Punjabi Poetry : Sukhbir Muhabbat
ਪੰਜਾਬੀ ਕਵਿਤਾਵਾਂ : ਸੁਖਬੀਰ ਮੁਹੱਬਤ
1. ਅਸੀਮ ਮੁਹੱਬਤ
ਕਿੰਨੇ ਨੇ ਖਿਆਲ ਆਏ ਕਿੰਨ੍ਹੀਆਂ ਮੁਹੱਬਤਾਂ ਇਸ਼ਕਾਂ ਦੇ ਅੰਬਰਾਂ ਤੇ ਨੱਚ ਨੱਚ ਚਲੇ ਗਏ, ਦਿਲਾਂ ਵਾਲੀ ਪੀੜ ਜੋ ਝੱਲੀ ਨਹੀਂ ਜਾਂਦੀ ਓ ਇਸ਼ਕੇ ਦੀ ਗਲੀ ਵਿਚੋਂ ਬੱਚ ਬੱਚ ਚਲੇ ਗਏ, ਵੱਡੇ ਜੋ ਵਡੇਰੇ ਸਭ ਭਾਲਦੇ ਨੇ ਚੌਧਰਾਂ ਆਸ਼ਕ ਹਕੀਮ ਵਿਚ ਅਸਰ ਨਾ ਰਿਹਾ, ਦੱਬਦੇ ਦਬਾਉਂਦੇ ਲੰਘੇ ਜਿੰਦਗੀ ਦੇ ਸਾਲ ਜੀਵਨ ਇਕ ਥਾਂ ਕਦੇ ਵੀ ਬਸਰ ਨਾ ਰਿਹਾ, ਚੀਸ ਇਸ਼ਕੇ ਦੀ ਕੱਚੀ ਝੂਠੇ ਫੁੱਲਾਂ ਉੱਤੇ ਨੱਚੀ ਬਣ ਸੋਨੇ ਦੀ ਵਿਖਾਏ ਨਾ ਆਇਆ ਜੀ ਯਕੀਨ, ਪਈ ਮੱਤ ਉੱਤੇ ਧੁੰਦ ਲਈ ਗੁੱਤ ਆਪੇ ਗੁੰਦ ਸਭ ਰਾਜ ਗਏ ਖੁੱਲ ਜੋ ਜਿਆਦਾ ਸੀ ਮਹੀਨ, ਕੀ ਲਾਭ ਨੁਕਸਾਨ ਮਰੇ ਮੁਕਰੇ ਦੀ ਜਾਨ ਹੁੰਦਾ ਭੋਰਾ ਨਹੀਂ ਵਸਾਹ ਹੱਥੋ ਛੁੱਟ ਜਾਵੇ ਐਵੇਂ ਨਿੱਕੀ ਚੁੱਭ ਜਾਵੇ ਗੱਲ ਮੱਚ ਜਾਵੇ ਤੜਥੱਲ ਕੁਝ ਪਤਾ ਵੀ ਨਾ ਲੱਗੇ ਦਿਲ ਟੁੱਟ ਜਾਵੇ ਐਵੇਂ, ਉਹ ਉਮਰਾਂ ਤੋ ਵੱਡੇ ਪੂਰੇਂ ਯਾਦਾਂ ਵਾਲੇ ਖੱਡੇ ਕਿਸੇ ਪਾਸਿਓਂ ਵੀ ਕਿਰਨ ਨਾ ਕੋਈ ਆਸ ਵਾਲੀ ਆਵੇ, ਸਾਡੀ ਕਿੰਨ੍ਹੀ ਕੁ ਕਮਾਈ ਇਹ ਕਲਮ ਘਸਾਈ ਘੜੀ ਕੋਈ ਵੀ ਸੁਲੱਖਣੀ ਨਾ ਧਰਵਾਸ ਵਾਲੀ ਆਵੇ । ਕੀਤੇ ਵਰਕੇ ਮੈਂ ਕੱਠੇ ਉੱਤੋਂ ਸੇਕ ਮੱਠੇ ਮੱਠੇ ਮੇਰੇ ਜਹਿਨ ਵਿਚ ਆਈ ਇੱਕ ਕਵਿਤਾ ਦੀ ਗੱਲ, ਭੁੱਲੇ ਇਲਮ ਮਜ਼ਾਜੀ ਸਾਡੀ ਰੱਖ ਲਾ ਲਿਹਾਜ਼ੀ ਛੱਡ ਝੰਗ ਤੇ ਸਿਆਲ ਅਸੀਂ ਆਏ ਤੇਰੇ ਵੱਲ, ਬੜੀ ਦੂਰ ਦੀ ਕਹਾਣੀ ਉਹ ਰਾਜਾ ਤੇ ਮੈਂ ਰਾਣੀ ਹੋਈ ਸੁਪਨੇ ਚ ਬਾਤ ਚੱਲੇ ਕਿੱਸੇ ਜੀ ਹਕੀਕੀ, ਉਹਦੀ ਰਮਜ਼ ਰੂਹਾਨੀ ਸਾਡਾ ਇਸ਼ਕ ਹਕਾਨੀ ਉਹਨੇ ਆਪਣੀ ਵੀ ਜਿੰਦ ਰਾਤ ਮੇਰੇ ਨਾਂ ਉਲੀਕੀ । ਉਹਦੇ ਵਰਗੇ ਨਹੀਂ ਹੋਰ ਪਵੇ ਦੂਰੋਂ ਲਿਸ਼ਕੋਰ ਸਾਡੀ ਅਜਲਾਂ ਦੀ ਸਾਂਝ ਨਹੀਂ ਤਕਸੀਮ ਹੁੰਦੀ ਐਵੇਂ, ਕੋਈ ਪਾਣੀਆਂ ਨੂੰ ਵੱਢ ਲੈ ਜੇ ਜਿੰਦ ਜਾਨ ਕੱਢ ਇਹ ਮੁਹੱਬਤ ਹੈ ਜਨਾਬ ਨਹੀਂ ਅਸੀਮ ਹੁੰਦੀ ਐਵੇਂ ।
2. ਸ਼ਬਦਾਂ ਦੇ ਬਾਣ
ਇਹ ਬਰਕਤਾਂ ਦੇ ਰਾਹ ਜਦ ਖੁੱਲ੍ਹੇ ਤਾਂ ਵਾਹ ਸਾਰੇ ਮਾਫ਼ ਨੇ ਗੁਨਾਹ ਜੇ ਰੱਬ ਦੇਵੇ ਮਾਫ਼ੀਆਂ, ਇਹ ਝੁਰਮਟ ਹਕੀਕੀ ਸਾਡਾ ਇਸ਼ਕ ਮੋਸੀਕੀ ਸਾਡੇ ਲੱਖਾਂ ਨੇ ਚਾਅ ਜੇ ਗਾਉਂਦਾ ਦਿਸੇ ਕਾਫ਼ੀਆਂ । ਲੰਮੇ ਪੈਂਡਿਆਂ ਦੇ ਸਫ਼ਰ ਉਹ ਸਾਨੂੰ ਕਿੱਥੇ ਖਬਰ ਸਾਡੇ ਹਿੱਸੇ ਆਇਆ ਸਬਰ ਤੇ ਕਵਿਤਾ ਉਡੀਕਣਾ, ਸਾਡੇ ਗੀਤ ਘਰ ਜੰਮੇ ਕਿੰਨ੍ਹੇ ਸਦੀਆਂ ਤੋਂ ਲੰਮੇ ਸਾਨੂੰ ਕਿਸ ਲਾਇਆਂ ਕੰਮੇ, ਹਜੇ ਇਹ ਵੀ ਹੈ ਉਲੀਕਣਾ । ਉਹ ਖੁਸ਼ੀਆਂ ਦੇ ਟੋਲੇ ਸਾਡੇ ਭੇਦ ਜੀ ਫਰੋਲੇ ਬਣ ਗਏ ਵਾਵਰੋਲੇ ਲੈ ਖਿਆਲਾਂ ਨੂੰ ਉਡਾ, ਉਹਦੀ ਸੂਰਤ ਦੇ ਕੀ ਕਹਿਣੇ ਜਿਵੇਂ ਮਹਿੰਗੇ ਕੋਈ ਗਹਿਣੇ ਸਾਨੂੰ ਚੇਤੇ ਸਦਾ ਰਹਿਣੇ, ਨਹੀਂ ਸਕਦੇ ਭੁਲਾ । ਪਰ੍ਹੇ ਅਕਾਸ਼ਾਂ ਤੋਂ ਚੋਰੀ ਅਸੀਂ ਗੱਲ ਉਹਦੀ ਤੋਰੀ ਸਾਡੇ ਗੀਤ ਕਮਜ਼ੋਰੀ ਨਹੀਂ ਸੁੱਖ ਦਾ ਕੋਈ ਸਾਹ, ਤੇਰੇ ਮਸਤਕ ਦੇ ਉੱਤੇ ਗੀਤ ਚਾਨਣਾ ਦੇ ਸੁੱਤੇ ਸਾਡੇ ਹਿੱਸੇ ਆਏ ਜੁੱਤੇ ਲੈ ਤੂੰ ਪੈਰਾਂ ਵਿੱਚ ਪਾ । ਇਹ ਅੱਲ੍ਹਾ ਵਾਲੇ ਰੌਲੇ ਸਾਨੂੰ ਕਰ ਗਏ ਨੇ ਬੋਲੇਂ ਸਾਡੇ ਕੁਝ ਵੀ ਨਹੀਂ ਕੋਲੇ ਅਸੀਂ ਹੋ ਗਏ ਬਸ ਚੁੱਪ, ਸਾਡੀ ਮੱਤ ਨਹੀਂ ਟਿਕਾਣੇ ਕੌਣ ਦਿਲ ਦੀਆਂ ਜਾਣੇ ਸਾਡੇ ਗੀਤ ਨੇ ਨਿਆਣੇ ਵੱਡੀ ਇਸ਼ਕਾਂ ਦੀ ਚੁੱਪ । ਇਹ ਕਲਮ ਘੜੀਸ ਕੋਈ ਦੇਵੋਂ ਜੀ ਅਸੀਸ ਜਾਵੇ ਦਿਲ ਜੀ ਪਸੀਜ਼ ਹੋਵੇ ਸਾਡੇ ਉੱਤੇ ਮਾਣ, ਸਾਡੇ ਆਪੇ ਦੀ ਲੜਾਈ ਲਈਏ ਕਿਸਤੋਂ ਰਿਹਾਈ ਸਾਡੀ ਇਹੋ ਹੈ ਕਮਾਈ ਜੋ ਸ਼ਬਦਾਂ ਦੇ ਬਾਣ ।
3. ਤੇਰੇ ਵਰਗੇ ਤਾਰੇ ਤਾਂ ਨਹੀਂ
ਤੇਰੇ ਵਰਗੇ ਤਾਰੇ ਤਾਂ ਨਹੀਂ ਮੇਰੇ ਵਰਗੇ ਸਾਰੇ ਤਾਂ ਨਹੀਂ ਤੈਨੂੰ ਮੈਂ ਛੱਡ ਨਹੀਂ ਸਕਦਾ ਤੇਰੇ ਕਿਤੇ ਲਾਰੇ ਤਾਂ ਨਹੀਂ, ਜਾਤ ਪਾਤ ਤੂੰ ਮੈਨੂੰ ਪੁੱਛਨੈ ਵੇਖ ਕੇ ਕੱਚੇ ਢਾਰੇ ਤਾਂ ਨਹੀਂ, ਲੜਾਈ ਝਗੜਾ ਛੱਡ ਵੀ ਦੇ ਏਹਦਾ ਹੋਣੇ ਗੁਜਾਰੇ ਤਾਂ ਨਹੀਂ ਜੇ ਉਹ ਆਖੇ ਜਿੱਤ ਯਕੀਨੀ ਅਸੀਂ ਵੀ ਹਜੇ ਹਾਰੇ ਤਾਂ ਨਹੀ, ਆਜਾ ਰੱਬ ਦਾ ਪਤਾ ਜਾਣੀਏ ਵੱਸੇ ਬਲਖ਼ ਬੁਖਾਰੇ ਤਾਂ ਨਹੀਂ ।
4. ਵਰਤ ਗਏ ਕੀ ਭਾਣੇ ਦੱਸ ਖਾਂ
ਵਰਤ ਗਏ ਕੀ ਭਾਣੇ ਦੱਸ ਖਾਂ ਕਿਹੜੇ ਬੀਬੇ ਰਾਣੇ ਦੱਸ ਖਾ ਮੇਰੀ ਅਸਲ ਮਜ਼ਦੂਰੀ ਕੀ ਹੈ ਕਿੰਨੇ ਰਹਿੰਦੇ ਦਾਣੇ ਦੱਸ ਖਾਂ, ਲੋਟੂ ਹੋ ਗਏ ਹਾਕਮ ਜਿਹੜੇ ਕਿੰਨ੍ਹੇ ਕਰ ਤੇ ਕਾਣੇ ਦੱਸ ਖਾਂ, ਆਪੋ ਆਪਣੀ ਹਉਮੈ ਥੱਲੇ ਕਿਹੜੇ ਮੌਸਮ ਮਾਣੇ ਦੱਸ ਖਾਂ, ਅੱਖੀਆਂ ਲਾ ਕੇ ਚੈਨ ਭਾਲਦੈ ਲੋਕ ਕਿੰਨ੍ਹੇ ਸਿਆਣੇ ਦੱਸ ਖਾਂ, ਨੀਤਾਂ ਦੇ ਵਿਚ ਖੋਟਾਂ ਰਲੀਆਂ ਕੱਲੇ ਬਦਲੇ ਬਾਣੇ ਦੱਸ ਖਾਂ, ਕਿੰਨ੍ਹਾਂ ਕੁ ਰੱਬ ਦੇ ਨੇੜੇ ਹੁੰਦੈ ਪਾਠੀ ਪੰਡਤ ਮੁਲਾਣੇ ਦੱਸ ਖਾਂ ਆਖਣ ਤੇਰੀ ਗਜ਼ਲ ਪੁਰਾਣੀ ਖਿਆਲ ਵੀ ਹੁੰਦੇ ਪਰਾਣੇ ਦੱਸ ਖਾਂ ।
5. ਮੇਰੀ ਅੱਖ ਨੂੰ ਅੱਖ ਨਾ ਸਮਝੇ
ਮੇਰੀ ਅੱਖ ਨੂੰ ਅੱਖ ਨਾ ਸਮਝੇ ਪੈਸਾ ਧੇਲਾ ਲੱਖ ਨਾ ਸਮਝੇ, ਕਦੇਂ ਕਦੇਂ ਤੂੰ ਹੱਦ ਕਰ ਜਾਨੈ ਮੈਨੂੰ ਅਸਲੋਂ ਕੱਖ ਨਾ ਸਮਝੇ, ਨੰਗੀ ਕੱਢ ਤਾਂ ਅਫ਼ਸਰ ਪੁੱਤਾਂ ਮਾਂ ਦਾ ਕੋਈ ਪੱਖ ਨਾ ਸਮਝੇ, ਰਾਮ ਤੇ ਅੱਲਾ ਇਕੋ ਹੀ ਨੇ ਜੇਕਰ ਉਹ ਵੱਖ ਨਾ ਸਮਝੇ, ਸੁਪਨੇ ਵਿਚ ਵੀ ਕੀ ਮਿਲਨਾ ਜੇ ਮੈਨੂੰ ਪਰਤੱਖ ਨਾ ਸਮਝੇ, ਬੜਾ ਕਿਤਾਬੀ ਜਿਹਾ ਹੋ ਗਿਆ ਮੇਰੀ ਮੌਲੀ ਰੱਖ਼ ਨਾ ਸਮਝੇ ।
6. ਚਾਹ ਦਾ ਬੜਾ ਚਾਅ ਜਿਹਾ ਹੁੰਦਾ
ਚਾਹ ਦਾ ਬੜਾ ਚਾਅ ਜਿਹਾ ਹੁੰਦਾ ਬਿਨ ਪੀਤੇ ਨਹੀਂ ਜਾ ਜਿਹਾ ਹੁੰਦਾ, ਸੁਬਹ, ਦੁਪੈਹਰੇ, ਸ਼ਾਮੀ ਬਣਦੀ ਪਰ ਪੱਕਾ ਨਹੀਂ ਵਸਾਹ ਜਿਹਾ ਹੁੰਦਾ, ਚਾਹ ਸਾਡੀ ਤਾਂ ਕਾਲੀ ਸੋਹਣੀ ਦੁੱਧ ਦਾ ਤਾਂ ਬਸ ਨਾਂ ਜਿਹਾ ਹੁੰਦਾ, ਚਾਹ ਦੇ ਬੜੇ ਨੇ ਲੋਕ ਦੀਵਾਨੇ ਬੁੱਲ੍ਹਾਂ ਤੋਂ ਕੱਪ ਨਹੀਂ ਲਾ ਜਿਹਾ ਹੁੰਦਾ, ਜਿਹੜਾ ਸਾਨੂੰ ਚਾਹ ਨਹੀਂ ਪੁੱਛਦਾ ਉਸਦੇ ਘਰ ਨਹੀਂ ਜਾ ਜਿਹਾ ਹੁੰਦਾ, ਐਸੀ ਚਾਹ ਤੋਂ ਓਦਾਂ ਹੀ ਚੰਗਾ ਜਿਸ ਚ ਨਹੀਂ ਕੋਈ ਚਾਅ ਜਿਹਾ ਹੁੰਦਾ, ਗਰਮੀ ਜਿੰਨ੍ਹੀ ਮਰਜ਼ੀ ਹੋਵੇ ਚਾਹ ਦਾ ਬੜਾ ਸ਼ੁਦਾਅ ਜਿਹਾ ਹੁੰਦਾ, ਜਿਹੜਾ ਬੰਦਾ ਚਾਹ ਨਹੀਂ ਪੀਂਦਾ ਉਹਦਾ ਤਾਂ ਐਵੇਂ ਨਾਂ ਜਿਹਾ ਹੁੰਦਾ ।
7. ਇੰਨ੍ਹੀ ਕੁ ਗੱਲ ਸਾਰੀ ਬਸ
ਇੰਨ੍ਹੀ ਕੁ ਗੱਲ ਸਾਰੀ ਬਸ ਕੇ ਤੇਰੀ ਮੇਰੀ ਯਾਰੀ ਬਸ, ਬਹੁਤੇ ਲੱਲੇ ਭੱਭੇ ਨਾ ਲਾ ਚੱਕ ਤੇਰੀ ਸਰਦਾਰੀ ਬਸ, ਵੰਡੀਆਂ ਪਾਵਣ ਲੱਗਾ ਜੇ ਕਰੀ ਨਾ ਗਾਦਾਰੀ ਬਸ, ਸਾਡੀ ਇਕੋ ਕਹਾਣੀ ਹੋਈ ਤੂੰ ਕੋਝਾ ਮੈਂ ਵਿਚਾਰੀ ਬਸ, ਸਾਡੇ ਮੱਥੇ ਵਾਅ ਦਿੱਤੀ ਹੈ ਗਰੀਬੀ ਤੇ ਲਾਚਾਰੀ ਬਸ, ਉਂਝ ਤਾਂ ਮੇਰਾ ਕਿਹਾ ਮੰਨੇ ਕਰਦਾ ਹੈ ਹੁਸ਼ਿਆਰੀ ਬਸ, ਤੈਨੂੰ ਚੰਗੇ ਤਾਂ ਨਹੀਂ ਲੱਗੇ ਸਾਡੀ ਗੱਲ ਕਰਾਰੀ ਬਸ, ਭਲੇ ਦਾ ਜਮਾਨਾ ਨਹੀ ਹੈ ਗੰਦੀ ਦੁਨੀਆਦਾਰੀ ਬਸ ।
8. ਸਾਖਰ ਪੰਜਾਬ
ਆਪਣਾ ਹੀ ਕੋਈ ਅੰਬਰ ਘੜੀਏ ਆਜਾ ਵਿਚ ਗਗਨਾ ਦੇ ਚੜੀਏਂ ਚੱਲ ਖਾਂ ਵਿਚ ਪਤਾਲਾਂ ਘੁੰਮੀਏਂ ਧਰਤੀ ਦੀ ਹਿਕੜੀ ਨੂੰ ਚੁੰਮੀਏਂ ਪੌਣਾ ਦੇ ਸੰਗ ਉੱਡ ਉੱਡ ਜਾਈਏ ਆਜਾ ਕੋਈ ਤਰਕੀਬ ਲੜਾਈਏ ਜਿੱਥੇ ਹੋਵੇ ਕੋਈ ਸਾਧ ਮੁਰਾਧੀ ਉਹੀ ਗੁਰੂ ਤੇ ਸੰਤ ਉਪਾਧੀ ਘਾਹ ਨੂੰ ਆਜਾ ਲਾਡ ਲਡਾਈਏ ਪੱਤਿਆਂ ਦੇ ਵਿਚ ਲੁੱਕ ਛਿੱਪ ਜਾਈਏ ਐਸਾ ਹੋਵੇ ਕੋਈ ਪਤਾ ਟਿਕਾਣਾ ਜਿੱਥੇ ਜਾਤ ਕੋਈ ਨਹੀਂ ਘਰਾਣਾ ਉਸ ਦੇਸ਼ ਦੇ ਵਾਸੀ ਬਣੀਏ ਸੰਤ ਰਾਮ ਉਦਾਸੀ ਬਣੀਏ ਕਿਰਤੀ ਦਾ ਕੋਈ ਗੀਤ ਬਣਾਈਏ ਕੱਲੀ ਨਾ ਆਜ਼ਾਦੀ ਗਾਈਏ ਸਭ ਦਾ ਹੱਕ ਬਰਾਬਰ ਹੋਵੇ ਕੋਈ ਤਕੜਾ ਨਾ ਜਾਬਰ ਹੋਵੇ ਲੈ ਕੈ ਹੱਥ ਵਿਚ ਕਹੀ ਕਿਤਾਬ ਸਾਖਰ ਬਣਾਈਏ ਇਹ ਪੰਜਾਬ ।
9. ਚੰਗੇ ਮਾੜੇ ਮੇਰੇ ਜੋ ਨੇ
ਚੰਗੇ ਮਾੜੇ ਮੇਰੇ ਜੋ ਨੇ ਤੇਰੇ ਮੂੰਹ ਤੇ ਤੇਰੇ ਜੋ ਨੇ । ਸੱਟ ਵੱਜੀ ਤੇ ਫਿਸ ਜਾਂਦੈ ਸੀਨੇ ਜਖ਼ਮ ਉਕੇਰੇ ਜੋ ਨੇ, ਫੁੱਲ ਖੁਸ਼ਬੂਦਾਰ ਨਹੀਂ ਓਦਾਂ ਕੰਢਿਆਂ ਉੱਤੇ ਡੇਰੇ ਜੋ ਨੇ, ਰੋਂਦਾ ਰੋਂਦਾ ਵੇਚ ਆਇਆ ਸੂਰਜ, ਚੰਨ, ਸਵੇਰੇ ਜੋ ਨੇ, ਆਦਤ ਹੱਥੋਂ ਮਜ਼ਬੂਰ ਹੁੰਦੈ ਕੁੱਤਾ, ਸੱਪ, ਲੁਟੇਰੇ ਜੋ ਨੇ, ਆਖਣ ਸੂਰਜ ਦੱਬ ਲਿਆ ਫੁੱਲੇ ਫਿਰਨ ਹਨ੍ਹੇਰੇ ਜੋ ਨੇ, ਵੇਚ ਵੱਟ ਕੇ ਖਾ ਗਏ ਸਭ ਮੰਦਰ, ਮਸਜਿਦ, ਡੇਰੇ ਜੋ ਨੇ, ਲੱਗਦਾ ਕੋਈ ਆਉਣ ਵਾਲਾ ਕਾਵਾਂ ਮੱਲ਼ੇ ਬਨੇਰੇ ਜੋ ਨੇ, ਪੱਥਰਾਂ ਥਾਣੀ ਉੱਗ ਆਵਾਂਗੇ ਸ਼ੇਰਾਂ ਵਰਗੇ ਜੇਰੇ ਜੋ ਨੇ ।।
10. ਚੱਲਦਾ ਹਾਂ
ਇਜ਼ਹਾਰ ਕਰ ਇਨਕਾਰ ਕਰ ਮੈਂ ਮੁਜ਼ਰਮ ਹਾਂ ਇਤਬਾਰ ਕਰ, ਸਜਾ ਦੇ ਵਜਾ ਦੇ ਮੈਂ ਮੰਨਣਾ ਹੈ ਰਜ਼ਾ ਦੇ, ਰੋਈ ਨਾ ਮੋਈ ਨਾ ਛੱਡ ਗਿਆ ਕੋਈ ਨਾ, ਕਲੰਦਰ ਵੇਖ ਅੰਦਰ ਵੇਖ ਮਸਜਿਦ ਵੇਖ ਮੰਦਰ ਵੇਖ, ਹਿਸਾਬ ਕੀ ਗੁਲਾਬ ਕੀ ਦਿਲ ਦੀ ਸੁਣ ਜਵਾਬ ਕੀ, ਚੋਰ ਨਹੀੰ ਸ਼ੋਰ ਨਹੀਂ ਚੁੱਪ ਹਾਂ ਕਮਜ਼ੋਰ ਨਹੀਂ, ਦਾਤ ਬਖ਼ਸ਼ ਖੈਰਾਤ ਬਖ਼ਸ਼ ਵਸਲ ਵਾਲੀ ਰਾਤ ਬਖ਼ਸ਼, ਘੁੰਮਣਘੇਰੀ ਸਾਂਝ ਪਕੇਰੀ ਤੇਰਾ ਹੋਣਾ ਉਮਰ ਲੰਮੇਰੀ, ਤੇਰੇ ਬਾਰੇ ਮੇਰੇ ਬਾਰੇ ਕੀ ਕੋਈ ਜਾਣੇ ਸਵੇਰੇ ਬਾਰੇ, ਪਲਦਾ ਹਾਂ ਬਲਦਾ ਹਾਂ ਚੰਗਾ ਫਿਰ ਚੱਲਦਾ ਹਾਂ ।
11. ਇਸ਼ਕ ਮੇਰੇ 'ਤੇ ਰੱਖ਼ਾਂ ਸ਼ਾਲਾ
ਇਸ਼ਕ ਮੇਰੇ 'ਤੇ ਰੱਖ਼ਾਂ ਸ਼ਾਲਾ ਕੁਲ ਜਗਤ ਦੀਆ ਅੱਖਾਂ ਸ਼ਾਲਾ । ਆਜਾ ਮਿਲ ਚੌਰਾਹੇ ਬਹੀਏ ਛੱਡ ਕੇ ਕਾਬਾ ਮੱਕਾ ਸ਼ਾਲਾ, ਤੇਰੇ ਵੱਡੇ ਰਹਿਬਰ ਬੰਦੇ ਸਾਡਾ ਕਿਹੜਾ ਪੱਕਾ ਸ਼ਾਲਾ, ਅਕਲੋਂ ਅੰਨ੍ਹੇ ਹੋਏ ਪਏ ਹਾਂ ਕਰਦਾ ਹਰ ਕੋਈ ਧੱਕਾ ਸ਼ਾਲਾ, ਇਸ਼ਕੇ ਦੇ ਦਰਿਆਂ ਨੇ ਡੂੰਘੇ ਲੱਭਦਾ ਨਾ ਕੋਈ ਨੱਕਾ ਸ਼ਾਲਾ, ਕੱਲੀ ਰੋਟੀ ਰੱਬ ਹੈ ਸਾਡੀ ਇਹੋ ਘੋੜਾ ਯੱਕਾ ਸ਼ਾਲਾ !
12. ਹਿੱਸਿਆਂ ਚ ਵੰਡੇ ਗਏ ਪੰਜਾਬ ਵਾਲੀ ਗੱਲ ਹੈ
ਹਿੱਸਿਆਂ ਚ ਵੰਡੇ ਗਏ ਪੰਜਾਬ ਵਾਲੀ ਗੱਲ ਹੈ ਚੇਤਿਆਂ 'ਚ ਵੱਸ ਦੇ ਜਨਾਬ ਵਾਲੀ ਗੱਲ ਹੈ । ਸੱਚੀਆਂ ਮੁਹੱਬਤਾਂ ਤੇ ਲਾਭ ਨੁਕਸਾਨ ਦੀ ਪੈਰਾਂ ਹੇਠਾਂ ਮਿੱਧੇ ਹੋਏ ਗੁਲਾਬ ਵਾਲੀ ਗੱਲ ਹੈ, ਗੱਲ ਜਦੋਂ ਤੁਰੀ ਫਿਰ ਪਹੁੰਚੀ ਬੜੀ ਦੂਰ ਤੱਕ, ਖੰਡਾਂ, ਬ੍ਰਹਿਮੰਡਾਂ 'ਤੇ ਰਬਾਬ ਵਾਲੀ ਗੱਲ ਹੈ, ਅੱਧ ਅਸਮਾਨੋ ਕੋਈ ਭੇਜੇ ਲਾਲ ਖੱਤ ਮੈਨੂੰ ਕਿਰਤੀ ਕਿਸਾਨ ਦੇ ਹਿਸਾਬ ਵਾਲੀ ਗੱਲ ਹੈ, ਮਾਰ ਗਿਆ ਲਕਵਾ ਜੀ ਹਾਕਮਾਂ ਦੀ ਸੋਚ ਨੂੰ ਕੁੱਤੇ ਹੱਥ ਆਏ ਹੋਏ ਕਬਾਬ ਵਾਲੀ ਗੱਲ ਹੈ, ਦੂਰ ਉਹਦਾ ਘਰ ਬੜਾ ਨੇੜੇ ਜੋ ਰਹਿੰਦਾ ਹੈ ਵੇਖਣਾ ਤੇ ਮਿਲਣਾ ਸਭ ਖਾਬ ਵਾਲੀ ਗੱਲ ਹੈ, ਵੰਝਲੀ 'ਤੇ ਚੂਰੀ ਵਾਲੇ ਕਿੱਸਿਆਂ ਦੀ ਦਾਸਤਾਨ ਕਿੱਸੇਕਾਰਾਂ ਲਿਖੀ ਜੋ ਕਿਤਾਬ ਵਾਲੀ ਗੱਲ ਹੈ, ਓ ਗੱਲ ਕਰਨੀ ਕੀ ਜਿਹੜੀ ਉਹਨੂੰ ਭਾਵੇ ਨਾ ਮੇਰੇ ਸਾਰੇ ਸ਼ੇਅਰਾਂ 'ਚ ਅਦਾਬ ਵਾਲੀ ਗੱਲ ਹੈ ।
13. ਵਾਰ ਕੇ ਮਿਰਚਾਂ ਚਾਰ ਵੇ ਬਾਬੂ
ਵਾਰ ਕੇ ਮਿਰਚਾਂ ਚਾਰ ਵੇ ਬਾਬੂ ਨਜ਼ਰਾਂ ਦੇਵਾਂ ਉਤਾਰ ਵੇ ਬਾਬੂ, ਸ਼ਾਲਾ ! ਸਾਡੀ ਜੇ ਸੁਣ ਲੈ ਰੱਬ ਹਿੱਸੇ ਆ ਜੇ ਪਿਆਰ ਵੇ ਬਾਬੂ, ਲਿਖਤਾਂ ਵਿਚ ਇਸ਼ਾਰਾ ਸਮਝੀ ਜਰੂਰੀ ਨਹੀ ਇਜਹਾਰ ਵੇ ਬਾਬੂ, ਇੱਕ ਪੰਜਾਬ ਦੀ ਖੁਸ਼ਬੂ ਆਉਂਦੀ 'ਤੇ ਸਾਂਝਾ ਸਾਂਦਲਬਾਰ ਵੇ ਬਾਬੂ, ਮਰਦੇ ਮਰਦੇ ਮਸਾਂ ਬਚੇ ਹਾਂ ਧਿਆ ਕੇ ਪਰਵਦਗਾਰ ਵੇ ਬਾਬੂ, ਧੀ ਦਾ ਸਿਰ ਕਿਓਂ ਨੀਵਾ ਹੋਵੇ ਕਿਓਂ ਕੋਈ ਸਮਝੇ ਭਾਰ ਵੇ ਬਾਬੂ, ਜਿਸ ਦਿਨ ਮਾਂ ਸੀ ਤੁਰਗੀ ਮੇਰੀ ਉਸ ਦਿਨ ਹੋਈ ਹਾਰ ਵੇ ਬਾਬੂ, 300 ਲੈ ਕੇ ਘਰ ਨੂੰ ਮੁੜਿਆਂ ਜਿਸਦੀਆ ਧੀਆਂ ਚਾਰ ਵੇ ਬਾਬੂ, ਕਵਿਤਾ ਜੇਕਰ ਸਕੀ ਹੁੰਦੀ ਤਾਂ ਰਹਿੰਦੀ ਤਾਅਬੇਦਾਰ ਵੇ ਬਾਬੂ, ਲੈ ਹੁਣ ਝਗੜਾ ਮੁੱਕਾ ਸਮਝੀਂ ਉੱਠ ਚੱਲੇ ਗਵਾਢੋਂ ਯਾਰ ਵੇ ਬਾਬੂ ।
14. ਆ ਵੇ ਬਾਗੀ ਕੋਇਲਾਂ ਕੂਕਣ
ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਆ ਵੇ ਲੈ ਜਾ ਚੇਤਰ ਮਾਹੀ ਆ ਮੈਂ ਦੇਵਾ ਫੁੱਲ ਵੇ ਸੂਹੇ, ਵੇਖ ਮੁਬਾਰਕ ਰੁੱਤਾਂ ਹੋਈਆ ਚਾਰੇ ਪਾਸੇ ਫੁੱਲ ਖਿੜੇ ਨੇ, ਫੁੱਲਾਂ ਨੂੰ ਲੈ ਕੇ ਜੰਗ ਛਿੜੀ ਹੈ ਤਿੱਤਲੀ ਭੌਰੇ ਫੇਰ ਭਿੜੇ ਨੇ, ਆਕਲ ਦੱਸਣ ਖੁਦ ਨੂੰ ਉਹ ਜਿਹੜੇ ਸੱਪ ਤੇ ਠੂਹੇ, ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਵਾਲਾਂ ਦੇ ਵਿੱਚ ਰਾਤਰ ਖੇਡੇ ਮੱਥਿਆਂ ਦੇ ਵਿੱਚ ਚਾਨਣ ਨੀ, ਉਹੀ ਆਪਣੀ ਸੂਰਤ ਗਵਾਵੇ ਜਿਹੜੇ ਉਹਨੂੰ ਜਾਣਨ ਨੀ, ਵਿੱਚ ਪਤਾਲਾਂ ਵੱਸਿਆ ਲੱਗਦਾ ਦੱਸ ਤੂੰ ਪਿੰਡ ਦੀਏ ਜੂਹੇ, ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਗੀਤ ਮੇਰੇ ਮੈਨੂੰ ਅਕਲਾਂ ਦੱਸਣ ਮੇਰੀ ਮੱਤ ਨਿਆਣੀ ਹੂ, ਨਾ ਮੈਂ ਤੋਲਾ ਮਾਸਾ ਹੋਈ ਹਾਂ ਨਾ ਮੈਂ ਹੋਈ ਸਿਆਣੀ ਹੂ, ਪੜ੍ਹਨੇ ਪਾਇਆ ਵਿੱਚ ਮਦਰੱਸੇ ਕੱਲਾ ਊੜਾ ਅੰਬਰ ਛੂਹੇ, ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਲੱਜ ਆਈ ਮੈਨੂੰ ਉਸ ਰੁੱਤੇ ਵੇ ਜਦ ਤੂੰ ਅੱਖਰ ਚੁੰਮੇ, ਮੈਂ ਕੀ ਦੱਸਾ ਹੋਰ ਕਹਾਣੀ ਕਿੰਨ੍ਹੇ ਅੰਬਰ ਘੁੰਮੇ, ਕਵਿਤਾ ਦਾ ਰਾਹ ਦੂਰ ਬੜਾ ਹੈ ਲੱਖਾ ਸੁੱਕ ਗਏ ਖੂਹੇ, ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਦੂਣ ਸਵਾਈ ਹੋਈ ਮੈਂ ਉਸ ਦਿਨ ਜਦ ਤੂੰ ਬੂਹੇ ਲੰਘੇ, ਮੇਰੀ ਉਲਝਣ ਸੰਵਰ ਗਈ ਹੈ ਜਦ ਤੂੰ ਫੇਰੇ ਕੰਘੇ, ਭੱਠ ਵਿੱਚ ਪੈਣ ਨਿਮਾਜ਼ਾਂ, ਰੋਜੇ ਅਦਨ ਬਾਗ ਦੀਏ ਰੂਹੇ, ਆ ਵੇ ਬਾਗੀ ਕੋਇਲਾਂ ਕੂਕਣ ਆ ਵੇ ਕਦੇਂ ਤੱਤੜੀ ਦੇ ਬੂਹੇ, ਆ ਵੇ ਲੈ ਜਾ ਚੇਤਰ ਮਾਹੀ ਆ ਮੈਂ ਦੇਵਾ ਫੁੱਲ ਵੇ ਸੂਹੇ ।
15. ਪਾਵੋ ਨੈਣੀ ਸੁਰਮ ਸਲਾਈਆਂ
ਪਾਵੋ ਨੈਣੀ ਸੁਰਮ ਸਲਾਈਆਂ ਲਾਵੋਂ ਮਹਿੰਦੀ ਤਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਕਿੰਨੀ ਸੌਖੀ ਜਿੰਦਗੀ ਹੋਈ ਕਿੰਨਾ ਦਿਲ ਸਕੂਨ ਜਿਹਾ, ਉਸ ਦਿਨ ਵੇ ਤੂੰ ਫਿੱਕਾ ਜਾਪੇਂ ਜਦ ਝਾੜੀਂ ਜਾਵੇਂ ਕਾਨੂੰਨ ਜਿਹਾ, ਤੇਰੇ ਨਾਵੇਂ ਲਾ ਮੈਂ ਘੱਤੀਆਂ ਜਦ ਇਹ ਸਧਰਾਂ ਪਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਹੋਈ ਸਵਾ ਤੋਂ ਮਣ ਮੈਂ ਮਾਹੀ ਜਦ ਤੂੰ ਮੈਨੂੰ ਤੱਕਿਆ ਸੀ, ਮੇਰੇ ਵੰਡੇ ਦਾ ਇਕ ਵੇ ਰੋਜਾ ਤੂੰ ਜੁੰਮੇ ਵਾਰ ਨੂੰ ਰੱਖਿਆ ਸੀ, ਵਿੱਚ ਮਸੀਤਾਂ ਚੂਰਮਾਂ ਵੰਡਿਆ ਵਾਰ ਕੇ ਪੰਜੇ ਵਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਨੇਕ ਇਰਾਦੇ, ਨੇਕ ਨੀਤ ਨੂੰ ਬੋਝੇ ਕਈ ਹਜਾਰ ਵੇ ਮਾਹੀ, ਜੋ ਨੇ ਜਾਤਾਂ ਪਾਤਾ ਪਰਖਣ ਓਹ ਨਾ ਹੁੰਦੇ ਪਿਆਰ ਵੇ ਮਾਹੀ, ਸਿਦਕਾਂ ਵਾਲੇ ਜਿਹੜੇ ਹੁੰਦੇ ਰਿਝਦੇ ਨਹੀਓਂ ਛਲੀਆਂ ਤੇ ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਮੈਂ ਹਾਂ ਚਿਕੜ, ਚਿਕੜ ਰਹਿਸੀ ਉਹ ਪੁਸ਼ਪ ਗੁਲਾਬੀ, ਕਮਲ ਹੈ ਉਸਦਾ ਨਾਂ ਨੀ ਅੜੀਓ ਮੇਰੇ ਦਿਲ ਦੀ ਚਾਬੀ, ਅਸੀਂ ਵੀ ਸੋਨਾ ਹੋ ਜਾਣਾ ਹੈ ਪਾਰਸ ਦੇ ਸੰਗ ਰਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਵੇਖੋ ਨੇਮਤਾਂ, ਦਾਤ ਮਿਲੀ ਹੈ ਮੈਨੂੰ ਸਦਾ ਸੁਹਾਗਣ ਦੀ, ਮੇਰਾ ਮਾਹੀ ਦੂਰ ਵਸੇਂਦਾ ਅੱਧੀ ਰਾਤ ਨੂੰ ਜਾਗਣ ਦੀ, ਹੀਰੇ ਲੱਭਣ ਵਾਲੇ ਮਾਏ ਡੁੱਲਦੇ ਨਹੀਓਂ ਡਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਨਾ ਮੈਂ ਸੋਹਣੀ, ਨਾ ਮੈਂ ਚੰਗੀ ਉਸਨੇ ਕੀ ਹੈ ਡਿੱਠਾ ਨੀ, ਇਸ ਵਜ਼ਦ ਦਾ ਚਾ ਅਨੌਖਾ ਮਾਖਿਓਂ ਵੀ ਹੈ ਮਿੱਠਾ ਨੀ, ਚੱਖਿਆ ਇਹਨੂੰ ਜਿਸ ਰੁੱਤੇ ਵੀ ਫੁੱਲ ਖਿੜ ਆਏ ਨੇ ਫਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ, ਜੇ ਤੂੰ ਵੱਡੀ ਮੰਗ ਰੱਖੇਂ ਤਾਂ ਮੈਂ ਕੀ ਝੋਲੀ ਪਾਵਾਂ, ਤੇਰੇ ਦੋਵੇਂ ਹੱਥ ਚੁੰਮ ਕੇ ਪਲਕਾਂ ਨਾਲ ਛੁਹਾਵਾਂ, ਆਖਾਂ ਤੈਨੂੰ ਜਾਨ ਵੀ ਹਾਜਰ ਹੂੰਝਣ ਲਾ ਲੈ ਗਲੀਆਂ ਤੇ, ਪਾਵੋ ਨੈਣੀ ਸੁਰਮ ਸਲਾਈਆਂ ਲਾਵੋਂ ਮਹਿੰਦੀ ਤਲੀਆਂ ਤੇ, ਅੱਜ ਗੁਲਾਬ ਦਾ ਫੁੱਲ ਵਿੱਛ ਗਿਆ ਝੂਠ ਮੂਠ ਜਹੀਆਂ ਕਲੀਆਂ ਤੇ ।
16. ਤੂੰ ਕੀ ਮੈਨੂੰ ਜਾਣ ਲਿਆ
ਤੂੰ ਕੀ ਮੈਨੂੰ ਜਾਣ ਲਿਆ, ਮੇਰੀ ਪਰਵਾਜ਼ ਤੋਂ ਪਹਿਲਾ, ਮੇਰਾ ਹਲੇ ਅੰਤ ਨਾ ਲਿਖ, ਮੇਰੇ ਆਗਾਜ਼ ਤੋਂ ਪਹਿਲਾ, ਛੂਹ ਲੈਣਾ ਹੈ ਅੰਬਰ ਸਾਰਾ ਪੈਰ ਟਿਕਾ ਕੇ ਧਰਤੀ ਤੇ ਆ ਜਾਣਾ ਹੈ ਕੋਲ ਮੈਂ ਤੇਰੇ, ਤੇਰੀ ਆਵਾਜ਼ ਤੋਂ ਪਹਿਲਾ, ਇੰਝ ਨਾ ਕਰ ਤੂੰ ਇਹ ਦੋਸਤ ਕਿ ਮੈਂ ਬਾਗੀ ਹੋ ਜਾਂਵਾਂ ਤੈਨੂੰ ਮਰਨ ਲਈ ਛੱਡ ਦੇਵਾਂ, ਤੇਰੇ ਲਿਹਾਜ਼ ਤੋਂ ਪਹਿਲਾ, ਰਾਤ ਟਿਕੀ ਵਿਚ, ਚੁੱਪ ਚੁਪੀਤੇ, ਸ਼ੇਅਰ ਹੁਣ ਕੀ ਆਖਾ ਸਾਰੇ ਰੁੱਖ ਜਾਗ ਜਾਣ ਗਏ, ਮੇਰੀ ਆਵਾਜ਼ ਤੋਂ ਪਹਿਲਾ, ਡਿੱਗ ਗਿਆ ਹੈ, ਸੁਪਨਾ ਇੱਕ, ਉਸਦੇ ਪੈਰੀ ਆ ਕੇ ਵੇਖਦੀ ਰਹੀ ਜੋ ਸਾਰੀ ਰਾਤ, ਆਪਣੇ ਦਾਜ ਤੋਂ ਪਹਿਲਾ, ਖੱਤ ਨਹੀ ਆਇਆ, ਉਸਦੇ ਪਿੰਡੋਂ ਜੋ ਸਾਹਾ ਦਾ ਸਾਥੀ ਭੱਜਾ ਆਉਂਦਾ ਸੀ ਆਪ ਜੋ, ਮੇਰੇ ਇਤਰਾਜ਼ ਤੋਂ ਪਹਿਲਾ, ਵਾਕਿਫ਼ ਹੋ ਗਿਆ ਸ਼ੇਅਰਾ ਵਿਚਦੀ ਮੇਰੇ ਦਿਲ ਦਾ ਓ ਝੱਲੀ ਝੱਲੀ ਕਹਿੰਦਾ ਸੀ ਜੋ, ਮੇਰੇ ਮਿਜਾਜ਼ ਤੋਂ ਪਹਿਲਾ ।।
17. ਗਜ਼ਲ ਮੇਰੀ ਦੇ ਖਿਆਲ ਗੁਆਚੇ
ਗਜ਼ਲ ਮੇਰੀ ਦੇ ਖਿਆਲ ਗੁਆਚੇ ਲੱਭੇ ਨਹੀਂ, ਸੱਜਣ ਇਸੇ ਸਾਲ ਗੁਆਚੇ ਲੱਭੇ ਨਹੀਂ, ਰੱਖਦੇ ਸੀ ਜੋ ਖਿਆਲ ਮੇਰੇ ਕਦਮਾਂ ਦਾ ਤੁਰਦੇ ਤੁਰਦੇ ਨਾਲ ਗੁਆਚੇ ਲੱਭੇ ਨਹੀ, ਅਸਲੋਂ ਝੂਠਾ ਪੈ ਗਿਆ ਉਸਦੇ ਸਾਵੇਂ ਮੈਂ ਮੇਰੀ ਮੁੱਛ ਦੇ ਵਾਲ ਗੁਆਚੇ ਲੱਭੇ ਨਹੀਂ, ਮਜ਼ਦੂਰੀ ਕਰਨ ਲਈ ਭੇਜੇ ਛੱਡ ਪੜਾਈ ਨੂੰ ਬੁੱਢੀ ਮਾਈ ਦੇ ਬਾਲ ਗੁਆਚੇ ਲੱਭੇ ਨਹੀਂ, ਮੇਰੇ ਵੀ ਤੂੰ ਤੋਹਫੇ ਭੇਜੇ ਸਾਂਭੇ ਨਹੀਂ ਤੇਰੇ ਵੀ ਦਿੱਤੇ ਸ਼ਾਲ ਗੁਆਚੇ ਲੱਭੇ ਨਹੀਂ, ਇੱਕਠੇ ਕਰਦੇ ਰਹਿ ਗਏ ਆਪਾਂ ਠੀਕਰੀਆਂ ਹੀਰੇ, ਮੋਤੀ, ਲਾਲ ਗੁਆਚੇ ਲੱਭੇ ਨਹੀਂ, ਗਜ਼ਲ ਮੇਰੀ ਹੁਣ ਖਾਲੀ ਖਾਲੀ ਲੱਗਦੀ ਹੈ ਜੋ ਸ਼ੇਅਰ ਸੀ ਬਾ-ਕਮਾਲ ਗੁਆਚੇ ਲੱਭੇ ਨਹੀਂ ।
18. ਸਿਰ ਮੇਰੇ ਤੋਂ ਵਾਰ ਦੇ
ਸਿਰ ਮੇਰੇ ਤੋਂ ਵਾਰ ਦੇ, ਅੱਖਰ ਅੱਖਰ ਖਿਲਾਰ ਦੇ, ਗਜ਼ਲ ਦਾ ਇਹ ਸੇਅਰ ਜੋ ਹੱਥ ਲਾ ਨਿਖਾਰ ਦੇ, ਸਾਂਝ ਦਾ ਕੋਈ ਫੁੱਲ ਉਗਾ ਹੋ ਸਕਦਾ ਤਾਂ ਪਿਆਰ ਦੇ, ਉਸਦਾ ਤੂੰ ਇਸ਼ਾਰਾ ਵੇਖ ਮੈਨੂੰ ਕਹਿੰਦਾ ਮਾਰ ਦੇ, ਚਿੱਠੀ ਲਿਖਣੀ ਸਿਖਦਾ ਹਾਂ ਤੂੰ ਵੀ ਕੋਈ ਵਿਚਾਰ ਦੇ, ਮੁੱਲਾ ਕਾਫਰ ਸੱਦ ਦਾ ਜੇ ਤੂੰ ਮੁੱਲਾ, ਵਿਸਾਰ ਦੇ, ਤਕੜਾ ਬੰਦਾ, ਬੰਦਾ ਨਹੀ ਜੇ ਮਾੜਾ , ਦੁਰਕਾਰ ਦੇ, ਸੱਪ ਨੂੰ, ਸੱਪ ਨਹੀਂ ਕਹਿਣਾ ਜੇ ਬੰਦਾ ਫੰਨ ਖਿਲਾਰ ਦੇ, ਸ਼ਾਇਰੀ ਵਿਚ ਨਾਮ ਮੇਰਾ ਕੋਈ 'ਹੂੰ' ਕਹਿ ਕੇ ਸਾਰ ਦੇ ।
19. ਦਿਲ ਨੂੰ ਤੀਲੀ ਲਾਈ ਏ
ਦਿਲ ਨੂੰ ਤੀਲੀ ਲਾਈ ਏ ਔਖੀ ਇਸ਼ਕ ਪੜਾਈ ਏ, ਬੋਲਣ ਦਾ ਚੱਜ ਨਹੀ ਹੈਗਾ ਕੱਲੀ ਜੀਭ ਵਧਾਈ ਏ, ਉਦ੍ਹੇ ਮੁੱਖ ਦੀ ਜ਼ੁਲਫ਼ ਮੋਹਬੱਤ ਜਾਨ ਲੈਣ ਤੇ ਆਈ ਏ, ਮੇਰੇ ਦਿਲ ਦੀ ਗੱਲ ਸੀ ਜੋ ਮਤਲੇ ਵਿਚ ਲੁਕਾਈ ਏ, ਬਾਪੂ ਅੱਗੇ ਰੋ ਪੈਂਦਾ ਹਾਂ ਭੈਣ ਦੀ ਕੱਲ ਸਗਾਈ ਏ, ਅੱਜਕਲ੍ਹ ਐਵੇਂ ਦਿਸਦਾ ਹਾ ਜਿਵੇਂ ਕੋਈ ਸ਼ੁਦਾਈ ਏ, ਮੈਨੂੰ ਗ਼ਜ਼ਲਗੋ ਨਾ ਸਮਝੋ ਔਖੀ ਗ਼ਜ਼ਲ ਬਣਾਈ ਏ ।
20. ਕੱਲ੍ਹ ਕਰਾਂਗੇ ਗੱਲ ਓਏ ਸਾਥੀ
ਕੱਲ੍ਹ ਕਰਾਂਗੇ ਗੱਲ ਓਏ ਸਾਥੀ ਅੱਜ ਰਹਿਣ ਦੇ ਚੱਲ ਓਏ ਸਾਥੀ, ਜਿਸ ਦਿਨ ਤੇਰੇ ਟੱਲ ਖੜਕਗੇ ਵੱਜ ਦੇ ਰਹਿਣੇ ਟੱਲ ਓਏ ਸਾਥੀ , ਰੋੜ ਕੇ ਲੈ ਜੇ ਕੁੰਨਬਾ ਸਾਰਾ ਗਰੀਬੀ ਐਸੀ ਛੱਲ ਓਏ ਸਾਥੀ, ਬਿਪਤਾ ਬੜੀ ਹੀ ਭੈੜੀ ਹੁੰਦੀ ਲਾ ਲੈਂਦੀ ਹੈ ਖੱਲ ਓਏ ਸਾਥੀ, ਜੂਨ ਮਹੀਨਾ ਭੁੱਲ ਨਹੀਂ ਹੁੰਦਾ ਨਾ ਹੀ ਸੀਨੇ ਸੱਲ ਓਏ ਸਾਥੀ, ਸਾਰੀ ਨਿਗ੍ਹਾ ਤਾਂ ਤੇਰੇ ਵੱਲ ਹੈ ਥੋੜ੍ਹੀ ਅੱਲ੍ਹਾ ਵੱਲ ਓਏ ਸਾਥੀ, ਗਜ਼ਲ ਮੇਰੀ ਦੀ ਬਹਿਰ ਜਹੀ ਹੈ ਤੇਰੀ ਖੱਬੀ ਗੱਲ਼ ਓਏ ਸਾਥੀ ।
21. ਅੰਦਰੋਂ ਖਾਲੀ ਤੇ ਉੱਤੋਂ ਭਰੇ ਰਹਿੰਦੇ ਨੇ
ਅੰਦਰੋਂ ਖਾਲੀ ਤੇ ਉੱਤੋਂ ਭਰੇ ਰਹਿੰਦੇ ਨੇ ਕੁਝ ਸੁਪਨੇ ਜਿਉਂਦੇ ਵੀ ਮਰੇ ਰਹਿੰਦੇ ਨੇ, ਵਹਿਮ ਹੈ ਮੇਰਾ, ਮੈਂ ਘੁੰਮਦਾ ਵਿਚ ਬਜਾਰ ਹਾਂ ਪੈਰ ਤੁਰਦੇ ਨੇ, ਦਿਲ ਤਾਂ ਘਰੇ ਰਹਿੰਦੇ ਨੇ, ਹਰ ਮੋੜ ਤੇ ਪਹਿਰਾ, ਹਰ ਦਹਿਲੀਜ਼ ਸਹਿਮੀ ਹੋਈ ਉਹ ਕਿਸੇ ਨਾਲ ਵੀ ਹੋਵਣ ਤਾਂ ਵੀ ਡਰੇ ਰਹਿੰਦੇ ਨੇ, ਹੋਈ ਬੰਦਿਸ਼ ਐਸੀ ਤੇ ਲੱਗਣ ਸਾਹ ਵੀ ਰੋਕਾਂ ਉਹ ਜਿਉੰਦੇ ਹੋਏ ਵੀ ਅੱਧ-ਮਰੇ ਰਹਿੰਦੇ ਨੇ, ਮੇਰੇ ਪੱਤੇ ਕਿਰ ਗਏ, ਮੈਨੂੰ ਛਾਂਗ ਲਿਆ ਸਾਰਾ ਪਰ ਜੋ ਜੜ੍ਹਾਂ ਨਾਲ ਹੁੰਦੇ, ਉਹ ਹਰੇ ਰਹਿੰਦੇ ਨੇ, ਇੱਥੇ ਲੁੱਟ ਗਰੀਬ ਦੀ, ਇਹ ਠੱਗਾਂ ਦਾ ਦੇਸ਼ ਹੈ ਪਰ ਜੋ ਨਾਨਕ ਹੁੰਦੇ ਨੇ, ਉਹ ਖਰੇ ਰਹਿੰਦੇ ਨੇ ।
22. ਰੋੜੇ ਮਾਰਨ ਮੂਰਖ ਲੋਕੀ
ਰੋੜੇ ਮਾਰਨ ਮੂਰਖ ਲੋਕੀ ਸੂਲੀ ਉੱਤੇ ਟੰਗੇ ਨੂੰ, ਪੱਥਰਾਂ ਉੱਤੇ ਚਾਦਰ ਹੁੰਦੀ, ਨਹੀ ਕੱਪੜਾ ਮਿਲਦਾ ਨੰਗੇ ਨੂੰ, ਸੰਘਰਸ਼ ਬੜਾ ਜਰੂਰੀ ਹੁੰਦਾ ਦੇਸ਼, ਕੌਂਮ ਤੇ ਜ਼ਿੰਦਗੀ ਲਈ ਹੱਕ ਕਦੇ ਨਹੀਂ ਮਿਲਦੇ ਮਿੱਤਰ, ਲੋਟੇ ਦੇ ਵਿਚ ਮੰਗੇ ਨੂੰ, ਡਰ ਜਾਂਦੇ ਜੋ ਹੋਰ ਹੋਣੇ ਨੇ, ਮੇਰੇ ਤੇ ਗੱਲ ਲਾਗੂ ਨਹੀਂ ਮੇਰੇ ਗਲ ਨੂੰ ਆਉਣਗੇ ਜੇਕਰ, ਮੈਂ ਵੀ ਆਉਗਾ ਸੰਘੇ ਨੂੰ, ਮੇਰੀ ਵਾਇਲਿਨ ਰਬਾਬ ਜਹੀ ਹੈ, ਨਾਨਕ ਦੇ ਸੰਗ ਗੂੰਜ ਰਹੀ ਤੇਰੇ ਹੋਣ ਦਾ ਚਾਅ ਹੈ ਚੜ੍ਹਿਆ, ਪਾਗਲ ਸ਼ਾਇਰ ਮਲੰਗੇ ਨੂੰ, ਰੂਹਾਨੀਅਤ ਦਾ ਮੈਂ ਰਾਹ ਨਾ ਜਾਣਾ, ਅੱਲ੍ਹਾ, ਰਾਮ ਕੀ ਹੁੰਦੇ ਨੇ ਚੰਗੀ ਤਰ੍ਹਾਂ ਸਮਝ ਹਾਂ ਜਾਂਦਾ, ਹੋਏ ਰੱਬ ਦੇ ਨਾਂ ਤੇ ਦੰਗੇ ਨੂੰ, ਕਲਮ ਦੀ ਤਾਕਤ ਕੀ ਹੁੰਦੀ ਹੈ, ਇਤਿਹਾਸ ਵੇਖੀ ਤੂੰ ਫੋਲ ਕੇ ਇੱਕੋ ਚਿੱਠੀ ਕਾਫ਼ੀ ਹੁੰਦੀ, ਮਾਰਨ ਲਈ ਔਰੰਗੇ ਨੂੰ ।
23. ਸੂਰਜਾਂ ਦਾ ਚੜਨਾ ਤੇ ਅਸਤ ਹੋਣਾ
ਸੂਰਜਾਂ ਦਾ ਚੜਨਾ ਤੇ ਅਸਤ ਹੋਣਾ, ਤੇਰਾ ਮੇਰਾ ਮਿਲਨਾ ਤੇ ਮਸਤ ਹੋਣਾ, ਇਸ਼ਕ ਇਹ ਸੂਲੀ ਤੋਂ ਡਰਦਾ ਨਹੀ ਜਿਬਾਂ ਹੋਣਾ ਤੇ ਜਬਰਦਸਤ ਹੋਣਾ, ਕਹਾਣੀ ਹੋਰ ਘੜਾਂਗੇ ਠਹਿਰ ਜਾ ਅਖੀਰੀ ਨਹੀ ਸਾਡਾ ਪਸਤ ਹੋਣਾ, ਤੇਰਾ ਵੇਖਣਾ ਮੈਨੂੰ ਖੈਰ ਨਿਆਮਤ ਮੇਰਾ ਵੇਖ ਕੇ ਤੈਨੂੰ ਅਲਮਸਤ ਹੋਣਾ, ਖਿਆਲਾਂ ਨਾਲ ਬੇਇਨਸਾਫੀ ਹੈ ਕੱਲਾ ਬਹਿਰ ਵਿਚ ਵਿਅਸਤ ਹੋਣਾ ।
24. ਚੜਦਾ ਸੂਰਜ ਸਮੇ ਮੁਤਾਬਿਕ ਢਲਣਾ ਹੈ
ਚੜਦਾ ਸੂਰਜ ਸਮੇ ਮੁਤਾਬਿਕ ਢਲਣਾ ਹੈ, ਚੱਲੋ ਚਲੀ ਦਾ ਮੇਲਾ ਅਸੀ ਵੀ ਚੱਲਣਾ ਹੈ, ਥੱਲੇ ਡਿੱਗੇ ਫੁੱਲ ਦੀ ਉਮਰ ਕਿੰਨੀ ਹੋਓ, ਝੜਨਾ, ਸੁੱਕਣਾ, ਮਿੱਟੀ ਦੇ ਵਿਚ ਰਲਣਾ ਹੈ, ਚਾਰ ਸ਼ਬਦਾਂ ਵਿਚ ਮੇਰੀ ਸੀਮਤ ਹਸਤੀ ਹੈ ਜੰਮਣਾ, ਜਿਊਣਾ, ਮਰਨਾ, ਤੇ ਬਲਣਾ ਹੈ, ਭਗਤ ਸਿੰਘ ਦਾ ਖਾਬ ਲੈ ਕੇ ਆਇਆਂ ਹਾਂ ਮੈੰ ਕਿਤਾਬ ਦਾ ਅਗਲਾ ਵਰਕਾ ਥੱਲਣਾ ਹੈ, ਜੇ ਮਜ਼ਦੂਰ ਦੀ ਵਰਦੀ ਪਾੜੀ ਜਾਵੇਗੀ ਅਸੀ ਵੀ ਨਹੀ ਸ਼ਾਹ ਜੀ ਫਿਰ ਟੱਲਣਾ ਹੈ, ਇਕ ਟੁਕੜੇ ਲਈ ਮੇਰੀ ਜਦੋਜਹਿਦ ਨਹੀ ਮੈਂ ਧਰਤੀ 'ਤੇ ਅੰਬਰ ਸਾਰਾ ਮੱਲਣਾ ਹੈ ।
25. ਯਾਰ ਵਿਛੋੜਾ ਝੱਲ ਨਹੀ ਹੋਣਾ
ਯਾਰ ਵਿਛੋੜਾ ਝੱਲ ਨਹੀ ਹੋਣਾ । ਹੋਰ ਟਿਕਾਣਾ ਮੱਲ ਨਹੀ ਹੋਣਾ । ਹਾਂ ਮੁਹੱਬਤ ਹੋ ਸਕਦੀ ਹੈ ਪਰ ਮੇਰੇ ਤੋਂ ਛੱਲ ਨਹੀ ਹੋਣਾ, ਤੂੰ ਜੇ ਮੈਨੂੰ ਛੱਡਿਆਂ ਤੇ ਇਕ ਕਦਮ ਵੀ ਚੱਲ ਨਹੀ ਹੋਣਾ, ਜਾਂ ਮੁਹੱਬਤ ਔਖੀ ਬਾਹਲੀ ਜਾਂ ਫਿਰ ਮੈਨੂੰ ਵੱਲ ਨਹੀ ਹੋਣਾ, ਸ਼ੇਅਰ ਬਥੇਰੇ ਲਿਖ ਲੈਂਦਾ ਹਾਂ ਪਰ ਤੇਰੇ ਵੱਲ ਘੱਲ ਨਹੀ ਹੋਣਾ, ਅੱਜ ਹੀ ਪੁੱਛ ਲੈ ਜੋ ਵੀ ਪੁੱਛਣਾ ਕੀ ਪਤਾ ਮੈਂ ਕੱਲ ਨਹੀ ਹੋਣਾ ।
26. ਪੈਰੀਂ ਬੰਨ੍ਹ ਜੰਜੀਰਾਂ ਚੱਲੇ
ਪੈਰੀਂ ਬੰਨ੍ਹ ਜੰਜੀਰਾਂ ਚੱਲੇ । ਲਾ ਕੇ ਰੋਗ ਸਰੀਰਾਂ ਚੱਲੇ । ਰਾਂਝੇ ਜੋਗੀ ਬਣਨਾ ਹੀ ਸੀ ਲੈ ਜਦ ਖੇੜੇ ਹੀਰਾਂ ਚੱਲੇ, ਹਾਰਨ ਵਾਲੇ ਉਹੀ ਬੰਦੇ ਜਿਹੜੇ ਬੇ ਜਮੀਰਾਂ ਚੱਲੇ, ਮਰਦ ਜਾਤ ਤੇ ਧੱਬਾਂ ਕਾਤੋਂ ਜੇ ਸਫ਼ਰਾਂ ਤੇ ਮੀਰਾਂ ਚੱਲੇ, ਪਿੰਡ ਪੁਰਾਣਾ ਉਜੜ ਚੱਲਿਆਂ ਲੋਕੀ ਘੱਤ ਵਹੀਰਾਂ ਚੱਲੇ, ਤਕਦੀਰਾਂ ਹੱਥੋਂ ਅੱਕੇ ਪਏ ਨੇ ਲਿਖ ਕੇ ਜੋ ਤਕਦੀਰਾਂ ਚੱਲੇ, ਪਿਆਰ ਰਤਾ ਵੀ ਜੋੜ ਸਕੇ ਨਾ ਕੱਠੀਆਂ ਕਰਕੇ ਲੀਰਾਂ ਚੱਲੇ, ਉਦ੍ਹੀ ਫਿਕਰ ਹੈ ਅੱਲਾ ਕਰਦਾ ਜਿਹੜੇ ਨਾਲ ਫਕੀਰਾਂ ਚੱਲੇ ।
27. ਵਿਛੜਣ ਲੱਗਿਆਂ ਤੇਰੇ ਤੋਂ
ਵਿਛੜਣ ਲੱਗਿਆਂ ਤੇਰੇ ਤੋਂ ਨਹੀ ਹੰਝੂ ਰੁਕਣੇ ਮੇਰੇ ਤੋਂ, ਸੱਚੀ ਮਨ ਉਦਾਸ ਹੋ ਗਿਆ ਕੰਮ ਲਵਾ ਕਿੰਝ ਜੇਰੇ ਤੋਂ, ਫਿਰ ਤਾਂ ਰੱਬ ਹੀ ਰਾਖਾ ਹੈ ਜੇ ਸੂਰਜ ਡਰਨ ਹਨੇਰੇ ਤੋੰ, ਤੜਕੇ ਜਿੰਦਗੀ ਸੌਖੀ ਹੋਜੁ ਸਿਖਿਆ ਇਲਮ ਸਵੇਰੇ ਤੋਂ, ਤੰਗਦਿਲੀ ਹੈ ਵੱਧਦੀ ਜਾਂਦੀ ਤੰਗ ਹਾਂ ਚਾਰ ਚੁਫੇਰੇ ਤੋੰ, ਸੱਚੀ ਨੀ ਓ ਜਾਨ ਲੁਟੇਂਦਾ ਮੇਰੇ ਰੰਗ ਸਲੇਰੇ ਤੋੰ, ਜਿਹੜਾ ਤੇਰੇ ਦਰਸ਼ ਕਰਾਵੇ ਸਦਕੇ ਉਸ ਬਨੇਰੇ ਤੋਂ, ਲੋਕੀ ਦੁਸ਼ਮਣ ਬਣ ਜਾਂਦੇ ਨੇ ਜਿਆਦਾ ਸੱਚ ਉਕੇਰੇ ਤੋਂ, ਅੰਮਾਂ ਮੇਰੀ ਨਜ਼ਰ ਉਤਾਰੇ ਵਾਰ ਕੇ ਮਿਰਚਾਂ ਮੇਰੇ ਤੋੰ ।
28. ਨਫਰਤ ਦੇ ਵਿੱਚ ਸੜਦੇ ਪਏ ਨੇ
ਨਫਰਤ ਦੇ ਵਿੱਚ ਸੜਦੇ ਪਏ ਨੇ, ਸੁੱਕ ਕੇ ਪੱਤੇ ਝੜਦੇ ਪਏ ਨੇ, ਮੈਂ ਪੈਰਾਂ ਨੂੰ ਕੁਝ ਨਹੀ ਕਹਿਣਾ ਚੱਲਦੇ ਕਿਤੇ ਜਾਂ ਖੜ੍ਹਦੇ ਪਏ ਨੇ, ਮੈਂ ਜਿਹਨਾ ਲਈ ਲੜਦਾ ਪਿਆ ਹਾਂ ਮੇਰੇ ਨਾਲ ਉਹ ਲੜਦੇ ਪਏ ਨੇ, ਸੱਚ ਨੂੰ ਬੰਨ੍ਹਣ ਤੁਰਦੇ ਜਿਹੜੇ ਰਾਹਾਂ ਦੇ ਵਿਚ ਅੜਦੇ ਪਏ ਨੇ, ਪਹਿਲਾ ਨ੍ਹੇਰਾ ਨ੍ਹੇਰਾ ਲਿਖ ਕੇ ਲੁਕ ਕੇ ਅੰਦਰ ਵੜਦੇ ਪਏ ਨੇ, ਮੈਂ ਕਿਤਾਬਾਂ ਪੜਦਾ ਪਿਆ ਹਾਂ ਲੋਕੀ ਮੈਨੂੰ ਪੜ੍ਹਦੇ ਪਏ ਨੇ, ਆਸ਼ਕ, ਫੱਕਰ ਤੇ ਭੋਲੇ ਬੰਦੇ ਨਿੱਤ ਹੀ ਸੂਲੀ ਚੜ੍ਹਦੇ ਪਏ ਨੇ ।
29. ਰਾਤ ਗੁਜ਼ਾਰੀ ਕਹਿਰ ਦੇ ਵਿਚ
ਰਾਤ ਗੁਜ਼ਾਰੀ ਕਹਿਰ ਦੇ ਵਿਚ, ਡੁੱਬ ਕੇ ਮਰਿਆ ਨਹਿਰ ਦੇ ਵਿਚ, ਤੂੰ ਆਈ ਤੇ ਚਾਨਣ ਹੋਇਆ ਕੀ ਸੀ ਮੇਰੇ ਸ਼ਹਿਰ ਦੇ ਵਿੱਚ , ਗੱਲਾਂ ਨਾਲ ਹੀ ਮਾਰ ਜਾਂਦੇ ਨੇ ਅਸਰ ਰਿਹਾ ਨਾ ਜ਼ਹਿਰ ਦੇ ਵਿਚ, ਚੰਨ ਚੁਬਾਰੇ ਚੜ੍ਹਿਆ ਤੱਕਿਆਂ ਸੱਚੀ ਸਿਖਰ ਦੁਪਹਿਰ ਦੇ ਵਿੱਚ, ਰੋਟੀ ਜੋਗਾ ਕਰ ਗਿਆ ਮੈਨੂੰ ਸ਼ੁਕਰ ਤੇਰਾ ਹਰ ਪਹਿਰ ਦੇ ਵਿਚ ਜੇਕਰ ਤੇਰੀ ਮਰਜ਼ੀ ਹੈ ਫਿਰ ਮੈਂ ਵੀ ਆਪਣੀ ਲਹਿਰ ਦੇ ਵਿਚ, ਗ਼ਜ਼ਲ ਮੇਰੀ ਤੇ ਫੀਤਾ ਮਾਰਨ ਆਪ ਨੀ ਜਿਹੜੇ ਬਹਿਰ ਦੇ ਵਿਚ ।
30. ਤੇਰੀ ਖਾਤਰਦਾਰੀ ਪਿੱਛੇ
ਤੇਰੀ ਖਾਤਰਦਾਰੀ ਪਿੱਛੇ, ਹਾਂ ਮੁਹੱਬਤ ਸਾਰੀ ਪਿੱਛੇ, ਮਰਨਾ ਕਾਤੋਂ ਪੈ ਜਾਂਦਾ ਏ ਸੱਜਣਾਂ ਬੋਝੇ ਭਾਰੀ ਪਿੱਛੇ, ਸਵਾਰਥ ਲੁਕਿਆ ਹੁੰਦਾ ਹੈ ਕੁਝ ਦਿਨਾਂ ਦੀ ਯਾਰੀ ਪਿੱਛੇ, ਬਾਬੁਲ ਨੀਵੀ ਪਾ ਖੜੋਤਾ ਆਪਣੀ ਧੀ ਵਿਚਾਰੀ ਪਿੱਛੇ, ਜਿਸਮ ਦਾਗੀ ਕਰ ਗਿਆ ਮੇਰਾ ਮੁਹੱਬਤਾਂ ਵਾਲੀ ਬਾਰੀ ਪਿੱਛੇ, ਚੌਂਕ ਵਿਚ ਮਜ਼ਦੂਰ ਖੜੇ ਨੇ ਘਰ ਦੀ ਜਿੰਮੇਵਾਰੀ ਪਿੱਛੇ, ਜਾਨ ਨਹੀਂ ਦਿੱਤੀ ਜਾ ਸਕਦੀ ਐਵੇਂ ਹਾਰੀ ਸਾਰੀ ਪਿੱਛੇ ।
31. ਤੇਰਾ ਰੰਗ ਸਲੇਰਾ ਤੱਕਿਆ
ਤੇਰਾ ਰੰਗ ਸਲੇਰਾ ਤੱਕਿਆ, ਮੈਂ ਤਾਂ ਆਪਣਾ ਚਿਹਰਾ ਤੱਕਿਆ, ਸੂਲੀ ਉਤੇ ਲਟਕ ਰਿਹਾ ਸੀ, ਕੱਲ ਇਸ਼ਕ ਦਾ ਜੇਰਾ ਤੱਕਿਆ, ਬਾਹਰ ਤਾਂ ਬੱਤੀ ਜੱਗਦੀ ਰਹੀ ਅੰਦਰ ਪਰ ਹਨੇਰਾ ਤੱਕਿਆ, ਨੱਚ ਰਿਹਾ ਸੀ ਮੌਜ ਚ ਆ ਕੇ ਸੱਪ ਅੱਗੇ ਸੁਪੇਰਾ ਤੱਕਿਆ, ਉਹਨੇ ਅੱਖ ਚੁੱਕੀ ਹੀ ਨਹੀਂ ਭਾਵੇਂ ਮੈਂ ਬਥੇਰਾ ਤੱਕਿਆ, ਗਰੀਬ ਦੇ ਘਰ ਰੌਣਕ ਲੱਗੀ ਕੁੱਲੀ ਵਿਚ ਸਵੇਰਾ ਤੱਕਿਆ, ਰੱਖ ਦਿੰਦੀ ਹੈ ਹੋਸ਼ ਭੁਲਾ ਕੇ ਜਿਹਨੂੰ ਵੀ ਇਕ ਵੇਰਾਂ ਤੱਕਿਆ ।
32. ਅਸੀਂ ਭੁੱਲੇ ਨਹੀਂ ਗੜੀ ਚਮਕੌਰ ਵਾਲੀ
ਅਸੀਂ ਭੁੱਲੇ ਨਹੀਂ ਗੜੀ ਚਮਕੌਰ ਵਾਲੀ, ਸਾਨੂੰ ਕੰਧ ਚੇਤੇ, ਸਾਨੂੰ ਸਰਹੰਦ ਚੇਤੇ , ਦਿੱਤਾ ਨਹੀਂ ਬੇਦਾਵਾ ਜਿਹਨਾਂ ਗੁਰਾਂ ਨੂੰ ਜੀ ਚੜਦੇ ਗੋਬਿੰਦ ਦੇ ਸੋਹਣੇ ਉਹ ਚੰਦ ਚੇਤੇ, ਵਿਸਰੀ ਨਹੀਂ ਤਸਵੀਰ ਸਾਨੂੰ ਜ਼ਾਲਮਾਂ ਦੀ ਸੂਬਾ ਸਰਹੰਦ ਚੇਤੇ, ਸੂਚਾ ਨੰਦ ਚੇਤੇ, ਅਸੀਂ ਭੁੱਲੇ ਨਹੀਂ ਪੰਨੇ ਇਤਿਹਾਸ ਵਾਲੇ ਕਟਾਏ ਗੁਰਾਂ ਲਈ ਜਿਨਾਂ ਨੇ ਬੰਦ ਬੰਦ ਚੇਤੇ, ਮਾਤਾ ਗੁਜਰੀ ਤੇ ਛੋਟੇ ਛੋਟੇ ਲਾਲ ਤੇਰੇ ਜਿੱਥੋਂ ਜਿੱਥੋਂ ਵੀ ਗੁਜਰੇ ਉਹ ਪੰਧ ਚੇਤੇ, ਮਾਛੀਵਾੜੇ ਦੇ ਕੱਖਾਂ ਨੂੰ ਸਰੂਰ ਚੜਿਆ ਵਰਤੇ ਜੰਗਲਾਂ ਦੇ ਵਿਚ ਜੋ ਆਨੰਦ ਚੇਤੇ !