Punjabi Ghazlan Rauf Sheikh

ਪੰਜਾਬੀ ਗ਼ਜ਼ਲਾਂ ਰਊਫ਼ ਸ਼ੇਖ਼

੧. ਉਨ੍ਹਾਂ ਨੇ 'ਜੀ-ਆਇਆਂ' ਕਹਿਣ ਦਾ, ਢੰਗ ਮਿਸ਼ਾਲੀ ਰੱਖਿਆ

ਉਨ੍ਹਾਂ ਨੇ 'ਜੀ-ਆਇਆਂ' ਕਹਿਣ ਦਾ, ਢੰਗ ਮਿਸ਼ਾਲੀ ਰੱਖਿਆ ।
ਦਿਨ-ਵੇਲੇ ਵੀ ਬੂਹੇ ਅੱਗੇ, ਦੀਵਾ ਬਾਲੀ ਰੱਖਿਆ ।

ਅਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਹੀਂ ਦੂਜੇ ਨੂੰ,
ਅੰਦਰੋਂ ਟੁੱਟੇ ਪਰ ਚਿਹਰੇ ਦਾ, ਖ਼ੋਲ ਸੰਭਾਲੀ ਰੱਖਿਆ ।

ਚਾਰ-ਚੁਫ਼ੇਰੇ ਸਾਰੇ ਪਿੰਡ ਉਜਾੜੇ ਜਿਸ ਦੇ ਕਦਮਾਂ,
ਉਹਨੂੰ ਅਸਾਂ ਵੰਗਾਰਕੇ ਅਪਣੇ ਬਾਗ਼ ਦਾ ਮਾਲੀ ਰੱਖਿਆ ।

ਦੁਨੀਆਂ ਦੇ ਦੋ ਪਾਸੜ ਦੰਦਿਆਂ, ਦੇ ਵਿੱਚ ਉਮਰ ਗੁਜ਼ਾਰੀ,
ਅੱਖੀਆਂ ਅੱਗੇ ਪਰ ਫੁੱਲਾਂ ਦਾ, ਰੂਪ ਖ਼ਿਆਲੀ ਰੱਖਿਆ ।

ਲੋਕਾਂ ਨੂੰ ਏਸੇ ਧਰਤੀ 'ਤੇ ਹਰ ਨਿਆਮਤ ਦੇ ਦਿੱਤੀ,
ਸਾਨੂੰ ਨਵੇਂ-ਜਹਾਨਾਂ ਦੇ ਵਾਅਦੇ 'ਤੇ ਟਾਲੀ ਰੱਖਿਆ ।

ਉਹੋ ਸ਼ਹਿਰ ਦੇ ਸਭ ਤੋਂ ਸਸਤੇ, ਹੋਟਲ ਦੇ ਵਿੱਚ ਟਿਕਿਆ,
ਜਿਸ ਲਈ ਘਰ ਦਾ ਸਭ ਤੋਂ ਮਹਿੰਗਾ-ਕਮਰਾ ਖ਼ਾਲੀ ਰੱਖਿਆ ।

ਡੁੱਬਿਆ ਤੇ ਨਹੀਂ 'ਰਊਫ਼' ਕਿਸੇ ਨੇ ਯਾਦ ਵੀ ਉਸ ਨੂੰ ਕੀਤਾ,
ਜਿਹੜੇ ਸੂਰਜ ਦੀ ਰੁਸ਼ਨਾਈ, ਸ਼ਹਿਰ ਉਜਾਲੀ ਰੱਖਿਆ ।

੨. ਵੇਲੇ ਦੇ ਅੱਥਰੇ-ਘੋੜੇ 'ਤੇ, ਪੱਕਿਆਂ ਹੋ ਕੇ ਬਹਿਣ ਲਈ

ਵੇਲੇ ਦੇ ਅੱਥਰੇ-ਘੋੜੇ 'ਤੇ, ਪੱਕਿਆਂ ਹੋ ਕੇ ਬਹਿਣ ਲਈ ।
ਮੇਰੇ ਦੌਰ ਦੇ ਵਸਨੀਕਾਂ ਨੇ, ਅਫ਼ਰਾ-ਤਫ਼ਰੀ ਪਹਿਨ ਲਈ ।

ਵੱਡਿਆਂ ਹੋ ਕੇ ਵੀ ਉਨ੍ਹਾਂ ਦਾ, ਜ਼ਰਾ ਵਤੀਰਾ ਬਦਲਿਆ ਨਾ,
ਨਿੱਕਿਆਂ ਹੁੰਦਿਆਂ ਲੜਦੇ ਰਹੇ ਨੇ, ਜਿਹੜੇ ਇੱਕ-ਇੱਕ ਟਹਿਣ ਲਈ ।

ਸ਼ਹਿਰਾਂ ਦੀ ਵੱਸੋਂ ਦੇ ਮਸਲੇ, ਪਹਿਲਾਂ ਤੋਂ ਕੁਝ ਵਧ ਗਏ ਨੇ,
ਰਾਹ ਨਹੀਂ ਲੱਭਦਾ ਲੰਘਣ ਦੇ ਲਈ, ਘਰ ਨਹੀਂ ਲੱਭਦਾ ਰਹਿਣ ਲਈ ।

ਜੋ ਬਣਿਆ ਏ ਉਹ ਟੁੱਟਿਆ ਏ, ਏਹੋ ਰੀਤ ਏ ਦੁਨੀਆਂ ਦੀ,
ਭਾਂਡਾ ਘੜਿਆ ਭੱਜਣ ਦੇ ਲਈ, ਕੰਧ ਉਸਾਰੀ ਢਹਿਣ ਲਈ ।

ਕਿਸਮਤ ਵਿੱਚ ਲਿਖੀ ਏ ਭਾਜੜ, ਯਾ ਪੈਰਾਂ ਵਿੱਚ ਚੱਕਰ ਨੇ,
ਯਾ ਫਿਰ ਮੈਨੂੰ ਥਾਂ ਨਹੀਂ ਲੱਭੀ, ਅਪਣੇ ਘਰ ਵਿੱਚ ਰਹਿਣ ਲਈ ।

ਅੱਖੀਆਂ ਨੇ ਤਸਵੀਰਾਂ ਖਿੱਚੀਆਂ, ਕੰਨਾਂ ਹਰਫ਼ ਸੰਭਾਲੇ ਨੇ,
ਚੁੱਪਾਂ ਨੇ ਖੋਲ੍ਹੇ ਨੇ ਦਫ਼ਤਰ, ਕੁਝ ਬਚਿਆ ਨਹੀਂ ਕਹਿਣ ਲਈ ।

ਇਹਦੇ ਵਿੱਚ ਬੈਠਣ ਦੀ ਖ਼ਾਤਰ, ਕੀ ਕੀ ਪਾਪੜ ਵੇਲੇ ਨਹੀਂ ?
'ਰਊਫ਼' ਮੈਂ ਤਰਲੇ ਪਾਉਂਦਾ ਫਿਰਨਾਂ, ਜਿਸ ਗੱਡੀ ਤੋਂ ਲਹਿਣ ਲਈ ।

੩. ਮੇਰੇ ਘਰ ਦੀਆਂ ਕੰਧਾਂ ਦੇ ਵਿੱਚ, ਜੇ ਕਰ ਆਲੇ ਹੁੰਦੇ

ਮੇਰੇ ਘਰ ਦੀਆਂ ਕੰਧਾਂ ਦੇ ਵਿੱਚ, ਜੇ ਕਰ ਆਲੇ ਹੁੰਦੇ ।
ਅਪਣੀ ਸ਼ੁਹਰਤ ਖ਼ਾਤਰ ਮੈਂ ਵੀ, ਦੀਵੇ ਬਾਲੇ ਹੁੰਦੇ ।

ਦਿਨ ਚੜ੍ਹਦਾ ਤੇ ਸਾਰੀ ਖ਼ਲਕਤ ਅੱਖੀਆਂ ਖੋਲ੍ਹ ਕੇ ਵਿੰਹਦੀ,
ਲੁਕੋ ਕਦੀ ਨਹੀਂ ਰਹਿੰਦੇ ਕਿਧਰੇ, ਜਦੋਂ ਉਜਾਲੇ ਹੁੰਦੇ ।

ਉਨ੍ਹਾਂ ਦੇ ਅੰਦਰ ਦਾ ਹਰ ਇੱਕ ਕਮਰਾ ਖ਼ਾਲਮ-ਖ਼ਾਲੀ,
ਜਿਨ੍ਹਾਂ ਘਰਾਂ ਦੇ ਬੂਹਿਆਂ ਉੱਤੇ ਲੱਗੇ ਤਾਲੇ ਹੁੰਦੇ ।

ਨਵੇਂ-ਦੌਰ ਦੀ ਸਭ ਤੋਂ ਵੱਡੀ ਕਮਜ਼ੋਰੀ ਏ 'ਦੌਲਤ',
ਉੱਥੇ ਭੀੜਾਂ ਲੱਗਣ ਜਿੱਥੇ ਦੌਲਤ ਵਾਲੇ ਹੁੰਦੇ ।

ਪਿਛਲੀ-ਉਮਰੇ ਮੇਰੇ ਕੋਲ ਨਹੀਂ, ਕੋਈ ਵੀ ਅਪਣਾ ਪਿਆਰਾ,
ਆਲ-ਦੁਆਲੇ ਰਹਿੰਦੇ ਜੇ ਮੈਂ ਸੱਪ ਵੀ ਪਾਲੇ ਹੁੰਦੇ ।

ਏਸ ਦੌਰ ਦੀ ਹੇਰਾਫੇਰੀ, ਸਾਡਾ ਉਹਲਾ ਬਣ ਗਈ,
ਨਹੀਂ ਤੇ ਸਾਡਿਆਂ ਹੱਥਾਂ ਦੇ ਵਿੱਚ ਜ਼ਹਿਰ-ਪਿਆਲੇ ਹੁੰਦੇ ।

ਅਫ਼ਰਾ-ਤਫ਼ਰੀ ਦੀ ਧਰਤੀ 'ਤੇ ਅੱਜ ਮੇਰੇ ਕੰਮ ਆਉਂਦੇ,
ਪਹਿਲੀ-ਉਮਰ ਦੇ ਜੇ ਕੁਝ ਲਮਹੇ 'ਰਊਫ਼' ਸੰਭਾਲੇ ਹੁੰਦੇ ।

੪. ਗੱਲ 'ਤੇ ਪਹਿਰਾ ਦਿੰਦਾ, ਭਾਵੇਂ ਕੱਲਮ-ਕੱਲਾ ਹੁੰਦਾ

ਗੱਲ 'ਤੇ ਪਹਿਰਾ ਦਿੰਦਾ, ਭਾਵੇਂ ਕੱਲਮ-ਕੱਲਾ ਹੁੰਦਾ ।
ਵੇਲੇ ਵਾਂਗੂੰ ਜੇ ਨਾ ਮੇਰਾ, ਯਾਰ ਨਿਗੱਲਾ ਹੁੰਦਾ ।

ਮੈਨੂੰ ਅਕਲ-ਅਹਿਸਾਸ ਦੇ ਨਾਂ 'ਤੇ ਕੀ ਕੀ ਜ਼ਖ਼ਮ ਨੇ ਦਿੱਤੇ,
ਲੱਖਾਂ ਦੁੱਖਾਂ ਤੋਂ ਬਚ ਜਾਂਦਾ ਜੇ ਮੈਂ ਝੱਲਾ ਹੁੰਦਾ ।

ਅਪਣੇ ਆਲ-ਦੁਆਲੇ ਕੋਲੋਂ ਅੱਕਿਆ ਹੋਇਆ ਬੰਦਾ,
ਮਰ ਜਾਂਦਾ ਜੇ ਏਸ ਦੌਰ ਵਿੱਚ, ਮਰਨ ਸੁਖੱਲਾ ਹੁੰਦਾ ।

ਗ਼ਰਜ਼ਾਂ ਦੀ ਬੇਦਰਦ-ਹਵਾ ਨਾ ਉਹਨੂੰ ਰੇੜ੍ਹ ਲਿਜਾਂਦੀ,
ਜੇ ਭਾਂਡੇ ਦਾ ਹੋਰ ਜ਼ਰਾ ਕੁ ਭਾਰਾ ਥੱਲਾ ਹੁੰਦਾ ।

ਆਪ ਸਹੇੜਿਆਂ ਝੰਜਟਾਂ ਵਿੱਚੋਂ ਜੇ ਫ਼ੁਰਸਤ ਮਿਲ ਜਾਂਦੀ,
ਮੈਂ ਅਪਣੇ ਘਰ ਜਾਂਦਾ, ਭਾਵੇਂ ਪੰਧ ਕੁਵੱਲਾ ਹੁੰਦਾ ।

ਓਸੇ ਦੀ ਵਿਕਰੀ ਘਟ ਜਾਂਦੀ, ਉਹਦੀ ਮੰਗ ਨਹੀਂ ਰਹਿੰਦੀ,
ਮੰਡੀ ਦੇ ਵਿੱਚ ਜਿਹੜੀ ਸ਼ੈ ਦਾ ਮੁੱਲ ਸਵੱਲਾ ਹੁੰਦਾ ।

ਚਾਵਾਂ ਦੀ ਪਰ੍ਹਿਆ ਵਿੱਚ ਉਹਦੇ ਸੰਗੀ-ਸਾਥ ਬਥੇਰੇ,
ਸੋਚਾਂ ਦੇ ਵਿੱਚ ਡੁੱਬਿਆ ਹੋਇਆ 'ਰਊਫ਼' ਇਕੱਲਾ ਹੁੰਦਾ ।

੫. ਯਾਰਾਂ ਦੇ ਨਾਲ ਹਾਦਸਾ, ਹੋਇਆ ਕਮਾਲ ਦਾ

ਯਾਰਾਂ ਦੇ ਨਾਲ ਹਾਦਸਾ, ਹੋਇਆ ਕਮਾਲ ਦਾ ।
ਦੂਜਾ ਵੀ ਚੋਰ ਨਿਕਲਿਆ, ਪਜਿਲੇ ਦੇ ਨਾਲ ਦਾ ।

ਅੱਖਾਂ ਦੇ ਨਾਲ ਜ਼ਹਿਨ ਵੀ, ਡੰਗੂਗੀ ਰੌਸ਼ਨੀ,
ਜੇ ਜਾਣਦਾ ਤੇ ਮੈਂ ਕਦੀ, ਦੀਵੇ ਨਾ ਬਾਲਦਾ ।

ਭੱਜਦੇ ਨੇ ਲੋਕ ਸ਼ਹਿਰ ਦੇ, ਏਦਾਂ ਅੜੋ-ਤੜੀ,
ਭੱਜਦਾ ਏ ਜਿਸ ਤਰ੍ਹਾਂ ਕੋਈ, ਡਰਿਆ ਭੁਚਾਲ ਦਾ ।

ਉਹਨੇ ਵੀ ਵਕਤ ਦੇਖ ਕੇ ਲਹਿਜਾ ਵਟਾ ਲਿਆ,
ਜਿਸ ਨੂੰ ਰਿਹਾ ਸਾਂ ਸਾਰੀ ਹਿਆਤੀ ਮੈਂ ਪਾਲਦਾ ।

ਲੋਕਾਂ ਨੇ ਐਵੇਂ ਜ਼ਾਤ ਨੂੰ ਮੌਜ਼ੂ ਬਣਾ ਲਿਆ,
ਰੌਲਾ ਸੀ ਉਹਦੀ ਕਾਰ ਦਾ, ਬੰਗਲੇ ਦਾ, ਮਾਲ ਦਾ ।

ਰਿਸ਼ਤੇ ਦੀ ਤੇਜ਼-ਨੋਕ 'ਤੇ ਪਲ ਵੀ ਨਹੀਂ ਠਹਿਰਿਆ,
ਜਿਸ ਨੂੰ ਜਵਾਬ ਮਿਲ ਗਿਆ ਉਹਦੇ ਸਵਾਲ ਦਾ ।

ਓਸੇ ਨੂੰ 'ਰਊਫ਼' ਲਾ ਲਿਆ ਸੀਨੇ ਦੇ ਨਾਲ ਮੈਂ,
ਮਿਲਿਆ ਏ ਜਿਹੜਾ ਸ਼ਖ਼ਸ ਵੀ, ਹਟਵੇਂ-ਖ਼ਿਆਲ ਦਾ ।

੬. ਬਹੁਤੇ ਦੀਵੇ ਰਾਹ ਵਿੱਚ ਬਾਲੇ ਜਾਂਦੇ ਨੇ

ਬਹੁਤੇ ਦੀਵੇ ਰਾਹ ਵਿੱਚ ਬਾਲੇ ਜਾਂਦੇ ਨੇ ।
ਮੰਜ਼ਲ ਤੱਕ ਤੇ ਕਿਸਮਤ ਵਾਲੇ ਜਾਂਦੇ ਨੇ ।

ਮਾਂਵਾਂ ਨਾਲ ਕੀ ਰਿਸ਼ਤੇ ਉਨ੍ਹਾਂ ਬੱਚਿਆਂ ਦੇ,
ਨਰਸਰੀਆਂ ਵਿੱਚ ਜਿਹੜੇ ਪਾਲੇ ਜਾਂਦੇ ਨੇ ।

ਉਥੇ ਉੱਗ ਨਹੀਂ ਸਕਦਾ ਰੁੱਖ ਮੁਹੱਬਤ ਦਾ,
ਜਿਹੜੀ ਥਾਂ 'ਤੇ ਸਿੱਕੇ ਢਾਲੇ ਜਾਂਦੇ ਨੇ ।

ਕਿਸੇ ਕਿਸੇ ਨੂੰ ਅੱਜ ਸਹਾਰਾ ਮਿਲਦਾ ਏ,
ਬਹੁਤੇ ਬੰਦੇ ਕੱਲ੍ਹ 'ਤੇ ਟਾਲੇ ਜਾਂਦੇ ਨੇ ।

ਇਹ ਦੁਨੀਆਂ ਏ, ਏਥੇ ਯਾਰੀ ਲਾ ਕੇ ਵੀ,
ਇੱਕ-ਦੂਜੇ ਦੇ ਐਬ ਉਛਾਲੇ ਜਾਂਦੇ ਨੇ ।

ਉਨ੍ਹਾਂ ਦੇ ਡਿੱਗਣ ਦੇ ਚਰਚੇ ਹੁੰਦੇ ਨਹੀਂ,
ਜਿਹੜੇ ਅੱਧ ਵਿਚਕਾਰ ਸੰਭਾਲੇ ਜਾਂਦੇ ਨੇ।

ਸਫ਼ਰਾਂ ਦੇ ਵਿਚ ਸੰਗਤ ਰੋਜ਼ ਬਦਲਦੀ ਏ,
ਮੰਜ਼ਿਲ ਤਕ ਪੈਰਾਂ ਦੇ ਛਾਲੇ ਜਾਂਦੇ ਨੇ।

ਸਾਡੇ ਨਾਲ ਇਕਲਾਪਾ ਟੁਰਦਾ ਡਰਦਾ ਏ,
ਉਨ੍ਹਾਂ ਦੇ ਨਾਲ ਆਲ-ਦੁਆਲੇ ਜਾਂਦੇ ਨੇ ।

ਕਦੀ ਵੀ ਉਹ ਰੁਸ਼ਨਾ ਨਹੀਂ ਸਕਦੇ ਵਿਹੜੇ ਨੂੰ,
ਜਿਹੜੇ ਚਾਨਣ 'ਰਊਫ਼' ਉਧਾਲੇ ਜਾਂਦੇ ਨੇ ।

7. ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਹਾਂ

ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਹਾਂ ।
ਡੁਬਦੇ ਹੋਏ ਜ਼ਮੀਰ ਦੀ ਚੁਪ ਚਾਪ ਚੀਕ ਹਾਂ ।

ਦੂਰੀ ਨੇ ਮੇਰੀ ਸੋਚ ਦਾ ਅੰਦਾਜ਼ ਬਦਲਿਆ,
ਜਦ ਤਕ ਮੈਂ ਤੇਰੇ ਨਾਲ ਸਾਂ ਤਦ ਤੀਕ ਠੀਕ ਸਾਂ ।

ਇਕਲਾਪਿਆਂ ਦੀ ਅੱਗ ਵਿਚ ਸੜਨਾ ਨਸੀਬ ਸੀ,
ਯਾਰੀ ਤੇ ਦੁਸ਼ਮਣੀ ਦੇ ਵਿਚਕਾਰ ਲੀਕ ਸਾਂ ।

ਬੇਗ਼ਰਜ਼ੀਆਂ ਦਾ ਢੌਂਗ ਰਚਾ ਕੇ ਜ਼ਮੀਨ 'ਤੇ,
ਖ਼ੁਦਗਰਜ਼ੀਆਂ ਦੇ ਅਰਸ਼ 'ਤੇ ਅਪਣੀ ਉਡੀਕ ਸਾਂ ।

ਪਰਕਾਰ ਲੈ ਕੇ ਮੈਨੂੰ ਜ਼ਮਾਨੇ ਨੇ ਪਰਖਿਆ,
ਮੈਂ ਦਾਇਰੇ 'ਚ ਸਾਂ ਮਗਰ ਨੁਕਤਾ ਬਰੀਕ ਸਾਂ ।

ਜਿਸਨੇ ਸਮੇਂ ਦੀ ਜੀਭ ਤੋਂ ਗੁਫ਼ਤਾਰ ਖੋਹ ਲਈ,
ਮੈਂ ਵੀ ਤੇ ਉਹਦੇ ਜੁਰਮ ਦੇ ਅੰਦਰ ਸ਼ਰੀਕ ਸਾਂ ।

ਸੱਚਾਈਆਂ ਦੇ ਇਲਮ ਦਾ ਵੰਡਣਗੇ ਚਾਨਣਾ,
ਮੈਂ 'ਰਊਫ' ਜੋ ਕਿਤਾਬ ਵਿਚ ਅੱਖਰ ਉਲੀਕਸਾਂ।