Saqi Gujrati
ਸਾਕੀ ਗੁਜਰਾਤੀ

ਨਾਂ-ਮੁਖ਼ਤਾਰ ਅਹਿਮਦ, ਕਲਮੀ ਨਾਂ-ਸਾਕੀ ਗੁਜਰਾਤੀ,
ਪਿਤਾ ਦਾ ਨਾਂ-ਮੀਆਂ ਅਮਾਨੁੱਲਾ,
ਜਨਮ ਤਾਰੀਖ਼ 15 ਨਵੰਬਰ 1945,
ਜਨਮ ਸਥਾਨ-ਮਾਜਰਾ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ,
ਵਿਦਿਆ-ਐਮ. ਏ. (ਉਰਦੂ, ਪੰਜਾਬੀ) ਬੀ. ਐਡ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਕਿਣਮਿਨ-ਕਿਣਮਿਨ ਸੋਚਾਂ (ਪੰਜਾਬੀ ਗ਼ਜ਼ਲਾਂ), ਜ਼ਾਦ ਅਕਬਾ (ਪੰਜਾਬੀ ਨਾਅਤਾਂ), ਗੱਲਾਂ ਖ਼ੈਰ ਅਬਸ਼ਰ ਦੀਆਂ (ਪੰਜਾਬੀ ਨਾਅਤਾਂ),
ਪਤਾ-ਦੇਵਨਾ ਮੰਡੀ, ਡਾਕਖ਼ਾਨਾ ਬਾਸਕੋ, ਤਹਿਸੀਲ ਅਤੇ ਜ਼ਿਲਾ ਗੁਜਰਾਤ ।

ਪੰਜਾਬੀ ਗ਼ਜ਼ਲਾਂ (ਕਿਣਮਿਣ-ਕਿਣਮਿਣ ਸੋਚਾਂ ਵਿੱਚੋਂ) : ਸਾਕੀ ਗੁਜਰਾਤੀ

Punjabi Ghazlan (Kinmin-Kinmin Sochan) : Saqi Gujratiਅੱਜ ਮੈਖ਼ਾਨੇ ਦੇ ਦਰ ਉੱਤੇ

ਅੱਜ ਮੈਖ਼ਾਨੇ ਦੇ ਦਰ ਉੱਤੇ ਸ਼ੋਰ ਪਊ ਮੈਅਖ਼ਾਰਾਂ ਦਾ । ਸਾਗ਼ਰ ਤੇ ਸਾਗ਼ਰ ਛਲਕਣਗੇ ਆਇਐ ਦੌਰ ਬਹਾਰਾਂ ਦਾ । ਨਈਂ ਹਾਜ਼ਤ ਤੀਰਾਂ ਤੇਗ਼ਾਂ ਦੀ ਦੇਖੇ ਤੇ ਘਾਇਲ ਕਰਦੇ ਨੇ, ਨਜ਼ਰਾਂ ਥੀਂ ਸਾਕੀ ਲੈਂਦਾ ਹੈ ਕੰਮ ਤੀਰਾਂ ਦਾ ਤਲਵਾਰਾਂ ਦਾ । ਇਹ ਦੁਨੀਆ ਏ ਘਰ ਬਦਲੇ ਦਾ ਇਕ ਹੱਥ ਲੈਣਾ ਇਕ ਹੱਥ ਦੇਣਾ, ਸਭ ਸੌਦੇ ਹੁੰਦੇ ਨਕਦਾਂ ਦੇ ਨਈਂ ਏਥੇ ਕੰਮ ਉਧਾਰਾਂ ਦਾ । ਲੈ ਸੋਚ ਅਜੇ ਛੇਤੀ ਨਾ ਕਰ ਉਲਫ਼ਤ ਦਾ ਹੱਥ ਵਧਾਣ ਲਈ, ਹੈ ਚੋਖਾ ਮੁਸ਼ਕਿਲ ਤੋੜ ਉੱਤੇ ਪਹੁਚਾਣਾ ਕੌਲ-ਕਰਾਰਾਂ ਦਾ । ਇਸ ਉਲਫ਼ਤ ਦੀ ਨਗਰੀ ਅੰਦਰ ਬਿਨ ਜ਼ੋਰੋਂ ਮਾਲੋਂ ਨਾ ਆਵੀਂ, ਏਥੇ ਵੀ ਸਿੱਕਾ ਚਲਦਾ ਏ ਸ਼ਹਿਜ਼ੋਰਾਂ ਦਾ ਜ਼ਰਦਾਰਾਂ ਦਾ । ਹੋਰਾਂ ਦੀਆਂ ਨਜ਼ਰਾਂ ਵਿਚ 'ਸਾਕੀ' ਨਾ ਹੋਵੇ ਮੌਸਮ ਪਤਝੜ ਦਾ, ਤੂੰ ਆਪਣੇ ਖ਼ਿਆਲਾਂ ਵਿਚ ਜਿਸ ਨੂੰ ਸਮਝੇਂ ਦੌਰ ਬਹਾਰਾਂ ਦਾ ।

ਮੁੱਕੇ ਕਦੀ ਖ਼ੁਦਾ ਕਰੇ ਜੰਗਲ ਹਨ੍ਹੇਰ ਦਾ

ਮੁੱਕੇ ਕਦੀ ਖ਼ੁਦਾ ਕਰੇ ਜੰਗਲ ਹਨ੍ਹੇਰ ਦਾ । ਮੁਖੜਾ ਅਸੀਂ ਵੀ ਦੇਖੀਏ ਸੱਜਰੀ ਸਵੇਰ ਦਾ । ਰੱਖੀਏ ਕੀ ਆਸ ਵਕਤ ਦੇ ਪੱਤਰ ਤੋਂ ਖ਼ੈਰ ਦੀ, ਵੰਡੇਗਾ ਛਾਂ ਕਿਸੇ ਨੂੰ ਕੀ ਬੂਟਾ ਕਨੇਰ ਦਾ । ਪਟਕੇ ਸਿਰਾਂ ਤੋਂ ਸਾਡਿਆਂ ਪੈਰਾਂ ਤੇ ਆ ਪਏ, ਪਾਇਆ ਕੀ ਫਲ ਅਸਾਂ ਤੇਰੀ ਬਹੁਤੀ ਉਚੇਰ ਦਾ । ਤਾਰੇ ਜੋ ਖ਼ੁਦ ਨੇ ਆਪਣੀ ਹੀ ਮੰਜ਼ਿਲ ਤੋਂ ਬੇਖ਼ਬਰ, ਦੱਸਣਗੇ ਕੀ ਪਤਾ ਮੇਰੇ ਲੇਖਾਂ ਦੇ ਫੇਰ ਦਾ । ਕਾਲਖ ਮੇਰੇ ਨਸੀਬ ਦੀ ਵਧਦੀ ਏ ਹੋਰ ਵੀ, ਮੋਢੇ ਤੇ ਜਦ ਉਹ ਕਾਲੀਆਂ ਜ਼ੁਲਫ਼ਾਂ ਖਲੇਰਦਾ । ਨਜ਼ਰਾਂ ਤੋਂ ਭਾਵੇਂ ਕਿੰਨਾ ਈ ਉਹਲੇ ਏ ਫ਼ੇਰ ਵੀ, ਰਹਿਣਾ ਵਾਂ ਉਹਦੇ ਨਾਮ ਦੀ ਮਾਲਾ ਮੈਂ ਫੇਰਦਾ । 'ਸਾਕੀ' ਖ਼ਬਰ ਕੀ ਭਲਕ ਨੂੰ ਹੋਣੀ ਦੇ ਵਾਰ ਦੀ, ਸਾਮਾਨ ਅੱਜ ਤੋਂ ਜੋੜ ਕੇ ਰੱਖ ਲੈ ਅਗੇਰ ਦਾ ।

ਅਖ਼ਲਾਸ ਦਾ ਪੰਧ ਉਂਜ ਤੇ ਸੌਖਾ

ਅਖ਼ਲਾਸ ਦਾ ਪੰਧ ਉਂਜ ਤੇ ਸੌਖਾ ਨਜ਼ਰ ਆਇਆ । ਚੱਲੇ ਤੇ ਇਹ ਰਸਤਾ ਬੜਾ ਔਖਾ ਨਜ਼ਰ ਆਇਆ । ਦੁਖੀ ਕੋਈ, ਸੁਖੀ ਕੋਈ, ਰੋਗੀ ਕੋਈ, ਸੋਗੀ, ਹਰ ਜੀ ਤੇਰੀ ਬਸਤੀ ਦਾ ਔਖਾ ਨਜ਼ਰ ਆਇਆ । ਸੰਸਾਰ ਦੀ ਜਿਸ ਚੀਜ਼ ਨੂੰ ਤੱਕਿਆ ਏ ਜਦੋਂ ਵੀ, ਉਸ ਚੀਜ਼ ਦੇ ਵਿਚ ਇਕ ਨਵਾਂ ਧੋਖਾ ਨਜ਼ਰ ਆਇਆ । ਜ਼ਾਲਮ ਦੀਆਂ ਗੱਲਾਂ ਅਸੀਂ ਸੁਣੀਆਂ ਜਦੋਂ ਉਸ ਥੀਂ, ਮਜ਼ਲੂਮ ਉਹ ਸਾਡੇ ਤੋਂ ਵੀ ਚੋਖਾ ਨਜ਼ਰ ਆਇਆ, ਜਦ ਪਰਖਿਆ ਉਹ ਨਿਕਲਿਆ ਦਿਲ ਦਾ ਬੜਾ ਸਾਫ਼, ਲਹਿਜ਼ੇ 'ਚ ਸੀ ਜਿਸ ਦੇ ਬੜਾ ਰੋਖਾ ਨਜ਼ਰ ਆਇਆ । ਮੈਂ ਸ਼ੀਸ਼ਾ ਤਸੱਵਰ ਦਾ ਅਜੇ ਦੇਖਿਆ ਈ ਸੀ, ਰਹਿੰਦਾ ਏ ਜੋ ਅੱਖੀਆਂ ਤੋਂ ਪਰੋਖਾ ਨਜ਼ਰ ਆਇਆ । ਯਾਦ ਆਈਆਂ ਦਿਲ ਦੀਆਂ ਵੀਰਾਨੀਆਂ 'ਸਾਕੀ', ਕਿਧਰੇ ਜੋ ਕੋਈ ਉਜੜਿਆ ਖੋਖਾ ਨਜ਼ਰ ਆਇਆ ।

ਬੀਤੇ ਵੇਲੇ ਦੀ ਸਦਾ ਸੋਚ ਦਾ ਜਾਦੂ ਬਣ ਕੇ

ਬੀਤੇ ਵੇਲੇ ਦੀ ਸਦਾ ਸੋਚ ਦਾ ਜਾਦੂ ਬਣ ਕੇ । ਮੇਰੇ ਚੌਗਿਰਦ ਛਣਕਦੀ ਰਹੇ ਘੁੰਗਰੂ ਬਣ ਕੇ । ਮੂਰਤਾਂ ਜ਼ਿਹਨ ਦੇ ਵਰਕੇ ਤੇ ਬਣਾਏ ਕੀ ਕੀ, ਯਾਦ ਇਕ ਸ਼ਖ਼ਸ ਦੀ ਚਾਨਣ ਕਦੇ ਖ਼ੁਸ਼ਬੂ ਬਣ ਕੇ । ਦਿਲ ਦਿਆਂ ਜ਼ਖ਼ਮਾਂ ਦੇ ਫੁਲ ਜਾਗ ਪਏ ਨੇ ਸ਼ਾਇਦ, ਰੰਗ ਢਲਦਾ ਏ ਪਿਆ ਅੱਖੀਆਂ ਚੋਂ ਅੱਥਰੂ ਬਣ ਕੇ । ਯਾਦ ਆਈ ਏ ਤੇਰੇ ਦਰਦ ਦਾ ਲਸ਼ਕਰ ਲੈ ਕੇ, ਦਿਲ ਦਾ ਬਗ਼ਦਾਦ ਉਜਾੜੇਗੀ ਹਲਾਕੂ ਬਣ ਕੇ । ਪਿਆਰ ਨਗਰੀ ਦੇ ਮਕੈਨੋ ਜ਼ਰਾ ਕੈੜਾ ਰਹਿਣਾ, ਮੁੜ ਨਾ ਆ ਜਾਏ ਲੁਟੇਰਾ ਕੋਈ ਸਾਧੂ ਬਣ ਕੇ । ਸੋਚ ਕੇ ਪੈਰ ਧਰੀਂ ਪਿਆਰ ਦੇ ਬੇਲੇ 'ਸਾਕੀ', ਫਿਰ ਰਿਹਾ ਏ ਅਜੇ ਕੈਦੋਂ ਕੋਈ ਕੀੜੂ ਬਣ ਕੇ ।

ਕਲੀ ਕਲੀ ਤੇ ਨਿਖਾਰ ਚਾਹਾਂ

ਕਲੀ ਕਲੀ ਤੇ ਨਿਖਾਰ ਚਾਹਾਂ ਸ਼ਬਾਬ ਚਾਹਾਂ । ਅਦਬ ਦੇ ਗੁਲਸ਼ਨ ਦੀ ਪੱਤੀ ਪੱਤੀ ਗੁਲਾਬ ਚਾਹਾਂ । ਸੁਖ਼ਨ ਦੀ ਨਗਰੀ ਵਟਾ ਕੇ ਆਏ ਨੇ ਰੂਪ ਜਿਹੜੇ, ਅਜਿਹੇ ਲੋਕਾਂ ਦੇ ਮੂੰਹ ਸਦਾ ਬੇਨਕਾਬ ਚਾਹਾਂ । ਜ਼ਰਾ ਮੇਰੇ ਦੋਸਤੋ ਮੇਰੀ ਸਾਦਗੀ ਤੇ ਦੇਖੋ, ਖ਼ਿਜ਼ਾਂ ਦੀ ਰੁੱਤੇ ਸਦਾ ਬਹਾਰਾਂ ਦੇ ਖ਼ਾਬ ਚਾਹਾਂ । ਵਰਕ ਵਰਕ ਤੇ ਲਿੱਖੇ ਨੇ ਕਿੱਸੇ ਹਜ਼ੀਮਤਾਂ ਦੇ, ਮੈਂ ਕਿਵੇਂ ਗੁਜ਼ਰੇ ਜ਼ਮਾਨਿਆਂ ਦੀ ਕਿਤਾਬ ਚਾਹਾਂ । ਜਵਾਨ ਸੱਧਰ ਦੀ ਸ਼ਾਹਜ਼ਾਦੀ ਨੂੰ ਲਾ ਕੇ ਸੀਨੇ, ਸਕੂਨ ਚਾਹਾਂ ਕਦੀ ਕਦੀ ਇਜ਼ਤਰਾਬ ਚਾਹਾਂ । ਮੇਰੀ ਵਫ਼ਾ ਦੀ ਦਲੇਰ ਸੋਹਣੀ ਵੀ ਠਿੱਲ ਪਵੇਗੀ, ਤੇਰੀ ਨਜ਼ਰ ਦਾ ਖ਼ਲੂਸ ਭਰਿਆ ਚਨਾਬ ਚਾਹਾਂ । ਨਾ ਹੋਵੇ ਜਿਸ 'ਚ ਕੋਈ ਨਫ਼ਰਤ ਦਾ ਬਾਬ 'ਸਾਕੀ'', ਮੁਹੱਬਤਾਂ ਦੇ ਨਗਰ ਦਾ ਐਸਾ ਨਿਸਾਬ ਚਾਹਾਂ ।

ਚੜ੍ਹਤਲ ਕਮਾਲ ਦੇਖ ਕੇ ਉਹਦੇ ਸ਼ਬਾਬ ਦੀ

ਚੜ੍ਹਤਲ ਕਮਾਲ ਦੇਖ ਕੇ ਉਹਦੇ ਸ਼ਬਾਬ ਦੀ । ਦਿੰਦੇ ਨੇ ਲੋਕ ਦਾਦ ਮੇਰੇ ਇੰਤਖ਼ਾਬ ਦੀ । ਭੁੱਕੀਆਂ ਜਦੋਂ ਤੋਂ ਓਸ ਦੇ ਮੁਖੜੇ ਤੇ ਲਾਲੀਆਂ, ਚਿੱਟੀ ਸਫ਼ੈਦ ਹੋ ਗਈ ਰੰਗਤ ਗੁਲਾਬ ਦੀ । ਕੁਝ ਮੇਰਾ ਵੀ ਸਵਾਲ ਸੀ ਮਹਿਮਲ ਜਿਹਾ ਜ਼ਰੂਰ, ਕੁਝ ਓਸ ਨੇ ਵੀ ਲੋੜ ਨਾ ਸਮਝੀ ਜਵਾਬ ਦੀ । ਆਇਆ ਤੇ ਦਿਲ ਨੂੰ ਹੋਰ ਨਵੇਂ ਜ਼ਖ਼ਮ ਦੇ ਗਿਆ, ਚਿਰ ਤੋਂ ਬੜੀ ਉਡੀਕ ਸੀ ਜਿਸ ਇਨਕਲਾਬ ਦੀ । ਇਕ ਇਕ ਅਦਾ ਏ ਵਕਤ ਦੀ ਅੱਖਾਂ ਦੇ ਸਾਮ੍ਹਣੇ, ਮੈਂ ਸਤਰ ਸਤਰ ਪੜ੍ਹ ਰਿਹਾਂ ਖੁੱਲੀ ਕਿਤਾਬ ਦੀ । ਸਾਨੂੰ ਮਸੀਤੋਂ ਤੋੜ ਕੇ ਲੈ ਆਈ ਮੈਕਦੇ, ਕਿੱਥੇ ਖੜੇ੍ਹਗੀ ਹੋਰ ਇਹ ਨੀਅਤ ਸਬਾਬ ਦੀ । ਗੁਜਰਾਤ ਦੀ ਜ਼ਮੀਨ ਦਾ 'ਸਾਕੀ' ਇਹ ਫ਼ੈਜ਼ ਏ, ਪਾਈ ਤੇਰੇ ਕਲਮ ਨੇ ਰਵਾਨੀ ਚਨਾਬ ਦੀ ।

ਦਰਦਾਂ ਦੇ ਕੁੱਠਿਆਂ ਦੀਆਂ ਰੀਤਾਂ ਪੁਰਾਣੀਆਂ

ਦਰਦਾਂ ਦੇ ਕੁੱਠਿਆਂ ਦੀਆਂ ਰੀਤਾਂ ਪੁਰਾਣੀਆਂ । ਪਲਕਾਂ ਤੇ ਹੰਝੂਆਂ ਦੀਆਂ ਫ਼ਸਲਾਂ ਉਗਾਣੀਆਂ । ਸੁਣਦਾ ਏ ਕੌਣ ਇਸ ਭਜਾੜੀ ਦੇ ਦੌਰ ਵਿਚ, ਲੇਖਾਂ ਦੇ ਮਾਰਿਆਂ ਦੀਆਂ ਲੰਮੀਆਂ ਕਹਾਣੀਆਂ । ਖ਼ਬਰੇ ਉਹ ਰਹਿਨੁਮਾ ਕਦੋਂ ਸ਼ਕਲਾਂ ਵਿਖਾਣਗੇ, ਜਿਹਨਾਂ ਨੇ ਮੰਜ਼ਿਲਾਂ ਦੀਆਂ ਸ਼ਕਲਾਂ ਵਿਖਾਣੀਆਂ । ਮਿਲਿਆ ਏ ਸਾਨੂੰ ਹੌਸਲਾ ਜੀਵਨ ਦਾ ਦੇਖ ਕੇ, ਫੁੱਲਾਂ ਤੇ ਕੰਡਿਆਂ ਦੀਆਂ ਸਾਂਝਾਂ ਸੁਹਾਣੀਆਂ । 'ਸਾਕੀ' ਸਿਖਾ ਗਈ ਏ ਕਿਸੇ ਬੇਵਫ਼ਾ ਦੀ ਯਾਦ, ਹਾਵਾਂ ਤੇ ਹੌਕਿਆਂ ਦੀਆਂ ਬਜ਼ਮਾਂ ਸਜਾਣੀਆਂ ।

ਲਹਿਜ਼ਿਆਂ ਦੇ ਸ਼ੋਅਲਿਆਂ ਨੇ

ਲਹਿਜ਼ਿਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ । ਨਫ਼ਰਤਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ । ਜੁੱਸ਼ਾ ਜੁੱਸਾ ਡੰਗਿਆ ਇਕਲਾਪਿਆਂ ਦੇ ਨਾਗ ਨੇ, ਦੂਰੀਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ । ਹਿੰਮਤਾਂ ਤੇ ਉਦਮਾਂ ਦੀ ਰੀਤ ਸੁਫ਼ਨਾ ਹੋ ਗਈ, ਆਲਖਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ । ਚਿਹਰਿਆਂ ਤੇ ਕਿੰਜ ਖ਼ੁਸ਼ੀਆਂ ਦੀ ਬਹਾਰ ਆਵੇ ਨਜ਼ਰ, ਹੌਕਿਆਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ । ਇਹ ਵੀ 'ਸਾਕੀ' ਇਕ ਕਰਾਮਤ ਏ ਅਜੋਕੇ ਦੌਰ ਦੀ, ਹਸਰਤਾਂ ਦੇ ਸ਼ੋਅਲਿਆਂ ਨੇ ਸੀਨਾ ਸੀਨਾ ਸਾੜਿਆ ।

ਦਿਲੇ ਨੂੰ ਰੋਗ ਨਵਾਂ ਲਾ ਕੇ

ਦਿਲੇ ਨੂੰ ਰੋਗ ਨਵਾਂ ਲਾ ਕੇ ਟੁਰ ਗਿਆ ਕੋਈ । ਮੇਰੇ ਖ਼ਲੂਸ ਨੂੰ ਠੁਕਰਾ ਕੇ ਟੁਰ ਗਿਆ ਕੋਈ । ਵਿਖਾ ਕੇ ਸ਼ੋਅਬਦਾ ਬਾਜ਼ੀ ਪਲਾਂ 'ਚ ਪਲਕਾਂ ਤੇ, ਤਰੇਲ ਡਲ੍ਹਕਦੀ ਪਥਰਾ ਕੇ ਟੁਰ ਗਿਆ ਕੋਈ । ਮੇਰੇ ਖ਼ਿਆਲ ਦੇ ਮੁਖੜੇ ਤੇ ਆ ਗਈ ਲਾਲੀ, ਜਦੋਂ ਦਾ ਖ਼ਾਬ ਦੇ ਵਿਚ ਆ ਕੇ ਟੁਰ ਗਿਆ ਕੋਈ । ਕਿਸੇ ਤੇ ਸੋਚ ਕੇ ਅੱਗੇ ਤੋਂ ਐਤਮਾਦ ਕਰੀਂ, ਇਹ ਗਲ ਕਮਾਲ ਦੀ ਸਮਝਾ ਕੇ ਟੁਰ ਗਿਆ ਕੋਈ । ਹੁਣੇ ਹੁਣੇ ਮੇਰੇ ਸੀਨੇ ਦੀ ਕਬਰ ਵਿਚ 'ਸਾਕੀ', ਤੜਫ਼ਦੀ ਆਸ ਨੂੰ ਦਫ਼ਨਾ ਕੇ ਟੁਰ ਗਿਆ ਕੋਈ ।

ਪਹਿਲਾਂ ਹੱਕ ਦੀ ਗੱਲ ਅਲੀ

ਪਹਿਲਾਂ ਹੱਕ ਦੀ ਗੱਲ ਅਲੀ ਐਲਾਨ ਕਹਿਣੀ ਚਾਹੀਦੀ । ਫੇਰ ਸਿਰ ਤੇ ਜੋ ਵੀ ਆਵੇ ਹਸ ਕੇ ਸਹਿਣੀ ਚਾਹੀਦੀ । ਟੁਰ ਪਵੋ ਜ਼ੁਲਮਾਂ ਤੇ ਬੇਇਨਸਾਫ਼ੀਆਂ ਦੇ ਖੇਤ ਵੱਲ, ਫ਼ਸਲ ਪੱਕ ਜਾਏ ਜਦੋਂ ਕੋਈ ਤੇ ਗਾਹੁਣੀ ਚਾਹੀਦੀ । ਜਿਹੜੀ ਗੱਲ ਕਹਿਨਾ ਏਂ ਤੂੰ ਮੈਂ ਤੇ ਦਿਲੋਂ ਕਰਨਾ ਕਬੂਲ, ਪਰ ਉਹ ਲੋਕਾਂ ਦੇ ਦਿਲਾਂ ਵਿਚ ਵੀ ਤੇ ਬਹਿਣੀ ਚਾਹੀਦੀ । ਜੱਗ ਵਿਖਾਵੇ ਦੇ ਲਈ ਕੱਠਿਆਂ ਕਦੀ ਮਿਲ ਬਹਿਣ ਨੂੰ, ਇਕ ਨਾ ਇਕ ਸੂਰਤ ਕੋਈ ਬਾਕੀ ਵੀ ਰਹਿਣੀ ਚਾਹੀਦੀ । ਲਾਲ ਪੀਲੇ ਫੁਲ ਸਦਾ ਦਰਦਾਂ ਦੇ ਖਿੜਦੇ ਰਹਿਣਗੇ, ਜਿਸਮ ਦੇ ਬਾਗੇ ਸਲਾਮਤ ਦਿਲ ਦੀ ਟਹਿਣੀ ਚਾਹੀਦੀ । ਮੇਰੇ ਵਲ ਉਹ ਆ ਰਿਹਾ ਏ ਖ਼ਬਰੇ ਇਹੋ ਸੋਚ ਕੇ, ਕੀਤਿਆਂ ਕੌਲਾਂ ਦੀ ਪੰਡ ਅਜ ਸਿਰ ਤੋਂ ਲਹਿਣੀ ਚਾਹੀਦੀ । ਆ ਗਿਆ 'ਸਾਕੀ' ਏ ਤਾਂ ਪੱਥਰ ਦਿਲਾਂ ਦੇ ਸ਼ਹਿਰ ਵਿਚ, ਪਿਆਰ ਦੀ ਏਥੇ ਵੀ ਇਕ ਅੱਧ ਲੀਕ ਬਹਿਣੀ ਚਾਹੀਦੀ ।

ਕੁਝ ਹੋਰ ਰਚਨਾਵਾਂ : ਸਾਕੀ ਗੁਜਰਾਤੀ

ਪਲਕਾਂ ਉੱਤੇ ਲਿਸ਼ਕਣ ਤਾਰੇ

ਪਲਕਾਂ ਉੱਤੇ ਲਿਸ਼ਕਣ ਤਾਰੇ ਇੰਜ ਅਣਡਿਠਿਆਂ ਖ਼ਾਬਾਂ ਦੇ।
ਜੀਕੂੰ ਡਾਲੀਆਂ ਉੱਤੇ ਬਲਦੇ ਦੀਵੇ ਲਾਲ ਗੁਲਾਬਾਂ ਦੇ।

ਮੇਰੇ ਜਜ਼ਬਿਆਂ ਦੇ ਹੜ ਅੱਗੇ ਚੁੱਪ ਦੇ ਬੰਨ੍ਹ ਕਿਉਂ ਲਾਉਂਦੇ ਹੋ,
ਬੱਚਿਆਂ ਨਾਲ ਕਦੀ ਨਾ ਹੋਏ ਸਮਝੌਤੇ ਸੈਲਾਬਾਂ ਦੇ।

ਮੱਕਾਰੀ ਦਾ ਪਰਦਾ ਕਾਲਾ ਲਾਹ ਦੇ ਚੰਨ ਜਿਹੇ ਮੁਖੜੇ 'ਤੋਂ,
ਅਪਣੀ ਆਬ ਗਵਾ ਲੈਂਦੇ ਨੇ ਚਿਹਰੇ ਹੇਠ ਨਕਾਬਾਂ ਦੇ।

ਆਲਕ ਮਾਰੇ ਬੰਦਿਆਂ ਦਾ ਕੀ ਜੋੜ ਏ ਉਦਮੀ ਬੰਦਿਆਂ ਨਾਲ,
ਗਿਰਝਾਂ ਕਦ ਉਡ ਸਕਦੀਆਂ ਮੋਢੇ ਜੋੜ ਕੇ ਨਾਲ ਉਕਾਬਾਂ ਦੇ।

ਅੱਖੀਆਂ ਵਿੱਚੋਂ ਕੀਵੇਂ ਫੁੱਟਣ ਕਿਰਨਾਂ ਪਿਆਰ ਖ਼ਲੂਸ ਦੀਆਂ,
ਦਿਲ ਸੂਰਜ ਦਾ ਚਾਨਣ ਪੀ ਗਏ ਕਾਲੇ ਹਰਫ਼ ਕਿਤਾਬਾਂ ਦੇ।

ਕਾਸ਼! ਕੋਈ ਸਮਝਾਵੇ ਗੁੱਝੀ ਰਮਜ਼ ਅਜ ਦੇ ਫ਼ਨਕਾਰਾਂ ਨੂੰ,
ਗੱਲਾਂ ਬਾਤਾਂ ਨਾਲ ਕਦੇ ਨਾ ਲੱਗੇ ਪਰ ਸੁਰਖ਼ਾਬਾਂ ਦੇ।

ਪਾਣੀ ਦੀ ਆਸ ਉੱਤੇ 'ਸਾਕੀ' ਜਿੰਨਾਂ ਪੈਂਡਾ ਕਪਨੇ ਆਂ,
ਓਨੇ ਡੂੰਘੇ ਹੋ ਜਾਂਦੇ ਨੇ ਅੱਗੇ ਪੰਧ ਸਰਾਬਾਂ ਦੇ।

ਕਾਰੇ ਤੇਰੀ ਨਜ਼ਰ ਦੇ ਵੇਖੇ ਨੇ

ਕਾਰੇ ਤੇਰੀ ਨਜ਼ਰ ਦੇ ਵੇਖੇ ਨੇ।
ਜ਼ਖ਼ਮ ਸਜਰੇ ਜਿਗਰ ਦੇ ਵੇਖੇ ਨੇ।

ਉੱਠ ਕੇ ਆਏ ਜੋ ਤੇਰੀ ਮਹਿਫਿਲ ʼਚੋਂ,
ਤੌਬਾ ਤੌਬਾ ਈ ਕਰਦੇ ਵੇਖੇ ਨੇ।

ਕਿੰਨੇ ਤੂਫਾਨ ਰੋਕ ਰੱਖੇ ਨੇ,
ਹੌਸਲੇ ਚਸ਼ਮ-ਏ-ਤਰ ਦੇ ਵੇਖੇ ਨੇ?

ਦੇਣ ਵਾਲੇ ਡਰਾਵੇ ਦੌਲਤ ਦੇ,
ਅਪਣੇ ਸਾਏ ਤੋਂ ਡਰਦੇ ਵੇਖੇ ਨੇ।

ਇਹ ਵਤੀਰਾ ਏ ਮਾਲਦਾਰਾਂ ਦਾ,
ਕੌਡੀ ਕੌਡੀ ʼਤੇ ਮਰਦੇ ਵੇਖੇ ਨੇ।

ਤੇਰੇ ਨੈਣਾਂ ਦੇ ਜਾਮ ਵਿਚ ʼਸਾਕੀʼ,
ਡੁਬਦੇ ਹਾਸੇ ਵੀ ਤਰਦੇ ਵੇਖੇ ਨੇ।

ਉਤੋਂ ਭਾਵੇਂ ਖ਼ੁਸ਼ ਖ਼ੁਸ਼ ਰਹੀਏ

ਉਤੋਂ ਭਾਵੇਂ ਖ਼ੁਸ਼ ਖ਼ੁਸ਼ ਰਹੀਏ ਜਾਂ ਅਫ਼ਸੁਰਦੇ ਰਹੀਏ।
ਕੱਲਰ ਮਾਰੀਆਂ ਕੰਧਾਂ ਵਾਗੂੰ ਅੰਦਰੋਂ ਭੁਰਦੇ ਰਹੀਏ।

ਸਾਡੇ ਲੇਖਾਂ ਦੀ ਕਮਤੀ ਦਾ ਅੰਦਾਜ਼ਾ ਤੇ ਲਾਉ,
ਹਰ ਸ਼ੈ ਵਾਧੂ ਰੱਖੀਏ ਫਿਰ ਵੀ ਕਾਲ-ਸਪੁਰਦੇ ਰਹੀਏ।

ਰੌਸ਼ਨੀਆਂ ਦੇ ਮੇਲੇ ਅੰਦਰ ਖੋ ਜਾਵਣ ਦੇ ਡਰ ਤੋਂ,
ਅਪਣੇ ਪਰਛਾਵੇਂ ਦਾ ਪੱਲਾ ਫੜਕੇ ਟੁਰਦੇ ਰਹੀਏ।

ਬੀਤੀ ਕੱਲ੍ਹ ਦੇ ਪੰਛੀ ਨੇ ਜਦ ਮੁੜਕੇ ਹਥ ਨਈਂ ਆਉਣਾ,
ਫਿਰ ਕਿਉਂ ਹੱਥਾਂ 'ਤੇ ਹਥ ਰਖਕੇ ਐਵੇਂ ਝੁਰਦੇ ਰਹੀਏ।

ਪਲ ਪਲ ਪੱਕੇ ਬੰਨ੍ਹਾਂ ਮਾਰੇ ਸੱਧਰਾਂ ਦੇ ਹੜ ਹੱਥੋਂ,
ਦਰਿਆਵਾਂ ਦੇ ਕੰਢਿਆਂ ਵਾਗੂੰ ਪਲ ਪਲ ਖੁਰਦੇ ਰਹੀਏ।

ਆਕੇ ਝੂਣ ਜਗਾਵੀਂ 'ਸਾਕੀ' ਸੁੱਤੀਆਂ ਰੂਹਾਂ ਤਾਈਂ,
ਕਦ ਤਕ ਏਥੇ ਜੀਉਂਦੀ ਜਾਨੇ ਬਣ ਕੇ ਮੁਰਦੇ ਰਹੀਏ।