ਪ੍ਰਗਤੀਵਾਦੀ ਸੁਰ ਵਿੱਚੋਂ ਪਰੰਪਰਕ ਪੰਜਾਬੀ ਕਾਵਿ ਰੰਗ ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ਜਲ ਕਣ : ਸਰਦੂਲ ਸਿੰਘ ਔਜਲਾ (ਡਾਃ)

ਜਦੋਂ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਸਫ਼ਰ ਬਾਰੇ ਚਰਚਾ ਕਰਦੇ ਹਾਂ ਤਾਂ ਇਹ ਗੱਲ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਜਿਵੇਂ ਜਿਵੇਂ ਪੰਜਾਬੀ ਕਵਿਤਾ ਦੇ ਵਿਕਾਸ ਪੜਾਅ ਤੈਅ ਕੀਤੇ ਹਨ ਉਸ ਵਿੱਚੋਂ ਸਮੇਂ ਦੀ ਲੋੜ ਮੁਤਾਬਕ ਨਵੇਂ ਕਾਵਿ ਰੂਪਾਂ ਦੀ ਸ਼ਮੂਲੀਅਤ ਹੁੰਦੀ ਰਹੀ ਹੈ ਜਿਵੇਂ ਬਦੇਸ਼ੀ ਕਾਵਿ ਰੂਪ ਸੋਨਿੱਟ, ਬੈੱਲਡ, ਹਾਇਕੂ ਆਦਿ। ਜਾਪਾਨੀ ਕਾਵਿ ਰੂਪਾਂ ਨੂੰ ਵੀ ਪੰਜਾਬੀ ਕਵੀਆਂ ਨੇ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਹੈ। ਇਸ ਤੋਂ ਪਹਿਲਾਂ ਖੁੱਲ੍ਹੀ ਕਵਿਤਾ ਦੇ ਪ੍ਰਚਲਨ ਨਾਲ ਪੰਜਾਬੀ ਦੀ ਪਰੰਪਰਕ ਛੰਦਾ ਬੰਦੀ ਵਾਲੀ ਕਵਿਤਾ ਦੀ ਸਿਰਜਣਾ ਦੀ ਰਫ਼ਤਾਰ ਵੀ ਥੋੜ੍ਹੀ ਧੀਮੀ ਹੋਈ ਸੀ ਪਰ ਸਿਰਜਣਾ ਬਿਲਕੁਲ ਅਲੋਪ ਨਹੀਂ ਸੀ ਹੋਈ। ਪੰਜਾਬੀ ਕਵੀ ਪਰੰਪਰਕ ਛੰਦਾਂ ਵਿੱਚ ਵਿਕੋਲਿਤਰੇ ਰੂਪ ਵਿੱਚ ਅੱਜ ਵੀ ਕਿੱਸਿਆਂ, ਜੰਗਨਾਮਿਆਂ ਦੀ ਸਿਰਜਣਾ ਕਰ ਰਹੇ ਹਨ। ਖੁੱਲ੍ਹੀ ਕਵਿਤਾ ਵੀ ਭਾਵੇਂ ਲਯ ਬੱਧ ਹੁੰਦੀ ਹੈ ਪਰ ਛੰਦ ਦਾ ਲਾਜ਼ਮੀ ਹੋਣਾ ਲਾਜ਼ਮੀ ਨਹੀਂ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਖੁੱਲ੍ਹੀ ਕਵਿਤਾ ਨਾਲੋਂ ਛੰਦਾਂ ਦੇ ਵਿਧੀ ਵਿਧਾਨ ਬਾਰੇ ਬਹੁਤੇ ਕਵੀਆਂ ਕੋਲ ਗਿਆਨ ਵੀ ਨਹੀਂ ਹੁੰਦਾ ਅਤੇ ਖੁੱਲ੍ਹੀ ਕਵਿਤਾ ਸੌਖ ਨਾਲ ਸਿਰਜੀ ਵੀ ਜਾ ਸਕਦੀ ਹੈ।

ਪਰ ਪੰਜਾਬੀ ਵਿੱਚ ਕੁਝ ਕਵੀ ਅਜਿਹੇ ਹਨ ਜੋ ਪ੍ਰੰਪਰਕ ਕਾਵਿ ਰੂਪਾਂ ਨੂੰ ਵੀ ਪੁਨਰ- ਸੁਰਜੀਤ ਕਰਨ ਲਈ ਯਤਨਸ਼ੀਲ ਹਨ। ਇਸ ਦਾ ਇਹ ਮਤਲਬ ਨਹੀਂ ਕਿ ਪਰੰਪਰਕ ਕਾਵਿ ਰੂਪ ਅਸਲੋਂ ਖ਼ਤਮ ਹੋ ਚੁੱਕੇ ਹਨ।

ਇਹ ਖ਼ਤਮ ਨਹੀਂ ਹੋਣੇ ਅਤੇ ਨਾ ਹੀ ਹੋ ਸਕਦੇ ਹਨ ਪਰ ਤੇਜ਼ ਰਫ਼ਤਾਰ ਯੁੱਗ ਵਿੱਚ ਇਨ੍ਹਾਂ ਦੀ ਆਭਾ ਜ਼ਰੂਰ ਫਿੱਕੀ ਪਈ ਹੈ। ਇਸ ਆਭਾ ਨੂੰ ਚਮਕਾਉਣ ਵਿਚ ਗੁਰਭਜਨ ਗਿੱਲ ਦਾ ਨਾਮ ਪ੍ਰਮੁੱਖ ਰੂਪ ਵਿੱਚ ਲਿਆ ਜਾ ਸਕਦਾ ਹੈ ਜੋ ਪਰੰਪਰਕ ਕਾਵਿ ਰੂਪ 'ਰੁਬਾਈ' ਨੂੰ ਆਪਣੀ ਸਿਰਜਣਾ ਦਾ ਆਧਾਰ ਬਣਾ ਕੇ ਆਪਣੀ ਨਵੀਂ ਕਾਵਿ ਪੁਸਤਕ 'ਜਲ ਕਣ' ਲੈ ਕੇ ਹਾਜ਼ਰ ਹੋਇਆ ਹੈ। ਉਸ ਦੀ ਇਸ ਪੁਸਤਕ ਵਿਚ ਰੁਬਾਈਆਂ ਹੀ ਸ਼ਾਮਲ ਹਨ। ਇਸ ਤੋਂ ਪਹਿਲਾਂ ਉਹ ਸੰਧੂਰਦਾਨੀ ਤੇ ਸੁਚਿੱਤਰ ਰੁਬਾਈ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਪਾਠਕਾਂ ਦੇ ਰੂ-ਬ-ਰੂ ਕਰ ਚੁੱਕੇ ਹਨ। ਅਸਲ ਵਿਚ ਲੈਅ ਬੱਧਤਾ ਹੀ ਗੁਰਭਜਨ ਗਿੱਲ ਦੀ ਕਵਿਤਾ ਦਾ ਅਮੀਰੀ ਗੁਣ ਹੈ ਭਾਵੇਂ ਉਹ ਗੀਤ ਲਿਖ ਰਿਹਾ ਹੋਵੇ, ਭਾਵੇਂ ਗ਼ਜ਼ਲ,ਰੁਬਾਈ ਜਾਂ ਨਜ਼ਮ। ਉਸ ਦੀ ਕਵਿਤਾ ਵਿਚਲੀ ਲਯ ਆਤਮਿਕਤਾ ਪਾਠਕਾਂ ਨੂੰ ਟੁੰਬਦੀ ਹੈ ਇਹੀ ਕਵਿਤਾ ਵਿੱਚ ਰਸ ਪੈਦਾ ਕਰਦੀ ਹੈ।

ਡਾ. ਰੌਸ਼ਨ ਲਾਲ ਅਹੂਜਾ ਕਵਿਤਾ ਵਿੱਚ ਲਯ ਦੀ ਮਹੱਤਤਾ ਬਾਰੇ ਲਿਖਦਾ ਹੈ:

ਜਿਸ ਕਵਿਤਾ ਵਿਚ ਲਯ ਲਈ ਉਹ ਕਵਿਤਾ ਨਹੀਂ।

ਹਰ ਕਵੀ ਇਸ ਗੱਲ ਦਾ ਦਾਅਵਾ ਕਰ ਸਕਦਾ ਹੈ ਕਿ ਜੇ ਉਸ ਦੀ ਕਵਿਤਾ ਵਿੱਚ ਇੱਕਸੁਰਤਾ ਨਹੀਂ ਤਾਂ ਲਯ ਅਵੱਸ਼ ਹੈ। ਪਰ ਕਵੀ ਦੇ ਦਾਅਵਾ ਕਰਨ ਨਾਲ ਲਯ ਨਹੀਂ ਮੰਨਿਆ ਜਾ ਸਕਦਾ। ਲਯ ਵਿੱਚ ਸਾਂਝ ਹੋਣੀ ਚਾਹੀਦੀ ਹੈ। ਨਿਰੋਲ ਵਿਅਕਤੀਗਤ ਲਯ ਸਾਂਝ ਪੈਦਾ ਨਹੀਂ ਕਰ ਸਕਦੀ।1

ਕਿਉਂਕਿ ਗੁਰਭਜਨ ਗਿੱਲ ਕੋਲ ਲੋਕ ਧਾਰਾਈ ਅਵਚੇਤਨ ਹੈ ਇਸ ਕਰਕੇ ਉਸ ਦੀ ਕਵਿਤਾ ਵਿਚ ਲੋਕ ਗੀਤਾਂ ਵਰਗੀ ਲਯ ਆਪਣੇ ਆਪ ਸਾਹਮਣੇ ਆ ਜਾਂਦੀ ਹੈ ਜੋ ਸਭ ਦੀ ਸਾਂਝੀ ਜਾਪਦੀ ਹੈ। ਉਸ ਦੀਆਂ ਰਚਨਾਵਾਂ ਇਸੇ ਕਰਕੇ ਬਹੁਤੇ ਲੋਕਾਂ ਨੂੰ ਯਾਦ ਹਨ। ਮਾਏ ਨੀ ਇੱਕ ਲੋਰੀ ਦੇ ਦੇ ਅੱਜ ਵੀ ਪਾਠਕ ਬੜੇ ਪਿਆਰ ਨਾਲ ਯਾਦ ਕਰਦੇ ਤੇ ਪੜ੍ਹਦੇ ਸੁਣਦੇ ਹਨ-

ਰੁਬਾਈ' ਪੰਜਾਬੀ ਕਵੀਆਂ ਦਾ ਹਰਮਨ ਪਿਆਰਾ ਕਾਵਿ -ਰੂਪ ਹੈ ਵਿਸ਼ੇਸ਼ ਕਰਕੇ ਭਾਈ ਵੀਰ ਸਿੰਘ ਦੀਆਂ ਰੁਬਾਈਆਂ ਬਾਰੇ ਪਾਠਕਾਂ ਦਾ ਆਪਸੀ ਸੰਵਾਦ ਸਾਂਝਾ ਹੁੰਦਾ ਅਕਸਰ ਦੇਖਿਆ ਜਾ ਸਕਦਾ ਹੈ। ਰੁਬਾਈ ਇੱਕ ਛੋਟਾ ਪਰ ਭਾਵਪੂਰਤ ਕਾਵਿ ਰੂਪ ਹੁੰਦਾ ਹੈ ਇਸ ਦੀ ਪਹਿਚਾਣ ਅਤੇ ਲੱਛਣ ਬਾਰੇ ਕੁਝ ਵਿਦਵਾਨਾਂ ਦੇ ਵਿਚਾਰ ਜ਼ਿਕਰ ਯੋਗ ਹਨ।

ਭਾਈ ਕਾਹਨ ਸਿੰਘ ਨਾਭਾ ਅਨੁਸਾਰ:

ਅਰਬੀ ਭਾਸ਼ਾ ਵਿਚ ਰੁਬਾਈ ਦਾ ਅਰਥ ਹੈ ਚਾਰ ਅੱਖਰਾਂ ਦਾ ਸ਼ਬਦ ਅਤੇ ਚਾਰ ਪਦਾਂ ਦਾ ਛੰਦ। ਚੌਪਦਾ,ਰੁਬਾਈ ਦੇ ਵਜ਼ਨ ਭੀ ਅਨੇਕ ਹਨ, ਪਰ ਜੋ ਬਹੁਤ ਪ੍ਰਸਿੱਧ ਹੈ ਅਤੇ ਭਾਈ ਨੰਦ ਲਾਲ ਗੋਯਾ ਜੀ ਦੀ ਰਚਨਾ ਵਿੱਚ ਆਇਆ ਹੈ, ਅਸੀਂ ਉਸ ਦਾ ਲੱਛਣ ਦੱਸਦੇ ਹਾਂ:-

ਚਾਰ ਚਰਣ, ਪਹਿਲੇ ਅਤੇ ਦੂਜੇ ਚਰਨ ਦੀਆਂ ਬਾਈ ਬਾਈ ਮਾਤ੍ਰਾ, ਤੀਜੇ ਦੀਆਂ 19 ਅਤੇ ਚੌਥੇ ਦੀਆਂ 20 ਮਾਤ੍ਰਾ, ਅੰਤ ਸਭ ਦੇ ਲਘੂ, ਪਹਿਲੀ, ਦੂਸਰੀ ਅਤੇ ਚੌਥੀ ਦਾ ਅਨੁਪਰਾਸ ਮਿਲਵਾਂ।2

ਡਾ. ਰਤਨ ਸਿੰਘ ਜੱਗੀ ਮੁਤਾਬਕ:-

'ਰੁਬਾਈ' ਅਰਬੀ ਸ਼ਬਦ ਹੈ ਅਤੇ 'ਰੁਬਾਅ' ਤੋਂ ਬਣਿਆ ਹੈ ਜਿਸ ਦੇ ਅਰਥ ਹਨ ਚਾਰ ਚਾਰ। ਇਸ ਤਰ੍ਹਾਂ ਰੁਬਾਈ ਤੋਂ ਭਾਵ ਅਜਿਹਾ ਕਾਵਿ ਜਿਸ ਵਿਚ ਚਾਰ ਹਮ ਵਜ਼ਨ ਤੁਕਾਂ ਸ਼ਾਮਲ ਹੋਣ।3

ਬਾਲ ਵਿਸ਼ਵਕੋਸ਼ ਵਿਚ ਰੁਬਾਈ ਦੀ ਪਰਿਭਾਸ਼ਾ ਕੁਝ ਇਸ ਤਰ੍ਹਾਂ ਦਰਜ ਹੈ:-

ਰੁਬਾਈ ਛੁਟੇਰੀ ਕਵਿਤਾ ਦੀ ਇਕ ਵੰਨਗੀ ਹੈ। ਇਸ ਕਵਿਤਾ ਵੰਨਗੀ ਦੀ ਜਨਮ ਭੂਮੀ ਇਰਾਨ ਹੈ।ਇਸ ਵੰਨਗੀ ਦੀ ਛੁਟੇਰੀ ਕਵਿਤਾ ਵਿਚ ਦੋ ਬੈਂਤ ਹੁੰਦੇ ਹਨ ਅਰਥਾਤ ਦੋ ਸ਼ਿਅਰ ਜਿਸ ਕਾਰਨ ਇਸਨੂੰ ਦੋ ਬੈਂਤੀ ਵੀ ਕਿਹਾ ਗਿਆ। ਚਾਰ ਤੁਕਾਂ ਹੋਣ ਕਰਕੇ ਇਸਨੂੰ ਚੌਮਿਸਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਰੁਬਾਈ ਵਿੱਚ ਚਾਰ ਮਿਸਰੇ ਅਰਥਾਤ ਚਾਰ ਤੁਕਾਂ ਹੁੰਦੀਆਂ ਹਨ। ਉਂਜ ਰੁਬਾਈ ਸ਼ਬਦ ਅਰਬੀ ਦਾ ਸ਼ਬਦ ਹੈ। ਰੁਬਾਈ 'ਰੁਬਾ' ਤੋਂ ਬਣਿਆ ਹੈ ਜਿਸ ਦਾ ਅਰਥ ਹੈ ਚਾਰ। ਰੁਬਾਈ ਦੀਆਂ ਚਾਰ ਤੁਕਾਂ ਹੋਣ ਕਾਰਨ ਇਹ ਨਾਮ ਪ੍ਰਚੱਲਤ ਹੋ ਗਿਆ। ਪੰਜਾਬੀ ਵਿਚ ਭਾਈ ਵੀਰ ਸਿੰਘ ਨੇ ਰੁਬਾਈ ਨੂੰ ਤੁਰਿਆਈ ਵੀ ਕਿਹਾ ਹੈ। ਇਹ ਨਾਮ ਵੀ ਪੰਜਾਬੀ ਵਿਚ ਪ੍ਰਚੱਲਤ ਨਹੀਂ ਹੋ ਸਕਿਆ।

ਡਾਃ ਮੋਹਨ ਸਿੰਘ ਦੀਵਾਨਾ ਨੇ ਇਸ ਤਰ੍ਹਾਂ ਦੀ ਕਾਵਿ ਵੰਨਗੀ ਨੂੰ ਚੌਬਰਗੇ ਦਾ ਨਾਂ ਵੀ ਦਿੱਤਾ ਹੈ।4

ਪਰ ਪੰਜਾਬੀ ਦੇ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਰੁਬਾਈ ਛੋਟਾ ਕਾਵਿ ਰੂਪ ਹੈ ਜਿਸ ਦੀਆਂ ਪਹਿਲੀਆਂ ਦੋ ਤੁਕਾਂ ਦਾ ਤੁਕਾਂਤ ਮਿਲਦਾ ਹੈ ਤੀਜੀ ਦਾ ਤੁਕਾਂਤ ਨਹੀਂ ਮਿਲਦਾ ਫਿਰ ਚੌਥੀ ਦਾ ਪਹਿਲੀ ਤੇ ਦੂਜੀ ਨਾਲ ਇਕਾਂਤ ਮਿਲਦਾ ਹੈ। ਪੰਜਾਬੀ ਵਿਚ ਰੁਬਾਈ ਰਚਣ ਵਾਲਿਆਂ ਵਿੱਚ ਭਾਈ ਵੀਰ ਸਿੰਘ, ਮੋਹਨ ਸਿੰਘ ਦੀਵਾਨਾ, ਧਨੀ ਰਾਮ ਚਾਤ੍ਰਿਕ, ਮੌਲਾ ਬਖ਼ਸ਼ ਕੁਸ਼ਤਾ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਅਵਤਾਰ ਸਿੰਘ ਆਜ਼ਾਦ , ਦਰਸ਼ਨ ਸਿੰਘ ਆਵਾਰਾ, ਬਿਸਮਿਲ ਫ਼ਰੀਦਕੋਟੀ ਆਦਿ ਨਾਮ ਲਏ ਜਾ ਸਕਦੇ ਹਨ।

ਫਾਰਸੀ ਸ਼ਾਇਰ ਉਮਰ ਖੱਯਾਮ ਦੀਆਂ ਰੁਬਾਈਆਂ ਅੱਜ ਵੀ ਪਾਠਕ ਬੜੇ ਮਾਣ ਨਾਲ ਆਪਣੇ ਚੇਤਿਆਂ ਵਿਚ ਵਸਾਈ ਬੈਠੇ ਹਨ।

ਜਦੋਂ ਅਸੀਂ ਗੁਰਭਜਨ ਗਿੱਲ ਦੀ ਜਲ ਕਣ ਵਿਚਲੀਆਂ ਰੁਬਾਈਆ ਬਾਰੇ ਚਰਚਾ ਕਰਦੇ ਹਾਂ ਤਾਂ ਇਹ ਗੱਲ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਇਸ ਪੁਸਤਕ ਵਿੱਚ ਜਿੱਥੇ ਰੁਬਾਈਆਂ ਵਿਰਾਸਤ ਪਹਿਲੂ ਤੋਂ ਜ਼ਰਖੇਜ਼ ਹਨ ਉੱਥੇ ਕਲਾਤਮਕ ਪੱਖੋਂ ਵੰਨ-ਸੁਵੰਨਤਾ ਇਨ੍ਹਾਂ ਰੁਬਾਈਆਂ ਦਾ ਹਾਸਲ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਗੁਰਭਜਨ ਗਿੱਲ ਕੋਲ ਜ਼ਿੰਦਗੀ ਨੂੰ ਨੇੜਿਓਂ ਦੇਖਣ ਦਾ ਤਜ਼ਰਬਾ ਹੈ ਜਿਸ ਵਿੱਚ ਉਸ ਦਾ ਕੁਦਰਤੀ ਅਤੇ ਅਰਜਿਤ ਗਿਆਨ ਦੋਵੇਂ ਹੀ ਸ਼ਾਮਲ ਹਨ। ਕੁਦਰਤੀ ਗਿਆਨ ਕਵਿਤਾ ਵਿਚਲੀ ਲੈਅ ਸੁਰ ਤਾਲ ਹੈ। ਅਤੇ ਅਰਜਿਤ ਗਿਆਨ ਇਨ੍ਹਾਂ ਰੁਬਾਈਆਂ ਦਾ ਕਲਾ ਪੱਖ ਹੈ ਜਿਸ ਦਾ ਗੁਰਭਜਨ ਗਿੱਲ ਹੁਰਾਂ ਨੂੰ ਪ੍ਰਪੱਕ ਗਿਆਨ ਹੈ। ਜ਼ਿੰਦਗੀ ਦੇ ਪੰ ਧ ਬਾਰੇ ਗੁਰਭਜਨ ਗਿੱਲ ਗੁਰੂਆਂ ਦੇ ਪ੍ਰਵਚਨਾਂ ਦੇ ਹਵਾਲੇ ਆਪਣੀ ਰੁਬਾਈ ਵਿੱਚ ਕੁਝ ਇਸ ਤਰ੍ਹਾਂ ਦਰਜ ਕਰਦਾ ਹੈ:

ਗੁਰੂ ਪੀਰਾਂ ਇਹ ਸਮਝਾਇਆ, ਜ਼ਿੰਦਗੀ ਹੈ ਰੰਗਾਂ ਦਾ ਮੇਲਾ।
ਇੱਕ ਦੂਜੇ ਦੀ ਪੀੜ ਪਛਾਣੋ, ਬੋਲੋ ਜਦ ਬੋਲਣ ਦਾ ਵੇਲਾ।
ਸਦਾ ਭਲਾ ਸਰਬੱਤ ਦਾ ਮੰਗੋ, ਦੀਨ ਦੁਖੀ ਦਾ ਦਰਦ ਨਿਵਾਰੋ,
ਮੈਂ ਮੇਰੀ ਨੂੰ ਮਾਰ ਮੁਕਾਓ, ਜੇ ਚਾਹੁੰਦੇ ਹੋ ਜਨਮ ਸੁਹੇਲਾ।5

ਜਦੋਂ ਮਨੁੱਖ ਜ਼ਿੰਦਗੀ ਨਾਲ ਖਹਿ ਕੇ ਤਜ਼ਰਬਾ ਹਾਸਲ ਕਰਦਾ ਹੈ ਤਾਂ ਉਪਰੋਕਤ ਰੁਬਾਈ ਵਰਗੀ ਵਿਚਾਰਧਾਰਕ ਪਹੁੰਚ ਹੀ ਉਸ ਦਾ ਰਾਹ ਦਿਸੇਰਾ ਬਣਦੀ ਹੈ। ਗੁਰਭਜਨ ਗਿੱਲ ਦੀ ਇਹ ਖਾਸੀਅਤ ਹੈ ਕਿ ਉਸ ਨੇ ਇਨ੍ਹਾਂ ਰੁਬਾਈਆਂ ਵਿੱਚ ਜਿੱਥੇ ਜ਼ਿੰਦਗੀ ਦੇ ਬਹੁਤੇ ਸਾਰੇ ਸੱਚ ਪੇਸ਼ ਕੀਤੇ ਹਨ ਉਥੇ ਇਨ੍ਹਾਂ ਰੁਬਾਈਆਂ ਵਿੱਚ ਕਿਤੇ ਕਿਤੇ ਸੂਖ਼ਮ ਵਿਅੰਗ ਵੀ ਨਜ਼ਰੀਂ ਪੈਂਦਾ ਹੈ। ਜਿੱਥੇ ਉਹ ਦੇਸ਼ ਦੀ ਰਾਜਨੀਤਕ ਵਿਵਸਥਾ ਅਤੇ ਸੱਤਾਧਾਰੀ ਧਿਰ ਨੂੰ ਆਪਣੀ ਵਿਅੰਗ ਦ੍ਰਿਸ਼ਟੀ ਦੁਆਰਾ ਪੇਸ਼ ਕਰਦਾ ਹੈ ਮਿਸਾਲ ਵਜੋਂ ਰੁਬਾਈ ਪੇਸ਼ ਹੈ। ਜਿਵੇਂ:

ਤੱਕਿਆ ਨਾ ਸੀ, ਸੁਣਿਆ ਸੀ ਕਿ ਐਸੀ ਵੀ ਰੁੱਤ ਆਉਂਦੀ ਹੈ।
ਪੈਰੀਂ ਪਾ ਗਰਜ਼ਾਂ ਦੀ ਝਾਂਜਰ, ਤਾਕਤ ਨਾਚ ਨਚਾਉਂਦੀ ਹੈ।
ਜਿਸ ਬੋਰੀ ਦਾ ਥੱਲਾ ਕੱਟਿਆ, ਉਸ ਨੂੰ ਕੋਈ ਨਾ ਭਰ ਸਕਦਾ,
ਚਾਪਲੂਸ ਨੂੰ ਸ਼ੀਸ਼ੇ ਵਿੱਚ ਵੀ ਕੁਰਸੀ ਨਜ਼ਰੀਂ ਆਉਂਦੀ ਹੈ।6

ਹਮਲਾ ਕਰਨੋਂ ਪਹਿਲਾਂ ਕਹਿੰਦੇ, ਸ਼ੇਰ ਕਦੇ ਵੀ ਸ਼ੋਰ ਨਾ ਪਾਵੇ।
ਜਿਸਨੂੰ ਉਸਨੇ ਖਾਣਾ ਹੋਵੇ ਓਸੇ ਤੇ ਹੀ ਘਾਤ ਲਗਾਵੇ।
ਇਹ ਦਾਅ ਹੁਣ ਤਾਂ ਮੰਡੀ ਤੇ ਬਾਜ਼ਾਰਾਂ ਨੇ ਵੀ ਸਿੱਖ ਲਿਆ ਹੈ,
ਜਿਸਦੀ ਹੋਂਦ ਮਿਟਾਉਣੀ ਹੋਵੇ ਓਸੇ ਨਾਲ ਹੀ ਨੇੜ ਵਧਾਵੇ।7

ਗੁਰਭਜਨ ਗਿੱਲ ਦੀਆਂ ਇਨ੍ਹਾਂ ਰੁਬਾਈਆਂ ਦਾ ਅਧਿਐਨ ਕਰਦਿਆਂ ਇਹ ਵੀ ਨੁਕਤਾ ਪ੍ਰਮੁੱਖਤਾ ਨਾਲ ਸਾਹਮਣੇ ਆਉਂਦਾ ਹੈ ਕਿ ਉਹ ਆਪਣੀ ਕਾਵਿ ਰਚਨਾ ਵਿੱਚ ਪ੍ਰਾਕਿਰਤਕ ਬਿੰਬਾਂ ਦੇ ਬਹੁਤ ਹੀ ਸੁਹਜਮਈ ਚਿੱਤਰ ਪੇਸ਼ ਕਰਦਾ ਹੈ। ਇਨ੍ਹਾਂ ਰੁਬਾਈਆਂ ਵਿੱਚੋਂ ਇਸ ਤਰਜ਼ ਤੇ ਲਿਖੀਆਂ ਰੁਬਾਈਆਂ ਨੂੰ ਪੜ੍ਹਦਿਆਂ ਪਾਠਕ ਆਨੰਦਮਈ ਅਨੁਭਵ ਮਹਿਸੂਸ ਕਰਦਾ ਹੈ। ਕੁਦਰਤੀ ਨਜ਼ਾਰੇ ਉਸਦੀਆਂ ਅੱਖਾਂ ਅੱਗੇ ਸਾਕਾਰ ਰੂਪ ਵਿੱਚ ਪੇਸ਼ ਹੋ ਰਹੇ ਹਨ ਅਤੇ ਕਵਿਤਾ ਦੀ ਰਵਾਨੀ ਮਨਮੋਹਕ ਸਥਿਤੀ ਪੇਸ਼ ਕਰਦੀ ਹੈ ਜਿਵੇਂ:-

ਖਿੜਨਾ ਖਿੜ ਕੇ ਰੌਣਕ ਵੰਡਣਾ, ਸਾਡੀ ਜ਼ਿੰਮੇਵਾਰੀ।
ਤੂੰ ਬੰਦਿਆ ਵਣਜਾਰਾ ਬਣਕੇ ਕਿਉਂ ਕਰਦੈ ਹੁਸ਼ਿਆਰੀ।
ਧਰਤੀ ਦੇ ਅਸੀਂ ਧੀਆਂ ਪੁੱਤਰ, ਵੇਲਾਂ ਬੂਟੇ ਸਾਰੇ,
ਮਹਿਕ ਵੇਚੇ ਗਰਜ਼ਾਂ ਖ਼ਾਤਰ ਕਿਉਂ ਤੇਰੀ ਮੱਤ ਮਾਰੀ।8

ਅਸਲ ਵਿਚ ਗੁਰਭਜਨ ਗਿੱਲ ਕੁਦਰਤ ਦੀ ਨਿਰਛਲਤਾ ਦਰਸਾ ਕੇ ਮਨੁੱਖ ਨੂੰ ਆਪਣੇ ਅੰਦਰ ਦੀ ਕਰੂਪਤਾ ਦੂਰ ਕਰਨ ਲਈ ਤਾਕੀਦ ਕਰਦਾ ਹੈ। ਜਿਵੇਂ ਕੁਦਰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਇਵੇਂ ਹੀ ਮਨੁੱਖ ਨੂੰ ਵੀ ਆਪਣਾ ਆਪਾ ਸੰਵਾਰ ਕੇ ਦੂਜਿਆਂ ਪ੍ਰਤੀ ਈਰਖਾ ਤਿਆਗ ਵਹਿੰਦੀ ਨਦੀ ਵਰਗੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਜੋ ਸਵੱਛਤਾ ਅਤੇ ਨਿਰਮਲਤਾ ਦੀ ਪ੍ਰਤੀਕ ਹੈ ਜਿਵੇਂ ਉਹ ਲਿਖਦਾ ਹੈ:

ਸਿੱਖੋ ਚੱਜ ਆਚਾਰ ਦੋਸਤੋ, ਵਹਿੰਦੀ ਹੋਈ ਜਲਧਾਰ ਦੇ ਕੋਲੋਂ।
ਤੋਰ ਮਟਕਣੀ ਤੁਰਨਾ ਜਾਣੋ, ਨਦੀਆਂ ਦੀ ਰਫ਼ਤਾਰ ਦੇ ਕੋਲੋਂ।
ਹਰ ਮੁਸ਼ਕਲ ‘ਚੋਂ ਕਿੱਦਾਂ ਲੰਘਣਾ, ਪੁੱਛ ਲਓ ਪੌਣ ਪੁਰੇ ਦੀ ਕੋਲੋਂ,
ਪਰ ਆਪਣਾ ਰਾਹ ਆਪੇ ਲੱਭਿਓ, ਨਾ ਪੁੱਛਿਓ ਮੰਝਧਾਰ ਦੇ ਕੋਲੋਂ।9

ਕਿਉਂਕਿ ਕੁਦਰਤ ਖਿਡ਼ਨ ਮੌਲਣ ਅਤੇ ਅੱਗੇ ਵਧਣ ਦਾ ਪ੍ਰਤੀਕ ਹੈ ਇਸ ਕਰਕੇ ਗੁਰਭਜਨ ਗਿੱਲ ਦੀਆਂ ਇਹ ਰੁਬਾਈਆਂ ਉਸਦੀ ਪ੍ਰਗਤੀਵਾਦੀ ਸੁਰ ਦੀਆਂ ਲਖਾਇਕ ਹਨ। ਜਿੱਥੇ ਸਮਾਜ ਵਿਚਲੇ ਕੁਹਜ ਨੂੰ ਦੂਰ ਕਰਕੇ ਸਮਾਜ ਦੀ ਤਸਵੀਰ ਸੁਹਜਮਈ ਬਣਾਉਂਦਾ ਹੈ,ਪਰ ਨਾਲ ਹੀ ਪ੍ਰਾਕਿਰਤਕ ਹਵਾਲੇ ਨਾਲ ਉੱਪਰਲੀ ਧਿਰ ਵੱਲੋਂ ਕੀਤੀ ਜਾਂਦੀ ਕਿਰਤ ਦੀ ਲੁੱਟ ਅਤੇ ਸ਼ੋਸ਼ਣ ਨੂੰ ਗੁਰਭਜਨ ਗਿੱਲ ਆਪਣੀਆਂ ਰੁਬਾਈਆਂ ਵਿੱਚ ਵੀ ਪੇਸ਼ ਕਰਦਾ ਹੈ। ਵਿਸ਼ੇਸ਼ ਕਰਕੇ ਜਦੋਂ ਉਹ 'ਕਣਕੇ ਨੀ ਕਣਕੇ' ਰੁਬਾਈ ਵਿੱਚ ਉਹ ਉਲੇਖ ਕਰਦਾ ਹੈ:

ਸਾਡੀ ਰੱਤ ਦੇ ਨਾਲ ਪਲੇ ਤੂੰ, ਤੁਰਜੇਂ ਸੇਠ ਦੀ ਬਣਕੇ।
ਸਾਡੇ ਪੱਲੇ ਤੂੜੀ ਰਹਿ ਜੇ, ਕਿੰਝ ਤੁਰੀਏ ਹਿੱਕ ਤਣ ਕੇ।
ਗਲ ਵਿੱਚ ਫਾਹੀ ਫ਼ਰਜ਼ ਤੇ ਪੈਰੀਂ ਕਰਜ਼ ਜ਼ੰਜੀਰੀ ਪੈ ਗਈ,
ਦਿਲ ਵਿੱਚ ਰੀਝ ਬੜੀ ਕਿ ਸਾਡੀ ਕਦੋਂ ਰਹੇਂਗੀ ਬਣਕੇ।10

ਪਰ ਗੁਰਭਜਨ ਗਿੱਲ ਇਸ ਲੁੱਟ ਖਸੁੱਟ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਤਾਕੀਦ ਵੀ ਕਰਦਾ ਹੈ। ਉਹ ਨਹੀਂ ਚਾਹੁੰਦਾ ਕਿ ਉੱਪਰਲੀ ਧਿਰ ਇਸੇ ਤਰ੍ਹਾਂ ਹੀ ਕਿਰਤ ਦੀ ਲੁੱਟ ਕਰਦੀ ਰਹੇ ਤੇ ਕਿਰਤੀ ਵਰਗ ਦਰਸ਼ਕ ਬਣਕੇ ਦੇਖਦਾ ਭੁਗਤ ਭੋਗੀ ਬਣਕੇ ਸਹਿਣ ਕਰਦਾ ਰਹੇ। ਉਹ ਇਸ ਲੁੱਟ ਦੇ ਖ਼ਿਲਾਫ਼ ਪਰਚਮ ਬੁਲੰਦ ਕਰਨ ਲਈ ਵੀ ਆਖਦਾ ਹੈ:

ਵਕਤ ਦਾ ਹੋਕਾ ਤੂੰ ਸੁਣ ਲੈ, ਜਾਗ ਤੂੰ ਪੰਜਾਬ ਜਾਗ।
ਰੋਜ਼ ਤੋਤੇ ਟੁੱਕ ਰਹੇ ਨੇ, ਤੇਰਿਆਂ ਅੰਬਾਂ ਦਾ ਬਾਗ਼।
ਗੁੰਮਿਆ ਕਿੱਥੇ ਦੋਗਾੜਾ, ਕਿਉਂ ਗੁਲੇਲਾਂ ਸੁੱਟੀਆਂ,
ਪਹਿਰਿਆਂ ਬਿਨ,ਧਰਤ ਮਾਂ ਦੇ ਇੰਜ ਹੀ ਸੌੰਦੇ ਨੇ ਭਾਗ।11

ਨਾਲ ਹੀ ਗੁਰਭਜਨ ਗਿੱਲ ਇਸ ਗੱਲੋਂ ਵੀ ਸੁਚੇਤ ਹੈ ਕਿ ਸਿਰਲੱਥ ਬਣਕੇ ਹੀ ਲੋਟੂ ਧਿਰ ਨੂੰ ਟੱਕਰ ਦਿੱਤੀ ਜਾ ਸਕਦੀ ਹੈ। ਸਿਰਫ਼ ਵਿਚਾਰਾਂ ਨਾਲ ਹੀ ਸਾਡਾ ਅੱਜ ਖੁਸ਼ਹਾਲ ਨਹੀਂ ਹੋ ਸਕਦਾ ਸਗੋਂ ਜੂਝਣਾ ਵੀ ਜ਼ਰੂਰੀ ਹੈ। ਦੇਸ਼ ਦੇ ਭ੍ਰਿਸ਼ਟਾਚਾਰੀ ਵਾਤਾਵਰਣ ਦੇ ਹਵਾਲੇ ਨਾਲ ਇਸ ਦੀ ਦਰੁਸਤੀ ਲਈ ਯਤਨਸ਼ੀਲ ਹੋਣ ਬਾਰੇ ਉਹ ਬਿਆਨ ਕਰਦਾ ਹੈ:-

ਕਿੱਥੇ ਤੁਰ ਗਏ ਧੀਆਂ ਪੁੱਤਰ, ਸੁਰਖ ਗੁਲਾਬ ਉਡੀਕ ਰਿਹਾ ਹੈ।
ਮੈਨੂੰ ਪਾਲਣ ਵਾਲੇ ਕਿੱਥੇ ਚੁੱਪ ਸ਼ਬਾਬ ਉਡੀਕ ਰਿਹਾ ਹੈ।
ਲਾਲੀ ਤੇ ਹਰਿਆਲੀ ਵਾਲੀਆਂ ਜਦੋਂ ਪੈਲੀਆਂ ਖ਼ਤਰੇ ਵਿੱਚ ਨੇ,
ਸਿਰਲੱਥਾਂ, ਰਖਵਾਲਿਆਂ ਨੂੰ ਅੱਜ ਫੇਰ ਪੰਜਾਬ ਉਡੀਕ ਰਿਹਾ ਹੈ।12

ਜਾਂ ਫਿਰ ਉਹ ਭ੍ਰਿਸ਼ਟ ਤੰਤਰ ਦੇ ਦੌਰ ਵਿੱਚ ਪੰਜਾਬ ਦੀ ਭਵਿੱਖਤ ਕਲਪਨਾਮਈ ਤਸਵੀਰਕਸ਼ੀ ਕੁਝ ਇਸ ਤਰ੍ਹਾਂ ਕਰਦਾ ਹੈ:

ਕਿੰਨਾ ਕੁਝ ਸਮਝਾਵੇ ਸਮਝੋ ਪੀਲਾ ਭੂਕ ਗੁਲਾਬ ਦਾ ਚਿਹਰਾ।
ਜੇ ਨਾ ਸੰਭਲੇ ਸੁਣ ਲਓ ਮੇਰੀ ਖ਼ਤਰੇ ਹੇਠ ਕਿਤਾਬ ਦਾ ਚਿਹਰਾ।13

ਭਾਵੇਂ ਕਿ ਭ੍ਰਿਸ਼ਟਾਚਾਰੀ ਦੌਰ ਹੈ ਪਰ ਕਵੀ ਕਿਧਰੇ ਵੀ ਨਿਰਾਸ਼ ਨਹੀਂ ਹੁੰਦਾ ਸਗੋਂ ਉਸ ਦੀਆਂ ਬਹੁਤ ਸਾਰੀਆਂ ਰੁਬਾਈਆਂ ਆਸ਼ਾ ਅਤੇ ਆਸਵੰਦ ਸਮਿਆਂ ਦੀ ਬਾਤ ਪਾਉਂਦੀਆਂ ਹਨ। ਪਰ ਇਸ ਦੇ ਨਾਲ ਹੀ ਉਹ ਇਸ ਬਾਰੇ ਵੀ ਫ਼ਿਕਰਮੰਦ ਹੈ ਕਿ ਜੇਕਰ ਇਨਸਾਨੀਅਤ ਦਾ ਜਜ਼ਬਾ ਹੀ ਖ਼ਤਮ ਹੋ ਜਾਵੇਗਾ, ਜ਼ਮੀਰ ਵਿਕ ਜਾਵੇਗੀ ਤਾਂ ਖ਼ੈਰ ਸੁਖ ਦੀ ਆਸ ਨਹੀਂ ਕੀਤੀ ਜਾ ਸਕਦੀ।

ਗੁਰਭਜਨ ਗਿੱਲ ਦੀਆਂ ਰੁਬਾਈਆਂ ਜਿੱਥੇ ਸੁਹਣੇਰੇ ਭਵਿੱਖ ਦੀ ਕਾਮਨਾ ਕਰਦੀਆਂ ਹਨ ਉੱਥੇ ਉਸਦੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਧੀਆਂ ਧਿਆਣੀਆਂ ਪ੍ਰਤੀ ਮੋਹ, ਪੰਜਾਬ ਦੀ ਵਿਰਾਸਤ ਦੀ ਅਮੀਰੀ, ਕੁਦਰਤ ਨਾਲ ਗੁਫ਼ਤਗੂ, ਦੂਸਰਿਆਂ ਪ੍ਰਤੀ ਦਿਲੋਂ ਸ਼ੁਭ-ਇੱਛਾ, ਰਿਸ਼ਤਿਆਂ ਦੀ ਪਾਕੀਜ਼ਗੀ ਤੇ ਮੁਹੱਬਤੀ ਸਾਂਝਾਂ, ਅਣਖ਼ ਅਤੇ ਅਦਬ ਭਰੀ ਜ਼ਿੰਦਗੀ ਅਤੇ ਹੋਰ ਵੀ ਵੰਨ ਸੁਵੰਨੇ ਵਿਸ਼ਿਆਂ ਨੂੰ ਆਪਣੇ ਵਿੱਚ ਸਮੋਈ ਬੈਠੀਆਂ ਹਨ। ਆਪਣੇ ਸਮਕਾਲੀਆਂ ਦੇ ਸ਼ਬਦ ਚਿੱਤਰ ਵੀ ਗੁਰਭਜਨ ਗਿੱਲ ਨੇ ਆਪਣੀਆਂ ਰੁਬਾਈਆਂ ਵਿੱਚ ਪੇਸ਼ ਕੀਤੇ ਹਨ ਜਿਵੇਂ ਬਾਬਾ ਨਜਮੀ ਅਤੇ ਅਮਰਜੀਤ ਗੁਰਦਾਸਪੁਰੀ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਗੁਰਭਜਨ ਗਿੱਲ ਇਹ ਆਸ ਰੱਖਦਾ ਹੈ ਕਿ ਜ਼ਿੰਦਗੀ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਾਂ-ਵਾਚੀ ਨਜ਼ਰੀਆ ਅਤੇ ਕਿਰਿਆਸ਼ੀਲ ਹੋਣਾ ਜ਼ਰੂਰੀ ਹੈ ਆਲਸੀ ਵਿਅਕਤੀ ਕਦੇ ਵੀ ਤਰੱਕੀ ਨਹੀਂ ਕਰ ਸਕਦਾ।

ਇਨ੍ਹਾਂ ਰੁਬਾਈਆਂ ਵਿੱਚ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਵੀ ਪਾਠਕ ਨਾਲ ਬਾਤਾਂ ਪਾ ਰਿਹਾ ਹੋਵੇ, ਗੱਲਾਂ ਕਰ ਰਿਹਾ ਹੋਵੇ।

ਬਹੁਤੀਆਂ ਰੁਬਾਈਆਂ ਵਿੱਚ ਸਿੱਧਾ ਸੰਬੋਧਨ ਵੀ ਹੈ ਅਤੇ ਲੁਕਵਾਂ ਵੀ। ਇਹ ਰੁਬਾਈਆਂ ਸਮੇਂ ਦੇ ਹਾਕਮਾਂ ਨੂੰ ਵੰਗਾਰ ਪੇਸ਼ ਕਰਦੀਆਂ ਹਨ ਕਿ ਕੇਵਲ ਦਿਖਾਵੇ ਦੀ ਲੋਕ ਭਲਾਈ ਨਹੀਂ ਚਾਹੀਦੀ ਸਗੋਂ ਅਸਲ ਵਿੱਚ ਵਿਕਾਸ ਹੋਣਾ ਚਾਹੀਦਾ ਹੈ।

ਗੁਰਭਜਨ ਗਿੱਲ ਕਿਉਂਕਿ ਬਹਿਰ ਅਤੇ ਲੈਅਬੱਧ ਕਵਿਤਾ ਦਾ ਸ਼ਾਇਰ ਹੈ ਇਸ ਕਰਕੇ ਉਸ ਦੀਆਂ ਸਾਰੀਆਂ ਰੁਬਾਈਆਂ ਵੰਨ ਸੁਵੰਨੀਆਂ ਬਹਿਰਾਂ ਵਿਚ ਵੀ ਪੇਸ਼ ਹੋਈਆਂ ਹਨ। ਇਨ੍ਹਾਂ ਰੁਬਾਈਆਂ ਵਿੱਚ ਛੋਟੀ ਬਹਿਰ ਵਾਲੀਆਂ ਰੁਬਾਈਆਂ ਵੀ ਹਨ ਅਤੇ ਲੰਮੀ ਬਹਿਰ ਵਾਲੀਆਂ ਵੀ। ਛੰਦ ਚਾਲ ਵਿੱਚ ਵੀ ਵੰਨ ਸੁਵੰਨਤਾ ਵੇਖਣ ਨੂੰ ਮਿਲਦੀ ਹੈ। ਇਹ ਰੁਬਾਈਆਂ ਪਰੰਪਰਕ ਕਵਿਤਾ ਵਾਲੀ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ ਇਸ ਕਰਕੇ ਇਨ੍ਹਾਂ ਦੀ ਮੁੱਖ ਸੁਰ ਸਰੋਤਾ ਮੁੱਖਤਾ ਵਾਲੀ ਹੈ। ਇਨ੍ਹਾਂ ਰੁਬਾਈਆਂ ਵਿਚੋਂ ਗੁਰਭਜਨ ਗਿੱਲ ਦਾ ਗੂੜ੍ਹ ਤਜ਼ਰਬਾ ਝਲਕਦਾ ਹੈ ਅਤੇ ਕਵਿਤਾ ਨਾਲ ਗੁਰਭਜਨ ਗਿੱਲ ਦੀ ਪ੍ਰਤੀਬੱਧਤਾ ਅਤੇ ਨਿਰੰਤਰਤਾ ਦੇ ਦੀਦਾਰ ਹੁੰਦੇ ਹਨ। ਇਸ ਪੁਸਤਕ ਵਿੱਚ ਸ਼ਾਮਿਲ ਰੁਬਾਈਆਂ ਪ੍ਰਾਕਿਰਤਕ ਬਿੰਬਾਂ ਨਾਲ ਸੁਰਜੀਤ ਹੋ ਕੇ ਪਾਠਕਾਂ ਦੇ ਰੂਬਰੂ ਹੋਈਆਂ ਹਨ।

ਸਰਦੂਲ ਸਿੰਘ ਔਜਲਾ (ਡਾਃ)
ਮੁਖੀ
ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਡਿਪਸ ਕਾਲਜ
ਢਿੱਲਵਾਂ ਕਪੂਰਥਲਾ
ਸੰਪਰਕਃ 98141 68611

ਹਵਾਲੇ:

1 ਰੌਸ਼ਨ ਲਾਲ ਆਹੂਜਾ ,ਸਾਹਿਤ ਸ਼ਾਸਤਰ ਲਾਹੌਰ ਬੁੱਕ ਸ਼ਾਪ, ਲੁਧਿਆਣਾ,1996,ਪੰਨਾ 200
2 ਭਾਈ ਕਾਹਨ ਸਿੰਘ ਨਾਭਾ , ਮਹਾਨ ਕੋਸ਼, ਨੈਸ਼ਨਲ ਬੁੱਕ ਸ਼ਾਪ ਦਿੱਲੀ,2010,ਪੰਨਾ 1043
3 ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ,2001,ਪੰਨਾ 734
4 ਬਾਲ ਵਿਸ਼ਵ ਕੋਸ਼,( ਭਾਸ਼ਾ ਸਾਹਿਤ ਅਤੇ ਸਭਿਆਚਾਰ) ਭਾਗ ਪਹਿਲਾਂ, ਜਿਲਦ ਦੂਜੀ ,ਪੰਜਾਬੀ ਯੂਨੀਵਰਸਿਟੀ ਪਟਿਆਲਾ,2009, ਪੰਨਾ 1041
5 ਗੁਰਭਜਨ ਗਿੱਲ, ਜਲ ਕਣ ,ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ,2022,ਪੰਨਾ 15
6 ਉਹੀ ,ਪੰਨਾ 9
7 ਉਹੀ ਪੰਨਾ 22
8 ਉਹੀ, ਪੰਨਾ 20
9 ਉਹੀ ,ਪੰਨਾ 21
10 ਉਹੀ, ਪੰਨਾ 11
11 ਉਹੀ, ਪੰਨਾ 15
12 ਉਹੀ ,ਪੰਨਾ 48
13 ਉਹੀ ,ਪੰਨਾ 48

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ