ਪੰਜਾਬੀ ਸੂਫ਼ੀ ਕਾਵਿ ਧਾਰਾ ਤੇ ਲੋਕ ਸੰਗੀਤ ਪਰੰਪਰਾ ਨੂੰ ਆਪਣੇ ਆਪੇ ਵਿੱਚੋਂ ਮਧੂਮੱਖੀ ਵਾਂਗ ਲੰਘਾ ਕੇ ਕਸ਼ੀਦ ਕੀਤੀ ਸ਼ਾਇਰੀ ਦੀ ਸਿਰਜਕ ਰਿਤੂ ਵਾਸਦੇਵ ਕੋਲ ਪੰਜਾਬ ਦੇ ਵਿਰਾਸਤੀ ਅੰਦਾਜ਼ ਦੀ ਸ਼ਕਤੀ ਵੀ ਹੈ ਅਤੇ ਪੌਰਖ ਵੀ।
ਰਿਤੂ ਵਾਸਦੇਵ ਦਾ ਜਨਮ 2 ਅਕਤੂਬਰ 1985 ਨੂੰ ਚਵਿੰਡਾ ਦੇਵੀ (ਅੰਮ੍ਰਿਤਸਰ)ਵਿਖੇ ਪਿਤਾ ਸ਼੍ਰੀ ਸੀਤਾ ਰਾਮ ਵਾਸੂਦੇਵ ਤੇ ਮਾਤਾ : ਸੁਨੀਤਾ ਵਾਸੂਦੇਵ ਦੀ ਕੁੱਖੋਂ ਹੋਇਆ।
ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਸ ਐੱਮ ਏ ਪੰਜਾਬੀ ਤੇ ਬੀਐੱਡ ਪੱਧਰ ਦੀ ਪੜ੍ਹਾਈ ਸ਼ਾਦੀ ਉਪਰੰਤ ਕੀਤੀ।
ਰਿਤੂ ਦੇ ਮਾਤਾ ਜੀ ਬੰਗਾਲ ਤੋਂ ਅਤੇ ਪਿਤਾ ਜੀ ਭਾਰਤੀ ਸੈਨਾ ਵਿੱਚ ਹੋਣ ਕਰਕੇ ਪਰਿਵਾਰ ਵਿੱਚ ਬੰਗਾਲੀ ਤੇ ਹਿੰਦੀ ਸਾਹਿੱਤ ਦੀਆਂ ਗੱਲਾਂ ਅਕਸਰ ਹੁੰਦੀਆਂ।
ਸਕੂਲ ਵਿੱਚ ਪੜ੍ਹਾਈ ਦਾ ਮਾਧਿਅਮ ਪੰਜਾਬੀ ਹੋਣ ਕਾਰਨ ਉਸ ਨੇ ਵਿਸ਼ੇਸ਼ ਹਿੰਮਤ ਕਰਕੇ ਪੰਜਾਬੀ ਭਾਸ਼ਾ ਚ ਮੁਹਾਰਤ ਹਾਸਲ ਕਰ ਲਈ ਜੋ ਮਗਰੋਂ ਮੁਹੱਬਤ ਵਿੱਚ ਤਬਦੀਲ ਹੋ ਗਈ ਹੈ।
ਤਰਨਤਾਰਨ ਵਾਸੀ ਸ਼੍ਰੀ ਦੀਪਕ ਨਾਲ ਵਿਆਹੀ ਜਾਣ ਕਾਰਨ ਉਹ ਮੁੱਲਾ ਰੋਡੂਪੁਰਾ, ਗਲੀ ਡਾ: ਫ਼ਕੀਰ ਚੰਦ ਵਾਲੀ ਤਰਨਤਾਰਨ ਚ ਪਰਿਵਾਰ ਸਮੇਤ ਵੱਸਦੀ ਹੈ।
ਸਾਹਿੱਤਕ ਮੈਗਜ਼ੀਨ ਰਾਬਤਾ, ਸਾਹਿੱਤਕ ਏਕਮ, ਸੱਤਰੰਗੀ, ਰੂ ਬਰੂ ਤੇ ਹਰਿਆਣਾ ਸਾਹਿੱਤ ਅਕਾਡਮੀ ਦੇ ਮੈਗਜ਼ੀਨ ਸ਼ਬਦ ਬੂੰਦ ਵਿੱਚ ਅਕਸਰ ਛਪਦੀ ਹੈ।
ਸਾਂਝੇ ਕਾਵਿ ਸੰਗ੍ਰਹਿ ਸੱਤ ਅਣਿਆਲੇ ਤੀਰ, ਦਰਦਾਂ ਦਾ ਵਹਿੰਦਾ ਦਰਿਆ, ਉਡਾਨ ਤੇ ਪੰਜ ਪਾਣੀ ਵਿੱਚ ਉਸ ਦੀਆਂ ਰਚਨਾਵਾਂ ਸ਼ਾਮਿਲ ਹੋ ਚੁਕੀਆਂ ਹਨ।
ਉਸ ਦੀ ਪਲੇਠੀ ਕਾਵਿ ਪੁਸਤਕ ਇੱਕ ਬੂਟਾ ਬਿਰਹਾ ਦਾ ਤੋਂ ਬਾਦ ਦੂਜੀ ਕਾਵਿ ਪੁਸਤਕ ਅਨੰਤਤਾ ਦੇ ਰਾਹਾਂ ਤੇ ( ਸੂਫ਼ੀ ਕਾਵਿ) ਆਟਮ ਆਰਟ ਪਟਿਆਲਾ ਵੱਲੋਂ ਛਪ ਚੁਕੀ ਹੈ।
ਰਿਤੂ ਦੇ ਹੁਣ ਤੀਕ ਰੂ-ਬਰੂ ਤੇ ਵਿਸ਼ੇਸ਼ ਸਨਮਾਨ ਪੇਂਡੂ ਸਾਹਿਤ ਸਭਾ ਪਿੰਡ ਚੀਮਾਂ, ਧਰਮਕੋਟ,ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ ,ਸਰਕਾਰੀ ਪ੍ਰਾਇਮਰੀ ਸਕੂਲ, ਲੜਕੇ, ਮੰਡੀਕਲਾਂ (ਬਠਿੰਡਾ) ,ਫਤਿਹ ਕਾਲਜ ਆਫ ਐਜੂਕੇਸ਼ਨ( ਬਠਿੰਡਾ) ਵੱਲੋਂ ਕਰਵਾਏ ਜਾ ਚੁਕੇ ਹਨ।
ਵਿਸ਼ੇਸ਼ ਸਨਮਾਨ ਵਿੱਚ ਮਾਲਵਾ ਲਿਖਾਰੀ ਸਭਾ ( ਸੰਗਰੂਰ) ਬਿਰਧ ਆਸ਼ਰਮ, ਬਡਰੁੱਖਾਂ, ਸਾਂਝ ਮੰਚ (ਸੰਗਰੂਰ) ਸਰਕਾਰੀ ਪ੍ਰਾਇਮਰੀ ਸਕੂਲ, ਨੱਥੇਵਾਲ ਬਲਾਕ ਗੁਰਾਇਆ 1 (ਜਲੰਧਰ) ਸਵਰਾਜ ਸਾਹਿਤ ਸਭਾ, ਤਲਵਣ (ਜਲੰਧਰ)ਪੰਜਾਬੀ ਸਾਹਿਤ ਕਲਾ ਮੰਚ (ਰਜਿ:) ਮੱਖੂ, ਜਿਲ੍ਹਾ ਫਿਰੋਜ਼ਪੁਰ,ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਸ਼ਾਹਕੋਟ (ਜਲੰਧਰ) ਗਿਆਨੀ ਕਰਤਾਰ ਸਿੰਘ ਕਵੀਸ਼ਰ ਯਾਦਗਾਰੀ ਸਭਾ, ਮੰਡੀਕਲਾਂ (ਬਠਿੰਡਾ),ਪੰਜਾਬੀ ਸਾਹਿਤ ਸਭਾ (ਰਜਿ:) ਤਰਨ ਤਾਰਨ। ਬਿਰਹਾ ਦਾ ਵਹਿੰਦਾ ਦਰਿਆ, ਗਿਆਨੀ ਅਜੀਤ ਸਿੰਘ ਜੀ ਵੱਲੋਂ।ਸੱਤਵੀਂ ਸੂਫੀਆਨਾ ਮਜਲਿਸ ( ਨੌਸ਼ਹਿਰਾ ਪੰਨੂਆਂ) ਜਸ਼ਨ-ਏ-ਪੰਜਾਬੀ ਗੁਰਮਤਿ ਵਿਸ਼ਵ ਫਾਉਂਡੇਸ਼ਨ ਸ਼ਾਮਿਲ ਹਨ।
ਉਸ ਦੇ ਕਹਿਣ ਮੁਤਾਬਕ ਉਸ ਦਾ ਕਿੱਤਾ ਸਿਰਫ ਸਾਹਿਤ ਪੜ੍ਹਨਾ ਤੇ ਸਿਰਜਣਾ ਹੈ।
ਮਾਂ ਬੋਲੀ ਪੰਜਾਬੀ ਦੀ ਸੇਵਾ ਮਿਸ਼ਨ ਹੈ। ਲੇਖਣੀ ਵਿੱਚ ਬਿਰਹਾ ਤੇ ਸੂਫ਼ੀ ਪ੍ਰਭਾਵ ਪ੍ਰਬਲ ਵਹਿਣ ਜਿਹਾ ਹੈ। ਸੁਭਾਅ ਵੱਲੋਂ ਬੇ-ਪ੍ਰਵਾਹੀ ਉਸ ਦੀ ਸ਼ਕਤੀ ਹੈ। ਇਹ ਉਸ ਦਾ ਆਪਣਾ ਮੰਨਣਾ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਅਜਬ ਊਰਜਾ ਤੇ ਧਰਤੀ ਦੀ ਸੋਂਧੀ ਸੋਂਧੀ ਮਹਿਕ ਆਉਂਦੀ ਹੈ। ਉਹ ਕਿਸੇ ਹੋਰ ਵਾਂਗ ਨਹੀਂ, ਆਪਣੇ ਆਪ ਵਾਂਗ ਲਿਖਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਉਸ ਦੀ ਕਾਵਿ ਰਚਨਾ ਨੂੰ ਸਤਿਕਾਰਤ ਅੱਖ ਨਾਲ ਵੇਖਦਾ ਹਾਂ।
ਕੁਝ ਸਾਲ ਪਹਿਲਾਂ ਮੇਰੇ ਅਮਰੀਕਾ ਵੱਸਦੇ ਸ਼ਾਇਰ ਦੋਸਤ ਰਣਜੀਤ ਸਿੰਘ ਗਿੱਲ ਨੇ ਉਸ ਦੀ ਦੂਜੀ ਕਿਤਾਬ ਦਾ ਆਦਿ ਕਥਨ ਲਿਖਣ ਲਈ ਕਿਹਾ ਸੀ, ਜੋ ਉਦੋਂ ਨਾ ਲਿਖ ਸਕਿਆ ਪਰ ਹੁਣ ਉਸ ਦਾ ਕਲਾਮ ਪੜ੍ਹ ਕੇ ਮਹਿਸੂਸ ਕਰਦਾ ਹਾਂ ਕਿ ਮੈਂ ਨਵ ਪ੍ਰਤਿਭਾ ਨੂੰ ਜੀ ਆਇਆਂ ਨੂੰ ਕਹਿਣ ਤੋਂ ਉੱਕ ਗਿਆ। ਇਹੀ ਉਸ ਦੇ ਕਾਵਿ ਦੀ ਸ਼ਕਤੀ ਹੈ। -ਗੁਰਭਜਨ ਗਿੱਲ
