Punjabi Poetry : Gobind Ram Lahiri

ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਗੋਬਿੰਦ ਰਾਮ ਲਹਿਰੀ

1. ਬੁਜ਼ਦਿਲਾਂ ਵਿੱਚ ਚੇਤਨਾ ਦਾ ਰੰਗ ਭਰ ਕੇ ਦੇਖੀਏ

ਬੁਜ਼ਦਿਲਾਂ ਵਿੱਚ ਚੇਤਨਾ ਦਾ ਰੰਗ ਭਰ ਕੇ ਦੇਖੀਏ।
ਜ਼ਿੰਦਗੀ ਵਿੱਚ ਮੁਸ਼ਕਿਲਾਂ ਨੂੰ ਹੱਲ ਕਰ ਕੇ ਦੇਖੀਏ।

ਹੈ ਜਤਾਉਂਦਾ ਪਿਆਰ ਉੱਤੋਂ, ਖ਼ਾਰ ਦਿਲ ਵਿੱਚ ਰੱਖਦੈ,
ਚਲ ਦਿਲਾ ਇੱਕ ਵਾਰ ਫਿਰ, ਉਸ ਉੱਤੇ ਮਰ ਕੇ ਦੇਖੀਏ।

ਮਾਣ ਲਈਏ ਸੁਪਨਿਆਂ ਦੇ ਰੰਗ ਆਪਣੀ ਨੀਂਦ ਵਿੱਚ,
ਨੀਂਦ ਦੇ ਪਿੱਛੋਂ ਇਨ੍ਹਾਂ ਦੇ ਵਿੱਚ ਉਤਰ ਕੇ ਦੇਖੀਏ।

ਕੀਤੀਆਂ ਅਠਖੇਲੀਆਂ ਬੜੀਆਂ ਨੇ ਪਾਣੀਆਂ ਨਾਲ ਪਰ,
ਆਓ ਹੁਣ ਇਸ ਅੱਗ ਦੇ ਦਰਿਆ ਨੂੰ ਤਰ ਕੇ ਦੇਖੀਏ।

ਤਾਜ਼ਦਾਰਾਂ ਬਾਰੇ ਗੱਲਾਂ ਹੋ ਗਈਆਂ ਨੇ ਬਹੁਤੀਆਂ,
ਕਿਰਤੀਆਂ ਦੇ ਹੱਕ ਦੀ ਵੀ ਗੱਲ ਕਰ ਕੇ ਦੇਖੀਏ।

2. ਗ਼ਰੀਬੀ ਦੇ ਜ਼ਖ਼ਮ ਮੁੜ ਮੁੜ ਬੜੇ ਹੀ ਯਾਦ ਆਉਂਦੇ ਨੇ

ਗ਼ਰੀਬੀ ਦੇ ਜ਼ਖ਼ਮ ਮੁੜ ਮੁੜ ਬੜੇ ਹੀ ਯਾਦ ਆਉਂਦੇ ਨੇ।
ਹਰੇ ਹੋਏ ਜ਼ਖ਼ਮ ਬੀਤੀ ਕਥਾ ਦੀ ਬਾਤ ਪਾਉਂਦੇ ਨੇ।

ਜੋ ਕੋਮਲ ਰੁੱਖ ਨੇ ਸੜ, ਸ਼ਰਾਰਤ ਮੌਸਮਾਂ ਦੀ ਹੈ,
ਕਿ ਮਾਲੀ ਬਾਗ਼ ਦੇ ਕਾਤੋ੍ਹਂ ਖ਼ਿਜਾਂ ਸਿਰ ਦੋਸ਼ ਲਾਉਂਦੇ ਨੇ।

ਰਹੀ ਨਾ ਪ੍ਰੇਮ ਵਿੱਚ ਪਾਕੀਜ਼ਗੀ ਸਭ ਜਾਣਦੇ ਲੋਕੀਂ,
ਮੁਹੱਬਤ ਕਰ ਕੇ ਪਹਿਲਾਂ, ਆਪ ਫਿਰ ਆਪੇ ਸਤਾਉਂਦੇ ਨੇ।

ਬੜੇ ਖ਼ੁਦਗਰਜ਼ ਹੋਏ ਆਦਮੀ, ਹੁਣ ਪਿਆਰ ਕਾਹਦੇ ਹਨ,
ਦਗਾ ਜੋ ਦੇ ਗਏ, ਮੁਸ਼ਕਿਲ ਸਮੇਂ ਕਿਉਂ ਯਾਦ ਆਉਂਦੇ ਨੇ।

ਜ਼ਮਾਨੇ ਨੂੰ ਇਸ਼ਾਰੇ ’ਤੇ ਨਚਾਇਆ ਓਸਨੇ ਲਹਿਰੀ,
ਹਵਾ ’ਚ ਉੱਡ ਰਹੇ ਪੰਛੀ, ਉਨ੍ਹਾਂ ਦੀ ਬਾਤ ਪਾਉਂਦੇ ਨੇ।

3. ਇਸ ਬਗੀਚੇ ਨੂੰ ਕਦੇ ਜਦ ਮਾਲੀਆਂ ’ਤੇ ਮਾਣ ਸੀ

ਇਸ ਬਗੀਚੇ ਨੂੰ ਕਦੇ ਜਦ ਮਾਲੀਆਂ ’ਤੇ ਮਾਣ ਸੀ।
ਸ਼ਿਕਰਿਆਂ ਦਾ ਖ਼ੌਫ਼ ਸੀ ਪਰ ਘੁੱਗੀਆਂ ’ਤੇ ਮਾਣ ਸੀ।

ਉਹ ਕਦੇ ਮੁੜਕੇ ਨਾ ਆਏ ਜ਼ਿੰਦਗੀ ਵਿੱਚ ਬੀਤੇ ਪਲ,
ਜ਼ਿੰਦਗੀ ਕਰਦੀ ਜਿਨ੍ਹਾਂ ਰੰਗੀਨੀਆਂ ’ਤੇ ਮਾਣ ਸੀ।

ਬਿਖ਼ਰਦੇ ਸੁਪਨੇ ਰਹੇ ਜਿੱਦਾਂ ਬਿਖਰਦੀ ਰੇਤ ਹੈ,
ਫਿਰ ਵੀ ਮੈਨੂੰ ਹਉਕਿਆਂ ਤੇ ਹਿਚਕੀਆਂ ’ਤੇ ਮਾਣ ਸੀ।

ਕਾਫ਼ਿਲੇ ਨੂੰ ਮੁਸ਼ਕਿਲਾਂ ਨੇ ਜਦ ਵੀ ਆ ਕੇ ਘੇਰਿਆ,
ਤਾਂ ਵੀ ਉਸ ਨੂੰ ਬੂਝਿਆਂ ਜਾਂ ਝਾੜੀਆਂ ’ਤੇ ਮਾਣ ਸੀ।

ਜਦ ਕਦੇ ਦਿਲ ਡੋਲਦਾ ਸ਼ੀਸ਼ੇ ਤਰੇੜਾਂ ਪੈਂਦੀਆਂ,
ਤਾਂ ਭਰੋਸਾ ਟੁਟਿਐ ਕਿ ਸ਼ੀਸ਼ਿਆਂ ’ਤੇ ਮਾਣ ਸੀ।

4. ਹਵਾ ਦੇ ਰੋਜ਼ ਤੇਵਰ ਇਸ ਲਈ ਰਹਿੰਦੇ ਬਦਲਦੇ ਹਨ

ਹਵਾ ਦੇ ਰੋਜ਼ ਤੇਵਰ ਇਸ ਲਈ ਰਹਿੰਦੇ ਬਦਲਦੇ ਹਨ।
ਹਰਿਕ ਬੂਹੇ ’ਤੇ ਐ ਦਿਲ ਸਿਲਸਿਲੇ ਸਾਜ਼ਿਸ਼ ਦੇ ਚਲਦੇ ਹਨ।

ਉਡਾਰੀ ਮਾਰਗੇ ਕਿੱਧਰ, ਅਚਾਨਕ ਉੱਡ ਗਏ ਪੰਛੀ,
ਉਨ੍ਹਾਂ ਦੇ ਆਲ੍ਹਣੇ ਸੁੰਞੇ ਪਏ ਐ ਯਾਰ ਕੱਲ੍ਹ ਦੇ ਹਨ।

ਉਨ੍ਹਾਂ ਨੂੰ ਰੋਸ਼ਨੀ ਲੱਭਣ ਦੀ ਕਿਹੜੀ ਲੋੜ ਹੈ ਯਾਰੋ,
ਜੋ ਇੱਕ ਮੁੱਦਤ ਤੋਂ ਸੂਰਜ ਨਾਲ ਹੀ ਚੜ੍ਹਦੇ ਤੇ ਢਲਦੇ ਹਨ।

ਲਕੀਰਾਂ ਪਾਉਣ ਦੀ ਕੋਸ਼ਿਸ਼ ਕਰੋ ਨਾ ਵਗਦੇ ਦਰਿਆ ’ਚ,
ਲਕੀਰਾਂ ਨਾਲ ਇਹ ਦਰਿਆ ਨਾ ਆਪਣਾ ਰੁਖ਼ ਬਦਲਦੇ ਹਨ।

ਉਨ੍ਹਾਂ ਦੇ ਚਿਹਰਿਆਂ ’ਤੇ ਗ਼ਮ ਉਦਾਸੀ ਕਿਵੇਂ ਰਹੇ ਲਹਿਰੀ,
ਜੋ ਵਰ੍ਹਦੇ ਪੱਥਰਾਂ ਅੰਦਰ ਵੀ ਅੰਗਿਆਰਾਂ ’ਤੇ ਚਲਦੇ ਹਨ।

5. ਸੱਚ ਦਾ ਢੋਲ ਵਜਾਉਂਦਾ ਰਹਿਬਰ

ਸੱਚ ਦਾ ਢੋਲ ਵਜਾਉਂਦਾ ਰਹਿਬਰ
ਝੂਠ ਤੇ ਪਰਦਾ ਪਾਉਂਦਾ ਰਹਿਬਰ

ਚੁੱਪ ਚਾਂਦ ਹੈ ਇਸ ਬਸਤੀ ਵਿਚ
ਲੋਕਾਂ ਨੂੰ ਭੜਕਾਉਂਦੈ ਰਹਿਬਰ

ਬਾਗ਼ ‘ਚ ਪੰਛੀ ਤਾਂ ਰੋਂਦੇ ਹਨ
ਬਾਗ਼ ਨੂੰ ਲਾਂਬੂ ਲਾਉਂਦੈ ਰਹਿਬਰ

ਜਰਬਾਂ ਤੇ ਤਕਸੀਮਾਂ ਦੇ ਵਿਚ
ਸਾਨੂੰ ਕਿਉਂ ਉਲ਼ਝਾਉਂਦੈ ਰਹਿਬਰ

ਪਾਟਕ ਪਾ ਕੇ ਖੂਸ਼ ਹੁੰਦਾ ਹੈ
ਉਤੋਂ ਪਿਆਰ ਜਤਾਉਂਦੈ ਰਹਿਬਰ

ਝੂਠ ਦਾ ਹੋਕਾ ਦਿੰਦੇ ਨੇ ਜੋ
ਉਸਦੇ ਸੋਹਲੇ ਗਾਉਂਦੈ ਰਹਿਬਰ

‘ਲਹਿਰੀ’ ਅਪਣੇ ਮਤਲਬ ਦੇ ਲਈ
ਅਪਣਾ ਸੀਸ ਝੁਕਾਉਂਦੈ ਰਹਿਬਰ

6. ਇਰਾਦਾ ਹੌਸਲਾ ਦਿਲ ਵਿਚ ਮੁਕੰਮਲ ਆਸ ਰੱਖਦਾ ਹਾਂ

ਇਰਾਦਾ ਹੌਸਲਾ ਦਿਲ ਵਿਚ ਮੁਕੰਮਲ ਆਸ ਰੱਖਦਾ ਹਾਂ ।
ਮੈਂ ਮੰਤਰ ਜਿੱਤ ਦਾ ਹਰ ਵਕਤ ਆਪਣੇ ਪਾਸ ਰੱਖਦਾ ਹਾਂ ।

ਮਿਲੇਗੀ ਹਰ ਬਸ਼ਰ ਦੀ ਸੋਚ ਨੂੰ ਪਰਵਾਜ਼ ਇਕ ਦਿਨ ਤਾਂ,
ਏਹੀ ਮੈਂ ਸੋਚ ਰੱਖਦਾ ਹਾਂ ਏਹੀ ਵਿਸ਼ਵਾਸ ਰੱਖਦਾ ਹਾਂ ।

ਹਿਸਾਬੀ ਹਾਂ ਨਫ਼ਾ ਨੁਕਸਾਨ ਤੇ ਹਰ ਜ਼ੁਲਮ ਬਾਰੇ ਮੈਂ,
ਮੈਂ ਤੇਵਰ ਤੇਜ਼ ਫੁੱਲਾਂ ਵਰਗੇ ਪਰ ਅਹਿਸਾਸ ਰੱਖਦਾ ਹਾਂ ।

ਮੈਂ ਚੋਗਾ ਚੁਗਣ ਦੀ ਖ਼ਾਤਿਰ ਨਹੀਂ ਆਉਂਦਾ ਬਨੇਰੇ 'ਤੇ,
ਮੈਂ ਮਹਿਲਾਂ ਵਾਲਿਆਂ ਉੱਤੇ ਨਜ਼ਰ ਵੀ ਖਾਸ ਰੱਖਦਾ ਹਾਂ ।

ਗ਼ੁਲਾਮੀ ਮੌਤ ਤੋਂ ਭੈੜੀ ਅਸੀਂ ਹਾਂ ਬੰਦ ਪਿੰਜਰੇ ਵਿਚ,
ਅਸੀਂ ਤੋੜਾਂਗੇ ਲਹਿਰੀ ਇਸ ਨੂੰ , ਮੈਂ ਇਹ ਆਸ ਰੱਖਦਾ ਹਾਂ ।

7. ਮੁਹੱਬਤ ਆਰ ਹੈ ਯਾਰੋ, ਮੁਹੱਬਤ ਪਾਰ ਹੈ ਯਾਰੋ

ਮੁਹੱਬਤ ਆਰ ਹੈ ਯਾਰੋ, ਮੁਹੱਬਤ ਪਾਰ ਹੈ ਯਾਰੋ।
ਲਕੀਰਾਂ ਪਾ ਜੇ ਦਿੱਤੀਆਂ ਨੇ, ਦਿਲਾਂ ਵਿੱਚ ਪਿਆਰ ਹੈ ਯਾਰੋ।

ਧਰਮ ਕੋਈ ਨਹੀਂ ਮਾੜਾ, ਨਾ ਮਾੜੇ ਲੋਕ ਨੇ ਇੱਥੇ,
ਹੈ ਬਦਕਾਰ ਇਹ ਨੇਤਾ, ਬੁਰੀ ਸਰਕਾਰ ਹੈ ਯਾਰੋ।

ਜੋ ਨਿੱਤ ਲੋਕਾਂ ਨੂੰ ਵੰਡਦਾ ਹੈ, ਜੋ ਇਨ੍ਹਾਂ ਨੂੰ ਲੜਾਉਂਦਾ ਹੈ,
ਸਿਤਮ ਹੈ, ਥਾਂ-ਥਾਂ ਉਸ ਦਾ ਹੋ ਰਿਹਾ ਸਤਿਕਾਰ ਹੈ ਯਾਰੋ।

ਮੁਹੱਬਤ ਜਿਸਮ ਹੁੰਦਾ ਹੈ, ਮੁਹੱਬਤ ਹੀ ਤਾਂ ਰੂਹ ਹੁੰਦੀ।
ਅਸਲ ਵਿੱਚ ਏਹੋ ਹੀ ਤਾਂ ਜ਼ਿੰਦਗੀ ਦਾ ਸਾਰ ਹੈ ਯਾਰੋ।

ਉਡਾ ਕੇ ਪਿਆਰ ਦੇ ਪੰਛੀ ਖ਼ੁਸ਼ੀ ਮਹਿਸੂਸ ਕਰਦਾ ਹੈ,
ਨਜ਼ਰ ‘ਲਹਿਰੀ’ ਨੂੰ ਆਉਂਦਾ ਪਿਆਰ ਹੀ ਪਿਆਰ ਹੈ ਯਾਰੋ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ