Kissa Raja Gopi Chand : Gyan Chand Dhaun

ਕਿੱਸਾ ਰਾਜਾ ਗੋਪੀ ਚੰਦ : ਗਿਆਨ ਚੰਦ ‘ਧੌਣ’


ਕੀਤੀ ਖਾਸ ਤਿਆਰ ਪੰਜਾਬੀਆਂ ਲਈ, ਯਾਰੋ ਕਰੋ ਕਬੂਲ ਸੁਗਾਤ ਮੇਰੀ। ਨਾਲ ਸ਼ੌਕ ਦੇ ਪੜ੍ਹੋ ਕਿਤਾਬ ਮੇਰੀ, ਐਪਰ ਰਖਣਾ ਯਾਦ ਇਕ ਬਾਤ ਮੇਰੀ। ਧੋਖਾ ਦੇਣਗੇ ਕਈ ਹਮਨਾਮ ਮੇਰੇ, ਚੋਰੀ ਕਰਨਗੇ ਕਈ ਕਮਜ਼ਾਤ ਮੇਰੀ। 'ਗ੍ਯਾਨ ਚੰਦ' ਕਿਸੇ ਲੈਣਾ ਪਰਖ ਮੇਰੇ, ਉਪਰ ਦੇਖ ਲੈਣਾ ‘ਧੌਨ’ ਜਾਤ ਮੇਰੀ।

ਸਿਹਰਫੀ ਪਹਿਲੀ : ਕਿੱਸਾ ਰਾਜਾ ਗੋਪੀ ਚੰਦ

ਅਲਫ–ਇਕ ਬੇਲੀ ਆਨ ਗੱਲ ਮੇਲੀ ਗੋਪੀਚੰਦ ਵਾਲਾ ਕਿੱਸਾ ਜੋੜ ਬੇਲੀ ਤੇਰੇ ਲਈ ਤਾਂ ਦਿਨਾਂ ਦੀ ਗੱਲ ਹੈ ਵੇ ਕੰਮ ਕਾਜ ਸਭੇ ਦੇਵੋ ਛੋੜ ਬੇਲੀ ਹਿੰਦੂ ਕੌਮ ਦੀ ਦਿਸ਼ਾ ਸੁਧਾਰਨੇ ਨੂੰ ਐਸੇ ਕਿੱਸਿਆਂ ਦੀ ਬੜੀ ਲੋੜ ਬੇਲੀ 'ਗਯਾਨ' ਵਿਚ ਕੂਜ਼ੇ ਬਹਿਰਬੰਦ ਹੋਵੇ ਲੰਮੀ ਗਲ ਦਾ ਅਤਰ ਨਚੋੜ ਬੇਲੀ ਅਲਫ–ਆਖਯਾ ਅਗੋਂ ਮੈਂ ਗੌਰ ਕਰਕੇ ਤੇਰੀ ਗੱਲ ਨਹੀਂ ਸਕਦਾ ਮੋੜ ਬੇਲੀ ਐਥੇ ਕੋਈ ਭੀ ਕੰਮ ਮੁਹਾਲ ਨਾਹੀਂ ਜੇਕਰ ਰਬ ਚਾਹੜੇ ਕੰਮ ਤੋੜ ਬੇਲੀ ਮੇਰੇ ਵਿਚ ਦਿਮਾਗ ਦੇ ਆਨ ਬੈਠੇ ਬੰਸੀ ਵਾਲੜੇ ਨੂੰ ਹੱਥ ਜੋੜ ਬੇਲੀ 'ਗਯਾਨ ਚੰਦ' ਕਿੱਸਾ ਲਿਖਣਾ ਸ਼ੁਰੂ ਕੀਤਾ ਦਿਤੇ ਹੋਰ ਸਾਰੇ ਕੰਮ ਛੋੜ ਬੇਲੀ ਬੇ–ਬੜਾ ਹੈ ਰੱਬ ਦਾ ਨਾਮ ਚੰਗਾ ਬੇੜੇ ਡੁਬਦੇ ਪਾਰ ਉਤਾਰਦਾ ਏ ਨਾਮ ਓਸਦਾ ਕਸ਼ਟ ਸਭ ਦੂਰ ਕਰਦਾ ਅਤੇ ਵਿਗੜਦੇ ਕੰਮ ਸੁਵਾਰਦਾ ਏ ਕਰੇ ਸ਼ਾਹ ਕੰਗਾਲ ਫਕੀਰ ਰਾਜੇ ਅਜਬ ਸਿਲਸਿਲਾ ਮੇਰੇ ਕਰਤਾਰ ਦਾ ਏ ਕਰਦਾ ਇਕਦੀ ਉਮਰ ਸੌਬਰਸ ਦੀਏ 'ਗਯਾਨ' ਇਕ ਨੂੰ ਜੰਮਦੇ ਮਾਰਦਾ ਏ ਪੇ–ਪਾਰ ਨਾ ਪਾਵੀਏ ਕੁਦਰਤਾਂ ਦਾ ਬੜਾ ਰੱਬ ਜੇ ਬੇ ਪ੍ਰਵਾਹ ਬੇਲੀ ਕਿਤੇ ਬੈਠਕੇ ਤਖਤ ਤੇ ਰਾਜ ਕਰਦਾ ਕਿਤੇ ਮੰਗਤਾ ਤੇ ਕਿਤੇ ਸ਼ਾਹ ਬੇਲੀ ਆਪੇ ਮਰੇ ਤੇ ਆਪੇ ਈ ਜੰਮਦਾ ਏ ਲੋਕਾਂ ਭਰਮ ਦਾ ਕਢਿਆ ਲਾਹ ਬੇਲੀ ‘ਗਯਾਨ’ ਕਦੀ ਤਾਂ ਓਸਨੂੰ ਯਾਦ ਕਰ ਤੂੰ ਕੂੜੇ ਦਮਾਂ ਦਾ ਨਹੀਂ ਵਸਾਹ ਬੇਲੀ ਤੇ–ਤਰਕ ਸਭ ਕੰਮ ਤੇ ਕਾਜ ਕਰਕੇ ਧਾਰਾਪੁਰੀ ਅੰਦਰ ਜ਼ਰਾ ਆ ਪਯਾਰੇ ਸਰ ਸਬਜ਼ ਵਿਚ ਬਾਗ ਤੇ ਨਹਿਰ ਗਿਰਦੇ ਨਗਰ ਰੱਖਿਆ ਖੂਬ ਸਜਾ ਪਯਾਰੇ ਧਾਰਾਪੁਰੀ ਯਾਕਿ ਇੰਦਰ ਪੁਰੀ ਆਖਾਂ ਦੇਵੇ ਸ੍ਵਰਗ ਦੀ ਯਾਦ ਭੁਲਾ ਪਯਾਰੇ 'ਗਯਾਨ ਚੰਦ' ਹਰ ਜਗ੍ਹਾ ਤੇ ਹੋਵੇ ਚਰਚਾ ਲੋਕੀਂ ਦੇਖਦੇ ਨੇ ਜਾ ਪਯਾਰੇ ਠੇ–ਠੀਕ ਨਹੀਂ ਪਤਾ ਗਲ ਮੁਦਤਾਂ ਦੀ ਓਥੇ ਰਾਜ ਕਰਦਾ ਪਦਮ ਸੈਨ ਹੈਸੀ ਰੋਬ ਦਾਬ ਤੇ ਬੜਾ ਇਨਸਾਫ ਵਾਲਾ ਬੜੀ ਵਿਚ ਪ੍ਰਜਾ ਸੁਖਚੈਨ ਹੈਸੀ ਦਿਨੇ ਸੋਚ ਨਾ ਰਤੀ ਰਵਾਲ ਹੈਸੀ ਬਿਨਾਂ ਫਿਕਰ ਦੇ ਲੰਘਦੀ ਰੈਨ ਹੈਸੀ 'ਗਯਾਨਚੰਦ' ਲੋਕੀਂ ਇਕ ਜਾਨ ਹੈਸਨ ਫਰਕ ਵਿਚ ਨ ਐਨ ਤੇ ਗੈਨ ਹੈਸੀ ਸੇ–ਸਾਬਤੀ ਖੁਸ਼ੀ ਨਹੀਂ ਸ਼ਾਹ ਤਾਈਂ ਘਰ ਕੋਈ ਵੀ ਹੋਈ ਉਲਾਦ ਨਾਹੀਂ ਬਾਝ ਪੁਤ ਦੇ ਜੱਗ ਸੁਨਸਾਨ ਦਿਸੇ ਖਾਣਾ ਰਾਜੇ ਦਾ ਹੁੰਦਾ ਆਬਾਦ ਨਾਹੀਂ ਮਹਿਲੀ ਪੈਰ ਪਾਵੇ ਮੁੜ ਮੁੜ ਰੋਣ ਆਵੇ ਦਿਲ ਪੁਤ੍ਰਾਂ ਦੇ ਬਾਝ ਸ਼ਾਦ ਨਾਹੀਂ ਪੂਜੇ ਦੇਵਤੇ ਸੁਖਣਾਂ ਸੁਖਦਾ ਏ 'ਗਯਾਨ' ਹੋਂਵਦੀ ਪੂਰੀ ਮੁਰਾਦ ਨਾਹੀਂ ਜੀਮ–ਜਦੋਂ ਪ੍ਰਮਾਤਮਾ ਮੇਹਰ ਕਰਦਾ ਫੇਰ ਕੌਣ ਹੈ ਅੱਖਾਂ ਵਟਾਨ ਵਾਲਾ ਦਾਤਾ ਸਰਬ ਦੀ ਆਸ ਪੁਜਾਣ ਵਾਲਾ ਬੇੜੇ ਡੁਬਦੇ ਪਾਰ ਲਗਾਨ ਵਾਲਾ ਵਧੀ ਹੋਵੇ ਤੇ ਕੋਈ ਵੀ ਨਹੀਂ ਖਤਰਾ ਘਟੀ ਹੋਵੇ ਤੇ ਕੌਣ ਵਧਾਣ ਵਾਲਾ 'ਗਯਾਨਚੰਦ' ਆਵੇ ਜਦੋਂ ਲੈਹਰ ਅੰਦਰ ਦਾਤਾ ਕੱਖ ਤੋਂ ਲੱਖ ਬਨਾਣ ਵਾਲਾ ਚੇ–ਚਾਹੇ ਤੇ ਫਕਰ ਨੂੰ ਰਾਜ ਦੇਵੇ ਤਖ਼ਤੋਂ ਸ਼ਹਿਨਸ਼ਾਹ ਚਾਹੇ ਉਤਾਰ ਦੇਵੇ ਜੇਕਰ ਚਾਹੇ ਤੇ ਉਮਰ ਦਰਾਜ ਕਰ ਦਏ ਜੇਕਰ ਚਾਹੇ ਤੇ ਜੰਮਦਾ ਮਾਰ ਦੇਵੇ ਜੇਕਰ ਚਾਹੇ ਤੇ ਪਾਰ ਉਤਾਰ ਦੇਵੇ ਨਹੀਂ ਤਾਂ ਡੋਬ ਜਾ ਕੇ ਵਿਚਕਾਰ ਦੇਵੇ ਜਿਨ੍ਹਾਂ ਆਸਰਾ ਉਸਦੇ ਨਾਮ ਦਾ ਏ ‘ਗਯਾਨ’ ਜਿਹਾਂ ਦੇ ਕੰਮ ਸਵਾਰ ਦੇਵੇ ਹੇ–ਹਾਲ ਇਹ ਰਾਜੇ ਦਾ ਜਦੋਂ ਡਿੱਠਾ ਸਾਹਿਬ ਉਸ ਤੇ ਮੇਹਰਬਾਨ ਹੋਯਾ ਗੋਪੀ ਚੰਦ ਘਰ ਉਸਦੇ ਜਨਮ ਲੀਤਾ ਰਾਜਾ ਫੁਲਿਆ ਖੁਸ਼ੀ ਜਹਾਨ ਹੋਯਾ ਵਰਖਾ ਫੁਲਾਂ ਦੀ ਹੋਈ ਅਸਮਾਨ ਵਿਚੋਂ ਪੈਦਾ ਜਗਤੇ ਧਰਮ ਨਿਸ਼ਾਨ ਹੋਯਾ ‘ਗਯਾਨਚੰਦ’ ਰਾਜਾ ਬੜਾ ਖੁਸ਼ੀ ਹੋਯਾ ਫ਼ਕਰ ਪੰਡਤਾਂ ਨੂੰ ਬੜਾ ਦਾਨ ਹੋਯਾ ਖੇ–ਖੈਰਦੇ ਨਾਲ ਹੋ ਗਿਆ ਵਡਾ ਗੋਪੀ ਚੰਦ ਹੋਇਆ ਚੌਦਾਂ ਸਾਲ ਦਾ ਜੀ ਪੂਜਾ ਪਾਠ ਦਾ ਜਿਹਾ ਸੂ ਸ਼ੌਕ ਲੱਗਾ ਰਸਤਾ ਧਰਮ ਗ੍ਯਾਨ ਦਾ ਭਾਲਦਾ ਜੀ ਮਨੋਂ ਕਦੀ ਨਾ ਬੁਰੇ ਵਿਚਾਰ ਉਠਣ ਹਰ ਦਮ ਪਾਕ ਤੇ ਸ਼ੁਧ ਖਯਾਲਦਾ ਜੀ 'ਗਯਾਨਚੰਦ' ਪਰੀਆਂ ਵੇਖ ਰਸ਼ਕ ਖਾਵਨ ਖਾਕਾ ਖਿਚਾਂ ਕੀ ਹੁਸਨ ਜਮਾਲ ਦਾ ਜੀ ਦਾਲ–ਦੰਦ ਨਿਰੇ ਲੜੀ ਮੋਤੀਆਂ ਦੀ ਹੈਸਨ ਲਬ ਬਦਖਸ਼ਾਂ ਦੇ ਲਾਲ ਦੋਵੇਂ ਗਲ੍ਹਾਂ ਸੁਰਖ ਕੰਧਾਰ ਦੇ ਸੇਬ ਵਾਂਗੂੰ ਟੁਕੜੇ ਚੰਦ ਦੇ ਕੰਨ ਕਮਾਲ ਦੋਵੇਂ ਜ਼ੁਲਫਾਂ ਕਾਲੀਆਂ ਕਿ ਕਾਲੇ ਨਾਗ ਆਖਾਂ ਨੈਨ ਮਸਤ ਕਰਦੇ ਬੁਰਾ ਹਾਲ ਦੋਵੇਂ ਅਬਰੂ ਕਿਤੇ ਤਿਖੇ ਤੇਗ ਧਾਰ ਕੋਲੋਂ ਅੱਖਾਂ ਨਰਗਸਾਂ ਦੇ ਰਖਵਾਲ ਦੋਵੇਂ ਰੇ–ਰੱਬ ਨੇ ਹੁਸਨ ਵੀ ਓਹ ਦਿਤਾ ਚੰਦ ਜਿਹਾਂ ਨੂੰ ਹੋਇਆਂ ਨਸੀਬ ਨਾਹੀਂ ਸੂਰਜ ਸ਼ਕਲ ਵੇਖੇ ਲੁਕੇ ਬੱਦਲਾਂ ਚਿ ਕੰਮ ਕੁਦਰਤ ਦੀ ਰਹੀ ਤ੍ਰਤੀਬ ਨਾਹੀਂ ਤਾਰੇ ਵੇਖਕੇ ਚੰਦ ਨੂੰ ਦੇਣ ਤਾਹਨੇ ਤੂੰ ਵੀ ਕਹਿੰਦਾ ਸੈ ਕੋਈ ਰਕੀਬ ਨਾਹੀਂ 'ਗਯਾਨਚੰਦ' ਕਹੋ ਖੋਲ੍ਹ ਕੇ ਹਾਲ ਅਗੋਂ ਸਿਫਤ ਭਰੇ ਪੁਸਤਕ ਕੁਛ ਅਜੀਬ ਨਾਹੀਂ ਡਾਲ–ਡੋਰ ਹੱਥ ਮੌਤ ਦੇ ਸਰਬ ਦੀਏ ਜੋ ਕੁਛ ਚਾਹੁੰਦੀ ਪਈ ਕਰਾਂਵਦੀ ਏ ਆਵੇ ਮੌਤ ਨਾ ਖਾਣਾ ਨਸੀਬ ਹੋਵੇ ਸੰਘ ਅੜੀ ਗਰਾਹੀ ਰਹਿ ਜਾਂਵਦੀ ਏ ਜੇਹੜੇ ਲੱਖਾਂ ਕ੍ਰੋੜਾਂ ਵਿਚ ਖੇਡਦੇ ਸਨ ਕਾਰੂੰ ਜਿਹਾਂ ਨੂੰ ਹੱਥ ਵਖਾਂਵਦੀ ਏ ਦਮ ਮਾਰਨੇ ਦੀ ਕੋਈ ਜਗ੍ਹਾ ਨਾਹੀਂ ਸੋਈ ਹੋਂਵਦੀ ਏ ਜੋ ਉਹ ਚਾਂਵਦੀ ਏ ਜ਼ੇ–ਜ਼ੋਰ ਵਾਲੇ ਰੁਸਤਮ ਜਿਹੇ ਡਿਠੇ ਉਹ ਵੀ ਅੰਤ ਨੂੰ ਓੜ੍ਹਕੇ ਕਫਨ ਸੌਂ ਗਏ ਬਾਜੂ ਬਾਵਰਾ ਤੇ ਤਾਨਸੈਨ ਕਿਥੇ ਮਨ ਮੋਹਣ ਵਾਲੇ ਜੇਹੜੇ ਰਾਗ ਗੌਂ ਗਏ ਗਜ਼ਨੀ ਜਹੇ ਜੋ ਖਲਕ ਵਾਲੇ ਭੁਵਾਨ ਚਕਰ ਹੋਣੀ ਦਾ ਚਲਿਆ ਆਪ ਭੌਂ ਗਏ 'ਗਯਾਨਚੰਦ' ਨਿਕਲੇ ਪਿਛੋਂ ਤਿੰਨ ਕਾਣੇ ਜਿਤ ਬਾਜੀਆਂ ਕਬਰ ਦੇ ਵਿਚ ਸੌਂ ਗਏ ਸੀਨ–ਸਮਾਂ ਪਾਕੇ ਪਦਮਸੈਨ ਮੋਯਾ ਗੁਝਾ ਵਾਰ ਜਦ ਹੋਣੀ ਦਾ ਚਲਿਆ ਜੀ ਜੇਹੜਾ ਤਖਤ ਤੇ ਬੈਠ ਸੀ ਰਾਜ ਕਰਦਾ ਤਖਤ ਛੱਡਕੇ ਤੇ ਤਖਤਾ ਮਲਿਆ ਜੀ ਜਿਨੇ ਅਤਲਸਾਂਤੇ ਪਾਈਆਂ ਖੀਨ ਖਾਬਾਂ ਹੋਣੀ ਕਫਣ ਪੈਹਨਾ ਕੇ ਘਲਿਆ ਜੀ 'ਗਯਾਨ' ਵਾਲੀ ਸੀ ਕਈ ਕ੍ਰੋੜ ਦਾ ਜੋ ਅਜ ਹੱਥ ਪਸਾਰਕੇ ਚਲਿਆ ਜੀ ਸ਼ੀਨ–ਸ਼ੋਰ ਪਿਆ ਧਾਰਾ ਪੁਰੀ ਅੰਦਰ ਪਰਜਾ ਪਿਟਦੀ ਸ਼ੋਰ ਮਚਾਂਵਦੀ ਏ ਝੰਡਾ ਧਰਮ ਅਵਤਾਰ ਦਾ ਢੈਹ ਪਿਆ ਏ ਖਲਕਤ ਰੋਂਵਦੀ ਨੀਰ ਵਹਾਂਵਦੀ ਏ ਮਾਂ ਬਾਪ ਹੈ ਕਿਸੇ ਦਾ ਜਿਵੇਂ ਮਰਦਾ ਪਰਜਾ ਕੂੰਜ ਦੇ ਵਾਂਗ ਕੁਰਲਾਂਵਦੀ ਏ ਦੇਖੀ ਚਲ ‘ਗ੍ਯਾਨ’ ਦੜ ਵਟਕੇ ਤੇ ਹੋਣੀ ਕੀ ਕੀ ਖੇਲ ਰਚਾਂਵਦੀ ਏ ਸੁਵਾਦ–ਸਾਹਿਬਾਂ ਵਜ਼ੀਰਾਂ ਨੇ ਗੱਲ ਕੀਤੀ ਗੋਪੀ ਚੰਦ ਨੂੰ ਤਖਤ ਬਹਾਵੀਏ ਜੀ ਤਾਕੇ ਰਾਜ ਤੇ ਕਾਜ ਦਾ ਕੰਮ ਚਲੇ ਪਰਜਾ ਰੋਂਵਦੀ ਤਾਈਂ ਸਮਝਾਵੀਏ ਜੀ ਪਿਛੋਂ ਬਾਪ ਦੇ ਉਸਦਾ ਹੱਕ ਹੋਵੇ ਓਹ ਤਖ਼ਤ ਤੇ ਤਾਜ ਦਾ ਵਾਲੀ ਏ ਜੀ 'ਗਯਾਨ ਚੰਦ' ਓਧਰ ਭਾਵੀ ਆਖਦੀ ਏ ਚਲੋ ਚਲਕੇ ਮੁੰਦਰਾਂ ਡਾਲੀਏ ਜੀ ਜ਼ੁਆਦ–ਜ਼ਰਬ ਤਕਦੀਰ ਨੂੰ ਬੁਰੀ ਲੱਗੀ ਕੈਂਹਦੀ ਤੁਸਾਂ ਕੀ ਰਾਜ ਬਹਾਵਨਾ ਏਂ ਮੈਂ ਤਾਂ ਕਪੜੇ ਏਸ ਲਈ ਰੰਗ ਛਡੇ ਘੜੀ ਪਲ ਨੂੰ ਜੋਗ ਕਮਾਵਨਾ ਏਂ ਤੁਸੀਂ ਕਰੋ ਤਿਆਰੀਆਂ ਰਾਜ ਦੀਆਂ ਏਨੇ ਮੂਰਖੋ ਮੂੰਡ ਮੁੰਡਾਵਨਾ ਏਂ 'ਗ੍ਯਾਨ' ਰਾਜ ਮਹੱਲ ਨੂੰ ਛਡਨਾਏਂ ਘੜੀ ਪਲਕ ਨੂੰ ਅਲਖ ਜਗਾਵਨਾ ਏਂ ਤੋਏ–ਤੌਰ ਬਦਲੇ ਸਾਰੇ ਸ਼ਹਿਰ ਵਾਲੇ ਦਿਨ ਰਾਜਗਦੀ ਵਾਲਾ ਆਨ ਲੱਗਾ ਖੜੇ ਮੰਤ੍ਰੀ ਹੱਥ ਵਿੱਚ ਤਾਜ ਲੈਕੇ ਗੋਪੀ ਚੰਦ ਸੀ ਕਰਨ ਇਸ਼ਨਾਨ ਲੱਗਾ ਮਾਤਾ ਵੇਖ ਝਰੋਖਿਯੋਂ ਰੋਣ ਲੱਗੀ ਇਹ ਕੀ ਪੁੱਤ ਹੈ ਰੋਗ ਲਗਾਣ ਲੱਗਾ ਗਯਾਨ ਨਜ਼ਰ ਮਾਰੀ ਤਦੋਂ ਦੇਖ ਰੋਂਦੀ ਗੋਪੀ ਚੰਦ ਕੀ ਸੁਖਣ ਸੁਨਾਣ ਲੱਗਾ ਜ਼ੋਏ–ਜ਼ਾਹਰਾ ਆਖਦਾ ਅੰਮੜੀਏ ਨੀ ਲੋਕੀ ਖੁਸ਼ੀ ਕਰਦੇ ਤੂੰ ਕਿਉਂ ਰੋਵਨੀ ਏਂ ਲੋਕੀਂ ਗੁੰਦਦੇ ਹਾਰ ਨੇ ਮੋਤੀਏ ਦੇ ਤੂੰ ਕਿਉਂ ਹੰਝੂਆਂ ਹਾਰ ਪਰੋਵਨੀ ਏਂ ਤੇਰੇ ਪੁਤ੍ਰ ਨੂੰ ਮਿਲਦੀ ਏ ਬਾਦਸ਼ਾਹੀ ਕਾਸ ਵਾਸਤੇ ਖੁਸ਼ੀ ਨਾ ਹੋਵਨੀ ਏਂ, 'ਗ੍ਯਾਨ’ਸ਼ੈਹਰ ਅੰਦਰਰੰਗ ਰਾਗ ਹੁੰਦਾ ਤੂੰਤਾਂ ਵੱਖਰਾ ਰਾਗ ਪਈ ਛੋਹਵਨੀ ਏਂ ਐਨ-ਅਰਜ਼ ਕਰਦਾ ਹੱਥ ਬੰਨਕੇ ਤੇ ਮਾਤਾ ਰੋਵਣੇ ਦਾ ਕੀ ਸਬੱਬ ਤੇਰਾ ਕਿਸੇ ਗੱਲ ਦੀ ਮੂਲ ਨਾ ਥੋੜ ਤੈਨੂੰ ਹਰ ਕੰਮ ਸੁਵਾਰਦਾ ਰੱਬ ਤੇਰਾ ਤੇਰਾ ਦਾਸ ਮੈਂ ਸਣੇ ਗੁਲਾਮ ਪਰਜਾ ਕਰਨ ਅਦਬ ਛੋਟੇ ਵਡੇ ਸਭ ਤੇਰਾ ‘ਗਯਾਨ ਚੰਦ' ਮੈਨੂੰ ਖੁਸ਼ੀ ਭੁਲ ਗਈ ਏ ਇਹ ਵੇਖ ਕੇ ਰੋਨ ਦਾ ਢਬ ਤੇਰਾ ਗੈਨ–ਗੌਰ ਕਰਕੇ ਮਾਤਾ ਕਿਹਾ ਅਗੋਂ ਤੈਨੂੰ ਤਾਜ ਤੇ ਤਖਤ ਨਾ ਫਬਦਾ ਏ ਦਿੱਤੀ ਕਿਸੇ ਨੂੰ ਕੈਦ ਤੇ ਕਿਸੇ ਫਾਂਸੀ ਦਸ ਰਾਜ ਦੇ ਵਿਚ ਕੀ ਲਭਦਾ ਏ ਰਵੇ ਬਾਦਸ਼ਾਹ ਮਾਯਾ ਦੀ ਮਨੀ ਅੰਦਰ ਕਦੀ ਨਾਮਨ ਲੈਂਵਦਾ ਰਬ ਦਾ ਏ ‘ਗ੍ਯਾਨ ਚੰਦ’ ਤੂੰ ਪੁਤਰਾ ਹੋ ਜੋਗੀ ਮਨੁਸ਼ ਦੇਹ ਦਾ ਮਿਲਨ ਸਬਬ ਦਾ ਏ ਫ਼ੇ–ਫ਼ਰਕ ਏਨਾ ਸ਼ਾਹ ਫ਼ਕੀਰ ਅੰਦ੍ਰ ਜਿਨਾਂ ਫਰਕ ਜ਼ਮੀਨ ਅਸਮਾਨ ਦਾ ਏ ਬਾਦਸ਼ਾਹ ਵਾਲੀ ਨਿਜ ਮੁਲਕ ਦਾ ਏ ਵਾਲੀ ਹੋਂਵਦਾ ਫ਼ਕਰ ਜਹਾਨ ਦਾ ਏ ਏਨ੍ਹਾਂ ਰਾਜਿਆਂ ਨੂੰ ਕਈ ਫਿਕਰ ਹੁੰਦੇ ਚਿੰਤਾ ਫਿਕਰ ਨੂੰ ਫਕਰ ਨਾ ਜਾਨਦਾ ਏ ਫਿਕ੍ਰ ਬਾਦਸ਼ਾਹ ਨੂੰ ਕਰਾਂ ਫਤਹ ਦੁਨੀਆਂ ‘ਗ੍ਯਾਨ' ਫ਼ਕਰ ਨੂੰ ਰੱਬ ਦੇ ਪਾਨਦਾ ਏ ਕਾਫ–ਕਿਹਾ ਵਜ਼ੀਰਾਂ ਨੇ ਗੱਲ ਸੁਣਕੇ ਏਹ ਜੁਲਮ ਕਮਾਨ ਕੀ ਲੱਗਿਓ ਜੀ ਬੱਚਾ ਇਹ ਹੈ ਕੋਮਲ ਸਰੀਰ ਏਹਦਾ ਬਿਪਤਾ ਏਸ ਗਲ ਪਾਨਕੀ ਲਗਿਓ ਜੀ ਤਾਜ ਤਖਤ ਨੂੰ ਛਡਕੇ ਬਨੇ ਜੋਗੀ ਏਹ ਹਨੇਰ ਮਚਾਨ ਕੀ ਲਗਿਓ ਜੀ ‘ਗਯਾਨਚੰਦ’ ਕਰਦੇ ਖੁਸ਼ੀ ਲੋਕ ਸਾਰੇ ਏਹ ਕਲਾ ਜਗਾਨ ਕੀ ਲਗਿਓ ਜੀ ਕਾਫ-ਕਿਆਸ ਨਹੀਂ ਆਂਵਦਾ ਰਤੀ ਰਾਣੀ ਚੰਦ ਪੁਤ ਫਕੀਰ ਬਨਾਂਵਦੇ ਓ ਏਨ੍ਹਾਂ ਲਾਲਾਂ ਨੂੰ ਸਹਿਕਦਾ ਜਗ ਸਾਰਾ ਮਿਟੀ ਵਿਚ ਕਿਉਂ ਲਾਲ ਰੁਲਾਂਵਦੇ ਓ ਪਿਛੋਂ ਕਿਸ ਤਰਾਂ ਰਾਜ ਦਾ ਕੰਮ ਹੋਸੀ ਬੇੜਾ ਨਗਰ ਦਾ ਗਰਕ ਕਰਾਂਵਦੇ ਓ ਗੋਪੀਚੰਦ ਰਾਜਾ ਹੀਰਾ ਪੁਤ ਤੁਹਾਡਾ ‘ਗਯਾਨ' ਏਸਦੀ ਕਦਰ ਨ ਪਾਂਵਦੇ ਓ ਗਾਫ-ਗੱਲ ਸੁਣਕੇ ਕ੍ਰੋਧਵਾਨ ਹੋਈ ਮੈਨਾਵੰਤੀ ਨੇ ਬਚਨ ਸੁਣਾਯਾ ਏ ਮੈਂ ਤਾਂ ਏਸਨੂੰ ਤਖਤ ਨਹੀਂ ਬੈਹਣ ਦੇਣਾ ਕਾਹਨੂੰ ਐਡ ਵਧਾਨ ਵਧਾਯਾ ਏ ਭਾਵੇਂ ਦਿਆਂ ਸ਼ਾਹੀ ਭਾਵੇਂ ਕਰਾਂ ਜੋਗੀ ਮੇਰਾ ਜੰਮਿਆ ਏ ਮੇਰਾ ਜਾਯਾ ਏ ‘ਗਯਾਨ’ ਗ੍ਰਿਸਤ ਅੰਦ੍ਰ ਏਹਨੂੰ ਵਾੜਨਾ ਨਹੀਂ ਮੇਰੀ ਸਮਝ ਦੇ ਵਿਚ ਏ ਆਯਾ ਏ ਲਾਮ-ਲਾ ਜਵਾਬ ਹੋ ਚੁਪ ਗਏ ਵਿਚੇ ਵਿਚ ਹੀ ਵਿਸ ਨੂੰ ਘੋਲਿਆ ਏ ਥਰਥਰ ਕੰਬਿਆ ਮਾਤਾ ਦੀ ਗੱਲ ਸੁਣਕੇ ਗੋਪੀਚੰਦ ਰਾਜਾ ਓਵੇਂ ਬੋਲਿਆ ਏ ਮਾਤਾ ਪੁਤ ਨੂੰ ਫਕ੍ਰ ਬਨਾਵਨੀ ਏਂ ਆਖਣ ਲਗਿਆ ਜਿਉ ਨਾ ਡੋਲਿਆ ਏ ‘ਗ੍ਯਾਨ’ ਪੁਤ ਨੂੰ ਗੱਲ ਸਮਝਾਵਣੇ ਲਈ ਅਗੋ ਮੈਨਾਂਵੰਤੀ ਮੁਖ ਖੋਲਿਆ ਏ ਮੀਮ-ਮਜ਼ਾ ਫ਼ਕੀਰੀ ਦੇ ਵਿਚ ਬੱਚਾ ਵਿਚ ਗ੍ਰਿਹਸਤ ਦੇ ਫਿਕਰ ਅਵੱਲੜੇ ਨੇ ਅਠੇ ਪਹਿਰ ਰਹਿੰਦਾ ਰਾਜਾ ਗ੍ਰਿਸਤ ਅੰਦ੍ਰ ਜੋਗੀ ਬਣਾਂ ਦੇ ਵਿਚ ਅਕੱਲੜੇ ਨੇ ਫਿਕਰ ਰਾਜਿਆਂ ਨੂੰ ਮਾਯਾ ਜ਼ਰੋ ਜ਼ੇਵਰ ਖਾਲੀ ਜੋਗੀਆਂ ਦੇ ਚਾਰੇ ਪੱਲੜੇ ਨੇ ਸੋਚ ਰਾਜਿਆਂ ਰਾਜ ਕਮਾਵਣ ਦੀ ਜੋਗੀ ਰੰਗਦੇ ਨਾਮ ਵਿਚ ਟੱਲੜੇ ਨੇ ਨੂਨ-ਨਾਲ ਨਰਮੀ ਗੋਪੀਚੰਦ ਕਹਿੰਦਾ ਗੱਲਾਂ ਕਿਸ ਤਰ੍ਹਾਂ ਮਾਤ ਏ ਹੋਣਗੀਆਂ ਜੇਹੜੀ ਘੜੀ ਮੈਂ ਜੋਗ ਦਾ ਰੋਗ ਲਾਯਾ ਮਾਰ ਟਕਰਾਂ ਰਾਣੀਆਂ ਰੋਣਗੀਆਂ ਇਕ ਘੜੀ ਨਾ ਉਹਨਾਂ ਨੂੰ ਚੈਨ ਆਸੀ ਸਦਾ ਗੀਤ ਫਿਰਾਕ ਦੇ ਛੋਹਣਗੀਆਂ ਬੁਰਾ ਹਾਲ ਕਰਸਨ ਵਾਲ ਖੋਹਣਗੀਆਂ ਨਾਲ ਹੰਝੂਆਂ ਦੇ ਮੁਖ ਧੋਣਗੀਆਂ ਵਾ-ਵਾਹ ਬੱਚਾ ਤੈਨੂੰ ਅਕਲ ਨਾਹੀਂ ਹੱਡ ਮਾਸ ਦੀ ਹੁੰਦੀ ਜਨਾਨੜੀ ਏ ਜ਼ੋਕ ਵਾਂਗ ਮਨੁਸ਼ ਦਾ ਖੂਨ ਪੀਂਦੀ ਵਿਚੇ ਵਿਚ ਈ ਹੱਡੀਆਂ ਖਾਨੜੀ ਏ ਤਦੋਂ ਤੀਕ ਇਹ ਬੋਲਦੀ ਹਸ ਕੇਤੇ ਜਦੋਂ ਤੀਕ ਏ ਰਹੇ ਜਵਾਨੜੀ ਏ ‘ਗਯਾਨ' ਕਦੀ ਵੀ ਨਾਮ ਨਾ ਲੈਣ ਦੇਂਦੀ ਐਵੇਂ ਸਖਨੀ ਉਮਰ ਗੁਵਾਨੜੀ ਏ ਹੇ-ਹੱਸ ਬੋਲੇ ਤਦੋਂ ਤੀਕ ਔਰਤ ਜਦੋਂ ਤੀਕ ਸ਼ਰੀਰ ਤੇ ਮਾਸ ਹੋਵੇ ਰਹਿੰਦਾ ਚੰਬੜੀ ਵਾਂਗ ਚਮਚਿਚੜਾਂ ਦੇ ਭਾਵ ਕਿਤੇ ਜਾਈਏ ਸਦਾ ਪਾਸ ਹੋਵੇ ਓਸ ਕੰਮ ਨੂੰ ਹੋਣ ਨਾ ਦੇਂਦੀਆਂ ਨੇ ਜੇਹੜਾ ਵੇਹਦੀਆਂ ਨੇ ਕੰਮ ਰਾਸ ਹੋਵੇ ਮਗਰ ਜੇਹੜੇ ਜਨਾਨੀਆਂ ਲੱਗਦੇ ਨੇ ਵਾਂਗੂੰ ਰਾਵਣ ਦੇ ਓਨਾਂ ਦਾ ਨਾਸ ਹੋਵੇ ਯੇ-ਯਾਦ ਨਹੀਂ ਹੋਵਣੀ ਮੂਲ ਮੈਥੋਂ ਮਾਤਾ ਰੱਬ ਦਾ ਨਾਮ ਧਿਆਨ ਮੁਸ਼ਕਲ ਪਖੇ ਝਲਦੇ ਨੇ ਦਿਨੇ ਰਾਤ ਨੌਕਰ ਮੈਥੋਂ ਅੱਗ ਦੀ ਧੂਣੀ ਰਮਾਨ ਮੁਸ਼ਕਲ ਮੈਂ ਤਾਂ ਪਾਂਵਦਾ ਰਿਹਾ ਹਾਂ ਖੀਨਖ਼ਾਬਾਂ ਮੈਥੋਂ ਗੇਰੀ ਦੇ ਕਪੜੇ ਪਾਨ ਮੁਸ਼ਕਲ ‘ਗਯਾਨ' ਖਾਂਵਦਾ ਰਿਹਾ ਨਿਆਮਤਾਂ ਜੋ ਪੱਤਰ ਬਨਾਂਦੇ ਉਸਨੂੰ ਖਾਨ ਮੁਸ਼ਕਲ ਅਲਫ-ਆ ਬੱਚਾ ਰਤੀ ਹੋਸ਼ ਅੰਦਰ ਕਦੋਂ ਤੀਕ ਤੂੰ ਐਸ਼ ਉਡਾਏਂਗਾ ਵੇ ਕਦੋਂ ਤੀਕ ਏ ਨੈਨ ਪ੍ਰਾਣ ਰੈਹਸਨ ਇਕ ਰੋਜ਼ ਬੱਚਾ ਮਰ ਜਾਏਂਗਾ ਵੇ ਹੁਣ ਪੈਹਣ ਲੈ ਅਤਲਸਾਂ ਖੀਨਖਾਬਾਂ ਮਰ ਜਾਏਗਾ ਕਫਨ ਹੰਢਾਏਂਗਾ ਵੇ ‘ਗ੍ਯਾਨ ਚੰਦ' ਜਗੀਰਾਂ ਤੂੰ ਮਲਨਾ ਏਂ ਚਾਰ ਗਜ਼ਾਂ ਦੇ ਵਿਚ ਸਮਾਏਂਗਾ ਵੇ

ਸਿਹਰਫੀ ਦੂਸਰੀ : ਕਿੱਸਾ ਰਾਜਾ ਗੋਪੀ ਚੰਦ

ਅਲਫ-ਓਹਨਾਂ ਵੀ ਬਚਿਆ ਖਾਕ ਹੋਣਾ ਗਲੇ ਗਲੇ ਜੋ ਸ਼ੇਖੀਆਂ ਮਾਰਦੇ ਨੇ ਝੁਗੀ ਕੱਖਾਂ ਦੀ ਹੋਵੇ ਨਸੀਬ ਨਾਹੀਂ ਉਚੇ ਲੰਮੇ ਜੋ ਮਹਿਲ ਉਸਾਰਦੇ ਨੇ ਨਾਲ ਸੂਈ ਲੈ ਜਾਵਨੀ ਨਹੀਂ ਮਿਲਣੀ ਵਾਲੀ ਬਨੇ ਜੋ ਕਈ ਹਜ਼ਾਰ ਦੇ ਨੇ ‘ਗਯਾਨਚੰਦ’ ਤੂੰ ਜੋਗ ਦਾ ਰੋਗ ਲਾ ਲੈ ਸੰਤ ਅਗਲੀਆਂ ਪਿਛਲੀਆਂ ਤਾਰਦੇ ਨੇ ਬੇ-ਬੜਾ ਮੁਸ਼ਕਲ ਮਾਤਾ ਸੰਤ ਬਣਨਾ ਫ਼ਕਰ ਹੋ ਕੇ ਰਤ ਸੁਕਾਈਦੀ ਏ ਵੇਖੇ ਸੰਤ ਨਾ ਸਰਦੀਆਂ ਗਰਮੀਆਂ ਨੂੰ ਜੰਡ ਬਾਲਕੇ ਧੂਣੀ ਰੁਮਾਈਦੀ ਏ ਹੋਵੇ ਦੇਹ ਸੋਹਣੀ ਭਾਵੇਂ ਚੰਦ ਵਰਗੀ ਸਾਰੇ ਤਨ ਤੇ ਭਸਮ ਰੁਮਾਈਦੀ ਏ ‘ਗਯਾਨ' ਕਦੀ ਸੁਕੇ ਟੁਕੜੇ ਕਦੀ ਖੀਰਾਂ ਕਦੀ ਭੁਖਿਆਂ ਰਾਤ ਲੰਘਾਈਦੀ ਏ ਪੇ-ਪਰੇ ਸੁਟਾਂ ਤਾਜ ਤਖ਼ਤ ਕਿਵੇਂ ਰਾਜਾ ਹੋਏ ਕੇ ਤੇ ਮੌਜਾਂ ਮਾਣੀਏ ਜੀ ਹੋਣਾ ਓਸਤੋਂ ਬੜਾ ਫਕੀਰ ਮੁਸ਼ਕਲ ਜਿਨ੍ਹਾਂ ਸਦਾ ਕੀਤੀ ਹੁਕਮ ਰਾਨੀਏ ਜੀ ਛੱਡ ਮਖਮਲਾਂ ਅਤਲਸਾਂ ਬਨਾਂ ਜੋਗੀ ਮਾਤਾ ਅਜਕੀ ਦਿਲੋਂ ਤੂੰ ਠਾਨੀਏ ਜੀ 'ਗਯਾਨ' ਐਸ਼ ਅਰਾਮ ਨੂੰ ਜਾਣੀਏ ਜੀ ਅਸੀਂ ਜੋਗ ਦਾ ਹਰਫ ਨਾ ਜਾਨੀਏ ਜੀ ਤੇ-ਤਾਰ ਦਰਗਾਹ ਥੀਂ ਜਦੋਂ ਆਸੀ ਕਿਵੇਂ ਛਡੇਗਾ ਤਖ਼ਤ ਤੇ ਤਾਜ ਬੱਚਾ ਨਾ ਇਹ ਰੈਵਸੀ ਸਾਜ਼ ਸਾਮਾਨ ਬੱਚਾ ਕੇਹੜਾ ਕਰੇਗਾ ਫੇਰ ਆ ਰਾਜ ਬੱਚਾ ਨਾਏ ਮਹਿਲ ਰੈਸਨ ਨਾਏ ਮਾੜੀਆਂ ਵੇ ਉਲਟੇ ਹੋ ਜਾਸਨ ਸਾਰੇ ਕਾਜ ਬੱਚਾ 'ਗਯਾਨ' ਵਸਤ੍ਰਾਂ ਦੇ ਅੰਦ੍ਰ ਭਰੇ ਰੈਸਨ ਮਰਨ ਲਗਿਆਂ ਕਫਨ ਈ ਦਾਜ ਬੱਚਾ ਟੇ-ਟੁਰ ਗਿਆ ਪਿਤਾ ਸ੍ਵਰਗ ਤੇਰਾ ਜਾਂਦੀ ਵਾਰ ਕੀ ਨਾਲ ਲੈ ਗਿਆਈ ਵੇ ਚਾਰੇ ਪੱਲੜੇ ਝਾੜਕੇ ਉਠ ਟੁਰਿਆ ਪਿਛੇ ਠਾਠ ਭਰਿਆ ਰਹਿ ਗਿਆਈ ਵੇ ਏਸ ਰਾਜ ਤੋਂ ਚੰਗਾ ਫਕੀਰ ਹੋਣਾ ਜਾਂਦੀ ਵਾਰ ਇਹੋ ਕਹਿ ਗਿਆ ਈ ਵੇ ‘ਗ੍ਯਾਨਚੰਦ' ਤੂੰ ਰਤੀ ਵੀ ਸਮਝਦਾ ਨਹੀਂ ਪਰਦਾ ਅਕਲ ਉਤੇ ਪੈ ਗਿਆ ਈ ਵੇ ਸੇ ਸਾਬਤੀ ਦੇ ਨਾਲ ਕਿਹਾ ਰਾਜੇ ਮਾਤਾ ਰਾਣੀਆਂ ਨੂੰ ਕਿਵੇਂ ਛਡ ਜਾਵਾਂ ਪਈਆਂ ਤੱਤੀਆਂ ਰੋਣ ਕੁਰਲਾਣਗੀਆਂ ਓਹਨਾਂ ਸੱਟ ਅੰਦ੍ਰ ਡੂੰਘੀ ਖੱਡ ਜਾਵਾਂ ਕਲ ਨਾਲ ਓਹਨਾਂ ਲਾਵਾਂ ਲੀਤੀਆਂ ਮੈਂ ਹਰੇ ਵ੍ਰਿਕਸ਼ ਪ੍ਰੀਤ ਦੇ ਵੱਡ ਜਾਵਾਂ 'ਗਯਾਨਚੰਦ’ ਮੈਂ ਜੀਊਂਦਿਆਂ ਮਰਾਂ ਕੀਕਰ ਹੱਥੀਂ ਆਪ ਦੀਵਾ ਘੜੀ ਅੱਡ ਜਾਵਾਂ ਜੀਮ-ਜਾਨ ਦੇ ਹੱਠ ਤਿਆਗ ਮਾਤਾ ਰਤੀ ਤਰਸ ਕਰ ਧੀਆਂ ਪ੍ਰਾਈਆਂ ਤੇ ਛੱਡ ਗਿਆ ਮੱਥੇ ਰਤੋ ਰਤ ਕਰਸਨ ਕਰ ਰਹਿਮ ਤੂੰ ਕਲ ਵਿਆਹੀਆਂ ਤੇ ਪਿਛੋਂ ਰੋਏਗੀ ਮਾਏ ਨੀ ਔਣਗੀਆਂ ਲੱਖਾਂ ਆਫ਼ਤਾਂ ਰਾਜਿਆਂ ਜਾਈਆਂ ਤੇ ਸਤਵੰਤੀਆਂ ਮੇਰੀਆਂ ਹੈਨ ਨਾਰਾਂ ਰਾਜ਼ੀ ਨਹੀਂ ਮੈਂ ਓਹਨਾਂ ਜੁਦਾਈਆਂ ਤੇ ਚੇ-ਚੁਪ ਕਰ ਬਚਿਆ ਜਾਨ ਵੀ ਦੇ ਗੱਲਾਂ ਬਹੁਤੀਆਂ ਪਿਆ ਬਨਾ ਨਾਹੀਂ ਰੰਨਾਂ ਕਿਸੇ ਦੀਆਂ ਨਹੀਂ ਸਕੀਆਂ ਏਹ ਐਡਾ ਜਤ ਤੇ ਸਤ ਜਤਾ ਨਾਹੀਂ ਜਿਨ੍ਹਾਂ ਰਖਿਆ ਏਨ੍ਹਾਂ ਨੂੰ ਮਾਰ ਜੰਦੇ ਚਲੀ ਓਨ੍ਹਾਂ ਦੀ ਵੀ ਕੋਈ ਵਾਹ ਨਾਹੀਂ 'ਗਯਾਨ' ਸ਼ੇਖਸਾਦੀ ਕੋਲੋਂ ਪੁਛ ਜਾਕੇ ਤੈਨੂੰ ਔਰਤਾਂ ਦੀ ਖਬਰ ਕਾ ਨਾਹੀਂ ਹੇ-ਹਾਲ ਸੁਣ ਤੂੰ ਮਾਮੇ ਭਰਥਰੀ ਦਾ ਕੀ ਕੀ ਔਰਤਾਂ ਉਸਦਾ ਹਾਲ ਕੀਤਾ ਮਕਰ ਦੇਖਕੇ ਤੇ ਹੋ ਫਕੀਰ ਗਿਆ ਦਿਲੋਂ ਰਤੀ ਨਾ ਰਜ਼ ਮਲਾਲ ਕੀਤਾ ਜੇਹੜੀ ਇਸਤ੍ਰੀ ਨੂੰ ਸਤੀ ਸਮਝਦਾ ਸੀ ਪਾਪਨ ਨਿਕਲ ਆਈ ਜੋ ਖਯਾਲ ਕੀਤਾ ‘ਗਯਾਨ ਚੰਦ' ਤਿਆਗ ਕੇ ਗਿਆ ਦੁਨੀਆਂ ਜੋਗੀ ਹੋਏ ਕੇ ਜਨਮ ਨਿਹਾਲ ਕੀਤਾ ਖੇ-ਖਬਰ ਨਾਹੀਂ ਮੈਨੂੰ ਕੋਈ ਮਾਤਾ ਸਾਰਾ ਮੁਢ ਤੋਂ ਹਾਲ ਸੁਨਾਵੀਏ ਜੀ ਦਿਲ ਕਿਵੇਂ ਖੱਟਾ ਹੋਇਆ ਇਸਤ੍ਰੀ ਤੋਂ ਸਚੋ ਸੱਚ ਦੀ ਗੱਲ ਬਤਾਵੀਏ ਜੀ ਕੀ ਕੀ ਨਾਲ ਗ੍ਰੀਬ ਦੇ ਬੀਤੀਆਂ ਨੇ ਸਨ ਫਰਮਾਵੀਏ ਜੀ ਫਰਮਾਵੀਏ ਜੀ ‘ਗਯਾਨ’ ਔਰਤਾਂ ਹੁੰਦੀਆਂ ਪਤੀ ਬ੍ਰਤਾ ਮੈਨੂੰ ਏਹਨਾਂ ਦੇ ਮਕਰ ਜਤਾਵੀਏ ਜੀ ਦਾਲ-ਦੇਖ ਵਿਚ ਨਗਰ ਉਜੈਨ ਬੱਚਾ ਪੰਡਤ ਇਕ ਵਡਾ ਵਿਦਵਾਨ ਹੈਸੀ ਕੀਤੀ ਬੰਦਗੀ ਰੱਬ ਦੀ ਬਰਸ ਬਾਰਾਂ ਸਦਾ ਭਜਨ ਦੀ ਤਰਫ ਧਿਆਨ ਹੈਸੀ ਇਕ ਘੜੀ ਨਾ ਓਸਦਾ ਨਾਮ ਭੁਲੇ ਜੇਹੀ ਉਸਨੂੰ ਲਗਣ ਭਗਵਾਨ ਹੈਸੀ ‘ਗਯਾਨ ਚੰਦ' ਜਦ ਬੀਤ ਗਏ ਬਰਸ ਬਾਰਾਂ ਸੱਚਾ ਰੱਬ ਹੋਯਾ ਮੇਹਰਬਾਨ ਹੈਸੀ ਰੇ-ਰੱਬ ਨੇ ਸੁਟਿਆ ਫਲ ਅੰਮ੍ਰਿਤ ਬਾਣੀ ਹੋਈ ਕਿ ਜੇਕਰਾਂ ਖਾਏਂਗਾ ਤੂੰ ਬੁਢਾ ਕਦੀ ਨਾ ਹੋਵੇਗਾ ਯਾਦ ਰੱਖੀ ਉਪਰ ਜੱਗ ਦੇ ਐਸ਼ ਉਡਾਏਂਗਾ ਤੂੰ ਪੰਡਤ ਸੋਚਿਆ ਅਪਣੇ ਮਨ ਅੰਦਰ ਜੇਕਰ ਖਾਏਂਗਾ ਤੇ ਕੀ ਬਨਾਏਂਗਾ ਤੂੰ ‘ਗਯਾਨਚੰਦ' ਕੀ ਖਾਣਦਾ ਫਾਇਦਾ ਏ ਐਵੇਂ ਭਜਨ ਅੰਦਰਭੰਗ ਪਾਏਂਗਾ ਤੂੰ ਜ਼ੇ-ਜ਼ਰਚੰਗਾ ਏਹ ਹੈ ਰਾਜਿਆਂ ਲਈ ਜਾਕੇ ਰਾਜੇ ਦੀ ਨਜ਼ਰ ਟਿਕਾਵੀਏ ਜੀ ਰਾਜਾ ਭਰਥਰੀ ਏ ਧਰਮ ਕਰਮ ਵਾਲਾ ਏਹ ਜਾ ਓਸਦੇ ਹੱਥ ਫੜਾਵੀਏ ਜੀ ਕਾਮ ਇਛਿਆ ਹੋਂਵਦੀ ਰਾਜਿਆਂ ਨੂੰ ਚਲੋ ਰਾਜੇ ਨੂੰ ਭੋਗ ਭੋਗਾਵੀਏ ਜੀ ‘ਗਯਾਨ' ਰਾਣੀਆਂ ਦੇ ਨਾਲ ਐਸ਼ ਕਰਸੀ ਫਲਜਾ ਰਾਜੇ ਝੋਲੀ ਪਾਵੀਏ ਜੀ ਸੀਨ-ਸੋਚ ਕੇ ਗਿਆ ਦਰਬਾਰ ਰਾਜੇ ਦਿਤਾ ਜਾ ਅਗੇ ਰਾਜੇ ਰੱਖ ਹੈ ਜੀ ਰਾਜੇ ਕਿਹਾ ਏਹ ਪੰਡਤਾ ਕੀ ਆਂਦਾ ਵੇਂਹਦਾ ਪਿਆ ਚੁਰਾਏ ਕੇ ਅੱਖ ਹੈ ਜੀ ਪੰਡਤ ਕਿਹਾ ਜੋ ਖਾਵੇ ਜਵਾਨ ਰਹਿੰਦਾ ਸੱਚ ਪੁਛੋ ਜਵਾਨੀ ਦੀ ਰੱਖ ਹੈ ਜੀ 'ਗਯਾਨ’ ਅਸਾਂ ਅਗੇ ਏਹਤਾਂ ਕੱਖ ਹੈਸੀ ਭਾਣੇ ਰਾਜਿਆਂ ਦੇ ਕਈ ਲੱਖ ਹੈ ਜੀ ਸ਼ੀਨ-ਸ਼ੋਰ ਪਾਯਾ ਰਾਜੇ ਮੂਲ ਨਾਹੀਂ ਦਿਲੋਂ ਆਖਦਾ ਆਪ ਨਾ ਖਾਵੀਏ ਜੀ ਬੜਾ ਇਸਤ੍ਰੀ ਨਾਲ ਪਿਆਰ ਮੇਰਾ ਇਹ ਓਸ ਨੂੰ ਜਾਏ ਖੁਆਵੀਏ ਜੀ ਮੇਰੀ ਇਸਤ੍ਰੀ ਸਦਾ ਜਵਾਨ ਰੈਹਸੀ ਜਦ ਤਕ ਜੀਵੀਏ ਐਸ਼ ਉਡਾਵੀਏ ਜੀ ‘ਗਯਾਨਚੰਦ' ਨੂੰ ਦਿਲੋਂ ਖਿਆਲ ਆਯਾ ਚਾਰ ਦਿਨਾਂ ਨੂੰ ਖਾਕ ਸਮਾਵੀਏ ਜੀ ਸੁਵਾਦ–ਸਬਰ ਨਾ ਸ਼ਾਹ ਨੂੰ ਰਤੀ ਆਯਾ ਫਲ ਇਸਤ੍ਰੀ ਨੂੰ ਝੱਬ ਆ ਦਿਤਾ ਲੈਹੁਣ ਸਦਾ ਜਵਾਨ ਰਹੁ ਪਿਆਰੀਏ ਨੀ ਮੂੰਹੋਂ ਬੋਲਕੇ ਸੁਖਨ ਸੁਣਾ ਦਿਤਾ ਐਸਾ ਫਲ ਕ੍ਰੋੜਾਂ ਤੋਂ ਲਭਦਾ ਨਹੀਂ ਏਹ ਤਾਂ ਰੱਬ ਨੇ ਧੁਰੋਂ ਹੀ ਦਾ ਦਿਤਾ ‘ਗਯਾਨਚੰਦ’ ਨਾ ਓਸਨੂੰ ਸੋਚ ਆਈ ਪੜਦਾ ਜਿਹਾ ਵਿਸ਼ਵਾਸ ਨੇ ਪਾ ਦਿਤਾ ਜਵਾਦ-ਜ਼ਰਬ ਇਸ ਇਸ਼ਕ ਦੀ ਬੜੀ ਭੈੜੀ ਅੱਖੀਂ ਵੇਂਹਦਿਆਂ ਰਾਜੇ ਕੰਗਾਲ ਹੋ ਗਏ ਰਾਂਝੇ ਜਹੇ ਸਿਆਲਾਂ ਦੀ ਹੀਰ ਪਿਛੇ ਗਊਆਂ ਮਝੀਆਂ ਦੇ ਰਖਵਾਲ ਹੋ ਗਏ ਇੱਜ਼ਤ ਬੇਗ ਜੈਸੇ ਖਾਤਰ ਸੋਹਣੀ ਦੀ ਢੋ ਢੋ ਕੂੜਾ ਮੰਦੇ ਹਾਲ ਹੋ ਗਏ ‘ਗਯਾਨਚੰਦ’ ਮਜਨੂੰ ਹੋਯਾ ਸੁਕ ਕੰਡਾ ਬਣਾਂ ਵਿਚ ਰੁਲਦੇ ਕਈ ਸਾਲ ਹੋ ਗਏ ਤੋਏ-ਤਰਫ ਤੂੰ ਵੇਖ ਫਰਿਆਦ ਸੰਦੀਆਂ ਦਾ ਕੱਟ ਪਹਾੜ ਨਾ ਡੋਲਿਆ ਸੀ ਖਾਤਰ ਯਾਰਸ਼ੀਰੀਂ ਆਂਦੀਨੈਹਰਸ਼ੀਰੀਂ ਪਈਆਂ ਆਫਤਾਂ ਮੂੰਹੋਂ ਨਾ ਬੋਲਿਆ ਸੀ ਦਿਤੀ ਜਾਨ ਸ਼ੀਰੀਂ ਖਾਤ੍ਰ ਜਾਨ ਸ਼ੀਰੀਂ ਤੇਸਾ ਮਾਰਕੇ ਸਿਰ 'ਚ ਖੋਲਿਆ ਸੀ 'ਗ੍ਯਾਨ' ਜਾਨੀ ਲਈ ਜਾਨ ਕੁਰਬਾਨ ਕੀਤੀ ਖੂਨ ਜਗਾ ਪਸੀਨੇ ਦੀ ਡੋਲਿਆ ਸੀ ਐਨ-ਆਮ ਲੋਕੀਂ ਗੱਲ ਜਾਣਦੇ ਨੇ ਰਾਵਨ ਇਸ਼ਕ ਲਈ ਨਾਸ ਕਰਾਲਿਆ ਸੀ ਦੇਖ ਰਾਜੇ ਸਲਵਾਨ ਨੇ ਇਸ਼ਕ ਅੰਦਰ ਸਾਰੀ ਉਮਰ ਦਾ ਪਿਟਣਾ ਪਾਲਿਆ ਸੀ ਖੜਗਸੈਨ ਰਾਜੇ ਏਸ ਇਸ਼ਕ ਪਿਛੇ ਜੋੜਾਂ ਲਾਲਾਂ ਦਾ ਖ਼ਾਕ ਰੁਲਾਲਿਆ ਸੀ ‘ਗ੍ਯਾਨ ਚੰਦ' ਵਸ ਕਾਮਦੇ ਹੋ ਦਸਰਥ ਰਾਮ ਲਖਣ ਬਨਵਾਸ ਦਿਵਾਲਿਆ ਸੀ ਗ਼ੈਨ-ਗੌਰ ਨਾਲ ਗੱਲ ਹੈ ਸੁਣਨ ਵਾਲੀ ਰਾਣੀ ਰਖਿਆ ਫਲ ਛੁਪਾਏ ਕੇ ਤੇ ਉਹ ਦੀ ਨਾਲ ਪ੍ਰੀਤ ਹਥਵਾਨ ਦੇ ਸੀ ਦਿਲੋਂ ਸੋਚਦੀ ਸੋਚ ਦੁੜਾਏ ਕੇ ਤੇ ਏਹ ਫਲ ਖਵਾਵਾਂ ਹਥਵਾਨ ਤਾਈਂ ਮੈਨੂੰ ਕਰੇ ਪਿਆਰ ਬਨਾਏ ਕੇ ਤੇ ‘ਗ੍ਯਾਨ' ਫਲ ਦਿੱਤਾ ਰਾਣੀ ਯਾਰਤਾਈਂ ਚੋਰੀ ਸਾਰਿਆਂ ਕੋਲੋਂ ਲੁਕਾਏ ਕੇ ਤੇ ਫੇ-ਫਰਕ ਨਹੀਂ ਔਰਤ ਸ਼ੈਤਾਨ ਅੰਦਰ ਦੋਨੋਂ ਇਕੋ ਹੀ ਮਿੱਟੀ ਦੇ ਘੜੇ ਹੋਏ ਨੇ ਅੰਦਰ ਏਨਾਂ ਦਾ ਹੋਂਵਦਾ ਸਾਫ ਨਾਹੀਂ ਜਦੋਂ ਕਦੋਂ ਵੇਖੋ ਚੋਰ ਵੜੇ ਹੋਏ ਨੇ ਔਰਤ ਰੱਬ ਨੇ ਚੀਜ਼ ਬਣਾਈ ਐਸੀ ਬੁਧ ਮਰਦ ਦੇਖੋ ਮਸਤ ਬੜੇ ਹੋਏ ਨੇ ‘ਗ੍ਯਾਨ ਚੰਦ’ ਕੀ ਸੋਚਣਾ ਕਾਮਿਆਂ ਨੇ ਭੂਤ ਜਿਨ੍ਹਾਂ ਸਿਰ ਇਸ਼ਕ ਦੇ ਚੜੇ ਹੋਏ ਨੇ ਕਾਫ-ਕਤਲ ਦੀ ਏਨ੍ਹਾਂ ਨੂੰ ਦਿਓ ਧਮਕੀ ਰੰਨਾਂ ਫੇਰ ਵੀ ਖੌਫਨਾ ਖਾਂਦੀਆਂ ਨੀ ਪੁਛੇ ਕੋਈ ਤੇ ਵੀਰ ਬਤਾਂਦੀਆਂ ਨੇ ਖਸਮ ਸਾਹਮਣੇ ਯਾਰ ਬਹਾਂਦੀਆਂ ਨੀ ਵਿਚ ਮੁਠੀ ਦੇ ਦਿਲ ਦਬਾਂਦੀਆਂ ਨੀ ਐਸੀ ਗਜ਼ਬ ਦੀ ਅੱਖ ਲੜਾਂਦੀਆਂ ਨੀ ਦਿਲ ਹਿਲ ਜਾਂਦੇ ਵਡੇ ਆਰਫ਼ਾਂ ਦੇ ‘ਗਯਾਨ ਚੰਦ’ ਏ ਜਦੋਂ ਮੁਸਕਾਂਦੀਆਂ ਨੀ ਕਾਫ-ਕੌਣ ਜਾਨੇ ਕੋਈ ਦੂਸਰੇ ਦੀ ਹਥਵਾਨ ਕੀ ਖੇਲ ਰਚਾਇਆ ਏ ਓਹਦੀ ਨਾਲ ਪ੍ਰੀਤ ਸੀ ਕੰਜਰੀ ਦੇ ਜਾ ਕੇ ਉਸਦੀ ਤਲੀ ਟਕਾਇਆ ਏ ਫਲ ਵੇਸਵਾ ਵੇਖ ਹੈਰਾਨ ਹੋਈ ਉਹਦਾ ਖਾਣ ਨੂੰ ਚਿਤ ਲਲਚਾਇਆ ਏ ‘ਗਯਾਨਚੰਦ' ਉਸੇ ਵੇਲੇ ਸੋਚ ਆ ਗਈ ਕਰਮਾਂ ਭੈੜਿਆਂ ਨੌ ਖੌਫ ਪਾਇਆ ਏ ਗਾਫ-ਗਈ ਐਵੇਂ ਉਮਰ ਬੀਤ ਮੇਰੀ ਕੀਤਾ ਜੋ ਵੀ ਕੰਮ ਪਲੀਤ ਕੀਤਾ ਚੰਗਾ ਕਦੀ ਨਾ ਭੁਲਕੇ ਕਰਮ ਕੀਤਾ ਐਵੇਂ ਕੀਮਤੀ ਸਮਾਂ ਬਤੀਤ ਕੀਤਾ ਰਾਜੇ ਫਲ ਦੇਵਾਂ ਜਾਕੇ ਭਰਥਰੀ ਨੂੰ ਰਾਜ ਕਾਜ ਜਿਨੇ ਨਾਲ ਨੀਤ ਕੀਤਾ ‘ਗਯਾਨ' ਫਲ ਦਿਤਾ ਜਾਕੇ ਭਰਥਰੀ ਨੂੰ ਰਾਜੇ ਵੇਖਕੇ ਫਿਕਰ ਵਿਪ੍ਰੀਤ ਕੀਤਾ ਲਾਮ-ਲੱਗਾ ਦੁੜਾਵਨੇ ਸੋਚ ਰਾਜਾ ਕਿਸੇ ਏਹ ਨੂੰ ਚੁਰਾਯਾ ਯਾ ਕਢਿਆ ਏ ਕਿਸੇ ਚੋਰ ਚੁਰਾਇਆ ਏ ਜਦੋਂ ਰਾਣੀ ਰੱਖ ਭੁਲ ਭੁਲੇਖੜੇ ਛਡਿਆ ਏ ਉਸੇ ਤਰ੍ਹਾਂ ਮੇਰੇ ਪਾਸ ਆ ਗਿਆ ਏ ਕਿਸੇ ਚੀਰਿਆ ਨਾ ਕਿਸੇ ਵਢਿਆ ਏ ‘ਗ੍ਯਾਨਚੰਦ’ ਏਹ ਫਲਾਂ ਦਾ ਬ੍ਰਿੱਛ ਏਥੇ ਕਿਸੇ ਗਡਣਾ ਤੇ ਨਾਹੀ ਗਡਿਆ ਏ ਮੀਮ-ਮਾਰਿਆ ਕ੍ਰੋਧ ਦਾ ਝਟ ਰਾਜਾ ਫਲ ਪਾਸ ਰਾਣੀ ਲੈ ਗਿਆ ਹੈ ਵੇ ਕੀਤਾ ਓਸਨੇ ਰਤੀ ਲਿਹਾਜ਼ ਨਾਹੀਂ ਮਗਰ ਜਾਂਦਿਆਂ ਹੀ ਪੈ ਗਿਆ ਹੈ ਵੇ ਰੰਨੇ ਗੁੰਡੀਏ ਸੱਚ ਤੂੰ ਦਸ ਮੈਨੂੰ ਕਤਲ ਹੋਣ ਵਾਲਾ ਭੈ ਗਿਆ ਹੈ ਵੇ ‘ਗਯਾਨ ਚੰਦ’ ਕਰ ਦਿਆਂਗਾ ਮੈਂ ਟੋਟੇ ਹੋ ਯਕੀਨ ਤੇਰਾ ਤੈਹ ਗਿਆ ਹੈ ਵੇ ਨੂਨ-ਨਾ ਗਈ ਰਾਣੀ ਦੀ ਪੇਸ਼ ਕੋਈ ਹਾਲ ਖੋਲ ਕੇ ਸੱਚ ਸੁਨਾਇਆ ਸੀ ਇਕ ਰੋਜ਼ ਕੋਠੇ ਬੈਠੀ ਹੋਈ ਸਾਂ ਮੈਂ ਹਥਵਾਨ ਨੇ ਚਿਤ ਚੁਰਾਇਆ ਸੀ ਓਹਦੇ ਨਾਲ ਸੀ ਬੜੀ ਪ੍ਰੀਤ ਮੇਰੀ ਫਲ ਉਸਦੇ ਹੱਥ ਫੜਾਇਆ ਸੀ ‘ਗ੍ਯਾਨ ਚੰਦ’ ਨਾ ਮੈਨੂੰ ਕਿਆਸ ਆਯਾ ਐਵੇਂ ਉਸਤੇ ਜਿਊ ਭਰਮਾਯਾ ਸੀ ਵਾ-ਵੇਂਹਦਿਆਂ ਸੱਦ ਹਥਵਾਨ ਤਾਈਂ ਰਾਜੇ ਪੁਛਿਆ ਸ਼ੁਰੂ ਤੋਂ ਹਾਲ ਹੈਸੀ ਹਥਵਾਨ ਨੇ ਸਭ ਬਿਆਨ ਕੀਤਾ ਜੋ ਜੋ ਗੁਜ਼ਰਿਆ ਉਸਦੇ ਨਾਲ ਹੈਸੀ ਹੱਥ ਬੰਨ੍ਹਕੇ ਆਖਦਾ ਮੁਆਫ ਕਰਦੇ ਏਸ ਰੋਜ਼ ਦਾ ਨਹੀਂ ਖਿਆਲ ਹੈਸੀ ‘ਗਯਾਨ ਚੰਦ’ ਤੂੰ ਨਿਰਾ ਧਰਮਾਤਮਾਂ ਸੈਂ ਮੇਰੀ ਪਾਪੀਆਂ ਵਾਲੜੀ ਚਾਲ ਹੈਸੀ ਹੇ-ਹੋਇਆ ਹੈਰਾਨ ਸਭ ਵੇਖ ਕੌਤਕ ਔਰਤ ਜ਼ਾਤ ਦੀ ਧੁਰੋਂ ਏ ਚਾਲੀਏ ਜੀ ਘੁਮਾਂ ਘੁਮ ਚੱਕ੍ਰ ਖਾਂਦੇ ਕਈ ਲਾਟੂ ਐਸੀ ਗਜ਼ਬ ਦੀ ਮਾਰਦੀ ਜਾਲੀਏ ਜੀ ਦਿਨ ਰਾਤ ਬਨਵਾਵੀਏ ਪਏ ਗਹਿਣੇ ਫਿਰ ਵੀ ਗਹਿਣਿਆਂ ਦੀ ਡੱਬੀ ਖਾਲੀਏ ਜੀ ‘ਗਯਾਨ' ਫੇਰ ਵੀ ਤੀਵੀਂ ਨਾ ਬਣੇ ਸਕੀ ਦਿਨ ਰਾਤ ਚਾਹੇ ਨਾਜ਼ ਉਠਾਲੀਏ ਜੀ ਯੇ-ਯਾਦ ਹੁਣ ਰੱਬ ਨੂੰ ਕਰਦੀਆਂ ਨੇ ਹੁਣੇ ਪਾਪ ਦੀ ਕੰਧ ਬਣਾਂਦੀਆਂ ਨੇ ਭਲੇ ਮਾਣਸਾਂ ਤੇ ਭੋਲੇ ਭਾਲਿਆਂ ਨੂੰ ਰਾਹ ਜਾਂਦੀਆਂ ਪਈਆਂ ਫਸਾਂਦੀਆਂ ਨੇ ਪਲਕ ਝਲਕ ਅੰਦ੍ਰ ਦਿਲ ਖੋਂਹਦੀਆਂ ਨੇ ਐਸੀ ਗਜ਼ਬ ਦੀ ਅੱਖ ਲੜਾਂਦੀਆਂ ਨੇ ‘ਗ੍ਯਾਨ’ ਮਰਦ ਨੂੰ ਪਹਿਲੋਂ ਫਸਾਂਦੀਆਂ ਨੇ ਪਿਛੋਂ ਗਲੀਆਂ ਦੇ ਕੱਖ ਚੁਗਾਂਦੀਆਂ ਨੇ ਅਲਫ-ਓਹ ਜਿਨ ਦਿਤੀ ਤਿਆਗ ਦੁਨੀਆਂ ਔਰਤ ਵੇਖਕੇ ਹੋ ਬੇਵੱਸ ਗਏ ਜੀ ਜਪ ਤਪਦੇ ਵਿਚ ਓ ਭੰਗ ਪਾਕੇ ਫੌਰਨ ਜ਼ੁਲਫ ਜ਼ੰਜੀਰ ਵਿਚ ਫੱਸ ਗਏ ਜੀ ਔਰਤ ਵੇਂਹਦਿਆਂ ਸਾਰ ਹੋ ਗਏ ਢਿਲੇ ਜੇਹੜੇ ਖੂਬ ਲੰਗੋਟੜੇ ਕੱਸ ਗਏ ਜੀ ‘ਗਯਾਨਚੰਦ’ ਨਾ ਔਰਤਾਂ ਵੱਸ ਪਈਏ ਗੱਲ ਏ ਹੋਈ ਖਲਕ ਨੂੰ ਦੱਸ ਗਏ ਜੀ

ਸਿਹਰਫੀ ਤੀਸਰੀ : ਕਿੱਸਾ ਰਾਜਾ ਗੋਪੀ ਚੰਦ

ਅਲਫ-ਆਯਾ ਖਿਆਲ ਏਹ ਦਿਲੋਂ ਰਾਜੇ ਜਗ ਮਕਰ ਫ਼ਰੇਬ ਦਾ ਮਾਰਿਆ ਏ ਵੇਲਾ ਕਿਸੇ ਨੇ ਹੱਸ ਗੁਜ਼ਾਰਿਆ ਏ ਕਿਸੇ ਰੋ ਕੇ ਵਕਤ ਗੁਜ਼ਾਰਿਆ ਏ ਕਿਤੇ ਵੇਖੀਏ ਪੈਸੇ ਦੇ ਲੋਭ ਅੰਦਰ ਸਕੇ ਵੀਰ ਨੇ ਵੀਰ ਨੂੰ ਮਾਰਿਆ ਏ ‘ਗ੍ਯਾਨਚੰਦ’ ਇਕ ਲੱਖਾਂ ਵਿਚ ਖੇਡਦਾ ਏ ਕਿਸੇ ਪੈਸੇ ਨੂੰ ਹੱਥ ਖਲਾਰਿਆ ਏ ਬੇ-ਬੜਾ ਜੇ ਜਗ ਚਾਲਾਕ ਝੂਠਾ ਦਿਲੋਂ ਭਰਥਰੀ ਸੋਚ ਦੁੜਾਂਵਦਾ ਏ ਲਾ ਲਵਾਂ ਮੇਂ ਜੋਗ ਦਾ ਰੋਗ ਮਨ ਨੂੰ ਏਹੋ ਭਾਂਵਦਾ ਏ ਜਿਊਂ ਚਾਂਵਦਾ ਏ ਗਿਆ ਭਜ ਉਹ ਸ਼ੈਹਰ ਜਾਲੰਧਰੀ ਦੇ ਪੈਰਾਂ ਵਿਚ ਜਾ ਸੀਸ ਨਵਾਂਵਦਾ ਏ ਮੈਨੂੰ ਦਿਓ ਫਕੀਰੀ ਦਾ ਭੇਸ ਬਾਬਾ ਹੱਥ ਬੰਨ੍ਹ ਕੇ ਵਾਸਤਾ ਪਾਂਵਦਾ ਏ ਪੇ-ਪਾਵਨਾ ਜੋਗ ਹੈ ਬੜਾ ਔਖਾ ਕਿਹਾ ਗੁਰੂ ਜਾਲੰਧਰੀ ਹੱਸ ਕੇ ਤੇ ਦੋ ਦਿਨਾਂ ਅੰਦਰ ਆਪੇ ਤੀਰ ਹੋ ਗਏ ਘਰੋਂ ਕਈ ਆਏ ਲੱਕ ਕੱਸ ਕੇ ਤੇ ਬੱਚਾ ਜੋਗ ਕਮਾਵਣਾ ਬੜਾ ਔਖਾ ਪਿਛੋਂ ਰੋਵੇਂਗਾ ਏਸ ਵਿਚ ਫੱਸ ਕੇ ਤੇ ਹੋਣਾ ਰਾਜਿਉਂ ਬੜਾ ਫ਼ਕੀਰ, ਔਖਾ ਤੈਨੂੰ ਆਖਨਾ ਹਾਂ ਸੱਚ ਦੱਸ ਕੇ ਤੇ ਤੇ-ਤਰਸੇਗਾ ਏਥੇ ਤੂੰ ਰੋਟੀਆਂ ਨੂੰ ਓਥੇ ਖਾਂਦਾ ਸੈਂ ਦੁੱਧ ਮਲਾਈਆਂ ਨੂੰ ਵਿਚ ਸਰਦੀਆਂ ਦੇ ਧੂਣੀ ਬਾਲਣੀਊਂ ਨਹੀਂ ਓੜਨਾ ਲੇਫ ਰਜ਼ਾਈਆਂ ਨੂੰ ਓਸੇ ਤਰ੍ਹਾਂ ਈ ਸਮਝੀਏ ਸਾਰਿਆਂ ਨੂੰ ਜਿਵੇਂ ਸਮਝੀਏ ਆਪਣੀ ਮਾਈਆਂ ਨੂੰ ਔਂਦੇ ਵਿਚ ਪਸੀਨੇ ਨੇ ਗਰਮੀਆਂ ਦੇ ‘ਗਯਾਨ' ਭਖਨਾ ਨਹੀਂ ਹਵਾਈਆਂ ਨੂੰ ਟੇ-ਟਾਲੋ ਨਾ ਗੁਰੂ ਜੀ ਜੋਗ ਦੇਵੋ ਕਵੋ ਜੋ ਵੀ ਮੈਨੂੰ ਮਨਜ਼ੂਰ ਹੈ ਜੀ ਤਿੰਨ ਸੌ ਸਨ ਮੈਂ ਰਾਣੀਆਂ ਛੱਡ ਆਯਾ ਮੈਨੂੰ ਚੰਗੀ ਨਹੀਂ ਲਗਦੀ ਹੂਰ ਹੈ ਜੀ ਜਿਵੇਂ ਹੋਂਵਦਾ ਜੋਗ ਦਾ ਦਿਓ ਮੰਤ੍ਰ ਤੇਰਾ ਜਸ ਹੋਇਆ ਦੂਰ ਦੂਰ ਹੈ ਜੀ ਜੋਗ ਬਿਨਾਂ ਦਵਾਰਿਉਂ ਨਹੀਂ ਹਿਲਣਾ ਸੱਚੀ ਗੱਲ ਮੈਂ ਕਹੀ ਹਜ਼ੂਰ ਹੈ ਜੀ ਸੇ-ਸਾਬਤੀ ਦੇਖ ਕੇ ਭਰਥਰੀ ਦੀ ਦਿਤਾ ਗੁਰੂ ਜਾਲੰਧਰੀ ਜੋਗ ਬੱਚਾ ਮਾਮਾ ਤੇਰਾ ਫਕੀਰ ਹੋ ਗਿਆ ਬੇਟਾ ਲਾ ਲਿਆ ਸੀ ਜੋਗ ਦਾ ਰੋਗ ਬੱਚਾ ਫ਼ਕਰ ਸਦਾ ਈ ਰਹਿੰਵਦਾ ਖੁਸ਼ੀ ਹੈਵੇ ਏਹ ਤਾਂ ਜੱਗ ਹੈ ਨਿਤ ਦਾ ਸੋਗ ਬੱਚਾ ਗੋਪੀ ਚੰਦ ਜਾ ਉਸਦੀ ਡਿਗ ਚਰਨੀਂ ‘ਗਯਾਨ ਚੰਦ' ਜਾਕਰ ਉਦਯੋਗ ਬੱਚਾ ਜੀਮ-ਜਾ ਤੂੰ ਪਾਸ ਜਾਲੰਧਰੀ ਦੇ ਜੇਕਰ ਪੁਤਰਾ ਉਮਰ ਸਵਾਰਨੀ ਏਂ ਦੁਨਿਆਂ ਬਾਵਰੀ ਨਾਲ ਪ੍ਰੀਤ ਪਾਕੇ ਜਿਤੀ ਹੋਈ ਬਾਜ਼ੀ ਕਾਹਨੂੰ ਹਾਰਨੀ ਏਂ ਇਹ ਬਚਿਆ ਜੱਗ ਸਰਾਏ ਫ਼ਾਨੀ ਏਥੇ ਕਿਸੇ ਨਾ ਚੌਂਕੜੀ ਮਾਰਨੀ ਏਂ ਇਕ ਰੋਜ਼ 'ਗਯਾਨ' ਹੈ ਢੈਹ ਜਾਨੀ ਜਿਨ੍ਹਾਂ ਰੇਤਲੀ ਕੰਧ ਉਸਾਰਨੀ ਏਂ ਚੇ-ਚਿੱਤ ਲੱਗੀ ਗੋਪੀ ਚੰਦ ਰਾਜੇ ਟਿਲੇ ਗੁਰੂ ਜਾਲੰਧਰੀ ਜਾ ਬੈਠਾ ਛਮਾਛਮ ਨੈਣੀਂ ਨੀਰ ਚਲਦਾ ਸੀ ਸਮਝੋ ਜੋਗ ਵਾਲੀ ਰੂੜੀ ਪਾ ਬੈਠਾ ਪਿਆ ਗੁਰੂ ਜਾਲੰਧਰੀ ਸੋਚ ਅੰਦਰ ਨਵਾਂ ਕੇਹੜਾ ਸ਼ੌਕੀਨ ਅਜ ਆ ਬੈਠਾ ‘ਗਯਾਨ ਚੰਦ’ ਪੁਛੇ ਉਸਨੂੰ ਕੌਣ ਹੈਂ ਤੂੰ ਦਿਲੋਂ ਦੂਈ ਹੰਕਾਰ ਗਵਾ ਬੈਠਾ ਹੇ--ਹਾਲ ਤੂੰ ਅਪਣਾ ਦੱਸ ਮੈਨੂੰ ਕੌਣ ਬਾਪ ਤੇ ਨਾਂ ਕੀ ਮਾਈ ਦਾ ਏ ਤੂੰਤਾਂ ਤਖ਼ਤ ਵਾਲੀ ਮੈਨੂੰ ਜਾਪਨਾ ਏਂ ਚਸਕਾ ਜਾਪਦਾ ਦੁਧ ਮਲਾਈਦਾ ਏ ਜੇਤੂੰ ਭੁਖਦਾ ਮਾਰਿਆ ਆਨਵੜਿਆ ਏਥੇ ਕਈ ਕਈ ਡੰਗ ਨਾ ਖਾਈਦਾ ਏ ‘ਗਯਾਨ ਚੰਦ’ ਦੇ ਪਤਾ ਨਿਸ਼ਾਨ ਮੈਨੂੰ ਬੋਲੀਂ ਝੂਠ ਨਾ ਸੱਚ ਸੁਨਾਈਦਾ ਏ ਖੇ-ਖਬਰ ਤੁਹਾਨੂੰ ਸਭ ਕੁਝ ਜਾਨ ਦੇਓ ਦੁਖ ਗੁਰੂ ਜੀ ਹਰੋ ਸਭ ਆਪ ਮੇਰਾ ਮੈਨਾਵੰਤੀ ਹੈ ਜਿਊਂਦੀ ਮਾਂ ਮੇਰੀ ਪਦਮਸੈਨ ਹੈਸੀ ਰਾਜਾ ਬਾਪ ਮੇਰਾ ਬੱਚਾ ਫਕਰ ਹੋ ਜਾ ਮਾਤਾ ਮਤ ਦਿਤੀ ਗੱਲ ਸੁਣੀ ਤੇ ਕੰਬਿਆ ਪਾਪ ਮੇਰਾ ‘ਗਯਾਨ ਚੰਦ’ ਨਾ ਕਰੋ ਨਰਾਸ ਮੈਨੂੰ ਕਰ ਕੰਮ ਦੇਵੋ ਚੁਪ ਚਾਪ ਮੇਰਾ ਦਾਲ--ਦੇਖ ਖਾਂ ਆਪਣੀ ਸ਼ਕਲ ਵਲੇ ਸ਼ਰਮ ਖਾਂਵਦੀ ਚੰਦ ਦੀ ਚਾਨਣੀਏ ਸਦਾ ਖਾਵਣਾ ਪੀਵਣਾ ਮੌਜ ਲੈਣੀ ਤੂੰ ਤਾਂ ਜੋਗ ਦੀ ਸਾਰ ਕੀ ਜਾਨਣੀਏਂ ਕਿਥੇ ਤਖਤ ਤੇ ਬੈਠ ਕੇ ਰਾਜ ਕਰਨਾ ਕਿਥੇ ਜੋਗ ਲੈ ਕੇ ਮਿਟੀ ਛਾਨਣੀਏਂ ‘ਗ੍ਯਾਨ ਚੰਦ' ਖਿਆਲ ਕਰ ਜਗ ਦਾ ਤੂੰ ਮੌਜ ਮਾਣ ਲੈ ਮੌਜ ਜੇ ਮਾਨਣੀਏਂ ਰੇ-ਰਾਜ ਚਾਹੁੰਦਾ ਗੋਪੀ ਚੰਦ ਕਿਹਾ ਦਸ ਤੇਰੇ ਦਵਾਰੇ ਤੇ ਆਂਵਦਾ ਕਿਉਂ ਤਖਤ ਤਾਜ ਨੂੰ ਮਨੋ ਭੁਲਾਂਵਦਾ ਕਿਉਂ ਮਨ ਜੋਗਦਾ ਰੋਗ ਲਗਾਂਵਦਾ ਕਿਉਂ ਜੇਕਰ ਖਾਣ ਤੇ ਪੀਣ ਦੀ ਖਾਹਸ਼ ਹੁੰਦੀ ਤੇਰੇ ਬੂਹੇ ਤੇ ਧੂਣੀ ਰਮਾਂਵਦਾ ਕਿਉਂ ‘ਗਯਾਨ ਚੰਦ’ ਵਿਚ ਜਗਦੇ ਪਿਆ ਕੀ ਏ ਹੀਰਾ ਜਨਮ ਏਖਾਕ ਰੁਲਾਂਵਦਾ ਕਿਉਂ ਡਾਲ-ਡੋਰ ਤੂੰ ਜੋਗ ਦੀ ਪਕੜਨਾ ਏਂ ਤੇਰੇ ਵਾਸਤੇ ਜੋਗ ਕਮਾਨ ਮੁਸ਼ਕਲ ਜਿਨ੍ਹਾਂ ਬੱਤੀ ਨਿਆਮਤਾਂ ਮਿਲਣ ਹਰਦਮ ਸੁਕੇ ਟੁਕੜੇ ਮੰਗਕੇ ਖਾਣ ਮੁਸ਼ਕਲ ਜਿਨ੍ਹਾਂ ਓੜਨੇ ਲੇਫ ਰਜ਼ਾਈ ਬੱਚਾ ਉਨਾਂ ਜੰਗਲਾਂ ਦੀ ਸਰਦੀ ਖਾਨ ਮੁਸ਼ਕਲ 'ਗ੍ਯਾਨ ਚੰਦ ਨੌਕਰ ਜਿਨ੍ਹਾਂ ਕਰਨ ਪਖੇ ਵਿਚ ਗਰਮੀਆਂ ਧੂਣੀ ਰਮਾਨ ਮੁਸ਼ਕਲ ਜ਼ੇ-ਜ਼ਰ ਝੂਠਾ ਗੋਪੀ ਚੰਦ ਕਹਿੰਦਾ ਸਚੇ ਰੱਬ ਦਾ ਧਿਆਨ ਲਗਾਂਗਾ ਮੈਂ ਸਾਰੀ ਭੁਖ ਸ਼ਰੀਰ ਦੀ ਉਤਰ ਜਾਸੀ ਚੁਟਕੀ ਜਦੋਂ ਭਬੂਤ ਦੀ ਖਾਂਗਾ ਮੈਂ ਕਰਸਨ ਸਰਦੀਆਂ ਗਰਮੀਆਂ ਅਸਰ ਨਹੀਂ ਜਦੋਂ ਬਦਨ ਤੇ ਭਸਮ ਰਮਾਂਗਾ ਮੈਂ ‘ਗਯਾਨ ਚੰਦ' ਏਥੋਂ ਐਵੇ ਹਿਲਣਾ ਨਹੀਂ ਜੋਗ ਲਾਂਗਾ ਮੈਂ ਜੋਗ ਲਾਂਗਾ ਮੈਂ ਸੀਨ-ਸੁਣੀ ਬੱਚਾ ਲੋਕ ਰੰਨ ਲਟੂ ਫ਼ਕਰ ਤਕਦਾ ਵਲ ਨਾ ਪਰੀ ਹੈ ਓਏ ਤੇਰੇ ਜਿਹੇ ਰੰਨਾਂ ਕਈ ਅਟੇਰ ਦੇ ਨੇ ਨੱਸ ਜਾਣ ਰਹਿੰਦੀ ਝੋਲੀ ਧਰੀ ਹੈ ਓਏ ਔਰਤ ਜੋਕ ਵਾਂਗੂ ਖੂਨ ਚੂਸ ਲੈਂਦੀ ਵਿਚੋਂ ਜ਼ਹਿਰ ਤੇ ਬਾਹਰੋਂ ਹਰੀ ਹੈ ਓਏ ਗਯਾਨ ਚੰਦ ਦਿਸੇ ਵਿਰਲਾ ਬ੍ਰਹਮਚਾਰੀਏ ਤਾਂ ਕਾਮ ਪਿਛੇ ਦੁਨੀਆਂ ਮਰੀ ਹੈ ਓਏ ਸ਼ੀਨ-ਸ਼ਰਮ ਔਂਦੀ ਗੱਲ ਕਰਦਿਆਂ ਵੀ ਬੁਢੇ ਬੁਢੇ ਵੀ ਕਦੀ ਨਾ ਸੰਗਦੇ ਨੇ ਟੰਗ ਕਬਰ ਦੇ ਵਿਚ ਪਈ ਲਟਕਦੀ ਏ ਉਮਰ ਅਸੀਆਂ ਦੀ ਸੇਹਰੇ ਟੰਗਦੇ ਨੇ ਖਾਵਣ ਦੁਧ ਮਲਾਈ ਤੇ ਮਾਰ ਕੁਸ਼ਤੇ ਦਾੜ੍ਹੀ ਵਸਮਿਆਂ ਦੇ ਨਾਲ ਰੰਗਦੇ ਨੇ ‘ਗਯਾਨ’ ਤੂੰ ਮੂਲੀ ਕੇਹੜੇ ਬਾਗ ਦੀਏ ਅਗੇ ਕਈ ਡੰਗੇ ਇਸ਼ਕ ਡੰਗਦੇ ਨੇ ਸ੍ਵਾਦ--ਸਬਰ ਕਰਕੇ ਗੋਪੀ ਚੰਦ ਕਹਿੰਦਾ ਅਸਾਂ ਖੁਵਾਹਿਸ਼ਾਂ ਸਾਰੀਆਂ ਮਾਰੀਆਂ ਨੂੰ ਤ੍ਰੈਸੌ ਸੱਠ ਮੈਂ ਰਾਣੀਆਂ ਛੱਡ ਆਯਾ ਕਈ ਸੂਰਤਾਂ ਪਿਆਰੀਆਂ ਪਿਆਰੀਆਂ ਨੂੰ ਸੂਰਜ ਚੰਦ ਦੇਖ ਹੈਰਾਨ ਹੁੰਦੇ ਆ ਝਾਤੀਆਂ ਮਾਰਦੇ ਬਾਰੀਆਂ ਨੂੰ ‘ਗਯਾਨਚੰਦ’ ਮੈਂ ਜਗ ਨੂੰ ਚੁਲੀ ਪਾਈ ਅਜ ਛਡਕੇ ਆਗਿਆ ਸਾਰੀਆਂ ਨੂੰ ਜ੍ਵਾਦ-ਜ਼ਰਬ ਲੱਗੀ ਦਿਲ ਨੂੰ ਅਤੇ ਗੂੜ ਸੋਚਾਂ ਮਨੋ ਗੁਰੂ ਜਾਲੰਧਰੀ ਆਈਆਂ ਨੇ ਫੌਰਨ ਪਕੜ ਕੇ ਉਸ ਤਰਾ ਘੋਨ ਕੀਤਾ ਵਾਂਗ ਟਿੰਡ ਦੇ ਹੋਈਆਂ ਸਫ਼ਾਈਆਂ ਨੇ ਕੰਨ ਚੀਰ ਕੇ ਜਲਦ ਜਾਲੰਧਰੀ ਨੇ ਵਿਚ ਦੁਹਾਂ ਦੇ ਮੁੰਦਰਾਂ ਪਾਈਆਂ ਨੇ ਕਲ ਸ਼ਾਹ ਤੇ ਅਜ ਫਕੀਰ ਹੋਯਾ ‘ਗਯਾਨ' ਵਰਤੀਆਂ ਰੱਜ ਰਜ਼ਾਈਆਂ ਨੇ ਤੋਏ-ਤੌਰ ਕੁਝ ਹੋਰ ਦੇ ਹੋਰ ਹੋ ਗਯੇ ਗੁਰੂ ਖੁਸ਼ੀ ਨੇ ਚੇਲਾ ਬਨਾ ਕੇ ਤੇ ਜਾ ਬਚਿਆ ਭਿਛਿਆ ਮੰਗ ਜਾ ਕੇ ਕਿਹਾ ਗੁਰੂ ਨੇ ਝੋਲੀ ਲਟਕਾ ਕੇ ਤੇ ਪਿਛੋਂ ਕਿਤੇ ਜਾਵੀਂ ਭੀਖ ਮੰਗ ਬੱਚਾ ਪਹਿਲੋਂ ਆਪਣੇ ਹੀ ਘਰੋਂ ਜਾ ਕੇ ਤੇ ‘ਗਯਾਨਚੰਦ' ਲੈ ਭਿਛਿਆ ਪਰਤ ਆਉਣਾ ਨਹੀਂ ਆਵਣਾ ਦੇਰ ਲਗਾ ਕੇ ਤੇ ਜ਼ੋਏ—ਜ਼ਾਹਰਾ ਮਤ ਇਹ ਗੁਰੂ ਦਿਤੀ ਮੂਜਬ ਹੁਕਮ ਤੇ ਚਲਣਾ ਕੈਹਣ ਬੱਚਾ ਚਿਤ ਕਰੀਂ ਕਾਬੂ ਮਤਾਂ ਡੋਲ ਜਾਵੇਂ ਰਾਣੀ ਵੇਖ ਕੇ ਤੇ ਆਖੀਂ ਭੈਣ ਬੱਚਾ ਰਾਹ ਜਾਂਦੀਆਂ ਅੱਖ ਲੜਾਂਦੀਆਂ ਨੇ ਜ਼ਰਾ ਸਾਂਭ ਕੇ ਰਖਣੇ ਨੈਨ ਬੱਚਾ ‘ਗਯਾਨ’ ਹੋ ਜੋਗੀ ਜੇਹੜਾ ਰੰਨ ਤਕੇ ਤਾੜ ਤਾੜ ਪੌਲੇ ਉਹਨੂੰ ਪੈਨ ਬੱਚਾ ਐਨ-ਅਰਸ਼ਰੋਯਾ ਫ਼ਰਸ਼ ਫਰਸ਼ ਟੁਰਦਾ ਮੰਗਣ ਆਪਣੇ ਦੇਸ ਨੂੰ ਆਯਾ ਜੀ ਸਭ ਰਾਣੀਆਂ ਗੋਲੀਆਂ ਜਮਾਂ ਹੋਈਆਂ ਹੇਠ ਮਹਿਲ ਜੋ ਅਲਖ ਜਗਾਯਾ ਜੀ ਮਾਤਾ ਆਣ ਕੇ ਭਿਛਿਆ ਪਾ ਮੈਨੂੰ ਗੋਪੀ ਚੰਦ ਨੇ ਸੁਖ ਸੁਨਾਯਾ ਜੀ ‘ਗਯਾਨ ਚੰਦ’ ਮਾਤਾ ਹਾਲ ਵੇਖ ਕੋਈ ਦੇਖੋ ਮੋਹ ਦੀ ਮਮਤਾ ਮਾਯਾ ਜੀ ਗ਼ੈਨ-ਗ਼ਰਕ ਹੋ ਗਈ ਬਹਿਰੇ ਗ਼ਮ ਅੰਦ੍ਰ ਕਿਸ਼ਨਾਵੰਤੀ ਜਦ ਡਿੱਠਾ ਨਿਹਾਰ ਬੇਲੀ ਚੀਕਾਂ ਨਿਕਲੀਆਂ ਤੇ ਆਹੀਂ ਮਾਰ ਰੁੰਨੀ ਜ਼ਾਰੋ ਜ਼ਾਰ ਬੇਲੀ ਜ਼ਾਰੋਜ਼ਾਰ ਬੇਲੀ ਪਈ ਰੋਂਵਦੀ ਤੇ ਵਾਲ ਖੋਂਵਦੀ ਏ, ਬਾਰ ਬਾਰ ਬੇਲੀ ਬਾਰ ਬਾਰ ਬੇਲੀ ‘ਗਯਾਨ’ ਬੜਾ ਹੈ ਪਤੀ ਵਿਯੋਗ ਹੁੰਦਾ ਰਾਣੀ ਕਹੇ ਕੀ ਬਚਨ ਉਚਾਰ ਬੇਲੀ ਫੇ-ਫੌਰਨ ਮਰ ਜਾਂਵਦੀ ਜ਼ੈਹਰ ਖਾ ਕੇ ਨਿਜ ਮਾਂ ਮੈਨੂੰ ਡੋਲੀ ਪਾਂਵਦੀ ਵੇ ਤੱਤੀ ਦੁਖ ਨਾ ਵੇਖਦੀ ਕਦੀ ਐਡਾ ਜੇਕਰ ਜੰਮਦੀ ਈ ਮਰ ਜਾਂਵਦੀ ਵੇ ਅਖਾਂ ਸਾਹਮਣੇ ਪਤੀ ਫਕੀਰ ਵੇਖਾਂ ਮੈਨੂੰ ਮੌਤ ਵੀ ਲੈਣ ਨਾ ਆਂਵਦੀ ਏ ‘ਗਯਾਨ ਚੰਦ’ ਕਿਉਂ ਐਡਾ ਪਿਆਰ ਪਾਯਾ ਮੈਥੋਂ ਸਹੀ ਜੁਦਾਈ ਨਾ ਜਾਂਵਦੀ ਏ ਕਾਫ-ਕੈਹਰ ਹੋਯਾ ਮੈਂ ਤੇ ਰੱਬ ਦਾ ਜੈ ਕਿਹਨੂੰ ਜਾ ਮੈਂ ਦੁਖ ਸੁਨਾਵਾਂ ਸਈਓ ਤੁਸਾਂ ਕੰਤਾਂ ਨੂੰ ਗਲੇ ਲਗਾਨਾ ਸਈਓ ਅਸਾਂ ਰੋਂਦਿਆਂ ਵਕਤ ਲੰਘਾਨਾ ਸਈਓ ਤੁਸੀਂ ਹਸਿਉ ਸਿਉ ਖੇਡਿਆਨੀ ਅਸਾਂ ਜਿਉਂਦਿਆਂ ਈ ਮਰਜਾਨਾ ਸਈਓ ‘ਗ੍ਯਾਨ ਚੰਦ’ ਤੋਤਾ ਹਥੋਂ ਉਡਿਆਜੇ ਮੇਰਾ ਪਤੀ ਪਿਆਰਾ ਮਿਲਾਨਾ ਸਈਓ ਗਾਫ-ਗੱਲਾਂ ਵੀ ਰਜ ਕੇ ਕੀਤੀਆਂ ਨਾ ਸਸੇ ਮੇਰੀਏ ਜੁਲਮ ਕਮਾਯਾ ਨੀ ਜੇਕਰ ਪੁਤ ਨੂੰ ਸਾਈ ਫਕੀਰ ਕਰਨਾ ਪਹਿਲੇ ਰੋਜ਼ ਹੀ ਕਾਹਨੂੰ ਵਿਆਯਾ ਨੀ ਇਹ ਦੇ ਪਿੰਡੇ ਬਿਭੂਤ ਨਹੀਂ ਫਬਦੀਏ ਕਹੀ ਚੰਦ ਵਰਗੀ ਸੋਹਣੀ ਕਾਯਾ ਨੀ ‘ਗ੍ਯਾਨ ਚੰਦ’ ਤੂੰ ਜਾਣ ਕੇ ਕਹਿਰ ਕੀਤਾ ਪੁਤ੍ਰ ਤਤੀਏ ਢਿੱਡ ਦਾ ਜਾਯਾ ਨੀ ਲਾਮ-ਲੱਗੀ ਸਮਝਾਵਨੇ ਮੈਨਾਂਵੰਤੀ ਕ੍ਰਿਸ਼ਨਾਵੰਤੀਏ ਦਿਲੋਂ ਕੀ ਠਾਨੀਏ ਨੀ ਝੂਠ ਮੋਹ ਪਿਆਰ ਏ ਜੱਗ ਦਾ ਏ ਕਰ ਹੋਸ਼ ਕਿਉਂ ਬਣੀ ਦੀਵਾਨੀਏ ਨੀ ਜੋਬਨ ਧੁਪ ਦੇ ਵਾਂਗ ਹੈ ਅੰਤ ਢਲਨਾ ਤੈਨੂੰ ਵੇਖ ਨਾ ਚੜ੍ਹੀ ਜਵਾਨੀਏ ਨੀ ‘ਗ੍ਯਾਨ’ ਆ ਜਾਨੀ ਯਾਦ ਨਾਨੀ ਏਂ ਨੀ ਜਦੋਂ ਜਮਾਂਨੇ ਸ਼ਕਲ ਵਖਾਨੀਏ ਨੀ ਮੀਮ-ਮੌਤ ਨੇ ਜਦੋਂ ਆ ਰੰਗ ਲਾਣਾ ਏਹ ਰੰਗ ਰਹਿਣਾ ਨਾਏ ਲਾਲੀਆਂਨੀ ਇਕ ਰੋਜ ਏਹ ਮਿੱਟੀ ਦੇ ਵਿਚ ਰੁਲਸਨ ਜ਼ੁਲਫ਼ਾਂ ਨਾਗਨਾਂ ਵਾਂਗ ਜੋ ਪਾਲੀਆਂਨੀ ਏਸ ਦੇਹ ਜਲ ਜਾਵਨਾ ਖਾਕ ਹੋਣਾ ਉਪਰ ਜਿਏ ਤੂੰ ਪਾਨੀਏਂ ਜ਼ਾਲੀਆਂ ਨੀ 'ਗਯਾਨ ਚੰਦ' ਕਲ ਝੁਰੜੀਆਂ ਪੈਣਗੀਆਂ ਅਜ ਸੂਰਤਾਂ ਭੋਲੀਆਂ ਭਾਲੀਆਂ ਨੀ ਨੂਨ-ਨਾਕਰ ਹੁਸਨ ਦਾ ਫਿਕਰ ਐਡਾ ਉਤੋਂ ਗੋਰੀਏ ਤੇ ਵਿਚੋਂ ਕਾਲੀਏ ਨੀ ਤਿੰਨ ਹੱਥ ਹੈ ਕਫਨ ਔਕਾਤ ਤੇਰੀ ਬਣਤਣ ਪਈ ਫਿਰਨੀ ਏਂ ਪਾਹਲੀਏ ਨੀ ਕਦੋਂ ਤੀਕ ਏਹ ਐਸ਼ ਬਹਾਰ ਰਹਿਸੀ ਮਰ ਜਾਏਂਗੀ ਅੰਤ ਮਤਵਾਲੀਏ ਨੀ ‘ਗਯਾਨ' ਜਗਦੇ ਨਾਲ ਪਿਆਰ ਪਾਕੇ ਐਵੇਂ ਜਨਮ ਮਨੁਖ ਨਾ ਗਾਲੀਏ ਨੀ ਵਾ-ਵਾਪਸ ਹੋਯਾ ਗੋਪੀ ਚੰਦ ਫੌਰਨ ਮਾਤਾ ਰਾਣੀ ਤੋਂ ਭਿਛਿਆ ਲੈ ਕੇ ਤੇ ਜੋ ਵੀ ਭਿਛਿਆ ਮਹਿਲਾਂ ਤੋਂ ਲੈ ਆਂਦੀ ਅਗੇ ਗੁਰੂ ਦੇ ਰਖੀ ਸੂ ਬਹਿਕੇ ਤੇ ਪਾਸ ਹੋ ਗਿਉਂ ਵਿਚ ਇਮਤਿਹਾਨ ਦੇ ਤੂੰ ਦਿਤੀ ਥਾਪੀ ਏ ਗੁਰੂ ਨੇ ਕਹਿਕੇ ਤੇ ‘ਗਯਾਨ ਚੰਦ' ਡੇਰਾ ਕਿਤੇ ਹੋਰ ਲਾਈਏ ਏਥੇ ਅੱਕ ਗਏ ਹਾਂ ਬਹੁਤਾ ਰਹਿਕੇ ਤੇ ਹੇ-ਹੱਸਦੇ ਹੱਸਦੇ ਟੁਰੇ ਸਾਰੇ ਉਗਰਸੈਨ ਦੇ ਸ਼ਹਿਰ ਨੂੰ ਜਾ ਰਹੇ ਨੇ ਚੇਲੇ ਨਵੇਂ ਨਵੇਂ ਰਾਗ ਗਾ ਰਹੇ ਨੇ ਕਈ ਗੁਰੂ ਦਾ ਜੀ ਬਹਿਲਾ ਰਹੇ ਨੇ ਸਾਰੇ ਨਾਮ ਦੀ ਖੁਸ਼ੀ ਮਨਾ ਰਹੇ ਨੇ ਅਤੇ ਗੀਤ ਗੋਵਿੰਦ ਦੇ ਗਾ ਰਹੇ ਨੇ ‘ਗਯਾਨ' ਮੋਹ ਪਿਆਰ ਹਟਾ ਰਹੇ ਨੇ ਦਿਲੋਂ ਖੁਦੀ ਹੰਕਾਰ ਗਵਾ ਰਹੇ ਨੇ

ਸਿਹਰਫੀ ਚੌਥੀ : ਕਿੱਸਾ ਰਾਜਾ ਗੋਪੀ ਚੰਦ

ਅਲਫ-ਆ ਗਏ ਓਹ ਵਿਚਕਾਰ ਪੈਂਡੇ ਰਾਤ ਕਟਣੇ ਨੂੰ ਡੇਰਾ ਲਾਯਾ ਜੀ ਪਾਸ ਸ਼ੈਹਰ ਹੈਸੀ ਬਾਲ ਸੁੰਦਰਾਂ ਦਾ ਵਿਚ ਬੜਾ ਅਨੰਦ ਲਗਾਯਾ ਜੀ ਬੀਤੀ ਰਾਤ ਤੇ ਖੈਰ ਦੀ ਸੁਬ੍ਹਾ ਹੋਈ ਗੋਪੀ ਭਿਛਿਆ ਲੈਣ ਨੂੰ ਧਾਯਾ ਜੀ ‘ਗਯਾਨ ਚੰਦ’ ਕੀ ਖੇਲ ਰਚਾਂਵਦਾ ਏ ਵੇਖੀ ਚਲ ਤੂੰ ਰੱਬ ਦੀ ਮਾਯਾ ਜੀ ਬੇ-ਬੜੀ ਹੱਛੀ ਗੱਲ ਸੁਣਨ ਵਾਲੀ ਬਾਲ ਸੁੰਦਰਾਂ ਦੇ ਸ਼ਹਿਰ ਆਯਾ ਜੀ ਭੌਂਦਾ ਭੌਂਦਾ ਲੈਂਦਾ ਆ ਰਾਣੀ ਦੇ ਮਹਿਲ ਥਲੇ ਨਾਲ ਜ਼ੋਰ ਦੇ ਅਲਖ ਜਗਾਯਾ ਜੀ ਸਾਰੇ ਮਹਿਲ ਦੇ ਵਿਚ ਪੁਕਾਰ ਪੈ ਗਈ ਜਦੋਂ ਜੋਗੀ ਨੇ ਨਾਦ ਵਜਾਯਾ ਜੀ ਰਾਣੀ ਖੈਰ ਭੇਜੀ ਜਦ ਹਥ ਗੋਲੀ ਗੋਪੀ ਚੰਦ ਕੀ ਸੁਖਨ ਸੁਨਾਯਾ ਜੀ ਪੇ-ਪਾਵਨੀ ਖੈਰ ਜੇ ਪਾਏ ਰਾਣੀ ਕੇਹੜੀ ਗੱਲ ਦਾ ਉਹਨੂੰ ਹੰਕਾਰ ਹੈ ਨੀ ਚੌੜਾਂ ਸਾੜਦੀ ਤਖਤ ਤੇ ਤਾਜ ਉਤੇ, ਏਹ ਤਾਂ ਮੌਜ ਮੇਲਾ ਦਿਨ ਚਾਰ ਹੈ ਨੀ ਫਕਰ ਬਾਦਸ਼ਾਹਾਂ ਦਾ ਬਾਦਸ਼ਾਹ ਹੁੰਦਾ ਗੱਲ ਜਾਣਦਾ ਸਾਰਾ ਸੰਸਾਰ ਹੈ ਨੀ 'ਗ੍ਯਾਨ ਚੰਦ’ ਫਕੀਰਾਂ ਤੋਂ ਕਿਹਾ ਪਰ ਦਾਮਨ ਅਪਨਾ ਲਿਆ ਜਿਨਮਾਰ ਹੈ ਨੀ ਤੇ-ਤੁਰਤ ਈ ਗੋਲੀ ਪਾਸ ਰਾਣੀ ਜਾਕੇ ਫਕਰ ਦੀ ਗਲ ਸੁਣਾਈ ਏ ਜੀ ਬਾਲ ਸੁੰਦਰਾਂ ਕਿਹਾ ਹੈ ਕੌਣ ਨਾਹਡੂ ਆਪ ਭਿੱਛਿਆ ਪਕੜ ਕੇ ਆਈਏ ਜੀ ਸੂਰਤ ਵੇਂਹਦਿਆਂ ਸਾਰ ਨਿਹਾਲ ਹੋਈ ਰਾਣੀ ਜਦੋਂ ਆ ਭਿੱਛਿਆ ਪਾਈਏ ਜੀ ‘ਗਯਾਨ' ਰਾਣੀ ਨੇ ਅੱਖ ਮਿਲਾਈਏ ਜੀ ਗੋਪੀ ਚੰਦ ਨੇ ਧੌਣ ਨਿਵਾਈਏ ਜੀ ਟੇ-ਟੈਹਲ ਕਰਾਂ ਤੇਰੀ ਜੋਗੀਆ ਵੇ ਆ ਜਾ ਮਹੱਲ ਉਤੇ ਤੇਰੀ ਥਾਂ ਵਾਰੀ ਬਾਂਦੀ ਮੈਂ ਤੇਰੀ ਤਖ਼ਤੋਂ ਤਾਜ ਤੇਰਾ ਵੇ ਮੈਂ ਘੋਲ ਘੱਤੀ ਸਦਕੇ ਜਾਂ ਵਾਰੀ ਤੇਰੇ ਬਦਨ ਬਿਭੂਤ ਨਾ ਫੱਬਦੀ ਏ ਤੇਰੇ ਲਈ ਮੈਂ ਛੇਜ ਵਿਛਾਂ ਵਾਰੀ ‘ਗਯਾਨ ਚੰਦ' ਤੂੰ ਆਖਯਾ ਮੰਨ ਜਾ ਵੇ ਹੱਥ ਜੋੜ ਕੇ ਵਾਸਤਾ ਪਾਂ ਵਾਰੀ ਸੇ-ਸਾਬਤੀ ਦੇ ਨਾਲ ਸੱਚ ਆਖਾਂ ਬਣਦੀ ਰਤੀ ਨਹੀਂ ਖਸਮ ਦੇ ਨਾਲ ਮੇਰੀ ਅਜੇ ਤੀਕ ਨਾ ਕਿਸੇ ਵੀ ਹੱਥ ਲਾਯਾ ਦੇਹ ਗੁਲ ਹੈ ਗੁਲ ਮਿਸਾਲ ਮੇਰੀ ਮਿਰਗ ਨੈਣ ਵੇਖਣ ਮੇਰੇ ਸ਼ਰਮ ਖਾਵਣ ਮੋਰ ਟੋਰ ਭੁਲੇ ਵੇਖ ਚਾਲ ਮੇਰੀ ‘ਗਯਾਨ’ ਲਭਦੀ ਕੋਈ ਹੁਸੀਨ ਸਾਂ ਮੈਂ ਕਾਮਯਾਬ ਹੋਈ ਅਜ ਭਾਲ ਮੇਰੀ ਜੀਮ-ਜਾਂ ਰਾਣੀ ਐਹ ਲੈ ਭਿੱਛਿਆ ਈ ਐਸੀ ਖੈਰ ਨ ਸਾਨੂੰ ਪਸੰਦ ਹੈ ਨੀ ਤਿੰਨ ਸੌ ਸੱਠ ਮੈਂ ਰਾਣੀਆਂ ਛਡ ਆਯਾ ਮੈਨੂੰ ਚੰਗਾ ਨਹੀਂ ਲਗਦਾ ਗੰਦ ਹੈ ਨੀ ਚਾਰ ਰੋਜ ਦੀ ਜੱਗ ਤੇ ਚਾਂਦਨੀ ਏਂ ਅੰਤ ਢੈਹਵਨੀ ਹੁਸਨ ਦੀ ਕੰਦ ਹੈ ਨੀ ‘ਗਯਾਨਚੰਦ' ਏਕ ਰੋਜ਼ ਇਹ ਖਾਕ ਹੋਣਾ ਜੇੜ੍ਹਾ ਬਦਨ ਆਖੇਂ ਸੂਰਤ ਚੰਦ ਹੈ ਨੀ ਚੇ--ਚਿਤ ਨੂੰ ਜਿਨ੍ਹਾਂ ਨੇ ਵਸ ਕੀਤਾ ਰੰਨਾਂ ਨਾਲ ਕੀ ਭਲਾ ਫਕੀਰ ਨੂੰ ਨੀ ਵਡੀ ਮਾਂ ਤੇ ਸਮਝੀਏ ਭੈਣ ਛੋਟੀ ਜ਼ਰਾ ਸੋਚ ਕੀ ਕੈਹਨੀਏਂ ਵੀਰ ਨੂੰ ਨੀ ਜੇਹੜਾ ਕਹਵੇਂ ਇਹ ਜਿਸਮ ਹੈ ਗੁਲ ਵਾਂਗੂੰ ਢੀਮ ਮਿੱਟੀ ਦੀ ਸਮਝ ਸਰੀਰ ਨੂੰ ਨੀ ‘ਗਯਾਨ ਚੰਦ’ ਹੈ ਕਾਮ ਗ੍ਰਿਸਤੀਆਂ ਲਈ ਜਿਨ੍ਹਾਂ ਖਾਵਨਾ ਖੰਡ ਤੇ ਖੀਰ ਨੂੰ ਨੀ ਹੇ–-ਹਾਲ ਕੀ ਲਿਖਾਂ ਮੈਂ ਸੁੰਦਰੀ ਦਾ ਹੱਥ ਜੋੜਦੀ ਵਾਸਤੇ ਪਾਂਵਦੀ ਏ ਕਦੀ ਪੈਰਾਂ ਤੇ ਸੀਸ ਟਿਕਾਂਵਦੀ ਏ ਪਈ ਵਾਰਨੇ ਘੋਲਣੇ ਜਾਂਵਦੀ ਏ ਕਦੀ ਰੋਂਵਦੀ ਨੀਰ ਬਹਾਂਵਦੀ ਏ ਕਦੀ ਹੱਸਕੇ ਨਾਜ਼ ਵਿਖਾਂਵਦੀ ਏ ‘ਗਯਾਨ’ ਜੋਗੀ ਨੂੰ ਫਾਹਨ ਲਈ ਰੰਨ ਦੇਖੋ ਤਰ੍ਹਾਂ ਤਰ੍ਹਾਂ ਦੇ ਮਕਰ ਬਨਾਂਵਦੀ ਏ ਖੇ-ਖਿਆਲ ਕਰਕੇ ਗੋਪੀ ਚੰਦ ਕੈਂਹਦਾ ਅਸੀਂ ਤੁਸਾਂ ਦੇ ਮਕਰ ਸਭ ਜਾਨੀਏ ਨੀ ਨਾਲ ਫਕਰ ਦੇ ਪੂਰੀਆਂ ਪੈਣੀਆਂ ਨਹੀਂ ਕਹਿੰਦਾ ਆਪਣਾ ਆਪ ਸਿਆਣੀਏ ਨੀ ਕਈ ਰਿਸ਼ੀ ਤੇ ਤੁਸਾਂ ਬਜ਼ੁਰਗ ਰੋੜੇ ਵਿਚ ਜਗ ਮਸ਼ਹੂਰ ਕਹਾਣੀਏ ਨੀ ‘ਗਯਾਨ ਚੰਦ’ ਜੋ ਸਾਫ ਨੇ ਨੀਰ ਵਾਂਗੂੰ ਨਾਲ ਫ਼ਕਰ ਬੁਰਾਈ ਨ ਠਾਣੀਏ ਨੀ

(ਜਵਾਬ ਰਾਣੀ ਬਾਲ ਸੁੰਦਰਾਂ)

ਦਾਲ-ਦੱਸੇਂ ਤੂੰ ਬੁਰਾ ਜਨਾਨੀਆਂ ਨੂੰ ਦਿਲੋਂ ਰਤੀ ਨਾ ਸੋਚ ਵਿਚਾਰਨਾ ਏਂ ਤੇਰੀ ਸਾਧੂਆਂ ਦੀ ਬੋਲ ਚਾਲ ਨਾਹੀਂ ਕਦੀ ਸੈਨਤਾਂ ਅੱਖੀਆਂ ਮਾਰਨਾ ਏਂ ਸੋਹਣੀ ਰੰਨ ਨੂੰ ਵੇਖਕੇ ਹਸਨਾਏਂ ਤਿਰਛੀ ਨਿਗਾਹ ਦੇ ਨਾਲ ਨਿਹਾਰਨਾ ਏਂ ‘ਗਯਾਨ' ਚੜੇ ਅੱਡੇ ਕਰੇਂ ਘਟ ਨਾਹੀਂ ਲੈਕੇ ਹਰੀ ਦਵਾਰ ਸਧਾਰਨਾ ਏਂ

(ਜਵਾਬ ਗੋਪੀ ਚੰਦ)

ਰੇ--ਰੋਕ ਕੇ ਰੱਖ ਜ਼ਬਾਨ ਰਾਣੀ ਬੋਲੇ ਛੱਜ ਕੀ ਬੋਲਣਾ ਛਾਨਣੀ ਏਂ ਕੇਡਾ ਮਾਨ ਕਰਨੀਏਂ ਹੁਸਨ ਉਤੇ ਏਹ ਤਾਂ ਚਾਰ ਦਿਹਾੜੇ ਦੀ ਚਾਂਨਨੀ ਏਂ ਭੌੜੀ ਖਿਚਕੇ ਜਦੋਂ ਮੈਂ ਇਕ ਮਾਰੀ ਤਾਂ ਤੂੰ ਕਦਰ ਫ਼ਕੀਰਾਂ ਦੀ ਜਾਣਨੀ ਏਂ ਆਡਾ ਜੋਗੀਆਂ ਨਾਲ ਨ ਲਾ ਰੰਨੇ ਜੇਕਰ ਮੌਜ ਜਹਾਨ ਤੇ ਮਾਣਨੀ ਏਂ

(ਜਵਾਬ ਰਾਣੀ ਬਾਲ ਸੁੰਦਰਾਂ)

ਡਾਲ-ਡੋਰ ਮੇਰੀ ਐਸੀ ਹੁਸਨ ਵਾਲੀ ਡੌਰ ਭੌਰ ਤੈਨੂੰ ਦਿਆਂ ਕਰ ਜੋਗੀ ਗੁਰੁ ਭਾਈ ਤੇ ਗੁਰੂ ਵੀ ਭੁਲ ਜਾਵੀਂ ਐਸਾ ਸੁਧ ਹੋਵੇ ਭੁੱਲੀਂ ਘਰ ਜੋਗੀ ਜ਼ੁਲਫਾਂ ਕਾਲੀਆਂ ਨਾਗਨਾਂ ਜਦੋਂ ਵੇਖੇਂ ਜਾਵੇਂ ਵੇਂਹਦਿਆਂ ਸਾਰਹੀਮਰ ਜੋਗੀ ਅਗੇ ਕਈ ਡਿਠੇ ‘ਗਯਾਨ' ਤੁਧ ਵਰਗੇ ਕਿਸੇ ਹੋਰ ਨੂੰ ਦਸ ਜਾ ਡਰ ਜੋਗੀ

(ਜਵਾਬ ਗੋਪੀ ਚੰਦ)

ਜ਼ੇ-ਜ਼ੋਰ ਹੈ ਹੁਸਨ ਦਾ ਚਾਰ ਦਿਨ ਦਾ ਢੱਲ ਜਾਵਣਾ ਅੰਤ ਨੂੰ ਰਾਣੀਏਂ ਨੀ ਅਸੀਂ ਪਿਆਰੀਆਂ ਕੋਝੀਆਂ ਸੂਰਤਾਂ ਜੋਏ ਕੇ ਜਹੀਆਂ ਈਸਾਰੀ ਆਜਾਣੀਏਂ ਨੀ ਸਿਰ ਤੇ ਮੌਤ ਬੈਠੀ ਲਿਸ਼ਕਾਂ ਮਾਰਦੀਏ ਰੰਨੇ ਪੱਟੀਆਂ ਕਾਹਨੂੰ ਲਸ਼ਕਾਨੀਏਂ ਨੀ ‘ਗ੍ਯਾਨ’ ਮੁਫਤ ਦਾ ਮਗਜ਼ ਖਪਾਨਾਹੀਂ ਮਰਦ ਫਾਹਨੀਏਂ ਤੇ ਮੱਥਾ ਲਾਨੀਏਂ ਨੀ

(ਜਵਾਬ ਰਾਣੀ ਬਾਲ ਸੁੰਦਰੀ)

ਸੀਨ-ਸੋਚ ਵਿਚਾਰ ਨੂੰ ਛਡਕੇ ਤੇ ਇਕ ਵਾਰ ਤਾਂ ਪਲੰਘ ਤੇ ਆ ਜੋਗੀ ਵੇ ਮੈਂ ਬਾਂਦੀਆਂ ਸੁਣੇ ਗੁਲਾਮ ਤੇਰੀ ਇਕ ਵਾਰ ਆ ਗਲੇ ਲਗਾ ਜੋਗੀ ਮੈਂ ਪਿਆਸ ਪਿਆਸ ਕੁਰਲਾਂਵਦੀ ਹਾਂ ਸ਼ਰਬਤ ਵਸਲਦਾ ਘੁਟ ਪਿਲਾ ਜੋਗੀ ‘ਗਯਾਨ' ਝਗੜਦੇ ਝਗੜਦੇ ਪਹਰ ਹੋਯਾ ਪਰਦਾ ਸ਼ਰਮ ਹਯਾ ਦਾ ਚਾ ਜੋਗੀ

(ਜਵਾਬ ਗੋਪੀ ਚੰਦ)

ਸ਼ੀਨ-ਸ਼ਰਮਕਰ ਰਾਣੀਏਂ ਦਿਲੋਂ ਰਤੀ ਮੁਢੋਂ ਇਕ ਦੇ ਨਾਲ ਚਾ ਲਾਵੀਏ ਨੀ ਕਰਦਾ ਪਤੀ ਦੀ ਕੋਈ ਵੀ ਰੀਸ ਨਾਹੀਂ ਐਵੇਂ ਯਾਰ ਨ ਬਹੁਤ ਬਣਾਵੀਏ ਨੀ ਭਾਵੇਂ ਹੋਵੇ ਮੰਦਾ ਭਾਵੇਂ ਹੋਵੇ ਚੰਗਾ ਨਿਤ ਪਤੀ ਦੇ ਚਰਨ ਦਬਾਵੀਏ ਨੀ ਪਤੀ ਆਪਣੇ ਦੀ ਛੇਜ ਮਾਣੀਏ ਨੀ ਨਹੀਂ ਗੈਰ ਤੇ ਚਿਤ ਡੁਲਾਵੀਏ ਨੀ ਸੁਵਾਦ-ਸਬਰ ਸੰਤੋਖ ਨਹੀਂ ਜਿਨ੍ਹਾਂ ਤਾਈਂ ਸਿਰ ਓਹਨਾਂ ਸੁਆਹ ਦਾ ਛਜ ਹੈ ਨੀ ਮਿੱਟੀ ਉਨ੍ਹਾਂ ਦੀ ਬਲੇ ਜਹਾਨ ਅੰਦਰ ਲੰਘਣ ਸ਼ਰਮ ਥੀਂ ਮੁਖ ਨੂੰ ਕਜ ਹੈ ਨੀ ਫੋਲਨ ਜੋ ਅਰੂੜੀਆਂ ਵਾਂਗ ਕਾਵਾਂ ਜਗਾ ਜਗਾ ਤੇ ਪੈਂਵਦੀ ਕਲ ਹੈ ਨੀ 'ਗਯਾਨ ਚੰਦ' ਕਾਲਾ ਮੂੰਹ ਕਰਦਿਆਂ ਨੀ ਅਗੇਰਬ ਦੇ ਆਂਵਦੀ ਲਜ ਹੈ ਨੀ ਜ਼ੁਵਾਦ-ਜ਼ਰਬ ਜਦ ਮੌਤ ਦੀ ਲਗਣੀਏਂ ਫੇਰ ਪਟਣੀ ਉਤਾਂ ਨਿਗਾਹ ਨਾਹੀਂ ਮੂਰਖ ਸੈਂਕੜੇ ਸਾਲਾਂ ਦੇ ਲਾਣ ਅਰਬੇ ਏਥੇ ਪਲਦਾ ਪਲ ਵਿਸਾਹ ਨਾਹੀਂ ਟੂਣੇ ਹਾਰੀਏ ਹੁਸਨ ਪਿਆਰੀਏ ਨੀ ਰਾਹ ਜਾਂਦੀਆਂ ਮੁਰਗੀਆਂ ਫਾਹ ਨਾਹੀਂ ‘ਗਯਾਨ ਚੰਦ' ਮੈਂ ਸਤੀ ਤੇ ਜਤੀ ਜੋਗੀ ਏਥੇ ਚਲਣੀ ਕੋਈ ਵੀ ਵਾਹ ਨਾਹੀਂ ਤੋਏ-ਤਾਬਿਆ ਸਾਰਾ ਜਹਾਨ ਕੀਤਾ ਏਸੇ ਗੁਣ ਵਿਚ ਜੋਗੀਆਂ ਭੋਲੀਏ ਨੀ ਤੁਧ ਜਹੀ ਜੋ ਆਪ ਨੂੰ ਪਰੀ ਸਮਝੇ ਸਾਡੀ ਗੋਲੀਆਂ ਦੀ ਓਹ ਤਾਂ ਗੋਲੀਏ ਨੀ ਹੂਰਾਂ ਉਡਕੇ ਔਣ ਚਾਹੇ ਅਰਸ਼ ਉਤੋਂ ਬਧੇ ਕਦੀ ਲੰਗੋਟ ਨਾ ਖੋਲੀਏ ਨੀ ‘ਗਯਾਨ ਚੰਦ’ ਇਕ ਸ਼ਹਿਰ ਦੀ ਹੋ ਰਾਣੀ ਰੰਨੇ ਏਹ ਕਰਤੂਤ ਨ ਘੋਲੀਏ ਨੀ ਜ਼ੋਏ-ਜ਼ਾਹਰਾ ਸੁੰਦਰੀ ਆਖਦੀ ਏ ਗਲ ਮੰਨ ਵੀ ਵਾਸਤਾ ਰਬ ਦਾ ਈ ਜਾਨ ਬੁਝ ਮੁਬਾਹਿਸਾ ਠਾਨ ਨਾਹੀਂ ਕੰਮ ਘੜੀ ਦੀ ਘੜੀ ਯਾ ਝੱਬਦਾ ਈ ਤੇਰੇ ਨਾਲ ਹੈ ਬਹੁਤ ਪ੍ਰੀਤ ਮੇਰੀ ਗਲੇ ਲਾ ਮੈਨੂੰ ਕੰਮ ਫਬਦਾ ਈ ‘ਗਯਾਨ' ਇਸ਼ਕ ਨੇ ਸਦਾ ਨਹੀਂ ਰੰਗਲਾਣਾ ਰਾਹ ਜੋਗੀਆਂ ਮੇਲ ਸਬਬਦਾ ਈ ਐਨ-ਅਰਜ਼ ਕੀਤੀ ਹੱਥ ਬੰਨ੍ਹ ਜੋਗੀ ਕਾਹਨੂੰ ਸ਼ੇਖੀਆਂ ਏਡੀਆਂ ਮਾਰਨੀ ਏਂ ਜ਼ੁਲਫਾਂ ਵਿਚ ਨਹੀਂ ਅਸੀਂ ਹਾਂ ਫਸਣ ਵਾਲੇ ਬਾਰ ਬਾਰ ਕਿਉਂ ਵਾਲ ਖਲਾਰਨੀ ਏਂ ਅਸਾਂ ਵੇਂਹਦਿਆਂ ਸਾਰ ਨਿਹਾਰ ਲੀਤਾ ਅੱਖਾਂ ਮਾਰਨੀ ਏਂ ਰੰਨ ਯਾਰਨੀ ਏਂ ‘ਗਯਾਨ’ ਹੁਸਨ ਦਾ ਮਾਨ ਗੁਮਾਨ ਤੈਨੂੰ ਮੁੜ ਮੁੜ ਛਾਤੀਆਂ ਪਈ ਉਭਾਰਨੀ ਏਂ ਗੈਨ-ਗੌਰ ਕਿਆਸ ਕਰ ਸੁਣੀ ਰਾਣੀ ਚਾਰ ਰੋਜ਼ ਦਾ ਹੁਸਨ ਪ੍ਰਾਹੁਣਾ ਈ ਅਜ ਘੁਟ ਗਲਵਕੜੀਆਂ ਪੈਂਦੀਆਂ ਨੀ ਕਲ ਕਿਸੇ ਨਾਹੀਂ ਗਲੇ ਲਾਉਨਾ ਈ ਜਦੋਂ ਗੁਲ ਰੁਖਸਾਰ ਮੁਰਝਾ ਜਾਸਣ ਵੇਖ ਆਸ਼ਕਾਂ ਨੱਕ ਚੜ੍ਹਾਉਣਾ ਈ ‘ਗਯਾਨ’ ਰਹੇਗੀ ਰੱਬ ਨ ਬੰਦਿਆਂ ਦੀ ਫੇਰ ਅੰਤ ਵੇਲੇ ਪਛਤਾਉਣਾ ਈ ਫੇ-ਫੇਰ ਇਹ ਵੱਤ ਨਹੀਂ ਹੱਥ ਆਵੇ ਪਏ ਰੋਵੀਏ ਤੇ ਪਛੋਤਾਵੀਏ ਨੀ ਹਰ ਕੋਈ ਹੈ ਮਤਲਬੀ ਸਾਕ ਹੁੰਦਾ ਆਵੇ ਪਾਸ ਨ ਜਿਨੂੰ ਬੁਲਾਵੀਏ ਨੀ ਓਹ ਵੀ ਰਾਣੀਏਂ ਅੱਖਾਂ ਭੁਆ ਲੈਂਦੇ ਜਿੰਦ ਜਿਨ੍ਹਾਂ ਤੋਂ ਘੋਲ ਘੁਮਾਵੀਏ ਨੀ 'ਗਯਾਨ ਚੰਦ' ਨਹੀਂ ਮੂਰਖਾਂ ਅਕਲ ਮਾਸਾ ਘੜੀ ਰਬ ਦਾ ਨਾਮ ਧਿਆਵੀਏ ਨੀ ਕਾਫ–ਕਹੀ ਗੋਪੀ ਚੰਦ ਗੱਲ ਜਿਸ ਦਮ ਰਾਣੀ ਹੋਸ਼ ਅੰਦਰ ਤੁਰਤ ਆਈਏ ਜੀ ਮੈਨੂੰ ਬਖਸ਼ਦੇ ਜੋਗੀਆ ਭੁਲ ਹੋ ਗਈ ਗਿੱਚੀ ਸ਼ਰਮ ਦੇ ਨਾਲ ਝੁਕਾਈਏ ਜੀ ਓਸੇ ਰੋਜ਼ ਤੋਂ ਈਂ ਬਾਲ ਸੁੰਦਰਾਂ ਨੇ ਨਾਲ ਰਬ ਦੇ ਲਗਨ ਲਗਾਈਏ ਜੀ ‘ਗਯਾਨ ਚੰਦ’ ਵਿਚ ਘੜੀ ਦੇ ਤਾਰ ਦੇਂਦੇ ਏਹੋ ਜੋਗੀਆਂ ਹੱਥ ਸਫਾਈਏ ਜੀ ਗਾਫ-ਗੁਰੂ ਚੇਲਾ ਉਗਰਸੈਨ ਪਹੁੰਚੇ ਗੋਪੀ ਚੰਦ ਦੀ ਸੀ ਜਿਥੇ ਭੈਣ ਬੇਲੀ ਹੈਸੀ ਤੜਫਦੀ ਵੀਰ ਫਰਾਕ ਅੰਦਰ ਆਉਂਦਾ ਨਹੀਂ ਸੀ ਭੈਣ ਨੂੰ ਚੈਨ ਬੇਲੀ 'ਗ੍ਯਾਨ' ਬੀਤਦਾ ਦਿਨ ਵਿਚ ਹੌਕਿਆਂ ਦੇ ਤਾਰੇ ਗਿਣਦਿਆਂ ਲੰਘਦੀ ਰੈਣ ਬੇਲੀ ਲਾਮ-ਲਿਆਈ ਚੰਦ੍ਰਾਵਲੀ ਖੈਰ ਜਿਸ ਦਮ ਹਾਨ ਵੀਰ ਡਿੱਠਾ ਗਸ਼ ਪੈ ਗਈ ਜੀ ਵੇਖ ਵੀਰ ਫਕੀਰ ਦਿਲਗੀਰ ਹੋਈ ਪਈ ਦੰਦਨਾਂ ਤੇ ਉਥੇ ਢੈਹ ਗਈ ਜੀ ਥੋੜੀ ਦੇਰ ਪਿਛੋਂ ਜਦੋਂ ਹੋਸ਼ ਆਈ ਗੋਪੀ ਚੰਦ ਤਾਈਂ ਅੰਦਰ ਲੈ ਗਈ ਜੀ ‘ਗਯਾਨ ਚੰਦ' ਉਦਾਸੀ ਆ ਭੌਰ ਓਹਦਾ ਹੋ ਜੀਵਨੇ ਦੀ ਗੱਲ ਤਹਿ ਗਈ ਜੀ ਮੀਮ-ਮਾਂ ਦਾ ਆਖਿਆ ਮੰਨ ਕੇ ਤੇ ਵੀਰਾ ਏਹ ਕੀ ਖੇਲ ਖਲਾਰਿਆ ਈ ਮੇਰੇ ਬਾਪ ਦਾ ਰਾਜ ਉਜਾੜਿਆ ਈ ਚੰਗਾ ਜੋਗੀਆਂ ਦਾ ਭੇਸ ਧਾਰਿਆ ਈ ਅਜੇ ਖਾਣ ਤੇ ਪੀਣ ਦਾ ਵਕਤ ਤੇਰਾ ਵੀਰਾ ਜਿਉਂਦਿਆਂ ਜੀਨੂੰ ਮਾਰਿਆ ਈ ‘ਗਯਾਨ ਚੰਦ' ਏਹ ਵੇਖਕੇ ਹਾਲ ਤੇਰਾ ਮੈਥੋਂ ਜਾਂਵਦਾ ਨਹੀਂ ਸਹਾਰਿਆ ਈ ਨੂਨ-ਨਾਮ ਦੀ ਜਿਨ੍ਹਾਂ ਸ਼ਰਾਬ ਪੀਤੀ ਪੀਣੀ ਉਹਨਾਂ ਕੀ ਜਗਦੀ ਭੰਗ ਭੈਣੇ ਉਹਨਾਂ ਵਿਚ ਤਾਲਾਬ ਕੀ ਨਹਾਵਨਾ ਏਂ ਕੋਲ ਜਿਨ੍ਹਾਂ ਦੇ ਵਗਦੀ ਗੰਗ ਭੈਣੇ ਏਸ ਨਾਮ ਦਾ ਵੱਖਰਾ ਰੰਗ ਹੈ ਨੀ ਵੇਖ ਰੰਗ ਮਜੀਠ ਵੀ ਦੰਗ ਭੈਣੇ ‘ਗਯਾਨ' ਗ੍ਰਹਿਸਤੀਆਂ ਨੂੰ ਹੁੰਦੀ ਲੱਜ ਬਾਂਬਾਂ ਐ ਪਰ ਜੋਗੀਆਂ ਨੂੰ ਕਾਹਦੀ ਸੰਗ ਭੈਣੇ ਵਾ-ਵੇਖ ਨਾ ਵੀਰ ਦਾ ਹਾਲ ਸੱਕੀ ਗਸ਼ਾਂ ਪੈ ਗਈਆਂ ਦਿਲ ਘਟ ਗਿਆ ਤਨ ਵੀਰ ਦੇ ਜਦੋਂ ਭਬੂਤ ਡਿੱਠੀ ਅੱਖਾਂ ਅਤੇ ਚਾਈ ਸੀਨਾ ਫਟ ਗਿਆ ਜਿਹਾ ਜੀ ਘਟਿਆ ਚੰਦ੍ਰਾਵਲੀ ਦਾ ਕਾਲ ਉਖਲੀ ਪਾਇਕੇ ਛਟ ਗਿਆ ‘ਗਯਾਨ’ ਰੂਹ ਕਲਬੂਤ ਨੂੰ ਸਟ ਗਿਆ ਗੋਯਾ ਛੋੜ ਵਨਜਾਰੜਾ ਹਟ ਗਿਆ ਹੇ-ਹੋਰ ਕੀ ਲਿਖਾਂ ਬਿਆਨ ਏਹਦਾ ਗੋਪੀ ਚੰਦ ਮੈਂ ਕੀਤਾ ਤਮਾਮ ਹੈ ਜੀ ਕੰਮ ਅਕਲ ਤੇ ਕੁੰਦ ਦਿਮਾਗ਼ ਮੇਰਾ ਤੋੜ ਰੱਬ ਨੇ ਚਾਹੜਯਾ ਕਾਮ ਹੈ ਜੀ ਕੰਮ ਓਸਦਾ ਕਿਵੇਂ ਨਾ ਹੋਏ ਪੂਰਾ ਮਦਦਗਾਰ ਜਿਸਦਾ ਮੇਰਾ ਰਾਮ ਹੈ ਜੀ ਸੁਬ੍ਹਾਸ਼ਾਹ ਜੇ ਏਸਨੂੰ ਪੜ੍ਹਨ ਹਿੰਦੂ ਖੁਲਾ ਓਹਨਾਂ ਲਈ ਸ੍ਵਰਗ ਦਾ ਧਾਮ ਹੈ ਜੀ ਯੇ-ਯਾਦ ਕਰੋ ਸਦਾ ਰੱਬ ਤਾਈਂ ਵਾਲੀ ਮਾਲੀ ਜੋ ਬਾਗ ਜਹਾਨ ਦਾ ਏ ਬੂਟੇ ਬੂਟੇ ਦੀ ਰੱਖਦਾ ਸੋਚ ਹੈਵੇ ਓਥੇ ਕੰਮ ਨਾ ਭੁਲਣ ਭੁਲਾਨ ਦਾ ਏ ਫਿਕਰ ਇਕ ਨੂੰ ਤਖ਼ਤ ਬਹਾਨਦਾ ਏ ਅਤੇ ਇਕ ਨੂੰ ਤਖ਼ਤਾ ਵਖਾਣ ਦਾ ਏ ‘ਗਯਾਨ ਚੰਦ’ ਕੀ ਓਸਦੀ ਲਿਖਾਂ ਮਹਿਮਾਂ ਅਜਬ ਸਿਲਸਲਾ ਮੇਰੇ ਭਗਵਾਨ ਦਾ ਏ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗਿਆਨ ਚੰਦ ‘ਧੌਣ’
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ