Randhir ਰਣਧੀਰ

ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ ਦੇ ਮਾਪਿਆਂ ਪਿਤਾ ਜੀ ਸ. ਭਾਗ ਸਿੰਘ ਅਤੇ ਮਾਤਾ ਸਿੰਦਰ ਕੌਰ ਦੇ ਨਾਲ ਨਾਲ ਪਤਨੀ ਰੀਤ ਨੂੰ ਵੀ ਹੈ। ਢਾਈ ਮਹੀਨੇ ਦੀ ਇੱਕ ਬੇਟੀ ਮੁਬਾਰਕ ਕੌਰ ਜਦ ਵੱਡੀ ਹੋਵੇਗੀ ਤਾਂ ਕਿੰਨਾ ਮਾਣ ਮਹਿਸੂਸ ਕਰੇਗੀ ਕਿ ਮੇਰੇ ਜੰਮਣ ਸਾਰ ਮੇਰੇ ਬਾਬਲ ਨੂੰ ਏਨਾ ਵੱਡਾ ਸਾਹਿੱਤ ਪੁਰਸਕਾਰ ਮਿਲਿਆ। ਨਾਭਾ ਕਵਿਤਾ ਉਤਸਵ ਉਪਰ ਉਸਨੂੰ “ਕੰਵਰ ਚੌਹਾਨ ਨਵ-ਪ੍ਰਤਿਭਾ ਪੁਰਸਕਾਰ 2024”ਵੀ ਇਸੇ ਕਿਤਾਬ ਲਈ ਮਿਲ ਚੁਕਾ ਹੈ।

18 ਜੁਲਾਈ 1990 ਨੂੰ ਪਿੰਡ ਘਨੌੜ ਰਾਜਪੂਤਾਂ(ਦਿੜਬਾ) ਸੰਗਰੂਰ ਵਿਖੇ ਜਨਮੇ ਰਣਧੀਰ ਨੇ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ, ਕਮਾਲਪੁਰ ਵਿਖੇ ਪ੍ਰਾਪਤ ਕੀਤੀ। ਉਸ ਨੇ ਗਰੈਜੂਏਸ਼ਨ ਪਬਲਿਕ ਕਾਲਜ ਸਮਾਣਾ ਤੋਂ ਅਤੇ ਐਮ.ਏ (ਪੰਜਾਬੀ)ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ। ਐਮ. ਫਿਲ ਦੀ ਪੜ੍ਹਾਈ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਵਿੰਦਰ ਸੈਣੀ ਦੀ ਨਿਗਰਾਨੀ ਹੇਠ ਨਿਰੰਜਨ ਸਿੰਘ ਨੂਰ ਦੀ ਗ਼ਜ਼ਲ : ਪਰਵਾਸੀ ਸਰੋਕਾਰ ਅਤੇ ਸੰਚਾਰ ਵਿਸ਼ੇ ਤੇ ਕੀਤੀ।
ਵਰਤਮਾਨ ਸਮੇਂ ਉਹ ਸਰਕਾਰੀ ਹਾਈ ਸਕੂਲ,ਖੇਤਲਾ (ਸੰਗਰੂਰ)ਵਿਖੇ ਪੰਜਾਬੀ ਮਾਸਟਰ ਵਜੋਂ ਕਾਰਜਸ਼ੀਲ ਹੈ।

ਸਾਹਿੱਤ ਪੜ੍ਹਨ ਤੇ ਸਿਰਜਣ ਦੀ ਪ੍ਰੇਰਨਾ ਸਕੂਲ ਸਮੇਂ ਦੌਰਾਨ ਗ਼ਜ਼ਲਗੋ ਬਲਕਾਰ ਔਲਖ ਜੋ ਉਸਦੇ ਅਧਿਆਪਕ ਸਨ, ਤੋਂ ਪ੍ਰੇਰਨਾ ਲਈ। ਉਹ ਅਕਸਰ ਸ਼ਾਇਰੀ ਸੁਣਾਉਂਦੇ ਜਾਂ ਕਿਸੇ ਕਵੀ ਦੀ ਕਿਤਾਬ ਦੀ ਚਰਚਾ ਕਰਦੇ ਸਨ। ਇਹਨਾਂ ਤੋਂ ਬਿਨਾਂ ਉਨ੍ਹਾਂ ਦੇ ਪਿੰਡ ਦਾ ਗੀਤਕਾਰ ਗੁਰਜੰਟ ਜੌੜੀਆਂ ਘਨੌੜ ਵੀ ਸਾਹਿਤ ਪੜਦਾ ਸੀ ਤੇ ਉਸਨੂੰ ਵੀ ਪੜਨ ਲਈ ਪ੍ਰੇਰਦਾ। ਇਹਨਾਂ ਦੋਵਾਂ ਦੇ ਪ੍ਰਭਾਵ ਹੇਠ ਆ ਕੇ ਸਕੂਲ ਸਮੇਂ ਤੋਂ ਹੀ ਉਸ ਨੇ ਸਾਹਿਤ ਪੜ੍ਹਨ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ।
ਰਣਧੀਰ ਹੁਣ ਤੱਕ ਸਾਹਿੱਤਕ ਮੈਗਜ਼ੀਨ ਹੁਣ, ਸਰੋਕਾਰ, ਰਾਗ ਵਿੱਚ ਛਪਣ ਤੋਂ ਬਿਨਾਂ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਵੀ ਕਵਿਤਾਵਾਂ ਪ੍ਰਕਾਸ਼ਿਤ ਕਰਦਾ ਰਿਹਾ ਹੈ।
ਇਸ ਸੰਭਾਵਨਾਵਾਂ ਭਰਪੂਰ ਸ਼ਾਇਰ ਦੀਆਂ ਕੁਝ ਰਚਨਾਵਾਂ ਨਾਲ ਤੁਸੀਂ ਵੀ ਸਾਂਝ ਪਾਉ। - ਗੁਰਭਜਨ ਗਿੱਲ