Punjabi Poetry Saleem Shahzad

ਪੰਜਾਬੀ ਕਲਾਮ ਸਲੀਮ ਸ਼ਹਿਜ਼ਾਦ

1. ਨਜ਼ਮ-ਸਾਡੀ ਅੱਖ ਦੇ ਡੋਰੇ ਕੱਢੋ

ਸਾਡੀ ਅੱਖ ਦੇ ਡੋਰੇ ਕੱਢੋ
ਸਾਡੀ ਜੀਭ ਦੇ ਮੋਰੇ ਕੱਢੋ
ਸਾਡੇ ਅੰਦਰੋਂ ਦੌਰੇ ਕੱਢੋ

ਝੀਤਾਂ ਪਾ ਕੇ ਕੰਨ ਦੇ ਪਿੱਛੇ
ਹੱਥਾਂ ਦੇ ਵੀ ਘੋਰੇ ਕੱਢੋ
ਪੋਰਾਂ ਦੇ ਵੀ ਪੋਰੇ ਕੱਢੋ
ਉਂਗਲ਼ਾਂ ਦੇ ਹਲਕੋਰੇ ਕੱਢੋ
ਪੈਰਾਂ ਉੱਤੇ ਕਲਮਾਂ ਬੰਨ੍ਹ ਕੇ
ਕਾਗ਼ਜ਼ ਸਾੜੋ, ਕੋਰੇ ਕੱਢੋ
ਗੰਢ ਦੇ ਉੱਤੇ ਖੱਖਰ ਸਿੱਟੋ
ਸੱਪਾਂ ਦੇ ਵੀ ਖੋਰੇ ਕੱਢੋ
ਫ਼ੌਜਾਂ ਦੇ ਹੁਣ ਤੋਰੇ ਕੱਢੋ
ਕਿੱਲੇ ਉੱਤੇ ਬੰਨ੍ਹ ਕੇ ਸਾਨੂੰ
ਕਫ਼ਨ ਅਸਾਥੋਂ ਕੋਰੇ ਕੱਢੋ।

2. ਨਜ਼ਮ-ਅੰਨ੍ਹੇ ਸੁਫ਼ਨੇ

ਅੰਨ੍ਹੇ ਸੁਫ਼ਨੇ
ਨੀਂਦਰ ਤੋੜੀ
ਨੀਂਦਰ ਨਜ਼ਮਾਂ ਲਿਖੀਆਂ
ਨਜ਼ਮਾਂ ਵਿੱਚੋਂ
ਅੱਖਰ ਨਿਕਲੇ
ਅੱਖਰ ਗੱਲਾਂ ਸਿਖੀਆਂ
ਗੱਲਾਂ ਵਿੱਚੋਂ
ਅੱਥਰੂ ਡੁੱਲ੍ਹੇ
ਅੱਥਰੂ ਸੁਫ਼ਨੇ ਹੋਏ
ਅੱਖਰ ਅੱਗੇ
ਖੱਜਲ ਹੋ ਕੇ
ਆਖਿਰ ਸੁਫ਼ਨੇ ਮੋਏ
('ਨੀਂਦਰ ਭਿੱਜੀਆਂ ਨਜ਼ਮਾਂ' ਵਿੱਚੋਂ)