Punjabi Poetry : Uttamvir Singh Daon

ਪੰਜਾਬੀ ਕਵਿਤਾਵਾਂ : ਉੱਤਮਵੀਰ ਸਿੰਘ ਦਾਊਂ1. ਤੁਰਦੇ ਤੁਰਦੇ ਸ਼ਾਮ ਢਲ ਗਈ

ਤੁਰਦੇ ਤੁਰਦੇ ਸ਼ਾਮ ਢਲ ਗਈ ਮੈਂ ਸਾਂ ਕੱਲਮ ’ਕੱਲਾ ਜਦ ਮੁੜ ਪਿੱਛੇ ਪੈੜਾਂ ਤੱਕੀਆਂ ਮੈਂ ਸਾਂ ਦਿਲ ਸੀ ਝੱਲਾ ਤੁਰਨਾ ਮੇਰਾ ਫ਼ੱਕਰਾਂ ਵਾਂਗੂ ਪੈਰਾਂ ਦੇ ਵਿੱਚ ਚੱਕਰ ਰਾਹ ਚਲਦੇ ਮਿਲ ਗਏ ਮੈਨੂੰ ਸੋਚ ਮੇਰੀ ਦੇ ਫ਼ੱਕਰ ਤੋਰ ਮੇਰੀ ਪ੍ਰਛਾਵਾਂ ਤੱਕੇ ਪਰ ਲੱਭੇ ਨਾ ਸਿਰਨਾਵਾਂ ਫ਼ੱਕਰਾਂ ਪੁੱਛਿਆ ਮੈਨੂੰ ਝੱਲਿਆ ਕਿੱਧਰ ਨੂੰ ਤੁਰ ਚੱਲਾ ਤੁਰਦੇ ਤੁਰਦੇ ਸ਼ਾਮ ਢਲ ਗਈ............ ਦੇਖੀ ਰਾਤ ਪਹਾੜੀ ਚੋਟੀ ਡਿੱਠੀ ਤਾਰਿਆਂ ਵਾਂਗੂ ਜਗਦੀ ਹੋਈ ਸਵੇਰ ਮੇਰੀ ਅੱਖ ਖੁੱਲ੍ਹੀ ਵਸਦੀ ਸੀ ਇਕ ਬਸਤੀ ਰੁਮਕੀ ਹਵਾ ਕੰਨਾਂ ਦੇ ਕੋਲੋਂ ਧੁਨ ਐਸੀ ਫੇਰ ਛਾਈ ਬੱਦਲਾਂ ਓਹਲੇ ਕਿਸੇ ਪਰੀ ਦਾ ਉੱਡਦਾ ਦਿਸਿਆ ਪੱਲਾ ਤੁਰਦੇ ਤੁਰਦੇ ਸ਼ਾਮ ਢਲ ਗਈ............ ਨਾਦ ਅੰਬਰੀਂ ਗੂੰਜਿਆ ਜਦ ਸੁਣੀਆਂ ਸੀ ਖੜਤਾਲਾਂ ਚੁੱਕ ਡੰਗੋਰੀ ਮੈਂ ਤੁਰਿਆ ਸੀ ਕਰਨ ਲਈ ਪੜਤਾਲਾਂ ਚਿੱਟੀ ਬਰਫ਼ ਮਰਮਰੀ ਮੂਰਤ ਕਿਸ ਨੇ ਕਿਵੇਂ ਬਣਾਈ ਲੱਭਣ ਤੁਰਿਆ ਕਾਦਰ ਨੂੰ ਸੀ ਸੋਚ ਮੇਰੀ ਦਾ ਹੱਲਾ ਤੁਰਦੇ ਤੁਰਦੇ ਸ਼ਾਮ ਢਲ ਗਈ............ ਬਿਰਹੋਂ ਰੁੱਤ ਹੰਢਾਈ ਪਿੰਡੇ ਇਹ ਰੁੱਤ ਕੈਸੀ ਆਈ ਅਰਮਾਨਾਂ ਦੀ ਪੌਣ ਚੱਕੀ ਨੇ ਕੇਹੀ ਸ਼ਤਰੰਜ ਵਿਛਾਈ ਉੱਤਮ ਸੁਣ ਖੜਾਕ ਉੱਡ ਗਏ ਟਾਹਣੀ ਉੱਤੋਂ ਪਰਿੰਦੇ ਹਰਾ ਭਰਾ ਰੁੱਖ ਖ਼ਾਕ ਹੋ ਗਿਆ ਰਿਹਾ ਨਾ ਉਸ ਦਾ ਥੱਲ੍ਹਾ ਤੁਰਦੇ ਤੁਰਦੇ ਸ਼ਾਮ ਢਲ ਗਈ............ (ਹਰਫ਼ ਬਣੇ ਗੀਤ)

2. ਪੈਰੀਂ ਜਲਧਾਰਾ ਹੋਵੇ...

ਪੈਰੀਂ ਜਲਧਾਰਾ ਹੋਵੇ ਵੱਖਰਾ ਨਜ਼ਾਰਾ ਹੋਵੇ ਸੱਜਣਾ ਦਾ ਹੱਥ ਫੜਾਂ ਨੈਣਾਂ ’ਚ ਇਸ਼ਾਰਾ ਹੋਵੇ ਰੁੱਖਾਂ ਦੀ ਜੀਰਾਂਦ ਵਿੱਚ ਖੁੱਲ੍ਹੀ ਜਈ ਚਰਾਂਦ ਵਿੱਚ ਮੋਰਨੀ ਪਪੀਹਾ ’ਕੱਠੇ ਗਾਉਂਦੇ ਕੋਈ ਗੀਤ ਹੋਣ ਖਿੜੇ ਚੰਬੇ ਦੀ ਟਹਿਕ ’ਚ ਚਮੇਲੀ ਦੀ ਮਹਿਕ ’ਚ ਇੱਕਮਿਕ ਹੋਈਏ ਜਦੋਂ ਤਪੇ ਹਉਕੇ ਸੀਤ ਹੋਣ ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ ਦੇਖਦਾ ਦੀਵਾਨਿਆਂ ਨੂੰ ’ਕੱਲ੍ਹਾ-’ਕੱਲ੍ਹਾ ਤਾਰਾ ਹੋਵੇ ਪੈਰੀਂ ਜਲਧਾਰਾ ਹੋਵੇ............ ਕੋਇਲ ਦੀ ਚਹਿਕ ਸੁਣਾਂ ਸੁਪਨੇ ’ਚੋਂ ਖ਼ਿਆਲ ਬੁਣਾਂ ਮੱਥੇ ਨੂੰ ਜ਼ੁਲਫ਼ ਚੁੰਮੇ ਜ਼ੁਲਫ਼ ’ਚੋਂ ਮੋਤੀ ਚੋਣ ਯਾਰਾ ਦਿਲ ਤਣੇ ਉੱਤੇ ਖੁਣਾਂ ਤ੍ਰੇਲ ਪੱਤਿਆਂ ਤੋਂ ਚੁਣਾਂ ਵੰਝਲੀ ਦੀ ਸੁਰ ਸੰਗ ਮਿੱਠੇ ਰਾਗ ਛਿੜੇ ਹੋਣ ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ ਝਿਲਮਿਲ ਝਰਨੇ ਦੇ ਕੰਢੇ ਦਾ ਕਿਨਾਰਾ ਹੋਵੇ ਪੈਰੀਂ ਜਲਧਾਰਾ ਹੋਵੇ............ ਜਦੋਂ ਕਰਾਂ ਪਿਆਰ ਦਾ ਆਗ਼ਾਜ਼ ਰੂਹਾਂ ਵਿੱਚ ਛਿੜੇ ਸਾਜ਼ ਉੱਤਮ ਕਹਿਕਸ਼ੀ ਨਜ਼ਾਰਿਆਂ ਦੇ ਵਿੱਚੋਂ ਵਗੇ ਪੌਣ ਕਦੇ ਚੰਨ ਮੰਗੇ ਨਾ ਵਿਆਜ ਵੰਡੇ ਰਿਸ਼ਮਾਂ ਦੀ ਨਿਆਜ਼ ਤੂੰ ਦੁੱਧ ਚਾਨਣੀ ’ਚ ਦਾਊਂਵਾਲੇ ਛੇੜੀ ਕੋਈ ਗੌਣ ਰੱਬ ਦੀ ਰਜ਼ਾ ਦੇ ਵਿੱਚ ਪਾਕ ਫ਼ਿਜ਼ਾ ਦੇ ਵਿੱਚ ਜੁਗਨੂੰ ਚੁਫ਼ੇਰੇ ਹੋਣ ਸੱਜਣ ਓਹ ਪਿਆਰਾ ਹੋਵੇ ਪੈਰੀਂ ਜਲਧਾਰਾ ਹੋਵੇ............ (ਮੁਹੱਬਤ ਦੀ ਜਲਧਾਰਾ)

3. ਤਲੀ ’ਤੇ ਉੱਕਰੇ ਅੱਖ਼ਰ...

ਕਈ ਦਿਨਾਂ ਤੋਂ ਦੇਖ ਰਿਹਾ ਸਾਂ ਗੁੰਮਸੁਮ ਹੋਇਆ ਚਿਹਰਾ ਓਹ ਚੁੱਪ ਚਾਪ ਸੀ ਬੈਠੀ ਰਹਿੰਦੀ ਪਾਰਕ ਵਿਚਲੇ ਬੈਂਚ ਦੇ ਉੱਤੇ ਅੱਖੀਂ ਕੁਝ ਸਵਾਲ ਜੇ ਫੜ ਕੇ...? ਮੈਨੂੰ ਜਾਪਿਆ ਤਰਸ ਰਹੀ ਏ ਓਹ ਕਰਨ ਲਈ ਗੱਲਾਂ ਅਣਭੋਲ ਮੈਂ ਵੀ ਓਹਦੇ ਕੋਲ ਜਾ ਬੈਠਾ ਓਹਨੇ ਨਜ਼ਰ ਘੁੰਮਾ ਕੇ ਤੱਕਿਆ ਮੈਂ ਪੁੱਛਿਆ ਦੱਸ ਨਾਂ ਕੀ ਤੇਰਾ...? ਮੇਰੀ ਤਲੀ ਦੇ ਉੱਤੇ ਓਹਨੇ ਉਂਗਲ ਦੇ ਨਾਲ ਅੱਖ਼ਰ ਉੱਕਰੇ ਪਰ, ਬੁੱਲ੍ਹਾਂ ਥੀਂ ਕੁਝ ਨਈਂ ਬੋਲੀ... ਲਗਦਾ ਕੋਈ ਰਿਸ਼ਤਾ ਤਿੜਕ ਕੇ ਛੱਡ ਗਿਆ ਏ ਛਾਪ ਦਿਮਾਗ਼ ’ਚ ਪਿਓ ਦੀ ਲਾਡਲੀ ਤੇ ਮਾਂ ਦੀ ਜਾਈ ਸਮਝਣਾ ਚਾਹੁੰਦੀ ਰਿਸ਼ਤਿਆਂ ਨੂੰ...! ਪਰ, ਹਾਲੇ ਹੈ ਉਮਰ ਬਾਲੜੀ ਮੈਂ ਓਹਨੂੰ ਇੱਕ ਬਾਤ ਸੁਣਾਈ ਪਰੀ ਦੇਸ ਦੀ ਸ਼ਹਿਜ਼ਾਦੀ ਦੀ... ਕੁਝ ਚਿਰ ਮੇਰੀ ਬਾਤ ਨੂੰ ਸੁਣ ਕੇ ਚੱਲਦੀ ਬਾਤ ਨੂੰ ਰੋਕ ਕੇ ਪੁੱਛਿਆ- ‘‘ਹੁਣ ਕਿੱਥੇ ਹੈ, ਓਹ ਸ਼ਹਿਜ਼ਾਦੀ’’ ਮੇਰੇ ਮੂੰਹੋਂ ਇਕਦਮ ਨਿਕਲਿਆ- ‘‘ਤੂੰ ਏਂ ਨਿੱਕੀਏ ਓਹ ਸ਼ਹਿਜ਼ਾਦੀ’’ ਓਹ ਅਚਾਨਕ ਖਿੜ-ਖਿੜ ਹੱਸੀ ਪੱਬਾਂ ਭਾਰ ਓਹ ਘਾਹ ’ਤੇ ਨੱਚੀ ਸਾਹਮਣੇ ਓਹਦੀ ਮਾਂ ਖੜ੍ਹੀ ਸੀ ਅੱਖੀਆਂ ਵਿੱਚ ਸੀ ਖ਼ੁਸ਼ੀ ਦੇ ਹੰਝੂ...।

4. ਜ਼ਿੰਦਗੀ : ਇੱਕ ਕਿਤਾਬ

ਜ਼ਿੰਦਗੀ ਕਿਤਾਬ ਬਣ ਪੰਨਾ ਹੈ ਪੜ੍ਹਾ ਗਈ ਬੜਾ ਕੁਝ ਰਾਹੇ ਜਾਂਦੇ ਮੈਨੂੰ ਹੈ ਸਿਖਾ ਗਈ ਦੱਸ ਗਈ ਕਿੰਝ ਗੱਲ ਫੁੱਲਾਂ ਨਾਲ ਕਰੀ ਦੀ ਕਿਸੇ ਲਈ ਜਾਨ ਕਿਵੇਂ ਤਲੀ ਉੱਤੇ ਧਰੀ ਦੀ ’ਕੱਲੇ-ਕਾਰੇ ਬੈਠ ਕਿੱਦਾਂ ਹਵਾ ਨੂੰ ਹੈ ਮਾਣੀਂ ਦਾ ਇਹ ਦੁਨੀਆਂ ਹੈ ਮੇਲਾ ਜਿੰਦ ਬੁਲਬੁਲਾ ਪਾਣੀ ਦਾ ਆਤਿਸ਼ ਦੀ ਆਬ ਵਿੱਚ ਹੁੰਦਾ ਡਾਢਾ ਸੇਕ ਏ ਜੋ ਮੇਟਿਆਂ ਨਾ ਮਿਟਦੇ ਓਹਨੂੰ ਕਹਿੰਦੇ ਲੇਖ ਏ ਦੰਭੀ ਬਣ ਕਦੇ ਨਹੀਂ ਵਿਸ਼ਵਾਸ ਤੋੜੀ ਦਾ ਪਾਣੀ ਅਨਮੋਲ ਹੁੰਦਾ ਐਵੇਂ ਨਹੀਂ ਰੋੜ੍ਹੀ ਦਾ ਰੁੱਖ ਜਦ ਤੱਕ ਜਿਉਂਦੇ ਤਦ ਤੱਕ ਸਾਹ ਨੇ ਮੁਸ਼ਕਿਲਾਂ ਵਿੱਚੋਂ ਬੀਬਾ ਨਿਕਲਦੇ ਰਾਹ ਨੇ ਨੀਂਦ ’ਚੋਂ ਜਗਾਉਣ ਲਈ ਕੁੰਡੀ ਖੜਕਾ ਗਈ ਸੋਚਾਂ ਦੀ ਪਤੰਗ ਵਾਲੀ ਡੋਰ ਨੂੰ ਫੜਾ ਗਈ ਜ਼ਿੰਦਗੀ ਕਿਤਾਬ ਬਣ ਪੰਨਾ ਹੈ ਪੜ੍ਹਾ ਗਈ

5. ਜੀਵਨ ਦੀ ਤੋਰ

ਇਹ ਜਿੰਨਾ ਸੌਖਾ ਲਗਦਾ ਏ ਹੱਥੀਂ ਖ਼ੁਦ ਦਾ ਚਿਹਰਾ ਧੋਣਾ ਓਨਾ ਹੀ ਮੁਸ਼ਕਿਲ ਹੁੰਦਾ ਏ ਖ਼ੁਦ ’ਚੋਂ ਖ਼ੁਦ ਹੀ ਮਨਫ਼ੀ ਹੋਣਾ। ਰੁੱਸਣ ਨੂੰ ਤਾਂ ਜੱਗ ਰੁੱਸ ਜਾਂਦਾ ਸ਼ਿਕਵਿਆਂ ਦੇ ਖੰਜਰ ਨੂੰ ਫੜ ਕੇ ਸੱਚ ਨੂੰ ਲੋੜ ਨਹੀਂ ਪਰਦੇ ਦੀ ਝੂਠ ਕਰੂ ਕੀ ਸਾਹਵੇਂ ਅੜ ਕੇ। ਫੁੱਲ ਹਰੇਕ ਹੀ ਖ਼ੁਸ਼ ਹੋ ਸੁੰਘਦਾ ਕੌਣ ਕੰਡਿਆਂ ਦਾ ਦਰਦ ਪਛਾਣੇ ਉਹ ਤਾਂ ਫੁੱਲ ਦੀ ਰਾਖੀ ਕਰਦੇ ਫੇਰ ਵੀ ਸਭ ਲਈ ਉਹ ਨਿਤਾਣੇ। ਇੱਕ ਕ੍ਰਿਸ਼ਮਾ ਅੱਖ ਪਈ ਲੋਚੇ ਥਲ ਨੂੰ ਸਾਗਰ ਗਲ ਨਾਲ ਲਾਏ ਵਣ ਤ੍ਰਿਣ ਮੌਲੇ ਪੌਣ ਰੁਮਕਦੀ ਬੱਸ ਇੱਕ ਵਾਰ ਤੂੰ ਦਿਸ ਪਾ ਵਾਏ। ਸੂਰਜ ਵੱਡਾ ਜਾਂ ਚੰਨ ਹੈ ਛੋਟਾ ਇਹ ਵੀ ਦੱਸਣ ਦੀ ਲੋੜ ਹੈ ਕੀ ਅੱਖ ਦੀ ਪੁਤਲੀ ਸਭ ਪਛਾਣੇ ਕਿਰਨ, ਰਿਸ਼ਮ ਦੀ ਤੋਰ ਹੈ ਕੀ।

6. ਅਜੋਕਾ ਮਨੁੱਖ

ਉਂਝ ਤਾਂ ਹਰ ਸ਼ਖ਼ਸ ਜੀਅ ਰਿਹਾ ਏ ਚੈਨ ਦੀ ਜ਼ਿੰਦਗੀ ਉੱਪਰੋਂ ਦਿਖਾਉਣ ਲਈ ਕਿ ਸਭ ਕੁਝ ਹੈ ਠੀਕ ਪਰ, ਆਪਣੇ ਧੁਰ ਅੰਦਰ ਲੁਕਾਈਂ ਬੈਠਾ ਏ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਦਬੀ ਹੋਈ ਰੇਤ ਦੀ ਖ਼ਾਮੋਸ਼ ਜਹੀ ਬੇਚੈਨੀ ਇਉਂ ਜਾਪਦਾ ਜਿਵੇਂ ਪਲਾਂ ਛਿਣਾਂ ’ਚ ਫਟ ਜਾਣਗੀਆਂ ਦਿਮਾਗ਼ ਦੀਆਂ ਨਸਾਂ ਤੇ ਓਹ ਸਦਾ ਲਈ ਹੀ ਚਿੰਤਾਵਾਂ, ਗੁਰਬਤਾਂ, ਤੋਹਮਤਾਂ ਦੀ ਖ਼ਲਜਗਣ ਤੋਂ ਹੋ ਜਾਏਗਾ ਸੁਰਖ਼ਰੂ ਸ਼ਾਇਦ, ਇਹੋ ਹੀ ਸੀ ਉਸ ਦੀ ਹੋਂਦ ਦਾ ਅੰਤ...

7. ਮਾਨਵ ਬਣਿਆ ਦਾਨਵ

ਕਿਤੇ ਅਗਜ਼ਨੀ ਦੇਖੋ ਹੋ ਰਹੀ ਕਿਤੇ ਬਰਸਾਤ ਪੱਥਰਾਂ ਦੀ ਇੱਕ ਹੱਥ ਵਿੱਚ ਤਲਵਾਰ ਹੈ ਦੂਜੇ ਹੱਥ ਵਿੱਚ ਤ੍ਰਿਸ਼ੂਲ ਹੈ ਕੀ ਸਿਖਾਇਆ ਦੀਨ ਨੇ ਐਪਰ, ਕੋਈ ਨਾ ਸਮਝਿਆ ਜੋ ਮੁੱਦਤਾਂ ਤੋਂ ਭਾਈਚਾਰਾ ਸੀ ਹੁਣ, ਅੱਖੀਂ ਦੇਖੋ ਰੜਕਦਾ ਅੱਜ ਪਾਣੀ ਦੀ ਥਾਂ ਖ਼ੂਨ ਕਿਉਂ? ਇਨਸਾਨ ਪੀਣਾ ਚਾਹ ਰਿਹਾ ਇੱਜ਼ਤਾਂ ਨੇ ਖੇਰੂੰ ਹੋ ਰਹੀਆਂ ਅੌਰਤ ਨਿਰੀ ਵਸਤੂ ਬਣੀ ਇਨਸਾਨ ਦੇ ਹੱਥੋਂ ਹੀ ਨਿੱਤ ਜੀਵਨ ਦੀ ਬਲੀ ਹੈ ਚੜ੍ਹ ਰਹੀ ਮਾਨਵ ਵੀ ਦਾਨਵ ਬਣ ਗਿਆ ਸ਼ੈਤਾਨ, ਬੈਠਾ ਹੱਸ ਰਿਹਾ ਪ੍ਰਮਾਤਮਾ ਖ਼ਾਮੋਸ਼ ਹੈ ਪਰ, ਖੇਡ ਤਾਂ ਹੈ ਚੱਲ ਰਹੀ ਮਾਨਵ ਦਾ ਇਹ ਗਰੂਰ ਹੀ ਕੁਦਰਤ ਦਾ ਨਾਸ਼ ਹੈ ਕਰ ਰਿਹਾ

8. ਹਕੀਕਤ...

ਜੇ ਤੂੰ ਬੁਲਬੁਲ ਚਮਨ ਦੀ ਤਾਂ ਮੈਂ ਗੁਲਮੋਹਰ ਅਦਾਵਾਂ ਦਾ ਜੇ ਹੋਂਟ ਤੇਰੇ ਸ਼ਹਿਦ ਦੀ ਸੁਰਖ਼ੀ ਤਾਂ ਮੈਂ ਸੱਜਰਾ ਫੁੱਲ ਫ਼ਿਜ਼ਾਵਾਂ ਦਾ ਜੇ ਚਾਲ ਤੇਰੀ ਮਤਵਾਲੀ ਹਿਰਨੀ ਤਾਂ ਮੈਂ ਰੁਮਕਦਾ ਬੁੱਲਾ ਹਵਾਵਾਂ ਦਾ ਜੇ ਤੂੰ ਮਤਾਬੀ ਸਰਵਰ ਦੀ ਤਾਂ ਮੈਂ ਸਾਗਰ ਸ਼ਾਂਤ ਵਫ਼ਾਵਾਂ ਦਾ ਜੇ ਤੂੰ ਪਗਡੰਡੀ ਸਫ਼ਰ ਕਿਸੇ ਦੀ ਤਾਂ ਮੈਂ ਰੇਤ ਪੈਰ ਦੀਆਂ ਰਾਹਵਾਂ ਦਾ ਜੇ ਤੂੰ ਖ਼ਾਬ ਮੇਰੇ ਦੀ ਮੂਰਤ ਤਾਂ ਮੈਂ ਵਾਅਦਾ ਸੱਚ ਜਫ਼ਾਵਾਂ ਦਾ ਜੇ ਤੂੰ ਮੋਨਾਲੀਜ਼ਾ ਦੇ ਵਰਗੀ ਤਾਂ ਮੈਂ ਸਿੱਖਿਆ ਹੁਨਰ ਕਲਾਵਾਂ ਦਾ ਜੇ ਤੂੰ ਮੋਮਬੱਤੀ ਦੀ ਕਾਇਆ ਤਾਂ ਮੈਂ ਸੂਰਜ ਸਿਫ਼ਤ ਸਲ੍ਹਾਵਾਂ ਦਾ ਜੇ ਤੂੰ ਚੰਦਨ ਦੀ ਮਹਿਕ ਜਹੀ ਏਂ ਤਾਂ ਮੈਂ ਸਰੂ ਦਾ ਰੁੱਖ ਇੱਛਾਵਾਂ ਦਾ

9. ਬਾਬਾ ਨਾਨਕਾ ਤੇਰਾ ਲਾਲੋ ਉਦਾਸ...

ਚੁੱਲ੍ਹਾ ਤਪਦਾ ਮਸੀਂ ਏਂ ਓਹੋ ਕਿੰਜ ਕਰੇ ਪੁੰਨ ਦੇਖ ਕਿਰਤੀ ਦੇ ਵਿਹੜੇ ਵਿੱਚ ਪਸਰੀ ਏ ਸੁੰਨ ਤੂੰ ਲੇਖੀਂ ਕੋਈ ਲਿਖ ਦੇ ਬਹਾਰ ਵਾਲੀ ਰੁੱਤ ਮਲਕ ਭਾਗੋਆਂ ਨੇ ਹਰ ਥਾਂ ਮਚਾਈ ਏ ਲੁੱਟ ਦੁਖ ਕਿਸ ਨੂੰ ਸੁਣਾਏ ਓਹਦਾ ਪ੍ਰੇਸ਼ਾਨ ਚਿਹਰਾ ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ ਨਾ ਮਿਲੇ ਪੂਰੀ ਮਜੂਰੀ ਨਾ ਹੀ ਮੁੱਕਦੇ ਝਮੇਲੇ ਚਿੰਤਾ ਮਨ ਨੂੰ ਸਤਾਉਂਦੀ ਏ ਸਰਘੀ ਦੇ ਵੇਲੇ ਵੇਲ ਲੋਭਾਂ ਦੀ ਚਮਨ ’ਚ ਫੈਲੀ ਲੰਮੀ ਚੌੜੀ ਕਿੰਜ ਖ਼ਾਬਾਂ ਨੂੰ ਲਾਏ ਓਹੋ ਆਸਾਂ ਵਾਲੀ ਪੌੜੀ ਦੇਖ ਮੁੜ ਜੱਗ ਵਿੱਚ ਫੈਲ ਗਿਆ ਘੋਰ ਹਨੇਰਾ ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ ਰਾਜ ਜੰਗਲ ਦਾ ਚੱਲੇ ਓਹੋ ਬੰਦ ਰੱਖੇ ਤਾਕੀ ਲੀੜੇ ਫਟੇ ਪੁਰਾਣਿਆਂ ਨੂੰ ਪਾਉਂਦਾ ਲਾ ਟਾਕੀ ਹੱਥੀਂ ਪਏ ਛਾਲੇ ਪੈਰੀਂ ਪਾਟੀਆਂ ਬਿਆਈਆਂ ਜੁੜੇ ਖੱਦਰ ਨਾ ਲਵੇ ਕਿੱਥੋਂ ਰੇਸ਼ਮੀ ਰਜ਼ਾਈਆਂ ਕਦੋਂ ਜਾਗਣਗੇ ਭਾਗ ਕਦੋਂ ਚੜ੍ਹੇਗਾ ਸਵੇਰਾ ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ ਓਹੋ ਛੱਤਦਾ ਮਕਾਨ ਓਹਦਾ ਕੱਚਾ ਏ ਬਨੇਰਾ ਹੁਣ ਦੁੱਧ ਮੁੱਲ ਲਏ ਓਹਦਾ ਵਿਕਿਆ ਲਵੇਰਾ ਤੇਰੇ ਉੱਤਮ ਦੀ ਬਾਬਾ ਤੇਰੇ ਅੱਗੇ ਅਰਜੋਈ ਦਾਊਂਵਾਲਾ ਚਾਹੁੰਦਾ ਓਹਨੂੰ ਮਿਲ ਜਾਏ ਢੋਈ ਬਾਂਹ ਫੜ ਸੱਚੇ ਸਾਈਂ ਦੁਖ ਕੱਟਿਆ ਬਥੇਰਾ ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ

10. ਦਿਲਾ ਮੰਨੀ ਨਾ ਤੂੰ ਹਾਰ

ਓਦਾਂ ਤਾਂ ਚੰਨ ਬੜੀ ਦੂਰ ਓਹਤੇ ਮਰਦੀ ਚਕੋਰ ਰੱਖ ਦਿਲ ’ਚ ਪਿਆਰ ਆਪੇ ਖਿੱਚ ਲਉਗੀ ਡੋਰ ਜਦੋਂ ਇੱਕ ਹੋਣਾ ਫੇਰ ਪੈਲਾਂ ਦਿਲ ਪਾਉਣਗੇ ਦਿਲਾ ਮੰਨੀ ਨਾ ਤੂੰ ਹਾਰ- ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ ਦਿਲਾ ਮੰਨੀ ਨਾ ਤੂੰ ਹਾਰ ਐਵੇਂ ਵਹਿਮ ਨਾ ਕਰੀਂ ਜੇ ਖੱਬੀ ਅੱਖ ਫਰਕੇ ਕਦੇ ਵੀ ਸਰਦਾ ਨਈਂ ਹੱਥ ਉੱਤੇ ਹੱਥ ਧਰ ਕੇ ਹੌਸਲੇ ਹੀ ਦੀਵੇ ਰਾਹਾਂ ’ਚ ਜਗਾਉਣਗੇ ਦਿਲਾ ਮੰਨੀ ਨਾ ਤੂੰ ਹਾਰ- ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ ਦਿਲਾ ਮੰਨੀ ਨਾ ਤੂੰ ਹਾਰ ਗੱਲ ਤੂੰ ਕੋਈ ਛੋਟੀ ਵੱਡੀ ਦਿਲ ਤੇ ਨਾ ਲਾਈਂ ਰੰਗ ਦੁਨੀਆਂ ਦੇ ਦੇਖ ਜਿੰਦ ਚੱਕਰੀਂ ਨਾ ਪਾਈਂ ਤਾਰੇ ਅੰਬਰ ਦੇ ਵੀ ਪਲਕਾਂ ਵਿਛਾਉਣਗੇ ਦਿਲਾ ਮੰਨੀ ਨਾ ਤੂੰ ਹਾਰ- ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ ਦਿਲਾ ਮੰਨੀ ਨਾ ਤੂੰ ਹਾਰ ਹੁੰਦਾ ਲੋਹੇ ਦਾ ਸੁਭਾਅ ਸੱਟ ਸੀਨੇ ਉੱਤੇ ਸਹਿਣਾ ਸਦਾ ਕੱਚ ਸਾਹਵੇਂ ਹੀਰੇ ਨੇ ਤਾਂ ਹੀਰਾ ਹੀ ਹੈ ਰਹਿਣਾ ਤਿੱਖੇ ਨੈਣਾਂ ਵਾਲੇ ਆਪੇ ਨਜ਼ਰਾਂ ਝੁਕਾਉਣਗੇ ਦਿਲਾ ਮੰਨੀ ਨਾ ਤੂੰ ਹਾਰ- ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ ਦਿਲਾ ਮੰਨੀ ਨਾ ਤੂੰ ਹਾਰ ਇਹ ਤੇਰੇ ਉੱਤਮ ਹਵਾ ’ਚ ਜਦ ਬੋਲ ਕਿਰਨੇ ਬਈ ਫੇਰ ਦਾਊਂਵਾਲੇ ਸੂਹੇ ਸੋਹਣੇ ਫੁੱਲ ਖਿੜਨੇ ਉੱਡਦੇ ਪਰਿੰਦੇ ਦੇਖੀਂ ਗੀਤ ਗਾਉਣਗੇ ਦਿਲਾ ਮੰਨੀ ਨਾ ਤੂੰ ਹਾਰ- ਰੱਖ ਥੋੜ੍ਹਾ ਧਰਵਾਸ ਚੰਗੇ ਦਿਨ ਆਉਣਗੇ ਦਿਲਾ ਮੰਨੀ ਨਾ ਤੂੰ ਹਾਰ (ਮੁਹੱਬਤ ਦੀ ਜਲਧਾਰਾ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਉੱਤਮਵੀਰ ਸਿੰਘ ਦਾਊਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ