ਹੁਨਰ ਹੈ ਜੇ ਤੇਰੇ ਹੱਥੀਂ ਤਾਂ ਮਿੱਟੀ ਦੇ ਬਣਾ ਦੀਵੇ।
ਬੁਝੇ ਦਿਲ ਫੇਰ ਰੌਸ਼ਨ ਕਰ ਕਿ ਦੀਵੇ ਤੋਂ ਜਗਾ ਦੀਵੇ।
ਨਿਰੀ ਮਾਲਾ ਧਿਆਵਣ ਨਾਲ ‘ਨ੍ਹੇਰੇ ਮਿਟ ਨਹੀਂ ਸਕਣੇ,
ਤੂੰ ਪੂਜਾ ਦੀਵਿਆਂ ਦੀ ਕਰ ਵਿਹਾਰ ਅੰਦਰ ਧਿਆ ਦੀਵੇ।
ਤੂੰ ਕਹਿ ਦੇ ਮੰਗਤਿਆਂ ਨੂੰ ਰੌਸ਼ਨੀ ਮੰਗਿਆਂ ਨਹੀਂ ਮਿਲਦੀ,
ਕਲਾ ਦੇ ਨਾਲ ਘੜ ਪੱਥਰ ਤੇ ਮਿੱਟੀ ਦੇ ਬਣਾ ਦੀਵੇ ।
ਹਨੇਰੇ ਵਿਚ ਜੋ ਡੁੱਬ ਚੁੱਕੇ ਉਨ੍ਹਾਂ ਨੂੰ ਰੌਸ਼ਨੀ ਦੇ ਦੇ
ਲੋਕਾਈ ਨੂੰ ਤੂੰ ਚੇਤੰਨ ਕਰ ਤੇ ਚਿੰਤਨ ਦੇ ਜਗਾ ਦੀਵੇ ।
ਸਿਖਾ ਲੋਕਾਂ ਨੂੰ ਦੀਵੇ ਕਿਸ ਤਰ੍ਹਾਂ ਬੁੱਕਲੀਂ ਬਚਾਉਣੇ ਨੇ,
ਕਿਤੇ ਝੱਖੜ, ਕਿਤੇ ਵਰਖਾ ਤੇ ਬਿਜਲੀ ਤੋਂ ਬਚਾ ਦੀਵੇ।
ਪਵੇ ਦੇਣਾ ਜੇ ਦਿਲ ਦਾ ਖ਼ੂਨ ਵੀ ਤਾਂ ਦੇ ਦਿਓ ਲੋਕੋ,
ਬਿਗਾਨੇ ਤੇਲ ਦੀ ਨਾ ਆਸ ਤੇ ਲੈਣੇ ਬੁਝਾ ਦੀਵੇ ।
ਇਨ੍ਹਾਂ ਮੜ੍ਹੀਆਂ ਤੇ ਕਰਕੇ ਰੌਸ਼ਨੀ ਰੌਸ਼ਨ ਹੈ ਕੀ ਕਰਨਾ
ਹਨ੍ਹੇਰੇ ਵਿੱਚ ਜੋ ਡੁੱਬੇ ਘਰ ਤੂੰ ਉਨ੍ਹਾਂ ਵਿੱਚ ਸਜਾ ਦੀਵੇ।
ਅਕੀਦਤ ਹੈ ਤੇਰੀ ਜੇ ਸਿਦਕ' ਨ੍ਹੇਰੇ ਨੂੰ ਮਿਟਾਵਣ ਦੀ,
ਤੂੰ ਅਪਣੇ ਸ਼ੇਅਰਾਂ ਵਿੱਚ ਲਿਖ ਦੇ ਸਦਾ ਦੀਵੇ, ਸਦਾ ਦੀਵੇ।
ਘਰਾਂ 'ਚੋਂ ਮਰ ਰਹੀ ਅਪਣੱਤ, ਸੰਨਾਟਾ ਚੀਕਦਾ ਹੈ।
ਨਹੀਂ ਕੰਧਾਂ 'ਤੇ ਟਿਕਦੀ ਛੱਤ, ਸੰਨਾਟਾ ਚੀਕਦਾ ਹੈ।
ਹਵਸ ਜੇਬੵਾਂ ਦੀ ਐਨੀ ਵਧ ਗਈ ਸਿਰ ਵਿਕ ਰਹੇ ਨੇ,
ਇਹ ਕੀ ਹੈ ਜ਼ਿੰਦਗੀ ਦਾ ਤੱਤ, ਸੰਨਾਟਾ ਚੀਕਦਾ ਹੈ।
ਸਕੂਲਾਂ ਕਾਲਜਾਂ ਵਿੱਚ ਵੀ ਸਲਾਮਤ ਤੂੰ ਨਹੀਂ ਹੁਣ,
ਕੁੜੇ ਤੂੰ ਘਰ ਹੀ ਚਰਖਾ ਕੱਤ , ਸੰਨਾਟਾ ਚੀਕਦਾ ਹੈ।
ਦਿਲਾਂ ਵਿੱਚ ਭਖ਼ ਰਿਹਾ ਹੈ ਕਹਿਰ, ਜ਼ਹਿਰਾਂ ਉਗਲਦੇ ਮੂੰਹ,
ਕਿ ਹਰ ਅੱਖ 'ਚੋ ਹੈ ਵਹਿੰਦੀ ਰੱਤ ,ਸੰਨਾਟਾ ਚੀਕਦਾ ਹੈ।
ਕਿਤੇ ਹੁਣ ਹੈ ਨਹੀਂ ਗੁਲਸ਼ਨ,ਨਾ ਤਿਤਲੀ ਹੈ, ਨਾ ਖ਼ੁਸ਼ਬੂ
ਵਿਰਾਨੀ ਦੀ ਹੈ ਥਾਂ ਥਾਂ ਅੱਤ, ਸੰਨਾਟਾ ਚੀਕਦਾ ਹੈ।
ਸ਼ਮਾਦਾਨਾਂ 'ਚ ਆ ਕੇ ਤੋੜ ਦਿੰਦੀ ਹੈ ਇਹ ਦੀਵੇ,
ਹਵਾ ਨੂੰ ਕੌਣ ਦੇਵੇ ਮੱਤ ,ਸੰਨਾਟਾ ਚੀਕਦਾ ਹੈ।
ਤੁਸੀਂ ਹੁਣ ਸੜਕ 'ਤੇ ਵਿਕਦੇ ਦਿਓਤੇ, ਘਰ ਲੈ ਆਉ,
ਧਰਮ ਧਾਮਾਂ 'ਚ ਉੱਡਦੀ ਪੱਤ ,ਸੰਨਾਟਾ ਚੀਕਦਾ ਹੈ।
ਹਮੇਸ਼ਾਂ ਸਿਦਕ ਨੂੰ ਉਹ ਡਾਕੀਆ ਤੜਪਾ ਕੇ ਲੰਘੇ
ਕਦੇ ਤਾਂ ਪਾ ਦਿਆ ਕਰ ਖ਼ਤ, ਸੰਨਾਟਾ ਚੀਕਦਾ ਹੈ।
ਅੱਖਾਂ ਦੇ ਪਾਸ ਰਹਿ ਕੇ, ਦਿਲ ਤੋਂ ਹੈਂ ਦੂਰ ਹੋਇਆ।
ਸਾਡੇ ਤੋਂ ਕਿਹੜਾ ਐਡਾ ਵੱਡਾ ਕਸੂਰ ਹੋਇਆ।
ਨਿਤ ਮਲੵਮਾਂ ਲਾਉਂਦਾ ਰਹਿਨੈ ,ਮੁੜ ਮੁੜ ਦੁਖਾਉਂਦਾ ਰਹਿਨੈਂ,
ਇਹ ਜ਼ਖ਼ਮ ਮੇਰੇ ਦਿਲ ਦਾ, ਤਾਂ ਹੀ,ਨਾਸੂਰ ਹੋਇਆ।
ਉਸ ਨੂੰ ਸੁਣਾ ਕੇ ਗ਼ਜ਼ਲਾਂ, ਦਿਲ ਹੌਲਾ ਕਰ ਲਿਆ ਮੈਂ ,
ਪਰ ਉਸ ਨੂੰ ਆਪਣੀ ਚੁੱਪ ਦਾ ਦੇਖੋ ਗਰੂਰ ਹੋਇਆ।
ਪੱਥਰ ਜਿਹੇ ਇਹ ਲੋਕੀਂ, ਸਭ ਘੂਰਦੇ ਨੇ ਮੈਨੂੰ,
ਰੋਣਾ ਹੈ ਪੱਥਰਾਂ ਨੇ, ਜਦ ਸ਼ੀਸ਼ਾ ਚੂਰ ਹੋਇਆ।
ਮੈਂ ਉਸ ਨੂੰ ਆਖ ਦਿੱਤਾ ਮੈਂ ਨਈਂ ਹਾਂ ਤੂੰ ਹੀ ਤੂੰ ਹੁਣ,
ਉਹ ਹੱਸ ਪਿਆ ਤੇ ਉਸ ਦਾ ਗੁੱਸਾ ਕਫ਼ੂਰ ਹੋਇਆ।
ਕਿੱਦਾਂ ਦਾ ਬਚਪਨਾ ਸੀ? ਕਿੱਦਾਂ ਦਾ ਜੋਬਨਾ ਹੈ ?
ਜਿਉਂ ਜਿਉਂ ਜਵਾਨ ਹੋਈ ਇਹ ਜਗ ਕਰੂਰ ਹੋਇਆ।
ਤੂੰ ਸੀ ਤਾਂ ਜਾਪਦਾ ਸੀ, ਇਹ ਸ਼ਹਿਰ ਸੁਰਗ ਮੈਨੂੰ,
ਹੁਣ ਜਾਪਦੈ ਜਹੱਨੁਮ, ਜਦ ਤੋਂ ਤੂੰ ਦੂਰ ਹੋਇਆ।
ਗੱਲ ਗੱਲ ਤੇ ਮੈਨੂੰ ਕਹਿਨੈਂ , ਤੂੰ ਸਿਦਕ ਹੈਂ ਹੀ ਕੀ ਏਂ,
ਇਹ ਕੀ ਅੰਦਾਜ਼ ਤੇਰਾ? ਇਹ ਕੀ ਸ਼ਊਰ ਹੋਇਆ।
ਬੀਤਿਆ ਬਚਪਨ ਤਾਂ ਅਜਕਲ ਵਰਜਨਾਵਾਂ ਬਹੁਤ ਨੇ।
ਕੁੜੀਆਂ ਨੂੰ ਸਾਹਾਂ ਦੇ ਬਦਲੇ ਵੀ ਸਜ਼ਾਵਾਂ ਬਹੁਤ ਨੇ।
ਮਾਂ ਜਿਹੀ ਕੋਈ ਦੁਆ ਵੀ ਨਾ ਮਿਲੀ ਇਸ ਦੇਸ 'ਚੋਂ,
ਹਾਸਪੀਟਲ ਬਹੁਤ ਨੇਂ, ਟੀਕੇ, ਦਵਾਵਾਂ ਬਹੁਤ ਨੇ।
ਕੁਲ ਅੰਬਰਾਂ ਵਿੱਚ ਇੱਕ ਤੂੰ ਹੀ ਸਿਤਾਰਾ ਹੈਂ ਮੇਰਾ,
ਉਂਝ ਤਾਂ ਬ੍ਰਹਿਮੰਡ ਅੰਦਰ ਕਹਿਕਸ਼ਾਵਾਂ ਬਹੁਤ ਨੇ।
ਇਸ਼ਕ ਤੇਰੇ ਦੀ ਦਸ਼ਾ ਹੀ, ਜ਼ਿੰਦਗੀ ਦੀ ਹੈ ਦਿਸ਼ਾ,
ਉਂਝ ਤਾਂ ਲੱਖਾਂ ਨੇ ਰਸਤੇ ਤੇ ਦਿਸ਼ਾਵਾਂ ਬਹੁਤ ਨੇ।
ਭਰ ਗਏ ਨੇ ਘਰ ਬਰੂਹਾਂ ਤੀਕ ਵਸਤਾਂ ਨਾਲ ਸਭ,
ਖ਼ੌਲ ਰਹੀਆਂ ਦਿਲ ਦੇ ਅੰਦਰ ਪਰ ਇੱਛਾਵਾਂ ਬਹੁਤ ਨੇ।
ਇੱਕ ਤੇਰੇ ਪਿੰਡ ਦੀ ਹੀ ਉਹ ਡੰਡੀ ਠੰਢੀ ਠਾਰ ਸੀ,
ਆਸੇ ਪਾਸੇ ਪੱਕੀਆਂ ਸੜਕਾਂ, ਤਪੀਆਂ ਰਾਹਵਾਂ ਬਹੁਤ ਨੇ।
ਮੈਨੂੰ ਤਾਂ ਤੇਰੇ ਹੀ ਦਰ 'ਤੇ ਆ ਕੇ ਮਿਲਦਾ ਹੈ ਸਕੂਨ,
ਪੂਜਾ ਲਈ ਇਸ ਸ਼ਹਿਰ ਵਿੱਚ, ਵੈਸੇ ਤਾਂ ਥਾਵਾਂ ਬਹੁਤ ਨੇ।
ਆਪਣੇ ਦਿਲ ਨੂੰ ਹੀ ਸਾਬਤ ਰੱਖਣਾ ਪੈਣਾ ਹੈ ਸਿਦਕ,
ਪੰਧ ਤੋਂ ਭਟਕਾਉਣ ਲਈ ਐਥੇ ਬਲਾਵਾਂ ਬਹੁਤ ਨੇ।
ਤੂੰ ਮਿਲਿਓਂ ਤਾਂ ਸੱਜਣਾ ਸਾਡੀ ਕਿਸਮਤ ਬਦਲ ਗਈ।
ਤੇਰੀ ਚਾਹਤ ਕੀਤੀ ਹਰ ਇੱਕ ਚਾਹਤ ਬਦਲ ਗਈ।
ਸਾਗਰ ਵਿੱਚ ਜਦ ਕਿਸ਼ਤੀ ਸੀ ਤਾਂ ਉਲਟ ਹਵਾਵਾਂ ਸਨ,
ਕੰਢੇ ਉੱਤੇ ਵਾਵਾਂ ਦੀ ਵੀ ਫ਼ਿਤਰਤ ਬਦਲ ਗਈ।
ਤੇਰੀ ਇੱਕ ਨਿਗਾਹ ਨੇ ਮੈਨੂੰ ਪਾਕ ਬਣਾ ਦਿੱਤਾ,
ਦੁਨੀਆਂ ਵੱਲੋਂ ਲਾਈ ਹਰ ਇੱਕ ਤੁਹਮਤ ਬਦਲ ਗਈ।
ਹੁਣ ਤਾਂ ਤੇਰੀ ਸੂਰਤ ਤੋਂ ਹੀ ਵਕਤ ਨਹੀਂ ਮਿਲਦਾ,
ਮੁੜ ਮੁੜ ਸ਼ੀਸ਼ਾ ਦੇਖਣ ਦੀ ਹੁਣ ਅਾਦਤ ਬਦਲ ਗਈ।
ਪਰਦੇਸੀ ਪਹਿਰਾਵਾ ਪਹਿਨ ਕੇ ਸੂਰਤ ਬਦਲੀ ਸੀ,
ਤੇਰੇ ਨਾਲ ਜਾਂ ਤੁਰੀ ਤਾਂ ਮੇਰੀ ਸੀਰਤ ਬਦਲ ਗਈ।
ਗੁਲਸ਼ਨ ਵਿੱਚ ੲਿਕ ਅਜਬ ਜਿਹੀ ਬੇਰੰਗੀ ਛਾਈ ਸੀ,
ਤੂੰ ਹੱਸਿਓਂ ਤਾਂ ਸਭ ਫੁੱਲਾਂ ਦੀ ਰੰਗਤ ਬਦਲ ਗਈ।
ਚੰਨਾਂ ਤੇਰੇ ਨਾਲ ਸੀ ਰਹਿੰਦੀ ਚਾਨਣੀ ਹਰ ਦਮ ਹੀ,
ਮੇਰੇ ਮਿਲਣ ਤੇ ਤੇਰੀ ਵੀ ਤਾਂ ਸੁਹਬਤ ਬਦਲ ਗਈ।
'ਸਿਦਕ' ਦੀਆਂ ਅੱਖਾਂ ਵਿੱਚ ਕਿੰਨੇ ਚੰਨ ਸਿਤਾਰੇ ਸਨ,
ਗ਼ਜ਼ਲਾਂ ਲਿਖਦੇ ਲਿਖਦੇ ਉਸ ਦੀ ਹਸਰਤ ਬਦਲ ਗਈ।
ਤੂੰ ਦਰਿਆ ਹੈਂ, ਮੈਂ ਰੇਤਾ ਹਾਂ, ਕੁਝ ਪਲ਼ ਸਾਡੀ ਸੁਹਬਤ ਹੈ।
ਰੁਕਣਾ ਹੈ ਮਜਬੂਰੀ ਮੇਰੀ, ਚੱਲਣਾ ਤੇਰੀ ਫ਼ਿਤਰਤ ਹੈ।
ਇਨਸਾਨਾਂ ਦੀ ਬਸਤੀ ਅੰਦਰ, ਇਨਸਾਨਾਂ ਦੀ ਦਹਿਸ਼ਤ ਹੈ,
ਇਹ ਤਾਂ ਫੁੱਲ ਵੀ ਖਾ ਜਾਂਦੇ ਨੇ, ਤੋਬਾ! ਕੈਸੀ ਵਹਿਸ਼ਤ ਹੈ!
ਮੈਂ ਬੇਜਾਨ ਜਿਹਾ ਇੱਕ ਬੁੱਤ ਸਾਂ, ਤੂੰ ਹੀ ਦਿਤੇ ਸਾਹ ਤੇ ਧੜਕਣ,
ਤੇਰੇ ਕਰਕੇ ਹੋਂਦ ਹੈ ਮੇਰੀ, ਤੇਰੇ ਕਰਕੇ ਸ਼ੁਹਰਤ ਹੈ।
ਮੁੜ ਮੁੜ ਤੇਰੇ ਚੱਕਰ ਕੱਟਾਂ, ਕਰਦੀ ਹਾਂ ਤੇਰੀ ਪਰਿਕਰਮਾ,
ਤੂੰ ਸੂਰਜ ਮੈਂ ਧਰਤੀ ਤੇਰੀ, ਦੂਰੀ ਅਪਣੀ ਕਿਸਮਤ ਹੈ।
ਪੇ੍ਮ ਦੇ ਵਿੱਚ ਹੈ ਐਸੀ ਗਰਮੀ, ਪੱਥਰਾਂ ਨੂੰ ਪਿਘਲਾ ਦੇਵੇ,
ਪੱਥਰ ਦਿਲ ਕਿਓਂ ਮੋਮ ਨ ਹੁੰਦੇ? ਇਸ ਵਿੱਚ ਉੱਚ ਹਰਾਰਤ ਹੈ।
ਉਂਝ ਤਾਂ ਗੁਰਬਤ ਪੇਟ ਦੀ ਅੱਗ ਹੈ, ਪਾਟੇ ਲੀੜੇ ਬੱਚੀਆਂ ਦੇ,
ਐਪਰ ਸਭਨਾਂ ਤੋਂ ਭੈੜੀ ਜੋ, ਉਹ ਚਿੰਤਨ ਦੀ ਗੁਰਬਤ ਹੈ।
ਅੰਨੵੀ ਰਈਅਤ ਗਿਆਨ ਵਿਹੂਣੀ, ਭਾਹ ਭਰੇ ਮੁਰਦਾਰਾਂ ਵਾਂਗ,
ਨਾਨਕ ਦੇ ਵੇਲੇ ਸੀ ਜੈਸੀ , ਹੁਣ ਵੀ ਵੈਸੀ ਰੱਈਅਤ ਹੈ।
'ਸਿਦਕ' ਓਵੇਂ ਤਾਂ ਹਰ ਸ਼ਿਅਰ ਹੀ, ਜਾਨ ਤੋਂ ਵੱਧ ਪਿਆਰਾ ਹੈ,
ਏਸ ਗ਼ਜ਼ਲ ਵਿੱਚ ਮੇਰੀ ਅਸਮਤ, ਵਕਤ ਦੀ ਇਸ ਵਿੱਚ ਅਜ਼ਮਤ ਹੈ।
ਅਗਲੇ ਸਾਲ ਵੀ ਕੱਤਕ ਕੂੰਜਾਂ ਆਉਣਗੀਆਂ।
ਇਹ ਕੁੜੀਆਂ ਤਾਂ ਏਦਾਂ ਹੀ ਕੁਰਲਾਉਣਗੀਆਂ।
ਪਾ ਆਈਆਂ ਨੇ ਕੁੜੀਆਂ ਨਦੀ ਦੇ ਕੰਢੇ ਘਰ,
ਛੱਲਾਂ ਨੇ ਬੇਦਰਦ ਉਹ ਆ ਕੇ ਢਾਹੁਣਗੀਆਂ।
ਧੀਆਂ ਕੋਲ ਤਾਂ ਅੱਜ ਦਾ ਨਕਸ਼ਾ ਹੁੰਦਾ ਹੈ,
ਮਾਵਾਂ ਤਾਂ ਬੱਸ ਕੱਲੵ ਦੀ ਗੱਲ ਸਮਝਾਉਣਗੀਆਂ।
ਇਹ ਚਿੜੀਆਂ ਜੋ ਸ਼ੀਸ਼ੇ ਨਾਲ ਨੇ ਲੜ ਰਹੀਆਂ,
ਆਪਣੇ ਹੀ ਇਹ ਖ਼ੂਨ 'ਚ ਖੰਭ ਰੰਗਾਉਣਗੀਆਂ।
ਇਹਨਾਂ ਦੇ ਦਿਲ ਅੰਦਰ ਬਹੁਤ ਉਦਾਸੀ ਹੈ,
ਕੁੜੀਆਂ ਗਿੱਧੇ ਵਿੱਚ ਧਮਾਲਾਂ ਪਾਉਣਗੀਆਂ।
ਹੰਝੂਆਂ ਦੇ ਕਿਰਦਾਰ ਦਾ ਕੁੜੀਓ ਕੀ ਕਹਿਣਾ,
ਇਹ ਅੱਖਾਂ ਨੇਂ ਕਿੱਦਾਂ ਦਰਦ ਲੁਕਾਉਣਗੀਆਂ।
ਬੱਦਲਾਂ ਤਾਈਂ ਕੁਝ ਕੁਝ ਸੰਗ ਤਾਂ ਆਏਗੀ,
ਰੇਤਾ ਦੇ ਵਿੱਚ ਜਦ ਵੀ ਚਿੜੀਆਂ ਨ੍ਹਾਉਣਗੀਆਂ।
'ਸਿਦਕ' ਜਿਹਨਾਂ ਨੂੰ ਮੋਈਆਂ ਮਰਨੀਆਂ ਕਹਿੰਦੇ ਨੇ,
ਇਹ ਕੁੜੀਆਂ ਹੀ ਚੰਨ ਤੇ ਪੈੜਾਂ ਪਾਉਣਗੀਆਂ।
ਯਾਦ ਹੈ ਜਦ ਤੂੰ ਸਾਡੇ ਪਿੰਡ ਦਰਿਆ ਹੁੰਦਾ ਸੀ?
ਮੈਂ ਸਾਂ ਬੇੜੀ ਤੇਰਾ ਇਸ਼ਕ ਮਲਾਹ ਹੁੰਦਾ ਸੀ?
ਨਾਲ ਸੀ ਤੂੰ ਤਾਂ ਹਰ ਇੱਕ ਮੰਜ਼ਲ ਪੈਰਾਂ ਵਿੱਚ ਸੀ,
ਭਾਵੇਂ ਪੈਂਡਾ ਕਿੰਨਾ ਵੀ ਅਸਗਾਹ ਹੁੰਦਾ ਸੀ।
ਸਤਯੁੱਗ ਅੰਦਰ ਕਦ ਹੁੰਦੀ ਸੀ ਬੇਇਨਸਾਫ਼ੀ,
ਧਰਮ ਕਚਹਿਰੀ ਦੇ ਵਿੱਚ ਸੱਚ ਗਵਾਹ ਹੁੰਦਾ ਸੀ।
ਕਿੰਨੇ ਬੇੜੀ ਪੂਰ ਖੁੰਝਾ ਦਿੰਦੇ ਸਾਂ ਤੂੰ ਮੈਂ,
ਨਦੀ ਕਿਨਾਰੇ ‘ਕੱਠਿਆਂ ਬਹਿਣ ਦਾ ਚਾਅ ਹੁੰਦਾ ਸੀ।
ਵਰ੍ਹਿਆਂ ਬਾਦ ਮੈਂ ਤੱਕ ਕੇ ਤੈਨੂੰ ਪੱਥਰ ਹੋ ਗਈ,
ਨਹੀਂ ਸੀ ਰੋਇਆ ਜਾਂਦਾ, ਨਾ ਮੁਸਕਾ ਹੁੰਦਾ ਸੀ।
ਓਸ ਉਮਰ ਵਿੱਚ ਰਾਹਾਂ ਦੀ ਮੁਹਤਾਜੀ ਨਹੀਂ ਸੀ,
ਤੇਰੇ ਦਿਲ ਤਕ, ਮੇਰੇ ਦਿਲ ਤੋਂ ਰਾਹ ਹੁੰਦਾ ਸੀ।
ਬੋਤਲ ਵਿਚਲਾ ਪਾਣੀ ਮੈਨੂੰ ਆਖ ਰਿਹਾ ਏ,
ਉਹ ਵੀ ਪਹਿਲਾਂ ਭਰ ਵਗਦਾ ਦਰਿਆ ਹੁੰਦਾ ਸੀ।
'ਸਿਦਕ ਦਿਲੇ ਦੀ ਰੇਤ 'ਤੇ ਖ਼ਵਰੇ ਕੀ ਉਸ ਲਿਖਿਆ,
ਨਾ ਹੀ ਪੜ੍ਹਿਆ ਜਾਂਦਾ ਤੇ ਨਾ ਢਾਹ ਹੁੰਦਾ ਸੀ।