Punjabi Poetry : Surjit Singh
ਪੰਜਾਬੀ ਕਵਿਤਾਵਾਂ : ਸੁਰਜੀਤ ਸਿੰਘ
1. ਖਾਲੀ ਹੱਥ
ਮੈਂ ਆਇਆ ਵਿਚ ਜਹਾਨ ਦੇ
ਕਰਕੇ ਮੁੱਠੀ ਬੰਦ ।
ਮੁੱਠ ਖੁੱਲ੍ਹੀ ਵਿਚ ਕੁਝ ਨਾ ਮਿਲਿਆ
ਬਸ ਉਂਗਲਾਂ ਸੀ ਪੰਜ ॥
ਖਾਲੀਂ ਹੱਥ ਦੇਖ ਮੈਂ ਰੋਇਆ
ਲੋਕੀ ਸ਼ਗਨ ਮਨਾਵਣ ।
ਦੇ ਰੁਪੱਈਆ ਹੱਥ ਮੇਰੇ ਉਹ
ਮੈਨੂੰ ਚੁੱਪ ਕਰਾਵਣ ॥
ਦੇਖ ਤਮਾਸ਼ੇ ਜੱਗ ਦੇ ਮੈਨੂੰ
ਆਪਣਾ ਆਪ ਭੁੱਲਿਆ ।
ਸਾਰੇ ਮੈਨੂੰ ਲੱਗੇ ਆਪਣੇ
ਪੈਸਿਆਂ ਤੇ ਜਾ ਡੁੱਲ੍ਹਿਆ ॥
ਮੇਰਾ ਮੇਰਾ ਕਰਦਿਆਂ ਮੈਂ
ਮੈਂ ਵਿਚ ਹੋਇਆ ਜਵਾਨ ।
ਮੈਂ ਮੈਂ ਰਿਹਾ ਮੈਂ ਕਰਦਾ
ਭੁੱਲ ਗਿਆ ਭਗਵਾਨ ॥
ਕਰ ਕਮਾਈ ਦਿਨ ਰਾਤ ਮੈਂ
ਚੰਗੀ ਮਾਇਆ ਜੋੜੀ ।
ਭਰੇ ਖਜ਼ਾਨੇ ਦਿਲ ਨਾ ਭਰਿਆ
ਲੱਗੇ ਮੈਨੂੰ ਥੋਹੜੀ ॥
ਦਿਨ ਰਾਤ ਮੈਂ ਰਿਹਾ ਕਮਾਉਂਦਾ
ਦਾਨ ਪੁੰਨ ਨਾ ਕਰਿਆ ।
ਪੰਜ ਵਿਕਾਰਾਂ ਆਦੀ ਹੋਇਆ
ਰੱਬ ਯਾਦ ਨਾ ਕਰਿਆ ॥
ਮੋਹ ਮਾਇਆ ਐਸੀ ਮੱਤ ਮਾਰੀ
ਭੁੱਲਿਆ ਜੱਗ ਤੇ ਆਉਣਾ ।
ਪੰਜ ਵਿਕਾਰਾਂ ਲਾਈ ਯਾਰੀ
ਕੀ ਸੀ ਕਰਮ ਕਮਾਉਣਾ ॥
ਮੰਦਿਰ ਮਸਜ਼ਿਦ ਰਾਹੀਂ ਆਏ
ਦੇਖ ਭੋਰਾ ਨਾ ਖੜ੍ਹਿਆ ।
ਰੱਬ ਦੇ ਦਰ ਤੇ ਜਾਣ ਲਈ ਮੇਰਾ
ਭੋਰਾ ਨਾ ਮਨ ਕਰਿਆ ॥
ਹੱਡ ਮਾਸ ਦਾ ਪਿੰਜਰ ਮੇਰਾ
ਜੁਗਤਾਂ ਰਿਹਾ ਬਣਾਉਂਦਾ ।
ਅੰਦਰ ਦਾ ਸ਼ੈਤਾਨ ਮਨ ਮੇਰਾ
ਆਪਣੀ ਰਿਹਾ ਚਲਾਉਂਦਾ ॥
ਜਦ ਆਈ ਇਥੋਂ ਜਾਣ ਦੀ ਵਾਰੀ
ਦੇਖ ਕੇ ਮਨ ਘਬਰਾਇਆ ।
ਸਾਰੇ ਹੋ ਗਏ ਦੂਰ ਦੂਰ ਮੈਥੋਂ
ਕੋਈ ਨਾ ਨੇੜੇ ਆਇਆ ॥
ਨਿਕਲ ਪ੍ਰਾਣ ਮੇਰੇ
ਫੁੱਲੋਂ ਹੌਲੇ ਹੋਏ ।
ਨਾਲ ਜਾਣ ਨੂੰ ਕਰਮ ਰਹੇ ਜੋ
ਵਿਚ ਜਹਾਨ ਸੰਜੋਏ ॥
ਜਦ ਆਇਆ ਸੀ ਵਿਚ ਜਹਾਨ ਦੇ
ਤਦ ਸੀ ਮੁੱਠੀ ਬੰਦ ।
ਜਾਣ ਲੱਗੇ ਵੀ ਕੁਛ ਨਾ ਫੜਿਆ
ਖਾਲੀ ਮੁੱਠੀ ਬੰਦ ॥
ਖਾਲੀ ਹੱਥ ਹੈ ਆਉਣਾ ਜੱਗ ਤੇ
ਖ਼ਾਲੀ ਹੱਥ ਹੈ ਜਾਣਾ ।
ਭਾਵੇਂ ਕਰ ਲੈ ਲੱਖ ਕਮਾਈਆਂ
ਇਥੇ ਸਭ ਰਹਿ ਜਾਣਾ ॥
ਜਿਹੜੇ ਸੀ ਜਾਨੋਂ ਪਿਆਰੇ
ਅੱਜ ਓਹੀ ਵੈਰੀ ਹੋਏ ।
ਕਰ ਤਿਆਰੀ ਲੈ ਜਾਣ ਲਈ
ਮੂਹਰੇ ਆਣ ਖਲੋਏ ॥
 
ਚੁੱਕ ਸਰੀਰ ਲੈ ਕੇ ਤੁਰ ਪਏ
ਇਕ ਪਲ ਮੂਲ ਨਾ ਤਕਿਆ ।
ਵਿਚ ਸ਼ਮਸ਼ਾਨ ਲੈ ਕੇ ਆਏ
ਰਾਹ ਵਿਚ ਵੀ ਨਾ ਰੱਖਿਆ ॥
ਪਾ ਕੇ ਲੱਕੜਾਂ ਸੁਕੀਆਂ ਉਨ੍ਹਾ
ਐਸਾ ਲੰਬੂ ਲਾਇਆ ।
ਅੱਗ ਦੇ ਵਿਚ ਸਾੜਾ ਸਾੜ ਕੇ
ਜਿਸਮ ਭਸਮ ਬਣਾਇਆ ॥
ਮੇਰੀ ਮੇਰੀ ਕਰਦਾ ਸੀ ਅੱਜ
ਮਿੱਟੀ ਹੋ ਗਿਆ ਢੇਰੀ ।
ਛੱਡ ਜਹਾਨੋਂ ਖਾਲੀ ਤੁਰਿਆ
ਮੇਰੀ ਹੋ ਗਈ ਤੇਰੀ ॥
ਮਰ ਕੇ ਆਈ ਸਮਝ ਮੈਨੂੰ
ਇਸ ਜੱਗ ਦੀ ਹੇਰਾ ਫੇਰੀ ।
ਇਥੋਂ ਲੈ ਕੇ ਇਥੇ ਛੱਡਣੀ
ਨਾ ਤੇਰੀ ਨਾ ਮੇਰੀ ॥
2. ਦਿਲ ਦਾ ਦਰਦ
ਫੁੱਲਾਂ ਜਿਹਾ ਕੋਮਲ ਦਿਲ ਮੇਰਾ
ਲਾ ਠੋਕਰ ਛੱਲੀ ਕੀਤਾ ਏ ।
ਨਾ ਸਮਝੇ ਜਾਣ ਦੁੱਖ ਸਹਿ ਲਿਆ
ਅਸੀਂ ਘੁੱਟ ਸਬਰ ਦਾ ਪੀਤਾ ਏ ॥
ਮਨ ਰੋਇਆ ਦਿਲ ਦੇ ਦਰਦ ਨਾਲ
ਅੱਖਾਂ ਗਿੱਲੀਆਂ ਤੇ ਮੂੰਹ ਸੀਤਾ ਏ ॥
ਮਨ ਸੋਚ ਸੋਚ ਕੇ ਹਾਰ ਗਿਆ
ਕੀ ਜ਼ੁਲਮ ਅਸਾਂ ਨੇ ਕੀਤਾ ਏ ॥
ਸਜਾ ਸੀ ਜਾਂ ਭੁੱਲ ਕੋਈ
ਜਾਂ ਗੁਨਾਹ ਸੀ ਕੋਈ ਕੀਤਾ ਏ ॥
ਜਾਂ ਸੀ ਵੈਰ ਕੋਈ ਜਨਮ ਦਾ
ਜੋ ਬਦਲਾ ਆਣ ਅੱਜ ਲੀਤਾ ਏ ॥
ਬਣ ਪਹੇਲੀ ਜਿਹੀ ਦਰਦ ਮੇਰਾ
ਮੇਰੀ ਸੋਚ ਵਿੱਚ ਘਰ ਕੀਤਾ ਏ ॥
ਇਕ ਦਰਦ ਤੇ ਦੂਜਾ ਸੋਚ ਦਰਦ ਦੀ
ਸੁਰਜੀਤ ਅਕਲੋਂ ਕਮਲਾ ਕੀਤਾ ਏ ॥
ਉਹ ਹੱਸੇ ਪਾਗਲ ਕਹਿ ਕਹਿ ਕੇ
ਜਿਨ੍ਹਾਂ ਦਰਦ ਅਸਾਂ ਨੂੰ ਦਿੱਤਾ ਏ ॥
ਮੇਰੀ ਪੀੜ ਮੈਂ ਹੀ ਜਾਣਦਾ ਹਾਂ
ਜਾਂ ਜਾਣੇ ਜਿਨ੍ਹੇ ਦੁੱਖ ਪੀਤਾ ਏ ॥
3. ਬਾਪੂ ਜੀ ਅਰਾਮ ਫ਼ਰਮਾਓ
ਬੱਚੇ ਕਹਿੰਦੇ ਬਾਪੂ ਜੀ
ਹੁਣ ਤੁਸੀਂ ਅਰਾਮ ਫ਼ਰਮਾਇਆ ਕਰੋ ।
ਉਮਰ ਬੀਤ ਗਈ ਕੰਮ ਕਰਦਿਆਂ
ਹੁਣ ਨਾ ਕਰਮ ਕਮਾਇਆ ਕਰੋ ।
ਹੱਥ ਪੈਰ ਬੱਸ ਰਹਿਣ ਚੱਲਦੇ
ਬੱਸ ਇਨਾਂ ਕੁ ਹੀ ਕਮਾਇਆ ਕਰੋ ।
ਕਰ ਲਵਾਂਗੇ ਕੰਮ ਕਾਰ ਅਸੀਂ
ਹੁਣ ਤੁਸੀਂ ਵਿਹਲੇ ਖਾਇਆ ਕਰੋ ।
ਖਾਣ ਪੀਣ ਵਿਚ ਦਾਲ ਫੁੱਲਕਾ
ਦੁੱਧ ਘਿਓ ਨਾ ਖਾਇਆ ਕਰੋ ।
ਮੱਟਰ ਪਨੀਰ ਨਾ ਮਾਸ ਮੱਛੀ
ਫਲ਼ ਫਰੂਟ ਵੀ ਨਾ ਖਾਇਆ ਕਰੋ ।
ਤੱਦ ਹੀ ਸਿਹਤ ਰਹੂਗੀ ਚੰਗੀ
ਜਰਾ ਹੱਥ ਪੈਰ ਵੀ ਹਿਲਾਇਆ ਕਰੋ ।
ਉੱਠਣਾ ਸਵੇਰੇ ਤੜਕੇ ਤੜਕੇ
ਦਿਨ ਨਾ ਬਹੁਤਾ ਚੜ੍ਹਾਇਆ ਕਰੋ ।
ਕੱਢ ਕੇ ਧਾਰ ਚੱਕ ਗੋਹਾ ਕੂੜਾ
ਪਸੂਆਂ ਨੂੰ ਪੱਠੇ ਪਾਇਆ ਕਰੋ ।
ਨਹਾ ਧੋ ਪਾ ਸੋਹਣੇ ਕੱਪੜੇ
ਮੰਦਿਰ ਮਸਿਜਦ ਜਾਇਆ ਕਰੋ ।
ਸੁੱਖ ਸ਼ਾਂਤੀ ਦੀਆਂ ਕਰ ਅਰਦਾਸਾਂ
ਸਾਡੇ ਲਈ ਲਿਆਇਆ ਕਰੋ ।
ਖਾ ਕੇ ਰੋਟੀ ਲੈ ਕੇ ਸਾਈਕਲ
ਬੱਚੇ ਸਕੂਲ ਛੱਡ ਆਇਆ ਕਰੋ ।
ਪਰਤ ਸਕੂਲੋਂ ਬਾਪੂ ਜੀ ਤੁਸੀਂ
ਖੇਤ ਗੇੜਾ ਲਾਇਆ ਕਰੋ ।
ਕੰਮ ਕਾਰ ਕਰਕੇ ਖੇਤੀਂ
ਪੱਠਿਆਂ ਦੀ ਪੰਡ ਬਣਾਇਆ ਕਰੋ ।
ਖੇਤ ਜੋਤ ਬਲਦਾਂ ਦੀ ਜੋੜੀ
ਖੇਤ ਵਿਚ ਹਲ਼ ਵਾਹਿਆ ਕਰੋ ।
ਖਾ ਕੇ ਰੋਟੀ ਦੁਪਿਹਰ ਦੀ ਬਾਪੂ ਜੀ
ਬੱਚੇ ਸਕੂਲੋਂ ਲੈ ਆਇਆ ਕਰੋ ।
ਕਹੀ ਲੈ ਕੇ ਮੋੜ ਕੇ ਨੱਕੇ
ਪਾਣੀ ਫਸਲਾਂ ਨੂੰ ਲਾਇਆ ਕਰੋ ।
ਸ਼ਾਮ ਢਲਦੇ ਚਲਾ ਕੇ ਗੇੜੀ
ਪਸੂਆਂ ਦੇ ਪੱਠੇ ਬਣਾਇਆ ਕਰੋ ।
ਪਾ ਕੇ ਪੱਠੇ ਕੱਢ ਕੇ ਧਾਰਾਂ
ਦੁੱਧ ਦੀ ਬਾਲਟੀ ਫੜਾਇਆ ਕਰੋ ।
ਖਾ ਕੇ ਰੋਟੀ ਰਾਤ ਦੀ ਬਾਪੂ ਜੀ
ਜਲਦੀ ਨਾ ਸੌਂ ਜਾਇਆ ਕਰੋ ।
ਥੱਕ ਜਾਈਦਾ ਦਿਨ ਭਰ ਦੇ ਕੰਮ ਤੋਂ
ਨਾਲ਼ ਸਾਡੇ ਵੀ ਹੱਥ ਵਟਾਇਆ ਕਰੋ ।
ਫਿਰ ਵੀ ਕਦੇ ਜੇ ਕੰਮ ਨੂੰ ਕਹਿਆ
ਮੱਥੇ ਵੱਟ ਨਾ ਪਾਇਆ ਕਰੋ ।
ਕਦੇ ਕਦੇ ਤਾਂ ਕੰਮ ਨੂੰ ਕਹਿਣਾ
ਹੱਸ ਹੱਸ ਕਰ ਆਇਆ ਕਰੋ ।
ਉਂਞ ਵੀ ਹੁਣ ਤੁਸੀਂ ਹੋਏ ਸਿਆਣੇ
ਇੱਧਰ ਉੱਧਰ ਨਾ ਜਾਇਆ ਕਰੋ ।
ਪੈਸੇ ਰੱਖਿਓ ਸਾਂਭ ਸਾਂਭ ਕੇ
ਇੱਧਰ-ਉੱਧਰ ਨਾ ਉਡਾਇਆ ਕਰੋ ।
ਬਾਕੀ ਬਾਪੂ ਜੀ ਤੁਸੀਂ ਆਪ ਸਿਆਣੇ
ਥੋੜ੍ਹਾ ਸਾਨੂੰ ਵੀ ਸਮਝਾਇਆ ਕਰੋ ।
ਮੈਂ ਹੱਸਿਆ ਸੁਣ ਬੱਚਿਆਂ ਦੀਆਂ ਗੱਲਾਂ
ਤੁਸੀਂ ਵੀ ਹੱਸਿਆ ਗਾਇਆ ਕਰੋ ।
ਹੱਸ ਬੋਲ ਰਹੋ ਮਿਲ ਜੁਲ ਕੇ
ਗੱਲ ਦਿਲ ਤੇ ਨਾ ਲਾਇਆ ਕਰੋ ।
ਇੱਕ ਨੇ ਕਹੀ ਦੂਜੇ ਮੰਨੀ
ਇੰਞ ਹੀ ਵਕਤ ਲੰਘਾਇਆ ਕਰੋ ।
ਘੱਟ ਵੱਧ ਥੋਹੜਾ ਛੋਟਾ ਵੱਡਾ
ਵੇਖ ਨਾ ਮਨ ਲਲਚਾਇਆ ਕਰੋ ।
ਵਕਤ ਪੂਰਦਾ ਸੱਭ ਘਾਟੇ ਵਾਧੇ
ਇਹ ਸੋਚ ਕੇ ਮਨ ਸਮਝਾਇਆ ਕਰੋ ।
ਵਕਤ ਕਦੇ ਨਾ ਇੱਕ ਥਾਂ ਰੁੱਕਿਆ
ਐਵੇਂ ਨਾ ਢੇਰੀ ਢਾਇਆ ਕਰੋ ।
ਕੀਤੀ ਮਿਹਨਤ ਰੰਗ ਲਿਆਵੇ
ਹੌਸਲੇ ਬੁਲੰਦ ਬਣਾਇਆ ਕਰੋ ।
ਆਪ ਬੀਤੀ ਆਖ ਸੁਣਾਈ
ਤੁਸੀਂ ਵੀ ਆਖ ਸੁਣਾਇਆ ਕਰੋ ।
ਕਹਿਣ ਨਾਲ਼ ਮਨ ਹੋ ਜਾਏ ਹੌਲਾ
ਗੱਲ ਮਨ ਵਿਚ ਨਾ ਦਬਾਇਆ ਕਰੋ ।
4. ਸ਼ੀਸ਼ਾ
ਇੱਕ ਦਿਨ ਸ਼ੀਸ਼ਾ ਵੇਖਦਿਆਂ ਮੈਂ
ਆਪਣੇ ਆਪ ਨੂੰ ਤੱਕਿਆ ।
ਸੱਚ ਦਿਖਾਇਆ ਕੱਚ ਦੇ ਟੁੱਕੜੇ
ਉਹਲਾ ਨਾ ਕੁੱਛ ਰੱਖਿਆ ॥
ਸੱਭ ਤੋਂ ਪਹਿਲਾਂ ਸੂਰਤ ਦੇਖੀ
ਲੱਗੀ ਬਹੁਤ ਪਿਆਰੀ ।
ਦੇਖ ਦੇਖ ਮਨ ਨਾ ਭਰਿਆ
ਸਦਕੇ ਜਾਵਾਂ ਬਲਿਹਾਰੀ ॥
ਫਿਰ ਤੱਕਿਆ ਇਨ੍ਹਾਂ ਬੁੱਲ੍ਹੀਆਂ ਨੂੰ
ਦੇਖ ਕੇ ਮਨ ਮੁਸਕਰਾਇਆ ।
ਮੈਂ ਵੀ ਹੱਸਿਆ ਇਹ ਵੀ ਹੱਸੀਆਂ
ਡਾਹਢਾ ਮੈਨੂੰ ਹਸਾਇਆ ॥
ਨਜ਼ਰ ਪਈ ਤਦ ਕਾਲੀਆਂ ਜ਼ੁਲਫ਼ਾਂ
ਸਿਰ ਤੇ ਸੀ ਜੋ ਸਜੀਆਂ ।
ਧੁੱਪ ਲੱਗੇ ਨਾ ਲੱਗੇ ਗਰਮੀ
ਲਾਹੁਣ ਨਜ਼ਰਾਂ ਲੱਗੀਆਂ ॥
ਫਿਰ ਅੱਖੀਆਂ ਨੇ ਅੱਖੀਆਂ ਤੱਕੀਆਂ
ਅੱਖੀਆਂ ਅੱਖਾਂ ਵਿਚ ਖੋਈਆਂ ।
ਅੱਖੀਆਂ ਅੱਖਾਂ ਵਿਚ ਐਸੀਆਂ ਖੋਈਆਂ
ਤੱਕ ਤੱਕ ਕਮਲੀਆਂ ਹੋਈਆਂ ॥
ਸ਼ੀਸ਼ੇ ਮੇਰਾ ਮਨ ਮੋਹ ਲਿਆ
ਸੋਹਣਾ ਰੂਪ ਦਿਖਾਕੇ ।
ਬੇਜ਼ਾਨ ਇਸ ਕੱਚ ਦੇ ਟੁੱਕੜੇ
ਰੱਖ ਤਾ ਮਨ ਭਰਮਾ ਕੇ ॥
ਮਨ ਵਿਚ ਆਈ ਸੋਚ ਮੇਰੇ ਕਿ
ਜੇ ਇਸ ਵਿਚ ਹੁੰਦੀ ਜਾਨ ।
ਰਾਜ ਕਰਦਾ ਸਾਰੇ ਜੱਗ ਤੇ
ਵੱਸ ਵਿਚ ਕਰ ਇਨਸਾਨ ॥
ਜਿਸ ਨੇ ਵੀ ਇਸ ਨੂੰ ਤੱਕਿਆ
ਉਹ ਹੀ ਧੋਖਾ ਖਾਵੇ ।
ਮੋਹ ਮਾਇਆ ਦੇ ਜਾਲ 'ਚ ਫਸ ਕੇ
ਆਪਣਾ ਆਪ ਭੁਲਾਵੇ ॥
ਸਦਕੇ ਜਾਵਾਂ ਉਸ ਹੁੱਨਰ ਦੇ
ਜਿਸ ਨੇ ਇਹ ਬਣਾਇਆ ।
ਪਤਲੇ ਜਿਹੇ ਕੱਚ ਦੇ ਟੁੱਕੜੇ
ਸਾਰਾ ਜਹਾਨ ਸਮਾਇਆ ॥
5. ਇੱਕ ਅੱਖਰ - ਮੈਂ (ਹਉਮੈ)
ਇੱਕ ਅੱਖਰ ਇਸ ਮੈਂ ਨੇ ਮੇਰੀ
ਐਸੀ ਹੋਸ ਭੁਲਾਈ ।
ਦਿਨ ਰਾਤ ਫਿਰਾਂ ਮੈਂ ਮੈਂ ਕਰਦਾ
ਮੈਂ ਦੀ ਸਮਝ ਨਾ ਆਈ ।
ਬੱਕਰਾ ਫਿਰੇ ਜੇ ਮੈਂ ਮੈਂ ਕਰਦਾ
ਲਾਹ ਦੇਣ ਧੌਣ ਕਸਾਈ।
ਮੈਂ ਫਿਰਾਂ ਮੈਂ ਮੈਂ ਕਰਦਾ
ਗਿੱਠ ਭਰ ਧੌਣ ਵਧਾਈ।
ਜੰਗਲ ਫਿਰੇ ਜੇ ਮੇਮਣਾ
ਮੈਂ ਮੈਂ ਕਰੇ ਦੁਹਾਈ।
ਨਾ ਸਮਝ ਨੀ ਜਾਣਦਾ
ਕਰ ਮੈਂ ਮੈਂ ਮੌਤ ਬੁਲਾਈ।
ਕਈ ਆਏ ਕਈ ਚਲੇ ਗਏ
ਮੈਂ ਮੈਂ ਕਰ ਦੁਹਾਈ।
ਮੈਂ ਮੈਂ ਕਰਦੇ ਮਰ ਮਿਟੇ
ਪਰ ਮੈਂ ਨੂੰ ਮੌਤ ਨਾ ਆਈ।
ਮੈਂ ਫਿਰਾਂ ਮੈਂ ਵਿਚ ਭਰਿਆ
ਉੱਚੀ ਨਜ਼ਰ ਉਠਾਈ।
ਕਈ ਥਾਂ ਇਸ ਮੈਂ ਨੇ ਮੇਰੀ
ਬਣਦੀ ਬਣਤ ਬਣਾਈ।
ਇਸ ਮੈਂ ਤੋਂ ਦੁੱਖੀ ਹੋ ਕੇ ਮੈਂ
ਲੱਗਾ ਮੈਂ ਦੀ ਕਰਨ ਸਫ਼ਾਈ।
ਸੋਚ-ਸੋਚ ਹਾਰ ਗਿਆ
ਪਰ ਕੁੱਛ ਵੀ ਸਮਝ ਨਾ ਆਈ।
ਇਸ ਮੈਂ ਨੂੰ ਮਾਰਨ ਦੀ ਮੈਂ
ਕਈ ਵਾਰ ਵਿਉਂਤ ਬਣਾਈ।
ਆਪ ਡਿੱਗਾ ਖਾ ਖਾ ਚੋਟਾਂ
ਪਰ ਮੈਂ ਨੂੰ ਆਂਚ ਨਾ ਆਈ।
ਕੀਲ ਪਟਾਰੀ ਮੈਂ ਨੂੰ ਪਾ ਲਾਂ
ਬਣ ਜੋਗੀ ਬੀਨ ਵਜਾਈ।
ਫਨ ਤਾਣ ਸੱਪ ਖੜ ਗਿਆ ਆ ਕੇ
ਮੇਰੀ ਨਾਨੀ ਯਾਦ ਕਰਾਈ।
ਫਿਰ ਲੈ ਮਿਰਚਾਂ ਕੌੜੀਆਂ ਮੈਂ
ਐਸੀ ਧੂਣੀ ਪਾਈ।
ਖੰਘ ਖੰਘ ਅੱਖੀਆਂ ਰੋਈਆਂ
ਮੇਰੀ ਅਕਲ ਟਿਕਾਣੇ ਆਈ।
ਹਾਰ ਥੱਕ ਬੈਠਾ ਰੱਬ ਦੇ ਚਰਨੀ
ਰੱਬ ਵਿਚ ਸੁਰਤ ਲਗਾਈ।
ਮੈਂ ਮੈਂ ਨਾ ਤੂੰ ਰਿਹਾ
ਮੈਂ ਰੱਬ ਦੀ ਰਹਿਮਤ ਪਾਈ।
ਉਸ ਦਿਨ ਤੋਂ ਮੈਂ ਕੱਢ ਜੁਬਾਨੋਂ
ਗੰਗਾ ਡੁੱਬਕੀ ਲਾਈ।
ਤਨ ਮਨ ਸਭ ਨਿਰਮਲ ਕਰਿਆ
ਮੈਂ ਵੀ ਮਾਰ ਮੁਕਾਈ।
ਧੰਨਵਾਦ ਉਸ ਰੱਬ ਦਾ ਕੀਤਾ
ਜਿਸਨੇ ਮੈਂ ਤੋਂ ਜਾਨ ਛੁਡਾਈ।
ਤੁਸੀਂ ਵੀ ਇਸ ਮੈਂ ਨੂੰ ਛੱਡੋ
ਮੈਂ ਨਾ ਕਿਸੇ ਦੀ ਭਾਈ ।
6. ਮੇਰਾ ਸਰੀਰ ਮੇਰੇ ਸਾਹਮਣੇ
ਬੜੇ ਚਿਰ ਤੋਂ ਸੁੱਤਾ ਜਾਗਿਆ
ਉਹ ਬਾਂਹ ਫੜ ਹਿਲਾਉਣ ਮੈਨੂੰ ।
ਕਹਿੰਦੇ ਚਲਾ ਗਿਆ ਉਹ ਚਲਾ ਗਿਆ
ਚੁੱਕ ਧਰਤੀ ਲੱਗੇ ਲਿਟਾਉਣ ਮੈਨੂੰ ।
ਮੇਰਾ ਸਰੀਰ ਮੇਰੇ ਸਾਹਮਣੇ
ਤੇ ਉਹ ਉੱਚੀ ਉੱਚੀ ਰੋਣ ਮੈਨੂੰ ।
ਮੈਂ ਕਿਹਾ ਮੈਂ ਕੋਲ ਖੜ੍ਹਾ
ਉਹ ਫਿਰ ਵੀ ਨਾ ਬੁਲਾਉਣ ਮੈਨੂੰ ।
ਇੰਞ ਜਾਪੇ ਕਿ ਮੈਂ ਰੁੱਸ ਗਿਆ
ਤੇ ਉਹ ਰੁੱਸੇ ਨੂੰ ਮਨਾਉਣ ਮੈਨੂੰ ।
ਫਿਰ ਕਰ ਇਕੱਠੇ ਆਪਣੇ
ਲੱਗੇ ਉਹ ਦਿਖਾਉਣ ਮੈਨੂੰ ।
ਇੰਨੇ ਨੂੰ ਮੇਰੇ ਆਪਣੇ ਹੀ
ਲੈ ਪਾਣੀ ਲੱਗੇ ਨਹਾਉਣ ਮੈਨੂੰ ।
ਨਹਾ ਧੋ ਕਰ ਸਾਫ਼ ਪਿੰਡਾ
ਨਵੇਂ ਲੀੜੇ ਲੱਗੇ ਪਵਾਉਣ ਮੈਨੂੰ ।
ਇੰਞ ਸਜਾਇਆ ਮੇਰੇ ਜਨਾਜ਼ੇ ਨੂੰ
ਜਿਵੇਂ ਲੱਗੇ ਕਿਤੇ ਵਿਆਹੁਣ ਮੈਨੂੰ ।
ਲੈ ਚੱਲੇ ਜਨਾਜ਼ਾ ਚੁੱਕ ਮੇਰਾ
ਸ਼ਬਦ ਅੱਲ੍ਹਾ ਅੱਲ੍ਹਾ ਸੁਣਾਉਣ ਮੈਨੂੰ ।
ਲੈ ਆਏ ਵਿਚ ਕਬਿਰਸਤਾਨ ਦੇ
ਨਵੀਂ ਕਬਰ ਲੱਗੇ ਬਣਾਉਣ ਮੈਨੂੰ ।
ਪੁੱਟੀ ਕਬਰ 'ਚ ਪਹਿਲਾਂ ਪੜ੍ਹ ਕਲਮਾਂ
ਰੱਖ ਕਬਰ ਲੱਗੇ ਦਫਨਾਉਣ ਮੈਨੂੰ ।
ਮੈਂ ਰੋਇਆ ਮੇਰੀ ਸੁਣੀ ਕਿਸੇ ਨਾ
ਉਲਟਾ ਆਪਣਾ ਬੋਲ ਸੁਣਾਉਣ ਮੈਨੂੰ ।
ਮੇਰੇ ਆਪਣੇ ਮੇਰੀ ਜਾਨ ਸੀ ਜੋ 
ਅੱਜ ਆਏ ਮਿੱਟੀ ਮਿਲਾਉਣ ਮੈਨੂੰ ।
ਸਾਹ ਮੁੱਕ ਜਾਂਦੇ ਰਿਸ਼ਤੇ ਟੁੱਟ ਜਾਂਦੇ
ਲੱਗੇ ਸਬਕ ਅੱਜ ਸਿਖਾਉਣ ਮੈਨੂੰ ।
7. ਆ ਸੱਜਣਾ ਤੈਨੂੰ ਗੱਲ ਦੱਸਾਂ
ਆ ਸੱਜਣਾ ਤੈਨੂੰ ਗੱਲ ਦੱਸਾਂ
ਵੇਖੀ ਸੁਣ ਕੇ ਦਿਲੋਂ ਭੁਲਾਈਂ  ਨਾ ॥
ਖਾਲੀ ਹੱਥ ਆਇਆ ਵਿੱਚ ਜਹਾਨ ਦੇ
ਦੌਲਤ  ਲੋੜ ਤੋਂ ਵੱਧ ਕਮਾਈਂ  ਨਾ ॥
ਇਹ ਜੱਗ ਮੋਹ ਮਾਇਆ ਦਾ ਜਾਲ
 
ਫੋਕੀਆਂ ਚਮਕਾਂ ਤੇ ਡੁੱਲ੍ਹ ਜਾਈਂ ਨਾ ॥
ਕਰਮ ਕਰੀਂ ਕਿ ਲੋਕ ਕਰਨ ਯਾਦ ਤੈਨੂੰ
 
ਮਹੱਲ ਪਾਪ ਦੀ ਨੀਂਹ ਤੇ ਬਣਾਈ ਨਾ ॥
ਮਿਲੇ ਖੁਸ਼ੀ ਦੇ ਪਲ ਸਾਂਭ ਸਾਂਭ ਰੱਖੀਂ 
ਖੁਸ਼ੀਆਂ ਦੇਖ ਕੇ ਗ਼ਮ ਭੁਲਾਈਂ ਨਾ ॥
ਦੁੱਖ ਮਿਲੇ ਹੱਸ ਹੱਸ ਸਹਿ ਜਾਵੀਂ 
ਕਿਤੇ ਦੁੱਖਾਂ ਨੂੰ ਦੇਖ ਘਬਰਾਈਂ ਨਾ ॥
ਪਲ ਦੁੱਖਾਂ ਦੇ ਸੁੱਖਾਂ ਵਾਂਗ ਬੀਤ ਜਾਂਦੇ 
ਰੱਖੀਂ ਯਾਦ ਰੱਬ ਨੂੰ ਭੁਲਾਈਂ ਨਾ ॥
ਇਹ ਜੱਗ ਝੂੱਠਾ ਝੂਠੀਆਂ ਯਾਰੀਆਂ ਨੇ 
ਮਤਲਬੀ ਲੋਕਾਂ ਯਾਰ ਬਣਾਈ ਨਾ ॥
ਹੱਕ ਸੱਚ ਦੀ ਸਦਾ ਕਮਾਈ ਕਰੀਂ 
ਐਂਵੇ ਖੂੰਨ ਨੂੰ ਮੂੰਹ ਤੂੰ ਲਾਈਂ ਨਾ ॥
ਬਣ ਮਾਲੀ ਬਾਗਾਂ ਦੀ ਕਰੀਂ ਰਾਖੀ 
ਬੋਈਂ ਫੁੱਲ ਕਿਤੇ ਕੰਡੇ ਉਗਾਈਂ ਨਾ ॥
ਬੋਲੀਂ ਮਿੱਠਾ ਤੇ ਕਰੀਂ ਸਤਿਕਾਰ ਸਭ ਦਾ 
ਮੰਦਾ ਬੋਲ ਕੇ ਦਿਲ ਕੋਈ ਦੁਖਾਈਂ ਨਾ ।
8. ਨਸ਼ਿਆਂ ਤੋਂ ਬਚ ਕੇ ਰਹੀਏ
ਨਸ਼ੇ ਨਸ਼ੇ ਦੀ ਗੱਲ ਹੈ ।
ਨਸ਼ਾ ਅੱਜ ਤੇ ਨਾਸ਼ ਕੱਲ੍ਹ ਹੈ ।
ਕੁਝ ਨਸ਼ੇ ਦੇ ਵੱਡੇ ਵਪਾਰੀ ।
ਜੋ  ਸਾਰੇ ਜੱਗ ਤੇ ਭਾਰੀ ।
ਜਦ ਵੀ ਗੱਲ ਨਸ਼ੇ ਦੀ ਕਰੀਏ ।
ਸੱਭ ਤੋਂ ਪਹਿਲਾਂ ਉਨ੍ਹਾਂ ਤੋਂ ਡਰੀਏ ।
ਜੋ ਇਹ ਨਸ਼ਾ ਬੇਚਦੇ  ਨੇ ।
ਉਹ ਹੀ ਗੱਦਾਰ ਦੇਸ਼ ਦੇ ਨੇ ।
ਫਿਰ ਡਰੀਏ ਉਨ੍ਹਾਂ ਲੋਕਾਂ ਤੋਂ ।
ਬੱਚ ਕੇ ਰਹੀਏ ਜੋਕਾਂ ਤੋਂ ।
ਜੋ ਖਰੀਦ ਨਸ਼ੇ ਕਰਦੇ ਨੇ ।
ਨਿੱਤ ਤਿਲ ਤਿਲ ਕਰਕੇ ਮਰਦੇ ਨੇ ।
ਉਹ ਵੀ ਗੱਦਾਰ  ਕਹਾਉਂਦੇ ਆ ।
ਜੋ ਕਲੰਕ ਦੇਸ਼ ਨੂੰ ਲਾਉਂਦੇ ਆ ।
ਹੱਥੀਂ ਕੰਮ ਨਾ ਕੋਈ ਕਮਾਉਂਦੇ ।
ਕਤਲ ਚੋਰੀਆਂ ਡਾਕੇ ਲਾਉਂਦੇ ।
ਲੋਕਾਂ ਤੋਂ ਪੈਸੇ ਲੁੱਟ ਲੁੱਟ ਖਾਵਣ ।
ਅਮਨ ਚੈਨ ਮਾਰ ਮੁਕਾਵਣ ।
ਫਿਰ ਡਰੀਏ ਯਾਰਾਂ ਦੋਸਤਾਂ ਤੋਂ ।
ਭੰਗੀ ਅਫ਼ੀਮੀ ਪੋਸਟਾਂ ਤੋਂ ।
ਜੋ ਨਸ਼ੇ ਕਰਨੇ ਸਿਖਾਉਂਦੇ ਆ ।
ਪਾ ਜਾਲ਼ ਬੰਦੇ ਫਸਾਉਂਦੇ ਆ ।
ਇਹ ਬੀਜਣ ਬੀਜ ਨਸ਼ਿਆਂ ਦੇ ।
ਹੁੰਦੇ ਦੁਸ਼ਮਣ ਘਰ ਵਸਿਆਂ ਦੇ ।
ਫਿਰ ਭੋਰਾ ਇਸ ਮਨ ਤੋਂ ਡਰੀਏ ।
ਇਸ ਨੂੰ ਆਪਣੇ ਵੱਸ ਵਿੱਚ ਕਰੀਏ ।
ਮੰਦਾ ਵਾਕ ਮੂੰਹੋਂ ਨਾ ਕਹੀਏ ।
ਨਸ਼ਿਆਂ ਤੋਂ ਸਦਾ ਬੱਚ ਕੇ ਰਹੀਏ ।
9. ਅਨਮੋਲ ਰਤਨ- ਗੁਰੂ
ਗੁਰੂ ਅਨਮੋਲ ਰਤਨ ਹੈ
  
ਬਿਨ ਗੁਰੂ ਹੋਏ ਹਨੇਰਾ ।
ਗੁਰੂ ਹੈ ਦੀਪਕ ਗਿਆਨ ਦਾ
 
ਕਰੇ ਰੋਸ਼ਨ ਚਾਰ ਚੁਫੇਰਾ ॥
ਬਿਨ ਕਿਰਪਾ ਗੁਰੂ ਮਿਲੇ ਨਾ
 
ਗੁਰੂ ਬਿਨ ਜਪਿਓ ਨਾ ਰਾਮ ।
ਲੱਖ ਕਿਤਾਬਾਂ ਪੜ੍ਹ ਥੱਕੇ
ਗੁਰੂ ਬਿਨ ਮਿਲੇ ਨਾ ਗਿਆਨ ॥
ਇਹ ਮਨ  ਬੈਠਾ ਗੁਰ ਚਰਨੀ
ਤਨ ਮਨ ਨਿਰਮਲ ਹੋਏ ।
ਮਿੱਟ ਜਾਏ ਤੂਤੀ ਤੂੰ ਦੀ
  
ਬਾਕੀ ਬਚੇ ਨਾ ਕੋਈ  ॥
ਜਿਸ ਨੂੰ ਗੁਰੂ ਮਾਨੀਏ
 
ਤਾਂ ਸੰਗ  ਜਾ ਬਹਿ ਜਾਈਏ ।
ਗੁਰੂ ਮੰਗੇ ਕੁਰਬਾਨੀ ਜੋ
 
ਹੱਸ ਹੱਸ ਸੀਸ  ਕਟਾਈਏ ॥
ਰੱਬ ਦਾ ਕਰੀਏ ਸ਼ੁਕਰ ਸਦਾ
 
ਭਾਵੇਂ ਲੱਖ ਮੁਸੀਬਤ ਹੋਏ ।
ਗੁਰੂ ਨੂੰ ਮੰਦਾ ਨਾ ਆਖੀਏ
 
ਭਾਵੇਂ ਕੱਟ ਕੱਟ ਟੋਟੇ ਹੋਏ ॥
ਗੁਰੂ ਰਤਨ ਅਨਮੋਲ ਹੈ
 
ਵਡਭਾਗੀ ਹੀ ਜੋ ਪਾਏ ।
ਜੋ ਜਨ ਗੁਰੂ ਕੋ ਬਿਸਰੇ
 
ਭਾਗ ਹੀਣ ਹੋ ਜਾਏ ॥
ਗੁਰੂ ਜਪਾਏ ਰਾਮ ਨਾਮ
 
ਪੜ੍ਹ ਪੜ੍ਹ ਸੋਝੀ ਆਏ ।
ਕੱਟ ਚੌਰਾਸੀ ਜੂਨ ਦੀ
 
ਜੋਤੀ ਜੋਤ ਮਿਲਾਏ ॥
ਕਾਲ਼ੀ ਕਾਲਖ ਕਾਲ ਦੀ
 
ਵਿਚ ਤਨ ਮਨ ਕਾਲਾ ਪਾਈਏ ।
ਲੱਖ ਤੀਰਥ ਨਾ ਉੱਜਲੇ
 
ਭਾਵੇਂ ਰੱਜ ਰੱਜ ਗੰਗਾ ਨਾਈਏ ॥
ਗੁਰੂ ਹੈ ਦੀਪਕ ਗਿਆਨ ਦਾ
 
ਕਾਲ਼ੀ ਕਾਲਖ ਮਾਰ ਮੁਕਾਏ ।
ਕਰ ਉਜੀਆਰਾ  ਨਾਮ ਦਾ
 
ਮਨ ਨਾਮ ਦੀ ਜੋਤ ਜਗਾਏ ॥
ਬਲਿਹਾਰੀ ਉਸ ਗੁਰੂ  ਦੇ
 
ਜੋ ਗੁਰੂ ਰਾਮ ਮਿਲਾਏ ।
ਵਾਂਗ ਜੋਤੀ ਜਲ ਜਾਏ ਜੋ
 
ਜੱਗ ਰੋਸ਼ਨ ਕਰ ਜਾਏ ॥
ਸ਼ੀਤਲ ਹਵਾ ਹੈ ਗੁਰੂ
 
ਤਪਦਾ ਮਨ ਕਰੇ ਸ਼ੀਤ ।
ਕਿਸੇ ਨਾਲ ਕੋਈ ਵੈਰ ਨਾ
 
ਸੱਭ ਸੰਗ ਇਕ ਪ੍ਰੀਤ ॥
10. ਮੇਰੀ ਪਰਛਾਈ
ਮੇਰੀ ਪਰਛਾਈ
 
ਕਿਉਂ ਮੇਰੇ ਨਾਲ ਤੁਰੇ  ।
ਉਠੇ ਬੈਠੇ ਨਾਲ ਮੇਰੇ
 
ਉਹ ਮੇਰੀ ਰੀਸ ਕਰੇ ।
ਮੇਰੀ ਪਰਛਾਈ
 
ਕਿਉਂ ਮੇਰੇ ਨਾਲ ਤੁਰੇ  ।
ਇਕ ਪਲ ਹੋ ਜਾਏ ਮੈਥੋਂ ਛੋਟੀ ।
ਇਕ ਪਲ ਹੋ ਜਾਏ ਟੁਨਟਨ ਮੋਟੀ ।
ਇਕ ਪਲ ਹੋ ਜਾਏ ਕੋਹਾਂ ਲੰਬੀ ।
ਇਕ ਪਲ ਹੋ ਜਾਏ ਪੱਤਲੀ ਡੰਡੀ ।
ਨਾਲ ਸਰੀਰੋਂ ਵਿਛੜੀ ਵਿਛੜੀ,
ਪਲ ਵਿਚ ਆਣ ਜੁੜੇ ।
ਮੇਰੀ ਪਰਛਾਈ
 
ਕਿਓਂ ਮੇਰੇ ਨਾਲ ਤੁਰੇ  ।
ਇਕ ਇਕ ਭੇਦ ਦਿਲਾਂ ਦੇ ਜਾਣੇ ।
ਬਚਪਨ ਗਿਆ ਹੋਏ ਸਿਆਣੇ ।
ਮੈਥੋਂ ਵੱਧ ਮੇਰੀਆਂ ਜਾਣੇ ।
ਬੁੱਤ ਅੰਦਰ ਦਾ ਭੌਰ ਪਛਾਣੇ ।
ਫਿਰ ਮੇਰਾ ਸਾਥ ਨਿਭਾਏ,
ਦਿਨ ਚੰਗੇ ਹੋਣ ਜਾਂ ਬੁਰੇ ।
ਮੇਰੀ ਪਰਛਾਈ
 
ਕਿਓਂ ਮੇਰੀ ਰੀਸ ਕਰੇ ।
ਪੂਜਾ ਪਾਠ ਕਰੇ ਬਥੇਰੇ ।
ਲੱਖਾਂ ਮੰਤਰ ਮਣਕੇ ਫੇਰੇ ।
ਗਹਿਰੇ ਪਾਣੀ ਗੋਤੇ ਲਾਏ ।
ਫਿਰ ਵੀ ਚੰਦਰੀ ਦੂਰ ਨਾ ਜਾਏ ।
ਇਹ ਨਾ ਹੋਵੇ ਵੱਖ ਸਰੀਰੋਂ,
ਕੀਤੇ ਯਤਨ ਬੜੇ ।
ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਇਕ ਦਿਨ ਪਰਛਾਈ ਨਜ਼ਰੀਂ ਭਰਿਆ ।
ਆਪਣਾ ਆਪ ਦੇਖ ਮੈਂ ਡਰਿਆ ।
ਹੱਥ  ਜੋੜ ਤੋਬਾ ਮੈਂ ਕਰਿਆ ।
ਜਾ  ਪੱਲਾ ਸੱਜਣਾ ਦਾ ਫੜਿਆ ।
ਸੱਜਣਾ ਦਿੱਤਾ ਸਬਕ ਨਾਮ ਦਾ,
ਬੈਠੀ ਨਾਮ ਪੜ੍ਹੇ ।
ਮੇਰੀ ਪਰਛਾਈ
 
ਕਿਉਂ ਮੇਰੇ ਨਾਲ ਤੁਰੇ  ।
ਭੇਦ ਪਰਛਾਈ ਜਦ ਮੈਂ ਪਾਇਆ ।
ਆਪਣਾ ਆਪ ਮਾਰ ਮੁਕਾਇਆ ।
ਜਾ  ਪਰਛਾਈ ਨਾਲ ਮਿਲਾਇਆ ।
ਧੰਨਵਾਦ ਮੈਨੂੰ ਸ਼ਬਦ ਪੜ੍ਹਾਇਆ ।
ਸ਼ਬਦ ਪਾਪ ਦੇ ਕਰੇ ਨਬੇੜੇ,
ਹੋਰ ਵੇ ਆਣ ਜੁੜੇ ।
ਮੇਰੀ ਪਰਛਾਈ
 
ਕਿਉਂ ਮੇਰੇ ਨਾਲ ਤੁਰੇ  ।
11. ਤਨਹਾਈ
ਕੱਲ੍ਹ ਵੀ ਸੀ ਅੱਜ ਵੀ ਹਾਂ
ਮੈਂ ਤਨਹਾ ਇਸ ਜਹਾਨ ਅੰਦਰ ।
ਬੰਦ ਹਾਂ ਵਿੱਚ ਤਾਬੂਤ ਦੇ ਤੇ 
ਦਫ਼ਨ ਹਾਂ ਕਬਰਿਸਤਾਨ ਅੰਦਰ ॥
ਮੇਰੇ ਆਪਣੇ ਹੀ ਮੈਨੂੰ ਲੈ ਆਏ 
ਘਰੋਂ ਬਾਹਰ ਮੈਨੂੰ ਛੱਡ ਗਏ ।
ਛੱਡ ਗਏ ਇਸ ਸੁਨਸਾਨ ਥਾਂ ਤੇ 
ਪੱਟ ਟੋਆ ਮੈਨੂੰ ਗੱਡ ਗਏ ॥
ਮੁੜ ਵਾਪਸ ਕਿੱਧਰੇ ਆ ਜਾਵਾਂ ਨਾ
 
ਇਸ ਕਰਕੇ ਮੈਨੂੰ ਦਫ਼ਨਾ ਗਏ ।
ਪੁੱਟ ਲਵਾਂ ਨਾ ਮਿੱਟੀ ਖ਼ੋਖਲੀ ਨੂੰ 
ਕੰਬਖਤ ਕਬਰ ਵੀ ਪੱਕੀ ਬਣਾ ਗਏ ॥
ਮੇਰੇ ਆਪਣੇ ਤੇ ਕੁੱਛ ਆਸ ਪਾਸ ਵਾਲੇ 
ਲੈ ਮੂਹਰੇ ਮੈਨੂੰ ਉਹ ਤੁਰੇ ਸੀ ।
ਇਕ ਵਾਰ ਤੁਰੇ ਤੇ ਨਾ ਰੁੱਕੇ ਕਿਤੇ
ਕਰ ਦਫ਼ਨ ਹੀ ਘਰ ਮੁੜੇ ਸੀ ॥
ਨਾ ਮੁੜ ਕਿਸੇ ਨੇ ਤੱਕਿਆ
ਜਿਹੜੇ ਲੈ ਮੈਨੂੰ ਇਥੇ ਆਏ ਸੀ ।
ਸਭ ਤੋੜ ਗਏ ਉਹ ਰਿਸਤੇ ਨਾਤੇ 
ਜੋ ਵਿੱਚ ਜਹਾਨ ਬਣਾਏ ਸੀ ॥
ਤਾਂ ਜੋ ਤਨਹਾ ਨਾ ਰਹੇ ਕੋਈ 
ਨਾ ਹੋਏ ਕੋਈ ਗਮ ਤਨਹਾਈ  ਦਾ ।
ਪਰ ਇਹ ਰਿਸਤੇ ਸਭ ਨਾਂ ਦੇ ਸੀ 
ਬਸ ਹਿਸਾਬ ਸੀ ਮੇਰੀ ਕਮਾਈ ਦਾ ॥
ਉਸ ਵੇਲੇ ਵੀ ਮੈਂ ਤਨਹਾ ਸੀ 
ਜਦ ਕੋਲ ਸੀ ਮੇਰੇ ਆਪਣੇ ।
ਅੱਜ ਵੀ ਮੈਂ ਤਨਹਾ ਹਾਂ 
ਜਦ ਕੋਈ ਨਹੀਂ ਮੇਰੇ ਆਪਣੇ ॥
ਮੈ ਕੱਲ੍ਹ ਵੀ ਸੀ ਅੱਜ ਵੀ ਹਾਂ 
ਤਨਹਾ ਇਸ ਜਹਾਨ ਅੰਦਰ ।
ਕਿਸੇ ਨਾਲ ਕੋਈ ਸ਼ਿਕਵਾ ਨਹੀਂ 
ਮੈਂ ਖੁਸ਼ ਹਾਂ ਕਬਰਿਸਤਾਨ ਅੰਦਰ ॥
ਕੋਈ ਦੌੜ ਕੋਈ ਚਿੰਤਾ  ਗ਼ਮ ਨਹੀਂ 
ਬੜਾ ਸਕੂਨ ਹੈ ਕਬਰਿਸਤਾਨ ਅੰਦਰ ।
ਭਾਵੇਂ ਹਨ੍ਹੇਰਾ ਹੈ ਵਿੱਚ ਕਬਰਾਂ ਦੇ 
ਪਰ ਉਜਾਲਾ  ਸੱਚ ਦਾ ਹੈ ਕਬਰਿਸਤਾਨ ਅੰਦਰ ॥
ਤਨਹਾਈ ਨਿਭਾਇਆ ਸਾਥ ਮੇਰਾ 
ਮੈਂ ਜਿਉਂਦਾ ਸੀ ਜਾਂ ਮਰਿਆ ।
ਇਕ ਮਿੱਤਰ ਬਸ ਇਹੋ ਸੱਚਾ 
ਜਿਹਨੇ ਦੁੱਖ ਮੇਰਾ ਪੜ੍ਹਿਆ ॥
12. ਪੱਗੜੀ ਸੰਭਾਲ
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ।
ਅੱਜ ਕਿਉ ਸਰੀਰ ਤੇਰਾ ਚੱਲੇ ਨਸ਼ੇ ਨਾਲ ॥
ਸਰੋਂ ਵਰਗੀ ਜਵਾਨੀ ਪਿਆ ਮਿੱਟੀ ਵਿਚ ਰੋਲਦਾ ।
ਭੁੱਲ ਕੇ ਸਲੀਕੇ ਪਿਆ ਮੰਦੇ ਬੋਲ ਬੋਲਦਾ ॥
ਡਿੱਗਦਾ ਫਿਰੇਂ ਤੂੰ ਹੋ ਕੇ ਟੱਲੀ ਨਸ਼ੇ ਨਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਲੱਤ ਨਸ਼ੇ ਦੀ ਭੈੜੀ ਕਈ ਘਰ ਖਾ ਗਈ ।
ਬਣਕੇ ਘਟਾ ਕਾਲੀ ਚੰਨ ਉਤੇ ਛਾ ਗਈ ॥
ਵਿਕੀਆਂ ਜਮੀਨਾਂ ਕਿਤੇ ਵਿਕੇ ਘਰ ਬਾਰ ਨੇ ।
ਨਸ਼ੇ ਨੇ ਕਈ ਘਰ ਕੀਤੇ ਕਰਜ ਦਾਰ ਨੇ ॥
ਹਿੰਮਤ ਕਰ ਕੱਟ ਤੂੰ ਇਹ ਨਸ਼ੇ ਦੇ ਜਾਲ਼ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਇਹ ਪੱਗੜੀ ਜੱਟਾ ਜਾਨ ਹੈ ਪੰਜਾਬ ਦੀ ।
ਇਹ ਪੱਗੜੀ ਉੱਚੀ ਸ਼ਾਨ ਹੈ ਪੰਜਾਬ ਦੀ ॥
ਇਸ ਪੱਗੜੀ ਨੂੰ ਦੇਖੀਂ ਦਾਗ ਲੱਗ ਜਾਵੇ ਨਾ ।
ਇਸ ਪੱਗੜੀ ਦਾ ਮਾਨ ਮਿੱਟੀ ਮਿਲ ਜਾਵੇ ਨਾ ॥
ਇਸ ਪੱਗੜੀ ਦਾ ਭੋਰਾ ਕਰ ਤੂੰ ਖਿਆਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਤੇਰੇ ਉੱਤੇ ਜੱਟਾ ਹੈ ਭਾਰ ਸਾਰੇ ਦੇਸ਼ ਦਾ ।
ਜੰਗ ਦਾ ਮੈਦਾਨ ਜਾਂ ਕੰਮ ਹੋਵੇ ਖੇਤ ਦਾ  ॥
ਖੇਡ ਦੇ ਮੈਦਾਨ ਵਿਚ ਸ਼ੇਰ ਕਿਥੋਂ ਗੱਜਣਗੇ ।
ਗੱਭਰੂ ਪੰਜਾਬ ਦੇ ਜੇ ਨਸ਼ੇ ਨਹੀਂ ਛੱਡਣਗੇ ॥
ਇਹੋ ਸੋਚ ਸੋਚ ਮੈਂ ਹੋਇਆ ਬੇਹਾਲ  ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਰਹਿੰਦੇ ਹੋਏ ਮੁੰਡੇ ਉਤੋਂ ਫੈਸ਼ਨਾ ਨੇ ਪੱਟ ਤੇ ।
ਕਰਨ ਨਾ ਕੰਮ ਭੋਰਾ ਸਾਰਾ ਦਿਨ ਨੈੱਟ ਤੇ ॥
 ਹੱਥਾਂ 'ਚ ਮੁਬਾਈਲ ਲਾਏ ਕੰਨੀ ਹੈੱਡ ਫ਼ੋਨ ਏ ।
ਜਾਂਣੇ ਨਾ ਪਛਾਂਣੇ ਪੰਜਾਬੀ ਏ ਜਾਂ ਕੌਣ ਏ  ॥
ਪਤਲਾ ਸਰੀਰ ਉਤੋਂ ਮਰੀ ਜਿਹੀ ਚਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
ਛੱਡ ਕੇ ਪੰਜਾਬੀ ਬੋਲੀ ਹਿੰਦੀ ਵਿਚ ਬੋਲਦੇ ।
ਬੰਦੇ ਦੀ ਪੜਾਈ ਅੰਗਰੇਜ਼ੀ ਵਿਚ ਤੋਲਦੇ ॥
ਪੁੱਠੇ ਪੁੱਠੇ ਅਰਥ  ਲੋਕ ਕੱਢਣ ਪੰਜਾਬੀ ਦੇ ।
ਹੋਰ ਕੀ ਕੀ ਕਾਰਨ ਦੱਸਾਂ ਸਿਸਟਮ ਖ਼ਰਾਬੀ ਦੇ ॥
ਵਾਰ ਵਾਰ ਮਨ ਵਿਚ ਆਂਵਦਾ ਖਿਆਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ।
ਸੰਭਲ਼ ਜਾਓ ਯਾਰੋ ਨਾਲੇ ਸਾਂਭ ਲੋ ਪੰਜਾਬ ਨੂੰ ।
ਕਰ ਲਓ ਕਾਇਮ ਪੰਜ ਦਰਿਆਂ  ਦੀ ਆਬ ਨੂੰ ॥
ਪੰਜਾਬੀ ਮਾਂ ਬੋਲੀ ਦਾ ਕਰੋ ਸਤਿਕਾਰ ਜੀ ।
ਨਸ਼ਿਆਂ ਨੂੰ ਜੱਗ ਵਿਚੋਂ ਕੱਢ ਦਿਓ ਬਾਹਰ ਜੀ ॥
ਤਾਹੀਓਂ ਇਹ ਦੇਸ਼ ਸਾਡਾ ਹੋਏ ਖੁਸ਼ਹਾਲ ।
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥
13. ਅੱਜ ਕੱਲ੍ਹ ਦੇ ਕਲਾਕਾਰ
ਅੱਜ ਕੱਲ੍ਹ ਦੇ ਕਲਾਕਾਰ ਯਾਰੋ
 
ਨਾ ਜਾਣੇ ਕਿਹੜੇ ਰਾਗ ਹੈ ਗਾਈ ਜਾਂਦੇ ॥
ਸੁਰ-ਤਾਲ ਨਾ ਜਾਣੇ ਕੋਈ
 
ਤੂਤੀ ਆਪਣੀ ਸਭ ਵਜਾਈ ਜਾਂਦੇ ॥
ਗਲਾ ਫਾੜ-ਫਾੜ ਸਭ ਮਾਰਨ ਚੀਕਾਂ 
ਕਾਂ ਕਾਵਾਂ ਰੌਲੀ ਜਿਵੇਂ ਪਾਈ ਜਾਂਦੇ ॥
ਪਾ ਛਾਪਾਂ ਛੱਲੇ ਲਾ ਕਾਲੀ ਐਨਕ
 
ਨਾਂ  ਮੋਟੇ-ਮੋਟੇ ਅੱਖਰਾਂ 'ਚ ਲਖਾਈ ਜਾਂਦੇ ॥
ਕੱਲ੍ਹ ਤੱਕ ਕਵਿਤਾ  ਨਾ ਪੜ੍ਹੀ ਜਿਨ੍ਹੇ
 
ਅੱਜ ਉਹ ਵੀ ਗੀਤ ਹੈ ਗਾਈ ਜਾਂਦੇ ॥
ਗੀਤ ਪੰਜਾਬੀ ਤੇ ਵਿਚ ਰੈਪ ਹਿੰਦੀ
 
ਕਿਤੇ ਅੰਗਰੇਜ਼ੀ ਵੀ ਚਲਾਈ ਜਾਂਦੇ ॥
ਗੱਲ ਵਿਰਸੇ ਦੀ ਅੱਜ ਨਾ ਕਰੇ ਕੋਈ
 
ਮਿਲਾਵਟੀ ਖਿੱਚੜੀ ਸਭ ਪਕਾਈ ਜਾਂਦੇ ॥
ਪੰਜਾਬੀ ਗੀਤਾਂ ਤੇ ਨੱਚਾਉਂਦੇ ਗੋਰਿਆਂ ਨੂੰ
 
ਗੱਲ ਪੰਜਾਬ ਦੀ ਤੇ ਲੰਦਨ ਦਿਖਾਈ ਜਾਂਦੇ ॥
ਨਾ ਕੁਝ ਸੋਚਣ ਨਾ ਕਰਨ ਸ਼ਰਮ ਭੋਰਾ 
ਕੁੜੀਆਂ ਗੀਤਾਂ 'ਚ ਨੰਗੀਆਂ ਨਚਾਈ ਜਾਂਦੇ ॥
ਮਾੜੇ ਗਾਇਕ ਕਰਨ ਮਾਹੌਲ ਮਾੜਾ
ਚੰਗੇ ਗਾਇਕਾਂ ਨੂੰ ਮਿੱਟੀ ਹੈ ਮਿਲਾਈ ਜਾਂਦੇ ॥
ਉਹ ਮਾੜੇ ਤੇ ਅਸੀਂ ਵੀ ਨਾ ਘੱਟ ਕਿਸੇ ਤੋਂ
 
ਜੋ ਦੇਖਦੇ ਹਾਂ ਓਹੀ ਆਪਣਾਈ ਜਾਂਦੇ ॥
ਚੰਗੇ ਮੰਦੇ ਦੀ ਨਾ ਕਰਨ ਪਰਖ਼ ਭੋਰਾ
 
ਗੁੱਡੀ ਅੰਬਰੀ ਹੈ ਸਭ ਦੀ ਚੜ੍ਹਾਈ ਜਾਂਦੇ ॥
ਭੁੱਲ ਗਏ ਇਹ ਪੰਜਾਬੀ ਵਿਰਸੇ ਨੂੰ
ਦੇਸੀ ਰਾਗਾਂ ਨੂੰ ਵਿਦੇਸ਼ੀ ਬਣਾਈ ਜਾਂਦੇ ॥
ਨਾਲ ਗੀਤ ਗਾਵਣ ਨਾਲ ਮਾਰਨ ਬੜ੍ਹਕਾਂ
 
ਐਵੇਂ ਫੋਕੀਆਂ ਸ਼ੋਹਰਤਾਂ ਦਿਖਾਈ ਜਾਂਦੇ ॥
ਕਰ ਗੀਤਾਂ ਵਿਚ ਸਿਫ਼ਤ ਨਸ਼ਿਆਂ ਦੀ
 
ਅੱਗ ਨਸ਼ੇ ਦੀ ਹੋਰ ਹੈ ਭਖਾਈ ਜਾਂਦੇ ॥
ਕਰਮ ਧਰਮ, ਪਿਆਰ ਦੀ ਨਾ ਗੱਲ ਕੋਈ
 
ਮਰਨ ਮਾਰਨ ਦੀਆਂ ਝਲਕਾਂ ਦਿਖਾਈ ਜਾਂਦੇ ॥
ਅੱਜ ਕੱਲ੍ਹ ਦੇ ਤਾਂ ਕਲਾਕਾਰ ਯਾਰੋ
 
ਪੰਜਾਬੀ ਸ਼ਾਨ ਮਿੱਟੀ ਹੈ ਮਿਲਾਈ ਜਾਂਦੇ ॥
14. ਕਵਿਤਾ
ਕਵਿਤਾ ਜਨਨੀ ਕਵੀ ਦੀ
ਕਦੇ ਹਕੀਕਤ ਵਿਚ 
ਕਦੇ ਖਿਆਲਾਂ ਵਿਚ 
ਕਦੇ ਬੁਝਾਰਤਾਂ ਵਿਚ 
ਤੇ ਕਦੇ ਸਵਾਲਾਂ ਵਿਚ ।
ਕਵਿਤਾ ਜਨਨੀ ਕਵੀ ਦੀ 
ਕੁਝ ਦੁੱਖ ਕਹੇ 
ਕੁਝ ਜ਼ਜਬਾਤ ਕਹੇ
ਕੁਝ ਆਮ ਕਹੇ
ਕੁਝ ਖਾਸ ਕਹੇ ।
ਕਵਿਤਾ ਜਨਨੀ ਕਵੀ ਦੀ
ਸੰਦੇਸ਼ ਭਰੀ 
ਉਪਦੇਸ਼ ਭਰੀ 
ਕਿਤੇ ਸੋਚ ਕਵੀ ਦੀ 
ਡਰੀ ਡਰੀ ।
ਕਵਿਤਾ ਜਨਨੀ ਕਵੀ ਦੀ 
ਕਿਤੇ ਖ਼ਾਬਾਂ ਵਿਚ 
ਕਿਤੇ ਖਿਆਲਾਂ ਵਿਚ 
ਖ਼ਲਕ ਦੇ ਸਵਾਲਾਂ ਵਿਚ 
ਰਾਜਨੀਤੀ ਦੀਆਂ ਚਾਲਾਂ ਵਿਚ ।
ਕਵਿਤਾ ਜਨਨੀ ਕਵੀ ਦੀ 
ਕਿਤੇ ਸੱਚ ਬੋਲੇ 
ਕਿਤੇ ਝੂੱਠ ਬੋਲੇ 
ਕਿਤੇ ਇਸ਼ਕ ਤੋਲੇ
ਕਿਤੇ ਭੇਦ ਖੋਲ੍ਹੇ ।
ਕਵਿਤਾ ਜਨਨੀ ਕਵੀ ਦੀ 
ਕੁਝ ਹੱਡ ਬੀਤੀ 
ਕੁਝ ਜੱਗ ਬੀਤੀ 
ਕਿਤੇ ਗੰਢ ਸੀਤੀ
ਕਿਤੇ ਸੋਚ ਕੀਤੀ ।
ਕਵਿਤਾ ਜਨਨੀ ਕਵੀ ਦੀ 
ਕਿਤੇ ਇਸ਼ਕ ਤੇ ਕਿਤੇ ਪਿਆਰ 
ਕਿਤੇ ਜਿੱਤ ਤੇ ਕਿਤੇ ਹਾਰ
ਕਿਤੇ ਹੁਸਨ ਤੇ ਕਿਤੇ ਬਹਾਰ
ਕਿਤੇ ਵਕਤ ਦੀ ਭੈੜੀ ਮਾਰ ।
ਕਵਿਤਾ ਜਨਨੀ ਕਵੀ ਦੀ 
ਕੁਝ ਚੰਗੀ ਜਿਹੀ 
ਕੁਝ ਮੰਦੀ ਜਿਹੀ 
ਕੁਝ ਕੁਝ ਔਖੀ  ਜਿਹੀ 
ਕੁਝ  ਕੁਝ ਸੌਖੀ ਜਿਹੀ ।
ਕਵਿਤਾ ਜਨਨੀ ਕਵੀ ਦੀ 
ਜੇ ਲਿਖੋ ਤਾਂ ਕਵਿਤਾ ਬਣਦੀ ਏ 
ਨਾ ਲਿਖੋ ਤਾਂ ਸੋਚ ਮਨ ਦੀ ਏ ।
 
15. ਬਾਪੂ
ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੀ, 
ਮੱਤ ਕਿਥੇ ਖੋਈ ਏ ।
ਬਾਪੂ ਨੂੰ ਬਾਪੂ ਅੱਜ 
ਸਮਝੇ ਨਾ ਕੋਈ ਏ ।।
ਕਰਦੇ ਨੇ ਬਾਪੂ ਨਾਲ 
ਇਹ ਬਦ ਜ਼ੁਬਾਨੀਆਂ ।
ਭੁੱਲ ਜਾਂਦੇ ਬਾਪੂ ਦੀਆਂ 
ਕੀਤੀਆਂ ਕੁਰਬਾਨੀਆਂ ।।
ਬਾਪੂ ਦੀ ਕਮਾਈ ਤੇ 
ਮੌਜਾਂ ਰਹਿੰਦੇ ਮਾਣਦੇ ।
ਔਖੇ ਵੇਲੇ ਬੱਚੇ ਪਿਓ ਦਾ 
ਮੁਖ ਨਾ ਪਛਾਣਦੇ ।।
ਹੱਕ ਰਹਿਣ ਜਤਾਉਂਦੇ 
ਕੀਤੀ ਬਾਪੂ ਦੀ ਕਮਾਈ ਤੇ ।
ਕਦਰ ਨਾ ਪਾਉਂਦੇ ਬਾਪੂ ਦੀ 
ਬਣਤ ਬਣਾਈ ਤੇ ।।
ਮਾਪਿਆਂ ਦੇ ਦੁੱਖ ਬੱਚੇ 
ਕਦੇ ਨਹੀਂ ਜਾਣਦੇ ।
ਪੁੱਤਾਂ ਦੇ ਦੁੱਖ ਮਾਪੇ 
ਸੀਨੇ ਤੇ ਹੈ ਮਾਣਦੇ ।।
ਭੁੱਖੇ ਭਾਣੇ ਮਰ ਮਰ ਮਾਪੇ 
ਕਰਮ ਰਹਿਣ ਕਮਾਉਂਦੇ ।
ਤੀਲਾ-ਤੀਲਾ ਜੋੜ ਮਾਪੇ  
ਘਰ ਹੈ ਬਣਾਉਂਦੇ ।।
ਦਿਲਾਂ ਦੇ ਅਰਮਾਨ ਸਾਰੇ 
ਚੁਣ ਚੁਣ ਰਹਿਣ ਮਾਰਦੇ ।
ਪਤਾ ਨੀ ਕੀ ਜਨਮਾਂ ਦੇ 
ਰਹਿਣ ਕਰਜ਼ੇ ਉੱਤਰਦੇ ।।
ਆਪਣੀ ਔਲ਼ਾਦ ਵਿਚ 
ਰੂਪ ਵੇਖਣ ਆਪ ਦਾ ।
ਪਰ ਨਾ ਔਲ਼ਾਦ ਨੂੰ  
ਪਿਆਰ ਦਿਖੇ ਬਾਪ ਦਾ ।।
ਕੁਝ ਤਾਂ ਬੇਸ਼ਰਮ ਪੁੱਤ
ਬਾਪੂ ਨਾਲ ਲੜ ਪੈਂਦੇ ਨੇ। 
ਮਰ ਜਾ ਵੇ ਬੁੱਢਿਆ ਤੂੰ 
ਆਖ਼ ਸੁਣਾਉਂਦੇ ਨੇ ।।
ਕਿਹੋ ਜਿਹੇ ਰੰਗ ਰੱਬ 
ਇਸ ਸੰਸਾਰ ਦੇ 
ਰੱਬ ਜਿਹੇ ਮਾਪੇ ਪੁੱਤ 
ਪੈਰਾਂ 'ਚ  ਲਤਾੜਦੇ ।।
ਸ਼ਰਮ ਕਰੋ ਲੋਕੋ 
ਮਾਪੇ ਫ਼ੁੱਲ ਨੇ ਬਾਹਰ ਦੇ ।
ਦੇ ਜਾਣ ਹਾਸੇ ਯਾਰੋ 
ਭੁੱਖੇ ਨੇ ਇਹ ਪਿਆਰ ਦੇ ।। 
ਰੱਬ ਜਿਹੇ ਮਾਪਿਆਂ ਦਾ 
ਕਰੋ ਤੁਸੀਂ ਸਤਿਕਾਰ ਜੀ ।
ਪਾਵੋਗੇ  ਖੁਸ਼ੀਆਂ ਜੇ 
ਵੰਡੋਗੇ ਪਿਆਰ ਜੀ ।।
 
16. ਸੋਚ ਨਹੀਂ ਸੱਚ
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਲੋਕ ਪੈਸਾ- ਪੈਸਾ ਕਰਦੇ ਨੇ
ਗਲਾ ਮਾਂ ਬਾਪ ਦਾ ਫੜਦੇ ਨੇ 
ਕਤਲ ਭਾਈ ਭਾਈ ਦਾ ਕਰਦੇ ਨੇ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਆਦਰ ਮਾਣ ਜੱਗ ਤੋਂ ਮੁੱਕ ਗਿਆ 
ਸਾਗਰ ਪਿਆਰ ਵਾਲਾ ਸੁੱਕ ਗਿਆ 
ਹਾਸਾ ਬੁਲੀਆਂ ਤੋਂ ਵੀ ਮੁੱਕ ਗਿਆ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਲੋਕ ਮੋਹ ਮਾਇਆ ਨੇ ਜੱਕੜੇ ਨੇ 
ਕੁਝ ਮਾੜੇ ਨੇ ਕੁਝ ਤੱਕੜੇ ਨੇ 
ਕਾਲੀ ਕਾਲ ਦੀ ਕਾਲਖ਼ ਜੱਕੜੇ ਨੇ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਕੋਈ ਪਿਆਰ ਦੀ ਬੋਲੀ ਬੋਲੇ ਨਾ 
ਬੂਹੇ ਦਿਲ ਨੂੰ ਦਿਲ ਕੋਈ ਖੋਲੇ ਨਾ
ਕੋਈ ਅੱਖੀਓਂ ਹੰਝੂ ਡੋਲੇ ਨਾ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਲੋਕ ਜੱਕੜੇ ਪੰਜ ਵਿਕਾਰਾਂ ਨੇ 
ਧੰਨ ਦੌਲਤਾਂ ਕੋਠੀਆਂ  ਕਾਰਾਂ ਨੇ 
ਕਾਮ ਕ੍ਰੋਧ ਮੋਹ ਲੋਭ ਹੰਕਾਰਾਂ ਨੇ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਗੱਲ ਸੇਵਾ ਵਾਲੀ ਕੋਈ ਕਰਦਾ ਨਾ 
ਹੱਥ ਲੋੜਵੰਦ ਦਾ ਫੜਦਾ ਨਾ 
ਕੋਈ ਸੱਚ ਦੀ ਪੌੜੀ ਚੜ੍ਹਦਾ ਨਾ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਕੋਈ ਗੱਲ ਸਿਆਣੀ ਕਰੇ ਨਾ 
ਲਿੱਖੀ ਅੰਮ੍ਰਿਤ ਬਾਣੀ ਪੜ੍ਹੇ ਨਾ 
ਕੋਈ ਰੱਬ ਯਾਦ ਵੀ ਕਰੇ ਨਾ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਹੁਣ ਸ਼ਰਮ ਕਿਸੇ ਨੂੰ ਆਵੇ ਨਾ 
ਕੋਈ ਪੂਰੇ ਕੱਪੜੇ ਪਾਵੇ ਨਾ 
ਬਹਿ ਹੱਕ ਦੀ ਰੋਟੀ ਖਾਵੇ ਨਾ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਹੁਣ ਸੱਚ ਦੀ ਕੋਈ ਕਦਰ ਨਹੀਂ 
ਕੌਣ ਕੀ ਏ ਕੋਈ ਖ਼ਬਰ ਨਹੀਂ 
ਲੱਗੀ ਦੌੜ ਹੈ ਕੋਈ ਸਬਰ ਨਹੀਂ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਮਨੁੱਖ ਮਨੁੱਖ ਦਾ ਵੈਰੀ ਹੋਇਆ ਏ 
ਕੋਈ ਜਿਉਂਦਾ ਏ ਕੋਈ ਮੋਇਆ ਏ 
ਕੋਈ ਖ਼ੂਨ ਦੇ ਹੰਝੂ ਰੋਇਆ ਏ ।
ਸੋਚ ਨਹੀਂ ਇਹ ਸੱਚ ਹੈ ।
ਸੋਚ ਨਹੀਂ ਇਹ ਸੱਚ ਹੈ ਕਿ 
ਹੁਣ ਥਾਂ ਥਾਂ ਠੱਗੀਆਂ ਚੋਰੀਆਂ ਨੇ 
ਚਾਦਰ ਆਪਣੀ ਵਿਚ ਵੀ ਮੋਰੀਆਂ ਨੇ 
ਸੁਰਜੀਤ ਕਹਿੰਦਾ ਗੱਲਾਂ ਕੋਰੀਆਂ ਨੇ
17. ਮੈਂ ਸਮਾਂ ਹਾਂ
ਮੈਂ ਸਮਾਂ ਹਾਂ
ਤੇ ਚਲਦਾ ਰਹਿੰਦਾ ਹਾਂ ।
ਨਾ ਕਦੇ ਰੁਕਿਆ  
ਤੇ ਨਾ ਕਦੇ ਬਹਿੰਦਾ ਹਾਂ ।।
 ਮੈਂ ਸਮਾਂ ਹਾਂ
ਤੇ ਚਲਣਾ ਮੇਰਾ ਗੁਣ ਹੈ । 
ਕਦੇ ਮੁੜਿਆ ਨੀ 
ਮੇਰਾ ਅਵ ਗੁਣ ਹੈ ।।
 ਮੈਂ ਸਮਾਂ ਹਾਂ
ਤੇ ਸਭ ਲਈ ਸਮਾਨ ਹਾਂ ।
ਕਿਸੇ ਲਈ ਜੀਵਨ ਹਾਂ 
ਤੇ ਕਿਸੇ ਲਈ ਸ਼ਮਸ਼ਾਨ ਹਾਂ ।।
 ਮੈਂ ਸਮਾਂ ਹਾਂ
ਤੇ ਮੇਰੀ ਇਕ ਚਾਲ ਹੈ ।
ਮੈਂ ਕਿਥੇ ਹਾਂ 
ਸਭ ਨੂੰ ਇਹ ਭਾਲ  ਹੈ ।।
 ਮੈਂ ਸਮਾਂ ਹਾਂ
ਤੇ ਅਸੂਲਾਂ ਦਾ ਪਾਬੰਦ ਹਾਂ ।
ਕਦੇ ਧੁੱਪ ਹਾਂ 
ਤੇ ਕਦੇ ਕੜੀ ਠੰਡ ਹਾਂ ।।
 ਮੈਂ ਸਮਾਂ ਹਾਂ
ਤੇ ਮੇਰਾ ਕੋਈ ਰੂਪ ਨਾ ।
ਮੈਂ ਹਾਂ ਖੁਸ਼ੀ ਗ਼ਮ 
ਮੈਂ ਹੀ ਮੌਤ ਝੂਠ ਨਾ ।।
 ਮੈਂ ਸਮਾਂ ਹਾਂ
ਤੇ ਮੈਂ ਹੀ ਦਿਨ ਰਾਤ ਹਾਂ ।
ਮੈਂ ਹਾਂ ਪੱਤਝੜ 
ਤੇ ਮੈਂ ਹੀ ਬਰਸਾਤ ਹਾਂ ।।
 ਮੈਂ ਸਮਾਂ ਹਾਂ
ਤੇ ਵੰਡਿਆ ਹਾਂ ਦਿਨ ਰਾਤ 'ਚ ।
ਚਾਰ ਮੌਸਮਾਂ 'ਚ
ਰੁੱਤਾਂ ਦੀ ਸੌਗ਼ਾਤ 'ਚ ।।
 ਮੈਂ ਸਮਾਂ ਹਾਂ
ਜੋ ਘੜੀਆਂ ਵਿਚ ਚਲਦਾ ਹਾਂ ।
ਮੈਂ ਧੜਕਣ ਹਾਂ ਦਿਲਾਂ ਦੀ 
ਤੇ ਸਾਹਾਂ ਵਿਚ ਚਲਦਾ ਹਾਂ ।।
 ਮੈਂ ਸਮਾਂ ਹਾਂ
ਮਲਾਹ ਆਉਣ ਜਾਣ ਦਾ ।
ਮੈਨੂੰ ਮੁੜਦੇ ਨੂੰ 
ਕੋਈ ਨਾ ਪਹਿਚਾਣ  ਦਾ ।।
 ਮੈਂ ਸਮਾਂ ਹਾਂ
ਤੇ ਮੇਰਾ ਕੋਈ ਅੰਤ ਨਾ ।
 ਮੈਂ ਸਮਾਂ ਹਾਂ
ਕੋਈ ਸਾਧੂ ਸੰਤ ਨਾ ।।
 ਮੈਂ ਸਮਾਂ ਹਾਂ
ਤੇ ਸਭ ਦੀਆਂ ਜਾਣਦਾ ।
ਮੈਂ ਆਦਿ ਹਾਂ 
ਮੇਰੇ ਨਾ ਕੋਈ ਹਾਣ ਦਾ ।।
 ਮੈਂ ਸਮਾਂ ਹਾਂ
ਮੈਂ ਹੀ ਰਹੀ ਜਾਵਾਂਗਾ ।
ਹੱਡ ਬੀਤੀ ਗੱਲ 
ਕਿਸ ਨੂੰ ਸੁਣਾਵਾਂਗਾ ।।
18. ਜਿੰਮੇਦਾਰੀਆਂ
ਜਦ ਸੀ ਬਚਪਨ ਤਾਂ ਮੌਜਾਂ ਮਾਣਦੇ ਸੀ ।
ਭਾਵੇਂ ਦਰ ਦਰ ਖ਼ਾਕ ਛਾਣਦੇ ਸੀ ।।
ਨਾ ਡਰ ਤੇ ਨਾ ਜਿੰਮੇਦਾਰੀਆਂ ਸੀ ।
ਹਰ ਪਲ ਖੇਡਣ ਦੀਆਂ ਤਿਆਰੀਆਂ ਸੀ ।।
ਹੁੰਦੀ ਯਾਰਾਂ ਦੀ ਅਮੀਰੀ ਸੀ ।
ਭਾਵੇਂ ਪੈਸੇ ਪੱਖੋਂ ਫ਼ਕੀਰੀ ਸੀ ।।
ਮਸਤੀ ਵਿਚ ਹੱਸਦੇ ਗਾਉਂਦੇ ਸੀ ।
ਮਾਪੇ ਵੀ ਲਾਡ ਲਦਾਉਂਦੇ ਸੀ ।।
ਕੰਮ ਖੇਡਣਾ ਸੀ ਤੇ ਪੜ੍ਹਨਾ ਸੀ ।
ਯਾਰਾਂ ਬੇਲੀਆਂ ਦੇ ਨਾਲ ਲੜਨਾ ਸੀ ।।
ਦਾਦੀ ਮਾਂ ਕਹਾਣੀਆਂ ਸੁਣਾਉਂਦੀ ਸੀ ।
ਸਾਨੂੰ ਰੁੱਸਿਆਂ ਨੂੰ ਆਣ ਮਨਾਉਂਦੀ ਸੀ ।।
ਪਰ ਜਦ ਤੋਂ ਅਸੀਂ ਜਵਾਨ ਹੋਏ ।
ਬਸ ਉਦੋਂ ਤੋਂ ਹੀ ਪ੍ਰੇਸ਼ਾਨ ਹੋਏ ।।
ਖੇਡਾਂ ਖੇਡਣੀਆਂ ਸਭ ਰਹਿ ਗਈਆਂ ।
ਜਿੰਮੇਦਾਰੀਆਂ ਜਦੋਂ ਦੀਆਂ ਪੈ ਗਈਆਂ ।।
ਉਤੋਂ ਕਰਵਾ ਕੇ ਵਿਆਹ ਚਾਵਾਂ ਨਾਲ ।
ਪਾ ਲਿਆ ਵੈਰ ਭਰਾਵਾਂ ਨਾਲ ।।
ਹੁਣ ਸਭ ਤੋਂ ਵੱਖ ਰਹਿਣਾ ਪੈਂਦਾ ਏ ।
ਦੁੱਖ ਵਿਰਹੋਂ ਦਾ ਸਹਿਣਾ ਪੈਂਦਾ ਏ ।।
ਹੁਣ ਕੋਈ ਨਾ ਸਾਨੂੰ ਪਿਆਰ ਕਰੇ ।
ਹੁਣ ਰਹਿੰਦੇ ਹਾਂ ਬਸ ਮਰੇ ਮਰੇ ।।
ਹੁਣ ਕੰਮ ਵੀ ਦਿਨ ਭਰ ਕਰਦੇ ਹਾਂ ।
ਫਿਰ ਵੀ ਡਰ ਡਰ ਮਰਦੇ ਹਾਂ ।।
ਹੁਣ ਪੈਸਿਆਂ ਦੀ ਅਮੀਰੀ ਏ ।
ਪਰ ਯਾਰਾਂ ਦੀ ਫ਼ਕੀਰੀ ਏ ।।
ਆਪੇ ਹੱਸ ਲਈ ਦਾ ਆਪੇ ਗਾ ਲਈ ਦਾ ।
ਮਨ ਰੁਸਿਆ ਆਪ ਮਨਾ ਲਈ ਦਾ ।।
ਪਿਆਰ ਲੱਭਦੇ ਹਾਂ ਪਰ ਲੱਭਦਾ ਨਹੀਂ ।
ਮੁਖ ਸੋਹਣਾ ਹੈ ਪਰ ਫੱਬਦਾ ਨਹੀਂ ।।
ਜੋ ਮਿਲਦਾ ਹੈ ਉਹ ਖਾ ਲਈ ਦਾ ।
ਇਹੋ ਜਿੰਦਗੀ ਮਨ ਸਮਝਾ ਲਈ ਦਾ ।।
 
19. ਯੋਗੀ
ਯੋਗੀ ਬੈਠਾ ਸਮਾਧੀ  ਲਗਾ ।
 
ਸਭ ਕੁੱਝ ਦਿਲੋਂ ਭੁਲਾ ।।
ਨਾ ਸੁੱਖ ਦੀ ਆਸ ਕੋਈ
 
ਤੇ ਨਾ ਦੁੱਖ ਦਾ ਡਰ ।
ਨਾ ਕੋਈ ਚਿੰਤਾ ਸਤਾਵੇ 
ਤੇ ਨਾ ਮੌਤ ਦਾ ਡਰ ।।
ਇੱਛਾਵਾਂ ਮੁੱਕਤ ਹੋ ਕੇ ਬੈਠਾ 
ਹਰ ਪਾਸੇ ਖਾਮੋਸ਼ੀ ਛਾਈ ।
ਨਾ ਕੁੱਝ ਕਰੇ ਨਾ ਕੁੱਝ ਬੋਲੇ 
ਲੱਗੇ ਜਿਵੇਂ ਮੂਰਤ ਬਣਾਈ ।।
ਰੂਪ ਉਸਦੇ ਮੁੱਖੜੇ ਦਾ 
ਚੰਦ ਵਾਂਗੂ ਚੱਮਕੇ ।
ਭਗਵੀਂ ਕੱਪੜੇ ਵਾਲ਼ ਸੁਨਹਿਰੀ 
ਫੇਰੇ ਰਾਮ ਨਾਮ ਦੇ ਮਣਕੇ ।।
ਧਨ ਦੌਲਤ ਸਭ ਦਾਨ ਕੀਤੇ 
ਰੱਖੇ ਪਾਸ ਦੋ ਸਵਾਸ਼ ।
ਕਿਸੇ ਚੀਜ਼ ਦਾ ਮੋਹ ਨਹੀਂ 
ਬਸ ਪ੍ਰਭ ਮਿਲਣ ਦੀ ਆਸ ।।
ਜਸ਼ ਗਾਨ ਦੀ ਤ੍ਰੇਹ ਨਹੀਂ 
ਨਾ ਮਾਇਆ ਦੀ ਭੁੱਖ  ।
ਕੱਟ ਚੋਰਾਸੀ ਮਿਲੇ ਚਰਨ ਕਮਲ 
ਵੱਡਾ ਨਾ ਕੋਈ ਸੁੱਖ ।।
 
20. ਕਲਜੁਗ
ਗਿਆਨ ਉਜਾਲ਼ਾ ਮਿੱਟਦਾ ਜਾਵੇ
ਚਾਰੇ ਪਾਸੇ ਕਾਲਖ ਛਾਈ ।।
ਪਾਪਾਂ ਦਾ ਰੁੱਖ ਫਲਦਾ ਜਾਵੇ 
ਮਿਟਦੀ ਜਾਈ ਸਚਾਈ ।।
ਸਾਧੂ ਸੰਤ ਉਪਦੇਸ਼ ਦੇਵਣ
ਅੰਦਰ ਭਰੀ ਬੁਰਾਈ ।।
ਚੋਰ ਲੁਟੇਰੇ ਸੰਤ ਬਣ 
ਪਾਪ ਦੀ ਲੱਗੇ ਕਰਨ ਸਫ਼ਾਈ।।
ਮੋਹ ਮਾਇਆ ਨੇ ਜਾਲ਼ ਫੈਲਾਇਆ 
ਹਰ ਇਕ ਦੀ ਹੈ ਸੁੱਧ ਭੁਲਾਈ ।।
ਕਾਮ ਕ੍ਰੋਧ ਨੇ ਰੰਗ ਦਿਖਾਇਆ 
ਘਰ ਘਰ ਵਿਚ ਹੋਈ ਲੜਾਈ ।।
ਬੋਟੀ ਬੋਟੀ ਕਰ ਮਾਂ ਨੂੰ ਵੰਡਿਆ 
ਭੈਣ ਨੂੰ ਭੈਣ ਸਮਝੇ ਨਾ ਭਾਈ ।।
ਮਾਂ ਤਾਂ ਵੰਡੀ ਰੱਬ ਵੀ ਵੰਡਿਆ 
ਮਜ਼ਹਬ 'ਚ ਵੰਡੇ ਭਾਈ ਭਾਈ ।।
ਮਾਂ ਬਾਪ ਪਏ ਦੁੱਖ 'ਚ ਤੜਫ਼ੇ
ਬੈਠੇ ਪੁੱਤਰ ਦੀ ਆਸ ਲਗਾਈ ।।
ਆਸ ਸਵਾਸ਼ ਜਦ ਸਭ ਕੁੱਝ ਮੁੱਕੇ
ਹੁਣ ਕਿਉਂ ਰੋ ਰੋ ਕਰੇ ਦੁਹਾਈ ।।
ਪਾਪ ਦੇ ਰੰਗ  ਸਾਰੇ ਰੰਗੇ 
ਸੱਚ ਦੀ ਬੈਠੇ ਰਾਹ ਭੁਲਾਈ ।।
ਸੱਚੇ ਫਿਰਦੇ ਭੁੱਖੇ ਨੰਗੇ 
ਚੋਰ ਖਾਵਣ ਮਲਾਈ ।।
ਔਖੇ ਵੇਲੇ ਸਾਥ ਨਾ ਤੁਰਿਆ 
ਉਂਝ ਪਿਆਰ ਦੀ ਦੇਵੇ  ਦੁਹਾਈ ।।
ਭੁੱਖੇ ਨੰਗੇ ਨੂੰ ਦਾਨ ਨਾ ਕਰਿਆ 
ਅਮੀਰਾਂ ਜਾਵੇ ਮਾਸ ਖੁਆਈ ।।
ਰੁੱਖੀ ਖਾ ਖਾ ਭੁੱਖ ਮਿਟਦੀ 
ਫਿੱਕੀ ਲੱਗੇ ਮਹਿੰਗੀ ਮਿਠਾਈ ।।
ਸ਼ੌਕ ਗਰੀਬਾਂ ਮਹਿੰਗਾਈ ਲੁੱਟਗੀ 
ਜਾਵੇ ਵੱਕਤ ਨੂੰ ਧੱਕਾ ਲਾਈ ।।
ਸੁਰ ਤਾਲ ਦਾ ਗਿਆਨ ਨਾ ਕੋਈ 
ਗਲਾ ਫਾੜ ਜਾਵੇ ਰੌਲ਼ਾ ਪਾਈ ।।
ਦੇਖ ਨੰਗੇਜ ਸੋਚੇ ਨਾ ਕੋਈ 
ਨਵੀ ਪੀੜ੍ਹੀ ਲਈ ਇਹ ਵਧਾਈ ।।
 
21. ਰੀਸ ਫ਼ਕੀਰਾਂ ਦੀ
ਰੀਸੋ-ਰੀਸ ਫ਼ਕੀਰ ਬਣੇ,
ਦੇਖ ਫ਼ਕੀਰ ਜਸ਼ ਗਾਣ ।।
ਤਨ ਤੇ ਚੋਲ਼ਾ ਹੱਥ ਵਿਚ ਮਾਲਾ, 
ਵੰਡਣ ਲੱਗੇ ਗਿਆਨ ।।
ਸੁੱਖ ਆਰਾਮ ਤਿਆਗ ਨਾ ਹੋਏ,
ਕੀਤੀ ਨਾ ਬੰਦ ਦੁਕਾਨ ।।
ਆਲਸ ਮੇਰੇ ਹੱਡੀਂ ਰਚਿਆ,
ਜਿਸਮ 'ਚ ਰਹੀ ਨਾ ਜਾਨ ।।
ਭੁੱਖ ਤਿਆਗ ਰੋਜੇ ਰੱਖੇ,
ਹੋਈ ਨਾ ਬੰਦ ਜ਼ੁਬਾਨ ।।
ਰੱਬ ਮਿਲਣ ਦੇ ਰਾਹ ਦਿਖਾਵਾਂ,
ਆਪ ਨਾ ਮਿਲੇ ਭਗਵਾਨ ।।
 
ਬੈਠ ਇਕਾਗਰ ਮਣੀ ਫੇਰਾਂ,
ਮਨ ਭੱਟਕੇ ਜਹਾਨ ।।
ਪੰਜ ਵਿਕਾਰ ਮੇਰੇ ਵਸੇ,
ਕਿਵੇਂ ਕਰਾਂ ਕੁਰਬਾਨ ।।
ਬੈਠ ਸਮਾਧੀ ਨਾਮ ਉਚਾਰਾਂ,
ਮਨ ਭਰਿਆ ਅਭਿਮਾਨ ।।
ਜੋ ਕੁੱਝ ਦੇਖਿਆ ਓਹੀ ਕੀਤਾ,
ਫਿਰ ਵੀ ਨਾ ਮਿਲੇ ਭਗਵਾਨ ।।
 
22. ਪੰਛੀ
ਪੰਛੀ ਹਾਂ ਮੈਂ ਪੰਛੀ 
ਮੇਰੀ ਮਿੱਠੀ ਪਿਆਰੀ ਅਵਾਜ਼ ।।
ਵਿਚ ਹਵਾ ਦੇ ਰਸ ਘੋਲਾਂ 
ਸੁੰਦਰ ਮਧੁਰ ਵਜਾਵਾਂ ਸਾਜ ।।
ਨਚਾਂ ਟੱਪਾਂ ਖੁਸ਼ੀ ਮਨਾਵਾਂ 
ਗਾਵਾਂ ਮਿੱਠੇ ਮਿੱਠੇ ਗੀਤ ।।
ਚੁਸਤੀ ਫ਼ੁਰਤੀ ਨਾਲ ਮੈਂ ਭਰਿਆ 
ਪਾਵਾਂ ਸਭ ਨਾਲ ਗੂੜ੍ਹੀ ਪ੍ਰੀਤ ।।
ਜਿਨੀ ਭੁੱਖ ਉੰਨਾ ਖਾਵਾਂ 
ਵੱਧ ਜੋੜ ਮੈਂ ਰੱਖਦਾ ਨਹੀਂ ।।
ਲਾਲਚ ਤੋਂ ਮੈਂ ਕੋਹਾਂ ਦੂਰ 
ਹੰਕਾਰ ਮੇਰੇ ਵਿਚ ਵਸਦਾ ਨਹੀਂ ।।
ਚੁਗ਼ਲੀ ਨਿੰਦਾ ਕਦੇ ਨਾ ਕਰਦਾ 
ਨਾ ਕਿਸੇ ਨੂੰ ਮੰਦਾ ਬੋਲਾਂ ।।
ਝੂਠ ਫਰੇਬ ਤੋਂ ਮੈਂ ਬਚਿਆ 
ਨਾ ਕਿਸੇ ਨੂੰ ਝੂਠਾ ਤੋਲਾਂ ।।
ਹੱਕ ਕਰਮ ਦੀ ਖਾਵਾਂ ਸੁੱਚੀ 
ਕਿਸੇ ਤੋਂ ਮੈਂ ਡਰਦਾ ਨੀ ।।
ਪਾਪ ਨਾਲੋਂ ਮੈਂ ਭੁੱਖਾ ਚੰਗਾ 
ਭੁੱਖ ਨਾਲ ਮੈਂ ਮਰਦਾ ਨੀ ।।
ਜੋ ਮਿਲੇ ਸਭ ਮਿਲ ਖਾਈਏ
ਮੇਰੀ ਮੇਰੀ ਮੈਂ ਕਰਦਾ ਨਹੀਂ  ।।
ਸਾਰੇ ਰਲ ਮਿਲ ਰਹਿਣ ਇਕੱਠੇ 
ਕਿਸੇ ਨਾਲ ਕੋਈ ਲੜਦਾ ਨਹੀਂ ।।
ਮੋਹ ਲੋਭ ਤੋਂ ਹੋਕੇ ਦੂਰ 
ਉਚਾ ਸੁੱਚਾ ਜੀਵਨ ਜੀਵਾਂ।।
ਦਾਣਾ ਦਾਣਾ ਚੁੱਗ ਚੁੱਗ ਖਾਵਾਂ 
ਸ਼ਰਾਬ  ਤਬਾਕੂ ਮੈਂ ਨਾ ਪੀਵਾਂ ।।
ਪੰਛੀ ਹਾਂ ਮੈਂ ਪੰਛੀ 
ਮੇਰੇ ਵਿਚ ਕੁਦਰਤ ਦਾ ਵਾਸ ।।
ਹਰ ਮੁਸ਼ਕਿਲ ਹੱਸਕੇ ਸਹਾਂ
ਮੈਂ ਨਾ ਹੋਇਆ ਕਦੇ ਉਦਾਸ ।।
 
23. ਮੈਂ ਅੰਕੁਰ
ਅੰਕੁਰ ਹਾਂ ਮੈਂ ਅੰਕੁਰ 
ਪਲਿਆ ਵਿਚ ਖੁਸ਼ਹਾਲੀ ।।
ਨਾ ਕੋਈ ਦੁੱਖ ਨਾ ਕੋਈ ਗ਼ਮ 
ਛਾਈ ਹਰ ਪਾਸੇ ਹਰਿਆਲੀ ।।
ਖਿੜ੍ਹੇ  ਰੰਗ ਬਿਰੰਗੇ ਫ਼ੁੱਲ
ਬਿਖ਼ਰੇ ਹਵਾ ਵਿਚ ਸੁਗੰਧ ।।
ਵਹਿੰਦੇ ਸੀਤਲ ਨਿਰਮਲ ਝਰਨੇ 
ਉੱਡਦੀ ਠੰਡੀ ਨਿੱਘੀ ਧੁੰਦ ।।
ਫੁੱਲ ਖਿੜੇ ਹਾਸੇ ਵੰਡਣ 
ਪੰਛੀ ਗਾਵਣ ਗੀਤ 
ਐਸੇ ਮਾਹੌਲ ਵਿਚ ਮੈਂ ਪਲਿਆ 
ਪਿਆਰ ਹੈ ਸਾਡੀ ਰੀਤ ।।
 
24. ਦੱਸ ਰੱਬਾ
ਦੱਸ ਰੱਬਾ ਤੇਰੇ ਜਹਾਨ ਵਿਚ 
ਚੰਗਿਆਈ ਹੀ ਕਿਉਂ ਮਰਦੀ ਏ ।
ਕੋਲ ਤੇਰੇ ਬੁਰਾਈ ਲਈ
ਕੀ, ਕੋਈ ਮੌਤ ਨਹੀਂ ।।
ਡਰੇ-ਡਰੇ ਸਹਿਮੇ-ਸਹਿਮੇ 
ਸੱਚੇ ਹੀ ਕਿਉਂ ਰਹਿੰਦੇ ਨੇ ।
ਕਿਸੇ ਦਾ ਝੂੱਠੇ ਨੂੰ 
ਕੀ, ਕੋਈ ਖੌਫ਼ ਨਹੀਂ ।।
ਹੱਸ ਨਾ ਮੇਰੇ ਤੇ 
ਨਾ ਉਡਾ ਮਜ਼ਾਕ ।
ਇਹ ਹਕੀਕਤ ਹੈ 
ਕੀ, ਕੋਈ ਜੋਕ ਨਹੀਂ ।।
ਇਹ ਗ਼ਲਤ ਇਹ ਨਾ ਕਰ 
ਸਭ ਰੋਕਾਂ ਚੰਗੇ ਨੂੰ ਹੈ ।
ਪਰ ਪਾਪ ਲਈ ਤੇਰੇ ਕੋਲ 
ਕੀ, ਕੋਈ ਰੋਕ ਨਹੀਂ ।।
ਕਿਸ ਤੋਂ ਕਰੀਏ ਆਸ ਰੱਬਾ
ਕਿਸ ਤੇ ਕਰੀਏ ਵਿਸਵਾਸ਼ ।
ਲੰਕਾ ਢਾਹੁਣ ਵਾਲੇ ਆਪਣੇ ਨੇ 
ਕੀ, ਕੋਈ ਲੋਕ ਨਹੀਂ ।।
ਕੌਣ ਹੈ ਮਾਂ ਕੌਣ ਹੈ ਬਾਪ 
ਸੱਭ ਨੂੰ ਜਾਪੇ ਆਪਣਾ ਆਪ ।
ਦੂਜਿਆਂ ਲਈ ਕਿਸੇ ਕੋਲ 
ਕੀ , ਕੋਈ ਸੋਚ ਨਹੀਂ ।।
ਆਪਣੇ ਦੁੱਖ ਤੇ ਤਾਂ ਕੇਰੇ ਹੰਝੂ 
ਹੋਰਾਂ ਦਾ ਦੁੱਖ ਮਜ਼ਾਕ ।
ਕਿਸੇ ਦੇ ਮਰੇ ਤੇ ਕਿਸੇ ਨੂੰ 
ਕੀ , ਕੋਈ ਸ਼ੌਕ ਨਹੀਂ ।।
ਬੁਰਾਈ ਨੂੰ ਜੋ ਮਾਰ ਮੁਕਾਏ 
ਕਰੇ ਗਿਆਨ ਦਾ ਚਾਨਣ ।
ਦੱਸ ਰੱਬਾ ਤੇਰੇ ਜਹਾਨ ਵਿਚ 
ਕੀ , ਅਜਿਹੀ ਕੋਈ ਜੋਤ ਨਹੀਂ ।।
ਕਰੇ ਦੂਰ ਪਾਪ ਹਨੇਰਾ 
ਕੱਟ ਦੇਵੇ ਝੂੱਠ ਦੇ ਪੈਰ ।
ਐਸੀ ਸੱਚ ਦੀ ਜਹਾਨ ਵਿਚ 
ਕੀ , ਕੋਈ ਨੋਕ ਨਹੀਂ ।।
 
25. ਇਕ ਮਾਂ ਦੇ ਪੁੱਤ
ਅਸੀਂ ਇਕ ਮਾਂ ਦੇ ਪੁੱਤਰ 
ਫਿਰ ਕਿਉਂ ਗੈਰਾਂ ਦੇ ਕਹਿਣ ਤੇ 
ਸ਼ਕੇ ਭਾਈਆਂ ਤੋਂ ਵੱਖ ਰਹਿਣ ਲਈ
ਲਾਂਬੂ ਆਪਣੇ ਨੂੰ ਲੈ ਬੈਠੇ ।
ਦਿਲਾਂ ਵਿਚ ਦਰਾਰਾਂ ਪਾ ਬੈਠੇ ।
ਫਿਰ ਕਿਉਂ ,
ਆਪਣੇ ਭਾਈਆਂ ਨਾਲ ਲੱੜ ਗਏ  ।
ਕੱਤਲ ਆਪਣਿਆਂ ਦਾ ਕਰ  ਗਏ  ।
ਫਿਰ ਕਿਉਂ ,
ਲੱਖਾਂ ਸੁਹਾਗਣਾਂ ਦੇ ਸੁਹਾਗ ਉਜਾੜ ਗਏ ।
ਲੱਖਾਂ ਮਾਵਾਂ ਦੇ ਪੁੱਤ ਮਾਰ ਗਏ ।
ਧੀਆਂ ਭੈਣਾਂ ਦੇ ਕੱਪੜੇ ਫਾੜ੍ਹ ਗਏ ।
ਅਸੀਂ ਇਕ ਮਾਂ ਦੇ ਪੁੱਤਰ 
ਫਿਰ ਕਿਉਂ
 ਡਾਕਾ ਆਪਣੇ ਹੀ ਘਰ ਲਾਇਆ ਏ ।
ਮਸ਼ੂਮ ਜਾਨਾ ਨੂੰ ਯਤੀਮ ਬਣਾਇਆ ਏ ।
ਅਸੀਂ ਇਕ ਮਾਂ ਦੇ ਪੁੱਤਰ 
ਫਿਰ ਕਿਉਂ
ਧਰਤੀ ਮਾਂ ਦੇ ਟੋਟੇ ਟੋਟੇ ਕੀਤੇ ।
ਖੁਸ਼ੀਆਂ ਖੋਹ ਖੋਹ ਦੁੱਖ ਮੋਟੇ ਕੀਤੇ ।
ਹੱਸਦੇ ਵਸਦੇ ਘਰ ਉੱਜੜ ਦਿੱਤੇ ।
ਰਿਸ਼ਤੇ ਨਫ਼ਰਤ ਦੀ ਅੱਗ ਵਿਚ ਸਾੜ ਦਿੱਤੇ ।
ਸਭ ਕੁੱਝ ਵੰਡਿਆ ਗਿਆ ।
ਪਰ ਵੰਡ ਨਾ ਪਾਏ 
ਵਹਿੰਦੀਆਂ ਹਵਾਵਾਂ ਨੂੰ ।
ਸਰ ਸਰ ਵਹਿੰਦੇ ਦਰਿਆਵਾਂ ਨੂੰ ।
ਅਸੀਂ ਸਭ ਕੁੱਝ ਵੰਡ ਲਿਆ ।
ਹੱਥ ਲਹੂ ਨਾਲ ਰੰਗ ਲਿਆ ।
ਫਿਰ ਕਿਉਂ 
ਵੰਡ ਨਹੀਂ ਪਾਏ ਸੂਰਜ ਦੀ ਧੁੱਪ ਨੂੰ ।
ਕਾਲੀਆਂ ਰਾਤਾਂ ਦੀ ਚੁੱਪ ਨੂੰ ।
ਅਸੀਂ ਇਕ ਮਾਂ ਦੇ ਪੁੱਤਰ 
ਗੁਲਾਮ ਹੋਏ ਤਾਂ ਇਕ ਸੀ ।
ਲੱਖਾਂ ਦੁੱਖ ਸਹੇ ਤਾਂ ਇਕ ਸੀ ।
ਸ਼ਹੀਦ ਹੋਏ ਤਾਂ ਵੀ ਇਕ ਸੀ ।
ਗੁਲਾਮੀ ਦੀ ਲੰਬੀ ਕਾਲੀ ਹਨ੍ਹੇਰੀ ਰਾਤ ਪਿੱਛੋਂ 
ਅਜ਼ਾਦੀ ਦੀ ਨਵੀਂ ਕਿਰਨ 
ਪਿਆਰ ਦਿਲਾਂ ਤੋਂ ਲੁੱਟ ਗਈ ।
 ਕੌੜੀ ਵੇਲ੍ਹ ਦਿਲਾਂ 'ਚ ਸੁੱਟ ਗਈ ।
ਜਾਂ ਸ਼ਰਮ ਹਯਾ ਦਿਲਾਂ ਤੋਂ ਮੁੱਕ ਗਈ ।
ਹੱਦਾਂ ਬਣ ਗਈਆਂ ।
ਸਰਹੱਦਾਂ ਬਣ ਗਈਆਂ ।
ਫਿਰ ਕਿਉਂ ,
ਪੰਛੀਆਂ ਲਈ ਕੋਈ ਹੱਦ ਨਹੀਂ ।
ਰੁੱਤਾਂ ਲਈ ਕੋਈ ਸਰਹੱਦ ਨਹੀਂ ।
ਅਸੀਂ ਦਿਲਾਂ ਵਿਚ ਹੱਦਾਂ ਬਣਾ ਸਕਦੇ ਹਾਂ ।
ਧਰਤੀ ਤੇ ਲਕੀਰਾਂ ਲਾ ਸਕਦੇ ਹਾਂ ।
ਆਪਣੀ ਹੱਦ ਤੇ ਤਾਰ ਲਾ ਸਕਦੇ ਹਾਂ 
ਪਰ ਸਾਡੀ ਕੁਦਰੱਤ ਇਕ ਹੈ ।
ਸਾਡੀ ਧਰਤੀ ਇਕ ਹੈ ।
ਸਾਡਾ ਜਨਮਦਾਤਾ ਇਕ ਹੈ ।
ਸਾਡਾ ਸੂਰਜ ਚੰਨ ਇਕ ਹੈ ।
ਸਾਡੀ ਹਵਾ ਇਕ ਹੈ ।
ਇਸ ਲਈ ਅਸੀਂ ਸਭ ਇਕ ਹਾਂ ।
ਇਕ ਮਾਂ ਦੇ ਪੁੱਤਰ 
ਅਸੀਂ ਸਭ ਇਕ ਹਾਂ ।
 
26. ਅਜ਼ਾਦੀ ਦੇ ਰੰਗ
ਮੇਰੇ ਸੋਹਣੇ ਭਾਰਤ ਦੇਸ਼ ਉੱਤੇ 
ਆਣ ਬਾਜਾਂ ਡੇਰਾ ਲਾਇਆ ਏ ।
ਹੁੰਦੀ ਮੌਤ ਨਾਲੋਂ ਭੈੜੀ ਗੁਲਾਮੀ ਸਹਿਣੀ 
ਪਾ ਜੰਜੀਰਾਂ ਸਾਨੂ ਸਮਝਾਇਆ ਏ ।।
ਇਕ ਲੁੱਟਿਆ ਸੋਨੇ ਜਿਹਾ ਦੇਸ਼ ਸਾਡਾ
ਦੂਜਾ ਸਾਡੇ ਤੇ ਹੁੱਕਮ ਚਲਾਇਆ ਏ ।
ਕਰ ਕੁਰਬਾਨੀ ਲੱਖਾਂ ਸ਼ਹੀਦ ਸੂਰਮੇ 
ਭਾਰਤ ਬਾਜਾਂ ਹੱਥੋਂ ਛੁਡਾਇਆ ਏ ।।
ਇਕ ਬੂੰਦ ਤੋਂ ਹੋਏ  ਸ਼ਹੀਦ ਲੱਖਾਂ 
ਡੁੱਲ੍ਹੇ ਲਹੂ ਨੇ ਰੰਗ ਦਿਖਾਇਆ ਏ ।
15 ਅਗਸਤ ਦਿਨ ਆਇਆ ਭਾਗਾਂ ਭਰਿਆ 
ਗੁਲਾਮ ਭਾਰਤ ਅਜ਼ਾਦ ਕਹਾਇਆ ਏ ।।
ਰੋਮ -ਰੋਮ ਸਦਕੇ ਉਨ੍ਹਾਂ ਵੀਰਾਂ ਦੇ 
ਵਾਰ ਜਾਨਾ ਜਿਹਨਾਂ ਮੁਲੱਖ ਕਮਾਇਆ ਏ ।
ਸਿਰ ਝੁੱਕਿਆ ਨਾ ਜ਼ਾਲਮ ਸਰਕਾਰ ਅੱਗੇ
ਭਾਰਤ ਮਾਂ ਲਈ ਲਹੂ ਵਹਾਇਆ ਏ ।।
ਜ਼ਾਲਮਾਂ ਜਾਂਦੀਆਂ ਜਿਗਰ ਛੱਲੀ ਕੀਤਾ 
ਸਕੇ ਭਾਈਆਂ ਨਾਲ ਭਾਈਆਂ ਨੂੰ ਲੜਾਈਆਂ ਏ ।
ਕਈ ਮਾਵਾਂ ਦੇ ਦਿਲ ਲਹੂ ਲੁਹਾਨ ਕੀਤੇ 
ਹਿੰਦੋਸਤਾਨ ਤੋਂ ਪਾਕ ਵੰਡਾਇਆ ਏ ।।
ਇਕ ਪਾਸੇ ਖੁਸ਼ੀ ਦੀ ਸਞੇਰ ਸੱਜਰੀ
ਦੂਜੇ ਪਾਸੇ ਹਨ੍ਹੇਰਾ ਛਾਇਆ ਏ ।
ਉੰਨੇ ਹੋਏ ਨਾ ਸ਼ਹੀਦ ਦੇਸ਼ ਉੱਤੋਂ 
ਜਿੰਨੇ ਆਪਣੀਆਂ ਲਹੂ ਵਹਾਇਆ ਏ ।।
ਅਜ਼ਾਦੀ ਰੰਗੀ ਲਹੂ ਦੇ ਰੰਗ ਸੂਹੀ 
ਕਿੰਨੇ ਮਸ਼ੂਮਾ ਧਰਤ ਲਿਟਾਇਆ ਏ ।
ਅੰਗਰੇਜ਼ੀ ਜ਼ੁਲਮ ਨਾਲੋਂ ਭੈੜਾ ਜ਼ੁਲਮ ਹੋਇਆ 
ਦੇਖ ਸਭ ਦਾ ਦਿਲ ਘਬਰਾਇਆ ਏ ।।
ਕਿੰਨਾ ਵਹਾਇਆ ਏ ਲਹੂ ਅਜ਼ਾਦੀ ਪਾਉਣ ਲਈ 
ਇਸ ਗੱਲ ਨੂੰ ਅੱਜ ਕੋਈ ਜਾਣਦਾ ਨਹੀਂ ।
ਸ਼ਹੀਦ ਰਹਿ ਗਏ ਲੋਕਾਂ ਲਈ ਆਮ ਜਿਹੇ 
ਕੀਤੀ ਕੁਰਬਾਨੀ ਨੂੰ ਅੱਜ ਕੋਈ ਪਹਿਚਾਣਦਾ ਨਹੀਂ ।।
15 ਅਗਸਤ ਨੂੰ ਬਸ ਅਜ਼ਾਦੀ ਦਿਵਸ ਕਹਿੰਦੇ 
ਕਿੰਨਾ ਅਜ਼ਾਦ ਕਰਵਾਇਆ ਕੋਈ ਜਾਣਦਾ ਨਹੀਂ ।
ਅੱਖੀਂ ਦੇਖਿਆ ਹਾਲ ਮੈਂ ਲੋਕਾਂ ਦਾ 
ਸੱਚ ਆਖਦਾ ਹਾਂ ਝੂੱਠ ਮੈਂ  ਛਾਣਦਾ ਨਹੀਂ 
 
27. ਤੰਦ ਰੱਖੜੀ ਦਾ
ਕੀ ਕਹਾਂ ਮਹਤੱਵ ਮੈਂ ਰੱਖੜੀ ਦਾ 
ਇਹ ਕੋਈ ਮਾਮੂਲੀ ਡੋਰ ਨਹੀਂ ।
ਧੀਆਂ ਕੁੱਖ ਵਿਚ ਹੀ ਹੋਣ ਜੇ ਕੱਤਲ
ਹੁਣ ਲੱਗਦਾ ਇਸ ਦੀ ਵੀ ਲੋੜ ਨਹੀਂ ।।
ਤੰਦ ਰੰਗ ਪਿਆਰ ਦੇ ਰੰਗ ਗੂੜ੍ਹਾ 
ਗੁੱਟ ਵੀਰਾਂ ਦੇ ਦੇਣ ਸ਼ਜਾ ਭੈਣਾਂ  ।
ਵਚਨ ਰਾਖੀ ਦਾ ਜੜ੍ਹ ਤੰਦ ਉੱਤੇ 
ਲੰਬੀ ਉਮਰ ਦੀ ਕਰਨ ਦੁਆ ਭੈਣਾਂ ।।
ਕੋਈ ਦੁੱਖ ਮੁਸੀਬਤ ਨਾ ਆਵੇ ਨੇੜੇ 
ਤੰਦ ਭਰਿਆ ਨਾਲ ਉਤਸ਼ਾਹ ਭੈਣਾਂ ।
ਹੋਰ ਕਰਾਂ ਕੀ ਸਿਫ਼ਤ ਮੈਂ ਰੱਖੜੀ ਦੀ 
ਵਿੱਛੜੇ ਵੀਰ ਵੀ ਲੈਣ ਮਿਲਾ ਭੈਣਾਂ ।।
ਕੌਣ ਬੰਨ੍ਹੇਗਾ ਰੱਖੜੀ ਵੀਰਾਂ ਨੂੰ 
ਹੁੰਦਾ ਰਿਹਾ ਜ਼ੁਲਮ ਜੇ ਕੁੜੀਆਂ ਤੇ ।
ਖਾਲੀ ਹੋ ਜਾਉ ਇਕ ਦਿਨ ਜਹਾਨ ਸਾਰਾ 
ਬੰਨ ਪਿਆ ਨਾ ਜੇ ਕੁਰੀਤਾਂ ਤੁਰੀਆਂ ਤੇ ।।
ਡੋਰ ਪਿਆਰ ਦੀ ਬੰਨ ਗੁੱਟ ਉੱਤੇ
ਭੈਣਾਂ ਭੇਜੇ ਸੀ ਵੀਰ ਜੰਗ ਉੱਤੇ ।
ਇਜਤ ਹੁੰਦੀ ਜਾਨ ਤੋਂ ਪਿਆਰੀ ਨੂੰ 
ਬਾਹਰੋਂ ਆਣ ਕੇ ਵੈਰੀ ਕੋਈ ਕਿੰਝ ਲੁੱਟੇ ।।
ਦੂਜੀ ਡੋਰ ਸੀ ਹਿਮੰਤ ਵਿਸ਼ਵਾਸ ਦੀ 
ਵਾਂਗ ਸ਼ੇਰਾਂ ਗੱਜੇ ਵਿਚ ਮੈਦਾਨਾਂ ਦੇ ।
 
ਨਾਲ ਵੀਰਤਾ ਦੁਸ਼ਮਣ ਢੇਰ ਕੀਤੇ 
ਮੈਂ ਸਦਕੇ ਉਹਨਾਂ ਬਲਵਾਨਾਂ ਦੇ ।।
ਨਾਲ ਸਦਕੇ ਉਹਨਾਂ ਭੈਣਾਂ ਦੇ 
ਜਿਹਨਾਂ ਵੀਰ ਸ਼ੇਰ ਬਣਾਏ ਨੇ ।
ਇਸ ਕੱਚੇ ਤੰਦ ਦੀ ਡੋਰ ਵਿਚ 
ਹੋਰ ਲੱਖਾਂ ਗੁਣ ਸ਼ਮਾਏ ਨੇ ।।
 
28. ਵਿਦੇਸ਼ੀ ਹਵਾ
ਭਾਵੇਂ ਵਿਚ ਰਹਿੰਦੇ ਨੇ ਲੋਕ ਪੰਜਾਬ ਦੇ 
ਰਹੀ ਪੰਜਾਬ ਵਾਲੀ ਇਨ੍ਹਾਂ ਵਿਚ  ਕੋਈ ਗੱਲ ਨਾ ।
ਨਾ ਖੇਡ, ਨਾ ਪਿਆਰ, ਨਾ ਮਾਣ ਸਤਿਕਾਰ
ਹੁਣ ਅਖਾੜਿਆਂ ਵਿਚ ਵੀ ਮਾਰੇ ਕੋਈ ਮੱਲ ਨਾ ।
ਗਿੱਧਾ ਭੰਗੜਾ ਗੁਆਚੇ ਵਿਚ ਡੀਸਕੋ ਦੇ 
ਨਸ਼ੇ ਛੱਡਿਆ ਪੱਟਾਂ ਵਿਚ ਕੋਈ ਬੱਲ ਨਾ ।
ਚਰਖੇ, ਤ੍ਰਿੰਝਣਾਂ ਖੋਹ ਗਏ ਵਿਚ ਹਨ੍ਹੇਰੇ
ਹੁਣ ਤਾਂ ਭਾਈਚਾਰੇ ਵਿਚ ਵੀ ਬਹਿੰਦਾ ਕੋਈ ਰੱਲ ਨਾ ।
ਕਿਹੜੀ ਹਵਾ ਨੇ ਪੰਜਾਬ ਨੂੰ ਬੇਹਾਲ ਕੀਤਾ 
ਜਾਂ ਲੱਗੀ ਨਜ਼ਰ, ਲੱਗੇ ਕੋਈ ਲੱਲ ਨਾ ।
ਕਿਵੇਂ ਬਚਾਵਾਂ ਇਸ ਰੰਗਲੇ ਪੰਜਾਬ ਨੂੰ 
ਰਹਾਂ ਸੋਚਦਾ ਪਰ ਲੱਭੇ ਕੋਈ ਹੱਲ ਨਾ ।
   
ਵਿਦੇਸ਼ੀ ਹਵਾ ਨੇ ਮਾਹੌਲ ਖ਼ਰਾਬ ਕੀਤਾ 
ਪੰਜਾਬ ਵਿਚ ਆਉਣ ਤੋਂ ਵੀ ਸਕੀ ਟੱਲ਼ ਨਾ ।
 
29. ਸ਼ਿਕਾਰ
ਦਸ ਕੀ ਕਰਾਂ ਸ਼ਿਕਾਰ ਕਿਸੇ ਦਾ
ਮੈਂ ਤਾਂ ਹੋਇਆ ਖੁੱਦ ਸ਼ਿਕਾਰ ।
ਖਾ ਖਾ ਮਾਰ ਘਾਇਲ ਹੋਇਆ 
ਫਿਰ ਵੀ ਸਭ ਕੁੱਝ ਰਿਹਾ ਸਹਾਰ ।
ਮਹਿੰਗਾਈ ਮੇਰੀ ਕਮਰ ਜੋ ਤੋੜੀ
ਚੁੱਕਿਆ ਨਾ ਜਾਵੇ ਖੁੱਦ ਦਾ ਭਾਰ ।
ਨਵੇਂ ਨਵੇਂ ਫੈਸ਼ਨ ਨਵਾਂ ਜ਼ਮਾਨਾ
ਸਭ ਦੇ ਨਵੇਂ ਨਵੇਂ ਵਿਚਾਰ  ।
ਸੋਨੇ ਦੇ ਭਾਅ ਵਿੱਦਿਆ ਹੋਈ 
ਵਿੱਦਿਆ ਦਾ ਉੱਚਾ ਹੋਇਆ ਮਿਆਰ ।
ਬੇਰੁਜ਼ਗਾਰੀ ਮੇਰੇ ਹੱਥ ਪੈਰ ਤੋੜੇ 
ਕਿਵੇਂ ਖੜ੍ਹਾਂ ਮੈਂ ਪੈਰਾਂ ਭਾਰ ।
ਇਕ ਨੌਕਰੀ ਲੱਖਾਂ ਕਾਮੇ 
ਕੀ ਕਰੇਗਾ ਬੇਰੁਜ਼ਗਾਰ ।
ਪੜ੍ਹ ਲਿਖ ਕੇ ਵੀ ਕੰਮ ਨਾ ਮਿਲਿਆ 
ਵਿਚ ਹਨ੍ਹੇਰੇ ਜਾਪੇ ਸੰਸਾਰ ।
ਤਾਕ਼ਤ ਹਿੰਮਤ ਨਸ਼ਿਆਂ ਖਾਦੀ
ਖੋਖਲਾ ਕੀਤਾ ਅਸ਼ਲੀਲ ਨਾਰ ।
ਬਨਾਉਟੀ ਚਮਕ ਉੱਤੇ ਮੈਂ ਡੁੱਲਿਆ
ਚਮਕ ਲਈ ਮੇਰੀ ਖੱਲ ਉਤਾਰ ।
ਇਮਾਨਦਾਰੀ ਦੇ ਬੋਰਡ ਲਗਾਕੇ 
ਬੇਈਮਾਨਾਂ ਲੁੱਟਿਆ ਚੂੰਝਾਂ ਮਾਰ ।
ਲੁੱਟਣ  'ਚ ਕਿਸੇ ਵੀ ਕਸਰ ਨਾ ਛੱਡੀ
ਮਿੱਤਰਾਂ ਨੇ ਵੀ ਮਾਰੀ ਮਾਰ ।
ਮਾਰ ਮਾਰ ਛੁਰੀਆਂ ਜਖ਼ਮੀ ਕੀਤਾ 
ਕਰਾਂ ਕਿਸੇ ਤੇ ਕੀ ਐਤਵਾਰ ।
ਸੁਰਜੀਤ ਆਖੇ ਪ੍ਰਭ ਨਾਮ ਸੱਚਾ 
ਬਾਕੀ ਸਭ  ਝੂਠਾ ਸੰਸਾਰ ।
 
30. ਆ ਬਾਬਾ ਬਹਿ ਬਾਬਾ
ਆ ਬਾਬਾ ਬਹਿ ਬਾਬਾ 
ਜਰਾ ਸਾਡੇ ਕੋਲ ਵੀ ਬਹਿ ਬਾਬਾ ।
ਖਾ ਖਾ ਠੋਕਰਾਂ ਹੋਏ ਸਿਆਣੇ
ਕੋਈ ਗੱਲ ਸਿਆਣੀ ਕਹਿ ਬਾਬਾ ।
ਹੱਸ ਬਾਬਾ ਬੋਲ ਬਾਬਾ 
ਛੁਪੇ ਭੇਦ ਦਿਲਾਂ ਦੇ ਖੋਲ  ਬਾਬਾ ।
ਖੱਟੀਆਂ ਮਿਠੀਆਂ ਕੌੜੀਆਂ ਯਾਦਾਂ 
ਦਿਲ ਵਿਚ ਤੇਰੇ ਲੱਖ ਫ਼ਰਿਆਦਾਂ ।
ਨਾ ਕੋਈ ਸਾਥੀ ਤੇ ਨਾ ਕੋਈ ਹਾਣੀ
ਤੇਰੀ ਬੀਤੀ ਤੂੰ ਹੀ ਜਾਣੀ ।
ਕੌਣ ਹੈ ਜੋ ਦੁੱਖ ਦਰਦ ਵੰਡਾਵੇ ।
ਕੌਣ ਹੈ ਜੋ ਤੇਰਾ ਸਾਥ ਨਿਭਾਵੇ ।
ਆ ਬਾਬਾ ਬਹਿ  ਬਾਬਾ 
ਕੋਈ ਗੱਲ ਸਿਆਣੀ ਕਹਿ ਬਾਬਾ ।
ਹੱਸਦਿਆਂ ਗਾਉਂਦਿਆਂ ਕੱਟਦੀ ਜਿੰਦਗੀ 
ਹੱਸਦਾ ਗਾਉਂਦਾ ਰਹਿ ਬਾਬਾ ।
ਸਮਾਂ ਬਦਲਿਆ ਬਦਲੀ ਦੁਨੀਆ 
ਤੂੰ ਦੁਨੀਆ ਨਾਲ ਨਾ ਖਹਿ ਬਾਬਾ ।
ਹੱਸ ਬਾਬਾ ਥੋੜ੍ਹਾ ਹੱਸ ਬਾਬਾ 
ਨਾ ਬੀਤੀਆਂ ਪਿੱਛੇ ਨਸ ਬਾਬਾ ।
ਨਾ ਦੁਖਾਂ ਵਿਚ ਕੋਈ ਰਸ ਬਾਬਾ ।
ਨਵੀਂ ਦੁਨੀਆ ਦੇ ਨਵੇਂ ਰੰਗ 
ਤੂੰ ਨਵੀਆਂ ਨੂੰ ਗਲ਼ ਲਾ ਬਾਬਾ ।
ਕੀ ਹੈ ਚੰਗਾ ਕੀ ਹੈ ਮੰਦਾ 
ਕੋਈ ਚੰਗੀ ਗੱਲ ਸਮਝਾ ਬਾਬਾ ।
ਸਾਨੂੰ ਸਿੱਧੇ ਰਾਹੇ ਪਾ ਬਾਬਾ ।
ਰਹੇਂ ਦੂਰ ਦੂਰ ਕਿਉਂ ਪਰ੍ਹੇ ਪਰ੍ਹੇ 
ਜਰਾ ਸਾਡਾ ਸਾਥ ਨਿਭਾ ਬਾਬਾ ।
ਕੋਈ ਰਮਜ ਇਸ਼ਕ ਦੀ ਲਾ ਬਾਬਾ ।
ਕੋਈ ਹੱਡ ਬੀਤੀ ਗੱਲ ਲਾ ਬਾਬਾ ।
ਆ ਬਾਬਾ ਬਹਿ ਬਾਬਾ
ਕੋਈ ਗੱਲ ਪਤੇ ਦੀ ਕਹਿ ਬਾਬਾ ।
ਆ ਬਾਬਾ ਗੱਲ ਲਾ ਬਾਬਾ 
ਸਾਨੂੰ ਕਲੀਓਂ ਫ਼ੁੱਲ ਬਣਾ ਬਾਬਾ ।
ਸੱਚ ਗਿਆਨ ਦੀ ਬਣਕੇ ਜੋਤ 
ਤੂੰ ਸਾਰਾ ਜੱਗ ਚਮਕਾ ਬਾਬਾ ।
ਜਾਂ ਬਣਕੇ ਫ਼ੁੱਲ ਗਿਆਨ ਮਹਿਕ ਦਾ 
ਸਾਰਾ ਜੱਗ ਮਹਿਕਾ ਬਾਬਾ ।
ਆ ਬਾਬਾ ਖੰਘ ਬਾਬਾ 
ਕੋਈ ਟੁੱਟੀ ਪੁਰਾਣੀ ਗੰਢ ਬਾਬਾ।
ਤੂੰ ਪਿਆਰ ਪਤਾਸੇ ਵੰਡ ਬਾਬਾ ।
ਆ ਬਾਬਾ ਬਹਿ ਬਾਬਾ 
ਕੋਈ ਗੱਲ ਸਿਆਣੀ ਕਹਿ ਬਾਬਾ ।
ਆ ਬਾਬਾ ਹੱਸ ਬਾਬਾ 
ਸੱਚਾ ਨਾਮ ਗੁਰਾਂ ਦਾ ਜੱਪ ਬਾਬਾ।
 
31. ਮੌਜ ਬਚਪਨ ਦੀ
ਜਦ ਸੀ ਬੱਚਪਨ ਤੇ ਮੌਜਾਂ ਮਾਣਦੇ ਸੀ ।
ਭਾਵੇਂ ਦਰ ਦਰ ਖ਼ਾਕ ਛਾਣਦੇ ਸੀ ।। 
ਨਾ ਡਰ ਤੇ ਨਾ ਜਿੰਮੇਦਾਰੀਆਂ ਸੀ ।
ਹਰ ਪਲ ਖੇਡਣ ਦੀਆਂ ਤਿਆਰੀਆਂ ਸੀ ।
ਹੁੰਦੀ ਯਾਰਾਂ ਦੀ ਅਮੀਰੀ ਸੀ ।
ਭਾਵੇਂ ਪੈਸੇ ਪੱਖੋਂ ਫ਼ਕੀਰੀ ਸੀ ।
ਮਸਤੀ 'ਚ  ਹੱਸਦੇ ਗਾਉਂਦੇ ਸੀ ।
ਮਾਪੇ ਵੀ ਲਾਡ ਲਡਾਉਂਦੇ ਸੀ ।
ਕੰਮ ਖੇਡਣਾ ਸੀ ਤੇ ਪੜ੍ਹਨਾ ਸੀ ।
ਯਾਰਾਂ ਬੇਲੀਆਂ ਦੇ ਨਾਲ ਲੜਨਾ ਸੀ ।
ਦਾਦੀ ਮਾਂ ਕਹਾਣੀਆਂ ਸੁਣਾਉਂਦੀ ਸੀ ।
ਸਾਨੂ ਰੁਸਿਆਂ ਨੂੰ ਮਨਾਉਂਦੀ ਸੀ ।
ਪਰ ਜਦ ਤੋਂ ਅਸੀਂ ਜਵਾਨ ਹੋਏ ।
ਬਸ ਉਦੋਂ ਤੋਂ ਹੀ ਪ੍ਰੇਸ਼ਾਨ  ਹੋਏ ।
ਖੇਡਾਂ ਖੇਡਣੀਆਂ ਸਭ ਰਹਿ ਗਈਆਂ ।
ਜਿੰਮੇਦਾਰੀਆਂ ਜਦੋਂ ਦੀਆਂ ਪੈ ਗਈਆਂ ।
ਉਤੋਂ ਕਰਵਾ ਕੇ ਵਿਆਹ ਚਾਵਾਂ ਨਾਲ ।
ਤੋੜ ਲਿਆ ਨਾਤਾ ਭਰਾਵਾਂ ਨਾਲ ।
ਹੁਣ ਕੋਈ ਨਾ ਸਾਨੂ ਪਿਆਰ ਕਰੇ ।
ਹੁਣ ਰਹਿੰਦੇ ਹਾਂ ਬਸ ਮਰੇ ਮਰੇ ।
ਹੁਣ ਕੰਮ ਵੀ ਦਿਨ ਭਰ ਕਰਦੇ ਹਾਂ ।
ਪਰ ਫਿਰ ਵੀ ਡਰ ਡਰ ਮਰਦੇ ਹਾਂ ।
ਹੁਣ ਪੈਸੇ ਤੋਂ ਅਮੀਰੀ ਹੈ ।
ਪਰ ਯਾਰਾਂ ਤੋਂ ਫ਼ਕੀਰੀ ਹੈ ।
ਆਪੇ ਹੱਸਦੇ ਹਾਂ ਆਪੇ ਗਾਉਂਦੇ ਹਾਂ ।
ਮਨ ਰੁਸਿਆ ਆਪ ਮਨਾਉਂਦੇ ਹਾਂ ।
ਪਿਆਰ ਲੱਭਦੇ ਹਾਂ ਪਰ ਲੱਭਦਾ ਨਹੀਂ ।
ਮੁਖ ਸੋਹਣਾ ਏ ਪਰ ਫ਼ੱਬਦਾ ਨਹੀਂ ।
ਜੋ ਮਿਲਦਾ ਹੈ ਉਹ ਖਾਂਦੇ ਹਾਂ ।
ਇਹੋ ਜਿੰਦਗੀ, ਮਨ ਸਮਝਾਉਂਦੇ ਹਾਂ ।
 
32. ਇਸ਼ਕ
ਬੁੱਢੇ  ਉਮਰੇ ਇਸ਼ਕ ਲੜਾਇਆ
ਅੱਖੀਆਂ ਹੋਈਆਂ ਚਾਰ ।
ਘਰ ਬਾਰ ਦੀ ਸੁਧ ਨਾ ਕੋਈ 
ਹੋਇਆ ਇਸ਼ਕ ਬੁਖ਼ਾਰ ।
ਦਿਨ ਰਾਤ ਦਾ ਅੰਤਰ ਭੁੱਲਿਆ
ਸਿਰ ਤੇ ਇਸ਼ਕ ਸਵਾਰ ।
ਇਸ਼ਕ ਆਸ਼ਕ ਨੂੰ ਮਿਲਣ ਹੈ ਤੁਰਿਆ
ਜਿੰਦ ਸੂਲ਼ੀ ਤੇ ਚਾੜ੍ਹ।
ਇਸ਼ਕੇ ਖਾਧੀ ਖਿੱਚ ਇਸ਼ਕ ਦੀ 
ਲੋਕੀ ਖਾਵਣ ਖ਼ਾਰ ।
ਬਣਕੇ ਆਸ਼ਕ ਇਸ਼ਕ ਕਮਾਇਆ 
ਸਭ ਕੁਝ ਇਸ਼ਕ ਤੋਂ ਵਾਰ ।
ਆਸ਼ਕ ਜਾਣੇ  ਹਾਲ ਇਸ਼ਕ ਦਾ 
ਹੱਸਣ ਲੋਕ ਗਵਾਰ ।
 
33. ਮੈਂ ਆਇਆ ਤੇਰੇ ਦਰਬਾਰ
 ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਜਾਰ ਸਾਈਂ ।
 ਇਕ ਇਕ ਕਰਕੇ ਬੋਲਾਂਗਾ
ਲੈ ਧੇਲਾ ਨਾ ਕੋਈ ਉਧਾਰ ਸਾਈਂ ।
ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਾਜ਼ਰ ਸਾਈਂ  ।
ਸੀ ਸਿਰ ਤੇ ਪੰਡ ਗੁਨਾਹ ਦੀ ਭਾਰੀ 
ਤੇਰੇ ਦਰ ਤੇ ਲਾਹਤੀ ਸਾਰੀ ।
ਨੱਕ ਨਾਲ ਲਕੀਰਾਂ ਕੱਢਾਂ
ਦੇ ਦੇ ਲੱਖ ਹਾਜ਼ਰ ਸਾਈਂ ।
ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਾਜ਼ਰ ਸਾਈਂ  ।
ਉਸ਼ੱਤਤ ਵਿਚ ਤੇਰੇ ਸ਼ਬਦ ਉਚਾਰਾਂ
ਦੇ ਦੇ ਮੈਨੂੰ ਕੌਠੀਆਂ ਕਾਰਾਂ।
ਚੱਲੇ ਮੇਰੇ ਨਾਮ ਦਾ ਸ਼ਿੱਕਾ 
ਅੱਜ ਕਰ ਨਾ ਤੂੰ ਇਨਕਾਰ ਸਾਈਂ 
ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਾਜ਼ਰ ਸਾਈਂ  ।
ਖਾਣ ਪੀਣ ਦੀ ਥੋੜ ਨਾ ਹੋਵੇ 
ਹੋਰ ਕਮਾਉਣ ਦੀ ਲੋੜ ਨਾ ਹੋਵੇ ।
ਹਰ ਪਾਸੇ ਹੋਣ ਨਾਮ ਦੇ ਚਰਚੇ 
ਕੋਈ ਐਸਾ ਕਰ ਜੁਗਾੜ ਸਾਈਂ ।
ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਾਜ਼ਰ ਸਾਈਂ  ।
ਘਰ ਵਿਚ ਹੋਵਣ ਨੌਕਰ ਚੱਕਰ 
ਬੈਂਕਾਂ ਵਿਚ ਹੋਣ ਮੇਰੇ ਲੱਕਰ
ਦੁੱਖ ਦਰਦ ਕੋਈ ਆਵੇ ਨਾ ਨੇੜੇ 
ਖੁਸ ਹੋਵੇ ਮੇਰਾ ਸੰਸ਼ਾਰ ਸਾਈਂ ।
ਮੈਂ ਆਇਆ ਤੇਰੇ ਦਰਬਾਰ ਸਾਈਂ 
 ਲੈ ਕੇ ਅਰਜ਼ ਹਾਜ਼ਰ ਸਾਈਂ ।
 
34. ਦੀਵਾ
ਕਬਰਾਂ ਉੱਤੇ ਦੀਵਾ ਜਲ਼ਿਆ
ਕਰਕੇ ਉੱਚੀ ਧੌਣ ।
ਦੇਖ ਕਬਰਾਂ ਸੁੰਨੀਆਂ
ਲੱਗਾ ਬਹਿ ਕੇ ਰੋਣ ।।
ਕਹੇ ਵਿਚ ਹਨ੍ਹੇਰੇ ਕੌਣ ਸੀ ਬੈਠਾ 
ਕਿਸ ਲਈ ਮੈਨੂੰ ਜਗਾਇਆ।
ਪਾ ਕੇ ਤੇਲ ਪੂਰਾ ਭਰ ਕੇ 
ਜੋਬਨ ਤੱਕ ਭਖਾਇਆ ।।
ਨਾ ਕੋਈ ਬੰਦਾ ਨਾ ਕੋਈ ਪੰਛੀ 
ਕਿਸ ਨੂੰ ਮੈਂ ਰੁਸ਼ਨਾਵਾਂ ।
ਵਿਚ ਹਨ੍ਹੇਰੇ ਕੌਣ ਹੈ ਤੁਰਿਆ 
ਜਿਸ ਨੂੰ ਰਾਹ ਦਿਖਾਵਾਂ ।।
ਕਬਰਾਂ ਵਿਚ ਸਾਰੇ ਸੁਤੇ
ਸੁਤੇ ਨੀਂਦਰ ਗੂੜ੍ਹੀ ।
ਕਿਹੜਾ ਹੈ ਜੋ ਰਾਤ ਨੂੰ ਜਾਗੂ
ਕਰਕੇ ਨੀਂਦਰ ਪੂਰੀ ।।
ਇਨੇ ਨੂੰ ਕੁਝ ਆਣ ਪਤੰਗੇ 
ਉੱਡ ਉੱਡ ਘੇਰਾ ਪਾਇਆ ।
ਜਲਦੀ ਅੱਗ ਨੂੰ ਚੁੰਮਣ ਲਈ ਉਨ੍ਹਾਂ 
ਆਪਣਾ ਆਪ ਜਲਾਇਆ ।।
ਦੇਖ ਪਤੰਗੇ ਮਰਦੇ ਦੀਵਾ 
ਰੋਇਆ ਤੇ ਕੁਰਲਾਇਆ ।
ਇਸੇ ਦੁੱਖ ਵਿਚ ਜਲ਼ ਜਲ਼ ਦੀਵੇ 
ਸਾਰਾ ਤੇਲ ਮੁਕਾਇਆ ।।
ਲੱਖਾਂ ਜਲ਼ ਗਏ  ਲੱਖਾਂ ਮਰ ਗਏ 
ਲੱਖਾਂ ਉੱਡ ਉੱਡ ਖੰਭ ਜਲ਼ਾਏ ।
ਆਖੇ  ਦੀਵਾ ਕੌਣ ਤੁਸੀਂ ਹੋ 
ਕਿਉਂ ਮੇਰੇ ਨੇੜੇ ਆਏ ।।
ਕਹੇ ਪਤੰਗੇ ਸੁਣ ਵੇ ਸੱਜਣਾ
ਸਾਡੀ ਜਨਮ ਜਨਮ ਦੀ ਪ੍ਰੀਤ ।
ਸਾੜ ਚਾਹੇ ਮਾਰ ਵੇ ਸੱਜਣਾ 
ਤੂੰ ਹੈ  ਸਾਡਾ ਮੀਤ ।।
ਛੱਡੀਆਂ ਸੇਜਾਂ ਸੁਖ ਦੀਆਂ ਅਸੀਂ 
ਇਸ਼ਕ਼ ਤੇ ਪਹਿਰਾ ਲਾ ਕੇ  ।
ਅਸੀਂ ਕਮਾਇਆ ਇਸ਼ਕ਼ ਵੇ ਸੱਜਣਾ 
ਆਪਣਾ ਆਪ ਗਵਾਕੇ ।।
ਤੇਰੇ ਤੇ ਇਹ ਦਾਗ ਵੇ ਸੱਜਣਾ 
ਤੂੰ ਰਮਜ ਇਸ਼ਕ਼ ਨਾ ਪਾਈ ।
ਸਾਡੇ ਜਲ਼ੇ ਤੇ ਦਾਗ ਨਾ ਕੋਈ 
ਤੇਰੇ ਮੂੰਹ ਨੂੰ ਕਾਲਖ ਆਈ ।।
ਵਿਰਹਾ ਦੀ ਅੱਗ ਵਿਚ ਦੀਵਾ ਜਲ਼ਿਆ
ਜਲ਼ ਜਲ਼ ਕਮਲਾ ਹੋਇਆ ।
ਤਾਂ ਮਨ ਆਪਣਾ ਸਾੜ ਲਿਆ 
ਨਾਲ ਬਲ਼ਦਾ ਬਲ਼ਦਾ ਰੋਇਆ ।।
ਕਹਿਣ ਲੱਗਾ ਮੈ ਜਗਿਆ ਸੀ 
ਜੱਗ ਤੇ ਕਰਨ ਉਜਾਲਾ ।
ਕਰ ਕਰ ਪਾਪ ਜੱਗ ਤੇ  ਮੈਂ
ਕਰ ਲਿਆ ਤਨ ਮਨ ਕਾਲਾ ।।
ਇਹ ਕਹਿ ਕੇ ਦੀਵਾ ਬੁੱਝ ਗਿਆ 
ਚਾਰੇ ਪਾਸੇ ਹਨ੍ਹੇਰਾ ਹੋਇਆ ।
ਰਾਤਾਂ ਨੂੰ ਰੁਸ਼ਨਾਉਣ ਵਾਲਾ 
ਹੁਣ ਵਿਚ ਹਨ੍ਹੇਰੇ ਖੋਇਆ ।।
 
35. ਪਿਆਰੇ ਬੱਚੇ
ਅਸੀਂ ਪਿਆਰੇ ਬੱਚੇ ਹਾਂ ।
ਸਾਰੇ ਜੱਗ ਤੋਂ ਅੱਛੇ ਹਾਂ ।
ਅਸੀਂ ਪਿਆਰੇ ਬੱਚੇ ਹਾਂ।
ਸਦਾ ਹੀ ਹੱਸਦੇ ਰਹਿੰਦੇ ਹਾਂ । 
ਉੱਠਦੇ ਹਾਂ ਬਹਿੰਦੇ ਹਾਂ ।
ਸਭ ਕੁਝ ਸੱਚ ਸੱਚ ਕਹਿੰਦੇ ਹਾਂ ।
ਭਾਵੇਂ ਅਕਲੋਂ ਕੱਚੇ ਹਾਂ ।
ਅਸੀਂ ਪਿਆਰੇ ਬੱਚੇ ਹਾਂ ।
ਬੱਚੇ ਹਾਂ ਅਸੀਂ ਪਿਆਰੇ ਪਿਆਰੇ ।
ਸਾਰੇ ਜੱਗ ਤੋਂ ਨਿਆਰੇ ਨਿਆਰੇ ।
ਮਾਂ ਬਾਪ ਦੀ ਅੱਖ ਦੇ ਤਾਰੇ ।
ਸਾਫ ਮਨ ਦੇ ਸੱਚੇ ਹਾਂ ।
ਅਸੀਂ ਪਿਆਰੇ ਬੱਚੇ ਹਾਂ ।
ਉੱਠ ਸਵੇਰੇ ਤੱੜਕੇ ਨ੍ਹਾਈਏ ।
ਮਾਂ ਬਾਪ ਪੈਰੀਂ ਹੱਥ ਲਾਈਏ ।
ਸੱਜ ਸੰਵਰ ਸਕੂਲੇ ਜਾਈਏ ।
ਅਨੁਸ਼ਾਸਨ ਦੇ ਪੱਕੇ ਹਾਂ ।
ਅਸੀਂ ਪਿਆਰੇ ਬੱਚੇ ਹਾਂ ।
ਹੱਸਦੇ ਹਾਂ ਅਸੀਂ ਗਾਉਂਦੇ ਹਾਂ ।
ਸਭ ਦਾ ਮਨ ਪਰਚਾਉਂਦੇ ਹਾਂ ।
ਰੁੱਸੇ ਆਣ ਮਨਾਉਂਦੇ ਹਾਂ ।
ਕਰ ਇਰਾਦੇ ਪੱਕੇ ਹਾਂ ।
ਅਸੀਂ ਪਿਆਰੇ ਬੱਚੇ ਹਾਂ ।
 
36. ਮਿਹਨਤੀ ਚਿੜੀ
ਇੱਕ ਸੀ ਚਿੜੀ ਬੜੀ ਸਿਆਣੀ 
ਕਾਂ ਸੀ ਉਸ ਦਾ ਮੁਢਦਾ  ਹਾਣੀ 
ਇਕੋ ਰੁੱਖ ਤੇ ਰਹਿੰਦੇ ਸੀ
ਦੋਵੇਂ ਰੱਲ ਮਿਲ ਬਹਿੰਦੇ ਸੀ
  
ਦੁੱਖ ਸੁੱਖ ਆਪਣਾ ਕਹਿੰਦੇ ਸੀ ।
ਇਕ ਦਿਨ ਚਿੜੀ ਕੁਝ ਦਾਣੇ ਲੱਭੇ 
ਦਾਣੇ  ਸੀ ਇਕ  ਗੱਠੀ ਬੱਝੇ 
ਦੇਖ ਦਾਣੇ  ਚਿੜੀ ਮੁਸਕਰਾਈ 
ਖੇਤੀ ਕਰਨ ਦੀ ਜੁਗਤ ਬਣਾਈ 
ਲੈ ਦਾਣੇ  ਚਿੜੀ ਘਰ ਲੈ ਆਈ ।
ਚਿੜੀ ਕਹੇ ਸੁਣ ਵੀਰੇ ਕਾਵਾਂ 
ਕੰਨ ਕਰ ਇਕ ਗੱਲ ਸੁਣਾਵਾਂ 
ਕੋਲ ਮੇਰੇ ਨੇ ਕੁਝ ਦਾਣੇ 
ਬੀਜ ਦਾਣੇ  ਅਸੀਂ ਹੋਰ ਉਗਾਣੇ
ਵੰਡ ਦੋਵਾਂ ਨੇ ਰਲ ਮਿਲ ਖਾਣੇ ।
ਕਾਂ ਕਹੇ ਮੈਂ ਆਉਂਦਾ ਹਾਂ
ਹੁੱਕੇ ਚਿਲਮ ਬਣਾਉਂਦਾ ਹਾਂ 
ਉੱਚੀ  ਸਾਖ ਬਹਿੰਦਾ ਹਾਂ
ਦੋ ਕੂ ਸੂਟੇ ਲਾਉਂਦਾ ਹਾਂ 
ਤੂੰ ਚੱਲ ਚਿੜੀਏ ਮੈਂ ਆਉਂਦਾ ਹਾਂ ।
ਚਿੜੀ ਉੱਡੀ ਮਾਰ ਉੱਡਾਰੀ 
ਸਿਰ ਤੇ ਲੈ ਦਾਣਿਆਂ ਦੀ ਪੰਡ ਭਾਰੀ 
ਖੇਤ ਪਹੁੰਚੀ ਥੱਕੀ ਹਾਰੀ
ਗੁੱਡ ਖੇਤ ਉਹਨੇ ਕਰੀ ਤਿਆਰੀ
 
ਬੀਜੇ ਦਾਣੇ ਹਿਮੰਤ ਨਾ ਹਾਰੀ ।
ਚਿੜੀ ਕਹੇ ਚੱਲ ਖੇਤ ਹੈ ਜਾਣਾ 
ਗੁੱਡ ਹੈ ਖੇਤ ਨੂੰ ਪਾਣੀ ਪਾਉਣਾ
ਪਾ ਪਾਣੀ ਖੇਤ ਸਿੰਜਦਾ ਕਰੀਏ 
ਚੱਲ ਕਾਵਾਂ ਚੱਲ ਖੇਤੀ ਕਰੀਏ 
ਮਿਹਨਤ ਤੋਂ ਕਦੇ ਨਾ ਡਰੀਏ ।
ਕਾਂ ਕਹੇ ਮੈਂ ਆਉਂਦਾ ਹਾਂ
ਹੁੱਕੇ ਚਿਲਮ ਬਣਾਉਂਦਾ ਹਾਂ 
ਉੱਚੀ  ਸਾਖ ਬਹਿੰਦਾ ਹਾਂ
ਦੋ ਕੂ ਸੂਟੇ ਲਾਉਂਦਾ ਹਾਂ 
ਤੂੰ ਚੱਲ ਚਿੜੀਏ ਮੈਂ ਆਉਂਦਾ ਹਾਂ ।
ਚਿੜੀ ਵਿਚਾਰੀ ਕਰਮਾਂ ਮਾਰੀ 
ਕਾਂ ਦੀ ਉਡੀਕ ਕਰ ਕਰ ਹਾਰੀ
ਗੁੱਡ ਗੁੱਡ ਖੇਤ ਪਾਣੀ ਲਾਏ 
ਕਾਂ ਹਰ ਵਾਰ ਆਖ ਸੁਣਾਏ 
ਲਾ ਲਾ ਲਾਰੇ ਖੇਤ ਨਾ ਜਾਏ ।
ਇਕ ਦਿਨ ਚਿੜੀ ਕਾਂ ਨੂੰ ਕਹਿੰਦੀ 
ਚੱਲ ਵੀਰਾ ਚਲੀਏ ਵਾਢੀ ਰਹਿੰਦੀ 
ਵਾਢੀ ਕਰ ਦਾਣੇ ਕੱਢ ਲਿਆਈਏ 
ਤੂੜੀ ਵੱਖ ਦਾਣੇ ਵੱਖ ਬਣਾਈਏ
ਆਪਣਾ ਆਪਣਾ ਹਿੱਸਾ ਪਾਈਏ ।
ਆਲਸ ਕਾਂ ਦਾ ਮੁੜ ਭਰ ਆਇਆ
 ਚਿੜੀ ਨੂੰ ਫਿਰ ਉਹਨੇ ਆਖ ਸੁਣਾਇਆ 
ਚਿੜੀ ਗਈ ਪਰ ਕਾਂ ਨਾ ਆਇਆ 
ਚਿੜੀ ਆਪਣਾ ਫ਼ਰਜ ਨਿਭਾਇਆ 
ਫਿਰ ਵੀ ਮੱਥੇ ਵੱਟ ਨਾ ਪਾਇਆ ।
ਫਿਰ ਆਈ ਵੰਡ ਕਰਨ ਦੀ ਵਾਰੀ 
ਚਿੜੀ ਨੇ ਕਾਂ ਨੂੰ ਫਿਰ ਅਵਾਜ ਮਾਰੀ 
ਸੁਣ ਅਵਾਜ ਕਾਂ ਭਾਰੀ ਉਡਾਰੀ 
ਖੇਤ ਪਹੁੰਚਿਆ ਕਾਂ ਪਹਿਲੀ ਵਾਰੀ 
ਛੱਡ ਤੂੜੀ ਦਾਣੇ ਮੱਲ ਮਾਰੀ ।
ਲਾਲਚ ਵਿਚ ਕਾਂ ਸੀ ਭਰਿਆ 
ਚਿੜੀ ਨਾਲ ਉਹਨੇ ਧੋਖਾ ਕਰਿਆ
ਚਿੜੀ ਦੀ ਪੇਸ਼ ਗਈ ਨਾ ਕੋਈ 
ਦੁਖੀ ਚਿੜੀ ਮਨ ਵਿਚ ਰੋਈ 
ਆਖੇ ਮਿਹਨਤ ਦਾ ਮੈਨੂੰ ਫ਼ਲ ਨਾ ਕੋਈ ।
ਦੁਖੀ ਚਿੜੀ ਘਰ ਮੁੜ ਆਈ 
ਸੋਚ ਸੋਚ ਉਹਨੇ ਰਾਤ ਲੰਘਾਈ 
ਚਿੜੀ ਆਪਣੀ ਸਿਆਣਪ ਵਿਖਾਈ 
ਵੰਡ ਤੂੜੀ ਦੀ ਘਰ ਲੈ ਆਈ 
ਕਾਂ ਦੀ ਦੋਸਤੀ ਮਾਰ ਮੁਕਾਈ ।
ਤੂੜੀ ਨਾਲ ਚਿੜੀ ਘਰ ਬਣਾਇਆ
ਕਾਂ ਵੀ ਦਾਣੇ ਘਰ ਲੈ ਆਇਆ 
ਚਿੜੀ ਨੂੰ ਦੇਖ ਕਾਂ ਖਿੜ ਖਿੜ ਹੱਸੇ
ਆਪਣੇ ਆਪ ਨੂੰ ਚੱਤੁਰ ਉਹ ਦੱਸੇ
ਚਿੜੀ ਨੂੰ ਉਹ ਮੂਰਖ ਦੱਸੇ
ਕਾਂ ਹੱਸੇ ਚਿੜੀ ਦੀ ਦੇਖ ਲਾਚਾਰੀ 
ਉਸੇ ਦਿਨ ਪਿਆ ਮੀਂਹ ਭਾਰੀ 
ਚਿੜੀ ਛੁੱਪ ਗਈ ਮਾਰ ਉਡਾਰੀ 
ਕਾਂ ਦੀ ਸੀ ਨਾ ਕੋਈ ਤਿਆਰੀ 
ਮੀਂਹ ਨੇ ਕਾਂ ਦੀ ਮੱਤ ਮਾਰੀ ।
ਆਲ੍ਹਣੇ  ਵਿਚੋਂ ਚਿੜੀ ਦੇਖੇ ਨਜ਼ਾਰੇ
ਕਾਂ ਦੇ ਦਾਣੇ ਭਿੱਜਗੇ ਸਾਰੇ 
ਭਿੱਜਿਆ ਕਾਂ ਨਾਲ ਠੰਡ ਦੇ ਠਾਰਿਆ 
ਕੋਲ ਪਏ ਦਾਣਿਆਂ ਵਿਚ ਜਾ ਵੜਿਆ
ਉਹਨਾਂ ਵੀ ਨਾ ਉਹਲਾ ਕਰਿਆ ।
ਕਾਂ ਨੂੰ ਫਿਰ ਚਿੜੀ ਦੀ ਯਾਦ ਆਈ 
ਥੱਲੇ ਬੈਠੇ ਅਵਾਜ ਲਗਾਈ 
ਭੈਣੇ ਮੇਰੀ ਜਾਨ ਬਚਾਲੈ 
ਮੈਨੂੰ ਆਲ੍ਹਣੇ ਵਿਚ ਛੁੱਪਾ ਲੈ 
ਭਾਵੇਂ ਅੱਧ ਦਾਣੇ ਵੰਡਾਲੈ ।
ਚਿੜੀ ਨੇ ਕਾਂ ਦੀ ਇਕ ਨਾ ਮਨੀ 
ਭੁੱਲੀ ਗੱਲ ਨਾ ਲੜ  ਜੋ ਬੰਨੀ 
ਕਾਂ ਰਿਹਾ ਠੰਡ ਵਿਚ ਠਰਦਾ
ਨਾਲ ਚਿੜੀ ਦੀਆਂ ਮਿਨਤਾਂ ਕਰਦਾ 
ਮਨ ਹੀ ਮਨ ਪਛਤਾਵਾ ਕਰਦਾ ।
ਰਾਤ ਲੰਘੀ ਹੋਈ ਸਵੇਰ
ਮਾਰ ਕੇ ਕਾਂ ਹੋਇਆ ਸੀ ਢੇਰ 
ਚਿੜੀ ਦਾਣੇ ਚੁੱਕ ਲਿਆਈ 
ਮਿਹਨਤ ਚਿੜੀ ਦੀ ਰੰਗ ਲਿਆਈ 
ਚਿੜੀ ਦੇ ਚਿਹਰੇ ਰੌਣਕ ਛਾਈ ।
 
37. ਲਤ ਸ਼ਰਾਬ ਦੀ
ਅੱਜ ਜਿੱਤ ਗਈ ਲਤ ਸ਼ਰਾਬ ਦੀ 
ਤੇ ਉਹ ਆਖਰੀ ਸਾਹ ਵੀ ਹਾਰ ਗਿਆ ।
ਦੌੜ ਕੀਤੀ ਕਿ ਉਹ ਬਚ ਜਾਏ
ਪਰ ਆਖਰੀ ਦਾਅ ਵੀ ਬੇਕਾਰ ਗਿਆ ।। 
ਡਾਹਢੀ  ਮੌਤ ਨਾਲ ਪਾ ਗਲ਼ਵਕੜੀ 
ਰੂਹ ਤੁਰ ਚੱਲੀ ਛੱਡ ਕੇ ਸਰੀਰ ਨੂੰ ।
ਸਾਹ ਹੌਲੇ ਹੁੰਦੇ ਹੁੰਦੇ ਔਖੇ ਹੋ ਗਏ 
ਰੁੱਕਦੇ ਰੁੱਕਦੇ ਰੁੱਕ ਗਏ ਅਖੀਰ ਨੂੰ ।।
ਦਿਲ ਧੱਕ ਧੱਕ ਕਰਦਾ ਸੀ ਸ਼ਾਂਤ ਹੋਇਆ 
ਅੱਖਾਂ ਖੁੱਲੀਆਂ ਤੇ ਖੁੱਲੀਆਂ ਹੀ ਰਹਿ ਗਈਆਂ ।
ਰੂਹ ਨਿੱਕਲ ਸਰੀਰੋਂ ਤੁੱਰ ਗਈ 
ਰੱਬਾ ਡਾਢਿਆ, ਜੁਦਾਈਆਂ ਪੈ ਗਈਆਂ ।।
ਸ਼ਰਾਬ ਪੀਣ ਵਾਲਾ ਇਹ ਸਰੀਰ ਸੀ ਜੋ
ਅੱਜ ਸ਼ਰਾਬ ਨੇ ਹੀ ਮਾਰ ਮੁਕਾ ਦਿੱਤਾ ।
ਪੀ ਕੇ ਹੋ ਜਾਂਦਾ ਸੀ ਦਲੇਰ ਜਿਸਨੂੰ 
ਅੱਜ ਉਸੇ ਨੇ ਮਿੱਟੀ 'ਚ ਮਿਲਾ ਦਿੱਤਾ  ।।
ਲੱਖਾਂ ਖ਼ਰਚ ਕੇ ਪੈਸੇ ਮੁੱਲ ਮੌਤ ਲਈ 
ਲਾਂਬੂ ਆਪਣੇ ਹੀ ਘਰ ਨੂੰ ਲਾਇਆ ਏ । 
ਨਹੀਂ ਰਹਿੰਦਾ ਸੀ ਜਿਸ ਤੋਂ ਬਗੈਰ ਪਲ ਵੀ 
ਅੱਜ ਉਸ ਨੇ ਹੀ ਮਾਰ ਮੁਕਾਇਆ ਏ ।।
ਝੂਠਾ ਨਸ਼ਾ ਸੀ ਸ਼ਰਾਬ ਦਾ ਸਿਰ ਚੜ੍ਹਿਆ 
ਤੇ ਉਹ ਸੱਚੀਆਂ ਸਮਝ ਨਿਭਾਉਂਦਾ ਰਿਹਾ ।
ਬਣ ਸੱਪਣੀ ਸ਼ਰਾਬ ਰਹੀ ਡੰਗ ਮਾਰਦੀ 
ਤੇ ਉਹ ਚੁੰਮ ਚੁੰਮ ਮੂੰਹ ਨੂੰ ਲਾਉਂਦਾ ਰਿਹਾ ।।
ਸਮਝ ਪਾਇਆ ਨਾ ਸ਼ਰਾਬ ਦੀ ਹੇਰਾ ਫੇਰੀ 
ਆਖ ਜਿੰਦ ਜਾਨ ਰਿਹਾ ਸੀਨ੍ਹੇ ਨਾਲ ਲਾਉਂਦਾ ।
ਉਹ ਵੀ ਤਿੱਲ-ਤਿੱਲ ਘੁੱਣ ਵਾਂਗ ਰਹੀ ਮਾਰਦੀ
ਲੁੱਟ ਲੈਂਦੀ ਜੋ ਵੀ ਉਹ ਰਿਹਾ ਲੁੱਟਾਉਂਦਾ ।।
ਲਤ ਸ਼ਰਾਬ ਦੀ ਮੂੰਹ ਨੂੰ ਐਸੀ ਲੱਗੀ ਭੈੜੀ 
ਮਿੱਠੀ ਛੁਰੀ ਬਣ ਦਿਲ ਤੇ ਰਹੀ ਚੱਲਦੀ ।
ਲੱਖ ਸਮਝਾਇਆ ਇਕ ਨਾ ਮੰਨੀ ਕਿਸੇ ਦੀ 
ਵਿਚ ਨਸ਼ੇ ਦੇ ਕਦਰ ਨਾ ਜਾਣੀ ਗੱਲ ਦੀ ।।
ਅੱਜ ਜਿੱਤ ਗਈ ਲਤ ਸ਼ਰਾਬ ਦੀ 
ਤੇ ਇਕ ਵਸਦਾ ਘਰ ਉੱਜਾੜ ਗਈ ।
ਸੁੰਨਾ ਹੋ ਗਿਆ ਘਰ ਰੌਣਕ ਭਰਿਆ 
ਤੇ ਮਾਪੇ ਜਿਉਂਦਿਆਂ ਨੂੰ ਵੀ ਮਾਰ ਗਈ ।।
ਲੱਖਾਂ ਉਜਾੜੇ ਨੇ ਘਰ ਸ਼ਰਾਬ ਨੇ 
ਇਸਨੂੰ ਪੀ ਕੇ ਕੋਈ ਨਾ ਆਬਾਦ ਹੋਇਆ ।
ਜੋ ਵੀ ਫਸਿਆ ਮੋਹਣੀ ਜਾਲ਼ ਇਸਦੇ 
ਉਹ ਹੀ ਮਰਿਆ ਕਦੇ ਨਾ ਆਜ਼ਾਦ ਹੋਇਆ ।।
 
38. ਤੇਰੀ ਪਹਿਚਾਣ
ਹੇ ਮਨੁੱਖ !
ਤੇਰੀ ਪਹਿਚਾਣ  ਕੀ ਏ। 
ਚੋਰੀ ਠੱਗੀ ਝੂਠ ਤੂੰ ਬੋਲੇਂ ।
ਬੈਠ ਤਰਾਜੂ ਘੱਟ ਪਿਆ ਤੋਲੇਂ ।
ਤੇਰਾ ਇਮਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ ।
ਪੈਸੇ ਪਿੱਛੇ ਤੂੰ ਕਰੇਂ ਲੜਾਈ ।
ਮਾਂ ਬਾਪ ਨਾ ਦੇਖੇ ਭਾਈ ।
ਤੇਰਾ ਜਹਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ ।
ਆਪਣਾ ਕਿਹਾ ਆਪ ਨਾ ਜਾਣੇ ।
ਪੈਰ ਪੈਰ ਤੇ ਕਰੇਂ ਬਹਾਨੇ ।
ਤੇਰਾ ਬਿਆਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ ।
ਲੁੱਟ ਮਾਰ ਕਰ ਕਰੇਂ ਕਮਾਈ ।
ਫਿਰਦਾ ਮੂੰਹ ਨੂੰ ਲਾਲੀ ਲਾਈ ।
ਤੇਰੀ ਜੁਬਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਵਿਚ ਹੰਕਾਰ ਦੇ ਰਹੇਂ ਤੂੰ ਭਰਿਆ ।
ਧੰਨ ਪਰਾਇਆ ਦੇਖ ਨਾ ਜਰਿਆ ।
ਤੇਰਾ ਮਾਣ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਮਾਣ ਜੱਸ ਪਿਆ ਤੂੰ ਲੋੜੇ ।
ਵਾਂਗ ਮਸ਼ੀਨਾਂ ਫਿਰਦਾਂ  ਦੌੜੇਂ ।
ਤੇਰਾ ਆਰਾਮ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਦਾਨ ਪੁੰਨ ਤੂੰ ਨਾ ਕਰਿਆ ।
ਮੰਦਿਰ ਮਸਜਿਦ ਤੂੰ ਨਾ ਵੜਿਆ ।
ਤੇਰਾ ਭਗਵਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਮੋਹ ਮਾਇਆ ਤੇਰੇ ਸਿਰ  ਚੜ੍ਹ ਬੋਲੇ ।
ਕਾਮ ਕ੍ਰੋਧ ਤੇਰੇ ਅਖੀਂਓਂ ਡੋਲੇ ।
ਤੇਰਾ ਸਨਮਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਭੁੱਲਿਆ ਫਿਰੇਂ ਤੂੰ ਕਰਮ ਕਮਾਉਣਾ ।
ਕਿਸੇ ਨਾ ਤੈਨੂੰ ਰਾਹ ਦਿਖਾਉਣਾ ।
ਤੇਰੀ ਕਮਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ । 
ਆਪਣਾ ਆਪ ਪਛਾਣ ਲੈ ਆਪੇ ।
ਕੋਈ ਨਾ ਓਹਲਾ ਸਭ ਕੁੱਝ ਜਾਪੇ ।
ਤੇਰੀ ਸ਼ਾਨ ਕੀ ਏ ।
ਹੇ ਮਨੁੱਖ !
ਤੇਰੀ ਪਹਿਚਾਣ ਕੀ ਏ ।