Punjabi Poetry : Sundar Das Aasi

ਪੰਜਾਬੀ ਕਵਿਤਾਵਾਂ : ਸੁੰਦਰ ਦਾਸ ਆਸੀ

1. ਪੰਜਾਬ

ਅੰਨ ਦਾਤਾ:-
ਹੇ ਸ਼ੇਰੇ ਪੰਜਾਬ ! ਤੈਨੂੰ ਪੂਜਦਾ ਸੰਸਾਰ ਏ ।
ਸੱਜੇ, ਖੱਬੇ, ਖਿੰਡਿਆ ਹੋਇਆ ਤੇਰਾ ਉਪਕਾਰ ਏ ।
ਤੈਨੂੰ ਅੰਨ ਦਾਤਾ ਬਣਾਇਆ, ਆਪ ਪਾਲਨਹਾਰ ਨੇ ।
ਸਾਜਿਆ ਧਰਤੀ ਦਾ ਤੈਨੂੰ, ਸਵਰਗ ਸਿਰਜਨਹਾਰ ਨੇ ।

ਤੂੰ ਏਂ ਦਾਤਾ, ਹਰ ਕੋਈ ਮੰਗਤਾ ਏ ਤੇਰੇ ਦਵਾਰ ਦਾ ।
ਤੂੰ ਸਖ਼ੀ ਏਂ, ਹਰ ਕੋਈ ਭੁੱਖਾ ਏ ਤੇਰੇ ਪਿਆਰ ਦਾ ।

ਕੁਦਰਤ:-
ਤੇਰੀ ਸੁੰਦਰਤਾ, ਜ਼ਮਾਨੇ ਨੂੰ ਏ ਭਰਮਾਂਦੀ ਪਈ ।
ਮਹਿਕ ਤੇਰੇ ਫੁੱਲਾਂ ਦੀ, ਦੁਨੀਆ ਨੂੰ ਮਹਿਕਾਂਦੀ ਪਈ ।
ਤੈਨੂੰ ਕੁਦਰਤ, ਸੂਹੇ, ਸਾਵੇ, ਵੇਸ ਪਹਿਨਾਂਦੀ ਪਈ ।
ਤੇਰੀ ਮਿੱਟੀ, ਸੋਨੇ ਚਾਂਦੀ ਨੂੰ ਏ ਸ਼ਰਮਾਂਦੀ ਪਈ ।

ਤੇਰੇ ਸਿਰ ਉੱਤੋਂ ਹਮਾਲਾ, ਬਰਕਤਾਂ ਵਾਰੇ ਪਿਆ ।
ਤੈਨੂੰ ਰਾਵੀ ਸਿੰਜਦਾ, ਤੈਨੂੰ ਝੱਨਾ ਤਾਰੇ ਪਿਆ ।

ਪ੍ਰੇਮ:-
ਪ੍ਰੇਮ ਦੀ ਨਗਰੀ ਏਂ ਤੇ ਅਖੀਆਂ ਦਾ ਤਾਰਾ ਵੀ ਤੂੰ ਹੈਂ ।
ਸੂਫੀਆਂ, ਵਲੀਆਂ ਤੇ ਅਵਤਾਰਾਂ ਦਾ ਪਿਆਰਾ ਵੀ ਤੂੰ ਹੈਂ ।
'ਸੋਹਣੀ' ਦੇ ਕੁੱਠੇ ਹੋਏ ਦਿਲ ਦਾ ਸਹਾਰਾ ਵੀ ਤੂੰ ਹੈਂ ।
'ਹੀਰ' ਦੀ ਤੂੰ 'ਝੰਗ' 'ਰਾਂਝੇ' ਦਾ 'ਹਜ਼ਾਰਾ' ਵੀ ਤੂੰ ਹੈਂ ।

ਖਬਰੇ ਕਿਹੜੀ ਮਿਕਨਾਤੀਸੀ ਖਿੱਚ ਤੇਰੇ ਫਰਸ਼ ਵਿਚ ।
ਦੇਵਤੇ ਵੀ, ਤੇਰੀ ਖਾਤਰ, ਤੜਪਦੇ ਨੇ ਅਰਸ਼ ਵਿਚ ।

ਨੂਰ ਜਹਾਂ:-
ਰਾਵੀ ਦੀ ਕੰਧੀ ਤੇ ਇਕ, ਜੋਗਨ ਦਾ ਅੰਤਮ ਵਾਸ ਏ ।
ਜਿਸ ਦੀ 'ਖਾਮੋਸ਼ੀ' ਏ ਬੋਲੀ, 'ਚੁਪ' ਜਿਸ ਦੀ ਰਾਸ ਏ ।
ਨਾ ਕੋਈ ਦੀਵਾ ਏ ਜਗਦਾ, ਨਾ ਹੀ ਗੋਲੀ ਪਾਸ ਏ ।
ਕੀ ਹੇ ਰੱਬਾ ! ਹੁਸਨ ਦੀ ਮਲਕਾ ਦਾ ਇਹ ਰਣਵਾਸ ਏ ?

ਹਾਏ ! ਬਿਜਲੀ ਕੜਕਦੀ ਏ, ਘੇਰਨੀ ਖਾਂਦੀ ਏ ਛੱਤ ।
ਰੋਂਦੀ ਏ ਕਾਲੀ ਘੱਟਾ ਤੇ ਹੰਝੂ ਬਰਸਾਂਦੀ ਏ ਛੱਤ ।

ਬੋਲੀ:-
ਤੇਰੀ ਪੰਜਾਬੀ ਜ਼ਬਾਂ, ਪੇਂਡੂ ਏ, ਦਰਬਾਰੀ ਵੀ ਏ ।
ਰਾਜਸੀ ਵੀ, ਧਾਰਮਕ ਵੀ, ਸੋਹਣੀ ਵਿਵਹਾਰੀ ਵੀ ਏ ।
ਮਨ ਨੂੰ ਮੋਹਣੀ, ਰੰਗ-ਰੱਤੀ, ਮੰਗਲਾ ਚਾਰੀ ਵੀ ਏ ।
ਮਾਖਿਓਂ ਮਿੱਠੀ ਵੀ ਏ, ਨਮਕੀਨ ਵੀ, ਪਿਆਰੀ ਵੀ ਏ ।

ਵੇਖ ਕੇ ਬੱਦਲ ਨੂੰ ਤੇਰੇ, ਗੀਤ ਗਾਏ ਮੋਰ ਨੇ ।
ਤੇਰੀ ਬੋਲੀ ਹੀ ਦੀਆਂ ਇਹ 'ਕੋਇਲਾਂ ਵੀ ਚੋਰ ਨੇ ।

ਦੂਈ:-
ਹੇ ! ਮੇਰੇ ਪੰਜਾਬ ਦੇ ਵਾਸੀ, ਦਿਲਾਂ ਨੂੰ ਜੋੜ ਦੇ ।
ਦੂਈ ਤੇ ਹੰਕਾਰ ਦੇ, ਭਰ ਭਰ ਕੇ ਬੇੜੇ ਬੋੜ ਦੇ ।
ਜ਼ਾਤਾਂ ਪਾਤਾਂ ਭੈੜੀਆਂ ਦੇ, ਸੰਗਲਾਂ ਨੂੰ ਤੋੜ ਦੇ ।
ਤਿਆਗ ਦੇ ਮੁੱਲਾਂ ਤੇ ਪੰਡਤ ਨੂੰ ਵੀ ਹੁਣ ਤੂੰ ਛੋੜ ਦੇ ।

ਵੇਖ ! ਆਵੇ ਫਰਕ ਨਾ, ਤੇਰੀ ਪੁਰਾਣੀ ਰੀਤ ਵਿਚ ।
ਤੂੰ ਏਂ ਪੰਜਾਬੀ, ਤੇਰੀ ਮੁਕਤੀ ਏ 'ਆਸੀ' ਪ੍ਰੀਤ ਵਿਚ ।

2. ਬਸੰਤ

ਤੱਤੀ ਖ਼ਿਜ਼ਾਂ ਦਾ ਕਾਫਲਾ, ਸ਼ਾਮੀਂ ਅਨ੍ਹੇਰੇ ਤੁਰ ਗਿਆ ।
ਸਾਵੇ ਤੇ ਪੀਲੇ ਪੱਤਿਆਂ, ਜੋਬਨ, ਜਵਾਨੀ ਮੱਤਿਆਂ ।
ਡਿਠਾ ਜ਼ਮਾਨਾ ਬਦਲਿਆ; ਤੇ ਬੁਲਬੁਲਾਂ ਨੂੰ ਸਦ ਲਿਆ ।
ਖੜ ਖੜ ਵਜਾਈਆਂ ਤਾਲੀਆਂ, ਖਿੜ ਖਿੜ ਨੇ ਪਈਆਂ ਡਾਲੀਆਂ ।

ਰਾਣੀ ਬਸੰਤ ਏ ਆ ਗਈ, ਓਹ ਆ ਗਈ,ਰੰਗ ਲਾ ਗਈ ।
ਫੁਲਾਂ ਦਾ ਸਿਰ 'ਤੇ ਤਾਜ ਸੂ, ਬਾਗ਼ਾਂ ਦੇ ਉੱਤੇ ਰਾਜ ਸੂ ।
ਹੋ ਟਹਿਣੀਆਂ ਵੀ ਨੀਵੀਆਂ, ਇਹ ਬੋਲ ਪਈਆਂ ਖੀਵੀਆਂ ।
'ਜੀ ਆਓ ਜੀ, ਜੀ ਆਇਆਂ, ਜੀ ਆਇਆਂ, ਜੀ ਆਇਆਂ' ।

ਫੁਲੀ ਸਰਹੋਂ ਨੇ ਫੁਲ ਫੁਲ, ਸਿਰ ਪਾ ਲਿਆ ਏ ਚੌਂਕ ਫੁਲ ।
ਮਸਤੀ ਹੁਲਾਰੇ ਮਾਰਦੀ, ਮੱਤੀ ਸੁਹੱਪਣ ਵਾਰਦੀ ।
ਜੀਕਰ ਲਡਿੱਕੀ ਨਾਰ ਏ; ਜਾਂ ਝੂਮਦੀ ਮੁਟਿਆਰ ਏ ।

ਸੁੰਦਰ ਸੁਨਹਿਰੀ ਝਾਕੀਆਂ, ਫੁਲਾਂ ਦੀਆਂ ਬੇ-ਬਾਕੀਆਂ ।
ਬੈਠੇ ਨੇ ਸੀਨੇ ਖੋਲ੍ਹ ਕੇ, ਪੀਤੀ ਨੇ ਸਾਰੀ ਘੋਲ ਕੇ ।
ਬੁਲਬੁਲ ਪਈ ਏ ਚੁੰਮਦੀ, ਆਲੇ ਦਵਾਲੇ ਘੁਮਦੀ ।
ਭੁੱਖੇ ਪ੍ਰੇਮੀ ਰੱਸ ਦੇ, ਅਗੋਂ ਨੇ ਮੋਏ ਹਸਦੇ ।

ਸ਼ਾਖਾਂ ਤੇ ਕਲੀਆਂ ਨਿੱਤਰੀਆਂ, ਜਾਂ ਬੈਠੀਆਂ ਨੇ ਤਿੱਤਰੀਆਂ ।
ਮਾਲੀ ਆ ਕਹਿਰ ਗੁਜ਼ਾਰਸੀ, ਸੂਈਆਂ ਕਲੇਜੇ ਮਾਰ ਸੀ ।
ਕੋਈ ਗਲੇ ਵੀ ਲਾਇਗਾ, ਪਰ ਅੰਤ ਨੂੰ ਸੁਟ ਪਾਇਗਾ ।
ਰੂੜ੍ਹੀ ਤੇ ਪੈਸੀ ਵਸਨਾ, ਫਿਰ ਯਾਦ ਆਸੀ ਹਸਨਾ ।

ਕੋਮਲ ਤਿੜਾਂ ਨੇ ਉੱਠੀਆਂ, ਲਗਰਾਂ ਵੀ ਨਾਲੇ ਫੁੱਟੀਆਂ ।
ਉਹ ! ਕੋਇਲਾਂ ਨੇ ਬੋਲੀਆਂ, ਲਈਆਂ ਬਣਾ ਨੇ ਟੋਲੀਆਂ ।
ਭਾਗੀਂ ਭਲੇ ਦਿਨ ਆਏ ਨੇ, ਬਾਗਾਂ 'ਚਿ ਡੇਰੇ ਲਾਏ ਨੇ ।

ਪਰ ਇਕ ਵਿਚਾਰੀ ਸੈਦ ਏ, ਪਿਛਲੀ ਬਸੰਤੋਂ ਕੈਦ ਏ ।
ਨਾ ਆਹ, ਨਾ ਫਰਿਆਦ ਏ, ਐਪਰ ਚਮਨ ਦੀ ਯਾਦ ਏ ।
ਪਈ ਤੜਫਦੀ ਏ ਲੁੱਛਦੀ, 'ਆਸੀ' ਦੇ ਕੋਲੋਂ ਪੁੱਛਦੀ,
ਕਿਉਂ ਜੀ ! ਬਸੰਤ ਏ ਆ ਗਈ ?

3. ਬਿਰਹਾ ਦਾ ਗੀਤ

ਪਈ ਕਿਣ ਮਿਣ ਹੋਵੇ ਸੱਜਣਾਂ !
ਭਲਾ ਮੈਂ ਤੇ ਰੋਣਾ ਹੈਸੀ;
ਕਿਉੱ ਬੱਦਲੀ ਰੋਵੇ ਸੱਜਣਾਂ !

ਤੇਰੀ ਯਾਦ 'ਚਿ ਹੋਈ ਝੱਲੀ ।
ਤੇਰੇ ਹਾਏ ! ਵਿਛੋੜੇ ਸੱਲੀ ।
ਬਿਰਹਨ ਹੰਝੂਆਂ ਦੇ ਮੋਤੀ;
ਲੈ ਹਾਰ ਪਰੋਵੇ ਸੱਜਣਾਂ !
ਪਈ ਕਿਣ ਮਿਣ ਹੋਵੇ ਸੱਜਣਾਂ !

ਦੇਂਹ ਰਾਤੀਂ, ਮਿਣਤਾਂ ਮੰਨੇ ।
ਨੱਕ ਰਗੜੇ ਤੇ ਹੱਥ ਬੰਨ੍ਹੇ ।
'ਆਸੀ' ਉਹ ਵੇਲਾ ਆਵੇ;
ਮਿਲ ਬਹੀਏ ਦੋ ਵੇ ਸੱਜਣਾਂ !
ਪਈ ਕਿਣ ਮਿਣ ਹੋਵੇ ਸੱਜਣਾਂ !

4. ਪੀਂਘ

(ਪੀਂਘ ਝੂਟੇਂਟੀ ਮੁਟਿਆਰ ਦੇ ਵਲਵਲੇ)

ਚਲ ਸੱਜਣਾਂ ਦਾ ਦਰਸ਼ਨ ਪਾਈਏ,
ਪੀਂਘੇ ਪਿਆਰ ਦੀਏ !

ਤੂੰ ਪੀਂਘੇ ਮੇਰੇ ਬਣ ਜਾ ਪਰ ਨੀ !
ਲੈ ਚਲ ਮੈਨੂੰ ਮਾਹੀ ਦੇ ਘਰ ਨੀ !
ਦਿਲ ਦੀ ਤਾਂਘ ਮਿਟਾਈਏ,
ਪੀਂਘੇ ਪਿਆਰ ਦੀਏ !
ਚਲ ਸੱਜਣਾਂ ਦਾ ਦਰਸ਼ਨ ਪਾਈਏ ।

ਪਿਆਰ ਬਿਨਾਂ ਇਹ ਜੀਵਨ ਰੁੱਖਾ,
ਪਾਪੀ ਜੀਊੜਾ, ਪਿਆਰ ਦਾ ਭੁੱਖਾ,
ਕਿਉੱ ਇਹਨੂੰ ਪਏ ਤਰਸਾਈਏ ?
ਪੀਂਘੇ ਪਿਆਰ ਦੀਏ !
ਚਲ ਸੱਜਣਾਂ ਦਾ ਦਰਸ਼ਨ ਪਾਈਏ ।

ਅੱਖੀਆਂ ਮੇਰੀਆਂ ਆਸਾਂ ਭਰੀਆਂ,
ਉਡਾਂ ਪਈ ਮੈਂ ਵਾਂਙੂ ਪਰੀਆਂ,
ਕਿਤੋਂ 'ਆਸੀ' ਨੂੰ ਢੂੰਡ ਲਿਆਈਂਏ,
ਪੀਂਘੇ ਪਿਆਰ ਦੀਏ !
ਚਲ ਸੱਜਣਾਂ ਦਾ ਦਰਸ਼ਨ ਪਾਈਏ ।

5. ਸ਼ਮ੍ਹਾ ਤੇ ਪਰਵਾਨਾ

ਕਿਉਂ ਡਿਗਦਾ ਏਂ, ਸ਼ਮ੍ਹਾਂ ਦੀ ਅੱਗ ਵਿਚ,
ਮੁੜ ਮੁੜ ਤੂੰ ਪਰਵਾਨੇ ।
ਮੌਤ ਨੂੰ ਹੱਸ ਕੇ ਜੱਫੀਆਂ ਪਾਵੇਂ,
ਕਿਉੱ ਮੂਰਖ ਦੀਵਾਨੇ ।
ਮਸਤ ਸ਼ਰਾਬੀ ਵਾਂਙ ਹਮੇਸ਼ਾ,
ਖੀਵਾ ਹੋ ਹੋ ਪੀਵੇਂ,
ਜ਼ਹਿਰ ਭਰੇ ਸਾਕੀ ਤੋਂ ਲੈ ਲੈ,
ਵਿਹੁ ਭਰੇ ਪੈਮਾਨੇ ।

ਪਰਵਾਨਾ:-
ਹਿੱਜਰ ਦੇ ਬਲਦੇ ਭਾਂਬੜ ਦੇ ਵਿਚ,
ਜਿਹੜੇ ਸੜ ਗਏ ਆਪੇ ।
ਰੂਪ ਦੀ ਸੀਤਲ ਅੱਗ ਉਨ੍ਹਾਂ ਨੂੰ,
ਪਾਣੀ ਵਾਂਙੂ ਜਾਪੇ ।
ਉਹੋ ਸੱਚੇ ਆਸ਼ਕ ਹੁੰਦੇ,
ਇਸ ਦੁਨੀਆ ਦੇ ਉਤੇ;
ਮੌਤ ਦੇ ਅੰਦਰ ਜਿਨ੍ਹਾਂ ਨੂੰ 'ਆਸੀ'
ਜੀਵਨ ਨਵਾਂ ਸੰਞਾਪੇ ।

6. ਗ਼ਜ਼ਲ-ਦੇਂਹ ਗੁਜ਼ਾਰਾਂ ਵੇ ਪਈ, ਖ਼ੂਨ ਦੇ ਹੰਝੂ ਰੋ ਰੋ

ਦੇਂਹ ਗੁਜ਼ਾਰਾਂ ਵੇ ਪਈ, ਖ਼ੂਨ ਦੇ ਹੰਝੂ ਰੋ ਰੋ ।
ਤੇਰੀਆਂ ਗੱਲਾਂ ਕਰਾਂ, ਵੀਰਾਂ ਦੇ ਉਤੇ ਢੋ ਢੋ ।

ਹਾਵਿਆਂ ਮਾਰੀ ਮੈਂ ਦੁਖੜੇ ਵੀ ਸੁਨਾਵਾਂ ਕਿਹਨੂੰ ?
ਹਾਇ ਵੇ ! ਬੈਠਨਾ ਏਂ, ਤੂੰ ਤੇ ਦੁਰੇਡਾ ਹੋ ਹੋ ।

ਨਿਤ ਪਈ ਕਾਗ ਉਡਾਵਾਂ ਤੇ ਉਡੀਕਾਂ ਰੱਖਾਂ,
ਪੂਰਨੇ ਪਾਂਦੀ ਰਵ੍ਹਾਂ, ਦੁੱਖਾਂ ਦੀ ਪੱਟੀ ਧੋ ਧੋ ।

ਮਾਰਦੀ ਹਥ ਰਹੀ, ਤੁਰ ਗਿਉਂ ਤੂੰ ਹੱਥ ਕਰਕੇ,
ਲੈ ਗਿਉਂ ਡਾਢਿਆ ਦਿਲ, ਹੱਥਾਂ ਦੇ ਵਿਚੋਂ ਖੋਹ ਖੋਹ ।

ਚਾਨਣੀ ਰਾਤ ਏ ਮੈਂ, ਤੜਪਾਂ ਤੇ ਵਿਲਕਾਂ ਕੱਲੀ,
ਬਾਗਾਂ ਵਿਚ ਟਹਿਲਦੇ ਨੇ, ਸਾਰੇ ਹੀ ਸਜਣਾਂ ਦੋ ਦੋ ।

ਕੀ ਗਿਲਾ, ਸ਼ਿਕਵਾ ਮੇਰਾ, ਦੋਸ਼ ਕੀ ਦੇਵਾਂ ਤੈਨੂੰ ?
ਭੋਰਾਂ ਪਈ ਲੇਖਾਂ 'ਚਿ ਲਿਖਿਆ ਏ ਵਿਧਾਤਾ ਜੋ ਜੋ ।

ਇਕ ਤੇਰੀ ਪ੍ਰੀਤ ਦੇ ਪਿਛੇ ਹੀ 'ਆਸੀਆ' ਮਾਹੀਆ,
ਪੱਲੇ ਪੈ ਗਈ ਏ ਨਿਮਾਣੀ ਦੇ ਜਗਤ ਦੀ ਹੋ ਹੋ ।

7. ਗ਼ਜ਼ਲ-ਇਕ ਤੇਰੀ ਪ੍ਰੀਤ ਨੇ, ਐਡੀ ਚਾ ਸੁਦਾਇਨ ਕੀਤੀ

ਇਕ ਤੇਰੀ ਪ੍ਰੀਤ ਨੇ, ਐਡੀ ਚਾ ਸੁਦਾਇਨ ਕੀਤੀ,
ਵੇਖ ਕੇ ਹਾਲ ਮੇਰਾ, ਰੇਤ ਦੇ ਹੱਸਦੇ ਕਿਣਕੇ ।

ਹਾਇ ! ਬਿਜਲੀ ਨੇ ਵੀ ਉਹ ਤਾੜ ਕੇ ਸਾੜ ਮੁਕਾਈ,
ਆਲ੍ਹਣਾ ਪਾਇਆ ਸੀ ਜਿਸ, ਟਹਿਣੀ ਤੇ ਚੁਣ ਚੁਣ ਤਿਣਕੇ ।

ਇਕ ਤੇਰੀ ਪ੍ਰੀਤ ਤੇ ਮਿਹਣੇ ਨੇ ਹਜ਼ਾਰਾਂ ਮੈਨੂੰ,
ਲੂਤੀਂਆਂ ਲਾਉਂਦੇ, ਜ਼ਮਾਨੇ ਦੇ ਨੇ ਜਿਹੜੇ ਭਿਣਕੇ ।

ਕੀਹ ਵੇ ਹੱਥ ਆਇਆ ਤੇਰੇ, ਬਾਂਕਿਆ ਢੋਲ ਸਿਪਾਹੀਆ !
ਸੀਨਾ ਸੱਲ੍ਹ ਕੇ ਤੇ, ਕਲੇਜਾ ਇਹ ਨਿਮਾਣਾ ਵਿਣ੍ਹ ਕੇ ।

ਕੁਝ ਲਿਆ ਫੁਲਾਂ ਨੇ, ਲਾਲਾ ਨੇ, ਨਰਗਸ ਨੇ ਲਿਆ;
ਬਾਗਾਂ ਵਿਚ ਵੰਡ ਗਿਆ, ਖੂਨ ਮੇਰਾ ਮਿਣ ਮਿਣ ਕੇ ।

ਕਦੀ ਸ੍ਵਾਸਾਂ 'ਚਿ ਕਮੀ, ਆਵੇ ਨਾ ਦੁੱਖਾਂ 'ਚਿ ਕਮੀ,
ਰੱਬਾ ! ਝੋਲੀ 'ਚਿ ਮੇਰੀ, ਪਾਏ ਨੇ ਦੁੱਖੜੇ ਗਿਣ ਕੇ ।

ਹਾਏ ਵੇ ਪੱਟ ਗਿਓਂ, ਚੰਗੀ ਨਿਭਾਈ ਆ ਸੱਜਣਾ,
ਤੈਨੂੰ ਤੇ ਮੈਂ ਸੀ ਲਿਆ, ਮੌਲਾ ਤੋਂ ਮੰਗ ਕੇ ਪਿੰਨ ਕੇ ।

ਕਿਉਂ ਨਾ ਹਰ ਸ਼ੇਇਰ ਮੇਰਾ, ਜਾਏ ਸਲ੍ਹਾਇਆ 'ਆਸੀ',
ਰੱਖ ਦਿਆਂ ਵਰਕੇ ਤੇ ਜਦ, ਜਿਗ਼ਰ ਦੇ ਟੋਟੇ ਚਿਣ ਕੇ ।

8. ਬੱਚਾ

ਕੁਦਰਤ ਘੜਿਆ ਇਕ ਖਿਡੌਣਾ, ਜਿਹਨੂੰ ਕਹਿੰਦੇ ਬੱਚਾ ।
ਰੱਬ ਦੀ ਮੂਰਤ ਵਾਙੂ ਜਾਪੇ, ਪਾਕ, ਪਵਿਤ੍ਰ, ਸੱਚਾ ।
ਜਿਹਨੂੰ 'ਆਸੀ' ਸਾਰੀ ਦੁਨੀਆ, ਮਿੱਠਾ ਮਿੱਠਾ ਕਹਿੰਦੀ;
ਉਮਰਾਂ ਦੀ ਟਹਿਣੀ ਦੇ ਉੱਤੇ, ਇਹ ਉਹ ਫਲ ਏ ਕੱਚਾ ।

9. ਧੀਆਂ

ਬਾਬਲ ਦੇ ਬੂਹੇ ਤੇ ਚਿੜੀਆਂ, ਚੋਗਾ ਚੁਗਨ ਆਈਆਂ ।
ਮਿੱਠੇ ਗੀਤ ਪਿਆਰਾਂ ਭਿੱਜੇ, ਗਾ ਗਾ ਪ੍ਰੀਤਾਂ ਪਾਈਆਂ ।
ਇਕ ਇਕ ਕਰਕੇ ਮਾਰ ਉਡਾਰੀ, ਜਾ ਮੱਲਿਆ ਘਰ ਆਪਣਾ;
ਓੜਕ ਇਹ ੫ਰਦੇਸਨ ਹੋਈਆਂ, 'ਆਸੀ' ਮਾਂ ਪਿਓ ਜਾਈਆਂ ।

10. ਜਵਾਨੀ

ਦਿਲ ਵਿਚ ਮਿੱਠੇ ਦਰਦ ਪਏ ਖੇਡਣ, ਬੁਲ੍ਹੀਆਂ ਉੱਤੇ ਹਾਸੇ ।
ਮਸਤੀ ਨਾਲ ਭਰੇ ਹੋਏ ਜਾਪਣ, ਨੈਣਾਂ ਦੇ ਦੋ ਕਾਸੇ ।
ਆਈ ਵਾਙ ਹਨੇਰੀ ਨੱਚਦੀ, ਤੁਰ ਗਈ ਬੱਦਲ ਵਾਙੂ;
ਇਕ ਥਾਂ ਕਦੀ ਨਾ ਕੀਤੇ 'ਆਸੀ', ਕੂੰਜਾਂ ਵਾਙੂ ਵਾਸੇ ।

11. ਇੱਕੋ ਰਾਹ

ਸਾੜ ਕੇ ਮੁਕਦੇ, ਬੁਢਾਪੇ ਦੇ ਇਹ ਸਾੜੇ ਡਿੱਠੇ ।
ਮੁੜ ਕੇ ਆਉਂਦੇ ਨਾ ਜਵਾਨੀ ਦੇ ਦਿਹਾੜੇ ਡਿੱਠੇ ।
ਕੀ ਪਤਾ ? ਸਵਰਗਾਂ ਤੇ ਨਰਕਾਂ ਦਾ ਇਹ ਕਿੱਸਾ ਕੀ ਏ ?
ਇਕੋ ਰਾਹ ਜਾਂਦੇ ਮੈਂ ਨਿਤ, ਚੰਗੇ ਤੇ ਮਾੜੇ ਡਿੱਠੇ ।

12. ਪਿਆਰ

ਕਣੀਆਂ ਵਾਙੂ ਇਹ ਹੈ ਠੰਢਾ, ਸੋਨੇ ਵਾਙੂ ਸੁੱਚਾ ।
ਦਿਲਾਂ ਦੀਆਂ ਇਹ ਤਾਰਾਂ ਦੇ ਵਿਚ, ਮੋਤੀ ਵਾਙ ਪਰੁੱਚਾ ।
ਸੱਚੇ ਪਿਆਰ ਦੇ 'ਆਸੀ' ਜਿਹਨੂੰ, ਦੁਨੀਆ ਤੇ ਪਰ ਲੱਗੇ;
ਉਹੋ ਜਾਪੇ ਉਡਦਾ ਏਥੇ, ਉੱਚਿਆਂ ਨਾਲੋਂ ਉੱਚਾ ।

13. ਰੂਪ

ਰੂਪ ਉਹ ਜਗਦਾ ਦੀਵਾ ਏ, ਜੋ ਚਾਨਣ ਕਰੇ ਚੁਫੇਰੇ ।
ਰਾਹੀਆਂ ਨੂੰ ਇਹ ਰਾਹ ਏ ਦਸਦਾ, ਜ਼ੁਲਫ਼ ਦੇ ਵਿਚ ਹਨੇਰੇ ।
ਨਵੀਂ ਜਵਾਨੀ ਦਾ ਲਹੂ 'ਆਸੀ', ਇਹਦੇ ਵਿਚ ਇਉਂ ਭੱਖੇ,
ਸੂਰਜ ਦੀ ਜਿਉਂ ਲਾਲੀ ਭੱਖੇ, ਚੜ੍ਹਦੇ ਵਲ ਸਵੇਰੇ ।

14. ਰਾਤ

ਇਹ ਕਾਲੀ ! ਪਰ ਝਿਲਮਿਲ ਕਰਦੀ, ਭੋਸ਼ਨ ਪਾ ਕੇ ਰਹਿੰਦੀ ।
ਲੈਲਾ ਵਾਙੂ ਚੰਨ ਮਜਨੂੰ ਦੇ, ਕੋਲ ਏ ਜੁੜ ਜੜ ਬਹਿੰਦੀ ।
ਕਿਤੇ ਗੁਨਾਹ ਨਾ ਅੱਖੀਂ ਇਦ੍ਹਾ, ਵੇਖ ਲਵੇ ਕੋਈ 'ਆਸੀ';
'ਸੌਂ ਜਾਓ, ਸੁੱਖੀਂ ਲੱਧਿਓ ਸੌਂ ਜਾਓ', ਤਾਹੀਉਂ ਸਭ ਨੂੰ ਕਹਿੰਦੀ ।

15. ਸਵੇਰਾ

ਲੈਲਾ ਦੀ ਜਦ ਬੁੱਕਲ ਵਿਚੋਂ, ਮਜਨੂੰ ਮੂੰਹ ਵਿਖਾਇਆ ।
ਛਣਕੇ ਚੂੜੇ ਪਈ ਮਧਾਣੀ, ਦੁਨੀਆ ਰੰਗ ਵਟਾਇਆ ।
ਬੱਚੇ ਨੂੰ ਕਢ ਕੁਤ ਕਤਾੜੀ, ਬੋਲੀ ਮਾਂ : 'ਉੱਠ ਚੰਨਾ !
ਖੇਡਾਂ ਲੈ ਕੇ ਤੇਰੀ ਖਾਤਰ, ਓਹ ਸਵੇਰਾ ਆਇਆ ।'

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ