ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ ਜੀ ਨੂੰ ਯਾਦ ਕਰਦਿਆਂ : ਗੁਰਭਜਨ ਗਿੱਲ
5 ਅਪ੍ਰੈਲ 2026 ਨੂੰ ਡਾ. ਲਖਵਿੰਦਰ ਸਿੰਘ ਜੌਹਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਬੰਧਕੀ ਬੋਰਡ ਮੀਟਿੰਗ ਵਿੱਚ ਮਿਲੇ।
ਦੱਸਣ ਲੱਗੇ ਕਿ ਉਹ ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ ਜੀ ਦੇ ਜਨਮ ਸ਼ਤਾਬਦੀ ਸਾਲ 2026 ਨੂੰ ਸਮਰਪਿਤ ਆਪਣੇ ਸੰਪਾਦਨ ਅਧੀਨ ਛਪਦੇ ਸਾਹਿੱਤ- ਆਲੋਚਨਾ ਪੱਤਰ “ਕਾਵਿ ਲੋਕ”ਦਾ ਵਿਸ਼ੇਸ਼ ਸੁਰਜੀਤ ਰਾਮਪੁਰੀ ਅੰਕ 12 ਜੂਨ 2026 ਨੂੰ ਲੋਕ ਅਰਪਨ ਕਰ ਰਹੇ ਹਨ।
ਮੈਨੂੰ ਬਹੁਤ ਚੰਗਾ ਲੱਗਾ। ਮੇਰੇ ਹਮ ਉਮਰ ਬਹੁਤ ਲੋਕ ਉਨ੍ਹਾਂ ਦੇ ਕਲਾਮ ਤੋਂ ਸੇਧ ਲੈ ਕੇ ਤੁਰੇ ਸਨ।
ਮੈਨੂੰ ਯਾਦ ਆਇਆ ਕਿ ਕਿਵੇਂ ਸੁਰਜੀਤ ਰਾਮਪੁਰੀ ਨੇ ਰਾਮਪੁਰ ਨੂੰ 1953 ਵਿੱਚ ਸਾਹਿੱਤ ਦੀ ਪੇਂਡੂ ਰਾਜਧਾਨੀ ਬਣਾਉਣ ਵਿੱਚ ਵੱਡਾ ਹਿੱਸਾ ਪਾਇਆ। ਉਨ੍ਹਾਂ ਦੇ ਸੰਗ ਸਾਥ ਗੁਰਚਰਨ ਰਾਮਪੁਰੀ, ਮੱਲ ਸਿੰਘ ਰਾਮਪੁਰੀ, ਮਹਿੰਦਰ ਰਾਮਪੁਰੀ, ਹਰਚਰਨ ਮਾਂਗਟ,, ਜੀਵਨ ਸਿੰਘ ਰਾਮਪੁਰੀ,ਸੁਖਮਿੰਦਰ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਸੁਰਿੰਦਰ ਰਾਮਪੁਰੀ ਤੋਂ ਇਲਾਵਾ ਨੇੜਲੇ ਪਿੰਡਾਂ ਨੀਲੋਂ ਦੇ ਕੁਲਵੰਤ ਨੀਲੋਂ,ਬੇਗੋਵਾਲ ਦੇ ਹਰਭਜਨ ਸਿੰਘ ਮਾਂਗਟ , ਮਹਿੰਦਰ ਸਿੰਘ ਕੈਦੀ ,ਅਜਾਇਬ ਸਿੰਘ ਗਰੇਵਾਲ, ਤੇਲੂ ਰਾਮ ਕੋਹਾੜਾ, ਸੁਰਜੀਤ ਖੁਰਸ਼ੀਦੀ, ਪ੍ਰੋ. ਗੁਰਮੇਲ ਸਿੰਘ ਭੰਡਾਲ,ਰਘਬੀਰ ਸਿੰਘ ਭਰਤ, ਸਰਬੰਸ, ਤੇ ਕਿੰਨੇ ਹੋਰ ਲੇਖਕ ਸੁਰਜੀਤ ਰਾਮਪੁਰੀ ਦੇ ਸਾਥੀ ਬਣੇ।
ਮੈਨੂੰ ਯਾਦ ਹੈ ਕਿ ਕਿਵੇਂ ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ,ਅਜਾਇਬ ਚਿੱਤਰਕਾਰ, ਡਾ. ਰਣਧੀਰ ਸਿੰਘ ਚੰਦ,ਸੱਜਣ ਗਰੇਵਾਲ, ਰਾਜ ਦੁਲਾਰ,ਤੇ ਇੰਦਰਜੀਤ ਹਸਨਪੁਰੀ ਇੱਕ ਦੂਸਰੇ ਨਾਲ ਘੁਲ਼ ਮਿਲ ਕੇ ਵਿਚਰਦੇ ਸਨ। ਪਰ ਹੁਣ ਉਹ ਮੌਸਮ ਨਹੀਂ ਰਹੇ। ਪਤਾ ਨਹੀਂ ਲੱਗਦਾ ਕਿ ਮਨੁੱਖੀ ਵਿਹਾਰ ਵਿੱਚ ਗਿਣਤੀ ਮਿਣਤੀ ਕਦੋਂ ਆ ਵੜੀ?
1975 ਵਿੱਚ ਕੈਨੇਡਾ ਤੋਂ ਗੁਰਚਰਨ ਰਾਮਪੁਰੀ ਬੜੇ ਸਾਲਾਂ ਬਾਅਦ ਵਤਨ ਆਇਆ। ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਵਿੱਚ ਉਸ ਬਹੁਤ ਤਸਵੀਰਾਂ ਖਿੱਚੀਆਂ। ਇੱਕ ਗਰੁੱਪ ਫੋਟੋ ਤਾਂ ਮੇਰੇ ਕੋਲ ਵੀ ਪਈ ਹੈ ਕਿਤੇ ਜਿਸ ਵਿੱਚ ਬਹੁਤ ਵੱਡੇ ਵੱਡੇ ਲਿਖਾਰੀ ਨੇ। ਸੰਤੋਖ ਸਿੰਘ ਧੀਰ, ਡਾ. ਕੇਸਰ ਸਿੰਘ ਕੇਸਰ, ਮੌਹਨ ਭੰਡਾਰੀ, ਅਜਾਇਬ ਚਿੱਤਰਕਾਰ ਵਰਗੇ।
1976 ਵਿੱਚ ਮੈਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਵਿੱਚ ਲੈਕਚਰਰ ਲੱਗਾ ਤਾਂ ਉੱਥੇ ਕਵੀ ਦਰਬਾਰ ਵਿੱਚ ਸੁਰਜੀਤ ਰਾਮਪੁਰੀ ਜੀ ਨੂੰ ਵੀ ਬੁਲਾਇਆ। ਅਗਲੇ ਸਾਲ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉ ਪੜ੍ਹਾਉਣ ਲੱਗਾ ਤਾਂ ਉੱਥੇ ਵੀ ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਸੁਰਜੀਤ ਪਾਤਰ, ਤਖ਼ਤ ਸਿੰਘ,ਸੰਤ ਰਾਮ ਉਦਾਸੀ, ਪਾਸ਼, ਸ਼ਮਸ਼ੇਰ ਸਿੰਘ ਸੰਧੂ,ਵਰਿਆਮ ਸੰਧੂ ਤੇ ਸੰਤ ਰਾਮ ਉਦਾਸੀ ਦੇ ਨਾਲ ਸੁਰਜੀਤ ਰਾਮਪੁਰੀ ਨੂੰ ਵੀ ਬੁਲਾਇਆ।
ਮੈਨੂੰ ਯਾਦ ਆਇਆ। ਰਾਮਗੜੀਆ ਗਰਲਜ਼ ਕਾਲਿਜ ਵਿੱਚ ਵੀ ਸੁਰਜੀਤ ਰਾਮਪੁਰੀ ਆਉਂਦੇ ਰਹੇ। ਇੱਕ ਵਾਰ ਕਰਨਲ ਨਰਿੰਦਰਪਾਲ ਸਿੰਘ ਜੀ ਨੂੰ ਰਾਮਗੜੀਆ ਗਰਲਜ਼ ਕਾਲਿਜ ਵਿੱਚ ਬੁਲਾਇਆ ਤਾਂ ਸੁਰਜੀਤ ਰਾਮਪੁਰੀ ਉਚੇਚਾ ਮਿਲਣ ਆਏ। ਸਾਡੀ ਉਸ ਸਮਾਗਮ ਦੀ ਤਸਵੀਰ ਵੀ ਪਈ ਹੈ ਕਿਤੇ। ਤਸਵੀਰ ਵਿੱਚ ਸੋਹਣ ਸਿੰਘ ਸੀਤਲ ਤੇ ਨਰਿੰਜਨ ਤਸਨੀਮ ਵੀ ਹਨ।
ਸੁਰਜੀਤ ਰਾਮਪੁਰੀ ਜੀ ਦਾ ਪੁਰਦਮਨ ਸਿੰਘ ਬੇਦੀ ਕੋਲ ਬਹੁਤ ਆਉਣ ਜਾਣ ਸੀ। “ਮੈਂ ਸਿਰਫ਼ ਆਵਾਜ਼ ਹਾਂ” ਬੇਦੀ ਨੇ ਹੀ ਛਾਪੀ ਸੀ।
ਉਨਾਂ ਦੇ ਨਾਭਾ ਨਿਵਾਸ ਦੌਰਾਨ ਰਣਧੀਰ ਸਿੰਘ ਚੰਦ ਨਾਲ ਜਾ ਕੇ ਇੱਕ ਰਾਤ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਨੇ ਰਾਮਪੁਰੀ ਜੀ ਦੇ ਘਰ ਕੱਟੀ ਸੀ। ਉਸੇ ਫੇਰੀ ਦੌਰਾਨ ਹੀ ਅਸੀਂ ਪਹਿਲੀ ਵਾਰ ਆਜ਼ਾਦ ਗੁਲਾਟੀ, ਤਰਲੋਕ ਸਿੰਘ ਆਨੰਦ,ਕੰਵਰ ਚੌਹਾਨ ਤੇ ਗੁਰਦੇਵ ਨਿਰਧਨ ਜੀ ਨੂੰ ਮਿਲੇ ਸਾਂ।
ਸੁਰਜੀਤ ਰਾਮਪੁਰੀ ਜੀ ਦਾ ਜਨਮ 12 ਜੂਨ 1926 ਨੂੰ ਹੋਇਆ ਤੇ 3 ਮਾਰਚ 1990 ਨੂੰ ਉਹ ਸਦੀਵੀ ਅਲਵਿਦਾ ਕਹਿ ਗਏ।
ਸੁਰਜੀਤ ਰਾਮਪੁਰੀ ਜੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ ਪਰ ਬਚਪਨ ਦਾ ਬਹੁਤਾ ਸਮਾਂ ਉਨ੍ਹਾਂ ਕਲਕੱਤਾ ਵਿੱਚ ਗੁਜ਼ਾਰਿਆ ਜਿੱਥੇ ਉਨ੍ਹਾਂ ਦੇ ਪਿਤਾ ਜੀ ਟਰਾਂਸਪੋਰਟਰ ਸਨ।
ਉਹ ਕਿੱਤੇ ਵਜੋਂ ਅਧਿਆਪਕ ਸਨ ਅਤੇ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ 1984 ਵਿੱਚ ਸੇਵਾ ਮੁਕਤ ਹੋਏ।
ਸੁਰਜੀਤ ਰਾਮਪੁਰੀ ਦੀਆਂ ਕਾਵਿ ਰਚਨਾਵਾਂ ਵਿੱਚ ਗੀਤਾਂ ਭਰੀ ਸਵੇਰ, ਠਰੀ ਚਾਨਣੀ, ਇੱਛਾ ਦਾ ਜਨਮ, ਦਰਦ ਕਹਾਣੀ ਰਾਤਾਂ ਦੀ, ਬੁੱਢਾ ਦਰਿਆ, ਮੈਂ ਸਿਰਫ਼ ਆਵਾਜ਼ ਹਾਂ, ਪਿਛਲਾ ਪਹਿਰ, ਵਿਸਮਾਦ, ਸੁਪਨਿਆਂ ਦੇ ਪਰਛਾਵੇਂ, ਗਾਉਂਦੀ ਹੈ ਤਨਹਾਈ, ਪੀੜਾਂ ਦੀ ਖ਼ੁਸ਼ਬੋ ਆਦਿ ਸ਼ਾਮਿਲ ਹਨ । ਉਨ੍ਹਾਂ ਦਾ ਗ਼ਜ਼ਲ ਸੰਗ੍ਰਹਿ ਸੁਪਨਿਆ ਦੇ ਪਰਛਾਵੇਂ ਨੂੰ ਸ. ਗੁਰਸ਼ਰਨ ਸਿੰਘ ਨਾਟਕਕਾਰ ਨੇ ਛਾਪਿਆ। ਉਨ੍ਹਾਂ ਦੀ ਮੌਤ ਮਗਰੋਂ ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਦੇ ਚੋਣਵੇਂ ਗੀਤ ਛਾਪੇ।
ਬਹੁਤ ਚਿਰ ਪਹਿਲਾਂ ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਜੀ ਨੇ ਸੁਰਜੀਤ ਰਾਮਪੁਰੀ ਜੀ ਦਾ ਗੀਤ” ਮੈਂ ਦਰਦ ਕਹਾਣੀ ਰਾਤਾਂ ਦੀ” ਆਕਾਸ਼ਵਾਣੀ ਜਲੰਧਰ ਲਈ ਰੀਕਾਰਡ ਕਰਵਾਇਆ। ਉਨ੍ਹਾਂ ਦੇ ਕੁਝ ਗੀਤ ਤੇ ਗ਼ਜ਼ਲਾਂ ਇਕਬਾਲ ਮਾਹਲ ਨੇ ਜਗਜੀਤ ਸਿੰਘ ਜ਼ੀਰਵੀ ਕੇ ਡੌਲੀ ਗੁਲੇਰੀਆ ਦੀ ਆਵਾਜ਼ ਵਿੱਚ ਰੀਕਾਰਡ ਕਰਕੇ ਆਡਿਉ ਕੈਸਿਟ ਦੇ ਰੂਪ ਵਿੱਚ ਰਿਲੀਜ਼ ਕੀਤੇ। ਇਸ ਦਾ ਸੰਗੀਤ ਜੈਦੇਵ ਨੇ ਦਿੱਤਾ ਸੀ। ਇਸ ਵਿੱਚ ਇੱਕ ਗ਼ਜ਼ਲ ਰਾਮਪੁਰ ਪਿੰਡ ਬਾਰੇ ਵੀ ਹੈ ਜਿਸ ਵਿੱਚ ਉਹ ਪਿੰਡ ਦੇ ਪਾਣੀ ਦੇ ਹਵਾਲੇ ਨਾਲ ਗੱਲ ਕਰਦਾ ਹੈ।
ਘੁੰਗਟ ਵਰਗੀਆਂ ਛਾਵਾਂ ਮੇਰੇ ਪਿੰਡ ਦੀਆਂ।
ਝੂਮਣ ਮਸਤ ਹਵਾਵਾਂ ਮੇਰੇ ਪਿੰਡ ਦੀਆਂ।
ਕੱਚੀਆਂ ਕੰਧਾਂ, ਪੱਕੀਆਂ ਪ੍ਰੀਤਾਂ ਦੀ ਬਸਤੀ,
ਕਿੰਜ ਗਲ਼ੀਆਂ ਛੱਡ ਜਾਵਾਂ ਮੇਰੇ ਪਿੰਡ ਦੀਆਂ।
ਪੂਰਨ ਵਰਗੇ ਪੁੱਤਰਾਂ ਦੀ ਸੁੱਖ ਮੰਗਦੀਆਂ,
ਇੱਛਰਾਂ ਵਰਗੀਆਂ ਮਾਵਾਂ ਮੇਰੇ ਪਿੰਡ ਦੀਆਂ।
ਹੁਸਨਾਂ ਦੇ ਹਾਸੇ ਤੇ ਪ੍ਰੀਤਾਂ ਦੇ ਨਗ਼ਮੇ,
ਦੋਹਰੀਆਂ ਵਗਣ ਝਨਾਵਾਂ ਮੇਰੇ ਪਿੰਡ ਦੀਆਂ।
ਰੇਸ਼ਮ ਰੇਸ਼ਮ ਪਿੰਡਾ ਕਾਲ਼ੀਆਂ ਰਾਤਾਂ ਦਾ,
ਗੋਰੀਆਂ ਗੋਰੀਆਂ ਬਾਹਵਾਂ ਮੇਰੇ ਪਿੰਡ ਦੀਆਂ।
ਜਿਹੜਾ ਪਾਣੀ ਪੀਂਦਾ, ਸ਼ਾਇਰ ਹੋ ਜਾਂਦਾ,
ਏਨੀਆ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ।
ਸੁਰਜੀਤ ਰਾਮਪੁਰੀ ਨੂੰ ਯਾਦ ਕਰਦਿਆਂ ਪੰਜਾਬੀ ਲੋਕ ਗਾਇਕ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਅਕਸਰ ਇਹ ਗੱਲ ਸੂਣਾਉਂਦੇ ਹਨ। ਉਨਾਂ ਦਾ ਜੱਦੀ ਪਿੰਡ ਵੀ ਰਾਮਪੁਰ ਹੀ ਹੈ। ਉਨ੍ਹਾਂ ਦੇ ਪੁਰਖੇ ਤੇ ਸੰਗੀਤ ਦੇ ਪਰਮ ਗਿਆਤਾ ਜਨਾਬ ਊਧੋ ਖ਼ਾਨ ਸਾਹਿਬ ਨਾਮਧਾਰੀ ਸਮਾਜ ਦੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੀ ਸੰਗੀਤ ਉਸਤਾਦ ਸਨ।
ਦੇਸ਼ ਵੰਡ ਵੇਲੇ ਜਦ ਕਤਲੇਆਮ ਸ਼ੁਰੂ ਹੋਇਆ ਤਾਂ ਦੋਰਾਹਾ ਵਾਲੀ ਸਰਹੰਦ ਨਹਿਰ ਰੱਤੋ ਰੱਤ ਹੋ ਗਈ। ਬੰਦੇ ਗਾਜਰ ਮੂਲ਼ੀਆਂ ਹੇ ਗਏ। ਪੰਜਾਬੀ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਜੀ ਦੇ ਲਿਖਣ ਮੁਤਾਬਕ “ਛਵ੍ਹੀਆਂ ਦੀ ਰੁੱਤ” ਦਾ ਆਲਮ ਸੀ। ਮੁਹੰਮਦ ਸਦੀਕ ਦਾ ਪਰਿਵਾਰ ਇੱਥੋਂ ਜਾਨ ਬਚਾਉਣ ਲਈ ਨਾਨਕੇ ਪਿੰਡ ਕੁੱਪ ਕਲਾਂ(ਮਾਲੇਰਕੋਟਲਾ) ਚਲਾ ਗਿਆ। ਅੱਧਾ ਟੱਬਰ ਰਾਮਪੁਰ ਹੀ ਰਹਿ ਗਿਆ। ਆਉਣ ਜਾਣ ਬਣਿਆ ਰਿਹਾ। 1962 ਵਿੱਚ ਜਦ ਮੁਹੰਮਦ ਸਦੀਕ ਦੀ ਪਹਿਲੀ ਰਿਕਾਰਡਿੰਗ ਐੱਚ ਐੱਮ ਵੀ ਕੰਪਨੀ ਵਿੱਚ ਆਈ ਤਾਂ ਰੀਕਾਰਡ ਤੇ ਗਾਇਕ ਦਾ ਨਾਮ ਮੁਹੰਮਦ ਸਦੀਕ ਰਾਮਪੁਰੀ ਲਿਖਿਆ ਹੋਇਆ ਸੀ। ਗੀਤ ਇੰਦਰਜੀਤ ਹਸਨਪੁਰੀ ਸਾਹਿਬ ਦਾ ਸੀ।
ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ?
ਦੇਸ਼ ਲਈ ਮੈਂ ਜੀਣਾ ਜਾਣਾਂ, ਦੇਸ਼ ਲਈ ਮੈਂ ਮਰਣਾਂ।
ਦੇਸ਼ ਲਈ ਮੈਂ ਹੱਸ ਹੱਸ ਜਾਣਾਂ , ਸੂਲ਼ੀ ਉੱਤੇ ਚੜ੍ਹਨਾ।
ਕਿਹੜਾ ਹੈ ਜੋ ਮੇਰੇ ਵਾਂਗੂੰ ਤਲ਼ੀ ਤੇ ਸੀਸ ਧਰੇ।
ਡੌਲ਼ੇ ਮੇਰੇ ਰੂਪ ਰੱਬ ਦਾ ਕਰ ਦੇਵਣ ਜੋ ਚਾਹਵਾਂ।
ਦਰਿਆਵਾਂ ਨੂੰ ਬੰਨ੍ਹ ਲਾ ਦਿਆਂ ਪਰਬਤ ਚੀਰ ਦਿਖਾਵਾਂ।
ਦੁੱਖ ਮੁਸੀਬਤ ਮੇਰੇ ਕੋਲੋਂ ਰਹਿੰਦੇ ਪਰੇ ਪਰੇ।
ਪਿਆਰ ਦੇ ਬਦਲੇ ਪਿਆਰ ਮੈਂ ਦੇਵਾਂ ਚੀਰ ਕੇ ਪੱਟ ਖੁਆਵਾਂ।
ਪਰ ਜੇ ਕੋਈ ਵੰਗਾਰੇ ਮੈਨੂੰ ਲੋਹੇ ਦੇ ਚਨੇ ਚਬਾਵਾਂ।
ਵੈਰ ਮੇਰੇ ਨਾਲ ਪਾਵੇ ਜੋ ਬਿਨ ਆਈ ਮੌਤ ਮਰੇ।
ਕਰਾਂ ਮਜੂਰੀ ਖਾਵਾਂ ਚੂਰੀ ਦਿਨ ਵੇਖਾਂ ਨਾ ਰਾਤਾਂ।
ਧਰਤੀ ਦੀ ਬੁੱਕਲ਼ ‘ਚੋਂ ਲੱਭਾਂ ਨਵੀਆਂ ਨਿੱਤ ਸੁਗਾਤਾਂ।
ਜਾਵਾਂ ਜੇ ਖੇਤਾਂ ਵਿੱਚ ਤਾਂ ਹੋ ਜਾਂਦੇ ਖੇਤ ਹਰੇ।
ਧੁੰਮਾਂ ਮੇਰੀਆਂ ਪਈਆਂ ਹੋਈਆਂ ਸਾਰੇ ਬੰਨੇ ਚੰਨੇ।
“ਹਸਨਪੁਰੀ” ਸਾਰੀ ਦੁਨੀਆਂ ਹੀ ਸਿੱਕਾ ਮੇਰਾ ਮੰਨੇ।
ਮੇਰੇ ਕੋਲੋਂ ਮੌਤ ਵੀ ਡਰਦੀ ਰਹਿੰਦੀ ਪਰੇ ਪਰੇ।
ਗੀਤ ਬਹੁਤ ਹੀ ਮਕਬੂਲ ਹੈ ਗਿਆ। ਅਕਾਸ਼ਵਾਣੀ ਜਲੰਧਰ ਦੇ ਦੇਹਾਤੀ ਪ੍ਰੋਗਰਾਮ ਵਿੱਚ ਸੁਣਾਇਆ ਜਾਣ ਲੱਗਾ। ਪੇਸ਼ਕਾਰ ਠੰਢੂ ਰਾਮ ਜੀ ਜਦ ਗਾਇਕ ਦਾ ਨਾਮ ਦੱਸਦੇ ਕਿ ਇਸਨੂੰ ਗਾਇਆ ਹੈ ਮੁਹੰਮਦ ਸਦੀਕ ਰਾਮਪੁਰੀ ਨੇ। ਇਲਾਕੇ ਵਿੱਚ ਚਰਚਾ ਛਿੜੀ ਕਿ ਇਹ ਕਿਹੜਾ ਰਾਮਪੁਰੀ ਜੰਮ ਪਿਆ? ਲੋਕ ਸੁਰਜੀਤ ਰਾਮਪੁਰੀ ਤੇ ਗੁਰਚਰਨ ਰਾਮਪੁਰੀ ਨੂੰ ਪੁੱਛਦੇ?
ਮੈਂ ਗੱਭਰੂ ਪੰਜਾਬ ਦਾ, ਮੇਰੀਆਂ ਰੀਸਾਂ ਕੌਣ ਕਰੇ ਦਾ ਗਾਇਕ ਕਿਹੜਾ ਰਾਮਪੁਰੀ ਹੈ? ਹਸਨਪੁਰੀ ਨੇ ਦੱਸਿਆ ਕਿ ਊਧੋ ਖਾਂ ਪਰਿਵਾਰ ਦਾ ਸੁਰੀਲਾ ਫ਼ਰਜ਼ੰਦ ਹੈ।
ਕੁਝ ਅਰਸੇ ਬਾਅਦ ਅਚਾਨਕ ਸੁਰਜੀਤ ਰਾਮਪੁਰੀ ਜੀ ਮੁਹੰਮਦ ਸਦੀਕ ਸਾਹਿਬ ਨੂੰ ਮਿਲੇ ਤਾਂ ਕਹਿਣ ਲੱਗੇ, “ ਬਈ ਸਦੀਕ, ਪਿੰਡ ਦਾ ਬਹੁਤ ਸੋਹਣਾ ਨਾਮ ਕੱਢਿਆ।
ਸਦੀਕ ਸਾਹਿਬ ਬੋਲੇ, ਰਾਮਪੁਰੀ ਸਾਹਿਬ, ਤੁਸੀਂ ਸਾਨੂੰ ਪਿੰਡੋਂ ਕੱਢਿਆ, ਮੈਂ ਨਾਮ ਕੱਢ ਦਿੱਤਾ।
ਦੋਹਾਂ ਦਾ ਮਨ ਭਰ ਆਇਆ। ਅਸਲ ਵਿੱਚ ਬੰਦਾ ਪਿੰਡ ਛੱਡ ਸਕਦਾ ਹੈ, ਪਿੰਡ ਬੰਦੇ ਨੂੰ ਨਹੀਂ ਛੱਡਦਾ।
ਸੁਰਜੀਤ ਰਾਮਪੁਰੀ ਬੋਲੇ, ਸਦੀਕ! ਜੇ ਮੇਰੇ ਵਿੱਚ ਉਦੋਂ ਤਾਣ ਹੁੰਦਾ ਤਾਂ ਸਾਰੇ ਪੰਜਾਬੀਆਂ ਹੱਥੋਂ ਟੋਕੇ ਬਰਛੀਆਂ, ਤਲਵਾਰਾਂ, ਛਵ੍ਹੀਆਂ ਖੋਹ ਲੈਂਦਾ। ਬੰਦੇ ਨੂੰ ਗਾਜਰ ਮੂਲੀ ਨਾ ਬਣਨ ਦਿੰਦਾ। ਉਮਰ ਹੀ ਛੁਟੇਰੀ ਸੀ। ਦੋਵੇਂ ਬਗਲਗੀਰ ਹੋਏ ਅੱਥਰੂ ਅੱਥਰੂ ਹੋ ਕੇ। ਹਰ ਵਾਰ ਸਦੀਕ ਸਾਹਿਬ ਇੱਲ ਸੁਣਾਉਂਦੇ ਤਾਂ ਹੱਸ ਕੇ ਹਨ ਪਰ ਮਗਰੋਂ ਬਹੁਤ ਲੰਮਾ ਠੰਢਾ ਹੌਕਾ ਭਰਦੇ ਹਨ। ਧੁਰ ਅੰਦਰ ਕਿਤੇ ਸੰਤਾਲੀ ਵਾਲਾ ਜ਼ਖ਼ਮ ਅਜੇ ਵੀ ਟਸ ਟਸ ਕਰਦਾ ਹੈ।
ਮੈਂ ਦਰਦ-ਕਹਾਣੀ ਰਾਤਾਂ ਦੀ ਸੁਰਜੀਤ ਰਾਮਪੁਰੀ ਜੀ ਦਾ ਜਗਤ ਪ੍ਰਸਿੱਧ ਗੀਤ ਹੈ। ਇਸ ਨੂੰ ਨਰਿੰਦਰ ਬੀਬਾ ਜੀ ਤੋਂ ਮਗਰੋਂ ਜਗਜੀਤ ਸਿੰਘ ਜ਼ੀਰਵੀ ਨੇ ਵੀ ਗਾਇਆ ਹੈ। ਤੁਸੀਂ ਵੀ ਇਹ ਗੀਤ ਪੜ੍ਹੋ।
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਪਤਝੜ ਦੀ ਹਿੱਸਦੀ ਪੀੜਾ ਹਾਂ
ਇਹਨੂੰ ਮਸਤ-ਬਹਾਰਾਂ ਕੀ ਸਮਝਣ ।
ਮੈਂ ਪਿਆਸ ਕਿਸੇ ਵਿਰਾਨੇ ਦੀ
ਇਹਨੂੰ ਸੌਣ-ਫੁਹਾਰਾਂ ਕੀ ਸਮਝਣ ।
ਮੇਰਾ ਘਰ ਮਾਰੂ-ਤੂਫ਼ਾਨਾਂ 'ਤੇ
ਕੰਢੇ ਦਾ ਬਸੇਰਾ ਕੀ ਜਾਣੇ ?
ਮੈਂ ਹਿਜਰ ਦੀ ਧੁਖਦੀ ਅਗਨੀ ਹਾਂ,
ਇਹਨੂੰ ਕੋਈ ਵਿਯੋਗੀ ਹੀ ਸਮਝੇ ।
ਸੱਧਰਾਂ ਦੀ ਰਾਖ ਦੀ ਢੇਰੀ ਹਾਂ,
ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ।
ਮੇਰੀ ਮੰਜ਼ਿਲ ਹੀਰ ਸਿਆਲਾਂ ਦੀ
ਗੋਰਖ ਦਾ ਡੇਰਾ ਕੀ ਜਾਣੇ ?
ਮੈਂ ਵਿਧਵਾ ਹੋਈ ਸੱਧਰ ਹਾਂ
ਤੇ ਭਟਕ ਰਿਹਾ ਅਰਮਾਨ ਕੋਈ ।
ਅਰਸ਼ਾਂ 'ਚੋਂ ਟੁੱਟਿਆ ਤਾਰਾ ਹਾਂ
ਮੈਂ ਟੋਲ ਰਿਹਾ ਅਸਮਾਨ ਕੋਈ ।
ਇਹ ਭੇਤ ਜਲਣ ਦਾ, ਬੁਝਣੇ ਦਾ,
ਮੱਸਿਆ ਦਾ ਹਨੇਰਾ ਕੀ ਜਾਣੇ ?
ਮੈਂ ਦੀਪਕ ਰਾਗ ਦੀ ਲੈਅ ਕੋਈ
ਕੀ ਸਮਝੇ ਰਾਗ ਮਲ੍ਹਾਰਾਂ ਦਾ;
ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ,
ਕੀ ਸਮਝੇ ਫੁੱਲ ਬਹਾਰਾਂ ਦਾ ।
ਜਿਹਨੂੰ ਹਰ ਥਾਂ ਅਪਣਾ ਰੱਬ ਦਿਸਦਾ
ਉਹ ਤੇਰਾ ਮੇਰਾ ਕੀ ਜਾਣੇ ?
ਮੈਂ ਹੰਝੂਆਂ ਦਾ ਪਾਗਲਪਣ ਹਾਂ
ਮੈਂ ਆਸ ਕਿਸੇ ਵੀਰਾਨੇ ਦੀ,
ਘੁੰਮਦਾ ਆਵਾਰਾ ਬੱਦਲ ਹਾਂ
ਮੈਂ ਮਸਤੀ ਹਾਂ ਮਸਤਾਨੇ ਦੀ ।
ਜੋ ਖ਼ੁਸ਼ੀ ਹੈ ਲੁੱਟੇ ਜਾਵਣ ਦੀ
ਉਹਨੂੰ ਕੋਈ ਲੁਟੇਰਾ ਕੀ ਜਾਣੇ ?
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ,
ਲੁਧਿਆਣਾ।