ਰਵਿੰਦਰ ਸਹਿਰਾਅ ਅਮਰੀਕਾ ਵੱਸਦਾ ਪੰਜਾਬੀ ਕਵੀ ਹੈ ਜਿਸ ਨੇ 1980ਵਿਆਂ ਦੇ ਸ਼ੁਰੂ ਵਿੱਚ ਅਮਰੀਕਾ ਵਾਸ ਕਰ ਲਿਆ।
ਰਵਿੰਦਰ ਦੀਆਂ ਹੁਣ ਤੀਕ 8 ਕਾਵਿ ਪੁਸਤਕਾਂ ਤੇ ਦੋ ਵਾਰਤਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿੰਨ੍ਹਾਂ ਵਿੱਚੋਂ ਇੱਕ ਸਫ਼ਰਨਾਮਾ “ਲਾਹੌਰ ਨਾਲ ਗੱਲਾਂ” ਹੈ।
ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਪਿਤਾ ਦਾ ਨਾਮ ਸ. ਮਹਾਂ ਸਿੰਘ ਅਤੇ ਮਾਤਾ ਦਾ ਨਾਮ ਬੇਅੰਤ ਕੌਰ ਹੈ। ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲੈਣ ਉਪਰੰਤ ਦਸਵੀਂ ਦੀ ਪੜ੍ਹਾਈ ਗੌਰਮਿੰਟ ਹਾਈ ਸਕੂਲ ਮਹੇੜੂ ਜ਼ਿਲ੍ਹਾ ਕਪੂਰਥਲਾ ਤੋਂ ਕੀਤੀ। ਗਰੈਜੁਏਸ਼ਨ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਕੀਤੀ।
ਰਵਿੰਦਰ ਸਹਿਰਾਅ ਨੇ ਆਪਣਾ ਸਾਹਿਤਕ ਸਫ਼ਰ ਹਾਈ ਸਕੂਲ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਲਿਆ ਜਦ ਉਸ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।
ਰਵਿੰਦਰ ਸਹਿਰਾਅ ਦੀਆਂ ਲਿਖਤਾਂ ਵਿੱਚ ਕਾਵਿ-ਸੰਗ੍ਰਹਿ - ਚੁਰਾਏ ਪਲਾਂ ਦਾ ਹਿਸਾਬ (1980), ਜ਼ਖ਼ਮੀ ਪਲ (1989), ਰਿਸ਼ਤਾ ਸ਼ਬਦ ਸਲੀਬਾਂ ਦਾ (1998), ਅੱਖਰਾਂ ਦੀ ਲੋਅ (2007), ਕਾਗਦ ਕਲਮ ਕਿਤਾਬ (ਸਮੁੱਚੀ ਰਚਨਾ - 2009 ਤੀਕ ਦੀ ਕਾਵਿ ਰਚਨਾ) ਅਤੇ ਕੁਝ ਨਾ ਕਹੋ ਸ਼ਾਮਿਲ ਹਨ।
ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪੜ੍ਹਦਿਆਂ ਰਵਿੰਦਰ ਸਹਿਰਾਅ ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀ ਜਥੇਬੰਦੀ ਦੇ ਸੰਪਰਕ ਵਿੱਚ ਆਇਆ ਅਤੇ ਖ਼ੁਦ ਵੀ ਇਸ ਜਥੇਬੰਦੀ ਦਾ ਸਰਗਰਮ ਸਾਥੀ ਬਣ ਗਿਆ। ਬਾਅਦ ਵਿੱਚ ਉਹ ਇਸ ਜਥੇਬੰਦੀ ਦਾ ਪੰਜਾਬ ਪ੍ਰਧਾਨ ਵੀ ਬਣਿਆ। ਉਨ੍ਹਾਂ ਦੀ ਅਗਵਾਈ ਵਿੱਚ ਜਦੋਂ 1974 ਵਿੱਚ ਇਸ ਜਥੇਬੰਦੀ ਨੇ ਖੇਤੀ ਇੰਸਪੈਕਟਰਾਂ ਦੀ ਹਮਾਇਤ ਵਿੱਚ ਹੜਤਾਲ ਕੀਤੀ ਤਾਂ ਇਸ ਨੂੰ ਕਪੂਰਥਲਾ ਜੇਲ੍ਹ ਵਿੱਚ ਦੋ ਮਹੀਨੇ ਨਜ਼ਰਬੰਦ ਵੀ ਕੀਤਾ ਗਿਆ।
ਇਸ ਉਪਰੰਤ 1975 ਵਿੱਚ ਦੇਸ਼ ਵਿੱਚ ਜਦ ਐਮਰਜੈਂਸੀ ਲੱਗ ਗਈ ਤਾਂ ਇਸ ਦੀ ਕਿਸੇ ਵੀ ਕਾਲਜ ਵਿੱਚ ਦਾਖ਼ਲੇ 'ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ। ਰਵਿੰਦਰ ਸਹਿਰਾਅ ਕੁਝ ਸਮਾਂ ਆਪਣੇ ਪਿੰਡ ਹਰਦੋ ਫ਼ਰਾਲਾ ਦਾ ਸਰਪੰਚ ਵੀ ਰਿਹਾ।
ਹੁਣ ਵੀ ਉਹ ਆਪਣੇ ਪਿੰਡ ਦੇ ਵਿਕਾਸ ਵਿੱਚ ਆਪਣੀ ਜੀਵਨ ਸਾਥਣ ਨੀਰੂ ਦੇ ਸਹਿਯੋਗ ਨਾਲ ਅਮਰੀਕਾ ਬੈਠਾ ਵੀ ਸਰਗਰਮ ਹਿੱਸਾ ਪਾ ਰਿਹਾ ਹੈ। — ਗੁਰਭਜਨ ਗਿੱਲ