Punjabi Poetry : Bibi Surjit Kaur Sacramento

ਪੰਜਾਬੀ ਕਵਿਤਾਵਾਂ : ਬੀਬੀ ਸੁਰਜੀਤ ਕੌਰ ਸੈਕਰਾਮੈਂਟੋ1. ਲਿਖਦੀ ਹਾਂ ਮੈਂ

ਜ਼ੁਲਮ ਜਦੋਂ ਅਸਮਾਨ ਤੇ ਚੜ੍ਹਦੈ ਲਿਖਦੀ ਹਾਂ ਮੈਂ । ਸੱਚ ਜਦੋਂ ਖੁੰਦਰਾਂ ਵਿਚ ਵੜਦੈ ਲਿਖਦੀ ਹਾਂ ਮੈਂ । ਝੂਠ ਦੇ ਝੰਡੇ ਝੂਲਣ ਜਦ ਅਸਮਾਨਾਂ ਉਤੇ, ਸੱਚ ਜਦੋਂ ਦੇਗਾਂ ਵਿਚ ਕੜ੍ਹਦੈ, ਲਿਖਦੀ ਹਾਂ ਮੈਂ । ਚੰਦੂ ਬੇਈਮਾਨ , ਪਰਿਥੀਏ ਜਦ ਨੇ ਰਲ਼ਦੇ, ਗੁਰੂ ਅਰਜਨ ਜਦ ਤਵੀ ਤੇ ਰੜ੍ਹਦੇ, ਲਿਖਦੀ ਹਾਂ ਮੈਂ । ਮਾਸੂਮਾਂ ਦੀ ਰੱਤ ਵਿਚ ਜ਼ਾਲਮ ਜਦੋਂ ਨਹਾਵੇ, ਧਰਮ ਦੇ ਨਾਂ ਤੇ ਕਲਮਾਂ ਪੜ੍ਹਦੈ, ਲਿਖਦੀ ਹਾਂ ਮੈਂ । ਦਿਲ ਵਿਚ ਕਾਲਖ ਹਵਸ ਅੱਖਾਂ ਵਿਚ ਲੈ ਕੇ ਬੰਦਾ , ਜਦੋੰ ਪਰਾਏ ਘਰ ਜਾ ਵੜਦੈ ਲਿਖਦੀ ਹਾਂ ਮੈਂ । ਚੋਰ ਤੇ ਬੇਈਮਾਨ ਠਗੰਤਰ ਲੀਡਰ ਜਦ ਵੀ, ਸੱਚ ਦੇ ਮੂੰਹ ਤੇ ਜੰਦਰਾ ਜੜਦੈ ਲਿਖਦੀ ਹਾਂ ਮੈਂ । ਸ਼ਰੇਆਮ ਪ੍ਰਚਾਰਕ ਰੱਬ ਨੂੰ ਵੇਚਦੇ ਵੇਖਾਂ, ਨੇਤਾ ਜਦ ਗੋਲਕ ਲਈ ਲੜਦੈ, ਲਿਖਦੀ ਹਾਂ ਮੈਂ । ਕਿੰਝ ‘ ਸੁਰਜੀਤ’ ਬਚਾਵਾਂ ਮੈਂ ਪੰਜਾਬ ਪਿਆਰਾ, ਦੋਸ਼ੀ ਅਪਣਾ ਦੋਸ਼ ਜਦੋਂ ਦੂਜੇ ਸਿਰ ਮੜ੍ਹਦੈ ਲਿਖਦੀ ਹਾਂ ਮੈ ।

2. ਉਠ ਜਾਗ ਕਿਸਾਨਾ ਯੋਧਿਆ

ਉਠ ਜਾਗ ਕਿਸਾਨਾ ਯੋਧਿਆ ਉਠ ਪੱਗ ਸੰਭਾਲ਼ ਉਇ । ਤੇਰੇ ਘਰ ਤੱਕ ਦੁਸ਼ਮਣ ਆ ਗਿਆ ਤੇਰਾ ਲੁੱਟਣ ਮਾਲ ਉਇ । ਜਾਗ ਕਿਸਾਨਾ ਘਰ ਤੇਰੇ ਵਿੱਚ ਦੁਸ਼ਮਣ ਲਾਈਆਂ ਅੱਗਾਂ । ਤੂੰ ਸੁੱਤਾ ਤੇਰੇ ਸਿਰ ਤੋਂ ਫਿਰਦੈ ਦੁਸ਼ਮਣ ਲਾਹੁਣ ਨੂੰ ਪੱਗਾਂ । ਖੇਡ ਰਹੀ ਸਰਕਾਰ ਤੇਰੇ ਨਾਲ ਕੋਝੀ ਚਾਲ ਉਇ । ਇਕ ਪਾਸੇ ਮਹਾਂ ਮਾਰੀ ਉਪਰੋਂ ਦਿੱਲੀ ਚੁਕੀਆਂ ਅੱਤਾਂ । ਬੇਈਮਾਨ ਸਰਕਾਰ ਦੀਆਂ ਨੇ ਮਾਰੀਆਂ ਗਈਆਂ ਮੱਤਾਂ । ਦੇਸ਼ ਦੇ ਅੰਨ ਦਾਤੇ ਨੂੰ ਕਰਨਾ ਚਾਹੁਣ ਕੰਗਾਲ ਉਇ । ਪੂੰਜੀਪਤੀ ਅਮੀਰਾਂ ਦੇ ਹੱਥ ਵਿਕੀਆਂ ਨੇ ਸਰਕਾਰਾਂ । ਹਰੇ ਭਰੇ ਤੇਰੇ ਖੇਤਾਂ ਦੇ ਵਿੱਚੋਂ ਲੁੱਟਣਾ ਚਾਹੁਣ ਬਹਾਰਾਂ । ਮੋਢੇ ਨਾਲ ਮੋਢਾ ਜੋੜ ਚਲੋ ਸ਼ੇਰਾਂ ਦੀ ਚਾਲ ਉਇ । ਹੱਥਾਂ ਦੇ ਵਿੱਚ ਹੱਥ ਫੜੋ ਕਦਮਾਂ ਨਾਲ ਕਦਮ ਮਿਲਾਵੋ । ਦੇਸ਼ ਵਾਸੀਓ ਕੱਠੇ ਹੋ ਕੇ ਜ਼ਾਲਮ ਤਖਤ ਹਿਲਾਵੋ । ਪਰਬਤ ਡੋਲਣ ਧਰਤੀ ਤੇ ਆ ਜਾਏ ਭੂਤਾਲ ਉਇ । ਉਠ 'ਸੁਰਜੀਤ' ਅਸੀ ਵੀ ਹੁਣ ਕਿਰਸਾਨ ਦੇ ਨਾਲ ਖਲੋਈਏ । ਬੰਨ ਕਾਫ਼ਲੇ ਧੀਆਂ ਮਾਵਾਂ, ਯੁੱਧ ਵਿੱਚ ਸ਼ਾਮਲ ਹੋਈਏ । ਛੱਡਣੇ ਨਹੀਂ ਹੱਕ, ਭਾਵੇਂ ਲੱਗ ਜਾਣ ਸਾਲ ਉਇ ।

3. ਗੀਤ ਕਿਸੇ ਨੇ ਛੋਹਿਆ ਏ

ਗੀਤ ਕਿਸੇ ਨੇ ਛੋਹਿਆ ਏ। ਦਿਲ ਮੇਰਾ ਫਿਰ ਰੋਇਆ ਏ। ਹੂਕ ਜਹੀ ਇਕ ਨਿਕਲੀ ਏ, ਦਰਦ ਕਲੇਜੇ ਹੋਇਆ ਏ। ਬੰਨ ਸਬਰ ਦਾ ਟੁਟਿਆ ਏ, ਖ਼ੂਨ ਅੱਖਾਂ ਚੋਂ ਚੋਇਆ ਏ। ਅੱਖ ਬਿਰਹਣ ਦੀ ਰੋਈ ਏ, ਸਾਗਰ ਖ਼ਾਰਾ ਹੋਇਆ ਏ। ਦਿਨੇ ਤੜਪਦਾ ਰਹਿੰਦਾ ਏ, ਰਾਤ ਕਦੀ ਨਾ ਸੋਇਆ ਏ। ਦਰਦ ਮੈਂ ਸਾਰੀ ਦੁਨੀਆਂ ਦਾ, ਸ਼ਬਦਾਂ ਵਿਚ ਲਕੋਇਆ ਏ। ਤਨ ਦੀ ਚਾਦਰ ਛਿੱਜਦੀ ਗਈ, ਜਿਉੰ ਜਿਉੰ ਇਸਨੂੰ ਧੋਇਆ ਏ। ਕੱਲੀ ਬਹਿ ਕੇ ਰੋਂਦੀ ਰਹੀ, ਕੀ ਸੁਰਜੀਤ ਨੂੰ ਹੋਇਆ ਏ।

4. ਸ਼ਬਦ

ਮੈੰ ਸ਼ਬਦਾਂ ਦੇ ਸਾਗਰ ਚ ਗੋਤੇ ਲਗਾਵਾਂ ਤੇ ਲਭ ਲਭਕੇ ਸ਼ਬਦਾਂ ਨੂੰ ਝੋਲੀ ਚ ਪਾਵਾਂ ਸ਼ਬਦ ਮਾਣਕ ਮੋਤੀ ਸ਼ਬਦ ਹੀਰੇ ਪੰਨੇ ਮੈੰ ਸ਼ਬਦਾਂ ਨੂੰ ਸ਼ਬਦਾਂ ਚ ਧਰ ਕੇ ਸਜਾਵਾਂ ਬਨਾਵਾਂ ਮੈ ਸ਼ਬਦਾਂ ਦੀ ਰੰਗਲੀ ਪਟਾਰੀ ਤੇ ਸ਼ਬਦਾਂ ਨੂੰ ਚੁਕ ਕੇ ਪਟਾਰੀ ਚ ਪਾਵਾਂ ਸ਼ਬਦਾਂ ਦੀ ਸੂਈ ਤੇ ਸ਼ਬਦਾਂ ਦਾ ਧਾਗਾ ਪਰੋਵਾਂ ਤੇ ਸ਼ਬਦਾਂ ਦੀ ਮਾਲਾ ਬਣਾਵਾਂ ਸ਼ਬਦ ਅਨਹਦ ਵਜਦਾ ਸ਼ਬਦ ਨਾਦ ਗੂੰਜੇ ਮੈੰ ਸ਼ਬਦਾਂ ਚ ਖੇਡਾਂ ਤੇ ਸ਼ਬਦਾਂ ਨੂੰ ਗਾਵਾਂ ਸ਼ਬਦ ਹੀ ਹੈ ਕਾਦਰ ਸ਼ਬਦ ਹੀ ਹੈ ਕੁਦਰਤ ਸ਼ਬਦ ਹੀ ਹੈ ਜਲ ਥਲ ਸ਼ਬਦ ਹੀ ਹਵਾਵਾਂ ਸ਼ਬਦ ਹੀ ਧਰਾ ਹੈ ਸ਼ਬਦ ਹੀ ਗਗਨ ਹੈ ਸ਼ਬਦ ਹੀ ਹੈ ਦਾਮਨਿ ਸ਼ਬਦ ਹੀ ਘਟਾਵਾਂ ਸ਼ਬਦ ਆਤਮਾਂ ਹੈ ਸ਼ਬਦ ਹੀ ਹੈ ਧੜਕਨ ਸ਼ਬਦ ਹੈ ਤੇ ਜ਼ਿੰਦਗ਼ੀ ਪਈ ਲੈਂਦੀ ਹੈ ਸਾਹਵਾਂ ਸ਼ਬਦ ਹੀ ਹੈ ਕਾਗਜ਼ ਸ਼ਬਦ ਹੀ ਕਲਮ ਹੈ ਮੈੰ ਕਾਗਜ਼ ਦੀ ਹਿੱਕ ਤੇ ਸ਼ਬਦ ਨੂੰ ਸਜਾਵਾਂ ਸ਼ਬਦ ਦਾ ਪੰਘੂੜਾ ਸ਼ਬਦ ਪੀਂਘ ਪਾ ਕੇ ਮੈੰ ਕਈ ਵਾਰੀ ਅੰਬਰਾਂ ਤੇ ਜਾਵਾਂ ਤੇ ਆਵਾਂ। ਸ਼ਬਦ ਮੇਰਾ ਸਤਿਗੁਰ ਸ਼ਬਦ ਮੇਰਾ ਰੱਬ ਹੈ ਮੈ ਸ਼ਬਦਾਂ ਚ ਮਿਲਕੇ ਸ਼ਬਦ ਹੋਈ ਜਾਵਾਂ ਸ਼ਬਦ ਵਿੱਚ ਹੀ ਜੀਣਾ ਸ਼ਬਦ ਵਿੱਚ ਹੀ ਮਰਨਾ ਮੈੰ ‘ਸੁਰਜੀਤ’ ਹੋ ਕੇ ਸ਼ਬਦ ਬਣਨਾ ਚਾਹਵਾਂ

5. ਚਲੋ ਜ਼ਰਾ

ਚਲੋ ਜ਼ਰਾ ਅਸਮਾਨ ਦੇ ਉਤੇ ਟਹਿਲ ਕੇ ਆਈਏ, ਧਰਤੀ ਤੇ ਤਾਂ ਸਾਹ ਲੈਣਾ ਵੀ ਮੁਸ਼ਕਿਲ ਹੈ । ਹਰ ਪਾਸੇ ਨਫ਼ਰਤ ਹਉਮੈਂ ਹੰਕਾਰ ਖੜ੍ਹੇ, ਇਹਨਾਂ ਦੇ ਸੰਗ ਮਿਲ ਬਹਿਣਾ ਵੀ ਮੁਸ਼ਕਿਲ ਹੈ । ਜੁਗਾਂ ਜੁਗਾਂ ਤੋਂ ਸੱਚ ਸੂਲੀ ਤੇ ਚੜ੍ਹ ਰਿਹਾ ਏ, ਜ਼ੋਰ ਜਬਰ ਹਰ ਪਲ ਸਹਿਣਾ ਵੀ ਮੁਸ਼ਕਿਲ ਹੈ । ਅਦਲ ਵੀ ਤੇਰਾ ਰਾਜ ਭਾਗ ਵੀ ਤੇਰਾ ਹੈ, ਮੇਰਾ ਇਥੇ ਕੁਝ ਕਹਿਣਾ ਵੀ ਮੁਸ਼ਕਿਲ ਹੈ । ਅਪਣੀ ਆਦਤ ਤੋੰ ਮਜਬੂਰ ਤਾਂ ਮੈਂ ਵੀ ਹਾਂ, ਜ਼ਾਲਮ ਸਾਹਵੇਂ ਚੁੱਪ ਰਹਿਣਾ ਵੀ ਮੁਸ਼ਕਿਲ ਹੈ । ਜੇ ਤੂੰ ਤਾਕਤਵਰ ਹੈਂ , ਮੈਂ ਕਮਜ਼ੋਰ ਨਹੀੰ, ਹੁਣ ਚੱਟਾਨ ਦਾ ਟਿਕਿਆ ਰਹਿਣਾ ਮੁਸ਼ਕਿਲ ਹੈ । ਉੱਠ ਸੁਰਜੀਤ’ ਮੁਕਾਬਲਾ ਕਰੀਏ ਜ਼ਾਲਮ ਦਾ, ਅੱਥਰੂ ਬਣਕੇ ਨਿਤ ਵਹਿਣਾ ਵੀ ਮੁਸ਼ਕਿਲ ਹੈ ।

6. ਦੀਵੇ ਬਾਲ਼ ਕੇ ਧਰੀਏ

ਚਲੋ ਹਨ੍ਹੇਰੇ ਦਿਲਾਂ ਦੇ ਅੰਦਰ ਦੀਵੇ ਬਾਲ ਬਾਲ਼ ਕੇ ਧਰੀਏ । ਖੰਡਰ ਬੰਦਿਆਂ ਦੇ ਹਿਰਦੇ ਨੂੰ ਮੁੜ ਕੇ ਰੌਸ਼ਨ ਕਰੀਏ । ਨਾ ਕੋਈ ਉੱਚਾ ਨਾ ਕੋਈ ਨੀਵਾਂ ਕੁਦਰਤ ਦੇ ਸਭ ਬੰਦੇ, ਖੁਸ਼ੀਆਂ ਨੂੰ ਵੀ ਮਾਣੀਏ 'ਕੱਠੇ ਦੁੱਖ ਵੀ ਰਲ਼ ਕੇ ਜਰੀਏ । ਜੇ-ਕਰ ਹੁਣ ਨਾ ਚਾਨਣ ਹੋਇਆ ਮਰ ਜਾਵਾਂਗੇ ਸਾਰੇ, ਬਾਰ ਬਾਰ ਪਿਆ ਸਮਾਂ ਪੁਕਾਰੇ ਕੁਝ ਕਰੀਏ ਜਾਂ ਮਰੀਏ । ਸੂਰਜ ਚੰਨ ਸਿਤਾਰਿਆਂ ਵਾਂਗਰ ਰੌਸ਼ਨੀਆਂ ਕਰ ਸਕਦੇ, ਵਾਂਗ ਜੁਗਨੂੰਆਂ ਟਿਮ ਟਿਮ ਕਰਕੇ ਰਾਹੀਂ ਚਾਨਣ ਕਰੀਏ । ਕਲਮਾਂ ਵਾਲਿਓ ਕਲਮਾਂ ਦੇ ਸੰਗ ਸ਼ਬਦੀ ਜੋਤ ਜਗਾਉ, ਬਹੁਤ ਡਰੇ ਹਾਂ ਉਮਰਾ ਸਾਰੀ ਵਕਤ ਅਖ਼ੀਰ ਨਾ ਡਰੀਏ । ਸਦੀਆਂ ਤੋਂ ਇਤਿਹਾਸ ਗਵਾਹ ਹੈ ਬੰਦੇ ਆਦਮਖਾਣੇ, ਉਠ 'ਸੁਰਜੀਤ' ਜ਼ੁਲਮ ਦੀ ਅੱਗ ਤੇ ਮੀਂਹ ਬਣ ਵਾਛੜ ਵਰ੍ਹੀਏ।

7. ਸ਼ਬਦਾਂ ਤਾਈਂ ਸੰਭਾਲ ਲੈ ਜਿੰਦੇ

ਸ਼ਬਦਾਂ ਤਾਈਂ ਸੰਭਾਲ ਨੀ ਜਿੰਦੇ, ਸ਼ਬਦਾਂ ਨੂੰ ਕਦੀ ਮਰਨ ਨਾ ਦੇਵੀੰ। ਜ਼ਖ਼ਮਾਂ ਸਦਾ ਤੂੰ ਰਿਸਦੇ ਰੱਖੀੰ , ਇਨ੍ਹਾਂ ਨੂੰ ਕਦੀ ਭਰਨ ਨਾ ਦੇਵੀਂ। ਮਨ ਨੂੰ ਹੌਲਾ ਕਰਕੇ ਰੱਖੀਂ , ਬੋਝ ਉਠਾ ਕੇ ਤਰਨ ਨਾ ਦੇਵੀਂ। ਅਪਣੇ ਆਪ ਤੂੰ ਬਣ ਜਰਵਾਣੀ , ਖ਼ੁਦ ਨੂੰ ਕਦੇ ਵੀ ਡਰਨ ਨਾ ਦੇਵੀਂ। ਕੰਮ ਤੇਰਾ ਹੈ ਮਨ ਨੂੰ ਜਿੱਤਣਾ, ਇਸਨੂੰ ਕਦੇ ਤੂੰ ਹਰਨ ਨਾ ਦੇਵੀਂ। ਜ਼ਿੰਦਗ਼ੀ ਦੀ ਅਨਮੋਲ ਹੈ ਖੇਤੀ, ਪਸ਼ੂ ਆਵਾਰਾ ਚਰਨ ਨਾ ਦੇਵੀੰ। ਮੈਨੂੰ ਮੂੰਹ ਲੁਕਾਉਣਾ ਪੈ ਜਾਏ , ਕੰਮ ਅਜੇਹਾ ਕਰਨ ਨਾ ਦੇਵੀੰ ਰੱਬ ਤੈਨੂੰ ਸੁਰਜੀਤ ਬਣਾਇਆ, ਤੂੰ ਜ਼ਮੀਰ ਨੂੰ ਮਰਨ ਨਾ ਦੇਵੀਂ।

8. ਚਿੱਟਾ ਕਾਗ਼ਜ਼

ਚਿੱਟਾ ਕਾਗਜ਼ ਕਾਲੇ ਅੱਖਰ । ਕਰਦੇ ਜਾਣ ਉਜਾਲੇ ਅੱਖਰ । ਕਲਮ ਮੇਰੀ ਦੇ ਜਾਏ ਨੇ ਇਹ, ਅਣਖ਼ਾਂ ਦੇ ਸੰਗ ਪਾਲ਼ੇ ਅੱਖਰ । ਕਲਮ ਜਦੋਂ ਲਿਖਦੀ ਹੈ ਮੇਰੀ, ਫਿਰਦੇ ਆਲ ਦੁਆਲੇ ਅੱਖਰ । ਵੇਖ ਲਵਾਂ ਗੱਦਾਰਾਂ ਨੂੰ ਜਦ, ਖਾਂਦੇ ਫਿਰਨ ਉਬਾਲੇ ਅੱਖਰ । ਆ ਜਾਵਣ ਜਦ ਆਈ ਤੇ ਇਹ, ਫਿਰ ਨਾ ਜਾਣ ਸੰਭਾਲੇ ਅੱਖਰ । ਕੱਢੇ ਮਾਨਸਰੋਵਰ ਅੰਦਰੋਂ, ਚੁੱਭੀਆਂ ਲਾ ਲਾ ਭਾਲ਼ੇ ਅੱਖਰ । ਮੇਰੇ ਦਿਲ ਦੇ ਟੁਕੜੇ ਨੇ ਇਹ ਜਾਨ ਤੋੰ ਵੱਧ ਸੰਭਾਲ਼ੇ ਅੱਖਰ । ਨਾਲ ਸੁਰਾਂ ਦੇ ਤੁਰਦੇ ਨੇ ਇਹ, ਹੁੰਦੇ ਨਹੀੰ ਬੇ ਤਾਲੇ ਅੱਖਰ । ਇਹ ਅੱਖਰ ਮੈਂ ਆਪ ਲਿਖੇ ਨੇ, ਕਿਤਿਉਂ ਨਹੀਂ ਉਧਾਲੇ ਅੱਖਰ । ਜਦ ਰੁਖ਼ਸਤ ‘ਸੁਰਜੀਤ’ ਹੋਏਗੀ, ਸ਼ਬਦ ਤੁਰਨਗੇ ਨਾਲੇ ਅੱਖਰ ।

9. ਗ਼ਜ਼ਲ-ਨਿੱਕੀਆਂ ਨਿੱਕੀਆਂ ਬੂੰਦਾਂ ਬਰਸਨ

ਨਿੱਕੀਆਂ ਨਿੱਕੀਆਂ ਬੂੰਦਾਂ ਬਰਸਨ । ਸਾਗਰ ਨੂੰ ਮਿਲਣੇ ਲਈ ਤਰਸਨ । ਨੀਲ ਗਗਨ ਤੋਂ ਤੁਰਕੇ ਆਈਆਂ , ਸਾਗਰ ਦੇ ਪੈਰਾਂ ਨੂੰ ਪਰਸਨ । ਕਿੰਝ ਨਦੀ ਵਿਚ ਵੜੀਏ ਜਾ ਕੇ, ਕਿੰਝ ਸਾਗਰ ਦੇ ਕਰੀਏ ਦਰਸ਼ਨ । ਦਿਲ ਵਿਚ ਚਾਉ ਘਨੇਰਾ ਲੈ ਕੇ, ਮਨ ਹੀ ਮਨ ਵਿਚ ਪਈਆਂ ਸਰਸਨ । ਪੀਆ ਮਿਲਣ ਦੀ ਤਾਂਘ ਹੈ ਤੀਬਰ , ਆਪੇ ਸੋਚਣ ਆਪੇ ਹਰਸਨ । ਕਈ ਜਨਮਾਂ ਤੋੰ ਪਏ ਵਿਛੋੜੇ , ਹੋਰ ਵਿਛੋੜਾ ਕਿੱਦਾਂ ਜਰਸਨ । ਜੋ ਸਾਗਰ ਵਿਚ ਜਾ ਕੇ ਵੜੀਆਂ, ਸੀਸ ਓਸ ਦੇ ਪੈਰੀਂ ਧਰਸਨ । ਜੋ ‘ਸੁਰਜੀਤ’ ਕਿਨਾਰੇ ਖੜੀਆਂ, ਤੜਪ ਤੜਪ ਕੇ ਪਈਆਂ ਮਰਸਨ ।

10. ਔਰਤ

ਰਾਤ ਹਨੇਰੀ ਬਦਲ ਗੜਕੇ। ਕੜਕ ਕੜਕ ਕੜ ਬਿਜਲੀ ਕੜਕੇ। ਡਾਢਾ ਸ਼ੋਰ ਹਵਾ ਨੇ ਪਾਇਆ, ਖੜਖੜ ਖੜਖੜ ਬੂਹਾ ਖੜਕੇ। ਸਹਿਮੀ ਜਹੀ ਇਕ ਨਾਰ ਹੈ ਬੈਠੀ, ਹੱਥਾਂ ਵਿਚ ਕਲੇਜਾ ਫੜਕੇ। ਤਨ ਤੰਦੂਰ ਚੋੰ ਸੇਕ ਨਿਕਲਦਾ, ਅੰਦਰ ਦੀ ਅੱਗ ਜਦ ਵੀ ਭੜਕੇ। ਅਪਣੇ ਆਪੇ ਤੋੰ ਡਰ ਜਾਵੇ, ਦਿਲ ਦੀ ਕੋਠੀ ਜ਼ੋਰ ਦੀ ਧੜਕੇ। ਕਿਸਨੇ ਬੂਹਾ ਆ ਖੜਕਾਇਆ, ਸੁਬ੍ਹ ਸਵੇਰੇ ਤੜਕੇ ਤੜਕੇ। ਕਈ ਸਾਲਾਂ ਤੋੰ ਘਰ ਨਹੀ ਮੁੜਿਆ, ਪੁੱਤ ਗਿਆ ਸੀ ਮਾਂ ਨਾਲ ਲੜਕੇ। ਮਰਦ ਤੁਰ ਗਿਆ ਦੇਸ ਪਰਾਏ, ਕਿਧਰੇ ਦੂਰ ਜਹਾਜ਼ੇ ਚੜਕੇ। ਨਾ ਮੁੜਿਆ ਨਾ ਸੁਪਨਾ ਆਇਆ, ਵਕਤ ਲੰਘਾਵੇ ਅੰਦਰ ਵੜਕੇ। ਕੱਲੀ ‘ਕਾਰੀ ਲੁਕ ਲੁਕ ਜੀਂਦੀ, ਅੱਖ ਸ਼ਰੀਕਾਂ ਦੀ ਵਿਚ ਰੜਕੇ। ਦਿਨ ਚੜ੍ਹਿਆ ਪਏ ਲੋਕੀ ਆਖਣ ਮਰ ਗਈ ਆਪੇ ਘਰ ਵਿਚ ਸੜ ਕੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ