Punjabi Kavita
  

Punjabi Poetry Sohan Singh Misha

ਪੰਜਾਬੀ ਕਵਿਤਾ/ਕਲਾਮ ਸੋਹਣ ਸਿੰਘ ਮੀਸ਼ਾ

1. ਚੁਰਸਤਾ

ਕਿੰਨੀ ਅੰਨ੍ਹੀ ਹੈ ਇਹ ਰਾਤ
ਬੁਝ ਗਏ ਸਾਰੇ ਚਿਰਾਗ,
ਚੌਕ ਦੀ ਬੱਤੀ ਬਿਨਾਂ ਚੌਕ
ਦੀ ਮਰੀਅਲ ਜਿਹੀ ਬੱਤੀ ਬਿਨਾਂ
ਕਿਰਨ ਚਾਨਣ ਦੀ ਕਿਤੋਂ ਵੀ
ਪਾ ਰਹੀ ਨਾ ਕੋਈ ਝਾਤ।

ਸੁੰਘਿਆ ਇਸ ਨੂੰ ਉਦਾਸੀ-ਸੱਪ ਨੇ
ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ?
ਹੌਕੇ ਭਰਦੀ ਸੋਗ ਦੇ
ਹੈ ਪੌਣ ਸਾਹੋਂ ਉਖੜੀ,
ਫੂਕਰਾਂ ਨੇ ਮਾਰਦੇ ਨ੍ਹੇਰੇ ਦੇ ਨਾਗ,
ਇਸ ਫਿਜ਼ਾ ਦੀ ਰਗ-ਰਗ ਵਿਚ ਜ਼ਹਿਰ ਹੈ,
ਕਹਿਰ ਹੈ, ਹਾਏ ਕਹਿਰ ਹੈ।

ਰਾਤ ਕਿੰਨੀ ਸੀਤ ਹੈ।
ਦਿਲ ਕਿਸੇ ਦੀ ਨੁੱਕਰ ਵੀ
ਚਿਣਗ ਬਾਕੀ ਹੈ ਕੋਈ?
ਭੇਤ ਨਾ ਕੋਈ ਭੇਤ ਨਾ,
ਅਹਿਸਾਸ ਠੰਢਾ ਹੋ ਰਿਹਾ,
ਸੁੰਨ ਹੁੰਦੀ ਜਾ ਰਹੀ ਹੈ ਚੇਤਨਾ।
ਚੌਹੀਂ ਪਾਸੀਂ ਰਾਤ ਅੰਨ੍ਹੀ ਸੀਤ ਹੈ।

ਕਿੰਨਾ ਔਖਾ ਹੈ ਚੁਰਸਤਾ ਛੱਡਣਾ।
ਹਾਏ ਹੱਡਾਂ ਵਿਚ ਸਿੱਕਾ ਭਰ ਗਿਆ।
ਸੱਚ ਤੇ ਪਰਦਾ ਸਿਆਹ
ਤੇ ਸੂਝ ਦੀ ਹੋਈ ਬੇਵਾਹ
ਚੌਕ ਦੀ ਮਰੀਅਲ ਜਿਹੀ ਬੱਤੀ
ਕਸੇ ਨੂੰ ਕੀ ਵਿਖਾ ਸਕਦੀ ਏ ਰਾਹ।
ਐਵੇਂ ਹਮਦਰਦੀ ਜਿਹੀ ਜਤਲਾ ਰਹੀ,
ਕੁਝ ਕਹਿੰਦੀ ਕਹਿੰਦੀ ਏ ਥਥਲਾ ਰਹੀ।

ਮੌਤ ਦਾ ਪਹਿਰਾ ਸਹੀ
ਫਿਰ ਵੀ ਆਖਰੀ ਸ਼ਹਿਰ ਹੈ,
ਐ ਮਨਾ, ਚਲ ਫੇਰ
ਕੋਈ ਖਟਖਟਾ ਕੇ ਵੇਖ ਦਰ।
ਨਾ ਸਹੀ ਕੋਈ ਉਮੀਦ
ਪਰ ਕੋਈ ਹੀਲਾ ਤਾਂ ਕਰ।

2. ਦਸਤਕ

ਮਨ ਕਪਟੀ ਹੈ
ਕਪਟ ਕਮਾਏ
ਪਾਪ ਹੰਢਾਏ
ਕਰਮ ਵਿਹੂਣਾ ਤਨ
ਕਰਨੀ ਤੋਂ ਟੁੱਟਾ
ਪਲਾਂ ਛਿਣਾਂ ਦੇ ਵਿਚਲਾਂ ਥਾਣੀਂ ਕਿਰਦਾ ਜਾਏ
ਅੰਦਰੋਂ ਬੰਦ ਬੂਹੇ ਦਾ
ਬਾਹਰੋਂ ਕੁੰਡਾ ਖੜਕੇ
ਜਾਂ ਦਿਲ ਧੜਕੇ
ਦਸਤਕ ਦੇਹ ਦੇ ਲੂੰ ਕੰਡਿਆਏ

'ਕੀ ਕਰਦੇ ਹੋ?
ਬਾਹਰ ਦੀ ਧੁੱਪ ਤੋਂ ਡਰਦੇ ਹੋ
ਅੰਦਰ ਦੀ ਚੁੱਪ ਤੋਂ ਡਰਦੇ ਹੋ
ਆਪਣੇ ਪਾਲੇ ਵਿਚ ਠਰਦੇ ਹੋ
ਬੂਹਾ ਖੋਲ੍ਹੋ ਬਾਹਰ ਆਓ
ਨਹੀਂ ਦਰਵਾਜ਼ਾ ਤੋੜ ਦਿਆਂਗੇ।'

3. ਚੀਕ ਬੁਲਬੁਲੀ

ਨੰਦੂ ਛੜੇ ਦੀ ਗੱਲ ਚੇਤੇ ਹੈ
ਜਿਸ ਨੂੰ ਪਿੰਡ ਨੇ
ਰੋਜ਼ ਤਕਾਲੀਂ
ਇਕ ਦੋ ਚੀਕਾਂ ਮਾਰਨ ਦੀ ਖੁਲ੍ਹ ਦੇ ਦਿੱਤੀ ਸੀ
ਭਰੀ ਪਰ੍ਹੇ ਵਿਚ ਗਲ ਪੱਲਾ ਪਾ
ਜਦ ਸੀ ਉਸ ਦੇ ਅਰਜ਼ ਗੁਜ਼ਾਰੀ
"ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ ਪਿੰਡ ਦੀ ਹਰ ਨਾਰੀ
ਦਾਰੂ ਪੀ ਕੇ ਚਿੱਤ ਘਾਬਰਦਾ
ਘਾਊਂ ਮਾਊਂ ਹੁੰਦਾ
ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ।

ਮੈਨੂੰ ਬੇਸ਼ਕ
ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ
ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ
ਚੁੱਪ ਚੁਪੀਤਾ
ਇਕ ਖਲਬਲੀ ਚੱਕੀ ਫਿਰਦਾਂ।
ਕਿਨੀ ਵਾਰੀ
ਚੋਣ-ਮੁਹਿੰਮ ਦੇ ਜਲਸੇ ਵਿਚ ਤਕਰੀਰ ਸੁਣਦਿਆਂ
ਜਨ ਗਨ ਮਨ ਦੀ ਹੈ ਜੈ ਜੈ
ਸੋਗ ਸਭਾ ਦੀ ਚੁੱਪ ਦੇ ਮੌਕੇ
ਚਿੱਤ ਘਾਬਰਿਆ
ਚੀਕ-ਬੁਲਬੁਲੀ ਮਸਾਂ ਮਸਾਂ ਰੋਕੀ ਹੈ।

ਹਫ਼ਤੇਵਾਰ
ਦਫ਼ਤਰੀ ਮੀਟਿੰਗ ਦੇ ਵਿਚ
ਵਿੰਗ-ਵਲੇਵੇਂ ਖਾਂਦੀ
ਜਦੋਂ ਦਲੀਲ ਮੇਜ਼ ਤੇ ਰੀਂਘਣ ਲੱਗੀ
ਕੱਸ ਕੇ ਰਤਾ ਹੋਰ ਨਟਕਾਈ
ਮੈ ਇਸ ਚੀਕ ਦੇ ਨਾਲ ਬੁਲਬੁਲੀ
ਪਹੁੰਚੀ ਸੰਘ ਦੇ ਕੋਲ ਦਬਾਈ।

ਚੜ੍ਹੇ ਮਹਿਨੇ
ਤਲਬ ਦਿਹਾੜੇ
ਬਿੱਲਾਂ ਦਾ ਭੁਗਤਾਣ ਕਰਦਿਆਂ
ਨਿੱਕੀਆਂ ਨਿੱਕੀਆਂ
ਸੌ ਸੱਧਰਾਂ ਦਾ ਘਾਣ ਕਰਦਿਆਂ
ਘੁੱਟ ਸਬਰ ਦੇ ਨਾਲ
ਆਪਣੀ ਹੀ ਰੱਤ ਪੀਤੀ
ਬੱਚੇ ਨੂੰ ਬੂਟਾਂ ਦਾ ਲਾਰਾ
ਹੋਰ ਮਹੀਨਾ ਟਾਲਣ ਵੇਲੇ
ਹਰ ਵਾਰੀ ਮੈਂ
ਦੱਬੀ ਚੀਕ ਮੁਲਤਵੀ ਕੀਤੀ।

ਠੇਕੇ ਦੀ ਕੈਬਨ ਵਿਚ
ਠੱਠੇ ਸ਼ੁਗਲੀ ਨਿੰਦਿਆ ਚੁਗਲੀ ਵੇਲੇ
ਤੰਗੀ ਤੁਰਸ਼ੀ ਦਾ ਅਹਿਸਾਸ ਜਾਗਦਾ
ਖਾਰਾ ਬੱਤਾ ਖੋਲ੍ਹਣ ਲਗਿਆਂ
ਲਗਦਾ ਆਪਣਾ ਆਪ ਪਾਟਦਾ।
ਥਾਉਂ ਕੁਥਾਈਂ
ਚੀਕ-ਬੁਲਬੁਲੀ
ਪਾਨ 'ਚ ਜ਼ਰਦੇ ਨਾਲ ਚਬਾਈ
ਨੀਂਦਰ ਗੋਲੀ ਨਾਲ ਸੁਆਦੀ
ਗਦਰਾਏ ਬਦਨਾਂ ਦੀ ਮਹਿਕ ਨਾਲ ਵਰਚਾਈ।

ਪਰ ਹੁਣ
ਹੋਰ ਨਾ ਡੱਕੀ ਰਹਿੰਦੀ
ਹਰ ਦਮ ਜ਼ਬਤ ਨਾਲ ਹੈ ਖਹਿੰਦੀ
ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ
ਰਾਤੀਂ ਅੱਖੀਂ ਨੀਂਦ ਨਾ ਪੈਂਦੀ।
ਹੁਣ ਜੀਅ ਕਰਦਾ
ਕਲ੍ਹ ਕਚਹਿਰੀ ਲਾਗੇ
ਗਾਂਧੀ ਚੌਂਕ 'ਚ ਖੜ ਕੇ
ਸਾਰਾ ਗੁਭ ਘਲਾਟ ਕਢ ਲਵਾਂ
ਏਨੇ ਚਿਰ ਦੀ ਡਕੀ ਹੋਈ
ਖੁਲ੍ਹ ਕੇ ਚੀਕ-ਬੁਲਬੁਲੀ ਮਾਰਾਂ
ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ-ਸਫਰ ਦੀ ਸੋਟੀ ਖੋਹ ਕੇ
ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾ
ਬੁੱਤ ਦੇ ਪੈਰੀਂ ਡਿੱਗਾਂ
ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ ਰਾਮ ਪੁਕਾਰਾਂ।

4. ਲੀਕ

ਜੋ ਸਮਝੇ ਮਹਿਰਮ ਦਿਲ ਦੇ ਸਨ
ਹੁਣ ਜਦੋਂ ਕਦੀ ਵੀ ਮਿਲਦੇ ਹਨ

ਤਲਵਾਰ ਨਾਲ ਸੰਗੀਨ ਨਾਲ
ਜਾਂ ਕਲਮ ਦੀ ਨੋਕ ਮਹੀਨ ਨਾਲ

ਧਰਤੀ ਦੇ ਪਿੰਡੇ ਗੋਰੇ 'ਤੇ

ਖਿੱਚਦੇ ਨੇ ਲੀਕ ਬਰੀਕ ਜਹੀ
ਮੇਰੇ ਦਿਲ 'ਚੋਂ ਉਠਦੀ ਚੀਕ ਜਹੀ

ਦੱਸ ਭੇਤ ਆਪਣੇ ਖਾਸੇ ਦਾ
ਤੂੰ ਲੀਕੋਂ ਕਿਹੜੇ ਪਾਸੇ ਦਾ?

ਇਹ ਪੁੱਛਣ ਤੇ ਨਾ ਕੁਝ ਕਹਾਂ
ਸੋਚੀਂ ਪੈ ਜਾਵਾਂ ਚੁੱਪ ਰਹਾਂ।

ਖੁਦਗਰਜ਼ ਕਹਿਣ ਗੱਦਾਰ ਕਹਿਣ
ਬੁਜ਼ਦਿਲ ਸਮਝੌਤਾਕਾਰ ਕਹਿਣ
ਇਹ ਕੀ ਕੀ ਮੇਰੇ ਯਾਰ ਕਹਿਣ।

ਮੈਂ ਸਭ ਸੁਣ ਕੇ ਸਹਿ ਜਾਨਾਂ
ਤੇ ਕਹਿੰਦਾ ਕਹਿੰਦਾ ਰਹਿ ਜਾਨਾਂ

ਇਹ ਲੀਕ ਤਾਂ ਸਾਹ ਦੇ ਰੰਗ ਦੀ ਹੈ
ਮੇਰੇ ਫੇਫੜਿਆਂ 'ਚੋਂ ਲੰਘਦੀ ਹੈ।

5. ਦਿਨ ਚੜ੍ਹਿਆ ਹੈ

ਪੀਲੀਆਂ ਪੈ ਕੇ ਸੜਕਾਂ ਉੱਤੇ
ਬੁਝ ਗਈਆਂ ਨੇ ਬਿਜਲੀ -ਬੱਤੀਆਂ
ਧੁੰਦ ਵਿੱਚ ਧੂਆਂ ਘੁਲਦਾ ਜਾਂਦਾ
ਪਾਲੇ ਵਿੱਚ ਠਿਠਰਦੇ ਮੰਗਤੇ
ਰੱਟਣ ਬੈਠੇ ਫੇਰ ਅਸੀਸਾਂ
ਫੇਰ ਜ਼ਜ਼ਬਿਆਂ ਹਥ ਅੱਡੇ ਨੇ ਵੱਟ ਕਸੀਸਾਂ
ਇਹ ਚਾਨਣ ਅਖੀਆਂ ਨੂੰ ਚੁਭਦਾ
ਇਸ ਚਾਨਣ ਵਿਚ ਭਟਕੇ ਨਜਰ ਧੁਆਂਖੀ ਹੋਈ
ਹੋਰ ਘੜੀ ਨੂੰ ਰੌਲਾ ਰੱਪਾ ਜਾਗ ਪਏਗਾ
ਕਾਰ ਵਿਹਾਰ ਦੇ ਨਾਲ ਸੰਘਰਸ਼ ਛਿੜੇਗਾ ਦਿਲ ਦਾ
ਕਾਹਨੂੰ ਕੁਝ ਕਿਸੇ ਨੇ ਕਹਿਣਾ
ਆਪਣੇ ਆਪ ਨਮੋਸ਼ੀ ਆਵੇ
ਸਾਹ ਲੰਘਦਾ ਜਿਓਂ ਹੁੱਜਤ ਹੁੰਦੀ
ਆਪਾਂ ਸੋਝੀ ਹੁੰਦਿਆ ਵੀ ਕਮਲੇ ਹੋ ਰਹਿਣਾ
ਜੀ ਕਹਿੰਦਾ ਏ
ਸਾਰੇ ਲਾਂਝੇ ਪੁੱਗ ਚੁੱਕੇ ਨੇ
ਕਿਓਂ ਹਾਲੇ ਵੀ ਫਿਕਰਾਂ ਨੇ ਹਨ
ਚਾਰ ਚੁਫੇਰੇ ਘੇਰੇ ਘੱਤੇ ?
ਇਲਮ ਦੇ ਨਿੱਕੇ ਬਸਤੇ ਚੁੱਕੀ
ਹਸਦੇ ਬਾਲ ਸਕੂਲੀ ਚੱਲੇ
ਜਿੰਦ ਵਿਚਾਰੀ ਹਫਦੀ ਜਾਵੇ
ਦੇਹ ਦੀ ਬੋਝਲ ਗਠੜੀ ਥੱਲੇ
ਦਿਨ ਚੜ੍ਹਿਆ ਹੈ
ਅਗਲੇ ਮੋੜ ਤੇ ਵਾਕਫ ਬੰਦਿਆ ਨੇ ਮਿਲ ਜਾਣਾ
‘ਵਾਹਵਾ ਖੂਬ ਗੁਜ਼ਰਦੀ ‘ ਕਹਿਣਾ
ਟਿਚਰ ਕਰਕੇ ਹੱਸ ਪੈਣਾ ਹੈ
ਜਿੱਕਰ ਥੇਹ ਦੇ ਖੂਹ 'ਚੋਂ ਕੋਈ ਕਬੂਤਰ ਉੜਦਾ
ਵਾਹਵਾ ਖੂਬ ਗੁਜ਼ਰ ਜਾਵੇ ਤਾਂ
ਹੋਰ ਕਿਸੇ ਨੇ ਕੀ ਲੈਣਾ ਹੈ !
ਪਲ ਪਲ ਰੌਣਕ ਵਧਦੀ ਜਾਂਦੀ
ਜ਼ਿੰਦਗੀ ਅੱਗੇ ਇਕਲਾਪੇ ਦਾ
ਬੰਜਰ ਮਾਰੂ ਥਲ ਵਿਛਿਆ ਹੈ
ਪਲ ਪਲ ਪਾ ਕੇ ਖੂਹ ਭਰਨਾ ਹੈ
ਦਿਨ ਕਟਨਾ ਰਣ ਸਰ ਕਰਨਾ ਹੈ।

6. ਅੱਧੀ ਰਾਤ ਪਹਿਰ ਦੇ ਤੜਕੇ

ਅੱਧੀ ਰਾਤ ਪਹਿਰ ਦੇ ਤੜਕੇ
ਅੱਖਾਂ ਵਿਚ ਉਨੀਂਦਾ ਰੜਕੇ।

ਆਪਣਾ ਕਮਰਾ ਝਾੜਨ ਲਗਦਾਂ
ਦੂਰ ਕਿਤੇ ਜਦ ਕੁੰਡਾ ਖੜਕੇ।

ਤੇਰੀ ਧੂੜ ਵੀ ਸੁਰਮੇ ਵਰਗੀ
ਸੱਜਣਾ ਦੇ ਪਿੰਡ ਜਾਂਦੀ ਸੜਕੇ।

ਸਿਖਰ ਦੁਪਹਿਰੇ ਕਲ੍ਹ ਇਕ ਰਾਹੀ
ਡਿੱਗਾ ਆਪਣੀ ਛਾਂ ਵਿਚ ਅੜ ਕੇ।

ਸਿੱਕ ਨਾ ਜਾਗੇ ਫੇਰ ਮਿਲਣ ਦੀ
ਆ ਏਦਾਂ ਵਿਛੜੀਏ ਲੜ ਕੇ।

ਅੱਜ ਕਿਉਂ ਚੁੱਪ ਉਦਾਸ ਨੇ ਬੱਦਲ
ਬਿਜਲੀ ਨੂੰ ਹੀ ਆਖੋ ਕੜ ਕੇ।

ਬੁਝਿਆ ਭਾਂਬੜ ਅਜੇ ਵੀ ਦਿਲ ਵਿਚ
ਕਦੀ ਕਦੀ ਚੰਗਿਆੜਾ ਭੜਕੇ।

ਲੋ ਹੀ ਲੋ ਸੀ ਸੇਕ ਨਹੀਂ ਸੀ
ਦੇਖ ਲਿਆ ਮੈਂ ਜੁਗਨੂੰ ਫੜਕੇ।

ਜੋ ਗੱਲ ਤੈਥੋਂ ਕਹਿ ਨਾ ਹੋਈ
ਉਹ ਮੇਰੇ ਵੀ ਦਿਲ ਵਿਚ ਰੜਕੇ।

ਆਪਣੇ ਘਰ ਵਿਚ ਕੈਦ ਨੇ ਲੋਕੀ
ਦਿਨ ਕੱਟਦੇ ਜੋ ਅੰਦਰ ਵੜਕੇ।

ਜਾਨ ਰਹੀ ਨਾ ਤੇਰੇ ਬਾਝੋਂ
ਨਬਜ਼ ਤਾਂ ਚੱਲੇ ਦਿਲ ਵੀ ਧੜਕੇ।

7. ਘਰ

ਹੁਣ ਇਸ ਘਰ ਵਿਚ ਜੀ ਨਹੀਂ ਲੱਗਦਾ ।
ਸਾਰਾ ਦਿਨ ਤੱਕਿਆ ਅਸਮਾਨੀਂ
ਭੈ ਦੀਆਂ ਗਿਰਝਾਂ ਭੌਂਦੀਆਂ ਰਹੀਆਂ ।
ਰਵੀ ਅਸਤਿਆ
ਜਿੱਕਣ ਅਸਤ ਚੁਗਣ ਨੂੰ ਬੈਠਾ ।
ਅਜੇ ਇਹ ਕੇਹੀਆਂ ਸ਼ਾਮਾਂ ਪਈਆਂ,
ਖਬਰ ਨਹੀਂ ਹੈ ਕਿਹੜੇ ਰਾਹੀਂ
ਯਾਦ ਪਰਿੰਦਾ ਉੜਦਾ ਆਇਆ,
ਉੱਲੂ ਵਰਗਾ,
ਬੈਠਾ ਆਣ ਬਨੇਰੇ ਕਰਮਾਂ ਹਾਰੇ ।
ਡਾਇਣ ਜਹੀ ਰਾਤ ਕਲਮੂਹੀਂ
ਆਣ ਕੇ ਬੂਹਿਓਂ ਬਾਹਰ ਖੜ੍ਹੀ ਹੈ ।
ਕਾਹਨੂੰ ਦੀਪ ਜਗਾਵਾਂ ਐਵੇਂ
ਨਾ ਹੁਣ ਚੰਦਨ ਚੌਂਕੀ
ਨਾ ਹੁਣ ਸੋਨੇ ਗੜਵਾ ।
ਦੂਰ ਬੜੀ ਪਰ ਪਿੰਡ ਦੀ ਜੂਹ ਵਿਚ
ਸੋਗੀ ਕੁੱਤੇ ਰੋਂਦੇ ਸੁਣਦੇ ।
ਖੈਰ ਕਰੇ ਰੱਬ ਇਸ ਘਰ ਉੱਤੇ
ਭੀੜ ਬੜੀ ਦਿਸਦੀ ਹੈ ਭਾਰੀ ।
ਗੱਲ ਗੱਲ ਉਤੇ ਖਿਝ ਉਠਦੀ ਹੈ,
ਚਿਤ ਵਿਚ ਹਰ ਦਮ ਇੱਟ-ਖੜਿੱਕਾ ਰਹਿੰਦਾ
ਕਾਲਾ ਰੋਗ ਕਲੇਸ਼ ਦਾ ਜਿੰਦ ਨੂੰ ਲੱਗਾ
ਢੂੰਡ ਸਮੇਂ ਨੇ ਗੱਡਿਆ ਦਿਲ ਵਿਚ ਸੇਹ ਦਾ ਤੱਕਲਾ ।
ਇਹ ਘਰ ਕਿਸੇ ਜੁਗਤ ਨਹੀਂ ਸੋਹੰਦਾ,
ਕੱਲਰ ਹੋਈਆਂ ਕੰਧਾਂ ਉੱਤੇ
ਹੁਣ ਨਾ ਲੋਪਣ ਪੋਚੇ ਟਿਕਦੇ ਪੋਂਹਦੇ
ਖੁਰੀਆਂ ਨੀਹਾਂ, ਕੜਕਣ ਕੜੀਆਂ
ਹੁਣ ਨਹੀਂ ਕੋਠਾ ਝੱਲਣ ਜੋਗਾ
ਵੀਰਵਾਰ ਦੀਆਂ ਝੜੀਆਂ ।
ਹੇ ਮੇਰੇ ਮਨ,
ਜੇ ਨਹੀਂ ਫੇਰ ਏਸ ਦਰਵਾਜ਼ੇ
ਅੱਟੇ ਵਿਚ ਪਰੁੱਤੇ ਅੰਬ-ਪੱਤਿਆਂ ਦੇ ਸਿਹਰੇ ਬੱਝਣੇ
ਇਸ ਵਿਹੜੇ ਵਿਚ
ਫੇਰ ਕਦੀ ਜੇ ਕੋਈ ਚੌੰਕ ਪੂਰ ਨਹੀਂ ਹੋਣਾ
ਜੇ ਇਹ ਸਰਦਲ ਸੇਂਕ ਦੇ ਜੋਗੀ
ਇਸ ਤੇ ਤੇਲ ਕਿਸੇ ਨਹੀਂ ਚੋਣਾ
ਤਾਂ ਤੂੰ ਇਸ ਚੋਂ ਕੀ ਲੈਣਾ ਹੈ
ਕਲ੍ਹ ਢਹਿੰਦਾ ਤਾਂ ਅਜ ਢਹਿ ਜਾਵੇ ।
(ਰਵੀ=ਸੂਰਜ, ਅਸਤ=ਮੁਰਦੇ ਦੀਆਂ ਹੱਡੀਆਂ)

8. ਕਚ ਦੇ ਵਸਤਰ

ਇਹ ਜੋ ਅਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫਨਿਆਂ ਵਿੱਚੋਂ
ਪਹੁ ਫੁਟਦੀ ਦੇ ਨਾਲ ਜਾਗਦੇ
ਚਾਹ ਦੇ ਘੁੱਟਾਂ ਨਾਲ
ਕਾਲੀਆਂ
ਕੁੰਗੀ ਲਗੀਆਂ ਖਬਰਾਂ ਚਰਦੇ
ਰੋਸ਼ਨਦਾਨੇਂ ਝਾਕਦੀਆ ਕਿਰਨਾਂ ਤੋਂ ਡਰਦੇ
ਰੋਜ਼ੀ ਦੀ ਸੱਦ
ਪੱਕੀ ਸਾਨ੍ਹ ਸਮੇਂ ਦੀ
ਹੂੰਗੇ ਜਿਹਾ ਹੁੰਗਾਰਾ ਭਰਦੇ
ਸਾਰਾ ਦਿਨ ਦਫਤਰ ਵਿਚ
ਆਪਣੇ ਤੋਂ ਉਤਲੇ ਅਫਸਰ ਨੂੰ
ਜੀ ਜੀ ਕਰਦੇ
ਉਸਦਾ ਹਰ ਬੇਲੁਤਫ ਲਤੀਫਾ ਸੁਣਕੇ
ਹਾ ਹਾ ਹੀ ਹੀ ਕਰਦੇ
ਇਕ ਦੂਜੇ ਨੂੰ ਚੰਗੀ ਮੰਦੀ ਕਹਿੰਦੇ
ਅਤੇ ਮਤਹਿਤਾਂ ਤੋਂ ਆਦਰ ਦੀ ਝਾਕ ‘ਚ ਰਹਿੰਦੇ
ਕੁਰਸੀ ਉੱਤੇ
ਇੱਜ਼ਤ ਵਾਲੇ
ਕਚ ਦੇ ਵਸਤਰ ਪਾ ਕੇ ਬਹਿੰਦੇ
ਕਿਤੋਂ ਕਿਤੇ ਕੁਝ ਤਿੜਕ ਨਾ ਜਾਏ
ਹਰ ਦਮ ਸਹਿੰਮੇ
ਅੰਗਾਂ ਦਾ ਅਕੜੇਵਾਂ ਸਹਿੰਦੇ
ਹਾਲ ਦਾ ਮਸਲਾ ਪਿਛਲਾ ਕੋਈ ਹਵਾਲਾ ਮੰਗਦਾ
ਜ਼ਿਹਨ ਖੁਰਚਦੇ ਵਿਹੁ ਘੋਲਦੇ
ਫਿਰ ਯਾਦਾਂ ਦੀ ਮੈਲੀ ਬੋਝਲ ਮਿਸਲ ਫੋਲਦੇ
ਨਿੱਕੀ ਨਿੱਕੀ ਹਰ ਹਾਨੀ ਦੀ
ਤਿੱਖੀ ਤਿੱਖੀ ਚੋਭ ਲਕੋ ਕੇ
ਰੋਜ਼ੀ ਦੇ ਦਰ ਹੀਣੇ ਹੋ ਕੇ
ਬੀਤੀ ਕਲ੍ਹ ਨਾਲੋਂ ਵੀ ਥੁੜਦੇ
ਸ਼ਾਮ ਪਈ ਤੋਂ ਘਰ ਨੁੰ ਮੁੜਦੇ
ਬੱਚਿਆਂ ਦੀ ਦਿਲਜੋਈ ਨੂੰ ਉਤੋਂ ਮੁਸਕਾਉਂਦੇ
ਅੰਦਰੋਂ ਘਰ ਦੀਆਂ ਫੁਟਕਲ ਲੋੜਾਂ ਉੱਤੇ ਕੁੜ੍ਹਦੇ
ਘਰ ਵਾਲੀ ਦੀ ਮੱਥੇ ਵੱਟ ਨੂੰ ਘੜੀ ਝਕਾਨੀ ਦੇ ਕੇ
ਰੁੱਖੇ ਵਾਲਾਂ
ਮੈਲੇ ਦੰਦਾਂ ਵਾਲੇ
ਮਿਤਰਾਂ ਨਾਲ ਬੈਠਕੇ
ਕਾਲੀਆਂ ਕੁੰਗੀ ਲਗੀਆਂ ਖਬਰਾਂ ਚਿੱਥਦੇ
ਫੇਰ ਉਗਾਲੀ ਕਰਦੇ
ਕੋਈ ਅੱਖਰ ਲੜੇ ਜੀਭ ਤੇ
ਸੰਘ ਵਿਚ ਅੜੇ
ਛਾਂ ਤੱਤੀ ਕਾਫੀ ਦਾ ਘੁਟ ਭਰਦੇ
ਦਿਲ ਨੂੰ ਲਾਰਾ ਲੱਪਾ ਲਾਕੇ
ਰੋਜ਼ ਤਕਾਲੀਂ
ਰੌਲੇ ਰੱਪੇ ਦਾ ਇਕ ਗੰਦਾ ਛੱਪੜ ਤਰਦੇ
ਰਾਤੀਂ ਜੇ ਤਨ ਦੇ ਨੇਰ੍ਹੇ ਵਿਚ
ਇੱਛਾ ਦੀ ਕੋਈ ਕੂੰਬਲ ਉਗਦੀ
ਬੱਚਿਆਂ ਦੇ ਜਾਗਣ ਤੋਂ ਡਰਦੇ
ਹੌਲੀ ਹੌਲੀ
ਬੀਵੀ ਦੇ
ਥੱਕੇ
ਨਿੰਦਰਾਏ
ਅੰਗਾਂ ਤੋਂ ਵਸਤਰ ਸਰਕੌਂਦੇ
ਕੁਝ ਪਲ ਡੱਕੋ ਡੋਲੇ ਖਾਕੇ
ਇੱਛਾ ਦੀ ਕੂੰਬਲ ਕਮਲੌਂਦੀ
ਫਿਰ ਉਂਘਲੌਂਦੇ
ਚਿੰਤਾ-ਡੰਗੇ ਸੁਫਨਿਆਂ ਵਾਲੀ
ਲੰਮੀ ਰਾਤ ਦੇ ਰਾਹ ਪੈ ਜਾਂਦੇ
ਓਹੀ ਕਾਲੀ ਵਾਟ ਝਾਗਦੇ
ਪੋਹ ਫੁਟਦੀ ਦੇ ਨਾਲ ਜਾਗਦੇ
ਕੌਣ ਯਕੀਨ ਕਰੇਗਾ
ਇਹਨਾਂ
ਮਸਫੁਟਦੀ ਤੋਂ
ਮਹਿਕਦੀਆਂ ਲੋਚਾਂ ਦੀ ਕੱਚੀ ਰੁੱਤੇ
ਕਿਆਸਾਂ ਦੀ ਸਤਰੰਗੀ ਪੀਂਘ ਝੂਟਦੇ
ਜੁਗ ਪਲਟਾਣ ਦੀ ਸੌਹੰ ਖਾਧੀ ਸੀ
ਇਹਨਾਂ ਨੂੰ ਮਨਜ਼ੂਰ ਨਹੀਂ ਸਨ
ਸਮੇਂ ਸਥਾਨ ਦੀਆਂ ਸੀਮਾਵਾਂ
ਸਤਰੰਗੀਆਂ ਪੀਂਘਾਂ ਤੋਂ ਅੱਗੇ ਲੰਘ ਜਾਣ ਦੀ ਸੌਹੰ ਖਾਧੀ ਸੀ
ਇਹ ਜੋ ਅਜ ਕਲ੍ਹ
ਲੰਮੀ ਰਾਤ ਦੀ ਕਾਲੀ ਵਾਟ ਝਾਗਦੇ
ਚਿੰਤਾ-ਡੰਗੇ ਸੁਫਨਿਆਂ ਵਿੱਚੋਂ
ਪੋਹ ਫੁਟਦੀ ਦੇ ਨਾਲ ਜਾਗਦੇ।

9. ਔਝੜ

ਛੱਡ ਕੇ ਜੱਗ-ਭੀੜਾਂ-ਸਨਮਾਨੇ ਰਾਹਾਂ ਨੂੰ,
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ
ਇਹ ਪੈਂਡਾ ਹੈ ਮੱਲਿਆ ਸੁੰਨ-ਮਸਾਣਾ ਨੇ
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ।

ਤੇਜ਼ ਹਵਾਵਾਂ ਤੋੜ ਕੇ ਤੇਰੇ ਹੋਠਾਂ ਤੋਂ
ਤੇਰੇ ਬੋਲ ਖਲਾਵਾਂ ਵਿਚ ਗਵੌਣੇ ਨੇ,
ਪੈੜ ਨਹੀਂ ਪਲ ਰਹਿਣੀ ਤਪਦੀਆਂ ਰੇਤਾਂ ਨੇ
ਪੈਰ ਉਠਦਿਆਂ ਸਾਰ ਨਿਸ਼ਾਨ ਮਿਟੌਣੇ ਨੇ।

ਧੁਦਲ ਉਡ ਕੇ ਆਉਣੀ ਹੈ ਜੱਗ-ਰਾਹਾਂ ਦੀ
ਇਸ ਧੁਦਲ ਨੇ ਤੇਰਾ ਮੂੰਹ ਸਿਰ ਭਰਨਾ ਹੈ
ਤੇਰੇ ਦਿਲ ਦੀ ਸਾਰ ਕਿਸੇ ਨੂੰ ਹੋਣੀ ਨਹੀਂ
ਤੂੰ ਇਕਲਾਪਾ ਆਪਣੇ ਹੱਡੀਂ ਜਰਨਾ ਹੈ।

ਇਸ ਪੈਂਡੇ ਜੇ ਕੋਈ ਸਬੱਬੀਂ ਮਿਲਿਆ ਵੀ
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ
ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ
ਤੈਥੋਂ ਆਪਣੇ ਨਕਸ਼ੇ ਸਿਆਣੇ ਜਾਣੇ ਨਹੀਂ।

10. ਆਖਰ ਕਦੋਂ ਤਕ

ਕਦੋਂ ਤਕ
ਆਖਰ ਕਦੋਂ ਤਕ
ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ!

ਚਮਕਦੇ ਬੂਟਾਂ ਨੂੰ ਘੱਟੇ ਤੋਂ ਬਚੌਂਦਾ।
ਸੱਜੇ ਪਾਸੇ ਲੰਘਦੇ ਸਭ ਵਾਕਫਾਂ ਨੂੱ ਹੱਥ ਹਲੌਂਦਾ
ਝੂਠੀ ਮੂਠੀ ਮੁਸਕਰੌਂਦਾ
ਸੜਕ ਦੀ ਕਾਹਲੀ ਤੇ ਸੰਘਣੀ
ਭੀੜ ਤੋਂ ਬਚਦਾ

ਕਦੋਂ ਤਕ
ਹੌਲੀ ਹੌਲੀ
ਹਾਦਸੇ ਦੇ ਸਹਿਮ ਵਿਚ ਹੀ ਖੁਰੇਂਗਾ!

ਕਦੋਂ ਤਕ
ਲੱਭਦਾ ਰਹੇਂਗਾ
ਤੂੰ ਬਚਾਅ ਵਿਚ ਹੀ ਬਚਾਅ
ਜ਼ਾਬਤੇ ਦੀ ਜ਼ਰਬ ਖਾ ਖਾ
ਭੋਰਾ ਭੋਰਾ ਭੁਰੇਂਗਾ!

ਕਦੋਂ ਤਕ
ਆਖਰ ਕਦੋਂ ਤਕ
ਖੱਬੇ ਹੱਥ ਹੋ ਕੇ ਸੜਕ ਤੇ ਤੁਰੇਂਗਾ!

11. ਵਿੱਥ

ਨਾਅਰੇ ਲਾਉਂਦੀ
ਭੁੱਖੀ
ਭੜਕੀ
ਭੀੜ ਬਜ਼ਾਰੋਂ ਲੰਘ ਰਹੀ ਹੈ
ਸਿਰਜਣਹਾਰੇ ਹੱਥਾਂ ਦਾ ਹੱਕ ਮੰਗ ਰਹੀ ਹੈ।
ਰੋਟੀ ਖਾਂਦਾ
ਮੈਂ
ਢਾਬੇ ਦੀ ਚੂਲਾਂ-ਢਿੱਲੀ ਬੈਂਚ ਦੇ ਉੱਤੇ
ਖੜਾ ਹੋ ਗਿਆਂ
ਅੱਧ ਝੁਲਸਿਆ
ਢਿੱਡ ਏਥੇ ਹੈ
ਦਿਲ ਓਥੇ ਹੈ
ਤੇ ਸ਼ਰਮਿੰਦੀਆਂ ਨਜ਼ਰਾਂ ਨਾਲ
ਖੜੋਤਾ
ਹੱਕੀ ਰੋਹ ਦਾ ਜਲਵਾ ਦੇਖ ਰਿਹਾ ਹਾਂ।
ਨਾਲੇ ਸੋਚਾਂ
ਮੇਰੇ ਵਿਚ ਬਾਕੀ ਹੈ ਹਿੰਮਤ ਕਿੰਨੀ
ਏਸ ਬੈਂਚ ਤੋਂ ਓਸ ਭੀੜ ਤਕ
ਵਿੱਥ ਹੈ
ਸਿਰਫ ਨਮੋਸ਼ੀ ਜਿੰਨੀ।

12. ਹਰਜਾਈ

ਤਹਿਆਂ ਬਾਖ਼ੂਬੀ ਫਲੋਰਦਾ ਹੈ,
ਚਾਅ ਬਹੁਤ ਸੀ ਆਪ ਸੀ ਤੂੰ ਸੱਦਿਆ
ਪਹੁੰਚਿਆ ਤਾਂ ਦੇਖਿਆ ਅੱਗੋਂ ਰਕੀਬ
ਬੇਤਕਲੱਫ਼ ਢੁੱਕ ਢੁੱਕ ਬਹਿੰਦਾ ਕਰੀਬ
ਮੈਂ ਕੋਈ ਵਾਧੂ ਜਿਹੀ ਸ਼ੈਅ ਲੱਗਿਆ।

ਢੀਠ ਹੋ ਕੇ ਕੁਝ ਪਲ ਬੈਠਾ ਰਿਹਾ
ਫੇਰ ਚੁੱਕ ਲੀਤਾ ਜਿਸਮ ਆਪਣੇ ਦਾ ਭਾਰ
ਪਰ ਨਹੀਂ ਸੀ ਤੂੰ ਰਤਾ ਵੀ ਸ਼ਰਮਸਾਰ
ਬਾਹਰ ਬੂਹੇ ਕੋਲ ਆ ਕੇ ਜਦ ਕਿਹਾ,
‘ਕੀ ਕਰੇ ਕੋਈ ਏਹੋ ਜਿਹੇ ਇਨਸਾਨ ਦਾ
ਖ਼ਬਰੇ ਕੀ ਆਇਆ ਏ ਦਿਲ ਵਿਚ ਧਾਰ ਕੇ
ਬਹਿ ਗਿਆ ਏਦਾਂ ਪਲੱਥਾ ਮਾਰ ਕੇ
ਨਾਂ ਹੀ ਲੈਂਦਾ ਨਹੀਓਂ ਉਠ ਕੇ ਜਾਣ ਦਾ।

ਦਿਲ ਹੈ ਹੁਣ ਤੈਨੂੰ ਸਤੌਣਾ ਲੋਚਦਾ
ਇਹ ਸ਼ਕਲ ਕੀ ਹੋ ਗਈ ਹੈ ਪਿਆਰ ਦੀ
ਮੁੱਕ ਗਈ ਜੋ ਗੱਲ ਸੀ ਇਤਬਾਰ ਦੀ
ਪਰਤਿਆ ਤੇਰੇ ਘਰੋਂ ਇਹ ਸੋਚਦਾ,
‘ਓਸ ਨੂੰ ਵੀ ਆਖਿਆ ਹੋਣਾ ਜ਼ਰੂਰ
ਐਵੇਂ ਅਣ-ਸੱਦਿਆ ਕੁਵੇਲੇ ਆ ਗਿਆ
ਪਿਆਰ ਵਿਚ ਦੋ ਪਲ ਵਿਘਨ ਜੇ ਪਾ ਗਿਆ
ਆਪ ਸੋਚੋ ਮੇਰਾ ਇਸ ਵਿਚ ਕੀ ਕਸੂਰ
ਓਸ ਨੂੰ ਵੀ ਆਖਿਆ ਹੋਣਾ ਜ਼ਰੂਰ।’

13. ਨੀਂਹ ਪੱਥਰ

ਸੰਗਮਰਮਰ ‘ਤੇ ਉੱਕਰੇ
ਅੱਖਰ ਝੂਠ ਬੋਲਦੇ
ਪਹਿਲਾ ਟੱਕ ਮਜ਼ਦੂਰ ਦੇ
ਅਟਣਾਏ ਹੱਥਾਂ ਨੇ ਲਾਇਆ।

ਸਭ ਤੋਂ ਪਹਿਲਾਂ
ਓਸ ਦੀ ਘਰ ਵਾਲੀ ਨੇ ਇੱਟਾਂ ਢੋਈਆਂ
ਮੂੰਹ ਤੇ ਘੁੰਡ, ਇੰਝਾਣਾਂ ਪਿੱਠ ‘ਤੇ
ਕੰਧਾਂ ਸਿਰ ਤੱਕ ਚੁੱਕੀਆਂ।

ਜਿਸ ਦਿਨ ਮਹਾਂਪੁਰਸ਼ ਨੇਤਾ ਨੇ
ਢਿੱਡਲ ਠੇਕੇਦਾਰਾਂ
ਹਿੱਸੇਦਾਰ ਅਫ਼ਸਰਾਂ
ਤੇ ਆਪਣੇ ਸ਼ਰਧਾਵਾਨਾਂ ਦੀ ਭੀੜ ਸਜਾ ਕੇ
ਗੱਲ ਫੁੱਲਾਂ ਦੇ ਹਾਰ ਪੁਆ ਕੇ
ਸਿੱਕੇ ਸੰਗ ਉਕਰੇ ਹੋਏ ਸੰਗਮਰਮਰ ਨੂੰ
ਆਪਣੇ ਕੋਮਲ ਕਰ ਕਮਲਾਂ ਦੀ ਛੁਹ ਬਖ਼ਸ਼ੀ ਸੀ
ਸ਼ਰਧਾਵਾਨ
ਮਹਿਮਾ ਵਜੋਂ ਤਾੜੀਆਂ ਲਾਈਆਂ
ਫੁੱਲ-ਪੱਤੀਆਂ ਬਰਸਾਈਆਂ
ਇਸ ਨੀਂਹ-ਪੱਥਰ ਦੀ ਅਸਲੀਅਤ
ਹੱਥਾਂ ਦੇ ਅੱਟਣਾਂ ਤੋਂ ਪੁੱਛੋ
ਸੰਗਮਰਮਰ ‘ਤੇ ਉਕਰੇ ਅੱਖਰ ਝੂਠ ਬੋਲਦੇ।

14. ਗੀਤ-ਗੁਰੂ ਨੇ ਸਮਝਾਇਆ

ਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ।
ਧਰਮ ਸਾਰੇ ਪਵਿੱਤਰ ਨੇ, ਕਰੋ ਹਰ ਧਰਮ ਦਾ ਆਦਰ।
ਤਿਲਕ-ਜੰਞੂ ਜੁੜੇ ਹੋਏ ਇਕ ਧਰਮ ਨਾਲ ਠੀਕ ਨੇ ਦੋਵੇਂ,
ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ।
ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ,
ਅਸੀਂ ਜਿਊਂਦੇ ਹਾਂ ਹਿੰਦ ਖਾਤਰ, ਇਹੋ ਹੀ ਜਿੰਦ ਸਾਡੀ ਹੈ।
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ।
ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ।
(ਅਧੂਰੀ ਰਚਨਾ)

15. ਗੀਤ-ਰੇਲ ਗੱਡੀ

ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।

ਮਾਰ ਦੀ ਫੱਰਾਟੇ ਚੱਲ ਫਕ ਫਕ ਫਕ ਫਕ
ਹੋਵੇ ਤੇਜ਼ ਧੁੱਪ ਭਾਵੇਂ ਘਟਾ ਘਨਘੋਰ ਨੀ।
ਕਿੰਨਾ ਭਾਰ ਚੁੱਕ ਚੱਲੇਂ ਕਿੰਨੀ ਤਿੱਖੀ ਤੋਰ ਨੀ।
ਅੱਗ ਪਾਣੀ ਰਲ ਪੈਦਾ ਕੀਤਾ ਏਨਾ ਜੋਰ ਨੀ
ਕਿੱਦਾਂ ਇਹਨੂੰ ਰੱਖਦੀ ਏਂ ਹਿਕ ਵਿਚ ਡਕ ਡਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।

ਕਿਤੇ ਅੱਧੀ ਰਾਤ ਕਿਤੇ ਬ੍ਹਾਨ ਹੈ ਦੁਪਹਿਰ ਦੀ।
ਮਿਥਿਆਂ ਟਿਕਾਣਿਆਂ 'ਤੇ ਘੜੀ ਪਲ ਠਹਿਰਦੀ।
ਦੂਰ ਦੂਰ ਸਾਰ ਲੈਂਦੀ ਰੋਜ਼ ਸ਼ਹਿਰ ਸ਼ਹਿਰ ਦੀ
ਰੁਕਣਾ ਨਾ ਕਦੀ ਕਿਤੇ ਹੰਭ ਹਾਰ ਥੱਕ ਥੱਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ।

ਮਾਰਦੀ ਖੰਘੂਰਾ ਕਿਤੇ ਹੌਲੀ ਹੌਲੀ ਖੰਘਦੀ।
ਪੁੱਲਾਂ ਉਤੋਂ, ਜੰਗਲਾਂ 'ਚੋਂ, ਸੁਰੰਗਾਂ 'ਚੋਂ ਲੰਘਦੀ।
ਆਪਣੇ ਮੁਸਾਫ਼ਰਾਂ ਦੀ ਖ਼ੈਰ ਸੁੱਖ ਮੰਗਦੀ
ਕੌਲਾਂ ਇਕਰਾਰਾਂ ਨੂੰ ਨਿਭਾਉਂਦੀ ਚੱਲ ਪੱਕ ਠੱਕ
ਚੱਲ ਰੇਲ ਗੱਡੀਏ ਨੀ ਛੁਕ ਛਕ ਛਕ ਛਕ

16. ਰਾਵੀ ਬਿਆਸ ਜਾਂ ਜੇਹਲਮ ਚਨਾਬ ਦੀ ਗੱਲ-ਗਜ਼ਲ

ਰਾਵੀ ਬਿਆਸ ਜਾਂ ਜੇਹਲਮ ਚਨਾਬ ਦੀ ਗੱਲ
ਰਾਵੀ ਕਰੇ ਹੁਣ ਕਿਹੜੇ ਪੰਜਾਬ ਦੀ ਗੱਲ?

ਪੱਤੀ ਪੱਤੀ ਵਲੂੰਧਰੀ ਗਈ ਉਸ ਦੀ
ਸਰਫ਼ ਕਰਦਾ ਸੀ, ਜਿਹੜੇ ਗੁਲਾਬ ਦੀ ਗੱਲ।

ਪਾਜ ਖੁੱਲ੍ਹ ਜਾਵੇ ਘਾਲਿਆਂ ਮਾਲਿਆਂ ਦਾ,
ਬਹਿ ਕੇ ਲੋਕ ਜੇ ਕਰਨ ਹਿਸਾਬ ਦੀ ਗੱਲ।
(ਅਧੂਰੀ ਰਚਨਾ)

17. ਉਹ ਜਦੋਂ ਮੇਰੇ ਨਾਲ ਹੁੰਦਾ ਹੈ-ਗਜ਼ਲ

ਉਹ ਜਦੋਂ ਮੇਰੇ ਨਾਲ ਹੁੰਦਾ ਹੈ,
ਅਜਬ ਦੋਹਾਂ ਦਾ ਹਾਲ ਹੁੰਦਾ ਹੈ।

ਉਸ ਦਾ ਵਖਰਾ ਜਵਾਬ ਹਰ ਵਾਰੀ
ਮੇਰਾ ਓਹੀਓ ਸਵਾਲ ਹੁੰਦਾ ਹੈ।

ਇਸ਼ਕ ਨ੍ਹਈਂ ਮੇਰੇ ਵੱਸ ਤਾਂ ਉਸ ਤੋਂ,
ਹੁਸਨ ਕਿਹੜਾ ਸੰਭਾਲ ਹੁੰਦਾ ਹੈ।
(ਅਧੂਰੀ ਰਚਨਾ)

18. ਸ਼ੁਭ-ਇਛਾਵਾਂ

ਭਾਰਤ ਦੇ ਦਿਲ
ਦਿੱਲੀ ਸ਼ਹਿਰ 'ਚ ਵਸਦੇ ਯਾਰਾ
ਹੈ ਰਸਮਾਂ ਦਾ ਭਾਈਚਾਰਾ
ਮਿਲ ਗਈਆਂ ਨੇ
ਮਿਲੀਆਂ ਕੁਝ ਪਛੜ ਕੇ ਭਾਵਾਂ
ਤੂੰ ਜੋ ਘੱਲੀਆਂ ਨਵੇਂ ਸਾਲ ਦੀਆਂ ਸ਼ੁਭ-ਇਛਾਵਾਂ।
ਮੈਂ ਸ਼ਰਮਿੰਦਾ
ਜੋ ਇਸ ਵਾਰੀ
ਰੰਗ-ਬਰੰਗੇ ਫੁੱਲਾਂ ਵਾਲਾਂ
ਛਪਿਆ ਰਸਮੀ ਖ਼ਤ ਨਹੀਂ ਪਾਇਆ
ਉਂਜ ਮੈਂ ਪਿਛਲੇ ਸਾਲ ਵਾਂਗ ਹੀ
ਇਸ ਵਾਰੀ ਹੀ ਚਾਹਿਆ
ਨਵੇਂ ਸਾਲ ਤੂੰ ਮੌਜਾਂ ਮਾਣੇ
ਬਿਜਲੀ ਪਾਣੀ ਦੁਧ ਮਿੱਟੀ ਦਾ ਤੇਲ ਖੰਡ ਸਬਜ਼ੀ ਤੇ ਆਟਾ
ਕਿਸੇ ਚੀਜ਼ ਦਾ ਰਹੇ ਨਾ ਘਾਟਾ
ਏਸ ਸਾਲ ਵਿਚ
ਘਰ ਤੋਂ ਦਫ਼ਤਰ ਅਤੇ ਦਫ਼ਤਰੋਂ ਘਰ ਨੂੰ
ਰੋਜ਼ ਸੁਵਖਤੇ ਬਸ ਮਿਲ ਜਾਵੇ
ਬਹੁਤਾ ਚਿਰ ਨਾ ਖੜ੍ਹਨਾ ਪਏ ਪਾਲ ਵਿਚ
ਚੜ੍ਹਦੇ ਸਾਲ 'ਚ ਤੈਨੂੰ ਕੋਈ ਨਾ ਤੰਗੀ ਹੋਵੇ
ਵਧਦੇ ਭਾਵਾਂ ਜਿੰਨੀ ਹੀ ਤਨਖਾਹ ਵਧ ਜਾਏ
ਤੇ ਇਸ ਵਾਰ ਦੀ ਏ.ਸੀ.ਆਰ. ਵੀ ਚੰਗੀ ਹੋਵੇ
ਆ ਜਾਏ ਸਰਕਾਰੀ ਕੋਟੇ ਵਿਚੋਂ ਵਾਰੀ
ਦਫ਼ਤਰ ਲਾਗੇ ਘਰ ਮਿਲ ਜਾਵੇ
ਵਿਚੋਂ ਇਕ ਕਮਰੇ ਲਈ ਬਾਇਤਬਾਰ ਕਰਾਏਦਾਰ ਵੀ
ਪੁੱਤਰ ਨੂੰ ਰੁਜ਼ਗਾਰ ਤੇ ਧੀ ਨੂੰ ਸਰਦਾ ਪੁਜਦਾ ਵਰ ਮਿਲ ਜਾਵੇ
ਜੇ ਹੁਣ ਤੀਜੀ ਐਮ.ਏ.ਕਰਦੀ
ਮੀਆਂ ਬੀਵੀ ਦੇ ਵਿਚਕਾਰ
ਹੋਏ ਨਾ ਕੋਈ ਗੱਲ ਰੋਸ ਦੀ
ਤੇ ਜੋ ਪਿੰਡ ਦੀ
ਕਿਸੇ ਨਿਗੂਣੀ ਜਾਇਦਾਦ ਦੀ
ਕਿਸੇ ਕਚਹਿਰੀ ਵਿਚ
ਅਪੀਲ ਚਿਰੋਕੀ ਅੜੀ ਪਈ ਹੈ
ਨਵੇਂ ਸਾਲ ਵਿਚ ਨਿਕਲ ਆਏ ਤਰੀਕ ਓਸਦੀ
ਜੇ ਮੈਂ ਤੈਨੂੰ
ਛਪਿਆ ਰਸਮੀ ਖੱਤ ਨਹੀਂ ਪਾਇਆ
ਇਹ ਨਾ ਸਮਝੀਂ ਮਨੋਂ ਭੁਲਾਇਆ
ਕੀ ਕੀ ਦੱਸਾਂ
ਇਸ ਵਾਰੀ ਵੀ
ਮੈਂ ਤੇਰੇ ਲਈ ਕੀ ਕੀ ਚਾਹਿਆ।

19. ਦਰਦ-ਸੁਨੇਹਾ

ਰੁਠਿਓ ਸੱਜਣੋ
ਵੇਲਾ ਅਜੇ ਵੀ ਪਛੋਤਾਈਏ
ਟੁੱਟੇ ਦਿਲ
ਜੋੜਨ ਦੀ ਕੋਈ ਜੁਗਤ ਬਣਾਈਏ।
ਇਹ ਧਰਮਾਂ ਭਰਮਾਂ ਦੀ ਹੱਟ ਸਜਾ ਕੇ
ਕੀ ਵੱਟਿਆ ਹੈ?
ਵਿਤਕਰਿਆਂ ਦੇ ਵਣਜੋਂ ਕੀ ਖੱਟਿਆ ਹੈ?
ਨੇਰ੍ਹੀ ਜੂਨ 'ਚ
ਵਿਲਕਦੀਆਂ ਅੱਖੀਆਂ ਦੀ
ਰੋ ਰੋ ਹਿਸਦੀ ਜੋਤ ਜਗਾ ਕੇ
ਬਾਹਵਾਂ ਅੱਡ
ਉਡੀਕਦੀਆਂ ਪੁੱਤਰਾਂ ਨੂੰ ਮਾਵਾਂ
ਮੱਥਿਆਂ ਉਤੋਂ
ਬਿੰਦੀਆਂ ਵਾਂਗ ਪੂੰਝ ਤਕਦੀਰਾਂ
ਵੰਗਾਂ ਚੂੜੇ ਭੰਨ ਕੇ
ਪੈਨਸ਼ਨ ਦੇ ਚੱਕਰ ਵਿਚ
ਦਫਤਰ ਦਫਤਰ
ਭਟਕਦੀਆਂ ਸੋਗੀ ਵਿਧਵਾਵਾਂ
ਦਿਲਾਂ 'ਚ ਦੱਬੇ ਮੋਏ ਚਾਅ ਅਣਮਾਣੇ
ਹੁੰਦੇ ਜਾਣ ਅਵਾਰਾ
ਸੁਰਤ ਸੰਭਾਲਣ ਤੋਂ ਪਹਿਲਾਂ ਹੀ
ਹੋਏ ਯਤੀਮ ਮਾਸੂਮ ਅੰਝਾਣੇ।
ਇਹ ਮਾਰੀ ਹੈ ਮੱਲ ਆਪਾਂ ਨੇ
ਇਹ ਕੀਤੀ ਨਫਰਤ ਦੀ ਖੱਟੀ।
ਕਿਉਂ ਹਾਲੇ ਵੀ
ਬਗਲੀ ਬਦਲੇ ਦੀ ਬਿਜਲੀ ਲੈ
ਬੱਦਲਾਂ ਵਾਂਗੂ ਗੱਜੀਏ
ਅੜਦੇ ਖਹਿੰਦੇ
ਟੱਕਰ ਖਾ ਖਾ ਡਿੱਗੀਏ
ਟੁਟੀਏ ਭੱਜੀਏ।
ਆਓ ਅਜੇ ਵੀ
ਇਕ ਸੁਰ ਸਾਂਝਾ ਕਰੀਏ ਦੁੱਖ-ਸੁੱਖ
ਪਿਆਰ ਦੀ ਭਾਜੀ ਲੈ ਕੇ ਆਈਏ
ਦਰਦ ਭਿਆਲੀ ਪਾਈਏ।
ਕੀ ਕਹਿੰਦੇ ਹੋ?
ਕਿੰਜ ਆਗਾਜ਼ ਹੋਏਗਾ?
ਮੋੜ ਲਿਆਈਏ ਹੋਸ਼
ਇਕ ਦੂਜੇ ਦੇ ਨੈਣਾਂ ਵਿਚ ਝਾਕੀਏ
ਤੇ ਸ਼ਰਮਿੰਦੇ ਹੋਈਏ
ਲਹੂ-ਪਲੱਥੇ ਹੱਥ ਹੰਝੂਆਂ ਦੇ ਵਿਚ ਧੋਈਏ
ਆਪੋ ਆਪਣਾ ਦੋਸ਼
ਆਪਣੀ ਝੋਲੀ ਪਾਈਏ
ਇਕੋ ਪਾਲ 'ਚ ਖੜ੍ਹ ਕੇ
'ਇਕੋ ਰੰਗ ਕਪਾਹੀ ਦਾ, ਸਭ ਇਕੋ ਰੰਗ ਕਪਾਹੀ ਦਾ'
ਆਪਣੀ ਸਾਂਝੀ ਬੋਲੀ ਦੇ ਵਿਚ
ਬੁਲ੍ਹੇਸ਼ਾਹ ਦੀ ਕਾਫੀ ਗਾਈਏ
ਤੇ ਬੁੱਲੇ ਤੋਂ ਪਹਿਲਾਂ ਦਾ ਵੀ
'ਖੁਰਾਸਾਨ ਵਸਮਾਨਾ ਕੀਆ ਹਿੰਦੁਸਤਾਨ ਡਰਾਇਆ'
ਪੜ੍ਹੀਏ
'ਏਤੀ ਮਾਰ ਪਈ ਕੁਰਲਾਣੇ,'
ਤੈਂ ਕੀ ਦਰਦ ਨਾ ਆਇਆ ਪੜ੍ਹੀਏ
ਧਰਤੀ ਮਾਂ ਤੋਂ
ਡੋਹਲੀ ਰੱਤ ਦੀ ਭੁੱਲ ਬਖਸ਼ਾਈਏ।
ਰੁੱਠਿਓ ਸਜਣੋਂ
ਵੇਲਾ ਅਜੇ ਵੀ ਪਛੋਤਾਈਏ
ਭੱਜੀਆਂ ਬਾਹਾਂ ਪੈਣ ਗੱਲਾਂ ਵਿਚ
ਟੁੱਟੇ ਦਿਲ ਜੋੜਨ ਦੀ ਕੋਈ ਜੁਗਤ ਬਣਾਈਏ।

20. ਮੋਮਜਾਮਾ

ਪੌਹ ਫੁਟਾਲੇ
ਮੇਹਤਰਾਂ ਦੀ ਮਦਦ ਨਾਲ
ਰੇਹੜੇ ਉੱਤੇ ਲਾਸ਼ ਲੱਦੀ ਜਾ ਰਹੀ ਸੀ
ਗਲ 'ਚ ਖੁੱਲ੍ਹੇ ਵਾਲ
ਪਤਨੀ ਪਿੱਟਦੀ ਦੋਹਥੱੜੀ ਕੁਰਲਾ ਰਹੀ ਸੀ
ਫਰਜ਼-ਬੱਧੀਆਂ ਕੁਝ ਨਰਸਾਂ ਸਨ ਉਦਾਲੇ
ਵੱਡੇ ਪੁੱਤਰ ਦੇ ਕਲਾਵੇ ਵਿਚ ਮਾਂ ਬੇਹੋਸ਼ ਸੀ
ਕੀ ਕਿਸੇ ਦਾ ਦੋਸ਼ ਸੀ।
ਲਾਸ਼ ਲੱਦੀ ਗਈ ਤਾਂ
ਇਕ ਚੁਕੰਨੀ ਨਰਸ ਨੇ ਕੋਲੋਂ ਕਿਹਾ
ਨਾਲ ਚਲਿਆ ਜਾਏ ਨਾ
ਮੋਮਜਾਮਾ ਲਾਸ਼ ਦੇ ਹੇਠਾਂ ਰਿਹਾ
ਮਰਨ ਵਾਲੇ ਦੇ ਪਿਉ ਨੇ
ਆਪਣੇ ਪੁੱਤਰ ਦੇ ਹੇਠੋਂ
ਮਲਕ ਜਹੇ ਖਿਸਕਾ ਲਈ
ਉਹ ਸਫਾ-ਖਾਨੇ ਦੀ ਚੀਜ਼
ਬਿਰਧ ਸੋਗੀ ਕੰਬਦੇ ਹੱਥਾਂ ਦੇ ਵਿਚੋਂ
ਉਸ ਚੁਕੰਨੀ ਨਰਸ ਦੇ ਪੈਰਾਂ ਦੇ ਉਤੇ ਡਿੱਗ ਪਈ
ਮੱਥੇ ਤੇ ਪਾ ਕੇ ਤਿਊੜੀ
ਜਾਣ ਲੱਗੇ ਰੇਹੜੇ ਵੱਲ ਨੂੰ ਘੂਰ ਕੇ ਉਸਨੇ ਕਿਹਾ
ਬਦਤਮੀਜ਼।

21. ਸਿੱਕੇ ਦੇ ਦਾਗ

ਆਓ ਦੋ ਪਲ
ਹੁਣ ਸਭ ਧੰਦਿਆਂ ਤੋਂ ਬਚ ਕੇ
ਗਹਿਮਾ ਗਹਿਮੀ ਭਰੇ ਬਾਜ਼ਾਰਾਂ ਥਾਣੀਂ
ਤਵਾਰੀਖ ਦੇ ਤੰਗ ਰਾਹਾਂ 'ਚੋਂ ਲੰਘ ਕੇ
ਹਰਮੰਦਰ ਸਾਹਿਬ ਦੇ ਨੇੜੇ
ਇੱਕ ਖੁੱਲ੍ਹੇ ਮੈਦਾਨ 'ਚ ਫੇਰਾ ਪਾਈਏ
ਇਸ ਧਰਤੀ ਨੂੰ ਸੀਸ ਨਿਵਾਈਏ
ਇਸ ਮਿੱਟੀ ਦੀ ਚੁਟਕੀ ਮੱਥੇ ਲਾਈਏ
ਇਸ ਮੈਦਾਨ ਦੇ ਚੌਹੀਂ ਪਾਸੀਂ
ਕੁਝ ਨਿੱਕੀਆਂ ਤੇ ਕੁਝ ਵੱਡੀਆਂ ਇੱਟਾਂ
ਬਹੁ ਮੰਜ਼ਲੇ ਘਰ ਵਸਦੇ ਰਸਦੇ
ਜਿਨਾਂ ਦੀਆਂ ਕੰਧਾਂ 'ਤੇ ਲੱਗੇ
ਇਹ ਸਿੱਕੇ ਦੇ ਜ਼ਖਮ ਪੁਰਾਣੇ
ਸਾਨੂੰ ਸਾਡੇ ਸੰਘਰਸ਼ਾਂ ਦੀ ਵਿਥਿਆ ਦਸਦੇ
ਇਹ ਪੱਥਰ ਦੀ ਲਾਟ ਨਿਸ਼ਾਨੀ
ਓਸ ਅਜ਼ਮ ਦੀ
ਜਿਸਨੂੰ ਅਤਿਆਚਾਰ ਕਹਿਰ ਦੇ ਠੱਕੇ
ਝੱਖੜ
ਕਦੀ ਬੁਝਾ ਨਹੀਂ ਸਕੇ
ਅਸੀਂ ਹਾਂ ਜਿਸ ਬੂਟੇ ਦੀ
ਚਿਤਕਬਰੀ ਜਹੀ ਛਾਵੇਂ ਬੈਠੇ
ਸਾਡੇ ਬੱਚਿਆਂ
ਜਿਸਦਾ ਮਿੱਠਾ ਫਲ ਖਾਣਾ ਹੈ
ਇਸ ਮੈਦਾਨ 'ਚ ਉਸ ਬੂਟੇ ਨੂੰ
ਸਾਡੇ ਵੱਡਿਆਂ
ਹਿੰਦੂਆਂ,ਸਿੱਖ ਅਤੇ ਮੋਮਨਾਂ
ਸਾਂਝੀ ਰੱਤ ਪਾ ਕੇ ਸਿੰਜਿਆ ਸੀ
ਆਪ ਵਿਸਾਖੀ ਸਾਖੀ ਹੋਈ
ਐਤਵਾਰ ਦੇ ਲੌਢੇ ਵੇਲੇ
ਜਦ ਹੰਕਾਰੇ ਹਾਕਮ ਨੇ ਸੀ
ਜਬਰ ਜ਼ੁਲਮ ਦੀ ਵਾਢੀ ਪਾਈ
ਪਲਾਂ ਛਿਨਾਂ ਵਿਚ
ਬੇਦੋਸ਼ੇ ਮਾਸੂਮ ਨਿਹੱਥੇ
ਜਿਸਮਾਂ ਦੇ ਸੀ ਸੱਥਰ ਲੱਥੇ
ਪਰ ਜਿਸਮਾਂ ਦੇ ਅੰਦਰ ਬਲਦੀ
ਲਾਟ ਕਦੀ ਨਹੀਂ ਮੱਧਮ ਹੁੰਦੀ
ਤੇ ਸਿੱਕੇ ਦੀ ਵਾਛੜ ਵਿਚ ਵੀ
ਸੱਚ ਕਦੀ ਨਾ ਜ਼ਖਮੀ ਹੁੰਦਾ
ਤੇ ਆਦਰਸ਼ ਕਦੀ ਨਾ ਮਰਦੇ
ਇਹ ਸਿੱਕੇ ਦੇ ਦਾਗ ਨਹੀਂ ਹਨ
ਜਲ੍ਹਿਆਂਵਾਲੇ ਬਾਗ ਦੀਆਂ ਕੰਧਾਂ ਦੇ ਉੱਤੇ
ਉਕਰਿਆ ਇਤਿਹਾਸ ਹੈ ਸਾਡਾ।
ਇਸ ਮੈਦਾਨ 'ਚ ਲਹੂ ਦੇ ਸਿੰਜੇ
ਫੁੱਲਾਂ ਨੇ ਨਿੱਤ ਮੁਸਕਾਣਾ ਹੈ
ਏਸ ਬਿਰਛ ਨੇ ਹੈ ਹਾਲੀ ਘਣਛਾਵਾਂ ਹੋਣਾਂ
ਸਾਡੇ ਬੱਚਿਆਂ
ਜਿਸਦਾ ਮਿੱਠਾ ਫਲ ਖਾਣਾ ਹੈ।

22. ਕਾਗਜ਼ ਦੇ ਫੁੱਲਾਂ ਨੂੰ ਅਤਰ ਦਾ ਫੰਬਾ ਲਾਈਏ-ਗਜ਼ਲ

ਕਾਗਜ਼ ਦੇ ਫੁੱਲਾਂ ਨੂੰ ਅਤਰ ਦਾ ਫੰਬਾ ਲਾਈਏ।
ਇਸ ਮੌਸਮ ਵਿਚ ਏਦਾਂ ਹੀ ਕਮਰਾ ਮਹਿਕਾਈਏ।

ਕੈਸੇ ਸ਼ੀਸ਼-ਮਹੱਲ ਵਿਚ ਕੀਤਾ ਕੈਦ ਅਸਾਨੂੰ,
ਅਕਸ ਪਕੜਦੇ ਕੰਧਾਂ ਤੋਂ ਮੱਥੇ ਭਨਵਾਈਏ।

ਕੀ ਪੁੱਛਦੇ ਹੋ ਹਾਲ ਤਕਾਲੀਂ ਹਾਰੇ ਹੁੱਟੇ,
ਥੱਕੇ ਟੁੱਟੇ ਜਿਸਮ ਘਸੀਟ ਘਰੀਂ ਲੈ ਜਾਈਏ।

ਰਾਹ ਦੀ ਰੌਣਕ ਵਿਚ ਉਲਝ ਕੇ ਭੁੱਲ ਬੈਠੇ ਹਾਂ,
ਘਰੋਂ ਤੁਰੇ ਸੀ ਬੰਨ ਕੇ ਕਿਸ ਮੰਜ਼ਲ ਦੇ ਦਾਈਏ।

ਦਿਲ ਵਿਚ ਕੰਡਿਆਂ ਵਾਂਗੂੰ ਚੁੱਭਣ ਤੇਰੀਆਂ ਗੱਲਾਂ,
ਫੁੱਲਾਂ ਵਾਂਗੂੰ ਚੁੱਪ ਚਾਪ ਸੁਣੀਏ ਮੁਸਕਾਈਏ।

ਵਕਤ ਦੇ ਪੈਰਾਂ ਹੇਠ ਨਾ ਵਿਛੀਏ ਸੜਕਾਂ ਵਾਂਗੂੰ,
ਗੜ੍ਹਕਦਿਆਂ ਬੱਦਲਾਂ ਦੇ ਵਾਂਗੂ ਸਿਰ ਤੇ ਛਾਈਏ।

23. ਘਰ ਘਰ ਵਿਚ ਹਨ੍ਹੇਰਾ ਹੈ-ਗਜ਼ਲ

ਘਰ ਘਰ ਵਿਚ ਹਨ੍ਹੇਰਾ ਹੈ।
ਕਿਹੋ ਜਿਹਾ ਸਵੇਰਾ ਹੈ।

ਦਿਨ ਦਫਤਰ ਵਿਚ ਕਟਦੇ ਹਾਂ
ਘਰ ਤਾਂ ਰੈਣ-ਬਸੇਰਾ ਹੈ।

ਰੂਹ ਦਾ ਜ਼ਿਕਰ ਨਾ ਕਰਿਆ ਕਰ
ਦੇਹ ਦਾ ਦੁੱਖ ਬਥੇਰਾ ਹੈ।

ਇਕੋ ਘਰ ਦੇ ਜੀਆਂ ਦਾ
ਵੱਖੋ ਵੱਖਰਾ ਘੇਰਾ ਹੈ।

ਏਥੇ ਕੁਝ ਵੀ ਆਪਣਾ ਨਹੀਂ
ਸਭ ਕੁਝ ਤੇਰਾ ਮੇਰਾ ਹੈ।

ਕੰਡਿਆਂ ਵਿਚ ਮੁਸਕੌਂਦੇ ਨੇ
ਫੁੱਲਾਂ ਦਾ ਹੀ ਜੇਰਾ ਹੈ।

24. ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ-ਗ਼ਜ਼ਲ

ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ।
ਉਹ ਵੀ ਅਸਲ 'ਚ ਅੰਦਰੋਂ ਰੁੱਸੇ ਲੜੇ ਰਹੇ।

ਹੁੰਦਾ ਪਰ੍ਹੇ 'ਚ ਸੀ ਨਿਤਾਰਾ ਝੂਠ ਸੱਚ ਦਾ
ਕੁਝ ਲੋਕ ਬੂਹੇ ਭੀੜ ਕੇ ਅੰਦਰ ਵੜੇ ਰਹੇ।

ਕੀਤੀ ਕਦੋਂ ਹੈ ਢਿਲ ਤਸੀਹੇ ਦੇਣ ਵਾਲਿਆਂ
ਪਰ ਸਿਦਕ ਵਾਲੇ ਆਪਣੀ ਗੱਲ ਤੇ ਅੜੇ ਰਹੇ।

ਕਰੀਏ ਕਿਸੇ ਤੇ ਕੀ ਗਿਲਾ ਕਿ ਦਿਲ ਅਤੇ ਦਿਮਾਗ
ਹਰ ਔਖ ਵੇਲੇ ਆਪੋ ਵਿਚ ਹੀ ਖਹਿਬੜੇ ਰਹੇ।

ਕੀ ਕਹੀਏ ਕਿੰਜ ਦਰਦ ਦੀ ਦੌਲਤ ਨੂੰ ਸਾਂਭਿਆ
ਐਵੇਂ ਹੀ ਚੁੱਪ ਦੇ ਜੰਦਰੇ ਜੜੇ ਰਹੇ।

ਮੈਥੋਂ ਹੀ ਮੁੱਲ ਟੁੱਕ ਨਾ ਹੋਇਆ ਜ਼ਮੀਰ ਦਾ
ਉਂਜ ਲੋੜਵੰਦ ਗਾਹਕ ਤਾਂ ਮਿਲਦੇ ਬੜੇ ਰਹੇ।

ਦੱਸਿਆ ਮੁਸਾਫਰਾਂ ਨੂੰ ਹੈ ਮੰਜ਼ਲ ਦਾ ਫਾਸਲਾ।
ਮੰਨਿਆ ਕਿ ਮੀਲ ਵਾਂਗ ਹਾਂ ਇਕ ਥਾਂ ਖੜ੍ਹੇ ਰਹੇ।

ਜਿਨ੍ਹਾਂ ਉਸਾਰੀਆਂ ਨੇ ਇਹ ਉੱਚੀਆਂ ਇਮਾਰਤਾਂ
ਮੈਂ ਦੇਖਿਆ ਉਹ ਲੋਕ ਨੇ ਸੌਂਦੇ ਰੜੇ ਰਹੇ।

ਕੁਝ ਵੀ ਕਿਹਾ ਹੈ ਪੰਡਤਾਂ ਭਾਈਆਂ ਮੁਲਾਣਿਆਂ
ਮੈਂ ਜਾਣਿਆਂ ਹੈ ਜੱਗ ਵਿਚ ਦੋ ਹੀ ਧੜੇ ਰਹੇ।

25. ਧਰਤੀ ਦੇ ਬੋਲ

ਦੋ ਪਲ ਕੋਲ ਖਲੋ
ਵੇ ਰਾਹੀਆ
ਦੋ ਪਲ ਹੋਰ ਖਲੋ

ਪੂੰਝ ਦਿਆਂ ਤੇਰੇ ਮੱਥੇ ਉਤੋਂ
ਮੁੜਕਾ ਰਿਹਾ ਏ ਚੋ
ਦੋ ਪਲ ਹੋਰ ਖਲੋ

ਦੱਸ ਖਾਂ ਬੀਬਾ ਕਾਹਦੀ ਜਲਦੀ
ਖਿੱਚ ਹੈ ਤੈਨੂੰ ਕਿਸ ਮੰਜ਼ਿਲ ਦੀ
ਕਿਸ ਵਾਅਦੇ ਤੋਂ ਡਰਦਾ ਏਂ ਤੂੰ
ਦੇਰ ਨਾ ਜਾਵੇ ਹੋ
ਦੋ ਪਲ ਹੋਰ ਖਲੋ

ਦੱਸ ਜਾ ਆਪਣਾ ਥੌਹ ਟਿਕਾਣਾ
ਕਿੱਥੋਂ ਤੁਰਿਆ ਕਿੱਥੇ ਜਾਣਾ
ਕਿਸ ਪੈਂਡੇ ਦੀ ਭਟਕਣ
ਤੇਰੇ ਪੈਰੀਂ ਗਈ ਸਮੋ
ਦੋ ਪਲ ਹੋਰ ਖਲੋ

ਤੱਕ ਲੈ ਮਹਿਕਦੀਆਂ ਗ਼ੁਲਜ਼ਾਰਾਂ
ਮਾਣ ਲੈ ਕੁਝ ਚਿਰ ਮੌਜ ਬਹਾਰਾਂ
ਜਾਂਦਾ ਪੱਲੇ ਬੰਨ ਲੈ ਜਾਵੀਂ
ਫੁੱਲਾਂ ਦੀ ਖ਼ੁਸ਼ਬੋ
ਦੋ ਪਲ ਹੋਰ ਖਲੋ

ਪੂੰਝ ਦਿਆਂ ਤੇਰੇ ਮੱਥੇ ਉਤੋਂ
ਮੁੜਕਾ ਰਿਹਾ ਏ ਚੋ
ਦੋ ਪਲ ਹੋਰ ਖਲੋ

26. ਸ਼ਾਮ ਦੀ ਨਾ ਸਵੇਰ ਦੀ ਗੱਲ ਹੈ-ਗ਼ਜ਼ਲ

ਸ਼ਾਮ ਦੀ ਨਾ ਸਵੇਰ ਦੀ ਗੱਲ ਹੈ
ਵਕਤ ਦੇ ਹੇਰ ਫੇਰ ਦੀ ਗੱਲ ਹੈ

ਕੀ ਕੀ ਕੀਤੇ ਸੀ ਕੌਲ ਆਪਾਂ ਵੀ
ਯਾਦ ਨਹੀਂ ਬਹੁਤ ਦੇਰ ਦੀ ਗੱਲ ਹੈ

ਏਥੇ ਬਣਨੀ ਨਹੀਂ ਸੀ ਗੱਲ ਆਪਣੀ
ਏਥੇ ਤਾਂ ਤੇਰ ਮੇਰ ਦੀ ਗੱਲ ਹੈ

ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ
ਲੋਕ ਸਮਝੇ ਸਵੇਰ ਦੀ ਗੱਲ ਹੈ

ਮੈਨੂੰ ਤੇਰਾ ਮੁਹਾਂਦਰਾ ਭੁੱਲਿਆ
ਦੇਖ, ਕਿੰਨ੍ਹੇ ਹਨੇਰ ਦੀ ਗੱਲ ਹੈ

ਆਪਣੇ ਹੀ ਘਰ ’ਚ ਘਿਰ ਗਿਆ ਹਾਂ
ਹੋ ਗਈ ਜ਼ਬਰ ਜ਼ੇਰ ਦੀ ਗੱਲ ਹੈ

ਕਿਹੜੀ ਸਭਿਅਤਾ ਦੀ ਬਾਤ ਪਾਉਂਦੇ ਹੋ
ਕਿਹੜੇ ਮਿੱਟੀ ਦੇ ਢੇਰ ਦੀ ਗੱਲ ਹੈ

27. ਫਸਾਦ

ਸ਼ਹਿਰ ਕੋਈ ਵੀ ਹੋਵੇ
ਭਵੰਡੀ, ਮੇਰਠ ਜਾਂ ਨਾਗਪੁਰ
ਪੱਜ ਕੋਈ ਵੀ ਹੋਵੇ
ਮਸਜਦ ਦੇ ਗੰਬਦ ਤੋਂ ਉੱਚਾ ਵਾਜੇ ਦਾ ਸ਼ੋਰ
ਪਿੱਪਲ ਦੇ ਟਾਹਣੇ ਤੋਂ ਉੱਚਾ ਤਾਜੀਆਂ ਦਾ ਜਲੂਸ
ਗਊ ਮਾਤਾ ਦੀ ਰੱਖਿਆ
ਬੱਚਿਆਂ ਦਾ ਪਤੰਗ ਲੁੱਟਣ ਤੇ ਝਗੜਾ
ਜਾਂ ਕੋਈ ਹੋਰ
ਪਹਿਲਾਂ ਹੀ ਤਿਆਰ ਹੁੰਦੇ ਨੇ
ਛੁਰੇ ਬਰਛੇ ਪਸਤੌਲ ਤੇ ਦਸਤੀ ਬੰਬ

ਸ਼ਹਿਰ ਕੋਈ ਵੀ ਹੋਵੇ
ਪੱਜ ਕੋਈ ਵੀ ਹੋਵੇ
ਧਰਮ ਨਿਰਪਖਤਾ ਦਾ ਤਕਾਜ਼ਾ ਹੈ
ਫਿਰਕਿਆਂ ਦਾ ਨਾ ਲੈਣਾ ਠੀਕ ਨਹੀਂ
ਇੱਕੋ ਤਰ੍ਹਾਂ ਛਪਦੀ ਹੇ ਵਾਰਦਾਤ ਦੀ ਖ਼ਬਰ
ਜਿਸਨੂੰ ਪੜ੍ਹਕੇ ਦੁਖ ਹੋਣਾ
ਅੱਖਾਂ ਚੋਂ ਅੱਥਰੂ ਟਪਕਣਾ
ਜਾਂ ਖੂਨ ਖੋਲਣਾ ਤਾਂ ਕਿਤੇ ਰਿਹਾ
ਹੁਣ ਤਾਂ ਇਹਨਾਂ ਵਿਚੋਂ ਕੁਝ ਵੀ ਨਾ ਹੋਣ ਤੇ
ਸ਼ਰਮ ਵੀ ਨਹੀਂ ਆਉਂਦੀ
ਮੈਂ ਜਾਣਦਾ ਹਾਂ
ਸਰਕਾਰੀ ਅੰਕੜਿਆਂ
ਅਖ਼ਬਾਰੀ ਅੰਦਾਜ਼ਿਆਂ
ਤੇ ਮਰਨ ਵਾਲਿਆਂ ਦੀ ਅਸਲ ਗਿਣਤੀ ਵਿਚ
ਕਿਨਾ ਫਰਕ ਹੁੰਦਾ ਹੈ

ਕੁਝ ਦਿਨ ਬੇਹਿੱਸ ਜਹੀ ਬਹਿਸ ਹੋਏਗੀ
ਕਰੜੇ ਅਨੁਸਾਸ਼ਨ ਬਾਰੇ
ਨਿਰਪੱਖ ਪ੍ਰਸਾਸ਼ਨ ਬਾਰੇ
ਇੱਕ ਦੂਜੇ ਦੀ ਗੱਲ ਸਮਝਣ ਤੇ ਸਹਿਣ ਬਾਰੇ
ਮਿਲ ਜੁਲ ਕੇ ਰਹਿਣ ਬਾਰੇ

ਅਦਾਲਤੀ ਪੜਤਾਲ ਸ਼ੁਰੂ ਹੋਣ ਤੇ
ਹੜਤਾਲ ਖੁਲ੍ਹ ਜਾਏਗੀ
ਪੜਤਾਲ ਦੀ ਰਿਪੋਟ ਲਿਖੀ ਜਾਣ ਤੀਕ
ਬਹੁਤ ਸਾਰੇ ਲੋਕਾਂ ਨੂੰ
ਕਿੰਝ ਕਦ ਹੋਈ
ਵਾਰਦਾਤ ਭੁਲ ਜਾਏਗੀ
ਉਦੋਂ ਤਕ ਹੋਰ ਬਹੁਤ ਕੁਝ ਹੋਇਆ ਹੋਏਗਾ
ਕਿਸੇ ਹੋਰ ਸ਼ਹਿਰ ਵਿਚ
ਕਿਸੇ ਹੋਰ ਪੱਜ ਹੇਠ

28. ਚੰਗੇ ਨਹੀਂ ਆਸਾਰ ਨਗਰ ਦੇ-ਗ਼ਜ਼ਲ

ਚੰਗੇ ਨਹੀਂ ਆਸਾਰ ਨਗਰ ਦੇ
ਊਂਘਣ ਪਹਿਰੇਦਾਰ ਨਗਰ ਦੇ

ਰੰਗ ਬਿਰੰਗੀਆਂ ਰੌਸ਼ਨੀਆਂ ਵਿੱਚ
ਗੰਧਲੇ ਕਾਰੋਬਾਰ ਨਗਰ ਦੇ

ਇਸਦੀ ਰੂ੍ਹ ਹੈ ਗੰਦਾ ਨਾਲਾ
ਜੋ ਵਗਦਾ ਵਿਚਕਾਰ ਨਗਰ ਦੇ

ਉੱਚੇ-ਮਹਿਲ ਮੁਨਾਰੀਂ ਵੱਸਣ
ਸਭ ਨੀਵੇਂ ਕਿਰਦਾਰ ਨਗਰ ਦੇ

ਕੱਢ ਲੈਂਦੇ ਨੇ ਅਤਰ ਬਦਨ ਦਾ
ਕਾਰੀਗਰ ਅੱਤਾਰ ਨਗਰ ਦੇ

ਚਲਦੇ ਚਿੱਟੇ ਚਾਨਣ ਵਿੱਚ ਹੀ
ਸਭ ਕਾਲੇ ਬਾਜ਼ਾਰ ਨਗਰ ਦੇ

ਰੌਣਕ ਵਿੱਚ ਕੱਟਦੇ ਇਕਲਾਪਾ
ਲੋਕ ਬੜੇ ਖੁੱਦਾਰ ਨਗਰ ਦੇ

ਜੀ ਲੱਗ ਜਾਊ ਹੌਲੀ-ਹੌਲੀ
ਸਿੱਖੋ ਚੱਜ ਆਚਾਰ ਨਗਰ ਦੇ

29. ਦੁਸ਼ਮਣੀ ਦੀ ਦਾਸਤਾਨ

ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ
ਕਾਬਲੀ ਅੰਗੂਰ
ਲੰਘ ਕੇ ਆ ਗਿਆ ਹੈ ਵਾਹਗਿਓਂ
ਤੂੰ ਸੀ ਜਿਹੜੇ ਰਾਹ ਗਿਓ
ਬਹੁਤ ਖ਼ੁਸ਼ ਹੋਇਆ ਹਾਂ ਮੈਂ
ਅੱਖੀਆਂ ਵਿੱਚ ਆ ਗਏ ਨੇ ਅੱਥਰੂ
ਭਰ ਗਿਆ ਹੈ ਮੇਰੇ ਮੂੰਹ ਵਿੱਚ ਮਾਖਿਓਂ
ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ।

ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ
ਕਿਸ ਤਰ੍ਹਾਂ
ਇੱਕੋ ਵੇਲੇ
ਕੋਈ ਹੋ ਸਕਦਾ ਬਿਗਾਨਾ ਆਪਣਾ
ਲੰਘ ਕੇ ਸਰਹੱਦ ਨੂੰ

ਭਟਕਦੀ ਰਹਿੰਦੀ ਹੈ ਅਕਸਰ ਕਲਪਣਾ
ਕਿਸ ਤਰ੍ਹਾਂ ਦਾ ਯਾਰ ਵਸਦਾ ਹੈ ਪਰਾਏ ਮੁਲਕ ਵਿੱਚ
ਜਿਸ ਲਈ ਇੰਝ ਲੁੱਛਦਾ ਰਹਿੰਦਾ ਹਾਂ ਮੈਂ
ਪੁਰੇ ਲੜ ਬੰਨ੍ਹਦਾ ਸਲਾਮਾਂ
ਪੱਛੋਂ ਤੋਂ ਵੀ ਹਾਲ ਪੁੱਛਦਾ ਰਹਿੰਦਾ ਹਾਂ ਮੈਂ
ਨਾ ਕਦੀ ਆਉਂਦਾ ਨਾ ਮਿਲਦਾ
ਨਾ ਕੋਈ ਚਿੱਠੀ ਕਦੀ ਨਾ ਸੁੱਖ ਸੁਨੇਹਾ
ਦੱਸਦਾ ਨਾ ਹਾਲ ਦਿਲ ਦਾ
ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ।

ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ
ਦੇਸ਼-ਭਗਤੀ ਵਿੱਚ ਵਿਘਨ ਪੈਂਦਾ ਕਿਵੇਂ
ਆਪ ਆਪਣੇ ਜਜ਼ਬਿਆਂ ਤੋਂ ਝਿਜਕਦਾ ਸੰਗਦਾ ਸਾਂ ਮੈਂ
ਯਾਦ ਹੈ
ਚਾਨਣ-ਵਿਗੁੱਚੀ ਘੁੱਪ ਹਨ੍ਹੇਰੀ ਰਾਤ ਵਿੱਚ
ਦੇਸ਼ ਮੇਰੇ ਦੇ ਲੜਾਕੂ ਸੂਰਮੇ
ਸੀਰਮੇ ਪੀਂਦੇ ਸੀ ਅੱਗੇ ਵਧ ਰਹੇ
ਛਿੜਕਦੇ ਸੀ ਅੱਗ ਤੇਰੇ ਸ਼ਹਿਰ 'ਤੇ
ਉਹਨਾਂ ਦੀ ਸੂਰਮਗਤੀ ਨੂੰ ਸਿਰ ਝੁਕਾਂਦਾ
ਚੁੱਪ-ਚੁਪੀਤਾ
ਤੇਰੀ
ਤੇਰੇ ਮਾਪਿਆਂ ਤੇ ਬੱਚਿਆਂ ਦੀ ਖ਼ੈਰ ਕਿਉਂ ਮੰਗਦਾ ਸਾਂ ਮੈਂ
ਯਾਦ ਕਰ ਕੇ ਅੱਲਾ ਨੂੰ ਭਗਵਾਨ ਨੂੰ
ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ ਸਿਆਸਤਦਾਨ ਨੂੰ।

ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ
ਗ਼ੈਰ ਨੂੰ ਦੱਸੀਏ ਤਾਂ ਹੋ ਜਾਏ ਹੈਰਾਨ
ਮੇਰੀਆਂ ਫੌਜਾਂ ਦੇ ਅੱਗੇ
ਤੇਰੀਆਂ ਫੌਜਾਂ ਨੇ ਜਦ ਹਥਿਆਰ ਸੁੱਟੇ
ਗਿਲੇ ਵਰਗੀ ਗੱਲ ਸੀ
ਕੁੱਝ ਰੋਸ ਵੀ ਸੀ
ਤੂੰ ਤਾਂ ਰੋਇਆ ਹੋਏਂਗਾ
ਰੋਣਾ ਹੀ ਸੀ
ਮੇਰੇ ਕਿਉਂ ਅੱਥਰੂ ਸੀ ਵੱਗੇ
ਮੈਨੂੰ ਆਪਣੀ ਜਿੱਤ ਦਾ ਚਾਅ ਤਾਂ ਭਲਾ ਹੋਣਾ ਹੀ ਸੀ
ਨਾਲ ਹੀ ਕਿਉਂ
ਕੁੱਝ ਤੇਰੀ ਹਾਰ ਦਾ ਅਫਸੋਸ ਵੀ ਸੀ
ਆਪ ਹੁੰਦਾ ਹਾਂ ਹੈਰਾਨ
ਕਿਹੋ ਜਿਹੀ ਹੈ ਦੁਸ਼ਮਣੀ ਦੀ ਦਾਸਤਾਨ।

ਗੱਲ ਤਾਂ ਨਿੱਕੀ ਜਿਹੀ ਹੈ
ਕੌਣ ਸਮਝਾਏ ਸਿਆਸਤਦਾਨ ਨੂੰ
ਕਿੰਜ ਸਮਝੇਗਾ ਮੇਰਾ ਬੱਚਾ ਨਾਦਾਨ
ਕਦ ਖ਼ਤਮ ਹੋਏਗੀ ਆਖ਼ਰ
ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ।