ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਸਾਂਝੀ ਰਹਿਤਲ ਦੀ ਹੂਕ

ਗੁਰਭਜਨ ਗਿੱਲ ਪੰਜਾਬ ਦੀ ਜ਼ਰਖੇਜ਼ ਅਤੇ ਪਵਿੱਤਰ ਸਰਜ਼ਮੀਨ ਦੇ ਜਾਏ ਸਮਰੱਥ ਸਾਹਿਤਕਾਰ ਹਨ। ਉਹਨਾਂ ਨੇ ਸਾਹਿਤ ਜਗਤ ਦੀ ਝੋਲੀ ਵਿਚ ਸ਼ਾਇਰੀ ਦੀਆਂ ਬਹੁਤ ਸਾਰੀਆਂ ਪੁਸਤਕਾਂ ਪਾਈਆਂ ਹਨ, ਜੋ ਅਨੇਕਾਂ ਵਿਸ਼ਿਆਂ ਨੂੰ ਸਮੋਈ ਬੈਠੀਆਂ ਹਨ। ਗੁਰਭਜਨ ਗਿੱਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਲੀ ਇਕ ਬਹੁਪੱਖੀ ਤੇ ਬਹੁਮੁੱਲੀ ਸ਼ਖ਼ਸੀਅਤ ਹਨ ਜੋ ਸਾਹਿਤ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਹਨ। ਗੁਰਭਜਨ ਗਿੱਲ ਨਿਰੰਤਰ ਪੰਜਾਬੀ ਸਾਹਿਤ ਜਗਤ ਨੂੰ ਆਪਣੇ ਕਲਾਮ ਨਾਲ ਸਰਸ਼ਾਰ ਕਰ ਰਹੇ ਹਨ। ਇਹਨਾਂ ਦਾ ਕਲਾਮ ਵਿਭਿੰਨ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ ਭਖਦੇ ਮਸਲਿਆਂ, ਪੰਜਾਬ ਦੀ ਧਰਤ ਦੀਆਂ ਵਡਿਆਈਆਂ, ਇਤਿਹਾਸਕ ਪਰਿਪੇਖ ਅਤੇ ਪੰਜਾਬ ਦੀ ਧਰਤ 'ਤੇ ਪੈਦਾ ਹੋਏ ਨਾਇਕਾਂ ਦੀ ਬਾਤ ਪਾਉਂਦੇ ਹੋਏ ਸਾਨੂੰ ਨਵੀਂ ਸਿੱਖਿਆ ਦਿੰਦਾ ਹੈ ਅਤੇ ਪੰਜਾਬੀ ਰਹਿਤਲ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਗਰੂਕ ਵੀ ਕਰਦਾ ਹੈ।

ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ।

ਗੁਰਭਜਨ ਗਿੱਲ ਬਹੁਤ ਸਮਰੱਥ ਅਤੇ ਲਗਾਤਾਰ ਕਿਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿਤ ਸੰਪਾਦਕ ਅਤੇ ਪੇਂਡੂ ਖੇਡਾਂ ਦੇ ਖੇਤਰ ਵਿਚ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸ਼ਖ਼ਸੀਅਤ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਵਜੋਂ ਪੰਜਾਬੀ ਭਵਨ ਲੁਧਿਆਣਾ ਵਿਚ ਉਹ 1980 ਤੋਂ ਲਗਾਤਾਰ ਸਰਗਰਮ ਹਨ। ਉਹ ਵੱਖ ਵੱਖ ਅਹੁਦਿਆਂ ਤੇ ਰਹਿਣ ਉਪਰੰਤ 2010 ਤੋਂ 2014 ਤੀਕ ਇਸ ਦੇ ਪ੍ਰਧਾਨ ਵੀ ਰਹੇ ਹਨ। ਗੁਰਭਜਨ ਗਿੱਲ ਜੀ ਦਾ ਸਰੀ (ਕੈਨੇਡਾ) ਵਿਖੇ ਸੁੱਖੀ ਬਾਠ ਵੱਲੋਂ 2016 ਵਿਚ ਪੰਜਾਬ ਭਵਨ ਦੀ ਸਥਾਪਨਾ ਕਰਨ ਵਿਚ ਵਿਸ਼ੇਸ਼ ਯੋਗਦਾਨ ਹੈ। 2022 ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਜੀ ਨੂੰ ਪ੍ਰੇਰਨਾ ਦੇ ਕੇ ਬਰਾਂਪਟਨ ( ਟੋਰੰਟੋ) ਕੈਨੇਡਾ ਵਿੱਚ ਵੀ ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਕਰਵਾਈ ਹੈ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵੀ ਆਪ 1978 ਤੋਂ ਸਰਗਰਮ ਕਾਰਕੁਨ ਤੇ ਲੰਮਾ ਸਮਾਂ ਸਕੱਤਰ ਜਨਰਲ ਰਹੇ ਹਨ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਅਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਰਾਏਕੋਟ ਬੱਸੀਆਂ (ਲੁਧਿਆਣਾ) ਤੋਂ ਇਲਾਵਾ ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਰਜਿ. ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਤੇ ਸੁਰਜੀਤ ਸਪੋਰਟਸ ਅਸੋਸੀਏਸ਼ਨ ਬਟਾਲਾ( ਗੁਰਦਾਸਪੁਰ) ਦੇ ਵੀ ਚੇਅਰਮੈਨ ਹਨ।

ਗੁਰਭਜਨ ਗਿੱਲ ਨੇ ਸਮਾਜਿਕ ਵਰਤਾਰਿਆਂ, ਮਨੁੱਖ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਅਤੇ ਮਨੁੱਖ ਤੋਂ ਪ੍ਰਭਾਵਿਤ ਹੋਣ ਵਾਲੇ ਜੀਵਨ ਵਰਤਾਰਿਆਂ ਨੂੰ ਕਾਵਿਕ ਰੂਪ ਵਿਚ ਬੜੇ ਭਾਵਪੂਰਤ ਅਤੇ ਵਿਅੰਗਮਈ ਅੰਦਾਜ਼ ਵਿਚ ਬਿਆਨ ਕੀਤਾ ਹੈ। ਹੁਣ ਤੱਕ ਗੁਰਭਜਨ ਗਿੱਲ ਦਾ ਪ੍ਰਕਾਸ਼ਿਤ ਹੋ ਚੁੱਕਾ ਕਲਾਮ ਇਸ ਪ੍ਰਕਾਰ ਹੈ : ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ,ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮਨ ਤੰਦੂਰ , ਮੋਰ ਪੰਖ, ਗੁਲਨਾਰ, ਮਿਰਗਾਵਲੀ, ਰਾਵੀ, ਸੰਧੂਰਦਾਨੀ, ਮਨ ਪਰਦੇਸੀ, ਸੁਰਤਾਲ, ਚਰਖ਼ੜੀ, ਇਤਫ਼ਾਕ, ਜ਼ੇਵਰ,ਪੱਤੇ ਪੱਤੇ ਲਿਖੀ ਇਬਾਰਤ, ਕੈਮਰੇ ਦੀ ਅੱਖ ਬੋਲਦੀ( ਸੁਚਿਤਰ ਵਾਰਤਕ 1999) ਤੋਂ ਇਲਾਵਾ 1973-2023 ਦੌਰਾਨ ਪੰਜਾਹ ਸਾਲ ਵਿੱਚ ਲਿਖੀ ਪੰਜਾਬੀ ਗ਼ਜ਼ਲ ਦਾ ਸੰਪੂਰਨ ਸੰਗ੍ਰਹਿ “ ਅੱਖਰ ਅੱਖਰ” ਤੇ ਇਸੇ ਕਾਲ ਦੌਰਾਨ ਲਿਖੀਆਂ ਆਜ਼ਾਦ ਕਵਿਤਾਵਾਂ, ਗੀਤਾਂ ਤੇ ਰੁਬਾਈਆਂ ਦਾ ਸੰਪੂਰਨ ਸੰਗ੍ਰਹਿ “ਸ਼ਬਦ ਸ਼ਬਦ” ਪ੍ਰਕਾਸ਼ਤ ਹੋ ਚੁਕੇ ਹਨ।

ਗੁਰਭਜਨ ਗਿੱਲ ਦੀਆਂ ਕੁਝ ਰਚਨਾਵਾਂ ਜਿਵੇਂ ਖ਼ੈਰ ਪੰਜਾਂ ਪਾਣੀਆਂ ਦੀ, ਰਾਵੀ, ਸੁਰਤਾਲ ਅਤੇ ਗੁਲਨਾਰ ਤੇ ਮਿਰਗਾਵਲੀ ਸ਼ਾਹਮੁਖੀ ਵਿਚ ਵੀ ਲਿੱਪੀਆਂਤਰ ਹੋ ਚੁੱਕੀਆਂ ਹਨ। ਇਕ ਹਿੰਦੀ ਕਾਵਿ ਸੰਗ੍ਰਹਿ ਆਧਾਰ ਭੂਮੀ (2022) ਵੀ ਪ੍ਰਕਾਸ਼ਿਤ ਹੋ ਚੁੱਕਾ ਹੈ।

ਗੁਰਭਜਨ ਗਿੱਲ ਦਾ ਹਥਲਾ ਕਾਵਿ- ਸੰਗ੍ਰਹਿ "ਪਿੱਪਲ ਪੱਤੀਆਂ" ਪਹਿਲੀ ਵਾਰ ਮਈ 2022 ਪ੍ਰਕਾਸ਼ਿਤ ਹੋਇਆ ਹੈ। ਪਿੱਪਲ ਪੱਤੀਆਂ ਕਾਵਿ- ਸੰਗ੍ਰਹਿ ਵਿਭਿੰਨ ਵਿਸ਼ਿਆਂ ਦੀ ਬਹੁਰੰਗੀ ਪੇਸ਼ਕਾਰੀ ਹੈ। ਇਸ ਗੀਤ ਸੰਗ੍ਰਹਿ ਵਿਚ ਕਵੀ ਲੋਕ ਸੰਘਰਸ਼ ਦੀ ਦਾਸਤਾਨ, ਇਤਿਹਾਸਕ ਹਵਾਲੇ, ਵੱਡੇ ਸਰਮਾਏਦਾਰਾਂ ਅਤੇ ਰਾਜਨੀਤੀਵਾਨਾਂ ਹੱਥੋਂ ਆਮ ਆਵਾਮ ਦੀ ਹੁੰਦੀ ਲੁੱਟ, ਗੁਰੂ ਸਾਹਿਬਾਨ ਦੇ ਸਿਧਾਂਤਾਂ ਤੋਂ ਮੁਨਕਰ ਹੁੰਦੀ ਜਵਾਨੀ, ਸਮਰਪਣ ਭਾਵਨਾਵਾਂ ਦੀ ਅਣਹੋਂਦ, ਸਮਿਆਂ ਦੇ ਵਹਿਣ ਵਿਚ ਵਹਿ ਚੁੱਕੇ ਨੈਤਿਕ ਮੁੱਲਾਂ ਅਤੇ ਸਾਂਝੀ ਰਹਿਤਲ ਦੀ ਆਪਸੀ ਭਾਈਚਾਰਕ ਸਾਂਝ ਦੇ ਆੜੇ ਆਉਂਦੀਆਂ ਰਾਜਨੀਤਕ ਗਤੀਵਿਧਿਆਂ ਪ੍ਰਤੀ ਜਿੱਥੇ ਚਿੰਤਤ ਨਜ਼ਰੀਂ ਆਉਂਦਾ ਹੈ, ਉਥੇ ਹੀ ਭਵਿੱਖ ਵਿਚ ਪੰਜ ਦਰਿਆਵਾਂ ਦੀ ਧਰਤ ਦੀ ਭਾਈਚਾਰਕ ਸਾਂਝ ਦੇ ਗੂੜ੍ਹ ਹੋਣ ਪ੍ਰਤੀ ਆਸਵੰਦਗੀ ਵੀ ਜ਼ਾਹਿਰ ਕਰਦਾ ਹੈ।

'ਪਿੱਪਲ ਪੱਤੀਆਂ' ਦਾ ਪਹਿਲਾ ਹੀ ਗੀਤ “ਤੂੰ ਦਸਤਾਰ ਪੰਜਾਬ ਦੀ ਵੀਰਾ" ਵਿਚ ਮਾਂ ਬੋਲੀ ਦੀ ਵਡਿਆਈ, ਪੰਜਾਬੀ ਬੋਲੀ ਨੂੰ ਵਿਸਾਰਨ ਪਿੱਛੇ ਲੁਪਤ ਕਾਰਨਾਂ ਦਾ ਜ਼ਿਕਰ ਸ਼ਾਮਿਲ ਹੈ । ਪੰਜਾਬੀ ਦੀ ਸ਼ਾਨ ਬਹਾਲ ਕਰਨ ਦੀ ਤਾਕੀਦ ਕਵੀ ਨੇ ਬੜੇ ਪਿਆਰ ਨਾਲ ਕੀਤੀ ਹੈ:

“ਨਾਥ ਜੋਗੀਆਂ ਲਿਖੀ ਪੰਜਾਬੀ, ਸ਼ੇਖ ਫਰੀਦ ਸੰਵਾਰੀ,
ਗੁਰੂਆਂ ਦਿੱਤੀ ਜਿਹੜੀ ਸ਼ਕਤੀ, ਫਿਰਦੇ ਅਸੀਂ ਵਿਸਾਰੀ,
ਫ਼ਿਕਰ ਕਰੋ ਵਾਰਿਸ ਦੇ ਦਿੱਤੇ, ਅਕਲ ਭੰਡਾਰ ਦੀ ਚਾਬੀ ਦਾ,
ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ" ।

ਕਵੀ ਲੁੱਟੇ ਲਤਾੜੇ ਵਰਗ ਲਈ ਫ਼ਿਕਰਮੰਦੀ ਜ਼ਾਹਿਰ ਕਰਦੇ ਹੋਏ, ਸਮੇਂ ਦੀਆਂ ਸਰਕਾਰਾਂ ਤੋਂ ਉਹਨਾਂ ਦੀ ਜੂਨ ਸੁਧਾਰਨ ਦੀ ਮੰਗ ਕਰਦੇ ਲਿਖਦਾ ਹੈ :

“ਸਾਡੇ ਹਿੱਸੇ ਦੱਸੋ ਕਿਹੜੀ ਰਹਿਮਤ ਹੈ?
ਜੰਮਣਾ ਮੌਤ ਬਰਾਬਰ, ਜ਼ਿੰਦਗੀ ਜ਼ਹਿਮਤ ਹੈ।

ਟੁੱਟੇ ਖੰਭਾਂ ਨੂੰ ਵੀ ਕਿੱਧਰੇ ਜੋੜ ਦਿਉ
ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ।"2

"ਤੋੜ ਦਿਉ ਜੰਜ਼ੀਰਾਂ" ਗੀਤ ਰਾਹੀਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਕਾਰਨ ਆਵਾਮ ਦੀ ਵਧ ਰਹੀ ਲੁੱਟ-ਖਸੁੱਟ ਨੂੰ ਬੜੇ ਭਾਵ- ਪੂਰਤ ਢੰਗ ਨਾਲ ਦਰਸਾਇਆ ਗਿਆ ਹੈ। ਇਸ ਗੀਤ ਦੀਆਂ ਸਤਰਾਂ ਆਵਾਮ ਦੀ ਲਾਚਾਰੀ ਮਜਬੂਰੀ ਅਤੇ ਉਹਨਾਂ ਪ੍ਰਤੀ ਤਰਸ ਦੇ ਭਾਵ ਪੈਦਾ ਕਰਦੀਆਂ ਹਨ। ਸ਼ਹੀਦ ਭਗਤ ਸਿੰਘ ਨੇ ਜਿਸ ਬਰਾਬਰੀ ਤੇ ਆਜ਼ਾਦੀ ਦਾ ਸੁਪਨਾ ਵੇਖਿਆ ਸੀ, ਉਸਨੂੰ ਸਮਿਆਂ ਦੀਆਂ ਹਕੂਮਤਾਂ ਨੇ ਖੇਰੂੰ ਖੇਰੂੰ ਹੀ ਕੀਤਾ ਹੈ। ਗੋਰਿਆਂ ਦੀ ਥਾਂ ਕਾਲੇ ਹੁਕਮਰਾਨ ਵੀ ਆ ਗਏ ਪ੍ਰੰਤੂ ਲੋਕ ਅੱਜ ਵੀ ਉਸੇ ਤਰ੍ਹਾਂ ਹਕੂਮਤ ਦੀ ਗੁਲਾਮੀ ਕਰਨ ਲਈ ਮਜਬੂਰ ਹਨ :

“ਗੋਰੇ ਤੁਰ ਗਏ, ਕਾਲੇ ਆ ਗਏ, ਸੋਨ ਚਿੜੀ ਨੂੰ ਲੁੱਟ ਕੇ ਖਾ ਗਏ,
ਕੀ ਖੱਟਿਆ ਜੀ ਲੋਕ ਰਾਜ ਦਾ ਸੂਹਾ ਸੁਪਨਾ ਪਾਲ ਕੇ।" "

ਗੁਰਭਜਨ ਗਿੱਲ ਦੀ ਕਵਿਤਾ ਸ਼ਬਦਾਂ ਤੋਂ ਪਾਰ ਦੇ ਭਾਵ ਪੈਦਾ ਕਰਦੀ ਹੈ। ਉਹ ਕਵਿਤਾਵਾਂ ਜ਼ਰੀਏ ਪੰਜਾਬੀ ਰਹਿਤਲ ਪ੍ਰਤੀ ਫ਼ਿਕਰਮੰਦ ਵੀ ਨਜ਼ਰ ਆਉਂਦਾ ਹੈ, ਪੰਜਾਬੀਆਂ ਨੂੰ ਲੀਹ 'ਤੇ ਮੁੜ ਆਉਣ ਦੀ ਤਾਕੀਦ ਵੀ ਕਰਦਾ ਹੈ ਅਤੇ ਚੰਗੇਰੇ ਵਕਤ ਪ੍ਰਤੀ ਆਸਵੰਦ ਵੀ ਹੈ। ਗੁਰਭਜਨ ਗਿੱਲ ਪੰਜਾਬੀਆਂ ਨੂੰ ਆਪਣੇ ਅੰਦਰਲੀ ਬੁੱਧੀ ਦੀ ਸਹੀ ਵਰਤੋਂ ਕਰਦੇ ਹੋਏ ਤਾਕਤ ਅਤੇ ਹਿੰਮਤ ਨਾਲ ਆਪਣੇ ਬਹਾਦਰ ਪੁਰਖਿਆਂ ਦੇ ਨਕਸ਼ਾਂ 'ਤੇ ਚੱਲ ਕੇ ਪੰਜਾਬ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ :

“ਪੁੱਤ ਹੋ ਲਿਆਕਤਾਂ ਦੇ ਮੇਰੇ ਪੰਜ ਪਾਣੀਉ
ਵੇਦਾਂ ਦੇ ਰਚੇਤਾ ਤੁਸੀਂ ਸਮਿਆਂ ਦੇ ਹਾਣੀਉ
ਵੈਰੀਆਂ ਦੇ ਹੱਲਿਆਂ ਤੋਂ ਵੇਖਿਉ ਨਾ ਹਾਰਿਉ"

ਕਵੀ ਮਨ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹੋਏ, ਮਹਾਨ ਗ੍ਰੰਥਾਂ ਅਤੇ ਵੇਦਾਂ ਦੀ ਰਚਨਾ ਕਰਨ ਲਈ ਰਮਣੀਕ ਅਤੇ ਸ਼ਾਂਤ ਮਾਹੌਲ ਦੇਣ ਵਾਲੀ ਪੰਜ ਦਰਿਆਵਾਂ ਦੀ ਸਰਜ਼ਮੀਨ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ। ਉਹ ਏਸ ਧਰਤ ਤੇ ਪੈਦਾ ਹੋਣ ਵਾਲੀ ਨਵੀਂ ਪਨੀਰੀ ਨੂੰ ਸਮੇਂ ਦੇ ਹਾਣ ਦਾ ਹੋਣ ਲਈ ਖ਼ਾਸੀ ਪ੍ਰੇਰਨਾ ਦਿੰਦਾ ਹੈ। ਕਵੀ ਅੰਦਰ ਆਪਣੇ ਸਭਿਆਚਾਰ, ਵਿਰਸੇ ਪ੍ਰਤੀ ਬੇਹੱਦ ਲਗਾਅ ਅਤੇ ਮੋਹ ਨਜ਼ਰੀਂ ਆਉਂਦਾ ਹੈ। ਉਹ ਪੰਜਾਬ ਦੀ ਜਵਾਨੀ ਨੂੰ ਆਪਣੀ ਵਿਰਾਸਤ ਸੰਭਾਲਣ ਦੀ ਵਾਰ- ਵਾਰ ਤਾਕੀਦ ਕਰਦਾ ਹੈ :

“ਲੋਰੀ, ਵੈਣ, ਸੁਹਾਗ, ਘੋੜੀਆਂ, ਦੁਖ-ਸੁਖ ਦੇ ਨੇ ਪਹੀਏ
ਮਾਂ ਬੋਲੀ ਨਾ ਘਰ ਚੋਂ ਉੱਜੜੇ, ਜਿੱਥੇ ਮਰਜ਼ੀ ਰਹੀਏ

ਸੁੱਚਾ ਰਿਸ਼ਤਾ ਮਾਂ ਜਣਨੀ ਦਾ, ਸੁਪਨੇ ਵਿਚ ਵੀ ਭੁੱਲਿਓ
ਨਾ ਆਪਣੀ ਬੋਲੀ, ਆਪਣਾ ਵਿਰਸਾ, ਕਦੇ ਪੰਜਾਬੀਓ ਭੁੱਲਿਓ ਨਾ।”

ਵਿਸ਼ਵੀਕਰਨ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਬੜਾ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਜ਼ਿੰਦਗੀ ਦੀ ਰਫ਼ਤਾਰ ਵਿਚ ਤੇਜ਼ੀ ਆਉਣਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ।

"ਕਿਸ਼ਤਾਂ, ਕਰਜ਼ੇ ਤੇ ਕਾਹਲੀ, ਏਥੇ ਵੱਸਦੇ ਨੇ ਜਿਹੜੇ,
ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ"

ਕਿਸ਼ਤਾਂ, ਕਰਜ਼ੇ ਅਤੇ ਕਾਹਲੀ ਨੇ ਪੰਜਾਬੀਆਂ ਦੇ ਜੀਵਨ ਵਿਚ ਬਹੁਤ ਉੱਥਲ-ਪੁੱਥਲ ਪੈਦਾ ਕੀਤੀ ਹੈ। ਪ੍ਰਵਾਸ ਵੱਲ ਜ਼ਿਆਦਾ ਰੁਚਿਤ ਹੋਣ ਕਾਰਨ ਕਰਜ਼ੇ ਅਤੇ ਕਿਸ਼ਤਾਂ ਨੇ ਪੰਜਾਬੀਆਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ ਹੈ। ਕਵੀ ਇਸ ਵਰਤਾਰੇ ਤੋਂ ਬਾਖੂਬੀ ਜਾਣੂ ਹੈ। ਉਹ ਨਸ਼ਿਆਂ ਵਿਚ ਗਲਤਾਨ ਹੋ ਚੁੱਕੀ ਪੰਜਾਬ ਦੀ ਜਵਾਨੀ ਨੂੰ ਮੁੜ ਹੱਸਦੇ ਵੱਸਦੇ ਅਤੇ ਕਿਰਤ ਕਰਦੇ ਵੇਖਣਾ ਚਾਹੁੰਦਾ ਹੈ।

ਤਨਜ਼, ਵਿਅੰਗ ਅਤੇ ਫ਼ਿਕਰਮੰਦੀ ਭਰੇ ਲਹਿਜ਼ੇ ਵਿਚ ਨਸ਼ਿਆਂ ਦੇ ਖਿਲਾਫ਼ ਕਵੀ ਮਨ ਲਿਖਦਾ ਹੈ:

"ਵੈਲੀਆਂ ਨਾਲ ਮੁਲਾਹਜ਼ੇ ਛੱਡ ਦੇ ਠੇਕੇ ਅੱਗੇ ਬਹਿਣਾ
ਕਿਰਤ ਕਮਾਈਆਂ ਕਰਿਆ ਕਰ ਤੂੰ, ਮੰਨ ਲੈ ਮੇਰਾ ਕਹਿਣਾ
ਸੋਨੇ ਵਰਗੀ ਕੰਚਨ ਦੇਹੀ, ਭੰਗ ਦੇ ਭਾਅ ਨਾ ਗਾਲ"

“ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ ?
ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ ?" "

ਕਵੀ ਸਾਕਾਰਾਤਮਕ ਬਦਲਾਅ ਦਾ ਹਾਮੀ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਜਿੱਥੇ ਪੰਜਾਬ ਦੀ ਜਵਾਨੀ ਦਾ ਪ੍ਰਵਾਸ ਕਰਨਾ ਚਿੰਤਾ ਦੀ ਗੱਲ ਵੀ ਹੈ, ਉਥੇ ਹੀ ਗੁਰਭਜਨ ਗਿੱਲ ਹੁਰਾਂ ਨੇ ਕੈਨੇਡਾ ਦੀ ਧਰਤੀ ਦੀ ਖੂਬ ਪ੍ਰਸੰਸਾ ਵੀ ਕੀਤੀ ਹੈ ਕਿਉਂਕਿ ਉਸ ਧਰਤੀ ਨੇ ਅਨੇਕਾਂ ਪਰਿਵਾਰਾਂ ਨੂੰ ਰੁਜ਼ਗਾਰ ਦੇ ਕੇ ਆਰਥਿਕ ਖੁਸ਼ਹਾਲੀ ਨਾਲ ਉਹਨਾਂ ਦਾ ਜੀਵਨ ਵੀ ਸੁਖਾਲਾ ਕੀਤਾ ਹੈ।

ਜਿਸ ਧਰਤੀ ਤੇ ਆਦਰ ਹੋਵੇ ਕਦੇ ਬੇਗਾਨਾ ਦੇਸ ਨਹੀਂ ਹੁੰਦਾ ।
ਮਨ ਦਾ ਮੋਰ ਜੇ ਪੈਲਾਂ ਪਾਵੇ ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ।
ਤੇਰੀ ਵੰਨ-ਸੁਵੰਨਤਾ ਵਾਲਾ ਗੂੰਜੇ ਅਨਹਦ ਨਾਦ ਕੈਨੇਡਾ ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਿਲ....।"

ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਫ਼ਿਕਰਮੰਦੀ ਵੀ ਹੈ, ਵੰਗਾਰ ਤੇ ਪ੍ਰੇਰਨਾ ਵੀ ਹੈ ।

ਅਗਾਂਹ ਲਈ ਸੁਚੇਤਤਾ ਪੈਦਾ ਕਰਨ ਦਾ ਯਤਨ, ਇਤਿਹਾਸਕ ਚੇਤਨਾ ਤੇ ਗੂੜ੍ਹ ਗਿਆਨ ਵੀ ਸ਼ਾਮਿਲ ਹੈ। ਉਹਨਾਂ ਅੰਦਰ ਸਾਂਝੀ ਸਰਜ਼ਮੀਨ ਪ੍ਰਤੀ ਬੇਅੰਤ ਮੋਹ ਹੈ। ਕਵੀ ਨੂੰ ਸਰਹੱਦੋਂ ਪਾਰ ਵੱਸਦੇ ਲੋਕਾਂ ਦੇ ਦੁੱਖ ਵੀ ਆਪਣੇ ਹੀ ਦੁੱਖਾਂ ਵਰਗੇ ਮਹਿਸੂਸ ਹੁੰਦੇ ਹਨ। ਇਹਨਾਂ ਦੁੱਖਾਂ ਦਾ ਕਾਰਨ ਬਣੀ ਸਰਹੱਦ ਤੋਂ ਆਰ ਪਾਰ ਦੀ ਹਕੂਮਤ ਨੂੰ ਉਹ ਆੜੇ ਹੱਥੀਂ ਲੈਂਦਾ ਹੈ :

"ਤੇਰੇ ਸ਼ਹਿਰ ਦੇ ਹਾਕਮ ਵਾਂਗੂੰ ਹਾਕਮ ਸਾਡਾ ਚੰਦਰਾ ।
ਤਾਹੀਉਂ ਤੇਰੇ ਹੋਠਾਂ ਵਾਂਗੂੰ ਮੇਰੇ ਹੇਠਾਂ ਜੰਦਰਾ।
ਲੱਖ ਜੰਜ਼ੀਰਾਂ ਹੋਵਣ ਭਾਵੇਂ ਸਾਨੂੰ ਕੀ ਪਰਵਾਹ"।

ਕਵੀ ਨੇ ਆਪਣੀਆਂ ਭਾਵਨਾਵਾਂ ਨੂੰ ਬੜੀ ਸੰਜੀਦਗੀ ਨਾਲ ਬਿਆਨ ਕੀਤਾ ਹੈ, ਸਰਹੱਦ ਤੋਂ ਆਰ ਪਾਰ ਵੱਸਦੀ ਆਵਾਮ ਦੀਆਂ ਭਾਵਨਾਵਾਂ, ਦੋਨਾਂ ਹਕੂਮਤਾਂ ਦੀਆਂ ਇਕੋ ਜਿਹੀਆਂ ਨੀਤੀਆਂ, ਆਵਾਮ ਦੀ ਹਕੂਮਤ ਸਾਹਮਣੇ ਲਾਚਾਰਗੀ ਅਤੇ ਫ਼ਿਰ ਇਸ ਲਾਚਾਰਗੀ ਤੇ ਪਾਬੰਦੀਆਂ ਦੇ ਹੁੰਦਿਆਂ ਵੀ ਇਕ- ਦੂਸਰੇ ਪ੍ਰਤੀ ਮੋਹ ਕਾਇਮ ਰੱਖਣ ਦੀ ਪੇਸ਼ਕਾਰੀ ਬਹੁਤ ਭਾਵੁਕ ਕਰਨ ਵਾਲੀ ਹੈ।

ਕਵੀ ਨੇ ਮਨੁੱਖੀ ਮਨ ਵਿਚਲੀਆਂ ਸੂਖ਼ਮ ਤੇ ਕੋਮਲ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਗੁੰਦਿਆ ਹੈ। ਉਹਨਾਂ ਨੇ ਕੋਮਲ ਭਾਵਨਾਵਾਂ, ਰੀਝਾਂ-ਪ੍ਰੀਤਾਂ ਅਤੇ ਮੋਹ ਨੂੰ ਬੜੇ ਭਾਵੁਕ ਢੰਗ ਨਾਲ ਬਿਆਨ ਕੀਤਾ ਹੈ:

“ਧੁੱਪੇ ਸਿਰ ਤੇ ਛਾਵਾਂ ਬਣ ਜਾ।
ਤੂੰ ਮੇਰਾ ਸਿਰਨਾਵਾਂ ਬਣ ਜਾ।

ਰੀਝਾਂ ਤਾਂ ਪਰਦੇਸਣ ਕੂੰਜਾਂ,
ਯਾਦਾਂ ਵਰਗੀ ਡਾਰ।""

ਕਵੀ ਨੇ ਪੰਜਾਬੀ ਸਮਾਜ ਸਭਿਆਚਾਰ ਦੇ ਬਦਲ ਰਹੇ ਮੁਹਾਂਦਰੇ ਨੂੰ ਵੀ ਸਾਡੇ ਰੂ-ਬ-ਰੂ ਕੀਤਾ ਹੈ। ਪੰਜਾਬ ਦੇ ਪਿੰਡਾਂ ਦੀ ਬਦਲੀ ਹੋਈ ਨੁਹਾਰ ਅਤੇ ਸਭਿਆਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੇ ਨਿਘਾਰ ਤੋਂ ਜਾਣੂੰ ਕਰਵਾਉਂਦੇ ਲਿਖਿਆ ਹੈ:

"ਕਿੱਕਲੀ ਤੇ ਗਿੱਧਾ ਮੁਟਿਆਰਾਂ ਪਾਉਂਦੀਆਂ,
ਪੀਂਘ ਦੇ ਹੁਲਾਰੇ ਸੀ ਆਕਾਸ਼ ਗਾਹੁੰਦੀਆਂ,
ਖ਼ਤਰੇ 'ਚ ਕੂੰਜਾਂ ਵਾਲੀ ਡਾਰ ਵੇਖ ਲੈ।

ਬਲਦਾਂ ਦੇ ਗਲਾਂ ਵਿਚ ਗੁੰਮ ਟੱਲੀਆਂ।
ਲੱਗਦੈ ਬਹਾਰਾਂ ਏਥੋਂ ਉੱਡ ਚੱਲੀਆਂ।
ਫ਼ਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ।

ਜਣਾ ਖਣਾ ਆਖੇ ਮੈਂ ਤਾਂ ਬਾਹਰ ਚੱਲਿਆ।
ਵੱਖਰੀ ਬੇਗਾਨਗੀ ਬਨੇਰਾ ਮੱਲਿਆ।
ਦਿੱਲੀ ਵਿਚ ਲੱਗੀ ਤੂੰ ਕਤਾਰ ਵੇਖ ਲੈ।

ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ।
ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ।” 12

“ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ” ਗੀਤ ਅਜੋਕੇ ਪੰਜਾਬ ਦੀ ਤ੍ਰਾਸਦਿਕ ਸਥਿਤੀ ਅਤੇ ਪੰਜਾਬ ਦੀ ਧਰਤ ਦਾ ਕੌੜਾ ਸੱਚ ਬਿਆਨ ਕਰਦਾ ਹੈ। ਵਿਸ਼ਵੀਕਰਨ ਤੇ ਪੂੰਜੀਵਾਦੀ ਬਿਰਤੀ ਨੇ ਵਿੱਤੋਂ ਬਾਹਰੀ ਚੀਜ਼ਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਹੈ, ਜਿਸ ਨਾਲ ਸਾਦਗੀ ਦੀ ਜਗ੍ਹਾ ਬਨਾਵਟੀਪਨ ਨੇ ਲੈ ਲਈ ਹੈ।

"ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ?
ਬਾਣੀ ਨਾਲ ਵੱਜਦੀ ਰਬਾਬ ਕਿੱਥੇ ਹੈ ?

ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ।
ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ ।
ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ।
ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ?

ਏਸੇ ਬਦਲਦੀ ਨੁਹਾਰ ਨੇ ਵਿਸ਼ਵੀਕਰਨ ਦੇ ਤਹਿਤ ਪੰਜਾਬੀਆਂ ਦੀ ਜ਼ਿੰਦਗੀ ਦੀ ਰਫ਼ਤਾਰ ਵਿਚ ਵੀ ਤੇਜ਼ੀ ਨਾਲ ਬਦਲਾਅ ਲਿਆਂਦਾ ਹੈ। ਏਸੇ ਤੇਜ਼ ਰਫ਼ਤਾਰ ਨੇ ਜ਼ਿਆਦਾਤਰ ਪੰਜਾਬੀ ਪੁੱਤਰਾਂ ਵਿਚ ਇਖ਼ਲਾਕੀ ਨਿਘਾਰ ਵੀ ਪੈਦਾ ਕੀਤਾ ਹੈ। ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਪੁੱਤਰਾਂ ਦੀਆਂ ਮਾਂਵਾਂ, ਬੇਗਾਨੇ ਦੇਸ਼ ਵਿਚਲੇ ਪੁੱਤਰ ਦੇ ਘਰ ਵਿਚ ਖ਼ੁਦ ਨੂੰ ਬੇਘਰ ਹੋਇਆ ਸਮਝਦੀਆਂ ਹਨ:

“ਦੇਸ ਬੇਗਾਨੇ ਕੀਹਦਾ ਡਰ ਹੈ ?
ਵਹੁਟੀ ਆਖੇ ਮੇਰਾ ਵਰ ਹੈ।
ਇਹ ਤਾਂ ਬੁੱਢੀਏ ਮੇਰਾ ਘਰ ਹੈ।
ਦੱਸ ਵੇ ਪੁੱਤਰਾ ! ਕਿੱਥੇ ਮੇਰੀ ਥਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ”। “

ਜ਼ਿੰਦਗੀ ਦੀ ਵਧਦੀ ਰਫ਼ਤਾਰ ਨੇ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਪਰਿਵਾਰ ਤੋਂ ਲੈ ਕੇ ਪੂਰਾ ਸਮਾਜ ਸਭਿਆਚਾਰ ਇਸ ਤੇਜ਼ ਰਫ਼ਤਾਰ ਦੀ ਚਪੇਟ ਵਿਚ ਆਇਆ ਹੈ। ਗੁਰਭਜਨ ਗਿੱਲ ਨੇ ਬਾਬਾ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੀ ਮਹਿਮਾ ਨੂੰ ਬਿਆਨਿਆ ਹੈ। ਗੁਰੂ ਨਾਨਕ ਦੇਵ ਜੀ ਨਾਮ ਜਪਣ ਦੇ ਨਾਲ ਨਾਲ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੰਦੇ ਰਹੇ ਹਨ। ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਤੋਂ ਕਿਨਾਰਾ ਕਰੀ ਬੈਠੇ ਲੋਕ ਕੂੜ, ਰੂਹਾਨੀ ਭਟਕਣਾ ਵਿਚ ਗੁਸਦੇ ਜਾ ਰਹੇ ਹਨ।

ਗੁਰਭਜਨ ਗਿੱਲ ਹੁਰਾਂ ਨੇ ਉਹ ਤਮਾਮ ਵਿਸ਼ੇ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਗੰਭੀਰ ਖ਼ਤਰਾ ਬਣ ਚੁੱਕੇ ਹਨ, ਬਾਰੇ ਹਕੂਮਤ ਅਤੇ ਆਵਾਮ ਨੂੰ ਆਗਾਹ ਕੀਤਾ ਹੈ, ਨਾਲ ਹੀ ਅਜਿਹੇ ਵਿਸ਼ੇ ਵੀ ਆਧਾਰ ਬਣੇ ਹਨ, ਜੋ ਪੰਜਾਬੀਆਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਪ੍ਰੇਰਦੇ ਹਨ, ਜਿਵੇਂ ਗੁਰੂ ਸਾਹਿਬਾਨ ਦੇ ਸਿਧਾਂਤ, ਉਹਨਾਂ ਦੁਆਰਾ ਦੱਸੀ ਜੀਵਨ ਜਾਚ, ਸ਼ਹੀਦਾਂ ਦਾ ਇਤਿਹਾਸ ਅਤੇ ਪ੍ਰਕਿਰਤੀ ਪ੍ਰਤੀ ਸਤਿਕਾਰ ਮਨੁੱਖਾਂ ਵਿਚ ਨਵੀਂ ਰੌਂਅ ਭਰਦੇ ਨਜ਼ਰ ਆਉਂਦੇ ਹਨ। ਗੁਰਭਜਨ ਗਿੱਲ ਨੇ ਆਪਣੇ ਗੀਤਾਂ ਰਾਹੀਂ ਪ੍ਰਕਿਰਤੀ ਨੂੰ ਮਨੁੱਖ ਪੱਖੀ ਅਤੇ ਹਕੂਮਤ ਨੂੰ ਲੋਕ ਵਿਰੋਧੀ ਮੰਨਿਆ ਹੈ, ਉਸ ਅੰਦਰ ਵਿਸ਼ਵੀਕਰਨ ਦੇ ਬੁਰੇ ਪ੍ਰਭਾਵਾਂ ਕਾਰਨ ਵਿਰਸੇ ਪ੍ਰਤੀ ਇਕ ਚੀਸ ਵੀ ਪੈਦਾ ਹੁੰਦੀ ਹੈ ਪ੍ਰੰਤੂ ਉਹ ਵਿਸ਼ਵੀਕਰਨ ਦੇ ਚੰਗੇ ਪ੍ਰਭਾਵਾਂ ਤੋਂ ਮੁਨਕਰ ਵੀ ਨਹੀਂ ਹੈ, ਇਸੇ ਲਈ ਕੈਨੇਡਾ ਵਰਗੇ ਮੁਲਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੇਸ਼ ਕਰਦਾ ਹੈ। ਗੁਰਭਜਨ ਗਿੱਲ ਸਮਾਜਿਕ ਵਰਤਾਰਿਆਂ ਵਿਚ ਸ਼ਾਮਿਲ ਸਭਿਆਚਾਰਕ, ਰਾਜਨੀਤਕ, ਆਰਥਿਕ ਅਤੇ ਇਤਿਹਾਸਕ ਹਵਾਲਿਆਂ ਨੂੰ ਵੀ ਉਘਾੜਦੇ ਹਨ ਕਿਉਂਕਿ ਇਹ ਹਵਾਲੇ ਕਈ ਪੱਖਾਂ ਤੋਂ ਪੰਜਾਬੀ ਜਨ ਜੀਵਨ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਅਤੇ ਇਹ ਪੰਜਾਬੀ ਮਨ ਨੂੰ ਧੁਰ ਅੰਦਰ ਤੱਕ ਟੁੰਬਦੇ ਵੀ ਹਨ। ਗੁਰਭਜਨ ਗਿੱਲ ਦੇ ਕਲਾਮ ਵਿਚ ਆਏ ਸਾਰੇ ਵਿਸ਼ੇ ਸਾਬਿਤ ਕਰਦੇ ਹਨ ਕਿ ਉਹ ਹਰ ਪੰਜਾਬੀ ਮਨ ਨੂੰ ਪ੍ਰਭਾਵਿਤ ਕਰਨ ਵਾਲੇ ਪੱਖਾਂ ਤੋਂ ਕਿੰਨਾ ਨੇੜੇ ਤੋਂ ਨਾ ਸਿਰਫ ਜਾਣੂੰ ਹਨ ਸਗੋਂ ਉਹਨਾਂ ਨੇ ਇਹਨਾਂ ਪੱਖਾਂ ਨੂੰ ਖ਼ੁਦ ਤੇ ਹੰਢਾਇਆ, ਮਾਇਆ ਅਤੇ ਮਹਿਸੂਸ ਕੀਤਾ ਹੈ। ਸੋ, ਗੁਰਭਜਨ ਗਿੱਲ ਵੱਲੋਂ ਛੋਹੇ ਗਏ ਸਾਰੇ ਹੀ ਵਿਸ਼ੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ।

ਹਵਾਲੇ, ਟਿੱਪਣੀਆਂ

1) ਗੁਰਭਜਨ ਗਿੱਲ, ਪਿੱਪਲ ਪੱਤੀਆਂ, ਪੰਨਾ-17
2) ਉਹੀ, ਪੰਨਾ-18
3) ਉਹੀ, ਪੰਨਾ-44
4) ਉਹੀ, ਪੰਨਾ-45
5) ਉਹੀ, ਪੰਨਾ-86
6) ਉਹੀ, ਪੰਨਾ- 63
7) ਉਹੀ, ਪੰਨਾ- 59
8) ਉਹੀ, ਪੰਨਾ-68
9) ਉਹੀ, ਪੰਨਾ-101
10) ਉਹੀ, ਪੰਨਾ-103
11) ਉਹੀ, ਪੰਨਾ-58
12) ਉਹੀ, ਪੰਨਾ-41
13) ਉਹੀ, ਪੰਨਾ-67
14) ਉਹੀ, ਪੰਨਾ-99

(ਖੋਜ ਵਿਦਿਆਰਥਣ,
ਪੰਜਾਬੀ ਅਧਿਐਨ ਸਕੂਲ,
ਗੁਰੂ ਨਾਨਕ ਦੇਵ ਯੂਨਵਰਸਿਟੀ ਅੰਮ੍ਰਿਤਸਰ)

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ