦਿਸਦੇ ਨੇ ਫੜ ਲਈ ਸੰਘੀ ! ਫੌਜ ਜ਼ਿਹਨਾਂ ਦੀ ਲੜਨ ਨੂੰ ਰੱਖਿਆ ਆਪਣਾ ਲਾਣਾ ਅੰਦਰੀਂ ਡੱਕਿਆ ਘਰੋਂ ਬਾਹਰ ਜੋ ਪੈਰ ਟਿਕਾਵੇ, ਮਰੋੜ ਦਿਉ ਜੀ-ਸਦਕੇ ਘੰਡੀ ! ਕੋਈ ਕਹੇ ਕੁਝ ਝੋਲੀ ਪਾ ਦਿਉ ਕੋਈ ਕਹੇ ਥਾਲੀ ਖੜਕਾ ਦਿਉ ! ਹਜੂਮ ਨੂੰ ਅੰਦਰ ਡੱਕ ਨਹੀਂ ਹੋਣਾ ਬਾਂਦਰੀ ਹੋ ਕੇ ਰਹੂਗੀ ਲੰਡੀ ! ਸਾਧਾਂ ਵੱਲ ਵੀ ਪਰਖ ਕੇ ਤੱਕੀਂ ਆਈਂ ਖਾਂ ਨੀਲਿਆਂ ਚੱਪਣ ਚੱਕੀਂ ! ਭੋਰਿਆਂ ਦੇ ਵਿੱਚ ਝਾਤੀ ਮਾਰੋ, ਸਾਧ ਵੀ ਲਗਦੈ ਪੈ ਗਏ ਡੰਡੀ ! ਸੰਖ ਵਜਾ ਕੇ ਮਰਨਾ ਨਹੀਂ ਇਹ ਧੂਫ ਧੁਖਾਕੇ ਸੜਨਾ ਨਹੀਂ ਇਹ ਜਿਸ ਵਿਗਿਆਨ ਤੇ ਪਰਦੇ ਪਾਉਂਨੈ “ਸੁੱਖ” ਨਾਲ ਹੋਣੀ ਉਸ ਦੀ ਝੰਡੀ !

8. ਸਿੱਖਾ ਜਾਗ ਬਈ

ਸਿੱਖਾ ਜਾਗ ਬਈ ਉਏ ਹੁਣ ਜਾਗੋ ਆਈ ਆ, ਸਿੱਖਾ ਸਿੱਖੀ ਜਗਾ ਲੈ ਵੇ, ਜਾਗੋ ਆਈ ਆ --------- ਚੁੱਪ ਕਰ ਸਿੱਖੀ ਮਸਾਂ ਸੁਆਈ ਆ, ਨਸ਼ਾ ਦੇ ਕੇ ਪਾਈ ਆ, ਭੜਕ ਪਊਗੀ, ਬਦਲੇ ਲਊਗੀ, ਮੱਚ ਜਾਊ ਹਾਲ ਦੁਹਾਈ ਆ ਬਈ ਹੁਣ ਜਾਗੋ ਆਈ ਆ, ਬੱਲੇ ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । --------- ਮਸਾਂ ਸਿੱਖੀ ਵਿੱਚ ਵਾੜੇ ਬਾਬੇ, ਬਾਬੇ ਕਾਹਦੇ, ਠਰਕੀ ਡਾਢੇ, ਚੇਲਾ ਕਰੇ ਉਗਰਾਹੀ, ਤੀਂਵੀਂ ਗੋਡੇ ਨਾਲ ਬਠਾਈ ਆ ਬਈ ਹੁਣ ਜਾਗੋ ਆਈ ਆ, ਬੱਲੇ ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । --------- ਸਾਧ ਵੀ ਚੁੱਕੀ ਫਿਰਦੇ ਐ ਜਾਗੋ, ਕਹਿੰਦੇ ਐ ਸਿੱਖੋ, ਸਿੱਖੀ ਤਿਆਗੋ, ਭੇਸ ਫਕੀਰਾ ਦੇ ਵਿੱਚ ਮਹਿਫ਼ਲ ਡੇਰਿਆਂ ਵਿੱਚ ਸਜਾਈ ਆ, ਬਈ ਹੁਣ ਜਾਗੋ ਆਈ ਆ । ਸ਼ਾਵਾ ਬਈ ਹੁਣ ਜਾਗੋ ਆਈ ਆ । --------- ਪਲਿਆ ਸਾਧ ਹੈ ਖੀਰ ਤੇਰੀ ਨਾਲ, ਖੇਡ ਰਿਹਾ ਤਕਦੀਰ ਤੇਰੀ ਨਾਲ, ਤੂੰ ਲੱਸੀ ਨੂੰ ਰਿੜਕੀ ਜਾਵੇਂ, ਸਾਧਾਂ ਹੱਥ ਮਲਾਈ ਆ, ਬਈ ਹੁਣ ਜਾਗੋ ਆਈ ਆ । ਸ਼ਾਵਾ ਬਈ ਹੁਣ ਜਾਗੋ ਆਈ ਆ । --------- ਇੱਕ ਮੰਚ ਤੇ ਇੱਕਠ ਸਾਧਾਂ ਦਾ, ਜੇਬ ਤੇਰੀ ਵਿੱਚ ਹੱਥ ਸਾਧਾਂ ਦਾ, ਭੁੱਕੀ ਵੇਚਦਾ ਫੜਿਆ ਪਰਸੋਂ, ਸਾਧ ਦਾ ਛੋਟਾ ਜੁਆਈ ਆ, ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । ---------- ਸੁਣ ਉਏ ਆਕੜਖੋਰਾ ਜੱਟਾ, ਮੈਂ ਲਿਸ਼ਕਾਂ, ਤੇਰੇ ਸਿਰ ਵਿੱਚ ਘੱਟਾ, ਵੀਹ ਕਿਲਿਆਂ ਦਾ ਠੇਕਾ ਸਾਧ ਨੂੰ ਇੱਕ ਮੱਸਿਆ ਦੀ ਕਮਾਈ ਆ, ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । --------- ਧੀਆਂ ਨੂੰ ਤੂੰ ਕੁੱਖ ਵਿੱਚ ਮਾਰੇਂ, ਅਮਲੀ ਪੁੱਤ ਨੂੰ ਨਾ ਦੁਰਕਾਰੇਂ, ਕੁੱਖ ਵਿੱਚ ਧੀ ਦਾ ਪੁੱਤ ਬਣਾਂ ਲੈ, ਸਾਧਾਂ ਕੋਲ ਦੁਆਈ ਆ, ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । --------- ਦਸਾਂ ਗੁਰੂਾਂ ਨੇ ਮਾਣ ਬਖਸ਼ਿਆ, ਗੁਰੂ ਗ੍ਰੰਥ ਦਾ ਧਿਆਨ ਬਖਸ਼ਿਆ, ਪੰਜਵੀਂ ਫੇਲ ਗ੍ਰੰਥੀ ਪਿੰਡ, ਜੀਹਨੇ ਸਾਧਾਂ ਦੀ ਦੱਸ ਪਾਈ ਆ, ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ । --------- ਸਿੱਖਾ ਸਿੱਖੀ ਜਗਾ ਲੈ ਵੇ, ਜਾਗੋ ਆਈ ਆ, ਸੁੱਤੀ ਅਣਖ ਜਗਾ ਲੈ ਵੇ, ਜਾਗੋ ਆਈ ਆ, ਜਿਲਤ ਛੱਡ "ਸੁੱਖ" ਪਾ ਲੈ ਵੇ, ਜਾਗੋ ਆਈ ਆ!

9. ਚੁੱਪ ਬੈਠੀਂ ਨਾ ਮਿੱਟੀ ਦਿਆ ਬਾਵਿਆ

ਚੁੱਪ ਬੈਠੀਂ ਨਾ ਮਿੱਟੀ ਦਿਆ ਬਾਵਿਆ ਵੇ, ਕਿਹੜਾ ਸੂਰਮਾਂ ਖਿੱਚ ਲਊ ਜ਼ੁਬਾਨ ਤੇਰੀ ! ਤੇਰੇ ਸਾਹਾਂ ਦੀ ਗਿਣਤੀ ਨਹੀਂ ਬਦਲ ਸਕਦਾ ! ਹਾਏ ਬਦਲ ਸਕਦਾ ! ਜ਼ਮੀਰ ਹੋਣੀ ਨਹੀਂ ਸੌਖੀ ਨਿਲਾਮ ਤੇਰੀ ! ਤੇਰੇ ਬੋਲਣ ਤੋਂ ਹੈ ਇਤਰਾਜ਼ ਉਹਨੂੰ ਉਹਨੂੰ ਗੀਤ ਤੇਰੇ ਤੋਂ ਖ਼ੌਫ਼ ਆਵੇ ਉਹ ਤਾਂ ਨ੍ਹੇਰੇ ਵਿੱਚ ਮਾਰਦਾ ਫਿਰੇ ਫੂਕਾਂ, ਬਈ ਫਿਰੇ ਫੂਕਾਂ ! ਦੀਪ ਮਸਤਕ ਦਾ ਬੱਝ ਕੇ ਜਗੀ ਜਾਵੇ ! ਤੇਰੀ ਬੜ੍ਹਕ ਨਾਲ ਵੈਰੀ ਨੇ ਭਿੱਜ ਜਾਣਾ, ਹਾਏ ਭਿੱਜ ਜਾਣਾ ਸਲਾਮਤ ਰਹਿਣੀ ਐਂ ਤੇਗ ਤੇ ਮਿਆਨ ਤੇਰੀ ! ਚੁੱਪ ਬੈਠੀਂ ਨਾ ਮਿੱਟੀ ਦਿਆ ਬਾਵਿਆ ਉਏ, ਕਿਹੜਾ ਆਣਕੇ ਖਿੱਚ ਲਊ ਜ਼ੁਬਾਨ ਤੇਰੀ !

10. ਨਟਣੀਆਂ

ਅੱਜ ਅਹਿਸਾਸ ਹੋਇਆ ਕਿ ਜਿਸ ਸੁਪਨੇਂ ਚ ਮੈਂ ਗੁਆਚਿਆਂ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਫੇਰ ਆਖ਼ਰ ਟੁੱਟਣਾ ! ਇਹਦੀਆਂ ਤਿੱਖੀਆਂ ਕੰਕਰਾਂ ਢੋਲ ਦੇ ਡੱਗੇ ਤੇ ਨੱਚਦੇ ਗੱਭਰੂ ਵਾਂਗ ਮੇਰੇ ਦਿੱਲ ਦੀ ਧੜਕਣ ਤੇ ਸੁਆਸਾਂ ਦੀ ਸਰਗਮ ਤੇ ਨੱਚਦੀਆਂ ਮੇਰੀਆਂ ਸੋਚਾਂ ਦੇ ਕਾਫ਼ਲੇ ਦੇ ਨੰਗੇ ਪੈਰੀਂ ਬੇਕਿਰਕ ਹੋ ਖੁੱਭਣੀਆਂ ਧੜਕਣ ਤੇ ਸਰਗਮ ਤਾਂ ਚੱਲਦੀਆਂ ਰਹਿਣਗੀਆਂ ਫਿਰ ਵੀ ਸ਼ਾਇਦ ਨਟਣੀਆਂ ਤੋਂ ਨੱਚ ਨਾ ਹੋਵੇ ਜੇ ਨੱਚੀਆਂ ਵੀ ਤਾਂ ਪੈਰਾਂ ਦੀ ਤਾਲ ਨਹੀਂ ਮਿਲਣੀਂ ! ਮੰਚ ਤੇ ਖਿੰਡੇ ਅਤੇ ਪੈਰਾਂ ਦੀਆਂ ਤਲੀਆਂ ਤੇ ਰੱਤੇ ਰੰਗ ਨੂੰ ਦੇਖ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠੇਗਾ ਸ਼ਹਿਰ ਕੁੱਝ ਤਾੜੀਆਂ ਤਾਂ ਸਿੱਦਕ ਤੇ ਵੱਜਣਗੀਆਂ ਤੇ ਬਾਕੀ ਡਰਾਮੇ ਤੇ ।

11. ਤੀਜਾ ਨੇਤਰ !

ਨਹੀਂ ਸੱਜਣੋ, ਉਏ ਨਹੀਂ ਵੀਰੋ, ਕਾਨੂੰਨ ਅੰਨ੍ਹਾ ਨਹੀਂ ਹੁੰਦਾ ਕਾਨੂੰਨ ਦੇ ਬੰਨ੍ਹੀ ਅੱਖੀਂ ਪੱਟੀ ਚੋਂ, ਸਭ ਕੁਝ ਸਾਫ ਦਿਸਦੈ ! ਕਾਨੂੰਨ ਸਾਫ ਪਹਿਚਾਣ ਰਖਦੈ ਕਿਸ ਦੀ ਰਾਖੀ ਕਦੋਂ ਕਰਨੀ ਐਂ ਨਹੀਂ ਬਾਈ ਉਏ - ਕਾਨੂੰਨ ਅੰਨ੍ਹਾ ਨਹੀਂ ਹੁੰਦਾ ! ਜਦੋਂ ਜਕਰਬਰਗ਼ ਦੇ ਜਹਾਜੋਂ ਉੱਤਰਦੇ ਦੀ, ਕਾਨੂੰਨੀ ਹੱਥ ਨਲੀ ਪੂੰਝ ਰਹੇ ਸਨ, ਤੇ ਬਿਲ ਗੇਟਸ ਦੇ ਜਹਾਜ਼ ਮੂਹਰੇ ਸੁੱਚੇ ਕੀਤੇ ਕਾਨੂੰਨੀ ਹੱਥ ਲਾਲ ਗਲੀਚੇ ਵਿਛਾ ਰਹੇ ਸਨ- ਓਸੇ ਵੇਲੇ ਝਾਰਖੰਡ ਵਿੱਚ ਮੋਟਰਸਾਈਕਲ ਤੇ ਖੁੱਲ੍ਹੀਆਂ ਹਵਾਵਾਂ ਮਾਣਦੀ ਦੁਨੀਆ ਘੁੰਮਣ ਆਈ ਸਪੈਨਿਸ ਕੁੜੀ ਨਾਲ ਸਮੂਹਿਕ ਬਲਾਤਕਾਰ ਹੋ ਰਿਹਾ ਸੀ ! ਨਹੀਂ ਵੀਰੋ - ਕਾਨੂੰਨ ਬੋਲਾਂ ਵੀ ਨਹੀਂ ਹੁੰਦਾ ਪਰ, ਜਹਾਜ਼ ਚ ਆਏ ਖਾਸ ਬੰਦੇ ਦੇ ਨੱਕ ਸੁਣਕਣ ਦੀ ਆਵਾਜ਼ ਨਾਲੋਂ ਖੁੱਲ੍ਹੀ ਫਿਜ਼ਾ ਨੂੰ ਮਾਪਣ ਦੀ ਇਛੁੱਕ ਸਧਾਰਨ ਸਪੈਨਿਸ਼ ਕੁੜੀ ਦੀ ਚੀਕ ਤਰੰਗ ਕਾਨੂੰਨੀ ਕੰਨਾਂ ਤੱਕ ਪਹੁੰਚਦੀ ਤਾਂ ਹੈ ਭਾਵੇਂ ਹੌਲੀ ਪਹੁੰਚਦੀ ਐ ! ਭਰਾਵੋ ਕਾਨੂੰਨ ਦੀ ਤੱਕੜੀ- ਸਭ ਜਾਣਦੀ ਐ ਸਾਰੇ ਨਾਪ-ਤੋਲ ਤੇ ਜਾਣਦੀ ਐ ਮਾਪ-ਦੰਡ ਤੱਕੜੀ ਸਭ ਜਾਣਦੀ ਆ - ਕਿਸ ਨੂੰ ਸਿੱਕਿਆਂ ਨਾਲ ਤੋਲਨੈ, ਤੇ ਕਿਹੜੇ ਪਲੜੇ ਪੱਥਰ ਪੈਣੇ ਆਂ ! ਨਹੀਂ, ਕਾਨੂੰਨ ਅੰਨ੍ਹਾ-ਬੋਲਾ ਨਹੀਂ ਹੁੰਦਾ ਕਾਨੂੰਨ ਨੂੰ ਸਭ ਸੁਣਦਾ ਐ ਸਭ ਦਿਸਦਾ ਹੈ ! ਸੱਚੀਂ ! ਮੈਨੂੰ ਤਾਂ ਕਾਨੂੰਨ ਦੇ ਤੀਜਾ ਨੇਤਰ ਵੀ ਲਗਦੈ !

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ