Sadda : Shiv Kumar Batalvi

ਸੱਦਾ : ਸ਼ਿਵ ਕੁਮਾਰ ਬਟਾਲਵੀ

ਚੜ੍ਹ ਆ, ਚੜ੍ਹ ਆ, ਚੜ੍ਹ ਆ
ਧਰਤੀ 'ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾ

ਛੱਡ ਦਹਿਲੀਜਾਂ
ਛੱਡ ਪੌੜੀਆਂ
ਛੱਡ ਪਰ੍ਹਾਂ ਇਹ ਵਿਹੜਾ
ਤੇਰੇ ਦਿਲ ਵਿੱਚ ਚਿਰ ਤੋਂ 'ਨ੍ਹੇਰਾ
ਇਹ ਚੰਨ ਸ਼ੁਦਾਈਆ ਤੇਰਾ
ਇਹ ਸੂਰਜ ਵੀ ਹੈ ਤੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੈਨੂੰ ਪੁੱਛਣ ਵਾਲਾ ਕਿਹੜਾ ?

ਸੂਰਜ ਦਾ ਨਾਂ ਤੇਰਾ ਨਾਂ ਹੈ
ਚੰਨ ਦਾ ਨਾਂ ਵੀ ਤੇਰਾ
ਦਸੇ ਦਿਸ਼ਾਵਾਂ ਤੇਰਾ ਨਾਂ ਹੈ
ਅੰਬਰ ਦਾ ਨਾਂ ਤੇਰਾ
ਤੂੰ ਧੁੱਪਾਂ ਨੂੰ ਧੁੱਪਾਂ ਕਹਿ ਦੇ
ਤੇਰੇ ਨਾਲ ਸਵੇਰਾ
ਫ਼ਿਕਰ ਰਤਾ ਨਾ ਕਰ ਤੂੰ ਇਹਦਾ
ਗਾਹਲਾਂ ਕੱਢਦੈ ਨ੍ਹੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੇ ਪਾ ਅੰਬਰ ਵਿੱਚ ਫੇਰਾ

ਧਰਤੀ ਛੱਡਣੀ ਮੁਸ਼ਕਿਲ ਨਾਹੀਂ
ਰੱਖ ਥੋਹੜਾ ਕੁ ਜੇਰਾ।
ਅੰਬਰ ਮੱਲਣਾ ਮੁਸ਼ਕਿਲ ਨਾਹੀਂ
ਜੇ ਨਾਂ ਲੈ ਦਏਂ ਮੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਤੂੰ ਲੈ ਕੇ ਨਾਂ ਅੱਜ ਮੇਰਾ

ਇਹ ਚੰਨ ਸ਼ੁਦਾਈਆ ਤੇਰਾ।
ਇਹ ਸੂਰਜ ਵੀ ਹੈ ਤੇਰਾ।
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਧਰਤੀ ਤੇ ਧਰਤੀ 'ਧਰ ਆ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ