Punjabi Ghazals : Sunil Chandianvi
ਪੰਜਾਬੀ ਗ਼ਜ਼ਲਾਂ : ਸੁਨੀਲ ਚੰਦਿਆਣਵੀ
1. ਦਿਸਣ ਹਾਉਮੈ ਦੀਆਂ ਕਿਰਚਾਂ
ਦਿਸਣ ਹਾਉਮੈ ਦੀਆਂ ਕਿਰਚਾਂ ਉਹਦੇ ਆਭਾਰ ਦੇ ਪਿੱਛੋਂ। ਬੜੇ ਕਿਰਦਾਰ ਦਿਸਦੇ ਨੇ ਉਹਦੇ ਕਿਰਦਾਰ ਦੇ ਪਿੱਛੋਂ। ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ, ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਦੇ ਪਿੱਛੋਂ। ਮੈਂ ਪਰਬਤ ਸਿਰ 'ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ, ਤੇ ਹੌਲ਼ਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਦੇ ਪਿੱਛੋਂ। ਚੁਫੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ, ਮੈਂ ਮੁੜ ਆਇਆ ਤੇਰੀ ਝਾਂਜਰ ਦੀ ਇੱਕ ਟੁਣਕਾਰ ਦੇ ਪਿੱਛੋਂ। ਲਚੀਲਾ ਬਾਂਸ ਹਾਂ ਸੰਕੋਚ ਨਾ ਕੋਈ ਲਿਫਣ ਵਿੱਚ ਮੈਨੂੰ, ਮੈਂ ਅਕਸਰ ਉੱਠ ਜਾਂਦਾ ਹਾਂ ਹਵਾ ਦੇ ਵਾਰ ਦੇ ਪਿੱਛੋਂ।
2. ਜ਼ਿਹਨ ਦੇ ਅੱਤ ਗਹਿਰੇ ਪਾਣੀ
ਜ਼ਿਹਨ ਦੇ ਅੱਤ ਗਹਿਰੇ ਪਾਣੀ ਵਿੱਚ ਉੱਤਰ ਲਵਾਂ, ਬਿਹਤਰ। ਇਕੱਤਰ ਕਰਕੇ ਖ਼ੁਦ ਨੂੰ ਮੈਂ ਵੀ ਜੇ ਉੱਸਰ ਲਵਾਂ, ਬਿਹਤਰ। ਮੈਂ ਪਾਵਾ ਤਖ਼ਤ ਦਾ ਬਣ ਜੀਣ ਨਾਲੋਂ ਮਰ ਲਵਾਂ ਬਿਹਤਰ, ਝੁਕੇ ਨਾ ਸੀਸ ਮੈਂ ਇਸ ਨੂੰ ਤਲ਼ੀ 'ਤੇ ਧਰ ਲਵਾਂ, ਬਿਹਤਰ। ਕੋਈ ਵੀ ਥਲ ਮੇਰੇ ਪਾਣੀ ਨੂੰ ਹੁਣ ਤੱਕ ਰਾਸ ਨਾ ਆਇਆ, ਅਜਾਈਂ ਸਾਗਰੀੰ ਗੁੰਮਣੋਂ ਬਿਰਖ਼ ‘ਤੇ ਵਰੵ ਲਵਾਂ, ਬਿਹਤਰ। ਨਦੀ ਨੂੰ ਡੀਕ ਲਾ ਕੇ ਪੀ ਲਵਾਂ ਮੇਰਾ ਸੁਭਾਅ ਕਿੱਥੇ, ਨਦੀ ਦੇ ਹਾਣ ਦੀ ਮੈਂ ਪਿਆਸ ਆਪਣੀ ਕਰ ਲਵਾਂ, ਬਿਹਤਰ। ਉਹ ਹਉਮੈ ਦੀ ਸਿਕੰਦਰੀ ਜਿੱਤ ਲਈ ਲਲਕਾਰਦਾ ਫਿ਼ਰਦੈ, ਮੈਂ ਐਸੀ ਜਿੱਤ ਦੇ ਮੈਡਲ ਦੇ ਨਾਲ਼ੋੰ ਹਰ ਲਵਾਂ, ਬਿਹਤਰ। ਨੇ ਇੱਕ ਪੱਲੜੇ 'ਚ ਪਰ ਦੂਜੇ 'ਚ ਪਿੰਜਰਾ ਸੋਨ ਤੇ ਮੋਤੀ, ਖ਼ੁਆਬੀ ਜ਼ਿੰਦਗੀ ਦੇ ਜਿਉਣ ਲਈ ਮੈਂ ਪਰ ਲਵਾਂ, ਬਿਹਤਰ। ਕਦੋਂ ਤੱਕ ਉਜੜਿਆਂ ਫਿਰਨਾ ਮਨੁੱਖ ਤਾਈਂ ਮੁਨਾਸਿਬ ਹੈ, ਮੈਂ ਆਪਣੇ ਰੀਝ ਦੇ ਮੌਲਣ ਲਈ ਇੱਕ ਘਰ ਲਵਾਂ ਬਿਹਤਰ। ਮੈਂ ਭਾਵੇਂ ਬੋਹੜ ਦਾ ਹਾਂ ਬੀਜ ਪਰ ਮੈਨੂੰ ਮਿਲੇ ਗ਼ਮਲਾ, ਅਜਾਈਂ ਖ਼ਾਕ ਹੋਣੋਂ ਮੈਂ ਜ਼ਰਾ ਪੁੰਗਰ ਲਵਾਂ, ਬਿਹਤਰ।
3. ਕਿਹਾ ਮੈਂ ਵੀ ਮੁਬਾਰਕ ਉਸ ਨੂੰ
ਕਿਹਾ ਮੈਂ ਵੀ ਮੁਬਾਰਕ ਉਸ ਨੂੰ ਆਪਣੀ ਹਾਰ ਦੇ ਪਿੱਛੋਂ। ਮੇਰੇ ਰਾਹੀਂ ਉਹ ਫੁੱਲ ਬਣਿਆ, ਮੇਰੇ ਇਜ਼ਹਾਰ ਦੇ ਪਿੱਛੋਂ। ਤੜਪਦੀ ਤਰਬ ਮੇਰੀ ਸੁਰ ਲਈ ਫ਼ਨਕਾਰ ਦੇ ਪਿੱਛੋਂ, ਕਿਵੇਂ ਬੈਠਾਂ ਮੈਂ ਚੁੱਪ ਦੀ ਗੋਦ ਵਿੱਚ ਟੁਣਕਾਰ ਦੇ ਪਿੱਛੋਂ। ਉਹ ਅਕਸਰ ਆਖਦਾ ਮੈਨੂੰ ਕਿ ਹੋ ਸੌੜਾ ਨਾ ਵਗਿਆ ਕਰ , ਗਿਆ ਪੁੱਟਿਆ ਜੜ੍ਹੋਂ ਹੀ ਉਹ ਮੇਰੇ ਵਿਸਥਾਰ ਦੇ ਪਿੱਛੋਂ । ਮੈਂ ਪਰਬਤ ਸਿਰ ਤੇ ਚੁੱਕੀ ਫਿਰ ਰਿਹਾ ਸਾਂ ਆਸ ਤੇਰੀ ਦਾ, ਤੇ ਹੌਲ਼ਾ ਫੁੱਲ ਹੋਇਆ ਹਾਂ ਤੇਰੇ ਇਨਕਾਰ ਦੇ ਪਿੱਛੋਂ । ਚੁਫੇਰੇ ਸ਼ੋਰ ਤੋਂ ਡਰ ਕੇ ਸਾਂ ਭੱਜਿਆ ਸ਼ਾਂਤ ਹੋਵਣ ਨੂੰ, ਮੈਂ ਮੁੜ ਆਇਆਂ ਤੇਰੀ ਝਾਂਜਰ ਦੀ ਇੱਕ ਟੁਣਕਾਰ ਦੇ ਪਿੱਛੋਂ। ਲਚੀਲਾ ਬਾਂਸ ਹਾਂ ਸੰਕੋਚ ਨਾ ਕੋਈ ਲਿਫਣ ਵਿੱਚ ਮੈਨੂੰ, ਮੈਂ ਅਕਸਰ ਉੱਠ ਜਾਂਦਾ ਹਾਂ ਹਵਾ ਦੇ ਵਾਰ ਦੇ ਪਿੱਛੋਂ।
4. ਸਿਕੰਦਰ ਬਣ ਨਾ ਹੋਇਆ
ਸਿਕੰਦਰ ਬਣ ਨਾ ਹੋਇਆ ਓਸ ਤੋਂ, ਮੈਨੂੰ ਹਰਾ ਕੇ ਵੀ। ਝੁਕਾ ਸਕਿਆ ਨਹੀਂ ਮੈਨੂੰ, ਮੇਰਾ ਪਰਚਮ ਝੁਕਾ ਕੇ ਵੀ। ਮੈਂ ਜ਼ਿੰਦਾ ਹਾਂ, ਇਹ ਕਿਹੜਾ ਛੋਟੀ ਗੱਲ ਮੇਰੇ ਲਈ ਦੱਸੋ, ਮੇਰਾ ਕੁਝ ਨ੍ਹੀ ਗਿਆ, ਮੈਂ ਸੋਚਦਾਂ ਸਭ ਕੁਝ ਗੁਆ ਕੇ ਵੀ। ਬੜਾ ਉਹ ਤਿਲਮਿਲਾਇਆ ਤੜਫਿਆ ਤੇ ਹਾਰ ਮੰਨ ਬੈਠਾ, ਜਦੋਂ ਉਸ ਹੱਸਦੇ ਨੂੰ ਤੱਕਿਆ ਮੈਨੂੰ , ਰੁਆ ਕੇ ਵੀ। ਭਲਾ ਅਣਜਾਣ ਕੀ ਜਾਣੇ ਮੈਂ ਹਰ ਪਲ ਨਾਲ਼ ਹਾਂ ਉਸ ਦੇ, ਬੜਾ ਨਿਸ਼ਚਿੰਤ ਹੋ ਕੇ ਤੁਰ ਗਿਆ ਮੈਨੂੰ ਭੁਲਾ ਕੇ ਵੀ। ਉਹਦੇ ਚਿਹਰੇ ਦੇ ਭਾਵਾਂ ਨੇ ਸੁਣਾ 'ਤੀ ਵਿੱਥਿਆ ਸਾਰੀ, ਬੜਾ ਬੇਪਰਦ ਹੋਇਆ ਦਿਲ 'ਚ ਉਹ ਕਿੱਸੇ ਛੁਪਾ ਕੇ ਵੀ।
5. ਲਓ ਸੱਪੇਰਿਆਂ ਨੂੰ ਨਾਗ ਕੀਲਣ
ਲਓ ਸੱਪੇਰਿਆਂ ਨੂੰ ਨਾਗ ਕੀਲਣ ਜਾ ਰਹੇ ਨੇ ਸਮਾਂ ਦੇਖੋ ਕਿ ਕੈਦੋਂ ਬੇਲਿਆਂ ਵਿੱਚ ਗਾ ਰਹੇ ਨੇ। ਅਸਾਡੇ ਸਬਰ ਨੂੰ ਹੀ ਜਾਪਦੈ ਅਜ਼ਮਾ ਰਹੇ ਨੇ, ਉਹ ਜਿਹੜੇ ਕੰਕਰਾਂ ਦੀ ਚੋਗ ਸਾਨੂੰ ਪਾ ਰਹੇ ਨੇ। ਬੜਾ ਹੀ ਅਜਬ ਹੁਣ ਨਗਰਾਂ ਦਾ ਆਲਮ ਹੋ ਗਿਆ ਹੈ, ਕਿ ਪੰਛੀ ਖ਼ੁਦ-ਬ-ਖ਼ੁਦ ਹੀ ਪਿੰਜਰਿਆਂ ਵੱਲ ਆ ਰਹੇ ਨੇ। ਸਵਾਗਤ ਕਰਨ ਦਾ ਅੰਦਾਜ਼ ਇੱਕ ਇਹ ਵੀ ਤਾਂ ਦੇਖੋ, ਛੁਪਾ ਬੁੱਕੇ 'ਚ ਕੰਡਿਆਂ ਨੂੰ ਕਿਵੇਂ ਪਕੜਾ ਰਹੇ ਨੇ। ਰਹੇ ਰੂਹ ਦਾਰੀਆਂ ਦੇ ਦੋਸਤੋ ਹੁਣ ਵਕਤ ਕਿੱਥੇ, ਗੁਆਉਂਦੀ ਜੋ ਪਈ ਮੰਡੀ ਜਮੂਰੇ ਗਾ ਰਹੇ ਨੇ। ਮੇਰੇ ਹਰਫਾਂ ਦਿਆਂ ਨੈਣਾਂ 'ਚ ਹੁਣ ਅੰਗਾਰ ਤੱਕ ਕੇ, ਉਹ ਮੇਰਾ ਨਾਮ ਸੂਚੀ ਕਾਫ਼ਰਾਂ ਵਿੱਚ ਪਾ ਰਹੇ ਨੇ।
6. ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ
ਤੁਹਾਡਾ ਮੈਨੂੰ ਆਪਣੇ ਸਾਂਚਿਆਂ ਵਿੱਚ ਢਾਲ਼ਦੇ ਰਹਿਣਾ। ਮੁਨਾਸਿਬ ਹੈ ਚੱਲੋ ਮਿੱਟੀ ਚੋਂ ਸੋਨਾ ਭਾਲ਼ਦੇ ਰਹਿਣਾ। ਅਸਾਡੀ ਵੀ ਕੀ ਹੋਣੀ ਹੈ ਕਦੇ ਸਾਗਰ ਵੀ ਠੁਕਰਾਉਣੇ, ਕਦੇ ਫਿਰ ਤੁਪਕਿਆਂ ਵਿੱਚੋਂ ਸਮੁੰਦਰ ਭਾਲ਼ਦੇ ਰਹਿਣਾ। ਤੁਹਾਨੂੰ ਜੀਣ ਦੇ ਉਸ ਲੁਤਫ਼ ਤੋਂ ਮਨਫ਼ੀ ਕਰੀ ਰੱਖਦੈ, ਵਕਤ ਬੇ ਵਕਤ ਆਪਣੇ ਆਪ ਨੂੰ ਸੰਭਾਲਦੇ ਰਹਿਣਾ। ਹਯਾਤੀ ਮਾਣਦਾ ਜੇਕਰ ਇਨ੍ਹਾਂ ਨੂੰ ਹੱਸ ਕੇ ਮਿਲਦਾ, ਬੜਾ ਮਹਿੰਗਾ ਪਿਆ ਏ ਔਕੜਾਂ ਨੂੰ ਟਾਲ਼ਦੇ ਰਹਿਣਾ । ਨਹੀਂ ਦਾਅਵਾ ਕੋਈ ਕਿ ਕਦ ਚੁਫ਼ੇਰੇ ਰੋਸ਼ਨੀ ਹੋਊ, ਅਸਾਡਾ ਧਰਮ ਹੈ ਬਸ ਬੁਝ ਗਿਆਂ ਨੂੰ ਬਾਲ਼ਦੇ ਰਹਿਣਾ।
7. ਹਾਰ ਦੇ ਡਰ ਨੂੰ ਦੂਰ ਕਿਤੇ
ਹਾਰ ਦੇ ਡਰ ਨੂੰ ਦੂਰ ਕਿਤੇ ਮੈਂ ਧਰ ਆਇਆ ਹਾਂ। ਨੀਵਾਂ ਹੋ ਕੇ ਖ਼ੁਦ ਵਿੱਚੋਂ ਉੱਭਰ ਆਇਆ ਹਾਂ। ਆ ਜਾ ਬਹਿ ਕੇ ਗੱਲਾਂ ਕਰੀਏ, ਹੱਸੀਏ, ਗਾਈਏ, ਮੈਂ ਕੁਝ ਪਲ ਲਈ ਪੀੜਾਂ ਨੂੰ ਵਿੱਸਰ ਆਇਆ ਹਾਂ। ਹਰਫ਼ਾਂ ਨੂੰ ਕਿਉਂ ਐਵੇਂ ਬੇ ਆਰਾਮ ਕਰਾਂ ਦੱਸ, ਤੇਰਾ ਚਿਹਰਾ ਕੰਧ 'ਤੇ ਮੈਂ ਉੱਕਰ ਆਇਆ ਹਾਂ। ਅੱਜ ਜਦੋਂ ਮੈਥੋਂ ਇਹ ਅੱਖ ਚੁਰਾਉਂਦੀ ਲੱਗੀ, ਕਵਿਤਾ ਦੇ ਵਿਹੜੇ ਮੈਂ ਖ਼ੁਦ ਉੱਤਰ ਆਇਆ ਹਾਂ। ਤੂੰ ਕੁਝ ਕੰਡੇ ਮੇਰੇ ਦਰ 'ਤੇ ਛੱਡ ਗਿਆ ਸੀ , ਬਦਲੇ ਵਿੱਚ ਫੁੱਲ ਲੈ ਕੇ ਤੇਰੇ ਘਰ ਆਇਆ ਹਾਂ। ਸਮਿਆਂ ਮੇਰੇ ਪਾਣੀ ਨੂੰ ਗੰਧਲ਼ਾ ਦਿੱਤਾ ਸੀ, ਆਪਣੇ ਅੰਦਰ ਲਹਿ ਕੇ ਮੈਂ ਨਿੱਤਰ ਆਇਆ।
8. ਪੌਣ ਜਦੋਂ ਵੀ ਵਗੇ ਕੁਪੱਤੀ
ਪੌਣ ਜਦੋਂ ਵੀ ਵਗੇ ਕੁਪੱਤੀ ਤੇ ਜਦ ਮੈਂ ਹਉਕਾ ਲੈਂਦਾ ਹਾਂ। ਆਪਣੀ ਧੀ ਨੂੰ ਗੋਦੀ ਚੁੱਕਦਾਂ ਸੀਨੇ ਨਾਲ਼ ਲਗਾ ਲੈਂਦਾ ਹਾਂ। ਜਦ-ਜਦ ਮੇਰੇ ਅੰਦਰ ਦੰਗਾਕਾਰੀ ਦਿਸਣ ਸਲਾਹਾਂ ਕਰਦੇ, ਵਕਤ ਗੁਆਏ ਬਿਨ ਹੀ ਫਿਰ ਮੈਂ ਨਾਨਕ, ਬੁੱਧ ਧਿਆ ਲੈਂਦਾ ਹਾਂ। ਮੇਰੀ ਮਾਂ ਨੂੰ ਮੇਰੇ ਦੁੱਖ ਦੀ ਭੋਰਾ ਭਿਣਕ ਪਵੇ ਨਾ, ਤਾਂ ਹੀ, ਪੁੱਛਦੀ ਹੈ ਜਦ ਹਾਲ ਤਾਂ ਬੁੱਲ੍ਹੀ ਕੋਈ ਗੀਤ ਛੁਹਾ ਲੈਂਦਾ ਹਾਂ। ਮੇਰੇ ਮਨ ਦਾ ਗੰਧਲ਼ਾ ਪਾਣੀ ਖੌਰੇ ਕਦੋਂ ਪਵਿੱਤਰ ਹੋਣਾ, ਬੱਚਿਆਂ ਨੂੰ ਜਦ ਸਬਕ ਪੜ੍ਹਾਉਂਨਾਂ ਆਪਣੇ ਐਬ ਛੁਪਾ ਲੈਂਦਾ ਹਾਂ। ਰਾਤ ਬਰਾਤੇ ਜਦ ਵੀ ਨੀਂਦਰ ਸਾਥ ਦੇਣ ਤੋਂ ਮੁਨਕਰ ਹੋਵੇ, ਦਿਲ ਦਾ ਚਿੱਤ ਲੁਆਵਣ ਖ਼ਾਤਿਰ ਸੁੱਤੀ ਪੀੜ ਜਗਾ ਲੈਂਦਾ ਹਾਂ।
9. ਜਾਣਿਆਂ ਹੁਣ ਤੀਕ ਮੈਂ
ਜਾਣਿਆਂ ਹੁਣ ਤੀਕ ਮੈਂ ਕੋਈ ਵੀ ਸ਼ੈਅ ਅੰਤਮ ਨਹੀਂ। ਵਕਤ ਦੇ ਫੱਟਾਂ ਦਾ ਹੁਣ ਤੱਕ ਵੀ ਕਿਤੇ ਮਰਹਮ ਨਹੀਂ। ਜੇ ਕੋਈ ਧੁਨ ਧੁਰ ਕਲੇਜੇ ਤੀਕ ਲਰਜ਼ੇ, ਸੁਰਗ ਹੈ, ਜ਼ਿੰਦਗੀ ਬੇਰਸ ਜਿਹੀ ਹੈ ਜੇ ਕਿਤੇ ਸਰਗਮ ਨਹੀਂ। ਇਹ ਕਰੂੰਬਲ ਵਾਂਗ ਫੁੱਟਦੇ ਨੇ ਤੇ ਝੜ ਜਾਂਦੇ ਨੇ ਫਿਰ ਚਿਰ ਸਥਾਈ ਕੁਝ ਨਹੀਂ ਖੇੜਾ ਨਹੀਂ ਤੇ ਗ਼ਮ ਨਹੀਂ। ਕ਼ੈਦ ਮੈਂ ਖ਼ੁਦ ਨੂੰ ਬੜੇ ਅਰਸੇ ਤੋਂ ਕਰਕੇ ਰੱਖਿਐ, ਮੈਥੋਂ ਵੱਧ ਜ਼ਾਲਿਮ ਕਿਤੇ ਦਿਸਿਆ ਕੋਈ ਹਾਕਮ ਨਹੀਂ। ਮੈਂ ਸਦਾ ਲਟ-ਲਟ ਬਲ਼ਾਂਗਾ ਜਿੰਨਾ ਵੀ ਮੌਕਾ ਮਿਲੂ, ਪੌਣ ਮੇਰੀ ਲੋਅ ਨੂੰ ਕਰ ਸਕਦੀ ਕਦੇ ਮੱਧਮ ਨਹੀਂ।
10. ਰਸਤੇ ਹੀ ਨਿਗਲ ਜਾਂਦੇ
ਰਸਤੇ ਹੀ ਨਿਗਲ ਜਾਂਦੇ ਜਿਹਨਾਂ ਮੁਸਾਫਿਰਾਂ ਨੂੰ। ਰਹਿੰਦੀ ਉਡੀਕ ਹਰਦਮ ਉਹਨਾਂ ਦੀ ਪਰ ਘਰਾਂ ਨੂੰ। ਨਾਨਕ ਦੇ ਰਾਹ 'ਤੇ ਚੱਲ ਕੇ ਹੀ ਮੁਕਤ ਹੋ ਸਕਾਂਗਾ, ਹੈ ਮੰਗ ਵਕਤ ਦੀ ਕਿ ਵੰਗਾਰ ਬਾਬਰਾਂ ਨੂੰ। ਕਾਹਦੇ ਤੇ ਮਾਣ ਕਰੀਏ ਹਾਂ ਦਾਇਰਿਆਂ 'ਚ ਬੱਝੇ, ਹੈ ਹੁਕਮ ਉੱਡਣੇ ਦਾ, ਨਹੀਂ ਖੋਲ੍ਹਣਾ ਪਰਾਂ ਨੂੰ। ਪਥਰਾਅ ਗਏ ਨੇ ਕਿੱਥੇ ਦੁਨੀਆਂ ਨੂੰ ਗਾਹੁਣ ਵਾਲੇ, ਹੈ ਇੰਤਜ਼ਾਰ ਚਿਰ ਤੋਂ ਗ਼ਮ ਮਾਰਿਆਂ ਦਰਾਂ ਨੂੰ। ਰਸਤੇ ਤਾਂ ਮੈਨੂੰ 'ਵਾਜਾਂ ਪਏ ਮਾਰਦੇ ਬਥੇਰੇ, ਕਿੰਜ ਮੋਢਿਆਂ ਤੋਂ ਲਾਹਵਾਂ ਮੈਂ ਚਾਂਭਲੇ ਡਰਾਂ ਨੂੰ। ਘਰ ਤੋਂ ਨਿਕਲ਼ਦਾਂ ਜਦ ਮੈਂ, ਘਰ ਨਾਲ਼ ਨਾਲ਼ ਤੁਰਦੈ, ਘਰ ਮੁੜਦਿਆਂ ਲਿਆਉਨਾਂ ਮੈਂ ਨਾਲ ਦਫ਼ਤਰਾਂ ਨੂੰ। ਹਰ ਪਿਆਸ ਇਹ ਬੁਝਾਉਂਦੇ ਆਏ ਯੁਗਾਂ ਯੁਗਾਂ ਤੋਂ, ਇਵਜ਼ਾਨਿਆਂ 'ਚ ਮਿਲਦੇ ਪੱਥਰ ਹੀ ਸਰਵਰਾਂ ਨੂੰ। ਕੁਝ ਹਰਫ਼ ਨੇ ਧੜਕਦੇ ਤੇ ਦਿਲ ਮੁਹੱਬਤੀ ਹੈ, ਮੈਂ ਹੋਰ ਕੀ ਦੇ ਸਕਦਾਂ ਦਿਲਦਾਰ ਮਿੱਤਰਾਂ ਨੂੰ।
11. ਬਾਜ਼ਾਂ ਨੂੰ ਤੇ ਇੱਲਾਂ ਨੂੰ
ਬਾਜ਼ਾਂ ਨੂੰ ਤੇ ਇੱਲਾਂ ਨੂੰ ਵੀ ਪਿੰਜਰੇ ਵੜਨਾ ਪੈ ਸਕਦਾ ਹੈ। ਸੱਯਾਦਾਂ ਨੂੰ ਜਾਲ਼ ਚਿੜੀ ਦੇ ਪੈਰੀਂ ਧਰਨਾ ਪੈ ਸਕਦਾ ਹੈ। ਵਗਦੀਆਂ ਪੌਣਾਂ ਨੂੰ ਵੀ ਤਾਂ ਠੱਲ੍ਹ ਪਾਵਣ ਵਾਲ਼ਾ ਕੋਈ ਟੱਕਰੂ, ਦਰਿਆਵਾਂ ਨੂੰ ਕੰਢਿਆਂ ਦੀ ਗੋਦੀ ਵੀ ਚੜ੍ਹਨਾ ਪੈ ਸਕਦਾ ਹੈ। ਹੋ ਸਕਦਾ ਹੈ ਮੰਜ਼ਿਲ ਖ਼ੁਦ ਹੀ ਅੱਗਲਵਾਂਢੀ ਆ ਕੇ ਟੱਕਰੇ, ਸਦਾ ਨਿਰੰਤਰ ਵਗਦੇ ਰਾਹਾਂ ਨੂੰ ਵੀ ਖੜ੍ਹਨਾ ਪੈ ਸਕਦਾ ਹੈ। ਜੇ ਕਿਧਰੇ ਹੰਕਾਰੀ ਅੱਗ ਇਸ ਬਾਗ਼ ਦੇ ਅੰਦਰ ਆ ਧਮਕੀ ਤਾਂ, ਸੀਨੇ ਠੰਢਕ ਪਾਉਂਦੇ ਫੁੱਲਾਂ ਨੂੰ ਵੀ ਸੜਨਾ ਪੈ ਸਕਦਾ ਹੈ। ਜਿਸ ਖੂਹ ਨੇ ਹਰ ਹਿਰਦੇ ਨੂੰ ਠਾਰਨ ਦਾ ਫ਼ਰਜ਼ ਨਿਭਾਇਆ ਹੁਣ ਤੱਕ , ਉਸ ਨੂੰ ਠੂਠਾ ਹੋਰਾਂ ਦੇ ਕਦਮਾਂ ਵਿੱਚ ਧਰਨਾ ਪੈ ਸਕਦਾ ਹੈ।