Punjabi Ghazlan Sabar Saudaai

ਪੰਜਾਬੀ ਗ਼ਜ਼ਲਾਂ ਸਾਬਰ ਸੌਦਾਈ

1. ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ, ਸੱਧਰਾਂ ਡਲ੍ਹਕਾਂ ਮਾਰ ਦੀਆਂ

ਖ਼ੌਰੇ ਸੀਨੇ ਦੇ ਵਿੱਚ ਕਿੰਨੀਆਂ, ਸੱਧਰਾਂ ਡਲ੍ਹਕਾਂ ਮਾਰ ਦੀਆਂ ।
ਗੱਲ ਤੇ ਕਰਨੀ ਆਉਂਦੀ ਏ ਪਰ, ਜੁਰਤਾਂ ਨਹੀਂ ਇਜ਼ਹਾਰ ਦੀਆਂ ।

ਮੇਰੀ ਆਸ ਦੀ ਸੱਸੀ-ਸ਼ੋਹਦੀ, ਥਲ ਵਿੱਚ ਭੁੱਲੀਂ ਪੈ ਗਈ ਏ,
ਨੇੜੇ ਨੇੜੇ ਨਜ਼ਰ ਨਾ ਆਈਆਂ, ਝੋਕਾਂ ਪੁੰਨੂ ਯਾਰ ਦੀਆਂ ।

ਅੰਦਰੋਂ ਅੰਦਰੀਂ ਮੇਰੇ ਦਿਲ ਦੇ, ਟੁਕੜੇ ਹੁੰਦੇ ਜਾਂਦੇ ਨੇ,
ਲਫ਼ਜ਼ਾਂ ਦੇ ਵਿੱਚ ਕਿਥੋਂ ਆਈਆਂ, ਤਾਸੀਰਾਂ ਤਲਵਾਰ ਦੀਆਂ ।

ਹਿਰਸ ਹਵਾ ਦੇ ਪਿੰਜਰੇ ਅੰਦਰ, ਜਿਹੜਾ ਵੀ ਫਸ ਜਾਂਦਾ ਏ,
ਉਹਨੂੰ ਕਦੀ ਨਸੀਬ ਨਾ ਹੋਈਆਂ, ਰੁੱਤਾਂ ਮਸਤ ਬਹਾਰ ਦੀਆਂ ।

ਹੱਕ ਦੀ ਖ਼ਾਤਰ ਮਰ-ਮਿਟ ਜਾਣਾ, ਰੀਤ-ਰਵਸ ਮਨਸੂਰਾਂ ਦੀ,
ਭਾਵੇਂ ਰੋਜ਼ ਡਰਾਵਣ ਪਈਆਂ, ਝੱਲੀਆਂ ਰਸਮਾਂ 'ਦਾਰ' ਦੀਆਂ ।

ਅੱਜ ਬਾਜ਼ਾਰੋਂ ਲੰਘਦੇ ਵੇਲੇ, 'ਸਾਬਰ' ਸੀਨਾ ਪਾਟ ਗਿਆ,
ਕੌਡੀ ਦੇ ਮੁੱਲ ਵਿਕ ਰਹੀਆਂ ਸਨ, 'ਸੋਚਾਂ' ਇਕ 'ਫ਼ਨਕਾਰ' ਦੀਆਂ ।

2. ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ

ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ, ਜਿੰਦੜੀ ਡੋਲੇ ਖਾਂਦੀ ਏ ।
ਗ਼ਮ ਦੀ ਚੱਕੀ ਪੁੜਾਂ ਵਿਚਾਲੇ, ਸਾਨੂੰ ਰਗੜੀ ਜਾਂਦੀ ਏ ।

ਇਸ ਦੁਨੀਆਂ ਦੀ ਕੂੜੀ ਯਾਰੀ, ਚਾਰ ਦਿਨਾਂ ਦਾ ਮੇਲਾ ਏ,
ਝੱਲੇ ਦਿਲ ਨੂੰ ਕੀ ਸਮਝਾਵਾਂ, ਏਹੋ ਸਮਝ ਨਾ ਆਉਂਦੀ ਏ ।

ਤਾਰਿਆਂ ਦੀ ਰੁਸ਼ਨਾਈ ਭਾਵੇਂ, ਅਪਣੀ ਥਾਂ 'ਤੇ ਸੁਹਣੀ ਏ,
ਵੱਤ ਵੀ ਚੰਨ ਦੇ ਚਾਨਣ ਕੋਲੋਂ, ਅਜ਼ਲਾਂ ਤੋਂ ਸ਼ਰਮਾਂਦੀ ਏ ।

ਰੰਗ-ਰੰਗੀਲੇ ਮਹਿਲਾਂ ਵੇਲੇ, ਸੁੱਖ ਦੀ ਨੀਂਦਰ ਸੌਂਦੇ ਨੇ,
ਦਰਦਾਂ ਮਾਰੀ ਜਿੰਦੜੀ ਮੇਰੀ, ਕੱਲੀ ਨਿੱਤ ਕੁਰਲਾਂਦੀ ਏ ।

ਚਾਰ ਚੁਫੇਰੇ ਧੀਆਂ ਵਾਲੇ, ਰੋਜ਼ ਬਰਾਤਾਂ ਝੱਲਦੇ ਨੇ,
ਕਦ ਪਰਨੇਸਨ ਧੀਆਂ ਜਿਨ੍ਹਾਂ ਘਰ ਨਾ ਸੋਨਾ ਚਾਂਦੀ ਏ ।

ਤਾਂਘ ਸੱਜਣ ਦੀ ਅੱਖੀਆਂ ਦੇ ਵਿੱਚ, 'ਸਾਬਰ' ਕੂੰਜਾਂ ਵਾਂਗੂੰ ਏ,
ਖ਼ੌਰੇ ਕੌਣ ਕੁੜੀ ਅੱਜ ਬਾਰੀ, ਵਿੱਚੋਂ ਝਾਤਾਂ ਪਾਉਂਦੀ ਏ ।

3. ਕਲੀਆਂ, ਗੁੰਚੇ ਥਾਂ-ਥਾਂ ਖਿਲਰੇ

ਕਲੀਆਂ, ਗੁੰਚੇ ਥਾਂ-ਥਾਂ ਖਿਲਰੇ, ਬੂਟੇ ਦਿਸਦੇ ਖਾਲੀ ।
ਇੰਜ ਲਗਦਾ ਏ ਬਾਗ ਦੀ ਰੌਣਕ, ਲੁਟਕੇ ਲੈ ਗਏ ਮਾਲੀ ।

ਦਿਲ ਦੇ ਖੋਟੇ, ਮੂੰਹ ਦੇ ਮਿੱਠੇ, ਫੁੱਲਾਂ ਵਰਗੇ ਮੁੱਖੜੇ,
ਪਹਿਲਾਂ ਪਿਆਰ ਹੁਲਾਰਾ ਦਿੰਦੇ, ਪਿੱਛੋਂ ਦੇਸ਼ ਨਿਕਾਲੀ ।

ਮੈਂ ਸੱਧਰਾ ਦੇ ਬੂਹੇ ਯਾਰੋ, ਕਈ ਵਾਰੀ ਖੜਕਾਏ,
ਹਰ ਬੂਹੇ ਦੇ ਉਹਲੇ ਮੈਨੂੰ, ਦੇਵੇ ਸੰਝ ਵਿਖਾਲੀ ।

ਉਹਨੂੰ ਤਾਂ ਇਸ ਜੀਵਨ ਕੋਲੋਂ, ਸੁੱਖ ਨਾ ਮਿਲਿਆ ਕੋਈ,
ਜੀਹਦੇ ਗਲੇ ਪੈ ਗਈ ਹੋਵੇ, ਅਜਲੋਂ ਸੋਚ ਪੰਜਾਲੀ ।

ਪੱਥਰ ਦਾ ਦਿਲ ਰੱਖਣ ਵਾਲੇ, ਰਹਿਮ ਕਦੇ ਨਹੀਂ ਖਾਂਦੇ,
ਹੀਣੇਂ ਬੰਦੇ ਨੂੰ ਨਹੀਂ ਪੁੱਗਦੀ, ਡਾਢੇ ਦੀ ਭਈਵਾਲੀ ।

ਦਿਲ ਦੇ ਪ੍ਰੇਮ ਨਗਰ ਵਿੱਚ ਪੈਂਦੇ, ਚਿੱਟੇ ਦਿਨ ਨੂੰ ਡਾਕੇ,
ਲੁਕੜਾ ਵਿਹੜਾ, ਮੈਂ ਹਾਂ ਕੱਲਾ, ਕੌਣ ਕਰੇ ਰਖਵਾਲੀ ।

ਲਾਲ ਸਮਝ ਕੇ ਝੋਲੀ ਪਾਇਆ, ਇਕ ਮਘਦਾ ਅੰਗਾਰਾ,
ਪਹਿਲੀ ਵਾਰੀ 'ਸਾਬਰ' ਮੈਨੂੰ, ਧੋਖਾ ਦੇ ਗਈ ਲਾਲੀ ।

4. ਜ਼ਾਲਮ ਖ਼ੂਨੀ ਰਸਮਾਂ ਰੀਤਾਂ, ਵਸਦੇ ਸ਼ਹਿਰ ਉਜਾੜੇ

ਜ਼ਾਲਮ ਖ਼ੂਨੀ ਰਸਮਾਂ ਰੀਤਾਂ, ਵਸਦੇ ਸ਼ਹਿਰ ਉਜਾੜੇ ।
ਹੁਣ ਤਾਂ ਏਥੇ ਔਖੇ ਹੋ ਗਏ, ਕੱਟਣੇ ਚਾਰ ਦਿਹਾੜੇ ।

ਹਰ ਬੰਦੇ ਦੀ ਦਰਦ ਕਹਾਣੀ ਮੈਨੂੰ ਅਪਣੀ ਜਾਪੇ,
ਅੰਦਰੋਂ ਅੰਦਰ ਗੁੱਝੀ ਗੁੱਝੀ, ਪੀੜ ਕਲੇਜਾ ਪਾੜੇ ।

ਅਪਣੇ ਇਕਲਾਪੇ ਦਾ ਰੋਣਾ, ਕੀਹਦੇ ਅੱਗੇ ਰੋਵਾਂ,
ਨਾ ਕੋਈ ਸੁਣਦਾ ਮੇਰੀਆਂ ਹਾਵਾਂ, ਨਾ ਹੌਕੇ ਨਾ ਹਾੜੇ ।

ਅੱਜ ਵੀ ਰਾਂਝੇ ਬਣਦੇ ਜੋਗੀ, ਅੱਜ ਵੀ ਰੁਲਦੀਆਂ ਹੀਰਾਂ,
ਅੱਜ ਵੀ ਜ਼ਾਲਮ ਕੈਦੋਂ ਘਰ ਘਰ, ਅੱਜ ਵੀ ਖੇੜੇ ਲਾੜ੍ਹੇ ।

ਲੋਕੀ ਅਪਣੇ ਨੱਕ ਦੀ ਖ਼ਾਤਰ, ਖ਼ੂਨ ਦਿਲਾਂ ਦੇ ਕਰਦੇ,
ਫੁੱਲਾਂ ਤੋਂ ਵੀ ਨਾਜ਼ੁਕ ਜੁੱਸੇ, ਤੱਤੀਆਂ ਲੋਵਾਂ ਸਾੜੇ ।

ਜੀਹਨਾਂ ਨੂੰ ਗੁਰ ਆਪ ਸਿਖਾਏ, ਉਹ ਵੀ ਸਾਨੂੰ ਚਾਰਣ,
ਇੰਨੇ ਕਦੀ ਨਹੀਂ ਹੁੰਦੇ ਡਿੱਠੇ, ਹਾਲੀਆਂ ਅੱਗੇ ਪਾੜੇ ।

ਉਹ ਡਾਹਢਾ ਏ ਤੇ ਸਾਨੂੰ ਕੀ, 'ਸਾਬਰ' ਹੱਸੇ ਵੱਸੇ,
ਮੇਰੇ ਜੇਹੇ ਵੀ ਜੱਗ ਤੇ ਰਹਿੰਦੇ ਭਾਵੇਂ ਹੋਵਣ ਮਾੜੇ ।

5. ਅਪਣੇ ਲਹੂ ਦਾ ਗਾਰਾ ਲਾ ਕੇ, ਚਾਵਾਂ ਨਾਲ ਉਸਾਰੀ

ਅਪਣੇ ਲਹੂ ਦਾ ਗਾਰਾ ਲਾ ਕੇ, ਚਾਵਾਂ ਨਾਲ ਉਸਾਰੀ ।
ਹੜ੍ਹ ਦਾ ਪਾਣੀ ਰੋਕ ਸਕੀ ਨਾ, ਕੱਚੀ ਕੰਧ ਵਿਚਾਰੀ ।

ਵਾਹ ਦਮ ਅਪਣਾ ਹੁੰਦਾ ਜਿਹੜਾ, ਹਰ ਵੇਲੇ ਦਾ ਸਾਥੀ,
ਔਖੇ ਵੇਲੇ ਕੰਮ ਨਹੀਂ ਆਉਂਦੀ, ਇਸ ਦੁਨੀਆਂ ਦੀ ਯਾਰੀ ।

ਅੱਜ ਕੱਲ੍ਹ ਸੱਚ ਦਾ ਸੌਦਾ ਲੱਭਣਾ, ਡਾਹਢਾ ਮੁਸ਼ਕਿਲ ਹੋਇਆ,
ਦੁਨੀਆਂ ਉੱਤੇ ਕੂੜਾਂ ਦੇ ਹੁਣ, ਫਿਰਦੇ ਢੇਰ ਵਪਾਰੀ ।

ਅੱਖੀਆਂ ਵਿੱਚ ਜਗਰਾਤੇ ਕੱਟੇ, ਲਾ ਕੇ ਸੀਨੇ ਯਾਦਾਂ,
ਸੁੱਖ ਦੇ ਪੰਛੀ ਸਾਡੇ ਦੇਸ਼ੋਂ, ਉੱਡ ਗਏ ਮਾਰ ਉਡਾਰੀ ।

ਦਿਲ ਦੀ ਖੇਤੀ ਸੁੱਕ ਜਾਵੇ ਤਾਂ, ਫੇਰ ਹਰੀ ਨਾ ਹੋਵੇ,
ਆਉਂਦੇ ਜਾਂਦੇ ਮੌਸਮ ਦਸ ਗਏ, ਮੈਨੂੰ ਵਾਰੋ ਵਾਰੀ ।

ਧਰਤੀ ਉੱਤੇ ਬੰਦੇ ਚਮਕਣ, ਅਸਮਾਨਾਂ 'ਤੇ ਤਾਰੇ,
ਰੱਬਾ ਤੇਰੀ ਕੁਦਰਤ ਕੀਤੀ, ਖ਼ੂਬ ਕਸੀਦਾ ਕਾਰੀ ।

ਡਾਢਿਆਂ ਨਾਲ ਪਰੀਤਾਂ ਲਾ ਕੇ, 'ਸਾਬਰ' ਕੀ ਖੱਟਿਆ ਈ,
ਤੂੰ ਤਾਂ ਆਪਣੇ ਪੈਰਾਂ ਉੱਤੇ, ਆਪ ਕੁਹਾੜੀ ਮਾਰੀ ।