Ravindernath Tagore : Harpal Singh Pannu

ਰਵਿੰਦਰਨਾਥ ਟੈਗੋਰ : ਹਰਪਾਲ ਸਿੰਘ ਪੰਨੂ

ਮੁਗਲਾਂ ਦੇ ਭਾਰਤ ਵਿਚ ਹਮਲਿਆਂ ਤੋਂ ਪਹਿਲਾਂ ਬ੍ਰਾਹਮਣ ਮੱਤ ਅਤੇ ਸ਼ਰੱਮਣ ਮੱਤ ਦੀ ਸਖਤ ਟੱਕਰ ਰਹੀ। ਪਹਿਲਾਂ ਜੈਨੀਆਂ ਨੇ ਯੱਗ ਆਦਿਕ ਕਰਮਕਾਂਡ ਦੌਰਾਨ ਹੋਣ ਵਾਲੀਆਂ ਰਸਮਾਂ, ਖਾਸ ਕਰਕੇ ਬਲੀ ਦੀ ਰਸਮ ਦਾ ਡਟਕੇ ਵਿਰੋਧ ਕੀਤਾ। ਪਿਛੋਂ ਮਹਾਤਮਾ ਬੁੱਧ ਨੇ ਈਸ਼ਵਰ ਵਿਚ ਵਿਸ਼ਵਾਸ ਦਾ ਮਜ਼ਾਕ ਉਡਾਇਆ। ਬੁੱਧ ਨੇ ਆਮ ਬੋਲੀ ਪਾਲੀ ਵਿਚ ਧਰਮ ਉਪਦੇਸ਼ ਦਿਤੇ ਤੇ ਲਿਖਵਾਏ, ਜਾਤਪਾਤ ਦੀ ਵਰਗ-ਵੰਡ ਨੂੰ ਤੋੜਿਆ। ਸਹਿਜੇ ਸਹਿਜੇ ਬੋਧੀਆਂ ਨੇ ਰਾਜਸ਼ਕਤੀ ਪ੍ਰਾਪਤ ਕਰ ਲਈ। ਅਸ਼ੋਕ, ਕਨਿਸ਼ਕ ਅਤੇ ਪੋਰਸ ਦੇ ਸਮਿਆਂ ਵਿਚ ਇਹ ਆਪਣੀ ਤਾਕਤ ਦੇ ਸਿਖਰ ਉੱਪਰ ਸੀ। ਵੈਦਿਕ ਮੱਤ ਦੇ ਅਨੁਆਈ ਬੋਧ ਸ਼ਕਤੀ ਨੂੰ ਬਰਦਾਸ਼ਤ ਤਾਂ ਕਰਦੇ ਰਹੇ ਪਰ ਇਸ ਵਿਰੁੱਧ ਉਨ੍ਹਾਂ ਦੇ ਮਨ ਵਿਚ ਨਫ਼ਰਤ ਸੀ। ਅਜਿਹਾ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਰੱਮਣ ਮੱਤ ਦ੍ਰਾਵੜ ਲੋਕਾਂ ਦਾ ਹੋਵੇ ਤੇ ਵੈਦਿਕ ਮੱਤ ਆਰੀਆਂ ਦਾ। ਇਉਂ ਇਹ ਦੋ ਸਭਿਅਤਾਵਾਂ ਦਾ ਭੇੜ ਸੀ। ਸ਼ੰਕਰਾਚਾਰੀਆ ਵੈਦਿਕ ਮੱਤ ਨੂੰ ਪੁਨਰ ਸੁਰਜੀਤ ਕਰਨਾ ਚਾਹੁੰਦਾ ਸੀ। ਉਸਨੇ ਵੈਦਿਕ ਮੱਤ ਲਈ ਮਜ਼ਬੂਤ ਫਲਸਫਾ ਦਿਤਾ ਅਤੇ ਹਿੰਦੂ ਸਮਾਜ ਨੂੰ ਸੰਗਠਿਤ ਕੀਤਾ। ਇਸ ਸਮੇਂ ਤੋਂ ਹਿੰਦੂ ਧਰਮ ਦੀ ਸ਼ੁੱਧਤਾ ਉਪਰ ਅਮਲ ਹੋਣਾ ਸ਼ੁਰੂ ਹੋਇਆ ਭਾਵ ਕਿ ਜਿਹੜੇ ਭਾਰਤੀ ਨਾਸਤਕ ਮੱਤਾਂ ਵਿਚ ਚਲੇ ਗਏ ਸਨ, ਉਨ੍ਹਾਂ ਨੂੰ ਵਾਪਸ ਸਨਾਤਨ ਧਰਮ ਵਿਚ ਲਿਆਉਣ ਦੇ ਉਪਾਉ ਸ਼ੁਰੂ ਹੋਏ। ਅੱਠਵੀਂ ਸਦੀ ਤੱਕ ਬੰਗਾਲ ਵਿਚ ਹਿੰਦੂ ਧਰਮ ਮੁੜ ਆਪਣੀ ਪਕੜ ਮਜ਼ਬੂਤ ਕਰ ਗਿਆ।

ਇਸ ਸਮੇਂ ਕਨੌਜ, ਵਿਦਵਾਨ ਬ੍ਰਾਹਮਣਾ ਦਾ ਕੇਂਦਰ ਸੀ।ਕਨੌਜ ਵਿਚੋਂ ਪੰਜ ਵਿਦਵਾਨ ਬੰਗਾਲ ਵਿਚ ਸੱਦੇ ਗਏ ਜਿਨ੍ਹਾਂ ਦੀਆਂ ਹੁਣ ਤੱਕ ਬੰਸਾਵਲੀਆਂ ਦਾ ਬਾਕਾਇਦਾ ਰਿਕਾਰਡ ਮਿਲਦਾ ਹੈ।ਇਨ੍ਹਾਂ ਪੰਜ ਵਿਦਵਾਨਾਂ ਵਿਚੋਂ ਇਕ ਦਾ ਨਾਮ ਦੱਖ (ਸੰਸਕ੍ਰਿਤ ਦੱਕਸ਼) ਸੀ ਜੋ ਟੈਗੋਰ ਖਾਨਦਾਨ ਦਾ ਵਡੇਰਾ ਸੀ। ਇਨ੍ਹਾਂ ਨੂੰ ਬੰਗਾਲੀ ਲੋਕ ਠਾਕੁਰ (ਭਾਵ ਹਾਕਮ) ਕਿਹਾ ਕਰਦੇ ਸਨ। ਅੰਗਰੇਜ਼ਾਂ ਨੂੰ ਠਾਕਰ ਲਫ਼ਜ਼ ਉਚਾਰਣ ਕਰਨਾ ਨਾ ਆਇਆ, ਉਹ ਇਨ੍ਹਾਂ ਨੂੰ ਟੈਗੋਰ ਕਹਿਣ ਲੱਗ ਪਏ।ਭਾਰਤੀਆਂ ਨੇ ਇਹੋ ਲਫ਼ਜ਼ ਅਪਣਾ ਲਿਆ।

ਭਾਵੇਂ ਕਿ ਮੁਸਲਮਾਨਾ ਵੱਲੋਂ ਹੱਲੇ ਬਹੁਤ ਪਹਿਲਾਂ, ਅੱਠਵੀਂ ਸਦੀ ਤੋਂ ਹੀ ਸ਼ੁਰੂ ਹੋ ਗਏ ਸਨ ਪਰ ਬਾਹਰਵੀਂ ਸਦੀ ਵਿਚ ਬੰਗਾਲ ਸਮੇਤ ਸਾਰਾ ਹਿੰਦੁਸਤਾਨ ਮੁਸਲਮਾਨਾ ਦੇ ਕਬਜ਼ੇ ਵਿਚ ਆ ਗਿਆ। ਇਹੋ ਜਿਹੀ ਹਾਲਤ ਵਿਚ ਕੁੱਝ ਲੋਕ ਡਰਦੇ ਮਾਰੇ, ਕੁਝ ਲਾਲਚ ਵਸ ਧਰਮ ਪਰਿਵਰਤਨ ਕਰ ਲਿਆ ਕਰਦੇ ਹਨ। ਇਸੇ ਠਾਕੁਰ ਖਾਨਦਾਨ ਦਾ ਜੁਆਨ ਇਕ ਮੁਸਲਮਾਨ ਕੁੜੀ ਦੇ ਇਸ਼ਕ ਵਿਚ ਫਸ ਗਿਆ ਤੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਕੁੜੀ ਦੇ ਮਾਪਿਆਂ ਵੱਲੋਂ ਸ਼ਰਤ ਰੱਖੀ ਗਈ ਕਿ ਇਸਲਾਮ ਕਬੂਲ ਕਰੇਂਗਾ ਤਾਂ ਨਕਾਹ ਕਰ ਦਿਆਂਗੇ। ਅਜਿਹਾ ਹੋਇਆ। ਚੰਗੇ ਘਰਾਣੇ ਦਾ ਤੇ ਤਿਖਾ ਇਹ ਬੁੱਧੀਵਾਨ ਜੁਆਨ, ਪੀਰ ਅਲੀ ਖਾਨ ਦੇ ਨਾਮ ਨਾਲ ਜਾਣਿਆ ਗਿਆ ਜਿਸਨੇ ਦੱਖਣੀ ਬੰਗਾਲ ਦੇ ਜੈਸੌਜ ਇਲਾਕੇ ਦੇ ਸੂਬੇਦਾਰ ਪਾਸੋਂ ਦੀਵਾਨ ਦੀ ਕੁਰਸੀ ਹਾਸਲ ਕਰ ਲਈ। ਪੀਰ ਅਲੀਖਾਨ ਦੇ ਦੋ ਭਰਾ ਨਾਮਦੇਵ ਅਤੇ ਜੈਦੇਵ ਸਨ ਜਿਨ੍ਹਾਂ ਨੇ ਆਪਣੇ ਮੁਸਲਮਾਨ ਭਰਾ ਨਾਲੋਂ ਸਬੰਧ ਤਾਂ ਨਹੀਂ ਤੋੜੇ ਪਰ ਉਹ ਆਪਣੇ ਹਿੰਦੂ ਵਿਰਸੇ ਨਾਲ ਜੁੜੇ ਰਹੇ।

ਖਾਨ ਬਾਕਾਇਦਾ ਨਮਾਜ ਪੜ੍ਹਦਾ ਅਤੇ ਰੋਜ਼ੇ ਰਖਦਾ। ਰਮਜ਼ਾਨ ਦੇ ਇਕ ਦਿਨ ਨਾਮਦੇਵ ਨੇ ਦੇਖਿਆ, ਪੀਰ ਅਲੀ ਖਾਨ ਨਿੰਬੂ ਨੂੰ ਸੁੰਘ ਰਿਹਾ ਸੀ। ਨਾਮਦੇਵ ਬੋਲਿਆ - ਪਰੰਪਰਾ ਇਹ ਹੈ ਖਾਨ, ਕਿ ਖਾਣ ਪੀਣ ਵਾਲੀ ਵਸਤੂ ਨੂੰ ਸੁੰਘਣਾ ਵੀ ਗੁਨਾਹ ਹੈ ਕਿਉਂਕਿ ਮੰਨਿਆਂ ਜਾਂਦਾ ਹੈ ਕਿ ਇਹ ਅੱਧਾ ਖਾਣ ਦੇ ਬਰਾਬਰ ਹੁੰਦਾ ਹੈ। ਸੋ ਤੁਹਾਡਾ ਰੋਜ਼ਾ ਭੰਗ ਹੋ ਗਿਆ ਹੈ। ਖਾਨ ਨੂੰ ਇਹ ਵਾਕ ਬੁਰਾ ਲੱਗਿਆ ਪਰ ਉਸ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਉਸਨੇ ਆਪਣੇ ਮਹਿਲਾਂ ਵਿਚ ਸੰਗੀਤ ਸਭਾ ਬੁਲਾਈ, ਖਾਣੇ ਦਾ ਪ੍ਰਬੰਧ ਕੀਤਾ ਤੇ ਆਪਣੇ ਹਿੰਦੂ ਭਰਾਵਾਂ ਨੂੰ ਸੱਦਾ ਦਿੱਤਾ। ਸਰੋਤੇ ਸੰਗੀਤ ਸੁਣਨ ਵਿਚ ਮਗਨ ਸਨ। ਨਾਲ ਦੇ ਕਮਰੇ ਵਿਚ ਮੁਸਲਮਾਨਾ ਲਈ ਦਾਅਵਤ ਵਾਸਤੇ ਉਨ੍ਹਾਂ ਦੇ ਪਸੰਦੀਦਾ ਪਕਵਾਨ ਬਣ ਰਹੇ ਸਨ। ਖਾਣੇ ਦੀ ਖੁਸ਼ਬੂ ਇਧਰ ਆਈ ਤਾਂ ਜੈਦੇਵ ਨੇ ਕਿਹਾ - ਬੜੀਆ ਲਜੀਜ਼ ਸੁਗੰਧੀਆਂ ਆ ਰਹੀਆਂ ਹਨ ਪੀਰ ਖਾਨ। ਖਾਨ ਨੇ ਕਿਹਾ - ਗਊ ਦਾ ਮਾਸ ਰਿੱਝ ਰਿਹਾ ਹੈ, ਉਸੇ ਦੀ ਖੁਸ਼ਬੂ ਹੈ ਇਹ। ਇਸਨੂੰ ਸੁੰਘ ਲੈਣਾ ਖਾਣ ਵਰਗਾ ਹੀ ਹੁੰਦਾ ਹੈ ਜਿਵੇਂ ਤੁਹਾਡਾ ਵਿਸ਼ਵਾਸ ਹੈ ਜੈਦੇਵ। ਤੁਹਾਡਾ ਧਰਮ ਭ੍ਰਿਸ਼ਟ ਹੋ ਗਿਆ। ਕੁੱਝ ਹੋਰ ਹਿੰਦੂ ਸਰੋਤਿਆਂ ਸਮੇਤ ਇਹ ਦੋਵੇਂ ਭਰਾ ਨੱਕ ਬੰਦ ਕਰਕੇ ਸਭਾ ਵਿਚੋਂ ਉਠ ਆਏ। ਇਸ ਨਾਲ ਇਨ੍ਹਾਂ ਦੇ ਭਾਈਚਾਰੇ ਵਿਚ ਦੋਹਾਂ ਭਰਾਵਾਂ ਦੀ ਹੇਠੀ ਹੋਈ। ਠਾਕੁਰ ਭਾਈਚਾਰਾ ਨਫ਼ਰਤ ਨਾਲ ਇਨ੍ਹਾਂ ਨੂੰ ਪੀਰਾਲੀ ਠਾਕਰ (ਪੀਰ ਅਲੀ ਤੋਂ ਪੀਰਾਲੀ) ਕਹਿਣ ਲੱਗਾ।

ਜਿਸ ਇਲਾਕੇ ਵਿਚ ਇਥੇ ਉਨ੍ਹਾਂ ਦੇ ਬਜ਼ੁਰਗ ਦੱਖ ਨੂੰ ਸਤਿਕਾਰ ਨਾਲ ਸੱਦਿਆ ਗਿਆ ਸੀ ਹੁਣ ਉਥੇ ਇਨ੍ਹਾਂ ਦਾ ਤ੍ਰਿਸਕਾਰ ਸ਼ੁਰੂ ਹੋ ਗਿਆ। ਪਹਿਲਾਂ ਤਾਂ ਹੌਸਲੇ ਨਾਲ ਇਹ ਦੜ ਵੱਟ ਜ਼ਮਾਨਾ ਕੱਟ ਦੀ ਨੀਤੀ ਅਨੁਸਾਰ ਦਿਨ ਕਟੀ ਕਰਦੇ ਰਹੇ ਪਰ ਨੌਬਤ ਇਹ ਆ ਗਈ ਕਿ ਬਾਕੀ ਠਾਕਰਾਂ ਨੇ ਇਨ੍ਹਾਂ ਦੀਆਂ ਧੀਆਂ ਵਿਆਹੁਣ ਅਤੇ ਆਪਣੀਆਂ ਧੀਆਂ ਇਨ੍ਹਾਂ ਨੂੰ ਵਿਆਹੁਣ ਤੇ ਬੰਦਸ਼ ਲਾ ਦਿਤੀ। ਇਕ ਹਿੰਮਤੀ ਅਗਾਂਹਵਧੂ ਜੁਆਨ ਜਗਨ ਨਾਥ ਕੁਸ਼ਾਰ ਨੇ ਭਾਈਚਾਰੇ ਦੀ ਨਿੰਦਿਆਂ ਦੀ ਪ੍ਰਵਾਹ ਨਾ ਕਰਦਿਆਂ ਪੀਰਾਲੀ ਠਾਕਰਾਂ ਦੀ ਕੁੜੀ ਵਿਆਹ ਲਈ ਜਿਸ ਦੇ ਫਲਸਰੂਪ ਇਸ ਨੂੰ ਵੀ ਉਜੜਨਾ ਪਿਆ।

ਕੁਸ਼ਾਰ ਪਰਿਵਾਰ ਅਤੇ ਪੀਰਾਲੀ ਪਰਿਵਾਰ ਨੇ ਪ੍ਰਤੀਤ ਕੀਤਾ ਕਿ ਅਜਿਹਾ ਕਰਮਕਾਂਡ ਜੋ ਨਫ਼ਰਤ ਬੀਜਦਾ ਹੈ, ਉਜਾੜ ਦਿੰਦਾ ਹੈ, ਉਸ ਭਾਰ ਤੋਂ ਮੁਕਤ ਹੋਇਆ ਜਾਵੇ। ਵੱਡੀ ਤੋਂ ਵੱਡੀ ਸੱਟ ਹੋਰ ਕੀ ਹੋ ਸਕਦੀ ਹੈ? ਸਾਬਤ ਕਰੀਏ ਕਿ ਆਪਾਂ ਮਨੁਖਤਾ ਦੇ ਭਲੇ ਲਈ ਕਿੰਨੇ ਸੁਹਿਰਦ ਹਾਂ। ਇਕੱਲਾ ਬ੍ਰਾਹਮਣ ਭਾਈਚਾਰਾ ਨਾਰਾਜ਼ ਹੋ ਗਿਆ ਹੈ ਤਾਂ ਕੀ? ਬਾਕੀ ਲੋਕ ਕਿਹੜਾ ਪਸ਼ੂ ਹਨ? ਉਨ੍ਹਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਵਾਂਗੇ। ਉਚੀਆਂ ਕੁਲਾਂ ਪਾਸ, ਅਪਮਾਨ ਤੋਂ ਇਲਾਵਾ, ਦੇਣ ਵਾਸਤੇ ਹੋਰ ਕੁਝ ਨਹੀਂ ਰਿਹਾ।

ਸਤਾਰ੍ਹਵੀਂ ਸਦੀ ਦੇ ਅਖੀਰ ਤੱਕ ਅੰਗਰੇਜ਼ਾਂ ਨੇ ਵਪਾਰ ਵਿਚ ਆਪਣੀ ਮਜ਼ਬੂਤ ਪਕੜ ਕਾਇਮ ਕਰ ਲਈ ਸੀ। ਉਨ੍ਹਾਂ ਦੀ ਚੜ੍ਹਤ ਦੀਆਂ ਕਹਾਣੀਆਂ ਹਿੰਦੂ ਪਰਿਵਾਰਾਂ ਵਿਚ ਤਾਂ ਤੁਰੀਆਂ ਹੀ, ਮੁਸਲਮਾਨ ਵੀ ਉਨ੍ਹਾਂ ਬਾਬਤ ਚੌਕਸ ਰਹਿਣ ਲੱਗੇ। ਅੰਗਰੇਜ਼ਾਂ ਵਿਚ ਨਾ ਜਾਤ-ਅਭਿਮਾਨ ਸੀ ਨਾਂ ਹਿੰਦੂਆਂ ਵਰਗੀਆਂ ਰਹਿਣ ਸਹਿਣ ਪੀਣ ਖਾਣ ਦੀਆਂ ਬੰਦਸ਼ਾਂ। ਇਸ ਪੀਰਾਲੀ ਖਾਨਦਾਨ ਨੇ ਗੋਬਿੰਦਪੁਰ ਨਾਮ ਦੀ ਬਸਤੀ ਵਿਚ ਆਪਣਾ ਡੇਰਾ ਲਾ ਲਿਆ। ਇਹ ਥਾਂ ਬੰਦਰਗਾਹ ਦੇ ਨੇੜੇ ਸੀ ਜਿਥੋਂ ਅੰਗਰੇਜ਼ ਆਪਣੇ ਜਹਾਜ਼ਾਂ ਰਾਹੀਂ ਮਾਲ ਦੀ ਢੋ ਢੁਆਈ ਕਰਦੇ ਸਨ। ਇਹ ਗਰੀਬ ਮਛੇਰਿਆਂ ਦੀ ਬਸਤੀ ਸੀ। ਇਨ੍ਹਾਂ ਅਖੌਤੀ ਨੀਵੀਂ ਜਾਤ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਨਵੇਂ ਆਏ ਬਾਸ਼ਿੰਦੇ ਬ੍ਰਾਹਮਣ ਹਨ ਤਾਂ ਉਨ੍ਹਾਂ ਦੇ ਮਨ ਵਿਚ ਦਇਆ ਦੀ ਥਾਂ ਤੇ ਆਤਮ ਸਨਮਾਨ ਦੇ ਭਾਵ ਪੈਦਾ ਹੋਏ ਕਿ ਅਜਿਹੇ ਬ੍ਰਾਹਮਣ ਵੀ ਸੋ ਸਕਦੇ ਹਨ ਜੋ ਮਛੇਰਿਆਂ ਨੂੰ ਨਫ਼ਰਤ ਨਹੀਂ ਕਰਦੇ, ਉਨ੍ਹਾਂ ਵਿਚ ਰਹਿਣ ਲੱਗ ਪਏ ਹਨ। ਸਤਿਕਾਰ ਨਾਲ ਮਛੇਰੇ ਇਨ੍ਹਾਂ ਨੂੰ “ਠਾਕਰ ਚਾਚਾ” ਕਹਿ ਕੇ ਬੁਲਾਉਂਦੇ। ਇਹ ਵੀ ਉਨ੍ਹਾਂ ਦੇ ਦੁਖਾਂ ਸੁੱਖਾਂ ਵਿਚ ਸਹਾਈ ਹੁੰਦੇ।

ਰੱਬ ਨੂੰ ਇਹੋ ਗੱਲ ਚੰਗੀ ਲੱਗੀ। ਤ੍ਰਿਸਕਾਰੇ ਹੋਏ ਬ੍ਰਾਹਮਣ ਜਦੋਂ ਮਛੇਰਿਆਂ ਵਿਚ ਆ ਵਸੇ, ਇਨ੍ਹਾਂ ਦੀ ਕਿਸਮਤ ਪਲਟਣ ਲੱਗ ਪਈ। ਸਹਿਜੇ ਸਹਿਜੇ ਇਨ੍ਹਾਂ ਪਾਸ ਜ਼ਮੀਦਾਰੀਆਂ ਆਈਆਂ ਤੇ ਪ੍ਰਿੰਸ ਤੱਕ ਦੇ ਖਿਤਾਬ ਮਿਲੇ। ਜੇ ਕਿਤੇ ਇਹ ਪਰਿਵਾਰ ਭਾਈਚਾਰੇ ਵਲੋਂ ਛੇਕਿਆ ਨਾ ਜਾਂਦਾ, ਸੰਭਵ ਹੈ ਬਾਕੀ ਜੀਆਂ ਵਾਂਗ ਇਹ ਵੀ ਅਉਧ ਬਿਤਾ ਬਿਤਾ ਮਰਦੇ ਜੰਮਦੇ ਰਹਿੰਦੇ। ਨਫ਼ਰਤ ਦੀ ਅੱਗ ਵਿਚੋਂ ਨਿਕਲ ਕੇ ਇਹ ਸੋਨਾ ਪਹਿਲਾਂ ਨਾਲੋਂ ਵਧੀਕ ਖਰਾ ਹੋ ਗਿਆ।

ਰਵਿੰਦਰਨਾਥ ਦੇ ਬਾਬਾ ਦਵਾਰਕਾਨਾਥ ਦੀ ਉਮਰ ਅਜੇ 13 ਸਾਲ ਦੀ ਸੀ ਜਦੋਂ ਪਿਤਾ ਕਾਲ ਵਸ ਹੋ ਗਏ। ਦਵਾਰਕਾ ਇੰਨਾ ਵੱਡਾ ਉੱਦਮੀ ਨਿਕਲਿਆ ਕਿ ਤਰੱਕੀ ਕਰਦਿਆਂ ਨੀਲ ਦੇ ਕਾਰਖਾਨੇ ਲਾਏ, ਸ਼ੋਰੇ, ਚੀਨੀ ਦੀਆਂ ਫੈਕਟਰੀਆਂ ਲਾਈਆਂ ਅਤੇ ਖਾਣਾ ਖਰੀਦ ਕੇ ਕੋਇਲਾ ਕੱਢਣਾ ਅਰੰਭਿਆ। ਬੰਗਾਲ ਅਤੇ ਉੜੀਸਾ ਦੀਆਂ ਬੰਦਰਗਾਹਾਂ ਉਪਰ ਕਿਸ਼ਤੀਆਂ ਦਾ ਮਜ਼ਬੂਤ ਬੇੜਾ ਤਿਆਰ ਕੀਤਾ। ਸਫਲਤਾ ਮਿਲਦੀ ਗਈ ਤਾਂ ਦਵਾਰਕਾ ਨਾਥ ਨੇ ਭਾਰਤ ਦੀ ਰਾਜਧਾਨੀ ਵਿਚ ਆਧੁਨਿਕ ਬੈਂਕ ਦੀ ਸਥਾਪਨਾ ਕੀਤੀ ਜਿਸਦਾ ਨਾਮ ਯੂਨੀਅਨ ਬੈਂਕ ਰੱਖਿਆ। ਇਸ ਸਾਰੇ ਕਾਰੋਬਾਰ ਨੂੰ ਆਪਣੀ ਟੈਗੋਰ ਐਂਡ ਕੰਪਨੀ ਦੇ ਅਧੀਨ ਰੱਖਿਆ।

ਸਹਿਜੇ ਸਹਿਜੇ ਇਕ ਸਧਾਰਨ ਘਰ ਮਹਿਲ ਦਾ ਰੂਪ ਲੈਣ ਲੱਗ ਪਿਆ ਜਿਥੇ ਵਿਚਾਰ ਗੋਸ਼ਟੀਆਂ ਹੁੰਦੀਆਂ, ਸੰਗੀਤ ਮਜਲਿਸਾਂ ਸਜਦੀਆਂ ਅਤੇ ਗੋਰਿਆਂ ਸਮੇਤ ਹੋਰ ਹੁਕਮਰਾਨਾਂ ਨੂੰ ਵਿਸਕੀ ਸਮੇਤ ਸ਼ਾਨਦਾਰ ਖਾਣਿਆਂ ਦੀਆਂ ਦਾਅਵਤਾਂ ਦਿਤੀਆਂ ਜਾਂਦੀਆਂ। ਖੁਸ਼ਬੂਦਾਰ ਤਮਾਕੂ ਦੇ ਹੁੱਕੇ ਤਾਂ ਸਾਰਾ ਦਿਨ ਘੁੰਮਦੇ ਰਹਿੰਦੇ। ਕਲਕੱਤੇ ਦੇ ਐਨ ਵਿਚਕਾਰ ਜੋੜਾਸਾਂਕੋ ਨਾਮ ਦੇ ਇਲਾਕੇ ਵਿਚ ਖਲੋਤਾ ਮਹਿਲ ਅੱਜ ਵੀ ਇਸ ਖਾਨਦਾਨ ਦੇ ਉਚੇ ਮਰਾਤਬੇ ਦੀ ਬਕਾਇਆ ਨਿਸ਼ਾਨੀ ਹੈ। ਹੁਣ ਇਹ ਵਿਦਿਆ ਦਾ ਕੇਂਦਰ ਹੈ ਤੇ ਸ਼ਾਨਦਾਰ ਇਤਿਹਾਸਕ ਯਾਦਗਾਰ ਹੈ।

ਉਹ ਬੜੇ ਵਿਸ਼ਾਲ ਦਿਲ ਵਾਲੇ ਦਾਨੀ ਸਨ। ਕੋਈ ਸੰਸਥਾ ਅਜਿਹੀ ਨਹੀਂ ਜੋ ਕਹਿ ਸਕਦੀ ਕਿ ਉਸਨੂੰ ਦਾਨ ਨਹੀਂ ਮਿਲਿਆ। ਸਾਲ 1816 ਵਿਚ ਉਨ੍ਹਾਂ ਨੇ ਪਹਿਲਾ ਹਿੰਦੂ ਕਾਲਜ ਸਥਾਪਤ ਕੀਤਾ ਜੋ ਅੰਗਰੇਜ਼ੀ ਤਰਜ਼ ਤੇ ਸੈਕੂਲਰ ਸੰਸਥਾ ਸੀ। ਪਹਿਲਾਂ ਮਦਰਸੇ ਮੁਸਲਮਾਨਾ ਲਈ ਤੇ ਪਾਠਸ਼ਾਲਾਵਾਂ ਹਿੰਦੂ ਵਿਦਿਆਰਥੀਆਂ ਲਈ ਵੱਖ ਵੱਖ ਸਨ। ਬਾਦ ਵਿਚ ਇਸ ਦਾ ਨਾਮ ਪ੍ਰੈਜ਼ੀਡੈਂਸੀ ਕਾਲਜ ਰੱਖਿਆ ਗਿਆ। 1835 ਵਿਚ ਉਨ੍ਹਾਂ ਨੇ ਕਲਕਤੇ ਵਿਚ ਪਹਿਲਾ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਿਆ। ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਦਿੰਦੇ। ਮੁਰਦਾ ਜਿਸਮ ਨਾਲ ਛੇੜ-ਛਾੜ ਪਾਪ ਹੈ, ਹਿੰਦੂਆਂ ਦਾ ਇਹ ਭਰਮ ਦੂਰ ਕਰਨ ਲਈ ਉਹ ਲੈਬਾਰਟਰੀਆਂ ਵਿਚ ਵਿਦਿਆਰਥੀਆਂ ਦੇ ਨਾਲ ਦਿਨ ਬਤੀਤ ਕਰਦੇ।

1784 ਈਸਵੀ ਵਿਚ ਅੰਗਰੇਜ਼ਾਂ ਨੇ ਏਸ਼ੀਆਟਕ ਸੋਸਾਇਟੀ ਆਫ਼ ਬੰਗਾਲ ਸਥਾਪਤ ਕੀਤੀ ਤਾਂ ਦਵਾਰਕਾਨਾਥ ਪਹਿਲੇ ਭਾਰਤੀ ਮੈਂਬਰ ਲਏ ਗਏ। ਇਸੇ ਸੋਸਾਇਟੀ ਵਿਚੋਂ ਆਰਕਿਆਲੋਜੀ ਸਰਵੇ ਆਫ਼ ਇੰਡੀਆ, ਜੂਆਲੋਜੀਕਲ ਸਰਵੇ ਆਫ਼ ਇੰਡੀਆ, ਬਟਾਨੀਕਲ ਐਂਡ ਜੀਆਲੋਜੀਕਲ ਸਰਵੇ ਆਫ਼ ਇੰਡੀਆ, ਆਧੁਨਿਕ ਵਿਗਿਆਨਕ ਸੰਸਥਾਵਾਂ ਪੈਦਾ ਹੋਈਆਂ। ਉਨ੍ਹਾਂ ਨੂੰ ਇੰਗਲੈਂਡ ਵਿਖੇ ਬਤੌਰ ਸਟੇਟ ਮਹਿਮਾਨ ਸੱਦਾ ਪ੍ਰਾਪਤ ਹੋਇਆ। ਉਸਨੇ ਸਾਗਰ ਪਾਰ ਕਰਕੇ ਹਿੰਦੂ ਪਰੰਪਰਾ ਦੀ ਉਲੰਘਣਾ ਕੀਤੀ।

ਉਹ ਹਰੇਕ ਉਸ ਕਦਮ ਨਾਲ ਆਪਣਾ ਕਦਮ ਮਿਲਾ ਲੈਂਦੇ ਜਿਹੜਾ ਲੋਕਾਂ ਦੇ ਭਲੇ ਲਈ ਤੁਰਿਆ ਹੋਵੇ। ਰਾਜਾ ਰਾਮਮੋਹਨ ਰਾਇ ਨੂੰ ਆਧੁਨਿਕ ਬੰਗਾਲ ਦਾ ਨਿਰਮਾਤਾ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਬੰਗਾਲੀ ਸਮਾਜ ਦੇ ਪਿਛਾਂਹ ਖਿਚੂ ਵਹਿਮ ਪੁੱਟਣ ਲਈ ਇਕ ਪ੍ਰਕਾਰ ਦਾ ਯੁੱਧ ਛੇੜਿਆ। ਰਾਜਾ ਜੀ ਦੀ ਨੇਕ ਨੀਅਤ ਦੇਖਕੇ ਦਵਾਰਕਾਨਾਥ ਉਨ੍ਹਾਂ ਦੇ ਮਿੱਤਰ ਹੋ ਗਏ ਤੇ ਭਲਾਈ ਹਿਤ ਦਾਨ ਦਿੰਦੇ ਰਹੇ। ਉਨ੍ਹਾਂ ਦਾ ਇਹ ਵਿਸ਼ਵਾਸ ਬਣ ਗਿਆ ਸੀ ਕਿ ਅੰਗਰੇਜ਼ੀ ਹਕੂਮਤ ਦੌਰਾਨ ਭਾਰਤ ਆਧੁਨਿਕ ਵਿਗਿਆਨਕ ਯੁੱਗ ਵਿਚ ਪ੍ਰਵੇਸ਼ ਕਰ ਸਕੇਗਾ। ਇਹ ਵੀ ਅੰਗਰੇਜ਼ਾਂ ਦੀ ਬਦੌਲਤ ਹੀ ਸੀ ਕਿ ਰਿਆਸਤੀ ਟੁਕੜਿਆਂ ਵਿਚ ਵੰਡਿਆ ਭਾਰਤ ਇਕੱਠਾ ਹੋ ਸਕਿਆ।

ਪਹਿਲੀ ਵਾਰ 1842 ਤੇ ਦੂਜੀ ਵਾਰ 1844 ਵਿਚ ਇੰਗਲੈਂਡ ਗਏ। ਉਥੋਂ ਫਰਾਂਸ ਦੀ ਯਾਤਰਾ ਕੀਤੀ। ਪੈਰਿਸ ਵਿਚ ਉਹ ਨੌਜਵਾਨ ਵਿਦਿਆਰਥੀ ਫਰੈਡਰਿਕ ਮੈਕਸਮੂਲਰ ਨੂੰ ਮਿਲੇ ਜੋ ਪ੍ਰੋਫੈਸਰ ਬਰਨੋਵ ਅਧੀਨ ਰਿਗਵੇਦ ਦਾ ਅਧਿਐਨ ਕਰ ਰਿਹਾ ਸੀ। ਆਪਣੀ ਜੀਵਨ ਕਹਾਣੀ ਵਿਚ ਮੈਕਸਮੂਲਰ ਨੇ ਦਵਾਰਕਾਨਾਥ ਬਾਬਤ ਖੂਬਸੂਰਤ ਵਾਕ ਲਿਖੇ ਹਨ, “ਮੇਰੇ ਮਨ ਵਿਚ ਇਸ ਹਿੰਦੁਸਤਾਨੀ ਸ਼ਖਸ ਨੇ ਸਥਾਈ ਯਾਦ ਬਣਾਈ ਹੈ। ਮੈਂ ਉਸ ਦਾਅਵਤ ਵਿਚ ਸ਼ਾਮਲ ਹੋਇਆ ਜਿਹੜੀ ਫਰਾਂਸ ਦੇ ਬਾਦਸ਼ਾਹ ਲੂਈ ਫਿਲਿਪ ਦੇ ਸਨਮਾਨ ਵਿਚ ਦਵਾਰਕਾਨਾਥ ਨੇ ਦਿਤੀ। ਵੱਡਾ ਮਹਿਮਾਨਘਰ ਰੇਸ਼ਮੀ, ਸ਼ਾਨਦਾਰ ਕਸ਼ਮੀਰੀ ਸ਼ਾਲਾਂ ਪਸ਼ਮੀਨਿਆਂ ਨੇ ਇਉਂ ਢਕ ਰਖਿਆ ਸੀ ਜਿਵੇਂ ਅਸੀਂ ਸਾਰੇ ਭਵਨ ਵਿਚ ਉਡਦੇ ਜਾਂਦੇ ਹੋਈਏ।”

ਅਗਸਤ 1846 ਵਿਚ 52 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਲੰਦਨ ਵਿਚ ਦੇਹਾਂਤ ਹੋਇਆ ਤਾਂ ਅਖਬਾਰ ”ਦ ਟਾਈਮਜ਼” ਨੇ 3 ਅਗਸਤ 1846 ਨੂੰ ਲਿਖਿਆ, “ਭਾਰਤ ਵਿਚ ਉਸ ਵਰਗਾ ਹੋਰ ਕੋਈ ਨਹੀਂ ਸੀ ਜੋ ਆਪਣੇ ਇਰਦ ਗਿਰਦ ਰਹਿੰਦੇ ਲੋਕਾਂ ਦਾ ਸਦਾ ਭਲਾ ਲੋਚੇ, ਸੁਰੱਖਿਆ ਦੇਵੇ। ਭਾਰਤ ਅਤੇ ਇੰਗਲੈਂਡ ਵਿਚ ਅਜਿਹੇ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਨੇ ਦਵਾਰਕਾ ਨਾਥ ਰਾਹੀਂ ਸਫ਼ਲਤਾ ਪ੍ਰਾਪਤ ਕੀਤੀ ਤੇ ਜੋ ਇਸ ਠਾਕਰ ਦੇ ਕਰਜ਼ਈ ਨਾ ਹੋਣ।”

ਦਵਾਰਕਾਨਾਥ ਦੇ ਤਿੰਨ ਬੇਟੇ ਸਨ ਜਿਨ੍ਹਾਂ ਵਿਚ ਸਭ ਤੋਂ ਵੱਡਾ ਦਵਿੰਦਰਨਾਥ ਹਥਲੇ ਨਾਇਕ ਰਵਿੰਦਰਨਾਥ ਦਾ ਪਿਤਾ ਸੀ। ਦਵਿੰਦਰਨਾਥ ਧਨਾਡ ਪਿਤਾ ਦਾ ਲਾਡਲਾ ਬੇਟਾ ਜ਼ਰੂਰ ਸੀ ਪਰ ਦੁਨੀਆਵੀ ਸ਼ਾਨਸ਼ੌਕਤ, ਧਨ, ਦਾਅਵਤਾਂ ਆਦਿਕ ਤੋਂ ਨਿਰਲੇਪ। ਪਿਤਾ ਨੂੰ ਲੋਕ ਆਦਰ ਨਾਲ ਪ੍ਰਿੰਸ ਕਿਹਾ ਕਰਕੇ ਸਨ ਤਾਂ ਦਵਿੰਦਰਨਾਥ ਨੂੰ ਰਿਸ਼ੀ ਜੀ ਕਿਹਾ ਜਾਣ ਲੱਗਾ। ਪਿਤਾ ਦੀ ਥਾਂ ਆਤਮਕ ਤੌਰ ਤੇ ਉਹ ਰਾਜਾ ਰਾਮਮੋਹਨ ਰਾਇ ਦੇ ਵਧੀਕ ਨੇੜੇ ਸਨ ਜਿਸ ਕਰਕੇ ਉਨ੍ਹਾਂ ਨੂੰ ਰਾਜਾ ਜੀ ਦਾ ਉੱਤਰਾਧਿਕਾਰੀ ਮੰਨਿਆ ਗਿਆ।

ਦੇਵਿੰਦਰਨਾਥ ਦੀ ਉਮਰ 10 ਸਾਲ ਦੀ ਸੀ ਜਦੋਂ ਉਸਦੀ ਦਾਦੀ ਦੀ ਮੌਤ ਹੋਈ। ਮੌਤ ਤੋਂ ਪਹਿਲਾਂ ਦਾਦੀ ਨੂੰ ਗੰਗਾ ਕਿਨਾਰੇ ਇਕ ਕੁਟੀਆ ਵਿਚ ਲਿਜਾਇਆ ਗਿਆ ਕਿਉਂਕਿ ਵਿਸ਼ਵਾਸ ਸੀ ਕਿ ਇਸ ਥਾਂ ਮੁਕਤੀ ਮਿਲਦੀ ਹੈ। ਤਿੰਨ ਦਿਨ ਦਾਦੀ ਮੌਤ ਨਾਲ ਘੁਲਦੀ ਰਹੀ ਤੇ ਪੋਤਾ ਪਹਿਰਾ ਦਿੰਦਾ ਰਿਹਾ। ਆਪਣੀਆਂ ਯਾਦਾਂ ਵਿਚ ਦੇਵਿੰਦਰ ਨੇ ਲਿਖਿਆ, “ਮੌਤ ਤੋਂ ਪਹਿਲੀ ਰਾਤ ਨਦੀ ਕਿਨਾਰੇ ਜਦੋਂ ਮੈਂ ਇਕੱਲਾ ਬੈਠਾ ਸਾਂ ਤਾਂ ਅਚਾਨਕ ਮੈਨੂੰ ਕੋਈ ਦੈਵੀ ਅਨੁਭਵ ਹੋਇਆ। ਮੈਂ ਬੇਹੋਸ਼ੀ ਜਿਹੀ ਵਿਚ ਗੁੰਮ ਹੋ ਗਿਆ। ਮੈਂ ਪਹਿਲਾਂ ਵਰਗਾ ਨਾ ਰਿਹਾ। ਧਨ ਦੌਲਤ ਨਾਲੋਂ ਮੇਰਾ ਮੋਹ ਭੰਗ ਹੋ ਗਿਆ। ਜਿਹੜੀ ਫ਼ਟੀ ਪੁਰਾਣੀ ਬਾਂਸ ਦੀ ਚਟਾਈ ਉਪਰ ਮੇਰਾ ਆਸਣ ਸੀ, ਮੈਨੂੰ ਲੱਗਾ ਸਭ ਤੋਂ ਕੀਮਤੀ ਅਤੇ ਮੇਰੇ ਲਈ ਉਪਯੋਗੀ ਇਹੋ ਹੈ ਬਾਕੀ ਦਾ ਸਾਰਾ ਦਿਖਾਵਾ ਧੋਖਾ ਹੈ।” ਇਸ ਘਟਨਾ ਬਾਬਤ ਐਵਿਲਿਨ ਅੰਡਰਹਿੱਲ ਨੇ ਲਿਖਿਆ, “ਆਤਮਾ ਦੀ ਉਡਾਣ ਦੇ ਅਜਿਹੇ ਰਹੱਸਮਈ ਪ੍ਰਮਾਣ ਇਤਿਹਾਸ ਵਿਚ ਘੱਟ ਮਿਲਦੇ ਹਨ।”

ਪਿਤਾ ਅਪਣੇ ਬੇਟੇ ਦੇ ਸੁਭਾਅ ਕਾਰਨ ਪਰੇਸ਼ਾਨ ਹੋ ਜਾਂਦਾ। ਕਿਸੇ ਨੂੰ ਵੀ ਅਜਿਹਾ ਖਿਆਲ ਨਹੀਂ ਸੀ ਕਿ ਦਵਾਰਕਾਨਾਥ 52 ਸਾਲ ਦੀ ਉਮਰ ਵਿਚ ਚੱਲ ਵਸਣਗੇ ਪਰ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਉਸਨੇ ਇਹ ਸੋਚਕੇ ਕਿ ਕਿਤੇ ਕਾਰੋਬਾਰ ਤਬਾਹ ਹੋ ਜਾਵੇ ਤੇ ਮੇਰੇ ਬੱਚੇ ਸੰਕਟ ਦਾ ਸ਼ਿਕਾਰ ਹੋ ਜਾਣ, ਕਾਫੀ ਜ਼ਮੀਨ ਆਪਣੇ ਤਿੰਨੇ ਪੁੱਤਰਾਂ ਵਾਸਤੇ ਖਰੀਦ ਦਿਤੀ। ਦੇਹਾਂਤ ਬਾਦ ਇਹੋ ਹੋਇਆ। ਭਾਰੀ ਮਾਲੀ ਘਾਟਾ ਪਿਆ, ਕਾਰੋਬਾਰ ਬੰਦ ਹੋ ਗਏ, ਪਰਿਵਾਰ ਨੂੰ ਦੀਵਾਲੀਆ ਏਸ ਕਰਕੇ ਨਹੀਂ ਐਲਾਨਿਆ ਗਿਆ ਕਿਉਂਕਿ ਲੈਣਦਾਰ ਜਾਣਦੇ ਸਨ ਕਿ ਦਵਾਰਕਾ ਅਤਿਅੰਤ ਦਿਆਲੂ ਇਨਸਾਨ ਸੀ। ਪੁੱਤਰਾਂ ਨੇ ਲੈਣਦਾਰਾਂ ਨੂੰ ਕਿਹਾ ਕਿ ਅਸੀਂ ਕਿਉਂਕਿ ਹੱਸ ਕੇ ਕਰਜ਼ਾ ਉਤਾਰਨ ਦੇ ਇਛੁਕ ਹਾਂ, ਸਾਰੀ ਕਾਰੋਬਾਰੀ ਜਾਇਦਾਦ ਤੁਸੀਂ ਆਪਣੇ ਨਾਮ ਤਬਦੀਲ ਮਲਕੀਅਤ ਕਰਵਾ ਲਵੋ। ਲੈਣਦਾਰਾਂ ਨੇ ਕਿਹਾ - ਨਹੀਂ ਤੁਸੀਂ ਨੇਕਬਖਤ ਇਨਸਾਨ ਦੇ ਬੱਚੇ ਹੋ। ਆਪਾਂ ਰਲ ਮਿਲ ਕੇ ਕਾਰੋਬਾਰ ਲੀਹਾਂ ਉਪਰ ਲੈ ਆਵਾਂਗੇ ਤੇ ਤੁਹਾਨੂੰ ਅੱਛੀ ਤਨਖਾਹ ਮਿਲਦੀ ਰਹੇਗੀ।

ਛੇਤੀ ਹੀ ਫਿਰ ਵਪਾਰ ਵਿਚ ਸਮਤੋਲ ਆ ਗਿਆ। ਦਵਿੰਦਰਨਾਥ ਨੇ ਨਾ ਕੇਵਲ ਮਿਸ਼ਰਿਤ ਵਿਆਜ ਸਮੇਤ ਸਾਰੇ ਕਰਜ਼ੇ ਉਤਾਰੇ ਸਗੋਂ ਐਲਾਨ ਕੀਤਾ, “ਲੰਡਨ ਜਾਣ ਤੋਂ ਪਹਿਲਾਂ ਜਿਨ੍ਹਾਂ ਸੰਸਥਾਵਾਂ ਨਾਲ ਪਿਤਾ ਜੀ ਨੇ ਵਾਅਦਾ ਕੀਤਾ ਸੀ ਕਿ ਦਾਨ ਦਿਆਂਗਾ, ਮੈਂ ਪਿਤਾ ਦੀ ਇਹ ਇਛਾ ਪੂਰਤੀ ਵੀ ਕਰਾਂਗਾ।”

ਉਹ ਕਈ ਕਈ ਮਹੀਨਿਆਂ ਵਾਸਤੇ ਇਕਾਂਤਵਾਸ ਹਿਤ ਹਿਮਾਲਾ ਚਲੇ ਜਾਂਦੇ ਜਿਥੇ ਨਿਰੰਤਰ ਬੰਦਗੀ ਕਰਦੇ। ਸਾਲ 1858 ਵਿਚ ਉਨ੍ਹਾਂ ਨੇ ਦੇਖਿਆ, ਨਿਰਮਲ ਝਰਨਾ ਸਵੱਛ ਪਾਣੀ ਭੇਜ ਰਿਹਾ ਹੈ। ਉਸ ਦੇ ਵਹਾਉ ਦੇ ਨਾਲ ਨਾਲ ਉਹ ਹੇਠਾਂ ਉਤਰਦੇ ਗਏ। ਮੈਦਾਨਾ ਵਿਚ ਆਕੇ ਉਸਦਾ ਪਾਣੀ ਗੰਧਲਾ ਹੋ ਗਿਆ ਦੇਖਿਆ, ਨਾਲੇ ਦੇਖਿਆ, ਕਿਸਾਨ ਉਸ ਗੰਧਲੇ ਪਾਣੀ ਨਾਲ ਫਸਲ ਦੀ ਉਪਜ ਵਧਾ ਰਹੇ ਹਨ। ਉਦੀਂ ਖਿਆਲ ਆਇਆ - ਮੈਂ ਕਿੰਨੀ ਗਲਤੀ ਤੇ ਸਾਂ ਜੋ ਸੋਚਦਾ ਸਾਂ ਕਿ ਬੰਦਗੀ ਕਰਨ ਲਈ ਹਿਮਾਲਾ ਦੀ ਉਚਾਣ ਜ਼ਰੂਰੀ ਹੈ। ਇਸ ਝਰਨੇ ਵਾਂਗ ਮੈਂ ਲੋਕਾਂ ਵਿਚ ਜਾਵਾਂਗਾ, ਜਿਸ ਨੂੰ ਮੈਲ ਸਮਝਦਾ ਰਿਹਾ, ਉਹੀ ਪੈਦਾਵਾਰ ਲਈ ਲੋੜੀਂਦੀ ਹੈ, ਇਹੋ ਸਾਡੀ ਕਰਮ ਭੂਮੀ ਹੈ। ਦੁਨੀਆਂਦਾਰੀ ਨਿਭਾਉਂਦਿਆਂ ਹੋਇਆਂ ਮੈਂ ਰੱਬ ਦੇ ਨਜ਼ਦੀਕ ਰਹਿ ਸਕਾਂਗਾ। ਉਨ੍ਹਾਂ ਨੇ ਕਈ ਵਾਰ ਸਦੀਵੀ ਸਨਿਆਸ ਲੈਣ ਬਾਰੇ ਸੋਚਿਆ, ਖਿਆਲ ਤਿਆਗ ਦਿਤਾ ਤੇ ਧਾਰਮਿਕ ਫਰਜ਼ ਪਰਿਵਾਰ ਵਿਚ ਰਹਿੰਦਿਆ ਨਿਭਾਏ।

7 ਮਈ 1861 ਨੂੰ ਰਵਿੰਦਰ ਦਾ ਜਨਮ ਹੋਇਆ। ਭੈਣ ਭਰਾ ਜਿੰਨੇ ਗੋਰੇ ਸਨ ਉਨ੍ਹਾਂ ਦੇ ਮੁਕਾਬਲੇ ਰਵੀ ਦਾ ਰੰਗ ਕਣਕਵੰਨਾ ਸੀ। ਵੱਡੀ ਭੈਣ ਸੁਦਾਮਣੀ ਕਿਹਾ ਕਰਦੀ “ਨਹੀਂ ਗੋਰਾ ਨਾ ਸਹੀ, ਮੇਰੇ ਰਵੀ (ਸੂਰਜ) ਵੀਰ ਦੀਆਂ ਕਿਰਨਾ ਵਿਸ਼ਵ ਨੂੰ ਪੁਰਨੂਰ ਕਰਨਗੀਆਂ।” ਸ਼ਾਰਦਾ ਦੇਵੀ ਵਿਸ਼ਾਲ ਪਰਿਵਾਰ ਦੀ ਅਤਿਅੰਤ ਧੀਰਜਵਾਨ ਮਾਂ ਸੀ ਜਿਸ ਦੇ ਆਪਣੇ 14 ਬਚੇ ਤਾਂ ਸਨ ਹੀ, ਚਾਚੇ ਚਾਚੀਆਂ ਦੇ ਬਚੇ ਵੀ, ਤੇ ਅੱਗੋਂ ਰਿਵਾਜ ਆਪੇ ਅਜਿਹਾ ਸਹੇੜ ਲਿਆ ਕਿ ਧੀਆਂ ਤੇ ਜਵਾਈ ਵੀ ਇਥੇ ਜੋੜਾਸਾਂਕੀ ਦੇ ਵਡੇ ਘਰ ਵਿਚ ਰਹਿੰਦੇ।

ਬਾਲਕ ਰਵਿੰਦਰ ਨੂੰ ਨੌਕਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਨੌਕਰਾਂ ਵਿਚਕਾਰ ਉਹ ਚਿੜਚਿੜਾ ਤੇ ਜ਼ਿੱਦੀ ਹੋ ਗਿਆ। ਤੰਗ ਆਕੇ ਨੌਕਰ ਉਸਦੇ ਆਲੇ ਦੁਆਲੇ ਮੰਜੀਆਂ ਦੀ ਕੰਧ ਉਸਾਰ ਕੇ ਉਸਨੂੰ ਇਸ ਪਿੰਜਰੇ ਵਿਚ ਬੰਦ ਕਰਕੇ ਆਖਦੇ - ਜੇ ਬਾਹਰ ਨਿਕਲ ਗਿਆ ਤਾਂ ਮਰ ਜਾਏਂਗਾ। ਇਸ ਬੇਰੁਖੀ ਵਾਲੇ ਮਾਹੌਲ ਦਾ ਜ਼ਿਕਰ ਉਹ ਅਪਣੀ ਕਿਤਾਬ ਮੇਰਾ ਬਚਪਨ ਵਿਚ ਕਰਦਾ ਹੈ।

ਵੱਡਾ ਭਰਾ ਦਜਿੰਦਰਨਾਥ ਕਵੀ, ਸੰਗੀਤਕਾਰ, ਫਿਲਾਸਫ਼ਰ ਤੇ ਗਣਿਤ ਸ਼ਾਸਤ੍ਰੀ ਸੀ। ਰਵਿੰਦਰ ਨੇ ਇਸ ਭਰਾ ਤੋਂ ਕਵਿਤਾ ਜੋੜਨੀ ਤੇ ਲੈਅ ਵਿਚ ਉਚਾਰਨੀ ਸਿਖੀ। ਦੂਜਾ ਭਰਾ ਸਤਿੰਦਰਪਾਲ ਆਈ.ਸੀ.ਐਸ. ਕਰਨ ਵਿਚ ਸਫਲ ਰਿਹਾ ਤੇ ਸਾਰੀ ਉਮਰ ਸੱਤਾ ਦੀ ਕੁਰਸੀ ਉਪਰ ਬਿਰਾਜਮਾਨ ਰਿਹਾ। ਇਹ ਤਕੜਾ ਪੜ੍ਹਾਕੂ ਅਤੇ ਲੇਖਕ ਸੀ। ਬੰਗਾਲੀ, ਸੰਸਕ੍ਰਿਤ ਅਤੇ ਅੰਗਰੇਜ਼ੀ ਤਿੰਨਾ ਵਿਚ ਉਹ ਲਾਜਵਾਬ ਸੀ। ਉਸਨੇ ਗੀਤਾ ਅਤੇ ਮੇਘਦੂਤ ਦਾ ਬੰਗਾਲੀ ਕਵਿਤਾ ਵਿਚ ਪਹਿਲੀ ਵਾਰ ਉੱਤਮ ਅਨੁਵਾਦ ਕੀਤਾ। ਉਸਨੇ ਮਰਾਠੀ ਕਲਾਸਿਕ ਗ੍ਰੰਥਾਂ ਦੇ ਅਨੁਵਾਦ ਬੰਗਲਾ ਵਿਚ ਕੀਤੇ। ਪਿਤਾ ਦਵਿੰਦਰਨਾਥ ਦੀ ਸਵੈ-ਜੀਵਨੀ ਉਸਨੇ ਅੰਗਰੇਜ਼ੀ ਵਿਚ ਅਨੁਵਾਦ ਕੀਤੀ ਜੋ ਮੈਕਮਿਲਨ ਲੰਡਨ ਨੇ ਛਾਪੀ। ਸਤਿੰਦਰ ਦੀ ਪਤਨੀ ਸੁਹਣੀ ਸੀ। ਜਦੋਂ ਨੰਗੇ ਮੂੰਹ ਤਾਂਗੇ ਵਿਚ ਬਿਠਾ ਕੇ ਸਤਿੰਦਰ ਸੜਕ ਉਪਰ ਦੀ ਸਟੇਸ਼ਨ ਜਾਣ ਲਈ ਲੰਘਿਆ ਤਾਂ ਪੂਰੇ ਕਲਕਤੇ ਵਿਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲੀ। ਹਰੇਕ ਆਖ ਰਿਹਾ ਸੀ -ਐਨਾ ਵੱਡਾ ਕਲੰਕ ਇਹ ਕਿਵੇਂ ਧੋਣਗੇ? ਪਰ ਸਤਿੰਦਰ ਧੁਨ ਦਾ ਅਜਿਹਾ ਪੱਕਾ ਕਿ ਜਦੋਂ ਇੰਗਲੈਂਡ ਗਿਆ ਤਾਂ ਪਤਨੀ ਨੂੰ ਨਾਲ ਲੈਕੇ ਗਿਆ। ਇਥੇ ਹੀ 14 ਸਾਲ ਦੀ ਉਮਰ ਵਿਚ ਪਹਿਲੀ ਵਾਰ ਰਵਿੰਦਰ ਪੜ੍ਹਨ ਵਾਸਤੇ ਅਪਣੇ ਭਰਾ ਦੇ ਪਰਿਵਾਰ ਵਿਚ ਰਿਹਾ ਜਿਥੇ ਉਸਦਾ ਖੂਬ ਦਿਲ ਲੱਗਾ।

ਹਿਮਿੰਦਰਨਾਥ ਤੀਜਾ ਭਰਾ ਸੀ ਜੋ 40 ਸਾਲ ਦੀ ਉਮਰ ਵਿੱਚ ਰੱਬ ਨੂੰ ਪਿਆਰਾ ਹੋ ਗਿਆ। ਰਵਿੰਦਰ ਇਸ ਭਰਾ ਦਾ ਬੜੇ ਸਤਿਕਾਰ ਨਾਲ ਜ਼ਿਕਰ ਕਰਦਾ ਹੈ। ਇਸ ਨੇ ਕਿਹਾ ਸੀ ਕਿ ਅਰੰਭ ਵਿਚ ਅੰਗਰੇਜ਼ੀ ਨਹੀਂ, ਬੰਗਲਾ ਸਿਖਣੀ ਹੈ। ਟੈਗੋਰ ਨੇ ਲਿਖਿਆ ਹੈ - ਜਦੋਂ ਬਾਕੀ ਬਚੇ ਫਰਲ ਫਰਲ ਅੰਗਰੇਜ਼ੀ ਬੋਲਦੇ ਹੁੰਦੇ ਉਦੋਂ ਮੈਂ ਬੀ ਏ ਡੀ, ਬੈਡ ਤੇ ਐਮ ਏ ਡੀ, ਮੈਡ ਨੂੰ ਰੱਟਾ ਲਾਉਂਦਾ ਫਿਰਦਾ। ਮੇਰੇ ਭਰਾ ਦਾ ਫੈਸਲਾ, ਬਿਲਕੁਲ ਦਰੁਸਤ ਸੀ। ਪਿਛੋਂ ਇਸੇ ਪਾਲਿਸੀ ਨੂੰ ਮੈਂ ਆਪ ਲਾਗੂ ਕਰਦਾ ਰਿਹਾ ਜੋ ਸਫਲ ਸਿੱਧ ਹੋਈ।

ਘਰ ਵਿਚ ਸਾਦਗੀ ਦਾ ਮਾਹੌਲ ਤਾਂ ਸੀ ਪਰ ਪੈਸੇ ਟਕੇ ਦੀ ਤੰਗੀ ਨਹੀਂ ਸੀ। ਰਵੀ ਨੇ ਬਚਪਨ ਦੇ ਦਿਨ ਯਾਦ ਕਰਦਿਆਂ ਲਿਖਿਆ ਹੈ - “ਖਾਣ-ਚੀਜਾਂ ਵਿਚ ਵੰਨ ਸੁਵੰਨਤਾ ਹੁੰਦੀ। ਕੱਪੜੇ ਚੰਗੇ ਹੁੰਦੇ, ਬੇਸ਼ਕ ਅੱਜ ਕੱਲ੍ਹ ਦੇ ਬੱਚਿਆਂ ਨੂੰ ਉਹ ਚੰਗੇ ਨਾ ਲੱਗਣ। ਦਸਵੀਂ ਪਾਸ ਕਰ ਲੈਣ ਤੋਂ ਪਹਿਲਾਂ ਸੁਹਣੀ ਗੁਰਗਾਬੀ ਨਹੀਂ ਮਿਲ ਸਕਦੀ ਸੀ। ਸਰਦੀਆਂ ਵਿਚ ਮੋਟਾ ਸੂਤੀ ਕੁੜਤਾ ਹੁੰਦਾ। ਕਦੀ ਨਹੀਂ ਲਗਿਆ ਸੀ ਕਿ ਸਾਡੇ ਨਾਲ ਵਿਤਕਰਾ ਹੋਇਆ ਹੈ। ਉਦੋਂ ਜ਼ਰੂਰ ਸ਼ਿਕਾਇਤ ਕਰਦੇ ਜਦੋਂ ਬੁੱਢਾ ਦਰਜੀ ਕੁੜਤੇ ਦੇ ਜੇਬ ਲਾਉਣੀ ਭੁੱਲ ਜਾਂਦਾ ਕਿਉਂਕਿ ਇਸ ਘਰ ਦਾ ਕੋਈ ਬੱਚਾ ਏਨਾ ਗਰੀਬ ਨਹੀਂ ਸੀ ਕਿ ਜੇਬ ਵਿਚ ਪਾਉਣ ਲਈ ਕੁਝ ਪੈਸੇ ਨਾ ਹੋਣ।

ਰਵੀ ਦਾ ਬਚਪਨ ਰੰਗ ਰੰਗ ਦੀ ਕਲਪਣਾ ਨਾਲ ਇਸ ਕਦਰ ਭਰਪੂਰ ਸੀ ਕਿ ਉਸਨੂੰ ਸੱਚੀ ਗੱਲ ਚੰਗੀ ਨਾ ਲਗਦੀ। ਅਬਦੁਲ ਮਲਾਹ ਮੱਛੀਆਂ ਲੈਕੇ ਆਇਆ ਕਰਦਾ ਸੀ। ਉਸਨੇ ਬਾਲਕ ਰਵੀ ਨੂੰ ਇਕ ਘਟਨਾ ਸੁਣਾਈ ਕਿ ਇਕ ਵੇਰ ਚੇਤ ਦੇ ਅਖੀਰ ਵਿਚ ਉਹ ਮੱਛੀਆਂ ਫੜਨ ਲਈ ਗਿਆ ਤਾਂ ਨੇਰ੍ਹੀ ਆ ਗਈ। ਬੇੜੀ ਪਰੇ ਹੀ ਪਰੇ ਜਾ ਰਹੀ ਸੀ। ਉਸਨੇ ਬੇੜੀ ਦਾ ਰੱਸਾ ਫੜਿਆ ਤੇ ਪਾਣੀ ਵਿਚ ਕੁੱਦ ਪਿਆ। ਬੜੀ ਮੁਸ਼ਕਲ ਨਾਲ ਘਸੀਟ ਕੇ ਕੰਢੇ ਉਪਰ ਪੁੱਜਾ। ਰਵੀ ਲਿਖਦਾ ਹੈ, “ਇਹ ਕਹਾਣੀ ਮੇਰੇ ਸੁਭਾਅ ਦੇ ਉਲਟ ਛੇਤੀ ਖਤਮ ਹੋ ਗਈ। ਬੇੜੀ ਬਚ ਗਈ, ਮਲਾਹ ਵੀ ਸਲਾਮਤ ਰਿਹਾ। ਇਹ ਕੀ ਕਹਾਣੀ ਹੋਈ? ਮੈਂ ਬਾਰ ਬਾਰ ਪੁਛਦਾ - ਫੇਰ ਕੀ ਹੋਇਆ ? ਅੱਗੇ ਦੱਸ ਕੀ ਹੋਇਆ? ਅਬਦੁਲਾ ਕੀ ਦਸਦਾ ਜਦੋਂ ਕੁੱਝ ਹੋਇਆ ਹੀ ਨਹੀਂ ਸੀ। ਪਰ ਮੈਂ ਹਟਿਆ ਨਾਂ ਤਾਂ ਉਹ ਬੋਲਿਆ - ਅੱਗੇ ਬੜਾ ਕੁਝ ਹੋਇਆ। ਮੈਂ ਦੇਖਿਆ ਤੂਫਾਨ ਆਉਣ ਵੇਲੇ ਇਕ ਚੀਤਾ ਦਰਖਤ ਤੇ ਚੜ੍ਹ ਗਿਆ ਪਰ ਜਦੋਂ ਤੇਜ਼ ਨੇਰ੍ਹੀ ਨਾਲ ਦਰਖ਼ਤ ਗੰਗਾ ਵਿਚ ਡਿਗ ਪਿਆ ਤਾਂ ਚੀਤਾ ਲੱਗਾ ਨਦੀ ਵਿਚ ਗੋਤੇ ਖਾਣ। ਡੁਬਦਾ ਤਰਦਾ ਉਹ ਕਿਨਾਰੇ ਆ ਲੱਗਾ। ਉਸਨੂੰ ਬੜੀ ਭੁੱਖ ਲਗੀ ਹੋਈ ਸੀ ਤੇ ਮੈਨੂੰ ਦੇਖਣ ਸਾਰ ਉਸਦੀਆਂ ਅੱਖਾਂ ਚਮਕ ਪਈਆਂ ਤੇ ਮੂੰਹ ਵਿਚੋਂ ਰਾਲਾਂ ਵਗਣ ਲੱਗੀਆਂ। ਉਸਦੀ ਨੀਅਤ ਭਾਂਪਣ ਸਾਰ ਮੈਂ ਰੱਸੇ ਨੂੰ ਵੱਡੀ ਸਾਰੀ ਸਰਕਵੀਂ ਗੰਢ ਮਾਰ ਲਈ ਯਾਨੀ ਕਿ ਫਾਂਸੀ ਦਾ ਫੰਦਾ ਜਿਹਾ ਬਣਾ ਲਿਆ। ਜਦੋਂ ਉਹ ਅਗਲੇ ਪੰਜੇ ਚੁੱਕ ਕੇ ਮੇਰੇ ਵੱਲ ਭੱਜਿਆ ਮੈਂ ਫਟਾ ਫਟ ਫੰਦਾ ਉਸ ਵੱਲ ਸੁੱਟ ਦਿਤਾ ਤੇ ਗਲ ਵਿਚ ਪੈਣ ਸਾਰ ਰੱਸੀ ਖਿਚ ਦਿਤੀ। ਜਿਉਂ ਜਿਉਂ ਉਹ ਫੰਦੇ ਵਿਚ ਨਿਕਲਣ ਦਾ ਯਤਨ ਕਰਦਾ, ਫੰਦਾ ਹੋਰ ਕਸਿਆ ਜਾਂਦਾ। ਆਖਰ ਉਹਦੀ ਜੀਭ ਬਾਹਰ ਆ ਗਈ।”

“ਉਹ ਮਰਿਆ ਨਹੀਂ?” ਮੈਨੂੰ ਬੜਾ ਜੋਸ਼ ਆ ਗਿਆ ਤਾਂ ਮੈਂ ਪੁੱਛਿਆ। ”ਹੜ੍ਹ ਪਾਰ ਕਰਕੇ ਮੈਂ ਵੀ ਤਾਂ ਬਹਾਦਰਗੰਜ ਵਾਪਸ ਪੁੱਜਣਾ ਸੀ, ਮੈਂ ਕਿਉਂ ਮਰਨ ਦਿੰਦਾ? ਮੈਂ ਉਹਨੂੰ ਆਪਣੀ ਬੇੜੀ ਅਗੇ ਜੋੜ ਲਿਆ। ਚਾਲੀ ਮੀਲ ਉਸ ਤੋਂ ਆਪਣੀ ਬੇੜੀ ਖਿਚਵਾਈ। ਜਦੋਂ ਉਹ ਚੀਕਣ ਲਗਦਾ ਮੈਂ ਚੱਪੂ ਨਾਲ ਉਹਦੀ ਭੁਗਤ ਸੁਆਰਦਾ। ਪੰਦਰਾਂ ਘੰਟਿਆਂ ਦਾ ਸਫ਼ਰ ਉਸਨੇ ਡੇਢ ਘੰਟੇ ਵਿਚ ਮੁਕਾ ਦਿਤਾ। ਬਸ ਬਰਖੁਰਦਾਰਾ, ਅੱਗੇ ਹੋਰ ਸਵਾਲ ਨਾ ਪੁੱਛੀਂ ਮੇਰੇ ਤੋਂ। ਹੋਰ ਮੇਰੇ ਕੋਲ ਕੋਈ ਜਵਾਬ ਨਹੀਂ।”

“ਅੱਛਾ”, ਮੈਂ ਕਿਹਾ, “ਚਲੋ ਇਹ ਤਾਂ ਚੀਤੇ ਦੀ ਗੱਲ ਹੋਈ। ਹੁਣ ਮਗਰਮੱਛ ਦੀ ਕੋਈ ਗੱਲ ਵੀ ਸੁਣਾਉ। ਅਬਦੁਲ ਆਖਦਾ, “ਮੈਂ ਉਹਦੇ ਨੱਕ ਦੀ ਕਰੂੰਬਲ ਪਾਣੀ ਵਿਚੋਂ ਨਿਕਲੀ ਕਈ ਵਾਰ ਦੇਖੀ ਹੈ। ਬਰੇਤੇ ਵਿਚ ਧੁੱਪੇ ਲੇਟਕੇ ਉਹ ਬੜਾ ਮੁਸਕਾਂਦਾ ਹੈ। ਜੇ ਬੰਦੂਕ ਹੋਵੇ ਮੈਂ ਉਹਨੂੰ ਦੱਸ ਹੀ ਦਿਆਂ ਕਿ ਮੈਂ ਕੌਣ ਹਾਂ ਪਰ ਮੇਰਾ ਲਸੰਸ ਖਤਮ ਹੋ ਗਿਐ। ਫੇਰ ਵੀ ਇਕ ਦਿਨ ਦੀ ਗੱਲ ਸੁਣਾਨਾ। ਇਕ ਆਜੜੀ ਔਰਤ ਨਦੀ ਕਿਨਾਰੇ ਦਾਤੀ ਨਾਲ ਬਾਂਸ ਛਿੱਲ ਰਹੀ ਸੀ ਤੇ ਉਹਦੀ ਬੱਕਰੀ ਨੇੜੇ ਘਾਹ ਚਰ ਰਹੀ ਸੀ। ਮਗਰਮੱਛ ਆਇਆ ਤੇ ਧੂਅ ਕੇ ਬਕਰੀ ਨੂੰ ਦਰਿਆ ਵਿਚ ਲੈ ਵੜਿਆ। ਜਨਾਨੀ ਨੇ ਅੱਗਾ ਦੇਖਿਆ ਨਾ ਪਿਛਾ, ਝਟ ਦਰਿਆ ਵਿਚ ਛਾਲ ਮਾਰ ਕੇ ਮਗਰਮੱਛ ਦੀ ਪਿਠ ਉਪਰ ਬੈਠ ਗਈ ਤੇ ਦਾਤੀ ਨਾਲ ਉਸ ਵਡੇ ਸਾਰੇ ਕਿਰਲੇ ਦਾ ਗਲਾ ਚੀਰਨ ਲੱਗੀ। ਮਗਰਮੱਛ ਨੇ ਬੱਕਰੀ ਛੱਡ ਦਿਤੀ ਤੇ ਆਪ ਪਾਣੀ ਵਿਚ ਡੁਬਕੀ ਲਾ ਗਿਆ।

“ਫੇਰ? ਅਗੇ?” ਮੈਂ ਹੈਰਾਨੀ ਨਾਲ ਪੁਛਦਾ।

“ਓ ਯਾਰ ਮਗਰਮੱਛ ਡੁੱਬ ਗਿਆ ਤਾਂ ਕਹਾਣੀ ਵੀ ਨਾਲ ਹੀ ਡੁੱਬ ਗਈ। ਜਦੋਂ ਮਗਰਮੱਛ ਨਿਕਲ ਆਇਆ ਤਾਂ ਕਹਾਣੀ ਵੀ ਨਿਕਲ ਆਏਗੀ ਪਰ ਮਗਰਮੱਛ ਨੂੰ ਕੱਢਣ ਵਾਸਤੇ ਸਮਾਂ ਲੱਗੇਗਾ। ਅਗਲੀ ਵਾਰੀ ਕਿਸੇ ਨੂੰ ਭੇਜੂੰਗਾ ਪਤਾ ਕਰਨ ਕਿ ਅਗੇ ਕੀ ਹੋਇਆ, ਫੇਰ ਤੈਨੂੰ ਦਸੂੰਗਾ।”

“ਅਬਦੁਲਾ ਮੁੜ ਕੇ ਅੱਜ ਤੱਕ ਨਹੀਂ ਆਇਆ। ਮਗਰਮੱਛ ਨੂੰ ਲਭਦਾ ਫਿਰਦਾ ਹੋਣੈ।”

ਕਲਪਣਾ ਵਿਚ ਰਵੀ ਅਧਿਆਪਕ ਬਣ ਜਾਂਦਾ। ਜੰਗਲੇ ਦੀਆਂ ਸੀਖਾਂ ਉਸਦੀ ਕਲਾਸ ਵਿਚ ਬੈਠੀਆਂ ਵਿਦਿਆਰਥਣਾ ਸਨ। “ਉਨਾਂ ਵਿਚੋਂ ਕੁਝ ਬੜੀਆਂ ਸ਼ੈਤਾਨ ਸਨ ਤੇ ਪੜ੍ਹਾਈ ਦਾ ਖਿਆਲ ਈ ਨਹੀਂ ਸੀ। ਮੈਂ ਉਨ੍ਹਾਂ ਨੂੰ ਭਿਆਨਕ ਡਰਾਵੇ ਦਿੰਦਾ ਕਿ ਵੱਡੀਆਂ ਹੋਕੇ ਮਜਦੂਰੀ ਕਰੋਗੀਆਂ। ਛਮਕਾਂ ਦੇ ਵਾਰ ਵੀ ਕਰਦਾ। ਸਿਰ ਤੋਂ ਪੈਰਾਂ ਤੀਕ ਉਨ੍ਹਾਂ ਦੇ ਜਿਸਮ ਉਪਰ ਮਾਰ ਖਾਣ ਦੇ ਨਿਸ਼ਾਨ ਸਨ, ਫੇਰ ਕਿਹੜਾ ਸ਼ਰਾਰਤਾਂ ਕਰਨ ਤੋਂ ਬਾਜ਼ ਆਉਂਦੀਆਂ ਸਨ? ਉਹ ਤਾਂ ਸ਼ਰਾਰਤਾਂ ਕਰਨੋ ਨਹੀਂ ਹਟੀਆਂ, ਮੈਂ ਇਹ ਖੇਡ ਖੇਡਣ ਤੋਂ ਜ਼ਰੂਰ ਹਟ ਗਿਆ ਹਾਂ।” ਕੁਝ ਸਮਾਂ ਘਰ ਵਿਚ ਟਿਊਟਰ ਪੜ੍ਹਾਉਣ ਆਇਆ ਕਰਦੇ। ਭੈਣਾ ਭਾਈਆਂ ਨੂੰ ਬੱਘੀ ਵਿਚ ਬੈਠਕੇ ਸਕੂਲ ਜਾਂਦੇ ਦੇਖਦਾ ਤਾਂ ਰਵੀ ਚੀਕਣ ਲੱਗ ਜਾਂਦਾ - “ਮੈਨੂੰ ਵੀ ਸਕੂਲ ਦਾਖਲ ਕਰਾਉ। ਮੈਂ ਨੀਂ ਘਰ ਵਿਚ ਪੜ੍ਹਨਾ।” ਅਧਿਆਪਕ ਨੇ ਚਪੇੜ ਜੜਦਿਆਂ ਕਿਹਾ - "ਅੱਜ ਸਕੂਲ ਜਾਣ ਲਈ ਰੋਂਦਾ ਹੈਂ, ਕੱਲ੍ਹ ਨੂੰ ਸਕੂਲੋਂ ਹਟਣ ਵਾਸਤੇ ਅਸਮਾਨ ਸਿਰ ਤੇ ਚੁਕ ਲਏਂਗਾ।” ਇਹ ਭਵਿਖਬਾਣੀ ਸੱਚੀ ਹੋਈ। ਕਦੀ ਵੀ ਬਾਲਕ ਦਾ ਸਕੂਲ ਵਿਚ ਦਿਲ ਨਾ ਲੱਗਾ। ਅੱਠ ਸਾਲ ਦੀ ਉਮਰ ਵਿਚ ਉਸਨੇ ਤੁਕਬੰਦੀ ਕਰਨੀ ਸ਼ੁਰੂ ਕਰ ਦਿਤੀ।

ਵਿਹਾਰਕ ਕਿਸਮ ਦੀ ਵਿਦਿਆ ਉਸਨੂੰ ਅਕਾਊ ਲਗਦੀ। ਲਿਖਿਆ ਹੈ, “ਮੈਂ ਕਿਤਾਬ ਵਿਚ ਪੜ੍ਹਿਆ ਕਿ ਆਦਮੀ ਨੇ ਸਭ ਤੋਂ ਵੱਡੀ ਕਾਢ ਉਦੋਂ ਕੱਢੀ ਜਦੋਂ ਉਸਨੂੰ ਅੱਗ ਬਾਲਣੀ ਆ ਗਈ। ਮੈਨੂੰ ਇਹ ਗੱਲ ਸਹੀ ਨਾ ਲੱਗੀ। ਮੈਂ ਸੋਚਦਾ, ਚਿੜੀਆਂ ਨੂੰ ਅੱਗ ਬਾਲਣੀ ਨਹੀਂ ਆਉਂਦੀ ਫੇਰ ਕੀ ਹੋ ਗਿਆ? ਉਨ੍ਹਾਂ ਦੇ ਮਾਪਿਆਂ ਨੂੰ ਰਾਤੀਂ ਦੀਵਾ ਬਾਲਣ ਦੀ ਲੋੜ ਵੀ ਨੀ। ਨਾ ਸਕੂਲ ਜਾਣਾ ਪਵੇ। ਜਿਹੜਾ ਇਕ ਪਾਠ ਉਨ੍ਹਾਂ ਨੂੰ ਯਾਦ ਹੋ ਗਿਆ ਹੈ, ਸਵੇਰ ਸ਼ਾਮ ਅਨੰਦ ਨਾਲ ਉਹੀ ਗਾਈ ਜਾਂਦੀਆਂ ਹਨ।”

ਰਵੀ ਦਾ ਪਿਤਾ ਅਕਸਰ ਹਿਮਾਲਾ ਦੀ ਯਾਤਰਾ ਤੇ ਜਾਂਦਾ ਤੇ ਇਕਾਂਤ ਵਿਚ ਸਿਮਰਨ ਕਰਦਾ; ਕਦੀ ਕਦਾਈ ਰਵੀ ਨੂੰ ਨਾਲ ਲੈ ਜਾਂਦਾ। ਇਕ ਵਾਰ ਪਿਉ ਪੁੱਤਰ ਹਿਮਾਲਾ ਜਾਣ ਵੇਲੇ ਅੰਮ੍ਰਿਤਸਰ ਕਈ ਦਿਨ ਠਹਿਰੇ ਤੇ ਹਰਮਿੰਦਰ ਸਾਹਿਬ ਦੇ ਦਰਸ਼ਨ ਕੀਤੇ। ਦੇਰ ਤਕ ਕੀਰਤਨ ਸੁਣਦੇ, ਸੰਗਤ ਗਾਉਂਦੀ ਤਾਂ ਸ਼ਾਮਲ ਹੁੰਦੇ।

ਜਦੋਂ ਪੜ੍ਹਾਈ ਵਿਚ ਸੁਸਤ ਨਿਕਲਿਆ ਤਾਂ ਮਾਪਿਆਂ ਨੇ ਸੋਚਿਆ ਕਿ ਸਕੂਲ ਬਦਲ ਕੇ ਦੇਖੀਏ। ਸੇਂਟ ਜ਼ੇਵਿਅਰ ਸਕੂਲ ਵਿਚ ਦਾਖਲ ਕਰਵਾ ਦਿਤਾ। ਇਥੇ ਵੀ ਕੋਈ ਫਰਕ ਨਾ ਲੱਗਿਆ, ਰਵੀ ਨੇ ਲਿਖਿਆ, “ਇਹ ਵੀ ਹਸਪਤਾਲ ਅਤੇ ਕੈਦ ਖਾਨੇ ਦਾ ਘਾਲਾਮਾਲਾ ਜਿਹਾ ਸੀ।” ਅਧਿਆਪਕਾਂ ਨੇ ਦੇਖ ਲਿਆ ਕਿ ਇਸ ਨਲਾਇਕ ਨੇ ਕਦੀ ਨਹੀਂ ਪੜ੍ਹਨਾ, ਅੱਕ ਕੇ ਝਿੜਕਣਾ ਫਟਕਾਰਨਾ ਵੀ ਬੰਦ ਕਰ ਦਿਤਾ। ਏਨੀ ਗੱਲ ਜ਼ਰੂਰ ਸੀ ਕਿ ਜਦੋਂ ਉਸਨੇ ਬੰਗਲਾ ਪੜ੍ਹਨੀ ਲਿਖਣੀ ਸਿੱਖ ਲਈ ਤਾਂ ਉਹ ਹਰ ਹੱਥ ਆਇਆ ਵਰਕਾ, ਕਿਤਾਬ ਪੜ੍ਹ ਕੇ ਸਾਹ ਲੈਂਦਾ। ਉਹ ਅਣਥਕ ਪਾਠਕ ਸੀ।ਚੌਦਾਂ ਸਾਲ ਦੀ ਉਮਰ ਵਿਚ ਉਸਦੀ ਕਵਿਤਾ ਫਰਵਰੀ 1876 ਵਿਚ ਅੰਮ੍ਰਿਤ ਬਾਜ਼ਾਰ ਪੱਤ੍ਰਿਕਾ ਵਿਚ ਛਪੀ, ਤਾਂ ਸਾਬਤ ਹੋ ਗਿਆ ਕਿ ਉਸ ਅੰਦਰਲੀ ਤਾਕਤਵਰ ਪ੍ਰਤਿਭਾ ਪ੍ਰਗਟ ਹੋਣ ਲੱਗ ਪਈ ਹੈ। ਇਸੇ ਸਾਲ ਮਾਰਚ ਵਿਚ ਮਾਂ ਦਾ ਦੇਹਾਂਤ ਹੋ ਗਿਆ। ਰਵੀ ਦੇ ਕੋਮਲ ਮਨ ਉਪਰ ਡੂੰਘੀ ਸੱਟ ਨਾ ਵੱਜੇ, ਭਰਾ ਜਤਿੰਦਰ ਦੀ ਪਤਨੀ ਕਦੰਬਰੀ ਨੇ ਪੂਰਾ ਸਨੇਹ ਦਿੱਤਾ। ਬੰਕਿਮਚੰਦਰ ਚੈਟਰਜੀ ਦਾ ਨਾਵਲ ਬੰਗ ਦਰਸ਼ਨ ਛਪਿਆ ਤਾਂ ਬੰਗਾਲ ਵਿਚ ਇਕ ਤੂਫਾਨ ਜਿਹਾ ਪੈਦਾ ਹੋ ਗਿਆ। ਘਰ ਘਰ ਵਿਚ ਇਹ ਨਾਵਲ ਪੜ੍ਹਿਆ ਗਿਆ। ਭਾਬੀ ਚਾਹੁੰਦੀ ਤਾਂ ਖੁਦ ਪੜ੍ਹ ਲੈਂਦੀ, ਪਰ ਉਹ ਰਵੀ ਨੂੰ ਕਹਿੰਦੀ - ਤੂੰ ਪੜ੍ਹ ਕੇ ਸੁਣਾ। ਬਿਜਲੀ ਤਾਂ ਹੈ ਨਹੀਂ ਸੀ, ਭਾਬੀ ਪੱਖੀ ਝਲਦੀ ਤੇ ਰਵੀ ਨਾਵਲ ਪੜ੍ਹ ਕੇ ਸੁਣਾਉਂਦਾ। ਦੂਜੇ ਪਾਸੇ ਭਰਾ ਜਤਿੰਦਰਨਾਥ, ਜੋ ਸੰਗੀਤਕ ਪ੍ਰਤਿਭਾ ਦਾ ਮਾਲਕ ਸੀ, ਪਿਆਨੋ ਚੁਕ ਲਿਆਉਂਦਾ, ਮਹੀਨ ਧੁਨਾ ਵਜਾਉਂਦਾ ਹੋਇਆ ਆਖਦਾ - ਰਵੀ, ਇਸ ਗੁੰਗੇ ਸਾਜ਼ ਨੂੰ ਬੋਲ ਦੇਹ। ਰਵੀ ਗੀਤ ਜੋੜਦਾ, ਗੁਣਗੁਣਾਉਂਦਾ ਤੇ ਗੀਤ ਦੇ ਬੋਲ ਪੂਰੇ ਹੁੰਦੇ। ਇਸ ਨਾਲ ਰਵੀ ਦੇ ਅੰਦਰਲੀ ਕਲਾ ਤਾਂ ਪ੍ਰਜਵਲੱਤ ਹੁੰਦੀ ਹੀ, ਉਸਨੂੰ ਅਜਿਹੇ ਸਹਿਯੋਗੀ ਭਾਈ ਭਾਬੀ ਮਿਲੇ ਕਿ ਆਲਾਦੁਆਲਾ ਅਪਣੱਤਪੂਰਨ ਹੋ ਜਾਂਦਾ, ਪਿਆਰ ਵਾਲਾ ਹੋ ਜਾਂਦਾ। ਨਿਕੀ ਕਲੀ ਦੇ ਖਿੜਨ ਵਾਸਤੇ ਜਿਸ ਪ੍ਰਕਾਰ ਦਾ ਸਾਜ਼ੋਸਾਮਾਨ ਚਾਹੀਦਾ ਸੀ, ਉਹ ਸਾਰਾ ਮੌਜੂਦ ਸੀ। ਰਵੀ ਨੇ ਲਿਖਿਆ, “ਭਰਾ ਤੇ ਭਾਬੀ ਦੀ ਕੈਦ ਚੋਂ ਨਿਕਲਣ ਦਾ ਯਤਨ ਨਹੀਂ ਕੀਤਾ ਕਿਉਂਕਿ ਇਸਦੀ ਜ਼ਰੂਰਤ ਨਹੀਂ ਸੀ। ਇਸ ਕੈਦ ਵਿਚੋਂ ਜਦੋਂ ਕਦੀ ਮੈਂ ਸੁਤੰਤਰ ਹੋਇਆ, ਤਾਂ ਦੁਖ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਮਿਲਿਆ।”

ਭਰਾ ਨਾਲ ਉਹ ਆਪਣੀ ਜਾਇਦਾਦ ਦਾ ਦੌਰਾ ਕਰਨ ਜਾਂਦਾ। ਭਰਾ ਸ਼ੇਰ ਦਾ ਸ਼ਿਕਾਰ ਕਰਨ ਜਾਂਦਾ ਤਾਂ ਰਵੀ ਨੂੰ ਨਾਲ ਲਿਜਾਂਦਾ। ਸ਼ੇਰ ਦੇ ਸ਼ਿਕਾਰ ਦੀ ਇਕ ਘਟਨਾ ਬਾਬਤ ਰਵੀ ਨੇ ਲਿਖਿਆ, “ਜੰਗਲ ਸੰਘਣਾ ਸੀ। ਧੁੱਪ ਛਾਂ ਵਿਚ ਕਿਤੇ ਸ਼ੇਰ ਦਿਖਾਈ ਨਾ ਦਿੱਤਾ। ਜੋਤੀ ਦਾਦਾ (ਜਤਿੰਦਰ ਭਰਾ) ਨੇ ਬਾਂਸਾਂ ਦੀ ਇਕ ਕੰਮ ਚਲਾਊ ਪੌੜੀ ਬਣਾਈ ਤੇ ਭਰੀ ਹੋਈ ਬੰਦੂਕ ਲੈਕੇ ਅਸੀਂ ਦਰਖਤ ਤੇ ਜਾ ਚੜ੍ਹੇ। ਮੇਰੇ ਕੋਲ ਤਾਂ ਸ਼ੇਰ ਦੀ ਬੇਇਜਤੀ ਕਰਨ ਵਾਸਤੇ ਡੰਡਾ ਸੋਟਾ ਵੀ ਨਹੀਂ ਸੀ। ਬਹੁਤ ਦੇਰ ਤੱਕ ਅੱਖਾਂ ਪਾੜ ਪਾੜ ਕੇ ਧਿਆਨ ਨਾਲ ਦੇਖਣ ਬਾਦ ਸੰਘਣੀਆਂ ਝਾੜੀਆਂ ਵਿਚੋਂ ਆਉਂਦੇ ਉਸਦੇ ਪੈਰ ਦਿਸੇ, ਭਰਾ ਨੇ ਗੋਲੀ ਦਾਗ ਦਿੱਤੀ। ਗੋਲੀ ਜੰਗਲ ਦੇ ਰਾਜੇ ਦੀ ਰੀੜ੍ਹ ਦੀ ਹੱਡੀ ਵਿਚੋਂ ਦੀ ਪਾਰ ਹੋ ਗਈ ਤੇ ਉਹ ਮੁੜ ਉਠ ਨਾ ਸਕਿਆ। ਬੜੇ ਭਿਆਨਕ ਢੰਗ ਨਾਲ ਗੱਜਦਾ ਰਿਹਾ ਤੇ ਜਿਥੇ ਜਿਥੇ ਉਸਦੇ ਪੰਜੇ ਜਾ ਸਕਦੇ ਸਨ ਝਾੜ ਝੰਖਾੜ ਉਪਰ ਝਪਟਦਾ ਰਿਹਾ ਤੇ ਜ਼ੋਰ ਜ਼ੋਰ ਦੀ ਪੂਛ ਧਰਤੀ ਤੇ ਪਟਕਦਾ ਰਿਹਾ। ਮੈਂ ਸਮਝ ਗਿਆ ਕਿ ਇਹ ਮਰ ਗਿਆ ਹੈ ਕਿਉਂਕਿ ਸ਼ੇਰਾਂ ਦਾ ਇਹ ਸੁਭਾਉ ਨਹੀਂ ਹੁੰਦਾ ਕਿ ਉਹ ਮਰਨ ਦੀ ਉਡੀਕ ਧੀਰਜ ਨਾਲ ਲੰਮਾ ਸਮਾਂ ਕਰਨ। ਮੈਂ ਇਹ ਵੀ ਸੋਚਿਆ ਕਿ ਪਿਛਲੀ ਰਾਤ ਕੀ ਪਤਾ ਇਸਦੇ ਖਾਣੇ ਵਿਚ ਕਿਸੇ ਨੇ ਅਫੀਮ ਰਲਾ ਦਿਤੀ ਹੋਵੇ।”

ਸਤਿੰਦਰਨਾਥ, ਜੋ ਜ਼ਿਲਾ ਸੈਸ਼ਨ ਜੱਜ ਸਨ ਨੇ ਛੁੱਟੀਆਂ ਕੱਟਣ ਇੰਗਲੈਂਡ ਜਾਣਾ ਸੀ। ਉਸਨੇ ਪਿਤਾ ਨੂੰ ਕਿਹਾ ਕਿ ਰਵੀ ਵੀ ਨਾਲ ਚਲਾ ਜਾਏ ਤਾਂ ਚੰਗਾ ਹੋਵੇ। ਇਥੇ ਪੜ੍ਹਦਾ ਨਹੀਂ, ਉਥੇ ਪੜ੍ਹ ਸਕਦਾ ਹੈ। ਵਕੀਲ ਦੀ ਕਿਹੜਾ ਘੱਟ ਇਜੱ.ਤ ਹੈ? ਇਹ ਲਾਅ ਕਰ ਲਵੇ। ਪਿਤਾ ਜੀ ਮੰਨ ਗਏ। ਭਰਾ ਦਾ ਪਰਿਵਾਰ ਪਹਿਲਾਂ ਰਵਾਨਾ ਹੋ ਚੁੱਕਾ ਸੀ। ਸਲਾਹ ਇਹ ਬਣੀ ਕਿ ਸਤਿੰਦਰ ਪਹਿਲਾਂ ਕੁਝ ਸਮਾਂ ਰਵੀ ਨੂੰ ਅਹਿਮਦਾਬਾਦ ਅਪਣੇ ਬੰਗਲੇ ਵਿਚ ਰੱਖ ਕੇ ਅੰਗਰੇਜ਼ੀ ਅਤੇ ਗੋਰਿਆਂ ਦੇ ਰਹਿਣ ਸਹਿਣ ਦੇ ਤੌਰ ਤਰੀਕੇ ਸਿਖਾਵੇ। ਉਸ ਪਿਛੋਂ ਇੰਗਲੈਂਡ ਰਵਾਨਾ ਹੋ ਜਾਣਾ। ਜਿਸ ਹਵੇਲੀ ਵਿਚ ਜੱਜ ਦਾ ਨਿਵਾਸ ਸੀ, ਉਹ ਬਾਦਸ਼ਾਹ ਸ਼ਾਹਜਹਾਨ ਦਾ ਬਣਵਾਇਆ ਹੋਇਆ ਮਹਿਲ ਸੀ। ਇਸ ਵਿਚ ਅੰਗਰੇਜ਼ੀ, ਬੰਗਲਾ ਅਤੇ ਸੰਸਕ੍ਰਿਤ ਦੀਆਂ ਅਨਮੋਲ ਅਨੇਕ ਕਿਤਾਬਾਂ ਸਨ। ਬਾਲਕ ਰਵੀ ਨੇ ਇਨ੍ਹਾਂ ਉਪਰ ਭੁੱਖੇ ਸ਼ੇਰ ਵਾਂਗ ਹੱਲਾ ਬੋਲ ਦਿਤਾ। ਉਸਨੂੰ ਇਥੇ ਅੰਗ੍ਰੇਜ਼ੀ ਸਾਹਿਤ ਦੀ ਅਮੀਰੀ ਦਾ ਬੋਧ ਹੋਇਆ, ਪਹਿਲਾਂ ਤਾਂ ਮਾਸਟਰ ਜਬਰਨ ਪੜ੍ਹਾਂਦੇ ਸਨ, ਹੁਣ ਖੁਦ ਇਸ ਬਾਗ ਵਿਚ ਦਾਖਲ ਹੋ ਗਿਆ। ਉਸਨੇ ਅੰਗਰੇਜ਼ੀ ਰਾਹੀਂ ਯੋਰਪ ਦੇ ਬਾਕੀ ਸਾਹਿਤ ਦਾ ਅਧਿਐਨ ਭੀ ਇਥੇ ਕੀਤਾ। ਨਾਲ ਨਾਲ ਨੋਟਸ ਲੈਂਦਾ ਜਾਂਦਾ ਤੇ ਲੰਮੇ ਆਲੋਚਨਾਤਮਕ ਲੇਖ ਲਿਖਦਾ ਤੇ ਛਪਣ ਲਈ ਭੇਜਦਾ। ਉਸਦੇ ਇਨ੍ਹਾਂ ਦਿਨਾਂ ਵਿਚ ਜਿਹੜੇ ਲੇਖ ਭਾਰਤੀ ਵਿਚ ਛਪੇ ਉਹ ਸਨ, ਦ ਸੈਕਸੰਜ਼ ਐਂਡ ਐਂਗਲੋ ਸੈਕਸਨ ਲਿਟਰੇਚਰ, ਦ ਨਾਰਮੰਜ਼ ਐਂਡ ਐਂਗਲੋ ਨਾਰਮਨ ਲਿਟਰੇਚਰ, ਪੈਟਰਾਰਕ ਐਂਡ ਲੋਰਾ, ਦਾਂਤੇ ਐਂਡ ਹਿਜ਼ ਪੋਇਟ੍ਰੀ, ਗੇਥੇ, ਚੈਟਰਟਨ ਆਦਿਕ। ਉਸ ਵਿਚ ਨਿਕੀ ਉਮਰੇ ਖਿਆਲਾਂ ਦੀ ਪਕਿਆਈ ਪ੍ਰਗਟ ਹੋਣ ਲੱਗੀ। ਉਦਾਹਰਣ ਲਈ ਕੁਝ ਵਾਕ ਦੇਖੋ :

“ਅਜਿਹੇ ਲੋਕ ਘੱਟ ਹੁੰਦੇ ਨੇ ਜਿਹੜੇ ਅਮੀਰ ਹੁੰਦੇ ਹੋਏ ਗਰੀਬ ਦਿਖਾਈ ਦੇਣ। ਮੈਂ ਏਨਾ ਗਰੀਬ ਹਾਂ ਕਿ ਕੋਟ ਦੇ ਪਿਤਲ ਦੇ ਬਟਣਾਂ ਉਪਰ ਸੋਨੇ ਦੇ ਮੁਲੰਮੇ ਕਰਕੇ ਆਕੜਿਆ ਫਿਰਦਾ ਹਾਂ। ਮੈਨੂੰ ਏਨਾ ਅਮੀਰ ਤਾਂ ਬਣਨਾ ਪਏਗਾ ਹੀ ਇਕ ਦਿਨ ਕਿ ਮੈਂ ਦੱਸ ਦਿਆ ਕਰਾਂਗਾ - ਇਹ ਪਿੱਤਲ ਦੇ ਨੇ।”

“ਕਿਹਾ ਜਾਂਦੈ ਕਿ ਪਿਆਰ ਅੰਨ੍ਹਾ ਹੁੰਦੈ। ਇਸਦਾ ਇਹ ਮਤਲਬ ਤਾਂ ਕਿਤੇ ਨਹੀਂ ਕਿ ਜਿਆਦਾ ਦੇਖਣਾ ਮਾਇਨੇ ਅੰਨ੍ਹਾ ਹੋਣਾ ਹੁੰਦੈ ਕਿਉਂਕਿ ਪ੍ਰੇਮ ਜਿਥੇ ਅੱਖਾਂ ਦੀ ਧਾਰ ਤੇਜ਼ ਕਰਦਾ ਹੈ ਉਥੇ ਅਕਲ ਘਟਾ ਦਿੰਦਾ ਹੈ।”

“ਮਿਤਰਤਾ ਅਤੇ ਪਿਆਰ ਵਿਚ ਇਹ ਫਰਕ ਹੈ ਕਿ ਮਿਤਰਤਾ ਕਾਰਨ ਦੁਨੀਆਂ ਦਾ ਬੋਧ ਹੁੰਦਾ ਹੈ ਤੇ ਪਿਆਰ ਵਿਚ ਦੋ ਸ਼ਖਸਾਂ ਦਾ ਬੋਧ ਹੁੰਦਾ ਹੈ। ਮਿਤਰਤਾ ਵਿਚ ਇਕ ਜਮਾ ਇਕ ਬਰਾਬਰ ਹੈ ਤਿੰਨ ਤੇ ਪਿਆਰ ਵਿਚ ਇਕ ਜਮ੍ਹਾ ਇਕ ਬਰਾਬਰ ਹੈ ਇੱਕ।”

“ਵੇਦਨਾ, ਆਪਣੇ ਆਪ ਵਿਚ ਖੋ ਜਾਣਾ ਹੈ। ਇਹੀ ਕਾਰਨ ਹੈ ਕਿ ਸੁੰਦਰਤਾ ਸਾਨੂੰ ਆਪਣੇ ਆਪੇ ਵਿਚੋਂ ਬਾਹਰ ਕੱਢ ਕੇ ਖੁਦ ਪ੍ਰਵੇਸ਼ ਕਰ ਜਾਂਦੀ ਹੈ ਤੇ ਅਸੀਂ ਅਨੰਦ ਵਿਭੋਰ ਹੋ ਜਾਂਦੇ ਹਾਂ।”

“ਕੁਝ ਲੋਕਾਂ ਦਾ ਖਿਆਲ ਹੈ ਔਰਤ ਸਿਫਰ ਵਾਂਗ ਹੈ ਤੇ ਮਰਦ ਇਕ ਵਾਂਗ। ਜੇ ਸਿਫਰ ਏਕੇ ਦੇ ਸੱਜੇ ਪਾਸੇ ਲਾ ਦਿਉ ਤਾਂ ਦਸ ਦੀ ਗਿਣਤੀ ਹੋ ਜਾਂਦੀ ਹੈ ਜੇ ਖੱਬੇ ਲਾ ਦਿਉ ਤਾਂ ਇਕ, ਇਕੱਲਾ ਰਹਿ ਜਾਂਦਾ ਹੈ।

“ਸਾਡੇ ਬਜ਼ੁਰਗ ਕਿਹਾ ਕਰਦੇ ਸਨ ਕਿ ਸ਼ਰਮ ਇਸਤ੍ਰੀਆਂ ਦਾ ਸਭ ਤੋਂ ਸੁਹਣਾ ਜ਼ੇਵਰ ਹੈ ਪਰ ਔਰਤਾਂ ਆਪਣੇ ਆਪ ਨੂੰ ਗਹਿਣਿਆਂ ਨਾਲ ਏਨਾ ਲੱਦ ਲੈਂਦੀਆਂ ਹਨ ਕਿ ਲੱਜ ਸ਼ਰਮ ਲਟਕਾਉਣ ਵਾਸਤੇ ਥਾਂ ਨਹੀਂ ਬਚਦੀ।”

ਅਹਿਮਦਾਬਾਦ ਵਿਚ ਉਹ ਚਾਰ ਮਹੀਨੇ ਰਿਹਾ। ਇਹ ਚਾਰ ਮਹੀਨੇ ਕੋਈ ਚਮਤਕਾਰੀ ਸਮਾਂ ਸੀ ਕਿਉਂਕਿ ਇਨ੍ਹਾਂ ਹੀ ਦਿਨਾਂ ਵਿਚ ਸੰਗੀਤ ਦੀਆਂ ਅਜਿਹੀਆਂ ਧੁਨਾ ਦਾ ਰਵੀ ਵਿਚ ਆਵੇਸ਼ ਹੋਇਆ ਕਿ ਬਾਦ ਵਿਚ ਇਹੋ ਰਵੀਂਦਰ ਸੰਗੀਤ ਪੱਧਤੀ ਬਣ ਗਈ ਜੋ ਬੰਗਲਾ ਸੰਗੀਤ ਪੱਧਤੀ ਤੋਂ ਵੱਖਰੀ ਸ਼ੈਲੀ ਹੈ। ਕਦੀ ਗੀਤ ਪਹਿਲਾਂ ਉੱਤਰਦਾ, ਸੰਗੀਤ ਸੁਰ ਬਾਦ ਵਿਚ ਆਉਂਦੇ। ਕਦੀ ਦੋਵੇਂ ਇਕੱਠੇ ਆ ਉਤਰਦੇ, ਕਦੀ ਸੰਗੀਤ ਦੀਆਂ ਧੁਨਾ ਪਹਿਲੋਂ ਪ੍ਰਗਟ ਹੋ ਜਾਂਦੀਆਂ ਤੇ ਕਵੀ ਉਨ੍ਹਾਂ ਨੂੰ ਬੋਲ ਦੇਣ ਵਾਸਤੇ ਬੇਚੈਨ ਹੋ ਜਾਂਦਾ। ਇਥੋਂ ਇਹ ਸਲਿਸਿਲਾ ਇਸ ਪ੍ਰਕਾਰ ਸ਼ੁਰੂ ਹੋਇਆ ਕਿ ਜੀਵਨ ਵਿਚ ਉਨ੍ਹਾਂ ਨੇ ਦੋ ਹਜ਼ਾਰ ਗੀਤ ਲਿਖੇ। ਬੰਗਲਾ ਤੋਂ ਜਾਣੂ ਲੋਕ ਦਸਦੇ ਹਨ ਕਿ ਉਸਦੇ ਗੀਤ ਉਸ ਦੀਆਂ ਕਵਿਤਾਵਾਂ ਨੂੰ ਪਿਛੇ ਛਡ ਗਏ ਹਨ।

ਭਰਾ ਨੇ ਸੋਚਿਆ ਕਿ ਅਜੇ ਇੰਗਲੈਂਡ ਜਾਣ ਵਾਸਤੇ ਸਿਖਲਾਈ ਦੀ ਰਿਆਜ਼ ਅਧੂਰੀ ਹੈ। ਇਕ ਮਰਾਠੀ ਦੋਸਤ ਮੁੰਬਈ ਵਿਚ ਡਾਕਟਰ ਸੀ ਜੋ ਅੰਗਰੇਜ਼ੀ ਸਭਿਆਚਾਰ ਵਿਚ ਰੰਗਿਆ ਹੋਇਆ ਸਮਾਜ ਸੁਧਾਰਕ ਸੀ। ਡਾਕਟਰ ਦੀ ਜੁਆਨ ਧੀ ਅੰਨਾ ਇੰਗਲੈਂਡ ਰਹਿ ਕੇ ਆਈ ਸੀ। ਉਸ ਦੀ ਡਿਉਟੀ ਲਾਈ ਗਈ ਕਿ ਉਹ ਰਵੀ ਨੂੰ ਉਥੇ ਦੇ ਤੌਰ ਤਰੀਕੇ ਸਿਖਾਏ ਕਿਉਂਕਿ ਪੇਇੰਗ ਗੈਸਟ ਦੇ ਤੌਰ ਤੇ ਉਥੇ ਉਸਨੂੰ ਕਿਸੇ ਗੋਰੇ ਦੇ ਘਰ ਰਹਿਣਾ ਪਵੇਗਾ। ਇਹੋ ਜਿਹੀ ਕੋਮਲ ਸੁਭਾਉ ਦੀ ਅਧਿਆਪਕਾ ਨੂੰ ਉਹ ਸਾਰੀ ਉਮਰ ਭੁਲ ਨਹੀਂ ਸਕਿਆ। ਆਪਣੀ ਉਮਰ ਦੇ ਅਖੀਰਲੇ ਮਹੀਨਿਆਂ ਵਿਚ ਉਹ ਇਸ ਅਉਧ ਬਾਬਤ ਲਿਖਦਾ ਹੈ, “ਮੇਰੇ ਵਿਚ ਉਦੋਂ ਕੋਈ ਗੁਣ ਨਹੀਂ ਸੀ ਇਸ ਕਰਕੇ ਜੇ ਉਹ ਮੈਨੂੰ ਪੂਰਨ ਨਜ਼ਰਅੰਦਾਜ਼ ਕਰ ਦਿੰਦੀ ਤਾਂ ਵੀ ਕਸੂਰ ਮੇਰਾ ਹੁੰਦਾ ਪਰ ਉਸਨੇ ਅਜਿਹਾ ਕੀਤਾ ਹੀ ਨਹੀਂ। ਮੈਂ ਉਸਨੂੰ ਦੱਸਿਆ ਕਿ ਮੈਂ ਕਵਿਤਾ ਲਿਖ ਸਕਦਾ ਹਾਂ ਬਸ, ਹੋਰ ਕੁਝ ਨਹੀਂ ਜਾਣਦਾ। ਉਸਨੇ ਮੇਰੀ ਇਸ ਗੱਲ ਤੇ ਭੋਰਾ ਸ਼ੱਕ ਨਾ ਕੀਤਾ, ਤੁਰਤ ਮੰਨ ਗਈ। ਕੋਈ ਸਵਾਲ ਨਾ ਕੀਤਾ, ਕਿਹਾ ਨਹੀਂ ਕਿ ਸਾਬਤ ਕਰ ਤੂੰ ਕਵੀ ਹੈਂ। ਉਸਨੇ ਕੇਵਲ ਇਹ ਮੰਗ ਕੀਤੀ - ਮੇਰਾ ਇਕ ਨਾਮ ਰੱਖ। ਜਿਹੜਾ ਨਾਮ ਮੈਂ ਉਸਨੂੰ ਦਿਤਾ, ਉਹ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹੋਈ ਤੇ ਕਿਹਾ - “ਜਿੰਨਾ ਸੁਹਣਾ ਤੂੰ ਇਹ ਸ਼ਬਦ ਚੁਣਿਆ ਹੈ, ਮੈਂ ਇਸ ਵਰਗੀ ਨਹੀਂ ਹਾਂ।” ਮੈਂ ਚਾਹੁੰਦਾ ਸਾਂ ਸੰਗੀਤ ਵਾਂਗੂੰ ਇਹ ਨਾਮ ਵੀ ਮੇਰੀਆਂ ਕਵਿਤਾਵਾਂ ਦੀ ਰੂਹ ਬਣ ਜਾਏ। ਉਸ ਵਾਸਤੇ ਮੈਂ ਇਕ ਗੀਤ ਲਿਖਿਆ ਤੇ ਇਹ ਨਾਮ ਉਸ ਵਿਚ ਪਰੋ ਦਿਤਾ। ਅੰਮ੍ਰਿਤ ਵੇਲੇ ਮੈਂ ਸਮੇਂ ਦੇ ਰਾਗ ਭੈਰਵੀ ਵਿਚ ਉਸਨੂੰ ਇਹ ਗੀਤ ਸੁਣਾਇਆ ਤਾਂ ਬੋਲੀ - ਦਫਨਾਈ ਜਾਣ ਵਾਸਤੇ ਰੱਖੀ ਮੇਰੀ ਲਾਸ਼ ਦੇ ਨਜ਼ਦੀਕ ਇਹ ਗੀਤ ਗਾਇਆ ਜਾਏ ਤਾਂ ਮੈਂ ਜਿਉਂਦੀ ਖੜ੍ਹੀ ਹੋ ਜਾਵਾਂ। ਕੁੜੀਆਂ ਜਾਣਦੀਆਂ ਹੁੰਦੀਆਂ ਨੇ ਕਿ ਹੌਸਲਾ ਅਫਜ਼ਾਈ ਕਿਵੇਂ ਕਰੀਦੀ ਹੈ। ਬੰਦੇ ਨੂੰ ਇਹ ਸੁਣ ਕੇ ਖੁਸ਼ੀ ਹੋਏ ਨਾ ਹੋਏ, ਉਹ ਅਜਿਹਾ ਕਰਕੇ ਪੂਰਾ ਅਨੰਦ ਲੈਂਦੀਆਂ ਹਨ। ਉਸਨੇ ਇਕ ਹਦਾਇਤ ਮੈਨੂੰ ਇਹ ਦਿਤੀ - ਕਦੀ ਦਾਹੜੀ ਮੁੱਛਾਂ ਨਾ ਰੱਖੀ ਕਿਉਂਕਿ ਤੇਰੇ ਚਿਹਰੇ ਉਪਰ ਇਕ ਵੀ ਲਕੀਰ ਅਜਿਹੀ ਨਹੀਂ ਜਿਹੜੀ ਛੁਪਾਈ ਜਾਵੇ। ਸਭ ਜਾਣਦੇ ਨੇ ਮੈਂ ਉਸਦੀ ਇਹ ਗੱਲ ਨਹੀਂ ਮੰਨੀ। ਉਸ ਕੁੜੀ ਨੇ ਸਕਾਟਲੈਂਡ ਦੇ ਨਿਵਾਸੀ ਨਾਲ ਵਿਆਹ ਕਰ ਲਿਆ ਤੇ ਥੋੜੇ ਸਮੇਂ ਬਾਦ ਮੌਤ ਹੋ ਗਈ। ਰਵਿੰਦਰ ਦੀਆਂ ਕਵਿਤਾਵਾਂ ਵਿਚ ਉਹ ਜਿਉਂਦੀ ਹੈ।

ਸਾਲ 1878 ਵਿਚ ਭਰਾ ਨਾਲ ਉਹ ਇੰਗਲੈਂਡ ਵਿਚ ਲੰਡਨ ਪੁੱਜਾ ਜਿਸ ਦੇ ਪਹਿਲੇ ਪ੍ਰਭਾਵ ਬਾਬਤ ਖ਼ਤ ਵਿਚ ਲਿਖਿਆ, “ਅਜਿਹਾ ਮਨਹੂਸ ਸ਼ਹਿਰ ਮੈਂ ਪਹਿਲਾਂ ਨਹੀਂ ਦੇਖਿਆ ਸੀ। ਧੂਏਂ ਧੁੰਦ ਵਿਚ ਲਿਪਟਿਆ ਸੈਲਾਬਿਆ ....ਹੜਬੜੀ ਵਿਚ ਭਜੇ ਜਾਂਦੇ ਇਕ ਦੂਜੇ ਦਾ ਮੋਢਾ ਛਿਲਦੇ ਹੋਏ ਲੋਕ...ਇਥੇ ਕਿਤਾਬਾਂ ਦੀ ਦੁਕਾਨ ਤਾਂ ਕਿਤੇ ਦੂਰ ਦੁਰਾਡੇ ਹੀ ਦਿਸਦੀ ਹੈ, ਵਿਸਕੀ ਦਾ ਠੇਕਾ ਸੜਕ ਦੀ ਹਰੇਕ ਨੁੱਕਰ ਤੇ ਹੈ।

“ਕੁੜੀਆਂ ਪਿਆਨੋ ਵਜਾਂਦੀਆਂ ਹਨ, ਗਾਉਂਦੀਆਂ ਹਨ। ਅੱਗ ਨੇੜੇ ਬੈਠੀਆਂ ਰਹਿੰਦੀਆਂ ਹਨ। ਮਹਿਮਾਨਾ ਦਾ ਮਨੋਰੰਜਨ ਕਰਦੀਆਂ ਨੇ ਤੇ ਆਪਣੀ ਖੁਸ਼ੀ ਵਾਸਤੇ ਚੁਹਲ ਕਰ ਲੈਂਦੀਆਂ ਹਨ। ਇਥੋਂ ਦੇ ਲੋਕਾਂ ਦਾ ਖਿਆਲ ਹੈ ਕਿ ਜਦੋਂ ਤੱਕ ਮੈਂ ਲੰਦਨ ਨਹੀਂ ਆਇਆ ਸੀ, ਮੈਨੂੰ ਪਤਾ ਨਹੀਂ ਸੀ ਸਭਿਅਤਾ ਕੀ ਹੁੰਦੀ ਹੈ। ਇਕ ਭਾਈ ਨੇ ਮੈਨੂੰ ਬੜੀ ਗੰਭੀਰਤਾ ਨਾਲ ਦੱਸਿਆ ਕਿ ਕੈਮਰਾ ਕਿਸ ਚਿੜੀ ਦਾ ਨਾਮ ਹੁੰਦਾ ਹੈ। ਇਕ ਮੈਡਮ ਨੇ ਮੈਨੂੰ ਪੁੱਛਿਆ -- ਇਸ ਤੋਂ ਪਹਿਲਾਂ ਤੂੰ ਕਦੀ ਪਿਆਨੋ ਦੇਖਿਆ ਸੀ? ਸਵੇਰ ਛੇ ਵਜੇ ਉਠ ਕੇ ਮੈਂ ਠੰਢੇ ਪਾਣੀ ਨਾਲ ਨਹਾਉਂਦਾ ਹਾਂ, ਜਿਸ ਕਿਸੇ ਨੂੰ ਇਸ ਬਾਰੇ ਪਤਾ ਲਗਦਾ ਹੈ ਬੜਾ ਹੈਰਾਨ ਹੁੰਦਾ ਹੈ।

ਥੋੜੀ ਦੇਰ ਬਾਦ ਉਸਨੇ ਇਕ ਗੋਰੇ ਮਿਸਟਰ ਬਾਰਕਰ ਦੇ ਘਰ ਪੇਇੰਗ ਗੈਸੱਟ ਵਜੋਂ ਰਹਿਣਾ ਸ਼ੁਰੂ ਕੀਤਾ। ਪਤੀ ਪਤਨੀ ਵਿਚ ਬਣਦੀ ਨਹੀਂ ਸੀ। ਬਾਰਕਰ ਗੁਸੇ ਵਿਚ ਹੁੰਦਾ ਤਾਂ ਪਤਨੀ ਦੀ ਥਾਂ ਅਪਣੇ ਕੁੱਤੇ ਨੂੰ ਫਟਕਾਰਾਂ ਪਾਉਂਦਾ। ਖਾਣ ਦੇ ਮੇਜ ਤੇ ਕਿਸੇ ਖਾਣ ਚੀਜ਼ ਦੀ ਲੋੜ ਬਾਰੇ ਬਾਰਕਰ ਆਖਦਾ ਤਾਂ ਗੋਰੀ ਡਾਂਟਦੀ - ਤੁਹਾਨੂੰ ਥੋੜਾ ਨਿਮਰ ਹੋਣਾ ਪਵੇਗਾ ਮਿਸਟਰ। ਬਾਰਕਰ ਆਖਦਾ - ਮੈਂ ਆਪਣੇ ਵਾਕ ਨਾਲ ”ਪਲੀਜ਼” ਸ਼ਬਦ ਲਾਇਆ ਤਾਂ ਸੀ। ਗੋਰੀ ਕਹਿੰਦੀ - ਮੈਨੂੰ ਤਾਂ ਸੁਣਿਆਂ ਨਹੀਂ ਇਹ ਲਫਜ਼। ਬਾਰਕਰ ਆਖਦਾ - ਫੇਰ ਇਲਾਜ ਕਰਵਾ ਕੰਨਾ ਦਾ। ਮੇਰਾ ਇਸ ਵਿਚ ਕੀ ਕਸੂਰ? ਮੈਂ ਤਾਂ ਕਿਹਾ ਸੀ।” ਬਸ ਇਸੇ ਗੱਲ ਤੇ ਖੂਬ ਰੱਫੜ ਛਿੜਦਾ।

ਉਸਨੇ ਇਹ ਮਕਾਨ ਬਦਲ ਲਿਆ ਤੇ ਡਾ. ਸਕਾਟ ਦੇ ਘਰ ਰਹਿਣਾ ਸ਼ੁਰੂ ਕੀਤਾ। ਇਸ ਡਾਕਟਰ ਦੀਆਂ ਦੋ ਜੁਆਨ ਧੀਆਂ ਇਸ ਗੱਲ ਤੇ ਭੱਜ ਗਈਆਂ ਕਿ ਘਰ ਉਪਰ ਇਕ ਕਾਲੇ ਹਿੰਦੁਸਤਾਨੀ ਦਾ ਕਬਜਾ ਹੋਣ ਲੱਗਾ ਹੈ। ਜਦੋਂ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਬਲੈਕੀ ਮਾਰਖੰਡਾ ਨਹੀਂ ਹੈ, ਤਦ ਪਰਤੀਆਂ।

ਦੋਸਤਾਂ ਰਿਸ਼ਤੇਦਾਰਾਂ ਅਤੇ ਘਰਦਿਆਂ ਨੂੰ ਰਵੀ ਨੇ ਜੋ ਖਤ ਲਿਖੇ ਉਨ੍ਹਾਂ ਵਿਚ ਗੋਰੀਆਂ ਦੀ ਆਜ਼ਾਦੀ ਦਾ ਵਰਣਨ ਹੁੰਦਾ। ਮਰਦ ਅਤੇ ਔਰਤ ਦੇ ਅਧਿਕਾਰਾਂ ਵਿਚ ਕੋਈ ਫਰਕ ਨਹੀਂ। ਸਗੋਂ ਬਹੁਤੀ ਥਾਂ ਔਰਤ ਨੂੰ ਵਧੀਕ ਸਨਮਾਨ ਮਿਲਦਾ ਹੈ। ਇਹ ਖਤ ਪੜ੍ਹ ਕੇ ਵਡੇਰੇ ਪਰੇਸ਼ਾਨ ਹੁੰਦੇ ਕਿ ਇਸ ਜੁਆਨ ਨੂੰ ਉਥੇ ਇਕੱਲਾ ਛੱਡ ਤੇ ਜਤਿੰਦਰ ਨੂੰ ਭਾਰਤ ਨਹੀਂ ਆਉਣਾ ਚਾਹੀਦਾ ਸੀ। ਇਹ ਵਿਗੜ ਜਾਵੇਗਾ। ਫਲਸਰੂਪ, ਪਰਿਵਾਰ ਦਾ ਫੈਸਲਾ ਲੰਦਨ ਪੁੱਜ ਗਿਆ - ਸਾਨੂੰ ਤੇਰੀ ਪੜ੍ਹਾਈ ਲਿਖਾਈ ਦੀ ਕੋਈ ਲੋੜ ਨਹੀਂ .... ਤੁਰਤ ਵਾਪਸ ਆ ਜਾ।

ਰਵੀ ਨੂੰ ਚਾਅ ਚੜ੍ਹ ਗਿਆ। ਉਹ ਤਾਂ ਖੁਦ ਪੜ੍ਹਾਈ ਲਿਖਾਈ ਤੋਂ ਨਠਦਾ ਸੀ, ਨਿਯਮਿਤ ਵਿਹਾਰਕ ਵਿਦਿਆ ਤੋਂ ਭਗੌੜਾ ਹੋਕੇ, ਉਹ ਬਿਨਾ ਕੋਈ ਸਰਟੀਫਿਕੇਟ ਹਾਸਲ ਕਰਨ ਦੇ ਦੇਸ ਪਰਤਿਆ, ਲਿਖਿਆ - ਮੇਰੇ ਦੇਸ ਦੀ ਰੌਸ਼ਨੀ, ਮੇਰੇ ਦੇਸ ਦਾ ਸਾਫ਼ ਖਾਮੋਸ਼ ਅਸਮਾਨ ਮੈਨੂੰ ਸੱਦ ਰਹੇ ਹਨ।

ਉਸ ਦਾ ਨਾਟ ਕਾਵਿ ਟੁੱਟਾ ਦਿਲ ਛਪਿਆ ਤਾਂ ਖੂਬ ਚਰਚਾ ਹੋਈ। ਮਹੀਨ ਭਾਵਾਂ, ਸੂਖਮ ਧੁਨਾਂ ਤੋਂ ਇਲਾਵਾ ਇਸ ਵਿਚ ਦਾਰਸ਼ਨਿਕ ਛੁਹਾਂ ਵੀ ਸਨ। ਇਸ ਦੇ ਸਾਰੇ ਪਾਤਰ ਇਕ ਦੂਜੇ ਦਾ ਦਿਲ ਤੋੜਨ ਦੇ ਮਾਹਿਰ ਹਨ। ਆਖਰੀ ਪੰਕਤੀਆਂ ਹਨ - ਜਿਸ ਕੋਲ ਕੁਝ ਨਹੀਂ ਹੁੰਦਾ, ਉਸ ਕੋਲ ਸਭ ਕੁਝ ਹੁੰਦਾ ਹੈ। ਜਿਸਦਾ ਕੋਈ ਦੋਸਤ ਨਹੀਂ, ਉਹ ਕਿਸੇ ਲਈ ਅਜਨਬੀ ਨਹੀਂ। ਜਦੋਂ ਮੈਨੂੰ ਕਿਸੇ ਵਸਤੂ ਦੀ ਇੱਛਾ ਹੀ ਨਹੀਂ, ਫਿਰ ਵੀ ਇਹ ਨਿਰਾਸਤਾ ਕਿਉਂ ਹੈ? ਕਿਸੇ ਨੇ ਮੇਰੇ ਉਪਰ ਹਮਲਾ ਨਹੀਂ ਕੀਤਾ, ਫਿਰ ਇਹ ਜ਼ਖਮ ਕਿਵੇਂ ਹੋਇਆ?

ਬੰਗਲਾ ਵਿਚ ਇਹ ਨਵੀਂ ਕਿਸਮ ਦਾ ਕਾਵਿ ਪ੍ਰਯੋਗ ਸੀ। ਤਿਰੁਪਰਾ ਦੇ ਮਹਾਰਾਜੇ ਨੇ ਆਪਣਾ ਦੀਵਾਨ ਭੇਜ ਕੇ ਰਵੀ ਨੂੰ ਸੱਦਾ ਦਿਤਾ ਕਿ ਮਹਲ ਵਿਚ ਆਕੇ ਆਪਣੀ ਇਹ ਰਚਨਾ ਸੁਣਾਏ। ਸਾਰਿਆਂ ਨੇ ਇਸਦੀ ਭਰਪੂਰ ਦਾਦ ਦਿਤੀ। ਕਵੀ ਨੇ ਲਿਖਿਆ - ਹੈਰਾਨੀ ਦੀ ਗੱਲ ਇਹ ਨਹੀਂ ਸੀ ਕਿ ਅਠਾਰਾਂ ਸਾਲ ਦੇ ਛੋਕਰੇ ਨੇ ਕੋਈ ਚੰਗੀ ਚੀਜ਼ ਸੁਣਾਈ, ਚਮਤਕਾਰ ਇਹ ਹੋਇਆ ਕਿ ਉਥੇ ਮੌਜੂਦ ਸਭ ਵਡੇਰੇ ਅਠਾਰਾਂ ਅਠਾਰਾਂ ਸਾਲ ਦੇ ਛੋਕਰੇ ਹੋ ਗਏ ਸਨ।

ਇਸ ਪਿਛੋਂ ਤਾਂ ਗੀਤਾਂ ਦਾ ਝਰਨਾ ਫੁੱਟ ਪਿਆ। ਕਵੀ ਬਾਰ ਬਾਰ ਰੱਬ ਦਾ ਸ਼ੁਕਰ ਕਰਦਾ ਕਿ ਲੰਦਨ ਤੋਂ ਖਹਿੜਾ ਛੁਟਿਆ ਤਾਂ ਗੀਤ ਪਰਤੇ। ਹੁਣ ਉਸਨੇ ਗੀਤ ਨਾਟ, ਬਾਲਮੀਕ ਪ੍ਰਤਿਭਾ ਲਿਖਿਆ। ਆਰੰਭ ਵਿਚ ਲੇਖਕ ਸੂਚਿਤ ਕਰਦਾ ਹੈ ਕਿ ਪੜ੍ਹਨ ਦੀ ਥਾਂ ਇਹ ਨਾਟਕ ਦੇਖਣਯੋਗ ਹੈ। ਮੂਲ ਆਧਾਰ ਬਾਲਮੀਕ ਦਾ ਗ੍ਰੰਥ ਹੈ ਪਰ ਇਸ ਵਿਚ ਮੌਲਿਕ ਕਲਾ ਹੈ। ਡਾਕੂਆਂ ਦਾ ਸਰਦਾਰ ਕਰੌਂਚ ਪੰਛੀ ਦੇ ਸ਼ਿਕਾਰ ਤੋਂ ਨਹੀਂ ਇਕ ਜੁਆਨ ਕੁੜੀ ਦੀਆਂ ਚੀਕਾਂ ਤੋਂ ਦ੍ਰਵਿਤ ਹੁੰਦਾ ਹੈ ਜਿਸਨੂੰ ਬੰਦੀ ਬਣਾ ਕੇ ਮੰਦਰ ਵਲ ਬਲੀ ਦੇਣ ਵਾਸਤੇ ਲਿਜਾਇਆ ਜਾ ਰਿਹਾ ਹੈ ਤਾਂ ਕਿ ਦੇਵੀ ਖੁਸ਼ ਹੋਵੇ।

ਕਦੀ ਕਦਾਈ ਉਸਦੀਆਂ ਪੰਕਤੀਆਂ ਦੀ ਉਦਾਸੀ ਇਸ ਤਰ੍ਹਾਂ ਵੀ ਪ੍ਰਗਟ ਹੁੰਦੀ, “ਦੂਸਰੇ ਨੂੰ ਆਪਣੇ ਪਿਆਰ ਵਿਚ ਵਿੰਨ੍ਹਣ ਦਾ ਇਰਾਦਾ ਕਰਦਾ ਹਾਂ ਤਾਂ ਦੇਖਦਾ ਹਾਂ ਖੁਦ ਵਿੰਨ੍ਹਿਆ ਗਿਆ ਹਾਂ, ਦੂਸਰਾ ਮੁਕਤ ਹੈ। ਦੁਨੀਆਂ ਭਰ ਦੇ ਖਜ਼ਾਨੇ ਇਕੱਠੇ ਕਰਕੇ ਮੈਂ ਆਪਣੇ ਲਈ ਇਕ ਕੈਦ ਤਿਆਰ ਕੀਤੀ। ਬੇਅੰਤ ਖਾਹਸ਼ਾਂ ਨਾਲ ਮੈਂ ਅਪਣੀ ਕਿਸ਼ਤੀ ਏਨੀ ਭਰ ਲਈ ਕਿ ਹੁਣ ਡੁਬਣ ਹੀ ਵਾਲੀ ਹੈ।”

ਇਕ ਪੱਤਰ ਵਿਚ ਲਿਖਿਆ, “ਮੈਂ ਸੁੰਦਰਤਾ ਸ਼ਾਸਤਰ ਉਪਰ ਅੰਗਰੇਜ਼ੀ ਦੀ ਕਿਤਾਬ ਪੜ੍ਹਦਾ ਪੜ੍ਹਦਾ ਥੱਕ ਗਿਆ। ਕਿਤਾਬ ਮੇਜ਼ ਤੇ ਪਟਕੀ ਅਤੇ ਮੋਮਬੱਤੀ ਬੁਝਾ ਕੇ ਲੇਟ ਗਿਆ। ਨੀਂਦ ਨਾਂ ਆਈ। ਖਿੜਕੀ ਦੇ ਰਸਤੇ ਬਾਹਰ ਖਿੜੀ ਚਾਨਣੀ ਅੰਦਰ ਲੰਘ ਆਈ ਤੇ ਝਿਲਮਿਲਾ ਉਠੀ। ਬਾਹਰ ਦੇਖਿਆ ਆਕਾਸ਼ ਖਿੜਿਆ ਪਿਆ ਸੀ। ਮੈਨੂੰ ਹੈਰਾਨੀ ਹੋਈ ਕਿ ਆਦਮੀ ਦੀ ਬਣਾਈ ਹੋਈ ਛੋਟੀ ਜਿਹੀ ਮੋਮਬੱਤੀ ਕਿਵੇਂ ਆਰਾਮ ਨਾਲ ਕੁਦਰਤ ਦੀ ਖੂਬਸੂਰਤੀ ਨੂੰ ਪਰੇ ਧੱਕ ਦਿੰਦੀ ਹੈ।”

ਦੂਜੀ ਵਾਰ ਕਵੀ ਜਦੋਂ ਲੰਦਨ ਪੜ੍ਹਨ ਵਾਸਤੇ ਗਿਆ ਉਦੋਂ ਉਸ ਦਾ ਇਕ ਬੇਟਾ ਛੇ ਸਾਲ ਦਾ ਤੇ ਧੀ ਚਾਰ ਸਾਲ ਦੀ ਸੀ। ਸਾਰਾ ਪਰਿਵਾਰ, ਨੌਕਰ ਚਾਕਰ, ਪਤਨੀ, ਸਭ ਦੇ ਸਭ ਉਸ ਦੀ ਤਿਆਰੀ ਵਿਚ ਮਗਨ ਸਨ। ਕੋਈ ਇਕ ਚੀਜ਼ ਲਿਆ ਰਿਹਾ ਹੈ ਤਾਂ ਕੋਈ ਦੂਜੀ। ਜ਼ਰੂਰੀ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ। ਜਦੋਂ ਦੋ ਟਰੰਕਾਂ ਸਮੇਤ ਉਹ ਜਾਣ ਵਾਸਤੇ ਨਿਕਲਣ ਲਗਦਾ ਹੈ ਤਾਂ ਕਵੀ ਦੀ ਧੀ ਦਰਵਾਜੇ ਵਿਚ ਖਲੋ ਕੇ ਆਖਦੀ ਹੈ - ਪਾਪਾ ਮੈਂ ਤੁਹਾਨੂੰ ਜਾਣ ਨੀਂ ਦੇਣਾ। ਕਵੀ ਆਖਦਾ ਹੈ - ਮੈਂ ਤੇਰੇ ਲਈ ਸੁਹਣੀਆਂ ਸੁਗਾਤਾਂ ਭੇਜਦਾ ਰਹਾਂਗਾ, ਆਉਣ ਵੇਲੇ ਬਹੁਤ ਸੁਗਾਤਾਂ ਨਾਲ ਵੀ ਲੈ ਕੇ ਆਵਾਂਗਾ। ਧੀ ਆਖਦੀ ਹੈ - ਮੈਨੂੰ ਚਾਹੀਦੀਆਂ ਈ ਨੀ ਸੁਗਾਤਾਂ ਜਦੋਂ। ਮੈਂ ਤੁਹਾਨੂੰ ਜਾਣ ਨੀ ਦੇਣਾ।

ਕੁੜੀ ਨੂੰ ਇਹ ਕਹਿਕੇ, ਕਿ ਠੀਕ ਹੈ ਨਹੀਂ ਜਾਂਦਾ, ਟਾਲਿਆ ਗਿਆ। ਬਹਾਨੇ ਨਾਲ ਕਿਸੇ ਪਾਸੇ ਲੈ ਗਏ ਤਾਂ ਉਹ ਟੈਕਸੀ ਵਿਚ ਬੈਠ ਕੇ ਜਾ ਸਕਿਆ। ਸਾਰੀ ਉਮਰ ਉਸਨੂੰ ਇਹ ਘਟਨਾ ਨਹੀਂ ਭੁਲਦੀ, ਲਿਖਦਾ ਹੈ - ਸਾਰਾ ਘਰ ਮੈਨੂੰ ਤੋਰ ਰਿਹਾ ਸੀ। ਪਰਿਵਾਰ ਦੇ ਕੇਵਲ ਇਕ ਮੈਂਬਰ ਨੇ ਮੈਨੂੰ ਆਗਿਆ ਨਹੀਂ ਦਿਤੀ ਸੀ।

ਇਹ ਪੰਕਤੀਆਂ ਪੜ੍ਹਦਿਆਂ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਯਾਦ ਆਇਆ -

ਨਦੀਆਂ ਹੋਵਹਿ ਧੇਣਵਾਂ ਸੁੰਮ ਹੋਵਹਿ ਦੁਧ ਘੀਉ।
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ।
ਪਰਬਤ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ।
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ। (ਮਾਝ ਮ.1, 141.)

(ਗਾਵਾਂ ਨਦੀਆਂ ਬਣ ਜਾਣ। ਚਸ਼ਮੇ ਦੁਧ ਘਿਉ ਦੇ ਹੋ ਜਾਣ। ਸਾਰੀ ਧਰਤੀ ਸ਼ੱਕਰ ਹੋ ਜਾਵੇ, ਲੋਕ ਸਦਾ ਖ਼ੁਸ਼ ਹੋਣ। ਹੀਰੇ ਲਾਲ ਜੜੇ ਹੋਏ ਚਾਂਦੀ ਸੋਨੇ ਦੇ ਪਹਾੜ ਹੋਣ, ਤਾਂ ਵੀ ਮੈਂ ਤਾਂ ਤੇਰੀਆਂ ਸਿਫਤਾਂ ਕਰਾਂਗਾ ਮਾਲਕ, ਥੱਕਾਂਗਾ ਈ ਨੀ। ਤੇਰੀਆਂ ਚੀਜਾਂ ਮੇਰਾ ਧਿਆਨ ਨਹੀਂ ਖਿਚ ਸਕਦੀਆਂ ਪਿਤਾ।)

ਮਹਾਂਭਾਰਤ ਦੀ ਪੁਰਾਣ ਕਥਾ ਵਿਚੋਂ ਇਕ ਘਟਨਾ ਚੁਣ ਕੇ ਕਵੀ ਨੇ ਚਿਤ੍ਰਾਂਗਦਾ ਨਾਮ ਦਾ ਗੀਤ ਨਾਟ ਲਿਖਿਆ ਜੋ ਬੜਾ ਮਕਬੂਲ ਹੋਇਆ। ਦੈਂਤਾਂ ਦੇ ਆਚਾਰੀਆ ਸ਼ੁਕਰ ਅਮਰਾਪਦ ਦਾ ਭੇਦ ਜਾਣਦੇ ਸਨ ਤੇ ਇੱਛਾ ਅਨੁਸਾਰ ਮੁਰਦੇ ਨੂੰ ਜਿਉਂਦਾ ਕਰਨ ਦੇ ਸਮਰੱਥ ਸਨ। ਦੇਵਾਂ ਦੀ ਇੱਛਾ ਸੀ ਕਿ ਉਨ੍ਹਾਂ ਨੂੰ ਵੀ ਇਹ ਗਿਆਨ ਪ੍ਰਾਪਤ ਹੋਵੇ। ਉਨ੍ਹਾਂ ਨੇ ਆਪਣੇ ਆਚਾਰੀਆ ਬ੍ਰਹਿਸਪਤ ਦੇ ਸੁਹਣੇ ਅਤੇ ਜੁਆਨ ਬੇਟੇ ਕੱਚ ਨੂੰ ਇਸ ਮਕਸਦ ਲਈ ਚੁਣ ਕੇ ਸ਼ੁਕਰ ਪਾਸ ਭੇਜਿਆ। ਸ਼ੁਕਰ ਉਸਨੂੰ ਵਿਦਿਆਰਥੀ ਵਜੋਂ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ। ਇਹ ਸ਼ੁਕਰ ਦੀ ਧੀ ਦੇਵਿਆਨੀ ਦੀ ਸਹਾਇਤਾ ਨਾਲ ਸੰਭਵ ਹੋਇਆ। ਸ਼ੁਕਰ ਪਾਸ ਜਾਕੇ ਉਸਨੇ ਵਿਦਿਆ ਹਾਸਲ ਕਰਨੀ ਸ਼ੁਰੂ ਕੀਤੀ। ਦੇਵਿਆਨੀ ਕੱਚ ਨੂੰ ਪਿਆਰ ਕਰਨ ਲੱਗ ਪਈ। ਜਦੋਂ ਉਹ ਅਮਰ ਹੋਣ/ਕਰਨ ਦੀ ਵਿਦਿਆ ਪ੍ਰਾਪਤ ਕਰਕੇ ਜਾਣ ਲੱਗਾ ਤਾਂ ਦੇਵਿਆਨੀ ਨੇ ਕਿਹਾ-

“ਆਖਰ ਤੂੰ ਉਹ ਵਿਦਿਆ ਹਾਸਲ ਕਰ ਲਈ ਜਿਸਦੀ ਤੈਨੂੰ ਇੱਛਾ ਸੀ। ਜਿਸ ਗਿਆਨ ਦੀ ਪ੍ਰਾਪਤੀ ਵਾਸਤੇ ਦੇਵਤੇ ਬੇਚੈਨ ਹਨ, ਹੁਣ ਤੇਰੇ ਪਾਸ ਹੈ। ਪਰ ਇਹ ਦੱਸ, ਸਿਵਾ ਵਿਦਾਇਗੀ ਮੰਗਣ ਤੋਂ ਤੇਰੇ ਕੋਲ ਹੋਰ ਕੁਝ ਨਹੀਂ? ਕੋਈ ਅਦਿਖ ਕੰਡਾ ਤੇਰੇ ਦਿਲ ਵਿਚ ਚੁਭਦਾ ਨਹੀਂ?"

“ਨਹੀਂ ਦੇਵਿਆਨੀ, ਅਜਿਹੀ ਤਾਂ ਕੋਈ ਗੱਲ ਨਹੀਂ।”

“ਤਦ ਤੂੰ ਇਸ ਸ੍ਰਿਸ਼ਟੀ ਦਾ ਸਭ ਤੋਂ ਵਧੀਕ ਸੁਖੀ ਬੰਦਾ ਹੈਂ। ਜਾਹ, ਸੁਰਗਲੋਕ ਵਿਚ ਜਾਕੇ ਅਪਣੀ ਜਿੱਤ ਦੇ ਨਗਾਰੇ ਵਜਾ, ਦੇਵਤੇ ਸੰਖਾਂ ਤੇ ਫੁੱਲਾਂ ਨਾਲ ਤੇਰਾ ਸੁਆਗਤ ਕਰਨ ਹਿਤ ਕਾਹਲੇ ਹਨ। ਹੇ ਬ੍ਰਾਹਮਣ, ਸੱਚ ਦੱਸ, ਇਸ ਬੇਰਸ ਧਰਤੀ ਨੂੰ ਕਿਸੇ ਨੇ ਤੇਰੇ ਵਾਸਤੇ ਮੰਗਲਮਈ ਨਹੀਂ ਕੀਤਾ ਸੀ?”

ਕੱਚ ਨੇ ਕਿਹਾ, “ਪਛਤਾਵੇ ਨਾਲ ਨਹੀਂ, ਦੇਵਿਆਨੀ, ਖੁਸ਼ੀ ਨਾਲ ਮੈਨੂੰ ਭੇਜ।”

“ਖੁਸ਼ੀ? ਇਹ ਤੇਰਾ ਸੁਰਗਲੋਕ ਨਹੀਂ ਹੈ ਸਖੇ। ਇਸ ਧਰਤੀ ਉਪਰ ਖੁਸ਼ੀ ਏਨੀ ਸਸਤੀ ਮਿਲਦੀ ਨਹੀਂ ਕਿਤੇ। ਇਥੇ ਤਾਂ ਹਿਰਦੇ-ਕਮਲ ਵਿਚ ਵਸਣ ਵਾਲਾ ਕੀੜਾ ਫੁੱਲ ਨੂੰ ਖਾ ਜਾਂਦਾ ਹੈ। ਇਥੇ ਤਾਂ ਸਿਮਰਤੀ ਚਿੰਤਾ ਵਿਚ ਡੁਬੀ ਰਹਿੰਦੀ ਹੈ ਤੇ ਆਖਰ ਮੁਰਝਾ ਕੇ ਪੱਤੇ ਵਾਂਗ ਝੜ ਜਾਂਦੀ ਹੈ। ਠੀਕ ਹੈ, ਜਾਹ। ਕੀਮਤੀ ਸਮਾਂ ਬਰਬਾਦ ਕਿਉਂ ਕਰਨਾ ਹੋਇਆ?"

ਦੋਵੇਂ ਆਪੋ ਆਪਣੀਆਂ ਤਾਕਤਵਰ ਦਲੀਲਾਂ ਦਿੰਦੇ ਹਨ। ਕੱਚ ਜ਼ਿੰਮੇਵਾਰੀ ਨਿਭਾਉਣ ਦਾ ਪਾਬੰਦ ਹੈ ਤੇ ਦੇਵਿਆਨੀ ਪਿਆਰ ਨਿਭਾਉਣ ਦੀ। ਉਹ ਆਖਦੀ ਹੈ - “ਦੁਸ਼ਮਣ ਦੇ ਪੁੱਤਰ ਨੂੰ ਵਿਦਿਆ ਦਿਵਾਈ ਮੈਂ ਆਪਣੇ ਪਿਤਾ ਪਾਸੋਂ, ਜੋ ਕਿ ਅਸੰਭਵ ਸੀ।”

“ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਤੇਰਾ ਅਹਿਸਾਨ ਰਹੇਗਾ ਮੇਰੇ ਉਪਰ ਦੇਵਿਆਨੀ। ਮੈਨੂੰ ਖਿਮਾ ਕਰ ਦੇਹ ਦੇਵਿਆਨੀ।”

“ਖਿਮਾ? ਖਿਮਾਂ ਕਿਸ ਲਈ ਬ੍ਰਾਹਮਣ ਪੁੱਤਰ? ਤੂੰ ਆਪਣੇ ਐਸ਼ੋ ਇਸ਼ਰਤ ਨਾਲ ਭਰੇ ਸੁਰਗ ਵਿਚ ਚਲਾ ਜਾਏਂਗਾ ਤੇ ਮੇਰੇ ਲਈ ਬਚੇਗਾ ਜੰਗਲ ਦਾ ਉਜਾੜਾ। ਯਾਦਾਂ ਸੌ ਸੌ ਸੂਲਾਂ ਬਣ ਕੇ ਮੇਰੇ ਉਪਰ ਹੱਲਾ ਕਰਨਗੀਆਂ ਤੇ ਇਕ ਪਵਿਤਰ ਲਾਜ ਮੈਨੂੰ ਤੋੜ ਤੋੜ ਕੇ ਖਾਏਗੀ। ਲਾਜ ਤਾਂ ਤੈਨੂੰ ਵੀ ਆਣੀ ਚਾਹੀਦੀ ਸੀ ਬ੍ਰਾਹਮਣ ਕਿਉਂਕਿ ਧੁੱਪ ਦੀ ਅੱਗ ਵਿਚ ਮੈਂ ਛਾਂ ਬਣ ਗਈ ਸੀ ਤੇਰੇ ਵਾਸਤੇ, ਪੂਰਨ ਬਗੀਚੀ ਹੋ ਗਈ ਸਾਂ ਮੈਂ ਤੇਰੇ ਆਲੇ ਦੁਆਲੇ। ਇਸ ਬਗੀਚੀ ਦੇ ਸਾਰੇ ਫੁੱਲ ਤੋੜ ਕੇ ਤੂੰ ਫਟਾਫਟ ਇਕ ਮਾਲਾ ਵੀ ਪਰੋ ਲਈ ਤੇ ਫੇਰ ਝਟਕੇ ਨਾਲ ਮਾਲਾ ਦਾ ਧਾਗਾ ਤੋੜਕੇ ਫੁੱਲ ਰੇਤ ਵਿਚ ਸੁਟਕੇ ਕਹਿ ਰਿਹਾ ਹੈਂ - ਮੈਂ ਜਾਨਾ, ਮੈਨੂੰ ਖਿਮਾ ਕਰ।"

“ਠੀਕ ਹੈ ਸਖੇ। ਜਾਹ ਹੁਣ। ਤੈਨੂੰ ਇਕ ਸਰਾਪ ਲੱਗੇਗਾ। ਮੇਰੀ ਸਹਾਇਤਾ ਨਾਲ ਤੂੰ ਵਿਦਿਆ ਪ੍ਰਾਪਤ ਕੀਤੀ। ਮੇਰਾ ਤ੍ਰਿਸਕਾਰ ਕਰਕੇ ਜਾਣ ਲੱਗਾ ਹੈਂ ਤਾਂ ਨਤੀਜਾ ਇਹ ਹੋਏਗਾ ਕਿ ਤੂੰ ਇਸ ਗਿਆਨ ਦਾ ਭਾਰ ਤਾਂ ਢੋਏਂਗਾ, ਇਸ ਦੀ ਵਰਤੋਂ ਨਹੀਂ ਕਰ ਸਕੇਂਗਾ।ਅੰਮ੍ਰਿਤ ਕੀ ਹੁੰਦਾ ਹੈ, ਇਸ ਬਾਬਤ ਤੇਰੇ ਕੋਲ ਲੰਮੇ ਭਾਸ਼ਣ ਹੋਇਆ ਕਰਨਗੇ ਪਰ ਉਹ ਭਾਸ਼ਣ ਮੁਰਦੇ ਵਿਚ ਜਾਨ ਨਹੀਂ ਪਾ ਸਕਣਗੇ। ਹੁਣ ਜਾਹ।”

1898 ਵਿਚ ਆਜ਼ਾਦੀ ਦਾ ਅੰਦੋਲਨ ਭਖਿਆ ਤਾਂ ਸਰਕਾਰ ਨੇ ਰਾਜਧ੍ਰੋਹ ਐਕਟ ਪਾਸ ਕਰ ਦਿਤਾ ਜਿਸ ਵਿਚ ਬਾਗੀਆਂ ਲਈ ਸਖਤ ਸਜ਼ਾਵਾਂ ਸਨ। ਲੋਕ ਮਾਨੀਆ ਤਿਲਕ ਨੇ ਇਸ ਖਿਲਾਫ ਆਵਾਜ਼ ਉਠਾਈ ਤਾਂ ਤਿਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਵੀ ਨੇ ਤਿਲਕ ਦੇ ਹੱਕ ਵਿਚ ਕ੍ਰਾਂਤੀਰੋਧ ਨਾਂ ਦਾ ਲੰਮਾ ਲੇਖ ਛਾਪਿਆ ਜਿਸ ਵਿਚ ਸਰਕਾਰੀ ਦਮਨ ਦੀ ਸਖ਼ਤ ਆਲੋਚਨਾ ਕੀਤੀ ਤੇ ਤਿਲਕ ਦੇ ਹੱਕ ਵਿਚ ਦਾਨ ਇਕੱਠਾ ਕਰਨਾ ਸ਼ੁਰੂ ਕੀਤਾ। ਏਨੇ ਨੂੰ ਕਲਕੱਤੇ ਵਿਚ ਪਲੇਗ ਫੈਲ ਗਈ। ਸਿਸਟਰ ਨਿਵੇਦਿਤਾ ਦੀ ਸਹਾਇਤਾ ਕਰਦਿਆਂ ਧਨ ਵੀ ਇਕੱਠਾ ਕੀਤਾ ਤੇ ਮਰੀਜਾਂ ਦੀ ਸੰਭਾਲ ਲਈ ਵੀ ਜੁਟ ਗਏ।

ਬੋਧ ਸਾਖੀ ਉਪਰ ਕਵਿਤਾ ਲਿਖੀ। ਬੁੱਧ ਦਾ ਸਿੱਖ ਉਪਗੁਪਤ ਮਥਰਾ ਸ਼ਹਿਰ ਦੀ ਚਾਰਦੀਵਾਰੀ ਤੋਂ ਬਾਹਰ ਜ਼ਮੀਨ ਉਪਰ ਸੁੱਤਾ ਪਿਆ ਸੀ ਕਿ ਉਸ ਦੀ ਵੱਖੀ ਵਿਚ ਸੱਟ ਵੱਜੀ। ਰਾਜ ਨਰਤਕੀ ਵਾਸਬੱਤਾ ਆਪਣੇ ਪ੍ਰੇਮੀ ਨੂੰ ਮਿਲਣ ਰਾਤ ਨੂੰ ਨਿਕਲੀ ਸੀ ਕਿ ਹਨੇਰੇ ਕਾਰਨ ਭਿਖੂ ਦੇ ਠੋਹਕਰ ਵਜ ਗਈ। ਦੇਖਿਆ, ਇਹ ਤਾਂ ਜੁਆਨ ਤੇ ਸੁਹਣਾ ਉਪਗੁਪਤ ਸੀ। ਨਰਤਕੀ ਨੇ ਕਿਹਾ - ਓ ਵਿਦਵਾਨ ਤੇ ਸੁਹਣੇ ਭਿੱਖੂ, ਇਹ ਕਠੋਰ ਜ਼ਮੀਨ ਤੇਰੇ ਲੇਟਣ ਲਈ ਨਹੀਂ। ਤੂੰ ਕਦੀ ਮੇਰੀ ਹਵੇਲੀ ਆਈਂ, ਤੈਨੂੰ ਦੱਸਾਂਗੀ ਸੁਖ ਆਰਾਮ ਕੀ ਹੁੰਦੇ ਨੇ।

ਭਿਖੂ ਨੇ ਕਿਹਾ - ਜਦੋਂ ਤੇਰੇ ਕੋਲ ਆਉਣ ਦਾ ਵਕਤ ਆਇਆ ਮੈਂ ਆਵਾਂਗਾ ਨਰਤਕੀ। ਹਾਲੇ, ਤੂੰ ਜਿਥੇ ਜਾ ਰਹੀ ਹੈਂ, ਉਥੇ ਜਾਹ। ਉਹ ਚਲੀ ਗਈ।

ਸਮਾਂ ਬੀਤਦਾ ਗਿਆ। ਘੁੰਮਦਾ ਘੁਮਾਂਦਾ ਸਾਲਾਂ ਬਾਦ ਭਿਖੂ ਫੇਰ ਮਥਰਾ ਸ਼ਹਿਰ ਲਾਗਿਓਂ ਲੰਘਿਆ ਤਾਂ ਦੇਖਿਆ, ਇਕ ਬਿਮਾਰੀ ਗ੍ਰਸਤ ਲਾਚਾਰ ਔਰਤ ਇਕੱਲੀ, ਜ਼ਮੀਨ ਉਪਰ ਲੇਟੀ ਤੜਪ ਰਹੀ ਹੈ। ਨੇੜੇ ਗਿਆ ਤਾਂ ਪਛਾਣੀ, ਇਹ ਤਾਂ ਉਹੀ ਨਰਤਕੀ ਹੈ। ਚੇਚਕ ਹੋਣ ਉਪਰੰਤ ਲੋਕ ਉਸ ਨੂੰ ਬਾਹਰ ਸੁੱਟ ਗਏ ਕਿ ਕਿਸੇ ਹੋਰ ਨੂੰ ਛੂਤ ਰੋਗ ਨਾ ਲਾ ਦਏ। ਭਿਖੂ ਨੇ ਬਿਮਾਰ ਔਰਤ ਦਾ ਸਿਰ ਆਪਣੀ ਗੋਦ ਵਿਚ ਰੱਖਿਆ, ਪਾਣੀ ਪਿਲਾਇਆ, ਉਸਦੇ ਫੋੜਿਆਂ ਨਾਲ ਭਰੇ ਜਿਸਮ ਉਪਰ ਦਵਾਈਆਂ ਦਾ ਲੇਪ ਕੀਤਾ, ਤੰਦਰੁਸਤ ਹੋਣ ਵਾਸਤੇ ਭਜਨ ਪੜ੍ਹੇ। ਬਿਮਾਰ ਇਸਤਰੀ ਨੇ ਹੋਸ਼ ਆਉਣ ਤੇ ਪੁੱਛਿਆ - ਕਿਰਪਾ ਨਿਧਾਨ, ਕੌਣ ਹੋ ਤੁਸੀਂ?

“ਭਿਖੂ ਉਪਗੁਪਤ ਹਾਂ ਨਰਤਕੀ। ਵਾਦਾ ਕੀਤਾ ਸੀ ਨਾ ਕਿ ਆਵਾਂਗਾ? ਵਾਅਦਾ ਨਿਭਾਉਣ ਆ ਗਿਆ ਦੇਖ।” ਉੱਨੀਵੀਂ ਸਦੀ ਬੀਤਣ ਤੇ ਇਕ ਲੰਮੀ ਕਵਿਤਾ, ਸ਼ਤਾਬਦੀ ਦੀ ਸੰਧਿਆ ਲਿਖੀ। ਇਸ ਵਿਚ ਦਰਸਾਇਆ ਹੈ ਕਿ ਯੂਰਪ ਵਿਚਲੇ ਦੇਸਾਂ ਦੀ ਆਪਸੀ ਨਫਰਤ ਦੀ ਅੱਗ ਬਲਣ ਲੱਗੀ ਹੈ ਜਿਸ ਵਿਚ ਸੰਸਾਰ ਜਲ ਜਾਏਗਾ। “ਇਸ ਸ਼ਤਾਬਦੀ ਦਾ ਅੰਤਮ ਸੂਰਜ ਪੱਛਮ ਦੇ ਖੂਨੀ ਬੱਦਲਾਂ ਅਤੇ ਘਿਰਣਾ ਵਿਚਕਾਰ ਉਲਝਦਾ ਹੋਇਆ ਡੁਬਿਆ ਹੈ।”

ਦੋ ਪੁੱਤਰ ਤੇ ਤਿੰਨ ਧੀਆਂ ਉਸਦਾ ਪਰਿਵਾਰ ਸੀ। ਆਪਣੇ ਬੱਚਿਆਂ ਨੂੰ ਖੁਦ ਪੜ੍ਹਾਇਆ ਕਰਦੇ ਸਨ। ਇਕਾਂਤਵਾਸ ਲਈ ਆਪਣੇ ਪੁਸ਼ਤੈਨੀ ਫਾਰਮ ਹਾਊਸ ਸਿਆਲਦਾ ਵਿਚ ਚਲੇ ਗਏ। ਉਸਨੂੰ ਅੰਗਰੇਜ਼ਾਂ ਵਲੋਂ ਸ਼ੁਰੂ ਕੀਤੀ ਤਰਕੀਬ ਅਨੁਸਾਰ ਵਿਦਿਆ ਦੇਣੀ ਮਨਜ਼ੂਰ ਨਹੀਂ ਸੀ। ਬਚਪਨ ਵਿਚ ਜੋ ਜੋ ਕੁਝ ਬੁਰਾ ਲੱਗਾ, ਛੱਡ ਦਿਤਾ। ਉਸਨੂੰ ਮਕੈਨਕੀ ਪ੍ਰਕਾਰ ਦੀ ਵਿਦਿਆ ਦੇਣੀ ਹਮੇਸ਼ ਬੁਰੀ ਲੱਗੀ। ਉਹ ਚਾਹੁੰਦਾ ਸੀ ਪੁਰਾਤਨ ਭਾਰਤੀ ਮਹਾਂਰਿਸ਼ੀਆਂ ਵਾਲਾ ਜੰਗਲੀ ਤਪੋਵਣ ਹੋਵੇ, ਜਿਥੇ ਕੁਦਰਤ ਅਤੇ ਅਧਿਆਪਕ, ਦੋਵੇਂ ਵਿਦਿਆ ਦੀ ਬਾਰਸ਼ ਕਰਨ। ਇਸ ਮਨੋਰਥ ਦੀ ਪੂਰਤੀ ਵਾਸਤੇ ਉਸਨੇ 22 ਦਸੰਬਰ 1901 ਨੂੰ ਸ਼ਾਂਤੀ ਨਿਕੇਤਨ ਦੀ ਸਥਾਪਨਾ ਪੰਜ ਵਿਦਿਆਰਥੀ ਦਾਖਲ ਕਰਕੇ ਕੀਤੀ। ਇਨ੍ਹਾਂ ਪੰਜ ਪਹਿਲੇ ਵਿਦਿਆਰਥੀਆਂ ਵਿਚ ਇਕ ਉਸਦਾ ਜੇਠਾ ਪੁੱਤਰ, ਤਿੰਨ ਭਾਰਤੀ ਈਸਾਈ ਸਨ ਤੇ ਇਕ ਅੰਗਰੇਜ਼। ਇਹ ਉਹ ਅੰਗਰੇਜ਼ ਸੀ ਜੋ ਕਵੀ ਦੇ ਬਚਿਆਂ ਨੂੰ ਅੰਗ੍ਰੇਜ਼ੀ ਪੜ੍ਹਾਉਣ ਘਰ ਆਇਆ ਕਰਦਾ ਸੀ। ਕਵੀ ਨੇ ਲਿਖਿਆ - “ਮੈਂ ਅਪਣੇ ਸਕੂਲੀਏ ਦਿਨਾਂ ਨੂੰ ਭੁਲ ਨਹੀਂ ਸਕਦਾ। ਬੱਚਿਆਂ ਨੂੰ ਮੂਰਤੀਆਂ ਵਾਂਗ ਕਤਾਰਾਂ ਵਿਚ ਸਜਾ ਕੇ ਸਾਡੇ ਉਪਰ ਪਾਠਾਂ ਦੇ ਗੋਲੇ ਬਰਸਾਏ ਜਾਂਦੇ। ਬਿਲਕੁਲ ਇਸ ਤਰ੍ਹਾਂ ਜਿਵੇਂ ਬਗੀਚੀ ਉਪਰ ਗੜੇਮਾਰ ਹੋਵੇ।” ਸ਼ਾਂਤੀ ਨਿਕੇਤਨ ਰਾਹੀਂ ਕਵੀ ਦਾ ਬਚਪਨ ਵਿਚ ਦੇਖਿਆ ਸੁਫਨਾ ਸਾਕਾਰ ਹੋਇਆ। ਕਵੀ ਬੰਗਲਾ ਵਿਚ ਪੜ੍ਹਾਉਣਾ ਚਾਹੁੰਦਾ ਸੀ ਪਰ ਬੰਗਲਾ ਵਿਚ ਪਾਠ ਪੋਥੀਆਂ ਨਹੀਂ ਸਨ। ਬਹੁਤੀਆਂ ਆਪ ਲਿਖੀਆਂ, ਕੁਝ ਹੋਰਾਂ ਤੋਂ ਲਿਖਵਾਈਆਂ। ਦਰਖਤਾਂ ਹੇਠ ਕਲਾਸਾਂ ਲਗਦੀਆਂ। ਸਖਤ ਮਿਹਨਤ ਕਰਦਿਆਂ ਹੋਇਆਂ ਵਿਚੋਂ ਰਤਾ ਵਿਹਲ ਮਿਲਦੀ ਤਾਂ ਗਾਉਣ ਲਗ ਜਾਂਦੇ।

23 ਨਵੰਬਰ 1902 ਨੂੰ ਪਤਨੀ ਮ੍ਰਿਣਾਲਨੀ ਦਾ ਦੇਹਾਂਤ ਹੋ ਗਿਆ। ਉਸ ਨੇ ਵੀਹ ਸਾਲ ਕਵੀ ਦੀ ਸੇਵਾ ਕੀਤੀ। ਨਾ ਕੀਮਤੀ ਕੱਪੜਾ ਪਹਿਨਦੀ, ਨਾ ਗਹਿਣੇ ਗੱਟੇ। ਵਿਆਹ ਵਕਤ ਉਹ ਪੜ੍ਹੀ ਲਿਖੀ ਨਹੀਂ ਸੀ। ਕਵੀ ਨੇ ਹੀ ਪੜ੍ਹਨਾ ਲਿਖਣਾ ਸਿਖਾਇਆ। ਏਨੀ ਮਿਹਨਤੀ ਨਿਕਲੀ ਕਿ ਮੂਲ ਸੰਸਕ੍ਰਿਤ ਰਾਮਾਇਣ ਦਾ ਬੰਗਲਾ ਵਿਚ ਸੰਖੇਪ ਅਨੁਵਾਦ ਕਰ ਦਿਤਾ। ਉਸਨੇ ਅੰਗਰੇਜ਼ੀ ਪੜ੍ਹਨੀ ਤੇ ਸਮਝਣੀ ਸਿਖ ਲਈ ਸੀ। ਪਤੀ ਦੇ ਨਾਟਕਾਂ ਵਿਚ ਅਦਾਕਾਰੀ ਕਰਦੀ। ਦੋ ਮਹੀਨੇ ਜਦੋਂ ਮੰਜੇ ਤੇ ਪਈ ਰਹੀ, ਕਵੀ ਨੇ ਨੌਕਰਾਂ ਨਰਸਾਂ ਦੀ ਬਜਾਇ ਆਪ ਦਿਨ ਰਾਤ ਸੇਵਾ ਕੀਤੀ।ਗੀਤ ਲਿਖਿਆ -

“ਦੁਖ ਦੀ ਸੇਜ ਉਪਰ ਮੇਰੀ ਰਾਤ ਬੀਤੀ
ਮੇਰੀਆਂ ਅੱਖਾਂ ਥਮ ਕੇ ਹੁਣ ਸੁੱਕ ਗਈਆਂ ਹਨ
ਉਸਦੀ ਰਾਤ ਨੂੰ ਪ੍ਰਭਾਤ ਪ੍ਰਾਪਤ ਹੋ ਗਈ ਹੈ
ਤੇ ਤੂੰ ਪਿਤਾ ਉਸਨੂੰ ਆਪਣੀਆਂ ਬਾਹਾਂ ਵਿਚ ਸੰਭਾਲ ਲਿਆ
ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ
ਤੇ ਉਹ ਸੁਗਾਤਾਂ ਜਿਹੜੀਆਂ ਉਸਨੂੰ ਦਿਤੀਆਂ, ਵਾਪਸ ਭੇਜਦਾਂ।
ਮੇਰਾ ਘਰ ਛੋਟਾ ਹੈ, ਜੋ ਇਕ ਵਾਰ ਜਾਂਦਾ ਹੈ ਪਰਤਦਾ ਨਹੀਂ
ਪਰ ਮਾਲਕ ਤੇਰੀ ਕਿਰਪਾ ਤਾਂ ਅਨੰਤ ਹੈ ਨਾ
ਉਸ ਨੂੰ ਲਭਦਾ ਲਭਦਾ ਮੈਂ ਤੇਰੇ ਦਰਵਾਜੇ ਪੁੱਜ ਗਿਆ ਹਾਂ।

ਪਤਨੀ ਦੀ ਮੌਤ ਤੋਂ ਕੁਝ ਮਹੀਨੇ ਪਿਛੋਂ ਉਸਦੀ ਧੀ ਰੇਣੁਕਾ ਬਿਮਾਰ ਹੋ ਗਈ। ਮਾਂ ਬਗੈਰ ਸਾਰੇ ਬੱਚੇ ਓਦਰ ਗਏ। ਕਵੀ ਉਨ੍ਹਾਂ ਨੂੰ ਦਿਲਾਸਾ ਦੇਣ ਵਾਸਤੇ ਅਪਣੇ ਦਿਲ ਉਪਰ ਕਾਬੂ ਪਾ ਕੇ ਰਖਦਾ। ਬੱਚਿਆਂ ਦੀਆਂ ਜਿੱਦਾਂ ਪੂਰੀਆਂ ਕਰਦਾ। ਉਨ੍ਹਾਂ ਨਾਲ ਗੱਲਾਂ ਕਰਦਾ ਰਹਿੰਦਾ। ਇਨ੍ਹਾਂ ਦਿਨਾਂ ਵਿਚ ਉਸਨੇ ਜੋ ਗੀਤ, ਕਵਿਤਾਵਾਂ ਲਿਖੀਆਂ ਉਨ੍ਹਾਂ ਦਾ ਨਾਮ ਸ਼ਿਸ਼ੂ (ਬੱਚਾ) ਹੈ। ਇਹ ਛੋਟਾ ਜਿਹਾ ਕਾਵਿ ਸੰਗ੍ਰਹਿ ਅੰਗਰੇਜ਼ੀ ਵਿਚ ਦ ਕਰਿਸੈਂਟ ਮੂਨ ਨਾਮ ਹੇਠ ਛਪਿਆ ਤਾਂ ਪ੍ਰਸਿਧ ਚੈੱਕ ਵਿਦਵਾਨ ਪ੍ਰੋਫੈਸਰ ਲੈਸਨੀ ਨੇ ਲਿਖਿਆ, “ਬਚਿਆਂ ਬਾਬਤ ਲਿਖੀਆਂ ਗਈਆਂ ਇਹਨਾਂ ਕਵਿਤਾਵਾਂ ਦਾ ਸੰਸਾਰ ਸਾਹਿਤ ਵਿਚ ਵਿਲੱਖਣ ਥਾਂ ਹੈ। ਬਚਪਨ ਵਿਚ ਸੁਰਗ ਵਸਦਾ ਹੈ, ਕਵਿਤਾ ਦੇ ਕੁਝ ਬੋਲ ਹਨ -

ਮੋਤੀਆਂ ਦੀ ਤਲਾਸ਼ ਵਿਚ ਗੋਤਾਖੋਰ ਡੁਬਕੀ ਲਾਉਂਦਾ ਹੈ।
ਵਪਾਰ ਕਰਨ ਵਾਸਤੇ ਵਪਾਰੀ ਸਮੁੰਦਰ ਵਿਚ ਬੇੜੇ ਠੇਲ੍ਹਦੇ ਹਨ।
ਬੱਚੇ ਕੰਕਰ ਚੁਣ ਚੁਣ ਸੁਟਦੇ ਰਹਿੰਦੇ ਹਨ।
ਅਨੰਤ ਵਿਸ਼ਵ ਦੇ ਸਾਗਰ ਤਟਾਂ ਉਪਰ
ਬੱਚਿਆਂ ਦੀ ਮਹਾਂਸਭਾ ਬਿਰਾਜਮਾਨ ਹੈ।

ਰੇਣੁਕਾ ਇਸ ਸੰਸਾਰ ਵਿਚੋਂ ਵਿਦਾ ਹੋ ਗਈ।ਪਤੀ ਵੀ ਸੰਸਾਰ ਤਿਆਗ ਗਏ। ਮਹਾਤਮਾ ਗਾਂਧੀ ਆਜ਼ਾਦੀ ਅੰਦੋਲਨ ਨੂੰ ਪ੍ਰਚੰਡ ਕਰ ਰਹੇ ਸਨ ਪਰ ਇਸਦੇ ਉਲਟ ਰਵਿੰਦਰਨਾਥ ਨੇ ਆਪਣੇ ਆਪ ਨੂੰ ਇਕਾਂਤਵਾਸੀ ਕਰ ਲਿਆ। ਇਸ ਗੱਲ ਦੀ ਬੜੀ ਅਲੋਚਨਾ ਹੋਈ ਪਰ ਕਵੀ ਨੇ ਕਿਹਾ - ਜਿਹੜਾ ਕੰਮ ਕਰਨ ਦੇ ਮੈਂ ਯੋਗ ਨਹੀਂ, ਉਹ ਕਿਉਂ ਕਰਾਂ? ਮੈਂ ਏਸ ਤਰ੍ਹਾਂ ਦਾ ਜਜ਼ਬਾਤੀ ਬੰਦਾ ਨਹੀਂ ਹਾਂ।

ਆਪਣੇ ਗੀਤਾਂ ਵਿਚ ਕਵੀ ਬਹੁਤ ਵਾਰ ਆਪਣੇ ਆਪ ਨੂੰ ਰੱਬ ਦੀ ਭਿਖਾਰਨ ਮੰਨਦਾ ਹੋਇਆ ਲਿਖਦਾ ਹੈ - ਮੇਰੇ ਨਜ਼ਦੀਕ ਦੀ ਰਾਜ ਕੁਮਾਰ ਲੰਘਿਆ ਤੇ ਮੈਥੋਂ ਭੀਖ ਮੰਗੀ। ਮੈਂ ਉਸ ਨੂੰ ਕੀ ਦੇ ਸਕਦੀ ਸਾਂ? ਮੇਰੇ ਪਾਸ ਤਾਂਬੇ ਦਾ ਇਕ ਸਿਕਾ ਸੀ ਜੋ ਮੈਂ ਰਾਜ ਕੁਮਾਰ ਨੂੰ ਦੇ ਦਿਤਾ। ਵਾਪਸ ਝੌਪੜੀ ਵਿਚ ਜਾਕੇ ਦੇਖਿਆ ਤਾਂ ਤਾਂਬੇ ਦਾ ਸਿਕਾ ਜਿਸ ਜੇਬੋਂ ਕੱਢਿਆ ਸੀ, ਉਥੇ ਸੋਨੇ ਦੀ ਮੁਹਰ ਪਈ ਮਿਲੀ। ਫੇਰ ਮੈਂ ਬੜੀ ਪਛਤਾਈ ਕਿ ਮੈਂ ਆਪਣਾ ਸਾਰਾ ਆਪਾ ਰਾਜ ਕੁਮਾਰ ਨੂੰ ਕਿਉਂ ਨਾਂ ਸੌਂਪ ਦਿਤਾ?

ਨਵੰਬਰ 1913 ਨੂੰ ਉਹ ਗੋਰੇ ਮਿੱਤਰ ਨਾਲ ਸੈਰ ਕਰਦੇ ਸ਼ਾਂਤੀ ਨਿਕੇਤਨ ਵਲ ਜਾ ਰਹੇ ਸਨ ਤਾਂ ਰਸਤੇ ਵਿਚ ਡਾਕਖਾਨਾ ਪੈਂਦਾ ਸੀ। ਟੈਗੋਰ ਨੂੰ ਦੇਖਕੇ ਡਾਕੀਆ ਦੌੜਿਆ ਆਇਆ ਤੇ ਹੱਥ ਵਿਚ ਤਾਰ ਫੜਾ ਦਿਤੀ। ਕਵੀ ਨੇ ਤਾਰ ਜੇਬ ਵਿਚ ਪਾ ਲਈ। ਥੋੜ੍ਹੀ ਦੇਰ ਬਾਦ ਗੋਰੇ ਨੇ ਕਿਹਾ - ਦੇਖੋ ਤਾਂ ਤਾਰ ਵਿਚ ਕੀ ਲਿਖਿਆ ਹੈ? ਕਵੀ ਨੇ ਕਿਹਾ - ਘਰ ਪੁੱਜ ਕੇ ਦੇਖ ਲਵਾਂਗੇ। ਗੋਰਾ ਬੋਲਿਆ - ਜਿਸ ਤਰੀਕੇ ਡਾਕੀਆ ਤਾਰ ਫੜਾਉਣ ਆਇਆ, ਮੈਨੂੰ ਲਗਦੈ ਕੋਈ ਖਾਸ ਸੁਨੇਹਾ ਹੈ। ਪੜ੍ਹੋ। ਦੋਵੇਂ ਜਣੇ ਰੁਕ ਗਏ। ਟੈਗੋਰ ਨੇ ਤਾਰ ਖੋਲ੍ਹ ਕੇ ਪੜ੍ਹੀ। ਸਵਿਸ ਅਕਾਦਮੀ ਦਾ ਸੁਨੇਹਾ ਸੀ - ਤੁਹਾਨੂੰ ਨੋਬਲ ਪ੍ਰਾਈਜ਼ ਲਈ ਚੁਣਿਆ ਗਿਆ ਹੈ। ਵਧਾਈ ਹੋਵੇ।

ਸ਼ਾਂਤੀਨਿਕੇਤਨ ਵਿਚ ਉਤਸ਼ਾਹੀ ਪ੍ਰਸ਼ੰਸਕਾਂ ਦਾ ਹੜ੍ਹ ਆ ਗਿਆ। ਹਜ਼ਾਰਾਂ ਔਰਤਾਂ ਮਰਦ ਹਾਰ ਲੈ ਲੈ ਕੇ ਆ ਰਹੇ ਸਨ। ਪ੍ਰਾਇਮਰੀ ਸਕੂਲ ਦੇ ਬੱਚੇ ਨਚ ਰਹੇ ਸਨ, ਗਾ ਰਹੇ ਸਨ। ਅਜਿਹੇ ਮੌਕੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਟੈਗੋਰ ਨੇ ਕਿਹਾ - ਇਹ ਕੀ ਹੋ ਰਿਹੈ? ਬੱਚੇ ਜੋ ਨਹੀਂ ਜਾਣਦੇ ਨੋਬਲ ਪ੍ਰਾਈਜ਼ ਕਿਸ ਚਿੜੀ ਦਾ ਨਾਮ ਹੈ, ਨੱਚ ਰਹੇ ਹਨ। ਜਿਨ੍ਹਾਂ ਨੇ ਮੇਰੀ ਇਕ ਸਤਰ ਕਦੀ ਨਹੀਂ ਪੜ੍ਹੀ, ਉਹ ਵੀ ਵਧਾਈ ਤੇ ਵਧਾਈ ਦੇ ਰਹੇ ਹਨ। ਇਹ ਇਕ ਤਰ੍ਹਾਂ ਦੀ ਬੁੱਤਪੂਜਾ ਹੈ। ਬੁੱਤਤੋੜ ਮੁਸਲਮਾਨ ਵੀ ਇਸ ਬਿਮਾਰੀ ਤੋਂ ਨਹੀਂ ਬਚ ਸਕੇ - ਤੁਹਾਨੂੰ ਬੁੱਤ ਪੂਜ ਹਿੰਦੂਆਂ ਨੂੰ ਤਾਂ ਬਹੁਤਾ ਹੀ ਸਾਵਧਾਨ ਰਹਿਣਾ ਪਵੇਗਾ। ਮੇਰੀ ਨਹੀਂ, ਇਹ ਮੈਨੂੰ ਦਿਤੇ ਇਨਾਮ ਦੀ ਇਜੱਤ ਹੋ ਰਹੀ ਹੈ।

ਜਦੋਂ 1914 ਵਿਚ ਟੈਗੋਰ ਨੂੰ ਨੋਬਲ ਇਨਾਮ ਮਿਲ ਚੁਕਾ ਸੀ ਤਦ ਵੀ ਸਕੂਲਾਂ ਦੇ ਅਧਿਆਪਕ ਸਮਝਦੇ ਸਨ ਕਿ ਉਸਨੂੰ ਬੰਗਲਾ ਲਿਖਣੀ ਨਹੀਂ ਆਉਂਦੀ। ਦਸਵੀਂ ਦੇ ਇਮਤਿਹਾਨਾਂ ਵਿਚ ਟੈਗੋਰ ਦੀ ਲਿਖਤ ਦਾ ਪੈਰਾ ਦੇਕੇ ਲਿਖਿਆ ਹੁੰਦਾ ਸੀ - ਇਸ ਪ੍ਰਸੰਗ ਨੂੰ ਸ਼ੁੱਧ ਬੰਗਲਾ ਵਿਚ ਲਿਖੋ। ਲੋਕ ਆਪਣੇ ਬੱਚਿਆਂ ਨੂੰ ਉਸਦੇ ਸਕੂਲ ਵਿਚ ਨਾ ਭੇਜਦੇ ਤੇ ਪਰਚਾਰ ਕਰਦੇ ਕਿ ਦੂਜੇ ਵੀ ਨਾ ਭੇਜਣ। ਉਸ ਨੂੰ ਸਰਕਾਰ ਦਾ ਸੂਹੀਆ ਵੀ ਕਿਹਾ ਗਿਆ। ਇਨ੍ਹਾਂ ਦਿਨਾਂ ਵਿਚ ਉਸਦਾ ਨਾਟਕ ਡਾਕਘਰ ਆਇਰਿਸ਼ ਰੰਗਕਰਮੀਆਂ ਨੇ ਸਫ਼ਲਤਾ ਨਾਲ ਲੰਦਨ ਵਿਚ ਖੇਡਿਆ ਤੇ ਇਸ ਪਿਛੋਂ ਜਰਮਨ ਭਾਸ਼ਾ ਵਿਚ ਅਨੁਵਾਦ ਕਰਕੇ ਜਰਮਨੀ ਵਿਚ ਖੇਡਿਆ ਗਿਆ। ਵਿਲੀਅਮ ਬੀ. ਯੇਟਸ ਅਤੇ ਸੀ.ਐਫ. ਐਡ੍ਰਿਊਜ਼ ਨੇ ਇਨ੍ਹਾਂ ਨਾਟਕਾਂ ਦੀ ਭਰਪੂਰ ਸਰਾਹਨਾ ਕੀਤੀ।

“ਸੱਚ ਪ੍ਰਾਪਤ ਕਰਨ ਵਾਸਤੇ ਆਪਣੀਆਂ ਸ਼ਰਤਾਂ ਮਿਥੀਏ ਕਿ ਸੱਚ ਦੀਆਂ ਸ਼ਰਤਾਂ ਮੰਨੀਏ? ਯਾਦਾਂ ਇਤਿਹਾਸ ਨਹੀਂ ਬਣਦੀਆਂ। ਯਾਦਾਂ ਅਤੇ ਇਤਿਹਾਸ ਸਮਾਨੰਤਰ ਚਲਦੇ ਹਨ, ਫੇਰ ਵੀ ਦੋਵੇਂ ਭਿੰਨ ਭਿੰਨ ਹਨ।”

ਲੰਦਨ ਵਿਚ ਅਪਣੀ ਭਤੀਜੀ ਇੰਦਰਾ ਨੂੰ ਲਿਖਿਆ, “ਗੀਤਾਂਜਲੀ ਦੇ ਅੰਗਰੇਜ਼ੀ ਅਨੁਵਾਦ ਵਿਚ ਮੈਂ ਤੇਰਾ ਜ਼ਿਕਰ ਕੀਤਾ ਹੈ। ਮੈਨੂੰ ਹੁਣ ਤਕ ਪਤਾ ਨਹੀਂ ਲੱਗਿਆ ਲੋਕਾਂ ਨੇ ਇਸਨੂੰ ਏਨਾ ਪਸੰਦ ਕਿਉਂ ਕਰ ਲਿਆ। ਸਭ ਨੂੰ ਪਤਾ ਹੈ ਮੈਂ ਅੰਗਰੇਜ਼ੀ ਨਹੀਂ ਲਿਖ ਸਕਦਾ। ਇਸ ਕਮਜੋਰੀ ਕਾਰਨ ਮੈਨੂੰ ਸ਼ਰਮਿੰਦਗੀ ਵੀ ਕਦੀ ਨਹੀਂ ਹੋਈ। ਕੋਈ ਬੰਦਾ ਕਾਗਜ਼ ਉਪਰ ਅੰਗਰੇਜ਼ੀ ਵਿਚ ਲਿਖ ਕੇ ਮੈਨੂੰ ਚਾਹ ਪੀਣ ਦਾ ਸੱਦਾ ਭੇਜੇ। ਮੈਨੂੰ ਇਹ ਵੀ ਪਤਾ ਨਹੀਂ ਕਿ ਇਸ ਦਾ ਜਵਾਬ ਕਿਵੇਂ ਦਿਆਂ। ਅੰਗਰੇਜ਼ੀ ਵਿਚ ਲਿਖਣ ਲੱਗਿਆਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿਸੇ ਭਰਮ ਦਾ ਸ਼ਿਕਾਰ ਹੋ ਗਿਆ ਹਾਂ।

ਅਪਣੇ ਪੁੱਤਰ ਰਥਿੰਦਰਨਾਥ ਅਤੇ ਨੂੰਹ ਪ੍ਰਤਿਭਾ ਸਮੇਤ ਲੰਦਨ ਲਈ ਰਵਾਨਾ ਹੋਏ। ਅੰਗਰੇਜ਼ ਚਿਤਰਕਾਰ ਵਿਲੀਅਮ ਰੋਜ਼ਿਨਸਟਾਈਨ ਨੇ ਉਨ੍ਹਾਂ ਦੀ ਕਲਾ ਬਾਬਤ ਯੋਰਪ ਨੂੰ ਜਾਣੂ ਕਰਵਾਇਆ। ਰੋਜ਼ਿਨਸਟਾਈਨ, ਸ਼ਾਂਤੀਨਿਕੇਤਨ ਆਕੇ ਕਵੀ ਪਾਸ ਰਿਹਾ ਕਰਦਾ ਤੇ ਕਵਿਤਾਵਾਂ ਸੁਣਦਾ। ਗੀਤਾਂਜਲੀ ਦਾ ਅੰਗਰੇਜ਼ੀ ਅਨੁਵਾਦ ਟੈਗੋਰ ਨੇ ਉਸਦੇ ਸਪੁਰਦ ਕੀਤਾ। ਰੋਜ਼ਿਨਸਟਾਈਨ ਨੇ ਲਿਖਿਆ - “ਸ਼ਾਮ ਤੱਕ ਮੈਂ ਸਾਰੀ ਕਿਤਾਬ ਪੜ੍ਹ ਲਈ। ਮੈਂ ਸੋਚਿਆ - ਇਹ ਵੱਖਰੀ ਕਿਸਮ ਦੀਆਂ ਨਜ਼ਮਾ ਹਨ - ਮਹਾਨ ਰਹੱਸਵਾਦੀਆਂ ਦੀਆਂ ਜਿਹੋ ਜਿਹੀਆਂ ਰਮਜਪੂਰਨ ਗੱਲਾਂ ਹੋਇਆ ਕਰਦੀਆਂ ਹਨ, ਬਿਲਕੁਲ ਉਸ ਤਰਾਂ ਦੀਆਂ। ਮੈਂ ਇਹ ਕਾਵਿ ਸੰਗ੍ਰਹਿ ਐਂਡ੍ਰਿਓੂਜ਼ ਬ੍ਰੈਡਲੇ ਨੂੰ ਪੜ੍ਹਨ ਲਈ ਦਿਤਾ ਜੋ ਮੇਰੇ ਨਾਲ ਸਹਿਮਤ ਹੁੰਦਿਆਂ ਕਹਿਣ ਲੱਗਾ - ਲਗਦਾ ਹੈ ਸਾਡੇ ਵਿਚਕਾਰ ਕੋਈ ਮਹਾਂਕਵੀ ਮੌਜੂਦ ਹੈ। ਮੈਂ ਇਕ ਖਤ ਯੇਟਸ ਨੂੰ ਲਿਖਿਆ, ਉਸਨੇ ਜਵਾਬ ਨਹੀਂ ਦਿਤਾ, ਫੇਰ ਦੂਜਾ ਖਤ ਲਿਖਿਆ ਤਾਂ ਮੈਨੂੰ ਕਵਿਤਾਵਾਂ ਭੇਜਣ ਲਈ ਕਿਹਾ। ਕਵਿਤਾਵਾਂ ਪੜ੍ਹਕੇ ਉਹ ਵੀ ਮੇਰੇ ਵਾਂਗ ਅਨੰਦ ਵਿਭੋਰ ਹੋ ਗਿਆ। ਉਹ ਲੰਦਨ ਆਇਆ ਤੇ ਬੜੀ ਸ਼ਾਂਤੀ ਨਾਲ ਦੁਬਾਰਾ ਪਾਠ ਕੀਤਾ। ਕਿਤੇ ਕਿਤੇ ਸੁਝਾਅ ਜਰੂਰ ਦਿਤੇ ਪਰ ਮੂਲਪਾਠ ਨੂੰ ਨਹੀਂ ਛੇੜਿਆ। ਉਸਨੇ ਗੀਤਾਂਜਲੀ ਦੀ ਭੂਮਿਕਾ ਵਿਚ ਲਿਖਿਆ, “ਅਨੁਵਾਦਤ ਨਜ਼ਮਾ ਦਾ ਖਰੜਾ ਹੱਥ ਵਿਚ ਫੜੀ ਮੈਂ ਰੇਲਵੇ ਟ੍ਰੇਨਾ, ਬਸਾਂ ਅਤੇ ਹੋਟਲਾਂ ਵਿਚ ਬੈਠਾ ਪੜ੍ਹਦਾ ਇਸ ਤਰ੍ਹਾਂ ਗੁੰਮ ਹੋ ਜਾਂਦਾ ਕਿ ਮੈਨੂੰ ਦੇਖਕੇ ਅਜਨਬੀ ਹੈਰਾਨ ਹੋ ਜਾਂਦੇ।” ਇਥੇ ਹੀ ਟੈਗੋਰ ਸੀ.ਐਫ. ਐਂਡ੍ਰਿਊਜ਼ ਨੂੰ ਮਿਲਿਆ।ਐਂਡ੍ਰਿਊਜ ਬੜਾ ਨੇਕ ਨਿਰਪੱਖ ਪਾਦਰੀ ਸੀ ਜਿਸਨੇ ਨਨਕਾਣਾ ਸਾਹਿਬ ਤੇ ਜੈਤੋ ਦੇ ਮੋਰਚੇ ਵਿਚ ਸ਼ਾਂਤ ਅਕਾਲੀਆਂ ਨੂੰ ਗੋਰਿਆਂ ਹੱਥੋਂ ਡਾਂਗਾਂ ਗੋਲੀਆਂ ਖਾਂਦੇ ਦੇਖਕੇ ਕਿਹਾ ਸੀ, “ਸੈਂਕੜੇ ਯਸੂ ਮਸੀਹ ਆਪਣੀਆਂ ਅੱਖਾਂ ਨਾਲ ਮੈਂ ਮਾਰ ਖਾਂਦੇ ਦੇਖੇ।”

ਐਜ਼ਰਾ ਪਾਊਂਡ, ਜਿਸਨੂੰ ਦੇਰ ਬਾਦ ਨੋਬਲ ਇਨਾਮ ਮਿਲਿਆ ਸੀ, ਨੇ ਲਿਖਿਆ, “ਇਕ ਮਹੀਨਾ ਪਹਿਲਾਂ ਮੈਂ ਯੇਟਸ ਦੇ ਕਮਰੇ ਵਿਚ ਗਿਆ ਸਾਂ। ਮੈਂ ਦੇਖਿਆ ਯੇਟਸ ਕਿਸੇ ਮਹਾਂਕਵੀ ਦੇ ਆਗਮਨ ਸਦਕਾ ਆਨੰਦਿਤ ਹਨ, ਅਜਿਹਾ ਕਵੀ ਜਿਸ ਵਰਗਾ ਸਾਡੇ ਵਿਚ ਕੋਈ ਨਹੀਂ, ਸਮਕਾਲੀਆਂ ਵਿਚ ਉਹ ਸ਼੍ਰੋਮਣੀ ਹੈ। ਮੈਨੂੰ ਪਤਾ ਨਹੀਂ ਲਗਦਾ ਮੈਂ ਗੱਲ ਕਿਵੇਂ ਸ਼ੁਰੂ ਕਰਾਂ - ਮੈਨੂੰ ਲਗਦੈ ਜਿਵੇਂ ਸਾਨੂੰ ਨਵਾਂ ਯੂਨਾਨ ਮਿਲ ਗਿਆ ਹੈ। ਯੋਰਪ ਦੇ ਪੁਨਰਜਾਗ੍ਰਣ ਦੇ ਦੌਰ ਵਰਗਾ ਮਾਹੌਲ ਬਣ ਗਿਆ ਹੈ। ਮਕੈਨਕੀ ਸੰਸਾਰ ਵਿਚ ਇਸ ਤਰ੍ਹਾਂ ਦੀ ਸ਼ਾਂਤੀ ਦਾ ਮਿਲ ਜਾਣਾ ਕਮਾਲ ਹੈ। ਕਾਵਿ ਕਿਸੇ ਤੂਫਾਨ ਜਾਂ ਅਗਜ਼ਨੀ ਦੇ ਮਾਹੌਲ ਵਿਚੋਂ ਪੈਦਾ ਨਹੀਂ ਹੋਇਆ। ਇਹ ਅਨੰਤ ਸਹਿਜ ਦਾ ਸੁੰਦਰ ਪ੍ਰਗਟਾਵਾ ਹੈ। ਆਧੁਨਿਕ ਪੱਛਮੀ ਉਹ ਢੰਗ ਇਨ੍ਹਾਂ ਵਿਚ ਨਹੀਂ ਜਿਸ ਨਾਟਕੀ ਢੰਗ ਰਾਹੀਂ ਸਾਬਤ ਕੀਤਾ ਜਾਂਦਾ ਹੈ ਕਿ ਆਦਮੀ ਨੇ ਕੁਦਰਤ ਉਪਰ ਫਤਿਹ ਹਾਸਲ ਕਰ ਲਈ ਹੈ। ਇਹ ਉਸ ਪ੍ਰਾਚੀਨ ਯੂਨਾਨ ਵਰਗਾ ਕਾਵਿ ਵੀ ਨਹੀਂ ਜਿਥੇ ਆਦਮੀ ਦੇਵਤਿਆਂ ਦੇ ਹੱਥਾਂ ਵਿਚ ਮਹਿਜ ਖਿਡੌਣਾ ਹੈ। ਜਦੋਂ 'ਟੈਗੋਰ' ਨਾਲ ਗੱਲਾਂ ਕਰਕੇ ਮੈਂ ਵਾਪਸ ਪਰਤਿਆ, ਮੈਨੂੰ ਲਗਦਾ ਸੀ, ਅਸੀਂ ਅਜੇ ਵੀ ਉਹੀ ਬਣਮਾਣਸ ਹਾਂ ਜਿਨ੍ਹਾ ਨੇ ਪਸ਼ੂ ਦੀ ਖੱਲ ਲੱਕ ਦੁਆਲੇ ਲਪੇਟੀ ਹੋਈ ਹੈ ਤੇ ਹੱਥ ਵਿਚ ਪੱਥਰ ਚੁਕੀ ਮਰਨ ਮਾਰਨ ਨੂੰ ਤਿਆਰ ਖੜੇ ਹਾਂ। ਇਕ ਦੇ ਬਹਾਨੇ ਚਾਲੀ ਹੋਰ ਵਸਤਾਂ ਪ੍ਰਾਪਤ ਕਰਨ ਵਾਸਤੇ ਯੋਰਪ ਮਹਾਂਨਗਰਾਂ ਦੇ ਸ਼ੋਰ ਵਿਚ ਵੜ ਗਿਆ ਹੈ। ਆਦਮੀ ਇਸ਼ਤਿਹਾਰਬਾਜ਼ੀ ਦੇ ਭਰਮ ਵਿਚ ਉਲਝ ਗਿਆ ਹੈ। ਟੈਗੋਰ ਦਾ ਕਾਵਿ ਅੱਜ ਦੀ ਨਵੀਂ ਅੰਜੀਲ ਹੈ। ਕੁਝ ਲੋਕ ਕਹਿ ਸਕਦੇ ਹਨ ਕਿ ਇਹ ਨਜ਼ਮਾਂ ਇਸ ਲਈ ਚੰਗੀਆਂ ਨਹੀਂ ਕਿਉਂਕਿ ਇਹ ਧਰਮ ਦੇ ਰੰਗ ਵਿਚ ਰੰਗੀਆਂ ਹੋਈਆਂ ਹਨ ਪਰ ਮੈਨੂੰ ਲਗਦੈ ਦਾਂਤੇ ਦੀ ਬੰਦਗੀ ਬਿਲਕੁਲ ਇਹੋ ਜਿਹੀ ਸੀ।”

“ਤੂੰ ਉਹ ਲੋਕ ਮੇਰੇ ਮੀਤ ਬਣਾਏ ਜੋ ਅਜਨਬੀ ਸਨ।
ਮੈਨੂੰ ਉਨ੍ਹਾਂ ਘਰਾਂ ਵਿਚ ਸਨਮਾਨ ਮਿਲਿਆ ਜੋ ਮੇਰੇ ਨਹੀਂ ਸਨ।”

"ਰੋਜ਼ਨਸਟਾਈਨ ਨੇ ਲਿਖਿਆ, “ਭਾਰਤ ਵਿਚ ਗਲਤ ਗੱਲ ਫੈਲਾਈ ਜਾ ਰਹੀ ਹੈ ਕਿ ਗੀਤਾਂਜਲੀ ਦੀ ਅੰਗਰੇਜ਼ੀ ਕਿਉਂਕਿ ਯੇਟਸ ਨੇ ਠੀਕ ਕਰ ਦਿਤੀ ਇਸ ਲਈ ਇਹ ਮਸ਼ਹੂਰ ਹੋ ਗਈ। ਇਹ ਸਰਾਸਰ ਬਕਵਾਸ ਹੈ। ਮੇਰੇ ਕੋਲ ਟੈਗੋਰ ਦੀ ਮੂਲ ਲਿਖਤ ਵੀ ਪਈ ਹੈ ਤੇ ਉਹ ਖਰੜਾ ਵੀ ਜਿਥੇ ਯੇਟਸ ਨੇ ਸਲਾਹਾਂ ਦਿਤੀਆਂ। ਯੇਟਸ ਦੀਆਂ ਰਾਵਾਂ ਨਹੀਂ ਮੰਨੀਆਂ ਗਈਆਂ, ਅਸੀਂ ਟੈਗੋਰ ਦਾ ਮੂਲ ਪਾਠ ਛਾਪਿਆ ਹੈ। ਸ਼ੱਕ ਹੋਵੇ ਤਾਂ ਮੇਰੇ ਕੋਲ ਦੇਖ ਲਵੋ।

ਗੀਤਾਂਜਲੀ ਦਾ ਰੀਵੀਊ ਕਰਦਿਆਂ ਟਾਈਮਜ਼ ਲਿਟਰੇਰੀ ਸਪਲੀਮੈਂਟ ਨੇ ਲਿਖਿਆ, “ਇਹ ਨਜ਼ਮਾਂ ਕਿਸੇ ਅਜਨਬੀ ਦੀ ਲਿਖਤ ਨਹੀਂ ਜਾਪਦੀਆਂ। ਇਉਂ ਲਗਦੈ ਜਿਵੇਂ ਇਹ ਕਾਵਿ ਦੇ ਆਦਿ ਕਥਨ ਹੋਣ, ਜੋ ਇਥੇ ਇੰਗਲੈਂਡ ਵਿਚ ਵੀ ਲਿਖੀਆਂ ਜਾ ਸਕਦੀਆਂ ਹੋਣ, ਜੇ ਕਿਤੇ ਸਾਡੇ ਕਵੀ ਭਾਵਨਾਵਾਂ ਅਤੇ ਵਿਚਾਰਾਂ ਦਾ ਸਮਤੋਲ ਰੱਖ ਸਕਦੇ, ਉਹ ਲਿਖ ਸਕਦੇ ਸਨ ਇਸ ਤਰ੍ਹਾਂ। ਪਰ ਅਸੀਂ ਧਰਮ ਅਤੇ ਦਰਸ਼ਨ ਦੋਵੇਂ ਠੁਕਰਾ ਦਿਤੇ ਹਨ। ਨਤੀਜਾ ਇਹ ਹੋਇਆ ਕਿ ਠੋਹਕਰਾਂ ਖਾਧੀਆਂ। ਕੁਝ ਆਲੋਚਕ ਕਹਿਣਗੇ - ਇਹ ਵਿਦੇਸ਼ੀ ਦਰਸ਼ਨ ਹੈ, ਸਾਡਾ ਨਹੀਂ। ਮੈਂ ਪੁਛਦਾ ਹਾਂ - ਤੁਹਾਡਾ ਦਰਸ਼ਨ ਹੈ ਕਿਥੇ? ਤੁਸੀਂ ਪੂਰੀ ਤਰ੍ਹਾਂ ਉਲਝੇ ਫਿਰਦੇ ਹੋ। ਸਾਡੇ ਕਵੀਆਂ ਕੋਲ ਕਹਿਣ ਵਾਸਤੇ ਹੈ ਕੀ? ਕੁਝ ਗੋਰੇ ਆਲੋਚਕਾਂ ਨੇ ਇਹ ਵੀ ਸ਼ੇਖੀ ਮਾਰੀ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਜਹਾਲਤ ਵਿਚੋਂ ਬਾਹਰ ਕੱਢਣ ਦਾ ਜੋ ਫੈਸਲਾ ਲਿਆ ਸੀ, ਟੈਗੋਰ ਉਸੇ ਦਾ ਨਤੀਜਾ ਹੈ। ਅਮਰੀਕਾ ਵਿਚ ਇਕ ਗੋਰੇ ਨੇ ਭਾਸ਼ਣ ਵਿਚ ਜਦੋਂ ਇਹ ਕਿਹਾ ਕਿ ਟੈਗੋਰ ਜਿਹਾ ਕਵੀ ਸਦੀਆਂ ਬਾਦ ਪੈਦਾ ਹੁੰਦਾ ਹੈ ਤਾਂ ਉਥੇ ਮੌਜੂਦ ਕੁਝ ਬੰਗਾਲੀ ਪ੍ਰਗਤੀਵਾਦੀ ਜੁਆਨਾ ਨੇ ਉਚੀ ਉਚੀ ਕਿਹਾ - ਬਕਵਾਸ। ਟੈਗੋਰ ਤੋਂ ਪਹਿਲਾਂ ਵੀ ਤੇ ਹੁਣ ਵੀ ਉਸ ਤੋਂ ਵਧੀਆ ਕਵੀ ਸਾਡੇ ਕੋਲ ਮੌਜੂਦ ਹਨ। ਨਵੀਨ ਸੇਨ ਅਤੇ ਦਜਿੰਦਰ ਲਾਲ ਰਾਇ ਟੈਗੋਰ ਤੋਂ ਵੱਡੇ ਹਨ। ਟੈਗੋਰ ਕੋਲ ਹੈ ਕੀ? ਉਸਨੇ ਪੁਰਾਣੇ ਵੈਸ਼ਨਵ ਭਗਤਾਂ ਦੀ ਨਕਲ ਮਾਰੀ ਹੈ ਤੇ ਉਸਦਾ ਦਰਸ਼ਨ ਉਪਨਿਸ਼ਦਾਂ ਦਾ ਦਰਸ਼ਨ ਹੈ।

ਟੈਗੋਰ ਅਮਰੀਕਾ ਵਿਚ ਗਿਆ। ਉਸ ਨੂੰ ਥਾਂ ਥਾਂ ਤੋਂ ਸੱਦੇ ਮਿਲਣ ਲੱਗੇ। ਬਸੰਤ ਕੁਮਾਰ ਰਾਇ ਨੇ ਕਿਹਾ - ਜਿੰਨੀ ਜਲਦੀ ਸੰਭਵ ਹੋ ਸਕੇ ਆਪਣੀ ਸਾਰੀ ਰਚਨਾ ਦਾ ਅੰਗਰੇਜ਼ੀ ਅਨੁਵਾਦ ਛਾਪੋ। ਤੁਹਾਨੂੰ ਨੋਬਲ ਪ੍ਰਾਈਜ਼ ਮਿਲ ਸਕਦਾ ਹੈ। ਭਾਰਤ ਤਾਂ ਕੀ, ਏਸ਼ੀਆ ਵਿਚ ਹਾਲ ਤੱਕ ਕਿਸੇ ਨੂੰ ਇਹ ਸਨਮਾਨ ਨਹੀਂ ਮਿਲਿਆ। ਟੈਗੋਰ ਨੇ ਪੁੱਛਿਆ - "ਕੀ ਕਿਸੇ ਏਸ਼ੀਅਨ ਨੂੰ ਏਸ ਕਾਬਲ ਸਮਝਿਆ ਜਾ ਸਕਦੈ?”

ਉਸਨੇ ਸ਼ਿਕਾਗੋ ਅਤੇ ਨਿਊਯਾਰਕ ਦੀਆਂ ਯੂਨੀਵਰਸਿਟੀਆਂ ਵਿਚ ਭਾਸ਼ਣ ਦਿਤੇ। ਉਸ ਦੀ ਪ੍ਰਸਿਧੀ ਦੁਨੀਆਂ ਵਿਚ ਇੰਨੀ ਫੈਲੀ ਕਿ ਸੈਂਕੜੇ ਮਰਦ ਔਰਤਾਂ ਏਸ ਕਰਕੇ ਵਾਪਸ ਪਰਤ ਜਾਂਦੇ ਕਿਉਂਕਿ ਹਾਲ ਵਿਚ ਖਲੋਣ ਜੋਗੀ ਥਾਂ ਵੀ ਨਾ ਹੁੰਦੀ। ਇਥੋਂ ਵਾਪਸ ਇੰਗਲੈਂਡ ਆਏ ਤਾਂ ਗੋਰੇ ਉਨ੍ਹਾਂ ਨੂੰ ਜਾਣ ਚੁਕੇ ਸਨ। ਥਾਂ ਥਾਂ ਭਾਸ਼ਣ ਹੋਏ। ਦ ਗਾਰਡਨਰ, ਦ ਕ੍ਰਿਸੈਂਟ ਮੂਨ ਅਤੇ ਨਾਟਕ ਚਿਤਰਾ, ਅੰਗਰੇਜ਼ੀ ਵਿਚ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪੁੱਜੇ।

ਪੰਜਵੀਂ ਵਿਚ ਪੜ੍ਹਦੀ ਕੁੜੀ ਨੇ ਪੁੱਛਿਆ - ਤੁਸੀਂ ਕਵਿਤਾ ਕਿਵੇ ਲਿਖ ਲੈਂਦੇ ਹੋ?
ਟੈਗੋਰ ਨੇ ਕਿਹਾ - ਤੇਰਾ ਨਾਮ ਕੀ ਹੈ ? ਕੁੜੀ ਨੇ ਦੱਸਿਆ - ਛਵਿ। ਟੈਗੋਰ ਨੇ ਬੰਦ ਘੜਿਆ।
ਤੋਮਾਰ ਨਾਮ ਛਵਿ, ਆਮਾਰ ਨਾਮ ਰਵਿ, ਬੋਨੇ ਗੈਲੋ ਕਵਿਤਾ, ਖੁਸ਼ੀ ਹੋਲੋ ਕਵਿ।
(ਤੇਰਾ ਨਾਮ ਛਵਿ, ਮੇਰਾ ਨਾਮ ਰਵਿ, ਬਣ ਗਈ ਕਵਿਤਾ, ਖੁਸ਼ ਹੋਇਆ ਕਵਿ।)

ਈਸਾਈ ਅਖਬਾਰ ਬੈਪਟਿਸਟ ਟਾਈਮਜ਼ ਨੇ ਲਿਖਿਆ - ਈਸਾਈ ਅਨੁਭਵਾਂ ਦੇ ਪ੍ਰਛਾਵੇਂ ਹਿੰਦੂ ਮਾਨਸਿਕਤਾ ਵਿਚ ਸਾਫ਼ ਦਿੱਸ ਰਹੇ ਹਨ। ਬੇਸਬਰੀ ਨਾਲ ਅਸੀਂ ਜਿਸ ਮਨੁੱਖ ਦੀ ਉਡੀਕ ਕਰ ਰਹੇ ਸਾਂ ਉਹ ਆ ਗਿਆ ਹੈ। ਕੁਦਰਤ ਨੇ ਇਹ ਆਦਮੀ ਇਸ ਲਈ ਭੇਜਿਆ ਹੈ ਤਾਂ ਕਿ ਪ੍ਰਭੂ-ਰਥ ਦੇ ਆਉਣ ਤੋਂ ਪਹਿਲਾਂ ਇਹ ਉਸਦਾ ਰਸਤਾ ਸੰਵਾਰ ਸਕੇ।

ਪਰ ਸਿਲਸਿਲੇ ਵਾਰ ਜੋ ਕੁਝ ਇਨਾਮ ਪ੍ਰਕ੍ਰਿਆ ਦੌਰਾਨ ਹੋਇਆ ਉਹ ਇਹ ਸੀ। ਸਭ ਤੋਂ ਪਹਿਲਾਂ ਰਸਮੀ ਮਤਾ ਅੰਗਰੇਜ਼ੀ ਕਵੀ ਸਟਰਜ਼ ਮੂਰ ਨੇ ਨੋਬਲ ਅਕਾਦਮੀ ਦੇ ਸਕੱਤਰ ਨੂੰ ਅਕਾਦਮੀ ਮੈਂਬਰ ਦੀ ਹੈਸੀਅਤ ਵਿਚ ਲਿਖ ਕੇ ਭੇਜਿਆ। ਲਿਖਿਆ - ਮਾਨਯੋਗ ਸਕੱਤਰ, ਯੂਨਾਈਟਿਡ ਕਿੰਗਡਮ ਦੀ ਰਾਇਲ ਸੋਸਾਇਟੀ ਦਾ ਮੈਂਬਰ ਹੋਣ ਦੀ ਹੈਸੀਅਤ ਵਿਚ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਰਵਿੰਦਰ ਨਾਥ ਟੈਗੋਰ ਨਾਮ ਦੇ ਇਕ ਯੋਗ ਵਿਅਕਤੀ ਦੀ ਮੈਂ ਸਿਫਾਰਿਸ਼ ਕਰਦਿਆਂ ਸਮਝਦਾ ਹਾਂ ਕਿ ਮੇਰੇ ਖਿਆਲ ਅਨੁਸਾਰ ਇਸ ਨੂੰ ਸਾਹਿਤ ਦੇ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਸਹੀ/- ਟੀ.ਐਸ. ਮੂਰ।

ਵਰਨਰ ਵਾਨ ਹਾਈਦਨਸਟੇਮ ਨੇ ਇਸ ਦੀ ਪ੍ਰੋੜ੍ਹਤਾ ਕੀਤੀ। ਵਰਨਰ ਨੂੰ ਤਿੰਨ ਸਾਲ ਬਾਦ ਨੋਬਲ ਇਲਾਮ ਮਿਲਿਆ। ਸਕੱਤਰ ਪੇਰ ਹਾਲਸਟਾਰਮ ਨੇ ਲਿਖਿਆ- ਰੂਹਾਨੀ ਕਾਵਿ ਦਾ ਚਸ਼ਮਾ ਕਿਥੇ ਫੁੱਟ ਸਕਦਾ ਹੈ ਕਿਸੇ ਨੂੰ ਪਤਾ ਨਹੀਂ। ਆਪਣੇ ਨਿੱਜਤਵ ਤੋਂ ਪਰੇ ਹਟਕੇ ਅਸੀਂ ਇਹ ਵਡਾ ਫੈਸਲਾ ਲੈਣ ਲੱਗੇ ਹਾਂ। ਇਸ ਇਨਾਮ ਨਾਲ ਧਨਰਾਸ਼ੀ ਜੋੜ ਕੇ ਫੇਰ ਕੁਝ ਅੰਦਾਜੇ ਲਾਉਣੇ ਤੇ ਫੈਸਲੇ ਲੈਣੇ ਠੀਕ ਨਹੀਂ। ਟੈਗੋਰ ਕਾਵਿ ਨਿਰਾ ਧਰਮਖੰਡ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਡੇਵਿਡ ਦੇ ਬਾਈਬਲ ਵਿਚਲੇ ਭਜਨ ਜਾਂ ਸੰਤ ਫਰਾਂਸਿਸ ਦੇ ਗੀਤ। ਇਨਾਂ ਰਚਨਾਵਾਂ ਸਾਹਮਣੇ ਪੈਸਾ ਕੀ ਚੀਜ਼?

ਇਨਾਮੀ ਕਮੇਟੀ ਵਿਚ ਗੇਟੇ ਨੂੰ ਯਾਦ ਕੀਤਾ ਗਿਆ ਜਿਸਨੇ ਬ੍ਰਾਹਮਣ ਕੰਨਿਆ ਉਪਰ ਕਵਿਤਾ ਲਿਖੀ ਸੀ - ਝਰਨੇ ਦੇ ਪਾਣੀ ਨਾਲ ਮੁਟਿਆਰ ਘੜਾ ਭਰਦੀ ਹੈ ਪਰ ਜਦੋਂ ਉਸਦੀ ਨਜ਼ਰ ਪਾਣੀ ਤੇ ਪੈਂਦੀ ਹੈ, ਪਾਣੀ ਪਥਰਾ ਜਾਂਦਾ ਹੈ ਤੇ ਇਸ ਤਰ੍ਹਾਂ ਬਾਰ ਬਾਰ ਹੁੰਦਾ ਹੈ। ਇਕ ਕਮੇਟੀ ਮੈਂਬਰ ਨੇ ਕਿਹਾ - ਗੇਥੇ ਦੀ ਮੌਤ 1832 ਵਿਚ ਹੋ ਗਈ ਸੀ। ਹੁਣ ਤੱਕ, ਕੀ ਯੋਰਪ ਵਿਚ ਇਕ ਵੀ ਉਸ ਵਰਗਾ ਕਵੀ ਹੋਇਆ? ਟੈਗੋਰ ਵਿਚ ਉਸ ਵਰਗੀ ਸਮਰੱਥਾ ਦੇਖ ਕੇ ਮਹਿਸੂਸ ਕੀਤਾ ਜਿਵੇਂ ਮੈਂ ਇਕ ਨਵੇਂ ਯੁਗ ਨਾਲ ਟਕਰਾ ਗਿਆ ਹੋਵਾਂ।

ਆਇਰਲੈਂਡ ਦੇ ਇਕ ਗੁਮਨਾਮ ਕੋਨੇ ਵਿਚ ਬੈਠੇ 15 ਸਾਲ ਦੇ ਛੋਕਰੇ ਉਪਰ ਇਸ ਦਾ ਜੋ ਪ੍ਰਭਾਵ ਪਿਆ ਉਹ ਇਉਂ ਸੀ - “ਟੈਗੋਰ ਨੂੰ ਪੜ੍ਹਦਿਆਂ ਮੈਂ ਦੂਰ ਅਣਦੇਖੀਆਂ ਵਿਲੱਖਣ ਵਾਦੀਆਂ ਵਿਚ ਖੋ ਗਿਆ ਸਾਂ। ਟੈਗੋਰ ਦਾ ਇਹ ਰੱਬ ਕਿਸ ਤਰ੍ਹਾਂ ਦਾ ਹੈ? ਸਖਾ, ਪ੍ਰੇਮਕਾ, ਕਮਲਫੁੱਲ, ਮਛੇਰਾ ਜਿਹੜਾ ਇਕੱਲਾ ਕਿਸ਼ਤੀ ਵਿਚ ਇਕਤਾਰਾ ਫੜੀ ਗਾਉਂਦਾ ਜਾ ਰਿਹਾ ਹੈ, ਇਥੋਂ ਤੋਂ ਲੈਕੇ ਉਥੇ ਦੂਰ ਦੁਮੇਲ ਤੱਕ। ਨਦੀ ਦੀ ਧਾਰ ਦੇ ਨਾਲ ਨਾਲ। ਕਦੀ ਇਉਂ ਲਗਦਾ ਹੈ ਮੈਂ ਮੌਤ ਦੇ ਸਾਹਮਣੇ ਖਲੋਤਾ ਹਾਂ। ਇਹ ਰੂਹਾਨੀ ਯਥਾਰਥ ਪੱਛਮੀ ਮਨ ਵਿਚ ਪ੍ਰਾਚੀਨ ਕਾਲ ਦਾ ਅਜੂਬਾ ਹੈ।” ਇਹ ਸ਼ਬਦ ਹਾਲਦਾਰ ਲੈਕਸਨੈੱਸ ਦੇ ਹਨ ਜਿਸ ਨੂੰ ਦੇਰ ਬਾਦ ਖੁਦ ਵੀ ਨੋਬਲ ਇਲਾਮ ਮਿਲਿਆ।

ਦੇਸ ਵਿਦੇਸ ਵਿਚ ਇਕ ਕਵਿਤਾ ਜਿਹੜੀ ਬਹੁਤ ਪਸੰਦ ਕੀਤੀ ਗਈ ਉਹ ਇਸ ਖਪਤਕਾਲੀ ਸੰਸਾਰ ਵਿਚ ਖਰੀਦਵੇਚ ਨੂੰ ਰੂਪਕ ਬਣਾ ਕੇ ਲਿਖੀ ਗਈ। ਇਕ ਆਦਮੀ ਆਪਣੀ ਪਿਠ ਉੱਪਰ ਡੱਗੀ ਚੁੱਕੀ ਸੁੰਦਰ ਵਸਤਾਂ ਵੇਚਦਾ ਫਿਰਦਾ ਹੈ। ਰਾਜਾ ਉਸ ਨੂੰ ਧਮਕਾਉਂਦਾ ਹੈ - ਮੈਂ ਸਾਰਾ ਸਾਮਾਨ ਜਬਰਦਸਤੀ ਖੋਹ ਸਕਦਾ ਹਾਂ। ਇਕ ਅਧਖੜ ਬੰਦਾ ਕਹਿੰਦਾ ਹੈ, ਜਿੰਨਾ ਭਾਰ ਡੱਗੀ ਦਾ ਹੈ ਉੱਨਾ ਸੋਨਾ ਲੈ ਲੈ, ਸਾਮਾਨ ਮੈਨੂੰ ਦੇ ਦੇਹ। ਇਕ ਖੂਬਸੂਰਤ ਮੁਟਿਆਰ ਉਸ ਨੂੰ ਆਪਣੀ ਮੁਸਕਾਨ ਵਿਚ ਫਸਾ ਕੇ ਸਮਾਨ ਹਾਸਲ ਕਰਨ ਦੀ ਇਛੁੱਕ ਹੈ। ਫੇਰੀ ਵਾਲਾ ਕਿਸੇ ਨੂੰ ਕੁੱਝ ਨਹੀਂ ਦਿੰਦਾ, ਉਵੇਂ ਭਾਰ ਸਿਰ ਉਪਰ ਲੱਦੀ ਤੁਰਿਆ ਜਾਂਦਾ ਹੈ। ਇਨੇ ਨੂੰ ਹੱਥ ਵਿੱਚ ਕੌਡੀਆਂ ਫੜੀ ਇਕ ਨਿਕਾ ਬਾਲਕ ਆਕੇ ਉਸਦੀ ਬਾਂਹ ਫੜਕੇ ਕਹਿੰਦਾ ਹੈ - ਇਹ ਸਾਰੀਆਂ ਚੀਜ਼ਾਂ ਮੇਰੀਆਂ ਨੇ। ਬੋਝ ਤੋਂ ਉਸਨੂੰ ਉਦੋਂ ਰਾਹਤ ਮਿਲਦੀ ਹੈ ਜਦੋਂ ਬਿਨਾਂ ਕੁਝ ਲਿਆਂ ਉਹ ਸਾਰਾ ਸਾਮਾਨ ਬੱਚੇ ਸਾਹਮਣੇ ਰੱਖ ਦਿੰਦਾ ਹੈ ਤੇ ਬੱਚਾ ਚੀਜ਼ਾਂ ਨਾਲ ਖੇਡਣ ਲੱਗ ਜਾਂਦਾ ਹੈ।

ਸ਼ਾਂਤੀਨਿਕੇਤਨ ਦੇ ਇਕ ਅਧਿਆਪਕ ਨੇ ਪੁੱਛਿਆ - ਈਸ਼ਵਰ ਦਾ ਅਨੁਭਵ ਕੀ ਤੁਹਾਨੂੰ ਨਿਜੀ ਤੌਰ ਤੇ ਪ੍ਰਾਪਤ ਹੋਇਆ? ਕਵੀ ਨੇ ਉੱਤਰ ਦਿਤਾ - ਜਿਸ ਘੜੀ ਅਨੰਦ ਵਿਭੋਰ ਅਵਸਥਾ ਵਿਚ ਗੀਤ ਉਤਰਦੇ ਹਨ, ਉਦੋਂ ਇਸ ਤਰ੍ਹਾਂ ਕੁੱਝ ਹੁੰਦਾ ਹੈ -

ਮੈਂ ਨਹੀਂ, ਮੇਰੇ ਗੀਤਾਂ ਨੇ ਤੇਰੇ ਚਰਨ ਛੁਹੇ।
ਤੂੰ ਦਰਿਆ ਦੇ ਪਾਰ ਮੈਂ ਉਰਾਰ।
ਮੈਨੂੰ ਮਿਲਣਾ, ਤੂੰ ਟਾਲਦਾ ਰਿਹਾ।

***

ਦਿਲ ਜੇ ਪਿਆਰ ਕਰਨ ਲਈ ਨਹੀਂ ਬਣਿਆ
ਤਾਂ ਸਵੇਰੇ ਆਕਾਸ਼ ਨੂੰ ਤੂੰ ਗੀਤਾਂ ਨਾਲ ਕਿਉਂ ਭਰ ਦਿੰਨੈ?
ਧਰਤੀ ਫੁੱਲਾਂ ਨਾਲ ਕਿਉਂ ਖਿੜ ਉਠਦੀ ਹੈ?
ਹਵਾ ਵਿਚ ਮਿੱਠੀ ਗੁਣਗੁਣਾਹਟ ਕਿਉਂ ਤੈਰਦੀ ਰਹਿੰਦੀ ਹੈ?
ਕੰਮਕਾਜ ਦੀ ਜ਼ਿੰਮੇਵਾਰੀ ਵਿਚ ਜੇ ਏਨਾ ਬੰਨ੍ਹਣਾ ਸੀ
ਫੇਰ ਅਨੰਤ ਅਨੰਦ ਦੀ ਬਰਸਾਤ ਕਿਉਂ ਕਰਦਾ ਹੁੰਨੈ ਮੇਰੇ ਸਿਰ ਉਪਰ?
ਜੇ ਆਪਣੇ ਆਪ ਨੂੰ ਸਾੜ ਕੇ ਸੁਆਹ ਕਰ ਦਿਆਂ ਤਾਂ ਚੰਗਾ
ਕਿਉਂਕਿ ਇਸ ਪਿਛੋਂ ਜਲ ਮਰਨ ਦਾ ਖਤਰਾ ਨਾ ਰਹੇ।

ਮਹਾਤਮਾ ਗਾਂਧੀ ਨਾਲ ਉਨ੍ਹਾਂ ਦਾ ਪਿਆਰ ਹਮੇਸ਼ਾਂ ਕਾਇਮ ਰਿਹਾ ਬੇਸ਼ਕ ਦੋਵਾਂ ਵਿਚ ਸਿਆਸੀ ਮੱਤਭੇਦ ਸਨ। ਸਚ ਤਾਂ ਇਹ ਹੈ ਕਿ ਟੈਗੋਰ ਨੂੰ ਸਿਆਸਤ ਦਾ ਨਾ ਪਤਾ ਸੀ ਨਾ ਇਸ ਵਿਚ ਉਸਦੀ ਦਿਲਚਸਪੀ ਰਹੀ। ਉਹ ਕਿਹਾ ਵੀ ਕਰਦਾ ਸੀ ਕਿ ਜਿਹੜਾ ਕੰਮ ਨਾ ਆਉਂਦਾ ਹੋਵੇ, ਉਸ ਵਿਚ ਟੰਗ ਨਹੀਂ ਫਸਾਉਣੀ ਚਾਹੀਦੀ ਸੀ। ਗਾਂਧੀ ਦਾ ਖਿਆਲ ਸੀ ਕਿ ਚਰਖੇ ਦੀ ਵਿਆਪਕ ਵਰਤੋਂ ਨਾਲ ਸਵਰਾਜ ਪ੍ਰਾਪਤ ਹੋਏਗਾ ਕਿਉਂਕਿ ਚਰਖਾ ਆਦਮੀ ਨੂੰ ਆਤਮ ਨਿਰਭਰ ਹੋਣ ਵੱਲ ਇਕ ਕਦਮ ਹੈ। ਟੈਗੋਰ ਨੂੰ ਕਿਹਾ ਗਿਆ ਕਿ ਜੇ ਉਹ ਵੀ ਚਰਖੇ ਦੀ ਵਰਤੋਂ ਸ਼ੁਰੂ ਕਰੇ ਤਾਂ ਇਸਦੇ ਚੰਗੇ ਸੰਕੇਤ ਜਾਣਗੇ। ਟੈਗੋਰ ਨੇ ਗਾਂਧੀ ਨੂੰ ਕਿਹਾ - ਜੇ ਮੈਂ ਗੀਤ ਕੱਤੀ ਜਾਵਾਂ ਤਾਂ ਠੀਕ ਨਾ ਰਹੇ? ਇਹ ਕੰਮ ਮੈਨੂੰ ਆਉਂਦਾ ਹੈ। ਮੈਂ ਤੁਹਾਨੂੰ ਗੀਤ ਕੱਤਣ ਲਈ ਨਹੀਂ ਕਹਿੰਦਾ ਕਿਉਂਕਿ ਤੁਹਾਨੂੰ ਕੱਤਣੇ ਨਹੀਂ ਆਉਂਦੇ। ਮੈਨੂੰ ਨੀ ਚਰਖਾ ਕੱਤਣਾ ਔਂਦਾ।

ਗਾਂਧੀ ਜੀ ਸ਼ਾਂਤੀਨਿਕੇਤਨ ਆਏ ਟੈਗੋਰ ਪਾਸ ਰਹੇ। ਦੇਸੀ ਘਿਉ ਵਿਚ ਬਣਾਈਆਂ ਪੂਰੀਆਂ ਅਤੇ ਸਬਜ਼ੀ ਵਰਤਾਈਆਂ ਗਈਆਂ। ਗਾਂਧੀ ਜੀ ਤਲੀਆਂ ਚੀਜਾਂ ਤੋਂ ਪਰਹੇਜ਼ ਕਰਦੇ ਸਨ। ਕਹਿਣ ਲੱਗੇ - ਤੁਹਾਨੂੰ ਪਤਾ ਨਹੀਂ, ਤੁਸੀਂ ਨਿਰਾ ਜ਼ਹਿਰ ਖਾ ਰਹੇ ਹੋ। ਟੈਗੋਰ ਨੇ ਕਿਹਾ - ਅੱਧੀ ਸਦੀ ਤੋਂ ਇਹ ਜ਼ਹਿਰ ਖਾਂਦਾ ਆ ਰਿਹਾ ਹਾਂ, ਮਰਿਆ ਨਹੀਂ, ਹੁਣ ਵੀ ਕੁਝ ਨੀ ਹੋਣਾ।

ਲਾਰਡ ਕਾਰਮਾਈਕਲ, ਬੰਗਾਲ ਦੇ ਗਵਰਨਰ ਨੇ ਟੈਗੋਰ ਨੂੰ ਨੋਬਲ ਇਨਾਮ ਦਿਤਾ ਸੀ। ਟੈਗੋਰ ਨੇ ਉਸਨੂੰ ਸ਼ਾਂਤੀਨਿਕੇਤਨ ਆਉਣ ਦਾ ਸੱਦਾ ਦਿੱਤਾ। ਟੈਗੋਰ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ 20 ਮਾਰਚ 1914 ਨੂੰ ਉਸਦਾ ਸੁਆਗਤ ਕੀਤਾ। ਦੇਸ਼ਭਗਤਾਂ ਨੇ ਟੈਗੋਰ ਦੀ ਬਹੁਤ ਸਖਤ ਆਲੋਚਨਾ ਕੀਤੀ। ਟੈਗੋਰ ਨੇ ਕਿਹਾ - ਮੈਂ ਤੁਹਾਡੇ ਦੇਸ਼ਭਗਤੀ ਦੇ ਭਰਮ ਅਤੇ ਅੰਧ-ਵਿਸਵਾਸ ਵਿਚ ਸ਼ਾਮਲ ਨਹੀਂ ਹੋਵਾਂਗਾ। ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ। ਫਿਰ ਲਿਖਿਆ - ਭਾਰਤੀਓ, ਜਦੋਂ ਮੈਂ ਕਹਾਂ ਕਿ ਮੈਨੂੰ ਤੁਹਾਡੀ ਕੋਈ ਪ੍ਰਵਾਹ ਨਹੀਂ ਤਾਂ ਮੇਰੀ ਗੱਲ ਕਿਤੇ ਸੱਚ ਨਾ ਮੰਨ ਜਾਇਉ।

ਅੰਗਰੇਜ਼ ਸਰਕਾਰ ਨੇ ਜਦੋਂ "ਨਾਈਟ" ਦਾ ਖਿਤਾਬ ਦਿਤਾ, ਦੇਸ਼ ਭਗਤਾਂ ਨੇ ਉਸਨੂੰ ਪੂਰਾ ਬਦਨਾਮ ਕੀਤਾ ਤੇ 1916 ਦੀ ਅਮਰੀਕਾ ਫੇਰੀ ਉਸਦੇ ਅਕਾਦਮਿਕ ਭਾਸ਼ਣ ਦੀ ਲੜੀ ਸੀ ਪਰ ਆਲੋਚਕਾਂ ਨੇ ਦੋਸ਼ ਲਾਇਆ ਕਿ ਉਸਨੂੰ ਭਾਰਤ ਦੀ ਬਦਨਾਮੀ ਕਰਨ ਦੀ ਮਨਸ਼ਾ ਨਾਲ ਭੇਜਿਆ ਗਿਆ ਹੈ। ਇਸਦੇ ਉਲਟ ਅੰਗਰੇਜ਼ਾਂ ਨੂੰ ਉਸਦੇ ਯੁੱਧ ਵਿਰੋਧੀ ਵਖਿਆਨ ਨਾਪਸੰਦ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਇਹ ਜਰਮਨ ਜਾਪਾਨ ਦੇ ਹੱਕ ਵਿਚ ਹਨ ਪਰ ਅੰਗਰੇਜ਼ ਇਸ ਕਰਕੇ ਚੁੱਪ ਰਹੇ ਕਿ ਜਦੋਂ ਉਸਦੇ ਅਪਣੇ ਦੇਸ਼ਵਾਸੀ ਬਦਨਾਮੀ ਕਰਨ ਲੱਗੇ ਹੋਏ ਹਨ ਆਪਾਂ ਇਸ ਝੰਜਟ ਤੋਂ ਕੀ ਲੈਣਾ। ਜਦੋਂ ਜਾਣ ਗਏ ਕਿ ਅੰਗਰੇਜ਼ਾਂ ਨੂੰ ਉਸ ਦੀ ਨੀਤੀ ਪਸੰਦ ਨਹੀਂ ਤਾਂ ਉਹ ਅਮਰੀਕਾ ਦੀ ਯਾਤਰਾ ਅਧੂਰੀ ਛੱਡ ਕੇ 1917 ਵਿਚ ਜਪਾਨ ਚਲਾ ਗਿਆ।

ਜਾਪਾਨ ਜਾਕੇ ਬਹੁਤ ਸਾਰੇ ਭਾਸ਼ਣ ਦਿਤੇ। ਉਸਦੇ ਮਨ ਉਪਰ ਹਮੇਸ਼ਾਂ ਤਾਜ਼ੇ ਪ੍ਰਭਾਵ ਉਕਰੇ ਜਾਂਦੇ। ਲਿਖਿਆ - ਜਾਪਾਨ ਵਿਚ ਮੈਂ ਜਿੰਨੇ ਦਿਨ ਰਿਹਾ, ਕਿਸੇ ਔਰਤ ਮਰਦ ਜਾਂ ਬੱਚੇ ਨੂੰ ਗੁਣਗੁਣਾਉਂਦੇ ਨਹੀਂ ਦੇਖਿਆ। ਇਨ੍ਹਾਂ ਲੋਕਾਂ ਦੇ ਦਿਲ ਝਰਨੇ ਵਾਂਗ ਨਹੀਂ ਵਹਿੰਦੇ। ਝੀਲ ਵਾਂਗ ਸਥਿਰ ਹਨ। ਮੈਂ ਇਨ੍ਹਾਂ ਦੇ ਗੀਤ ਪੜ੍ਹੇ ਤਾਂ ਦੇਖਿਆ ਕਿ ਇਹ ਚਿਤਰ-ਗੀਤ ਹਨ, ਗਾਣ-ਗੀਤ ਨਹੀਂ।

ਉਸਨੇ ਜਾਪਾਨ ਬਾਰੇ ਜੋ ਕਿਹਾ, ਸੰਸਾਰ ਯੁੱਧ ਨੇ ਉਹ ਟਿੱਪਣੀ ਭਵਿੱਖਬਾਣੀ ਸਾਬਤ ਕਰ ਦਿਖਾਈ - ਖਿਡੌਣਾ ਰੇਤੇ ਵਿਚ ਡਿਗ ਕੇ ਲਿੱਬੜ ਗਿਆ ਹੈ ਕਿਉਂਕਿ ਰੱਬ ਨੇ ਸਾਬਤ ਕਰਨਾ ਹੈ, ਰੇਤਾ ਤੇਰੇ ਖਿਡੌਣੇ ਤੋਂ ਵਧੀਕ ਮਹਾਨ ਹੈ। ਉਹ ਦੇਖ ਰਿਹਾ ਸੀ ਕਿ ਭਾਰਤ ਵਿਚ ਕਈ ਵਾਰ ਸ਼ਾਸਤਰਾਂ ਕਾਰਨ ਜੀਵਨ ਰੁਕ ਜਾਂਦਾ ਹੈ, ਅਨਿਆਂ ਹੁੰਦਾ ਹੈ। ਇਸ ਵਿਸ਼ੇ ਤੇ ਉਸਨੇ ਕਈ ਕਹਾਣੀਆਂ ਲਿਖੀਆਂ ਜਿਨ੍ਹਾਂ ਵਿਚੋਂ ਇਕ ”ਬੰਧਨਮੁਕਤ” ਵੀ ਹੈ। ਇਸਦੀ ਨਾਇਕਾ ਸੁਹਣੀ ਕੁੜੀ ਮੰਜੁਲੀ ਹੈ ਜਿਸਦਾ ਵਿਆਹ ਹੋਇਆ ਪਰ ਜਲਦੀ ਵਿਧਵਾ ਹੋ ਗਈ। ਮੰਜੁਲੀ ਦੀ ਮਾਂ ਤੋਂ ਆਪਣੀ ਜੁਆਨ ਧੀ ਦਾ ਦੁਖ ਸਹਾਰਿਆ ਨਹੀਂ ਜਾਂਦਾ ਤੇ ਬਿਮਾਰੀਗ੍ਰਸਤ ਹੋਕੇ ਦਮ ਤੋੜ ਦਿੰਦੀ ਹੈ। ਉਸ ਦਾ ਬੁੱਢਾ ਪਿਤਾ ਹਰ ਵਕਤ ਹੁੱਕਾ ਪੀਂਦਾ ਰਹਿੰਦਾ ਹੈ ਤੇ ਸ਼ਾਸਤਰ ਵਿਦਿਆ ਝਾੜਦਾ ਰਹਿੰਦਾ ਹੈ। ਉਸਨੂੰ ਇਕੱਲ ਸਤਾਉਣ ਲਗਦੀ ਹੈ। ਬੇਸ਼ਕ ਮੰਜੁਲੀ ਅਪਣੇ ਪਿਤਾ ਦੀ ਹਰੇਕ ਲੋੜ ਦਾ ਧਿਆਨ ਰਖਦੀ ਹੈ ਪਰ ਉਹ ਇਕੱਲਤਾ ਤੋਂ ਤੰਗ ਆਕੇ ਦੂਜਾ ਵਿਆਹ ਕਰਵਾ ਲੈਂਦਾ ਹੈ ਕਿਉਂਕਿ ਅਜਿਹਾ ਕਰਨਾ ਸ਼ਾਸਤਰਾਂ ਅਨੁਸਾਰ ਉਸਦਾ ਹੱਕ ਹੈ। ਇਹ ਦੇਖ ਕੇ ਮੰਜੁਲਾ ਗਵਾਂਢੀ ਡਾਕਟਰ ਨਾਲ ਨੱਸ ਜਾਂਦੀ ਹੈ ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਸੀ ਪਰ ਮਾਪਿਆਂ ਦੀ ਮਰਜ਼ੀ ਤੇ ਫੁੱਲ ਚੜ੍ਹਾ ਕੇ ਜਿਥੇ ਉਨ੍ਹਾਂ ਕਿਹਾ ਵਿਆਹ ਲਈ ਮੰਨ ਗਈ ਸੀ। ਪਿਤਾ ਉਸਨੂੰ ਸਰਾਪ ਦਿੰਦਾ ਹੈ ਕਿਉਂਕਿ ਔਰਤ ਦਾ ਦੁਬਾਰਾ ਵਿਆਹ ਸ਼ਾਸਤਰਾਂ ਅਨੁਸਾਰ ਵਰਜਿਤ ਹੈ।

ਇਨ੍ਹਾਂ ਦਿਨਾਂ ਵਿਚ ਸ਼ਾਂਤੀਨਿਕੇਤਨ ਵਿਸ਼ਵ ਭਾਰਤੀ ਦਾ ਦਰਜਾ ਲੈ ਰਿਹਾ ਸੀ ਜਿਸ ਵਿਚ ਹਿੰਦੁਸਤਾਨ ਦੀ ਪੁਰਾਤਨ ਬੌਧਿਕ ਅਮੀਰੀ ਨੂੰ ਮੁੜ ਤੋਂ ਸੁਰਜੀਤ ਕਰਨਾ ਸੀ। ਆਧੁਨਿਕ ਕਿਸਮ ਦੀ ਵਿਦਿਆ ਬਾਰੇ ਉਸਨੇ ਟਿੱਪਣੀ ਦਿਤੀ - ਅੱਜ ਦੇ ਵਿਦਵਾਨ ਇਕ ਕੂੜੇਦਾਨ ਨੂੰ ਫਰੋਲਦੇ ਹਨ ਕਦੀ ਦੂਸਰੇ ਨੂੰ। ਜੋ ਕਚਰਾ ਇਕੱਠਾ ਹੁੰਦਾ ਹੈ ਉਸ ਨੂੰ ਆਪਣੇ ਨਾਮ ਹੇਠ ਛਪਵਾ ਕੇ ਵਾਹ ਵਾਹ ਖਟਦੇ ਹਨ। ਉਸਨੇ ”ਤੋਤਾ ਕਹਾਣੀ” ਲਿਖੀ। ਇਕ ਚਿੜੀ ਫੜੀ ਗਈ ਤੇ ਪਿੰਜਰੇ ਵਿਚ ਬੰਦ ਕਰਕੇ ਵਿਦਿਆ ਦੇਣ ਦਾ ਐਲਾਨ ਕੀਤਾ ਗਿਆ। ਖੁਸ਼ੀ ਨਾਲ ਛਾਲਾਂ ਮਾਰਦੀ, ਉਡਦੀ, ਗੀਤ ਗਾਉਂਦੀ ਫਿਰੀ ਜਾਵੇ, ਇਹ ਅਸੱਭਿਅਕ ਕੰਮ ਬੰਦ ਹੋਣੇ ਜ਼ਰੂਰੀ ਹਨ। ਆਖਰ ਕਾਰ ਉਸ ਨੇ ਸਭਿਅ ਸਮਾਜ ਵਿਚ ਇਜਤ ਨਾਲ ਰਹਿਣਾ ਹੈ ਇਸ ਕਰਕੇ ਵਿਦਿਆ ਪ੍ਰਾਪਤ ਕਰੇ। ਉਹ ਲੋਕ ਵੀ ਦੇਖਕੇ ਪ੍ਰਸੰਨ ਹੋਏ ਜਿਹੜੇ ਨਾ ਚਿੜੀ ਨੂੰ ਜਾਣਦੇ ਸਨ ਨਾ ਵਿਦਿਆ ਨੂੰ। ਬ੍ਰਾਹਮਣਾ ਦੀ ਇਕ ਜੁੰਡਲੀ ਪਿੰਜਰੇ ਦੇ ਦੁਆਲੇ ਬੈਠ ਗਈ ਤੇ ਦਿਨ ਰਾਤ ਚਿੜੀ ਨੂੰ ਪੜ੍ਹਾਈ ਲਿਖਾਈ ਸਿਖਾਉਣ ਦਾ ਬੰਦੋਬਸਤ ਹੋਇਆ। ਹੋਇਆ ਇਹ ਕਿ ਚਿੜੀ ਇਕ ਦਿਨ ਮਰ ਗਈ। ਸਭ ਨੂੰ ਦੁਖ ਹੋਇਆ। ਰਾਜਾ ਅਫਸੋਸ ਕਰਨ ਆਇਆ। ਉਸਨੇ ਮਰੀ ਪਈ ਚਿੜੀ ਨੂੰ ਉਂਗਲੀ ਨਾਲ ਹਿਲਾਇਆ ਤਾਂ ਉਸ ਅੰਦਰੋਂ ਕਿਤਾਬਾਂ ਦੇ ਵਰਕਿਆਂ ਦੀ ਸਰਸਰਾਹਠ ਸੁਣਾਈ ਦਿਤੀ।

ਫਰਾਂਸੀਸੀ ਚਿੰਤਕ ਰੋਮਾ ਰੋਲਾਂ ਉਸਦੇ ਵਿਚਾਰਾਂ ਨਾਲ ਪੂਰਨ ਸਹਿਮਤ ਸਨ ਤੇ ਯੁੱਧ ਦੇ ਖਿਲਾਫ। ਉਹ ਦੇਸ਼ਭਗਤੀ ਦੇ ਝੰਡੇ ਅੰਦਰਲੀ ਡਕੈਤੀ ਤੋਂ ਵਾਕਫ ਸਨ। ਰੋਮਾ ਨੇ ਲਿਖਿਆ, “ਸੱਚ ਸਭ ਰਾਸ਼ਟਰਾਂ ਵਾਸਤੇ ਇਕ ਹੈ ਤੇ ਸਨਮਾਨਯੋਗ ਪਰ ਹਰੇਕ ਰਾਸ਼ਟਰ ਦੇ ਆਪਣੇ ਆਪਣੇ ਝੂਠ ਵੀ ਹੁੰਦੇ ਹਨ ਜਿਨ੍ਹਾਂ ਨੂੰ ਉਹ ਆਦਰਸ਼ਵਾਦ ਦਾ ਨਾਮ ਦਿੰਦੇ ਹਨ। ਰੋਮਾ ਰੋਲਾਂ ਨੇ ਸੁਤੰਤਰਤਾ ਦਾ ਐਲਾਨਨਾਮਾ ਲਿਖਿਆ ਜਿਸ ਉਪਰ ਸੰਸਾਰ ਭਰ ਦੇ ਚਿੰਤਕਾਂ ਦੇ ਦਸਖਤ ਕਰਵਾਏ। ਟੈਗੋਰ ਨੇ 26 ਜੂਨ 1919 ਨੂੰ ਇਸ ਉਪਰ ਦਸਖ਼ਤ ਕੀਤੇ। ਯੋਰਪ ਦੇ ਦੌਰੇ ਦੌਰਾਨ ਉਸਨੇ ਲਿਖਿਆ, “ਗੋਰੇ ਚਾਂਹਦੇ ਹਨ ਕਿ ਯੁੱਧ ਵਿਚ ਉਨ੍ਹਾਂ ਵਾਸਤੇ ਅਸੀਂ ਲੜੀਏ ਤੇ ਕੱਚਾ ਮਾਲ ਭੇਜਦੇ ਰਹੀਏ। ਪਰ ਇਨ੍ਹਾਂ ਨੇ ਆਪਣੇ ਦਰਵਾਜ਼ੇ ਉਪਰ ਤਖ਼ਤੀ ਟੰਗੀ ਹੋਈ ਹੈ - ਏਸ਼ੀਆਈ ਲੋਕਾਂ ਦਾ ਅੰਦਰ ਆਉਣਾ ਮਨ੍ਹਾ ਹੈ। ਫੜੇ ਜਾਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਹੋਵੇਗੀ। ਮੇਰੀਆਂ ਭਾਵਨਾਵਾਂ ਇਹ ਸੋਚਕੇ ਕੰਬਣ ਲੱਗ ਜਾਂਦੀਆਂ ਹਨ ਤੇ ਮੈਨੂੰ ਅਪਣਾ ਦੇਸ ਯਾਦ ਆਉਣ ਲਗਦਾ ਹੈ, ਖਾਸ ਕਰਕੇ ਸ਼ਾਂਤੀਨਿਕੇਸ਼ਤਨ ਦਾ ਧੁੱਪ ਵਾਲਾ ਕੋਨਾ, ਜਿਹੜਾ ਨ੍ਹਾਤਾ ਧੋਤਾ ਮੈਨੂੰ ਉਡੀਕ ਰਿਹਾ ਹੈ।

ਵਾਪਸੀ ਵੇਲੇ ਜਹਾਜ਼ ਦੇ ਹਮਸਫਰ ਆਗਾਖਾਨ ਉਨ੍ਹਾਂ ਨਾਲ ਸਨ ਜਿਨ੍ਹਾਂ ਨੂੰ ਹਾਫਿਜ਼ ਦਾ ਦੀਵਾਨ ਬਹੁਤ ਯਾਦ ਸੀ ਤੇ ਉਹ ਅਕਸਰ ਟੈਗੋਰ ਨੂੰ ਦੀਵਾਨ ਵਿਚੋਂ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ। ਹਾਫਿਜ਼ ਨੇ ਇਕ ਸ਼ਿਅਰ ਵਿਚ ਸਮਰਕੰਦ ਅਤੇ ਬੁਖਾਰਾ ਸ਼ਹਿਰ ਆਪਣੀ ਮਹਿਬੂਬ ਦੀ ਗੱਲ੍ਹ ਉਪਰਲੇ ਤਿਲ ਉਤੋਂ ਲੁਟਾ ਦੇਣ ਦੀ ਇੱਛਾ ਪ੍ਰਗਟਾਈ ਹੈ। ਟੈਗੋਰ ਨੇ ਇਹ ਸੁਣਕੇ ਟਿੱਪਣੀ ਦਿੱਤੀ, “ਸ਼ਾਂਤੀਨਿਕੇਤਨ ਦੇ ਇਕ ਕੋਨੇ ਉਪਰੋਂ ਮੈਂ ਵੀ ਲੰਦਨ ਲੁਟਾ ਦੇਣਾ ਚਾਹੁੰਦਾ ਹਾਂ ਪਰ ਕੀ ਕਰਾਂ, ਲੰਦਨ ਮੇਰੀ ਜਾਇਦਾਦ ਹੀ ਨਹੀਂ। ਪਰ ਸਮਰਕੰਦ ਤੇ ਬੁਖਾਰਾ ਕਿਹੜਾ ਹਾਫਿਜ਼ ਦੀ ਜਾਇਦਾਦ ਸਨ? ਹਾਫਿਜ਼ ਦੀ ਜਾਇਦਾਦ ਗੱਲ੍ਹ ਉਪਰਲਾ ਤਿਲ ਸੀ ਤੇ ਮੇਰੀ ਜਾਇਦਾਦ ਸ਼ਾਂਤੀਨਿਕੇਤਨ।”

ਕਵੀ ਉਦੋਂ ਯੋਰਪ ਵਿਚ ਹੀ ਸੀ ਜਦੋਂ ਲੰਦਨ ਦੀ ਪਾਰਲੀਮੈਂਟ ਨੇ ਜਲਿਆਵਾਲੇ ਬਾਗ ਦੇ ਮੁੱਖ ਹਤਿਆਰੇ ਜਨਰਲ ਡਾਇਰ ਨੂੰ ਆਮ ਮਾਫੀ ਦੇ ਦਿਤੀ। ਅਖਬਾਰ ਵਿਚ ਖਬਰ ਪੜ੍ਹ ਕੇ ਟੈਗੋਰ ਨੇ ਕਿਹਾ - ਇਸ ਖਿਮਾਦਾਨ ਨੇ ਬਰਤਾਨੀਆਂ ਦਾ ਕਰੂਪ ਚਿਹਰਾ ਤੇ ਕਠੋਰ ਦਿਲ ਦਿਖਾ ਦਿਤਾ ਹੈ।

ਲੰਦਨ ਦੇ ਦੌਰੇ ਸਮੇਂ ਉਹ ਇਕ ਨੌਜੁਆਨ ਲਾਰੰਸ ਆਫ਼ ਅਰੇਬਿਆ ਨੂੰ ਮਿਲਿਆ। ਇਸ ਜੁਆਨ ਨੇ ਦੱਸਿਆ - ਮੈਂ ਇਕ ਘੁਮੱਕੜ ਕਿਸਮ ਦਾ ਸੁਤੰਤਰ ਬੰਦਾ ਹਾਂ। ਹੁਣ ਮੈਂ ਆਪਣੇ ਦੇਸ ਅਰਬ ਵਿਚ ਨਹੀਂ ਜਾਵਾਂਗਾ ਕਿਉਂਕਿ ਮੇਰੇ ਕਹਿਣ ਤੇ ਅਰਬਾਂ ਨੇ ਅੰਗਰੇਜ਼ਾਂ ਨਾਲ ਜਿਹੜਾ ਸਮਝੌਤਾ ਸਹੀਬੰਦ ਕੀਤਾ ਸੀ ਅੰਗਰੇਜ਼ ਉਸ ਤੋਂ ਮੁੱਕਰ ਗਏ ਹਨ। ਲਾਰੰਸ ਨੇ ਕਵੀ ਨੂੰ ਕਿਹਾ - ਅੰਗਰੇਜ਼ ਤੋਂ ਇੱਜ਼ਤ ਹਾਸਲ ਕਰਨ ਦਾ ਤਰੀਕਾ ਇਹ ਹੈ ਕਿ ਜਦੋਂ ਉਹ ਤੁਹਾਡੇ ਚਪੇੜ ਮਾਰੇ, ਉਸਤੋਂ ਵਧੀਕ ਜੋਰ ਨਾਲ ਉਸ ਦੇ ਜਬਾੜੇ ਤੇ ਘਸੁੰਨ ਜੜੋ। ਇਸ ਤਰ੍ਹਾਂ ਉਸਦਾ ਜਮਿਆ ਹੋਇਆ ਦਿਮਾਗ ਜਾਗ ਪਏਗਾ ਤੇ ਭਾਈ ਆਪਣੇ ਭਾਈ ਨੂੰ ਪਛਾਣੇਗਾ।

ਪੈਰਿਸ ਵਿਚ ਉਹ ਬਰਗਸਾਂ ਸਿਲਵਾ ਲੇਵੀ ਨੂੰ ਮਿਲਿਆ। ਬਤੌਰ ਵਿਜ਼ਿਟਿੰਗ ਪ੍ਰੋਫੈਸਰ, ਲੇਵੀ ਸ਼ਾਂਤੀਨਿਕੇਸਤਨ ਵੀ ਆਇਆ। ਹਾਲੈਂਡ ਹੁੰਦੇ ਹੋਏ ਉਹ ਬੈਲਜੀਅਮ ਗਿਆ ਤੇ ਬਾਦਸ਼ਾਹ ਨੇ ਖੁਦ ਉਸਦਾ ਸਨਮਾਨ ਕੀਤਾ। ਇਥੋਂ ਉਹ ਨਿਊ ਯਾਰਕ ਅਮਰੀਕਾ ਗਿਆ। ਉਸਨੇ ਯੋਰਪ ਅਤੇ ਅਮਰੀਕਾ ਤੋਂ ਸ਼ਾਂਤੀਨਿਕੇਤਨ ਲਈ ਦਾਨਰਾਸ਼ੀ ਮੰਗੀ ਪਰ ਨਾ ਮਿਲੀ। ਸਾਰਾ ਧਨ ਤਾਂ ਯੁੱਧ ਦੀ ਭੇਟ ਚੜ੍ਹ ਰਿਹਾ ਸੀ। ਉਹ ਉਦਾਸ ਨਹੀਂ ਹੋਇਆ, ਸਗੋਂ ਲਿਖਿਆ “ਮੈਂ ਸੁਜਾਤਾ ਦੀ ਸਾਖੀ ਪੜ੍ਹੀ। ਮਹਾਤਮਾ ਬੁੱਧ ਨੇ ਉਸ ਪਾਸੋਂ ਖਾਣਾ ਨਹੀਂ ਮੰਗਿਆ ਸੀ। ਉਹ ਤਾਂ ਤਪੱਸਿਆ ਵਿਚ ਲੀਨ ਸੀ। ਸੁਜਾਤਾ ਆਪੇ ਖੀਰ ਦਾ ਕਟੋਰਾ ਭਰ ਲਿਆਈ ਕਿਉਂਕਿ ਬੁੱਧ ਦੀ ਤਪੱਸਿਆ ਪੂਰੀ ਹੋ ਗਈ ਸੀ। ਜਦੋਂ ਮੇਰੀ ਤਪੱਸਿਆ ਪੂਰੀ ਹੋਈ ਉਦੋਂ ਆਪੇ ਲੋਕ ਪੈਸੇ ਦੇਣ ਆ ਜਾਣਗੇ। ਗੋਰੇ ਜਿਹੜੇ ਵਡੀ ਮਾਤਰਾ ਵਿਚ ਨਰਸੰਘਾਰ ਕਰਨ ਲਗੇ ਹੋਏ ਹਨ, ਇਨ੍ਹਾਂ ਪਾਸੋਂ ਦਾਨ ਮੰਗਣਾ ਵਾਜਬ ਹੀ ਨਹੀਂ ਸੀ।”

ਸਵੀਡਿਸ਼ ਅਕਾਦਮੀ ਨੇ ਤਾਰ ਭੇਜੀ - ਅਸੀਂ ਤੁਹਾਡਾ 60ਵਾਂ ਜਨਮਦਿਨ ਮਨਾਵਾਂਗੇ। ਕਿਰਪਾ ਕਰਕੇ ਸਵੀਡਨ ਆਓ। ਸ਼ਾਂਤੀ ਨਿਕੇਤਨ ਵਾਸਤੇ ਕਿਤਾਬਾਂ ਵੀ ਦਿਆਂਗੇ। ਕਵੀ ਉਥੇ ਪੁੱਜਾ ਤੇ ਵਖਿਆਨ ਦਿਤੇ। ਆਰਕ ਬਿਸ਼ਪ ਨੇ ਭਾਸ਼ਣ ਸੁਣ ਕੇ ਕਿਹਾ - ਸਾਹਿਤ ਦਾ ਨੋਬਲ ਇਨਾਮ ਉਸ ਆਦਮੀ ਵਾਸਤੇ ਹੈ ਜਿਸ ਵਿਚ ਸਿਮਰਨ ਅਤੇ ਸਿਰਜਣਾ ਦੋਵੇਂ ਹੋਣ। ਟੈਗੋਰ ਵਿਚ ਦੋਵੇਂ ਹਨ। ਉਸ ਤੋਂ ਇਲਾਵਾ ਹੋਰ ਕੋਈ ਇਸ ਸ਼ਰਤ ਤੇ ਪੂਰਾ ਨਹੀਂ ਉਤਰਿਆ। ਸਟਾਕਹੋਮ ਤੋਂ ਉਹ ਬਰਲਿਨ ਗਿਆ। ਇੰਨੀ ਭੀੜ ਕਿ ਕਈ ਔਰਤਾਂ ਬੇਹੋਸ਼ ਹੋਕੇ ਡਿਗ ਪਈਆਂ। ਸੈਂਕੜਿਆਂ ਨੂੰ ਹਾਲ ਅੰਦਰ ਆਉਣ ਦੀ ਆਗਿਆ ਨਾ ਮਿਲੀ ਜਿਸ ਕਾਰਨ ਅਗਲੇ ਦਿਨ ਫਿਰ ਉਹੀ ਭਾਸ਼ਣ ਦੁਹਰਾਇਆ। ਮਿਊਨਖਿ ਵਿਚ ਟਾੱਮਸ ਮਾਨ ਉਸ ਨੂੰ ਮਿਲਿਆ। ਯੁੱਧ ਵਿਚ ਜਰਮਨੀ ਦੀ ਬੁਰੀ ਹਾਲਤ ਹੋ ਗਈ ਸੀ। ਭਾਸ਼ਣਾ ਰਾਹੀਂ ਜਿੰਨੀ ਰਕਮ ਉਸਨੇ ਇਕੱਠੀ ਕੀਤੀ, ਉਹ ਮਿਊਨਿਖ ਦੇ ਜ਼ਖਮੀਆਂ ਅਤੇ ਭੁਖੇ ਬੱਚਿਆਂ ਵਾਸਤੇ ਦਾਨ ਦੇ ਦਿਤੀ। ਜਰਮਨ ਚਿੰਤਕ ਮਾਊਂਟ ਹਰਮਨ ਕੈਸਰ1ਲੰਗ ਨੇ ਲਿਖਿਆ - ਜਿੰਨਿਆਂ ਨੂੰ ਅੱਜ ਤੱਕ ਮਿਲਿਆ ਹਾਂ, ਟੈਗੋਰ ਸਭ ਤੋਂ ਵੱਡਾ ਹੈ। ਸੰਸਾਰ ਵਿਚੋਂ ਮਿਲੀ ਪ੍ਰਸਿੱਧੀ ਅਤੇ ਭਾਰਤ ਵਿਚ ਮਿਲੇ ਸਥਾਨ ਤੋਂ ਉਹ ਬਹੁਤ ਉਚਾ ਹੈ। ਕਈ ਸ਼ਤਾਬਦੀਆਂ ਤੋਂ ਲੈਕੇ ਉਸ ਵਰਗਾ ਹੋਰ ਕੋਈ ਨਹੀਂ ਹੈ। ਮੈਂ ਉਸ ਵਿਚ ਸੰਪੂਰਨ ਮਨੁੱਖ ਦੇਖਿਆ ਹੈ। ਵਾਪਸੀ ਵਕਤ ਪ੍ਰਾਗ ਪਹੁੰਚੇ ਜਿਥੇ ਪ੍ਰੋਫੈਸਰ ਵੀ. ਲੈਸਨੀ ਨਾਲ ਮੇਲ ਹੋਇਆ । ਲੈਸਨੀ ਨੇ ਟੈਗੋਰ ਦੀਆਂ ਕਵਿਤਾਵਾਂ ਦਾ ਮੂਲ ਬੰਗਲਾ ਵਿਚੋਂ ਅਨੁਵਾਦ ਕੀਤਾ ਤੇ ਜੀਵਨੀ ਵੀ ਲਿਖੀ। ਕਵੀ ਦੀ ਇਹ ਜੀਵਨੀ ਬਾਦ ਵਿਚ ਅੰਗਰੇਜ਼ੀ ਵਿਚ ਵੀ ਛਪੀ। ਚੈਕੋਸਲਵਾਕੀਆ ਵਿਚ ਉਸ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਹੋਇਆ। ਜੁਲਾਈ 1921 ਉਹ ਭਾਰਤ ਪਰਤਿਆ।

ਉਸਨੇ ਫੈਸਲਾ ਕੀਤਾ ਕਿ ਉਹ ਸ਼ਾਂਤੀ ਨਾਲ ਸਾਹਿਤ ਰਚਨਾ ਕਰੇਗਾ। ਰਾਜਨੀਤੀ ਦੇ ਖੱਪਖਾਨੇ ਤੋਂ ਕੀ ਲੈਣਾ। ਪਰ ਆਕੇ ਉਸਨੇ ਦੇਖਿਆ ਕਿ ਮਹਾਤਮਾ ਗਾਂਧੀ ਦਾ ਅੰਦੋਲਨ ਹਰੇਕ ਦਰਵਾਜਾ ਖੜਕਾ ਚੁੱਕਾ ਸੀ। ਦਿਮਾਗ ਦੀ ਕੀ ਲੋੜ, ਲੋਕ, ਭਾਵਨਾ ਪਿਛੇ ਤੁਰਦੇ ਤੁਰਦੇ ਵਿਜੇ ਦਵਾਰ ਤਕ ਪੁਜ ਰਹੇ ਸਨ। ਕ੍ਰਿਸ਼ਨ ਕ੍ਰਿਪਲਾਨੀ ਦਾ ਕਥਨ ਹੈ - “ਕਿੰਨਾ ਕੁ ਚਿਰ ਹਨੇਰੀ ਦਾ ਸੁਵਾਗਤ ਕਰਦੇ ਰਹੋਗੇ? ਅੱਖਾਂ ਵਿਚ ਕਣ ਆ ਵੜੇ ਫੇਰ ਆਪੇ ਚੀਕਾਂ ਮਾਰੋਗੇ।” ਗਾਂਧੀ ਪੱਕਾ ਸਿਆਸਤਦਾਨ ਸੀ। ਅਚਾਨਕ ਨਾਟਕੀ ਮੋੜ ਕੱਟਕੇ ਹੈਰਾਨ ਕਰ ਦਿੰਦਾ। ਕਦੀ ਕਦੀ ਬਹੁਤ ਵੱਡੀ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੰਦਾ ਜਿਵੇਂ ਇਹ ਘਟੀ ਨਹੀਂ, ਕਦੀ ਨਿਕੀ ਜਿਹੀ ਘਟਨਾ ਤੇ ਰੌਲਾ ਪਾਕੇ ਰਾਈ ਦਾ ਪਹਾੜ ਬਣਾ ਦਿੰਦਾ ਕਿਉਂਕਿ ਇਸ ਦਾ ਸਿਆਸੀ ਲਾਭ ਸੀ। ਖੁੱਤ ਅੱਖ ਨੂੰ ਨੈਲਸਨ ਵਾਂਗ ਦੂਰਬੀਨ ਦੇ ਸ਼ੀਸ਼ੇ ਅਗੇ ਕਰਕੇ ਆਖਦਾ - ਮੈਨੂੰ ਤਾਂ ਕੁੱਝ ਦਿਖਾਈ ਨਹੀਂ ਦਿੰਦਾ ਇਸ ਵਿਚੋਂ। ਪਰ ਟੈਗੋਰ ਦੀ ਬਾਜ਼ ਅੱਖ ਸਾਰਾ ਕੁਝ ਸਾਫ ਦੇਖ ਕੇ ਪ੍ਰੇਸ਼ਾਨ ਸੀ। ਇਹੋ ਜਿਹੀ ਅੰਨ੍ਹੀ ਦੇਸ਼ਭਗਤੀ ਵਿਰੁੱਧ ਤਾਂ ਉਹ ਅਨੇਕ ਭਾਸ਼ਣ ਵਿਦੇਸ਼ਾਂ ਵਿਚ ਦੇਕੇ ਆਇਆ ਸੀ ਜਿਸ ਵਿਚ ਹਰੇਕ ਵਿਦੇਸੀ ਵਸਤੂ ਨੂੰ ਘਿਰਣਾ ਨਾਲ ਦੇਖਿਆ ਜਾਵੇ। ਇਥੇ ਕ੍ਰਿਪਲਾਨੀ ਦੀ ਟਿੱਪਣੀ ਹੈ - ਅਧਿਆਪਕ ਜੋ ਦੇਣਾ ਚਾਹੁੰਦਾ ਹੈ, ਵਿਦਿਆਰਥੀ ਅਕਸਰ ਉਹ ਨਹੀਂ ਲੈਂਦੇ, ਉਹ ਉਹੀ ਲੈਂਦੇ ਹਨ ਜੋ ਉਹ ਲੈਣਾ ਚਾਹੁਣ।

ਦੁਕਾਨਾ ਵਿਚੋਂ ਜਬਰਨ ਵਿਦੇਸੀ ਕੱਪੜਾ ਕੱਢ ਕੱਢ ਕੇ ਅੱਗ ਵਿਚ ਸੁਟੀ ਜਾਣ ਦੇ ਉਹ ਸਖਤ ਖਿਲਾਫ ਸੀ। ਜਦੋਂ ਗਾਂਧੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਛੱਡ ਕੇ ਆਜ਼ਾਦੀ ਦੇ ਅੰਦੋਲਨ ਵਿਚ ਕੁੱਦ ਪਵੋ, ਉਹ ਇਸ ਐਲਾਨ ਦੇ ਵੀ ਖਿਲਾਫ ਸੀ। ਚਰਖਾ ਕੱਤਣ ਨਾਲ ਦੇਸ ਦੀ ਆਰਥਿਕਤਾ ਠੀਕ ਹੋ ਜਾਏਗੀ, ਉਸਨੂੰ ਇਹ ਗੱਲ ਫਜ਼ੂਲ ਲਗਦੀ ਸੀ। ਗਾਂਧੀ ਨੇ ਕਥਾਕਾਰ ਸ਼ਰਤਚੰਦਰ ਚੈਟਰਜੀ ਨੂੰ ਆਪਣੇ ਦੂਤ ਵਜੋਂ ਟੈਗੋਰ ਪਾਸ ਭੇਜਿਆ ਕਿ ਮੇਰੇ ਰਾਜਨੀਤਕ ਅੰਦੋਲਨ ਦਾ ਸਮਰਥਨ ਕਰੋ। ਸੀ ਐਫ. ਐਂਡ੍ਰਿਊਜ਼ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਇਆ। ਟੈਗੋਰ ਨੇ ਸਾਫ ਕਹਿ ਦਿਤਾ ਕਿ ਮੈਂ ਗਾਂਧੀ ਜੀ ਨਾਲ ਸਹਿਮਤ ਨਹੀਂ ਹਾਂ। ਜਦੋਂ ਇਹ ਗੱਲਬਾਤ ਚੱਲ ਰਹੀ ਸੀ ਤਾਂ ਗਾਂਧੀ-ਭਗਤਾਂ ਨੇ ਟੈਗੋਰ ਦੀ ਅਕਲ ਠਿਕਾਣੇ ਕਰਨ ਲਈ ਦੁਕਾਨਾ ਵਿਚੋਂ ਵਿਦੇਸ਼ੀ ਕੱਪੜੇ ਦੇ ਥਾਨ ਜਬਰਨ ਚੁਕੇ ਤੇ ਟੈਗੋਰ ਦੇ ਵਿਹੜੇ ਵਿਚ ਅੱਗ ਲਾ ਦਿਤੀ। ਬਾਰ ਬਾਰ ਗਾਂਧੀ ਕਹਿ ਰਿਹਾ ਸੀ ਮੇਰਾ ਅੰਦੋਲਨ ਅਹਿੰਸਕ ਹੈ। ਟੈਗੋਰ ਨੇ ਲਿਖਿਆ - ਖੁਦ ਆਕੇ ਮੇਰੇ ਘਰ ਅਤੇ ਵਰਾਂਡੇ ਦੇਖੋ ਤਾਂ ਪਤਾ ਲੱਗੇ ਤੁਹਾਡੇ ਸ਼ਾਂਤੀਦੂਤ ਕਿਹੜੇ ਚੰਦ ਚਾੜ੍ਹ ਰਹੇ ਨੇ। ਚਿਤਪੁਰ ਰੋਡ ਦੇ ਦੁਕਾਨਦਾਰਾਂ ਤੋਂ ਕੱਪੜੇ ਖੋਹ ਕੇ ਉਹ ਮੇਰੇ ਵਿਹੜੇ ਵਿਚ ਧੂਣੀ ਬਾਲਕੇ ਇਸ ਦੇ ਆਲੇ ਦੁਆਲੇ ਪਾਗਲ ਕਲੰਦਰਾਂ ਵਾਂਗ ਚੀਕਾਂ ਮਾਰ ਰਹੇ ਹਨ। ਇਹੀ ਹੈ ਤੁਹਾਡੀ ਅਹਿੰਸਾ, ਤੁਹਾਡੀ ਸ਼ਾਂਤੀ?

ਰੋਮਾ ਰੋਲਾਂ ਨੂੰ ਦੋਵਾਂ ਦੀ ਮਾਨਸਿਕਤਾ ਦੀ ਸਹੀ ਸਮਝ ਸੀ। ਉਸਨੇ ਲਿਖਿਆ - ਦੋਵੇਂ ਇਕ ਦੂਜੇ ਦੇ ਕਦਰਦਾਨ ਹਨ ਪਰ ਦੋਵਾਂ ਦੇ ਰਸਤੇ ਅਡੋ ਅਡ ਹਨ। ਜਿਵੇਂ ਫਿਲਾਸਫਰ ਧਰਮ ਪ੍ਰਚਾਰਕ ਤੋਂ ਵਖਰਾ ਹੁੰਦਾ ਹੈ, ਇਵੇਂ ਹਨ ਇਹ ਦੋਵੇਂ। ਸੇਂਟਪਾਲ ਲਈ ਇਹ ਜ਼ਰੂਰੀ ਵੀ ਹੈ ਕਿ ਉਹ ਕਿਸੇ ਅਫਲਾਤੂਨ ਤੋਂ ਦੂਰ ਰਹੇ। ਗਾਂਧੀ, ਟਾਲਸਟਾਇ ਵਰਗਾ ਸੀ ਜਿਸ ਦੀ ਹਰ ਚੀਜ ਹਿੰਸਕ ਸੀ। ਇਥੋਂ ਤਕ ਕਿ ਉਸਦਾ ਅਹਿੰਸਾਵਾਦੀ ਸਿਧਾਂਤ ਵੀ ਹਿੰਸਕ ਸੀ। ਟੈਗੋਰ ਏਸ਼ੀਆ ਦਾ ਮਸੀਹਾ ਹੋਕੇ ਦੁਨੀਆਂ ਪਾਸੋਂ ਰੂਹਾਨੀ ਸਹਿਯੋਗ ਮੰਗਦਾ ਫਿਰ ਰਿਹਾ ਸੀ, ਇਹ ਸਮਝਕੇ ਕਿ ਗਲੋਬ ਇਕ ਵਡਾ ਘਰ ਹੈ। ਉਥੇ ਗਾਂਧੀ ਨੇ ਅਸਹਿਯੋਗ ਅੰਦੋਲਨ ਪ੍ਰਚੰਡ ਕੀਤਾ। ਟੈਗੋਰ ਨੂੰ ਗਾਂਧੀ ਦੀ ਸ਼ਖਸੀਅਤ ਦਾ ਪਤਾ ਸੀ ਪਰ ਉਹ ਜਾਣਦਾ ਸੀ ਕਿ ਉਸਦੇ ਚੇਲੇ ਦੇਸ਼ਭਗਤੀ ਦੇ ਜਜ਼ਬੇ ਹੇਠ ਕੋਈ ਵੀ ਅਨੈਤਕ ਕੰਮ ਕਰ ਸਕਦੇ ਹਨ। ਉਹ ਵਿਦਿਆਰਥੀਆਂ ਨੂੰ ਕਿਹਾ ਕਰਦੇ - ਗਾਂਧੀ ਤੁਹਾਡੇ ਤੋਂ ਕਿਹੋ ਜਿਹਾ ਬਲੀਦਾਨ ਮੰਗ ਰਿਹਾ ਹੈ? ਵਿਦਿਆ ਦੀ ਬਲੀ ! ਮੈਂ ਤੁਹਾਡੇ ਅਗੇ ਪ੍ਰਾਰਥਨਾ ਕਰਦਾ ਹਾਂ ਕਿ ਵਿਦਿਆ ਹਾਸਲ ਕਰਕੇ ਸੰਪੂਰਨ ਮਨੁਖ ਬਣੋ ਤਾਂ ਕਿ ਪਤਾ ਲਗੇ ਤੁਹਾਡੀਆਂ ਜਿੰਮੇਵਾਰੀਆਂ ਕੀ ਹਨ।

ਕਵੀ ਨੇ ਗਾਂਧੀ ਦੇ ਅੰਦੋਲਨ ਵਿਚਲੀਆਂ ਖਾਮੀਆਂ ਉਪਰ ਲੰਮਾ ਲੇਖ ਲਿਖ ਕੇ ਮਾਡਰਨ ਰੀਵੀਊ ਵਿਚ ਛਪਵਾਇਆ ਜਿਸ ਦਾ ਸਿਰਲੇਖ ਸੀ - ਦ ਕਾਲ ਆਫ਼ ਦ ਟਰੂਥ। ਮਹਾਤਮਾ ਗਾਂਧੀ ਨੇ ਇਸ ਚੁਣੌਤੀ ਨੂੰ ਕਬੂਲਦਿਆਂ ਯੰਗ ਇੰਡੀਆ ਵਿਚ ਆਪਣਾ ਸਖਤ ਪ੍ਰਤੀਕਰਮ ਛਾਪਿਆ। ਇਸ ਲੇਖ ਵਿਚ ਟੈਗੋਰ ਨੂੰ ”ਮਹਾਨ ਸੰਤਰੀ” ਕਿਹਾ ਗਿਆ ਜਿਸਦੇ ਸ਼ੱਕ ਨਿਰਾਧਾਰ ਨਹੀਂ ਸਨ ਪਰ ਇਸ ਗਲ ਦੀ ਨਿੰਦਿਆ ਕੀਤੀ ਗਈ ਕਿ ਜਦੋਂ ਘਰ ਨੂੰ ਅੱਗ ਲੱਗੀ ਹੋਵੇ, ਚੌਕੜੀ ਮਾਰ ਕੇ ਸ਼ਾਂਤ ਨਹੀਂ ਬੈਠੀਦਾ।

ਗਾਂਧੀ ਨੇ ਲਿਖਿਆ, “ਕਵੀ ਭਲਕ ਵਿਚ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਕਰਦਾ ਹੈ ਕਿ ਭਵਿਖ ਵਿਚ ਜੀਵੀਏ। ਸਵੇਰੇ ਸਵੇਰੇ ਆਕਾਸ਼ ਵਿਚ ਉਡਦੀਆਂ ਚਿੜੀਆਂ ਦੇਖ ਕੇ ਉਹ ਭਜਨ ਗਾਉਂਦਾ ਹੈ। ਇਹ ਉਹ ਪੰਛੀ ਨੇ ਜਿਨ੍ਹਾਂ ਨੇ ਕਲ੍ਹ ਖਾਣਾ ਖਾਧਾ ਸੀ ਤੇ ਰਾਤੀਂ ਉਹ ਹਜ਼ਮ ਹੋਕੇ ਖੂਨ ਵਿਚ ਰਲ ਗਿਆ। ਮੈਂ ਅਜਿਹੇ ਪੰਛੀ ਦੇਖ ਰਿਹਾ ਹਾਂ ਜੋ ਪਿੰਜਰੇ ਵਿਚ ਬੰਦ ਹਨ ਤੇ ਖੰਭਾਂ ਵਿਚ ਉਡਣ ਦੀ ਸੱਤਿਆ ਬਾਕੀ ਨਹੀਂ ਬਚੀ। ਭਾਰਤੀ ਆਕਾਸ਼ ਵਿਚ ਮਨੁੱਖ ਉਡ ਨਹੀਂ ਸਕਦਾ ਹੁਣ, ਉਹ ਤਾਂ ਰੋਟੀ ਤੱਕ ਦਾ ਮੁਥਾਜ ਹੈ। ਉਸਨੂੰ ਕੰਮ ਦਿਉ ਤਾਂ ਕਿ ਉਹ ਪੇਟ ਭਰ ਸਕੇ। ਕਬੀਰ ਦੇ ਭਜਨ ਗਾ ਲੈਣੇ ਸੌਖਾ ਕੰਮ ਹੈ, ਰੋਗੀਆਂ ਨੂੰ ਰਾਹਤ ਪੁਚਾਉਣਾ ਔਖਾ ਹੈ।”

ਇਹ ਪੜ੍ਹ ਕੇ ਟੈਗੋਰ ਨੇ ਕਿਹਾ, “ਇਤਿਹਾਸ ਦੇ ਵਡੇ ਸੰਕਟ ਵਿਚ ਜੂਝਦੇ ਆਪਣੇ ਸਾਥੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਜੇ ਨਹੀਂ ਚੱਲ ਸਕਦੇ ਤਾਂ ਇਹ ਵੀ ਨਾ ਕਹੋ ਕਿ ਮੈਂ ਠੀਕ ਹਾਂ, ਉਹ ਗਲਤ ਹਨ।”

ਜਰਮਨ ਸ਼ਾਇਰ ਹੀਨ ਨੇ ਲਿਖਿਆ, “ਉਹ ਸਾਡੇ ਯੁਗ ਦਾ ਅਜਿਹਾ ਸੰਗੀਤਕਾਰ ਹੈ ਜੋ ਕਾਲ ਦੇ ਖੰਡਰਾਂ ਤੇ ਬੈਠਾ ਗਾ ਰਿਹਾ ਹੈ। ਉਹ ਕਾਲ ਦੀ ਅਨੰਤਤਾ ਵਿਚ ਓਤਪੋਤ ਹੈ ਪਰ ਵਰਤਮਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਦਾ।”

ਨੋਬਲ ਪ੍ਰਾਈਜ਼ ਦੀ ਰਕਮ ਤਾਂ ਪਹਿਲਾਂ ਹੀ ਕਵੀ ਨੇ ਸ਼ਾਂਤੀਨਿਕੇਤਨ ਨੂੰ ਦੇ ਦਿਤੀ ਸੀ। 1921 ਵਿਚ ਆਪਣੀਆਂ ਸਾਰੀਆਂ ਰਚਨਾਵਾਂ ਦੇ ਕਾਪੀਰਾਈਟ ਅਧਿਕਾਰ ਵੀ ਦੇ ਦਿਤੇ। ਕਵੀ ਕਦੀ ਕਦੀ ਉਦਾਸ ਹੋ ਜਾਂਦਾ ਕਿ ਦੁਨੀਆਂਦਾਰੀ ਵਿਚ ਉਸਨੇ ਕਿੰਨਾ ਸਾਰਾ ਸਮਾਂ ਨਸ਼ਟ ਕਰ ਦਿਤਾ, ਕਦੀ ਆਖਦਾ, ਸ਼ਾਂਤੀਨਿਕੇਸ਼ਤਨ ਦਾ ਏਡਾ ਵੱਡਾ ਪੰਗਾ ਖੜ੍ਹਾ ਕਰਨ ਦੀ ਕੀ ਤੁਕ ਸੀ? ਲਿਖਿਆ, “ਜਦੋਂ ਮੈਂ ਦੁਨੀਆਂ ਵਿਚ ਆਇਆ ਮੇਰੇ ਕੋਲ ਇਕ ਬੰਸਰੀ ਤੋਂ ਇਲਾਵਾ ਕੁਝ ਨਹੀਂ ਸੀ। ਮੈਂ ਸਕੂਲ ਛੱਡ ਦਿਤਾ, ਦੁਨੀਆਂਦਾਰੀ ਵਿਚ ਸਫਲ ਨਾ ਹੋਇਆ ਪਰ ਮੇਰੀ ਬੰਸਰੀ ਮੇਰੇ ਕੋਲ ਰਹੀ। ਮੇਰਾ ਇਕ ਸਖਾ ਮੇਰੇ ਸੰਗੀਤ ਵਿਚ ਸ਼ਾਮਲ ਹੁੰਦਾ। ਉਸਦਾ ਸੰਗੀਤ ਪੱਤਿਆਂ ਵਿਚ, ਵਗਦੇ ਪਾਣੀ ਵਿਚ, ਤਾਰਿਆਂ ਦੀ ਖਾਮੋਸ਼ੀ ਵਿਚ, ਹੰਝੂਆਂ, ਮੁਸਕਾਨਾ, ਦੁਖਾਂ ਤੇ ਸੁਖਾਂ ਵਿਚ ਤਰੰਗਿਤ ਹੋ ਜਾਂਦਾ। ਮੈਂ ਅਪਣੇ ਸਖੇ ਦੀ ਮਾਂ ਬੋਲੀ ਜਾਣਦਾ ਸਾਂ ਇਸੇ ਕਰਕੇ ਜਲ ਅਤੇ ਪੌਣ ਮੇਰੀ ਬੰਸਰੀ ਦੇ ਵਿਚਕਾਰ ਆਕੇ ਖਲੋ ਗਏ। ਮੇਂ ਬੇਵਕੂਫਾਂ ਵਾਂਗ ਉਨ੍ਹਾਂ ਦੀਆਂ ਗੱਲਾਂ ਮੰਨੀ ਗਿਆ। ਬੰਸਰੀ ਕਿਤੇ ਰੱਖਕੇ ਮੈਂ ਭੁੱਲ ਗਿਆ। ਪਲ ਵਿਚ ਹੀ ਮੈਂ ਬੁੱਢਾ ਹੋ ਗਿਆ ਤੇ ਬੁੱਧੀ ਦਾ ਭਾਰ ਪਿੱਠ ਤੇ ਲੱਦੀ ਦਰਦਰ ਹੋਕਾ ਦਿੰਦਾ ਰਿਹਾ। ਇਹ ਸਾਰਾ ਕੁਝ ਮੈਨੂੰ ਡਰਾਉਣੇ ਸੁਫਨੇ ਵਾਂਗ ਲਗਦਾ ਹੈ ਤੇ ਅੱਧੀ ਅੱਧੀ ਰਾਤ ਭੈਭੀਤ ਹੋਕੇ ਜਾਗ ਪੈਂਦਾ ਹਾਂ ਤੇ ਅਪਣੇ ਆਪ ਨੂੰ ਪੁਛਦਾ ਹਾਂ - ਮੇਰਾ ਸੰਗੀਤ ਕਿਥੇ ਗਿਆ?

“ਮੈਂ ਅੰਤਰਰਾਸ਼ਟਰੀ ਪ੍ਰਸਿਧੀ ਵਾਲਾ ਵਿਸ਼ਵਵਿਦਿਆਲਾ ਤਾਂ ਸਿਰਜ ਲਿਆ, ਠੀਕ ਹੈ ਇਹ ਇਕ ਵੱਡਾ ਕੰਮ ਸੀ ਪਰ ਮੈਂ ਆਪਣਾ ਨਿਕਾ ਜਿਹਾ ਗੀਤ ਖੋ ਬੈਠਾ। ਮੇਰਾ ਘਾਟਾ ਕਦੀ ਪੂਰਾ ਨਹੀਂ ਹੋਵੇਗਾ। ਮੈਨੂੰ ਤਾਂ ਮੇਰੀ ਬੰਸਰੀ ਚਾਹੀਦੀ ਹੈ, ਸਮਝਦਾਰ ਲੋਕ ਚਾਹੇ ਮੈਨੂੰ ਨਫ਼ਰਤ ਕਰਨ ਚਾਹੇ ਨਜ਼ਰਅੰਦਾਜ਼, ਨਕਾਰਾ ਕਹਿਣ ਚਾਹੇ ਅਵਾਰਾ, ਮੈਨੂੰ ਪ੍ਰਵਾਹ ਨਹੀਂ।"

ਸਤੰਬਰ 1922 ਵਿਚ ਕਵੀ ਦੱਖਣ ਪੱਛਮੀ ਭਾਰਤ ਦੇ ਦੌਰੇ ਤੇ ਨਿਕਲਿਆ। ਅਹਿਮਦਾਬਾਦ ਸਾਬਰਮਤੀ ਆਸ਼ਰਮ ਗਿਆ। ਉਦੋਂ ਗਾਂਧੀ ਜੇਲ੍ਹ ਵਿਚ ਸੀ। ਕਵੀ ਨੇ ਕਿਹਾ “ਬਲੀਦਾਨ ਦਾ ਸਹੀ ਅਰਥ ਗਾਂਧੀ ਦੱਸ ਰਿਹਾ ਹੈ।”

ਦੁਬਾਰਾ ਜਾਪਾਨ ਅਤੇ ਚੀਨ ਦਾ ਦੌਰਾ ਕੀਤਾ।ਇਨ੍ਹਾਂ ਦੌਰਿਆਂ ਸਦਕਾ ਸ਼ਿੰਘਾਈ ਵਿਚ ਏਸ਼ਿਆਟਿਕ ਐਸੋਸਿਏਸ਼ਨ ਬਣੀ ਜੋ ਹੁਣ ਤੱਕ ਸਰਗਰਮ ਭੂਮਿਕਾ ਨਿਭਾ ਰਹੀ ਹੈ। ਕਵੀ ਦੀ ਉਮਰ 63 ਸਾਲ ਹੋ ਗਈ ਸੀ ਪਰ ਪ੍ਰੇਮ ਗੀਤ ਫਿਰ ਪੂਰੀ ਨਿਰਛਲਤਾ ਨਾਲ ਉਤਰਨ ਲੱਗੇ :

ਹੰਝੂਆਂ ਨਾਲ ਡੁਬਡੁਬਾਈਆਂ ਅੱਖਾਂ ਨਾਲ ਜਦੋਂ ਤੂੰ ਮੇਰੇ ਵੱਲ ਦੇਖਿਆ
ਮੈਂ ਕਿਹਾ ਸੀ ਕਦੀ ਨਹੀਂ ਭੁੱਲਾਂਗਾ ਤੈਨੂੰ
ਖਿਮਾ ਕਰੀਂ, ਮੈਂ ਭੁੱਲ ਗਿਆ।
ਮੁਦਤ ਹੋ ਗਈ ਏਸ ਗੱਲ ਨੂੰ
ਮੇਰੀ ਰੂਹ ਉਪਰ ਛਪੀਆਂ ਹੋਈਆਂ ਹਨ ਤੇਰੀਆਂ ਕਾਲੀਆਂ ਅੱਖਾਂ
ਪ੍ਰੇਮ ਦਾ ਪਹਿਲਾ ਖ਼ਤ, ਸੰਗਦਾ ਤੇ ਡਰਦਾ
ਉਸ ਉਪਰ ਤੇਰੇ ਦਿਲ ਦੇ ਦਸਖਤ
ਸਮੇਂ ਦੀ ਕੂਚੀ ਫਿਰ ਗਈ ਸੀ ਧੁੱਪ ਛਾਂ ਉਪਰ ਦੀ
ਮੇਰੇ ਦੁਖ ਦੀ ਲਾਟ ਜੇ ਚੁਪਚਾਪ ਵਿਦਾਅ ਹੋ ਗਈ ਸੀ
ਤਾਂ ਮੈਨੂੰ ਖਿਮਾ ਕਰੀਂ
ਮੈਂ ਏਨਾ ਜਾਣਦਾ ਹਾਂ ਕਿ ਤੂੰ ਮੇਰੇ ਜੀਵਨ ਵਿਚ ਆਈ
ਤਾਂ ਗੀਤਾਂ ਦੀ ਭਰਪੂਰ ਫਸਲ ਉੱਗੀ।

ਕਵੀ ਪੀਰੂ ਦੀ ਯਾਤਰਾ ਤੇ ਨਿਕਲਿਆ ਤਾਂ ਰਸਤੇ ਵਿਚ ਏਨਾ ਬਿਮਾਰ ਹੋ ਗਿਆ ਕਿ ਦੌਰਾ ਰੱਦ ਕਰਕੇ ਸਾਨ ਇਸੀਦਰੋ ਉੱਤਰ ਗਿਆ। ਉਹ ਇਥੇ ਕਿਸੇ ਨੂੰ ਨਹੀਂ ਜਾਣਦਾ ਸੀ ਪਰ ਇਕ ਭਲੀ ਔਰਤ ਵਿਕਟੋਰੀਆ ਓਕਾਂਪੋ ਉਸ ਬਾਬਤ ਅਖਬਾਰਾਂ ਰਾਹੀਂ ਜਾਣਦੀ ਸੀ। ਉਹ ਕਵੀ ਨੂੰ ਆਪਣੇ ਖੂਬਸੂਰਤ ਬੰਗਲੇ ਵਿਚ ਲੈ ਗਈ। ਘਰ ਦੇ ਨਜ਼ਦੀਕ ਦੀ ਨਦੀ ਲੰਘਦੀ ਸੀ ਜੋ ਬਾਲਕੋਨੀ ਵਿਚੋਂ ਬਹੁਤ ਮਨਮੋਹਕ ਲੱਗਦੀ। ਇਥੇ ਜੋ ਕਵਿਤਾਵਾਂ ਲਿਖੀਆਂ ਉਨ੍ਹਾਂ ਦੇ ਸੰਗ੍ਰਹਿ ਦਾ ਨਾਮ ਪੁਰਵੀ (ਸ਼ਾਮ ਦਾ ਇਕ ਰਾਗ) ਰੱਖਿਆ। ਇਹ ਕਿਤਾਬ ਉਸਨੇ ਆਪਣੀ ਇਸ ਮਿਹਰਬਾਨ ਮੇਜ਼ਬਾਨ ਨੂੰ ਸਮਰਪਿਤ ਕੀਤੀ ਹੈ। ਡਾਕ ਰਾਹੀਂ ਕਿਤਾਬ ਉਸਨੂੰ ਭੇਜੀ ਤਾਂ ਲਿਖਿਆ, “ਚਾਹੁੰਦਾ ਤਾਂ ਇਹੀ ਸੀ ਕਿ ਆਪਣੇ ਹੱਥੀਂ ਇਹ ਕਿਤਾਬ ਸੌਂਪਦਾ ਪਰ ਡਾਕ ਰਾਹੀਂ ਭੇਜਦਾ ਹਾਂ। ਤੈਨੂੰ ਲਗੇਗਾ ਕਿ ਇਸ ਵਿਚ ਤਾਂ ਕੁਝ ਵੀ ਨਹੀਂ। ਬਸ ਇਹੀ ਕਿ ਜਿੰਨਾ ਸਮਾਂ ਮੈਂ ਤੇਰੇ ਘਰ ਰਿਹਾ, ਮੇਰੀ ਕਿਤਾਬ ਉਸ ਨਾਲੋਂ ਵਧੀਕ ਸਮਾਂ ਤੇਰੇ ਕੋਲ ਬਿਤਾਏਗੀ।” ਇਸ ਨੇਕ ਬੀਬੀ ਨੂੰ ਯਾਦ ਕਰਦਿਆਂ ਕਵੀ ਲਿਖਦਾ ਹੈ, “ਹਸਦੀ ਹੋਈ, ਖੁਸ਼ੀ ਦੇ ਫੁੱਲ ਲੈਕੇ ਉਹ ਮੇਰੇ ਕੋਲ ਆਈ। ਬਦਲੇ ਵਿਚ ਦੇਣ ਵਾਸਤੇ ਦੁਖ ਦੇ ਫਲ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਸੀ।

ਮੈਂ ਪੁੱਛਿਆ, “ਕੌਣ ਹਾਰੇਗਾ ਜੇ ਆਪਾਂ ਇਹ ਦੋਵੇਂ ਚੀਜ਼ਾਂ ਆਪਸ ਵਿਚ ਬਦਲ ਲਈਏ?” ਉਹ ਪਿਆਰ ਨਾਲ ਮੁਸਕਾਂਦੀ ਬੋਲੀ, “ਆਓ ਬਦਲੀਏ। ਅਹਿ ਲੈ ਮੇਰੇ ਫੁੱਲ ਤੇ ਹੰਝੂਆਂ ਵਿਚ ਭਿੱਜਿਆ ਆਪਣਾ ਫਲ ਮੈਨੂੰ ਦੇਹ। ਮੈਂ ਉਸ ਵੱਲ ਦੇਖਿਆ ਤਾਂ ਉਹ ਸੰਪੂਰਨ ਸੁੰਦਰਤਾ ਸੀ। ਮੇਰੇ ਫਲ ਦਾ ਬੋਝ ਚੁਕ ਕੇ ਉਹ ਹੱਸ ਪਈ। “ਮੈਂ ਜਿੱਤ ਗਈ”। ਹਸਦਿਆਂ ਉਸਨੇ ਕਿਹਾ ਤੇ ਚਲੀ ਗਈ। ਗਰਮੀ ਬੜੀ ਤੇਜ਼ ਸੀ। ਜਿਹੜੇ ਫੁੱਲ ਮੰਗਕੇ ਮੈਂ ਉਸ ਪਾਸੋਂ ਹਾਸਲ ਕੀਤੇ ਉਹ ਦੁਪਹਿਰ ਤਕ ਕੁਮਲਾ ਕੇ ਝੜ ਗਏ।”

ਮਈ 1925 ਵਿਚ ਮਹਾਤਮਾ ਗਾਂਧੀ ਸ਼ਾਂਤੀਨਿਕੇਤਨ ਆਏ, ਇਸ ਉਮੀਦ ਨਾਲ ਕਿ ਉਹ ਕਵੀ ਨੂੰ ਸਮਝਾ ਦੇਣਗੇ ਕਿ ਸਵਰਾਜ ਦਾ ਰਸਤਾ ਚਰਖੇ ਵਿਚੋਂ ਨਿਕਲਦਾ ਹੈ। ਜਿਸ ਕਮਰੇ ਵਿਚ ਗਾਂਧੀ ਜੀ ਦਾ ਕਯਾਮ ਸੀ ਉਹ ਸੁਗੰਧੀਆਂ ਭਰਪੂਰ ਫੁੱਲਾਂ ਨਾਲ ਸਜਾਇਆ ਗਿਆ ਸੀ। ਹੱਸ ਕੇ ਗਾਂਧੀ ਜੀ ਬੋਲੇ - ਇਹ ਸੁਹਾਗ ਸੇਜ ਕਿਸ ਵਾਸਤੇ ਤਿਆਰ ਕਰ ਰੱਖੀ ਹੈ? ਕਵੀ ਨੇ ਕਿਹਾ - ਸ਼ਾਂਤੀ ਨਿਕੇਤਨ, ਮੇਰੀ ਸਦੈਵ ਜੁਆਨ ਯੁਵਰਾਣੀ ਤੁਹਾਡਾ ਸੁਆਗਤ ਇਸ ਕਮਰੇ ਵਿਚ ਕਰਦੀ ਹੈ। ਚਰਖਾ, ਕਵੀ ਦੇ ਦਿਲ ਉਪਰ ਅਸਰ ਪਾਉਣ ਵਿਚ ਕਾਮਯਾਬ ਨਾ ਹੋਇਆ, ਗਾਂਧੀ ਜੀ ਨੂੰ ਦੁਖ ਹੋਇਆ। ਇਸੇ ਸਾਲ ਸਰਦੀਆਂ ਵਿਚ ਵਡੇ ਭਰਾ ਦਿਜੇਂਦਰਨਾਥ ਦੀ ਮੌਤ ਹੋ ਗਈ। ਕਵੀ ਨਾਲੋਂ ਉਹ ਗਾਂਧੀ ਜੀ ਦੇ ਵਧੀਕ ਨੇੜੇ ਸੀ ਕਿਉਂਕਿ ਉਹ ਚਰਖੇ ਦੀ ਖਿੱਲੀ ਨਹੀਂ ਉਡਾਉਂਦਾ ਸੀ। ਇਸੇ ਸਮੇਂ ਮਸੋਲੀਨੀ ਨੇ ਦੋ ਵਿਦਵਾਨ ਸ਼ਾਂਤੀ ਨਿਕੇਤਨ ਵਿਜ਼ਿਟਿੰਗ ਪ੍ਰੋਫੈਸਰਜ਼ ਵਜੋਂ ਭੇਜੇ ਤੇ ਬਹੁਤ ਸਾਰੀਆਂ ਕਿਤਾਬਾਂ ਦੀ ਸੁਗਾਤ ਭੇਜੀ। ਮਸੋਲੀਨੀ ਨੇ ਇਟਲੀ ਆਉਣ ਦਾ ਸੱਦਾ-ਪੱਤਰ ਭੇਜਿਆ।

15 ਮਈ 1926 ਨੂੰ ਉਹ ਨੇਪਲਜ਼ ਵਾਸਤੇ ਰਵਾਨਾ ਹੋ ਗਏ। ਕਵੀ ਦਾ ਭਰਪੂਰ ਸਵਾਗਤ ਹੋਇਆ। ਸੱਤ ਜੂਨ ਨੂੰ ਰੋਮ ਗਏ ਜਿਥੇ ਗਵਰਨਰ ਨੇ ਸਵਾਗਤ ਕੀਤਾ। ਇਥੇ ਕਲਾ ਦਾ ਅਰਥ ਵਿਸ਼ੇ ਉਪਰ ਭਾਸ਼ਣ ਮਸੋਲੀਨੀ ਸਮੇਤ ਸਾਰਿਆਂ ਨੇ ਸੁਣਿਆ। ਮਹਾਰਾਜਾ ਵਿਕਟਰ ਇਮੈਨੁਅਲ ਤੀਜੇ ਨੇ ਵਖਰਾ ਸਨਮਾਨ ਦਿਤਾ ਤੇ ਇਥੇ ਚਿਤਰਾ ਨਾਟਕ ਇਟਾਲੀਅਨ ਭਾਸ਼ਾ ਵਿਚ ਖੇਡਿਆ ਗਿਆ। ਕਰੋਚੇ ਉਨ੍ਹਾਂ ਦਿਨਾਂ ਵਿਚ ਨਜ਼ਰਬੰਦ ਸੀ। ਕਵੀ ਨੇ ਉਸਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਚੋਰੀ ਚੋਰੀ, ਖਤਰਾ ਮੁੱਲ ਲੈਕੇ ਕੁਝ ਦੋਸਤਾਂ ਨੇ ਇਹ ਮੇਲ ਕਰਵਾ ਦਿੱਤਾ। ਇਟਲੀ ਦੀ ਸਰਕਾਰ ਉਨ੍ਹਾਂ ਦੇ ਭਾਸ਼ਣਾ ਨੂੰ ਫਾਸ਼ੀਵਾਦ ਦੇ ਪਰਸਾਰ ਲਈ ਅਖਬਾਰੀ ਸੁਰਖੀਆਂ ਦੇ ਰੂਪ ਵਿਚ ਛਾਪ ਰਹੀ ਹੈ, ਇਸ ਦਾ ਕਵੀ ਨੂੰ ਕੋਈ ਇਲਮ ਨਹੀਂ ਸੀ। ਸਵਿਟਜ਼ਰਲੈਂਡ ਦੇ ਦੌਰੇ ਸਮੇਂ ਇਹ ਗੱਲ ਉਨ੍ਹਾਂ ਨੂੰ ਰੋਮਾਂ ਰੋਲਾਂ ਨੇ ਦੱਸੀ। ਕਵੀ ਨੂੰ ਦੁੱਖ ਪੁਜਿਆ ਤੇ ਇੱਥੇ ਉਨ੍ਹਾਂ ਨੇ ਫਾਸ਼ੀਵਾਦ ਦੀ ਜਮ ਕੇ ਆਲੋਚਨਾ ਕੀਤੀ। ਕਵੀ ਨੇ ਲਿਖਿਆ, “ਮੈਂ ਉਡਕੇ ਸ਼ਾਂਤੀ ਨਿਕੇਤਨ ਪੁਜਣਾ ਚਾਹੁੰਦਾ ਹਾਂ ਕਿਉਂਕਿ ਸਾਵਣ ਦੇ ਬੱਦਲ ਆਉਣ ਵਾਲੇ ਹਨ ਜੋ ਆਕੇ ਪੁਛਦੇ ਫਿਰਨਗੇ, ਕਿਥੇ ਗਿਆ ਸਾਡਾ ਪਿਆਰਾ ਕਵੀ ਜਿਹੜਾ ਅਪਣੇ ਨਵੇਂ ਨਕੋਰ ਗੀਤਾਂ ਨਾਲ ਸਾਡਾ ਸੁਆਗਤ ਕਰਿਆ ਕਰਦਾ ਸੀ, ਕਿਥੇ ਹੈ ਉਹ?”

ਜਰਮਨੀ ਵਿਚ ਉਨ੍ਹਾਂ ਦਾ ਸੁਆਗਤ ਰਾਸ਼ਟਰਪਤੀ ਹਿੰਡਨਬਰਗ ਨੇ ਕੀਤਾ। ਇਥੇ ਹੀ ਉਹ ਆਈਨਸਟੀਨ ਨੂੰ ਮਿਲੇ ਤੇ ਇਹ ਮੁਲਾਕਾਤ ਸਦੀਵੀ ਮਿਤਰਤਾ ਬਣ ਗਈ। ਇਕ ਹਫਤਾ ਪਰਾਗ ਵਿਚ ਰੁਕਿਆ ਜਿਥੇ ਚੈੱਕ ਬੋਲੀ ਵਿਚ ਉਸਦਾ ਡਾਕਘਰ ਨਾਟਕ ਖੇਡਿਆ ਗਿਆ। ਇਥੋਂ ਯੂਨਾਨ ਚਲੇ ਗਏ ਜਿਥੇ ਸਰਕਾਰ ਨੇ ਏਥੰਜ਼ ਵਿਖੇ ”ਆਰਡਰ ਆਫ਼ ਦ ਰਿਡੀਮਰ” ਖਿਤਾਬ ਦੇ ਕੇ ਸਨਮਾਨੇ। ਇਸ ਪਿਛੋਂ ਤੁਰਕੀ ਗਏ। ਕਵੀ ਦੇ ਸਨਮਾਨ ਵਿਚ ਤੁਰਕੀ ਦੀ ਸਰਕਾਰ ਨੇ ਪਾਰਲੀਮੈਂਟ ਦੀ ਚਲਦੀ ਕਾਰਵਾਈ ਰੋਕ ਦਿਤੀ। ਰਾਜਾ ਫੌਦ ਨੇ ਅਰਬੀ ਕਿਤਾਬਾਂ ਵਿਸ਼ਵ-ਭਾਰਤੀ ਲਈ ਭੇਟ ਕੀਤੀਆਂ। ਪਰ ਕਵੀ ਇਨ੍ਹਾਂ ਵਿਸ਼ਾਲ ਸਮਾਰੋਹਾਂ ਵਿਚ ਅੱਕ ਜਾਂਦਾ, ਲਿਖਿਆ, “ਪ੍ਰਸਿੱਧੀ ਅਤੇ ਸ਼ਾਂਤੀ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਧਕੇ ਨਾਲ ਇਕੱਠੀਆਂ ਕਰ ਦਿਉ, ਜਲਦੀ ਵਿੱਛੜ ਜਾਂਦੀਆਂ ਹਨ।

ਪਾਂਡੀਚਰੀ ਸ੍ਰੀ ਅਰਵਿੰਦੋ ਨੂੰ ਮਿਲੇ ਤੇ ਲਿਖਿਆ, “ਜਦੋਂ ਮੈਂ ਵਰ੍ਹਿਆਂ ਪਹਿਲਾਂ ਜੁਆਨ ਅਰਵਿੰਦ ਨੂੰ ਪ੍ਰਚੰਡ ਰਾਜਨੀਤਕ ਯੋਧੇ ਦੇ ਰੂਪ ਵਿਚ ਦੇਖਿਆ ਸੀ ਮੈਂ ਦਿਲ ਵਿਚ ਕਿਹਾ ਸੀ, “ਅਰਵਿੰਦ - ਰਵਿੰਦਰ ਦਾ ਪ੍ਰਣਾਮ ਸਵੀਕਾਰ ਕਰੋ।” ਹੁਣ ਮੈਂ ਇਕ ਸ਼ਾਂਤ ਰਿਸ਼ੀ ਨੂੰ ਸਮਾਧੀ ਵਿਚ ਬੈਠਿਆ ਦੇਖਿਆ ਤਾਂ ਫਿਰ ਦੁਹਰਾਇਆ, “ਅਰਵਿੰਦ - ਰਵਿੰਦਰ ਦਾ ਪ੍ਰਣਾਮ ਸਵੀਕਾਰ ਕਰੋ।”

ਰੂਸ ਤੋਂ ਜਰਮਨੀ ਦੇ ਰਸਤੇ ਪਰਤਦੇ ਹੋਏ ਉਹ ਅਮਰੀਕਾ ਗਏ। ਥਾਂ ਥਾਂ ਉਨ੍ਹਾਂ ਦਾ ਸਨਮਾਨ ਹੋਇਆ ਤੇ ਭਾਸ਼ਣਾ ਦੀਆਂ ਲੜੀਆਂ ਚੱਲੀਆਂ। ਰਾਸ਼ਟਰਪਤੀ ਹੂਵਰ ਉਨ੍ਹਾਂ ਨੂੰ ਬੋਸਟਨ ਲੈਕੇ ਆਪ ਗਏ। ਅਮਰੀਕਾ ਵੀ ਬਰਤਾਨੀਆਂ ਦੀਆਂ ਗਤੀ-ਵਿਧੀਆਂ ਤੇ ਖੁਸ਼ ਨਹੀਂ ਸੀ। ਇਥੇ ਉਹ ਪ੍ਰਸਿੱਧ ਫਿਲਾਸਫਰ ਵਿਲ ਡੂਰਾਂ ਨੂੰ ਮਿਲੇ। ਵਿਲ ਡੂਰਾਂ ਨੇ ਭਾਰਤ ਦੇ ਹਿੱਤਾਂ ਦਾ ਪੱਖ ਪੂਰਦਿਆਂ ਕਿਤਾਬ ਲਿਖੀ, ਦ ਕੇਸ ਫਾਰ ਇੰਡੀਆ ਜਿਸ ਉਪਰ ਅੰਗਰੇਜ਼ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਇਹ ਕਿਤਾਬ ਟੈਗੋਰ ਨੂੰ ਸਮਰਪਿਤ ਕਰਦਿਆਂ ਡੂਰਾਂ ਨੇ ਕਿਹਾ, “ਕੇਵਲ ਟੈਗੋਰ ਕਰਕੇ ਹੀ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਚਲੇ ਜਾਣਾ ਚਾਹੀਦਾ ਹੈ।”

ਕਵੀ ਨੇ ”ਸ਼ਾਹਜਹਾਨ” ਨਾਂ ਦੀ ਲੰਮੀ ਕਵਿਤਾ ਲਿਖੀ ਜਿਸ ਵਿਚ ਉਹ ਇਸਦੇ ਨਿਰਮਾਤਾ ਦੀ ਇਸ ਇਛਾ ਦਾ ਕਦਰਦਾਨ ਹੈ ਕਿ ਸੰਸਾਰ ਵਿਚ ਸਦੀਆਂ ਪਸੰਦ ਆਉਣ ਵਾਲੀ ਯਾਦਗਾਰੀ ਸੁੰਦਰਤਾ ਛੱਡੀ ਜਾਵੇ। ਫਿਰ ਵੀ ਕਵੀ ਸੋਚਦਾ ਹੈ ਕਿ ਬਿਹਤਰੀਨ ਸੁੰਦਰ ਕਬਰ ਵਿਚ ਬੈਠ ਕੇ ਸੋਚੀ ਜਾਣ ਨਾਲੋਂ ਬੱਚੇ ਦਾ ਨਿਕਾ ਪੰਘੂੜਾ ਤਾਜਮਹੱਲ ਤੋਂ ਵਧੀਕ ਮੁੱਲਵਾਨ ਹੈ ਕਿਉਂਕਿ ਇਥੇ ਮਨੁਖਤਾ ਦੀ ਵੇਲ ਅੱਗੇ ਵਧ ਰਹੀ ਹੈ।

4 ਜਨਵਰੀ 1932 ਨੂੰ ਉਨ੍ਹਾਂ ਦਾ ਜਨਮ-ਦਿਨ ਵੱਡੀ ਪੱਧਰ ਤੇ ਕਲਕੱਤੇ ਮਨਾਉਣ ਦਾ ਫੈਸਲਾ ਹੋਇਆ ਪਰ ਉਦੋਂ ਹੀ ਗਾਂਧੀ ਜੀ ਦੀ ਗ੍ਰਿਫਤਾਰੀ ਦੀ ਖਬਰ ਛਪੀ। ਕਵੀ ਨੇ ਇਹ ਸਮਾਰੋਹ ਛੋਟੀ ਪੱਧਰ ਦਾ ਕਰ ਦਿਤਾ। ਅਜੇ ਇਕ ਹਫ਼ਤਾ ਪਹਿਲਾਂ ਉਹ ਯੋਰਪ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ ਲੰਦਨ ਪ੍ਰਧਾਨ ਮੰਤਰੀ ਰੈਮਜੇ ਮੈਕਡੋਨਾਲਡ ਨੂੰ ਲੰਮੀ ਤਾਰ ਭੇਜੀ- ਏਨਾ ਵਧੀਕ ਦਮਨ ਸ਼ੁਰੂ ਹੋ ਗਿਆ ਹੈ ਕਿ ਭਾਰਤੀ ਸਥਾਈ ਰੂਪ ਵਿਚ ਬਰਤਾਨੀਆਂ ਦੇ ਖਿਲਾਫ ਹੋ ਜਾਣਗੇ। 26 ਜਨਵਰੀ ਨੂੰ ਬਿਆਨ ਵੀ ਜਾਰੀ ਕੀਤਾ ਜੋ ਸਰਕਾਰ ਨੇ ਸੈਂਸਰ ਕਰਕੇ ਛੋਟਾ ਕਰਕੇ ਛਾਪਿਆ। ਕਵੀ ਨੇ ਇਸ ਵਿਚ ਆਪਣੀ ਬੇਇੱਜ਼ਤੀ ਦੇਖੀ ਤੇ ”ਪ੍ਰਸ਼ਨ” ਨਾਂ ਦੀ ਕਵਿਤਾ ਲਿਖੀ ਜਿਸ ਵਿਚ ਲਿਖਿਆ ਕਿ ਹੇ ਪਰਮਾਤਮਾ ਤੂੰ ਆਪਣਾ ਦੂਤ ਭੇਜ ਦਿੰਦਾ ਹੈ ਜੋ ਤੇਰਾ ਸੁਨੇਹਾ ਦਸਦਾ ਹੈ। ਅੱਜ ਉਹ ਸੁਨੇਹਾ ਜੋ ਯਸੂ ਮਸੀਹ ਰਾਹੀਂ ਆਇਆ, ਮਜ਼ਾਕ ਬਣ ਗਿਆ ਹੈ। ਤੂੰ ਇਨ੍ਹਾਂ ਲੋਕਾਂ ਨੂੰ ਖਿਮਾ ਕਿਵੇਂ ਕਰੇਂਗਾ ਹੁਣ? ਤੇਰਾ ਰੋਸ਼ਨ ਰਸਤਾ ਅੰਧਕਾਰਮਈ ਹੋ ਗਿਆ ਹੈ, ਕੀ ਤੂੰ ਉਨ੍ਹਾ ਨੂੰ ਪ੍ਰੇਮ ਕਰੇਂਗਾ ਜਿਨ੍ਹਾਂ ਨੇ ਤੇਰੀ ਧਰਤੀ ਜ਼ਹਿਰੀਲੀ ਕਰ ਦਿਤੀ ਹੈ?

ਉਮਰ ਵਧਣ ਕਰਕੇ ਕਮਜ਼ੋਰੀ ਹੋਣ ਲੱਗੀ ਤੇ ਕਵੀ ਨੇ ਫੈਸਲਾ ਕੀਤਾ ਕਿ ਹੋਰ ਵਿਦੇਸ਼ੀ ਦੌਰਾ ਨਹੀਂ ਕਰਨਾ, ਸਿਹਤ ਆਗਿਆ ਨਹੀਂ ਦਿੰਦੀ ਸੀ। ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਦਾ ਸੱਦਾ ਪੱਤਰ ਆ ਗਿਆ। ਕਵੀ ਨੇ ਡਾਇਰੀ ਵਿਚ ਲਿਖਿਆ, “ਆਪਣੇ ਮਿੱਤਰ ਦੇਸ ਦੇ ਸਰਵੁੱਚ ਰਾਜਪ੍ਰਮੁੱਖ ਦਾ ਸੱਦਾ ਕਿਵੇਂ ਮੋੜ ਸਕਦਾ ਹਾਂ?” ਸੋ 11 ਅਪ੍ਰੈਲ 1932 ਨੂੰ ਈਰਾਨ ਵਾਸਤੇ ਚੱਲ ਪਏ, ਐਤਕੀ ਸਮੁੰਦਰ ਰਾਹੀਂ ਨਹੀਂ, ਹਵਾਈ ਰਸਤੇ। ਪਹਿਲਾਂ ਸ਼ੀਰਾਜ਼ ਗਏ ਜਿਥੇ ਹਾਫਿਜ਼ ਸ਼ੀਰਾਜ਼ੀ ਅਤੇ ਸ਼ੇਖ ਸਾਅਦੀ, ਸ਼ਾਇਰਾਂ ਦੀਆਂ ਕਬਰਾਂ ਉਪਰ ਫੁੱਲ ਚੜ੍ਹਾਏ। ਸਾਅਦੀ 13ਵੀਂ ਅਤੇ ਸ਼ੀਰਾਜ਼ੀ 14ਵੀਂ ਸਦੀ ਦੇ ਫਕੀਰ ਸਨ। ਇਸਫਾਹਾਨ ਦੀ ਯਾਤਰਾ ਕੀਤੀ ਤੇ ਫਿਰ ਰਾਜਧਾਨੀ ਤਹਿਰਾਨ ਪੁੱਜੇ। ਵੱਖ ਵੱਖ ਸਮਿਆਂ ਦੌਰਾਨ ਸ਼ੀਰਾਜ਼ ਅਤੇ ਇਸਫਾਹਾਨ ਵੀ ਈਰਾਨੀ ਹਕੂਮਤਾਂ ਦੀਆਂ ਰਾਜਧਾਨੀਆਂ ਰਹੀਆਂ ਹਨ। ਇਨ੍ਹਾਂ ਸਤਰਾਂ ਦੇ ਲੇਖਕ ਨੇ ਇਨ੍ਹਾਂ ਸਾਰੀਆਂ ਥਾਵਾਂ ਦਾ ਦੌਰਾ ਕਰਕੇ ਜਾਣਿਆ ਕਿ ਈਰਾਨੀ ਕਲਾ ਦਾ ਸੰਸਾਰ ਕਦੀ ਮੁਕਾਬਲਾ ਨਹੀਂ ਕਰ ਸਕਦਾ। ਇਟਲੀ ਤੇ ਯੂਨਾਨ ਵੀ ਨਹੀਂ। ਕਾਗਜ਼ਾਂ ਵਿੱਚ ਫਸਾਉਣ ਵਾਲੇ ਕਲਿੱਪ ਵੀ ਬਗੈਰ ਚਿਤਰਕਾਰੀ ਤੋਂ ਨਹੀਂ ਹਨ। ਬਾਦਸ਼ਾਹ ਨੇ ਤਹਿਰਾਨ ਵਿਚ ਕਵੀ ਦਾ ਉਹ ਸਨਮਾਨ ਕੀਤਾ ਕਿ ਸਮਾਰੋਹ ਇਤਿਹਾਸਕ ਯਾਦਗਾਰ ਹੋ ਗਿਆ, ਉਨ੍ਹਾਂ ਨੂੰ “ਪੂਰਬੀ ਅਸਮਾਨ ਦਾ ਸਭ ਤੋਂ ਵਧੀਕ ਰੌਸ਼ਨ ਤਾਰਾ” ਕਿਹਾ ਗਿਆ। ਵਾਪਸੀ ਵਕਤ ਉਹ ਬਗਦਾਦ ਵਿਚੋਂ ਦੀ ਆਏ ਜਿਥੇ ਈਰਾਕ ਦੇ ਬਾਦਸ਼ਾਹ ਫੈਸਲ ਨੇ ਖੁਦ ਸਵਾਗਤ ਕੀਤਾ। ਇਕ ਦਿਨ ਬੈਦੁਇਨਾ ਦੀ ਬਸਤੀ ਵਿਚ ਵੀ ਬਿਤਾਇਆ।

ਉਨ੍ਹਾਂ ਨੇ ਜੀਵਨ ਵਿਚ ਬਹੁਤ ਮੌਤਾਂ ਦੇਖੀਆਂ, ਇਕ ਇਕ ਕਰਕੇ ਸਭ ਪਿਆਰੇ ਮਿੱਤਰ ਅਤੇ ਭਰਾ ਭੈਣਾਂ ਪੁੱਤਰ ਵਿਛੜਦੇ ਗਏ। ਬਗਦਾਦ ਵਿਚ ਖਬਰ ਮਿਲੀ ਕਿ ਉਨ੍ਹਾਂ ਦਾ ਬਹੁਤ ਪਿਆਰਾ ਪੋਤਾ ਜਿਹੜਾ ਕਵੀ ਦਾ ਇਕ ਸੰਗ੍ਰਹਿ ਛਪਵਾਉਣ ਵਾਸਤੇ ਜਰਮਨੀ ਗਿਆ ਸੀ ਸੰਸਾਰ ਤੋਂ ਚਲਾ ਗਿਆ ਹੈ। ਇਸ ਖਬਰ ਨੇ ਕਵੀ ਨੂੰ ਬਹੁਤ ਵਡੀ ਸੱਟ ਮਾਰੀ। ਕਵਿਤਾ ਲਿਖੀ “ਪੱਥਰ ਦਿਲ ਮਹਾਨਤਾ ਨੇ ਤੈਨੂੰ ਅਜਿੱਤ ਤਾਂ ਬਣਾਇਆ ਹੀ ਭਿਆਨਕ ਵੀ ਕਰ ਦਿਤਾ, ਤੇਰੀ ਤਾਕਤ ਤੋਂ ਭੈਭੀਤ ਕੰਬਦੇ ਦਿਲ ਨਾਲ ਮੈਂ ਤੇਰੇ ਸਾਹਮਣੇ ਖਲੋਤਾ ਸਾਂ। ਤੂੰ ਇਹ ਸੱਟ ਮਾਰੀ। ਮੈਂ ਕੰਬਦਿਆਂ ਪੁੱਛਿਆ - ਕੁੱਝ ਹੋਰ ਵੀ ਬਾਕੀ ਹੈ? ਕਿ ਇਹ ਅੰਤਿਮ ਹੈ? ਹੋਰ ਤਾਂ ਨਹੀਂ ਕੁੱਝ? ਮੇਰਾ ਡਰ ਚਲਾ ਗਿਆ। ਜਦੋਂ ਤੂੰ ਮੇਰੇ ਉੱਪਰ ਬਿਜਲੀ ਡੇਗਣ ਲੱਗਾ ਉਦੋਂ ਤੂੰ ਕਿੰਨਾ ਵੱਡਾ ਲੱਗ ਰਿਹਾ ਸੈਂ, ਪਰ ਜਦੋਂ ਬਿਜਲੀ ਡਿਗ ਪਈ ਤਾਂ ਤੂੰ ਮੇਰੇ ਜਿੱਡਾ ਕੁ ਹੋ ਗਿਆ, ਮੈਂ ਉਸੇ ਤਰ੍ਹਾਂ ਉਵੇਂ ਦਾ ਉਵੇਂ ਰਿਹਾ। ਤੂੰ ਮਹਾਨ ਹੋ ਸਕਦਾ ਹੈਂ ਪਰ ਮੌਤ ਤੋਂ ਵੱਡਾ ਨਹੀਂ। ਹੁਣ ਮੈਂ ਹਾਂ ਜੋ ਮੌਤ ਤੋਂ ਵੱਡਾ ਹਾਂ। ਇਹਨੂੰ ਤੂੰ ਮੇਰਾ ਅੰਤਮ ਵਾਕ ਸਮਝੀਂ।

ਗਾਂਧੀ ਜੀ ਨੇ 20 ਸਤੰਬਰ 1932 ਨੂੰ ਜੇਲ੍ਹ ਵਿਚ ਮਰਨ ਵਰਤ ਸ਼ੁਰੂ ਕਰ ਦਿਤਾ। ਅੰਗਰੇਜ਼ ਨੇ ਉਚੀਆਂ ਅਤੇ ਨੀਵੀਆਂ ਜਾਤਾਂ ਦੇ ਅੱਡ ਅੱਡ ਚੋਣ ਖੇਤਰ ਥਾਪ ਕੇ ਸਦੈਵੀ ਫੁਟ ਦੀ ਨੀਂਹ ਰੱਖ ਦਿੱਤੀ ਜਿਸ ਫੈਸਲੇ ਵਿਰੁੱਧ ਇਹ ਵਰਤ ਰੱਖਿਆ ਗਿਆ। ਸਭ ਤੋਂ ਪਹਿਲਾ ਖਤ ਉਨ੍ਹਾਂ ਨੇ ਟੈਗੋਰ ਨੂੰ ਲਿਖਿਆ, “ਪਿਆਰੇ ਗੁਰੂਦੇਵ, ਅੱਜ ਮੰਗਲਵਾਰ ਹੈ। ਸਵੇਰ ਦੇ ਤਿੰਨ ਵੱਜੇ ਹਨ। ਦੁਪਹਿਰ ਨੂੰ ਮੈਂ ਅਗਨੀ ਦਰਵਾਜੇ ਵਿਚ ਦਾਖਲ ਹੋਵਾਂਗਾ। ਇਸ ਯਤਨ ਵਾਸਤੇ ਤੁਹਾਡੀ ਅਸੀਸ ਦੀ ਲੋੜ ਹੈ। ਤੁਸੀਂ ਮੇਰੇ ਸੱਚੇ ਮਿਤਰ ਹੋ ਕਿਉਂਕਿ ਹਰੇਕ ਗੱਲ ਮੇਰੇ ਕੋਲ ਤੁਸੀਂ ਨਿਸ਼ੰਗ ਨਿਸ਼ਕਪਟ ਹੋਕੇ ਕੀਤੀ। ਜੇ ਦਿਲੋਂ ਮੇਰੇ ਇਰਾਦੇ ਦਾ ਸਮਰਥਨ ਕਰਦੇ ਹੋ ਤਾਂ ਮੈਨੂੰ ਅਸ਼ੀਰਵਾਦ ਦਿਉ। ਮੈਨੂੰ ਇਸ ਨਾਲ ਸ਼ਕਤੀ ਮਿਲੇਗੀ।”

ਅਜੇ ਖਤ ਡਾਕ ਵਿਚ ਪਾਇਆ ਨਹੀਂ ਸੀ ਕਿ ਉਨ੍ਹਾਂ ਨੂੰ ਕਵੀ ਦੀ ਤਾਰ ਮਿਲੀ, “ਭਾਰਤ ਦੀ ਏਕਤਾ ਅਤੇ ਸਮਾਜਕ ਇਕਜੁਟਤਾ ਨੂੰ ਕਾਇਮ ਰੱਖਣ ਹਿਤ ਅਪਣਾ ਅਨਮੋਲ ਜੀਵਨ ਕੁਰਬਾਨ ਕਰਨਾ ਸਹੀ ਫੈਸਲਾ ਹੈ। ਤੁਹਾਡੀ ਮਹਾਨ ਤਪੱਸਿਆ ਦਾ ਸਨਮਾਨ ਕਰਦਿਆਂ ਪ੍ਰੇਮਪੂਰਵਕ ਅਸੀਂ ਤੁਹਾਡੇ ਰਸਤੇ ਤੇ ਚੱਲਾਂਗੇ।”

ਕਵੀ ਦਾ ਕੋਮਲ ਦਿਲ ਤਾਰ ਦੇ ਕੇ ਸ਼ਾਂਤ ਨਹੀਂ ਹੋਇਆ। ਉਹ 24 ਸਤੰਬਰ ਨੂੰ ਯਰਵਦਾ ਜੇਲ੍ਹ ਪੂਨੇ ਮਹਾਤਮਾ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋ ਗਏ। ਪਰ ਖਤਰਾ ਭਾਂਪਦਿਆਂ ਸਰਕਾਰ ਨੇ 26 ਸਤੰਬਰ ਨੂੰ ਆਪਣਾ ਫੈਸਲਾ ਵਾਪਸ ਲੈ ਲਿਆ ਤਾਂ ਗਾਂਧੀ ਜੀ ਨੇ ਵਰਤ ਖਤਮ ਕਰ ਦਿੱਤਾ। ਇਸ ਵਕਤ ਕਵੀ ਗਾਂਧੀ ਜੀ ਕੋਲ ਬੈਠੇ ਸਨ। ਗਾਂਧੀ ਨੇ ਲਿਖਿਆ, “ਈਸ਼ਵਰ ਦਾ ਨਾਮ ਲੈਕੇ ਵਰਤ ਸ਼ੁਰੂ ਕੀਤਾ ਸੀ। ਗੁਰੂਦੇਵ ਦੇ ਸਾਹਮਣੇ ਈਸ਼ਵਰ ਦਾ ਨਾਮ ਲੈਕੇ ਇਸ ਨੂੰ ਖਤਮ ਕਰਨ ਲੱਗਾ ਹਾਂ। ਇਸ ਮੌਕੇ ਕਵੀ ਨੇ ਗੀਤ ਗਾਇਆ :

ਜੀਵਨ ਜਖਨ ਸ਼ੁਕਾਏ ਜਾਏ
ਕਰੁਣਾ ਧਾਰਾਯ ਏਸੋ.....
(ਜਦੋਂ ਜੀਵਨ ਸੁੱਕ ਜਾਏ ਤਾਂ ਪ੍ਰਭ ਜੀ ਦਇਆ ਦੀ ਧਾਰਾ ਵਿਚ ਆਓ।
ਜਦੋਂ ਸਾਰੀ ਮਿਠਾਸ ਮੁੱਕ ਜਾਏ ਤਾਂ ਪ੍ਰਭ ਜੀ ਅੰਮ੍ਰਿਤ ਗੀਤ ਦੀ ਬਾਰਸ਼ ਕਰੋ।)

15 ਜਨਵਰੀ 1934 ਨੂੰ ਉਤਰੀ ਭਾਰਤ ਵਿਚ ਭਿਆਨਕ ਭੁਚਾਲ ਆਇਆ ਜਿਸ ਨਾਲ ਬੇਅੰਤ ਜਾਨੀ ਤੇ ਮਾਇਕ ਨੁਕਸਾਨ ਹੋਇਆ। ਠੰਢ ਦੇ ਦਿਨੀ ਲੋਕ ਅਸਮਾਨ ਹੇਠ ਸੌਣ ਲੱਗੇ। ਮਹਾਤਮਾ ਗਾਂਧੀ ਦਾ ਬਿਆਨ ਆਇਆ, “ਜਾਤ ਪਾਤ ਦੇ ਆਧਾਰ ਤੇ ਮਨੁੱਖ ਮਨੁੱਖ ਨੂੰ ਨਫ਼ਰਤ ਕਰਦਾ ਹੈ। ਇਹ ਭੂਚਾਲ ਇਸੇ ਪਾਪ ਦੀ ਰੱਬ ਵਲੋਂ ਦਿਤੀ ਸਜ਼ਾ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਛੂਤ ਅਛੂਤ ਨਾਲ ਇਸ ਭੂਚਾਲ ਦਾ ਅਦਿਖ ਸਬੰਧ ਜੁੜਿਆ ਹੋਇਆ ਹੈ।”

ਇਹ ਪੜ੍ਹਕੇ ਟੈਗੋਰ ਹੈਰਾਨ ਵੀ ਹੋਏ, ਦੁਖੀ ਵੀ। ਉਨ੍ਹਾਂ ਕਿਹਾ, “ਮੈਨੂੰ ਇਸ ਗੱਲ ਦਾ ਸਖਤ ਅਫਸੋਸ ਹੈ ਕਿ ਗਾਂਧੀ ਜੀ ਭੂਚਾਲ ਦਾ ਕਾਰਨ ਈਸ਼ਵਰੀ ਸਜ਼ਾ ਦਸਦੇ ਹਨ। ਇਸ ਤੋਂ ਵਧੀਕ ਦੁਖ ਇਸ ਗੱਲ ਦਾ ਹੈ ਇਸ ਤਰ੍ਹਾਂ ਦੀਆਂ ਗੈਰ ਵਿਗਿਆਨਕ ਗੱਲਾਂ ਨੂੰ ਭਾਰਤ ਵਾਸੀ ਸੱਚ ਮੰਨ ਲੈਂਦੇ ਹਨ।”

ਕਵੀ ਦੀ ਇਹ ਟਿਪਣੀ ਪੜ੍ਹਕੇ ਹਰੀਜਨ ਵਿਚ ਫਿਰ ਗਾਂਧੀ ਨੇ ਦੁਹਰਾਇਆ, “ਮੇਰੇ ਵਾਸਤੇ ਇਸ ਭੂਚਾਲ ਦਾ ਕਾਰਨ ਈਸ਼ਵਰ ਵਲੋਂ ਦਿਤੀ ਸਜ਼ਾ ਹੈ, ਇਹ ਮੇਰਾ ਕੋਈ ਅੰਧ ਵਿਸ਼ਵਾਸ ਨਹੀਂ। ਈਸ਼ਵਰ ਦੀਆਂ ਨੀਤੀਆਂ, ਨਿਯਮਾਂ ਤੇ ਕਾਰਜਵਿਧੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਮੇਰਾ ਇਹੋ ਵਿਸ਼ਵਾਸ ਹੈ ਕਿ ਇਹ ਈਸ਼ਵਰੀ ਪ੍ਰਕੋਪ ਹੈ।”

ਇਸ ਬਾਰੇ ਜਵਾਹਰ ਲਾਲ ਨਹਿਰੂ ਦੀ ਟਿੱਪਣੀ ਹੈ, “ਜਦੋਂ ਮੈਂ ਭੂਚਾਲ ਪੀੜਤ ਖੇਤਰਾਂ ਦਾ ਦੌਰਾ ਕਰ ਰਿਹਾ ਸਾਂ ਤਾਂ ਗਾਂਧੀ ਜੀ ਦਾ ਬਿਆਨ ਪੜ੍ਹਕੇ ਮੈਂ ਹੈਰਾਨ ਰਹਿ ਗਿਆ ਕਿ ਇਹ ਈਸ਼ਵਰ ਵਲੋਂ ਦਿਤੀ ਸਜ਼ਾ ਹੈ। ਇਹ ਬੜਾ ਨਿਰਾਸ਼ਾਜਨਕ ਖਿਆਲ ਹੈ। ਮੈਂ ਰਵਿੰਦਰ ਨਾਥ ਟੈਗੋਰ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।”

ਗਾਂਧੀ ਜੀ ਹਰੇਕ ਘਟਨਾ/ਦੁਰਘਟਨਾ ਵਿਚੋਂ ਸਿਆਸੀ ਸਮੀਕਰਣ ਲੱਭ ਲੈਂਦੇ ਸਨ ਤੇ ਇਨ੍ਹਾਂ ਵਿਚੋਂ ਮਨ ਚਾਹਿਆ ਲਾਭ ਪ੍ਰਾਪਤ ਕਰਦੇ ਸਨ। ਇਹ ਠੀਕ ਹੈ ਕਿ ਸਭ ਨਿੱਜੀ ਨਹੀਂ ਹੁੰਦਾ ਸੀ, ਦੇਸ ਦੇ ਭਲੇ ਲਈ ਹੁੰਦਾ ਸੀ। ਹਿੰਦੁਸਤਾਨੀਆਂ ਦੀ ਮਾਨਸਿਕਤਾ ਨੂੰ ਗਾਂਧੀ ਤੋਂ ਵਧੀਕ ਨਾ ਟੈਗੋਰ ਨੂੰ ਪਤਾ ਸੀ ਨਾ ਨਹਿਰੂ ਨੂੰ। ਇਹੀ ਕਾਰਨ ਹੈ ਕਿ ਲੋਕ ਟੈਗੋਰ ਅਤੇ ਨਹਿਰੂ ਤੋਂ ਵਧੀਕ ਗਾਂਧੀ ਜੀ ਵਿਚ ਵਿਸ਼ਵਾਸ ਕਰਦੇ ਸਨ। ਕੇਵਲ ਕਥਨਾ ਕਰਕੇ ਨਹੀਂ, ਗਾਂਧੀ ਦਾ ਜੀਵਨ ਵੀ ਆਮ ਗਰੀਬ ਪੇਂਡੂ ਵਰਗਾ ਸਾਦਾ ਸੀ ਜਦੋਂ ਕਿ ਟੈਗੋਰ ਅਤੇ ਨਹਿਰੂ ਦਾ ਰਹਿਣ ਸਹਿਣ ਕੁਲੀਨ ਵਰਗ ਵਾਲਾ ਸੀ।

ਸ਼ਾਂਤੀਨਿਕੇਤਨ ਟੈਗੋਰ ਦਾ ਉਹ ਸੁਫਨਾ ਸੀ ਜੋ ਸਾਕਾਰ ਹੋਇਆ। ਸਾਕਾਰ ਤਾਂ ਹੋ ਗਿਆ, ਪਰ ਖਰਚਾ ਬਹੁਤਾ, ਆਮਦਨ ਨਿਗੂਣੀ। ਜਿਨ੍ਹਾਂ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਸਤੇ ਉਸਨੇ ਖੁਦ ਦੀ ਸਾਰੀ ਪੂੰਜੀ ਲਾ ਦਿਤੀ, ਉਸ ਦੇਸ ਦੇ ਵਸਨੀਕ ਇਸ ਵਿਸ਼ਵ ਵਿਦਿਆਲੇ ਦੀ ਮਾਇਕ ਮਦਦ ਕਰਨ ਵਾਸਤੇ ਤਿਆਰ ਨਹੀਂ ਸਨ। ਭਾਰਤ ਵਾਸੀਆਂ ਦਾ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਤੱਕ ਇਹੋ ਰੁਝਾਣ ਤੁਰਿਆ ਆ ਰਿਹਾ ਹੈ ਕਿ ਉਹ ਜਾਂ ਧਰਮ ਦੇ ਨਾਮ ਤੇ ਪੈਸੇ ਦੇ ਦਿੰਦੇ ਸਨ ਜਾਂ ਫਿਰ ਰਾਜਨੀਤੀਵਾਨਾ ਨੂੰ। ਵਿਦਿਆਲਿਆਂ ਦਾ ਧਿਆਨ ਕਿਸੇ ਨੂੰ ਨਹੀਂ।ਟੈਗੋਰ ਵਕਤ ਦੇਸ ਗੁਲਾਮ ਸੀ, ਗਰੀਬ ਸੀ। ਫਿਰ ਵੀ ਜਿਹੜੇ ਧਨੀ ਲੋਕਾਂ ਪਾਸ ਪੈਸਾ ਹੋਣ ਦੀ ਸਮਰੱਥਾ ਸੀ ਉਹ ਵੀ ਹਿਚਕਚਾਉਂਦੇ ਕਿਉਂਕਿ ਉਨ੍ਹਾਂ ਦੀ ਦੋਸਤੀ ਗਾਂਧੀ ਜੀ ਨਾਲ ਸੀ। ਧਨਵਾਨ ਬੰਦੇ ਸਰਕਾਰ ਨੂੰ ਨਰਾਜ਼ ਨਹੀਂ ਕਰ ਸਕਦੇ ਹੁੰਦੇ।

ਹੱਥ ਵਿਚ ਠੂਠਾ ਫੜ ਕੇ ਮੰਗਣ ਤੁਰ ਪੈਣਾ ਵੀ ਟੈਗੋਰ ਦੇ ਸੁਭਾਅ ਵਿਚ ਨਹੀਂ ਸੀ। ਇਕ ਵਿਉਂਤ ਘੜੀ ਗਈ। ਥਾਂ ਥਾਂ ਪਿੰਡਾਂ ਸ਼ਹਿਰਾਂ ਵਿਚ ਘੁੰਮ ਕੇ ਟੈਗੋਰ ਦੀ ਰਚਨਾ ਨੂੰ ਮੰਚ ਉਤੇ ਪ੍ਰਸਤੁਤ ਕੀਤਾ ਜਾਵੇ। ਭਾਵੇਂ ਕਿ ਉਮਰ ਦਾ ਅਖੀਰਲਾ ਹਿੱਸਾ ਪਹੁੰਚ ਗਿਆ ਸੀ ਤੇ ਫੀਲਡ ਵਿਚ ਕੰਮ ਕਰਨਾ ਸੌਖਾ ਨਹੀਂ ਸੀ ਪਰ ਉਸ ਨੂੰ ਦੋ ਗੱਲਾਂ ਨੇ ਉਤਸ਼ਾਹਿਤ ਕਰੀ ਰੱਖਿਆ। ਇਕ ਤਾਂ ਸ਼ਾਂਤੀਨਿਕੇਤਨ ਜਿਉਂਦਾ ਰਹਿਣਾ ਚਾਹੀਦਾ ਸੀ, ਦੂਜੇ ਇਸ ਪ੍ਰਦਰਸ਼ਨ ਨਾਲ ਉਸ ਦੀ ਕਲਾ ਭਾਰਤੀਆਂ ਦੇ ਮਨ ਵਿਚ ਪੁੱਜਣੀ ਸੀ। ਉਨ੍ਹਾਂ ਦੇ ਦਿਲਾਂ ਵਿਚ ਵੀ ਉਤਰਨੀ ਸੀ ਜੋ ਪੜ੍ਹੇ ਲਿਖੇ ਨਹੀਂ ਸਨ, ਉਨ੍ਹਾਂ ਦੇ ਵੀ ਜੋ ਬੰਗਲਾ ਨਹੀਂ ਜਾਣਦੇ ਸਨ। ਉਨ੍ਹਾਂ ਨੇ ਸਾਜ਼ਿੰਦੇ, ਗਵੱਈਏ ਅਤੇ ਅਭਿਨੇਤਾ ਇਕੱਠੇ ਕੀਤੇ। ਖੁਦ ਨਿਰਦੇਸ਼ਕ ਹੁੰਦੇ। ਸਾਲ 1932 ਤੋਂ 1936 ਤੱਕ ਪੰਜ ਸਾਲ ਭਾਰਤ ਦੇ ਵਖ ਵੱਖ ਥਾਵਾਂ ਤੇ ਇਹ ਕੰਮ ਚਲਦਾ ਰਿਹਾ।

ਜਦੋਂ ਮੈਂ ਅਪ੍ਰੈਲ 2008 ਵਿਚ ਈਰਾਨ ਦੇ ਦੌਰੇ ਤੇ ਗਿਆ ਉਥੇ ਟੈਗੋਰ ਨਾਲ ਆਇਤੁੱਲਾ ਮਾਰਾਸ਼ੀ ਦੀ ਫੋਟੋ ਦੇਖੀ। ਮਾਰਾਸ਼ੀ ਨੇ ਵਿਸ਼ਵ ਪ੍ਰਸਿੱਧ ਲਾਇਬਰੇਰੀ ਕੁੰਮ ਸ਼ਹਿਰ ਵਿਚ ਸਥਾਪਤ ਕੀਤੀ ਹੈ ਜਿਸ ਦਾ ਵਿਸਥਾਰ ਨਾਲ ਜ਼ਿਕਰ ਮੈਂ ਆਪਣੀ ਕਿਸੇ ਹੋਰ ਲਿਖਤ ਵਿਚ ਕੀਤਾ ਹੈ। ਯਾਤਰਾਵਾਂ ਦੌਰਾਨ ਟੈਗੋਰ ਦੀ ਸਾਹਿਤ ਰਚਨਾ ਵੀ ਨਾਲੋ ਨਾਲ ਚਲਦੀ ਰਹੀ।

ਉਸਦੀਆਂ ਅਖੀਰਲੀਆਂ ਰਚਨਾਵਾਂ ਵਿਚ ਹੋਰ ਮਿਠਾਸ, ਵਧੀਕ ਸ਼ਾਂਤੀ ਦਾ ਪ੍ਰਵੇਸ਼ ਹੁੰਦਾ ਹੈ। ਸ਼ਾਂਤੀਨਿਕੇਤਨ ਦੇ ਲਾਗਿਓਂ ਕੋਪਾਈ ਨਦੀ ਲੰਘਦੀ ਹੈ। ਬਚਪਨ ਤੋਂ ਬੁਢੇਪੇ ਤਕ ਉਹ ਕੋਪਾਈ ਦੇ ਅੰਗ ਸੰਗ ਰਿਹਾ। ਨਿਕੇ ਹੁੰਦਿਆਂ ਮਲਾਹ ਤੋਂ ਨਦੀ ਨਾਲ ਸਬੰਧਤ ਕਹਾਣੀਆਂ ਸੁਣਦਿਆਂ ਸੁਣਦਿਆਂ ਅਤੇ ਨਦੀ ਦੇ ਆਲੇ ਦੁਆਲੇ ਘੁੰਮਦੇ ਲੋਕਾਂ ਨੂੰ ਦੇਖਦਿਆਂ ਉਸ ਦੇ ਦਿਲ ਅੰਦਰ ਸਥਾਈ ਯਾਦਾਂ ਕਾਇਮ ਹੋ ਗਈਆਂ। ਇਕ ਵੰਨਗੀ ਦੇਖੋ, “ਉਸਦੀਆਂ ਗੱਲਾਂ ਵਿਦਵਾਨਾ ਵਰਗੀਆਂ ਨਹੀਂ, ਸਗੋਂ ਆਮ ਬੰਦਿਆਂ ਵਾਂਗ ਸਿੱਧੀਆਂ ਸਾਦੀਆਂ ਹਨ। ਮੋਢੇ ਉਪਰ ਤੀਰ ਕਮਾਨ ਲਟਕਾਈ ਜਦੋਂ ਕੋਈ ਸਨਿਆਸੀ ਬਾਲਕ ਇਸ ਦੇ ਕਿਨਾਰੇ ਕਿਨਾਰੇ ਤੁਰਦਾ ਹੈ ਤਾਂ ਲਹਿਰਾਂ ਭੈ ਭੀਤ ਨਹੀਂ ਹੁੰਦੀਆਂ। ਬਲਦ ਸਹਿਜੇ ਸਹਿਜੇ ਗੱਡਾ ਖਿਚਦੇ ਤੁਰੀ ਜਾਂਦੇ ਹਨ। ਆਪਣੇ ਝੁਕੇ ਹੋਏ ਮੋਢੇ ਉਪਰ ਘੁਮਿਆਰ ਬਰਤਣਾ ਦੀ ਵਹਿੰਗੀ ਚੁਕੀ, ਟੁਟਦੇ ਜੁੜਦੇ ਸਾਹਾਂ ਨਾਲ ਤੁਰਿਆ ਜਾ ਰਿਹਾ ਹੈ। ਪਿੰਡ ਦਾ ਪਾਲਤੂ ਕੁੱਤਾ ਉਸਦੀ ਛਾਂ ਦੇ ਨਾਲ ਨਾਲ ਤੁਰਿਆ ਜਾ ਰਿਹਾ ਹੈ ਕੁਝ ਦੂਰ ਤੱਕ। ਆਪਣਾ ਸਮਾਂ ਉਸਨੇ ਇਸ ਤਰ੍ਹਾਂ ਬੰਨ੍ਹ ਲਿਆ ਹੈ ਜਿਵੇਂ ਪਿੰਡ ਦੇ ਸਕੂਲ ਮਾਸਟਰ ਨੂੰ ਤਿੰਨ ਰੁਪਏ ਮਹੀਨੇ ਦੀ ਤਨਖਾਹ ਨੇ ਬੰਨ੍ਹ ਲਿਆ ਹੈ, ਆਪਣੇ ਹੱਥ ਵਿਚ ਬੋਦੀ ਪੁਰਾਣੀ ਛਤਰੀ ਫੜੀ ਹੌਲੀ ਹੌਲੀ ਪੜ੍ਹਾਉਣ ਜਾ ਰਿਹਾ ਹੈ।” ਇਹ ਸਤਰਾਂ ”ਕੋਪਾਈ” ਕਵਿਤਾ ਵਿਚੋਂ ਹਨ। ਕਵੀ ਲਈ ਸੁਰਗ ਕਿਤੇ ਦੂਰ ਅਸਮਾਨ ਵਿਚ ਨਹੀਂ, ਧਰਤੀ ਉਪਰ ਹੈ। ਉਸਦਾ ਕਥਨ ਹੈ, “ਮੈਂ ਪਿਆਰ ਕੀਤਾ। ਪਤਾ ਨਹੀਂ ਕਿੰਨਾ ਅਤੇ ਕਿਸ ਤਰ੍ਹਾਂ ਦਾ। ਮੈਂ ਧਰਤੀ ਨੂੰ ਪਿਆਰ ਕੀਤਾ। ਦੇਰ ਤਕ ਮੇਰੀਆਂ ਅੱਖਾਂ ਲਗਾਤਾਰ ਧਰਤੀ ਨੂੰ ਦੇਖਦੀਆਂ ਰਹਿੰਦੀਆਂ ਹਨ। ਭੁੱਖ ਅਤੇ ਤਰੇਹ ਵਿਚ ਵੀ ਮੈਂ ਪਿਆਰ ਦਾ ਅੰਮ੍ਰਿਤ ਛਕਿਆ। ਇਸ ਦੇ ਰੇਤੇ ਵਿਚ ਮੈਨੂੰ ਆਪਣੇ ਜੀਵਨ ਦੀ ਸੱਚੀ ਸਾਰਥਕਤਾ ਮਿਲੀ। ਦੁਰਕਾਰੇ ਹੋਇਆਂ ਬੇਇਜ਼ਤ ਹੋਇਆਂ ਲੋਕਾਂ ਵਿਚ ਮੈਨੂੰ ਆਪਣੀ ਮੁਕਤੀ ਮਿਲੀ ਹੈ।”

”ਪੁਨਸ਼ਚ” ਨਾਮ ਦੀ ਇਕ ਕਵਿਤਾ ਵਿਚ ਕਵੀ ਨੇ ਇਕ ਘਟਨਾ ਚਿਤਰ ਦਿਤੀ ਹੈ। ਅਮੀਨਾ ਮੁਸਲਮਾਨ ਲਲਾਰੀ ਦੀ ਧੀ ਹੈ। ਵਿਦਵਾਨ ਬ੍ਰਾਹਮਣ ਸ਼ੰਕਰ ਲਾਲ ਨੂੰ ਆਪਣੇ ਪੰਡਤਾਊਪਣ ਉਪਰ ਭਾਰੀ ਫਖਰ ਸੀ। ਉਸਨੇ ਕਿਸੇ ਹੋਰ ਵਿਦਵਾਨ ਨਾਲ ਟੱਕਰ ਲੈਣ ਵਾਸਤੇ ਜਾਣਾ ਸੀ। ਉਨ੍ਹਾਂ ਦਿਨਾਂ ਵਿਚ ਇਹੋ ਜਿਹੀਆਂ ਬੌਧਿਕ ਕੁਸ਼ਤੀਆਂ ਆਮ ਹੋਇਆ ਕਰਦੀਆਂ ਸਨ। ਉਸਨੇ ਦੇਖਿਆ ਕਿ ਦਸਤਾਰ ਮੈਲੀ ਹੋ ਗਈ ਹੈ। ਲਲਾਰੀ ਨੂੰ ਧੋਣ ਅਤੇ ਰੰਗਣ ਵਾਸਤੇ ਦੇ ਦਿਤੀ। ਲਲਾਰੀ ਨੇ ਆਪਣੀ ਧੀ ਅਮੀਨਾ ਨੂੰ ਕਿਹਾ - ਜਾਹ, ਨਦੀ ਉਪਰ ਜਾਕੇ ਪੱਗ ਧੋ ਲਿਆ। ਜਦੋਂ ਕੁੜੀ ਪੱਗ ਧੋ ਕੇ ਸੁਕਣੇ ਪਾਣ ਲੱਗੀ ਤਾਂ ਉਸਨੇ ਦਸਤਾਰ ਦੇ ਇਕ ਕੋਨੇ ਵਿਚ ਕਵਿਤਾ ਦੀ ਪੰਕਤੀ ਧਾਗੇ ਨਾਲ ਲਿਖੀ ਹੋਈ ਦੇਖੀ। ਲਿਖਿਆ ਸੀ :

ਤੋਮਾਰ ਸ਼੍ਰੀਪਦ ਮੋਰ ਲਲਾਟੇ ਬਿਰਾਜੇ।।
(ਤੁਹਾਡੇ ਪਵਿਤਰ ਚਰਨ ਮੇਰੇ ਸਿਰ ਉਪਰ ਸ਼ੁਸ਼ੋਭਿਤ ਹਨ।)

ਅਮੀਨਾ ਆਪਣੀ ਝੋਂਪੜੀ ਵਿਚ ਗਈ। ਸੂਈ ਵਿਚ ਧਾਗਾ ਪਰੋਇਆ ਤੇ ਇਹ ਪੰਕਤੀ ਲਿਖ ਕੇ ਕਵਿਤਾ ਦਾ ਬੰਦ ਪੂਰਾ ਕਰ ਦਿਤਾ :

ਪਰਸ਼ ਪਾਈਨੇ ਤਾਈ ਹਰਦਯੇਰ ਮਾਝੇ।।
(ਇਸ ਵਾਸਤੇ ਦਿਲ ਉਨ੍ਹਾਂ ਦੀ ਥਾਹ ਪਾ ਹੀ ਨਹੀਂ ਸਕਿਆ।)

ਪੰਡਿਤ ਨੇ ਦੂਜੀ ਸਤਰ ਪੜ੍ਹ ਕੇ ਕਿਹਾ - ਕੁੜੀਏ, ਹੁਣ ਮੈਂ ਰਾਜਦਰਬਾਰ ਵਿਚ ਬਹਿਸ ਕਰਨ ਕੀ ਜਾਣਾ? ਤੂੰ ਮੇਰੇ ਘੁਮੰਡ ਨੂੰ ਦਿਲ ਦੇ ਗਿਆਨ ਵਿਚ ਬਦਲ ਦਿਤਾ ਜੋ ਹੁਣ ਤਕ ਸਿਰ ਵਿਚ ਸੀ। ਹੁਣ ਮੇਰਾ ਰਸਤਾ ਕੋਈ ਹੋਰ ਹੈ।

ਇਕ ਸ਼ਾਮ ਕਵੀ ਅਪਣੇ ਕਮਰੇ ਵਿਚ ਇਕੱਲਾ ਬੈਠਾ ਸੀ। ਉਸਨੂੰ ਇਕ ਕੁੜੀ ਯਾਦ ਆਈ ਜਿਸ ਨਾਲ ਉਹ ਬਚਪਨ ਵਿਚ ਖੇਡਿਆ ਕਰਦਾ ਸੀ। ਉਸ ਨੂੰ ਕਵਿਤਾ ਵਿਚ ਉਤਾਰਦਿਆਂ ਲਿਖਦਾ ਹੈ - ਅਚਾਨਕ ਜਿਵੇਂ ਕੋਈ ਸਰਸਰਾਹਟ ਮੇਰੇ ਨੇੜੇ ਆ ਗਈ। ਮੈਂ ਉਸਦੇ ਸਾਹਾਂ ਦੀ ਮਹਿਕ ਪਛਾਣ ਗਿਆ, ਉਸਦੇ ਆਉਣ ਦਾ ਅਹਿਸਾਸ ਹੋਇਆ। ਮੈਂ ਪੁੱਛਿਆ - ਦੂਜੀ ਦੁਨੀਆਂ ਵਿਚੋਂ ਤੂੰ ਵਾਪਸ ਪਰਤ ਆਈ ਹੈਂ ਕੁੜੀਏ? ਕੁੜੀ ਬੋਲੀ - ਕਿਸ ਕੋਲ ਆਵਾਂ ਵਾਪਸ? ਕਵੀ ਨੇ ਪੁਛਿਆ ਕੀ ਮੈਂ ਇਥੇ ਨਹੀਂ? ਕੀ ਤੈਨੂੰ ਮੈਂ ਦਿਖਾਈ ਨਹੀਂ ਦਿੰਦਾ? ਫਿਰ ਆਵਾਜ਼ ਆਈ - ਧਰਤੀ ਉਪਰ ਜਿਹੜਾ ਮੇਰਾ ਸੀ, ਉਹ ਮੇਰੇ ਬਚਪਨ ਦਾ ਸਾਥੀ ਸੀ ਇਕ ਨਿਕਾ ਜਿਹਾ। ਇਸ ਕਮਰੇ ਵਿਚ ਉਹ ਤਾਂ ਕਿਤੇ ਨਹੀਂ। ਮੈਂ ਪੁੱਛਿਆ - ਕੀ ਉਹ ਕਿਤੇ ਨਹੀਂ? ਇਕ ਹਲਕੀ ਆਵਾਜ਼ ਫਿਰ ਸੁਣੀ - ਉਹ ਉਥੇ ਹੈ ਜਿਥੇ ਮੈਂ ਹਾਂ। ਹੋਰ ਕਿਤੇ ਨਹੀਂ ਦਿੱਸਿਆ।

ਕਵੀ ਪਰਿਵਾਰ ਦੇ ਸਾਰੇ ਜੀ ਇਕ ਇਕ ਕਰਕੇ ਵਿਛੜ ਗਏ। ਇਕ ਧੀ ਬਚੀ ਸੀ ਕੇਵਲ, ਇਸ ਧੀ ਦਾ ਇਕਲੌਤਾ ਪੁੱਤਰ ਜਰਮਨੀ ਵਿਚ ਮੌਤ ਨਾਲ ਘੁਲ ਰਿਹਾ ਸੀ। ਮਾਂ ਸਿਰਹਾਣੇ ਬੈਠੀ ਸੀ। ਪੁੱਤਰ ਦੀ ਮੌਤ ਹੋਈ, ਅਗਲੇ ਦਿਨ ਉਸਦੀ ਮਾਂ ਵੀ ਚਲ ਵਸੀ। ਇਹ ਸਾਰਾ ਕੁਝ ਰਵੀ ਲਈ ਸਹਿਨ ਕਰਨਾ ਮੁਸਕਲ ਬਣ ਰਿਹਾ ਸੀ। ਉਸ ਨੇ ਆਪਣੀ ਰਿਹਾਇਸ਼ ਬਦਲਣੀ ਸ਼ੁਰੂ ਕਰ ਦਿਤੀ। ਅੱਜ ਇਥੇ, ਕੱਲ੍ਹ ਉਥੇ, ਜਿਸ ਥਾਂ ਅੱਜ ਸੁੱਤਾ, ਕੱਲ੍ਹ ਉਥੇ ਨਹੀਂ ਰਹੇਗਾ। ਆਖ਼ਰ ਫੈਸਲਾ ਕੀਤਾ ਕਿ ਮਿੱਟੀ ਦਾ ਕੱਚਾ ਕਮਰਾ ਉਸਾਰ ਕੇ ਉਸ ਵਿਚ ਰਹਿਣਾ ਹੈ। ਜਦੋਂ ਮਿਟੀ ਨਾਲ ਮਿਟੀ ਹੋਣ ਦਾ ਮੌਕਾ ਆ ਹੀ ਰਿਹਾ ਹੈ ਨੇੜੇ, ਫੇਰੇ ਪਹਿਲੋਂ ਕਿਉਂ ਨਾ ਮਿੱਟੀ ਦੇ ਵਿਚਕਾਰ ਘਿਰ ਜਾਈਏ। ਬਸ, ਬੇਚੈਨੀ ਤੋਂ ਮੁਕਤ ਹੋਣ ਦੇ ਰਸਤੇ ਸਨ ਸਾਰੇ।

ਕਲਕੱਤੇ ਤੋਂ ਗੀਤ ਨਾਟਕਾਂ ਦੀ ਯਾਤਰਾ ਉਤਰ ਵਲ ਵਧਦੀ ਵਧਦੀ ਦਿਲੀ ਤੱਕ ਪੁੱਜੀ। ਉਨ੍ਹੀ ਦਿਨੀ ਗਾਂਧੀ ਜੀ ਦਿਲੀ ਵਿਚ ਸਨ। ਉਨ੍ਹਾਂ ਨੂੰ ਦੁਖ ਹੋਇਆ ਕਿ ਏਨੀ ਵੱਡੀ ਉਮਰੇ ਟੈਗੋਰ ਨੂੰ ਸ਼ਾਂਤੀਨਿਕੇਤਨ ਵਾਸਤੇ ਧਨ ਇਕੱਠਾ ਕਰਨ ਦਾ ਕਸ਼ਟ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਸੱਠ ਹਜ਼ਾਰ ਦਾ ਚੈਕ ਦੇ ਕੇ ਕਿਹਾ - “ਹੁਣ ਆਰਾਮ ਕਰਨ ਦੀ ਉਮਰ ਹੈ ਗੁਰਦੇਵ। ਵਾਪਸ ਜਾਉ।”

ਪਰ ਉਨ੍ਹਾਂ ਨੂੰ ਕਿਤਾਬਾਂ ਵਿਚੋਂ ਨਿਕਲ ਕੇ ਮੰਚ ਉਪਰ ਤੁਰਦਾ ਫਿਰਦਾ ਆਰਟ ਦੇਖਣਾ ਚੰਗਾ ਲੱਗਣ ਲੱਗ ਪਿਆ ਸੀ।ਕ੍ਰਿਸ਼ਨਾ ਕ੍ਰਿਪਲਾਨੀ ਨੇ ਲਿਖਿਆ- ਸ਼ਾਂਤ ਚਿਤ ਇਕ ਪਾਸੇ ਬੈਠੇ ਦੇਖਦੇ ਰਹਿੰਦੇ, ਨਾ ਦਰਸ਼ਕ ਵਾਂਗ, ਨਾ ਆਲੋਚਕ ਵਾਂਗ, ਇਉਂ ਲਗਦਾ ਹੁੰਦਾ ਜਿਵੇਂ ਇਕ ਪਾਸੇ ਰਚਨਾ ਸਾਖਿਆਤ ਹੈ, ਦੂਜੇ ਪਾਸੇ ਰਚਨਾ ਦਾ ਦਸਤਖਤ ਬੈਠਾ ਹੈ।

ਸਾਲ 1937, ਸਰਦੀ ਨੇੜੇ ਨੇੜੇ ਸਰਕਦੀ ਆ ਰਹੀ ਸੀ। ਦਸ ਸਤੰਬਰ ਦੀ ਸ਼ਾਮ, ਕੁਰਸੀ ਤੇ ਬੈਠੇ ਬੈਠੇ ਬੇਹੋਸ਼ ਹੋ ਗਏ। ਉਦੋਂ ਟੈਲੀਫੋਨਾ ਦੀ ਸੁਵਿਧਾ ਨਹੀਂ ਸੀ। ਕਲਕਤੇ ਡਾਕਟਰਾਂ ਤੱਕ ਖਬਰ ਕਰਦਿਆਂ ਕਰਦਿਆਂ ਦੇਰ ਹੋ ਗਈ। ਕੋਈ ਬਿਮਾਰੀ ਨਹੀਂ ਸੀ, ਠੀਕ ਲਿਖਦੇ ਪੜ੍ਹਦੇ ਸਨ। ਕੀ ਹੋ ਗਿਆ ਅਚਾਨਕ? ਸੋਲਾਂ ਪਹਿਰ ਬੇਹੋਸ਼ੀ ਦੌਰਾਨ ਮੌਤ ਅਤੇ ਜੀਵਨ ਵਿਚਕਾਰ ਲਟਕਦੇ ਰਹੇ। ਫੇਰ ਸਹਿਜੇ ਸਹਿਜੇ ਹੋਸ਼ ਆਈ। ਇਸ ਘਟਨਾ ਪਿਛੋਂ ਅਠਾਰਾਂ ਕਵਿਤਾਵਾਂ ਦੀ ਮਾਲਾ ਛਪਵਾਈ ਜਿਸਦਾ ਨਾਮ ”ਪ੍ਰਾਂਤਿਕ” ਰੱਖਿਆ। ਇਨ੍ਹਾਂ ਕਵਿਤਾਵਾਂ ਵਿਚ ਵੈਰਾਗ ਜਾਂ ਦੁਖ ਨਹੀਂ ਹੈ। ਕਵੀ ਜਿਵੇਂ ਹਰੇਕ ਅਨੁਭਵ ਤੋਂ ਸੁਤੰਤਰ ਹੋ ਗਿਆ ਹੋਵੇ, ਲਿਖਿਆ, “ਮੰਚ ਉਪਰ ਪਰਦਾ ਉਠਿਆ, ਮੰਚ ਉਪਰ ਕੁਝ ਨਹੀਂ ਸੀ। ਪਰਦਾ ਗਿਰਿਆ, ਫੇਰ ਵੀ ਕੁਝ ਨਹੀਂ ਸੀ, ਨਾ ਸ਼ਿੰਗਾਰ, ਨਾ ਸ਼ਿੰਗਾਰ ਕਰਨ ਵਾਲੇ। ਕਵੀ ਨੂੰ ਕਦੀ ਕਦਾਈਂ ਬੇਚੈਨ ਕਰਨ ਵਾਲੇ ਸੁਫਨੇ ਆਉਂਦੇ। ਲਿਖਿਆ - “ਇਕ ਵਾਰ ਮੈਂ ਦੇਖਿਆ, ਕਲਕੱਤਾ ਲੜਖੜਾਂਦੇ ਕਦਮਾ ਨਾਲ ਕਿਸੇ ਪਾਸੇ ਜਾਣ ਵਾਸਤੇ ਤੁਰ ਪਿਆ। ਹਜ਼ਾਰਾਂ ਰੌਸ਼ਨੀਆਂ ਇਕ ਦੂਜੀ ਨੂੰ ਅੱਗੇ ਧਕਦੀਆਂ ਜਾ ਰਹੀਆਂ ਸਨ। ਇਟਾਂ ਦੀਆਂ ਵਿਸ਼ਾਲ ਇਮਾਰਤਾਂ ਗੈਂਡਿਆਂ ਵਾਂਗ ਤੁਰ ਪਈਆਂ, ਖਿੜਕੀਆਂ ਤੇ ਦਰਵਾਜੇ ਫੜਫੜਾਣ ਲੱਗੇ। ਗਲੀਆਂ ਸਰਾਲਾਂ ਵਾਂਗ ਤੁਰ ਪਈਆਂ ਜਿਨ੍ਹਾਂ ਵਿਚਕਾਰ ਬੱਸਾਂ, ਕਾਰਾਂ, ਟਰਾਮਾਂ ਡਿਗਣ ਲੱਗੀਆਂ। ਬਜਾਰ ਦੀਆਂ ਦੁਕਾਨਾ ਨਸ਼ੇ ਵਿਚ ਟੱਲੀ ਸ਼ਰਾਬੀ ਵਾਂਗ ਸ਼ੋਰ ਕਰਦੀਆਂ, ਲੜਦੀਆਂ ਦੇਖੀਆਂ। ਹੈਰੀਸਨ ਸੜਕ ਨੂੰ ਅਪਣੇ ਮਗਰ ਮਗਰ ਧਰੂੰਹਦਾ ਹੋਇਆ ਹਾਵੜਾ ਪੁਲ ਵਡੇ ਬਿਛੂ ਵਾਂਗ ਦਿੱਸਿਆ। ਪਾਗਲ ਹੋਇਆ ਸਾਡਾ ਸਕੂਲ ਸਭ ਤੋਂ ਅਗੇ ਭੱਜਣ ਲੱਗਾ, ਗਣਿਤ ਤੇ ਵਿਆਕਰਣ ਦੀਆਂ ਕਿਤਾਬਾਂ ਉਸ ਤੋਂ ਵੀ ਅੱਗੇ ਨਿਕਲ ਗਈਆਂ। ਕਰੋੜਾਂ ਲੋਕ ਚੀਕੇ - ਇਸ ਪਾਗਲਪਨ ਨੂੰ ਰੋਕੋ। ਉਏ ਕਲਕੱਤੇ, ਤੂੰ ਦਸ ਤਾਂ ਦੇਹ ਕਿਧਰ ਚੱਲਿਐਂ? ਰਫ਼ਤਾਰ ਦੇ ਨਸ਼ੇ ਵਿਚ ਚੂਰ ਕਲਕਤੇ ਦੇ ਕੰਨਾ ਤੱਕ ਅਵਾਜਾਂ ਪੁੱਜੀਆਂ ਈ ਨਾਂ। ਉਸ ਦੀ ਨੱਚਣ ਦੀ ਇਛਾ ਕਾਰਨ ਖੰਭੇ ਅਤੇ ਕੰਧਾਂ ਬੇਚੈਨ ਹੋ ਗਈਆਂ। ਮੈਂ ਸੋਚਣ ਲੱਗਾ, ਕਲਕੱਤੇ ਨੇ ਜੇ ਦਿਲੀ ਆਗਰੇ ਜਾਂ ਲਾਹੌਰ ਜਾਣਾ ਹੈ ਫੇਰ ਇਸ ਨੂੰ ਪੱਗ ਬੰਨ੍ਹਣੀ ਤੇ ਜੁੱਤੇ ਪਹਿਨਣੇ ਚਾਹੀਦੇ ਨੇ। ਜੇ ਇਸ ਦਾ ਫੈਸਲਾ ਇੰਗਲੈਂਡ ਜਾਣ ਦਾ ਹੈ ਫੇਰ ਟੋਪ, ਸੂਟ ਤੇ ਬੂਟ ਪਹਿਨ ਲਵੇ। ਫੇਰ ਇਕ ਧਮਾਕਾ ਹੋਇਆ। ਮੇਰੀ ਅੱਖ ਖੁੱਲ੍ਹ ਗਈ। ਕਲਕਤਾ ਹਮੇਸ਼ ਵਾਂਗ ਕਲਕੱਤੇ ਵਿਚ ਸੀ।”

ਪੰਜ ਅਪ੍ਰੈਲ 1940 ਨੂੰ ਸੀ.ਐਫ. ਐਂਡ੍ਰਿਊਜ਼ ਦਾ ਕਲਕੱਤੇ ਵਿਚ ਦੇਹਾਂਤ ਹੋ ਗਿਆ। ਕਵੀ ਦੇ ਦਿਲ ਉਪਰ ਇਕ ਹੋਰ ਸੱਟ। ਸ਼ਰਧਾਂਜਲੀ ਦਿੰਦਿਆਂ ਕਿਹਾ - ਕਿਸੇ ਹੋਰ ਬੰਦੇ ਵਿਚ ਇਸ ਤਰ੍ਹਾਂ ਦੀ ਸਰੇਸ਼ਟ ਈਸਾਈਅਤ ਮੈਂ ਨਹੀਂ ਦੇਖੀ। ਐਂਡ੍ਰਿਊਜ਼ ਕਿਹਾ ਕਰਦਾ ਸੀ - ਮਹਾਤਮਾ, ਅੰਗਰੇਜ਼ਾਂ ਨੂੰ ਗਾਲਾਂ ਦੇਣ ਦੀ ਤੁਹਾਨੂੰ ਕੋਈ ਲੋੜ ਨਹੀਂ। ਤੁਹਾਡੀ ਥਾਂ ਇਹ ਕੰਮ ਮੈਂ ਕਰਦਾ ਰਹਾਂਗਾ।

ਟੈਗੋਰ ਨੇ ਅੰਗਰੇਜ਼ੀ ਵਿਚ ਸਭ ਤੋਂ ਵਧੀਕ ਖ਼ਤ ਐਂਡ੍ਰਿਊਜ ਨੂੰ ਲਿਖੇ ਹਨ। ਐਂਡ੍ਰਿਊਜ ਨੇ ਖੁਦ ਇਨ੍ਹਾਂ ਦਾ ਸੰਗ੍ਰਹਿ ਆਪਣੇ ਜਿਉਂਦੇ ਜੀ ਛਪਵਾ ਦਿਤਾ ਸੀ ਜਿਸਦਾ ਟਾਈਟਲ ਹੈ - ਲੈਟਰਜ਼ ਟੂ ਏ ਫਰੈਂਡ । ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਟੈਗੋਰ ਨੂੰ ਇਕ ਅਜਿਹਾ ਮਿੱਤਰ ਮਿਲ ਗਿਆ ਸੀ ਜਿਸ ਅਗੇ ਉਹ ਦਿਲ ਦੇ ਸਾਰੇ ਰਹੱਸ ਪ੍ਰਗਟ ਕਰ ਸਕਦਾ ਸੀ। ਐਂਡ੍ਰਿਊਜ ਦਾ ਦਿਲ ਅਨੰਤ ਮਿਹਰਬਾਨੀਆਂ ਨਾਲ ਲਬਰੇਜ਼ ਸੀ ਜਿਸ ਕਾਰਨ ਭਾਰਤ ਵਿਚ ਉਸਦਾ ਨਾਮ ਦੀਨਬੰਧੂ ਪੈ ਗਿਆ ਸੀ। ਐਂਡ੍ਰਿਊਜ ਦੀ ਮੌਤ ਪਿਛੋਂ ਕਵੀ ਜੀ ਅਕਸਰ ਕਹਿਣ ਲਗ ਪਏ ਸਨ - ਮੈਂ ਹੁਣ ਘਾਟ ਦੀਆਂ ਪੌੜੀਆਂ ਉਪਰ ਬੈਠਾ ਹਾਂ, ਮਲਾਹ ਨੂੰ ਉਡੀਕ ਰਿਹਾਂ ਕਿ ਅਗਲੇ ਪਾਰ ਮੈਨੂੰ ਵੀ ਲੈ ਚੱਲ ਹੁਣ। ਆਕਸਫੋਰਡ ਯੂਨੀਵਰਸਿਟੀ ਨੇ 7 ਅਗਸਤ 1940 ਨੂੰ ਕਵੀ ਨੂੰ ਆਨਰੇਰੀ ਡੀ. ਲਿਟ. ਦੀ ਡਿਗਰੀ ਦੇਣ ਦਾ ਫੈਸਲਾ ਕੀਤਾ। ਭਾਰਤ ਦੀ ਸੁਪਰੀਮ ਕੋਰਟ ਦੇ ਉਸ ਵਕਤ ਦੇ ਜੱਜ ਸਰ ਮੌਰਿਸ ਗਵੇਅਰ, ਡਾ. ਰਾਧਾ ਕ੍ਰਿਸ਼ਨਨ ਅਤੇ ਕਲਕੱਤਾ ਹਾਈ ਕੋਰਟ ਦੇ ਜੱਜ ਨੇ ਆਕਸਫੋਰਡ ਦੀ ਪ੍ਰਤੀਨਿਧਤਾ ਕੀਤੀ। ਇਹ ਸਨਮਾਨ ਸ਼ਾਂਤੀਨਿਕੇਤਨ ਵਿਚ ਪ੍ਰਦਾਨ ਕੀਤਾ ਗਿਆ। ਇਸ ਸੰਦਰਭ ਵਿਚ ਰੋਜ਼ਨਸਟੀਨ ਦੀ ਇਹ ਟਿਪਣੀ ਦਿਲਚਸਪ ਹੈ, “ਫਾਕਸ ਸਟੇਨਵੇਜ਼ ਦਾ ਵਿਚਾਰ ਸੀ ਕਿ ਆਕਸਫੋਰਡ ਜਾਂ ਕੈਂਬਰਿਜ, ਦੋਵਾਂ ਵਿਚੋਂ ਕੋਈ ਯੂਨੀਵਰਸਿਟੀ ਟੈਗੋਰ ਨੂੰ ਸਨਮਾਨਿਤ ਕਰੇ। ਜਦੋਂ ਉਸਨੇ ਇਸ ਬਾਬਤ ਲਾਰਡ ਕਰਜ਼ਨ ਦੀ ਸਲਾਹ ਲਈ ਤਾਂ ਵਾਇਸਰਾਇ ਕਰਜ਼ਨ ਨੇ ਕਿਹਾ - ਭਾਰਤ ਵਿਚ ਟੈਗੋਰ ਨਾਲੋਂ ਵੱਡੇ ਬੰਦੇ ਮੌਜੂਦ ਹਨ। ਮੈਂ ਹੈਰਾਨ ਰਹਿ ਗਿਆ ਕਿ ਉਸ ਤੋਂ ਵੱਡਾ ਹੋਰ ਕੋਣ ਹੋ ਸਕਦਾ ਹੈ। ਟੈਗੋਰ ਦੀ ਸਾਹਿਤ ਸਿਰਜਣਾ ਤੋਂ ਇੰਗਲੈਂਡ ਇਉਂ ਮੁਕਰ ਜਾਏਗਾ, ਇਹ ਜਾਣਕੇ ਦੁਖ ਹੋਇਆ। ਹੁਣ ਮੈਂ ਸਮਝ ਗਿਆ ਕਿ ਇੰਗਲੈਂਡ ਨੇ ਆਪਣੇ ਆਪ ਨੂੰ ਪਰਾਇਆ ਮੁਲਕ ਸਮਝ ਲਿਆ ਹੈ।”

26 ਸਤੰਬਰ ਨੂੰ ਉਹ ਬਿਮਾਰ ਹੋ ਗਏ। ਇਸ ਵਕਤ ਉਹ ਕਲਿੰਪਾਂਗ ਪਹਾੜੀ ਉਪਰ ਆਰਾਮ ਕਰ ਰਹੇ ਸਨ। ਜਦੋਂ ਤੱਕ ਕਲਕੱਤੇ ਤੋਂ ਡਾਕਟਰ ਨਹੀਂ ਆਉਂਦੇ, ਉਦੋਂ ਤਕ ਦਾਰਜੀਲੰਗਿ ਦੇ ਸਿਵਿਲ ਸਰਜਨ ਕੋਲ ਬੇਨਤੀ ਕੀਤੀ ਕਿ ਉਹ ਮਹਾਂਕਵੀ ਦੀ ਜਾਂਚ ਕਰਕੇ ਦਵਾਈ ਦੇਵੇ। ਉਹ ਬੜੀ ਬੇਰੁਖੀ ਨਾਲ ਪੇਸ਼ ਆਇਆ। ਤੁਰ ਤਾਂ ਪਿਆ, ਪਰ ਆਕੇ ਪੁਛਿਆ - ਇਸ ਨੂੰ ਅੰਗਰੇਜ਼ੀ ਆਉਂਦੀ ਹੈ ਮਾੜੀ ਮੋਟੀ? ਇਹ ਸਾਰਾ ਕੁਝ ਦਰਸਾ ਰਿਹਾ ਸੀ ਕਿ ਅੰਗਰੇਜ਼ ਭਾਰਤੀਆਂ ਨਾਲੋਂ ਖੁਦਬਖੁਦ ਕਿੰਨੇ ਦੂਰ ਹੋ ਚੁੱਕੇ ਹਨ। ਜਾਂਚ ਕਰਕੇ ਕਿਹਾ ਕਿ ਕਿਡਨੀ ਖਰਾਬ ਹੈ। ਵਡਾ ਆਪ੍ਰੇਸ਼ਨ ਕਰਨਾ ਪਵੇਗਾ। ਕਵੀ ਦੇ ਸੇਵਕਾਂ ਨੇ ਆਪ੍ਰੇਸ਼ਨ ਨਹੀਂ ਕਰਨ ਦਿਤਾ। ਇੰਨੇ ਨੂੰ ਕਲਕੱਤਿਓਂ ਡਾਕਟਰਾਂ ਦੀ ਟੀਮ ਪੁੱਜ ਗਈ।

ਮਹਾਤਮਾ ਗਾਂਧੀ ਵਲੋਂ ਉਨ੍ਹਾਂ ਦਾ ਸਕੱਤਰ ਮਹਾਂਦੇਵ ਬਿਮਾਰ ਪੁਰਸ਼ੀ ਲਈ ਆਇਆ ਤੇ ਦਸਿਆ ਕਿ ਗਾਂਧੀ ਜੀ ਦੁਖ ਵਿਚ ਗ੍ਰਸਤ ਹਨ ਤੇ ਤੁਹਾਡੀ ਸਿਹਤ ਵਾਸਤੇ ਪ੍ਰਾਰਥਨਾ ਕਰਦੇ ਹਨ। ਕਵੀ ਨੂੰ ਉਚਾ ਸੁਣਨ ਲੱਗਾ ਸੀ ਤੇ ਜ਼ਬਾਨ ਡੋਲ ਰਹੀ ਸੀ। ਲਾਚਾਰ ਉਹ ਦੇਸਾਈ ਵਲ ਦੇਖਦੇ ਰਹੇ, ਗੱਲ ਨਾ ਹੋਈ, ਅੱਖਾਂ ਵਿਚੋਂ ਹੰਝੂ ਟਪਕ ਪਏ। ਉਨ੍ਹਾਂ ਦੀ ਨੂੰਹ ਜੋ ਇਸ ਵੇਲੇ ਉਥੇ ਸੇਵਾ ਵਿਚ ਹਾਜ਼ਰ ਸੀ ਲਿਖਦੀ ਹੈ, “ਜੀਵਨ ਵਿਚ ਮੈਂ ਪਹਿਲੀ ਵਾਰੀ ਕਵੀ ਦੀਆਂ ਅੱਖਾਂ ਵਿਚ ਅਥਰੂ ਦੇਖੇ। ਉਨ੍ਹਾਂ ਦਾ ਆਪਣੇ ਦਿਲ ਉਪਰ ਏਡਾ ਜਬਰਦਸਤ ਕਾਬੂ ਸੀ ਕਿ ਵੱਡੀਆਂ ਵੱਡੀਆਂ ਸੱਟਾਂ ਝੱਲਣ ਵਕਤ ਹੰਝੂ ਨਹੀਂ ਡੇਗਿਆ। ਅੱਜ ਉਨ੍ਹਾਂ ਨੂੰ ਦੇਖਕੇ ਇਉਂ ਲੱਗਾ, ਬੰਨ੍ਹ ਟੁੱਟ ਚੁੱਕਾ ਹੈ, ਦਰਿਆ ਮਨਮਰਜ਼ੀ ਨਾਲ ਜਿਧਰ ਚਾਹੇਗਾ ਜਾਏਗਾ।”

ਨਵੰਬਰ ਦੇ ਸ਼ੁਰੂ ਵਿਚ ਉਹ ਫਿਰ ਤੋਂ ਤੰਦਰੁਸਤ ਹੋ ਗਏ ਤੇ ਨਿਕੀਆਂ ਨਿਕੀਆਂ ਘਟਨਾਵਾਂ ਨੂੰ ਉਸੇ ਤਰ੍ਹਾਂ ਦੇਖਣ ਲੱਗੇ ਜਿਵੇਂ ਹਮੇਸ਼ ਤੋਂ ਦੇਖਦੇ ਆਏ ਸਨ। ਗਿਆਰਾਂ ਨਵੰਬਰ ਨੂੰ “ਚੂਕਦੀ ਚਿੜੀ” ਕਵਿਤਾ ਲਿਖੀ। ਇਹ ਚਿੜੀ ਖਿੜਕੀ ਨਾਲ ਰਗੜਕੇ ਚੁੰਜ ਸਾਫ ਕਰਦੀ, ਇਧਰ ਉਧਰ ਤੇਜ਼ੀ ਨਾਲ ਕੁੱਦਦੀ, ਆਪਣੀ ਗਿੱਲੀ ਪੂਛ ਹਿਲਾ ਹਿਲਾ ਚਹਿਚਹਾਉਂਦੀ ਤੇ ਕਵੀ ਨੂੰ ਪੁਛਿਆ ਕਰਦੀ - ਮੇਰੇ ਵਾਸਤੇ ਕੀ ਖਬਰ ਹੈ ਤੁਹਾਡੇ ਕੋਲ ?

ਰਾਤ ਦਾ ਕਸ਼ਟਦਾਇਕ ਜਗਰਾਤਾ
ਲੰਮਾ ਹੋ ਜਾਂਦਾ ਹੈ।
ਮੈਂ ਤੇਰੀ ਪਹਿਲੀ ਚਹਿਚਹਾਟ ਉਡੀਕਦਾ ਰਹਿੰਨਾ।
ਤੂੰ ਮੇਰੇ ਲਈ ਸ਼ੁਭ ਸੰਦੇਸ਼ ਅਤੇ
ਦਿਨ ਦਾ ਚਾਨਣ ਲੈਕੇ ਆਏਂਗੀ ਪਿਆਰੀਏ ਚਿੜੀਏ,
ਓ ਮੇਰੀਏ ਚੂਕਦੀਏ ਚਿੜੀਏ।

ਬਿਸਤਰੇ ਉਪਰ ਲੇਟੇ ਕਵੀ ਨੂੰ ਉਨ੍ਹਾਂ ਦੀ ਸੇਵਾ ਵਿਚ ਲੱਗੀਆਂ ਕੁੜੀਆਂ ਜਦੋਂ ਆਖਦੀਆਂ, “ਸ਼ਾਂਤ ਲੇਟੇ ਰਹੋ, ਜ਼ਿਆਦਾ ਗੱਲਾਂ ਨਹੀਂ, ਥੋੜਾ ਕੁ ਖਾਣਾ ਹੋਰ ਖਾਣਾ ਪਵੇਗਾ,“ ਤਾਂ ਹੱਸ ਪੈਂਦੇ। ਜਿਹੜੀਆਂ ਕੁੜੀਆਂ ਅੱਜ ਹਦਾਇਤਾਂ ਜਾਰੀ ਕਰ ਰਹੀਆਂ ਹਨ ਅਜੇ ਕੱਲ੍ਹ ਤਾਂ ਮੇਰੇ ਘਰ ਦੇ ਕੋਨੇ ਵਿਚ ਗੁੱਡੀਆਂ ਪਟੋਲਿਆਂ ਨਾਲ ਖੇਡਿਆ ਕਰਦੀਆਂ ਸਨ।

ਆਪਣੇ ਕੋਲ ਬੱਚਿਆਂ ਵਾਸਤੇ ਮਿੱਠੀਆਂ ਗੋਲੀਆਂ ਦੀ ਸ਼ੀਸ਼ੀ ਜਾਂ ਚਾਕਲੇਟ ਜ਼ਰੂਰ ਰਖਦੇ। ਕੋਈ ਬੱਚਾ ਬਗੈਰ ਗੱਲਾਂ ਕੀਤਿਆਂ, ਬਗੈਰ ਕੁਝ ਖਾਇਆਂ ਚਲਾ ਜਾਏ, ਕਵੀ ਨੂੰ ਪਸੰਦ ਨਹੀਂ ਸੀ। ਇੱਕ ਅਵਾਰਾ ਕੁੱਤਾ ਕਵੀ ਦੀ ਕੁਰਸੀ ਹੇਠ ਆ ਬੈਠਾ। ਜੋਰ ਲਾ ਲਿਆ, ਬਾਹਰ ਨਿਕਲਣ ਤੋਂ ਇਨਕਾਰੀ ਹੋ ਗਿਆ। ਘਰ ਦਾ ਮੈਂਬਰ ਬਣ ਗਿਆ। ਕਵੀ ਦੇ ਨੇੜੇ ਆ ਕੇ ਖਲੋ ਜਾਂਦਾ, ਜਦੋਂ ਸਿਰ ਪਲੋਸ ਦਿੰਦੇ, ਫੇਰ ਕੁਰਸੀ ਹੇਠਾਂ ਚੁਪ ਕਰਕੇ ਬੈਠ ਜਾਂਦਾ। ਇਸ ਮਸਤਾਨੇ ਕੁਤੇ ਉਪਰ ਕਵਿਤਾ ਲਿਖ ਦਿਤੀ ”ਖਾਲੀ ਕੁਰਸੀ”।

ਕਮਜ਼ੋਰੀ ਦੌਰਾਨ ਉਨ੍ਹਾਂ ਨੂੰ ਗਲੈਕਸੋ ਦੀ ਖੁਰਾਕ ਦਿਤੀ ਜਾਂਦੀ ਜੋ ਛੋਟੇ ਬਚਿਆਂ ਲਈ ਹੁੰਦੀ ਹੈ। ਖੁਰਾਕ ਏਨੀ ਦੇਣੀ ਹੁੰਦੀ ਸੀ ਜਿੰਨੀ ਦੋ ਮਹੀਨਿਆਂ ਦੇ ਬੱਚੇ ਨੂੰ। ਦਵਾਈ ਖਾਣ ਬਾਦ ਪੁਛਦੇ - ਹੁਣ ਮੈਂ ਕਿੰਨੇ ਮਹੀਨਿਆਂ ਦਾ ਹੋ ਗਿਆਂ? ਆਏ ਗਏ ਨੂੰ ਅਕਸਰ ਪੁਛਦੇ - ਕੀ ਤੁਹਾਡੇ ਘਰ ਦੇ ਵਿਹੜੇ ਵਿਚ ਮਹੂਏ ਦਾ ਦਰਖ਼ਤ ਹੈ? ਜੇ ਨਹੀਂ ਤਾਂ ਬੂਟਾ ਲਾ ਲੈ। ਜਦੋਂ ਵੱਡਾ ਹੋਇਆ, ਦੇਖੀਂ, ਸੁਡੌਲ ਸੰਥਾਲ ਔਰਤਾਂ ਇਸ ਦੇ ਫੁਲ ਚੁਣ ਕੇ ਕੇਹੀ ਗਜ਼ਬ ਦੀ ਸ਼ਰਾਬ ਤਿਆਰ ਕਰਨਗੀਆਂ। ਮੇਰੀ ਬੇਰੀ ਦੇ ਜੰਬੂ ਬੇਰ ਖਾ ਕੇ ਦੇਖੇ? ਮੰਗਵਾਉਂਨਾ। ਦੇਖਿਓ ਕਿੰਨੇ ਰਸੀਲੇ। ਲਿਖਿਆ :

ਮੈਂ ਜਾਣ ਗਿਆਂ ਸੱਚ ਬਾਬਤ।
ਸੱਚ ਕਠੋਰ ਹੈ।
ਇਸ ਕਠੋਰਤਾ ਨੂੰ ਕਰਦਾ ਹਾਂ ਪਿਆਰ
ਕਿਉਂਕਿ ਇਹ ਧੋਖਾ ਨਹੀਂ ਦਿੰਦੀ।

ਉਸਦੀਆਂ ਕਵਿਤਾਵਾਂ ਗਹਿਰੀਆਂ ਤਾਂ ਹੁੰਦੀਆਂ ਗਈਆਂ ਪਰ ਜਟਿਲ ਨਹੀਂ। ਵੇਦ ਵਾਕਾਂ ਜਿਹੀ ਸਾਦਗੀ ਦੇਖੋ :

ਪਹਿਲੇ ਦਿਨ ਦੇ ਸੂਰਜ ਨੇ ਪੁਛਿਆ -
ਨਵੀਂ ਸ੍ਰਿਸ਼ਟੀ ਦੀ ਬੁੱਕਲ ਵਿਚ ਕੌਣ ਹੈ ਤੂੰ?
ਕੋਈ ਉੱਤਰ ਨਹੀਂ ਮਿਲਿਆ।
ਯੁਗ ਬੀਤੇ, ਅਖੀਰਲੇ ਦਿਨ ਦੇ ਆਖਰੀ ਸੂਰਜ ਨੇ ਸ਼ਾਮੀ ਪੁੱਛਿਆ:
ਕੌਣ ਹੈਂ ਤੂੰ?
ਕੋਈ ਉੱਤਰ ਨਹੀਂ।

ਸੱਤ ਅਗਸਤ 1941 ਨੂੰ ਦੁਪਹਿਰ ਉਸੇ ਘਰ ਵਿਚ ਕਵੀ ਨੇ ਪ੍ਰਾਣ ਤਿਆਗੇ ਜਿਥੇ ਉਸਦਾ ਅੱਸੀ ਸਾਲ ਪਹਿਲਾਂ ਜਨਮ ਹੋਇਆ ਸੀ। ਸੌਣ ਮਹੀਨੇ ਦੀ ਪੂਰਨਮਾਸੀ ਦਾ ਦਿਨ ਸੀ। ਅਜੇ ਕੁਝ ਦਿਨ ਪਹਿਲਾਂ ਇਹ ਗੀਤ ਰਚਕੇ ਕਿਹਾ ਸੀ - ਇਸ ਨੂੰ ਮੇਰੇ ਚਲੇ ਜਾਣ ਪਿਛੋਂ ਗਾਇਓ :

ਸਾਹਮਣੇ ਸ਼ਾਂਤ ਚਿੱਤ ਸਮੁੰਦਰ ਬਿਰਾਜਮਾਨ ਹੈ।
ਹੇ ਮਲਾਹ, ਕਿਸ਼ਤੀ ਤੋਰ
ਤੂੰ ਹੀ ਤਾਂ ਹੈ ਮੇਰਾ ਇਕੋ ਇਕ ਸੰਗੀ

***

ਕਿਤਾਬ ਭੰਡਾਰ ਦੇ ਮਾਲਕ ਨੂੰ ਮੈਂ ਕਿਹਾ ਟੈਗੋਰ ਰਚਨਾਵਲੀ ਦੇ ਦੋ ਸੈੱਟ ਚਾਹੀਦੇ ਹਨ ਜੀ। ਇਕ ਅੰਗਰੇਜ਼ੀ ਦਾ ਦੂਜਾ ਹਿੰਦੀ ਦਾ। ਟੈਗੋਰ ਬਾਬਤ ਕਿਤਾਬਾਂ ਨਹੀਂ ਚਾਹੀਦੀਆਂ। ਟੈਗੋਰ ਦੀ ਮੌਲਿਕ ਰਚਨਾ ਭੇਜਿਓ। ਅੰਗਰੇਜ਼ੀ ਦਾ ਵੀ ਉਹ ਸੈੱਟ ਚਾਹੀਦਾ ਹੈ ਜਿਹੜਾ ਉਸਨੇ ਆਪ ਤਰਜਮਾ ਕੀਤਾ ਸੀ। ਹੋਰ ਅਨੁਵਾਦਕਾਂ ਦੀਆਂ ਕਿਤਾਬਾਂ ਨਹੀਂ ਚਾਹੀਦੀਆਂ। ਹਫਤੇ ਕੁ ਬਾਦ ਮੇਰੇ ਕੋਲ ਕਿਤਾਬਾਂ ਪੁੱਜ ਗਈਆਂ ਜਿਨ੍ਹਾਂ ਵਿਚ ਇਕ ਮੈਤ੍ਰੀ ਦੇਵੀ ਲਿਖਤ- ਧੂਈਂ- ਲਾਗੇ ਟੈਗੋਰ (ਟੈਗੋਰ ਬਾਈ ਫਾਇਰ-ਸਾਈਡ) ਵੀ ਸੀ। ਮੈਂ ਕਿਹਾ- ਜਦੋਂ ਤੁਹਾਨੂੰ ਆਖ ਦਿਤਾ ਸੀ ਕਿਸੇ ਹੋਰ ਦੀ ਲਿਖੀ ਕਿਤਾਬ ਨਹੀਂ ਚਾਹੀਦੀ ਟੈਗੋਰ ਬਾਰੇ, ਫਿਰ ਇਹ ਕਿਉਂ ਪਾ ਦਿਤੀ ਮੇਰੇ ਖਾਤੇ ਵਿਚ ਖਾਹਮਖਾਹ? ਉਸਨੇ ਕਿਹਾ- ਪੜ੍ਹਕੇ ਦੇਖੋ। ਬਹੁਤ ਵਧੀਆ ਕਿਤਾਬ ਹੈ। ਮੈਂ ਪੁੱਛਿਆ- ਤੁਸੀਂ ਪੜ੍ਹੀ ਹੈ ਇਹ? ਹੱਸ ਕੇ ਕਹਿਣ ਲੱਗਾ- ਕਿਤਾਬਾਂ ਵੇਚਣ ਵਾਲੇ ਅਤੇ ਲਾਇਬ੍ਰੇਰੀਅਨ, ਕਿਤਾਬਾਂ ਨਹੀਂ ਪੜ੍ਹਦੇ ਹੁੰਦੇ। ਉਨ੍ਹਾਂ ਨੂੰ ਇਹ ਜਰੂਰ ਪਤਾ ਹੁੰਦੈ ਕਿ ਕਿਹੜੀ ਕਿਤਾਬ ਵੱਧ ਪੜ੍ਹੀ ਜਾ ਰਹੀ ਹੈ।

ਕਿਤਾਬ ਪੜ੍ਹਨ ਸ਼ੁਰੂ ਕਰ ਦਿੱਤੀ। ਡਾ. ਸੁਰੇਂਦਰਨਾਥ ਦਾਸ ਗੁਪਤਾ ਦੀ ਧੀ ਇਹ ਲੇਖਕਾ ਆਪਣੇ ਡਾਕਟਰ ਪਤੀ ਨਾਲ ਹਿਮਾਲੀਆ ਜੰਗਲਾਂ ਵਿਚਕਾਰ ਬਣੇ ਸਰਕਾਰੀ ਬੰਗਲੇ ਵਿਚ ਮੁੰਗਪੁਰ ਰਹਿੰਦੀ ਸੀ। ਟੈਗੋਰ ਦੇ ਦੋਸਤ, ਦਾਸ ਗੁਪਤਾ ਸ਼ਾਂਤੀ ਨਿਕੇਤਨ ਵਿਚ ਫਲਸਫਾ ਪੜ੍ਹਾਇਆ ਕਰਦੇ ਸਨ। ਦੇਵੀ ਅਤੇ ਉਸਦਾ ਪਤੀ ਅਕਸਰ ਕਹਿੰਦੇ ਰਹਿੰਦੇ- ਗਰਮੀਆਂ ਸਾਡੇ ਠੰਢੇ ਘਰ ਵਿਚ ਬਿਤਾਇਆ ਕਰੋ ਗੁਰੂਦੇਵ। ਹਾਂ ਆਖਦੇ ਤੇ ਮੁਸਕਰਾ ਦਿੰਦੇ। ਉਮਰ ਦੇ ਅਖੀਰਲੇ ਚਾਰ ਸਾਲ ਗਰਮੀਆਂ ਦੇ ਮਹੀਨੇ ਦੇਵੀ ਕੋਲ ਬਿਤਾਏ। ਇਨ੍ਹਾਂ ਚਾਰ ਦੌਰਿਆ ਦੇ ਬਿਰਤਾਂਤ ਉਸਨੇ ਆਪਣੀ ਇਸ ਕਿਤਾਬ ਵਿਚ ਦਰਜ ਕੀਤੇ ਹਨ। ਬਾਕੀ ਜੀਵਨੀਕਾਰਾਂ ਨੇ ਸਦੀਆਂ ਪਹਿਲਾਂ ਦੇ ਇਸ ਖਾਨਦਾਨ ਦੀ ਖੋਜ ਕਰਨ ਪਿਛੋਂ ਉਸਦਾ ਜੀਵਨ ਬਿਊਰਾ ਦਿਤਾ। ਇਸ ਬੀਬੀ ਨੇ ਸਾਹਮਣੇ ਬੈਠੇ ਟੈਗੋਰ ਦਾ ਨਕਸ਼ਾ ਬਣਾਇਆ। ਸਰ੍ਹੋਂ ਕਿਸਨੇ ਬੀਜੀ, ਕੋਹਲੂ ਕਿਸਦਾ ਸੀ, ਮਿਟੀ ਦਾ ਦੀਵਾ ਕਿਸ ਘੁਮਿਆਰ ਨੇ ਬਣਾਇਆ ਆਦਿਕ ਵੇਰਵੇ ਨਹੀਂ ਦਿਤੇ। ਜੋਤ ਸਾਹਮਣੇ ਹੈ, ਉਸ ਬਾਬਤ ਲਿਖਿਆ।

ਦੇਵੀ, ਕਵਿਤਰੀ ਸੀ। ਟੈਗੋਰ ਨੇ ਕਿਹਾ- ਤੇਰੀਆਂ ਕਵਿਤਾਵਾਂ ਚੰਗੀਆਂ ਹਨ। ਤੂੰ ਮੇਰੇ ਉਪਰ ਕੋਈ ਗੀਤ ਕਿਉਂ ਨਹੀਂ ਲਿਖਦੀ? ਦੇਵੀ ਬੋਲੀ- ਤੁਹਾਡੇ ਉਪਰ ਲਿਖਣਾ ਕੋਈ ਸੌਖਾ ਕੰਮ ਹੈ? ਲਿਖ ਸਕਦੀ, ਜਰੂਰ ਲਿਖਦੀ। ਕਵੀ ਨੇ ਕਿਹਾ- ਮੇਰੇ ਉਪਰ ਗੀਤ ਲਿਖਣਾ ਕੀ ਔਖਾ ਹੈ? ਨੱਚਣ ਲੱਗ ਜਾਓ ਤੇ ਗਾਈ ਚਲੋ, ਓ ਰਵੀਂਦਰਾ... ਓ ਕਵੀਂਦਰਾ... (ਹੇ ਸੂਰਜਾਂ ਦੇ ਸੂਰਜ, ਹੇ ਕਵੀਆਂ ਦੇ ਕਵੀ...), ਬਸ ਗੀਤ ਬਣ ਗਿਆ, ਮੇਰੇ ਬਾਬਤ ਲਿਖਣਾ ਮੁਸ਼ਕਲ ਨਹੀਂ ਕੋਈ। ਤੇਰਾ ਦਿਲ ਨਹੀਂ ਕਰਦਾ।

ਦੇਵੀ ਦੀ ਧੀ ਖੇਡਦੀ ਖੇਡਦੀ ਦੌੜੀ ਆਉਂਦੀ ਤੇ ਕਵੀ ਦੀ ਗੋਦ ਵਿਚ ਬੈਠ ਕੇ ਆਖਦੀ- ਗੀਤ ਸੁਣਾਓ ਬਾਬਾ। ਪਿਛਲੀ ਉਮਰੇ ਲਿਖੇ ਬਾਲਗੀਤ ਗਾ ਕੇ ਸੁਣਾਉਂਦੇ। ਇਕ ਗੀਤ ਵਿਚ ਮਾਂ ਆਪਣੇ ਬੱਚੇ ਨਾਲ ਗੱਲਾਂ ਕਰ ਰਹੀ ਹੈ :

ਤੂੰ ਮੇਰੇ ਤੋਂ ਕਈ ਵਾਰ ਪੁਛਿਐ
ਕਿ ਤੂੰ ਕਿਥੋਂ ਆਇਆ ਮੇਰੇ ਲਾਲ।
ਨਿਕੀ ਉਮਰੇ ਜਦੋਂ ਗੁੱਡੀਆਂ ਪਟੋਲਿਆ ਨਾਲ ਖੇਡਦੀ
ਉਨ੍ਹਾਂ ਗੁੱਡੀਆਂ ਵਿਚ ਤੂੰ ਹੁੰਦਾ ਸੀ ਮੇਰੇ ਬੱਚੇ।
ਤੇਰੀ ਨਾਨੀ ਨਾਲ ਜਦੋਂ ਮੈਂ ਦੇਵਤੇ ਦੀ ਪੂਜਾ ਕਰਨ ਜਾਂਦੀ
ਸਾਡਾ ਦੋਵਾਂ ਦਾ ਦੇਵਤਾ ਤੂੰ ਹੀ ਹੁੰਦਾ ਸੀ ਮੇਰੇ ਲਾਲ।
ਜੁਆਨ ਉਮਰੇ ਜਦੋਂ ਦਿਲ ਦੀਆਂ ਪੰਖੜੀਆਂ ਖੁਲ੍ਹਣ ਲੱਗੀਆਂ
ਉਨ੍ਹਾਂ ਪੰਖੜੀਆਂ ਦੁਆਲੇ
ਖੁਸ਼ਬੂ ਬਣਕੇ ਤੂੰ ਹੀ ਉਡਦਾ ਸੀ ਮੇਰੇ ਲਾਲ।
ਹਨੇਰੀ ਰਾਤ ਵਿਚੋਂ ਬਾਹਰ ਆਉਣ ਲਈ
ਪੂਰਬ ਵਿਚ ਜਿਵੇਂ ਸੂਰਜ ਮਚਲਦਾ ਹੈ
ਤੂੰ ਵੀ ਚਾਨਣ ਵਿਚ ਆਉਣ ਲਈ ਮਚਲਿਆ ਮੇਰੇ ਲਾਲ।
ਤੂੰ ਤੇ ਸੂਰਜ ਇਕੱਠੇ ਜੰਮੇ ਸਉ ਮੇਰੇ ਬੱਚੇ।
ਤੁੰ ਤੇ ਸੂਰਜ ਜੌੜੇ ਭਰਾ ਹੋ ਮੇਰੇ ਲਾਲ।

ਕਦੀ ਕਦਾਈ ਇਸ ਕੁੜੀ ਨੂੰ ਕਵੀ ਆਖ ਦਿੰਦਾ- ਅੱਜ ਕੋਈ ਗੀਤ ਨਹੀਂ ਮੇਰੇ ਕੋਲ। ਉਹ ਆਖਦੀ- ਠੀਕ ਹੈ। ਫੇਰ ਟਾਫੀ ਦਿਉ। ਟੈਗੋਰ ਹੱਸ ਕੇ ਦੇਵੀ ਨੂੰ ਆਖਦਾ- ਮੇਰੇ ਸਰੋਤੇ ਇਹੋ ਜਿਹੇ ਚਾਹੀਦੇ ਨੇ ਜਿਨ੍ਹਾਂ ਵਾਸਤੇ ਗੀਤ ਅਤੇ ਟਾਫੀ ਇਕੋ ਗੱਲ ਹੈ। ਗੀਤ ਨਹੀਂ ਹੈ ਤਾਂ ਟਾਫੀ, ਟਾਫੀ ਨਹੀਂ ਹੈ ਤਾਂ ਗੀਤ।

ਦੇਵੀ ਨੂੰ ਕਿਹਾ- ਪੈੱਨ ਦਿਉ। ਕੁਝ ਲਿਖੀਏ।ਮਹਿੰਗਾ ਪੈੱਨ ਲਿਆ ਦਿੱਤਾ। ਕਾਗਜਾਂ ਉਪਰ ਕੁਝ ਲਿਖਣ ਲੱਗਾ, ਪੈੱਨ ਠੀਕ ਤਰ੍ਹਾਂ ਚਲਿਆ ਨਾਂ। ਪਰ ਕਵੀ ਜਿਵੇਂ ਤਿਵੇਂ ਲਿਖਦਾ ਰਿਹਾ। ਦੇਵੀ ਨੇ ਪੈੱਨ ਠੀਕ ਤਰ੍ਹਾਂ ਫੜਾਉਂਦਿਆਂ ਕਿਹਾ- ਟੇਢਾ ਫੜ ਰਖਿਐ ਗੁਰੂਦੇਵ। ਏਸ ਤਰ੍ਹਾਂ ਚਲਾਉ। ਹੱਸ ਪਿਆ- ਪਛੱਤਰ ਸਾਲ ਹੋ ਗਏ ਨੇ ਲਿਖਦਿਆਂ। ਹੁਣ ਤਕ ਪੈੱਨ ਫੜਨਾ ਨਹੀਂ ਆਇਆ ਮੈਨੂੰ, ਹੁਣ ਕੀ ਸੁਧਾਰ ਕਰੇਂਗੀ ਕੁੜੀਏ? ਹੁਣ ਕਿਥੇ ਸਿੱਖਣ ਜੋਗਾ ਹਾਂ ਕੁਝ?

ਕਿਥੇ ਮੈਂ, ਕਿਥੇ ਟੈਗੋਰ, ਉਸ ਬਾਰੇ ਕਿਵੇਂ ਕਿਤਾਬ ਲਿਖਾਂਗੀ, ਇਹ ਸੋਚਦੀ ਹੋਈ ਮੈਤ੍ਰੀ ਦੇਵੀ ਨੇ ਇਸ ਕਿਤਾਬ ਦੇ ਪਹਿਲੇ ਵਰਕੇ ਉਪਰ ਟੈਗੋਰ ਦੀ ਕਵਿਤਾ ਦਾ ਹੀ ਬੰਦ ਲਿਖ ਦਿਤਾ:

ਨਿਕੀ ਤ੍ਰੇਲ ਬੂੰਦ ਨੇ ਸੂਰਜ ਨੂੰ ਕਿਹਾ-
ਤੈਨੂੰ ਗੋਦ ਵਿਚ ਸਿਰਫ ਅਸਮਾਨ ਲੈ ਸਕਦੈ ਓ ਸੂਰਜ,
ਮੈਂ ਤਾਂ ਤੇਰਾ ਸੁਫਨਾ ਲੈ ਸਕਦੀਆਂ ਬਸ।
ਹੰਝੂ ਹੈ ਮੇਰਾ ਨਿਕਾ ਜੀਵਨ, ਤੇਰੇ ਬਗੈਰ।
ਸੂਰਜ ਨੇ ਕਿਹਾ- ਮੈਂ ਰੌਸ਼ਨੀ ਦਾ ਹੜ੍ਹ ਹਾਂ,
ਤਾਂ ਵੀ ਜੇ ਚਾਹੇਂ ਤਾਂ ਨਿਕੀਏ ਬੂੰਦੇ,
ਪਿਆਰ ਦੇ ਸੰਗਲ ਨਾਲ ਬੰਨ੍ਹ ਸਕਦੀ ਹੈ ਤੂੰ ਮੈਨੂੰ।

ਗੱਲਾਂ ਕਰਦਾ ਕਵੀ ਦੇਖਦਾ, ਇਹ ਕੁੜੀ ਕੁਝ ਲਿਖੀ ਜਾ ਰਹੀ ਹੈ। ਪੁੱਛਿਆ ਤਾਂ ਦੇਵੀ ਨੇ ਕਿਹਾ- ਤੁਹਾਡੇ ਜੀਵਨ ਬਾਬਤ ਲਿਖਾਂਗੀ, ਤੁਹਾਡੀਆਂ ਗੱਲਾਂ ਨੋਟ ਕਰਦੀ ਰਹਿੰਦੀ ਹਾਂ। ਕਵੀ ਨੇ ਕਿਹਾ- ਯਾਦਾਂ ਦੇ ਤਾਜ ਮਹੱਲ, ਕੁਤਬ ਮੀਨਾਰ ਉਸਾਰਨ ਦਾ ਕੋਈ ਫਾਇਦਾ ਨਹੀਂ ਕੁੜੀਏ। ਮੌਤ ਦੀ ਵੇਦੀ ਉਪਰ ਨਿਰੰਤਰ ਬਲੀਦਾਨ ਦਾ ਨਾਮ ਜ਼ਿੰਦਗੀ ਹੈ।

ਕਵੀ ਨੇ ਦੱਸਿਆ- ਗੀਤਾਂਜਲੀ ਅਤੇ ਬਾਲਗੀਤ ਦਾ ਅੰਗਰੇਜ਼ੀ ਅਨੁਵਾਦ ਕਰਕੇ ਮੈਂ ਲੰਡਨ ਲੈ ਗਿਆ। ਕਵੀਆਂ, ਦਾਰਸ਼ਨਿਕਾਂ, ਲੇਖਕਾਂ ਨੂੰ ਸੱਦਾ ਦਿੱਤਾ ਤੇ ਕਵਿਤਾਵਾਂ ਪੜ੍ਹੀਆਂ। ਸੁਣਕੇ ਸਾਰੇ ਜਣੇ ਚੁਪ ਚਾਪ ਵਾਪਸ ਚਲੇ ਗਏ।ਕਿਸੇ ਨੇ ਕੋਈ ਟਿੱਪਣੀ ਨਹੀਂ ਦਿਤੀ। ਮੈਂ ਬਹੁਤ ਬੇਚੈਨ ਹੋਇਆ। ਅੰਗਰੇਜ਼ੀ ਆਉਂਦੀ ਨਹੀਂ, ਫੇਰ ਮੈਂ ਇਹ ਪੰਗਾ ਕਿਉਂ ਲੈ ਲਿਆ? ਬੰਗਲਾ ਵਿਚ ਜਿੰਨੀ ਇੱਜ਼ਤ ਮਿਲੀ ਕੀ ਉਹ ਕਾਫੀ ਨਹੀਂ ਸੀ? ਆਪਣੇ ਹੱਥੀਂ ਆਪ ਬੇਇਜ਼ਤੀ ਕਰਵਾਈ। ਦੋ ਤਿੰਨ ਦਿਨ ਤੇ ਰਾਤਾਂ ਇਉਂ ਬੇਚੈਨੀ ਵਿਚ ਬੀਤੀਆਂ। ਫਿਰ ਫੋਨ ਆਉਣ ਲੱਗ ਪਏ। ਚਿਠੀਆਂ ਮਿਲਣ ਲੱਗੀਆਂ। ਲੇਖਕ ਆਕੇ ਮਿਲਣ ਲੱਗੇ, ਕਿਹਾ- ਸਾਨੂੰ ਉਸ ਦਿਨ ਇਉਂ ਲੱਗਿਆ ਜਿਵੇਂ ਵੱਡੀ ਰੂਹ ਅਸਮਾਨ ਵਿਚੋਂ ਉਤਰ ਕੇ ਸਾਡੇ ਵਿਚਕਾਰ ਬੈਠ ਗਈ ਹੋਵੇ। ਸਾਨੂੰ ਇਤਬਾਰ ਈ ਨੀ ਸੀ ਆ ਰਿਹਾ।’ ਮੈਨੂੰ ਬਾਦ ਵਿਚ ਪਤਾ ਲੱਗਾ ਕਿ ਤੁਰਤ ਫੁਰਤ ਨਿੰਦ ਦੇਣਾ, ਫਟਾਫਟ ਦਾਦ ਦੇ ਦੇਣੀ, ਗੋਰਿਆਂ ਦਾ ਇਸ ਤਰ੍ਹਾਂ ਦਾ ਸੁਭਾਅ ਨਹੀਂ। ਆਪਣੇ ਆਪਣੇ ਟਿਕਾਣਿਆਂ ਤੇ ਪਰਤਕੇ ਸਾਰੇ ਇਕ ਦੂਜੇ ਨੂੰ ਦਸਦੇ ਪੁਛਦੇ ਰਹੇ ਕਿ ਮੈਨੂੰ ਹੀ ਇਹ ਕੋਈ ਕਰਾਮਾਤ ਲੱਗੀ, ਕਿ ਤੁਹਾਡੇ ਉਤੇ ਵੀ ਇਹੋ ਅਸਰ ਹੋਇਆ? ਫੈਸਲਾ ਹੋਇਆ ਕਿ ਕਵੀ ਦੀਆਂ ਲਿਖਤਾਂ ਨੋਬਲ ਸਵਿੱਸ ਅਕਾਦਮੀ ਦੇ ਵਿਚਾਰਨ ਵਾਸਤੇ ਭੇਜੀਆਂ ਜਾਣ।

ਟੈਗੋਰ ਨੇ ਦੇਵੀ ਨੂੰ ਪੁੱਛਿਆ- ਤੈਨੂੰ ਖੁੱਲ੍ਹੀਆਂ ਕਵਿਤਾਵਾਂ ਕਿਵੇਂ ਲਗਦੀਆਂ ਹਨ ਮੈਤ੍ਰੀ? ਦੇਵੀ ਨੇ ਕਿਹਾ- ਬਕਵਾਸ। ਜਿਹੜੀ ਕਵਿਤਾ ਗਾਈ ਨਾ ਜਾ ਸਕੇ ਉਹ ਕੀ ਕਵਿਤਾ ਹੋਈ? ਸਾਰਿਆਂ ਸਾਹਮਣੇ ਕਵੀ ਨੇ ਆਪਣੀਆਂ ਖੁੱਲ੍ਹੀਆਂ ਕਵਿਤਾਵਾਂ ਸੁਣਾਈਆਂ। ਸਭ ਨੇ ਦਾਦ ਦਿੱਤੀ, ਦੇਵੀ ਨੇ ਵੀ। ਟੈਗੋਰ ਨੇ ਹੱਸ ਕੇ ਕਿਹਾ- ਹਾਰ ਗਈ ਨਾ ਮੈਤ੍ਰੀ? ਤੂੰ ਛੰਦ-ਮੁਕਤ ਕਵਿਤਾ ਦੇ ਖਿਲਾਫ ਸੀ? ਦੇਵੀ ਨੇ ਕਿਹਾ- ਜਦੋਂ ਮੈਂ ਛੰਦ ਮੁਕਤ ਕਵਿਤਾ ਸੁਣਨੀ ਚਾਹਾਂਗੀ ਤਾਂ ਟੈਗੋਰ ਦੇ ਹੋਂਠ ਕਿਥੋਂ ਲਿਆਇਆ ਕਰਾਂਗੀ? ਇਹ ਖੁਲ੍ਹੀ ਕਵਿਤਾ ਨਹੀਂ ਗੁਰੂਦੇਵ, ਵਿਸ਼ਵਾਤਮਾ ਦੀ ਆਵਾਜ਼ ਹੈ। ਕਵੀ ਹੱਸ ਪਿਆ- ਤੂੰ ਵਿਜਈ ਰਹਿਣਾ ਚਾਹੁੰਦੀ ਹੈਂ ਤਾਂ ਇਹੋ ਸਹੀ।

ਟੈਗੋਰ ਦੇ ਨੌਕਰ ਨੂੰ ਦੇਵੀ ਨੇ ਪੁੱਛਿਆ- ਤੂੰ ਵਿਆਹ ਨਹੀਂ ਕਰਵਾਇਆ ਬਣਮਾਲੀ? ਕੋਈ ਕੁੜੀ ਪਸੰਦ ਨਹੀਂ ਆਈ? ਬਣਮਾਲੀ ਨੇ ਕਿਹਾ- ਆਈ ਸੀ ਇਕ ਕੁੜੀ ਪਸੰਦ। ਰਹਿੰਦੀ ਵੀ ਨੇੜੇ ਈ ਸੀ। ਉਸਦੀ ਤੇ ਮੇਰੀ ਝੋਂਪੜੀ ਵਿਚਕਾਰ ਇਕ ਪਿੰਡ ਆਉਂਦਾ ਸੀ ਬਸ।

ਟੈਗੋਰ ਹੱਸ ਪਿਆ- ਦੇਖਿਆ ਮੈਤ੍ਰੀ? ਕੋਈ ਕਵੀ, ਕਰ ਸਕਦੈ ਇਸ ਤਰ੍ਹਾਂ ਦੀ ਗੱਲ ਜਿਵੇਂ ਬਣਮਾਲੀ ਨੇ ਕੀਤੀ? ਇਕ ਪਿੰਡ ਆ ਗਿਆ ਦੋਵਾਂ ਵਿਚਕਾਰ। ਜੇ ਬਣਮਾਲੀ ਕਵੀ ਨਾ ਹੁੰਦਾ ਤਾਂ ਏਨਾ ਸਮਾਂ ਮੇਰੇ ਕੋਲ ਨੌਕਰੀ ਕਿਵੇਂ ਕਰਦਾ? ਮੇਰੀ ਕੁਰਸੀ ਉਥੇ ਟਿਕਾਉ ਮੈਤ੍ਰੀ। ਅੰਮ੍ਰਿਤ ਵੇਲੇ ਉਥੇ ਬੈਠਿਆ ਕਰਾਂਗਾ। ਚੜ੍ਹਦੇ ਸੂਰਜ ਦੀ ਰੋਸ਼ਨੀ ਇਸ ਦਰਖਤ ਵਿਚੋਂ ਦੀ ਜਦੋਂ ਛਣ ਕੇ ਆਏਗੀ, ਮੈਂ ਹਜ਼ਾਰ ਨਦੀਆਂ ਵਿਚ ਤੀਰਥ ਇਸ਼ਨਾਨ ਕਰਾਂਗਾ।

ਕੁਦਰਤ ਦੀਆਂ ਕਰੋਪੀਆਂ ਦੇਖਦਾ ਹੋਇਆ ਉਹ ਆਖਦਾ- ਇਹਨੂੰ ਧਰਮ ਗ੍ਰੰਥਾਂ ਦੀ ਪਰਵਾਹ ਨਹੀਂ, ਕੋਈ ਡਰ ਭੈ ਨਹੀਂ, ਮਾਲਕ ਦੀਆਂ ਪਾਬੰਦੀਆਂ ਨੂੰ ਤੋੜਦੀ ਦੌੜੀ ਜਾਂਦੀ ਹੈ ਬਗਾਵਤ ਕਰਕੇ। ਕੁਦਰਤ ਨੂੰ ਸਾਧੂਆਂ ਦੀ ਤਪੱਸਿਆ ਦਾ ਸਤਿਕਾਰ ਨਹੀਂ। ਉਸਦੀਆਂ ਝਾਂਜਰਾਂ ਵਿਚ ਸੰਗੀਤ ਨਹੀਂ, ਤਾਕਤਵਰ ਖੌਫਨਾਕ ਸ਼ੋਰ ਹੈ। ਨਾਜ਼ਕ ਜੋਬਨਵੰਤੀ ਆਪਣੇ ਪੱਲੇ ਨਾਲ ਦੀਵੇ ਨੂੰ ਬਚਾਉਂਦੀ ਬਚਾਉਂਦੀ ਜਿਵੇਂ ਸਹਿਜੇ ਸਹਿਜੇ ਤੁਰਦੀ ਜਾਂਦੀ ਹੈ, ਇਸ ਤਰ੍ਹਾਂ ਦੀ ਨਹੀਂ ਹੈ ਕੁਦਰਤ। ਤੂਫਾਨ ਇਸ ਦੀ ਚੁੰਨੀ ਉਡਾਕੇ ਲੈ ਗਏ ਨੇ। ਭੱਜੀ ਜਾਂਦੀ ਹੈ ਨੰਗੇ ਸਿਰ, ਖਿਲਰੇ ਵਾਲ।

ਧੁੰਦਾਂ ਦਾ ਪਰਦਾ ਉਠਾਏਗਾ ਮੁੰਗਪੁਰ,
ਆਏਗਾ ਨਚੇਗਾ ਗਾਏਗਾ ਰੰਗਪੁਰ।
(ਮੁੰਗਪੁਰ ਤੋਂ ਜਦੋਂ ਧੁੰਦ ਪਰੇ ਹਟੀ ਤਾਂ ਨਚਦਾ ਗਾਉਂਦਾ ਰੰਗਾਂ ਦਾ ਦੇਸ ਪ੍ਰਗਟ ਹੋਵੇਗਾ।)

ਫਿਰ ਕਵੀ ਨੇ ਕਿਹਾ- ਜਿਨਾ ਕੁਝ ਜੀਵਨ ਵਿਚ ਮਿਲਿਆ, ਮੌਤ ਬਹੁਤ ਥੋੜ੍ਹਾ ਕੁ ਖੋਹ ਪਾਏਗੀ ਉਸ ਵਿਚੋਂ। ਠੀਕ ਹੈ, ਰਵੀ ਠਾਕੁਰ ਦਾ ਡਰਾਮਾ ਬੰਦ ਹੋ ਜਾਵੇਗਾ ਤਾਂ ਵੀ ਮੁੰਗਪੁਰ ਦੀਆਂ ਨੀਲੀਆਂ ਵਾਦੀਆਂ ਵਿਚ ਸੰਪੂਰਣ ਵਰਤਮਾਨ ਪਸਰਿਆ ਰਹੇਗਾ। ਇਸਦੀ ਉਪਮਾ ਵਿਚ ਮੈਂ ਸਾਰੀ ਉਮਰ ਗੀਤ ਗਾਏ। ਤੁਹਾਡੀਆਂ ਅੱਖਾਂ ਦੇ ਸਾਹਮਣੇ ਨਾਂ ਸਹੀ, ਅੱਖਾਂ ਦੇ ਪਿਛੇ ਤਾਂ ਮੈਂ ਰਹਾਂਗਾ ਈ ਰਹਾਂਗਾ। ਗੀਤ ਲਿਖਿਆ- ਜੀਵਨ ਦਾ ਬੁੱਤ ਟੁਟ ਜਾਏਗਾ ਆਖਰ। ਰੋਸ਼ਨੀ ਅਤੇ ਪਰਛਾਵੇਂ ਦੀ ਯਾਦ ਬਾਕੀ ਬਚੇਗੀ ਇਕ ਦਿਨ। ਜਿਵੇਂ ਕੋਈ ਦਾਨੀ, ਮੇਲੇ ਵਿਚ ਮਠਿਆਈ ਵੰਡਦਾ ਫਿਰਦਾ ਹੋਵੇ, ਇਉਂ ਮੈਂ ਆਪਣੇ ਗੀਤ ਸੰਸਾਰ ਵਿਚ ਵੰਡਦਾ ਫਿਰਿਆ। ਹੱਥ ਵਿਚ ਕੌਡੀਆਂ ਫੜੀ ਖਲੋਤਾ ਹਾਂ ਬੱਚੇ ਵਾਂਗ ਹੁਣ। ਰਥ ਉਪਰ ਸਵਾਰ ਮਾਲਕ ਮੈਨੂੰ ਲੈਣ ਵਾਸਤੇ ਆਏਗਾ। ਤੁਹਾਨੂੰ ਪਿਛੇ ਬਚੀ ਗਰਦ ਦਿਸੇਗੀ ਕੇਵਲ।ਮੇਰਾ ਜਿਸਮ ਹੁਣ ਡਗਮਗਾ ਰਿਹਾ ਹੈ। ਸੁਣਨੋ ਹਟ ਗਿਆ ਹੈ। ਜਿਸਨੇ ਕੰਨ ਦਿਤੇ ਜੇ ਉਹ ਵਾਪਸ ਲੈ ਗਿਆ, ਫੇਰ ਗਿਲਾ ਕਿਸ ਗੱਲ ਦਾ? ਜੇ ਅੱਖਾਂ ਰਹਿਣ ਦੇਵੇ ਤਾਂ ਚੰਗੀ ਗੱਲ ਹੈ। ਉਸਦੀ ਸੁੰਦਰਤਾ ਜਿਵੇਂ ਮੈਂ ਮਾਣੀ ਤੇ ਲਿਖੀ, ਉਸ ਤਰ੍ਹਾਂ ਕੌਣ ਦੇਖੇਗਾ ਮੇਰੇ ਬਾਦ? ਕੁਦਰਤ ਆਪਣੀ ਹੀ ਜੇਬ ਕਿਉਂ ਕੁਤਰਦੀ ਰਹਿੰਦੀ ਹੈ ਮੈਤ੍ਰੀ ?

ਇਥੇ ਰਹਿੰਦਿਆਂ ਇਕ ਵਾਰ ਕਵੀ ਬੇਹੋਸ਼ ਹੋ ਗਿਆ। ਤਿੰਨ ਦਿਨ ਹੋਸ਼ ਨਹੀਂ ਸੀ ਆਈ। ਐਂਬੂਲੈਂਸ ਵਿਚ ਕਲਕੱਤੇ ਜਾ ਰਹੇ ਸਨ ਤਾਂ ਰਸਤੇ ਵਿਚ ਹੋਸ਼ ਆ ਗਈ, ਕਹਿਣ ਲੱਗੇ- ਕੀ ਹੈ ਇਹ? ਬੰਦ ਪਿੰਜਰੇ ਵਿਚ ਮੈਨੂੰ ਕਿਥੇ ਲਿਜਾ ਰਹੇ ਹੋ? ਮੈਨੂੰ ਕੁਝ ਨਹੀਂ ਦਿਸਦਾ। ਜੋਤੀ ਬਾਬੂ ਨੇ ਕਿਹਾ- ‘ਸਾਨੂੰ ਵੀ ਇਥੇ ਕੁਝ ਨਹੀਂ ਦਿਸਦਾ ਟੈਗੋਰ ਤੋਂ ਬਿਨਾ।’ ਮੁਸਕਾਉਂਦਿਆਂ ਬੋਲੇ- ਤੁਹਾਨੂੰ ਕੁਝ ਤਾਂ ਦਿਸਦਾ ਹੈ। ਮੈਨੂੰ ਤਾਂ ਕੁਝ ਵੀ ਨਹੀਂ ਦਿਸਦਾ।

ਕਲਕੱਤੇ ਦੇ ਐਨ ਵਿਚਕਾਰ ਜੋੜਾਸਾਂਕੋ ਵਡੀ ਜੱਦੀ ਹਵੇਲੀ ਸੀ। ਇਹ ਹਵੇਲੀ ਵਿਸ਼ਵ ਭਾਰਤੀ ਨੂੰ ਦਾਨ ਕਰ ਦਿੱਤੀ। ਪਿਤਾ ਨੇ ਛੇ ਏਕੜ ਜ਼ਮੀਨ ਸ਼ਹਿਰ ਦੇ ਕਿਨਾਰੇ ਖਰੀਦੀ। ਇਛਾ ਸੀ ਕਿ ਵੱਡੇ ਪਰਿਵਾਰ ਦੇ ਜੀਅ, ਪੁੱਤਰ, ਜਵਾਈ ਸਾਰੇ ਇਥੇ ਬੰਗਲੇ ਉਸਾਰਕੇ ਰਹਿਣਗੇ। ਇਹ ਸ਼ਾਂਤੀ ਨਿਕੇਤਨ ਨੂੰ ਦਾਨ ਕਰ ਦਿਤੀ ਸੀ। ਟਾਲਸਟਾਇ ਨੇ ਆਪਣੀ ਜਾਇਦਾਦ ਵਿਚੋਂ ਹਿੱਸੇ ਸਮਾਜ ਭਲਾਈ ਸੰਸਥਾਵਾਂ ਨੂੰ ਦਾਨ ਦੇਣੇ ਚਾਹੇ ਸਨ ਤਾਂ ਪਰਿਵਾਰ ਵਿਚ ਜ਼ਬਰਦਸਤ ਵਿਰੋਧ ਹੋਇਆ ਸੀ। ਟੈਗੋਰ ਪਰਿਵਾਰ ਦੇ ਕਿਸੇ ਮੈਂਬਰ ਨੇ ਇਤਰਾਜ਼ ਨਹੀਂ ਕੀਤਾ, ਇਹ ਪਰਿਵਾਰ ਅਜੀਬ ਸੁਭਾਉ ਵਾਲਾ ਸੀ।

ਆਪਣੇ ਮੇਜ਼ਬਾਨਾ ਨੂੰ ਕਵੀ ਦਸਦਾ ਹੈ- ਪਿਤਾ ਜੀ ਨੇ ਇਕ ਵਾਰ ਮੈਨੂੰ ਕਿਹਾ- ਜਾਹ ਆਪਣੇ ਫਾਰਮ ਦੀ ਨਿਗਰਾਨੀ ਕਰ। ਕਿਤਾਬਾਂ ਚੁੱਕ ਕੇ ਉਥੇ ਲੈ ਜਾ। ਫਸਲ ਪੱਕੀ ਤਾਂ ਆ ਜਾਈਂ। ਉਥੇ ਖੇਤਾਂ ਵਿਚ ਬੈਠਾ ਪੜ੍ਹਦਾ ਲਿਖਦਾ ਰਹਿੰਦਾ। ਇਕ ਦਿਨ ਵਾਪਸ ਕਲਕੱਤੇ ਆਉਣ ਦਾ ਫੈਸਲਾ ਕੀਤਾ ਤਾਂ ਤਾਂਗਾ ਆ ਗਿਆ। ਸਮਾਨ ਲੱਦ ਲਿਆ, ਵਿਦਾਇਗੀ ਵਕਤ ਇਕ ਇਕ ਕਰਕੇ ਮਜ਼ਦੂਰ ਨਮਸਕਾਰ ਕਰਨ ਆਉਂਦੇ ਗਏ। ਇਕ ਮਜ਼ਦੂਰ ਇਹ ਕਹਿਕੇ- ਜ਼ਰਾ ਰੁਕਣਾ ਸਾਹਬ ਮੈਂ ਆਇਆ, ਦੌੜ ਗਿਆ। ਆਪਣੀ ਝੌਪੜੀ ਵਿਚ ਫੋਲਾਫਾਲੀ ਕਰਕੇ ਭੱਜਾ ਆਇਆ। ਮੇਰੇ ਪੈਰਾਂ ਵਿਚ ਚਾਂਦੀ ਦਾ ਇਕ ਰੁਪਈਆਂ ਰੱਖ ਕੇ ਮੱਥਾ ਟੇਕ ਦਿੱਤਾ। ਮੈਂ ਕਿਹਾ- ਇਹ ਨੀ ਹੋ ਸਕਦਾ। ਨਮਸਕਾਰ ਠੀਕ ਹੈ। ਰੁਪਈਆ ਚੁੱਕ ਲੈ। ਮਜ਼ਦੂਰ ਹੱਥ ਜੋੜ ਕੇ ਖੜ੍ਹਾ ਹੋ ਗਿਆ, ਕਹਿਣ ਲੱਗਾ- ਤੁਸੀਂ ਸਾਡੇ ਤੋਂ ਜੇ ਰੁਪਈਏ ਲੈਣੇ ਬੰਦ ਕਰ ਦਿੱਤੇ ਤਾਂ ਫੇਰ ਖਾਓਂਗੇ ਕੀ ਮਾਲਕ। ਅਨੇਕ ਗ੍ਰੰਥ ਮੈਨੂੰ ਇਸ ਤਰੀਕੇ ਗੱਲ ਨਹੀਂ ਸਮਝਾ ਸਕਦੇ ਜਿਵੇਂ ਮਜ਼ਦੂਰ ਨੇ ਸਮਝਾਈ।

ਕਵੀ ਨੇ ਕਿਹਾ- ਮੈਤ੍ਰੀ ਯਾਦ ਹੈ ਮੇਰਾ ਗੀਤ? ਮੈਂ ਲਿਖਿਆ ਸੀ- ਜੀਵਨ, ਯੱਗ ਦੀ ਅਗਨੀ ਵਿਚ ਸੁੱਟੀ ਆਹੂਤੀ ਵਾਂਗ ਹੈ।ਕੁਝ ਬਾਕੀ ਨਹੀਂ ਬਚਦਾ, ਸੁਆਹ ਦੀ ਮੁੱਠੀ ਤੋਂ ਬਿਨਾ।ਕੋਈ ਕੋਈ ਸੁਆਹ ਦੀ ਮੁੱਠੀ ਵੀ ਗੱਲਾਂ ਕਰਦੀ ਰਹਿੰਦੀ ਹੈ ਬੰਦਿਆਂ ਨਾਲ।ਹੋ ਜਾਂਦੀ ਹੈ ਇਹ ਕਰਾਮਾਤ ਵੀ।

"ਮੈਤ੍ਰੀ, ਜਦੋਂ ਜਲ੍ਹਿਆਂ ਵਾਲੇ ਬਾਗ ਦੀ ਹੌਲਨਾਕ ਖਬਰ ਸੁਣੀ, ਸਾਰੀ ਰਾਤ ਸੌਂ ਨਹੀਂ ਸਕਿਆ ਮੈਂ। ਲਾਹਨਤ ਹੈ ਇਸ ਤਰ੍ਹਾਂ ਦੇ ਜੀਵਨ ਦੇ। ਮੈਂ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਣਾ 'ਸਰ' ਦਾ ਖਿਤਾਬ ਵਾਪਸ ਕਰਨ ਵਾਸਤੇ ਖਤ ਟਾਈਪ ਕਰ ਲਿਆ। ਲਿਫਾਫੇ ਵਿਚ ਬੰਦ ਕਰਕੇ ਡਾਕ ਵਿਚ ਪਾ ਦਿੱਤਾ ਤੇ ਨਕਲਾਂ ਅਖਬਾਰਾਂ ਨੂੰ ਵੰਡ ਦਿੱਤੀਆਂ, ਸਾਰੀ ਦੁਨੀਆਂ ਨੇ ਇਸ ਖਬਰ ਦਾ ਨੋਟਿਸ ਲਿਆ ਸੀ। ਖਿਤਾਬ ਵਾਪਸ ਕਰਨ ਵਾਲੀ ਗੱਲ ਮੈਂ ਕਿਸੇ ਨੂੰ ਨਹੀਂ ਸੀ ਦੱਸੀ। ਮੈਨੂੰ ਪਤਾ ਸੀ ਜੇ ਮੈਂ ਦੱਸ ਦਿੰਦਾ, ਮੈਨੂੰ ਖਤ ਲਿਖਣ ਤੋਂ ਰੋਕ ਦੇਣਾ ਸੀ। ਇਸ ਪਿਛੋਂ ਜਦੋਂ ਮੈਂ ਇੰਗਲੈਂਡ ਗਿਆ, ਗੋਰਿਆਂ ਨੇ ਮੈਨੂੰ ਮੂੰਹ ਨਹੀ ਲਾਇਆ। ਮੈਂ ਪੁਛਿਆ, ਇਹ ਤਾਂ ਬੜਾ ਸਤਿਕਾਰ ਕਰਦੇ ਹੁੰਦੇ ਸਨ ਮੇਰਾ, ਹੁਣ ਗੱਲ ਈ ਨੀ ਕਰਦੇ। ਕਿਉਂ? ਮੈਨੂੰ ਦੱਸਿਆ ਗਿਆ ਕਿ ਗੋਰੇ ਆਪਣੀ ਬਾਦਸ਼ਾਹਤ ਦਾ ਬਹੁਤ ਆਦਰ ਕਰਦੇ ਹਨ, ਇਸ ਪੱਖੋਂ ਬਹੁਤ ਜਜ਼ਬਾਤੀ ਹਨ। ਤੁਸੀਂ ਖਿਤਾਬ ਵਾਪਸ ਕਰ ਦਿਤਾ ਤਾਂ ਇਨ੍ਹਾਂ ਨੂੰ ਇਉਂ ਲੱਗਾ ਜਿਵੇਂ ਤੁਸੀਂ ਇਨ੍ਹਾਂ ਦੇ ਤਾਜ ਨੂੰ ਠੁੱਡਾ ਮਾਰਿਆ ਹੈ। ਇਹ ਗੱਲ ਸੁਣਕੇ ਮੈਂ ਖੁਸ਼ ਹੋ ਗਿਆ। ਇਹੋ ਮੈਂ ਚਾਹੁੰਦਾ ਸੀ। ਗੋਰਿਆਂ ਨੂੰ ਤਾਂ ਮੈਂ ਨਫਰਤ ਕਰਦਾ ਈ ਨਹੀਂ। ਮੈਂ ਤਾਜ ਦੀ ਬੇਇਜ਼ਤੀ ਕਰਨ ਦਾ ਇਛੁੱਕ ਸਾਂ, ਉਹ ਹੋ ਗਈ, ਠੀਕ ਹੋਇਆ। ਸੁਆਦ ਆ ਗਿਆ।

-ਇਤਿਹਾਸਕਾਰ ਬੜੀ ਗੜਬੜ ਕਰ ਰਹੇ ਨੇ। ਮੇਰਾ ਇਤਿਹਾਸ ਲਿਖਣ ਲਗੇ ਹੋਏ ਨੇ। ਮੇਰੀਆਂ ਮੁਢਲੀਆਂ ਕਵਿਤਾਵਾਂ ਲੱਭ ਲੈਂਦੇ ਨੇ। ਕਈ ਬਹੁਤ ਕੱਚੀਆਂ ਪਿਲੀਆਂ ਨੇ। ਐਵੇਂ ਨੇ ਬਸ। ਜਦੋਂ ਮੈਨੂੰ ਦਿਖਾਉਂਦੇ ਨੇ, ਮੈਂ ਕਹਿ ਦਿੰਨਾ ਮੇਰੀਆਂ ਕਵਿਤਾਵਾਂ ਹੈਨ ਈ ਨੀ ਇਹ। ਮੈਂ ਏਨੀ ਘਟੀਆ ਚੀਜ਼ ਨਹੀਂ ਲਿਖਦਾ। ਇਹ ਤੁਹਾਡੀਆਂ ਹੋਣਗੀਆਂ। ਮੈਨੂੰ ਦੱਸੋ, ਜੇ ਫੁੱਲ ਬਾਬਤ ਜਾਣਨਾ ਹੋਵੇ ਤਾਂ ਕੀ ਬੂਟੇ ਨੂੰ ਜੜੋਂ ਉਖਾੜ ਕੇ ਅਧਿਐਨ ਸ਼ੁਰੂ ਕਰਾਂਗੇ? ਕਹਿਣ ਲੱਗੇ- ਰੱਬ ਨੂੰ ਸ਼ੁਰੂ ਤੋਂ ਹੀ ਸਭ ਕੁਝ ਆਉਂਦਾ ਸੀ, ਇਹ ਗਲਤ ਹੈ। ਇਕ ਧਮਾਕਾ ਕਰਕੇ ਉਸਨੇ ਸਿਰਜਣਾ ਤਾਂ ਕਰ ਦਿੱਤੀ ਪਰ ਇਹ ਉਸਨੂੰ ਜਚੀ ਨਹੀਂ। ਕੇਵਲ ਪਹਾੜ ਤੇ ਸਮੁੰਦਰ, ਇਹ ਕੀ ਰਚਨਾ ਹੋਈ? ਫਿਰ ਉਸਨੇ ਲੱਖਾਂ ਸਾਲ ਦੀ ਮਿਹਨਤ ਨਾਲ ਜੀਵ ਜੰਤੂ ਬਣਾਏ। ਉਹਨਾਂ ਨੂੰ ਵੀ ਤਰਾਸ਼ਦਾ ਰਿਹਾ, ਜਿਵੇਂ ਰਬੜ ਨਾਲ ਪਹਿਲੀ ਲਕੀਰ ਮਿਟਾ ਕੇ ਦੂਸਰੀ ਵਾਹੁੰਦੇ ਹਾਂ। ਆਦਮੀ ਵੀ ਪਹਿਲਾਂ ਬੜਾ ਅਣਘੜਿਆ ਜਿਹਾ ਸੀ ਬੇਢਬਾ, ਹੌਲੀ ਹੌਲੀ ਆਦਮੀ ਦੀ ਤਸਵੀਰ ਪੂਰੀ ਕੀਤੀ ਰੱਬ ਨੇ। ਤੁਹਾਨੂੰ ਨਹੀਂ ਪਤਾ ਮੈਤ੍ਰੀ। ਹਜ਼ਾਰ ਸਾਲ ਲੰਮਾਂ ਰਬ ਦਾ ਸੁਫਨਾ ਉਦੋਂ ਸਾਕਾਰ ਹੋਇਆ ਸੀ ਜਦੋਂ ਧਰਤੀ ਉਪਰ ਪਹਿਲਾ ਫੁੱਲ ਖਿੜਿਆ।

ਮੈਤ੍ਰੀ ਦੇਵੀ ਲਿਖਦੀ ਹੈ- ਉਸ ਦੀ ਕੁਰਸੀ ਦੇ ਪਿਛੇ ਬੈਠੀ ਮੈਂ ਨਿਕੇ ਮੋਟੇ ਕੰਮ ਕਰਦੀ ਰਹਿੰਦੀ। ਕਦੀ ਕਦਾਈਂ ਕੋਈ ਕਵਿਤਾ, ਕੋਈ ਗੀਤ, ਗੈਰਰਸਮੀ ਤਰੀਕੇ ਨਾਲ ਉਹ ਮੇਰੀ ਝੋਲੀ ਵਿਚ ਸੁੱਟ ਦਿੰਦੇ। ਮੈਂ ਰੱਬ ਦਾ ਬੇਅੰਤ ਸ਼ੁਕਰਾਨਾ ਕਰਦੀ ਕਿ ਇਸ ਲਾਸਾਨੀ ਇਨਸਾਨ ਦਾ ਧਿਆਨ ਮੇਰੇ ਵੱਲ ਵੀ ਚਲਾ ਜਾਂਦਾ ਹੈ। ਇਹ ਸਾਰਾ ਕੁਝ ਮੈਨੂੰ ਕੋਈ ਕਰਾਮਾਤ ਲਗਦਾ।

ਕਵੀ ਨੇ ਕਿਹਾ- ਮਹਾਂਭਾਰਤ ਦਾ ਕੋਈ ਮੁਕਾਬਲਾ ਨਹੀਂ। ਪੱਛਮ ਦੇ ਮਹਾਂਕਾਵਿ ਵਿਚਲੇ ਨਾਇਕਾਂ ਵਾਂਗ, ਵਿਜੇਤਾ ਹੋਕੇ ਪਾਂਡਵ ਵਹਿਸ਼ੀ ਖੁਸ਼ੀ ਨਾਲ ਨਚਦੇ ਕੁਦਦੇ ਨਹੀਂ।ਹਜ਼ਾਰਾਂ ਸਿਵੇ ਬਲਦੇ ਛਡ ਕੇ ਉਹ ਹਿਮਾਲਾ ਵਿਚ ਆਤਮਘਾਤ ਕਰਨ ਤੁਰ ਪੈਂਦੇ ਹਨ। ਕਾਮਨਾਵਾਂ ਦੀ ਅੱਗ ਪ੍ਰੱਜਵਲਿਤ ਹੋਵੇਗੀ ਤਾਂ ਯੁੱਧ ਹੋਏਗਾ, ਧਰਤੀ ਖੂਨੋ ਖੂਨ ਹੋਏਗੀ। ਇਸ ਪਾਪ ਨੂੰ ਧੋਣ ਵਾਸਤੇ ਕੁਰਬਾਨੀ ਦੇਣੀ ਪਵੇਗੀ। ਇਸ ਸੰਗਰਾਮ ਵਿਚੋਂ ਸੌ ਗਜ਼ ਲੰਮੀ ਗੀਤਾ ਦਾ ਜਨਮ ਹੋਣਾ ਹੀ ਹੋਣਾ ਸੀ।

ਮੈਤ੍ਰੀ ਨੇ ਪੁੱਛਿਆ- ਸੰਗੀਤ ਸੁਣਦਿਆਂ ਦਿਲ ਵਿਚ ਦਰਦ ਕਿਉਂ ਪੈਦਾ ਹੁੰਦਾ ਹੈ? ਕਵੀ ਹੱਸ ਪਿਆ- ਤੂੰ ਗਲਤ ਬੰਦੇ ਨੂੰ ਸਵਾਲ ਪੁਛ ਲਿਆ ਕੁੜੀਏ। ਜਦੋਂ ਸੰਗੀਤ ਗੈਰਹਾਜ਼ਰ ਹੋਵੇ ਮੇਰੀਆਂ ਅੱਖਾਂ ਤਾਂ ਉਦੋਂ ਵੀ ਡੁਬਡੁਬਾਈਆਂ ਰਹਿੰਦੀਆਂ ਨੇ। ਮੈਂ ਤੈਨੂੰ ਕੀ ਉੱਤਰ ਦੇ ਸਕਦਾਂ?

ਮੈਤ੍ਰੀ ਨੇ ਲਿਖਿਆ, ‘ਕੀ ਮੈਂ ਉਸਨੂੰ ਭੁੱਲ ਸਕਾਂਗੀ? ਉਹ ਚਲਾ ਗਿਆ ਹੈ। ਮੈਂ ਅੱਖਾਂ ਸਦਕਾ ਦੇਖਦੀ ਹਾਂ। ਮੈਨੂੰ ਇਹ ਐਲਾਨ ਕਰਨ ਦੀ ਲੋੜ ਨਹੀਂ, ਮੇਰੇ ਕੋਲ ਅੱਖਾਂ ਹਨ- ਮੇਰੇ ਕੋਲ ਅੱਖਾਂ ਹਨ, ਕਈ ਵਾਰ ਆਲੇ ਦੁਆਲੇ ਫੁੱਲਾਂ ਦੀਆਂ ਕਿਆਰੀਆਂ ਵੱਲ ਬਿਨਾਂ ਦੇਖੇ ਲੰਘ ਜਾਂਦੇ ਹਾਂ। ਕਈ ਵਾਰ ਅੱਖਾਂ ਦੇ ਸਾਹਮਣੇ ਹੁੰਦਿਆਂ ਵੀ ਤਾਰਿਆਂ ਵੱਲ ਨਹੀਂ ਦੇਖਦੇ। ਤਾਰੇ ਅਤੇ ਫੁੱਲ ਜਿਥੇ ਸਨ, ਉਥੇ ਹੀ ਹਨ।

***

ਟੈਗੋਰ ਰਚਨਾਵਲੀ ਵਿਚੋਂ ਪਾਠਕਾਂ ਵਾਸਤੇ ਦੇ ਰਹੇ ਹਾਂ ”ਬਾਲਕ” ਵਿਚੋਂ ਕੁਝ ਹਿੱਸੇ। ਇਹ ਰਚਨਾ ਉਮਰ ਦੇ ਅਖੀਰ ਵਿਚ ਆਈ ਜਿਸਦਾ ਬੰਗਲਾ ਵਿਚ ਨਾਮ ਰੱਖਿਆ ਸ਼ਿਸ਼ੂ ਤੇ ਅੰਗਰੇਜ਼ੀ ਵਿਚ The Crescent Moon. ਨਿਕੇ ਨਿਕੇ ਇਹ ਬਾਲਗੀਤ ਕੇਵਲ ਬੱਚਿਆਂ ਵਿਚ ਨਹੀਂ, ਹਰ ਉਮਰ ਦੇ ਲੋਕਾਂ ਵਿਚ ਪਿਆਰੇ ਹੋਏ।

ਘਰ

ਜਦੋਂ ਕੰਜੂਸ ਬਾਣੀਏ ਵਾਂਗ ਸੂਰਜ ਆਪਣਾ ਸੋਨਾ ਛੁਪਾਉਣ ਵਿਚ ਰੁਝਿਆ ਹੋਇਆ ਸੀ,
ਸ਼ਾਮੀ ਮੈਂ ਖੇਤ ਵਿਚੋਂ ਦੀ ਲੰਘਿਆ।
ਚਾਨਣ ਹੌਲੀ ਹੌਲੀ ਹਨੇਰੇ ਦੀ ਬੁੱਕਲ ਵਿਚ ਡੂੰਘਾ ਉਤਰਦਾ ਗਿਆ
ਤੇ ਕੱਟੀ ਫਸਲ ਹੇਠਲੀ ਵਿਧਵਾ ਧਰਤੀ ਖਾਮੋਸ਼ ਪਈ ਰਹੀ।
ਅਚਾਨਕ ਇਕ ਖੁਸ਼ ਬੱਚੇ ਦੀ ਕਲਿਕਾਰੀ ਅਸਮਾਨ ਵੱਲ ਜਾਂਦੀ ਗੂੰਜੀ।
ਅਨੰਤ ਹਨੇਰ ਵਿਚ, ਉਦਾਸ ਸ਼ਾਮ ਵਕਤ ਇਹ ਰੌਸ਼ਨੀ ਦੀ ਲਕੀਰ ਸੀ ਇੱਕ।

ਸਾਗਰ ਕੰਢੇ

ਅਨੰਤ ਸੰਸਾਰਾਂ ਦੇ ਬੱਚੇ ਸਮੁੰਦਰ ਕਿਨਾਰੇ ਮਿਲਦੇ ਹਨ। ਉੱਪਰ ਸ਼ਾਂਤ ਨਿਰਮਲ
ਆਕਾਸ਼, ਹੇਠਾਂ ਬੇਚੈਨ ਤਾਕਤਵਰ ਗੱਜਦਾ ਹੋਇਆ ਸਾਗਰ। ਅਨੰਤ ਸੰਸਾਰਾਂ
ਦੇ ਬੱਚੇ ਸਾਗਰ ਕਿਨਾਰੇ ਮਿਲਕੇ ਨੱਚਦੇ ਹਨ, ਕਿਲਕਾਰੀਆਂ ਮਾਰਦੇ ਹਨ।
ਰੇਤ ਦੇ ਘਰ ਉਸਾਰ ਕੇ ਉਹ ਸਿੱਪੀਆਂ ਨਾਲ ਖੇਡਦੇ ਹਨ।
ਬਿਖਰੇ ਪੱਤੇ ਜੋੜ ਜੋੜ ਉਹ ਕਿਸ਼ਤੀਆਂ ਬਣਾਕੇ
ਸਮੁੰਦਰ ਵਿਚ ਛੱਡ ਦਿੰਦੇ ਹਨ।
ਸਾਗਰ ਕੰਢੇ ਖੇਡਣ ਵਾਸਤੇ ਬੱਚਿਆਂ ਦੀਆਂ ਆਪਣੀਆਂ ਖੇਡਾਂ ਹਨ।
ਉਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਜਾਲ ਸੁੱਟਣੇ ਨਹੀਂ ਆਉਂਦੇ। ਮੋਤੀਆਂ ਦੀ ਤਲਾਸ਼ ਵਿਚ
ਗੋਤਾਖੋਰ ਹੇਠਾਂ ਡੂੰਘਾਣ ਵਿਚ ਡੁਬਕੀ ਲਾਉਂਦੇ ਹਨ। ਸੌਦਾਗਰ ਜਹਾਜ਼ ਠੇਲ ਦਿੰਦੇ ਹਨ ਪਰ
ਬੱਚੇ ਕੰਕਰ ਇਕੱਠੇ ਕਰਦੇ ਰਹਿੰਦੇ ਹਨ ਤੇ ਇਕੱਠੇ ਕੀਤੇ ਕੰਕਰਾਂ ਨੂੰ ਫਿਰ ਰੇਤ ਵਿਚ
ਵਗਾਹ ਮਾਰਦੇ ਹਨ। ਉਨ੍ਹਾਂ ਨੂੰ ਖਜ਼ਾਨਿਆਂ ਦੀ ਤਲਾਸ਼ ਨਹੀਂ।
ਉਨ੍ਹਾਂ ਨੂੰ ਜਾਲ ਸੁੱਟਣਾ ਨਹੀਂ ਆਉਂਦਾ।
ਹੱਸਦਾ ਹੱਸਦਾ ਸਾਗਰ ਉਚਾ ਉਠਦਾ ਹੈ। ਉਸਦਾ ਹਾਸਾ ਕਿਨਾਰਿਆਂ ਨੂੰ ਛੁੰਹਦਾ ਹੈ। ਮਾਂ
ਜਿਵੇਂ ਬੱਚੇ ਦੇ ਪੰਘੂੜੇ ਲਾਗੇ ਲੋਰੀਆਂ ਗਾਉਂਦੀ ਹੈ, ਖੂਨੀ ਲਹਿਰਾਂ ਬੱਚਿਆਂ ਨੂੰ
ਬੇਮਾਇਨੇ ਗੀਤ ਸੁਣਾਉਂਦੀਆਂ ਹਨ।
ਅਨੰਤ ਸੰਸਾਰਾਂ ਦੇ ਬੱਚੇ ਸਾਗਰ ਕੰਢੇ ਮਿਲਦੇ ਹਨ। ਤੂਫਾਨ ਬੇਲਗਾਮ ਹੈ,
ਜਹਾਜ਼ ਡੁੱਬ ਰਹੇ ਹਨ। ਮੌਤ ਝੂਮਦੀ ਫਿਰ ਰਹੀ ਹੈ ਤੇ ਬੱਚੇ ਖੇਡਦੇ ਹਨ। ਅਨੰਤ ਸੰਸਾਰ
ਸਾਗਰਾਂ ਕਿਨਾਰੇ ਬੱਚਿਆਂ ਦੀ ਬਹੁਤ ਵਡੀ ਮਜਲਿਸ ਜੁੜੀ ਹੈ।

ਬੱਚੇ ਦਾ ਰਾਹ

ਜੇ ਚਾਹੇ ਤਾਂ ਅੱਖ ਦੇ ਪਲਕਾਰੇ ਵਿਚ ਬੱਚਾ ਉਡਕੇ ਅਸਮਾਨ ਤੱਕ ਪੁੱਜ ਸਕਦਾ ਹੈ। ਕੋਈ ਗੱਲ ਹੈ ਜਿਸ ਕਰਕੇ ਉਹ ਸਾਥੋਂ ਦੂਰ ਨਹੀਂ ਜਾਂਦਾ।
ਮਾਂ ਦੀ ਛਾਤੀ ਉਪਰ ਸਿਰ ਰੱਖਕੇ ਸੌਣਾ ਉਸਨੂੰ ਚੰਗਾ ਲਗਦਾ ਹੈ, ਮਾਂ ਅੱਖਾਂ ਤੋਂ ਪਰੇ ਹੋਏ, ਇੰਨਾ ਕੁ ਵੀ ਬਰਦਾਸ਼ਤ ਨਹੀਂ ਕਰਦਾ।
ਬੱਚੇ ਨੂੰ ਸਭ ਸੁਹਣੇ ਤੇ ਸਿਆਣੇ ਸ਼ਬਦਾਂ ਦਾ ਪਤਾ ਹੈ ਪਰ ਥੋੜੇ ਕੁ ਹਨ ਇਸ ਧਰਤੀ ਉਪਰ ਜਿਹੜੇ ਉਸਦੇ
ਬੋਲਾਂ ਦੇ ਅਰਥ ਜਾਣਦੇ ਹਨ। ਕੋਈ ਗੱਲ ਹੈ ਜਿਸ ਕਰਕੇ ਉਹ ਘੱਟ ਬੋਲਦਾ ਹੈ।
ਮਾਂ ਦੇ ਬੋਲ ਉਹ ਮਾਂ ਦੇ ਬੁੱਲ੍ਹਾਂ ਤੋਂ ਸਿੱਖਣਾ ਚਾਹੁੰਦਾ ਹੈ। ਇਸੇ ਕਰਕੇ ਉਹ ਇੰਨਾ ਮਾਸੂਮ ਹੈ।
ਬੱਚੇ ਕੋਲ ਸੋਨੇ ਅਤੇ ਮੋਤੀਆਂ ਦੇ ਬੋਹਲ ਹਨ ਪਰ ਧਰਤੀ ਉਪਰ ਉਹ ਮੰਗਤੇ ਵਾਂਗ ਆਇਆ।
ਕੋਈ ਗੱਲ ਤਾਂ ਹੈ ਜਿਸ ਕਰਕੇ ਉਸਨੇ ਭੇਸ ਬਦਲਿਆ। ਨਿਕਾ, ਨੰਗਧੜੰਗ ਇਹ ਜੋਗੀ ਬਿਲਕੁਲ ਲਾਚਾਰ ਹੋਣ ਦਾ ਦਿਖਾਵਾ ਕਰਦਾ ਹੈ ਤਾਂ ਕਿ ਮਾਂ ਦੇ ਪਿਆਰ ਦੀ ਦੌਲਤ ਹਾਸਲ ਕਰ ਸਕੇ।
ਚੰਦਰਮਾ ਦੇ ਦੇਸ ਵਿਚ ਬੱਚਾ ਹਰੇਕ ਬੰਧਨ ਤੋਂ ਮੁਕਤ ਸੀ ਪਰ ਕੋਈ ਗੱਲ ਹੈ ਜਿਸ ਸਦਕਾ ਉਸਨੇ ਆਜ਼ਾਦੀ ਛੱਡ ਦਿੱਤੀ।
ਉਸ ਨੂੰ ਪਤਾ ਹੈ ਮਾਂ ਦੇ ਦਿਲ ਵਿਚ ਉਸ ਵਾਸਤੇ ਅਨੰਤ ਖੁਸ਼ੀਆਂ ਹਨ, ਆਜ਼ਾਦੀ ਨਾਲੋਂ ਤਾਂ ਚੰਗਾ ਹੈ ਮਾਂ ਭੱਜਕੇ ਉਸ ਨੂੰ ਫੜ ਲਵੇ ਤੇ ਆਪਣੀਆਂ ਬਾਹਵਾਂ ਵਿਚ ਘੁੱਟ ਲਵੇ।
ਬੱਚੇ ਨੂੰ ਪਤਾ ਨਹੀਂ ਰੋਣ ਧੋਣ ਕੀ ਹੁੰਦਾ ਹੈ। ਉਹ ਅਨੰਤ ਖੇੜਿਆਂ ਦੀ ਵਾਦੀ ਵਿਚ ਵਸਦਾ ਹੈ। ਕੋਈ ਗੱਲ ਹੈ ਫਿਰ ਵੀ ਜਿਸ ਕਰਕੇ ਉਹ ਹੰਝੂ ਡੇਗਦਾ ਹੈ।
ਉਸਦੇ ਪਿਆਰੇ ਹੋਠਾਂ ਦੀ ਮੁਸਕਾਣ ਵੱਲ ਮਾਂ ਖਿੱਚੀ ਤੁਰੀ ਆਉਂਦੀ ਹੈ। ਤਾਂ ਵੀ ਬਿਨਾ ਕਿਸੇ ਗੱਲ ਦੇ ਜਦੋਂ ਉਹ ਰੋਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਮਾਂ ਦਾ ਪਿਆਰ ਅਤੇ ਹਮਦਰਦੀ ਦਾ ਤਾਣਾ ਪੇਟਾ ਉਸ ਦੁਆਲੇ ਵਲਿਆ ਰਹੇ।
ਓ ਮੰਗਤੇ, ਮਾਂ ਦੀ ਗਰਦਣ ਦੁਆਲੇ ਬਾਹਵਾਂ ਚਮੇੜੀ, ਦੋਹਾਂ ਹੱਥਾਂ ਨਾਲ ਤੂੰ ਕੀ ਮੰਗ ਰਿਹੈਂ?
ਓ ਲਾਲਚੀ ਦਿਲ, ਅਸਮਾਨ ਵਿਚੋਂ ਸੰਸਾਰ ਨਾਮ ਦਾ ਫਲ ਤੋੜ ਕੇ ਮੈਂ ਤੇਰੀ ਨਿਕੀ ਹਥੇਲੀ ਤੇ ਰੱਖ ਦਿਆਂ?

ਅਰੰਭ

ਮੈਂ ਕਿਥੋਂ ਆਇਆਂ ? ਮਾਂ ਤੂੰ ਮੈਨੂੰ ਕਿਥੋਂ ਚੁੱਕਿਆ ਸੀ?
ਹੱਸਦੀ, ਛਾਤੀ ਨਾਲ ਘੁੱਟ ਕੇ ਉਹ ਆਖਦੀ -
ਇਛਾਵਾਂ ਵਾਂਗ ਤੂੰ ਦਿਲ ਵਿਚ ਦੱਬਿਆ ਪਿਆ ਸੈਂ ਮੇਰੇ ਲਾਲ।
ਜਦੋਂ ਮੈਂ ਬਾਲੜੀ ਸਾਂ, ਤੂੰ ਮੇਰੀਆਂ ਗੁੱਡੀਆਂ ਪਟੋਲਿਆਂ ਵਿਚ ਹੁੰਦਾ ਸੀ।
ਜਦੋਂ ਗਾਰੇ ਦਾ ਦੇਵਤਾ ਬਣਾਉਂਦੀ, ਉਦੋਂ ਬਾਰ ਬਾਰ ਮੈਂ ਤੇਰੇ ਨਕਸ਼ ਹੀ ਬਣਾਇਆ ਕਰਦੀ।
ਜਦੋਂ ਘਰ ਵਿਚ ਦੇਵਤੇ ਦੀ ਪੂਜਾ ਹੁੰਦੀ ਉਦੋਂ ਮੈਂ ਤੈਨੂੰ ਪੂਜਿਆ ਕਰਦੀ ਦਰਅਸਲ।
ਮੇਰੇ ਪਿਆਰਾਂ, ਮੇਰੀਆਂ ਆਸਾਂ ਤੇ ਤੇਰੀ ਨਾਨੀ ਦੀਆਂ ਆਸਾਂ ਵਿਚ ਤੂੰ ਹੀ ਤਾਂ ਹੁੰਦਾ ਸੀ।
ਜਿਹੜੀ ਅਮਰ ਰੂਹ ਸਾਡੇ ਘਰਾਂ ਤੇ ਰਾਜ ਕਰਦੀ ਹੈ, ਯੁੱਗਾਂ ਤੱਕ ਪਾਲਦੀ ਰਹੀ ਤੈਨੂੰ।
ਚੜ੍ਹਦੀ ਉਮਰੇ ਜਦੋਂ ਮੇਰੇ ਦਿਲ ਦੀਆਂ ਪੰਖੜੀਆਂ ਖੁੱਲ੍ਹਣ ਲੱਗੀਆਂ,
ਖੁਸ਼ਬੂ ਬਣਕੇ ਤੂੰ ਇਸ ਦੁਆਲੇ ਚੱਕਰ ਕਟਦਾ ਹੁੰਦਾ ਸੈਂ।
ਮੈਂ ਜੁਆਨ ਹੋਈ, ਤੇਰੀ ਨਜ਼ਾਕਤ ਮੇਰੇ ਅੰਗਾਂ ਵਿਚ ਇਉਂ ਮਚਲੀ ਜਿਵੇਂ
ਪਹੁ ਫੁਟਾਲੇ ਤੋਂ ਪਹਿਲਾਂ ਪੂਰਬ ਵਿਚ ਸੂਰਜ ਮਚਲਦਾ ਹੈ।
ਤੂੰ ਤੇ ਸੂਰਜ ਦੋਵੇਂ ਜੌੜੇ ਭਰਾ ਹੋਂ ਮੇਰੇ ਲਾਲ, ਤੁਸੀਂ ਇਕੱਠੇ ਜੰਮੇ।
ਤੇਰਾ ਮੂੰਹ ਦੇਖਕੇ ਮੈਂ ਵਿਸਮਾਦਿਤ ਹੋ ਜਾਨੀਆਂ, ਤੂੰ ਜਿਹੜਾ ਸਾਰੇ ਜਹਾਨ ਦਾ ਖਜ਼ਾਨਾ ਸੀ, ਮੇਰਾ ਕਿਵੇਂ ਹੋ ਗਿਆ ਤੂੰ ਇਕੱਲੀ ਦਾ?
ਕਿਤੇ ਗੁਆਚ ਨਾ ਜਾਏਂ, ਤਾਹੀਂ ਛਾਤੀ ਨਾਲ ਘੁੱਟੀ ਰਖਦੀ ਆਂ।
ਕਿਸ ਤਰ੍ਹਾਂ ਦਾ ਜਾਦੂ ਸੀ ਇਹ ਜਿਸਨੇ ਦੁਨੀਆਂ ਦੇ ਖਜ਼ਾਨੇ ਨੂੰ ਰੱਸੇ ਵਿਚ ਵਲ ਕੇ ਮੇਰੀਆਂ ਨਾਜ਼ਕ ਬਾਹਾਂ ਵਿਚ ਲਿਆ ਰੱਖਿਆ?
ਮੇਰੀ ਇਛਾ ਹੈ ਮੈਂ ਉਨ੍ਹਾਂ ਰਾਹਾਂ ਤੇ ਤੁਰਾਂ ਜਿਹੜੇ ਮੇਰੇ ਲਾਲ ਦੇ ਦਿਲ ਵਿਚੋਂ ਨਿਕਲਦੇ ਨੇ।
ਇਤਿਹਾਸ ਵਿਚ ਜਿਹੜੇ ਰਾਜੇ ਕਦੀ ਨਹੀਂ ਹੋਏ,
ਉਨ੍ਹਾਂ ਦੀਆਂ ਰਾਜਧਾਨੀਆਂ ਵਿਚੋਂ ਰਾਜਦੂਤ ਦੌੜੇ ਆ ਰਹੇ ਹਨ ਜਾ ਰਹੇ ਹਨ, ਤੇਰੇ ਸੁਨੇਹੇ ਲਿਜਾਣ ਲਿਆਣ ਵਾਸਤੇ ਲਾਲ।
ਦਲੀਲਾਂ ਆਪਣੇ ਤਰੀਕੇ ਨਾਲ ਜਿਥੇ ਆਪਣੇ ਰੰਗਾਂ ਦੇ ਪਤੰਗ ਉਡਾਉਂਦੀਆਂ ਹਨ,
ਜਿਥੇ ਪਿੰਜਰੇ ਵਿਚ ਬੰਦ ਦਲੀਲਾਂ ਨੂੰ ਸੱਚ ਆਜ਼ਾਦ ਕਰ ਦਿੰਦੈ,
ਤੂੰ ਉਥੋਂ ਆਇਐਂ ਮੇਰੇ ਲਾਲ।

ਬਦਨਾਮੀ

ਤੇਰੀਆਂ ਅੱਖਾਂ ਵਿਚ ਹੰਝੂ ਕਿਉਂ ਮੇਰੇ ਲਾਲ ?
ਬਿਨਾ ਗੱਲ ਤੋਂ ਤੈਨੂੰ ਕਿਸ ਨੇ ਝਿੜਕਿਆ?
ਤੇਰਾ ਮੂੰਹ ਤੇ ਹੱਥ ਸਿਆਹੀ ਨਾਲ ਲਿਬੜ ਗਏ ਤਾਂ ਉਨ੍ਹਾਂ ਤੈਨੂੰ ਗੰਦਾ ਕਿਹਾ?
ਚੰਦ ਨੇ ਅਪਣਾ ਸਾਰਾ ਮੂੰਹ ਸਿਆਹੀ ਨਾਲ ਭਰ ਰੱਖਿਐ,
ਫਿਰ ਉਹ ਚੰਗਾ ਨੀ ਲਗਦਾ?
ਬਿਨਾ ਗੱਲ ਤੋਂ ਝਿੜਕਦੇ ਨੇ ਮੇਰੇ ਲਾਲ ਨੂੰ ਬੇਵਕੂਫ।
ਖੇਡਦਿਆਂ ਜੇ ਕਮੀਜ਼ ਪੜਵਾ ਆਇਐਂ, ਫੇਰ ਕੀ ਹੋਇਆ?
ਫੇਰ ਉਹ ਪਤਝੜ ਦੀ ਰੁੱਤ ਨੂੰ ਕੀ ਕਹਿਣਗੇ ਜਿਹੜੀ ਚੀਥੜਿਆਂ ਵਿਚੋਂ ਦੀ ਹੱਸਦੀ ਹੈ?
ਤੈਨੂੰ ਕੀ ਕੀ ਕਹਿੰਦੇ ਨੇ ਲੋਕ, ਧਿਆਨ ਨਾ ਦੇਹ ਉਨ੍ਹਾਂ ਵੱਲ।
ਸਭ ਨੂੰ ਪਤੈ ਤੈਨੂੰ ਮਿਠੀਆਂ ਚੀਜਾਂ ਪਸੰਦ ਨੇ, ਕੀ ਇਸ ਲਈ ਤੈਨੂੰ ਲਾਲਚੀ ਕਹਿੰਦੇ ਨੇ ਉਹ?
ਫਿਰ ਸਾਨੂੰ ਕੀ ਕਹਿਣਗੇ ਉਹ? ਅਸੀਂ ਕਿਹੜਾ ਆਪਣੇ ਮਿੱਠੇ ਲਾਲ ਨੂੰ ਪਿਆਰ ਕਰਨੋ ਹਟਦੇ ਆਂ?

ਖੇਡਾਂ

ਰੇਤੇ ਵਿਚ ਬੈਠਾ, ਟੁੱਟੀਆਂ ਟਾਹਣੀਆਂ ਨਾਲ ਖੇਡਦਾ
ਇਸ ਪ੍ਰਭਾਤ ਤੂੰ ਕਿੰਨਾ ਖੁਸ਼ ਹੈਂ।
ਮੈਂ ਆਪਣੇ ਲੇਖੇ ਜੋਖਿਆਂ ਵਿਚ ਉਲਝੀ ਹੋਈ ਹਾਂ।
ਕਦੀ ਕਦੀ ਤੂੰ ਮੇਰੇ ਵਲ ਦੇਖਦੈਂ ਤਾਂ ਮੈਂ ਜਾਣ ਜਾਨੀ ਆਂ
ਕਿ ਮੇਰੇ ਲੇਖੇ ਤੈਨੂੰ ਕਿੰਨੇ ਫਜ਼ੂਲ ਲਗਦੇ ਨੇ।
ਟਾਹਣੀਆਂ ਤੇ ਠੀਕਰੀਆਂ ਨਾਲ ਖੇਡਣਾ ਮੈਂ ਭੁਲ ਗਈ ਹਾਂ ਮੇਰੇ ਲਾਲ।
ਮੈਨੂੰ ਮਹਿੰਗੀਆਂ ਖੇਡਾਂ, ਸੋਨੇ ਚਾਂਦੀ ਦੇ ਖਿਡੌਣੇ ਚੰਗੇ ਲਗਦੇ ਨੇ।
ਤੈਨੂੰ ਜੋ ਲੱਭ ਜਾਏ ਉਸੇ ਦੀ ਖੇਡ ਬਣਾ ਲੈਨੈ।
ਮੈਂ ਸਾਰਾ ਸਮਾਂ ਸਾਰੀ ਤਾਕਤ ਉਨ੍ਹਾਂ ਉਤੇ ਲਗਾਈ ਜੋ ਪਹੁੰਚ ਤੋਂ ਬਾਹਰ ਸਨ।
ਅਨੰਤ ਸਾਗਰ ਵਿਚ ਮੇਰੀ ਕਮਜ਼ੋਰ ਕਿਸ਼ਤੀ ਡੋਲ ਰਹੀ ਹੈ
ਮੈਂ ਭੁਲ ਗਈ ਕਿ ਮੈਂ ਵੀ ਖੇਡਾਂ ਖੇਡਦੀ ਸਾਂ।

ਦਾਦਾ

ਮੈਂ ਕਿਹਾ, “ਸ਼ਾਮੀ ਚੰਦ ਜਦੋਂ ਕਦੰਬ ਦੇ ਦਰਖ਼ਤ ਦੀਆਂ ਟਾਹਣੀਆਂ ਵਿਚਕਾਰ ਆਕੇ ਫਸ ਜਾਂਦੈ, ਕੋਈ ਫੜ ਨਹੀਂ ਇਸਨੂੰ ਸਕਦਾ ਦਾਦਾ?”
ਦਾਦਾ ਹੱਸਿਆ, ਕਿਹਾ, “ਤੂੰ ਮੂਰਖ ਹੈਂ। ਏਨੀ ਦੂਰ ਚੰਨ ਨੂੰ ਕੌਣ ਫੜੇਗਾ?”
ਮੈਂ ਕਿਹਾ - ਸਾਨੂੰ ਖੇਡਦਿਆਂ ਨੂੰ ਚੁਬਾਰੇ ਦੀ ਬਾਰੀ ਵਿਚੋਂ ਜਦੋਂ ਮਾਂ ਤੱਕ ਕੇ ਮੁਸਕਾਉਂਦੀ ਹੈ, ਤੁਸੀਂ ਉਹਨੂੰ ਦੂਰ ਕਹੋਗੇ ਦਾਦਾ?
ਦਾਦਾ ਬੋਲੇ - ਤੂੰ ਮੂਰਖ ਰਹੇਂਗਾ। ਚੰਦ ਨੂੰ ਫੜਨ ਵਾਸਤੇ ਏਨਾ ਵੱਡਾ ਜਾਲ ਕੌਣ ਬੁਣੇਗਾ?
ਮੈਂ ਕਿਹਾ - ਜਾਲ ਦੀ ਕੀ ਲੋੜ? ਹੱਥਾਂ ਵਿਚ ਫੜ ਲਵਾਂਗੇ।
ਦਾਦਾ ਹੱਸਿਆ - ਤੂੰ ਮੂਰਖ ਹੈਂ। ਜਦੋਂ ਚੰਦ ਨੇੜੇ ਆਏਗਾ ਉਦੋਂ ਤੈਨੂੰ ਪਤਾ ਲਗੇਗਾ ਕਿ ਉਹ ਕਿਡਾ ਵੱਡਾ ਹੈ।
ਮੈਂ ਕਿਹਾ- ਤੁਹਾਨੂੰ ਕਿਹੋ ਜਿਹੀ ਪੜ੍ਹਤੀ ਪੜ੍ਹਾ ਦਿਤੀ ਮਾਸਟਰਾਂ ਨੇ ਦਾਦਾ?
ਮਾਂ ਨੀਵੀਂ ਝੁਕ ਕੇ ਜਦੋਂ ਸਾਡੀ ਮਿਠੀ ਲੈਂਦੀ ਹੈ, ਉਦੋਂ ਕਿਤੇ ਉਸਦਾ ਮੂੰਹ ਵੱਡਾ ਹੋ ਜਾਂਦੈ?
ਦਾਦਾ ਫਿਰ ਹੱਸਿਆ - ਤੂੰ ਮੂਰਖ ਦਾ ਮੂਰਖ ਰਹੇਂਗਾ ਬੱਚਿਆ।

ਬੱਦਲ ਅਤੇ ਲਹਿਰਾਂ

ਬੱਦਲਾਂ ਨੇ ਮੈਨੂੰ ਕਿਹਾ ਮਾਂ- ਅਸੀਂ ਦਿਨ ਰਾਤ ਖੇਡਦੇ ਰਹਿਨੇ ਆਂ। ਦਿਨ ਨੂੰ ਸੂਰਜ ਨਾਲ ਰਾਤੀਂ ਚੰਦ ਨਾਲ।
ਮੈਂ ਪੁੱਛਿਆ - ਮੈਂ ਤੁਹਾਡੇ ਨਾਲ ਖੇਡਣ ਕਿਵੇਂ ਆਵਾਂ?
ਉਹ ਬੋਲੇ - ਧਰਤੀ ਦੇ ਕਿਨਾਰੇ ਤੇ ਖਲੋ, ਅਸਮਾਨ ਵੱਲ ਹੱਥ ਫੈਲਾਅ, ਅਸੀਂ ਤੈਨੂੰ ਚੁਕਕੇ ਉਡਾ ਲਿਜਾਵਾਂਗੇ।
ਮੈਂ ਕਿਹਾ - ਪਰ ਮਾਂ ਘਰ ਉਡੀਕਦੀ ਐ। ਮੈਂ ਉਹਨੂੰ ਛਡ ਕੇ ਕਿਵੇਂ ਜਾਵਾਂ?
ਉਹ ਹਸਦੇ ਹੋਏ ਉਡ ਜਾਂਦੇ ਹਨ।
ਪਰ ਮੇਰੇ ਕੋਲ ਇਸ ਤੋਂ ਵੀ ਵਧੀਆ ਖੇਡ ਹੈ ਮਾਂ।
ਤੂੰ ਚੰਦ ਹੈਂ, ਮੈਂ ਬੱਦਲ।
ਮੈਂ ਤੇਰਾ ਮੂੰਹ ਆਪਣੇ ਹੱਥਾਂ ਨਾਲ ਢਕ ਲਵਾਂਗਾ, ਸਾਡੀ ਛੱਤ ਸਾਡਾ ਆਕਾਸ਼ ਹੈ।
ਸਮੁੰਦਰ ਦੀਆਂ ਲਹਿਰਾਂ ਨੇ ਮੈਨੂੰ ਕਿਹਾ - ਦਿਨ ਰਾਤ ਅਸੀਂ ਤੁਰਦੀਆਂ ਰਹਿੰਦੀਆਂ ਹਾਂ, ਅਣਜਾਣੇ ਰਾਹ ਪਾਰ ਕਰਦੀਆਂ ਹੋਈਆਂ, ਗੀਤ ਗਾਉਂਦੀਆਂ ਹੋਈਆਂ।
ਮੈਂ ਪੁੱਛਿਆ - ਮੈਂ ਤੁਹਾਡੇ ਨਾਲ ਕਿਵੇਂ ਰਲਾਂ?
ਉਨ੍ਹਾਂ ਕਿਹਾ - ਧਰਤੀ ਦੇ ਕਿਨਾਰੇ ਆਕੇ ਖਲੋਜਾ, ਅੱਖਾਂ ਬੰਦ ਕਰ, ਅਸੀਂ ਆਪਣੇ ਨਾਲ ਵਹਾ ਕੇ ਤੈਨੂੰ ਵੀ ਲੈ ਜਾਵਾਂਗੀਆਂ।
ਮੈਂ ਕਿਹਾ - ਪਰ ਮਾਂ ਚਾਹੁੰਦੀ ਹੈ ਮੈਂ ਸ਼ਾਮ ਤੱਕ ਘਰ ਪੁੱਜ ਜਾਇਆ ਕਰਾਂ। ਮੈਂ ਉਹਨੂੰ ਛੱਡ ਕੇ ਕਿਵੇਂ ਜਾਵਾਂ?
ਉਹ ਹਸਦੀਆਂ ਹੋਈਆਂ ਨੱਚਦੀਆਂ ਹੋਈਆਂ ਤੁਰ ਜਾਂਦੀਆਂ ਹਨ।
ਪਰ ਮੈਨੂੰ ਇਹਦੇ ਤੋਂ ਵੀ ਵਧੀਆ ਖੇਡ ਖੇਡਣੀ ਆਉਂਦੀ ਐ।
ਮੈਂ ਲਹਿਰ ਬਣਾਂਗਾ ਤੇ ਤੂੰ ਕਿਨਾਰਾ ਬਣ ਮਾਂ।
ਤੇਰੀ ਗੋਦ ਵਿਚ ਮੈਂ ਲੋਟਣੀਆਂ ਖਾਂਦਾ ਰਿੜ੍ਹਦਾ ਜਾਵਾਂਗਾ
ਦੁਨੀਆਂ ਨੂੰ ਪਤਾ ਈ ਨੀ ਲੱਗਣਾ ਅਸੀਂ ਦੋਵੇਂ ਕਿਥੇ ਹਾਂ।

ਚਮੇਲੀ

ਫਰਜ਼ ਕਰ ਮੈਂ ਚਮੇਲੀ ਦਾ ਫੁੱਲ ਹੁੰਦਾ, ਉਸ ਟਹਿਣੀ ਤੇ ਲੱਗਾ ਹੁੰਦਾ,
ਹਵਾ ਚਲਦੀ ਤਾਂ ਝੂਮਦਾ ਹੋਇਆ ਮੈਂ ਖੂਬ ਹਸਦਾ। ਕੀ ਤੂੰ ਮੈਨੂੰ ਪਛਾਣ ਲੈਂਦੀ ਮਾਂ?
ਤੂੰ ਵਾਜ ਮਾਰਦੀ - ਕਿਥੇ ਹੈਂ ਤੂੰ ਮੇਰੇ ਲਾਲ? ਮੈਂ ਦਿਲ ਅੰਦਰ ਹਸਦਾ,
ਬਾਹਰੋਂ ਚੁਪ ਰਹਿੰਦਾ, ਪੰਖੜੀਆਂ ਖੋਲ੍ਹ ਖੋਲ੍ਹ ਤੈਨੂੰ ਦੇਖਦਾ।
ਇਸ਼ਨਾਨ ਕਰਕੇ ਗਿਲੇ ਕੇਸੀਂ ਜਦੋਂ ਤੂੰ ਚਮੇਲੀ ਦੇ ਬੂਟੇ ਹੇਠ ਪ੍ਰਾਰਥਨਾ ਕਰਨ ਆਉਂਦੀ ਤਾਂ ਮੇਰੀ ਖੁਸ਼ਬੂ ਤਾਂ ਤੇਰੇ ਤੱਕ ਅੱਪੜਦੀ ਪਰ ਮੇਰਾ ਤੈਨੂੰ ਪਤਾ ਨੀਂ ਸੀ ਲੱਗਣਾ ਕਿ ਮੈਂ ਕਿਥੇ ਹਾਂ।
ਦਿਨ ਢਲੇ ਤਾਕੀ ਵਿਚ ਬੈਠ ਕੇ ਜਦੋਂ ਤੂੰ ਰਮਾਇਣ ਦਾ ਪਾਠ ਕਰਦੀ, ਚਮੇਲੀ ਦੀ ਛਾਂ ਤੇਰੀ ਝੋਲੀ ਵਿਚ ਬੈਠਦੀ ਤਾਂ ਮੇਰੇ ਵਾਲੀ ਨਿਕੀ ਜਿਹੀ ਛਾਂ ਰਮਾਇਣ ਦੀ ਉਸ ਪੰਕਤੀ ਉਪਰ ਪੈਂਦੀ ਜਿਥੋਂ ਤੂੰ ਪੜ੍ਹ ਰਹੀ ਹੁੰਦੀ। ਕੀ ਤੈਨੂੰ ਪਤਾ ਲਗਦਾ ਕਿ ਇਹ ਤੇਰੇ ਲਾਲ ਦੀ ਛਾਂ ਹੈ?
ਸ਼ਾਮੀ ਜਦੋਂ ਤੂੰ ਲਾਲਟੈਣ ਲੈਕੇ ਪਸ਼ੂਆਂ ਦੇ ਵਾੜੇ ਵੱਲ ਜਾਂਦੀ ਤਾਂ ਚਮੇਲੀ ਦੀ ਟਾਹਲੀ ਨਾਲੋਂ ਟੁੱਟ ਕੇ ਮੈਂ ਧਰਤੀ ਤੇ ਉਤਰ ਜਾਂਦਾ ਤੇ ਤੇਰੀ ਉਂਗਲ ਫੜ ਕੇ ਆਖਦਾ - ਮਾਂ ਕਹਾਣੀ ਸੁਣਾ।
ਤੂੰ ਆਖਦੀ- ਉਏ ਨਟਖਟ ਬੱਚੇ, ਕਿਥੇ ਰਿਹਾ ਸੀ ਤੂੰ ਸਾਰਾ ਦਿਨ?
ਮੈਂ ਆਖਦਾ - ਮੈਂ ਨੀ ਤੈਨੂੰ ਦੱਸਣਾ ਮਾਂ, ਬਿਲਕੁਲ ਨਹੀਂ।
ਆਪਾਂ ਦੋਵਾਂ ਨੇ ਇਹੋ ਗੱਲ ਕਰਨੀ ਸੀ ਫੇਰ।

ਬਰਸਾਤੀ ਦਿਨ

ਜੰਗਲ ਉਪਰ ਕਾਲੇ ਬੱਦਲ ਘਿਰ ਆਏ ਹਨ।
ਬਾਹਰ ਨਾਂ ਜਾਈਂ ਮੇਰੇ ਲਾਲ।
ਦਰਖਤ ਅਸਮਾਨ ਨਾਲ ਟੱਕਰਾਂ ਮਾਰ ਰਹੇ ਹਨ।
ਚੁੱਪ ਕਰਕੇ ਕਾਂ ਟਾਹਣੀਆਂ ਨਾਲ ਚੰਮੜੇ ਝੂਲ ਰਹੇ ਹਨ।
ਦਰਿਆ ਟੁੱਟਣ ਨੂੰ ਫਿਰਦਾ ਹੈ।
ਕਿਲੇ ਬੰਨ੍ਹੀ ਗਾਂ ਰੰਮ੍ਹ ਰਹੀ ਹੈ।
ਰੁਕ ਮੇਰੇ ਲਾਲ, ਮੈਂ ਗਾਂ ਨੂੰ ਅੰਦਰਲੀ ਖੁਰਲੀ ਤੇ ਬੰਨ੍ਹ ਦਿਆਂ।
ਟੋਭੇ ਉਛਲ ਗਏ ਤੇ ਖੇਤਾਂ ਵਿਚ ਆ ਗਈਆਂ ਮੱਛੀਆਂ ਲੋਕ ਫੜ ਰਹੇ ਨੇ। ਗਲੀਆਂ ਵਿਚੋਂ ਦੀ ਪਾਣੀ ਇਉਂ
ਤੇਜ਼ ਦੌੜ ਰਿਹਾ ਹੈ ਜਿਵੇਂ ਚਿੜਾਉਣ ਲਈ ਮਾਂ ਦੀ ਪਕੜ ਵਿਚੋਂ ਛੁਟ ਕੇ ਬੱਚਾ ਹੱਸਦਾ ਹੱਸਦਾ ਦੌੜ ਜਾਂਦਾ ਹੈ।
ਸੁਣ, ਘਾਟ ਤੇ ਕੋਈ ਮਲਾਹ ਨੂੰ ਵਾਜਾਂ ਮਾਰ ਰਿਹਾ ਹੈ।
ਦਿਨ ਛਿਪ ਗਿਆ ਹੈ ਮੇਰੇ ਲਾਲ, ਕਿਸ਼ਤੀ ਬੰਨ੍ਹ ਕੇ ਮਲਾਹ ਚਲਾ ਗਿਐ।
ਬਾਹਰ ਨਾ ਜਾਈਂ ਮੇਰੇ ਲਾਲ। ਸੜਕ ਸੁੰਨੀ ਹੈ, ਰਸਤਾ ਤਿਲਕਣਾ ਹੈ।
ਬਾਂਸਾਂ ਨਾਲ ਟਕਰਾ ਟਕਰਾ ਹਵਾ ਇਉਂ ਗੱਜ ਰਹੀ ਹੈ ਜਿਵੇਂ ਜੰਗਲੀ ਜਾਨਵਰ ਜਾਲ ਵਿਚ ਫਸ ਗਿਆ ਹੋਵੇ। ਘਰੋਂ ਨਾ ਜਾਈਂ ਮੇਰੇ ਲਾਲ।

ਕਾਗਜ਼ੀ ਕਿਸ਼ਤੀਆਂ

ਹਰ ਰੋਜ ਵਗਦੀ ਨਦੀ ਵਿਚ ਕਾਗਜ਼ ਦੀਆਂ ਕਿਸ਼ਤੀਆਂ ਤੋਰਦਾਂ। ਉਪਰ ਆਪਣਾ ਨਾਮ ਅਤੇ ਆਪਣੇ ਪਿੰਡ ਦਾ ਨਾਮ ਲਿਖਦਾਂ। ਮੈਨੂੰ ਪਤੈ, ਕਿਸੇ ਅਨਜਾਣੇ ਦੇਸ ਵਿਚ ਜਦੋਂ ਮੇਰੀ ਕਿਸ਼ਤੀ ਪੁੱਜੇਗੀ, ਕੋਈ ਨਾ ਕੋਈ ਮੈਨੂੰ ਜਾਣ ਜਾਏਗਾ ਮੈਂ ਕੌਣ ਹਾਂ। ਬਗੀਚੇ ਵਿਚੋਂ ਤੋੜ ਕੇ ਕਲੀ ਵੀ ਰੱਖ ਦਿੰਨਾ, ਜਦੋਂ ਕਿਸ਼ਤੀ ਅਗਲੇ ਦੇਸ ਵਿਚ ਪੁੱਜੇਗੀ, ਫੁੱਲ ਖਿੜਿਆ ਹੋਵੇਗਾ।
ਇਧਰੋਂ ਮੈਂ ਕਿਸ਼ਤੀ ਛੱਡਦਾਂ, ਉਧਰ ਅਸਮਾਨ ਵਿਚਲੇ ਬੱਦਲ ਵੀ ਉਧਰ ਨੂੰ ਤੁਰ ਪਏ ਹਨ ਜਿਧਰ ਕਿਸ਼ਤੀ ਜਾ ਰਹੀ ਹੈ। ਮੈਂ ਅਸਮਾਨ ਵਿਚ ਬੈਠੇ ਆਪਣੇ ਦੋਸਤ ਨੂੰ ਜਾਣਦਾ ਹਾਂ ਜਿਹੜਾ ਮੇਰੀਆਂ ਕਿਸ਼ਤੀਆਂ ਬਰਾਬਰ ਬੱਦਲਾਂ ਦੀ ਦੌੜ ਲੁਆਉਂਦਾ ਹੈ। ਰਾਤ ਪੈਣ ਤੇ ਜਦੋਂ ਮੈਂ ਸੌਂ ਜਾਨਾ, ਤਾਰਿਆਂ ਦੇ ਹੇਠ ਹੇਠ ਮੈਨੂੰ ਮੇਰੀਆਂ ਕਿਸ਼ਤੀਆਂ ਦਿਸਦੀਆਂ ਰਹਿੰਦੀਆਂ ਨੇ, ਨੀਂਦ ਦੀਆਂ ਪਰੀਆਂ ਮੇਰੀਆਂ ਕਿਸ਼ਤੀਆਂ ਵਿਚ ਸੁੱਤੀਆਂ ਪਈਆਂ ਸਫਰ ਕਰ ਰਹੀਆਂ ਨੇ, ਉਨ੍ਹਾਂ ਦੀਆਂ ਟੋਕਰੀਆਂ ਸੁਫਨਿਆਂ ਨਾਲ ਭਰੀਆਂ ਹੋਈਆਂ ਨੇ।

ਮਲਾਹ

ਮਧੂ ਮਲਾਹ ਨੇ ਰਾਜਗੰਜ ਘਾਟ ਉਪਰ ਆਪਣੀ ਕਿਸ਼ਤੀ ਬੰਨ੍ਹ ਰੱਖੀ ਹੈ।
ਮੋਟੇ ਰੱਸੇ ਨਾਲ ਬੰਨ੍ਹੀ ਹੋਈ ਇਹ ਕਿਸ਼ਤੀ ਮੁੱਦਤਾਂ ਤੋਂ ਇਵੇਂ ਬੇਕਾਰ ਪਈ ਹੈ। ਜੇ ਮੈਨੂੰ ਉਹ ਇਹ ਕਿਸ਼ਤੀ ਦੇ ਦੇਵੇ, ਮੈਂ ਇਸ ਨੂੰ ਸੌ ਚੱਪੂਆਂ ਨਾਲ ਚਲਾਵਾਂ, ਪੰਜ, ਛੇ ਜਾਂ ਸੱਤ ਬਾਦਬਾਨ ਬੰਨ੍ਹਾਂ। ਬੇਕਾਰ ਬਜ਼ਾਰਾਂ ਵੱਲ ਬਿਲਕੁਲ ਨਾ ਲਿਜਾਵਾਂ। ਪਰੀਆਂ ਦੇ ਸੱਤ ਸਮੁੰਦਰ ਤੇ ਤੇਰਾਂ ਦਰਿਆ ਪਾਰ ਕਰਾਂ।
ਮੈਨੂੰ ਯਾਦ ਕਰਕੇ, ਕੋਨੇ ਵਿਚ ਬੈਠ ਕੇ ਰੋਈਂ ਨਾਂ ਮਾਂ।
ਰਾਮਚੰਦਰ ਵਾਂਗ ਮੈਂ ਕੋਈ ਚੌਦਾਂ ਸਾਲ ਬਣਵਾਸ ਕੱਟਣ ਥੋੜ੍ਹਾ ਚੱਲਿਆਂ।
ਮੈਂ ਤਾਂ ਕਹਾਣੀ ਵਿਚਲਾ ਰਾਜਕੁਮਾਰ ਹੋਵਾਂਗਾ। ਜੋ ਮਰਜ਼ੀ ਕਿਸ਼ਤੀ ਵਿਚ ਭਰਦਾ ਜਾਊਂਗਾ। ਅਪਣੇ ਦੋਸਤ ਅਸ਼ੂ ਨੂੰ ਵੀ ਲਿਜਾਊਂਗਾ। ਮੌਜਾਂ ਨਾਲ ਅਸੀਂ ਸੱਤ ਸਮੁੰਦਰ ਤੇ ਤੇਰਾਂ ਦਰਿਆ ਪਾਰ ਕਰਾਂਗੇ। ਸਵੇਰੇ ਜਰਾ ਜਲਦੀ ਕਿਸ਼ਤੀ ਠੇਲਾਂਗੇ। ਜਦੋਂ ਦੁਪਹਿਰ ਵੇਲੇ ਤੂੰ ਝੀਲ ਕਿਨਾਰੇ ਇਸ਼ਨਾਨ ਕਰਦੀ ਹੋਏਂਗੀ, ਉਦੋਂ ਤਾਂ ਅਸੀਂ ਅਜਨਬੀ ਰਾਜੇ ਦੇ ਦੇਸ ਵਿਚ ਪਹੁੰਚ ਵੀ ਜਾਣੈ। ਤਿਰਪੁਰਨੀ ਦਾ ਘਾਟ ਲੰਘਕੇ ਅਸੀਂ ਤੇਪੰਤਰ ਮਾਰੂਥਲ ਟੱਪ ਜਾਂਗੇ।
ਵਾਪਸੀ ਵਕਤ ਨੇਰ੍ਹਾ ਪੈ ਸਕਦੈ, ਮੈਂ ਤੈਨੂੰ ਸਫਰ ਦੀਆਂ ਸਭ ਗੱਲਾਂ ਸੁਣਾਵਾਂਗਾ ਮਾਂ। ਸੱਤ ਸਮੁੰਦਰਾਂ ਤੇ ਤੇਰਾਂ ਦਰਿਆਵਾਂ ਦੇ ਸਫ਼ਰ ਦੀਆਂ ਗੱਲਾਂ।

ਫੁੱਲਾਂ ਦਾ ਸਕੂਲ

ਜਦੋਂ ਨੇਰ੍ਹੀਆਂ ਅਸਮਾਨ ਛੁਹਣ ਤੇ ਜੂਨ ਮਹੀਨੇ ਬੱਦਲ ਛਿੜਕਾਅ ਕਰ ਜਾਣ ਪੂਰਬ ਵੱਲੋਂ ਸਿੱਲ੍ਹੀ ਹਵਾ ਬਾਂਸਾਂ ਦੇ ਜੰਗਲ ਵਿਚੋਂ ਬੰਸਰੀਆਂ ਵਜਾਉਂਦੀ ਆਉਂਦੀ ਹੈ। ਅਚਾਨਕ ਫੁੱਲਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ, ਪਤਾ ਨੀਂ ਕਿਥੋਂ ਆਉਂਦੇ ਹਨ, ਆਉਣ ਸਾਰ ਨੱਚਣ ਲੱਗ ਪੈਂਦੇ ਨੇ। ਮਾਂ ਮੈਨੂੰ ਲਗਦੈ ਧਰਤੀ ਹੇਠ ਫੁੱਲਾਂ ਦਾ ਸਕੂਲ ਐ। ਬੂਹੇ ਬੰਦ ਕਰਕੇ ਉਹ ਅਪਣੇ ਪਾਠ ਯਾਦ ਕਰੀ ਜਾਂਦੇ ਨੇ ਤੇ ਜੇ ਕੋਈ ਫੁੱਲ ਛੁਟੀ ਹੋਣ ਤੋਂ ਪਹਿਲਾਂ ਭੱਜ ਜਾਵੇ,
ਮਾਸਟਰ ਉਸਨੂੰ ਕੋਨੇ ਵਿਚ ਖੜਾ ਹੋਣ ਦੀ ਸਜ਼ਾ ਦਿੰਦਾ ਹੈ।
ਬਰਸਾਤ ਦੇ ਦਿਨੀ ਫੁੱਲਾਂ ਨੂੰ ਛੁੱਟੀਆਂ ਹੁੰਦੀਆਂ ਨੇ।
ਜੰਗਲੀ ਟਾਹਣੀਆਂ ਆਪੋ ਵਿਚ ਟਕਰਾਉਂਦੀਆਂ ਨੇ, ਪੱਤੇ ਝੂਮਦੇ ਨੇ,
ਬੱਦਲ ਤਾੜੀਆਂ ਮਾਰਦੇ ਨੇ ਤੇ ਗੁਲਾਬੀ, ਪੀਲੀਆਂ, ਸਫੈਦ ਵਰਦੀਆਂ ਪਹਿਨ ਕੇ ਫੁੱਲ-ਬੱਚੇ ਨੱਠੇ ਆਉਂਦੇ ਨੇ।
ਤੈਨੂੰ ਪਤੈ ਮਾਂ, ਉਨ੍ਹਾਂ ਦਾ ਘਰ ਅਸਮਾਨ ਵਿਚ ਉਥੇ ਹੈ ਜਿਥੇ ਤਾਰੇ ਨੇ, ਤੂੰ ਦੇਖਿਆ ਨੀਂ ਆਪਣੇ ਘਰ ਜਾਣ ਵਾਸਤੇ ਉਹ ਕਿੰਨੇ ਕਾਹਲੇ ਨੇ? ਤੈਨੂੰ ਨੀ ਪਤਾ ਏਨੀ ਕਾਹਲੀ ਕਾਸ ਦੀ ਹੈ ਉਨ੍ਹਾਂ ਨੂੰ?
ਅਪਣੀਆਂ ਬਾਹਵਾਂ ਉਹ ਉਪਰ ਅਸਮਾਨ ਵੱਲ ਕਿਉਂ ਉਲਾਰਦੇ ਨੇ, ਪਤੈ ਤੈਨੂੰ? ਜਿਵੇਂ ਮੇਰੀ ਮਾਂ ਹੈ, ਉਨ੍ਹਾਂ ਦੀ ਵੀ ਤਾਂ ਮਾਂ ਹੈ ਇਕ।

ਸੁਦਾਗਰ

ਇਹ ਸੋਚ ਮਾਂ ਕਿ ਤੈਨੂੰ ਘਰ ਰਹਿਣਾ ਪਵੇ ਤੇ ਮੈਨੂੰ ਅਜਨਬੀ ਦੇਸ਼ਾਂ ਵਿਚ ਸਫ਼ਰ ਕਰਨਾ ਪਵੇ।
ਸੋਚ ਕਿ ਮੇਰੀ ਸਮਾਨ ਨਾਲ ਭਰੀ ਕਿਸ਼ਤੀ ਕਿਨਾਰੇ ਤੋਂ ਤੁਰਨ ਵਾਲੀ ਹੈ। ਸੋਚ ਕੇ ਦੱਸ ਮਾਂ, ਮੈਂ ਤੇਰੇ ਲਈ ਕੀ ਲਿਆਵਾਂਗਾ।
ਤੈਨੂੰ ਸੋਨੇ ਦੇ ਬੋਹਲ ਚਾਹੀਦੇ ਨੇ ਨਾ ਮਾਂ?
ਸੁਨਹਿਰੀ ਨਦੀਆਂ ਦੇ ਕਿਨਾਰੇ, ਸੋਨੇ ਨਾਲ ਖੇਤ ਭਰੇ ਤਾਂ ਪਏ ਹਨ ਪੂਰੇ। ਜੰਗਲੀ ਡੰਡੀਆਂ ਉਪਰ ਚੰਪਾ ਦੇ ਫੁੱਲ ਖਿਲਰੇ ਹੋਏ ਹਨ।
ਕਈ ਸੌ ਟੋਕਰੀਆਂ ਫੁੱਲਾਂ ਦੀਆਂ ਭਰਕੇ ਮੈਂ ਕਿਸ਼ਤੀ ਵਿਚ ਰੱਖ ਲਾਂਗਾ।
ਮਾਂ ਤੈਨੂੰ ਵਡੇ ਵੱਡੇ ਮੋਤੀ ਵੀ ਚਾਹੀਦੇ ਨੇ ਨਾ? ਪਤਝੜ ਦੀ ਰੁੱਤ ਦੀਆਂ ਮੋਟੀਆਂ ਕਣੀਆਂ ਜਿੱਡੇ?
ਮੈਂ ਮੋਤੀਆਂ ਵਾਲੇ ਟਾਪੂ ਉਪਰ ਉਤਰਾਂਗਾ। ਅੰਮ੍ਰਿਤ ਵੇਲੇ ਚਰਗਾਹਾਂ ਵਿਚ ਉਥੇ ਫੁੱਲਾਂ ਉਪਰ ਮੋਤੀ ਨੱਚਦੇ ਹਨ,
ਫੇਰ ਮੋਤੀ ਘਾਹ ਤੇ ਡਿਗ ਪੈਂਦੇ ਨੇ, ਤੇ ਸਮੁੰਦਰ ਦੇ ਕਿਨਾਰੇ ਰੇਤ ਉਪਰ ਤਾਂ ਅੰਤਾਂ ਦੇ ਮੋਤੀ ਪਏ ਨੇ।
ਆਪਣੇ ਭਰਾ ਵਾਸਤੇ ਲਿਆਵਾਂਗਾ ਖੰਭਾਂ ਵਾਲਾ ਘੋੜਾ ਜਿਸ ਤੇ ਬੈਠ ਕੇ ਉਹ ਬੱਦਲਾਂ ਤੋਂ ਉਪਰ ਦੀ ਉਡੇਗਾ।
ਪਿਤਾ ਵਾਸਤੇ ਲਿਆਵਾਂਗਾ ਜਾਦੂ ਦਾ ਪੈੱਨ, ਪਿਤਾ ਨੂੰ ਪਤਾ ਵੀ ਨੀ ਲੱਗਿਆ ਕਰਨਾ, ਪੈੱਨ ਆਪਣੇ ਆਪ ਲਿਖੀ ਜਾਇਆ ਕਰੇਗਾ ਉਹ ਸਾਰਾ ਕੁੱਝ ਜੋ ਪਿਤਾ ਨੇ ਲਿਖਣਾ ਸੀ ਖੁਦ।
ਤੇਰੇ ਵਾਸਤੇ ਲਿਆਵਾਂਗਾ ਮਾਂ ਜਵਾਹਰਾਤ ਦੀ ਭਰੀ ਸੰਦੂਕੜੀ, ਕੀਮਤੀ ਏਨੀ ਕਿ ਸੱਤ ਰਾਜਿਆਂ ਦੀਆਂ ਰਾਜਧਾਨੀਆਂ ਬਰਾਬਰ।

ਦਇਆ

ਤੇਰਾ ਪੁੱਤਰ ਨਾਂ ਹੋਕੇ ਜੇ ਮੈਂ ਨਿੱਕਾ ਕਤੂਰਾ ਹੁੰਦਾ ਤੇ ਥਾਲੀ ਵਿਚ ਬਚੀ ਪਈ ਤੇਰੀ ਜੂਠੀ ਬੁਰਕੀ ਖਾਣ ਲਗਦਾ,
ਕੀ ਤੂੰ ਫੇਰ ਝਿੜਕ ਦਿੰਦੀ ਮੈਨੂੰ? “ਦਫਾ ਹੋ ਜਾ ਕਤੂਰਿਆ”, ਇਹ ਕਹਿਕੇ ਕੀ ਭਜਾ ਦਿੰਦੀ ਤੂੰ ਮੈਨੂੰ?
ਤਾਂ ਫੇਰ ਜਾਹ ਮਾਂ, ਮੈਂ ਵੀ ਜਦੋਂ ਬੁਲਾਏਂਗੀ ਨਹੀਂ ਆਵਾਂਗਾ। ਮੈਨੂੰ ਖਾਣ ਨੂੰ ਕੁਝ ਦਏਂਗੀ ਨਹੀਂ ਖਾਵਾਂਗਾ।
ਤੇਰਾ ਬੱਚਾ ਨਾ ਹੋਕੇ ਜੇ ਮੈਂ ਨਿੱਕਾ ਹਰਾ ਤੋਤਾ ਹੁੰਦਾ, ਫੇਰ ਮਾਂ ਤੂੰ ਮੈਨੂੰ ਬੰਦ ਕਰਕੇ ਰਖਦੀ ਕਿ ਕਿਤੇ ਮੈਂ ਉਡ ਨਾ ਜਾਵਾਂ ਦੂਰ?
ਅਪਣੀ ਉਂਗਲ ਮੇਰੇ ਵੱਲ ਕਰਕੇ ਕੀ ਤੂੰ ਇਹ ਆਖਦੀ, “ਕੇਹਾ ਨਾਸ਼ੁਕਰਾ ਢੀਠ ਤੋਤਾ ਹੈ, ਸਾਰਾ ਦਿਨ ਚੁੰਜ ਨਾਲ ਪਿੰਜਰੇ ਦੀਆਂ ਸੀਖਾਂ ਕੱਟਣ ਦਾ ਯਤਨ ਕਰਦਾ ਰਹਿੰਦੈ।”
ਠੀਕ ਐ ਫੇਰ ਮਾਂ। ਮੈਂ ਜੰਗਲ ਵੱਲ ਉਡ ਜਾਵਾਂਗਾ। ਤੇਰੀਆਂ ਬਾਹਵਾਂ ਵਿਚ ਮੁੜਕੇ ਆਵਾਂਗਾ ਈ ਨੀ ਫੇਰ ਮੈਂ।

ਵੱਡਾ ਛੋਟਾ

ਮਾਂ ਤੇਰੀ ਛੋਟੀ ਧੀ ਬਿਲਕੁਲ ਬੇਵਕੂਫ ਐ। ਉਹਨੂੰ ਕੋਈ ਪਤਾ ਨੀਂ ਕਿ ਗਲੀਆਂ ਵਿਚਲੀ ਰੌਸ਼ਨੀ ਤਾਰਿਆਂ ਵਾਲੀ ਰੌਸ਼ਨੀ ਵਰਗੀ ਨਹੀਂ ਹੁੰਦੀ। ਜਦੋਂ ਅਸੀਂ ਉਹ ਖੇਡ ਖੇਡਦੇ ਆ ਜਦੋਂ ਕੰਕਰ ਸਾਡੀਆਂ ਰਿਉੜੀਆਂ ਹੁੰਦੇ ਨੇ, ਉਹ ਇਨ੍ਹਾਂ ਨੂੰ ਅਸਲੀ ਰਿਉੜੀਆਂ ਸਮਝ ਕੇ ਖਾਣ ਲਗਦੀ ਐ। ਜਦੋਂ ਕਿਤਾਬ ਖੋਲ੍ਹ ਕੇ ਮੈਂ ਉਹਨੂੰ ਊੜਾ ਆੜਾ ਪੜ੍ਹਾਉਣ ਲਗਦਾਂ, ਬਿਨਾ ਗੱਲ ਤੋਂ ਝੱਪਟਾ ਮਾਰ ਕੇ ਉਹ ਵਰਕਾ ਪਾੜ ਦਿੰਦੀ ਹੈ ਤੇ ਫ਼ਿਰ ਹਸਦੀ ਹੈ। ਪਾਠ ਯਾਦ ਕਰਨ ਦਾ ਇਹ ਤਰੀਕੈ ਉਹਦਾ।
ਜਦੋਂ ਮੈਂ ਗੁੱਸੇ ਨਾਲ ਸਿਰ ਹਿਲਾਨਾ, ਉਹਨੂੰ ਝਿੜਕਦਾਂ, ਉਹਨੂੰ ਕਹਿਨਾ ਕਿ ਸ਼ਰਾਰਤਾਂ ਬੰਦ ਕਰ, ਉਹ ਹਸਦੀ ਹੈ ਤੇ ਇਹ ਉਸ ਲਈ ਬਸ ਖੇਡ ਹੈ ਇਕ। ਸਭ ਨੂੰ ਪਤੈ ਪਿਤਾ ਜੀ ਦੂਰ ਨੇ, ਪਰ ਜਦੋਂ ਮੈਂ ਅਚਾਨਕ ਉਚੀ ਦੇਣੀ ਕਹਿ ਦਿੰਨਾ “ਪਿਤਾ ਜੀ!” ਉਹ ਇਧਰ ਉਧਰ ਦੇਖਣ ਲਗਦੀ ਹੈ ਜਿਵੇਂ ਪਿਤਾ ਜੀ ਏਥੇ ਈ ਨੇ।
ਧੋਬੀ ਕੱਪੜੇ ਲੈਣ ਆਉਂਦਾ ਹੈ ਤਾਂ ਅਪਣੇ ਨਾਲ ਦੋ ਬਾਂਦਰ ਲਿਆਉਂਦੈ। ਮੈਂ ਬਾਦਰਾਂ ਦੀ ਕਲਾਸ ਲਾ ਲੈਨਾ। ਮੈਂ ਇਹਨੂੰ ਬਾਰ ਬਾਰ ਦਸਦਾਂ ਕਿ ਮੈਂ ਸਕੂਲ ਮਾਸਟਰ ਆਂ, ਪਰ ਇਹ ਮੂਰਖਾਂ ਵਾਂਗ ਮੈਨੂੰ ਕਹਿੰਦੀ ਹੈ - ਵੀਰਾ। ਤੇਰੀ ਧੀ ਚੰਦ ਨੂੰ ਫੜਨਾ ਚਾਹੁੰਦੀ ਐ। ਗਣੇਸ਼ ਨੂੰ ਉਹ ਗਣੂਸ਼ ਕਹਿੰਦੀ ਐ। ਇਹੋ ਜਿਹੀ ਬੇਵਕੂਫ ਕੁੜੀ ਹੋਰ ਕੌਣ ਹੋਏਗੀ, ਕਿਥੇ ਹੋਇਗੀ ਮਾਂ?

ਵੱਡਾ ਆਦਮੀ

ਹਾਲੇ ਮੈਂ ਛੋਟਾ ਹਾਂ ਕਿਉਂਕਿ ਹਾਲੇ ਤਾਂ ਮੈਂ ਬੱਚਾ ਹਾਂ। ਜਦੋਂ ਮੈਂ ਪਿਤਾ ਜਿੱਡਾ ਹੋ ਗਿਆ, ਉਦੋਂ ਮੈਂ ਵੱਡਾ ਹੋ ਜਾਵਾਂਗਾ।
ਮਾਸਟਰ ਆ ਕੇ ਕਹੇਗਾ - ਲਿਆ, ਸਲੇਟ ਤੇ ਕਿਤਾਬਾਂ ਲੈ ਕੇ ਆ। ਅੱਗੇ ਈ ਬੜੀ ਦੇਰ ਹੋ ਗਈ ਐ।
ਮੈਂ ਉਹਨੂੰ ਦੱਸਾਂਗਾ - ਤੈਨੂੰ ਦਿਸਦਾ ਨੀਂ ਹੁਣ ਮੈਂ ਪਿਤਾ ਜੀ ਜਿੱਡਾ ਹੋ ਗਿਆਂ? ਹੁਣ ਮੈਨੂੰ ਪੜ੍ਹਨ ਦੀ ਭੋਰਾ ਲੋੜ ਨੀਂ।
ਹੈਰਾਨ ਹੋਇਆ ਮਾਸਟਰ ਬੁੜਬੁੜ ਕਰੇਗਾ - ਹਾਂ, ਹੁਣ ਤਾਂ ਜੇ ਇਹ ਕਿਤਾਬਾਂ ਪਰੇ ਰੱਖ ਦੇਵੇ ਤਾਂ ਵੀ ਠੀਕ ਐ। ਹੁਣ ਇਹ ਵੱਡਾ ਹੋ ਗਿਐ ਨਾ।
ਆਪੇ ਅਪਣੇ ਕੱਪੜੇ ਪਹਿਨ ਕੇ ਮੈਂ ਭੀੜ ਭਰੇ ਮੇਲੇ ਵਿਚ ਚਲਾ ਜਾਵਾਂਗਾ। ਭੱਜਾ ਭੱਜਾ ਚਾਚਾ ਆਏਗਾ ਤੇ ਕਹੇਗਾ
- ਉਏ ਇਹ ਕੀ ਕਰ ਰਿਹੈਂ ਤੂੰ? ਗੁੰਮ ਹੋ ਜਾਏਂਗਾ ਭੀੜ ਵਿੱਚ ਕਿਧਰੇ। ਮੈਂ ਤੇਰੇ ਨਾਲ ਚੱਲੂੰਗਾ।
ਮੈਂ ਕਹਾਂਗਾ - ਤੈਨੂੰ ਦਿਸਦਾ ਨੀਂ ਚਾਚਾ? ਮੈਂ ਪਿਤਾ ਜਿਡਾ ਵੱਡਾ ਹੋ ਗਿਆਂ, ਹੁਣ ਮੈਂ ਇਕੱਲਾ ਜਾਵਾਂਗਾ ਮੇਲੇ ਵਿਚ।
ਚਾਚਾ ਕਹੇਗਾ - ਹਾਂ ਬਈ ਗੱਲ ਤਾਂ ਠੀਕ ਈ ਐ। ਵੱਡਾ ਹੋ ਗਿਐ ਹੁਣ ਇਹ, ਇਕੱਲਾ ਵੀ ਜਾ ਸਕਦੈ ਜਿਥੇ ਦਿਲ ਕਰੇ।
ਗੁਸਲਖਾਨੇ ਵਿਚੋਂ ਆਉਂਦੀ ਮਾਂ ਦੇਖੇਗੀ ਕਿ ਬਟੂਆ ਖੋਲ੍ਹ ਕੇ ਮੈਂ ਖਿਡਾਵੀ ਨੂੰ ਪੈਸੇ ਫੜਾਉਣ ਲੱਗਾਂ।
ਮਾਂ ਕਹੇਗੀ - ਉਏ ਇਹ ਕੀ ਸ਼ਰਾਰਤੀ ਲੜਕੇ?
ਮੈਂ ਕਹਾਂਗਾ - ਮੈਂ ਵੱਡਾ ਹੋ ਗਿਆਂ, ਦਿਸਦਾ ਨੀ ਮਾਂ? ਹੁਣ ਮੈਂ ਜੀਹਨੂੰ ਮਰਜ਼ੀ ਜਿੰਨੇ ਮਰਜ਼ੀ ਚਾਂਦੀ ਦੇ ਰੁਪਈਏ ਦਿਆਂ।
ਮਾਂ ਕਹੇਗੀ - ਗੱਲ ਤਾਂ ਠੀਕ ਹੈ। ਜਦੋਂ ਹੋ ਈ ਗਿਆ ਵੱਡਾ, ਫੇਰ ਮਰਜੀ ਨਾਲ ਪੈਸੇ ਤਾਂ ਦੇਣੇ ਈ ਹੋਏ ਇਹਨੇ।
ਅਕਤੂਬਰ ਦੀਆਂ ਛੁੱਟੀਆਂ ਵਿਚ ਪਾਪਾ ਜਦੋਂ ਮਿਲਣ ਆਉਣਗੇ, ਮੇਰੇ ਲਈ ਨਿਕੇ ਨਿਕੇ ਖਿਡੌਣੇ, ਨਿਕੇ ਬੂਟ ਅਤੇ ਨਿਕੀਆਂ ਰੇਸ਼ਮੀ ਫਰਾਕਾਂ ਲਿਆਉਣਗੇ। ਮੈਂ ਕਹਾਂਗਾ - ਪਾਪਾ ਇਹ ਕਿਸੇ ਹੋਰ ਨੂੰ ਦੇ ਦਿਉ, ਮੈਂ ਤਾਂ ਤੁਹਾਡੇ ਜਿਡਾ ਵੱਡਾ ਹੋ ਗਿਆਂ।
ਪਾਪਾ ਕਹਿਣਗੇ - ਇਹ ਤਾਂ ਚਾਹੇ ਆਪਣੇ ਕੱਪੜੇ ਹੁਣ ਆਪ ਖਰੀਦ ਸਕਦੈ। ਵੱਡਾ ਹੋ ਤਾਂ ਗਿਐ ਇਹ ਹੁਣ।

ਅੰਤ

ਜਾਣ ਦਾ ਸਮਾਂ ਹੋ ਗਿਐ। ਹੁਣ ਮੈਂ ਜਾਣੈ ਮਾਂ। ਮੰਜੀ ਉਪਰੋਂ ਮੈਨੂੰ ਚੁੱਕਣ ਲਈ ਜਦੋਂ ਤੂੰ ਬਾਹਵਾਂ ਫੈਲਾਏਂਗੀ, ਮੈਂ ਕਹਾਂਗਾ - ਤੇਰਾ ਲਾਲ ਹੈ ਨੀ ਇਥੇ ਮਾਂ, ਮੈਂ ਚੱਲਿਆਂ। ਮੈਂ ਹਵਾ ਦਾ ਇਕ ਬੁੱਲਾ ਬਣਕੇ ਤੈਨੂੰ ਛੁਹਾਂਗਾ। ਨਦੀ ਤੇ ਇਸ਼ਨਾਨ ਕਰਨ ਜਾਏਂਗੀ ਤਾਂ ਮੈਂ ਲਹਿਰਾਂ ਬਣ ਕੇ ਬਾਰ ਬਾਰ ਤੈਨੂੰ ਚੁੰਮਾਂਗਾ। ਰਾਤ ਨੂੰ ਜਦੋਂ ਤੜ ਤੜ ਪੱਤਿਆਂ ਉਪਰ ਕਣੀਆਂ ਡਿਗਣਗੀਆਂ, ਹਸਦਾ ਹੋਇਆ ਬਿਜਲੀਆਂ ਨਾਲ ਮੈਂ ਤੇਰੇ ਕੋਲ ਬਾਰੀ ਥਾਣੀ ਦੀ ਆ ਜਾਵਾਂਗਾ।
ਆਪਣੇ ਲਾਲ ਨੂੰ ਉਡੀਕਦੀ ਨੂੰ ਜੇ ਤੈਨੂੰ ਨੀਂਦ ਨਾ ਆਈ, ਮੈਂ ਤਾਰਿਆਂ ਵਿਚ ਬੈਠਾ ਗੀਤ ਗਾਵਾਂਗਾ- ਸੌਂਜਾ ਮਾਂ ਸੌਂਜਾ। ਪਿਆਰੀ ਮਾਂ ਸੌਂਜਾ। ਚੰਦ ਦੀਆਂ ਰਿਸ਼ਮਾਂ ਥਾਣੀ ਉਤਰ ਕੇ ਮੈਂ ਤੇਰੀ ਛਾਤੀ ਤੇ ਲੇਟ ਜਾਵਾਂਗਾ, ਸੁੱਤੀ ਨੂੰ ਤੈਨੂੰ ਪਤਾ ਵੀ ਨਾ ਲਗੇਗਾ। ਸੁਫਨਾ ਬਣਕੇ ਮੈਂ ਹੌਲੀ ਦੇਕੇ ਤੇਰੀਆਂ ਪਲਕਾਂ ਵਿਚ ਦੀ ਤੇਰੇ ਅੰਦਰ ਚਲਾ ਜਾਵਾਂਗਾ ਮਾਂ। ਜਾਗਣ ਸਾਰ ਜਦੋਂ ਤੂੰ ਇਧਰ ਉਧਰ ਨਜ਼ਰਾਂ ਰਾਹੀਂ ਮੇਰੀ ਤਲਾਸ਼ ਕਰੇਂਗੀ ਉਦੋਂ ਜੁਗਨੂੰ ਬਣ ਕੇ ਮੈਂ ਉਡ ਵੀ ਚੁਕਿਆ ਹੋਵਾਂਗਾ, ਗਵਾਂਢ ਦੇ ਬਚੇ ਜਦੋਂ ਨੱਚਣਗੇ ਗਾਉਣਗੇ, ਮੈਂ ਸੰਗੀਤ ਬਣ ਕੇ ਤੇਰੇ ਦਿਲ ਅੰਦਰ ਉਤਰਾਂਗਾ। ਪੂਜਾ ਸਮੱਗਰੀ ਲੈਕੇ ਚਾਚੀ ਆਏਗੀ ਤੇ ਪੁੱਛੇਗੀ- ਕਿਥੇ ਹੈ ਤੇਰਾ ਲਾਲ ? ਧੀਮੀ ਆਵਾਜ਼ ਵਿਚ ਤੂੰ ਕਹੇਂਗੀ- ਮੇਰੀਆਂ ਅੱਖਾਂ ਦੀਆਂ ਪੁਤਲੀਆਂ ਵਿਚ। ਮੇਰੇ ਜਿਸਮ ਅਤੇ ਮੇਰੀ ਰੂਹ ਵਿਚ।

ਖਾਨਾਬਦੋਸ਼ ਪੰਛੀ

ਗਰਮੀਆਂ ਦੀ ਰੁਤੇ ਖਾਨਾਬਦੋਸ਼ ਪੰਛੀ ਮੇਰੀਆਂ ਬਾਰੀਆਂ ਵਿਚ ਬੈਠ ਕੇ ਗੀਤ ਗਾਉਂਦੇ ਹਨ ਤੇ ਫਿਰ ਉਡ ਜਾਂਦੇ ਹਨ। ਪਤਝੜ ਦੇ ਪੀਲੇ ਪੱਤਿਆਂ ਕੋਲ ਗੀਤ ਨਹੀਂ ਹੁੰਦੇ, ਉਹ ਹਉਕਾ ਲੈਕੇ ਝੜ ਜਾਂਦੇ ਹਨ।

***

ਐ ਖਾਨਾਬਦੋਸ਼ ਸੰਸਾਰ, ਮੇਰੇ ਸ਼ਬਦਾਂ ਉਪਰ ਅਪਣੇ ਕਦਮਾ ਦੇ ਨਿਸ਼ਾਨ ਛੱਡ ਜਾਹ।

***

ਸੰਸਾਰ ਆਪਣੇ ਪਿਆਰੇ ਸਾਹਮਣੇ ਜਦੋਂ ਆਪਣਾ ਨਕਾਬ ਉਤਾਰ ਦਿੰਦਾ ਹੈ
ਤਾਂ ਇਹ ਗੀਤ ਜਿੰਨਾ ਛੋਟਾ ਅਤੇ ਚੁੰਮਣ ਜਿਡਾ ਅਨੰਤ ਹੋ ਜਾਦਾ ਹੈ।

***

ਧਰਤੀ ਦੇ ਹੰਝੂਆਂ ਸਦਕਾ ਫੁਲਾਂ ਦੀ ਮੁਸਕਾਨ ਕਾਇਮ ਹੈ।

***

ਵਿਸ਼ਾਲ ਮਾਰੂਥਲ, ਘਾਹ ਦੀ ਇਕ ਪੱਤੀ ਦੇ ਪਿਆਰ ਵਿਚ ਬਲ ਰਿਹਾ ਹੈ। ਪੱਤੀ ਨਾਂਹ ਵਿਚ ਸਿਰ ਹਿਲਾਕੇ ਹੱਸਦੀ ਹੈ ਤੇ ਉਡ ਜਾਂਦੀ ਹੈ।

***

ਸੂਰਜ ਡੁਬਣ ਵੇਲੇ ਜੇ ਹੰਝੂ ਵਹਾਉਣ ਲਗੇ, ਫਿਰ ਤੁਹਾਨੂੰ ਤਾਰੇ ਵੀ ਨਹੀਂ ਦਿੱਸਣੇ।

***

ਤੁਹਾਡੇ ਰਾਹਾਂ ਦਾ ਰੇਤਾ ਤੁਹਾਥੋਂ ਗੀਤ ਮੰਗਦਾ ਹੈ, ਨਚਦਾ ਹੋਇਆ ਪਾਣੀ ਤੁਹਾਥੋਂ ਤੇਜ਼ ਚਾਲ ਮੰਗਦਾ ਹੈ। ਕੀ ਤੁਸੀਂ ਇਹਨਾ ਅਪਾਹਜਾਂ ਦਾ ਭਾਰ ਚੁਕ ਲਉਗੇ?

***

ਉਸਦਾ ਉਤਸੁਕ ਚਿਹਰਾ ਰਾਤ ਦੀ ਬਰਸਾਤ ਵਾਂਗ ਮੇਰੇ ਸੁਫਨਿਆਂ ਦਾ ਪਿੱਛਾ ਕਰਦਾ ਹੈ।

***

ਇਕ ਰਾਤ ਸੁਫਨਾ ਆਇਆ ਜਿਵੇਂ ਅਸੀਂ ਅਜਨਬੀ ਹੋਈਏ।
ਜਾਗ ਆਉਣ ਤੇ ਪਤਾ ਲਗਾ ਅਸੀਂ ਤਾਂ ਇਕ ਦੂਜੇ ਨੂੰ ਪਿਆਰ ਕਰਨ ਵਾਲੇ ਹਾਂ।

***

ਜਿਵੇਂ ਦਰਖਤਾਂ ਦੀ ਖਾਮੋਸ਼ੀ ਵਿਚ ਸ਼ਾਮ ਛੁਪ ਜਾਂਦੀ ਹੈ, ਉਦਾਸੀ ਉਵੇਂ ਮੇਰੇ ਦਿਲ ਦੀ ਸ਼ਾਂਤੀ ਵਿਚ ਛੁਪੀ ਬੈਠੀ ਹੈ।

***

ਗ਼ੈਬੀ ਉਂਗਲਾਂ ਮੇਰੇ ਦਿਲ ਦੀਆਂ ਤਾਰਾਂ ਇਉਂ ਹਿਲਾ ਰਹੀਆਂ ਹਨ ਜਿਵੇਂ ਹਵਾਵਾਂ ਲਹਿਰਾਂ ਨੂੰ ਅਗੇ ਤੋਰਦੀਆਂ ਹਨ।

***

- ਤੇਰਾ ਸ਼ੋਰ ਕੀ ਆਖਦਾ ਹੈ ਓ ਸਾਗਰ?
- ਅਨੰਤ ਪ੍ਰਸ਼ਨ।
- ਤੇਰਾ ਕੀ ਜਵਾਬ ਹੈ ਐ ਅਸਮਾਨ?
- ਅਨੰਤ ਖਾਮੋਸ਼ੀ।

***

ਉਤਪਤੀ ਦਾ ਰਹੱਸ ਰਾਤ ਦੇ ਹਨੇਰੇ ਵਾਂਗ ਮਹਾਨ ਹੈ।
ਗਿਆਨ ਦੇ ਭੁਲੇਖੇ ਸਵੇਰ ਦੀ ਧੁੰਦ ਵਾਂਗ ਉਲਝੇ ਹੋਏ ਹਨ।

***

ਇਸ ਸਵੇਰ ਆਪਣੀ ਬਾਰੀ ਵਿਚੋਂ ਬਾਹਰ ਦੇਖ ਰਿਹਾਂ। ਮੁਸਾਫ਼ਰ ਵਾਂਗ ਸੰਸਾਰ ਮੇਰੇ ਕੋਲ ਰਤਾ ਕੁ ਰੁਕ ਕੇ ਸਿਰ ਝੁਕਾਉਂਦਾ ਹੈ ਤੇ ਤੁਰ ਜਾਂਦਾ ਹੈ।

***

ਮੇਰੀਆਂ ਪਾਗਲ ਇਛਾਵਾਂ ਮੇਰੇ ਗੀਤਾਂ ਵਿਚ ਵੀ ਚੀਕਾਂ ਮਾਰੀ ਜਾਂਦੀਆਂ ਹਨ ਮਾਲਕ। ਤਾਂ ਵੀ, ਮੈਨੂੰ ਸੁਣਨੀਆਂ ਤਾਂ ਪੈਣਗੀਆਂ ਹੀ।

***

ਮੈਂ ਬਿਹਤਰੀਨ ਦੀ ਚੋਣ ਨਹੀਂ ਕਰਦਾ। ਬਿਹਤਰੀਨ ਨੇ ਮੈਨੂੰ ਚੁਣ ਲਿਆ ਹੈ।

***

ਅਸੀਂ ਖੜਖੜ ਕਰਦੇ ਪੱਤੇ ਹਾਂ ਜਿਹੜੇ ਹਨੇਰੀਆਂ ਦੇ ਸਵਾਲਾਂ ਦੇ ਜਵਾਬ ਹਾਂ। ਤੁਸੀਂ ਕੌਣ ਹੋ ਜੋ ਗੱਲ ਈ ਨਹੀਂ ਕਰਦੇ?
” - ਅਸੀਂ ਤਾਂ ਨਿਮਾਣੇ ਫੁਲ ਹਾਂ ਜੀ ਬਸ।”

***

ਹਰ ਰੋਜ਼ ਤਾਜ਼ੇ ਫੁਲ ਭੇਜ ਕੇ ਰੱਬ ਆਸ ਕਰਦਾ ਹੈ ਅਸੀਂ ਸ਼ੁਕਰਾਨਾ ਕਰੀਏ। ਸੂਰਜ ਚੰਦ ਭੇਜ ਕੇ ਉਹ ਸਾਥੋਂ ਕੋਈ ਆਸ ਨਹੀਂ ਕਰਦਾ।

***

ਪੱਤਿਆਂ ਵਿਚਕਾਰ ਨੰਗੇ ਬੱਚੇ ਵਾਂਗ ਖੁਸ਼ ਖੇਡਦੀ ਰੌਸ਼ਨੀ ਸੋਚ ਨਹੀਂ ਸਕਦੀ ਕਿ ਆਦਮੀ ਝੂਠ ਬੋਲ ਦਿੰਦੈ।

***

ਓ ਸੁੰਦਰਤਾ, ਆਪਣੇ ਆਪਨੂੰ ਪਿਆਰ ਵਿਚ ਤਲਾਸ਼ ਕਰ, ਸ਼ੀਸ਼ੇ ਦੀ ਖੁਸ਼ਾਮਦ ਤੋਂ ਬਚ ਕੇ ਰਹਿ।

***

- ਤੂੰ ਕਿਸ ਦੀ ਉਡੀਕ ਕਰ ਰਿਹੈ ਚੰਦਰਮਾਂ?
- ਸੂਰਜ ਨੂੰ ਨਮਸਕਾਰ ਕਰਕੇ ਉਸ ਲਈ ਰਸਤਾ ਛੱਡਣਾ ਹੈ ਮੈਂ।

***

ਦਰਖਤ ਮੇਰੇ ਚੁਬਾਰੇ ਦੀ ਬਾਰੀ ਤੱਕ ਇਉਂ ਉਚੇ ਉਠ ਰਹੇ ਹਨ
ਜਿਵੇਂ ਗੁੰਗੀ ਧਰਤੀ ਦੀਆਂ ਦਬੀਆਂ ਖਾਹਸ਼ਾਂ।

***

ਰੱਬ ਆਪਣੀ ਨਵੀਂ ਸਵੇਰ ਦੇਖ ਕੇ ਹੈਰਾਨ ਹੋ ਜਾਂਦਾ ਹੈ ਹਰ ਰੋਜ਼।

***

ਸੁੱਕਾ ਦਰਿਆ ਆਪਣੇ ਭੂਤਕਾਲ ਦਾ ਸ਼ੁਕਰਾਨਾ ਨਹੀਂ ਕਰਿਆ ਕਰਦਾ।

***

ਪੰਛੀ ਦਾ ਜੀ ਕਰਦਾ ਹੈ ਮੈਂ ਬੱਦਲ ਹੋਵਾਂ। ਬੱਦਲ ਚਾਹੁੰਦਾ ਹੈ ਮੈਂ ਪੰਛੀ ਬਣਾ।

***

ਝਰਨਾ ਗਾਉਂਦਾ ਹੈ - ਜਦੋਂ ਮੈਨੂੰ ਆਜ਼ਾਦੀ ਮਿਲੀ, ਬਸ ਉਦੀਂ ਮੈਨੂੰ ਗੀਤ ਲੱਭ ਗਿਆ।

***

ਕੰਮ ਕਾਜ ਕਰਦੀ ਔਰਤ ਜਦੋਂ ਘਰ ਵਿਚ ਤੁਰੀ ਫਿਰਦੀ ਹੈ, ਇਉਂ ਲਗਦਾ ਹੈ ਜਿਵੇਂ ਪੱਥਰ ਗੀਟਿਆਂ ਵਿਚੋਂ ਦੀ ਨਦੀ ਤੁਰੀ ਫਿਰਦੀ ਹੋਵੇ।

***

ਪੱਛਮ ਵਿਚ ਅਸਤ ਹੋਣ ਤੋਂ ਪਹਿਲਾਂ ਸੂਰਜ, ਪੂਰਬ ਨੂੰ ਸਲਾਮ ਕਰਨਾ ਨਹੀਂ ਭੁੱਲਦਾ।

***

ਤੂੰ ਗੱਲ ਤਾਂ ਕੋਈ ਨਹੀਂ ਕੀਤੀ, ਬਸ ਮੁਸਕਾਈ ਸੀ ਰਤਾ ਕੁ। ਇਸੇ ਦਾ ਮੈਨੂੰ ਮੁੱਦਤ ਤੋਂ ਇੰਤਜ਼ਾਰ ਸੀ।

***

ਮੱਛੀ ਸਮੁੰਦਰ ਵਿੱਚ ਸ਼ਾਂਤ ਹੈ। ਪਸ਼ੂ ਧਰਤੀ ਉਪਰ ਕਲੋਲ ਕਰ ਰਹੇ ਹਨ। ਪੰਛੀ ਆਕਾਸ਼ ਵਿਚ ਉਡਦੇ ਗੀਤ ਗਾ ਰਹੇ ਹਨ।
ਮਨੁਖ ਵਿਚ ਸਾਗਰ ਦੀ ਸ਼ਾਂਤੀ, ਧਰਤੀ ਦੇ ਕਲੋਲ ਅਤੇ ਆਕਾਸ਼ ਦਾ ਸੰਗੀਤ ਹੈ।

***

ਤਾਰੇ ਜੇ ਤੁਹਾਨੂੰ ਜੁਗਨੂਆਂ ਵਾਂਗ ਲਗਦੇ ਹਨ ਤਾਂ ਤਾਰਿਆਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ।

***

ਸ਼ੁਕਰਾਨਾ ਹੈ ਤੇਰਾ ਮਾਲਕ ਕਿ ਮੈਂ ਸ਼ਕਤੀ ਦੇ ਪਹੀਆਂ ਵਿਚੋਂ ਨਹੀਂ, ਉਨ੍ਹਾਂ ਵਿਚੋਂ ਹਾਂ ਜਿਹੜੇ ਇਹਨਾਂ ਪਹੀਆਂ ਹੇਠ ਕੁਚਲੇ ਗਏ।

***

ਮਨ ਤਿੱਖਾ ਹੈ ਪਰ ਵੱਡਾ ਨਹੀਂ ਇਸ ਕਰਕੇ ਥਾਂ ਥਾਂ ਖੁਭ ਜਾਂਦਾ ਹੈ, ਤੁਰਦਾ ਹੀ ਨਹੀਂ ਅੱਗੇ।

***

ਤੇਰਾ ਬੁੱਤ ਟੁੱਟ ਕੇ ਰੇਤ ਵਿਚ ਬਿਖਰਿਆ ਤਾਂ ਸਾਬਤ ਹੋਇਆ ਰੱਬ ਦਾ ਰੇਤਾ ਤੇਰੇ ਬੁੱਤ ਤੋਂ ਮਹਾਨ ਹੈ।

***

ਸ਼ੀਸ਼ੇ ਦੇ ਲੈਂਪ ਨੂੰ ਮੋਮਬੱਤੀ ਨੇ ਜਦੋਂ ਭਰਾ ਕਿਹਾ ਤਾਂ ਲੈਂਪ ਗੁੱਸੇ ਹੋ ਗਿਆ।
ਜਦੋਂ ਚੰਦ ਚੜ੍ਹ ਆਇਆ ਤਾਂ ਲੈਂਪ ਉਸ ਨੂੰ ਕਹਿਣ ਲੱਗਾ - ਭੈਣ, ਮੇਰੀ ਪਿਆਰੀ ਭੈਣ।

***

ਸਮੁੰਦਰੀ ਪੰਛੀ ਲਹਿਰਾਂ ਨੂੰ ਮਿਲਕੇ ਉਪਰ ਉਡ ਜਾਂਦੇ ਨੇ ਤੇ ਲਹਿਰਾਂ ਪਿਛੇ ਹਟ ਜਾਂਦੀਆਂ ਨੇ, ਉਵੇਂ ਆਪਾਂ ਮਿਲੇ ਵਿਛੜੇ।

***

ਮੇਰਾ ਦਿਨ ਬੀਤ ਗਿਆ। ਘਾਟ ਕੰਢੇ ਬੰਨੀ ਕਿਸ਼ਤੀ ਵਾਂਗ ਹੁਣ ਮੈਂ ਲਹਿਰਾਂ ਦਾ ਨਾਚ ਦੇਖਦਾ ਹਾਂ।

***

ਜੀਵਨ ਸਾਨੂੰ ਮਿਲ ਗਿਆ। ਕਮਾਈ ਉਸਨੂੰ ਕਹਾਂਗੇ ਜਦੋਂ ਤਿਆਗ ਦਿੱਤਾ।

***

ਤੂਫ਼ਾਨ ਜਲਦੀ ਤੋਂ ਜਲਦੀ ਛੋਟੇ ਤੋਂ ਛੋਟੇ ਰਾਹ ਤਲਾਸ਼ਦਾ ਦੌੜਦਾ ਹੈ।
ਜਿਥੇ ਜਾ ਪੁੱਜਦਾ ਹੈ ਉਥੇ ਜਾ ਕੇ ਸੋਚਦਾ ਹੈ- ਇਥੇ ਤਾਂ ਮੈ ਆਉਣਾ ਈ ਨੀ ਸੀ।

***

ਮੇਰੀ ਸ਼ਰਾਬ ਮੇਰੇ ਪਿਆਲੇ ਵਿਚੋਂ ਪੀ ਮਿੱਤਰ।
ਜਦੋਂ ਇਹ ਕਿਸੇ ਦੂਜੇ ਪਿਆਲੇ ਵਿਚ ਉਲਟ ਦਿੰਨੇ ਆਂ ਤਾਂ ਝੱਗ ਦੀ ਕੰਗਣੀ ਟੁੱਟ ਜਾਂਦੀ ਹੈ।

***

ਆਪਣੇ ਆਪਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ, ਸੰਪੂਰਨਤਾ ਅਧੂਰੇ ਨੂੰ ਪਿਆਰ ਕਰਦੀ ਹੈ।

***

ਰੱਬ ਬੰਦੇ ਨੂੰ ਆਖਦਾ ਹੈ - ਤੇਰਾ ਇਲਾਜ ਕਰਨਾ ਸੀ ਇਸ ਲਈ ਦੁਖ ਦਿੱਤਾ।
ਮੈ ਤੈਨੂੰ ਪਿਆਰ ਕਰਦਾਂ ਇਸ ਕਰਕੇ ਸਜ਼ਾ ਦਿੱਤੀ।

***

ਘਾਹ ਦੇ ਨਿਕੇ ਬੂਟੇ, ਤੇਰੇ ਪੈਰ ਤਾਂ ਨਿਕੇ ਨਿਕੇ ਹਨ ਪਰ ਤੂੰ ਸਾਰੀ ਧਰਤੀ ਆਪਣੇ ਕਦਮਾ ਹੇਠ ਢਕ ਲਈ ਹੈ।

***

ਖਿੜਨ ਸਾਰ ਕਲੀ ਖੁਸ਼ੀ ਵਿਚ ਕਿਲਕਾਰੀ ਮਾਰ ਕੇ ਆਖਦੀ ਹੈ - ਮੁਰਝਾ ਨਾ ਜਾਈਂ ਪਿਆਰੇ ਸੰਸਾਰ।

***

ਵੱਡੀਆਂ ਵੱਡੀਆਂ ਸਲਤਨਤਾਂ ਸਥਾਪਤ ਕਰਦਾ ਕਰਦਾ ਰੱਬ ਥੱਕ ਜਾਂਦਾ ਹੈ।
ਹਰ ਰੋਜ਼ ਨਵੇਂ ਨਵੇਂ ਨਿਕੇ ਨਿਕੇ ਫੁੱਲ ਭੇਜਦਾ ਬਿਲਕੁਲ ਨਹੀਂ ਥਕਦਾ।

***

ਝਰਨਾ ਗਾਉਂਦਾ ਹੈ - ਪਿਆਸੇ ਨੂੰ ਬੇਸ਼ਕ ਥੋੜੇ ਕੁ ਪਾਣੀ ਦੀ ਲੋੜ ਹੈ ਪਰ ਖੁਸ਼ੀ ਨਾਲ ਮੈਂ ਸਾਰੇ ਦਾ ਸਾਰਾ ਦਿਆਂਗਾ।

***

ਅਨੰਤ ਅਨੰਦ ਦਾ ਉਹ ਫੁਹਾਰਾ ਕਿਥੇ ਹੈ ਜਿਥੋਂ ਫੁੱਲਾਂ ਦੇ ਦਰਿਆ ਵਗ ਤੁਰੇ?

***

ਲਕੜਹਾਰੇ ਨੇ ਆਪਣੇ ਕੁਹਾੜੇ ਦੇ ਦਸਤੇ ਵਾਸਤੇ ਰੁੱਖ ਤੋਂ ਲੱਕੜ ਮੰਗੀ।
ਰੁਖ ਨੇ ਪ੍ਰਸੰਨਤਾ ਨਾਲ ਲੱਕੜ ਦੇ ਦਿਤੀ।

***

ਧੁੰਦ ਦਾ ਘੁੰਡ ਕੱਢੀ, ਬਾਰਸ਼ ਵਿਚ ਜਾਂਦੀ ਵਿਧਵਾ ਸ਼ਾਮ ਦਾ ਹਉਕਾ ਮੈਂ ਆਪਣੇ ਦਿਲ ਦੀ ਇਕਾਂਤ ਵਿਚ ਸਾਫ਼ ਸੁਣਿਆ।

***

ਦੁਨੀਆਂ ਨੂੰ ਗਲਤ ਮਲਤ ਪੜ੍ਹਨ ਪਿਛੋਂ ਅਸੀਂ ਆਖਦੇ ਹਾਂ ਇਹ ਧੋਖੇਬਾਜ਼ ਹੈ।

***

ਸਮੁੰਦਰ ਕਿਨਾਰੇ, ਕਦੀ ਜੰਗਲਾਂ ਵਿਚ, ਕਵੀ ਆਪਣੀ ਆਵਾਜ਼ ਲਭਦਾ ਫਿਰਦਾ ਹੈ।

***

ਹਰ ਬੱਚੇ ਦਾ ਜਨਮ ਸਾਬਤ ਕਰਦਾ ਹੈ ਕਿ ਰੱਬ ਆਦਮੀ ਤੋਂ ਅਜੇ ਨਿਰਾਸ ਨਹੀਂ ਹੋਇਆ।

***

ਘਾਹ ਧਰਤੀ ਉਪਰ ਆਪਣੀ ਭੀੜ ਲਭਦਾ ਹੈ। ਦਰਖਤ ਆਕਾਸ਼ ਵਿਚ ਅਪਣੀ ਇਕਾਂਤ ਭਾਲਦਾ ਹੈ।

***

ਗ਼ੈਬੀ ਅੱਗ ਕਿਥੇ ਬਲ ਰਹੀ ਹੈ ਜਿਸ ਵਿਚੋਂ ਤਾਰਿਆਂ ਦੇ ਚੰਗਿਆੜੇ ਖਿਲਰੇ ?

***

ਨੇਕੀ ਕਰਨ ਦਾ ਇਛੁਕ ਦਰਵਾਜੇ ਤੇ ਦਸਤਕ ਦਿੰਦਾ ਹੈ। ਪਿਆਰ ਕਰਨ ਵਾਲਿਆਂ ਵਾਸਤੇ ਦਰਵਾਜੇ ਖੁੱਲ੍ਹੇ ਹਨ।

***

- ਤੂੰ ਕਿਥੇ ਹੈਂ ਫਲ ?
- ਮੈਂ ਤੇਰੇ ਦਿਲ ਵਿਚ ਹਾਂ ਫੁੱਲ।

***

ਤਰੇਲ ਬੂੰਦ ਨੇ ਝੀਲ ਨੂੰ ਕਿਹਾ - ਤੂੰ ਮੇਰੇ ਤੋਂ ਵਡੀ ਤਰੇਲ ਬੂੰਦ ਹੈਂ ਭੈਣ।
ਮੈਂ ਕੰਵਲ ਦੇ ਪੱਤੇ ਉਪਰ ਝੂਟੇ ਲੈ ਰਹੀ ਹਾਂ, ਤੂੰ ਪੱਤੇ ਨਾਲ ਲਟਕ ਰਹੀ ਹੈਂ।

***

ਕਲਾਕਾਰ ਕੁਦਰਤ ਦਾ ਆਸ਼ਕ ਹੈ ਇਸ ਕਰਕੇ ਉਹ ਕੁਦਰਤ ਦਾ ਮਾਲਕ ਵੀ ਹੈ ਗੁਲਾਮ ਵੀ।

***

ਮਿਆਨ ਖੁੰਢਾ ਹੈ, ਇਸੇ ਕਰਕੇ ਤਲਵਾਰ ਦੀ ਤੇਜ਼ ਧਾਰ ਬਚੀ ਰਹਿੰਦੀ ਹੈ।

***

ਪੱਤਿਆਂ ਦਾ ਜਨਮ ਤੇ ਮੌਤ ਦਾ ਤੇਜ ਘੇਰਾ ਉਸ ਵੱਡੇ ਚੱਕਰ ਦਾ ਹਿੱਸਾ ਹਨ ਜਿਹੜਾ ਹੌਲੀ ਹੌਲੀ ਤਾਰਿਆਂ ਨਾਲ ਘੁੰਮਦਾ ਹੈ।

***

ਪਲ ਦਾ ਸ਼ੋਰ ਅਨੰਤ ਸੰਗੀਤ ਵੱਲ ਨੱਕ ਚਾੜ੍ਹਦਾ ਹੈ।

***

ਕਾਲੇ ਰੰਗ ਦਾ ਬੱਦਲ ਸ਼ਰਮਿੰਦਗੀ ਨਾਲ ਅਸਮਾਨ ਦੇ ਕੋਨੇ ਵਿਚ ਜਾ ਖਲੋਤਾ।
ਚੜ੍ਹਦੇ ਸੂਰਜ ਨੇ ਅਪਣਾ ਸੁਨਹਿਰੀ ਮੁਕਟ ਉਸੇ ਦੇ ਸਿਰ ਤੇ ਰੱਖਿਆ।

***

ਤੁਰਦੇ ਜਾਉ, ਫੁਲ ਚੁਗਣ ਲਈ ਰੁਕੋ ਨਾ, ਜਿਧਰ ਜਾਓਗੇ ਤਾਜ਼ੇ ਫੁੱਲ ਰਸਤੇ ਵਿਚ ਖਿੜਦੇ ਜਾਣਗੇ।

***

ਜੜ੍ਹਾਂ ਧਰਤੀ ਵਿਚ ਫੈਲੀਆਂ ਟਾਹਣੀਆਂ ਹਨ। ਟਾਹਣੀਆਂ ਹਵਾ ਵਿਚ ਲਹਿਰਾਉਂਦੀਆਂ ਜੜ੍ਹਾ ਹਨ।

***

ਪਤਝੜ ਦੇ ਦੁਆਲੇ ਬਸੰਤ ਦਾ ਸੰਗੀਤ ਆਪਣਾ ਪੁਰਾਣਾ ਆਲ੍ਹਣਾ ਲਭਦਾ ਫਿਰਦਾ ਹੈ।

***

ਭੁੱਲੇ ਵਿਸਰੇ ਦਿਨਾ ਦੀਆਂ ਯਾਦਾਂ ਮੇਰੇ ਦੁਆਲੇ ਇਉਂ ਲਿਪਟੀਆਂ ਹੋਈਆਂ ਹਨ ਜਿਵੇਂ ਪੁਰਾਣੇ ਰੁਖ ਦੁਆਲੇ ਵੇਲਾਂ।

***

ਗੂੰਜ ਆਵਾਜ਼ ਦਾ ਮੂੰਹ ਚਿੜਾਕੇ ਆਖਦੀ ਹੈ - ਅਸਲੀ ਮੈਂ ਹਾਂ।

***

ਕੁਝ ਬੰਦੇ ਰੱਬ ਦੀਆਂ ਅਜਿਹੀਆਂ ਮਿਹਰਬਾਨੀਆਂ ਦਾ ਜ਼ਿਕਰ ਕਰਦੇ ਹਨ ਕਿ ਰੱਬ ਸ਼ਰਮਿੰਦਾ ਹੋ ਜਾਂਦਾ ਹੈ।

***

ਸੂਰਜ ਕੋਲ ਰੌਸ਼ਨੀ ਦਾ ਸਾਦਾ ਲਿਬਾਸ ਹੈ। ਬੱਦਲ ਆਪਣੇ ਆਪ ਨੂੰ ਸ਼ਾਹਾਨਾ ਲਿਬਾਸ ਵਿਚ ਲਪੇਟਦੇ ਰਹਿੰਦੇ ਹਨ।

***

ਪਹਾੜ ਬੱਚਿਆਂ ਦੀਆਂ ਕਿਲਕਾਰੀਆਂ ਵਾਂਗ ਹਨ ਜਿਹੜੇ ਤਾਰਿਆਂ ਨੂੰ ਫੜਨ ਵਾਸਤੇ ਬਾਹਵਾਂ ਉਪਰ ਫੈਲਾਉਂਦੇ ਹਨ।

***

ਸੁਫਨਾ ਪਤਨੀ ਵਾਂਗ ਹੈ ਜੋ ਗੱਲਾਂ ਕਰੇਗਾ।
ਨੀਂਦ ਪਤੀ ਵਾਂਗ ਖਾਮੋਸ਼ ਦੁਖ ਉਠਾਏਗੀ।

***

ਡੁਬਦੇ ਦਿਨ ਨੂੰ ਚੁੰਮ ਕੇ ਰਾਤ ਉਸਦੇ ਕੰਨ ਵਿਚ ਆਖਦੀ ਹੈ-
ਮੈਂ ਮੌਤ ਹਾਂ ਤੇਰੀ ਮਾਂ। ਤੈਨੂੰ ਨਵਾਂ ਜਨਮ ਦਿਆਂਗੀ।

***

ਬਾਜ਼ ਸੋਚਦਾ ਹੈ ਜੇ ਮੱਛੀ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਦਿਖਾਵਾਂ ਕਿ ਮੈਦਾਨ ਕਿੰਨੇ ਸੁਹਣੇ ਹਨ ਤਾਂ ਉਹ ਬਹੁਤ ਖੁਸ਼ ਹੋਵੇਗੀ।

***

ਰਾਤ ਨੇ ਸੂਰਜ ਨੂੰ ਕਿਹਾ - ਚੰਦ ਰਾਹੀਂ ਤੂੰ ਮੇਰੇ ਕੋਲ ਪ੍ਰੇਮ ਪੱਤਰ ਭੇਜਦਾ ਹੈਂ।
ਘਾਹ ਉਪਰ ਵਿਛੇ ਹੰਝੂਆਂ ਰਾਹੀਂ ਮੈਂ ਉਨ੍ਹਾਂ ਖਤਾਂ ਦਾ ਜਵਾਬ ਦਿੰਦੀ ਹਾਂ।

***

ਹਥੌੜਿਆਂ ਦੀਆਂ ਸੱਟਾ ਨਹੀਂ, ਨਚਦੇ ਪਾਣੀਆਂ ਦਾ ਸੰਗੀਤ ਪੱਥਰ ਗੀਟਿਆਂ ਨੂੰ ਗੋਲ ਅਤੇ ਮੁਲਾਇਮ ਬਣਾਉਂਦਾ ਹੈ।

***

ਸ਼ਹਿਦ ਦੀ ਮੱਖੀ ਫੁੱਲ ਦਾ ਰਸ ਚੂਸਕੇ ਧੰਨਵਾਦ ਕਰਨ ਲਈ ਉਸ ਦੁਆਲੇ ਪਰਿਕਰਮਾ ਕਰਦੀ ਹੈ। ਹੰਕਾਰੀ ਤਿਤਲੀ ਚਾਹੁੰਦੀ ਹੈ ਫੁੱਲ ਮੇਰਾ ਧੰਨਵਾਦ ਕਰਨ।

***

ਪੱਤਾ ਜਦੋਂ ਪਿਆਰ ਕਰਨ ਲੱਗੇ, ਫੁਲ ਬਣ ਜਾਂਦਾ ਹੈ।
ਫੁਲ ਜਦੋਂ ਬੰਦਗੀ ਕਰਨ ਲਗ ਜਾਏ, ਫਲ ਹੋ ਜਾਂਦਾ ਹੈ।

***

ਜੜਾਂ ਦਰਖਤ ਦੀਆਂ ਟਾਹਣੀਆਂ ਨੂੰ ਫਲਾਂ ਨਾਲ ਭਰ ਦਿੰਦੀਆਂ ਹਨ
ਪਰ ਟਾਹਣੀਆਂ ਨੂੰ ਇਹ ਨਹੀਂ ਕਹਿੰਦੀਆਂ ਕਿ ਸਾਡਾ ਸ਼ੁਕਰਾਨਾ ਕਰੋ।

***

ਅੱਧੀ ਰਾਤ ਵਕਤ ਤੂਫਾਨ ਇਉਂ ਲਗਦਾ ਹੈ ਜਿਵੇਂ ਕਿਸੇ ਦੈਂਤ ਦਾ ਬੱਚਾ ਬੇਵਕਤਾ ਜਾਗ ਕੇ ਖੇਡਣ ਲੱਗ ਜਾਏ।

***

ਲਫ਼ਜ ਨੇ ਕੰਮ ਨੂੰ ਕਿਹਾ - ਤੈਨੂੰ ਦੇਖਕੇ ਮੈਂ ਅਪਣੇ ਸੱਖਣੇਪਣ ਤੇ ਸ਼ਰਮਿੰਦਾ ਹੋ ਜਾਨਾ।
ਕੰਮ ਨੇ ਲਫਜ਼ ਨੂੰ ਕਿਹਾ - ਤੇਰੇ ਬਗੈਰ ਮੈਂ ਕਿੰਨਾ ਗਰੀਬ ਹਾਂ।

***

ਸੱਚਾਈ ਦੇ ਲਿਬਾਸ ਵਿਚ ਕੋਈ ਨੁਕਸ ਨਹੀਂ ਹੁੰਦਾ ਪਰ ਕਲਪਣਾ ਆਪਣੇ ਲਿਬਾਸ ਵਿਚ ਆਰਾਮ ਨਾਲ ਤੁਰਦੀ ਫਿਰਦੀ ਹੈ।

***

ਮੈਨੂੰ ਇਸ ਗੱਲ ਤੇ ਪੱਕਾ ਯਕੀਨ ਹੈ ਕਿ ਅਸਮਾਨ ਵਿਚਲੇ ਤਾਰਿਆਂ ਵਿਚੋਂ ਇਕ ਅਜਿਹਾ ਹੈ ਜਿਹੜਾ ਮੇਰੀ ਕਿਸਮਤ ਨਿਸ਼ਚਿਤ ਕਰਦਾ ਹੈ, ਮੇਰੀ ਅਗਵਾਈ ਕਰਦਾ ਹੈ।

***

ਸਦੀਆਂ ਦੇ ਉਦਾਸ ਖੰਡਰਾਂ ਵਿਚੋਂ ਇਹ ਇਕ ਆਵਾਜ਼, ਟਿਕੀ ਰਾਤ ਮੈਨੂੰ ਅਕਸਰ ਸੁਣਾਈ ਦਿੰਦੀ ਹੈ - “ਮੈਂ ਤੈਨੂੰ ਪਿਆਰ ਕੀਤਾ ਸੀ।”

***

ਅੱਗ ਦੀਆਂ ਲਾਟਾਂ ਦੇ ਲਿਸ਼ਕਾਰੇ ਮੈਨੂੰ ਬਚਣ ਦੀ ਤਾੜਨਾ ਵੀ ਕਰਦੇ ਹਨ ਤੇ ਅੱਗ ਮੇਰੇ ਅਗੇ ਮਿੰਨਤਾਂ ਵੀ ਕਰਦੀ ਹੈ- ਰਾਖ ਹੇਠ ਦਬੇ ਅੰਗਿਆਰ ਮਰ ਰਹੇ ਹਨ, ਬੁਝ ਰਹੇ ਹਨ, ਬਚਾ ਲਏਂਗਾ ਮੈਨੂੰ?

***

ਹਲਕੀ ਖੁਸ਼ਬੂ ਭਿੰਨੀ ਪੌਣ ਤੋਂ ਰੱਬ ਦੀ ਤਾਕਤ ਦਾ ਪਤਾ ਲਗਦਾ ਹੈ, ਹਨੇਰੀਆਂ ਤੋਂ ਤੂਫਾਨਾ ਤੋਂ ਨਹੀਂ।

***

ਸੁਫਨੇ ਵਿਚ ਚੀਜਾਂ ਇਧਰ ਉਧਰ ਖਿਲਰੀਆਂ ਪਈਆਂ ਹਨ।
ਜਦੋਂ ਜਾਗ ਪਿਆ ਉਦੋਂ ਇਨ੍ਹਾਂ ਨੂੰ ਇਕੱਠੀਆਂ ਕਰਕੇ ਸੁਰ ਵਿਚ ਕਰ ਦਿਆਂਗਾ।

***

ਖਾਮੋਸ਼ੀ ਵਿਚ ਤੁਹਾਡੀ ਆਵਾਜ਼ ਸੁਰੱਖਿਅਤ ਹੈ ਜਿਵੇਂ ਆਹਲਣੇ ਵਿਚ ਸੁੱਤੇ ਪੰਛੀਆਂ ਦੇ ਗੀਤ ਸੁਰੱਖਿਅਤ ਹਨ।

***

ਰਾਤ ਚੁਪ ਚੁਪੀਤੇ ਫੁੱਲ ਖਿੜਾ ਜਾਂਦੀ ਹੈ ਤੇ ਸਵੇਰਾ, ਵਧਾਈਆਂ, ਸ਼ੁਕਰਾਨੇ ਕਬੂਲਦਾ ਹੈ।

***

ਕੁਚਲੇ ਲੋਕਾਂ ਦੀਆਂ ਲਿਖਤਾਂ ਪੜ੍ਹਕੇ ਹਕੂਮਤ ਆਖਦੀ ਹੈ- ਇਹ ਲੋਕ ਨਾਸ਼ੁਕਰੇ ਹਨ।

***

ਵਰਖਾ ਦੀਆਂ ਬੂੰਦਾ ਨੇ ਧਰਤੀ ਨੂੰ ਚੁੰਮਿਆ ਤੇ ਹੌਲੀ ਦੇ ਕੇ ਕਿਹਾ- ਅਸੀਂ ਤੇਰੇ ਤੋਂ ਵਿੱਛੜੀਆਂ ਤੇਰੀਆਂ ਬੱਚੀਆਂ ਹਾਂ ਤੇ ਸੁਰਗਾਂ ਤੋਂ ਵਾਪਸ ਆਈਆਂ ਹਾਂ। ਸਾਨੂੰ ਆਪਣੀ ਗੋਦ ਵਿਚ ਸਮਾ ਲੈ ਮਾਂ।

***

ਟਟਹਿਣੇ ਨੇ ਤਾਰਿਆਂ ਨੂੰ ਕਿਹਾ- ਵਿਦਵਾਨ ਦਸਦੇ ਹਨ ਕਿ ਇਕ ਦਿਨ ਤੁਹਾਡੀ ਰੌਸ਼ਨੀ ਬੁਝ ਜਾਣੀ ਹੈ।ਤਾਰਿਆਂ ਨੇ ਕੋਈ ਜਵਾਬ ਨਹੀਂ ਦਿੱਤਾ।

***

ਜੋ ਮੈਨੂੰ ਮਜਬੂਰ ਕਰ ਰਹੀ ਹੈ, ਕੀ ਇਹ ਮੇਰੀ ਆਤਮਾ ਹੈ ਜੋ ਬਾਹਰ ਆਉਣਾ ਚਾਹੁੰਦੀ ਹੈ ਜਾਂ ਕਿ ਇਹ ਵਿਸ਼ਵ-ਆਤਮਾ ਹੈ ਜਿਹੜੀ ਅੰਦਰ ਆਉਣ ਲਈ ਦਰਵਾਜੇ ਤੇ ਦਸਤਕ ਦੇ ਰਹੀ ਹੈ?

***

ਛੋਟੇ ਬਰਤਨ ਵਿਚ ਪਿਆ ਪਾਣੀ ਲਿਸ਼ਕਦਾ ਹੈ ਪਰ ਸਮੁੰਦਰ ਦਾ ਪਾਣੀ ਹਨੇਰਾ ਹੈ। ਨਿਕੇ ਨਿਕੇ ਸੱਚ ਸਾਫ਼ ਦਿਸਦੇ ਹਨ, ਵੱਡਾ ਸੱਚ ਅਨੰਤ ਖਾਮੋਸ਼ੀ ਹੈ।

***

ਆਪਣੇ ਪਿਆਰਿਆਂ ਵਿਚ ਵੰਡਣ ਵਾਸਤੇ ਸਾਡੇ ਕੋਲ ਨਿਕੀਆਂ ਨਿਕੀਆਂ ਚੀਜਾਂ ਹਨ। ਵੱਡੀਆਂ ਚੀਜ਼ਾਂ ਤਾਂ ਸਾਰੇ ਜਹਾਨ ਲਈ ਹਨ।

***

ਜਿਵੇਂ ਸਮੁੰਦਰ ਨੇ ਧਰਤੀ ਘੇਰ ਰੱਖੀ ਹੈ, ਔਰਤ ਦੇ ਹੰਝੂਆਂ ਨੇ ਸੰਸਾਰ ਘੇਰਿਆ ਹੋਇਆ ਹੈ।

***

ਹੱਸ ਕੇ ਧੁੱਪ ਮੇਰਾ ਸੁਆਗਤ ਕਰਦੀ ਹੈ।
ਉਸ ਦੀ ਉਦਾਸ ਭੈਣ ਬਾਰਸ਼ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਦੀ ਹੈ।

***

ਜਿਹੜਾ ਬੰਦਾ ਨੇਕੀਆਂ ਕਰਨ ਵਿਚ ਸਾਰਾ ਦਿਨ ਰੁਝਾ ਰਹਿੰਦਾ ਹੈ, ਨੇਕ ਬਣਨ ਵਾਸਤੇ ਉਸ ਕੋਲ ਸਮਾਂ ਨਹੀਂ ਹੁੰਦਾ।

***

ਪਾਲਤੂ ਕੁੱਤਾ ਸਮਝਦਾ ਹੈ ਕਿ ਸਾਰਾ ਸੰਸਾਰ ਉਸ ਤੋਂ ਉਸਦਾ ਖੁੱਡਾ ਖੋਹਣ ਦੀਆਂ ਵਿਉਂਤਾਂ ਘੜਦਾ ਰਹਿੰਦਾ ਹੈ।

***

ਤਣੇ ਹੋਏ ਧਨੁਖ ਨੂੰ ਤੀਰ ਨੇ ਕਿਹਾ - ਮੈਨੂੰ ਆਜ਼ਾਦ ਕਰ ਦਿਉ ਹਜ਼ੂਰ।
ਮੇਰੀ ਆਜ਼ਾਦੀ ਵਿਚ ਤੁਹਾਡੀ ਆਜ਼ਾਦੀ ਵੀ ਹੈ।

***

ਨਿਰਾ ਤਰਕ ਦੋ ਧਾਰੇ ਚਾਕੂ ਵਰਗਾ ਹੈ ਜਿਸਦਾ ਮੁੱਠਾ ਨਾ ਹੋਵੇ।
ਇਸ ਨੂੰ ਵਰਤਣ ਵਾਲਾ ਹੱਥ ਲਹੂ ਲੁਹਾਣ ਹੋਵੇਗਾ।

***

ਸੰਸਾਰ, ਸੁੰਦਰਤਾ ਦੇ ਸੰਗੀਤ ਨਾਲ ਸਾਧਿਆ ਹੋਇਆ ਤੁਫਾਨ ਹੈ।

***

ਛੁਹ ਕੇ ਹੋ ਸਕਦੈ ਤੁਸੀਂ ਮਾਰ ਦਿਉ। ਦੂਰ ਰਹਿਣ ਨਾਲ ਹੋ ਸਕਦੈ ਤੁਸੀਂ ਹਾਸਲ ਕਰ ਲਵੋਂ।

***

ਜਿਸ ਅਸਮਾਨ ਨੇ ਸਵੇਰ ਸਾਰ ਸਭ ਤਾਰੇ ਗੁਆ ਲਏ, ਫੁੱਲ ਉਸ ਨੂੰ ਰੋ ਰੋ ਕੇ ਦਸਦਾ ਹੈ ਕਿ ਮੇਰਾ ਤਰੇਲ ਤੁਪਕਾ ਗੁਆਚ ਗਿਆ।

***

ਸੂਰਜ ਸ਼ਾਮ ਨੂੰ ਜਦੋਂ ਪੱਛਮ ਵਿਚ ਡੁੱਬ ਰਿਹਾ ਹੁੰਦਾ ਹੈ, ਪੂਰਬ ਦਾ ਸਵੇਰਾ ਸਬਰ ਕਰਕੇ ਦੇਖਦਾ ਰਹਿੰਦਾ ਹੈ।

***

ਪ੍ਰਸ਼ੰਸਾ ਮੈਨੂੰ ਸ਼ਰਮਿੰਦਾ ਕਰ ਦਿੰਦੀ ਹੈ ਕਿਉਂਕਿ ਇਸ ਅੱਗੇ ਮੈਂ ਮੰਗਤਾ ਹਾਂ।

***

ਸਰਬੋਤਮ ਇਕੱਲਾ ਨਹੀਂ ਆਉਂਦਾ। ਸਾਰੇ ਉਸ ਨਾਲ ਆਉਂਦੇ ਹਨ।

***

ਰੱਬ ਦਾ ਸੱਜਾ ਹੱਥ ਦਿਆਲੂ ਹੈ, ਖੱਬਾ ਖਤਰਨਾਕ।

***

ਮੇਰੇ ਉਦਾਸ ਖਿਆਲ, ਮੇਰੇ ਤੋਂ ਆਪਣੇ ਨਾਮ ਪੁਛ ਪੁਛ ਕੇ ਮੈਨੂੰ ਤੰਗ ਕਰਦੇ ਹਨ।

***

ਝੱਖੜ ਉਸ ਦੁਖੀ ਦੇਵਤੇ ਦਾ ਰੁਦਨ ਹੈ ਜਿਸ ਦਾ ਪਿਆਰ ਧਰਤੀ ਨੇ ਕਬੂਲ ਨਹੀਂ ਕੀਤਾ।

***

ਚੰਦ ਆਪਣਾ ਚਾਨਣ ਸਾਰੇ ਸੰਸਾਰ ਵਿਚ ਵੰਡਦਾ ਹੈ ਪਰ ਅਪਣੇ ਦਾਗ ਸੀਨੇ ਨਾਲ ਲਾ ਕੇ ਰਖਦਾ ਹੈ।

***

ਧੂਆਂ ਅਸਮਾਨ ਤੇ ਚੜ੍ਹ ਕੇ, ਸੁਆਹ ਧਰਤੀ ਤੇ ਡਿਗ ਕੇ ਸ਼ੇਖੀ ਮਾਰਦੇ ਹਨ - ਅਸੀਂ ਅੱਗ ਦੇ ਭੈਣ ਭਰਾ ਹਾਂ।

***

ਲੜਖੜਾਉਂਦੇ ਕਮਜ਼ੋਰ ਖਿਆਲੋ, ਮੇਰੇ ਤੋਂ ਡਰੋਂ ਨਾ। ਮੈਂ ਸ਼ਾਇਰ ਹਾਂ।

***

ਇਹ ਪਰਬਤ ਭਲਾ ਫੁੱਲ ਵਰਗਾ ਨਹੀਂ? ਆਲੇ ਦੁਆਲੇ ਪਹਾੜੀਆਂ ਦੀਆਂ ਪੰਖੜੀਆਂ ਧੁੱਪ ਪੀ ਰਹੀਆਂ ਦਿਸਦੀਆਂ ਹਨ।

***

ਨਿੱਕਾ ਫੁੱਲ ਮਿੱਟੀ ਵਿਚ ਰੁਲਿਆ ਪਿਆ ਹੈ।
ਤਿਤਲੀ ਦੇ ਪਿਛੇ ਪਿਛੇ ਉਡਣ ਲੱਗਾ ਸੀ।
ਤੁਰਨ ਵਾਸਤੇ ਪਹਿਲਾਂ ਕਦਮ ਉਪਰ ਉਠਾਣਾ ਹੈ, ਫੇਰ ਹੇਠਾਂ ਰੱਖਣਾ ਹੈ।

***

ਧੁੱਪਾਂ ਅਤੇ ਫੁੱਲਾਂ ਦੀ ਬੋਲੀ ਤਾਂ ਮੈਂ ਸਮਝ ਜਾਂਦਾ ਹਾਂ,
ਮੈਨੂੰ ਦੁਖ ਦੇ ਅਤੇ ਮੌਤ ਦੇ ਬੋਲ ਸਮਝਣ ਦੀ ਸੱਤਿਆ ਵੀ ਤਾਂ ਮਿਲੇ !

***

ਜਿਹੜਾ ਫੁੱਲ ਰਾਤੀਂ ਪਹਿਲਾਂ ਹੀ ਖਿੜ ਪਿਆ ਸੀ, ਪ੍ਰਭਾਤ ਨੇ ਜਦੋਂ ਉਸ ਦੀ ਮਿੱਠੀ ਲਈ, ਫੁੱਲ ਨੇ ਹਉਕਾ ਲਿਆ, ਕੰਬਿਆ, ਜ਼ਮੀਨ ਉਤੇ ਡਿਗ ਪਿਆ।

***

ਤੇਰੇ ਕਿਨਾਰੇ ਮੈਂ ਅਜਨਬੀ ਵਾਂਗ ਉਤਰਿਆ, ਤੇਰੇ ਘਰ ਮਹਿਮਾਨ ਵਾਂਗ ਰਿਹਾ, ਤੇਰਾ ਦਰ ਹੁਣ ਮਿੱਤਰ ਵਾਂਗ ਛੱਡ ਕੇ ਚੱਲਿਆਂ ਮੇਰੀਏ ਧਰਤੀਏ।

***

ਦਿਨ ਦਾ ਕੰਮ ਮੁਕਾ ਲਿਆ ਹੈ। ਆਪਣੀਆਂ ਬਾਹਾਂ ਨਾਲ ਮੇਰਾ ਚਿਹਰਾ ਢਕ ਮਾਂ। ਮੈਨੂੰ ਸੁਫਨੇ ਲੈਣ ਦੇ।

***

ਅਸੀਂ ਇਸ ਸੰਸਾਰ ਦੇ ਉਨਾ ਕੁ ਚਿਰ ਵਸਨੀਕ ਹੁੰਦੇ ਹਾਂ ਜਿੰਨਾ ਚਿਰ ਅਸੀਂ ਇਸਨੂੰ ਪਿਆਰ ਕਰਦੇ ਹਾਂ।

***

ਮੈਂ ਤੈਨੂੰ ਇਉਂ ਦੇਖਿਆ ਜਿਵੇਂ ਸੁਤਨੀਂਦਾ ਬੱਚਾ ਸਵੇਰ ਵੇਲੇ ਪਲ ਕੁ ਭਰ ਮਾਂ ਵੱਲ ਦੇਖੇ, ਫੇਰ ਸੌਂ ਜਾਏ।

***

ਜੀਵਨ ਕਦੇ ਨਹੀਂ ਥਕਦਾ, ਇਹ ਜਾਣਨ ਲਈ ਮੈਨੂੰ ਬਾਰ ਬਾਰ ਮਰਨਾ ਪਵੇਗਾ।

***

ਸਵੇਰ ਸਾਰ ਚਹਿਕਦੇ ਪੰਛੀ ਜਿਵੇਂ ਅਨੰਦ ਮਗਨ ਹੋ ਹੋ ਤੇਰਾ ਨਾਂ ਲੈਂਦੇ ਨੇ, ਪੁਜਾਰੀ ਉਸ ਤਰ੍ਹਾਂ ਤੇਰਾ ਨਾਮ ਨਹੀਂ ਲੈ ਸਕਦਾ।

***

ਜ਼ਖਮ ਮਿਲੇ, ਜ਼ਖਮ ਰਾਜੀ ਹੋਏ, ਦਿਨ ਢਲੇ ਤੈਨੂੰ ਆਪਣੇ ਜਿਸਮ ਉਪਰਲੇ ਦਾਗ ਦਿਖਾਵਾਂਗਾ।

***

ਸੱਚ, ਅਪਣੇ ਵਿਰੁੱਧ ਇਸ ਕਰਕੇ ਤੁਫਾਨ ਖੜ੍ਹਾ ਕਰ ਲੈਂਦਾ ਹੈ ਕਿਉਂਕਿ ਅਪਣੇ ਬੀਜ ਇਸ ਨੇ ਦੂਰ ਦੂਰ ਤਕ ਖਿਲਾਰਨੇ ਹੁੰਦੇ ਨੇ।

***

ਸੱਚ ਅੰਤਮ ਸ਼ਬਦ ਬੋਲ ਕੇ ਚੁੱਪ ਹੋ ਗਿਆ। ਹੁਣ ਇਹ ਸ਼ਬਦ ਅਗਲੇ ਸ਼ਬਦਾਂ ਨੂੰ ਜਨਮ ਦਏਗਾ।

***

ਖੁਸ਼ਨਸੀਬ ਹੈ ਉਹ ਜਿਸ ਦੀ ਪ੍ਰਸਿੱਧੀ ਸੱਚ ਨਾਲੋਂ ਵਧੀਕ ਨਹੀਂ ਲਿਸ਼ਕਦੀ। ਖਾਮੋਸ਼ ਰਾਤ ਮਾਂ ਵਰਗੀ ਸੁਹਣੀ, ਦਿਨ ਬੱਚੇ ਵਰਗਾ ਚੁਲਬੁਲਾ।

***

ਰੱਬ ਇੰਤਜ਼ਾਰ ਵਿਚ ਹੈ ਕਿ ਆਦਮੀ ਆਪਣੇ ਬਚਪਨ ਜਿੰਨਾ ਸਿਆਣਾ ਕਦ ਹੋਏਗਾ ?

***

ਪਿਆਰ ਕਰਨ ਵੇਲੇ ਰਬ ਨਾਸ਼ਵਾਨ ਨੂੰ ਚੁੰਮਦਾ ਹੈ, ਆਦਮੀ ਅਬਿਨਾਸ਼ੀ ਨੂੰ।

***

ਦਿਨ ਉਦਾਸ ਹੈ, ਬੱਦਲ ਇਉਂ ਜਾ ਰਹੇ ਹਨ ਜਿਵੇਂ ਝਿੜਕਾਂ ਖਾਕੇ ਗੱਲ੍ਹਾਂ ਉਪਰ ਹੰਝੂ ਲਟਕਾਈ ਬੱਚੇ ਤੁਰੇ ਜਾਂਦੇ ਹੋਣ।
ਹਵਾ ਜ਼ਖਮੀ ਸੰਸਾਰ ਵਾਂਗ ਕਰਾਹ ਰਹੀ ਹੈ। ਪਰ ਅਪਣੇ ਸਖੇ ਨੂੰ ਮਿਲਣ ਤਾਂ ਜਾਣਾ ਹੀ ਪਏਗਾ।

***

ਪਿਆਰ ਵਿਚ ਕਦੀ ਕਿਸੇ ਨੇ ਘਾਟਾ ਖਾਧਾ ਹੈ, ਮੈਂ ਨੀਂ ਮੰਨਦਾ ਇਹ ਗੱਲ।

***

ਬੇਇੱਜ਼ਤ ਆਦਮੀ ਵਿਜਈ ਹੋਏਗਾ, ਸਬਰ ਦੀ ਇਸ ਉਡੀਕ ਦਾ ਨਾਮ ਸਭਿਅਤਾਵਾਂ ਦਾ ਇਤਿਹਾਸ ਹੈ।

***

ਦੁਖ ਦੇਖੇ, ਮੌਤ ਦਾ ਪਤਾ ਲੱਗਾ, ਖੁਸ਼ ਹਾਂ ਕਿ ਮੈਂ ਮਹਾਨ ਸੰਸਾਰ ਵਿਚ ਰਿਹਾ।

***

“ਮੈਂ ਤੇਰੇ ਪਿਆਰ ਉਪਰ ਇਤਬਾਰ ਕੀਤਾ”, ਮੇਰਾ ਆਖਰੀ ਬੋਲ ਇਹੋ ਹੋਵੇ।

('ਆਰਟ ਤੋਂ ਬੰਦਗੀ ਤੱਕ' ਵਿੱਚੋਂ)

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਪਾਲ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ