ਪੰਜਾਬੀ ਕਵਿਤਾਵਾਂ : ਕੁਲਵਿੰਦਰ ਬੱਛੋਆਣਾ

Punjabi Poetry : Kulwinder Bachhoana

1. ਖ਼ੁਦਕੁਸ਼ੀ

ਖੁ਼ਦ ਨੂੰ ਮਾਰਨ ਦਾ ਫੈਸਲਾ ਲੈਣਾ
ਮੌਤ 'ਤੇ ਹਉਂਕਾ ਭਰਨ ਜਿੰਨਾ ਸੌਖਾ ਨਹੀਂ ਹੁੰਦਾ

ਖੁ਼ਦਕੁਸ਼ੀ ਕਰਨ ਵਾਲੇ ਨੂੰ ਕਮਜ਼ੋਰ ਕਹਿ ਕੇ
ਅਪਣੇ ਕੰਮ ਲੱਗ ਜਾਣਾ
ਚਲਾਕੀ ਜਾਂ ਭੋਲ਼ੇਪਣ 'ਚ
ਹਲਾਤਾਂ ਨੂੰ ਬਰੀ ਕਰਨਾ ਹੈ
ਕਤਲਗਾਹ ਦੇ ਪੱਖ 'ਚ ਖੜ੍ਹਨਾ ਹੈ

ਕਮਜ਼ੋਰ ਮਾਨਸਿਕਤਾ
ਅੰਤਰਮੁਖਤਾ
ਭਾਵੁਕਤਾ ਸਮੇਤ
ਉਹ ਸਾਰੀ ਧੂੜ
ਜੋ ਜਿਉਣ ਵਾਲੇ ਦੇ ਨੱਕ 'ਚ ਜੰਮ ਕੇ
ਸਾਂਹ ਬੰਦ ਕਰ ਦਿੰਦੀ ਹੈ
ਉਹਦੀ ਅਪਣੀ ਚੋਣ ਨਹੀਂ ਹੁੰਦੀ

ਹੜ੍ਹ
ਸੋਕੇ
ਜਾਂ ਮੀਂਹ ਨਾਲ
ਮਰਨ ਦੀ ਜ਼ਿੰਮੇਵਾਰ
ਫ਼ਸਲ ਖ਼ੁਦ ਥੋੜ੍ਹਾ ਹੁੰਦੀ ਹੈ

ਹਰ ਖੁ਼ਦਕਸ਼ੀ
ਇੱਕ ਕਤਲ ਹੁੰਦਾ ਹੈ
ਤੇ ਕਾਤਲ
ਉਹ ਸਭ ਕੁੱਝ ਹੈ
ਜੋ ਜ਼ਿੰਦਗੀ ਪ੍ਰਤੀ ਉਦਾਸੀ ਪੈਦਾ ਕਰਦਾ ਹੈ

ਸ਼ਰਧਾਂਜਲੀ ਦੇਣ ਆਏ ਸੱਜਣੋ
ਇਸ ਤੋਂ ਪਹਿਲਾਂ
ਕਿ ਸ਼ਰਧਾਂਜਲੀਆਂ ਦੇਣਾ
ਰੁਟੀਨ ਬਣ ਜਾਵੇ
ਆਓ ਕਾਤਲ ਨੂੰ ਭਾਲੀਏ

2. ਦੇਸ਼ਧ੍ਰੋਹ

ਸਿਰ ਵਿਹੂਣੀ ਭੀੜ ਵਿੱਚੋਂ ਸਿਰ ਉਠਾ ਕੇ ਲੰਘਣਾ
ਜਬਰ ਦੇ ਖੰਘੂਰਿਆਂ ਦੇ ਜੁਆਬ ਦੇ ਵਿਚ ਖੰਘਣਾ
ਕੰਮ ਹੱਥਾਂ ਲਈ ਤੇ ਚਾਨਣ ਮੱਥਿਆਂ ਲਈ ਮੰਗਣਾ
ਸੀਨਿਆਂ ਵਿਚ ਤੀਰ ਖਾ ਕੇ ਤੜਫਣਾ ਵੀ ਦੇਸ਼ਧ੍ਰੋਹ ਹੈ

ਪੌਣ ਦੀ ਫੁੱਲਾਂ ਦੇ ਨਾਲ ਕਰਨੀ ਸ਼ਰਾਰਤ ਗਲਤ ਹੈ
ਪੰਛੀਆਂ ਦੀ ਪਿੰਜਰੇ ਬਾਰੇ ਸ਼ਿਕਾਇਤ ਗਲਤ ਹੈ
ਦੋ ਦਿਲਾਂ ਦੀ ਆਪਸੀ ਚਾਹਤ ਮੁਹੱਬਤ ਗਲਤ ਹੈ
ਛਾਤੀ ਅੰਦਰ ਧੜਕਦਾ ਦਿਲ ਰੱਖਣਾ ਵੀ ਦੇਸ਼ਧ੍ਰੋਹ ਹੈ

ਦਾਗ ਡੁੱਲ੍ਹੇ ਦੁੱਧ ਦੇ ਹੁਣ ਉਹ ਲਹੂ ਨਾਲ ਧੋਣਗੇ
ਮਿੱਟੀ ਅੰਦਰ ਇਸ ਕਦਰ ਮਜ੍ਹਬਾਂ ਦੀ ਨਫਰਤ ਬੋਣਗੇ
ਫੁੱਲ ਜੋ ਵੀ ਖਿੜਨਗੇ ਤਰਸ਼ੂਲ ਵਰਗੇ ਹੋਣਗੇ
ਫੁੱਲ ਹੋ ਕੇ ਫੁੱਲ ਵਾਂਗੂੰ ਮਹਿਕਣਾ ਵੀ ਦੇਸ਼ਧ੍ਰੋਹ ਹੈ

ਰੱਖਣੀ ਰਾਜੇ ਤੋਂ ਵੱਖਰੀ ਸੋਚ ਵੀ ਹੁਣ ਹੈ ਖਤਾ
ਬਾਲ ਦਿਓ ਆਪਣੇ ਸਾਰੇ ਸਵਾਲਾਂ ਦੀ ਚਿਤਾ
ਕੌਣ ਹੋ ਕਿੱਥੋਂ ਹੋ ਇਹ ਬੰਦੂਕ ਨੂੰ ਹੈ ਸਭ ਪਤਾ
ਗਲਤ ਕੀ ਤੇ ਠੀਕ ਕੀ ਹੈ, ਸੋਚਣਾ ਵੀ ਦੇਸ਼ਧ੍ਰੋਹ ਹੈ

ਹੋ ਰਹੀ ਕੋਸ਼ਿਸ਼ ਮਨਾਂ ਵਿਚ ਭਗਵਾਂ ਕੂੜਾ ਢੋਣ ਦੀ
ਸਾਇੰਸ ਦੇ ਮੱਥੇ ‘ਤੇ ਅਧਿਆਤਮ ਦਾ ਟਿੱਕਾ ਲਾਉਣ ਦੀ
‘ਦੇਸ਼ਭਗਤੀ’ ਦੀ ਕਬਰ ਵਿਚ ਹਰ ਜ਼ਖ਼ਮ ਦਫਨਾਉਣ ਦੀ
ਲਾਠੀਆਂ ਨਾਲ ਹੈ ਸਵਾਗਤ, ਚੀਕਣਾ ਪਰ ਦੇਸ਼ਧ੍ਰੋਹ ਹੈ

ਦੇਸ਼ਧ੍ਰੋਹੀ ਕੌਣ ਨੇ ਤੇ ਕਿਹੜੇ ਦੇਸ਼ਭਗਤ ਨੇ
ਫੈਸਲਾ ਇਹਦਾ ਅਜੇ ਕਰਨਾ ਹੈ ਯਾਰੋ ਵਕਤ ਨੇ
ਜੰਮਣਾ ਜੇਕਰ ਸ਼ੁਰੂ ਕੀਤਾ ਨੀ ਅੰਦਰ ਰਕਤ ਨੇ
ਫਿਰ ਘਰਾਂ ਵਿਚ ਸੁੰਨ ਹੋ ਕੇ ਬੈਠਣਾ ਤਾਂ ਦੇਸ਼ਧ੍ਰੋਹ ਹੈ

3. ਚੀ ਗੁਵੇਰਾ

ਉਹ ਅਰਜਨਟੀਨਾ 'ਚ ਜੰਮਿਆਂ
ਕਿਊਬਾ 'ਚ ਲੜਿਆ
ਬੋਲੀਵੀਆ 'ਚ ਸ਼ਹੀਦ ਹੋਇਆ

ਚੀ ਦੇ ਗੁੰਦਵੇਂ ਸਰੀਰ 'ਤੇ ਖੁੱਭੀਆਂ
ਗੋਲੀਆਂ ਦੀ ਲਿੱਪੀ
ਆਖਦੀ ਹੈ...

ਜ਼ਮੀਨ 'ਤੇ ਬਣੀਆਂ ਸਰਹੱਦਾਂ
ਸੂਰਜ ਨੂੰ ਨਹੀਂ ਦਿਸਦੀਆਂ

ਆਾਹਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ
ਨਾ ਚੀਕਾਂ ਦੀ ਕੋਈ ਸੁਰ ਹੁੰਦੀ ਹੈ

ਜ਼ੁਲਮ ਦਾ ਕੋਈ ਦੇਸ਼ ਨਹੀ ਹੁੰਦਾ
ਨਾ ਟਾਕਰੇ ਦਾ ਕੋਈ ਭੂਗੋਲ

ਇੰਗਲੈਂਡ ਹੋਵੇ ਜਾਂ ਭਾਰਤ
ਅਮਰੀਕਾ ਜਾਂ ਵੀਅਤਨਾਮ
ਧਰਤੀ 'ਤੇ ਜਿੱਥੇ ਕਿਤੇ ਵੀ
ਵਿਚਾਰਾਂ ਲਈ ਜੇਲ੍ਹਾਂ ਉੁੱਸਰਦੀਆਂ ਨੇ
ਅਵਾਜ਼ਾਂ ਨੂੰ ਗੋਲ਼ੀਆਂ ਵਿੰਨ੍ਹਦੀਆਂ ਨੇ
ਦਰਿਆਵਾਂ ਚ ਲਹੂ ਵਹਿੰਦਾ ਹੈ
ਓਥੇ ਚੀ ਜਨਮ ਲੈਂਦਾ ਹੈ

ਜ਼ਿੰਦਗੀ ਜਦ ਤੜਫਦੀ ਹੈ
ਖੌਫ਼ ਦੀਆਂ ਕੰਧਾਂ ਵਿਚਕਾਰ
ਤਾਂ ਕੋਈ ਚੀ ਜਨਮ ਲੈਂਦਾ ਹੈ