Hazrat Shaheed Sarmad Kashani

ਹਜ਼ਰਤ ਸ਼ਹੀਦ ਸਰਮਦ ਕਾਸ਼ਾਨੀ

ਸੂਫ਼ੀ ਕਵੀ ਸਰਮਦ ਨੂੰ ਮੁਹੰਮਦ ਸਾਇਦ ਜਾਂ ਸਰਮਦ ਕਾਸ਼ਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਫਾਰਸੀ ਦੇ ਉੱਘੇ ਸੂਫ਼ੀ ਕਵੀ ਅਤੇ ਸੰਤ ਸਨ ।ਉਹ ਸਤਾਰਵੀਂ ਸਦੀ ਵਿਚ ਅਰਮੇਨੀਆ ਤੋਂ ਭਾਰਤ ਆਏ । ਉਹ ਸ਼ੁਰੂ ਵਿਚ ਯਹੂਦੀ ਸਨ ਪਰ ਬਾਦ ਵਿਚ ਉਨ੍ਹਾਂ ਇਸਲਾਮ ਧਰਮ ਅਪਣਾ ਲਿਆ । ਉਨ੍ਹਾਂ ਨੇ ਫਾਰਸੀ ਵਿਚ ਸ਼ਾਨਦਾਰ ੩੩੪ ਰੁਬਾਈਆਂ ਲਿਖੀਆਂ । ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੇ ਬਹੁਤ ਨੇੜੇ ਸਨ । ਪਰ ਬਾਦਸ਼ਾਹ ਔਰੰਗਜ਼ੇਬ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਫ਼ੀ ਵਿਚਾਰਾਂ ਅਤੇ ਇਸਲਾਮ ਵਿਰੋਧੀ ਕਹਿਕੇ ੧੬੬੧ ਈਸਵੀ ਵਿਚ ਸ਼ਹੀਦ ਕਰਵਾ ਦਿੱਤਾ ।

Rubaian Translated By Sardar Suba Singh

ਰੁਬਾਈਆਂ-ਅਨੁਵਾਦਕ ਸਰਦਾਰ ਸੂਬਾ ਸਿੰਘ

ਰੁਬਾਈਆਂ
ਭਾਗ ਪਹਿਲਾ



ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ,
ਲਾਇਆ ਤੇਰੀਆਂ ਰਹਿਮਤਾਂ ਪਾਰ ਸਾਈਆਂ ।
ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ,
ਬਖ਼ਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ ।
ਭਾਵੇਂ ਮੇਰੇ ਗੁਨਾਹ ਨੇ ਬਹੁਤ ਭਾਰੀ,
ਤੇਰੀ ਮੇਹਰ ਪਰ ਅਪਰ ਅਪਾਰ ਸਾਈਆਂ ।
ਸਭਨੀਂ ਥਾਈਂ ਅਜ਼ਮਾ ਕੇ ਵੇਖਿਆ ਮੈਂ,
ਬਖ਼ਸ਼ਣਹਾਰ ਸਾਈਆਂ, ਬਖ਼ਸ਼ਣਹਾਰ ਸਾਈਆਂ ।



ਵਿੱਚ ਜੱਗ ਜਹਾਨ ਦੇ ਕਾਰਖਾਨੇ,
ਮਸਲੇ ਬੜੇ ਸੁਲਝਾ ਕੇ ਵੇਖਿਆ ਮੈਂ ।
ਦੁਖ ਦਰਦ, ਗ਼ਮਗੀਨੀਆਂ ਦੂਰ ਕਰਕੇ,
ਸਭਨਾਂ ਤਾਈਂ ਹਸਾ ਕੇ ਵੇਖਿਆ ਮੈਂ ।
ਪਰ ਨਾ ਕਿਸੇ ਤੋਂ ਮੈਨੂੰ ਇਨਸਾਫ ਮਿਲਿਆ,
ਬੜਾ ਘੁਮ ਘੁਮਾ ਕੇ ਵੇਖਿਆ ਮੈਂ ।
ਸਾਈਆਂ ਵੇਖਿਆ, ਵੇਖਿਆ ਸਾਰਿਆਂ ਨੂੰ,
ਲੱਖ ਵਾਰ ਅਜ਼ਮਾ ਕੇ ਵੇਖਿਆ ਮੈਂ ।



ਰੱਬਾ ! ਤਜਰਬੇ ਦੇ ਰੱਕੜ ਬੇਲਿਆਂ ਵਿਚ,
ਥਾਂ ਥਾਂ ਤੇ ਜਾ ਕੇ ਵੇਖਿਆ ਮੈਂ ।
ਮਿਲਿਆ ਚੰਗਿਆਂ ਮਾੜਿਆਂ ਸਾਰਿਆਂ ਨੂੰ,
ਨਜ਼ਰਾਂ ਮੇਲ ਮਿਲਾ ਕੇ ਵੇਖਿਆ ਮੈਂ ।
ਤੇਰੇ ਬਾਝ ਪਰ ਕਿਸੇ ਨਾ ਵਾਤ ਪੁੱਛੀ,
ਦਿਲ ਦੇ ਦਰਦ ਸੁਣਾ ਕੇ ਵੇਖਿਆ ਮੈਂ ।
ਸਾਈਆਂ ! ਵੇਖਿਆ ! ਵੇਖਿਆ! ਸਾਰਿਆਂ ਨੂੰ,
ਪੂਰੀ ਤਰ੍ਹਾਂ ਪਰਤਾ ਕੇ ਵੇਖਿਆ ਮੈਂ ।



ਪਿੱਛੇ ਪਰਦਿਆਂ ਜਲਵੇ ਦਾ ਕੀ ਫ਼ਾਇਦਾ ?
ਘੁੰਡ ਲਾਹ ਕੇ ਦਰਸ ਦਿਖਾ ਸਾਈਆਂ ।
ਤੈਨੂੰ ਲੱਭਦਾ ਲੱਭਦਾ ਹਾਰ ਹੋਇਆ,
ਰਿਹਾ ਭਾਲਦਾ ਜਾ-ਬਜਾ ਸਾਈਆਂ ।
ਘੁੱਟ ਘੁੱਟ ਕਲੇਜੇ ਦੇ ਨਾਲ ਲਾਵਾਂ,
ਆ ਜਾ ਵਿੱਚ ਗਲਵੱਕੜੀ ਆ ਸਾਈਆਂ ।
ਮੈਨੂੰ ਦੱਸ ਤਾਂ ਸਹੀ ਓੜਕ ਕਦੋਂ ਤੀਕਰ,
ਰੱਖੇਂ ਆਪਣਾ ਆਪ ਛੁਪਾ ਸਾਈਆਂ ।



ਖ਼ੁਸ਼ੀਆਂ ਮਾਣਦੇ ਰੱਜ ਕੇ ਲੋਕ ਸਾਰੇ,
ਦੁਨੀਆਂ ਦੀਨ ਦੀ ਪਾ ਕੇ ਦਾਤ ਸਾਈਆਂ ।
ਮੈਨੂੰ ਖ਼ੁਸ਼ੀ ਪਰ ਬਹੁਤ ਕਮਾਲ ਹੋਵੇ,
ਜੇਕਰ ਦੋਹਾਂ ਤੋਂ ਮਿਲੇ ਨਿਜਾਤ ਸਾਈਆਂ ।
ਪਿਆਰ ਆਪਣੀ ਜ਼ਾਤ ਦਾ ਬਖ਼ਸ਼ ਮੈਨੂੰ,
ਮੇਰੀ ਮੇਟ ਦੇ ਜ਼ਾਤ-ਸਿਫ਼ਾਤ ਸਾਈਆਂ ।
ਜਲਵਾਗਰਾਂ ਨੂੰ ਲੋੜ ਕੀ ਪਰਦਿਆਂ ਦੀ ?
ਜ਼ਰਾ ਬਾਹਰ ਨੂੰ ਮਾਰ ਖਾਂ ਝਾਤ ਸਾਈਆਂ ।



ਸਾਰੇ ਜੱਗ ਦੇ ਵਿੱਚ ਮਸ਼ਹੂਰ ਹੋਈ,
ਨੈਣਾਂ ਵਾਲਿਆ ਦਿਲ-ਰੁਬਾਈ ਤੇਰੀ ।
ਥਾਂ ਥਾਂ 'ਤੇ ਧੁੰਮ ਗਈ ਗੱਲ ਸਾਰੇ,
ਆਖਣ ਬੇਮਿਸਾਲ ਅਸ਼ਨਾਈ ਤੇਰੀ ।
ਦੂਰ ਨਜ਼ਰਾਂ ਤੋਂ ਨਜ਼ਰਾਂ ਦੇ ਵਿੱਚ ਵੀ ਹੈ,
ਮੰਨ ਲਈ ਮੈਂ ਯਾਰਾ ਖ਼ੁਦਾਈ ਤੇਰੀ ।
ਤੇਰੇ ਇਹਨਾਂ ਹੀ ਨਖ਼ਰਿਆਂ ਪੱਟਿਆ ਏ,
ਮੈਨੂੰ ਮਾਰ ਗਈ ਬੇਪਰਵਾਹੀ ਤੇਰੀ ।



ਨੇਕ ਬਦ ਜ਼ਮਾਨੇ ਵਿੱਚ ਜੋ ਵੀ ਸੀ,
ਰੀਝਾਂ ਪੂਰੀਆਂ ਲਾ ਕੇ ਵੇਖਿਆ ਮੈਂ ।
ਖਿੜੇ ਫੁੱਲਾਂ ਨੂੰ ਤੋੜ ਕੇ ਸੁੰਘਿਆ ਮੈਂ,
ਕੰਡੇ ਹੂੰਝ ਹੁੰਝਾ ਕੇ ਵੇਖਿਆ ਮੈਂ ।
ਹਰ ਸ਼ਖ਼ਸ ਘਸਵੱਟੀ ਤੇ ਵਾਂਗ ਸੋਨੇ,
ਚੰਗੀ ਤਰ੍ਹਾਂ ਘਸਾ ਕੇ ਵੇਖਿਆ ਮੈਂ ।
ਸਭਨਾ ਲੋਕਾਂ ਦੀ ਨਜ਼ਰ ਔਕਾਤ ਆ ਗਈ,
ਜਦੋਂ ਇਉਂ ਆਜ਼ਮਾ ਕੇ ਵੇਖਿਆ ਮੈਂ ।



ਮਸਤ ਰੁਮਕਦੀ ਪੌਣ ਸਵੇਰ ਦੀ ਚੋਂ,
ਦਿਲ ਭਾਲਦਾ ਰਿਹਾ ਖ਼ੁਸ਼ਬੋ ਤੇਰੀ ।
ਖੋਜ ਬਾਗ਼ ਵਿੱਚੋਂ ਅੱਖੀਆਂ ਤਰਸ ਗਈਆਂ,
ਫੁੱਲ-ਚਿਹਰੇ ਤੇ ਦਮਕਦੀ ਲੋ ਤੇਰੀ ।
ਇਹਨਾਂ ਦੋਹਾਂ ਚੋਂ ਕੋਈ ਨਾ ਹੱਥ ਆਈ,
ਨਾ ਹੀ ਲੋ ਤੇਰੀ, ਨਾ ਖ਼ੁਸ਼ਬੋ ਤੇਰੀ ।
ਤੇਰੇ ਕੂਚੇ ਵਿੱਚ ਪੁੱਜਿਆ ਦਿਲ ਮੇਰਾ,
ਟੋਹ ਟੋਹ ਕੇ ਐਵੇਂ ਕਨਸੋ ਤੇਰੀ ।



ਮਨ ਮੋਹ ਲੈਣੇ ਪਹਿਲੀ ਨਾਲ ਝਾਤੀ,
ਤੇਰੇ ਵਿਚ ਇਹ ਕਲਾ ਕਮਾਲ ਦੀ ਏ ।
ਵਿੱਚ ਯਾਰੀਆਂ ਅਤੇ ਮੁਹੱਬਤਾਂ ਦੇ,
ਸੂਰਤ ਕੋਈ ਨਾ ਤੈਂਡੜੇ ਨਾਲ ਦੀ ਏ ।
ਓਹ ਅੱਖ ਜੋ ਰਮਜ਼ ਪਛਾਣਦੀ ਹੈ,
ਤੇਰੇ ਚੋਜਾਂ ਨੂੰ ਵੇਖਦੀ ਭਾਲਦੀ ਏ ।
ਓਸ ਅੱਖ ਨੂੰ ਹੀ ਸਾਈਆਂ ਜ਼ਾਤ ਤੇਰੀ,
ਰੰਗ ਸੈਂਕੜੇ ਨਿੱਤ ਵਿਖਾਲਦੀ ਏ ।

੧੦

ਹਰ ਥਾਂ ਤੇ ਹਰ ਮੁਕਾਮ ਅੰਦਰ,
ਮਿਲਦੀ ਨਹੀਂ ਨਿਸ਼ਾਨੀ ਜਫ਼ਾ ਦੀ ਓ ।
ਇਸੇ ਤਰ੍ਹਾਂ ਹੀ ਮਿਲੇ ਨਾ ਹਰ ਥਾਂ ਤੇ,
ਮਿਠੀ ਵਾਸਨਾ ਪਿਆਰ ਵਫ਼ਾ ਦੀ ਓ ।
ਖਸਲਿਤ ਆਪਣੀ ਤੇ ਖ਼ਲਕਤ ਦੇ ਹਾਲ ਬਾਰੇ,
ਤੈਨੂੰ ਖ਼ਬਰ ਨਾ ਕਿਸੇ ਵੀ ਜਾ ਦੀ ਓ ।
ਦੋਵੇਂ ਗੱਲਾਂ ਇਹ ਰੱਬ ਦੇ ਵੱਸ ਯਾਰਾ,
ਆਖਾਂ ਸੱਚ ਮੈਂ ਕਸਮ ਖ਼ੁਦਾ ਦੀ ਓ ।

੧੧

ਰੱਬਾ ਮੇਹਰ ਕਰ ਮੈਂਡੜੇ ਹਾਲ ਉੱਤੇ,
ਕਰਮ ਕਰ ਤੇ ਬਖ਼ਸ਼ ਤਕਸੀਰ ਮੇਰੀ ।
ਸਾਈਆਂ ਰੋਂਦਿਆਂ ਧੋਂਦਿਆਂ ਵੇਖ ਤਾਂ ਸਹੀ,
ਕਿਵੇਂ ਲੰਘਦੀ ਰੈਣ ਅਧੀਰ ਮੇਰੀ ।
ਲੱਥ ਪੱਥ ਗੁਨਾਹਾਂ ਦੇ ਵਿਚ ਹੋਈ,
ਅਜਬ ਰੰਗ ਦੀ ਹੈ ਤਸਵੀਰ ਮੇਰੀ ।
ਤੇਰੇ ਕਰਮ ਤੇ ਲੁਤਫ਼ ਦੀ ਨਜ਼ਰ ਦੇ ਨਾਲ,
ਸੌਰ ਜਾਏਗੀ ਸਾਂਈਆਂ ਤਕਦੀਰ ਮੇਰੀ ।

੧੨

ਕਿਸੇ ਬਾਗ਼ ਜਾਂ ਕਿਸੇ ਉਜਾੜ ਅੰਦਰ,
ਮਹਿਫ਼ਲ ਜੋੜ ਬੈਠੀ ਕਿਧਰੇ ਚਾਰ ਯਾਰੀ ।
ਗੱਪਾਂ ਵੰਨ-ਸਵੰਨੀਆਂ ਚੱਲ ਪਈਆਂ,
ਨਾਲ ਹੋਏ ਸ਼ਰਾਬ ਦੇ ਦੌਰ ਜਾਰੀ ।
ਖਿੰਡਰ ਗਏ ਪਰ ਓੜਕ ਨੂੰ ਯਾਰ ਸਾਰੇ,
ਗੱਲਾਂ ਮੁੱਕੀਆਂ ਤਾਂ ਹੋਈ ਚੁੱਪ ਤਾਰੀ ।
ਕੋਈ ਫ਼ਲਕ ਬੇਪੀਰ ਨੂੰ ਕੀ ਆਖੇ,
ਕੀਤੀ ਓਹਨੇ ਸੀ ਇਹ ਤਬਾਹਕਾਰੀ ।

੧੩

ਦਿਲਾ ਏਸ ਦੇ ਫ਼ਿਕਰ ਤੋਂ ਬਾਜ਼ ਆ ਜਾ,
ਕੂੜਾ ਇਹ ਜਹਾਨ ਹੈ ਬਾਜ਼ ਆ ਜਾ ।
ਪਰ੍ਹਾਂ ਹੂੰਝ ਦੇ ਖ਼ਾਮ ਖ਼ਿਆਲੀਆਂ ਨੂੰ,
ਇਹ ਤਾਂ ਵਹਿਮ ਗੁਮਾਨ ਹੈ ਬਾਜ਼ ਆ ਜਾ ।
ਇਹਨਾਂ ਇਸ਼ਰਤਾਂ ਵਿਚ ਜੋ ਖ਼ੁਸ਼ੀ ਹੋਵੇ,
ਹੁੰਦਾ ਉਹ ਨਦਾਨ ਹੈ ਬਾਜ਼ ਆ ਜਾ ।
ਦੁਨੀਆਂ ਆਪ ਝੂਠੀ ਇਹਦਾ ਮੋਹ ਝੂਠਾ,
ਝੂਠੀ ਏਸ ਦੀ ਸ਼ਾਨ ਹੈ ਬਾਜ਼ ਆ ਜਾ ।

੧੪

ਝਾਤੀ ਮਾਰ ਕੇ ਵੇਖ ਉਜਾੜ ਅੰਦਰ,
ਤੇਰੇ ਸਿਰ ਤੇ ਕੂਕਦਾ ਕਾਲ ਆਏ ।
ਮਾੜਾ ਹੁੰਦਾ ਅੰਜਾਮ ਹੈ ਇਸ਼ਰਤਾਂ ਦਾ,
ਕਿਸੇ ਕੰਮ ਨਾ ਜੋੜਿਆ ਮਾਲ ਆਏ ।
ਮਾਲ ਜੋੜੀ ਦਾ ਡੋਲ੍ਹ ਕੇ ਲਹੂ ਮੁੜ੍ਹਕਾ,
ਇਸ ਤੋਂ ਅੰਤ ਨੂੰ ਬੜਾ ਮਲਾਲ ਆਏ ।
ਨਾਲ ਵਖ਼ਤਾਂ ਦੇ ਧਨ ਤੇ ਮਾਲ ਆਏ,
ਕਰ ਕੇ ਸਦਾ ਪਰ ਓਹ ਪਾਮਾਲ ਜਾਏ ।

੧੫

ਕਦੇ ਨਖਰਿਆਂ ਨਾਲ ਉਹ ਸਿਤਮ ਤੋੜੇ,
ਕਦੇ ਬੜਾ ਹੀ ਨਿੱਘਾ ਪਿਆਰ ਕਰਦਾ ।
ਹਰ ਘੜੀ ਉਹ ਖ਼ੁਦਨੁਮਾਈ ਖ਼ਾਤਰ,
ਸੈਆਂ ਰੰਗਾਂ ਦੀ ਪੈਦਾ ਬਹਾਰ ਕਰਦਾ ।
ਜ਼ਰਾ ਨਜ਼ਰ ਦੀ ਗੋਦ ਪਸਾਰ ਵੇਖੀਂ,
ਤੈਨੂੰ ਕਿਵੇਂ ਉਹ ਮਹਿਕਹਾਰ ਕਰਦਾ ।
ਇੱਕ ਕਦਮ ਵੀ ਨਾ ਹੋਏ ਜੁਦਾ ਤੈਥੋਂ,
ਇਉਂ ਇਸ਼ਕ ਦਾ ਫੇਰ ਇਜ਼ਹਾਰ ਕਰਦਾ ।

੧੬

ਹਰ ਥਾਂ, ਹਰ ਘੜੀ ਮੈਂ ਮਨ ਅੰਦਰ,
ਜਦੋਂ ਕਦੋਂ ਵੀ ਕਿਧਰੇ ਹਿਸਾਬ ਲਾਇਆ ।
ਗਿਣਤੀ ਮੇਰੇ ਗੁਨਾਹਾਂ ਦੀ ਘੱਟ ਨਾ ਸੀ,
ਤੇਰਾ ਫ਼ਜ਼ਲ ਪਰ ਬੇਹਿਸਾਬ ਪਾਇਆ ।
ਭਾਵੇਂ ਨਾਲ ਗੁਨਾਹਾਂ ਦੇ ਮੈਂ ਭਰਿਆ,
ਕੰਮ ਨੇਕੀ ਦਾ ਨਹੀਂ ਜਨਾਬ ਆਇਆ ।
ਸਦਕਾ ਤੇਰੀਆਂ ਹੀ ਸਾਈਆਂ ਰਹਿਮਤਾਂ ਦਾ,
ਪਾਪੀ ਹੁੰਦਿਆਂ ਨਹੀਂ ਅਜ਼ਾਬ ਆਇਆ ।

੧੭

ਮੈਂ ਤਾਂ ਇਕ ਫ਼ਕੀਰ ਦਰਵੇਸ਼ ਹੋਇਆ,
ਮੇਰਾ ਵਾਸਤਾ ਸਿਰਫ਼ ਹੈ ਯਾਰ ਦੇ ਨਾਲ ।
ਫਾਹੇ ਲਾਉਣਾ ਜਨੇਊਆਂ ਤੇ ਤਸਬੀਆਂ ਨੂੰ,
ਕੋਈ ਗਰਜ਼ ਨਾ ਏਸ ਵਿਹਾਰ ਦੇ ਨਾਲ ।
ਊਨੀ ਚੋਗੇ ਦੇ ਹੇਠ ਹਜ਼ਾਰ ਫਿਤਨੇ,
ਵੇਖੇ ਕੋਈ ਜੇ ਜ਼ਰਾ ਵਿਚਾਰ ਦੇ ਨਾਲ ।
ਲਵਾਂ ਕਦੇ ਨਾ ਆਪਣੇ ਮੋਢਿਆਂ ਤੇ,
ਮੇਰਾ ਕੰਮ ਕੀ ਇਸ ਮੱਕਾਰ ਦੇ ਨਾਲ ।

੧੮

ਭਾਵੇਂ ਏਸ ਜ਼ਮਾਨੇ ਦੀ ਸੋਚ ਉਲਟੀ,
ਨੇਕੀ ਸਮਝਿਆ ਜਾਏ ਗ਼ਰੂਰ ਏਥੇ ।
ਅਸਲ, ਸੱਚੀ ਵਡਿਆਈ ਤਾਂ ਆਜਜ਼ੀ ਹੈ,
ਭਾਵੇਂ ਲੋਕ ਨੇ ਏਸ ਤੋਂ ਦੂਰ ਏਥੇ ।
ਆਪਾ ਮਾਰਨ ਦੀ ਵੱਖਰੀ ਸ਼ਾਨ ਹੁੰਦੀ,
ਆਉਂਦਾ ਓਸ ਦਾ ਇੱਕ ਸਰੂਰ ਏਥੇ ।
ਪੱਥਰ ਕੁੱਟਿਆਂ ਰਗੜਿਆਂ ਬਣੇ ਸੁਰਮਾ,
ਬਖ਼ਸ਼ੇ ਅੱਖੀਆਂ ਨੂੰ ਜਿਹੜਾ ਨੂਰ ਏਥੇ ।

੧੯

ਮੈਨੂੰ ਵੱਲ ਨਿਵਾਣਾਂ ਦੇ ਰੇਹੜ ਗਿਆ,
ਸੋਹਣਾ ਢੋਲ ਪਿਆਰ ਦੇ ਜ਼ੋਰ ਕੋਈ ।
ਮਸਤੀ ਜਾਮ ਪਿਆਲ ਕੇ ਅੱਖੀਆਂ 'ਚੋਂ,
ਆਪਾ ਖੋਹ ਕੇ ਦੇ ਗਿਆ ਲੋਰ ਕੋਈ ।
ਓਹਨੂੰ ਕੋਲ ਬਿਠਾਲ ਕੇ ਲੱਭਦਾ ਹਾਂ,
ਸੁਣੇ ਹੋਰ ਕੋਈ, ਸਮਝੇ ਹੋਰ ਕੋਈ ।
ਮੈਨੂੰ ਵੇਖ ਲਓ ਨੰਗਿਆਂ ਕਰ ਗਿਆ ਜੇ,
ਬੜਾ ਅਜਬ ਅਵੱਲੜਾ ਚੋਰ ਕੋਈ ।

ਭਾਗ ਦੂਜਾ

੨੦

ਹਉਮੈ ਅਤੇ ਹੰਕਾਰ ਤਕੱਬਰੀ ਚੋਂ,
ਸੁਖ, ਚੈਨ, ਆਰਾਮ ਨੂੰ ਭਾਲਣਾ ਕੀ ?
ਹਿੰਮਤ ਹੌਸਲਾ ਜੇ ਨਾ ਹੋਏ ਪੱਲੇ,
ਵਡੀ ਪਦਵੀ ਇਨਾਮ ਨੂੰ ਭਾਲਣਾ ਕੀ ?
ਮਹਿਫ਼ਲ ਇਹ ਜੋ ਦੁਨੀਆਂ ਦੇ ਧੰਦਿਆਂ ਦੀ,
ਇਸ ਤੋਂ ਨਫ਼ੇ ਦੇ ਜਾਮ ਨੂੰ ਭਾਲਣਾ ਕੀ ?
ਆਸ ਲਾਹੇ ਦੀ ਛੱਡ ਨੁਕਸਾਨ ਜਰ ਲੈ,
ਏਥੋਂ ਹੋਰ ਅੰਜਾਮ ਨੂੰ ਭਾਲਣਾ ਕੀ ?

੨੧

ਐਸ਼ ਇਸ਼ਰਤਾਂ ਵਿਚ ਗ਼ਲਤਾਨ ਹੋ ਕੇ,
ਸਾਰੀ ਉਮਰ ਹੀ ਕੋਈ ਗੁਜ਼ਾਰ ਦੇਵੇ ।
ਬਿਨਾ ਪੁੱਛਿਆਂ ਗੱਲ ਅਜੀਬ ਕੋਈ ਨਾ,
ਮੌਲਾ ਉਸ ਨੂੰ ਪਾਰ ਉਤਾਰ ਦੇਵੇ ।
ਕੰਮਾਂ ਮੰਦਿਆਂ ਨੂੰ ਕਾਹਨੂੰ ਵੇਖਦਾ ਏ,
ਜੇਕਰ ਵੇਖ ਵੀ ਲਏ ਵਿਸਾਰ ਦੇਵੇ ।
ਜੀਹਦੇ ਕਹਿਰ ਨਾਲੋਂ ਓਹਦੀ ਮਿਹਰ ਬਹੁਤੀ,
ਓਹਦੀ ਨਜ਼ਰ ਹੀ ਪਾਪੀ ਨੂੰ ਤਾਰ ਦੇਵੇ ।

੨੨

ਮੇਰੇ ਪਾਪਾਂ ਤੇ ਤੇਰੀਆਂ ਰਹਿਮਤਾਂ ਦਾ,
ਸਾਈਆਂ ਕਿਸ ਤਰ੍ਹਾਂ ਕੋਈ ਹਿਸਾਬ ਲਾਏ ?
ਉਠਣ ਬੁਲਬੁਲੇ ਜੋ ਸਾਗਰ-ਪਾਣੀਆਂ ਤੇ,
ਕਿਵੇਂ ਉਹਨਾਂ ਦਾ ਕੋਈ ਹਿਸਾਬ ਲਾਏ ?
ਸੋਚ ਉਹ ਵੀ ਥਾਹ ਨਾ ਲੈ ਸਕਦੀ,
ਜਿਹੜੀ ਉਡਦੀ ਵਾਂਗ ਉਕਾਬ ਜਾਏ ?
ਤੇਰੀ ਮਿਹਰ ਜਦ ਬੇ-ਹਿਸਾਬ ਸਾਈਆਂ,
ਕੌਣ ਓਸਦਾ ਫੇਰ ਹਿਸਾਬ ਲਾਏ ?

੨੩

ਲੈ ਕੇ ਕੌਸਰ ਦੇ ਸਾਕੀ ਤੋਂ ਲਾਲ ਰੰਗੀ,
ਪੀ ਲੈ ਏਸ ਦਾ ਨਹੀਂ ਇਲਜ਼ਾਮ ਆਉਂਦਾ ।
ਜਿਹੜੀ ਜਾਨ ਬੇਚੈਨ ਅਖ਼ੀਰ ਉਮਰੇ,
ਉਹਨੂੰ ਪੀਂਦਿਆਂ ਸਾਰ ਆਰਾਮ ਆਉਂਦਾ ।
ਫਸਿਆ ਤੂੰ ਸੰਸਾਰ ਦੇ ਬੰਧਨਾਂ ਵਿੱਚ,
ਤੈਨੂੰ ਚੈਨ ਨਾ ਸੁਬ੍ਹਾ ਤੇ ਸ਼ਾਮ ਆਉਂਦਾ ।
ਮੰਗ ਸਾਈਂ ਦਾ ਫ਼ਜ਼ਲ ਤੇ ਕਰਮ ਯਾਰਾ,
ਇਹਦੇ ਨਾਲ ਹੀ ਸੁੱਖ ਮੁਦਾਮ ਆਉਂਦਾ ।

੨੪

ਤੇਰੀ ਹਸਤੀ ਹੈ ਨਿਰੀ ਕਿਤਾਬ ਵਰਗੀ,
ਤੈਨੂੰ ਆਪਣੇ ਆਪ ਦੀ ਸਾਰ ਨਹੀਓਂ ।
ਤੇਰੇ ਵਿਚ ਵੀ ਅੱਲਾ ਦੇ ਬੋਲ ਰੱਖੇ,
ਤੂੰ ਸਮਝਿਆ ਇਹ ਇਸਰਾਰ ਨਹੀਓਂ ।
ਜ਼ਾਹਰਾ ਸੱਚ ਦੀ ਜੋਤ ਜੋ ਮੱਚਦੀ ਹੈ,
ਤੂੰ ਵੇਖਦਾ ਓਹਦੀ ਲਿਸ਼ਕਾਰ ਨਹੀਓਂ ।
ਬੋਤਲ ਭਰੀ ਸ਼ਰਾਬ ਦੀ ਜਿਵੇਂ ਹੁੰਦੀ,
ਉਹ ਨਸ਼ੇ ਦੀ ਜਾਣਦੀ ਸਾਰ ਨਹੀਓਂ ।

੨੫

'ਸਰਮਦ' ਕਾਸ ਨੂੰ ਟੱਕਰਾਂ ਮਾਰਨਾ ਏਂ,
ਖ਼ਲਕ ਵਿੱਚ ਮੁਹੱਬਤ ਦਾ ਨਾਂ ਕਿੱਥੇ ?
ਟੁੰਡੇ ਰੁੱਖ ਤੇ ਸੁੱਕੀਆਂ ਟਾਹਣੀਆਂ ਤੋਂ,
ਹਰੇ ਪੱਤਿਆਂ ਦੀ ਮਿਲਦੀ ਛਾਂ ਕਿੱਥੇ ?
ਤਮ੍ਹਾਂ, ਲੋਭ ਦੇ ਵਿਚ ਖੁਆਰੀਆਂ ਨੇ,
ਸਬਰ ਬਿਨਾਂ ਸਤਕਾਰ ਦੀ ਥਾਂ ਕਿੱਥੇ ?
ਚਾਹੇਂ ਮਾਨ ਸਨਮਾਨ ਤਾਂ ਭੱਜ ਓਥੋਂ,
ਲੱਭੇ, ਲੋਭ ਦਾ ਨਾਮ ਨਿਸ਼ਾਂ ਜਿੱਥੇ !

ਭਾਗ ਤੀਜਾ

੨੬

ਮਨਾ ਮੇਰਿਆ ਜ਼ਾਲਮਾਂ ਕੀ ਹੋਇਆ,
ਮਰੂੰ ਮਰੂੰ ਨਾ ਕਰੀ ਜਾ ਵਾਸਤਾ ਈ ।
ਭਰਨਾ ਚਾਹੇਂ ਜੇ ਝੋਲੀਆਂ ਨਾਲ ਬਖ਼ਸ਼ਿਸ਼,
ਸ਼ੁਕਰ ਰੱਬ ਦਾ ਕਰੀ ਜਾ ਵਾਸਤਾ ਈ ।
ਬਿਨਾ ਸਬਰ ਸੰਤੋਖ ਨਾ ਖ਼ੁਸ਼ੀ ਹਾਸਲ,
ਸਬਰ ਕਰੀ ਜਾ ਕਰੀ ਜਾ ਵਾਸਤਾ ਈ ।
ਤੇਰੀ ਆਸ ਅਨੁਸਾਰ ਨਾ ਹੋਏ ਦੁਨੀਆਂ,
ਬਾਹਲੀ ਆਸ ਨਾ ਕਰੀ ਜਾ ਵਾਸਤਾ ਈ ।

੨੭

ਚੋਗੇ ਹੇਠ ਤੂੰ ਫਿਰੇਂ ਲੁਕਾਈ ਜੰਞੂ,
ਇਹਦੇ ਵਿਚ ਖ਼ਰਾਬੀਆਂ ਭਾਰੀਆਂ ਈ ।
ਇਹਦੇ ਦਾਮਨ ਦੇ ਵਿਚ ਹਜ਼ਾਰ ਫਿਤਨੇ,
ਧੋਖਾ ਦੰਭ ਤੇ ਹੋਰ ਮਕਾਰੀਆਂ ਈ ।
ਇਹਨੂੰ ਭੁੱਲ ਕੇ ਰੱਖੀਂ ਨਾ ਮੋਢਿਆਂ ਤੇ,
ਇਹਦੀ ਛੋਹ ਵਿਚ ਬਹੁਤ ਖਵਾਰੀਆਂ ਈ ।
ਬੋਝਲ ਪੰਡ ਹੈ ਨਿਰੀ ਨਦਾਮਤਾਂ ਦੀ,
ਇਸ 'ਚ ਸੈਂਕੜੇ ਦਿਲ ਆਜ਼ਾਰੀਆਂ ਈ ।

੨੮

ਚੁੱਕੀ ਫਿਰਦਾ ਸੀ ਨਿਰਾ ਸਰੀਰ 'ਸਰਮਦ',
ਓਹਦੀ ਹੋਰ ਦੇ ਹੱਥ ਪਰ ਜਾਨ ਯਾਰਾ ।
ਜੇਕਰ ਸਮਝੀਏ ਓਸ ਨੂੰ ਤੀਰ ਵਰਗਾ,
ਫੜੀ ਕਿਸੇ ਨੇ ਹੱਥ ਕਮਾਨ ਯਾਰਾ ।
ਚਾਹਿਆ ਓਸ ਨੇ ਸਦਾ ਆਜ਼ਾਦ ਰਹਿਣਾ,
ਏਸੇ ਵਾਸਤੇ ਬਣਿਆ ਇਨਸਾਨ ਯਾਰਾ ।
ਉਲਟੀ ਖੇਡ, ਪਰ, ਰੱਸਾ ਸੀ ਕਿਸੇ ਦੇ ਹੱਥ,
ਤੇ ਓਹ ਗਊ ਸੀ ਬੇਜ਼ੁਬਾਨ ਯਾਰਾ ।

੨੯

ਛਲਕਣ ਸਾਗ਼ਰ ਗੁਲਾਬ ਦੇ ਫੁੱਲ ਵਰਗੇ,
ਮਹਿਕਾਂ ਵੰਡਦੀ ਹੋਏ ਗੁਲਜ਼ਾਰ ਜਿੱਥੇ ।
ਮੌਜੀ ਦਿਲ ਦਾ ਆਹਲਣਾ, ਘਰ ਮੇਰਾ,
ਫਿਰੇ ਝੂਮਦੀ ਇਓਂ ਬਹਾਰ ਜਿੱਥੇ ।
ਮੈਨੂੰ ਕਹੇਂ ਸ਼ਰਾਬੀ ਤਾਂ ਝੂਠ ਕੋਈ ਨਾ,
ਮੈਨੂੰ ਏਸ ਤੋਂ ਭਲਾ ਇਨਕਾਰ ਕਿੱਥੇ ?
ਜੇ ਕਰ ਕਹੇਂ ਪਰ ਪਾਰਸਾ, ਪਾਕਦਾਮਨ,
ਤੇਰੇ ਨਾਲ ਦਾ ਝੂਠਾ ਬੁਰਿਆਰ ਕਿੱਥੇ ?

੩੦

ਬੰਦੇ ਹਿਰਸ ਹਵਾ ਦੇ ਵਿੱਚ ਦੁਨੀਆਂ,
ਨਿਰੇ ਪੈਸਿਆਂ ਦੇ ਜਿਹੜੇ ਯਾਰ ਹੁੰਦੇ ।
ਇੱਕ ਦੂਜੇ ਦੇ ਨਾਲ ਓਹ ਰਹਿਣ ਲੜਦੇ,
ਸਾੜੇ ਈਰਖਾ ਨਾਲ ਬੀਮਾਰ ਹੁੰਦੇ ।
ਡਰੋ, ਕਦੇ ਨਾ ਸੱਪਾਂ ਤੇ ਬਿੱਛੂਆਂ ਤੋਂ,
ਭਾਵੇਂ ਇਹ ਨਾ ਕਿਸੇ ਦੇ ਯਾਰ ਹੁੰਦੇ ।
ਡਰ ਕੇ ਭੱਜੋ ਪਰ ਐਸਿਆਂ ਬੰਦਿਆਂ ਤੋਂ,
ਜਿਹੜੇ ਜ਼ਹਿਰ ਹੁੰਦੇ ਜਿਹੜੇ ਖ਼ਾਰ ਹੰਦੇ ।

੩੧

ਆ ਜਾ ਜ਼ਾਹਦਾ ਸੰਗਣ ਦੀ ਗੱਲ ਕਿਹੜੀ,
ਮਜ਼ੇਦਾਰ ਹੈ ਵੇਖ! ਸ਼ਰਾਬ ਪੀ ਲੈ ।
ਪਰ੍ਹਾਂ ਲਾਹ ਕੇ ਸੁੱਟ ਦੇ ਪਾਰਸਾਈ,
ਰਿੰਦਾਂ ਵਾਂਗਰਾਂ ਬੇ-ਹਿਸਾਬ ਪੀ ਲੈ ।
ਇਹ ਹਲਾਲ ਹੈ, ਸ਼ੈਅ ਹਰਾਮ ਤਾਂ ਨਹੀਂ,
ਇਹਨੂੰ ਸਮਝ ਕੇ ਸਗੋਂ ਸਵਾਬ ਪੀ ਲੈ ।
ਸਾਈਂ ਬਾਝ ਨਾ ਹੋਰ ਕੁਛ ਨਜ਼ਰ ਆਵੇ,
ਦੂਈ ਮੇਟਣੀ ਬੇ-ਹਿਜਾਬ ਪੀ ਲੈ ।

੩੨

ਮਾੜੀ ਗੱਲ ਹੈ ਇਸ਼ਰਤਾਂ ਵਿਚ ਪੈਣਾ,
ਪਿੱਛੇ ਪਦਵੀਆਂ ਜਾਨ ਹਲਕਾਨ ਕਰਨਾ ।
ਵਹਿਮਾਂ ਭਰਮਾਂ ਦੇ ਫ਼ਿਕਰ ਚਮੋੜ ਲੈਣੇ,
ਮਾੜਾ ਆਪਣਾ ਆਪ ਨੁਕਸਾਨ ਕਰਨਾ ।
ਸਦਾ ਰੂਹ ਕਲਬੂਤ ਵਿਚ ਨਹੀਂ ਰਹਿਣੀ,
ਖ਼ਾਲੀ ਓੜਕ ਨੂੰ ਇਹ ਮਕਾਨ ਕਰਨਾ ।
ਚਾਰ ਛਿਨਾਂ ਦੀ ਬੁਲਬੁਲਾ ਜ਼ਿੰਦਗੀ ਲਈ,
ਕਾਹਨੂੰ ਆਪਣਾ ਆਪ ਹੈਰਾਨ ਕਰਨਾ ।

੩੩

ਜਦੋਂ ਦਿਲ ਪਿਆਰ ਦਾ ਹੋਏ ਭਰਿਆ,
ਲਹਿਜਾ ਵੱਖ ਤੇ ਹੁੰਦਾ ਖ਼ਤਾਬ ਵੱਖਰਾ ।
ਕੋਈ ਤੂਰ ਦੀ ਗੱਲ ਸੁਣਾਓ ਮੈਨੂੰ,
ਮੇਰਾ ਹਾਲ ਤਾਂ ਅੱਜ ਜਨਾਬ ਵੱਖਰਾ ।
ਫਿਰਦਾ ਰਹਾਂ ਮੈਂ ਵਾਂਗ ਦੀਵਾਨਿਆਂ ਦੇ,
ਮੇਰੀ ਨਜ਼ਰ ਵਿਚ ਹਸਤੀ ਦਾ ਖ਼ਾਬ ਵੱਖਰਾ ।
ਫ਼ਿਕਰ ਵੱਖਰੇ, ਰਾਹ, ਖਿਆਲ ਵੱਖਰੇ,
ਮੇਰਾ ਦੁਨੀਆਂ ਤੋਂ ਬੜਾ ਹਿਸਾਬ ਵੱਖਰਾ ।

੩੪

ਸਾਰੇ ਹਿਰਸ ਹਵਾ ਦੇ ਪੁੱਤ ਹੋਏ,
ਵਗੀ ਦੁਨੀਆਂ ਨੂੰ ਰੱਬ ਦੀ ਮਾਰ ਏਥੇ ।
ਕੋਈ ਦਿਲ ਵਾਲਾ ਜਿੱਥੇ ਨਜ਼ਰ ਆਵੇ,
ਓਹ ਵੀ ਭਾਲਦਾ ਫਿਰੇ ਦੀਨਾਰ ਏਥੇ ।
ਸਰਬਤ ਪੈਸਿਆਂ ਦਾ ਏਥੇ ਪੰਜ ਮਾਸੇ,
ਤਾਲਬ ਪੀਣ ਦੇ ਕਈ ਹਜ਼ਾਰ ਏਥੇ ।
ਖੋਲੇ ਉੱਜੜੇ ਵਿੱਚ ਵੀ ਥਾਂ ਕੋਈ ਨਾ,
ਭਰੇ ਪਏ ਨੇ ਬੜੇ ਬੀਮਾਰ ਏਥੇ ।

੩੫

ਏਸ ਗੱਲ ਦੇ ਵਿੱਚ ਨਾ ਸ਼ੱਕ ਕੋਈ,
ਸ਼ੇਅਰੋ, ਸ਼ਾਇਰੀ ਸ਼ੁਗਲ ਜਵਾਨੀਆਂ ਦਾ ।
ਫੁੱਲ, ਸਾਕੀ, ਸੁਰਾਹੀ, ਨੂੰ ਪਿਆਰ ਕਰਨਾ,
ਚਸਕਾ ਰੱਖਣਾ ਹੋਰ ਨਦਾਨੀਆਂ ਦਾ ।
ਆਏ ਜਦੋਂ ਬੁਢੇਪਾ ਤਾਂ ਛੱਡ ਦਈਏ,
ਖਹਿੜਾ ਦੁਨੀਆਂ ਤੇ ਐਸ਼ ਸਾਮਾਨੀਆਂ ਦਾ ।
ਹਰ ਘੜੀ ਅਗ੍ਹਾਂ ਦਾ ਫ਼ਿਕਰ ਕਰੀਏ,
ਪੱਲਾ ਛਡ ਕੇ ਯਾਦਾਂ ਮਸਤਾਨੀਆਂ ਦਾ ।

੩੬

ਜੋ ਵੀ ਕੋਈ ਸ਼ਰਾਬ ਤੋਂ ਕਰੇ ਤੋਬਾ,
ਓਹ ਤਾਂ ਪੁੱਜਕੇ ਮੂਰਖ ਨਦਾਨ ਹੁੰਦਾ ।
ਭਾਵੇਂ ਓਸ ਨੂੰ ਕੋਈ ਇਨਸਾਨ ਆਖੇ,
ਪਰ ਓਹ ਅਸਲ ਦੇ ਵਿੱਚ ਹੈਵਾਨ ਹੁੰਦਾ ।
ਇਹਦੇ ਪੀਤਿਆਂ ਦਰਦ ਵਿਛੋੜਿਆਂ ਦਾ,
ਪਹਿਲੇ ਘੁੱਟ ਦੇ ਨਾਲ ਜਵਾਨ ਹੁੰਦਾ ।
ਭਾਂਬੜ ਮੱਚ ਪੈਂਦੇ ਦਿਲ ਵਿੱਚ ਹੋਏ ਦੱਬੇ,
ਇਹਦੇ ਘੁੱਟ ਵਿੱਚ ਓਹ ਸਾਮਾਨ ਹੁੰਦਾ ।

੩੭

ਤਮ੍ਹਾ ਹਿਰਸ ਹਵਾ ਦਾ ਮਾਰਿਆ ਜੋ,
ਹੁੰਦੀ ਓਸ ਦੀ ਸਦਾ ਹੀ ਬੱਸ ਜਾਏ ।
ਪੰਛੀ ਉਡਦਾ ਮਗਰ ਜੋ ਦਾਣਿਆਂ ਦੇ,
ਝਪਟ ਮਾਰਦਾ ਜਾਲ ਵਿਚ ਫਸ ਜਾਏ ।
ਪੱਲੇ ਮਾਲ ਦੇ ਨਾਲ ਮਲਾਲ ਆਉਂਦਾ,
ਵਧੇ ਮਾਲ ਤਾਂ ਪੈ ਖਰਖੱਸ ਜਾਏ ।
ਜੀਹਦੇ ਕੋਲ ਨਾ ਦੁਨੀਆਂ ਵਿਚ ਦੱਮ ਬਾਹਲੇ,
ਉਹੀ ਨਾਲ ਆਰਾਮ ਦੇ ਵੱਸ ਜਾਏ ।

੩੮

ਜਿਹੜਾ ਹਿਰਸ ਹਵਾ ਦੇ ਵਿਚ ਫਸਿਆ,
ਓਹ ਦੂਰ ਸੰਤੋਖ ਤੋਂ ਭੱਜਦਾ ਈ ।
ਬਖ਼ਸ਼ੇ ਓਸ ਨੂੰ ਕੋਈ ਜੇ ਬਾਦਸ਼ਾਹੀ,
ਨਾ ਹੀ 'ਬੱਸ' ਆਖੇ ਨਾ ਹੀ ਰੱਜਦਾ ਈ ।
ਰਿਸ਼ਤਾ ਜ਼ਿੰਦਗੀ ਦਾ ਹੁੰਦਾ ਬਹੁਤ ਛੋਟਾ,
ਹੁੰਦਾ ਊਂ ਵੀ ਕਿਸੇ ਨਾ ਹੱਜ ਦਾ ਈ ।
ਅਸਲ ਵਿਚ ਉਹ ਜਾਲ ਦੇ ਪਿੰਜਰੇ ਈ,
'ਆਸਾਂ' ਨਾਓਂ ਜਿਨ੍ਹਾਂ ਦਾ ਵੱਜਦਾ ਈ ।

੩੯

ਉਪਰ ਬਾਗ ਜਹਾਨ, ਤੇ ਸ਼ੌਕ ਦੇ ਨਾਲ,
ਹਰ ਕਿਸੇ ਨੇ ਲੁਬਦਕੀ ਝਾਤ ਪਾਈ ।
ਮਿੱਧੇ ਫੁੱਲਾਂ ਤੇ ਤਿੱਖਿਆਂ ਕੰਡਿਆਂ ਦੀ,
ਝੋਲੀ ਆਪਣੀ ਓਹਨਾਂ ਸੁਗਾਤ ਪਾਈ ।
ਇਹ ਹਸਤੀ ਤਾਂ ਸੱਚ ਦੀ ਹੈ ਮੂਰਤ,
ਹਿੱਸੇ ਇਹ ਮਨੁੱਖ ਦੇ ਦਾਤ ਆਈ ।
ਉਸ ਤੇ ਬੜਾ ਅਫ਼ਸੋਸ ਜੋ ਲੰਘ ਗਿਆ,
ਜਿਸ ਨੂੰ ਸਮਝ ਪਰ ਜ਼ਰਾ ਨਾ ਬਾਤ ਆਈ ।

੪੦ ਗਲਬਾ ਹਿਰਸ ਨੇ ਜਿਨ੍ਹਾਂ ਤੇ ਹੋਏ ਪਾਇਆ,
ਪੱਲੇ ਓਹਨਾਂ ਦੇ ਲੱਖ ਆਜ਼ਾਰ ਵੇਖੇ ।
ਸ਼ਰਬਤ ਸੋਨੇ ਦਾ ਪੀ ਨਾ ਹੋਣ ਰਾਜ਼ੀ,
ਦਿਲ ਉਹਨਾਂ ਦੇ ਇਉਂ ਬੀਮਾਰ ਵੇਖੇ ।
ਅੱਖਾਂ ਭੁੱਖੀਆਂ ਕਦੇ ਨਾ ਰੱਜੀਆਂ ਨੇ,
ਕੋਈ ਵਿਚ ਸੰਸਾਰ ਵਿਚਾਰ ਵੇਖੇ ।
ਲੋਭੀ ਏਤਰਾਂ ਦੇ ਮੈਂ ਤਾਂ ਜੱਗ ਅੰਦਰ,
ਪੈਰ ਪੈਰ ਹਜ਼ਾਰ ਹਜ਼ਾਰ ਵੇਖੇ ।

੪੧

ਜਿਸ ਥਾਂ ਯਾਰ-ਵਿਛੋੜੇ ਦਾ ਦਰਦ ਵੱਸੇ,
ਓਸ ਥਾਂ ਤੇ ਬੜਾ ਆਰਾਮ ਹੁੰਦਾ ।
ਜੋ ਕੋਈ ਵੀ ਏਸ ਦਾ ਨਹੀਂ ਮਹਿਰਮ,
ਓਹ ਦੁਨੀਆਂ ਵਿੱਚ ਸਦਾ ਨਾਕਾਮ ਹੁੰਦਾ ।
ਮੁੱਖ ਫੇਰ ਨਾ ਪਿਆਰ, ਸ਼ਰਾਬ ਵਲੋਂ,
ਕਰਦਾ ਆਦਮੀ ਇਓਂ ਬਦਨਾਮ ਹੁੰਦਾ ।
ਓਹਨੂੰ ਦੌਲਤ ਜਮਸ਼ੈਦ ਦੀ ਹੱਥ ਆਏ,
ਜੀਹਦੇ ਹੱਥਾਂ ਵਿੱਚ ਛਲਕਦਾ ਜਾਮ ਹੁੰਦਾ ।

੪੨

ਜਿਹੜਾ ਏਸ ਜ਼ਮਾਨੇ ਦੇ ਵਿੱਚ ਰਹਿਕੇ,
ਹਿੰਮਤ ਆਪਣੀ ਬਰ ਕਰਾਰ ਰੱਖੇ ।
ਓਹਨੂੰ ਚਾਹੀਦਾ ਏ ਇਬਰਤ ਕਰੇ ਹਾਸਲ,
ਹੋਰ ਕੋਈ ਵੀ ਨਾ ਸਰੋਕਾਰ ਰੱਖੇ ।
ਬੈਠ ਜਾਏ ਨਵੇਕਲਾ ਕੁੰਜ-ਗੋਸ਼ੇ,
ਲੋਕਾਂ ਨਾਲ ਨਾ ਕੋਈ ਵਿਹਾਰ ਰੱਖੇ ।
ਭੱਜੇ ਦੂਰ ਉਹ ਬਦੀਆਂ ਤੇ ਨੇਕੀਆਂ ਤੋਂ,
ਦਿਲ ਦੁਨੀਆਂ ਦਾ ਨਾ ਤਲਬਗਾਰ ਰੱਖੇ ।

੪੩

ਜੇਕਰ ਕਿਸੇ ਦਾ ਹੱਥ ਵਟਾ ਸਕੇਂ,
ਇਹਦੇ ਨਾਲ ਦਾ ਹੋਰ ਕਮਾਲ ਕਿਹੜਾ ।
ਸੌਦਾ ਇਹ ਤਾਂ ਸਦਾ ਹੀ ਲਾਹੇਵੰਦਾ,
ਭਲਾ ਕੀਮਤੀ ਏਸ ਤੋਂ ਮਾਲ ਕਿਹੜਾ ?
ਪੱਲੇ ਬੰਨ੍ਹ ਲੈ ਇਹਨਾਂ ਨਸੀਹਤਾਂ ਨੂੰ,
ਵੇਖ ਚਾਖ ਕੇ ਸੱਚਾ ਖ਼ਿਆਲ ਕਿਹੜਾ ।
ਦੁਨੀਆਂ ਇੱਕ ਤੂਫ਼ਾਨ ਹੈ ਸਾਗਰਾਂ ਦਾ,
ਥਮੇਂ ਇਹ ਤਾਂ ਕਰੇ ਮਲਾਲ ਕਿਹੜਾ ?

੪੪

ਮੇਰੇ ਅੰਦਰ ਪਿਆਰ ਦੀ ਓਹ ਜੋਤੀ,
ਮਨ ਰੰਗਦੀ ਜੋ ਡਲ੍ਹਕਾਂ ਮਾਰਦੀ ਏ ।
ਓਹੀ ਮੋਤੀ ਦਾ ਰੂਪ ਸਮੁੰਦਰਾਂ ਵਿਚ,
ਓਹੀ ਪੱਥਰ ਵਿੱਚ ਚਿਣਗ ਪਿਆਰਦੀ ਏ ।
ਭਾਂਵੇਂ ਮੱਚਦੀ ਜੋਤ ਹੈ ਸਾਰਿਆਂ ਵਿਚ,
ਖ਼ਲਕਤ ਕੁਲ ਪਰ ਇਹਨੂੰ ਵਿਸਾਰਦੀ ਏ ।
ਰੰਗ ਹੁੰਦਿਆਂ ਪ੍ਰੇਮ ਬੇਰੰਗ ਜਾਪੇ,
ਕਿੰਨੀ ਗੱਲ ਇਹ ਅਜਬ ਇਸਰਾਰ ਦੀ ਏ ।

੪੫

ਦਿਨ ਖੁਸ਼ੀਆਂ ਤੇ ਗ਼ਮਾਂ ਦੇ ਵੇਖਿਆ ਈ,
ਕਿਵੇਂ ਤੇਜ਼ ਉਡਾਰੀਆਂ ਮਾਰ ਲੰਘੇ ।
ਖਾਈ ਜਾਂਦਾ ਸੀ ਜਿਨ੍ਹਾਂ ਦਾ ਡਰ ਤੈਨੂੰ,
ਉਹ ਵੀ ਫ਼ਿਕਰ ਹੰਦੇਸੜੇ ਯਾਰ ਲੰਘੇ ।
ਐਵੇਂ ਚਾਰ ਕੁ ਸਾਹ ਨੇ ਕੋਲ ਤੇਰੇ,
ਔਖ ਸੌਖ ਨਾਲ ਬਾਕੀ ਤਾਂ ਪਾਰ ਲੰਘੇ ।
ਇਹ ਸਾਹ ਸੰਭਾਲ ਕੇ ਵਰਤ ਮਿੱਤਰਾ,
ਤਾਂ ਜੋ ਜ਼ਿੰਦਗੀ ਬਾਵਕਾਰ ਲੰਘੇ ।

੪੬

ਕੀਮਤ ਏਸਦੀ ਕਿਉਂਕਿ ਕੱਖ ਵੀ ਨਹੀਂ,
ਮੈਂ ਨਾ ਜੱਗ ਜਹਾਨ ਦੀ ਚਾਹ ਕਰਦਾ ।
ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ,
ਮੈਂ ਨਾ ਓਸਦੀ ਕੋਈ ਪਰਵਾਹ ਕਰਦਾ ।
ਮੈਨੂੰ ਭੁੱਖ ਹੈ ਤੇਰਿਆਂ ਦਰਸ਼ਨਾਂ ਦੀ,
ਅਰਜ਼ ਇਹੀ ਮੈਂ ਤੇਰੀ ਦਰਗਾਹ ਕਰਦਾ ।
ਤੇਰੇ ਨਾਮ ਦਾ ਕਾਫ਼ੀ ਹੈ ਇੱਕ ਅੱਖਰ,
ਸਾਈਆਂ ਚਾਨਣਾ ਮੈਂਡੜਾ ਰਾਹ ਕਰਦਾ ।

੪੭

ਓਹ ਸਾਰੀ ਖ਼ੁਦਾ ਦੇ ਹੱਥ ਹੁੰਦੀ,
ਨੇਕੀ ਬਦੀ ਜੋ ਮਿਲੇ ਜਹਾਨ ਅੰਦਰ ।
ਸੱਚਾ ਕੌਲ ਇਹ ਪਰਖਿਆ ਜਾ ਸਕਦਾ,
ਲੁਕਿਆ, ਜ਼ਾਹਰਾ ਹਰ ਸਥਾਨ ਅੰਦਰ ।
ਜੇਕਰ ਅਜੇ ਵੀ ਸ਼ੱਕ ਹੈ ਕੋਈ ਤੈਨੂੰ,
ਮਾਸਾ ਤੱਥ ਨਾ ਮੇਰੇ ਬਿਆਨ ਅੰਦਰ ।
ਫੇਰ ਵੇਖ ਨਿਤਾਣਾ ਮੈਂ ਕਿਵੇਂ ਹੋਇਆ,
ਜ਼ੋਰ ਕਿਉਂ ਹੈ ਏਨਾ ਸ਼ੈਤਾਨ ਅੰਦਰ ।

੪੮

ਸਰੂ ਕੱਦ ਜੇ ਆਦਮੀ ਹੋਏ ਕੋਈ,
ਨਹੀਂ ਲਾਜ਼ਮੀ ਕਿ ਤੇਰਾ ਯਾਰ ਹੋਵੇ ।
ਚਾਂਦੀ-ਬਦਨ ਹੁਸੀਨ ਜੋ ਕਰੇ ਠੱਗੀ,
ਉਹ ਵੀ ਕਦੇ ਨਾ ਕਿਸੇ ਦਾ ਯਾਰ ਹੋਵੇ ।
ਸਦਾ ਯਾਰ ਬਣਾ ਤੂੰ ਓਸ ਤਾਈਂ,
ਦੇਵੇ ਤੈਨੂੰ ਜੋ ਤੈਨੂੰ ਦਰਕਾਰ ਹੋਵੇ ।
ਯਾਰ ਬੰਦੇ ਦਾ ਅਸਲ ਵਿਚ ਓਹੀ ਹੁੰਦਾ,
ਬੌਹੜੇ ਔਖ ਵੇਲੇ ਮਦਦਗਾਰ ਹੋਵੇ ।

੪੯

ਜੇਕਰ ਕਿਸੇ ਦਾ ਦਿਲ ਦਨਾ ਹੋਵੇ,
ਉਹਦੇ ਪਹਿਲੂ ਵਿਚ ਸਦਾ ਹੀ ਯਾਰ ਹੋਵੇ ।
ਵੇਖਣ ਵਾਲੀ ਜੇ ਕਿਸੇ ਦੀ ਅੱਖ ਹੋਵੇ,
ਹਰ ਪਾਸੇ ਹੀ ਉਹਨੂੰ ਦੀਦਾਰ ਹੋਵੇ ।
ਕੰਨ ਸੁਣੇ ਤਾਂ ਸੁਣੇਗਾ ਗੱਲ ਓਹੀ,
ਜਿਸ ਵਿਚ ਹੱਕ ਦਾ ਜ਼ਿਕਰ ਇਜ਼ਕਾਰ ਹੋਵੇ ।
ਬੋਲੇ ਜੇ ਜ਼ਬਾਨ ਤਾਂ ਇਓਂ ਬੋਲੇ,
ਹਰ ਬੋਲ ਵਿਚ ਕੋਈ ਇਸਰਾਰ ਹੋਵੇ ।

੫੦

ਨਿਰਾ ਵੱਸਦਾ ਨਹੀਂ ਓਹ ਮੈਖ਼ਾਨੇ,
ਨਿਰਾ ਮੱਕਾ ਵੀ ਨਹੀਂ ਮਕਾਨ ਓਹਦਾ ।
ਸਾਰੀ ਧਰਤ ਹੀ ਉਸ ਦੀ ਆਪਣੀ ਏ,
ਹੋਇਆ ਫੈਲਿਆ ਨੀਲਾ ਅਸਮਾਨ ਓਹਦਾ ।
ਓਹਦੇ ਨਾਮ ਦੇ ਚਰਚੇ ਨੇ ਹਰ ਪਾਸੇ,
ਆਸ਼ਕ ਹੋ ਗਿਆ ਕੁੱਲ ਜਹਾਨ ਓਹਦਾ ।
ਆਕਲ ਅਸਲ ਵਿੱਚ ਜਾਣਿਆਂ ਜਾਏ ਓਹੀ,
ਹੋਇਆ ਬਾਵਰਾ ਜਿਹੜਾ ਇਨਸਾਨ ਓਹਦਾ ।

੫੧

ਮੇਰੇ ਨਾਲ ਹੈ ਖੁਸ਼ ਦਿਲਦਾਰ ਮੇਰਾ,
ਸਾਈਆਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਮੈਂ ।
ਹਰ ਦਮ ਕਰਮ ਤੇਰਾ, ਹਰ ਦਮ ਰਹਿਮ ਤੇਰਾ,
ਤੈਥੋਂ ਸਦਾ ਬਲਿਹਾਰ ! ਬਲਿਹਾਰ ! ਹਾਂ ਮੈਂ ।
ਮੈਨੂੰ ਪਿਆਰ ਵਿਚ ਨਹੀਂ ਨੁਕਸਾਨ ਹੋਇਆ,
ਤੇਰੀ ਮਿਹਰ ਦੇ ਨਾਲ ਸਰਸ਼ਾਰ ਹਾਂ ਮੈਂ ।
ਓਸ ਸੌਦੇ ਵਿਚ ਕੀਤਾ ਜੋ ਦਿਲ ਮੇਰੇ,
ਲਾਹਾ ਖੱਟਿਆ ਮੈਂ ! ਸ਼ਾਹੂਕਾਰ ਹਾਂ ਮੈਂ ।

੫੨

ਉਦਰ ਪੂਰਤੀ ਵਾਸਤੇ ਆਦਮੀ ਨੂੰ,
ਬਹੁਤ ਹੁੰਦੀ ਹੈ ਇੱਕ ਜੇ ਨਾਲ ਖਾਏ ।
ਫਿਰ ਵੀ ਮਾਰਿਆ ਲੋਭ ਦਾ ਦਿਨੇ ਰਾਤੀਂ,
ਰੋਂਦਾ ਕਲਪਦਾ ਆਪਣੀ ਜਾਨ ਖਾਏ ।
ਪਤਾ ਨਹੀਂ ਕਿਉਂ ਉਹਦੇ ਵਜੂਦ ਅੰਦਰ,
ਕੋਈ ਬਿਫਰਿਆ ਹੋਇਆ ਤੂਫ਼ਾਨ ਆਏ ।
ਉਹਦੀ ਬੁਲਬੁਲੇ ਵਾਂਗਰਾਂ ਜ਼ਿੰਦਗਾਨੀ,
ਤੁਰ ਜਾਂਦੀ ਹੈ ਜਿਵੇਂ ਮਹਿਮਾਨ ਆਏ ।

੫੩

ਮੇਰੇ ਅੱਥਰੇ ਨਫ਼ਸ ਨੂੰ ਵੇਖ ਤਾਂ ਸਹੀ,
ਇਹ ਅਸਲ ਵਿੱਚ ਰੂਪ ਸ਼ੈਤਾਨ ਦਾ ਈ ।
ਭਾਵੇਂ ਆਪਣਾ ਆਪ ਲੁਕਾਈ ਫਿਰਦਾ,
ਪਰ ਇਹ ਜ਼ਾਹਰਾ ਠੱਗ ਜਹਾਨ ਦਾ ਈ ।
ਭੰਡੇ ਹੋਰਾਂ ਨੂੰ ਆਪ ਸ਼ੈਤਾਨ ਹੋ ਕੇ,
ਕਿੰਨਾ ਚਤੁਰ ਇਹ ਕੰਮ ਇਨਸਾਨ ਦਾ ਈ ।
ਸੁਣਕੇ ਨਾਲ ਹੈਰਾਨੀ ਦੇ ਖ਼ਿਆਲ ਤੇਰੇ,
ਜਾਪੇ ਪੁੱਤ ਸ਼ੈਤਾਨ ਨਾਦਾਨ ਦਾ ਈ ।

੫੪

ਭੇਦ ਜਾਮ ਸ਼ਰਾਬ ਦਾ ਬੜਾ ਡੂੰਘਾ,
ਜਣਾ ਖਣਾ ਤਾਂ ਏਸ ਨੂੰ ਜਾਣਦਾ ਨਹੀਂ ।
ਓਹਨੇ ਏਸ ਅਸਰਾਰ ਨੂੰ ਕੀ ਕਹਿਣਾ,
ਮੁਰਦਾ ਦਿਲ ਤਾਂ ਜ਼ਿੰਦਗੀ ਮਾਣਦਾ ਨਹੀਂ ।
ਓਏ ਗ਼ਾਫ਼ਲਾ ਵੱਡੇ ਪਰਹੇਜ਼ਗਾਰਾ,
ਤੂੰ ਤਾਂ ਰੱਬ ਦੀ ਜ਼ਾਤ ਪਛਾਣਦਾ ਨਹੀਂ ।
ਨਾਲ ਮੂਰਖਾਂ ਏਸ ਦਾ ਵਾਸਤਾ ਕੀ ?
ਕੋਈ ਓਹਨਾਂ ਨੂੰ ਏਥੇ ਸਿਆਣਦਾ ਨਹੀਂ ।

੫੫

ਮੈਂ ਤਾਂ ਪਾਕ ਖ਼ੁਦਾ ਦੀ ਜ਼ਾਤ ਕੋਲੋਂ,
ਇੱਕ ਘੜੀ ਵੀ ਦੂਰ ਨਹੀਂ ਰਹਿ ਸਕਦਾ ।
ਏਸ ਇਸ਼ਕ ਦਾ ਔਖਾ ਬਿਆਨ ਕਰਨਾ,
ਮੈਂ ਨਹੀਂ ਕੁਛ ਜ਼ਬਾਨ ਤੋਂ ਕਹਿ ਸਕਦਾ ।
ਮੈਂ ਹਾਂ ਇੱਕ ਪਿਆਲੀ ਉਹ ਮਹਾਂਸਾਗਰ,
ਏਨਾ ਫ਼ਾਸਲਾ ਕਿਸ ਤਰ੍ਹਾਂ ਢਹਿ ਸਕਦਾ ।
ਦਿਲ ਮੇਰੇ ਵਿਚ ਸਾਈਂ ਸਮਾਏ ਕਿੱਦਾਂ,
ਕਦੇ ਪਿਆਲੇ ਵਿਚ ਸਾਗਰ ਨਹੀਂ ਬਹਿ ਸਕਦਾ ।

੫੬

ਬਚਣਾ ਚਾਹੇਂ ਜੇ ਦੁਖ, ਬਖੇੜਿਆਂ ਤੋਂ,
ਕੋਈ ਰੰਜ ਨਾ ਤੈਂਡੜੇ ਆਏ ਨੇੜੇ ।
ਲਾਂਭੇ ਦੁਨੀਆਂ ਤੋਂ ਬੈਠ ਜਾ ਕੁੰਜ ਗੋਸ਼ੇ,
ਪੈਰ ਪਾਈਂ ਨਾ ਭੁੱਲ ਕੇ ਏਸ ਵਿਹੜੇ ।
ਨਹੀਂ ਚੈਨ ਸੰਸਾਰ ਦੇ ਵਿਚ ਮਿਲਦਾ,
ਬੜੀਆਂ ਘੱਟ ਖ਼ੁਸ਼ੀਆਂ, ਬੜੇ ਘੱਟ ਖੇੜੇ ।
ਸੁੱਖ ਹੈ ਤਾਂ ਹੈ ਇਕਾਂਤ ਅੰਦਰ,
ਵਿੱਚ ਦੁਨੀਆਂ ਦੇ ਪਿੱਟਣੇ ਅਤੇ ਝੇੜੇ ।

੫੭

ਤੇਰਾ ਜਿਸਮ ਇਹ ਅੱਲਾ ਦੀ ਸੌਂਹ ਮੈਨੂੰ,
ਇਹ ਰੇਤ ਦੀ ਕੰਧ ਹੈ, ਢਹਿ ਜਾਏ ।
ਅੱਗ ਪੈਂਦਿਆਂ ਘਾਹ ਦਾ ਢੇਰ ਜਿੱਦਾਂ,
ਫੌਰਨ ਸੜੇ, ਸੁਆਹ ਹੀ ਰਹਿ ਜਾਏ ।
ਸਿਰ ਤੇ ਸਦਾ ਹੀ ਕੂਕਦਾ ਕਾਲ ਰਹਿੰਦਾ,
ਚਾਹੇ ਜਦੋਂ ਉਹ ਧੌਣ ਤੇ ਬਹਿ ਜਾਏ ।
ਬਚਦਾ ਨਹੀਂ ਸ਼ਿਕਾਰੀ ਦੇ ਵਾਰ ਕੋਲੋਂ,
ਪੰਛੀ ਕਿੰਨਾ ਵੀ ਲੁਕੇ ਤੇ ਛਹਿ ਜਾਏ ।

੫੮

ਚਾਰ ਦਿਨਾਂ ਦੀ ਜ਼ਿੰਦਗੀ ਆਦਮੀ ਦੀ,
ਇਹਦੇ ਵਾਸਤੇ ਝੂਰਨਾ ਝਾਰਨਾ ਕੀ ।
ਕਾਹਨੂੰ ਬਸਤੀਆਂ ਨਾਲ ਪਿਆਰ ਪਾਈਏ,
ਮਾਰੂਥਲਾਂ ਵਿਚ ਪੈਰ ਪਸਾਰਨਾ ਕੀ ।
ਇਹਦੇ ਪਲ ਹਨੇਰੀਆਂ ਵਾਂਗ ਜਾਂਦੇ,
ਪਕੜ ਉਹਨਾਂ ਨੂੰ ਕਿਸੇ ਖਲਿਆਰਨਾ ਕੀ ।
ਆਸਾਂ ਝੂਠੀਆਂ, ਲਬ ਤੇ ਲੋਭ ਮਾੜੇ,
ਇਹਨਾਂ ਕਿਸੇ ਦਾ ਭਲਾ ਸਵਾਰਨਾ ਕੀ ।

੫੯

ਜਿਨ੍ਹਾਂ ਨਾਲ ਸੰਸਾਰ ਦੇ ਮੋਹ ਪਾਇਆ,
ਉਹ ਸਦਾ ਹੀ ਬੇਕਰਾਰ ਰਹਿੰਦੇ ।
ਰਹਿਣ ਵਿਲਕਦੇ ਆਖ਼ਰੀ ਦਮਾਂ ਤੀਕਣ,
ਮੋਹਰਾਂ ਦਮੜਿਆਂ ਦੇ ਤਲਬਗਾਰ ਰਹਿੰਦੇ ।
ਕਦੇ ਕਾਲ ਦਾ ਨਹੀਂ ਖ਼ਿਆਲ ਆਉਂਦਾ,
ਫ਼ਿਕਰ ਇਨ੍ਹਾਂ ਨੂੰ ਹੋਰ ਹਜ਼ਾਰ ਰਹਿੰਦੇ ।
ਗ਼ਮ ਪੈਸੇ ਦਾ ਜਾਨ ਘਰੋੜਦਾ ਰਹੇ,
ਚਾਂਦੀ ਸੋਨੇ ਦੇ ਮਰਨ ਤਕ ਯਾਰ ਰਹਿੰਦੇ ।

੬੦

ਡਰੀਂ ਦੁਨੀਆਂ ਤੋਂ, ਦੁਨੀਆਂ ਦੇ ਲੋਕ ਮਾੜੇ,
ਏਥੇ ਕੰਮ ਨਾ ਕੋਈ ਪਿਆਰ ਦਾ ਈ ।
ਫੈਜ਼ ਇਹਨਾ ਤੋਂ ਕਿਸੇ ਨਾ ਕਦੇ ਪਾਇਆ,
ਖਿਆਲ ਇਹਨਾਂ ਦਾ ਕਹਿਰ ਗੁਜ਼ਾਰਦਾ ਈ ।
ਭੁਲੀ ਹੋਈ ਨਾ ਇਹਦੀ ਖਿਜ਼ਾਂ ਮੈਨੂੰ,
ਹੋਇਆ ਵੇਖਿਆ ਰੰਗ ਬਹਾਰ ਦਾ ਈ ।
ਤੇਰੇ ਲਈ ਨਸੀਹਤਾਂ ਲਈ ਬੈਠਾ,
ਖਿੜਿਆ ਫੁੱਲ ਜੋ ਏਸ ਗੁਲਜ਼ਾਰ ਦਾ ਈ ।

੬੧

ਏਸ ਖਿੜੀ ਗੁਲਜ਼ਾਰ ਦੇ ਵਿੱਚ ਭਾਵੇਂ,
ਟਹਿਕਣ ਫੁੱਲ ਸੋਹਣੇ ਤਿੱਖੇ ਖਾਰ ਸੋਹਣੇ ।
ਦਿਲ ਮੇਰਾ ਪਰ ਬੜਾ ਉਦਾਸ ਰਹਿੰਦਾ,
ਖੇੜੇ ਲੱਗਦੇ ਨਹੀਂ ਬਾਝੋਂ ਯਾਰ ਸੋਹਣੇ ।
ਰੰਗ ਫੁੱਲਾਂ ਦੇ ਜਿਗਰ ਦੇ ਲਹੂ ਵਰਗੇ,
ਵੇਖ ! ਕਿੰਨੇ ਨੇ ਬੇ-ਸ਼ੁਮਾਰ ਸੋਹਣੇ ।
ਬਿਨਾਂ ਦਾਗ਼ਾਂ ਦੇ ਰੰਗ ਪਰ ਫੱਬਦੇ ਨਹੀਂ,
ਆਖੇ ਓਹਨਾਂ ਨੂੰ ਕੋਈ ਹਜ਼ਾਰ ਸੋਹਣੇ ।

੬੨

ਕੋਈ ਇਹਨਾਂ ਦਾ ਕਿਵੇਂ ਹਿਸਾਬ ਲਾਏ,
ਸਾਰੀ ਉਮਰ ਗੁਨਾਹਾਂ ਦੀ ਕਾਰ ਕੀਤੀ ।
ਮੇਰੇ ਵਗੇ ਪਛਤਾਵੇ ਦੇ ਅੱਥਰੂ ਇਉਂ,
ਝੜੀ ਸਾਵਣ ਦੀ ਵੀ ਸ਼ਰਮਸਾਰ ਕੀਤੀ ।
ਖੁੰਝ ਗਈ ਵਸਲ ਦੀ ਘੜੀ ਮੈਥੋਂ,
ਮੈਂ ਤਾਂ ਗ਼ਾਫ਼ਲੀ ਆਪ ਸਰਕਾਰ ਕੀਤੀ ।
ਜੁਗੋ ਜੁਗ ਵਿਛੋੜੇ ਵਿਚ ਤੜਫਿਆ ਹਾਂ,
ਕਦੇ ਮਿਹਰ ਨਾ ਮੇਰੇ ਦਿਲਦਾਰ ਕੀਤੀ ।

੬੩

ਸੋਨੇ ਚਾਂਦੀ ਨੂੰ ਭਾਲਦਾ ਮਨ ਮੂਰਖ,
ਏਸੇ ਲਾਲਸਾ ਵਿਚ ਗ਼ਲਤਾਨ ਰਹਿੰਦਾ ।
ਟਿਕਦਾ ਨਹੀਂ ਨਮਾਜ਼ ਦੇ ਵਕਤ ਵੀ ਇਹ,
ਸੋਚਾਂ ਸੋਚਦਾ ਵਾਂਗ ਸ਼ੈਤਾਨ ਰਹਿੰਦਾ ।
ਕਦੇ ਆਹ ਲੈਣਾ ਕਦੇ ਅਹੁ ਲੈਣਾ,
ਇਹੋ ਏਸ ਨੂੰ ਵਹਿਮ ਗੁਮਾਨ ਰਹਿੰਦਾ ।
ਕਰਦਾ ਰਤਾ ਵੀ ਫ਼ਿਕਰ ਅੰਜਾਮ ਦਾ ਨਾ,
ਕਿੰਨਾ ਗ਼ਾਫ਼ਲੀ ਵਿਚ ਨਦਾਨ ਰਹਿੰਦਾ ।

੬੪

ਠੀਕ ! ਮੇਰੇ ਗੁਨਾਹਾਂ ਦੇ ਟਾਕਰੇ ਤੇ,
ਤੇਰੀ ਮਿਹਰ ਦਾ ਅੰਤ ਨਾ ਆਉਂਦਾ ਏ ।
ਫਿਰ ਵੀ ਇਹਨਾਂ ਗੁਨਾਹਾਂ ਦੇ ਭਾਰ ਹੇਠਾਂ,
ਦਿਲ ਮੈਂਡੜਾ ਬੜਾ ਘਬਰਾਉਂਦਾ ਏ ।
ਕਿਹੜੇ ਖੂਹ ਵਿਚ ਪਾਉਣਗੇ ਪਾਪ ਮੈਨੂੰ,
ਰਹਿੰਦਾ ਇਹੀ ਸਵਾਲ ਸਤਾਉਂਦਾ ਏ ।
ਫਸਿਆ ਆਸ ਨਿਰਾਸ ਦੇ ਗੇੜ ਅੰਦਰ,
ਪਿਆ ਨੈਣਾਂ ਚੋਂ ਨੀਰ ਵਹਾਉਂਦਾ ਏ ।

੬੫

ਮੁੱਖ ਫੇਰ ਸੰਸਾਰ ਤੋਂ ਪਰੇ ਹੋਣਾ,
ਇਹਦੇ ਨਾਲ ਦੀ ਹੋਰ ਨਾ ਕਾਰ ਚੰਗੀ ।
ਮੇਰੀ ਮੰਨ ਸਲਾਹ ਜੇ ਕਰੇਂ ਏਦਾਂ,
ਫਿਰ ਤਾਂ ਹੋਰ ਵੀ ਗੱਲ ਸਰਕਾਰ ਚੰਗੀ ।
ਛੱਡ ਪਿੱਟਣੇ ਬੈਠ ਏਕਾਂਤ ਅੰਦਰ,
ਗੱਲ ਏਸ ਤੋਂ ਹੋਰ ਨਾ ਯਾਰ ਚੰਗੀ ।
ਸਦਾ ਏਸ ਤਦਬੀਰ ਦੇ ਜੱਗ ਅੰਦਰ,
ਏਹੀ ਤਿਆਗ ਦੀ ਸੋਚ ਵਿਚਾਰ ਚੰਗੀ ।

੬੬

ਜਿਹੜਾ ਆਦਮੀ ਰੱਬ ਦਾ ਧਿਆਨ ਧਰਦਾ,
ਸਦਾ ਓਸ ਦਾ ਹੁੰਦਾ ਹੈ ਹਾਲ ਚੰਗਾ ।
ਉਹਦਾ ਆਦਿ ਚੰਗਾ, ਓਹਦਾ ਅੰਤ ਚੰਗਾ,
ਚੰਗਾ ਮਾਜ਼ੀ ਤੇ ਓਸਦਾ ਹਾਲ ਚੰਗਾ ।
ਕਈ ਵਾਰ ਮੈਂ ਖੁਲ੍ਹ ਕੇ ਆਖਿਆ ਹੈ,
ਨਹੀਂ ਚਿਪਕਣਾ ਦੁਨੀਆਂ ਦੇ ਨਾਲ ਚੰਗਾ ।
ਹਰ ਚੀਜ਼ ਦੀ ਅੱਤ ਹੈ ਬਹੁਤ ਮਾੜੀ,
ਹਰ ਇੱਕ ਗੱਲ ਅੰਦਰ ਇਅਤਦਾਲ ਚੰਗਾ ।

੬੭

ਹੈ ਦੁਨੀਆਂ ਤੋਂ ਦਿਲ ਉਚਾਟ ਮੇਰਾ,
ਜੁੜਿਆ ਸਾਈਂ ਦੇ ਚਰਨਾਂ ਵਿਚ ਵੱਸਦਾ ਈ ।
ਏਸ ਬਾਗ਼ ਦੇ ਖਿੜੇ ਹਰ ਫੁੱਲ ਅੰਦਰ,
ਓਹੀ ਵਾਂਗ ਖ਼ੁਸ਼ਬੋਈ ਦੇ ਹੱਸਦਾ ਈ ।
ਮੇਰਾ ਦਿਲ ਪਿਆਰ ਦੇ ਨਾਲ ਭਰਿਆ,
ਇਹਦਾ ਛਲਕਣਾ ਇਹੀ ਤਾਂ ਦੱਸਦਾ ਈ ।
ਹੋਵੇ ਕਿਸੇ ਦੇ ਅੰਦਰ ਜੋ ਜੌਹਰ ਲੁਕਿਆ,
ਓਹੀ ਬਾਹਰ ਨੂੰ ਉੱਠ ਕੇ ਨੱਸਦਾ ਈ ।

੬੮

ਜ਼ੱਰੇ, ਜ਼ੱਰੇ ਦੇ ਵਿੱਚ ਜ਼ਹੂਰ ਓਹਦਾ,
ਜਲਵਾ ਓਸ ਦਾ ਕੁੱਲ ਜ਼ਹਾਨ ਅੰਦਰ ।
ਹੈ ਓਹੀ ਇਨਸਾਨ ਤੋਂ ਬਾਹਰ ਬੈਠਾ,
ਓਹੀ ਬੈਠਾ ਹੈ ਹਰ ਇਨਸਾਨ ਅੰਦਰ ।
ਸੱਚ ਪਰਦੇ ਵਿੱਚ ਝੂਠ ਨਹੀਂ ਹੋ ਜਾਂਦਾ,
ਰਹਿੰਦਾ ਨਹੀਂ ਅਗਿਆਨ ਗਿਆਨ ਅੰਦਰ ।
ਓਹਨੇ ਆਪ ਨੂੰ ਆਪੇ ਹੀ ਸਾਜਿਆ ਹੈ,
ਕੁਦਰਤ ਓਹਦੀ ਨਾ ਆਵੇ ਬਿਆਨ ਅੰਦਰ ।

੬੯

ਮੇਰੀ 'ਹੋਂਦ' ਹੈ ਅਜ 'ਅਣਹੋਂਦ' ਹੋਈ,
ਮੈਨੂੰ ਏਸਦਾ ਐਪਰ ਗਿਆਨ ਕੋਈ ਨਾ ।
ਭਾਵੇਂ ਪਾਥੀਆਂ ਵਾਂਗਰਾਂ ਧੁਖੀ ਜਾਵਾਂ,
ਲਭਦਾ ਧੂੰਏਂ ਦਾ ਕਿਤੇ ਨਿਸ਼ਾਨ ਕੋਈ ਨਾ ।
ਦਿਲ, ਜਾਨ ਦਿਲਦਾਰ ਤੋਂ ਵਾਰ ਦਿੱਤੇ,
ਕੋਲ ਰਖਿਆ ਦੀਨ ਈਮਾਨ ਕੋਈ ਨਾ ।
ਸੌਦਾ ਕਰ ਲਿਆ ਪਿਆਰ ਦਾ ਬਿਨਾਂ ਸੋਚੇ,
ਜ਼ਰਾ ਤੱਕਿਆ ਨਫ਼ਾ ਨੁਕਸਾਨ ਕੋਈ ਨਾ ।

੭੦

ਬੂਹੇ ਰੋਜ਼ ਕਿਆਮਤ ਦੇ ਆਣ ਢੁੱਕਾ,
ਇਸਰਾਈਲ ਦਾ ਦਸੋ ਖਾਂ ਸੂਰ ਕਿੱਥੇ ?
ਓਹਦੇ ਪੈਰਾਂ ਵਿੱਚ ਬੇੜੀਆਂ ਕਿਨ ਪਾਈਆਂ?
ਹੋਇਆ ਅਜੇ ਸ਼ੈਤਾਨ ਮਜ਼ਬੂਰ ਕਿੱਥੇ ?
ਜਿਸ ਨੇ ਰੱਬ ਦਾ ਮਸਕਨ ਤਬਾਹ ਕਰਨਾ,
ਓਹ ਰਹਿ ਗਿਆ ਏ ਭਲਾ ਦੂਰ ਕਿੱਥੇ ?
ਓਹ ਹਾਥੀ ਤਾਂ ਆ ਗਿਆ ਨਜ਼ਰ ਸਾਹਵੇਂ,
ਅਬਾਬੀਲ ਹੈ ਭਲਾ ਹਜ਼ੂਰ ਕਿੱਥੇ ?

੭੧

ਫੇਰ ਇਸ਼ਕ ਨੇ ਕੰਨ ਵਿੱਚ ਫੂਕ ਮਾਰੀ,
ਮੇਰਾ ਦਿਲ ਹੁਸੀਨਾਂ ਤੇ ਮਰਨ ਲੱਗਾ ।
ਚਾਹ ਮਾਹਿ-ਜਬੀਨਾਂ ਦੀ ਫੇਰ ਹੋਈ,
ਹੌਕੇ ਗ਼ਮ ਉਦਾਸੀ ਵਿੱਚ ਭਰਨ ਲੱਗਾ ।
ਬੁਢੜੀ ਦੇਹ ਪਰ ਦਿਲ ਜਵਾਨ ਮੇਰਾ,
- ਗੱਲਾਂ ਉੱਚੀਆਂ ਨੀਵੀਆਂ ਕਰਨ ਲੱਗਾ ।
ਵੇਖੋ ਝੰਬਿਆ ਦਿਲ ਜੋ ਪਤਝੜਾਂ ਨੇ,
ਓਹੀ ਪੈਰ ਬਹਾਰਾਂ ਵਿੱਚ ਧਰਨ ਲੱਗਾ ।

੭੨

ਬੀਤ ਗਈ ਜੋ ਜ਼ਿੰਦਗੀ ਬੀਤ ਗਈ,
ਕਰਨਾ ਬੀਤੀ ਨੂੰ ਯਾਦ ਫ਼ਜ਼ੂਲ ਹੁੰਦਾ ।
ਬਾਝੋਂ ਰੰਜ ਦੇ ਏਸ ਵਪਾਰ ਵਿਚੋਂ,
ਕੋਈ ਨਫ਼ਾ ਨਾ ਹੋਰ ਵਸੂਲ ਹੁੰਦਾ ।
ਪਿਆਰੀ ਜਿੰਦ ਸਕਾਰਥੇ ਲਾਏ ਜਿਹੜਾ,
ਉਹੀ ਵਿਚ ਦਰਗਾਹ ਕਬੂਲ ਹੁੰਦਾ ।
ਨਹੀਂ ਸਾਹ ਤੋਂ ਵੱਧ ਮਿਆਦ ਇਹਦੀ,
ਸਮਝੇ ਤੱਤ ਨਾ ਜੋ, ਨਾਮਾਕੂਲ ਹੁੰਦਾ ।

੭੩

ਸਾਰੇ ਸ਼ਹਿਰ, ਪਹਾੜੀਆਂ ਅਤੇ ਜੰਗਲ,
ਰੱਕੜ ਰੋੜਾਂ ਵੀਰਾਨੀਆਂ ਕੁਛ ਵੀ ਨਾ ।
ਬਦੀਆਂ ਨੇਕੀਆਂ ਸੱਭੇ ਫ਼ਜ਼ੂਲ ਗੱਲਾਂ,
ਅਕਲਾਂ ਅਤੇ ਨਾਦਾਨੀਆਂ ਕੁਛ ਵੀ ਨਾ ।
ਖ਼ੁਦੀ ਛੱਡ ਖ਼ੁਦਾ ਦੇ ਕੋਲ ਹੋ ਜਾ,
ਇਹ ਝਾਕਾਂ ਬੇਗਾਨੀਆਂ ਕੁਛ ਵੀ ਨਾ ।
ਮੋਹ ਦੁਨੀਆਂ ਦਾ, ਦੀਨ ਦਾ ਫ਼ਿਕਰ ਕਰਨਾ,
ਇਹ ਤਾਂ ਗੱਲਾਂ ਬਉਰਾਨੀਆਂ ਕੁਛ ਵੀ ਨਾ ।

੭੪

ਲਾਲ ਫੁੱਲ ਉਪਰ ਖ਼ੇੜਾ ਆ ਜਾਏ,
ਵੇਖੇ ਜਦੋਂ ਵੀ ਤਿਰਾ ਪੁਰਨੂਰ ਚਿਹਰਾ ।
ਦਿਲ ਦੇ ਅੰਦਰ ਉਦਾਸੀਆਂ ਪਾਉਣ ਚੀਸਾਂ,
ਉਤੋਂ ਜਾਪਦਾ ਭਾਵੇ ਮਸਰੂਰ ਚਿਹਰਾ ।
ਪਹਿਲਾਂ ਤੂੰ ਹੀ ਸਭਨਾਂ ਤੋਂ ਪੈਰ ਪਾਇਆ,
ਪਿੱਛੇ ਰਹਿ ਗਿਆ ਈ ਯੂਸਫ਼ ਹੂਰ ਚਿਹਰਾ ।
ਪੀਲਾ ਫੁੱਲ ਕਿਉਂਕਿ ਬਾਗੇ ਆਏ ਪਹਿਲਾਂ,
ਪਿੱਛੋਂ ਆਉਂਦਾ ਹੈ ਸੁਰਖ਼ ਮਸ਼ਹੂਰ ਚਿਹਰਾ ।

੭੫

ਓਹਦੇ ਕੋਲ ਜੇ ਕੋਈ 'ਵਫ਼ਾ' 'ਸਰਮਦ',
ਤੇਰੇ ਕੋਲ ਓਹ ਆਪਣੇ ਆਪ ਆਊ ।
ਜੇਕਰ ਸਮਝਿਆ ਓਸ ਨੇ ਠੀਕ ਆਉਣਾ,
ਰੱਖ ਦਿਲ ਤੂੰ, ਆਪਣੇ ਆਪ ਆਊ ।
ਫਿਰੇਂ ਕਾਸਨੂੰ ਓਸਦੇ ਮਗਰ ਭੱਜਾ,
ਆਉਣਾ ਹੋਇਆ ਤਾਂ ਆਪਣੇ ਆਪ ਆਊ ।
ਚੱਲ ਬੈਠ ਆਰਾਮ ਦੇ ਨਾਲ "ਸਰਮਦ",
ਹੋਇਆ ਰੱਬ, ਤਾਂ ਆਪਣੇ ਆਪ ਆਊ ।

੭੬

ਗੁਜ਼ਰ ਗਏ ਜਵਾਨੀ ਦੇ ਦਿਨ ਸਾਰੇ,
ਮੈਨੂੰ ਕਿਤੇ ਵੀ ਨਹੀਂ ਸ਼ੈਤਾਨ ਮਿਲਿਆ ।
ਮੇਰੇ ਦਾਮਨ ਤੇ ਇੱਕ ਗੁਨਾਹ ਦਾ ਵੀ,
ਕੋਈ ਦਾਗ਼ ਨਾ ਕੋਈ ਨਿਸ਼ਾਨ ਮਿਲਿਆ ।
ਓਧਰ ਦਿਨ ਬੁਢਾਪੇ ਦੇ ਜਦੋਂ ਆਏ,
ਮੈਨੂੰ ਆਪਣਾ ਆਪ ਜਵਾਨ ਮਿਲਿਆ ।
ਲੱਗ ਗਈ ਬੀਮਾਰੀ ਤਾਂ ਓਪਰੀ ਜਿਹੀ,
ਨਾ ਹੀ ਦਾਰੂ ਤੇ ਨਾ ਹੀ ਲੁਕਮਾਨ ਮਿਲਿਆ ।

੭੭

'ਸਰਮਦ' ਮੰਦਿਆਂ ਕੰਮਾਂ ਤੇ ਕਿਉਂ ਝੂਰੇਂ,
ਕਾਹਨੂੰ ਫ਼ਿਕਰ ਗੁਨਾਹਾਂ ਦਾ ਮਾਰਦਾ ਈ ।
ਜਦੋਂ ਰੱਬ ਰਹੀਮ ਨੇ ਫ਼ਜ਼ਲ ਕਰਨਾ,
ਕੰਮ ਬਖ਼ਸ਼ ਦੇਣਾ ਬਖ਼ਸ਼ਣਹਾਰ ਦਾ ਈ ।
ਵੇਖ ਕੜਕਦੀ ਲਿਸ਼ਕਦੀ ਕਵੇਂ ਬਿਜਲੀ,
ਨਾਲੇ ਮੀਂਹ ਵੱਸੇ ਮੋਹਲੇਧਾਰ ਦਾ ਈ ।
ਕਿੰਨਾ ਤੁੱਛ ਹੈ ਤੱਕ ਲੈ ਕਹਿਰ ਓਹਦਾ,
ਕਿੰਨਾ ਵਡੜਾ ਕਰਮ ਕਰਤਾਰ ਦਾ ਈ ।

੭੮

ਮੇਰੇ ਦਿਲ ਦੀਵਾਨੇ ਦੀ ਭਲੀ ਪੁੱਛੀ,
ਹੋਇਆ ਸ਼ਾਕਰ ਨਾ ਇਹ ਤਕਦੀਰ ਦਾ ਈ ।
ਫਿਰਦਾ ਹਿਰਸ ਹਵਾ ਦੇ ਮਗਰ ਨੱਸਾ,
ਪੁੱਤ ਇਹ ਤਕਸੀਰ ਤਦਬੀਰ ਦਾ ਈ ।
ਗੁਜ਼ਰ ਗਏ ਜਵਾਨੀ ਦੇ ਦਿਨ ਸੋਹਣੇ,
ਯਾਰਾ ਆ ਗਿਆ ਵਕਤ ਅਖ਼ੀਰ ਦਾ ਈ ।
ਵਧੀ ਹਿਰਸ ਤੇ ਹੋਰ ਜਵਾਨ ਹੋਈ,
ਰਿਹਾ ਕੱਖ ਨਾ ਭਾਵੇਂ ਸਰੀਰ ਦਾ ਈ ।

੭੯

ਯਾਰ-ਲੋਕ ਨੇ ਕਿੰਨੇ ਚਲਾਕ ਅੱਜ ਕੱਲ੍ਹ,
ਦੋਹਾਂ ਪਾਸਿਆਂ ਵੱਲ ਧਿਆਨ ਰੱਖਦੇ ।
ਇੱਕ ਪਾਸੇ ਤਾਂ ਕੁਫ਼ਰ ਦੀ ਭਰਨ ਹਾਮੀ,
ਦੂਜੇ ਬਗ਼ਲ ਦੇ ਵਿਚ ਕੁਰਾਨ ਰੱਖਦੇ ।
ਬੈਠੇ ਰਹਿਣ ਸ਼ਤਰੰਜ ਦੇ ਜਿਵੇਂ ਮੋਹਰੇ,
ਸ਼ਾਤਰ ਬਹੁਤ ਪਛਾਣ ਪਛਾਣ ਰੱਖਦੇ ।
ਇਕ ਦੂਸਰੇ ਤੇ ਵਾਰ ਕਰਨ ਖ਼ਾਤਰ,
ਖਿੱਚੀ ਸਾਜ਼ਿਸੀ ਸਦਾ ਕਮਾਨ ਰੱਖਦੇ ।

੮੦

ਇੱਕ ਪੁੱਤਰ ਕਸਾਈ ਦਾ ਮੈਂ ਸੁਣਿਆ,
ਮੇਰੇ ਨਾਲ ਵੀ ਬੜਾ ਖ਼ਫ਼ਾ ਹੋਵੇ ।
ਚਾਹੁੰਦਾ ਮੈਂ ਪਰ ਦਿਲੋਂ ਹਾਂ ਦਿਲ ਓਹਦਾ,
ਸ਼ੀਸ਼ੇ ਵਰਗਾ ਸਫ਼ਾ ਸਫ਼ਾ ਹੋਵੇ ।
ਓਹਦੇ ਪੈਰਾਂ ਤੇ ਸੀਸ ਟਿਕਾ ਦਿਆਂ ਮੈਂ,
ਜੇਕਰ ਓਸ ਤੋਂ ਹੱਥ ਮਿਲਾ ਹੋਵੇ ।
ਚੰਗੀ ਗੱਲ ਹੈ ਦਿਸੇ ਨਾ ਮੂੰਹ ਓਹਦਾ,
ਜੇਕਰ ਪਿੱਠ ਭਵਾ ਜੁਦਾ ਹੋਵੇ ।

੮੧

ਚਲੋ ਚਲੀ ਦਾ ਇਹ ਜਹਾਨ ਸਾਰਾ,
ਜੋ ਵੀ ਏਸ ਹਕੀਕਤ ਨੂੰ ਜਾਣਦਾ ਏ ।
ਕਿਵੇਂ ਪੱਤ ਝੜ ਦੇ ਵਿੱਚ ਬਹਾਰ ਬਦਲੇ,
ਏਸ ਅਮਲ ਨੂੰ ਵੇਖ ਪਛਾਣਦਾ ਏ ।
ਓਹ ਨਾ ਰੀਝਦਾ ਫੁੱਲਾਂ ਦੇ ਰੰਗ ਉੱਤੇ,
ਨਾ ਹੀ ਨਸ਼ਾ ਸ਼ਰਾਬ ਦਾ ਮਾਣਦਾ ਏ ।
ਓਹ ਤਾਂ ਵੇਖਕੇ ਸਗੋਂ ਅਣਡਿੱਠ ਕਰਦਾ,
ਸਭ ਕੁਛ ਜਾਣਦਾ ਵੀ ਕੁਛ ਨਾ ਜਾਣਦਾ ਏ ।

੮੨

ਮੇਰੇ ਹਰ ਗੁਨਾਹ ਤੇ ਵੇਖਿਆ ਹੈ,
ਕਰਮ ਸਾਈਂ ਨੇ ਹੋਰ ਹਜ਼ਾਰ ਕੀਤਾ ।
ਇਉਂ ਬਦਲੇ ਗੁਨਾਹਾਂ ਦੇ ਬਖ਼ਸ਼ਿਸ਼ਾਂ ਨਾਲ,
ਮੈਨੂੰ ਬੜਾ ਓਹਨੇ ਸ਼ਰਮਸਾਰ ਕੀਤਾ ।
ਰਹਿਬਰ ਬਣੇ ਅਖ਼ੀਰ ਗੁਨਾਹ ਮੇਰੇ,
ਰਾਹਾਂ ਸਾਰਿਆਂ ਤੋਂ ਵਾਕਿਫ਼ਕਾਰ ਕੀਤਾ ।
ਮੈਨੂੰ ਦੱਸਿਆ ਫ਼ਜ਼ਲ ਤੇ ਕਰਮ ਕਿਹੜੇ,
ਨਾਲੇ ਗ਼ਲਤੀਆਂ ਤੋਂ ਖ਼ਬਰਦਾਰ ਕੀਤਾ ।

੮੩

ਹੱਥੀਂ ਬੱਧੀਂ ਗ਼ੁਲਾਮਾਂ ਦੇ ਵਾਂਗ ਹੋਵੇ,
ਸਾਰਾ ਜੱਗ ਹੀ ਤਾਬਿਆਦਾਰ ਤੇਰਾ ।
ਸੂਰਜ, ਚੰਦ ਦਾ ਗੇੜ ਪੁਲਾੜ ਅੰਦਰ,
ਚਲੇ ਇਉਂ ਜਿਉਂ ਆਗਿਆਕਾਰ ਤੇਰਾ ।
ਤੇਰੇ 'ਕੈਸਰ', 'ਫ਼ਗਫ਼ੂਰ' ਵੀ ਨਫ਼ਰ ਹੋਵਣ,
ਹਰ ਚੀਜ਼ ਤੇ ਹੋਵੇ ਅਧਿਕਾਰ ਤੇਰਾ ।
ਪੱਲੇ ਝਾੜ ਕੇ ਫੇਰ ਵੀ ਜਾਏਂ ਖ਼ਾਲੀ,
ਏਹੋ ਹਸ਼ਰ ਹੋਣਾ ਅਖ਼ਰਕਾਰ ਤੇਰਾ ।

੮੪

ਜੋ ਵੀ ਅੱਖ ਖੋਲ੍ਹੇ ਤੇਰੇ ਫ਼ੈਜ਼ ਅੰਦਰ,
ਪੈ ਜੀਹਦੇ ਤੇ ਮਿਹਰ ਦੀ ਨਜ਼ਰ ਜਾਏ ।
ਕਹਿਰ ਗ਼ਜ਼ਬ ਦੀ ਨਹੀਂ ਪਰਵਾਹ ਕਰਦਾ,
ਓਹਦੀ ਆਤਮਾ ਹੋ ਨਿਡਰ ਜਾਏ ।
ਤੇਰੇ ਘਰੋਂ ਦੁਰਕਾਰਿਆ ਜੋ ਜਾਏ,
ਰਹਿ ਓਸ ਲਈ ਕੋਈ ਨਾ ਘਰ ਜਾਏ ।
ਜਿਸ ਦਾ ਤੂੰ ਪਰ ਹੋ ਗਿਆ ਆਪ ਸਾਈਆਂ,
ਓਹਦੇ ਵਾਸਤੇ ਖੁਲ੍ਹ ਹਰ ਦਰ ਜਾਏ ।

੮੫

ਜੇਕਰ ਓਸ ਦੇ ਫ਼ੈਜ਼ ਨੂੰ ਲੱਭਦਾ ਏਂ ?
ਓਹਦੀ ਮਿਹਰ ਹੈ ਜੇਕਰਾਂ ਚਾਹ ਤੇਰੀ ।
ਭਲਾ ਦੋਹਾਂ ਜਹਾਨਾਂ ਦੇ ਵਿੱਚ ਹੋਵੇ,
ਜੈ ਜੈ ਕਾਰ ਹੋਵੇ ਵਾਹ ਵਾਹ ਤੇਰੀ ।
ਓਹਦੀ ਸਿੱਕ ਦੇ ਵਿੱਚ ਸ਼ੁਦਾਈ ਹੋ ਜਾ,
ਇਹੀ ਰਾਸ ਤੇਰੀ, ਏਹੀ ਰਾਹ ਤੇਰੀ ।
ਮੇਹਰ ਮੰਗ ਓਹਦੀ ਅੱਗਾ ਸੌਰ ਜਾਏ,
ਕਰੇ ਆਪ ਦਾਤਾਰ ਪਰਵਾਹ ਤੇਰੀ ।

੮੬

ਜੋ ਵੀ ਏਸ ਸੰਸਾਰ ਤੋਂ ਮੁੱਖ ਮੋੜੇ,
ਚੈਨ ਓਸਦੀ ਆਤਮਾ ਪਾਉਂਦੀ ਏ ।
ਦੌਲਤ ਦੱਬੇ ਹੋਏ ਕੁੱਲ ਖ਼ਜ਼ਾਨਿਆਂ ਦੀ,
ਸਾਰੀ ਓਹਦਿਆਂ ਹੱਥਾਂ ਵਿਚ ਆਉਂਦੀ ਏ ।
ਬੜਾ ਕੀਮਤੀ ਅਤੇ ਦੁਰਲੱਭ ਹੀਰਾ,
ਜਿਹਦੀ ਕਦਰ ਨਾ ਦੁਨੀਆਂ ਪਾਉਂਦੀ ਏ ।
ਜੀਵਨ ਸਾਗਰ ਦੀ ਛੱਲ ਫਿਰ ਉਹੀ ਹੀਰਾ,
ਓਹਦੀ ਤਲੀ ਤੇ ਆਪ ਟਿਕਾਉਂਦੀ ਏ ।

੮੭

ਦੁਖੀ ਭਟਕਦਾ ਦਿਲ ਜੇ ਮਿਲੇ ਛਿਨ ਭਰ,
ਸਮਝ ਕੁਛ ਨਹੀਂ ਹੋਇਆ ਨੁਕਸਾਨ ਤੇਰਾ ।
ਸਗੋਂ ਐਸ਼ ਆਰਾਮ ਸਭ ਮਿਲੇ ਤੈਨੂੰ,
ਧਨ ਦੌਲਤਾਂ ਕੁਲ ਜਹਾਨ ਤੇਰਾ ।
ਜੇ ਦਿਲ ਨਗੀਨੇ ਤੇ ਮੁਹਰ ਰੱਬੀ,
ਆਪ ਲਾ ਗਿਆ ਰੱਬ ਰਹਿਮਾਨ ਤੇਰਾ ।
ਤੇਰੀ ਕੁੱਲ ਸੰਸਾਰ ਤੇ ਹੁਕਮਰਾਨੀ,
ਝੂਲੇ ਜੱਗ ਤੇ ਫੇਰ ਨਿਸ਼ਾਨ ਤੇਰਾ ।

੮੮

ਤੇਰਾ ਗ਼ਾਫ਼ਲੀ ਵਰਗਾ ਨਾ ਹੋਰ ਵੈਰੀ,
ਕਾਰਨ ਗ਼ਾਫ਼ਲੀ ਦਿੱਕਤਾਂ ਭਾਰੀਆਂ ਨੀ ।
ਇਹਦੇ ਨਾਲੋਂ ਰੁਸਵਾਈ ਜੋ ਕਰੇ ਵਧਕੇ,
ਫਿਰਨ ਭਾਲਦੇ ਉਹ ਮਨਸਬਦਾਰੀਆਂ ਨੀ ।
ਵਕਤ ਆਖ਼ਰੀ ਯਾਰਾ ਚੇਤੰਨ ਹੋ ਜਾ,
ਏਸ ਮੰਜ਼ਲੇ ਬਹੁਤ ਦੁਸ਼ਵਾਰੀਆਂ ਨੀ ।
ਪੁੱਗੀ ਉਮਰੇ ਵੀ ਗ਼ਾਫ਼ਲੀ ਰਹੇ ਜੇਕਰ,
ਪੱਲੇ ਰਹਿੰਦੀਆਂ ਸਿਰਫ਼ ਖੁਵਾਰੀਆਂ ਨੀ ।

੮੯

ਜ਼ਖ਼ਮੀ ਦਿਲ ਜੇ ਤੈਨੂੰ ਖ਼ੁਦਾ ਦਿੱਤਾ,
ਤੈਨੂੰ ਚਾਹੀਦਾ ਨਹੀਂ ਗ਼ਮਗੀਨ ਹੋਣਾ ।
ਫ਼ਜ਼ਲ, ਕਰਮ, ਸਖ਼ਾਵਤਾਂ ਕਰੇ ਜੇਕਰ,
ਤੈਨੂੰ ਸੋਭਦਾ ਹੋਰ ਮਸਕੀਨ ਹੋਣਾ ।
ਦੌਲਤ 'ਸਰਮਦੀ' ਮਿਲੇ ਤਾਂ ਸ਼ੁਕਰ ਕਰੀਏ,
ਵੱਡਾ ਮਰਤਬਾ ਖ਼ਾਕ ਨਸ਼ੀਨ ਹੋਣਾ ।
ਦਾਤ ਹੋਰ ਦੇਵੇ, ਹੋਰ ਵੱਧ ਦੇਵੇ,
ਇਹੋ ਚਾਹੀਦਾ ਸਦਾ ਯਕੀਨ ਹੋਣਾ ।

੯੦

ਗਿਲਾ ਯਾਰ ਦਾ 'ਸਰਮਦਾ' ਨਹੀਂ ਕੀਤਾ,
ਜੇਕਰ ਨਹੀਂ ਕੀਤਾ, ਬੜਾ ਠੀਕ ਕੀਤਾ ।
ਮੰਦਾ ਬੋਲ ਵਿਗਾੜ ਜੇ ਨਹੀਂ ਕੀਤਾ,
ਬੜਾ ਠੀਕ ਕੀਤਾ, ਬੜਾ ਠੀਕ ਕੀਤਾ ।
ਚਾਹੀਏ ਤੈਨੂੰ ਜ਼ਮਾਨੇ ਦਾ ਸ਼ੁਕਰ ਕਰਨਾ,
ਓਹਨੇ ਜੋ ਵੀ ਕੀਤਾ, ਸੋ ਠੀਕ ਕੀਤਾ ।
ਜਿਹੜਾ ਚਾਹੀਦਾ ਨਹੀਂ ਸੀ ਕੰਮ ਹੋਣਾ,
ਸਮੇਂ ਹੋਣ ਨਹੀਂ ਦਿੱਤਾ, ਤਾਂ ਠੀਕ ਕੀਤਾ ।

੯੧

ਜ਼ਰਾ ਵੇਖ ਤਾਂ ਸਾਰੇ ਅਜ਼ੀਜ਼ ਮੇਰੇ,
ਕਿਵੇਂ ਖ਼ਾਕ ਦੇ ਵਿਚ ਸਮਾ ਗਏ ।
ਘਿਰ ਗਏ ਫ਼ਨਾਹ ਦੀ ਵਿਚ ਵਾਦੀ,
ਓੜਕ ਕਾਲ ਝਰਾਟ ਵਿਚ ਆ ਗਏ ।
ਜਿਹੜੇ ਹਿਰਸ ਹਵਾ ਦੇ ਹੋਏ ਮਾਰੇ,
ਅਰਸ਼ਾਂ ਤਕ ਉੱਡਾਰੀਆਂ ਲਾ ਗਏ ।
ਆਖ਼ਰ ਉਹ ਵੀ ਧਰਤੀ ਤੇ ਆਣ ਢੱਠੇ,
ਜਬੜੇ ਕਬਰਾਂ ਦੇ ਓਹਨਾਂ ਨੂੰ ਖਾ ਗਏ ।

੯੨

ਜਿਹੜਾ ਰੱਜ ਸ਼ਰਾਬ ਦੇ ਜਾਮ ਪੀਵੇ,
ਓਹ ਵੀ ਆਪਣਾ ਵਕਤ ਗੁਜ਼ਾਰ ਜਾਏ ।
ਭੁੰਨ ਭੁੰਨ ਕੇ ਜਿਹੜਾ ਕਬਾਬ ਖਾਂਦਾ,
ਓਹ ਵੀ ਆਪਣਾ ਵਕਤ ਗੁਜ਼ਾਰ ਜਾਏ ।
ਭੀਖ ਮੰਗਦਾ ਫਿਰੇ ਜੋ ਵਿੱਚ ਗਲੀਆਂ,
ਓਹ ਵੀ ਆਪਣਾ ਵਕਤ ਗੁਜ਼ਾਰ ਜਾਏ ।
ਪਾਣੀ ਠੂਠੇ ਦੇ ਗਿੱਲੀਆਂ ਬੁਰਕੀਆਂ ਕਰ,
ਖਾਂਦਾ 'ਸਰਮਦ' ਵੀ ਵਕਤ ਗੁਜ਼ਾਰ ਜਾਏ ।

੯੩

ਪਕੜ ਕਦਰ ਦੀ ਤੱਕੜੀ ਆਪ ਹੱਥੀਂ,
ਤੋਲੇ ਆਪ ਖ਼ੁਦਾ ਨੇ ਭਾਰ ਭਾਰੀ ।
ਸੂਰਜ ਰੱਖਿਆ ਰੱਬ ਨੇ ਇਕ ਛਾਬੇ,
ਤੇਰੇ ਚਿਹਰੇ ਦੀ ਦੂਜੇ ਵਿਚ ਜਿਨਸ ਪਿਆਰੀ ।
ਭਾਰਾ ਨਿਕਲਿਆ ਤੈਂਡੜਾ ਪਰੀ ਚਿਹਰਾ,
ਪਿਆ ਰਿਹਾ ਜ਼ਮੀਨ ਤੇ ਰੱਬ ਵਾਰੀ ।
ਛਾਬਾ ਦੂਸਰਾ ਉੱਡਿਆ ਬਹੁਤ ਹੌਲਾ,
ਸੂਰਜ ਸਣੇ ਅਸਮਾਨ ਵਿੱਚ ਲਾਈ ਤਾਰੀ ।

੯੪

ਗ਼ਮ ਇਸ਼ਕ ਦਾ 'ਸਰਮਦਾ' ਨਹੀਂ ਮਿਲਦਾ,
ਕਦੇ ਹਿਰਸ ਹਵਾ ਦੇ ਮਾਰਿਆਂ ਨੂੰ ।
ਮਿਲਦਾ ਸਦਾ ਪਰਵਾਨੇ ਨੂੰ ਸੋਜ਼ ਦਿਲ ਦਾ,
ਮਿਲਦਾ ਕਦੋਂ ਇਹ ਮੱਖਾਂ ਵਿਚਾਰਿਆਂ ਨੂੰ ।
ਇੱਕ ਉਮਰ ਗੁਜ਼ਾਰ ਕੇ ਕੋਈ ਵੇਖੇ,
ਸੋਹਣੇ ਯਾਰ ਦੇ ਸੋਹਣੇ ਨਜ਼ਾਰਿਆਂ ਨੂੰ ।
ਕਿਸੇ ਵਿਰਲੇ ਨੂੰ 'ਸਰਮਦ' ਨਸੀਬ ਹੋਵੇ,
ਦੌਲਤ ਮਿਲਦੀ ਨਾ ਕਦੇ ਇਹ ਸਾਰਿਆਂ ਨੂੰ ।

੯੫

ਜਿੱਥੇ ਜਾਏਂ ਤੂੰ ਇਹੋ ਦੁਆ ਸਾਡੀ,
ਰਹਿਣ ਮਿਹਰ ਮੁਹੱਬਤਾਂ ਨਾਲ ਤੇਰੇ ।
ਸੁੱਖ, ਸ਼ਾਂਤੀ ਸਦਾ ਨਸੀਬ ਹੋਵਣ,
ਬਣ ਕੇ ਰਹਿਣ ਹਰ ਥਾਂ ਅੰਗ ਪਾਲ ਤੇਰੇ ।
ਰਹੀਂ ਘੱਲਦਾ ਸੁੱਖ ਸੁਨੇਹੜਿਆਂ ਨੂੰ,
ਯਾਦ ਅਸਾਂ ਵੀ ਸ਼ਾਮਲੇ-ਹਾਲ ਤੇਰੇ ।
ਸਾਨੂੰ ਕਦੇ ਵੀ ਦਿਲੋਂ ਵਿਸਾਰਨਾ ਨਹੀਂ,
ਜਾਹ ! ਫ਼ਜ਼ਲ ਖ਼ੁਦਾ ਦਾ ਨਾਲ ਤੇਰੇ ।

੯੬

ਸਾਰੇ ਸੁੱਖ ਜਹਾਨ ਦੇ ਹੋਣ ਹਾਸਲ,
ਦਿਲ ਜੇ ਪਿਆਰ ਦੇ ਨਸ਼ੇ ਵਿੱਚ ਚੂਰ ਹੋਵੇ ।
ਫ਼ਿਕਰ ਘੇਰਦੇ ਓਸੇ ਹੀ ਆਦਮੀ ਨੂੰ,
ਪਾ ਕੇ ਦੌਲਤਾਂ ਜਿਹੜਾ ਮਗ਼ਰੂਰ ਹੋਵੇ ।
ਜਾਨ-ਦਿਲ ਨੂੰ ਦਿਲਬਰ ਦੇ ਰੱਖ ਪੈਰੀਂ,
ਆਪਾ ਤੈਂਡੜਾ ਓਹਦਾ ਮਸ਼ਕੂਰ ਹੋਵੇ ।
ਦੌਲਤ ਦਾਇਮੀ ਜਾਏਗੀ ਨਾਲ ਤੇਰੇ,
ਕਾਹਨੂੰ ਮਨ ਤੇਰਾ ਇਸ ਤੋਂ ਦੂਰ ਹੋਵੇ ।

੯੭

ਮਗਰ ਦੁਨੀਆਂ ਦੇ ਕਾਸਨੂੰ ਭੱਜਦਾ ਏਂ,
ਵੈਰੀ ਇਹ ਤਾਂ ਤੈਂਡੜੀ ਜਾਨ ਦੀ ਓ ।
ਨਾਜ਼ਕ ਦਿਲ ਤੇ ਭਾਰ ਜਦ ਪਿਆ ਇਹਦਾ,
ਨੱਪੀ ਜਾਏਗੀ ਚਿਣਗ ਈਮਾਨ ਦੀ ਓ ।
ਏਸ ਗੱਲ ਨੂੰ ਪਰਖਣਾ ਚਾਹੇਂ ਜੇਕਰ,
ਖ਼ਬਰਦਾਰ ਇਹ ਰਮਜ਼ ਇਰਫ਼ਾਨ ਦੀ ਓ ।
ਲੈ ਕੇ ਤੱਕੜੀ ਹੋਸ਼ ਦੀ ਜੋਖਣਾ ਈਂ,
ਓੜਕ ਜੋਖਣੀ ਜਿਣਸ ਜਹਾਨ ਦੀ ਓ ।

੯੮

ਪੀਤੇ ਜਾਮ ਸ਼ਰਾਬ ਦੇ ਜ਼ਾਹਦਾਂ ਨੇ,
ਮੌਸਮ ਤੱਕਿਆ ਜਦੋਂ ਬਹਾਰ ਦਾ ਈ ।
ਆਈ ਖਿਜ਼ਾਂ ਉਬਾਸੀਆਂ ਲੈਣ ਬੈਠੇ,
ਨਹੀਂ ਪੀਤੀ ਨੂੰ ਚਿੱਤ ਵਿਸਾਰਦਾ ਈ ।
ਪੀ ਲੈ 'ਸਰਮਦਾ' ਰੱਜ ਕੇ ਜਾਮ ਪੀ ਲੈ,
ਫ਼ਲਕ ਕਦੇ ਨਾ ਘੱਟ ਗੁਜ਼ਾਰਦਾ ਈ,
ਵੇਖ ! ਕਿਸ ਤਰ੍ਹਾਂ ਵਾਂਗ ਸ਼ਿਕਾਰੀਆਂ ਦੇ,
ਬੈਠਾ ਘਾਤ ਲਾਈ, ਤੈਨੂੰ ਮਾਰਦਾ ਈ ।

੯੯

ਮੈਨੂੰ ਬੜਾ ਅਫਸੋਸ ਹੈ ਸੋਚ ਮੇਰੀ,
ਓਹਦੇ ਵੱਲ ਉਡਾਰੀਆਂ ਮਾਰ ਥੱਕੀ ।
ਰਹੀ ਘੁੰਮਦੀ ਰੱਕੜਾਂ ਜੰਗਲਾਂ ਵਿੱਚ,
ਓਹਨੂੰ ਲੱਭਦੀ ਲੱਭਦੀ ਹਾਰ ਥੱਕੀ ।
ਪਰੇਸ਼ਾਨ ਤੇ ਬੜਾ ਹੈਰਾਨ ਸਾਂ ਮੈਂ,
ਮੇਰੀ ਸੋਚ ਕਿਓਂ ਅੱਧ ਵਿਚਕਾਰ ਥੱਕੀ ।
ਜਾਲਾ ਮੱਕੜੀ ਦਾ ਕਿਵੇਂ ਰੱਬ ਉਣਿਆਂ ?
ਇਹੋ ਸੋਚਦੀ ਇਹ ਵਾਰ ਵਾਰ ਥੱਕੀ ।

੧੦੦

ਦਰਦ ਗ਼ਮ ਜ਼ਮਾਨੇ ਦਾ ਖਾਏ ਜਿਹੜਾ,
ਓਹੀ ਅਸਲ ਦੇ ਵਿੱਚ ਹੈ ਸ਼ਾਦ ਹੁੰਦਾ ।
ਓਹਦੀ ਦੋਹਾਂ ਜਹਾਨਾਂ ਵਿੱਚ ਨੇਕ ਨਾਮੀ,
ਨਾਲੇ ਚਿੱਤ ਪਰਸੰਨ ਆਜ਼ਾਦ ਹੁੰਦਾ ।
ਜ਼ੱਰੇ, ਜ਼ੱਰੇ ਵਿੱਚ ਵੇਖੀ ਮੈਂ ਜ਼ਾਤ ਓਹਦੀ,
ਹਰ ਸ਼ੈ ਤੇ ਓਹਦਾ ਪਰਸ਼ਾਦ ਹੁੰਦਾ ।
ਜਿਸ ਸ਼ੀਸ਼ੇ ਚੋਂ ਰੱਬ ਦੀ ਆਏ ਪਰਤੋਂ,
ਰੱਬੀ ਤੋਹਫ਼ਾ ਨਹੀਂ ਓਹ ਬਰਬਾਦ ਹੁੰਦਾ ।

੧੦੧

ਏਸ ਦੁਨੀਆਂ ਦੇ ਸਾਰੇ ਹੀ ਲੋਕ ਮੈਂ ਤਾਂ,
ਦੁੱਖਾਂ ਗ਼ਮਾਂ ਦੇ ਨਾਲ ਬੀਮਾਰ ਵੇਖੇ ।
ਗਿਣਤੀ ਬਹੁਤ ਹੀ ਬੜੀ ਦੀਵਾਨਿਆਂ ਦੀ,
ਥੋੜ੍ਹੇ, ਇਹਨਾਂ ਦੇ ਵਿੱਚ ਹੁਸ਼ਿਆਰ ਵੇਖੇ ।
ਦੋਂਹ ਦਿਨਾਂ ਦੀ ਜ਼ਿੰਦਗੀ, ਗ਼ਜ਼ਬ ਦੀ ਗੱਲ !
ਕਿੰਨੇ ਨਫ਼ਸ ਦੇ ਤਾਬਿਆਦਾਰ ਵੇਖੇ ।
ਬੱਧੇ ਹਿਰਸ ਹਵਾ ਦੇ ਬੰਧਨਾਂ ਵਿੱਚ,
ਲੋਕ ਬੜੇ ਮਜਬੂਰ ਲਾਚਾਰ ਵੇਖੇ ।

੧੦੨

ਦੁਨੀਆਂ ਵਿਚ ਅਜ਼ਮਾ ਕੇ ਵੇਖਿਆ ਏ,
ਕੋਈ ਕਦੇ ਨਾ ਅਮਨ ਅਮਾਨ ਪਾਏ ।
ਮੋਹ ਏਸ ਦਾ ਇੱਕ ਵਪਾਰ ਐਸਾ,
ਜੋ ਵੀ ਕਰੇ ਸੋ ਸਦਾ ਨੁਕਸਾਨ ਪਾਏ ।
ਅੱਜ ਤੇਰਾ ਇਹ ਪਕੜਦੀ ਜਿਵੇਂ ਦਾਮਨ,
ਮਗਰ ਹੋਰ ਸਨ ਇਵੇਂ ਇਨਸਾਨ ਲਾਏ ।
ਅੱਜ ਹੁੰਦਾ, ਤੇ ਪਹਿਲਾਂ ਵੀ ਹੁੰਦਾ ਆਇਆ,
ਇਸੇ ਤਰ੍ਹਾਂ ਹੀ ਕਰਦਾ ਜਹਾਨ ਜਾਏ ।

੧੦੩

ਕੀ ਹੋਇਆ ਜੇ ਸੈਂਕੜੇ ਯਾਰ ਮੇਰੇ,
ਵੈਰੀ ਹੋ ਗਏ ਤੋੜ ਕੇ ਗਏ ਯਾਰੀ ।
ਕਾਇਮ ਦੋਸਤੀ ਇੱਕ ਹੀ ਰਹੀ ਪੱਕੀ,
ਦਿੱਤਾ ਦਿਲ ਨੂੰ ਜੀਹਨੇ ਧਰਵਾਸ ਭਾਰੀ ।
ਮੈਂ ਛੱਡ ਵਡਾਣੀਆਂ, ਸਭ ਆਸਾਂ,
ਇਕੋ ਜੋਤ ਸਰੂਪ ਦੀ ਆਸ ਧਾਰੀ ।
ਓਹਦਾ ਹੋ ਗਿਆ ਮੈਂ, ਮੇਰਾ ਹੋ ਗਿਆ ਉਹ,
ਇਉਂ ਦੂਰ ਹੋਈ ਦਿਲੋਂ ਦੂਈ ਸਾਰੀ ।

੧੦੪

ਅਕਸਰ ਲੋਕਾਂ ਨੂੰ ਮੈਂ ਤਾਂ ਵੇਖਿਆ ਹੈ,
ਪੀੜਾਂ ਹਸਰਤਾਂ ਦਿਲੀਂ ਲੁਕਾਈ ਫਿਰਦੇ ।
ਦਾਗ਼ ਸੈਂਕੜੇ ਸਾੜੇ ਤੇ ਈਰਖਾ ਦੇ,
ਵਿੱਚ ਸੀਨਿਆਂ ਦੇ ਡੂੰਘੇ ਲਾਈ ਫਿਰਦੇ ।
ਦੋਂਹ ਦਿਨਾਂ ਦੀ ਆਰਜ਼ੀ ਜ਼ਿੰਦਗੀ ਲਈ,
ਕਿੰਨੇ ਹਿਰਸ ਤੇ ਨਾਜ਼ ਉਠਾਈ ਫਿਰਦੇ ।
ਪੀੜਾਂ ਗ਼ਮਾਂ ਨੂੰ ਐਵੇਂ ਚਮੋੜ ਕੇ ਤੇ,
ਪਏ ਬੇ-ਦਿਲਾਂ ਵਾਂਗ ਘਬਰਾਈ ਫਿਰਦੇ ।

੧੦੫

ਇਹਨਾਂ ਮੂਰਖਾਂ ਨੂੰ ਕੋਈ ਕੀ ਆਖੇ,
ਇਹ ਤਾਂ ਅੱਲਾ ਦੀ ਜ਼ਾਤ ਪਛਾਣਦੇ ਨਹੀਂ ।
ਸੋਨੇ ਚਾਂਦੀ ਦੇ ਵਾਸਤੇ ਰਹਿਣ ਲੜਦੇ,
ਕੀਨੇ ਪਾਲਦੇ ਮਿੱਤਰ ਸਿਆਣਦੇ ਨਹੀਂ ।
ਕਰੀਂ ਕਦੇ ਇਤਬਾਰ ਨਾ ਦੋਸਤੀ ਦਾ,
ਲੋਕ ਦੁਨੀਆਂ ਦੇ ਦੋਸਤੀ ਜਾਣਦੇ ਨਹੀਂ ।
ਇਹ ਤਾਂ ਛੋਟੀ ਜਿਹੀ ਆਰਜ਼ੀ ਜ਼ਿੰਦਗੀ ਲਈ,
ਪਾਉਂਦੇ ਵੈਰ ਨੇ, ਦੋਸਤੀ ਮਾਣਦੇ ਨਹੀਂ ।

੧੦੬

ਏਸ ਦੁਨੀਆਂ ਦੇ ਲੋਕ ਬਦਖ਼ਾਹ ਮੇਰੇ,
ਆਖਾਂ ਹੋਰ ਕੀ ਰੱਬ ਦੇ ਮਾਰਿਆਂ ਨੂੰ ।
ਸੱਚੇ ਯਾਰ ਤਾਂ ਦੁਨੀਆਂ ਵਿਚ ਬਹੁਤ ਥੋੜ੍ਹੇ,
ਯਾਰ ਆਖ ਨਾ ਸਕੀਏ ਸਾਰਿਆਂ ਨੂੰ ।
ਬੰਦੇ ਹਿਰਸ ਦੇ ਤਾਬਿਆਦਾਰ ਜਿਹੜੇ,
ਭੋਗਣ ਐਸ਼ ਦੇ ਸਦਾ ਨਜ਼ਾਰਿਆਂ ਨੂੰ ।
ਸਹਿਣਾ ਦੁੱਖ ਪਰ ਦੁਨੀਆਂ ਦੇ ਵਿਚ ਪੈਂਦਾ,
ਸਦਾ ਬੰਦਿਆਂ ਅੱਲਾ ਦੇ ਪਿਆਰਿਆਂ ਨੂੰ ।

੧੦੭

ਲਭਦੀ ਦੋਸਤੀ ਦੁਨੀਆਂ ਦੇ ਵਿਚ ਕਿੱਥੇ ?
ਮਿਲਦੇ ਰੋਟੀਆਂ ਦੇ ਸਾਰੇ ਯਾਰ ਏਥੇ ।
ਸਚੀਂ ! ਅਸੀਂ ਤਾਂ ਕੋਈ ਵੀ ਵੇਖਿਆ ਨਹੀਂ,
ਦਿਲੋਂ ਕਿਸੇ ਨੂੰ ਕਰੇ ਪਿਆਰ ਏਥੇ ।
ਦਰ ਦਰ ਭਟਕਦੇ ਕੁੱਤਿਆਂ ਵਾਂਗ ਫਿਰਦੇ,
ਖ਼ਾਤਰ ਬੁਰਕੀਆਂ ਪੂਛਾਂ ਖਿਲਾਰ ਏਥੇ ।
ਇਕੋ ਰੋਟੀ ਪ੍ਰੇਰਨਾ ਦੋਸਤੀ ਦੀ,
ਵੇਖੇ ਜੋ ਵੀ ਖਾਣ ਦੇ ਯਾਰ ਏਥੇ ।

੧੦੮

ਲੰਮੀ ਉਮਰ ਦੀ ਆਸ ਤਾਂ ਮੁੱਕਦੀ ਨਹੀਂ,
ਏਸ ਗੱਲ ਨੂੰ ਕਦੇ ਵੀ ਸੋਚਿਆ ਨਾ ।
ਰੰਗ ਲਿਆਉਣ ਅਗ੍ਹਾਂ ਕੀ ਅਮਲ ਮੇਰੇ,
ਮੂਰਖ ਮਨ ਨੇ ਕਦੇ ਵੀ ਸੋਚਿਆ ਨਾ ।
ਡੂੰਘੀ ਨੀਂਦ ਵਿਚ ਉਮਰ ਗੁਜ਼ਾਰ ਦਿੱਤੀ,
ਕਰਨੀ ਹੋਸ਼ ਹੈ ਕਦੇ ਵੀ ਸੋਚਿਆ ਨਾ ।
ਕੀ ਕਰਾਂਗੇ ਜਦੋਂ ਸਵੇਰ ਹੋਈ,
ਕੰਮ ਪੈਣਗੇ ਕਦੇ ਵੀ ਸੋਚਿਆ ਨਾ ।

੧੦੯

ਜਦੋਂ ਕਦੋਂ ਵੀ ਦਿਲ ਹਿਸਾਬ ਲਾਉਂਦਾ,
ਅਮਲਾਂ ਕੀਤਿਆਂ ਤੇ ਸ਼ਰਮਸਾਰ ਹੁੰਦਾ ।
ਫ਼ਿਕਰ ਦੁੱਖੜੇ ਏਸ ਨੂੰ ਘੇਰ ਲੈਂਦੇ,
ਬੜਾ ਡੋਲਦਾ ਤੇ ਅਵਾਜ਼ਾਰ ਹੁੰਦਾ ।
ਇਕ ਛਿਨ ਵੀ ਕੀਤੇ ਗੁਨਾਹਾਂ ਉਪਰ,
ਇਸਤੋਂ ਕਦੇ ਧਿਆਨ ਨਹੀਂ ਮਾਰ ਹੁੰਦਾ ।
ਜਿਨ੍ਹੀਂ ਕੰਮੀਂ ਸ਼ਰਮਿੰਦਗੀ ਪਏ ਪੱਲੇ,
ਨਹੀਂ ਓਹਨਾਂ ਤੋਂ ਕਰ ਇਨਕਾਰ ਹੁੰਦਾ ।

੧੧੦

ਵੇਖ ਲਏ ਜੇ ਲੈਲਾ ਦੀ ਸ਼ਕਲ ਕੋਈ,
ਦਿਲ ਨੂੰ ਮਜਨੂੰ ਦੇ ਵਾਂਗ ਪਿਆਰ ਆਏ ।
ਓਸ ਹਾਲ ਫਿਰ ਥਲਾਂ ਦੇ ਵਾਂਗ ਮੈਨੂੰ,
ਨਜ਼ਰ ਆਪਣਾ ਘਰ ਤੇ ਬਾਰ ਆਏ ।
ਬੁੱਢੀ ਉਮਰ ਵਿਚ ਜ਼ਾਹਦ ਜਵਾਨ ਹੋਇਆ,
ਓਹਦੇ ਚਿਹਰੇ ਤੇ ਹੋਰ ਨਿਖ਼ਾਰ ਆਏ ।
ਇਓਂ ਜਾਪਿਆ ਜਿਵੇਂ ਖ਼ਿਜ਼ਾਂ ਅੰਦਰ,
ਮਹਿਕਾਂ ਵੰਡਦੀ ਕਿਧਰੇ ਬਹਾਰ ਆਏ ।

੧੧੧

ਜਿਸ ਅੱਲਾ ਨੇ ਮਿਹਰ ਦੀ ਨਜ਼ਰ ਕਰਕੇ,
ਤੈਨੂੰ ਯਾਰਾ ਸੁਲਤਾਨੀਆਂ ਦਿੱਤੀਆਂ ਨੇ ।
ਪੱਲੇ ਮੇਰੇ ਮੁਸੀਬਤਾਂ ਪਾ ਓਹਨੇ,
ਮੈਨੂੰ ਦਰਦ ਨਿਸ਼ਾਨੀਆਂ ਦਿੱਤੀਆਂ ਨੇ ।
ਐਬ ਕਰਦਿਆਂ ਨੂੰ ਕੱਜਣ ਬਖ਼ਸ਼ ਦਿੱਤੇ,
ਹੋਰ ਤਨ-ਆਸਾਨੀਆਂ ਦਿੱਤੀਆਂ ਨੇ ।
ਐਬੋਂ ਸੱਖਣੇ ਸਾਨੂੰ ਹਮਾਤੜਾਂ ਨੂੰ,
ਓਹਨੇ ਸਿਰਫ਼ ਉਰਿਆਨੀਆਂ ਦਿੱਤੀਆਂ ਨੇ ।
(ਉਰਿਆਨੀਆਂ=ਨੰਗਾਪਣ)

੧੧੨

ਤੇਰੇ ਬਾਝ ਰੰਗੀਲਿਆ ਸੱਜਣਾ ਓਏ,
ਕਿਸੇ ਹੋਰ ਨਾ ਯਾਰ ਦੀ ਚਾਹ ਕੋਈ ।
ਮੈਨੂੰ ਹਿਰਸ ਨਾ ਕਿਸੇ ਗੁਲਜ਼ਾਰ ਦੀ ਏ,
ਨਾ ਹੀ ਮਹਿਕੀ ਬਹਾਰ ਦੀ ਚਾਹ ਕੋਈ ।
ਮੇਰੇ ਵਹਿਮਾਂ ਖ਼ਿਆਲਾਂ ਦਾ ਤੂੰ ਮਰਕਜ਼,
ਨਹੀਂ ਕਿਸੇ ਪ੍ਰਕਾਰ ਦੀ ਚਾਹ ਕੋਈ ।
ਤੇਰਾ ਚਿਹਰਾ ਤੇ ਪਿਆਰ ਦਰਕਾਰ ਮੈਨੂੰ,
ਕਿਸੇ ਹੋਰ ਨਾ ਕਾਰ ਦੀ ਚਾਹ ਕੋਈ ।

੧੧੩

ਕੋਈ ਹੱਜ ਨਾ ਪਿਆਰ ਦੇ ਨਸ਼ੇ ਬਾਝੋਂ,
ਨਸ਼ਾ ਪਿਆਰ ਦਾ ਬੜਾ ਕਮਾਲ ਹੁੰਦਾ ।
ਨਸ਼ਾ ਪੀੜਾਂ ਚੋਂ ਜਿਹੜਾ ਕਸ਼ੀਦ ਹੋਇਆ,
ਓਹਦੇ ਪੀਤਿਆਂ ਹਾਸਲ ਵਿਸਾਲ ਹੁੰਦਾ ।
ਸਿਰ ਦਾ ਦਰਦ ਹੈ ਦੁਨੀਆਂ ਦਾ ਮੈਖ਼ਾਨਾ,
ਇਸ ਵਿਚ ਦੁਖ ਵੀ ਬੇ-ਮਿਸਾਲ ਹੁੰਦਾ ।
ਇਹ ਥਾਂ ਖ਼ੁਮਾਰ ਤੋਂ ਨਹੀਂ ਖ਼ਾਲੀ,
ਏਥੇ ਬੜਾ ਹੀ ਰੰਜ ਮਲਾਲ ਹੁੰਦਾ ।

੧੧੪

ਇਹ ਦੁਨੀਆਂ ਦੇ ਲੋਕ ਨੇ ਬੜੇ ਤੰਗਦਿਲ,
ਹਰ ਕੋਈ ਦੂਜੇ ਦੇ ਮੂੰਹ ਨੂੰ ਆਉਂਦਾ ਏ ।
ਆਪਾ ਧਾਪੀ ਦੇ ਇਸ ਮੈਦਾਨ ਅੰਦਰ,
ਹਰ ਇਕ ਆਪਣੀ ਡੱਫ ਵਜਾਉਂਦਾ ਏ ।
ਤੋੜ ਤਾੜਕੇ ਪਿਆਰ-ਕਾਨੂੰਨ ਸਾਰੇ,
ਜਿਵੇਂ ਚਲਦੀ ਕੋਈ ਚਲਾਉਂਦਾ ਏ ।
ਕੋਈ ਗੱਲ ਵੀ ਸੁਲ੍ਹਾ ਦੀ ਨਹੀਂ ਕਰਦਾ,
ਜੱਗ ਵਿਹਰਿਆ ਜੰਗ ਮਚਾਉਂਦਾ ਏ ।

੧੧੫

ਸਦਾ ਉਸ ਨੂੰ ਯਾਰ ਬਣਾਈਂ ਯਾਰਾ,
ਜਿਹੜਾ ਕਰੇ ਵਫ਼ਾ ਨਾ ਮੁੱਖ ਮੋੜੇ ।
ਕਦੇ ਛੱਡ ਨਾ ਅੱਧ ਵਿਚਕਾਰ ਜਾਏ,
ਜਾਣ ਬੁੱਝ ਕੇ ਤੇਰਾ ਨਾ ਦਿਲ ਤੋੜੇ ।
ਤੇਰੇ ਨਾਲ ਗਲਵੱਕੜੀ ਪਾਏ ਹਰਦਮ,
ਕਿਧਰੇ ਗ਼ੈਰ ਦੇ ਨਾਲ ਨਾ ਦਿਲ ਜੋੜੇ ।
ਇੱਕ ਪੈਰ ਵੀ ਤੈਥੋਂ ਨਾ ਵੱਖ ਹੋਵੇ,
ਕਦੇ ਨਾ ਵਿਛੋੜੇ ਦੇ ਖੂਹ ਬੋੜੇ ।

੧੧੬

ਏਸ ਕੌਮ ਦੇ ਬੜੇ ਅਜੀਬ ਲੋਕੀਂ,
ਨਾਲ ਦੌਲਤਾਂ ਯਾਰੀਆਂ ਲਾਉਂਦੇ ਈ ।
ਗਾਫ਼ਲ ਇਹ ਖ਼ੁਦਾ ਤੋਂ ਰਹਿਣ ਹਰ ਦਮ,
ਆਪਸ ਵਿੱਚ ਵੀ ਵੈਰ ਕਮਾਉਂਦੇ ਈ ।
ਖਾਵੇ ਆਪਣਾ ਆਪ ਨਸੀਬ ਬੰਦਾ,
ਨੁਕਤੇ ਏਸ ਤੇ ਕਦੇ ਨਾ ਆਉਂਦੇ ਈ ।
ਮਿਹਰ ਰੱਬ ਦੀ ਵੇਖ ਕੇ ਕਿਸੇ ਉੱਤੇ,
ਸਾੜੇ ਨਾਲ ਇਹ ਮਨ ਤਪਾਉਂਦੇ ਈ ।

੧੧੭

ਫੁੱਲ-ਰੰਗ ਸ਼ਰਾਬ ਦੇ ਜਾਮ ਪੀਵੇ,
ਓਹ ਅਸਲ ਦੇ ਵਿੱਚ ਹੁਸ਼ਿਆਰ ਹੋਵੇ ।
ਓਹਦੇ ਦਰਦ ਹੰਦੇਸੜੇ ਦੂਰ ਹੁੰਦੇ,
ਓਹੀ ਮਸਤੀਆਂ ਨਾਲ ਸਰਸ਼ਾਰ ਹੋਵੇ ।
ਰੱਜ ਪੀ ਸ਼ਰਾਬ ਦੇ ਜਾਮ ਯਾਰਾ,
ਫੰਦਕ ਫ਼ਲਕ ਦਾ ਪਿਆ ਤਿਆਰ ਹੋਵੇ ।
ਓਹਨੇ ਜਾਲ ਵਿਕਰਾਲ ਵਿੱਚ ਖਿੱਚ ਲੈਣਾ,
ਕੋਈ ਆਰ ਹੋਵੇ ਭਾਵੇਂ ਪਾਰ ਹੋਵੇ ।

੧੧੮

ਤੇਰੇ ਇਸ਼ਕ ਵਿੱਚ ਜੋ ਵੀ ਰੰਗ ਹੋਇਆ,
ਓਹਦੇ ਚਿਹਰੇ ਦਾ ਉੱਡਦਾ ਰੰਗ ਜਾਏ ।
ਡਰਨ ਚਿੱਤਰੇ ਵੀ ਤੇਰਾ ਨਾਮ ਸੁਣਕੇ,
ਕੰਬ ਵੇਂਹਦਿਆਂ ਸਾਰ ਨਿਹੰਗ ਜਾਏ ।
ਪੱਥਰ ਦਿਲੀ ਤੇਰੀ ਏਹੋ ਲੋਚਦੀ ਏ,
ਸਖ਼ਤ ਜਾਨ ਹੀ ਕੋਈ ਮਲੰਗ ਆਏ ।
ਕਿਉਂਕਿ ਸੱਚ ਹੀ ਮਿਸਲ ਮਸ਼ਹੂਰ ਸਾਰੇ,
ਪੱਥਰ ਪੱਥਰ ਨੂੰ ਤੋੜ ਨਿਸ਼ੰਗ ਜਾਏ ।

੧੧੯

ਮਕਤਲ ਇਸ਼ਕ ਦੇ ਇਹ ਦਸਤੂਰ ਚਲਦਾ,
ਕਦੇ ਮਾੜਿਆਂ ਨੂੰ ਕੋਈ ਮਾਰਦਾ ਨਹੀਂ ।
ਨਿਰੀਆਂ ਹੱਡੀਆਂ ਬੁੜਬੁੜਾਉਂਦੀਆਂ ਨੂੰ,
ਕੋਈ ਮੌਤ ਦੇ ਘਾਟ ਉਤਾਰਦਾ ਨਹੀਂ ।
ਤੇਰੇ ਵਾਂਗ ਸਾਦਕ ਆਸ਼ਕ ਹੋਏ ਜਿਹੜਾ,
ਮੌਤ ਵੇਖ ਕੇ ਹੌਸਲਾ ਹਾਰਦਾ ਨਹੀਂ ।
ਡਰਨਾ ਕਾਸ ਨੂੰ ? ਕਦੇ ਵੀ ਮੁਰਦਿਆਂ ਤੇ,
ਕਰਦਾ ਕੋਈ ਵੀ ਵਾਰ ਤਲਵਾਰ ਦਾ ਨਹੀਂ ।

੧੨੦

ਓਹ ਵੀ ਦਿਨ ਅਖ਼ੀਰ ਨੂੰ ਆ ਜਾਣਾ,
ਮੈਨੂੰ ਹੇਠ ਜ਼ਮੀਨ ਦੇ ਪਏ ਸਾਉਣਾ ।
ਰੱਬਾ ਮਿਹਰ ਕਰ, ਬਖ਼ਸ਼ ਗੁਨਾਹ ਮੇਰੇ,
ਓੜਕ ਤੂੰ ਹੀ ਗੁਨਾਹੀਂ ਨੂੰ ਮੁੱਖ ਲਾਉਣਾ ।
ਇਸੇ ਤਰ੍ਹਾਂ ਜੇ ਗੋਰ ਦੀ ਅੱਗ ਸਾਈਆਂ,
ਸਾਡਾ ਧਰਤੀ ਦੇ ਹੇਠ ਹੈ ਤਨ ਤਾਉਣਾ ।
ਉਪਰ ਧਰਤੀ ਦੇ ਆਪ ਹੀ ਦੱਸ ਸਾਈਆਂ,
ਅੱਲਾ ਵਾਲਿਆਂ ਕਿੱਥੇ ਆਰਾਮ ਪਾਉਣਾ ।

੧੨੧

ਮੇਰੇ ਨਫ਼ਸ ਤੂੰ ਜ਼ਾਲਮਾਂ ! ਦਸ ਤਾਂ ਸਹੀ,
ਆਈ ਆਪਣੀ ਆ ਕੇ ਕਰੇਂਗਾ ਕੀ ?
ਖ਼ਲਕ ਖ਼ਾਲਕ ਦੇ ਨਾਲੋਂ ਵਿਛੋੜ ਮੈਨੂੰ,
ਦੇ ਕੇ ਫੇਰ ਜੁਦਾਈ ਤੂੰ ਕਰੇਂਗਾ ਕੀ ?
ਸਦਾ ਤੈਨੂੰ ਲੜਾਈ ਦੀ ਪਈ ਰਹਿੰਦੀ,
ਸੜਕੇ ਏਸ ਜਨੂੰਨ ਵਿਚ ਕਰੇਂਗਾ ਕੀ ?
ਗ਼ਲਤੀ ਨਾਲ ਸੁਲ੍ਹਾ ਦੀ ਸੋਚ ਕਿਧਰੇ,
ਲੜ ਕੇ ਨਾਲ ਮਲੰਗ ਦੇ ਕਰੇਂਗਾ ਕੀ ?

੧੨੨

ਇਹਦਾ ਰਹੇ ਨਾ ਨਾਮ ਨਿਸ਼ਾਨ ਬਾਕੀ,
ਦੌਲਤ ਜਾਪਦੀ ਜਿਹੜੀ ਸੰਸਾਰ ਦੀ ਓ ।
ਇਹ ਨਜ਼ਰ ਦੇ ਧੋਖੇ ਤੋਂ ਵੱਧ ਕੁਛ ਨਾ,
ਸੁਫਨੇ ਵਾਂਗ ਉਡਾਰੀਆਂ ਮਾਰਦੀ ਓ ।
ਕਾਹਨੂੰ ਵਹਿਮ ਗੁਮਾਨ ਤੇ ਖ਼ੁਸ਼ ਹੋਵੇਂ,
ਦੁਨੀਆਂ ਇਹ ਮਹਿਮਾਨ ਦਿਨ ਚਾਰ ਦੀ ਓ ।
ਦੁੱਖਾਂ ਦਰਦਾਂ ਦੀ ਖਾਣ ਵਜੂਦ ਇਹਦਾ,
ਜਾਈਂ ਸਮਝ ਤੂੰ ਗੱਲ ਇਸਰਾਰ ਦੀ ਓ ।

੧੨੩

ਜਿਸ ਕਿਸੇ ਨੇ ਰੱਬ ਦਾ ਦਿਲ ਅੰਦਰ,
ਰੀਝਾਂ ਨਾਲ ਸੰਭਾਲਿਆ ਪਿਆਰ ਹੋਵੇ ।
ਉਤੋਂ ਭਾਵੇਂ ਦੀਵਾਨਿਆਂ ਵਾਂਗ ਜਾਪੇ,
ਹੋਸ਼ ਵਿਚ ਪਰ ਤਾਬਿਆਦਾਰ ਹੋਵੇ ।
ਨਸ਼ਾ ਇਸ਼ਕ ਦੇ ਜਾਮ ਦਾ ਵੱਖਰਾ ਏ,
ਵਿਰਲਾ ਏਸ ਨੂੰ ਪੀਏ ਸਰਸ਼ਾਰ ਹੋਵੇ ।
ਮਦਰਾ ਪ੍ਰੇਮ ਦੀ, ਅੱਖ ਨਹੀਂ ਵੇਖ ਸਕਦੀ,
ਪੈਂਦੀ ਓਸ ਦੀ ਦਿਲਾਂ ਵਿਚ ਧਾਰ ਹੋਵੇ ।

੧੨੪

ਮਨਸਬ ਇਸ਼ਕ ਦਾ ਬਖ਼ਸ਼ ਖ਼ੁਦਾ ਮੈਨੂੰ,
ਵਿਚ ਦੁਨੀਆਂ ਦੇ ਸਰਫ਼ਰਾਜ਼ ਕੀਤਾ ।
ਮੇਰੀ ਸਭ ਮਸ਼ੰਦਗੀ ਦੂਰ ਹੋਈ,
ਸਾਰੀ ਖ਼ਲਕ ਤੋਂ ਬੇਨਿਆਜ਼ ਕੀਤਾ ।
ਮੈਨੂੰ ਸਾੜਿਆ ਸ਼ਮ੍ਹਾ ਦੇ ਵਾਂਗ ਓਹਨੇ,
ਚਾਰਾ ਇਸ ਤਰ੍ਹਾਂ ਸੀ ਚਾਰਾਸਾਜ਼ ਜੀਤਾ ।
ਸੜਦੇ ਸੜਦੇ ਹਕੀਕਤਾਂ ਖੁਲ੍ਹ ਗਈਆਂ,
ਸਾਈਂ ਮੈਂਡੜੇ ਨੇ ਮਹਿਰਮ ਰਾਜ਼ ਕੀਤਾ ।

੧੨੫

ਭਾਵੇਂ ਜਾਣਦਾ ਸਭ ਗੁਨਾਹ ਮੇਰੇ,
ਚਸ਼ਮ ਪੋਸ਼ੀ ਓਹ ਜਾਣਕੇ ਕਰੀ ਜਾਏ ।
ਹਰਦਮ ਕੋਲ ਬਿਠਾਲ ਕੇ ਆਪ ਮੈਨੂੰ,
ਝੋਲੀ ਬਖਸ਼ਿਸ਼ਾਂ ਨਾਲ ਓਹ ਭਰੀ ਜਾਏ ।
ਸੋਚਾਂ ਸੋਚਦਾ ਆਪਣੇ ਹਾਲ ਬਾਰੇ,
ਦਿਲ ਡੁੱਬ ਜਾਏ, ਕਦੇ ਤਰੀ ਜਾਏ ।
ਏਸੇ ਗੇੜ ਵਿੱਚ ਓਸ ਨੂੰ ਵੇਖਿਆ ਮੈਂ,
ਬਖਸ਼ਿਸ਼ ਮੇਰੇ ਤੇ ਹੋਰ ਵੀ ਕਰੀ ਜਾਏ ।

੧੨੬

ਮਹਿਮਾ ਓਸ ਇਨਸਾਨ ਦੀ ਰੱਬ ਵਰਗੀ,
ਜੀਹਨੇ ਹੱਕ ਹਕੀਕਤ ਦਾ ਭੇਦ ਪਾਇਆ ।
ਖਿੱਲਰ ਗਿਆ ਪੁਲਾੜ ਦੇ ਵਿਚ ਸਾਰੇ,
ਓਹ ਤਾਂ ਨੀਲੇ ਅਸਮਾਨ ਤੇ ਜਾ ਛਾਇਆ ।
ਮੁੱਲਾਂ ਆਖਿਆ ਪਾ ਕੇ ਡੰਡ ਏਦਾਂ,
'ਅਹਿਮਦ ਉਪਰ ਅਸਮਾਨ ਦੇ ਵੱਲ ਧਾਇਆ ।'
"ਸਰਮਦ" ਬੋਲਿਆ ਗੱਜ ਕੇ ਏਤਰਾਂ ਨਹੀਂ,
'ਕੋਲ ਅਹਿਮਦ ਦੇ' ਉੱਤਰ ਅਸਮਾਨ ਆਇਆ ।

੧੨੭

'ਸਰਮਦ' ਤੈਨੂੰ ਸ਼ਰਾਬ ਦੇ ਜਾਮ ਦੇ ਕੇ,
ਚਾਹ-ਮਸਤੀਆਂ ਵਿੱਚ ਉਤਾਰਿਆ ਈ ।
ਕਦੇ ਚੁੱਕਿਆ ਤੈਨੂੰ ਅਸਮਾਨ ਉਪਰ,
ਕਦੇ ਹੇਠਾਂ ਪਟਕਾ ਕੇ ਮਾਰਿਆ ਈ ।
ਤੇਰੀ ਚਾਹ ਸੀ ਰੱਬ ਦੀ ਕਰਾਂ ਪੂਜਾ,
ਕਦੇ ਹੁਣ ਵੀ ਇਓਂ ਵਿਚਾਰਿਆ ਈ ?
ਬੁੱਤ ਪੁਜਾ ਦੇ ਰਾਹ ਤੇ ਪਾਉਣ ਦੇ ਲਈ,
ਤੈਨੂੰ ਨਾਲ ਸ਼ਰਾਬ ਦੇ ਚਾਰਿਆ ਈ ।

੧੨੮

ਛਡ ਖ਼ੁਦੀ ਖ਼ੁਦਾ ਦੇ ਕੋਲ ਹੋ ਜਾ,
ਓਹ ਵੀ ਆਏਗਾ ਪਾਸ ਅਡੋਲ ਤੇਰੇ ।
ਚੰਗੇ ਅਮਲਾਂ ਦਾ ਬਣੇਂਗਾ ਤੂੰ ਮੋਹਰੀ,
ਸਾਰੇ ਹੋਣਗੇ ਕੰਮ ਅਨਭੋਲ ਤੇਰੇ ।
ਤੇਰੀ ਦੋਹਾਂ ਜਹਾਨਾਂ ਤੇ ਅਮਲਦਾਰੀ,
ਗੂੰਜਣ ਹੁਕਮ ਦੇ ਵਾਂਗਰਾਂ ਬੋਲ ਤੇਰੇ ।
ਤੈਥੋਂ ਮਿਹਰ, ਸੁਰੱਖਿਆ ਲੈਣ ਖ਼ਾਤਰ,
ਢੁੱਕੇ ਸਾਰਾ ਜਹਾਨ ਫਿਰ ਕੋਲ ਤੇਰੇ ।

੧੨੯

ਗੱਲ ਸੱਜਣੋਂ ਸੁਣੋਂ ਧਿਆਨ ਧਰਕੇ,
ਜ਼ਰਾ ਆਪਾ ਸੁਆਰਨਾ, ਭੁੱਲਣਾ ਨਹੀਂ ।
ਮਿਲੇ ਜਦੋਂ ਤੱਕ ਜਾਮ ਤੇ ਜਾਮ ਪੀਓ,
ਇਸ ਨੂੰ ਜ਼ਰਾ ਨਿਤਾਰਨਾ, ਭੁੱਲਣਾ ਨਹੀਂ ।
ਏਸ ਜਾਮ ਤੋਂ ਦੌਲਤ ਜਮਸ਼ੈਦ ਪਾਈ,
ਇਹ ਗੱਲ ਵਿਚਾਰਨਾ, ਭੁੱਲਣਾ ਨਹੀਂ ।
ਪੱਲੇ ਏਸ ਨਸੀਹਤ ਨੂੰ ਬੰਨ੍ਹ ਲੈਣਾ,
ਨਹੀਂ ਇਹਨੂੰ ਵਿਸਾਰਨਾ, ਭੁੱਲਣਾ ਨਹੀਂ ।

੧੩੦

ਕੇਹੋ ਜਿਹੇ ਇਹ ਲੋਕ ਜਹਾਨ ਦੇ ਨੇ,
ਬਿਨਾ ਰੱਬ ਦੀ ਸੋਚ ਵਿਚਾਰ ਰਹਿੰਦੇ ।
ਸੁਬ੍ਹਾ, ਸ਼ਾਮ ਤੇ ਤਿੱਖੜ ਦੁਪਹਿਰ ਵੇਲੇ,
ਸੋਨੇ ਚਾਂਦੀ ਦਾ ਕਰਦੇ ਵਿਹਾਰ ਰਹਿੰਦੇ ।
ਰਹਿੰਦੇ ਭਾਂਡਿਆਂ ਵਾਂਗਰਾਂ ਠਹਿਕਦੇ ਇਹ,
ਜਿਧਰੇ ਕਿਧਰੇ ਵੀ ਦੋ ਜਾਂ ਚਾਰ ਰਹਿੰਦੇ ।
ਸਭਨਾਂ ਵਾਂਗ ਹਵਾ ਦੇ ਗੁਜ਼ਰ ਜਾਣਾ,
ਫਿਰ ਵੀ ਭਿੜਨ ਦੇ ਲਈ ਤਿਆਰ ਰਹਿੰਦੇ ।

੧੩੧

ਰੱਬਾ ਮੇਰਿਆ ਮੇਰੇ ਤੇ ਮੇਹਰ ਰੱਖੀਂ,
ਕਿਸੇ ਤਕ ਨਾ ਮੇਰੀ ਰਸਾਈ ਹੋਵੇ ।
ਨਾ ਮੈਂ ਆਸ ਵਫ਼ਾ ਦੀ ਕਦੇ ਰੱਖਾਂ,
ਨਾ ਹੀ ਕਿਸੇ ਦੇ ਨਾਲ ਅਸ਼ਨਾਈ ਹੋਵੇ ।
ਫਸਿਆ ਮੈਂ ਚੁਰਾਸੀ ਦੇ ਗੇੜ ਅੰਦਰ,
ਬਸ ਇਸ ਤਰ੍ਹਾਂ ਘੁੰਮ ਘੁਮਾਈ ਹੋਵੇ ।
ਤੇਰੇ ਫ਼ਜ਼ਲ ਤੇ ਤੇਰੀਆਂ ਰਹਿਮਤਾਂ ਬਿਨ,
ਮੁਮਕਿਨ ਮੇਰੀ ਨਾ ਸਾਈਆਂ ਰਿਹਾਈ ਹੋਵੇ ।

੧੩੨

ਹਰ ਕੋਈ ਖ਼ੁਦਾ ਤੋਂ ਮੰਗਦਾ ਹੈ,
ਕੋਈ ਮਾਲ ਮੰਗੇ ਕੋਈ ਦੀਨ ਮੰਗੇ ।
ਕੋਈ ਮੰਗੇ ਖ਼ੁਦਾ ਤੋਂ ਪਰੀ ਚਿਹਰਾ,
ਕੋਈ ਚਾਂਦਨੀ ਬਦਨ ਹੁਸੀਨ ਮੰਗੇ ।
ਮੇਰਾ ਦਿਲ ਤਾਂ ਕੁਛ ਵੀ ਮੰਗਦਾ ਨਹੀਂ,
ਨਾ ਹੀ 'ਸੁਆਦ' ਮੰਗੇ, ਨਾ ਹੀ 'ਸੀਨ' ਮੰਗੇ ।
ਹੋਰ ਮੰਗਣਾ ਦੁੱਖਾਂ ਸਿਰ ਦੁੱਖ ਸਮਝੇ,
ਮੰਗੇ ਇਹ ਤਾਂ ਵਸਲ-ਤਸਕੀਨ ਮੰਗੇ ।

੧੩੩

ਓਹ ਕਿਹੜਾ ਹੈ ਏਸ ਜਹਾਨ ਅੰਦਰ,
ਜਿਹੜਾ ਜ਼ੋਹਦ ਰਿਆ ਨੂੰ ਜਾਣਦਾ ਨਹੀਂ ?
ਧੋਖੇ ਅਸਾਂ ਦੇ, ਅਸਾਂ ਦੀ ਨੀਤ ਮਾੜੀ,
ਤੂੰ ਕੀ ਸਮਝਿਆ, ਰੱਬ ਪਛਾਣਦਾ ਨਹੀਂ ?
ਕਾਹਨੂੰ ਜ਼ਾਹਦ ਸ਼ਰਾਬ ਤੋਂ ਮੋੜਦਾ ਏਂ,
ਇਹਨਾਂ ਗੱਲਾਂ ਨੂੰ ਮੈਂ ਸਿਆਣਦਾ ਨਹੀਂ ?
ਦੱਸ ਓਸਨੂੰ ਆਪਣੀ ਪਾਰਸਾਈ,
ਜਿਹੜਾ ਤੇਰੀ ਔਕਾਤ ਨੂੰ ਜਾਣਦਾ ਨਹੀਂ ?

੧੩੪

ਛੱਡ 'ਸਰਮਦਾ, ਗਿਲੇ ਗੁਜ਼ਾਰਿਸ਼ਾਂ ਨੂੰ,
ਮੇਰੀ ਗੱਲ ਤੇ ਜ਼ਰਾ ਵਿਚਾਰ ਕਰ ਲੈ ।
ਦੋ ਜਿਹੜੀਆਂ ਤੈਨੂੰ ਮੈਂ ਦੱਸਦਾ ਹਾਂ,
ਕੋਈ ਇੱਕ ਤੂੰ ਉਹਨਾਂ 'ਚੋਂ ਕਾਰ ਕਰ ਲੈ ।
ਜਾਂ ਤਾਂ ਮੰਨ ਰਜ਼ਾ ਮਹਿਬੂਬ ਦੀ ਨੂੰ,
ਤਨ-ਭੇਟ ਤੂੰ ਓਹਦੇ ਦਰਬਾਰ ਕਰ ਲੈ ।
ਜਾਂ ਫਿਰ ਆ ਖ਼ੁਦਾ ਦੇ ਰਾਹ ਉੱਤੇ,
ਉੱਠ ! ਆਪਣੀ ਜਾਨ ਨਿਸਾਰ ਕਰ ਲੈ ।

੧੩੫

ਮਿਲੇ ਓਸ ਨੂੰ ਅਸਲ ਵਿੱਚ ਜ਼ਿੰਦਗਾਨੀ,
ਪਹਿਲਾਂ ਹਸਤੀ ਜੋ ਆਪਣੀ ਮਾਰਦਾ ਈ ।
ਇਹ ਓਸ ਨੂੰ ਮਰਤਬਾ ਨਹੀਂ ਮਿਲਦਾ,
ਜਿਹੜਾ ਰਾਹ ਵਿਚ ਹੌਸਲਾ ਹਾਰਦਾ ਈ ।
ਸ਼ਮ੍ਹਾਂ ਵਾਂਗਰਾਂ ਸੜੇ ਨਾ ਬਲੇ ਜਿਹੜਾ,
ਵਾਕਿਫ਼ ਜ਼ਰਾ ਨਾ ਉਹ ਇਸਰਾਰ ਦਾ ਈ ।
ਓਹਦੇ ਭਾਗ ਵਿੱਚ ਘੋਰ ਅੰਧਿਆਰ ਸਮਝੋ,
ਬਾਤਨ ਵਿੱਚ ਨਾ ਨੂਰ ਕਰਤਾਰ ਦਾ ਈ ।

੧੩੬

ਸ਼ੱਕ ਜ਼ਰਾ ਨਾ ਏਸ ਦੇ ਵਿੱਚ 'ਸਰਮਦ',
ਬੜੀ ਇਸ਼ਕ ਨੇ ਮੇਰੀ ਰੁਸਵਾਈ ਕੀਤੀ ।
ਪਾਗਲ, ਮਸਤ, ਸ਼ਰਾਬੀਆਂ ਵਾਂਗ ਕੀਤਾ,
ਬਾਹਲੀ ਜੱਗ ਤੇ ਜੱਗ-ਹਸਾਈ ਕੀਤੀ ।
ਵਿੱਚ ਰਾਹ ਮਹਿਬੂਬ ਦੇ ਖ਼ਾਕ ਵਾਂਗਰ,
ਮੇਰੇ ਨੰਗੇ ਸਰੀਰ ਸਮਾਈ ਕੀਤੀ ।
ਓਹ ਵੀ ਬਾਕੀ ਤਲਵਾਰ ਨਾ ਰਹਿਣ ਦਿੱਤੀ,
ਇੱਕੋ ਵਾਰ ਦੇ ਨਾਲ ਸਫ਼ਾਈ ਕੀਤੀ ।

੧੩੭

ਸੋਨੇ, ਚਾਂਦੀ ਦੀ ਹਿਰਸ ਹਵਾ ਉੱਪਰ,
ਕਾਬੂ ਜੋ ਵੀ ਆਦਮੀ ਪਾ ਜਾਏ ।
ਕੋਈ ਸ਼ੱਕ ਨਾ ਫੇਰ ਮਹਿਬੂਬ ਸੋਹਣਾ,
ਓਹਦੇ ਪਹਿਲੂ ਵਿੱਚ ਮਲਕੜੇ ਆ ਜਾਏ ।
ਜੇਕਰ ਹੱਥ ਨਸੀਬ ਦਾ ਹੋਏ ਧਾਗਾ,
ਆਦਮ ਰੱਬ ਨੂੰ ਪੌੜੀਆਂ ਲਾ ਜਾਏ ।
ਕੀਨਾ ਓਸ ਦੇ ਨਾਲ ਨਾ ਕਦੇ ਕਰੀਏ,
ਜਿਸ ਤੇ ਮਿਹਰਬਾਂ ਹੋ ਖ਼ੁਦਾ ਜਾਏ ।

੧੩੮

ਪਾਪ ਪੁੰਨ ਜੇ ਕਿਸੇ ਦੇ ਅੱਖ ਤੇਰੀ,
ਐਵੇਂ ਕਿਧਰੇ ਸਬੱਬ ਦੇ ਨਾਲ ਵੇਖੇ ।
ਉਸ ਨੂੰ ਚਾਹੀਦਾ ਪਾਪ ਤੇ ਪੁੰਨ ਤੇਰੇ,
ਓਸ ਤੱਕਣੀ ਦੇ ਨਾਲ ਨਾਲ ਵੇਖੇ ।
ਸੱਚਾ ਵੱਧ ਨਾ ਏਸ ਤੋਂ ਪੁੰਨ ਕੋਈ,
ਪੁੰਨ ਹੋਰ ਵੀ ਭਾਵੇਂ ਕਮਾਲ ਵੇਖੇ ।
ਅੰਦਰ ਆਪਣੇ ਝਾਤੀਆਂ ਮਾਰ ਮੀਆਂ,
ਨਜ਼ਰ ਤੈਂਡੜੀ ਵੀ ਤੇਰਾ ਹਾਲ ਵੇਖੇ ।

੧੩੯

ਸਿਰ ਦੇ ਭਾਰ ਮੈਂ ਯਾਰ ਦੀ ਗਲੀ ਜਾਵਾਂ,
ਇਉਂ ਆਸ਼ਕੀ ਰਸਮ ਨਿਭਾਈ ਜਾਵਾਂ ।
ਰਿਹਾ ਸਿਰ ਨਾ, ਲੱਥ ਗਏ ਪੈਰ ਮੇਰੇ,
ਰੱਬਾ ਫੇਰ ਵੀ ਦਾਈਆ ਪੁਗਾਈ ਜਾਵਾਂ ।
ਹੋਸ਼ ਅਕਲ ਟਿਕਾਣੇ ਤੇ ਹੈ ਮੇਰੀ,
ਕਾਹਨੂੰ ਜੁਤੀਆਂ ਸ਼ੀਸ਼ ਤੇ ਚਾਈ ਜਾਵਾਂ ।
ਪਾਗਲ ਨਹੀਂ, ਕਿ ਲਾਹ ਦਸਤਾਰ ਸਿਰ ਤੋਂ,
ਕੋਈ ਵੱਖਰਾ ਸਾਂਗ ਬਣਾਈ ਜਾਵਾਂ ।

੧੪੦

ਸਾਗਰ ਜ਼ਿੰਦਗੀ ਤੇ ਪਈ ਮਚਲਦੀ ਹੈ,
ਬੱਝੀ ਬੁਲਬੁਲੇ ਵਾਂਗ ਹਵਾ ਤੇਰੀ ।
ਹਰ ਉਭਰਦੀ ਛੱਲ ਤੋਂ ਖ਼ੌਫ਼ ਖਾ ਕੇ,
ਹੁੰਦੀ ਰਹਿੰਦੀ ਹੈ ਹੋਸ਼ ਖ਼ਤਾ ਤੇਰੀ ।
ਸ਼ੀਸ਼ਾ ਰੱਖ ਹਥੇਲੀ ਤੇ ਵੇਖ ਤਾਂ ਸਹੀ,
ਕਿਵੇਂ ਘੜੀ ਏ ਸ਼ਕਲ ਖ਼ੁਦਾ ਤੇਰੀ ।
ਨਾਲੇ ਪੁੱਛ ਲੈ ਆਪਣੇ ਅਕਸ ਕੋਲੋਂ,
ਕਦੋਂ ਆਏਗੀ ਭਲਾ ਕਜ਼ਾ ਤੇਰੀ ।

੧੪੧

ਝਾੜ ਛੱਡ ਤੂੰ ਵਹਿਮ ਗੁਮਾਨ ਸਾਰੇ,
ਫ਼ਿਕਰ ਦੁਨੀਆਂ ਦੇ ਟੱਪ ਕੇ ਪਾਰ ਹੋ ਜਾ ।
ਜਿਹੜੀ ਬਾਗ਼ਾਂ, ਸਹਿਰਾਵਾਂ 'ਚੋਂ ਲੰਘ ਜਾਏ,
ਤੂੰ ਵੀ ਪੌਣ ਉਹ ਤੇਜ਼ ਰਫ਼ਤਾਰ ਹੋ ਜਾ ।
ਸੋਹਣੇ ਫੁੱਲ, ਸ਼ਰਾਬ ਵਿਚ ਪਏ ਦਾਣਾ,
ਜਾਵੀਂ ਰੀਝ ਨਾ ਤੂੰ ਖ਼ਬਰਦਾਰ ਹੋ ਜਾ ।
ਜਾ, ਲੰਘ ਜਾ ਮੌਲੀਆਂ ਸਧਰਾਂ 'ਚੋਂ,
ਹੋ ਜਾ ਬੜਾ ਚੇਤੰਨ ਹੁਸ਼ਿਆਰ ਹੋ ਜਾ ।

੧੪੨

ਮੇਰੇ ਮਿੱਤਰਾ ਗਹੁ ਦੇ ਨਾਲ ਵੇਖੀਂ,
ਮੇਰਾ ਫ਼ਲਸਫ਼ਾ, ਫ਼ਿਕਰ, ਗਿਆਨ ਮੇਰਾ ।
ਵਿੱਚ ਮਿਹਰ, ਵਫ਼ਾ, ਮੁਹੱਬਤਾਂ ਦੇ,
ਸਾਨੀ ਕੋਈ ਨਾ ਏਸ ਜਹਾਨ ਮੇਰਾ ।
ਮਾਲਕ ਮੈਂ ਹਾਂ ਕੁੱਲ ਸਚਾਈਆਂ ਦਾ,
ਰਹਿੰਦਾ ਸਦਾ ਹੀ ਰੂਪ ਜਵਾਨ ਮੇਰਾ ।
ਮੈਨੂੰ ਵਾਂਗ ਕਿਤਾਬ ਦੇ ਫੋਲ ਵੇਖੀਂ,
ਹਰ ਸਫ਼ੇ ਵਿਚ ਪੜ੍ਹ ਬਿਆਨ ਮੇਰਾ ।

੧੪੩

ਰਾਤ ਦਿਨ ਤੇ ਸ਼ਾਮ ਸਵੇਰ ਹਰਦਮ,
ਪਾਪਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ ।
ਏਸ ਹਾਲ ਦਾ ਹੋਰ ਨਾ ਕੋਈ ਮਹਿਰਮ,
ਏਸ ਰਾਜ਼ ਸੰਦਾ ਰਾਜ਼ਦਾਰ ਹਾਂ ਮੈਂ ।
ਲੱਥ-ਪੱਥ ਗੁਨਾਹਾਂ ਦੇ ਨਾਲ ਦਾਮਨ,
ਕਰਦਾ ਬਖ਼ਸ਼ਿਸ਼ਾਂ ਦਾ ਇੰਤਜ਼ਾਰ ਹਾਂ ਮੈਂ ।
ਤੇਰੀ ਮਿਹਰ ਤੇ ਮੇਰੇ ਗੁਨਾਹ ਸਾਈਆਂ,
ਇਹਨਾਂ ਦੋਹਾਂ ਦਾ ਹੀ ਵਾਕਿਫ਼ਕਾਰ ਹਾਂ ਮੈਂ ।

੧੪੪

ਸ਼ੇਖੀ ਖੋਰ, ਮਗ਼ਰੂਰ, ਪਰਹੇਜ਼ਗਾਰਾ,
ਕੂੜੀ ਛੱਡਦੇ ਆਪਣੀ ਪਾਰਸਾਈ ।
ਇਹ ਚਾਤਰੀ, ਸਮਝ ਲੈ ਗੱਲ ਏਨੀ,
ਬਿਨਾਂ ਰੰਜ ਦੇ ਹੋਰ ਨਾ ਸ਼ੈ ਕਾਈ ।
ਤੈਨੂੰ ਆਖਦੇ ਲੋਕ ਦਰਵੇਸ਼ ਭਾਵੇਂ,
ਸਮਝਣ ਨਹੀਂ ਪਾਖੰਡ ਦਾ ਭੇਸ ਰਾਈ ।
ਚਿੱਟਾ, ਕਾਲਖਾਂ ਵਾਲੇ ਨੂੰ ਆਖਦੇ ਨੇ,
ਉਲਟੀ ਉਹਨਾਂ ਨੇ ਜਾਪਦੀ ਸਮਝ ਪਾਈ ।

੧੪੫

ਪਾਪਾਂ ਮੇਰਿਆਂ, ਰਹਿਮਤਾਂ ਤੇਰੀਆਂ ਦਾ,
ਨਹੀਂ ਰਹਿ ਗਿਆ ਹੱਦ ਹਿਸਾਬ ਕੋਈ ।
ਕੋਈ ਸ਼ੈ ਜੇ ਬੇ ਹਿਸਾਬ ਹੋਵੇ,
ਕਰੇ ਓਸ ਦਾ ਕਿਵੇਂ ਹਿਸਾਬ ਕੋਈ ।
ਕਰਾਂ ਗਿਣਤੀਆਂ ਸੈਕੜੇ ਸਾਲ ਭਾਵੇਂ,
ਫਿਰ ਵੀ ਮਿਲੇ ਨਾ ਮੈਨੂੰ ਹਿਸਾਬ ਕੋਈ ।
ਤੇਰਾ ਫ਼ਜ਼ਲ ਤੇ ਮੇਰੇ ਗੁਨਾਹ ਸਾਈਆਂ,
ਨਹੀਂ ਦੋਹਾਂ ਦਾ ਅੰਤ ਹਿਸਾਬ ਕੋਈ ।

੧੪੬

ਜੇਕਰ ਮੋਹ ਸੰਸਾਰ ਦਾ ਛੱਡ ਦੇਵੇਂ,
ਤੇਰਾ ਰੱਬ ਫਿਰ ਤੈਂਡੜੇ ਪਾਸ ਹੋਵੇ ।
ਲਾੜੀ ਸੁੱਖ ਆਰਾਮ ਦੀ ਕਰੇ ਸੇਵਾ,
ਤੇਰਾ ਦਿਲ ਨਾ ਕਦੇ ਉਦਾਸ ਹੋਵੇ ।
ਤੇਰੀ ਤਲੀ ਤੇ ਨਿਆਮਤਾਂ ਟਿਕਣ ਲੱਖਾਂ,
ਨਜ਼ਰ ਮੌਲਾ ਦੀ ਤੇਰੇ ਤੇ ਖ਼ਾਸ ਹੋਵੇ ।
ਬੰਧਨ ਮਾਇਆ ਦੇ ਜਦੋਂ ਤਕ ਟੁੱਟਦੇ ਨਹੀਂ,
ਤੇਰੀ ਕਦੇ ਨਾ ਬੰਦ-ਖ਼ਲਾਸ ਹੋਵੇ ।

੧੪੭

ਮੇਰੇ ਮਨਾ ਤੂੰ ਮੰਨ ਰਜ਼ਾ ਰੱਬੀ,
ਅੱਲਾ ਪਾਕ ਨੂੰ ਆਪਣਾ ਯਾਰ ਕਰ ਲੈ ।
ਰੰਜ ਦੁੱਖੜੇ ਰੱਖ ਦੇ ਇੱਕ ਪਾਸੇ,
ਹਲਕਾ ਆਪਣੀ ਜਾਨ ਦਾ ਭਾਰ ਕਰ ਲੈ ।
ਉਮਰਾ ਹਿਰਸ ਹਵਾ ਦੀ ਹੈ ਗਠੜੀ,
ਏਸ ਸੱਚ ਤੇ ਜ਼ਰਾ ਵਿਚਾਰ ਕਰ ਲੈ ।
ਕਾਹਨੂੰ ਗ਼ਾਫ਼ਿਲੀ ਵਿਚ ਗੁਜ਼ਾਰਦਾ ਏਂ,
ਨਾਲ ਯਾਰ ਦੇ ਪਿਆਰ ਵਪਾਰ ਕਰ ਲੈ ।

੧੪੮

ਧਰਕੇ ਧਿਆਨ ਮਹਿਬੂਬ ਦਾ ਦਿਲ ਅੰਦਰ,
ਸਦਾ ਚਿੱਤ ਆਨੰਦ ਮਸਰੂਰ ਕਰ ਲੈ ।
ਦੌਲਤ ਇਹ ਤਾਂ ਕਦੇ ਨਿਖੁੱਟਦੀ ਨਹੀਂ,
ਭਰ ਲੈ ਝੋਲੀਆਂ ਘਰ ਭਰਪੂਰ ਕਰ ਲੈ ।
ਏਸ ਗੱਲ ਤੋਂ ਕਦੇ ਵੀ ਰੰਜ ਕੋਈ ਨਾ,
ਤੂੰ ਵੀ ਆਪਣੇ ਰੰਜ ਨੂੰ ਦੂਰ ਕਰ ਲੈ ।
ਸੌਦਾ ਇਹ ਮੁਨਾਫ਼ੇ ਹੀ ਬਖ਼ਸ਼ਦਾ ਹੈ,
ਇਹ ਸੌਦਾ ਤੂੰ ਯਾਰ ਜ਼ਰੂਰ ਕਰ ਲੈ ।

੧੪੯

ਘੁੰਮਣ ਘੇਰ ਗੁਨਾਹਾਂ ਦੇ ਫਸੀ ਬੇੜੀ,
ਫ਼ਜ਼ਲ ਮੇਰੇ ਤੇ ਮੇਰੇ ਕਰਤਾਰ ਕਰਦੇ ।
ਡੁੱਬ ਜਾਏ ਨਾ ਡੋਲਦੀ ਇਹ ਬੇੜੀ,
ਚੱਪੂ ਮਿਹਰ ਦਾ ਲਾ ਕੇ ਪਾਰ ਕਰਦੇ ।
ਭਾਵੇਂ ਮੇਰਿਆਂ ਪਾਪਾਂ ਦਾ ਅੰਤ ਕੋਈ ਨਾ,
ਕਰਮ ਓਹਨਾਂ ਤੋਂ ਵੱਧ ਦਾਤਾਰ ਕਰਦੇ ।
ਪੈਣਾਂ ਤੈਨੂੰ ਹਿਸਾਬਾਂ ਵਿੱਚ ਸ਼ੋਭਦਾ ਨਹੀਂ,
ਕਰਦੇ ਰਹਿਮਤਾਂ ਅਪਰ ਅਪਾਰ ਕਰਦੇ ।

੧੫੦

ਮੈਨੂੰ ਜਾਪਦਾ ਇਹ ਹੈ ਨਾਮੁਮਕਿਨ,
ਤੇਰੇ ਪਹਿਲੂ ਵਿਚ ਯਾਰ ਨਹੀਂ ਹੋ ਸਕਦਾ ।
ਦਿਲੋਂ ਕੱਢ ਦੇ ਖ਼ਾਮ ਖ਼ਿਆਲੀਆਂ ਨੂੰ ,
ਅਜੇ ਤੈਨੂੰ ਦੀਦਾਰ ਨਹੀਂ ਹੋ ਸਕਦਾ ।
ਖ਼ਿਆਲ ਗ਼ੈਰ ਦਾ ਵੀ ਤੇਰੇ ਦਿਲ ਅੰਦਰ,
ਕਦੇ ਆਏ ਤਾਂ ਪਿਆਰ ਨਹੀਂ ਹੋ ਸਕਦਾ ।
ਤੇਰੇ ਵਿਚ ਤੇ ਯਾਰ ਵਿਚ ਕੰਧ ਆਈ,
ਬਗਲਗੀਰ ਦਿਲਦਾਰ ਨਹੀਂ ਹੋ ਸਕਦਾ ।

੧੫੧

ਗ਼ਮ ਇਸ਼ਕ ਦਾ ਖਾਏ ਤਾਂ ਦਿਲ ਮੁਰਦਾ,
ਸਦਾ ਜੀਊਂਦਿਆਂ ਵਿੱਚ ਜ਼ਰੂਰ ਹੋਵੇ ।
ਤੂੰ ਵੀ ਏਤਰਾਂ ਜ਼ਿੰਦਗੀ ਪਾ ਅਬਦੀ,
ਇਹ ਇਸ਼ਕ ਦਾ ਸਦਾ ਦਸਤੂਰ ਹੋਵੇ ।
ਲੁਤਫ਼ ਓਹਦਿਆਂ ਚੁੰਮਣਾਂ, ਜੱਫ਼ੀਆਂ ਦਾ,
ਲੈਣਾ ਤੈਨੂੰ ਵੀ ਜੇਕਰ ਮਨਜ਼ੂਰ ਹੋਵੇ ।
ਇਕ ਸਵਾਸ ਨਾ ਓਸ ਤੋਂ ਵੱਖ ਹੋਵੇ,
ਤੇਰਾ ਯਾਰ ਦੇ ਦਿਲ ਹਜ਼ੂਰ ਹੋਵੇ ।

੧੫੨

ਜਾਵਾਂ ਕਿੱਧਰ ਤੇ ਕਰਾਂ ਮੈਂ ਕੀ ਰੱਬਾ,
ਨਹੀਂ ਪਾਪਾਂ ਦਾ ਰਿਹਾ ਸ਼ੁਮਾਰ ਕੋਈ ।
ਖ਼ਸਤਾ ਹਾਲ ਦੀ ਬੇੜੀ ਨੂੰ ਕੱਢ ਸਾਈਆਂ,
ਫਾਥੀ ਇਹ ਤਾਂ ਵਿਚ ਮੰਝਧਾਰ ਹੋਈ ।
ਗ਼ਰਕ ਹੋ ਗਿਆ ਦਿਲ ਖਜਾਲਤਾਂ ਵਿਚ,
ਮੇਰੇ ਨਾਲ ਦਾ ਨਾ ਸ਼ਰਮਸਾਰ ਕੋਈ ।
ਤੇਰਾ ਫ਼ਜ਼ਲ ਹੀ ਲਾਏਗਾ ਪੱਤਣਾਂ ਤੇ,
ਹੋਰ ਲਾਏ ਨਾ ਬੇੜੀਆਂ ਪਾਰ ਕੋਈ ।

੧੫੩

ਸੰਗਤ ਓਹਨਾਂ ਦੀ ਜਦੋਂ ਤੱਕ ਛੱਡਦੇ ਨਹੀਂ,
ਚੰਦਰ-ਮੁਖੀਆਂ ਦੇ ਨਾਲ ਜੋ ਪਿਆਰ ਕਰਦੇ ।
ਲੁਤਫ਼ ਉਹਨਾਂ ਨੂੰ ਕੋਈ ਨਾ ਹੋਏ ਹਾਸਲ,
ਭਾਵੇਂ ਕਿੰਨਾ ਓਹ ਬੋਸੋ-ਕਿਨਾਰ ਕਰਦੇ ।
ਚੰਦਰ ਬਦਨ ਇਹ ਦਿਲਾਂ ਦੇ ਬੜੇ ਖੋਟੇ,
ਸੋਨੇ ਚਾਂਦੀ ਦਾ ਸਿਰਫ਼ ਵਪਾਰ ਕਰਦੇ ।
ਤੇਰੇ ਵਰਗੇ ਤਾਂ ਓਹਨਾਂ ਤੇ ਸ਼ੋਭਦੇ ਨਹੀਂ,
ਦਿਲ, ਜਾਨ ਤੇ ਮਾਲ ਨਿਸਾਰ ਕਰਦੇ ।

੧੫੪

ਫ਼ਜ਼ਲ ਯਾਰ ਦਾ ਅਤੇ ਗੁਨਾਹ ਮੇਰੇ,
ਕੌਣ ਇਹਨਾਂ ਦਾ ਕਰਨਾ ਸ਼ੁਮਾਰ ਜਾਣੇ ।
ਇਹ ਭੇਦ ਹਿਸਾਬ ਕੁੱਝ ਏਤਰਾਂ ਦਾ,
ਇਹਨੂੰ ਮੈਂ ਜਾਣਾ ਜਾਂ ਫਿਰ ਯਾਰ ਜਾਣੇ ।
ਹੋਈ ਆਸ਼ਕ ਗੁਨਾਹ ਦੇ ਹੁਸਨ ਉੱਤੇ,
ਅੱਖ ਓਸ ਦੇ ਫ਼ਜ਼ਲ ਦੀ, ਯਾਰ ਜਾਣੇ ।
ਤੈਨੂੰ ਆਪਣੇ ਪਾਪਾਂ ਤੋਂ ਡਰ ਕਾਹਦਾ,
ਤੇਰੇ ਪਾਪ ਜਾਨਣ, ਬਖ਼ਸ਼ਣਹਾਰ ਜਾਣੇ ।

੧੫੫

ਚਿਹਰਾ ਸਾਕੀ ਦਾ ਹੋਏ ਗੁਲਾਬ ਵਰਗਾ,
ਮਿਲ ਜਾਏ ਤਾਂ ਅੱਖੀਆਂ ਠਾਰਨਾ ਈਂ ।
ਓਹਦੇ ਪੈਰਾਂ ਤੇ ਸੀਸ ਝੁਕਾ ਦੇਣਾ,
ਬਹੁਤ ਓਸ ਦਾ ਸ਼ੁਕਰ ਗੁਜ਼ਾਰਨਾ ਈਂ ।
ਪੀ ਕੇ ਮੈ ਹਲੀਮੀ ਤੇ ਆਜਜ਼ੀ ਦੀ,
ਐਸੇ ਨਸ਼ੇ ਨੂੰ ਨਹੀਂ ਉਤਾਰਨਾ ਈਂ ।
ਖ਼ਬਰਦਾਰ ! ਤੂੰ ਬਚੀਂ ਗਨੂਦਗੀ ਤੋਂ,
ਤੈਨੂੰ ਏਸ ਖੁਮਾਰ ਨੇ ਮਾਰਨਾ ਈਂ ।

੧੫੬

ਜਿਹੜੀ ਸ਼ੈ ਦਾ ਮੁੱਲ ਨਾ ਇੱਕ ਕੌਡੀ,
ਜਿਹੜੀ ਚੀਜ਼ ਦੇ ਵਿਚ ਨੇ ਐਬ ਭਾਰੀ ।
ਓਹ ਹੈ ਖ਼ਲਕ ਦੇ ਝੰਜਟਾਂ ਵਿਚ ਪੈਣਾ,
ਉਸ ਤੋਂ ਬਚੀਂ ਵਾਰੀ, ਉਸ ਤੋਂ ਬਚੀਂ ਵਾਰੀ ।
ਖ਼ਲਕਤ ਨਾਲ ਨਾ ਕਦੇ ਵੀ ਮੋਹ ਪਾਈਏ,
ਸਹਿਣੇ ਪੈਣਗੇ ਏਸ ਤੋਂ ਰੰਜ ਕਾਰੀ ।
ਤੈਨੂੰ ਦੱਸਿਆ ਮੈਂ, ਹੋਰ ਕੀ ਆਖਾਂ,
ਹੌਲਾ ਭਾਰ ਤੇ ਸਾਥ ਦੀ ਸਰ-ਦਾਰੀ ।

੧੫੭

ਮੈਂ ਸ਼ਬਦ ਤੇ ਓਹ ਹੈ ਅਰਥ ਮੇਰਾ,
ਮੈਂ, ਓਹ, ਨੇ ਭਲਾ ਅਲੱਗ ਕਿੱਥੇ ?
ਨਜ਼ਰ, ਅੱਖ ਤੋਂ ਜਾਪਦੀ ਵੱਖ ਭਾਵੇਂ,
ਇੱਕ ਮਿੱਕ ਨੇ ਹੋਣ ਅਲੱਗ ਕਿੱਥੇ ?
ਜਦੋਂ ਲਾਜ਼ਮ ਮਲਜ਼ੂਮ ਨੇ ਇਹ ਸੈਆਂ,
ਕੋਈ ਇਹਨਾਂ ਨੂੰ ਕਰੇ ਅਲੱਗ ਕਿੱਥੇ ?
ਫੁੱਲ, ਬਾਸਨਾ ਕਹਿਣ ਨੂੰ ਦੋ ਚੀਜ਼ਾਂ,
ਪਰ ਇਹ ਹੁੰਦੀਆਂ ਭਲਾ ਅਲੱਗ ਕਿੱਥੇ ?

੧੫੮

ਨਿਸਦਿਨ ਭੁੱਲਦੀ ਨਹੀਂ ਇਹ ਗੱਲ ਮੈਨੂੰ,
ਬਖ਼ਸ਼ਣਹਾਰ ਤੂੰ ਹੈਂ, ਔਗੁਣਹਾਰ ਮੈਂ ਹਾਂ ।
ਆਪਣੇ ਪਾਪਾਂ ਤੇ ਰਹਿਮਤਾਂ ਤੇਰੀਆਂ ਦਾ,
ਅਰਬਾ ਜਾਣਦਾ ਹਾਂ, ਵਾਕਿਫ਼ਕਾਰ ਮੈਂ ਹਾਂ ।
ਮੈਥੋਂ ਕੀ ਹੋਇਆ ? ਮਿਹਰਾਂ ਤੇਰੀਆਂ ਕੀ ?
ਦੋਹਾਂ ਪਾਸਿਆਂ ਦਾ ਰਾਜ਼ਦਾਰ ਮੈਂ ਹਾਂ ।
ਸੁਬ੍ਹਾ ਸ਼ਾਮ ਮੈਂ ਇਹੀ ਹਿਸਾਬ ਲਾਵਾਂ,
ਇਹਨਾਂ ਵਸਤੂਆਂ ਦਾ ਤੋਲਣਹਾਰ ਮੈਂ ਹਾਂ ।

੧੫੯

ਮਿਲੇ ਤੈਨੂੰ ਜੇ ਮਰਤਬਾ ਜੱਗ ਅੰਦਰ,
ਚਿੱਤ ਚਾਹੀਏ ਨਾ ਬਾਹਲਾ ਮਸਰੂਰ ਕਰਨਾ ।
ਸਾਨੂੰ ਕੋਈ ਪਰਵਾਹ ਨਾ ਦੌਲਤਾਂ ਦੀ,
ਆਉਂਦਾ ਮਾਣ ਤੇ ਨਹੀਂ ਗ਼ਰੂਰ ਕਰਨਾ ।
ਸਾਡਾ ਆਸਰਾ ਸਾਕੀ ਤੇ ਜਾਮ ਹੋਏ,
ਯਾਰ ਹੋਰ ਨਾ ਅਸਾਂ ਮਨਜ਼ੂਰ ਕਰਨਾ ।
ਕਿਧਰੇ ਨਹੀਂ ਗ਼ਮਖਾਰ ਸ਼ਰਾਬ ਵਰਗਾ,
ਇਹਦਾ ਜਾਮ ਨਾ ਲਬਾਂ ਤੋਂ ਦੂਰ ਕਰਨਾ ।

੧੬੦

ਜਿਵੇਂ ਮੋਹਰ ਦਾ ਸਦਾ ਨਿਸ਼ਾਨ ਕਰਦਾ,
ਪਿਆ ਨਾਂ ਦੇ ਮਗਰ ਤੂੰ ਭੱਜਦਾ ਏਂ ।
ਓਧਰ ਘੋਰੜੂ ਵੱਜਦਾ ਪਿਆ ਤੇਰਾ,
ਕਰਦਾ ਐਸ਼ ਤੂੰ ਅਜੇ ਨਾ ਰੱਜਦਾ ਏਂ ।
ਤੋਸਾ ਉਮਰ ਦਾ ਬੰਨ੍ਹ ਲੈ ਵਿਚ ਪੱਲੇ,
ਜੇਕਰ ਅਜੇ ਵੀ ਆਦਮੀ ਚੱਜਦਾ ਏਂ ।
ਉੱਠ ! ਪਕਣੇ ਦਾ ਤੇਰਾ ਵਕਤ ਆਇਆ,
ਕੱਚਾ ਰਹਿ ਕੇ ਤੂੰ ਨਾ ਸੱਜਦਾ ਏਂ ।

੧੬੧

ਇਹਨਾਂ ਹਿਰਸ ਹਵਾ ਦੇ ਬੇਟਿਆਂ ਨੇ,
ਦੇਣਾ ਕਰ ਜ਼ਰੂਰ ਨਾਕਾਮ ਤੈਨੂੰ ।
ਲਾਣੇ ਏਸ ਨੇ ਖੁੰਦਕਾਂ ਛੇੜ ਕੇ ਤੇ,
ਕਰਨ ਦੇਣਾ ਨਹੀਂ ਕਦੇ ਆਰਾਮ ਤੈਨੂੰ ।
ਪੱਥਰ ਵਾਂਗ ਵੀ ਸੈਂਕੜੇ ਸਾਲ ਭਾਵੇਂ,
ਲੋਭ ਪਿਆ ਰਗੜੇ ਸੁਬ੍ਹਾ ਸ਼ਾਮ ਤੈਨੂੰ ।
ਫਿਰ ਵੀ ਨਾਮ ਦੇ ਤਾਲਬਾ ਯਾਦ ਰਖੀਂ,
ਰਹਿਣਾ ਪਏਗਾ ਓੜਕ ਬਦਨਾਮ ਤੈਨੂੰ ।

੧੬੨

ਤੈਨੂੰ ਖ਼ੁਦ-ਪਸੰਦੀ ਨੇ ਮਾਰਿਆ ਈ,
ਤੂੰ ਨਾ ਏਸ ਤੋਂ ਕਦੇ ਨਜਾਤ ਪਾਈ ।
ਲਾਹੇਵੰਦ ਜਮਾਲ ਦੀ ਭੁੱਲ ਕੇ ਵੀ,
ਕਦੇ ਤੂੰ ਨਾ ਮਿੱਤਰਾ ਝਾਤ ਪਾਈ ।
"ਫ਼ਤੇ, ਦੋਹਾਂ ਜਹਾਨਾਂ ਤੇ ਮੈਂ ਪਾਵਾਂ",
ਤੇਰੇ ਮਨ ਅੰਦਰ ਜੇਕਰ ਬਾਤ ਆਈ ।
ਹੋ ਜਾ ਇੱਕ ਦਾ ਦੂਈ ਦਾ ਛੱਡ ਖਹਿੜਾ,
ਇਹਦੇ ਬਾਝ ਇਹ ਕਿਨ ਸੁਗਾਤ ਪਾਈ ।

੧੬੩

ਇੱਕ ਫ਼ਜ਼ਲ ਖ਼ੁਦਾ ਦਾ ਮੰਗਦਾ ਹਾਂ,
ਮੇਰੀ ਹੋਰ ਨਾ ਜੱਗ ਤੇ ਕਾਰ ਕੋਈ,
ਮੈਨੂੰ ਡਰ ਗੁਨਾਹਾਂ ਦਾ ਮਾਰਦਾ ਨਹੀਂ,
ਮੇਰਾ ਨਹੀਂ ਹੰਦੇਸੜਾ ਯਾਰ ਕੋਈ ।
ਮੇਰੇ ਐਬ ਤੇ ਆਪਣੀ ਮਿਹਰ ਤਾਈਂ,
ਨਿਸ਼ਚੇ ਜਾਣਦਾ ਹੋਊ ਦਿਲਦਾਰ ਕੋਈ ।
ਇਹਨਾਂ ਦੋਹਾਂ ਹੀ ਗੱਲਾਂ ਦੇ ਨਾਲ ਮੇਰਾ,
ਨਹੀਂ ਮੁੱਢ ਤੋਂ ਹੀ ਸਰੋਕਾਰ ਕੋਈ ।

੧੬੪

ਲਾਲਚ ਹਿਰਸ ਹਵਾ ਦੇ ਵੱਸ ਹੋ ਕੇ,
ਹੁਲੀਆ ਜੀਵਨ ਦਾ ਕਿਉਂ ਵਿਗਾੜਦਾ ਏਂ ।
ਕਿਉਂ ਮੈਨੂੰ ਤੇ ਆਪਣੇ ਆਪ ਨੂੰ ਵੀ,
ਵਿੱਚ ਅੱਗ ਡਰਾਉਣੀ ਦੇ ਸਾੜਦਾ ਏਂ ।
ਧੌਲੇ ਆਏ ਜੁਆਨੀ ਦੀ ਉਮਰ ਗੁਜ਼ਰੀ,
ਕਿਉਂ ਨਾ ਗ਼ਾਫ਼ਿਲਾ ਅੱਖ ਉਘਾੜਦਾ ਏਂ ?
ਫੂਕਾਂ ਮਾਰ ਕੇ ਬੁਝੀਆਂ ਅੰਗਿਆਰੀਆਂ ਨੂੰ,
ਕਾਹਨੂੰ ਦਾਮਨ ਫ਼ਕੀਰ ਦਾ ਸਾੜਦਾ ਏਂ ।

੧੬੫

ਦਿਸਦਾ ਜੱਗ ਜਹਾਨ ਤਾਂ ਹੈ ਫ਼ਾਨੀ,
ਖ਼ੁਸ਼ੀਆਂ ਮਨਾ ਕੀ ਵੇਖ ਮਨਾਵਣਾਂ ਈਂ ।
ਹੋਵੇ ਸ਼ਾਹ ਜਾਂ ਕੋਈ ਫ਼ਕੀਰ ਹੋਵੇ,
ਸਭਨਾਂ ਉਠ ਸੰਸਾਰ ਤੋਂ ਜਾਵਣਾਂ ਈਂ ।
ਇਹ ਛੋਟੀ ਜਹੀ ਜ਼ਿੰਦਗੀ ਮਿਲੀ ਤੈਨੂੰ,
ਇਹ ਨਾ ਗ਼ਾਫ਼ਲੀ ਵਿਚ ਗੁਆਵਣਾਂ ਈਂ ।
ਸੂਰਤ ਯਾਰ ਦੀ ਰਖਣੀ ਮਨ ਅੰਦਰ,
ਇੱਕ ਪਲ ਨਾ ਉਹਨੂੰ ਭੁਲਾਵਣਾਂ ਈਂ ।

੧੬੬

'ਮੇਰੀ ਮਰਜ਼ੀ ਦੇ ਤਾਬਿਆ ਹੋਏ ਦੁਨੀਆਂ',
ਏਸ ਹਵਸ ਨੇ ਹੀ ਤੈਨੂੰ ਮਾਰਿਆ ਸੀ ।
ਨਾ ਹੀ ਅਗਲੇ ਜਹਾਨ ਦਾ ਫ਼ਿਕਰ ਕੀਤਾ,
ਉੱਕਾ ਰੱਬ ਨੂੰ ਮਨੋਂ ਵਿਸਾਰਿਆ ਸੀ ।
ਏਸ ਹਾਲ ਦੋ-ਪਾਸੜੀ ਮਾਰ ਪੈ ਗਈ,
ਇਹ ਖੁਸਿਆ ਤੇ ਓਹ ਹਾਰਿਆ ਸੀ ।
ਮਿਲਿਆ ਕੁਛ ਨਾ ਬਾਝ ਨਮੋਸ਼ੀਆਂ ਦੇ,
ਦਾਮਨ ਹਿਰਸ ਨੇ ਬਹੁਤ ਪਸਾਰਿਆ ਸੀ ।

੧੬੭

ਓਏ ਜ਼ਾਹਦਾ ! ਅੱਲਾ ਦੀ ਸਹੁੰ ਮੈਨੂੰ,
ਤੂੰ ਤਾਂ ਅਕਲ ਤੇ ਹੋਸ਼ ਤੋਂ ਦੂਰ ਹੋਇਆ ।
ਤਜ ਕੇ ਤੂੰ ਪਾਖੰਡ ਪਰਹੇਜ਼ਗਾਰੀ,
ਪੀ ਕੇ ਨਹੀਂ ਸ਼ਰਾਬ ਮਖ਼ਮੂਰ ਹੋਇਆ ।
ਵੇਖ ਜਾਮ ਇਹ ਨਾਲ ਹਕੀਕਤਾਂ ਦੇ,
ਨੱਕੋ ਨੱਕ ਹੈ ਕਿਵੇਂ ਭਰਪੂਰ ਹੋਇਆ ।
ਬਾਤਨ, ਜ਼ਾਹਰ ਨੇ ਛਲਕਦੇ ਏਸ ਅੰਦਰ,
ਸ਼ੀਸ਼ਾ ਦੂਈ ਦਾ ਹੈ ਚਕਨਾ-ਚੂਰ ਹੋਇਆ ।

੧੬੮

ਮਨਾ ਹਿਰਸ ਹਵਾ ਦੇ ਲੱਗ ਆਖੇ,
ਕਾਹਨੂੰ ਆਪਣਾ ਆਪ ਸਤਾਉਨਾ ਏਂ ?
ਭਲਾ ਕਾਸ ਨੂੰ ਆਪਣੇ ਮੋਢਿਆਂ ਤੇ,
ਏਨਾ ਚਿੰਤਾ ਦਾ ਭਾਰ ਉਠਾਉਨਾ ਏਂ ?
ਇਹ ਉਮਰ ਤਾਂ ਥੋੜ੍ਹੀ ਜਹੀ ਹੈ ਤੇਰੀ,
ਲੋਭ ਲਾਲਸਾ ਕਿਉਂ ਵਧਾਉਨਾ ਏਂ ?
ਦੋਂਹ ਦਿਨਾਂ ਲਈ ਪਿੱਟਣੇ ਛੇੜ ਐਵੇਂ,
ਕਿਉਂ ਜੀਊ ਨੂੰ ਰੋਗ ਲਗਾਉਨਾ ਏਂ ?

੧੬੯

ਸਾਂਭ ਜ਼ਾਹਦਾ ਆਪਣੀ ਪਾਰਸਾਈ,
ਸਾਨੂੰ ਹੋਰ ਉਪਦੇਸ਼ ਨਾ ਝਾੜਨਾ ਈਂ ।
ਹੇਠਾਂ ਅਸਾਂ ਨੇ ਇਸ਼ਕ ਦੀ ਅੱਗ ਬਾਲੀ,
ਉੱਪਰ ਰਖਿਆ ਦਿਲੇ ਦਾ ਕਾਹੜਨਾ ਈਂ ।
ਜਾਗ ! ਜਾਗ ਤੇ ਅੱਖੀਆਂ ਖੋਲ੍ਹ ਜ਼ਾਹਦ,
ਦਿਲ ਦੇ ਭਰਮ ਨੂੰ ਜੜ੍ਹੋਂ ਉਖਾੜਨਾ ਈਂ ।
ਕਿੰਨਾ ਭਖਦਾ ਹੈ ਇਸ਼ਕ ਦਾ ਮੈਖ਼ਾਨਾ,
ਇਹਦੀ ਅੱਗ ਨੇ ਦੂਈ ਨੂੰ ਸਾੜਨਾ ਈਂ ।

੧੭੦

ਮੇਰੇ ਮਿੱਤਰਾ ਏਸ ਮੈਖ਼ਾਨੇ ਦੇ ਵਿੱਚ,
ਤੇਰੇ ਪਹਿਲੂ ਵਿੱਚ ਚਾਹੀਦਾ ਯਾਰ ਹੋਵੇ ।
ਸਾਕੀ ਜੀਹਨੇ ਪਿਲਾਉਣੀ ਜਾਮ ਭਰ ਭਰ,
ਓਹ ਵੀ ਚਾਹੀਦਾ ਪਰੀ ਰੁਖ਼ਸਾਰ ਹੋਵੇ ।
ਹਾਰੀ ਸਾਰੀ ਦੀ ਇਹ ਤਕਦੀਰ ਕਿੱਥੇ ?
ਏਸ ਜਾਮ ਦੇ ਨਾਲ ਸਰਸ਼ਾਰ ਹੋਵੇ ।
ਏਸ ਜਾਮ ਵਿੱਚ ਕੁਲ ਜਹਾਨ ਛਲਕੇ,
ਦੌਲਤ ਇਹ ਤਾਂ ਸਦਾ ਬਹਾਰ ਹੋਵੇ ।

੧੭੧

ਪੀ ਲੈ ਯਾਰ ਦੇ ਪਿਆਰ ਦੇ ਜਾਮ ਹਰ ਦਮ,
ਤੇਰਾ ਉਕ ਨਾ ਜਾਏ ਧਿਆਨ ਵੇਖੀਂ ।
ਦੋਂਹ ਦਿਨਾਂ ਦੀ ਆਰਜ਼ੀ ਜ਼ਿੰਦਗੀ ਲਈ,
ਵੇਚ ਦਈਂ ਨਾ ਦੀਨ ਈਮਾਨ ਵੇਖੀਂ ।
ਜਿਹੜੀ ਅੱਗ ਤੂੰ ਲਾਈ ਹੈ ਖ਼ਾਹਿਸ਼ਾਂ ਦੀ,
ਤੇਰੀ ਸਾੜ ਕੇ ਰਹੇ ਨਾ ਜਾਨ ਵੇਖੀਂ ।
ਏਸ ਅੱਗ ਨੂੰ ਜੇਕਰਾਂ ਨੱਪਿਆ ਨਾ,
ਮਚ ਪਏਗੀ ਵਾਂਗ ਤੂਫ਼ਾਨ ਵੇਖੀਂ ।

੧੭੨

ਕਾਹਨੂੰ ਚੋਗਿਆਂ ਨਾਲ ਸਨੇਹ ਤੈਨੂੰ,
ਚੋਗ਼ੇ ਓਹੜਨਾ ਕੰਮ ਖਵਾਰੀਆਂ ਦਾ ।
ਫੋਕੀ ਸਮਝ ਲੈ ਇਹ ਪਰਹੇਜ਼ਗਾਰੀ,
ਦੂਜਾ ਨਾਉਂ ਹੈ ਇਹ ਮੱਕਾਰੀਆਂ ਦਾ ।
ਰਿਸ਼ਤਾ ਯਾਰ ਦੇ ਪਿਆਰ ਦਾ ਕਰੀਂ ਪੁਖ਼ਤਾ,
ਧਾਗਾ ਘੁੱਟ ਕੇ ਪਕੜ ਦਿਲਦਾਰੀਆਂ ਦਾ ।
ਮਕਰ ਤਸਬੀਆਂ, ਹੈਨ ਜਨੇਊ ਧੋਖਾ,
ਇੱਕ ਦੰਭ ਇਹ ਨੇ ਜ਼ਾਹਰਦਾਰੀਆਂ ਦਾ ।

੧੭੩

ਦੁਨੀਆਂ ਸਾਥ ਅਧਵਾਟੇ ਹੀ ਛੱਡ ਜਾਏ,
ਆਖ਼ਰ ਤੱਕ ਨਾ ਕਿਸੇ ਦੀ ਯਾਰ ਹੋਵੇ ।
ਤੁਰ ਕੇ ਰੱਬ ਦੇ ਰਾਹ ਤੇ ਦੇਖ ਤਾਂ ਸਹੀ,
ਓਹੀ ਅੰਤ ਤੇਰਾ ਮਦਦਗਾਰ ਹੋਵੇ ।
ਜੇਕਰ ਓਸ ਟਿਕਾਣੇ ਤੇ ਪੁੱਜਣਾ ਈ,
ਜਿਥੇ ਵੱਸਦਾ ਤੇਰਾ ਦਿਲਦਾਰ ਹੋਵੇ ।
ਤੈਨੂੰ ਮੇਰਿਆ ਮਿੱਤਰਾ ਦੱਸਦਾ ਹਾਂ,
ਤੁਰ ਕੇ ਰੱਬ ਦੇ ਰਾਹ ਦੀਦਾਰ ਹੋਵੇ ।

੧੭੪

ਮਨੋ ਕਾਮਨਾ ਜੇ ਇਹ ਹੈ ਤੇਰੀ,
ਨਾਲ ਠੋਕਰਾਂ ਜਾਨ ਨਾ ਤੰਗ ਹੋਵੇ ।
ਖ਼ੁਦੀ ਛੱਡ ਤੇ ਖ਼ੁਦੀ ਦਾ ਛੱਡ ਰਸਤਾ,
ਪੂਰੀ ਕਾਮਨਾ ਤੇਰੀ ਨਿਸੰਗ ਹੋਵੇ ।
ਓਹਦੇ ਅੱਗੇ ਨਾ ਕਦੇ ਹਥਿਆਰ ਸੁੱਟੀਂ,
ਤੇਰੇ ਦਿਲ ਦੀ ਜਿਹੜੀ ਉਮੰਗ ਹੋਵੇ ।
ਸਗੋਂ ਚਾਹੀਦਾ ਨਫ਼ਸ ਮਕਾਰ ਦੇ ਨਾਲ,
ਪੈਰ ਪੈਰ ਤੇ ਤੈਂਡੜੀ ਜੰਗ ਹੋਵੇ ।

੧੭੫

ਅਸਲ ਵਿੱਚ ਖ਼ਿਆਲ ਤਦਬੀਰ ਦਾ ਜੋ,
ਤੇਰੇ ਪੈਰਾਂ ਨੂੰ ਬੱਝਿਆ ਭਾਰ ਹੋਵੇ ।
ਸਦਾ ਖ਼ਿਆਲ ਦੇ ਜੰਗਲਾਂ ਵਿੱਚ ਲੁਕਿਆ,
ਕੋਈ ਚਿੱਤਰਾ ਬੜਾ ਖ਼ੂੰਖਾਰ ਹੋਵੇ ।
ਜ਼ੋਰ ਨਾਲ ਤਕਦੀਰ ਤਦਬੀਰ ਦਾ ਕੀ,
ਭਾਵੇਂ ਕਿੰਨੀ ਓਹ ਤੇਜ਼ ਤਰਾਰ ਹੋਵੇ ।
ਇਸੇ ਕਾਰਨ ਤਦਬੀਰ ਤਕਦੀਰ ਦੇ ਵਿੱਚ,
ਵੇਖੀਂ ਕਦੇ ਨਾ ਜੰਗ ਪੈਕਾਰ ਹੋਵੇ ।

੧੭੬

ਦਿਲ ਦੀ ਇਉਂ ਦੀਵਾਨਗੀ ਦੱਸਦੀ ਏ,
ਮੇਰੀ ਸਭਨਾਂ ਤੋਂ ਅਕਲ ਕਮਾਲ ਦੀ ਏ ।
ਇਸ਼ਕ ਵਿੱਚ ਦੁਸ਼ਵਾਰੀਆਂ ਆਉਂਦੀਆਂ ਨੂੰ,
ਸਮਝ ਸਕੇ ਕੀ ਸਕਤ ਖ਼ਿਆਲ ਦੀ ਏ ।
ਕੁੱਜੇ ਵਿੱਚ ਸਮੁੰਦਰ ਨੂੰ ਕੌਣ ਤਾੜੇ,
ਇਹ ਗੱਲ ਤਾਂ ਇੱਕ ਮਿਸਾਲ ਦੀ ਏ ।
ਲੋਕੀਂ ਆਖਦੇ ਆਖਣ ਨੂੰ ਲੱਖ ਵਾਰੀ,
ਗੱਲ ਇਹ ਨਾਮੁਮਕਿਨ ਦੇ ਨਾਲ ਦੀ ਏ ।

੧੭੭

ਮੇਰੀ ਚਾਹ, ਗੁਲਾਬ ਦੇ ਫੁੱਲ ਵਰਗਾ,
ਬੁਝੇ ਦਿਲ ਤੇ ਨਵਾਂ ਨਿਖਾਰ ਹੋਵੇ ।
ਗਾਵੇ ਬੁਲਬੁਲ ਦੇ ਵਾਂਗਰ ਰੂਹ ਮੇਰੀ,
ਉਠਦੀ ਉਸ 'ਚੋਂ ਮਧੁਰ ਝੁਨਕਾਰ ਹੋਵੇ ।
ਮੇਰੀ ਚਾਹ ਹੈ ਮੌਸਮ ਖ਼ਿਜ਼ਾਂ ਦੇ ਵਿਚ,
ਮੇਰੇ ਲਈ ਬਹਾਰ ਬਹਾਰ ਹੋਵੇ ।
ਪਿਆ ਜਾਮ ਤੇ ਜਾਮ ਲੁਟਾਈ ਜਾਵਾਂ,
ਬੈਠਾ ਬਗ਼ਲ ਵਿਚ ਪਰੀ ਰੁਖ਼ਸਾਰ ਹੋਵੇ ।

੧੭੮

ਆਸਾਂ ਲੰਮੀਆਂ ਗਾਫ਼ਿਲਾ ਦਿਲ ਅੰਦਰ,
ਕਾਹਨੂੰ ਬੰਨ੍ਹਦਾ ਅਤੇ ਸੰਭਾਲਦਾ ਏਂ ?
ਛੱਡ ਇਹਨਾਂ ਨੂੰ ਅਕਲ ਜੇ ਹਈ ਪੱਲੇ,
ਫਿਰ ਤੂੰ ਸੁਖ ਫਰਾਗ਼ਤਾਂ ਨਾਲ ਦਾ ਏਂ ?
ਤੇਰੇ ਉਮਰ ਦੇ ਬਾਗ਼ ਦੀ ਕੀ ਹਸਤੀ ?
ਝੂਠੇ ਵਹਿਮ ਕੀ ਦਿਲ ਵਿੱਚ ਪਾਲਦਾ ਏਂ ।
ਖ਼ਿਆਲੀ ਕਲੀ ਦੀ ਚਟਕ ਖ਼ੁਸ਼ਬੋ ਨਾਲੋਂ,
ਇਹਦੀ ਵਧ ਮਿਆਦ ਕੀ ਭਾਲਦਾ ਏਂ ।

੧੭੯

ਜੀਹਨੂੰ ਸਮਝੇਂ ਤੂੰ ਦੌਲਤ ਜਹਾਨ ਦੀ ਏ,
ਉਹ ਤਾਂ ਰੰਜ ਮਲਾਲ ਬਿਨ ਕੁਛ ਵੀ ਨਾ ।
ਜ਼ਰਾ ਸੋਚ ਵਿਚਾਰ ਕੇ ਵੇਖ ਤਾਂ ਸਹੀ,
ਨਿਰੇ ਵਹਿਮ ਖ਼ਿਆਲ ਬਿਨ ਕੁਛ ਵੀ ਨਾ ।
ਜਿਹੜੇ ਕਾਰਜ ਦਾ ਹੋਏ ਆਰੰਭ ਮਾੜਾ,
ਪੱਲੇ ਪਾਏ ਵਬਾਲ ਬਿਨ ਕੁਛ ਵੀ ਨਾ ।
ਮੁੜ੍ਹਕਾ ਡੋਲ੍ਹ ਕੇ ਦੌਲਤਾਂ ਜੋੜੀਆਂ ਜੋ,
ਉਹ ਤਾਂ ਮਾਤਾ ਦੇ ਮਾਲ ਬਿਨ ਕੁਛ ਵੀ ਨਾ ।

੧੮੦

ਜਿਹੜੇ ਸ਼ਖ਼ਸ ਨੂੰ ਰੱਬ ਨੇ ਆਪ ਬਖ਼ਸ਼ੀ,
ਡੂੰਘੀ ਸੋਚ ਤੇ ਅਕਲ ਕਮਾਲ ਹੋਵੇ ।
ਓਹਦੀ ਸੋਚ ਅਣਹੋਣੀਆਂ ਨਾ ਸੋਚੇ,
ਪੈਕੇ ਔਝੜੇ ਨਹੀਂ ਪਾਮਾਲ ਹੋਵੇ ।

ਇੱਕ ਥਾਂ ਨਵੇਕਲਾ ਮੈਖ਼ਾਨੇ,
ਬੈਠਾ ਬੜੇ ਧਿਆਨ ਦੇ ਨਾਲ ਹੋਵੇ ।
ਓਹ ਵੇਖਦਾ ਸ਼ਮ੍ਹਾਂ ਤਾਂ ਇਕ ਬਲਦੀ,
ਰੌਸ਼ਨ ਓਸ ਤੋਂ ਲੱਖ ਖ਼ਿਆਲ ਹੋਵੇ ।

੧੮੧

ਕਿੰਨੀ ਚੰਗੀ ਹੈ ਇਹ ਉਮੰਗ ਮੇਰੀ,
ਹਰ ਤਰਫ਼ ਹੀ ਖਿੜੀ ਗੁਲਜ਼ਾਰ ਹੋਵੇ ।
ਕਿਉਂ ਨਾ ਫੇਰ ਬਹਾਰ ਦੀ ਮੌਜ ਮਾਣਾਂ,
ਜਦੋਂ ਪਹਿਲੂ ਵਿਚ ਮੈਂਡੜਾ ਯਾਰ ਹੋਵੇ ।
ਜਦੋਂ ਕਦੋਂ ਵੀ ਮਿਲੇ ਮਹਿਬੂਬ ਮੇਰਾ,
ਓਸੇ ਵੇਲੇ ਬਹਾਰ, ਬਹਾਰ ਹੋਵੇ ।
ਮੌਸਮ ਭਾਵੇਂ ਖ਼ਿਜ਼ਾਂ ਦਾ ਲੱਖ ਹੋਵੇ,
ਮੇਰਾ ਦਿਲ ਪਰ ਪੁਰ ਬਹਾਰ ਹੋਵੇ ।

੧੮੨

ਪਤਝੜ ਵਿੱਚ ਤੋਬਾ ਨੂੰ ਤੋੜਨਾ ਵੀ,
ਸਮਝ ਲੈਣਾ ਕਿ ਹੈ ਹਜ਼ਾਰ ਮੁਸ਼ਕਿਲ ।
ਸਾਕੀ, ਜਾਮ ਦੇ ਨਾਲ ਇਕਰਾਰ ਨਿਭਣਾ,
ਹੁੰਦਾ ਓਹ ਵੀ ਮੈਂਡੜੇ ਯਾਰ ਮੁਸ਼ਕਿਲ ।
ਪਤਝੜਾਂ ਵਿੱਚ ਜੇਕਰ 'ਬਹਾਰ' ਆਵੇ,
ਪਾਣਾ ਉਸ ਦਾ ਵੀ ਪਾਰਾਵਾਰ ਮੁਸ਼ਕਿਲ ।
ਤੋਬਾ ਤੋੜਨੀ ਫੇਰ ਹੈ ਬੜੀ ਔਖੀ,
ਤੋੜ ਚਾਹੜਨਾ ਬੜਾ ਇਕਰਾਰ ਮੁਸ਼ਕਿਲ ।

੧੮੩

ਸਿੱਟਾ ਜ਼ਰਾ ਗੁਨਾਹਾਂ ਦਾ ਸੋਚਿਆ ਨਾ,
ਉਮਰ ਗ਼ਾਫ਼ਿਲੀ ਵਿਚ ਗੁਜ਼ਾਰ ਦਿੱਤੀ ।
ਪੱਲੇ ਪੀੜਾਂ ਮੁਸੀਬਤਾਂ ਪੈ ਗਈਆਂ,
ਦੁੱਖਾਂ ਜ਼ਿੰਦਗੀ ਨੂੰ ਬੜੀ ਹਾਰ ਦਿੱਤੀ ।
ਇੱਕੋ ਮੈਂ ਹਿਕਾਇਤਾਂ ਰਿਹਾ ਕਰਦਾ,
ਹੋਰ ਸਾਰੀ ਹੀ ਸੋਚ ਵਿਸਾਰ ਦਿੱਤੀ ।
ਇਹੋ ਪੁੱਛਦਾ ਰਿਹਾ ਮੈਂ ਲੱਖ ਵਾਰੀ,
ਕਾਹਦੇ ਵਾਸਤੇ ਜਿੰਦ ਕਰਤਾਰ ਦਿੱਤੀ ।

੧੮੪

ਆਸਾਂ ਕੂੜੀਆਂ, ਝੂਠਿਆਂ ਖ਼ਦਸ਼ਿਆਂ ਨਾਲ,
ਮੇਰੀ ਜਾਨ ਸੀ ਬੜੀ ਨਿਢਾਲ ਹੋਈ ।
ਪੂੰਜੀ ਕੀਮਤੀ ਉਮਰ ਦੀ ਨਾਲ ਗ਼ਫ਼ਲਤ,
ਮੈਨੂੰ ਬੜਾ ਅਫ਼ਸੋਸ ! ਪਾਮਾਲ ਹੋਈ ।
ਫ਼ਿਕਰ ਮੈਂ ਅੰਜਾਮ ਦਾ ਨਾ ਕੀਤਾ,
ਚਿੰਤਾ ਇਹ ਨਾ ਰਤੀ ਰਵਾਲ ਹੋਈ ।
ਜੇਕਰ ਸੋਚ ਵੀ ਫੁਰੀ ਤਾਂ ਫੁਰੀ ਐਸੀ,
ਨਿੱਗਰ ਸੋਚਣੀ ਜਿਸ ਤੋਂ ਮੁਹਾਲ ਹੋਈ ।

੧੮੫

ਟੱਕਰ ਆਪਣੇ ਨਫ਼ਸ ਮਕਾਰ ਦੇ ਨਾਲ,
ਮੇਰੀ ਚਲਦੀ ਹੈ ਸਦਾ ਜੰਗ ਵਾਂਗਰ ।
ਮੇਰੇ ਨਫ਼ਸ ਦੇ ਖਾਰੇ ਸਮੁੰਦਰ ਵਿਚ,
ਵਿਚਰਾਂ ਮੈਂ ਤਾਂ ਇੱਕ ਨਿਹੰਗ ਵਾਂਗਰ ।
ਮੇਰੇ ਸਾਹਮਣੇ ਹਿਰਸ ਹਵਾ ਲਾਲਚ,
ਬਿਲਕੁਲ ਜਾਪਦੇ ਲੂੰਬੜ ਬਦਰੰਗ ਵਾਂਗਰ ।
ਰਹਿੰਦਾਂ ਮੈਂ ਹਾਂ ਭੈ ਦੇ ਜੰਗਲਾਂ ਵਿਚ,
ਖ਼ੂਨਖ਼ਾਰ ਮੱਕਾਰ ਪਲੰਗ ਵਾਂਗਰ ।

੧੮੬

ਓਹਦੇ ਫ਼ਜ਼ਲ ਦੀ ਸਮਝ ਹੈ ਪਈ ਮੈਨੂੰ,
ਓਹਦੇ ਕੀਤੇ ਇਹਸਾਨ ਵੀ ਜਾਣਦਾ ਹਾਂ ।
ਲਗਾਤਾਰ ਮੈਂ ਇਹਨਾਂ ਨੂੰ ਘੋਖਿਆ ਹੈ,
ਸਾਰਾ ਨਫ਼ਾ ਨੁਕਸਾਨ ਵੀ ਜਾਣਦਾ ਹਾਂ ।
ਏਸ ਅਮਰ ਦੇ ਵਿਚ ਤਾਂ ਸ਼ੱਕ ਕੋਈ ਨਹੀਂ,
ਏਸ ਅਮਰ ਦੀ ਸ਼ਾਨ ਵੀ ਜਾਣਦਾ ਹਾਂ ।
ਓਹਦੀ ਮਿਹਰ ਗੁਨਾਹਾਂ ਦੀ ਹੈ ਆਸ਼ਕ,
ਓਹਦਾ ਇਹ ਨਿਸ਼ਾਨ ਵੀ ਜਾਣਦਾ ਹਾਂ ।

੧੮੭

ਡਰਦਾ ਰਿਹਾਂ ਮੈਂ ਕਦੋਂ ਤਕ ਏਸ ਗੱਲੋਂ,
ਰੰਗ ਲਿਆਉਣਗੇ ਕੀ ਐਮਾਲ ਮੇਰੇ ।
ਏਹੋ ਸੋਚ ਕੇ ਰਹਾਂ ਮੈਂ ਹੱਥ ਮਲਦਾ,
ਕਿਹੜੀ ਗੁਜ਼ਰੇਗੀ ਅਗ੍ਹਾਂ ਨੂੰ ਨਾਲ ਮੇਰੇ ।
ਏਸ ਗੱਲ ਤੋਂ ਮੇਰਾ ਯਕੀਨ ਕਾਮਿਲ,
ਹੋਣ ਪਾਪੀ ਤੇ ਫ਼ਜ਼ਲ ਕਮਾਲ ਤੇਰੇ ।
ਮੁਸਤਕਬਿਲ ਦਾ ਫੇਰ ਕੀ ਡਰ ਮੈਨੂੰ,
ਸੁਖੀ ਗੁਜ਼ਰੇ ਜਦ ਮਾਜ਼ੀ ਤੇ ਹਾਲ ਮੇਰੇ ।

੧੮੮

ਅੰਦਰ ਓਹਦੇ ਖ਼ਿਆਲ ਦੇ ਗੋਲ ਘੇਰੇ,
ਓਹਦੇ ਇਸ਼ਕ ਦਾ ਮੈਂ ਪਾਬੰਦ ਹੋਇਆ ।
ਬੜਾ ਮੌਲਾ ਦਾ ਸ਼ੁਕਰ ਗੁਜ਼ਾਰ ਹਾਂ ਮੈਂ,
ਓਹਦੀ ਯਾਦ ਵਿਚ ਸਦਾ ਖ਼ੁਰਸ਼ੰਦ ਹੋਇਆ ।
ਜਦੋਂ ਓਸਦੀ ਮਿਹਰ ਦਾ ਦਰ ਖੁਲ੍ਹਿਆ,
ਦਰ ਹਿਰਸ ਹਵਾ ਦਾ ਬੰਦ ਹੋਇਆ ।
ਭਾਰ ਲਾਹ ਕੇ ਆਪਣੇ ਮੋਢਿਆਂ ਤੋਂ,
ਮੇਰਾ ਦਿਲ ਆਨੰਦ ਆਨੰਦ ਹੋਇਆ ।

੧੮੯

ਦਰ ਜਾਦੂ ਦਾ ਖੋਲ੍ਹ ਕੇ ਭੇਦ ਭਰਿਆ,
'ਸਰਮਦ' ਇਕ ਐਸੀ ਕਰਾਮਾਤ ਵੇਖੀ ।
ਖਿੜਕੀ ਖੋਲ੍ਹ ਕੇ ਕਿਸੇ ਜਿਉਂ ਸ਼ਾਮ ਵੇਲੇ,
ਚਾਨਣ ਵੰਡਦੀ ਸੋਨ ਪਰਭਾਤ ਵੇਖੀ ।
ਸਾਰਾ ਮੈਂ ਉਨੀਂਦਰਾ ਦੂਰ ਕੀਤਾ,
ਅਦਭੁਤ ਇਸ ਤਰ੍ਹਾਂ ਦੀ ਜਦੋਂ ਬਾਤ ਵੇਖੀ ।
ਖੁਲ੍ਹੀ ਅੱਖ ਤਾਂ ਜਾਪਿਆ ਇਹ ਮੈਨੂੰ,
ਹੋਵੇ ਸੁਪਨੇ ਵਿਚ ਜਿਵੇਂ ਬਰਾਤ ਵੇਖੀ ।

੧੯੦

ਸਬਰ ਸ਼ੁਕਰ ਦੇ ਬਖ਼ਸ਼ ਦੇ ਗੰਜ ਮੈਨੂੰ,
ਮਿਹਰ ਮੇਰੇ ਤੇ ਮੇਰੇ ਕਰਤਾਰ ਕਰਦੇ ।
ਉਮਰ ਗੁਜ਼ਰ ਗਈ ਦੁਖ ਤੇ ਰੰਜ ਅੰਦਰ,
ਬਿਖੜੇ ਹਿਰਸ ਹਵਾ ਦੇ ਵਾਰ ਜਰਦੇ ।
ਦੁਨੀਆਂ ਨਾਲ ਵਟਾਂਦਰਾ ਦੀਨ ਦਾ ਜੋ,
ਅੱਲਾ ਵਾਲੇ ਨਾ ਓਹ ਵਪਾਰ ਕਰਦੇ ।
ਇਹਦਾ ਨਫ਼ਾ, ਤੇ ਕੀ ਨੁਕਸਾਨ ਇਹਦਾ,
ਉਮਰ ਲੰਘ ਗਈ ਇਹੋ ਵਿਚਾਰ ਕਰਦੇ ।

੧੯੧

ਹਸਤੀ ਮੇਰੀ ਤਾ, ਗੱਲ ਨੂੰ ਬੁਝਿਆ ਮੈਂ,
ਬਿਨਾਂ ਹਿਰਸ ਹਵਾ ਦੇ ਕੁਛ ਵੀ ਨਾ ।
ਪਾਣੀ ਬੁਲਬੁਲੇ ਤੋਂ ਇਹਦੀ ਘੱਟ ਪਾਇਆਂ,
ਬਿਨਾਂ ਸੁੱਕੇ ਹੋਏ ਘਾਹ ਦੇ ਕੁਛ ਵੀ ਨਾ ।
ਜ਼ਾਲਮ, ਭੈੜਾ, ਅਵੱਲੜਾ ਨਫ਼ਸ ਮੇਰਾ,
ਬਿਨਾ ਰੌਲੇ ਅਫਵਾਹ ਦੇ ਕੁਛ ਵੀ ਨਾ ।
ਲਹਿਰਾਂ ਮਾਰਦੇ ਹਸਤੀ ਦੇ ਸਾਗਰਾਂ ਵਿੱਚ,
ਬਿਨਾ ਸਹਿਕਦੇ ਸਾਹ ਦੇ ਕੁਛ ਵੀ ਨਾ ।

੧੯੨

ਓਹ ਸ਼ੋਖ ਨਾ ਸਾਡੇ ਵੱਲ ਨਜ਼ਰ ਕਰਦਾ,
ਚਾਰਾਗਰੋ ਫਿਰ ਦੱਸਣਾ ਕੀ ਕਰੀਏ ?
ਦਿਲ ਦਾ ਹਉਕਾ ਨਾ ਜ਼ਰਾ ਵੀ ਅਸਰ ਕਰਦਾ,
ਚਾਰਾਗਰੋ ਫਿਰ ਦੱਸਣਾ ਕੀ ਕਰੀਏ ?
ਭਾਵੇਂ ਦਿਲ ਅਸਾਡੜੇ ਘਰ ਕਰਦਾ,
ਏਸ ਰੰਜ ਨੂੰ ਦੱਸਣਾ ਕੀ ਕਰੀਏ ?
ਨਹੀਂ ਪੁੱਛਿਆਂ ਦਿਲੇ ਦੀ ਖ਼ਬਰ ਕਰਦਾ,
ਚਾਰਾਗਰੋ ਫਿਰ ਦੱਸਣਾ ਕੀ ਕਰੀਏ ?

੧੯੩

ਕਿਸੇ ਕੰਮ ਨਾ ਆਉਂਦੀਆਂ ਜੋ ਸ਼ੈਆਂ,
ਹੋਣ ਬਿਲਕੁਲ ਬੇਕਾਰ, ਹਾਂ ਅਸੀਂ ਓਹੀਓ ।
ਸੁੱਕੇ ਢੀੰਗਰਾਂ ਵਾਂਗ ਨੇ ਰੁੱਖ ਜਿਹੜੇ,
ਕਦੇ ਨਹੀਂ ਫਲਦਾਰ, ਹਾਂ ਅਸੀਂ ਓਹੀਓ ।
ਜਿਨ੍ਹਾਂ ਤੱਕੜੀ ਪਕੜ ਸੰਜੀਦਗੀ ਦੀ,
ਤੋਲ ਲਿਆ ਕਿਰਦਾਰ, ਹਾਂ ਅਸੀਂ ਓਹੀਓ ।
ਕਿਣਕੇ ਖ਼ਾਕ ਦੇ ਤੁਛ ਨਾਚੀਜ਼ ਹੁੰਦੇ,
ਨਹੀਂ ਕਿਸੇ ਸ਼ੁਮਾਰ, ਹਾਂ ਅਸੀਂ ਓਹੀਓ ।

੧੯੪

ਜੋੜਾਂ ਹੱਥ ਕਿਉਂ ਕਿਸੇ ਸੁਲਤਾਨ ਅੱਗੇ,
ਜਦੋਂ ਆਪ ਵੀ ਇਕ ਸੁਲਤਾਨ ਹਾਂ ਮੈਂ ।
ਮਿੰਨਤ ਕਰਾਂ ਕਮੀਨੇ ਦੀਆਂ ਟੁੱਕਰਾਂ ਲਈ ?
ਘਟੀਆ ਏਦਾਂ ਦਾ ਨਹੀਂ ਇਨਸਾਨ ਹਾਂ ਮੈਂ ।
ਮੇਰਾ ਆਪਣਾ ਨਫ਼ਸ ਤਾਂ ਹੈ ਕੁੱਤਾ,
ਏਸ ਕੁੱਤੇ ਦਾ ਹੀ ਨਿਗ੍ਹਾਬਾਨ ਹਾਂ ਮੈਂ ।
ਇਕ ਕੁੱਤੇ ਲਈ ਗ਼ੈਰ ਦੇ ਕਰਾਂ ਤਰਲੇ ?
ਨਹੀਂ ਇਉਂ ਗਵਾਉਂਦਾ ਸ਼ਾਨ ਹਾਂ ਮੈਂ ।

੧੯੫

ਆਸ਼ਕ ਜੰਗਲ ਦੇ ਬਾਗ਼ ਦਾ ਕਹੇਂ ਮੈਨੂੰ,
ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ ।
ਮਸਤ ਜਾਮ ਸ਼ਰਾਬ ਤੇ ਕਹੇਂ ਮੈਨੂੰ,
ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ ।
ਤਾਲਬ ਦੋਹਾਂ ਜਹਾਨਾਂ ਦਾ ਕਹੇਂ ਮੈਨੂੰ,
ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ ।
ਫਿਰਦਾ ਦੋਹਾਂ ਨੂੰ ਲੱਭਦਾ ਕਹੇਂ ਜੇਕਰ,
ਸੱਚੀ ਗੱਲ ਹੈ ਏਸ ਵਿੱਚ ਝੂਠ ਕੋਈ ਨਾ ।

੧੯੬

ਮੈਨੂੰ ਵਾਂਗ ਦੀਵਾਨਿਆਂ ਕਰ ਗਿਆ,
ਹੁਸਨ ਇਕ ਰੰਗੀਲੜੇ ਯਾਰ ਦਾ ਈ ।
ਕੈਦੀ ਹੋ ਗਿਆ ਅੱਥਰਾ ਦਿਲ ਮੇਰਾ,
ਕਿਸੇ ਹੋਰ ਦੇ ਨਕਸ਼ ਨਿਗਾਰ ਦਾ ਈ ।
ਓਧਰ ਹਿਰਸ ਹਵਾ ਦੇ ਬੰਦਿਆਂ ਨੂੰ,
ਮੋਹ ਮਾਰਦਾ ਪਿਆ ਸੰਸਾਰ ਦਾ ਈ ।
ਏਧਰ ਪੀੜੀਦਾ ਹੋਰਥੇ ਮਨ ਮੇਰਾ,
ਕਿਧਰੇ ਵੱਖ ਹੀ ਟੱਕਰਾਂ ਮਾਰ ਦਾ ਈ ।

੧੯੭

ਪਰਲ ਪਰਲ ਵਗਦੇ ਮੇਰੇ ਅੱਥਰੂ ਇਉਂ,
ਜਿਵੇਂ ਵਹਿ ਰਿਹਾ ਕੋਈ ਦਰਿਆ ਹਾਂ ਮੈਂ ।
ਹੋਇਆ ਇਸ਼ਕ ਉਜਾੜਾਂ ਦੇ ਨਾਲ ਮੈਨੂੰ,
ਇਓਂ ਜਾਪਦਾ ਜਿਵੇਂ ਸਹਿਰਾ ਹਾਂ ਮੈਂ ।
ਦਿਲ ਯਾਰਾਂ ਦੀ ਮਹਿਫ਼ਲ 'ਚੋਂ ਉੱਠ ਤੁਰਿਆ,
ਮੈਨੂੰ ਅੱਲਾ ਦੀ ਸਹੁੰ ਜੁਦਾ ਹਾਂ ਮੈਂ ।
ਮੇਰੀ ਕੀ ਤਨਹਾਈ ਦਾ ਪੁੱਛਣਾ ਜੇ,
ਯਾਰ ਉਹਦਾ ਜਾਂ ਆਪ ਅਨਕਾ ਹਾਂ ਮੈਂ ।

੧੯੮

ਪਾਣੀ ਸਤ੍ਹਾ ਤੇ ਉਭਰਨਾ ਬੁਲਬੁਲੇ ਦਾ,
ਕਿੱਸਾ ਸਮਝ ਲੈ ਮੁੱਢ ਕਦੀਮ ਦਾ ਈ ।
ਧੋਖਾ ਨਜ਼ਰ ਨੂੰ ਦਏ 'ਹਰੀਸ਼ ਚੰਦਰੀ',
ਕੌਤਕ ਓਹ ਵੀ ਮੁੱਢ ਕਦੀਮ ਦਾ ਈ ।
ਜਿਹੜਾ ਹੁਣ ਮੁਰੰਮਤਾਂ ਮੰਗਦਾ ਏ,
ਬਣਿਆ ਮੈਕਦਾ ਮੁੱਢ ਕਦੀਮ ਦਾ ਈ ।
ਏਸ ਖ਼ਾਨਾ ਖ਼ਰਾਬ ਨੂੰ ਕੀ ਕਹਿਣਾ,
ਖਸਤਾ ਹਾਲ ਇਹ ਮੁੱਢ ਕਦੀਮ ਦਾ ਈ ।

੧੯੯

ਪੈਰ ਪੈਰ ਤੇ ਜਕੜਦੀ ਜਾਏ ਹਰਦਮ,
ਕਿਸੇ ਫਾਹੀ ਦੇ ਵਾਂਗ ਤਕਸੀਰ ਮੇਰੀ ।
ਤੰਗ ਪੈ ਕੇ ਦਿਲਾਂ ਦੀਆਂ ਖਾਹਸ਼ਾਂ ਤੋਂ,
ਹੋਈ ਬੜੀ ਹੈ ਤਬ੍ਹਾ ਦਿਲਗੀਰ ਮੇਰੀ ।
ਚਾਹੁੰਦਾ ਮੈਂ ਹਾਂ ਔਂਤਰੀ ਫਾਹੀ ਦੇ ਵਿੱਚ,
ਹੋਈ ਰਹੇ ਨਾ ਜਾਨ ਅਸੀਰ ਮੇਰੀ ।
ਪਰ ਨਾ ਦੇਵੇਗੀ ਸਾਥ ਤਕਦੀਰ ਜਿੱਥੇ,
ਓਥੇ ਕਰੇਗੀ ਕੀ ਤਦਬੀਰ ਮੇਰੀ ?

੨੦੦

ਆਸ਼ਕ ਜ਼ਾਰ ਹੋਇਆ ਜ਼ੁਲਫ਼ਾਂ ਕਾਲੀਆਂ ਦਾ,
ਰਹੀ ਹੋਸ਼ ਨਾ ਦਿਲ ਦਿਲਗੀਰ ਦੇ ਵਿੱਚ ।
ਕਿਸੇ ਤੜੀ ਤਦਬੀਰ ਵੀ ਨਾ ਕੀਤੀ,
ਲਿਖਿਆ ਇਹੋ ਸੀ ਮੇਰੀ ਤਕਦੀਰ ਦੇ ਵਿੱਚ ।
ਫਸਿਆ ਜ਼ੁਲਫ਼ ਦੇ ਕੁੰਡਲਾਂ ਵਿੱਚ ਏਦਾਂ,
ਕੈਦੀ ਹੋ ਗਿਆ ਮੈਂ ਅਖ਼ੀਰ ਦੇ ਵਿੱਚ ।
ਮੈਨੂੰ ਮਾਰਿਆ ਮੈਂਡੜੀ ਬੇਸਮਝੀ,
ਪੈਰ ਪਾ ਲਿਆ ਆਪੇ ਜ਼ੰਜੀਰ ਦੇ ਵਿੱਚ ।

੨੦੧

ਕਿਸੇ ਵਕਤ ਨਾ ਦੁਨੀਆਂ ਤੇ ਚੈਨ ਪਾਇਆ,
ਨਾ ਹੀ ਐਸ਼ ਦਾ ਕਦੇ ਸਾਮਾਨ ਕੀਤਾ ।
ਦੁੱਖਾਂ, ਦਰਦਾਂ ਨਪੀੜਿਆ ਉਮਰ ਸਾਰੀ,
ਧੱਕੇ ਧੌੜਿਆਂ ਨੇ ਪਰੇਸ਼ਾਨ ਕੀਤਾ ।
ਦੌਲਤ ਦੁਨੀਆਂ ਦੀ ਦੁੱਖਾਂ ਦੀ ਖਾਣ ਹੁੰਦੀ,
ਇਹਨੇ ਹਰ ਤਰ੍ਹਾਂ ਸਦਾ ਨੁਕਸਾਨ ਕੀਤਾ ।
ਇਹਦੀ ਥੁੜ ਮਾੜੀ, ਬਾਹਲੀ ਦੁੱਖ ਦੇਵੇ,
ਸੁਖੀ ਏਸ ਨਾ ਕੋਈ ਇਨਸਾਨ ਕੀਤਾ ।

੨੦੨

ਗੱਲ ਕੋਈ ਲੁਕਾ ਕੇ ਰੱਖਦਾ ਨਹੀਂ,
ਐਬਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ ।
ਕਰਦਾ ਚਿਰਾਂ ਤੋਂ ਮੈਂ ਅਫ਼ਸੋਸ ਆਇਆ,
ਲਗਾਤਾਰ ਹੋਇਆ ਅਵਾਜ਼ਾਰ ਹਾਂ ਮੈਂ ।
ਕਰਨੇ ਚਾਹੀਦੇ ਨਹੀਂ ਸੀ ਕੰਮ ਜਿਹੜੇ,
ਕੀਤੇ ਓਹੀ ਕਿਉਂਕਿ ਅਉਗਣਹਾਰ ਹਾਂ ਮੈਂ ।
ਵੇਖੀਂ ਸਿਰਫ਼ ਤੂੰ ਆਪਣਾ ਫ਼ਜ਼ਲ ਰੱਬਾ,
ਵੇਖੀਂ ਮੈਨੂੰ ਨਾ ਬਦਕਿਰਦਾਰ ਹਾਂ ਮੈਂ ।

੨੦੩

ਦਿਲ ਦੀ ਹਿਰਸ ਨੇ ਬੜੇ ਅਫ਼ਸੋਸ ਦੀ ਗੱਲ,
ਮੈਨੂੰ ਮਾਨ ਸਨਮਾਨ ਤੋਂ ਦੂਰ ਕੀਤਾ ।
ਮੈਂ ਨਾ ਹੋੜਿਆ ਨਫ਼ਸ ਨੂੰ ਸਰਕਸ਼ੀ ਤੋਂ,
ਉਲਟਾ ਓਸ ਨੂੰ ਹੋਰ ਮਗ਼ਰੂਰ ਕੀਤਾ ।
ਵੇਖੋ ਦੁਨੀਆਂ ਨੂੰ ਮੈਂਡੜੀ ਮੱਤ ਮਾਰੀ,
ਬੁਢੀ ਉਮਰ ਵਿਚ ਆਣ ਮਨਜ਼ੂਰ ਕੀਤਾ ।
ਕਿਉਂ ਭਾਰ ਵਧਾ ਲਿਆ ਮੋਢਿਆਂ ਤੇ,
ਕਿਉਂ ਆਪਣੇ ਆਪ ਨੂੰ ਚੂਰ ਕੀਤਾ ।

੨੦੪

ਮੈਂ ਹਿਰਸ ਹਵਾ ਦੇ ਬੀਜ ਬੀਜੇ,
ਪਨਪੀ ਹਿਰਸ ਤੇ ਖ਼ੂਬ ਜਵਾਨ ਹੋਈ ।
ਫੁੱਲ ਦਾਮਨ ਭਰੇ ਖਜਾਲਤਾਂ ਦੇ,
ਦੁਖੀ ਨਾਲ ਬਦਨਾਮੀਆਂ ਜਾਨ ਹੋਈ ।
ਇਹ ਅੱਗ ਜੋ ਬਲੀ ਹੈ ਕਾਮਨਾ ਦੀ,
ਭਾਂਬੜ ਬਣੀ ਨਾ ਅਜੇ ਬਲਵਾਨ ਹੋਈ ।
ਜੇ ਨਾ ਏਸ ਨੂੰ ਤੂੰ ਖ਼ਾਮੋਸ਼ ਕੀਤਾ,
ਕਿਸੇ ਵੇਲੇ ਤੂੰ ਲਈਂ ਤੂਫ਼ਾਨ ਹੋਈ ।

੨੦੫

ਮੈਂ ਵਾਂਗ ਜਵਾਨਾਂ ਗੁਨਾਹ ਕਰਦਾ,
ਭਾਵੇਂ ਪੁੱਜ ਗਈ ਉਮਰ ਅਖੀਰ ਹੋਈ ।
ਸਾਰੀ ਉਮਰ ਨਾ ਨੇਕੀ ਦੀ ਕਾਰ ਕੀਤੀ,
ਮੇਰੇ ਐਬਾਂ ਦੀ ਗੱਲ ਤਸ਼ਹੀਰ ਹੋਈ ।
ਤੇਰੇ ਫ਼ਜ਼ਲ ਤੋਂ ਆਸ ਨਿਜਾਤ ਦੀ ਏ,
ਤੇਰੀ ਮਿਹਰ ਦੀ ਨਜ਼ਰ ਅਕਸੀਰ ਹੋਈ ।
ਸਾਂਈਆਂ ਬਖ਼ਸ਼ ਲੈ, ਨਦਰ ਨਿਹਾਲ ਕਰਦੇ,
ਭਾਵੇਂ ਮੈਥੋਂ ਹੈ ਲੱਖ ਤਕਸੀਰ ਹੋਈ ।

੨੦੬

ਮੇਰੇ ਉਪਰ ਖ਼ੁਦਾ ਦੇ ਫ਼ਜ਼ਲ ਕਾਰਨ,
ਲੰਘੇ ਝੱਟ ਆਰਾਮ ਦੇ ਨਾਲ ਮੇਰਾ ।
ਰੋਟੀ ਜਵਾਂ ਦੀ ਨਾਲ ਸੰਤੋਖ ਮੈਨੂੰ,
ਨਾਲੇ ਦਿਲ ਵੀ ਬੜਾ ਦਿਆਲ ਮੇਰਾ ।
ਰਿਹਾ ਮੈਨੂੰ ਨਾ ਦੁਨੀਆਂ ਦਾ ਖ਼ੌਫ਼ ਕੋਈ,
ਨਾ ਹੀ ਦੀਨ ਦਾ ਫ਼ਿਕਰ ਮਲਾਲ ਮੇਰਾ ।
ਕਿਸੇ ਮੈਕਦੇ ਦੀ ਨੁੱਕਰ ਵਿਚ ਬਹਿਕੇ,
ਸੁਖੀ ਹੋ ਜਾਂਦਾ ਵਾਲ ਵਾਲ ਮੇਰਾ ।

੨੦੭

ਖਿੜੇ ਦੁਨੀਆਂ ਦੇ ਬਾਗ਼ ਵਿੱਚ ਫੁੱਲ ਜਿਹੜੇ,
ਭਰ ਭਰ ਝੋਲੀਆਂ ਉਹਨਾਂ ਨੂੰ ਤੋੜਿਆ ਸੀ ।
ਅਰਥ ਬਖ਼ਸਿਸ, ਗੁਨਾਹ ਦੇ ਕੀ ਹੁੰਦੇ,
ਏਸ ਭੇਦ ਨੂੰ ਸਮਝਣਾ ਲੋੜਿਆ ਸੀ ।
ਮੇਰੀ ਅਕਲ ਤਾਂ ਬੜੀ ਹੈਰਾਨ ਰਹਿ ਗਈ,
ਜਦੋਂ ਨਜ਼ਰ ਨੂੰ ਜਲਵੇ ਨਾਲ ਜੋੜਿਆ ਸੀ ।
ਓਹ ਤਾਂ ਸ਼ੀਸ਼ੇ ਦੀ ਨਿਕਲੀ ਪ੍ਰਤੀ ਛਾਇਆ,
ਪਈ ਸਮਝ ਤਾਂ ਤੱਤ ਨਿਚੋੜਿਆ ਸੀ ।

੨੦੮

ਹੋਇਆ ਤਜਰਬਾ ਬੜਾ ਹੈ ਜ਼ਿੰਦਗੀ ਦਾ,
ਦੁਖ ਦਰਦ ਜ਼ਮਾਨੇ ਦਾ ਵੇਖਿਆ ਮੈਂ ।
ਇਕ ਥਾਂ ਨਾ ਸਗੋਂ ਹਜ਼ਾਰ ਥਾਈਂ,
ਰੰਗ ਤੇਰੇ ਫ਼ਸਾਨੇ ਦਾ ਵੇਖਿਆ ਮੈਂ ।
ਜਿਹੜਾ ਚਾਨਣਾ ਵੇਖਿਆ ਓਸ ਪਿੱਛੇ,
ਕੋਈ ਹੱਥ ਬਗਾਨੇ ਦਾ ਵੇਖਿਆ ਮੈਂ ।
ਸ਼ਮ੍ਹਾਂ ਬਲਦੀ ਤੇ ਸੜਨ ਪਰਵਾਨਿਆਂ ਦਾ,
ਮਨਜ਼ਰ ਖ਼ੂਬ ਯਰਾਨੇ ਦਾ ਵੇਖਿਆ ਮੈਂ ।

੨੦੯

ਮੇਰੇ ਯਾਰ ਨੇ ਮੇਰੇ ਤੇ ਮਿਹਰ ਕੀਤੀ,
ਮੈਂ ਓਸ ਦਾ ਸ਼ੁਕਰ ਹਜ਼ਾਰ ਕੀਤਾ ।
ਓਹਦੇ ਫ਼ਜ਼ਲ ਤੇ ਆਪਣੇ ਹਾਲ ਉੱਪਰ,
ਬਹੁਤ ਗੌਰ ਕੀਤਾ, ਵਾਰ ਵਾਰ ਕੀਤਾ ।
ਜਿਹੜੇ ਇਸ਼ਕ ਦੇ ਰੁੱਖ ਨੂੰ ਬੀਜਿਆ ਸੀ,
ਅੱਲਾ ਓਸ ਨੂੰ ਸੀ ਸਮਰਦਾਰ ਕੀਤਾ ।
ਫੁੱਲ ਮਿਲਿਆ ਜੋ ਪ੍ਰੇਮ ਦੇ ਬਾਗ਼ ਵਿੱਚੋਂ,
ਓਹਦੀ ਬਾਸਨਾ ਮੈਨੂੰ ਸਮਸ਼ਾਰ ਕੀਤਾ ।

੨੧੦

ਰਿੰਦਾਂ ਨਾਲ ਦਾ ਏਸ ਜਹਾਨ ਅੰਦਰ,
ਕੋਈ ਖ਼ੁਸ਼ ਤੇ ਖ਼ੁਸ਼ ਕਲਾਮ ਨਾਹੀਂ ।
ਸੋਹਣਾ ਸਾਕੀ ਹੈ ਬਗ਼ਲ ਦੇ ਵਿੱਚ ਬੈਠਾ,
ਊਣਾ ਜ਼ਰਾ ਵੀ ਮੈ ਦਾ ਜਾਮ ਨਾਹੀਂ ।
ਕਾਹਨੂੰ ਜ਼ਾਹਦਾ ਕਹੇਂ ਹਰਾਮ ਇਸ ਨੂੰ,
ਸਾਨੂੰ ਜਾਮ ਬਿਨ ਮਿਲੇ ਆਰਾਮ ਨਾਹੀਂ ।
ਪੀਣੀ ਅਸਾਂ ਤਾਂ ਜਾਮ ਤੇ ਜਾਮ ਭਰਕੇ,
ਸਾਡੇ ਲਈ ਹਲਾਲ, ਹਰਾਮ ਨਾਹੀਂ ।

੨੧੧

ਤੇਰੇ ਫ਼ਜ਼ਲ ਤੇ ਕਰਮ ਨੂੰ ਵੇਖ ਪਾਇਆ,
ਜਦੋਂ ਆਪਣਾ ਪਾਪ ਵੀ ਫੋਲਿਆ ਮੈਂ ।
ਬਣ ਕੇ ਤੱਕੜੀ ਰੱਖਿਆ ਛਾਬਿਆਂ ਵਿਚ,
ਬੜੀ ਨਾਲ ਸੰਜੀਦਗੀ ਤੋਲਿਆ ਮੈਂ ।
ਹੁੰਦਾ ਫ਼ਜ਼ਲ ਤੇ ਕੀ ਗੁਨਾਹ ਹੁੰਦਾ,
ਏਸ ਭੇਦ ਨੂੰ ਢੂੰਡ ਢੰਡੋਲਿਆ ਮੈਂ ।
ਮੇਰੇ ਪਾਪ ਹੀ ਮੈਂਡੜੇ ਪੇਸ਼ ਆਏ,
ਬੜਾ ਨਾਲ ਨਮੋਸ਼ੀ ਦੇ ਤੋਲਿਆ ਮੈਂ ।

੨੧੨

ਖ਼ਾਲਕ ਛੱਡ ਕੇ, ਬੜਾ ਅਫ਼ਸੋਸ ਮੈਨੂੰ,
ਮੈਂ ਖ਼ਲਕਤ ਪ੍ਰਸਤੀਆਂ ਕੀਤੀਆਂ ਸੀ ।
ਬੈਠ ਗਿਆ ਮੈਂ ਢੇਰੀਆਂ ਢਾਹ ਕੇ ਤੇ,
ਛੋੜ ਬਹੁਤ ਹੀ ਪਸਤੀਆਂ ਲੀਤੀਆਂ ਸੀ ।
ਜਦੋਂ ਆਇਆ ਖ਼ੁਮਾਰ ਤਾਂ ਸੰਭਲਿਆ ਮੈਂ,
ਪਰ ਨ ਜਾਣਦਾ ਜਿਹੜੀਆਂ ਬੀਤੀਆਂ ਸੀ ।
ਸੀਗੇ ਦਿਨ ਜਵਾਨੀ ਦੇ ਕੀ ਕਰਦਾ,
ਐਵੇਂ ਕੁਛ ਖਰਮਸਤੀਆਂ ਕੀਤੀਆਂ ਸੀ ।

੨੧੩

ਜਦੋਂ ਵੇਖਦਾ ਆਪਣੀ ਨਾਤਵਾਨੀ,
ਦਿਲ ਮੇਰਾ ਤਾਂ ਬੜਾ ਹੈਰਾਨ ਹੋਵੇ ।
ਸਿਤਮ ਤੋੜਦੇ ਦੁਨੀਆਂ ਦੇ ਲੋਕ ਏਨਾ,
ਰੋ ਰੋ ਕੇ ਇਹ ਹਲਕਾਨ ਹੋਵੇ ।
ਕਦੇ ਦੁਨੀਆਂ ਦੇ ਮਗਰ ਇਹ ਲੱਗ ਤੁਰਦਾ,
ਕਦੇ ਦੀਨ ਦੇ ਮਗਰ ਰਵਾਨ ਹੋਵੇ ।
ਭੱਜ-ਨੱਸ ਦੁਵੱਲੀ ਵਿੱਚ ਇਉਂ ਫਸਿਆ,
ਮੇਰਾ ਦਿਲ ਡਾਢਾ ਪਰੇਸ਼ਾਨ ਹੋਵੇ ।

੨੧੪

ਜੀਹਦੇ ਵਿੱਚ ਨਾ ਹਿਰਸ ਹਵਾ ਮਾਰੇ,
ਇਹੋ ਜਹੇ ਜਹਾਨ ਦੀ ਚਾਹ ਮੇਰੀ ।
ਜੀਹਦੇ ਵਿੱਚ ਨਾ ਜਾਨ ਨੂੰ ਹੋਏ ਖ਼ਤਰਾ,
ਇਹੋ ਜਹੇ ਮਕਾਨ ਦੀ ਚਾਹ ਮੇਰੀ ।
ਦੁਨੀਆਂ ਅਤੇ ਓਸ ਦੇ ਲੋਕਾਂ ਦੇ ਨਾਲ,
ਨਹੀਂ ਜਾਣ ਪਛਾਣ ਦੀ ਚਾਹ ਮੇਰੀ ।
ਮੇਰੀ ਜਾਨ ਸਲਾਮਤ ਤੇ ਰਹੇ ਸੌਖੀ,
ਨਿੱਤ ਇਸ ਅਮਾਨ ਦੀ ਚਾਹ ਮੇਰੀ ।

੨੧੫

ਬਹੁਤ ਆਪਣੇ ਮੰਦਿਆਂ ਕਾਰਿਆਂ ਤੇ,
ਰਾਤ ਦਿਨ ਮੈਂ ਰਹਿੰਦਾ ਪਛਤਾਉਂਦਾ ਹਾਂ ।
ਮੈਨੂੰ ਦੁੱਖ ਹੁੰਦਾ ਨਾਲੇ ਸ਼ਰਮ ਆਉਂਦੀ,
ਝਾਤੀ ਆਪਣੇ ਤੇ ਜਦੋਂ ਪਾਉਂਦਾ ਹਾਂ ।
ਕਿੱਥੇ ਮਾਰਨਗੇ ਮੈਨੂੰ ਐਮਾਲ ਮੇਰੇ,
ਸੋਚਾਂ ਨਿੱਤ ਮੈਂ ਇਹੀ ਦੁੜਾਉਂਦਾ ਹਾਂ ।
ਲੱਗਦਾ ਪਾਪਾਂ ਦੇ ਫਲ ਤੋਂ ਡਰ ਮੈਨੂੰ,
ਇਸੇ ਸੋਚ ਤੋਂ ਸਦਾ ਘਬਰਾਉਂਦਾ ਹਾਂ ।

੨੧੬

ਮੇਰੇ ਦਿਲ ਮੁਸੀਬਤਾਂ ਬਹੁਤ ਸਹੀਆਂ,
ਦੁਖੀ ਬਹੁਤ ਹੀ ਵਿੱਚ ਸੰਸਾਰ ਹੋਇਆ ।
ਸੁਬ੍ਹਾ ਸ਼ਾਮ ਅਫ਼ਸੋਸ ਵਿੱਚ ਰਿਹਾ ਡੁੱਬਾ,
ਹੱਦੋਂ ਵਧ ਕੇ ਇਹ ਬੇਜ਼ਾਰ ਹੋਇਆ ।
ਚਾਣ-ਚੱਕ ਪਰ ਯਾਰ ਦਾ ਖ਼ਿਆਲ ਜਿਸ ਦਮ,
ਮੇਰੇ ਦਿਲ ਦੇ ਪਾਰ ਦੁਸਾਰ ਹੋਇਆ ।
ਝੱਟ ਓਹਦੇ ਤੋਂ ਲਹਿ ਗਿਆ ਬੋਝ ਭਾਰੀ,
ਹੌਲਾ ਫੁੱਲ ਵਰਗਾ ਸੁਬਕਸਾਰ ਹੋਇਆ ।

੨੧੭

ਮੇਰੇ ਦਿਲ ਦਿਆ ਮਹਿਰਮਾ ਕਸਮ ਤੇਰੀ,
ਤੇਰੇ ਪਿਆਰ ਦੇ ਨਾਲ ਸਰਸ਼ਾਰ ਹਾਂ ਮੈਂ ।
ਤੇਰੇ ਫ਼ਜ਼ਲ ਤੇ ਕਰਮ ਦੀ ਓਟ ਮੈਨੂੰ,
ਐਬਾਂ ਕੀਤਿਆਂ ਤੇ ਸ਼ਰਮਸਾਰ ਹਾਂ ਮੈਂ ।
ਕਿਹੜੇ ਕਿਹੜੇ ਗੁਨਾਹ ਨੇ ਮੈਂ ਕੀਤੇ,
ਗਿਣਤੀ ਇਹੀ ਕਰਦਾ ਲਗਾਤਾਰ ਹਾਂ ਮੈਂ ।
ਰੱਬਾ ! ਬਖ਼ਸ਼ ਲੈ ਦਾਤਿਆ ਮੇਹਰ ਕਰਦੇ,
ਗੁਨਾਹਗਾਰ ਹਾਂ ਮੈਂ ਅਵਗੁਣਹਾਰ ਹਾਂ ਮੈਂ ।

੨੧੮

ਗ਼ਮੀਆਂ ਸ਼ਾਦੀਆਂ, ਸਾਰੀਆਂ ਵੱਸ ਤੇਰੇ,
ਕਈ ਵਾਰ ਅਜ਼ਮਾ ਕੇ ਵੇਖਿਆ ਹੈ ।
ਤੇਰੇ ਬਾਝੋਂ ਨਾ ਦੁੱਖ ਦਾ ਕੋਈ ਦਾਰੂ,
ਇਹ ਵੀ ਸਦਾ ਪਰਤਾ ਕੇ ਵੇਖਿਆ ਹੈ ।
ਇੱਕ ਤੂੰ ਹੀ ਗੰਜ ਹੈਂ ਰਹਿਮਤਾਂ ਦਾ,
ਹੋਰ ਦਰਾਂ ਤੇ ਜਾ ਕੇ ਵੇਖਿਆ ਹੈ ।
ਦਾਤਾ, ਵੇਖਿਆ ਵੇਖਿਆ ਸਾਰਿਆਂ ਨੂੰ,
ਲੱਖ ਵਾਰ ਅਜ਼ਮਾ ਕੇ ਵੇਖਿਆ ਹੈ ।

੨੧੯

ਬੜੇ ਰੱਜ ਸ਼ਰਾਬ ਦੇ ਜਾਮ ਪੀਤੇ,
ਦਿਲ ਖੋਲ੍ਹ ਕੇ ਬਾਗ਼ਾਂ ਦੀ ਸੈਰ ਕਰ ਲਈ ।
ਮਨ ਆਈਆਂ ਮੁਰਾਦਾਂ ਵੀ ਮਿਲ ਗਈਆਂ,
ਝੋਲੀ ਫੁੱਲਾਂ ਦੇ ਨਾਲ ਬਖੈਰ ਭਰ ਲਈ ।
ਚੰਗੀ ਗੱਲ ਹੈ ਮੌਸਮ ਬਹਾਰ ਦੇ ਵਿੱਚ,
ਕਿਸੇ ਸ਼ੌਕ ਨਾਲ ਬਾਗ਼ ਦੀ ਸੈਰ ਕਰ ਲਈ ।
ਪਤਝੜ ਵਿੱਚ ਫੁੱਲਾਂ ਦਾ ਸ਼ੌਕ ਲੱਗਾ,
ਨੀਤ ਕਿਵੇਂ ਮੈਂ ਸਮਝ ਬਗੈਰ ਕਰ ਲਈ ।

੨੨੦

ਟੁਕੜਾ ਜਿਗਰ ਦਾ ਇੱਕ ਹੈ ਕੋਲ ਮੇਰੇ,
ਅਜੇ ਦਿਲ ਦੇ ਵਿੱਚ ਹੈ ਤਾਣ ਬਾਕੀ ।
ਬਾਕੀ ਗਿਆ ਅਸਬਾਬ ਹੈ ਜ਼ਿੰਦਗੀ ਦਾ,
ਇੱਕ ਰਹੀ ਇਕੱਲੜੀ ਜਾਨ ਬਾਕੀ ।
ਕੱਲ੍ਹ ਇੱਕ ਦਰਵੇਸ਼ ਨੇ ਖਰੀ ਆਖੀ,
ਬੜੀ ਰਾਜ-ਸੰਤੋਖ ਦੇ ਸ਼ਾਨ ਬਾਕੀ ।
ਮਿਲਿਆ ਤਖ਼ਤ ਜਾਂ ਤਾਜ ਨਾ ਓਹ ਜਾਣੇ,
ਸਿਆਹ ਬਖਤੀ ਦਾ ਬੜਾ ਸਾਮਾਨ ਬਾਕੀ ।

੨੨੧

ਹਰ ਵਕਤ ਹੀ ਏਸ ਜਹਾਨ ਅੰਦਰ,
ਅੱਖਾਂ ਗਿੱਲੀਆਂ ਕੀਤੀਆਂ ਰੋਇਆ ਹਾਂ ਮੈਂ ।
ਸਦਾ ਖਾਰੇ ਸਮੁੰਦਰ ਖਜਾਲਤਾਂ ਦੇ,
ਗ਼ਰਕ ਵਾਂਗ ਸ਼ਰਮਿੰਦਿਆਂ ਹੋਇਆ ਹਾਂ ਮੈਂ ।
ਮੇਰੀ ਚਾਹ ਇਹ ਸੀ ਕਿ ਇੱਕ ਪਲ ਵੀ ਨਾ,
ਤੈਥੋਂ ਰਹਾਂ ਗ਼ਾਫ਼ਿਲ, ਗ਼ਾਫ਼ਿਲ ਹੋਇਆ ਹਾਂ ਮੈਂ ।
ਮੈਨੂੰ ਡੋਬਿਆ ਏਸੇ ਸ਼ਰਮਿੰਦਗੀ ਨੇ,
ਤਾਂ ਹੀ ਨਾਲ ਨਮੋਸ਼ੀ ਦੇ ਮੋਇਆ ਹਾਂ ਮੈਂ ।

੨੨੨

ਮੈਂ ਦੋਹਾਂ ਜਹਾਨਾਂ ਦੀ ਸੁੰਦਰਤਾ ਤੇ,
ਨਾਲ ਦਿਲ ਦੀ ਅੱਖ ਦੇ ਝਾਤ ਪਾਈ ।
ਜਦੋਂ ਤੋਲਿਆ ਰੱਖ ਕੇ ਤੱਕੜੀ ਤੇ,
ਸਮਝ ਨੇਕੀ ਤੇ ਬਦੀ ਦੀ ਬਾਤ ਆਈ ।
ਜਿਸ ਨਾਲ ਸਿਆਣਫ਼ ਤੇ ਸਿਰ ਬੋਝਲ,
ਓਹ ਦਿਲ ਦੇ ਲਈ ਆਫ਼ਾਤ ਆਈ ।
ਜਿਹੜਾ ਸਿਰ ਸਿਆਣਫ਼ ਤੋਂ ਹੋਏ ਹਲਕਾ,
ਸਮਝੋ ਦਿਲ ਦੇ ਲਈ ਸੁਗਾਤ ਆਈ ।

੨੨੩

ਦੋਂਹ ਦਿਨਾਂ ਦੀ ਜ਼ਿੰਦਗੀ ਵਿੱਚ ਦੁਨੀਆਂ,
ਤੈਨੂੰ ਮਿਲੀ ਜੇ ਮੈਂਡੜੇ ਯਾਰ ਹੋਵੇ ।
ਮਿਲਦਾ ਫ਼ਲਕ ਦੀ ਸੋਹਣੀ ਸੁਰਾਹੀ ਵਿੱਚੋਂ,
ਜਾਮੇ-ਜਮ ਵੀ ਪੁਰ ਬਹਾਰ ਹੋਵੇ ।
ਵੇਖੀਂ ਕਦੇ ਕਬੂਲ ਨਾ ਕਰੀਂ ਉਹਨੂੰ,
ਤੇਰੇ ਲਈ ਓਹ ਦਿਲ ਅਜ਼ਾਰ ਹੋਵੇ ।
ਓਹਦਾ ਜ਼ਹਿਰ ਮੁਕਾਏਗਾ ਜਾਨ ਤੇਰੀ,
ਓਹਦੇ ਵਿੱਚ ਕੋਈ ਐਸਾ ਖੁਮਾਰ ਹੋਵੇ ।

੨੨੪

ਭਾਵੇਂ ਏਸ ਦੇ ਵਿਚ ਨਾ ਸ਼ੱਕ ਰਾਈ,
ਮੈਂ ਪਾਪ ਸਨ ਲੱਖ ਹਜ਼ਾਰ ਕੀਤੇ ।
ਪਰ ਨਾ ਓਸ ਦੇ ਫ਼ਜ਼ਲ ਦਾ ਮੇਚ ਬੰਨਾ,
ਕਰਮ ਓਸ ਨੇ ਬੇਸ਼ੁਮਾਰ ਕੀਤੇ ।
ਏਸੇ ਮਿਹਰ ਨੇ ਸਾਈਆਂ ਤੂੰ ਸੱਚ ਜਾਣੀਂ,
ਪਾਪੀ ਮੇਰੇ ਵਰਗੇ ਸ਼ਰਮਸਾਰ ਕੀਤੇ ।
ਪੂਰੀ ਉਤਰੇ ਤੋਲ ਤੇ ਗੱਲ ਮੇਰੀ,
ਬੇੜੇ ਤੂੰਹੀਓਂ ਗੁਨਾਹੀਆਂ ਦੇ ਪਾਰ ਕੀਤੇ ।

੨੨੫

ਜਾਰੀ ਰਹਿਣਗੇ ਕਦ ਤੱਕ ਗੁਨਾਹ ਮੇਰੇ,
ਬਹੁੜੀਂ ! ਫਾਥਿਆ ਵਿੱਚ ਅੰਧਕਾਰ ਹਾਂ ਮੈਂ ।
ਮੇਰੇ ਵੇਖ ਗੁਨਾਹਾਂ ਨੂੰ ਕਰੇਂ ਰਹਿਮਤ,
ਇਹੀ ਸੋਚ ਕੇ ਤੇ ਸ਼ਰਮਸਾਰ ਹਾਂ ਮੈਂ ।
ਕਰਾਂ ਕੀ ਮੈਂ ਕੋਈ ਨਾ ਵਾਹ ਮੇਰੀ,
ਗੁਣ ਕੋਈ ਨਾਹੀਂ ਅਉਗਣਹਾਰ ਹਾਂ ਮੈਂ ।
ਜੀਹਦਾ ਦਾਮਨ ਗੁਨਾਹਾਂ ਦੇ ਨਾਲ ਕਾਲਾ,
ਵੱਡਾ ਸਾਰਿਆਂ ਤੋਂ ਗੁਨਾਹਗਾਰ ਹਾਂ ਮੈਂ ।

੨੨੬

ਗੋਸ਼ੇ ਬੈਠ ਕੇ ਆਪਣੀ ਕਲਪਣਾ ਦੇ,
ਸੀ ਸਾਰੇ ਸੰਸਾਰ ਨੂੰ ਵੇਖਿਆ ਮੈਂ ।
ਇਹ ਭਟਕਦੀ ਆਤਮਾ ਸ਼ਾਂਤ ਹੋਈ,
ਅੱਖੀਂ ਅਪਰ ਅਪਾਰ ਨੂੰ ਵੇਖਿਆ ਮੈਂ ।
ਇਹ ਕੀਮਤੀ ਸਬਕ ਗ੍ਰਹਿਣ ਕੀਤਾ,
ਜਦੋਂ ਆਈਨੇ ਫ਼ਨਕਾਰ ਨੂੰ ਵੇਖਿਆ ਮੈਂ ।
ਸੁੱਖ ਦੁੱਖ ਨੂੰ ਜਾਣੀਏ ਸਦਾ ਸਮਸਰ,
ਖੁਲ੍ਹਦੇ ਏਸ ਇਸਰਾਰ ਨੂੰ ਵੇਖਿਆ ਮੈਂ ।

੨੨੭

ਦਿਲ ਨੂੰ ਕਦੇ ਨਾ ਦੁਨੀਆਂ ਤੇ ਰੰਜ ਲਾਈਂ,
ਤੈਨੂੰ ਦੱਸਿਆ ਮੈਂ, ਤੈਨੂੰ ਦੱਸਿਆ ਮੈਂ ।
ਥਲਾਂ, ਪਰਬਤਾਂ ਨਾਲ ਨਾ ਮੋਹ ਪਾਈਂ,
ਤੈਨੂੰ ਦੱਸਿਆ ਮੈਂ, ਤੈਨੂੰ ਦੱਸਿਆ ਮੈਂ ।
ਮਿਰਗ-ਛਲੀ ਬਿਨ ਦੁਨੀਆਂ ਨਾ ਸ਼ੈ ਕਾਈ,
ਤੈਨੂੰ ਦੱਸਿਆ ਮੈਂ, ਤੈਨੂੰ ਦੱਸਿਆ ਮੈਂ ।
ਜਾਂ ਇਹ ਬੁਲਬੁਲਾ ਸਾਗਰ ਦੀ ਛੱਲ ਆਈ,
ਤੈਨੂੰ ਦੱਸਿਆ ਮੈਂ, ਤੈਨੂੰ ਦੱਸਿਆ ਮੈਂ ।

੨੨੮

ਤੇਰੇ ਵਿੱਚ ਜੇ ਹੌਂਸਲਾ, ਸਮਝਦਾਰੀ,
ਤੈਨੂੰ ਗੱਲ ਨਿਖਾਰ ਕੇ ਦੱਸਦਾ ਹਾਂ ।
ਕਦੇ ਲੋਕਾਂ ਦਾ ਨਾ ਇਹਸਾਨ ਝੱਲੀਂ,
ਤੈਨੂੰ ਤੱਤ ਨਿਤਾਰ ਕੇ ਦੱਸਦਾ ਹਾਂ ।
ਮੂਰਤ ਖਿੱਚਣੀ ਮੱਕੜੀ ਦੇ ਜਾਲ ਉਤੇ,
ਤੈਨੂੰ ਜ਼ਰਾ ਸੁਆਰ ਕੇ ਦੱਸਦਾ ਹਾਂ ।
ਬਿਨਾ ਫੋਕੀਆਂ ਟੱਕਰਾਂ ਇਹ ਕੁਛ ਨਾ,
ਤੈਨੂੰ ਸੋਚ ਵਿਚਾਰ ਕੇ ਦੱਸਦਾ ਹਾਂ ।

੨੨੯

ਦਿਲ ਫਸ ਗਿਆ ਪਿਆਰ ਦੇ ਗ਼ਮ ਅੰਦਰ,
ਕਾਹਦਾ, ਯਾਰ ਦੇ ਨਾਲ ਪਿਆਰ ਪਾਇਆ ।
ਬਿਨਾਂ ਸੋਚਿਆਂ ਆਪਣੇ ਮੋਢਿਆਂ ਤੇ,
ਲੱਖਾਂ ਮਣਾਂ ਦਾ ਏਸ ਨੇ ਭਾਰ ਪਾਇਆ ।
ਕਰੇਂ ਕਾਸ ਨੂੰ ਵਾਅਜ਼ ਪਰਹੇਜ਼ਗਾਰਾ,
ਮੈਨੂੰ ਤੇਰਾ ਨਾ ਕਦੇ ਇਤਬਾਰ ਆਇਆ ।
ਮੇਰਾ ਦਿਲ ਤਾਂ ਹੋਰਥੇ ਲੱਗਿਆ ਹੈ,
ਹਿੱਸੇ ਏਸ ਦੇ ਹੋਰ ਰੁਜ਼ਗਾਰ ਆਇਆ ।

੨੩੦

ਨਹੀਂ ਵਾਸਤਾ ਕਿਸੇ ਦੇ ਨਾਲ ਮੇਰਾ,
ਸ਼ੇਅਰ ਵੱਖਰਾ ਮੇਰਾ ਖ਼ਿਆਲ ਆਪਣਾ ।
ਵਿੱਚ ਗ਼ਜ਼ਲ ਦੇ ਕਰਾਂ ਮੈਂ ਰੀਸ ਓਹਦੀ,
ਹੁੰਦਾ 'ਹਾਫ਼ਜ਼' ਦਾ ਪਰ ਕਮਾਲ ਆਪਣਾ ।
ਪੀਰ ਉਮਰ ਖ਼ਿਆਮ ਰੁਬਾਈਆਂ ਦਾ,
ਓਹਦੇ ਸਾਹਵੇਂ ਮੁਰੀਦਾਂ ਦਾ ਹਾਲ ਆਪਣਾ ।
ਜੇਕਰ ਬਖ਼ਸ਼ੇ ਉਹ ਜਾਮ-ਸ਼ਰਾਬ ਮੈਨੂੰ,
ਫਿਰ ਨਾ ਵਾਸਤਾ ਉਸਦੇ ਨਾਲ ਆਪਣਾ ।

੨੩੧

ਪਾਣੀ ਉੱਪਰ ਨਿਸ਼ਾਨ ਦੇ ਵਾਂਗ ਮਿਟਿਆ,
ਜੋ ਕੁਛ ਵੀ ਬੋਲਿਆ, ਦੱਸਦਾ ਹਾਂ ।
ਫੋਕੇ ਮਾਨ ਗੁਮਾਨ ਦੇ ਵਾਂਗ ਮਿਟਿਆ,
ਜੋ ਕੁਛ ਵੀ ਬੋਲਿਆ, ਦੱਸਦਾ ਹਾਂ ।
ਬੁੱਢੀ ਉਮਰ, ਜ਼ਬਾਨ ਖ਼ਾਮੋਸ਼ ਹੋਈ,
ਜਾਂਦਾ ਕੁਛ ਨਾ ਬੋਲਿਆ, ਦੱਸਦਾ ਹਾਂ ।
ਜਦ ਸੀ ਉਮਰ ਜਵਾਨ ਪੁਰ ਜੋਸ਼ ਮੇਰੀ,
ਬਹੁਤ ਲਿਖਿਆ ਤੇ ਬੋਲਿਆ, ਦੱਸਦਾ ਹਾਂ ।

੨੩੨

ਬੋਲਾਂ ਝੂਠ ਨਾ ਅੱਲਾ ਦੀ ਸਹੁੰ ਮੈਨੂੰ,
ਮੈਂ ਕਦੇ ਨਾ ਜ਼ੋਹਦ ਰਿਆਈ ਕਰਦਾ ।
ਭਿਛਿਆ ਰੱਬ ਦੇ ਦਰਾਂ ਤੋਂ ਮੰਗਦਾ ਹਾਂ,
ਕਿਧਰੇ ਹੋਰਥੇ ਨਹੀਂ ਗਦਾਈ ਕਰਦਾ ।
ਮੇਰੀ ਸੱਚ ਦੇ ਮੁਲਕ ਤੇ ਬਾਦਸ਼ਾਹੀ,
ਮੈਂ ਨਾ ਕਦੇ ਦੁਹਾਈ, ਦੁਹਾਈ ਕਰਦਾ ।
ਡੇਰੇ ਮੇਰੇ ਮੈਖ਼ਾਨੇ ਦੇ ਵਿਚ ਰਹਿੰਦੇ,
ਓਹਦੀ ਜ਼ਰਾ ਨਾ ਸਹਿਣ ਜੁਦਾਈ ਕਰਦਾ ।

੨੩੩

ਜਿਹੜਾ ਅਰਥ ਦੇ ਅਜ਼ਮ ਦਾ ਬਾਦਸ਼ਾਹ ਏ,
ਮੈਨੂੰ ਓਸਦੀ ਮੇਹਰ ਨੇ ਤਾਰ ਦਿੱਤਾ ।
ਬੜਾ ਓਸ ਦਾ ਫ਼ਜ਼ਲ ਤੇ ਕਰਮ ਹੋਇਆ,
ਕੀਤਾ ਬਹੁਤ ਇਹਸਾਨ ਦੀਦਾਰ ਦਿੱਤਾ ।
ਏਸ ਸੁਫ਼ਨੇ ਨੇ ਬਖ਼ਸ਼ਿਆ ਮਾਣ ਮੈਨੂੰ,
ਨਾਲੇ ਦਾਤਾਂ ਦਾ ਲੱਖ ਭੰਡਾਰ ਦਿੱਤਾ ।
ਮੇਰੀ ਨਜ਼ਰ ਵਿੱਚ ਜੌਵਾਂ ਦੇ ਤੁੱਲ ਦੁਨੀਆਂ,
ਕਿੰਨਾ ਮਰਤਬਾ ਹੈ ਬਖ਼ਸ਼ਣਹਾਰ ਦਿੱਤਾ ।

੨੩੪

ਜੀਹਦੀ ਦੋਸਤੀ ਕਦੇ ਨਾ ਥਿੜਕਦੀ ਹੈ,
ਰਹਿੰਦਾ ਸਦਾ ਤੋਂ ਜੋ ਗ਼ਮਖਾਰ ਮੇਰਾ ।
ਜੋ ਜਾਣਦਾ ਆਪਣਾ ਫ਼ਜ਼ਲ ਕੇਵਲ,
ਨਹੀਂ ਵੇਖਦਾ ਕਦੇ ਕਿਰਦਾਰ ਮੇਰਾ ।
ਤਾਰ ਦੇਣ ਨਦਾਮਤਾਂ ਸ਼ੈਤ ਮੈਨੂੰ,
ਬੇੜਾ ਏਸ ਪੱਜੋਂ ਹੋਵੇ ਪਾਰ ਮੇਰਾ ।
ਮੈਂ ਕੀਤਿਆਂ ਪਾਪਾਂ ਨੂੰ ਝੂਰਦਾ ਹਾਂ,
ਚਿੱਤ ਬਹੁਤ ਰਹਿੰਦਾ ਸ਼ਰਮਸਾਰ ਮੇਰਾ ।

੨੩੫

ਉੱਠ ! ਖ਼ੁਸ਼ੀ ਦੇ ਨਾਲ ਗੁਜ਼ਾਰ ਘੜੀਆਂ,
ਸਭਨਾਂ ਲੱਦ ਜਹਾਨ ਤੋਂ ਜਾਵਣਾ ਈ ।
ਜਿਧਰ ਗਏ 'ਜ਼ਮਸ਼ੈਦ' ਤੇ 'ਕੈ-ਖੁਸਰੋ',
ਓਧਰ ਵੱਲ ਉਡਾਰੀਆਂ ਲਾਵਣਾ ਈ ।
ਗੱਲਾਂ ਜੋ ਮੈਂ ਆਖੀਆਂ ਬੰਨ੍ਹ ਪੱਲੇ,
ਏਥੇ ਸਦਾ ਨਾ ਪੈਰ ਟਿਕਾਵਣਾ ਈ ।
ਦੁਨੀਆਂ ਪਲ ਵਿੱਚ ਹੋਰ ਤੋਂ ਹੋਰ ਹੋਵੇ,
ਮੂਲ ਏਸ ਦਾ ਜਾਵਣਾ, ਆਵਣਾ ਈ ।

੨੩੬

ਦਿਲ ਅੱਕਿਆ ਹੋਏ ਜੇ ਪਿਆਰ ਵੱਲੋਂ,
ਕਿਧਰੇ ਹੋ ਨਵੇਕਲੇ ਬਹਿ ਜਾਈਏ ।
ਦੁੱਖਾਂ, ਫ਼ਿਕਰਾਂ ਤੋਂ ਫੇਰ ਛੁਡਾ ਦਾਮਨ,
ਰਸਤੇ ਚੈਨ, ਆਰਾਮ ਦੇ ਪੈ ਜਾਈਏ ।
ਪਰੇਸ਼ਾਨ ਹੋ ਫਿਰਦਾ ਹੈ ਵਾਵਰੋਲਾ,
ਉਹਦੇ ਵਾਂਗ ਨਾ ਘੁੰਮਦੇ ਰਹਿ ਜਾਈਏ ।
ਕਰਕੇ ਸਬਰ ਸਬੂਰੀਆਂ ਬੈਠ ਰਹੀਏ,
ਖੂਹ-ਭਟਕਣਾਂ ਵਿਚ ਨਾ ਲਹਿ ਜਾਈਏ ।

੨੩੭

ਆ ਜਾ ਰੱਬ ਦੇ ਵਾਸਤੇ ਕੋਲ ਮੇਰੇ,
ਮੇਰੇ ਦਿਲ ਦਿਲਗੀਰ ਨੂੰ ਸ਼ਾਦ ਕਰਦੇ ।
ਮੇਰੇ ਨਾਲ ਇਕਰਾਰ ਸੀ ਜੋ ਕੀਤੇ,
ਪੂਰੇ ਕਰਕੇ ਤੂੰ ਪੂਰੀ ਮੁਰਾਦ ਕਰਦੇ ।
ਹੱਥੋਂ ਕਦੇ ਇਨਸਾਫ਼ ਨੂੰ ਛੱਡੀਏ ਨਾ,
ਮੇਰੀ ਯਾਦ ਨੂੰ ਫੇਰ ਆਬਾਦ ਕਰਦੇ ।
ਸਾਈਆਂ ਤੋੜ ਕੇ ਸਾਰਿਆਂ ਸੰਗਲਾਂ ਨੂੰ,
ਮੈਨੂੰ ਪੰਛੀਆਂ ਵਾਂਗ ਆਜ਼ਾਦ ਕਰਦੇ ।

੨੩੮

ਮਿਲਦਾ ਕਿਧਰੇ ਨਹੀਂ ਸੁੱਖ ਆਰਾਮ ਮਾਸਾ,
ਸਾਰੀ ਦੁਨੀਆਂ ਨੂੰ ਵੀ ਕੋਈ ਟਟੋਲ ਵੇਖੇ ।
ਸੁੱਖ ਕਿਧਰੇ ਨਾ ਮਿਲੇ ਪਤਾਲ ਅੰਦਰ,
ਭਾਵੇਂ ਓਥੇ ਵੀ ਕੋਈ ਫੋਲ ਵੇਖੇ ।
ਜਦੋਂ ਹਿਰਸ ਹਵਾ ਦੇ ਨਾਲ ਬੋਝਲ,
ਸਿਰ ਏਥੇ ਦੇ ਮਾਰਦੇ ਝੋਲ ਵੇਖੇ ।
ਮਿਲੇ ਉਥੇ ਵੀ ਨਹੀਂ ਹਵਾ ਚੰਗੀ,
ਕੋਈ ਭਿੱਤ ਪਤਾਲ ਦੇ ਖੋਲ੍ਹ ਵੇਖੇ ।

੨੩੯

ਰੰਗਾ ਰੰਗ ਦੀ ਇਕ ਤਸਵੀਰ ਦੁਨੀਆਂ,
ਇਕ ਜਾਏ ਤੇ ਰੰਗ ਹਜ਼ਾਰ ਆਏ ।
ਕਦੇ ਇਕ ਸਮਾਨ ਇਹ ਨਹੀਂ ਰਹਿੰਦੀ,
ਪਤਝੜ ਜਾਏ ਤੇ ਮਗਰ ਬਹਾਰ ਆਏ ।
ਨਹੀਂ ਦਿਲ ਨੂੰ ਕਦੇ ਰੰਜੂਰ ਕਰੀਏ,
ਭਾਵੇਂ ਲੱਖ ਚੜ੍ਹਾਅ ਉਤਾਰ ਆਏ ।
ਚਾਰਾ ਆਪਣੇ ਦਰਦ ਦਾ ਆਪ ਕਰੀਏ,
ਭਾਵੇਂ ਦੁੱਖ ਕਿਉਂ ਨਾ ਬਾਰ ਬਾਰ ਆਏ ।

੨੪੦

ਚਾਹੇਂ ਚਿੱਤ ਜੇ ਤੇਰਾ ਪ੍ਰਸੰਨ ਹੋਵੇ,
ਛਾਇਆ ਪਏ ਨਾ ਕਦੇ ਗ਼ਮਗ਼ੀਨੀਆਂ ਦੀ ।
ਜਾਈਂ ਹੋ ਨਵੇਕਲਾ ਖ਼ਲਕ ਕੋਲੋਂ,
ਕੋਈ ਰੀਸ ਨਾ ਗੋਸ਼ਾ-ਨਸ਼ੀਨੀਆਂ ਦੀ ।
ਇਸ ਵਿਚ ਦੋਹਾਂ ਜਹਾਨਾਂ ਦਾ ਸੁੱਖ ਮਿਲਦਾ,
ਇਸ ਤੋਂ ਪਏ ਆਦਤ ਹੱਕ-ਬੀਨੀਆਂ ਦੀ ।
ਮੇਰੇ ਸੁਖ਼ਨ ਸੁਣ, ਸੁਖ਼ਨ ਸ਼ਨਾਸ ਵਾਂਗੂੰ,
ਕਾਹਦੀ ਲੋੜ ਤੈਨੂੰ ਨੁਕਤਾਚੀਨੀਆਂ ਦੀ ।

੨੪੧

ਮੇਰੇ ਦਿਲ ਵਿਚ ਜਦੋਂ ਦਾ ਪਿਆਰ ਤੇਰਾ,
ਘਰ ਆਪਣਾ ਸਮਝ ਕੇ ਬਹਿ ਗਿਆ ।
ਸਿਰ ਤੋਂ ਪੈਰਾਂ ਤਕ ਬੱਸ ਖ਼ਿਆਲ ਤੇਰਾ,
ਮੇਰੇ ਲੂੰ, ਲੂੰ ਵਿਚ ਹੈ ਲਹਿ ਗਿਆ ।
ਗੱਲਾਂ ਤੇਰੀਆਂ ਕਰਾਂ ਮੈਂ ਦਿਲ ਦੇ ਨਾਲ,
ਹੋਰ ਜ਼ਿਕਰ ਅਜ਼ਕਾਰ ਨਹੀਂ ਰਹਿ ਗਿਆ ।
ਕਿਸੇ ਤਰ੍ਹਾਂ ਨਾ ਓਹਦਾ ਬਿਆਨ ਮੁਮਕਿਨ,
ਪਿਆਰ ਤੈਂਡੜਾ ਦਿਲ ਨੂੰ ਕਹਿ ਗਿਆ ।

੨੪੨

ਦਰ ਖੁਲ੍ਹ ਗਏ ਤੇਰੀਆਂ ਰਹਿਮਤਾਂ ਦੇ,
ਮੇਰੇ ਲਈ ਇਹ ਦਿਨ ਬਹਾਰ ਦੇ ਈ ।
ਰੰਗਾਂ ਨਾਲ ਹੈ ਰੱਤਿਆ ਦਿਲ ਮੇਰਾ,
ਖਿੜ ਗਿਆ ਇਹ ਵਾਂਗ ਗੁਲਜ਼ਾਰ ਦੇ ਈ ।
ਤੇਰਾ ਇੱਕ ਵੀ ਫ਼ਜ਼ਲ ਨਾ ਜਾਏ ਗਿਣਿਆ,
ਲੇਖੇ ਹੋਣ ਲੱਖੀਂ ਬਖ਼ਸ਼ਣਹਾਰ ਦੇ ਈ ।
ਤਿੱਲ ਤਿੱਲ ਭਾਵੇਂ ਜੀਭਾ ਸ਼ੁਕਰ ਕਰਦੀ,
ਪਰ ਇਹ ਵੱਸ ਨਾ ਸ਼ੁਕਰ ਗੁਜ਼ਾਰ ਦੇ ਈ ।

੨੪੩

ਹਸਤੀ, ਵਹਿਮ ਤੇ ਬੁਲਬੁਲਾ, ਜ਼ਿੰਦਗਾਨੀ,
ਜ਼ਰਾ ਅੱਖੀਆਂ ਖੋਲ੍ਹ ਕੇ ਵੇਖ ਤਾਂ ਸਹੀ ।
ਧੋਖਾ ਨਜ਼ਰ ਦਾ ਬਿਫਰਿਆ ਇਹ ਸਾਗਰ,
ਜ਼ਰਾ ਅੱਖੀਆਂ ਖੋਲ੍ਹ ਕੇ ਵੇਖ ਤਾਂ ਸਹੀ ।
ਨਜ਼ਰ ਰੱਬ ਦਾ ਨੂਰ ਜਮਾਲ ਆਏ,
ਦੀਦਾ ਬਾਤਨੀ ਖੋਲ੍ਹ ਕੇ ਵੇਖ ਤਾਂ ਸਹੀ ।
ਦੁਨੀਆਂ ਸ਼ੀਸ਼ਾ ਤੇ ਓਸ ਦੀ ਪ੍ਰਤੀ-ਛਾਇਆ,
ਜ਼ਰਾ ਅੱਖੀਆਂ ਖੋਲ੍ਹ ਕੇ ਵੇਖ ਤਾਂ ਸਹੀ ।

੨੪੪

ਮੇਰੀ ਉਮਰ ਬੁੜ੍ਹਾਪੇ ਦੀ ਹੋਈ ਹਾਣੀ,
ਮੇਰੀ ਹਿਰਸ ਪਰ ਹੋਰ ਜਵਾਨ ਹੋਈ ।
ਆਇਆ ਮੇਰੇ ਗੁਨਾਹਾਂ ਤੇ ਸਗੋਂ ਖੇੜਾ,
ਭਾਵੇਂ ਹੋਰ ਸ਼ੈ ਸਭ ਵੀਰਾਨ ਹੋਈ ।
ਮੈਨੂੰ ਓਹਨਾਂ ਦੇ ਬੱਚਿਆਂ ਵਾਂਗ ਕੀਤਾ,
ਸ਼ਾਇਦ ਇਹ ਵੀ ਮਹਿਬੂਬਾ ਦੀ ਸ਼ਾਨ ਹੋਈ ।
ਕਦੇ ਪਾਪ ਤੇ ਕਦੇ ਪਰਹੇਜ਼ਗਾਰੀ,
ਕਾਰ ਇਹੀ ਅੱਜ ਮੇਰਾ ਈਮਾਨ ਹੋਈ ।

੨੪੫

ਜੇਕਰ ਚਾਹੇਂ ਨਗੀਨੇ ਦੇ ਵਾਂਗ ਰੌਸ਼ਨ,
ਹੋਵੇ ਵਿੱਚ ਸੰਸਾਰ ਦੇ ਨਾਮ ਤੇਰਾ ।
ਕਿਧਰੇ ਬੈਠ ਇਕਾਂਤ ਦੇ ਵਿੱਚ ਜਾ ਕੇ,
ਹੋਵੇ ਲੋਕਾਂ ਤੋਂ ਦੂਰ ਮਕਾਮ ਤੇਰਾ ।
ਗਰਮੀ ਦੀਨ ਦੀ, ਦੁਨੀਆਂ ਦੀ ਸਰਦ ਮੇਹਰੀ,
ਇਹਨਾਂ ਦੋਹਾਂ ਵਿੱਚ ਨਾਮ ਬਦਨਾਮ ਤੇਰਾ ।
ਏਸ ਜੰਗਲ ਵਿੱਚ ਅਸਾਂ ਨੇ ਵੇਖਿਆ ਹੈ,
ਵੱਖਰਾ ਇਸ ਤੋਂ ਨਾ ਹੋਏ ਅੰਜਾਮ ਤੇਰਾ ।

੨੪੬

ਇਕ ਪਾਸੇ ਤਾਂ ਦੁਨੀਆਂ ਦਾ ਗ਼ਮ ਮਾਰੇ,
ਫ਼ਿਕਰ ਦੂਜੇ ਤੇ ਦੀਨ ਦਾ ਮਾਰਦਾ ਈ ।
ਮੇਰੀ ਨਜ਼ਰ ਵਿਚ ਦੋਵੇਂ ਨੇ ਬਹੁਤ ਮਾੜੇ,
ਭੋਰਾ ਕਾਜ ਨਾ ਕੋਈ ਸਵਾਰਦਾ ਈ ।
ਭਾਵੇਂ ਜਾਨ ਹੈ ਲਬਾਂ ਤੇ ਆਈ ਹੋਈ,
ਦਿਲ ਸ਼ੋਹਰਤ ਲਈ ਟੱਕਰਾਂ ਮਾਰਦਾ ਈ ।
ਏਸ ਹਾਲ ਵੀ ਭਲਿਆਂ ਚੋਂ ਹਰ ਕੋਈ,
ਹੀਰਾ ਕਹਿ ਕੇ ਮੈਨੂੰ ਪੁਕਾਰਦਾ ਈ ।

੨੪੭

ਫੁੱਲ ਸੈਂਕੜੇ ਖਿੜੇ ਜਿਉਂ ਬਾਗ਼ ਅੰਦਰ,
ਇਓਂ ਟਹਿਕਿਆ, ਮਹਿਕਿਆ ਦਿਲ ਮੇਰਾ ।
ਜਦੋਂ ਪਿਆਰ ਮਹਿਬੂਬ ਦੇ ਘਰ ਵਾਂਗਰ,
ਮੇਰੇ ਦਿਲ ਅੰਦਰ ਲਾਇਆ ਆਣ ਡੇਰਾ ।
ਏਸ ਦੌਰ ਵਿਚ ਕਦੀ ਤਾਂ ਜ਼ਾਹਰ ਹੋਈਏ,
ਕਦੇ ਬੈਠੀਏ ਅਸੀਂ ਲੁਕਾ ਚਿਹਰਾ ।
ਸੁਣ ਕੇ ਸੁਖ਼ਨ ਤਾਂ ਲੋਕ ਪਛਾਣ ਜਾਂਦੇ,
ਨਹੀਂ ਤਾਂ ਰਹਿੰਦੇ ਨੇ ਅਸਾਂ ਤੋਂ ਬੇ-ਬਹਿਰਾ ।

੨੪੮

ਓਹਦਾ ਖ਼ਿਆਲ ਬਿਠਾ ਕੇ ਦਿਲ ਅੰਦਰ,
ਹੋਰ ਸਾਰੀਆਂ ਗੱਲਾਂ ਨੂੰ ਭੁੱਲ ਜਾਓ ।
ਪੁਜੋ ਏਨੀਆਂ ਫੇਰ ਬੁਲੰਦੀਆਂ ਤੇ,
ਬਸ ਹੋ ਅਸਮਾਨ ਦੇ ਤੁੱਲ ਜਾਓ ।
ਸੁਖ਼ਨ ਇਹ ਜੇ ਜ਼ਾਹਦਾਂ ਫ਼ੱਕਰਾਂ ਦਾ,
ਮਤਾਂ ਏਸ ਨੂੰ ਕਦੇ ਵੀ ਭੁੱਲ ਜਾਓ ।
ਮਾਰੋ, ਦੋਹਾਂ ਜਹਾਨਾਂ ਨੂੰ ਲੱਤ ਮਾਰੋ,
ਸਾਰੇ ਗ਼ਮ ਹੰਦੇਸੜੇ ਭੁੱਲ ਜਾਓ ।

੨੪੯

ਗਲ ਸਦਾ ਮਸੀਤਾਂ ਤੇ ਮੰਦਰਾਂ ਦੀ,
ਹਰ ਥਾਂ ਤੇ 'ਸਰਮਦਾ' ਨਾ ਕਰੀਏ ।
ਓਹ ਥਾਂ ਹੈ ਰਾਹਾਂ ਤੋਂ ਭੁੱਲਿਆਂ ਦੀ,
ਵਾਦੀ ਸੰਸੇ ਦੀ ਕਦੇ ਨਾ ਪੈਰ ਧਰੀਏ ।
ਸਬਕ ਲਈਏ ਸ਼ੈਤਾਨ ਤੋਂ ਬੰਦਗੀ ਦਾ,
ਹੋਰ ਕਿਸੇ ਦੀ ਹਾਜ਼ਰੀ ਨਾ ਭਰੀਏ ।
ਇੱਕੋ ਇਸ਼ਟ ਨੂੰ ਟੇਕੀਏ ਸਦਾ ਮੱਥਾ,
ਸੱਜਦੇ ਗ਼ੈਰਾਂ ਦੇ ਦਰਾਂ ਤੇ ਨਾ ਕਰੀਏ ।

੨੫੦

ਮੰਜ਼ਲ ਚਾਹੀਦੀ ਤੇਰੀ ਹੈ ਮੈਖ਼ਾਨਾ,
ਮਹਿਕਾਂ ਵੰਡਦੇ ਮੌਸਮ ਬਹਾਰ ਦੇ ਵਿੱਚ ।
ਮੱਥੇ ਜਾ ਕੇ ਬਰੂਹਾਂ ਤੇ ਭੰਨਦਾ ਫਿਰ,
ਵਾਂਗਰ ਪਾਗਲਾਂ ਤੂੰ ਇਸ਼ਕ ਯਾਰ ਦੇ ਵਿੱਚ ।
ਚੁੱਕੀਂ ਫਿਰੇਂ ਪਸ਼ਮੀਨੇ ਦਾ ਜੋ ਚੋਗਾ,
ਕੀ ਰੱਖਿਆ ਏ ਏਸ ਭਾਰ ਦੇ ਵਿੱਚ ।
ਇਹਨੂੰ ਲਾਹਕੇ ਸੁੱਟ ਦੇ ਮੋਢਿਆਂ ਤੋਂ,
ਹੌਲੇ ਭਾਰ ਫਿਰ ਤੁਰ ਬਾਜ਼ਾਰ ਦੇ ਵਿੱਚ ।

੨੫੧

ਬੂਹੇ ਢੋਹ ਨ ਮੇਰੇ ਤੇ ਰਹਿਮਤਾਂ ਦੇ,
ਕਾਹਨੂੰ ਮਿਹਰ ਤੋਂ ਪਿਆ ਵਿਛੋੜਦਾ ਏਂ ।
ਜੀਹਦੇ ਉਪਰ ਤੂੰ ਬਖ਼ਸ਼ਿਸ਼ਾਂ ਰਿਹਾ ਕਰਦਾ,
ਹੁਣ ਕਿਓਂ ਓਸ ਨੂੰ ਦਰਾਂ ਤੋਂ ਮੋੜਦਾ ਏਂ ।
ਹੋਰ ਭਾਰ ਤਾਂ ਮੈਥੋਂ ਨਹੀਂ ਚੁੱਕ ਹੋਣਾ,
ਹੋਰ ਭਾਰ ਪਾ ਕੇ ਗਰਦਨ ਤੋੜਦਾ ਏਂ ।
ਬੁੱਢੀ ਉਮਰੇ 'ਗੁਨਾਹਾਂ' ਤੋਂ ਮੇਰੀ ਤੋਬਾ,
ਦੱਸੀਂ ਹੋਰ ਤੂੰ ਮੈਥੋਂ ਕੀ ਲੋੜਦਾ ਏਂ ?

੨੫੨

ਜੇਕਰ ਕਿਸੇ ਨੂੰ ਇਹ ਖ਼ਿਆਲ ਆਇਆ,
ਕਰ ਲਾਂ ਨੌਕਰੀ ਰਾਜ ਦਰਬਾਰ ਦੇ ਵਿਚ ।
ਉਹਨੂੰ ਚਾਹੀਦਾ ਇਸ ਤਰ੍ਹਾਂ ਸਮਝ ਲੈਣਾ,
ਸਦਾ ਰਹੇ ਨਾ ਕੋਈ ਸੰਸਾਰ ਦੇ ਵਿਚ ।
ਮੱਥੇ ਝੁਰੜੀਆਂ ਸ਼ਾਹਾਂ ਦੇ ਵੇਖੀਆਂ ਮੈਂ,
ਜਿਉਂਦੇ ਹੋਣ ਜਿਉਂ ਕਿਸੇ ਆਜ਼ਾਰ ਦੇ ਵਿਚ ।
ਇੱਕ ਝੁਰੜੀ ਦੇ ਮੁੱਲ ਦੀ ਨਹੀਂ ਦੁਨੀਆਂ,
ਮੁੱਲ ਪਾਈਏ ਜੇ ਹੱਕ ਬਾਜ਼ਾਰ ਦੇ ਵਿਚ ।

੨੫੩

ਚਿੱਤ ਚਾਹੁੰਦਾ ਹੈ ਜੇਕਰ ਇਹ ਤੇਰਾ,
ਕੋਈ ਦੁਨੀਆਂ ਵਿੱਚ ਨਾਮ ਨਿਸ਼ਾਨ ਹੋਵੇ ।
ਕਿਸੇ ਜਗ੍ਹਾ ਨਗੀਨੇ ਦੇ ਵਾਂਗ ਜੁੜ ਜਾ,
ਤਾਂਹੀਓਂ ਮਾਣ ਫਿਰ ਵਿੱਚ ਜਹਾਨ ਹੋਵੇ ।
ਇਕ ਥਾਂ ਤੇ ਪੈਰ ਦੇ ਨਕਸ਼ ਵਾਂਗਰ,
ਤੇਰਾ ਬੈਠਣਾ ਇਕ ਸਮਾਨ ਹੋਵੇ ।
ਜਦੋਂ ਉਡਦੀ ਰੇਤ ਹੈ ਰਸਤਿਆਂ ਦੀ,
ਓਹਦੇ ਨਾਲ ਹੀ ਕੰਕਰ ਰਵਾਨ ਹੋਵੇ ।

੨੫੪

ਲੱਖ ਟੱਕਰਾਂ ਮਾਰੀਆਂ ਜੱਗ ਅੰਦਰ,
ਮੈਨੂੰ ਕਿਧਰੇ ਨਾ ਕੋਈ ਦਿਲਦਾਰ ਮਿਲਿਆ ।
ਕਿਧਰੇ ਕੋਈ ਹਮਦਰਦ ਨਾ ਵੇਖਿਆ ਮੈਂ,
ਨਾ ਹੀ ਦੁਨੀਆਂ ਵਿੱਚ ਕੋਈ ਗ਼ਮਖਾਰ ਮਿਲਿਆ ।
ਮਹਿਕਾਂ ਮਿਹਰ, ਨਾ ਵੰਡਦਾ ਫੁੱਲ ਮਿਲਿਆ,
ਸਗੋਂ ਉਸ ਦੀ ਥਾਂ ਤੇ ਖ਼ਾਰ ਮਿਲਿਆ ।
ਇਕ ਵਾਰ ਬਹਾਰ ਨੂੰ ਵੇਖਿਆ ਮੈਂ,
ਮੌਕਾ ਫੇਰ ਨਾ ਦੂਸੀ ਵਾਰ ਮਿਲਿਆ ।

੨੫੫

ਮੌਲਾ ਮਿਹਰ ਕਰ ਟੁੱਟਿਆ ਦਿਲ ਮੇਰਾ,
ਨਾਲ ਖ਼ੁਸ਼ੀਆਂ ਦੇ ਇਹਨੂੰ ਭਰਪੂਰ ਕਰਦੇ ।
ਰੱਕੜ ਰੂਹ ਤੇ ਬੰਜਰ ਸਰੀਰ ਮੇਰਾ,
ਖਿੜੇ ਫੁੱਲਾਂ ਦੇ ਨਾਲ ਮਸਰੂਰ ਕਰਦੇ ।
ਲਾੜੀ ਖ਼ੁਸ਼ੀਆਂ ਦੀ ਮੇਰੀਆਂ ਵਿੱਚ ਬਾਹਵਾਂ,
ਆਏ, ਸੱਧਰਾਂ ਇਹ ਮਨਜ਼ੂਰ ਕਰਦੇ ।
ਕਰਦੇ ਮਿਰਬਾਨੀ, ਸਾਈਆਂ ਮਿਹਰਬਾਨੀ,
ਦਰਦ, ਰੰਜ, ਮੁਸੀਬਤਾਂ ਦੂਰ ਕਰਦੇ ।

੨੫੬

ਸਰੂ ਵਰਗਿਆ ਲੰਮਿਆਂ ਸੁਹਲ ਫੁੱਲਾ,
ਚਾਂਦੀ ਬਦਨ ਤੇਰਾ ਡਲ੍ਹਕਾਂ ਮਾਰਦਾ ਈ ।
ਆ ਜਾ ਰੱਜ ਕੇ ਬਾਗ਼ ਦੀ ਸੈਰ ਕਰ ਲੈ,
ਮਹਿਕਾਂ ਵੰਡਦਾ ਮੌਸਮ ਬਹਾਰ ਦਾ ਈ ।
ਡੋਡੀ ਵਾਂਗ ਜੋ ਘਰੇ ਹੀ ਬੰਦ ਰਹਿੰਦਾ,
ਓਹ ਕੱਖ ਨਾ ਕੰਮ ਤੇ ਕਾਰ ਦਾ ਈ ।
ਆ ਜਾ ਸੁੰਬਲ, ਚਮੇਲੀ ਮੁਰਝਾਉਣ ਲੱਗੇ,
ਵੇਖ ਝੜ ਗਿਆ ਫੁੱਲ ਕਚਨਾਰ ਦਾ ਈ ।

੨੫੭

ਮੇਰੇ ਦਿਲ ਦੇ ਵਿਚ ਜਦ ਘਰ ਵਾਂਗਰ,
ਆਣ ਨਿੱਠ ਕੇ ਬਹਿ ਗਿਆ ਪਿਆਰ ਤੇਰਾ ।
ਰੰਗ ਰੰਗ ਦੇ ਸੈਂਕੜੇ ਫੁੱਲ ਮਹਿਕੇ,
ਦਿਲ ਖਿੜ ਗਿਆ ਵਾਂਗ ਗੁਲਜ਼ਾਰ ਮੇਰਾ ।
ਖ਼ਿਆਲ ਵੱਖਰੇ, ਵੱਖਰਾ ਰਾਹ ਮੇਰਾ,
ਬੜਾ ਵੱਖਰਾ ਫ਼ਿਕਰ-ਇਜ਼ਹਾਰ ਮੇਰਾ ।
ਜੇਕਰ ਸੱਖਣਾ ਹੋਏ ਉਹ ਮਾਅਨਿਆਂ ਤੋਂ,
ਸੋਹਣਾ ਬੋਲ ਵੀ ਹੋਏ ਲਾਚਾਰ ਮੇਰਾ ।

੨੫੮

ਕਾਹਦੇ ਵਾਸਤੇ ਵੱਡਿਆਂ ਮਨਸਬਾਂ ਦੀ,
ਮਨਾ ਮੇਰਿਆ ਤੜਫਣਾ, ਚਾਹ ਕਰਨਾ ।
ਇਹ ਤਾਂ ਆਪਣੀ ਕੀਮਤੀ ਉਮਰ ਹੁੰਦਾ,
ਹੱਥੀਂ ਆਪਣੀ ਆਪ ਤਬਾਹ ਕਰਨਾ ।
ਠੱਪੇ-ਮੋਹਰ ਦੇ ਵਾਂਗਰਾਂ ਨਾਂ ਦੇ ਲਈ,
ਉਲਟਾ ਆਪ ਨੂੰ ਖਾਹ ਮਖਾਹ ਕਰਨਾ ।
ਨਾਲੇ ਪੀੜ ਨਪੀੜਦੀ ਜਾਨ ਰਹਿੰਦੀ,
ਨਾਲੇ ਹੁੰਦਾ ਹੈ ਰੂਹ-ਸਿਆਹ ਕਰਨਾ ।

੨੫੯

ਕਾਹਦੇ ਵਾਸਤੇ ਲੰਮੀਆਂ ਲਾਏਂ ਆਸਾਂ,
ਆਸਾਂ ਲੰਮੀਆਂ ਨੂੰ ਭਲਾ ਕੀ ਕਰਨਾ ?
ਇਹ ਸੱਧਰਾਂ ਜਾਨ ਵੀ ਕੋਂਹਦੀਆਂ ਨੇ,
ਇਹਨਾਂ ਸੱਧਰਾਂ ਨੂੰ ਭਲਾ ਕੀ ਕਰਨਾ ?
ਧਾਗੇ ਉਮਰ ਦੇ ਨੂੰ ਵੱਟ ਪਈ ਜਾਂਦੀ,
ਇਹਨਾਂ ਵੱਟਾਂ ਨੂੰ ਖੋਲ੍ਹਣਾ, ਕੀ ਕਰਨਾ ?
ਪਾਇਆਂ ਥੋੜ੍ਹੀ ਤੇ ਤਾਣ ਨਹੀਂ ਵਿੱਚ ਤੇਰੇ,
ਦਾਈਏ ਬੰਨ੍ਹ ਕੇ ਭਲਾ ਤੂੰ ਕੀ ਕਰਨਾ ?

੨੬੦

ਆ ਮਿੱਤਰਾ ! ਏਸ ਜ਼ਮਾਨੇ ਦੇ ਵਿੱਚ,
ਜਿੰਨੀ ਹੁੰਦੀ ਏ ਨੇਕੀ ਦੀ ਕਾਰ ਕਰ ਲੈ ।
ਚਾਰ ਸਾਹਾਂ ਦੀ ਜ਼ਿੰਦਗੀ ਮਿਲੀ ਤੈਨੂੰ,
ਤੰਗ ਕਰ ਨਾ ਕਿਸੇ ਨੂੰ, ਪਿਆਰ ਕਰ ਲੈ ।
ਇਹਦੇ ਨਾਲ ਦੀ ਹੋਰ ਨਾ ਕੋਈ ਨੇਕੀ,
ਖ਼ੁਸ਼ ਕੋਈ ਦਰਵੇਸ਼-ਦਿਲਦਾਰ ਕਰ ਲੈ ।
ਦੁੱਖਾਂ, ਦਰਦਾਂ ਦਾ ਮਾਰਿਆ ਕੋਈ ਹੋਵੇ,
ਹੌਲਾ ਓਸ ਦੇ ਗ਼ਮਾਂ ਦਾ ਭਾਰ ਕਰ ਲੈ ।

੨੬੧

ਧਰਕੇ ਧਿਆਨ ਮਹਿਬੂਬ ਦਾ ਦਿਨੇ ਰਾਤੀਂ,
ਮਨਾ ਆਪਣੇ ਆਪ ਨੂੰ ਸ਼ਾਦ ਕਰ ਲੈ ।
ਇਉਂ ਫ਼ਿਕਰ, ਹੰਦੇਸੜੇ ਦੂਰ ਕਰ ਲੈ,
ਰੰਜ ਗ਼ਮ ਤੋਂ ਜਾਨ ਆਜ਼ਾਦ ਕਰ ਲੈ ।
ਸਦਾ ਯਾਰ ਜੋ ਰਹੇ ਨੇ ਨਾਲ ਤੇਰੇ,
ਓਹਨਾਂ ਯਾਰਾਂ ਦੀ ਕੋਈ ਇਮਦਾਦ ਕਰ ਲੈ ।
ਸਰੇ ਹੋਰ ਨਾ ਤਾਂ ਖ਼ੁਸ਼ੀ ਗ਼ਮੀ ਵੇਲੇ,
ਮੇਰੇ ਮਿੱਤਰਾ ! ਓਹਨਾਂ ਨੂੰ ਯਾਦ ਕਰ ਲੈ ।

੨੬੨

ਤੇਰੀ ਮਿਹਰ ਦਾ ਇਕ ਦਰਿਆ ਵਗਦਾ,
ਜੀਹਦਾ ਨਹੀਂ ਕੰਢਾ, ਆਰ ਪਾਰ ਕੋਈ ਨਾ ।
ਦਿਲ ਤਕਦਾ ਓਹਨੂੰ ਹੈਰਾਨ ਹੋਇਆ,
ਜੀਭਾ ਸਕਦੀ ਸ਼ੁਕਰ ਗੁਜ਼ਾਰ ਕੋਈ ਨਾ ।
ਇਹ ਠੀਕ ਹੈ ਬਹੁਤ ਗੁਨਾਹ ਮੇਰੇ,
ਤੇਰੇ ਫ਼ਜ਼ਲ ਦਾ ਵੀ ਪਾਰਾਵਾਰ ਕੋਈ ਨਾ ।
ਤਕਦਾ ਮੈਂ ਗੁਨਾਹਾਂ ਦੇ ਸਾਗਰਾਂ ਵਿਚ,
ਮੇਰੇ ਨਾਲ ਦਾ ਵੀ ਗੁਨਾਹਗਾਰ ਕੋਈ ਨਾ ।

੨੬੩

ਕਦੇ ਪੀਰ ਮੈਖ਼ਾਨੇ ਦਾ ਬਣ ਬਹਿੰਦਾ,
ਕਦੇ ਪਾਰਸਾ ਖ਼ੁਸ਼ ਕਿਰਦਾਰ ਹੁੰਦਾ ।
ਹਾਲ ਏਸ ਜਹਾਨ ਦਾ ਵੇਖਿਆ ਮੈਂ,
ਰਹਿੰਦਾ ਬਦਲਦਾ ਨਹੀਂ ਇਕਸਾਰ ਹੁੰਦਾ ।
ਕਿਧਰੇ ਨੰਗੀਆਂ ਟਾਹਣੀਆਂ ਪੱਤਿਆਂ ਬਿਨ,
ਕਿਧਰੇ ਲਹਿਲਹਾਉਂਦਾ ਸਬਜ਼ਾਜ਼ਾਰ ਹੁੰਦਾ ।
ਨਾ ਹੀ ਵੇਲੇ ਸਿਰ ਕਦੀ ਖ਼ਿਜ਼ਾਂ ਆਵੇ,
ਬਿਨਾਂ ਵਕਤ ਹੀ ਮੌਸਮ ਬਹਾਰ ਹੁੰਦਾ ।

੨੬੪

ਤੇਰੇ ਫ਼ਜ਼ਲ ਤੇ ਕਰਮ ਬਗੈਰ ਸਾਈਆਂ,
ਹੋਵੇ ਕਿਸ ਤਰ੍ਹਾਂ ਮੁਸ਼ਕਿਲ ਆਸਾਨ ਮੇਰੀ ।
ਰੰਜ, ਗ਼ਮ ਤੋਂ ਮਿਲੇ ਅਸੂਦਗੀ ਨਾ,
ਸੌਖੀ ਕਦੇ ਨਾ ਹੋਇਗੀ ਜਾਨ ਮੇਰੀ ।
ਹਰੀ ਭਰੀ ਕਰ ਸਾਈਆਂ ਮੁਰਾਦ ਮੇਰੀ,
ਗਹਿ ਲਈ ਹੈ ਸ਼ਰਨ ਅਮਾਨ ਤੇਰੀ ।
ਮੈਨੂੰ ਮਿਲਣ ਇਓਂ ਗੰਜ ਨਿਆਮਤਾਂ ਦੇ,
ਕਿਰਪਾ ਹੋਏਗੀ ਰੱਬ ਮਹਾਨ ਤੇਰੀ ।

੨੬੫

ਤੇਰੀ ਰਹੇਗੀ ਸਦਾ ਹੀ ਕਲਾ ਚੜ੍ਹਦੀ,
ਤੂੰ ਸਾਈਂ ਦੇ ਨਾਲ ਪਿਆਰ ਕਰ ਲੈ ।
ਇਹਦੇ ਨਾਲ ਦਾ ਹੋਰ ਨਾ ਸੁੱਖ ਕੋਈ,
ਇਹ ਹੱਕ ਦੀ ਗੱਲ ਇਤਬਾਰ ਕਰ ਲੈ ।
ਜੇਕਰ ਦੀਨ ਜਾਂ ਦੁਨੀਆਂ ਦੀ ਤਲਬ ਤੈਨੂੰ,
ਭਾਵੇਂ ਉਸ ਲਈ ਯਤਨ ਹਜ਼ਾਰ ਕਰ ਲੈ ।
ਬਿਨਾ ਰੱਬ ਦੇ ਪਿਆਰ ਨਾ ਹੋਏ ਹਾਸਲ,
ਇਸ ਲਈ ਰੱਬ ਦੇ ਨਾਲ ਪਿਆਰ ਕਰ ਲੈ ।

੨੬੬

ਜੇਕਰ ਚਾਹੇਂ ਤੂੰ ਮਿਲੇ ਨਾ ਰੰਜ ਤੈਨੂੰ,
ਲਾਉਣਾ ਪਏ ਨਾ ਰਾਹਤ ਲਈ ਤਾਣ ਤੈਨੂੰ ।
ਤੈਨੂੰ ਪਏਗਾ ਲੋਕਾਂ ਤੋਂ ਦੂਰ ਰਹਿਣਾ,
ਲਾਂਭੇ ਰੱਖਣਾ ਪਊ ਜਹਾਨ ਤੈਨੂੰ ।
ਲੋਕ ਦੁਨੀਆਂ ਦੇ ਅਸਲ ਵਿਚ ਸੱਪ, ਚੂਹੇ,
ਇਹ ਚਾਹੀਦਾ ਹੋਣਾ ਗਿਆਨ ਤੈਨੂੰ ।
ਬਚੀਂ ਇਨ੍ਹਾਂ ਦੇ ਨੇੜ ਤੋਂ ਬਚੀਂ ਹਰਦਮ,
ਜੇਕਰ ਲੋੜੀਂਦੀ ਆਪਣੀ ਜਾਨ ਤੈਨੂੰ ।

੨੬੭

ਬਚ ਕੇ ਰਹਿਣਾ ਈਂ ਈਰਖਾ ਵਾਲਿਆਂ ਤੋਂ,
ਇਹਨਾਂ ਯਾਰਾਂ ਤੋਂ ਮੁੱਖ ਤੂੰ ਮੋੜਨਾ ਈਂ ।
ਅੱਖਾਂ ਖੋਲ੍ਹ ਕੇ ਵੇਖ ਇਹ ਹੈਨ ਪੱਥਰ,
ਦਿਲ ਦੇ ਸ਼ੀਸ਼ੇ ਨੂੰ ਇਨ੍ਹਾਂ ਨੇ ਤੋੜਨਾ ਈਂ ।
ਏਸ ਲਾਣੇ ਦੀ ਸੋਹਬਤ ਤੋਂ ਦੂਰ ਰਹਿਣਾ,
ਜੀਅ ਇਨ੍ਹਾਂ ਵੱਲ ਜਾਏ ਤਾਂ ਹੋੜਨਾ ਈਂ ।
ਡਰ ਕੇ ਇਨ੍ਹਾਂ ਤੋਂ ਰਹਿਣ ਵਿੱਚ ਭਲਾ ਤੇਰਾ,
ਛਾਪਾ ਇਹ ਨਾ ਕਦੇ ਚੰਬੋੜਨਾ ਈਂ ।

੨੬੮

ਕਦੋਂ ਤੀਕ ਤੂੰ ਭਲਾ ਅਸਮਾਨ ਹੇਠਾਂ,
ਫਿਰਦਾ ਕੱਛਦਾ ਰਹੇਂ ਜ਼ਮੀਨ ਮੀਆਂ ।
ਸੋਨੇ ਚਾਂਦੀ ਦੀ ਭਾਲ ਵਿੱਚ ਹੋ ਪਾਗ਼ਲ,
ਭੱਜਾ ਚਾਰ ਸੂ ਫਿਰੇਂ ਗ਼ਮਗੀਨ ਮੀਆਂ ।
ਜਾ ਕੇ ਬੈਠ ਤਨਹਾਈ ਵਿਚ ਇਕ ਪਾਸੇ,
ਵਾਂਗ ਫ਼ਕਰਾਂ ਗੋਸ਼ਾ ਨਸ਼ੀਨ ਮੀਆਂ ।
ਇਹ ਦੁਨੀਆਂ ਤਾਂ ਪਾਣੀ ਤੇ ਲੀਕ ਵਰਗੀ,
ਜਾਂ ਫਿਰ ਇਹ ਹੈ ਧੋਖਾ ਹੁਸੀਨ ਮੀਆਂ ।

੨੬੯

ਦੁਨੀਆਂ ਨਾਲ ਪਿਆਰ ਦਾ ਤੋੜ ਰਿਸ਼ਤਾ,
ਜ਼ਰਾ ਤਿਆਗ, ਇਕਾਂਤ ਦਾ ਯਾਰ ਹੋ ਜਾ ।
ਭਾਰੇ ਭਾਰ ਨੂੰ ਲਾਹ ਦੇ ਮੋਢਿਆਂ ਤੋਂ,
ਸੁਬਕਸਾਰ ਹੋ ਜਾ ਹੌਲੇ ਭਾਰ ਹੋ ਜਾ ।
ਅੱਖ ਮੀਟੀ ਉਘਾੜ ਕੇ ਹੋ ਮੋਮਨ,
ਝਾਤੀ ਅੰਦਰ ਨੂੰ ਮਾਰਨ ਲਈ ਤਿਆਰ ਹੋ ਜਾ ।
ਉੱਠ ! ਆਪਣੇ ਆਪ ਤੋਂ ਬੇਖ਼ਬਰਾ,
ਛੱਡ ਗ਼ਾਫ਼ਿਲੀ ਨੂੰ ਖ਼ਬਰਦਾਰ ਹੋ ਜਾ ।

੨੭੦

ਰਹਿੰਦਾ ਉਲਝਿਆ ਦੁਨੀਆਂ ਦੇ ਗ਼ਮਾਂ ਅੰਦਰ,
ਨਹੀਂ ਓਹਨਾਂ ਨੂੰ ਦਿਲ ਵਿਸਾਰਦਾ ਈ ।
ਏਸ ਬਾਰੇ ਨਹੀਂ ਕਦੇ ਸੁਚੇਤ ਹੁੰਦਾ,
ਵਿੱਚ ਗਾਫ਼ਿਲੀ ਵਕਤ ਗੁਜ਼ਾਰਦਾ ਈ ।
ਜਦੋਂ ਬੀ ਨਦਾਮਤ ਦਾ ਕੇਰਿਆ ਨਹੀਂ,
ਐਵੇਂ ਕਾਸਨੂੰ ਟੱਕਰਾਂ ਮਾਰਦਾ ਈ ।
ਝੂਠ ਮੂਠ ਪਛਤਾਵੇ ਦਾ ਕੀ ਕਰਨਾ,
ਇਹ ਨਾ ਪੈਂਤੜਾ ਕੱਖ ਸਵਾਰਦਾ ਈ ।

੨੭੧

ਮੁੜ੍ਹਕੇ ਨਾਲ ਗੁਨਾਹਾਂ ਦੇ ਭਿਜਿਆ ਏ,
ਲੂੰ ਲੂੰ ਮੇਰਾ, ਵਾਲ ਵਾਲ ਮੇਰਾ ।
ਤੂੰ ਪੁੰਜ ਹੈਂ ਸਾਰੀਆਂ ਨੇਕੀਆਂ ਦਾ,
ਰਿਸ਼ਤਾ ਸਾਰੀਆਂ ਬਦੀਆਂ ਦੇ ਨਾਲ ਮੇਰਾ ।
ਕਿੰਨਾ ਚਿਰ ਗੁਨਾਹ ਮੈਂ ਕਰੀਂ ਜਾਊਂ,
ਰਹੂ ਕਦੋਂ ਤੱਕ ਫ਼ਜ਼ਲ ਕਮਾਲ ਤੇਰਾ ।
ਵੇਖ ਆਪਣੇ ਪਾਪਾਂ ਤੇ ਮੇਹਰ ਤੇਰੀ,
ਹੁੰਦਾ ਵਾਂਗ ਸ਼ਰਮਿੰਦਿਆਂ ਹਾਲ ਮੇਰਾ ।

੨੭੨

ਛੱਡ ਖ਼ੁਦੀ, ਤਕੱਬਰੀ, ਗ਼ਾਫ਼ਿਲੀ ਨੂੰ,
ਲਾਂਭੇ ਫ਼ਿਤਨਿਆਂ ਤੋਂ ਮੈਂਡੇ ਯਾਰ ਹੋ ਜਾ ।
ਹਰ ਵੇਲੇ ਦਾ ਮਾੜਾ ਹੈ ਖ਼ਾਰ ਬਣਨਾ,
ਉਠ ਮਹਿਕਦੀ, ਖਿੜੀ ਗੁਲਜ਼ਾਰ ਹੋ ਜਾ ।
ਭੈੜੇ ਆਪਣੇ ਨਫ਼ਸ ਨੂੰ ਸਮਝ ਵੈਰੀ,
ਛੱਡ ਨੇਸਤੀ ਅਤੇ ਹੁਸ਼ਿਆਰ ਹੋ ਜਾ ।
ਸਮਝ ਆਪਣੇ ਆਪ ਨੂੰ ਤੂੰ ਵੈਰੀ,
ਤੈਨੂੰ ਆਖਿਆ ਮੈਂ, ਖ਼ਬਰਦਾਰ ਹੋ ਜਾ ।

੨੭੩

ਸਮਝਾਂ ਨਾਲ ਨਾ ਓਸਦੀ ਸਮਝ ਆਉਂਦੀ,
ਸਮਝ ਨਾਲ ਨਾ ਮੁਸ਼ਕਿਲ ਆਸਾਨ ਹੋਵੇ ।
ਓਹ ਅੱਖੀਆਂ ਨਾਲ ਵੀ ਨਹੀਂ ਦਿਸਦਾ,
ਮਾਰ ਟੱਕਰਾਂ ਦਿਲ ਹਲਕਾਨ ਹੋਵੇ ।
ਪਾਉਣਾ, ਲੱਭਣਾ, ਵੇਖਣਾ ਬਹੁਤ ਔਖਾ,
ਕਿਸੇ ਵਿਰਲੇ ਨੂੰ ਓਹਦਾ ਗਿਆਨ ਹੋਵੇ ।
ਉਸ ਲਈ ਪਾਗਲਾਂ ਵਾਂਗਰਾਂ ਦਿਲ ਹੋਇਆ,
ਅੱਖ ਆਪਣੇ ਥਾਂ ਹੈਰਾਨ ਹੋਵੇ ।

੨੭੪

ਮਾਲ, ਦੌਲਤਾਂ, ਵੇਖ ਖਜ਼ਾਨਿਆਂ ਨੂੰ,
ਨਹੀਂ ਚਾਹੀਦਾ ਕਦੇ ਮਗਰੂਰ ਹੋਣਾ ।
ਇਹ ਸ਼ੈਅ ਨਾ ਘੱਟ ਸ਼ਰਾਬ ਨਾਲੋਂ,
ਪੀ ਕੇ ਭੁੱਲ ਨਾ ਕਦੇ ਮਖ਼ਮੂਰ ਹੋਣਾ ।
ਇਹ ਦੌਲਤਾਂ ਆਉਣੀਆਂ ਜਾਣੀਆਂ ਨੇ,
ਬਣਿਆਂ ਇਹਨਾਂ ਦਾ ਨੇੜੇ ਤੇ ਦੂਰ ਹੋਣਾ ।
ਦੌਲਤ ਆਏ ਤਾਂ ਕਦੇ ਨਾ ਖ਼ੁਸ਼ੀ ਹੋਈਏ,
ਜਾਏ ਚਲੀ ਤਾਂ ਨਹੀਂ ਰੰਜੂਰ ਹੋਣਾ ।

੨੭੫

ਖਸਤਾ ਦਿਲੀ ਤੇ ਰੰਜ ਦਾ ਕੀ ਕਾਰਨ,
ਤੈਨੂੰ ਪੁੱਛਦਾ ਹਾਂ, ਸਾਈਆਂ ਦੱਸ ਤਾਂ ਸਹੀ ।
ਕਦੋਂ ਤੱਕ ਸਹਾਰਾਂਗਾ ਦੁੱਖੜੇ ਮੈਂ,
ਤੈਨੂੰ ਪੁੱਛਦਾ ਹਾਂ, ਸਾਈਆਂ ਦੱਸ ਤਾਂ ਸਹੀ ।
ਇਹ ਠੀਕ ਹੈ ਬਦੀਆਂ ਹਾਂ ਮੈਂ ਕਰਦਾ,
ਤੂੰ ਕਰਮ ਨਾ ਕਰੇਂਗਾ ? ਦੱਸ ਤਾਂ ਸਹੀ ।
ਕਿਹੜਾ ਬਖ਼ਸ਼ੇਗਾ ਤੈਂਡੜੇ ਬਾਝ ਸਾਈਆਂ,
ਕਿਹੜੇ ਦਰ ਜਾਵਾਂ, ਜ਼ਰਾ ਦੱਸ ਤਾਂ ਸਹੀ ।

੨੭੬

ਸ਼ੀਸ਼ੇ ਵਰਗੇ ਅਸਮਾਨ ਤੋਂ ਕੀ ਕਹੀਏ,
ਬਹੁਤ ਪੱਥਰਾਂ ਦਾ ਪਿਆ ਮੀਂਹ ਵਰ੍ਹਦਾ ।
ਉੱਤੋਂ ਬੜਾ ਇਹ ਅਮਨ ਪਸੰਦ ਜਾਪੇ,
ਪਰ ਇਹ ਅੰਦਰੋਂ ਵੈਰ ਦੀ ਨੀਂਹ ਧਰਦਾ ।
ਇਸ ਤੋਂ ਬਚਣ ਦਾ ਹੋਰ ਨਾ ਕੋਈ ਚਾਰਾ,
ਇੱਕੋ ਸਾਗਰ ਸ਼ਰਾਬ ਦਾ ਢਾਲ-ਪਰਦਾ ।
ਇਸ ਵਿੱਚ ਵੀ ਨੰਗਾਂ ਦੀ ਘਾਟ ਕੋਈ ਨਾ,
ਕਿਹੜੀ ਗੱਲ ਪਰ ਮਰਦਾ ਹੈ ਨਹੀਂ ਕਰਦਾ ।

੨੭੭

ਛੱਡ ਆਪਣੇ ਵਹਿਮ ਖ਼ਿਆਲ ਫੋਕੇ,
ਫਿਕਰਾਂ ਝੂਠਿਆਂ ਤੋਂ ਕਦੇ ਡੋਲੀਏ ਨਾ ।
ਕੋਈ ਨੇਕ ਹੋਵੇ, ਕੋਈ ਬਦ ਹੋਵੇ,
ਮੰਦਾ ਕਿਸੇ ਨੂੰ ਕਦੇ ਵੀ ਬੋਲੀਏ ਨਾ ।
ਸਾਕੀ ਜਾਮ ਨੂੰ ਯਾਰ ਬਣਾ ਲਈਏ,
ਹੋਰ ਕਿਸੇ ਕੋਲ ਦੁੱਖੜੇ ਫੋਲੀਏ ਨਾ ।
ਯਾਰ ਹੋਣ ਤਾਂ ਦੋ ਜਾਂ ਤਿੰਨ ਕਾਫੀ,
ਚੌਥੇ ਯਾਰ ਨੂੰ ਭੁੱਲਕੇ ਟੋਲੀਏ ਨਾ ।

੨੭੮

ਤੂੰ ਆਪਣੇ ਆਪ ਦਾ ਬਣ ਵੈਰੀ,
ਜੇਕਰ ਆਪੇ ਦੇ ਨਾਲ ਪਿਆਰ ਤੇਰਾ ।
ਬਚ ਸਾਰੀਆਂ ਮੰਦੀਆਂ ਖ਼ਾਹਸ਼ਾਂ ਤੋਂ,
ਹੋਏ ਜੱਗ ਤੋਂ ਚਿੱਤ ਫਰਾਰ ਤੇਰਾ ।
ਤੇਰੇ ਅੱਥਰੇ ਨਫ਼ਸ ਨੂੰ ਕੀ ਆਖਾਂ ?
ਅਸਲੋਂ ਇਹੀ ਹੈ ਦਿਲ-ਆਜ਼ਾਰ ਤੇਰਾ ।
ਏਸ ਕੰਡੇ ਨੂੰ ਪੁੱਟ ਕੇ ਸੁੱਟ ਲਾਂਭੇ,
ਦਿਲ ਹੋਏ ਫਿਰ ਵਾਂਗ ਗੁਲਜ਼ਾਰ ਤੇਰਾ ।

੨੭੯

ਹਰ ਘੜੀ ਸ਼ਰਮਿੰਦਗੀ ਦੇਣ ਮੈਨੂੰ,
ਬਾਹਰ ਗਿਣਤੀਓਂ ਰੱਬਾ ! ਗੁਨਾਹ ਮੇਰੇ ।
ਮੇਰਾ ਦਿਲ ਨਮੋਸ਼ੀ ਨੇ ਕੁਠਿਆ ਹੈ,
ਸਦਾ ਲਟਕਦੀ ਬੁਲ੍ਹਾਂ ਤੇ ਆਹ ਮੇਰੇ ।
ਵਗੀਂ ਵਾਏ ਮੁਰਾਦ ਤੇ ਵਸਲ ਦੀਏ,
ਹੁਣ ਨਾ ਆਸ ਦੇ ਕਿੰਗਰੇ ਢਾਹ ਮੇਰੇ ।
ਬੇੜੀ ਪਾਰ ਕਰ ਆਣ ਮੰਝਧਾਰ ਵਿੱਚੋਂ,
ਲੱਗੇ ਪਾਪ ਈ ਕਰਨ ਤਬਾਹ ਮੇਰੇ ।

੨੮੦

ਮਿਲਦਾ ਰੰਜ ਤੇ ਪੀੜਾ ਬਿਨ ਹੋਰ ਕੁਛ ਨਾ,
ਮੋਹ ਸਰਾਸਰ ਕੂੜ ਸੰਸਾਰ ਦਾ ਈ ।
ਏਸ ਮੋਹ ਨੂੰ ਛੱਡ ਕੇ ਖ਼ੁਸ਼ੀ ਹੋ ਜਾ,
ਨਹੀਂ ਤਾਂ ਇਹ ਡੁਬੋ ਕੇ ਮਾਰਦਾ ਈ ।
ਦਿਲ ਆਪਣਾ ਰੱਬ ਨੂੰ ਸੌਂਪ ਕੇ ਵੇਖ,
ਰਹਿੰਦਾ ਡਰ ਨਾ ਕਿਸੇ ਪਰਕਾਰ ਦਾ ਈ ।
ਵਹਿਮ ਭਰਮ, ਹੰਦੇਸੜੇ ਦੂਰ ਹੁੰਦੇ,
ਸਿਰ ਤੇ ਮਿਹਰ ਦਾ ਹੱਥ ਕਰਤਾਰ ਦਾ ਈ ।

੨੮੧

ਅਜੇ ਤੱਕ ਨਾ ਬਦੀਆਂ ਤੇ ਨੇਕੀਆਂ ਤੋਂ,
ਹੋਇਆ ਆਪਣਾ ਆਪ ਆਗਾਹ ਮੇਰਾ ।
ਤੇਰੇ ਫ਼ਜ਼ਲ ਤੇ ਕਰਮ ਦੇ ਆਸਰੇ ਤੇ,
ਖਾਤਾ ਅਮਲਾਂ ਦਾ ਹੋਇਆ ਸਿਆਹ ਮੇਰਾ ।
ਸਭੇ ਤਾਣ, ਨਿਤਾਣ ਨੇ ਵੱਸ ਤੇਰੇ,
ਤੇਰੀ ਕੁਦਰਤ ਦੇ ਹੱਥ ਹੈ ਰਾਹ ਮੇਰਾ ।
'ਅੱਲਾ ਬਾਝ ਨਾ ਸਰਬ ਸਮਰੱਥ ਕੋਈ',
ਏਸ ਕੌਲ ਦਾ ਅੱਲਾ ਗਵਾਹ ਮੇਰਾ ।

੨੮੨

ਬਿਨਾ ਤੇਰੀਆਂ ਰਹਿਮਤਾਂ ਬਖ਼ਸ਼ਿਸ਼ਾਂ ਦੇ,
ਰੱਬਾ ਕੋਈ ਨਾ ਪੁਸ਼ਤ-ਪਨਾਹ ਮੇਰਾ ।
ਬਹੁਤ ਮੈਂ ਲਾਚਾਰ, ਮਜਬੂਰ, ਆਜਿਜ਼,
ਹੋਇਆ ਪੁੱਜ ਕੇ ਹਾਲ ਤਬਾਹ ਮੇਰਾ ।
ਮੈਥੋਂ ਹੋ ਨਾ ਸਕਦੀ ਪਾਰਸਾਈ,
ਨਹੀਂ ਜ਼ਿਕਰ ਦੇ ਕਾਬਲ ਗੁਨਾਹ ਮੇਰਾ ।
"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"
ਏਸ ਕੌਲ ਦਾ ਅੱਲਾ ਗਵਾਹ ਮੇਰਾ ।

੨੮੩

ਇੱਕੋ ਨਾਲ ਝਰਾਟ ਅੜੁੰਬ ਲੈ ਗਈ,
ਦਿਲ, ਸ਼ੋਖ ਦੀ ਸ਼ੋਖ ਨਿਗਾਹ ਮੇਰਾ ।
ਕਾਲੀ ਅੱਖ ਓਹ ਰਾਤ ਦੇ ਵਾਂਗ ਕਰ ਗਈ,
ਚਿਟਾ ਲਿਸ਼ਕਦਾ ਦਿਨ ਸਿਆਹ ਮੇਰਾ ।
ਮਿਲਿਆ ਆਣ ਬੁੜ੍ਹਾਪਾ ਸ਼ਬਾਬ ਦੇ ਨਾਲ,
ਸਫਲ ਹੋ ਗਿਆ ਆਖਰੀ ਰਾਹ ਮੇਰਾ ।
"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"
ਏਸ ਕੌਲ ਦਾ ਅੱਲਾ ਗਵਾਹ ਮੇਰਾ ।

੨੮੪

ਮੇਰੀ ਜ਼ਿੰਦਗੀ ਫ਼ਲਕ ਤਬਾਹ ਕੀਤੀ,
ਮੇਰੇ ਪੱਲੇ 'ਚ ਪਾਈਆਂ ਖ਼ਵਾਰੀਆਂ ਨੇ ।
ਹਰ ਸ਼ਾਹ, ਫ਼ਕੀਰ ਤੋਂ ਮਦਦ ਮੰਗੀ,
ਸ਼ਾਇਦ ਇਸੇ ਲਈ ਇਹ ਲਾਚਾਰੀਆਂ ਨੇ ।
ਮੈਂ ਵੇਖਿਆ ਪਰਖਿਆ ਸਾਰਿਆਂ ਨੂੰ,
ਹਰ ਦਰ ਤੇ ਟੱਕਰਾਂ ਮਾਰੀਆਂ ਨੇ ।
"ਅੱਲਾ ਬਾਝ ਨਾ ਸਰਬ ਸਮਰੱਥ ਕੋਈ,"
ਹੱਥ ਅੱਲਾ ਦੇ ਸਭ ਸਰਦਾਰੀਆਂ ਨੇ ।

੨੮੫

ਨਹੀਂ ਓਸ ਤੋਂ ਅਸਾਂ ਪਨਾਹ ਮੰਗੀ,
ਧਰੀ ਟੇਕ ਨਾ ਕੋਈ ਤਕਦੀਰ ਉੱਤੇ ।
ਗਏ ਹੋ ਤਬਾਹ ਬਰਬਾਦ ਸਾਈਆਂ,
ਕੀਤਾ ਮਾਣ ਜਦ ਅਸਾਂ ਤਦਬੀਰ ਉੱਤੇ ।
ਤਾਕਤ ਆਪਣੀ ਤੇ ਫੋਕਾ ਆਕੜੀਂ ਨਾ,
ਇਹ ਕੰਮ ਨਾ ਆਏ ਅਖ਼ੀਰ ਉੱਤੇ ।
ਅੱਲਾ ਬਾਝ ਨਾ ਸਰਬ ਸਮਰੱਥ ਕੋਈ,
ਰੋਸ਼ਨ ਸੱਚ ਇਹ ਰੋਸ਼ਨ ਜ਼ਮੀਰ ਉੱਤੇ ।

੨੮੬

ਮੈਨੂੰ ਆਪਣੇ ਐਬਾਂ ਨੇ ਮਾਰਿਆ ਹੈ,
ਕੀਤਾ ਹੋਰ ਨਾ ਕਿਸੇ ਤਬਾਹ ਮੈਨੂੰ ।
ਬਾਝੋਂ ਫ਼ਜ਼ਲ ਖ਼ੁਦਾ ਦੇ ਹੋਰ ਕੋਈ ,
ਨਹੀਂ ਦੇਵੇਗਾ ਕਦੇ ਪਨਾਹ ਮੈਨੂੰ ।
ਮੈਂ ਮਾੜਾ ਤੇ ਤਕੜਾ ਸ਼ੈਤਾਨ ਬਾਹਲਾ,
ਕੋਈ ਸ਼ੱਕ ਨਾ ਲਏਗਾ ਢਾਹ ਮੈਨੂੰ ।
ਅੱਲਾ ਬਾਝ ਨਾ ਸਰਬ ਸਮਰੱਥ ਕੋਈ,
ਓਹੀ ਦੇਵੇਗਾ ਸੁੱਖ ਦਾ ਸਾਹ ਮੈਨੂੰ ।

੨੮੭

ਭਾਵੇਂ ਕਰਾਂ ਮੈਂ ਨੇਕੀ ਪਰਹੇਜ਼ਗਾਰੀ,
ਭਾਵੇਂ ਰੱਜ ਕੇ ਮੈਂ ਗੁਨਾਹਗਾਰ ਹੋਵਾਂ ।
ਬਖ਼ਸ਼ ਦਏਂਗਾ ਪੂਰਨ ਯਕੀਨ ਮੈਨੂੰ,
ਤੇਰਾ ਜੇਕਰਾਂ ਤਾਬਿਆਦਾਰ ਹੋਵਾਂ ।
ਬਦੀਆਂ ਨੇਕੀਆਂ ਮਾਲਕਾ ਹੱਥ ਤੇਰੇ,
ਤੇਰੀ ਮਿਹਰ ਦਾ ਅਲਮ ਬਰਦਾਰ ਹੋਵਾਂ ।
ਅੱਲਾ ਬਾਝ ਨਾ ਸਰਬ ਸਮਰੱਥ ਕੋਈ,
ਓਹਦੇ ਕਰਮ ਦਾ ਹੀ ਤਲਬਗਾਰ ਹੋਵਾਂ ।

੨੮੮

ਤੈਨੂੰ ਮਕਰ ਦੇ ਵਿਚ ਕੀ ਮਜ਼ਾ ਆਉਂਦਾ,
ਮੈਨੂੰ ਦੱਸ ਤਾਂ ਸਹੀ ਪਰਹੇਜ਼ਗਾਰਾ ।
ਫਿਰੇਂ ਸੌ ਪਸ਼ਮੀਨੇ ਦੇ ਪਾਈ ਚੋਗੇ,
ਕਾਹਦੇ ਵਾਸਤੇ ਕਰੇਂ ਪਾਖੰਡ ਭਾਰਾ ।
ਧਾਗਾ ਤਸਬੀ ਦਾ ਪਾਇਆ ਬਾਰੀਕ ਵਾਲੋਂ,
ਸੁਣਿਆ ਲੱਗਦਾ ਹੈ ਤੈਨੂੰ ਇਹ ਬੜਾ ਪਿਆਰਾ ।
ਰੱਸਾ ਫਾਂਸੀ ਦਾ ਆਪਣੀ ਧੌਣ ਦੇ ਲਈ,
ਹੱਥੀਂ ਆਪ ਤੂੰ ਵੱਟਿਆ ਹੈ ਯਾਰਾ ।

੨੮੯

ਕਿਹੜੇ ਫਾਇਦੇ ਵਾਸਤੇ ਦੱਸ ਤਾਂ ਸਹੀ,
ਪਿਆ ਹਿਰਸ ਦੇ ਬੀਜ ਖਿਲਾਰਦਾ ਏਂ ?
ਏਸ ਗੱਲ ਫਜੂਲ ਤੋਂ ਕੀ ਹਾਸਲ,
ਜੀਹਦੇ ਵਾਸਤੇ ਟੱਕਰਾਂ ਮਾਰਦਾ ਏਂ ?
ਲਾਹੇਵੰਦਾ ਨਾ ਦੁਨੀਆਂ ਦਾ ਕਦੇ ਸੌਦਾ,
ਇਹ ਸੱਚ ਕਿਓਂ ਮਨਂੋ ਵਿਸਾਰਦਾ ਏਂ ?
ਇਹ ਦੁਨੀਆ ਦੀ ਬਾਜ਼ੀ ਨੁਕਸਾਨ ਵਾਲੀ,
ਤੂੰ ਜਿੱਤਦਾ ਨਹੀਂ ਏਂ, ਹਾਰਦਾ ਏਂ ?

੨੯੦

ਫਸ ਕੇ ਹਿਰਸ ਹਵਾ ਦੇ ਜਾਲ ਅੰਦਰ,
ਬਹੁਤ ਪੁੱਜ ਕੇ ਤੂੰ ਖ਼ਵਾਰ ਹੋਵੇਂ ।
ਬੈਠਾ ਆਪਣੀ ਖ਼ੁਦੀ ਦੇ ਪਿੰਜਰੇ ਵਿਚ,
ਵਾਂਗਰ ਕੈਦੀਆਂ ਦੇ ਅਸ਼ਕਬਾਰ ਹੋਵੇਂ ।
ਰਹੁ ਸਰੂ ਦੇ ਵਾਂਗ ਆਜ਼ਾਦ ਸਿੱਧਾ,
ਜਦੋਂ ਹਸਤੀ ਦੇ ਗੁਲਸ਼ਨ ਵਿਚਕਾਰ ਹੋਵੇਂ ।
ਸੁੰਬਲ ਜਾਂ ਚਮੇਲੀ ਦਾ ਫੁੱਲ ਹੋਵੇਂ,
ਭਾਵੇਂ ਘਾਹ ਦੀ ਤਿੜ ਜਾਂ ਖਾਰ ਹੋਵੇਂ ।

੨੯੧

ਤੇਰੀ ਧੁੰਮ ਜਹਾਨ ਤੇ ਪੈ ਜਾਏ,
ਸਿੱਕਾ ਤੇਰਾ ਅਸਮਾਨਾਂ ਤੇ ਚੱਲ ਜਾਏ ।
ਫਿਰ ਵੀ ਖ਼ਾਕ ਦੇ ਵਾਂਗਰਾਂ ਰਹੀਂ ਆਜਿਜ਼,
ਓੜਕ ਆਦਮੀ ਖ਼ਾਕ ਵਿਚ ਰਲ ਜਾਏ ।
ਫ਼ਿਕਰ ਕਦੇ ਜਹਾਨ ਦਾ ਕਰੀਦਾ ਨਹੀਂ,
ਇਹ ਆਪਣੇ ਆਪ ਹੀ ਟਲ ਜਾਏ ।
ਜ਼ਰਾ ਸਾਂਭ ਕੇ ਆਪਣਾ ਰੱਖ ਦਾਮਨ,
ਚਿੱਕੜ ਏਸ ਨੂੰ ਹਿਰਸ ਨਾ ਮਲ ਜਾਏ ।

੨੯੨

ਮੇਰੇ ਮੱਥੇ ਤੇ ਲਿਖੇ ਗੁਨਾਹ ਮੇਰੇ,
ਪੜ੍ਹਨਾ ਤੂੰ ਤਾਂ ਇਨ੍ਹਾਂ ਨੂੰ ਜਾਣਦਾ ਏਂ ।
ਫਿਰ ਵੀ ਚੁਪ ਚੁਪੀਤੜਾ ਨਾਲ ਪਰਦੇ,
ਪਰਦਾ ਮਿਹਰ ਦਾ ਮੇਰੇ ਤੇ ਤਾਣਦਾ ਏਂ ।
ਤੇਰੀ ਨਜ਼ਰ ਤੋਂ ਕੋਈ ਨਾ ਗੱਲ ਗੁੱਝੀ,
ਜਾਣੀ ਜਾਣ ਤੂੰ ਦਿਲਾਂ ਦੀਆਂ ਜਾਣਦਾ ਏਂ ।
ਮੈਂ ਪਾਪੀ ਹਾਂ ਜਾਂ ਕਿ ਪਾਰਸਾ ਹਾਂ,
ਮੈਨੂੰ ਤੂੰ ਤਾਂ ਖ਼ੂਬ ਪਛਾਣਦਾ ਏਂ ।

੨੯੩

ਜਿਹੜਾ ਬਖ਼ਸ਼ਦਾ ਹਸਤੀ ਦੇ ਸੁਖ ਸਾਰੇ,
ਓਸ ਜਾਮ ਦੀ ਜੇਕਰ ਹੈ ਭਾਲ ਤੈਨੂੰ ।
ਫਿਰੇਂ ਝੂਮਦਾ ਮਸਤੀਆਂ ਵਿਚ ਜਾ ਤੂੰ,
ਖ਼ੁਸ਼ੀਆਂ ਕਰ ਛੱਡਿਆ ਮਾਲਾਮਾਲ ਤੈਨੂੰ ।
ਛੱਡ ਦੀਨ ਤੇ ਯਾਰ ਦਾ ਪਕੜ ਪੱਲਾ,
ਦੱਸਾਂ ਰਮਜ਼ ਮੈਂ ਬੜੀ ਕਮਾਲ ਤੈਨੂੰ ।
ਇਹਨੂੰ ਛੱਡੀਂ ਨਾ ਆਖ਼ਰੀ ਦਮਾਂ ਤੀਕਰ,
ਇਹੀ ਕਰੂਗਾ ਸਦਾ ਨਿਹਾਲ ਤੈਨੂੰ ।

੨੯੪

ਭੱਜਾ ਫਿਰੇਂਗਾ ਸਾਰੇ ਜਹਾਨ ਪਿੱਛੇ,
ਕਦੋਂ ਤੱਕ ਤੂੰ ਖ਼ੁਸ਼ੀਆਂ ਦੀ ਭਾਲ ਕਰਦਾ ।
ਕਦੋਂ ਤੱਕ ਪਹਾੜਾਂ ਤੇ ਜੰਗਲਾਂ ਵਿੱਚ,
ਫਿਰ ਫਿਰ ਮੰਦਾ ਉਜਾੜਾਂ ਵਿੱਚ ਹਾਲ ਕਰਦਾ ।
ਦਾਮਨ ਸਬਰ ਸੰਤੋਖ ਦਾ ਬਹੁਤ ਚੌੜਾ,
ਕੋਈ ਰੀਸ ਨਾ ਓਸ ਦੇ ਨਾਲ ਕਰਦਾ ।
ਤਾ ਜ਼ਿੰਦਗੀ ਖਿਸਕਣ ਨਾ ਦਈਂ ਹੱਥੋਂ,
ਇਹ ਪੱਲਾ ਜੋ ਸਦਾ ਨਿਹਾਲ ਕਰਦਾ ।

੨੯੫

ਸਾਈਆਂ ਇਕ ਇਕੱਲੜਾ ਮੈਂ ਹੀ ਨਹੀਂ,
ਜੀਹਦਾ ਦਿਲ ਹੈ ਤਾਬਿਆਦਾਰ ਤੇਰਾ ।
ਹਾਜ਼ਰ ਨਾਜ਼ਰ ਹੈਂ ਤੂੰ ਤਾਂ ਹਰ ਵੇਲੇ,
ਹਰ ਥਾਂ ਤੇ ਹੋਇਆ ਪਸਾਰ ਤੇਰਾ ।
ਮੇਰੀ ਸੋਚ ਦੀ ਪਕੜ ਵਿਚ ਨਾ ਆਏ,
ਸਾਈਆਂ ਖ਼ਿਆਲ ਵੀ ਅਪਰ ਅਪਾਰ ਤੇਰਾ ।
ਜਿਹੜੀ ਚੀਜ਼ ਦੀ ਸਮਝ ਨਾ ਪਏ ਮੈਨੂੰ,
ਨਿਰਾਕਾਰ ਜੋ ਹੈ ਅਕਾਰ ਤੇਰਾ ।

੨੯੬

ਮੇਰੇ ਪਿਆਰਿਆ ਮਿੱਤਰਾ ਦੱਸ ਤਾਂ ਸਹੀ,
ਕਿਉਂ ਏਤਰਾਂ ਹੋਇਆ ਨਾਦਾਨ ਤੂੰ ਹੈਂ ।
ਕਿਤਨਾ ਚਿਰ ਜਹਾਨ ਵਿਚ ਵਾਸ ਤੇਰਾ,
ਏਸ ਗੱਲ ਤੋਂ ਕਿਉਂ ਅਣਜਾਣ ਤੂੰ ਹੈਂ ।
ਕੂੜੀ ਜ਼ਿੰਦਗੀ ਏਸ ਦੀ ਸ਼ਾਨ ਕੂੜੀ,
ਏਸ ਕੂੜ ਉੱਪਰ ਆਕੜਖਾਨ ਤੂੰ ਹੈਂ ।
ਬਹੁਤਾ ਚਿਰ ਨਾ ਏਸ ਥਾਂ ਬੈਠ ਰਹਿਣਾ,
ਦੋਂਹ ਦਿਨਾਂ ਦਾ ਯਾਰ ਮਹਿਮਾਨ ਤੂੰ ਹੈਂ ।

੨੯੭

ਮੇਰੇ ਦਿਲ ਦੇ ਦੀਦਿਆਂ ਵਿਚ ਹਰਦਮ,
ਹੁੰਦਾ ਗੁਜ਼ਰਨਾ ਮੇਰੇ ਦਿਲਦਾਰ ਤੇਰਾ ।
ਕੋਈ ਸ਼ੈਅ ਨਾ ਅਸਰ ਤੋਂ ਹੋਏ ਖਾਲੀ,
ਹਰ ਘੜੀ ਤੇ ਹਰ ਪਲ ਦੀਦਾਰ ਤੇਰਾ ।
ਖ਼ਸਤਾ ਹਾਲ ਜੋ ਜਲਵਾ ਜਮਾਲ ਵੇਖੇ,
ਹੋ ਜਾਂਦਾ ਹੈ ਜਾਂ-ਨਿਸਾਰ ਤੇਰਾ ।
ਉਹਨੂੰ ਆਪਣੀ ਕੋਈ ਨਾ ਖ਼ਬਰ ਰਹਿੰਦੀ,
ਦਾਸ ਹੋਏ ਓਹ ਪਾਗਲਾਂ ਹਾਰ ਤੇਰਾ ।

੨੯੮

ਤੈਨੂੰ ਕੀ ਓਏ ਖ਼ਾਨਾ ਖ਼ਰਾਬ ਹੋਇਆ,
ਕਾਹਨੂੰ ਆਪਣਾ ਰੱਬ ਪਛਾਣਦਾ ਨਹੀਂ ।
ਓਏ ਨਜ਼ਰ ਦੇ ਧੋਖਿਆ ਹੱਦ ਹੋ ਗਈ,
ਤੂੰ ਵੀ ਅੱਲਾ ਦੀ ਜ਼ਾਤ ਸਿਆਣਦਾ ਨਹੀਂ ।
ਇਹ ਜ਼ਿੰਦਗੀ ਪਾਣੀ ਤੇ ਲੀਕ ਵਾਂਗੂੰ,
ਖ਼ਬਰ ਆਉਣ ਦੀ ਨਹੀਂ, ਪਤਾ ਜਾਣ ਦਾ ਨਹੀਂ ।
ਓਏ ਜੋਸ਼ ਦੇ ਭਰੇ ਹੋਏ ਬੁਲਬੁਲੇ ਤੂੰ,
ਵਾਂਗਰ ਹੋਰਨਾਂ ਰੱਬ ਨੂੰ ਜਾਣਦਾ ਨਹੀਂ ।

੨੯੯

ਮੈਂ ਪਾਪਾਂ ਅਪਰਾਧਾਂ ਦੇ ਨਾਲ ਭਰਿਆ,
ਫਿਰ ਵੀ ਮੇਰੇ ਤੇ ਫ਼ਜ਼ਲ ਇਹਸਾਨ ਤੇਰਾ ।
ਦਸਤਰਖ਼ਾਨ ਜੋ ਭਰਿਆ ਨਿਆਮਤਾਂ ਦਾ,
ਉਸ ਤੇ ਰਿਹਾ ਮੈਂ ਸਦਾ ਮਹਿਮਾਨ ਤੇਰਾ ।
ਭਾਵੇਂ ਮੇਰਿਆਂ ਪਾਪਾਂ ਦਾ ਅੰਤ ਕੋਈ ਨਾ,
ਉਸ ਤੋਂ ਵੱਧ ਪਰ ਫ਼ਜ਼ਲ ਮਹਾਨ ਤੇਰਾ ।
ਏਸ ਕਰਕੇ ਹੀ ਆਪਣੀਆਂ ਕਰਨੀਆਂ ਤੇ,
ਦਿਲ ਬਹੁਤ ਰਹਿੰਦਾ ਪਸ਼ੇਮਾਨ ਮੇਰਾ ।

੩੦੦
ਮੰਨ ਲਿਆ ਮੈਂ ਏਸ ਵਿੱਚ ਸ਼ੱਕ ਕੋਈ ਨਾ,
ਵਾਂਗ ਨਰਗਸ ਦੇ ਤੂੰ ਜ਼ਰਦਾਰ ਯਾਰਾ ।
ਜ਼ਰਾ ਹੋਸ਼ ਕਰ ਅੱਖੀਆਂ ਖੋਲ੍ਹਕੇ ਤੇ,
ਝਾਤੀ ਆਪਣੇ ਅੰਦਰੀਂ ਮਾਰ ਯਾਰਾ ।
ਮਾਲ, ਧਨ ਤੇ ਮਨਸਬ ਦੀ ਪਈ ਰਹਿੰਦੀ,
ਤੈਨੂੰ ਹੋਰ ਨਾ ਸੁਝਦੀ ਕਾਰ ਯਾਰਾ ।
ਰੱਖੀਂ ਯਾਦ ਕਿ ਪਤਝੜ ਜ਼ਰੂਰ ਆਉਣੀ,
ਸਦਾ ਰਹਿਣੀ ਨਾ ਏਥੇ ਬਹਾਰ ਯਾਰਾ ।

੩੦੧

ਗ਼ਾਫ਼ਿਲ ਇਨ੍ਹਾਂ ਤੋਂ ਕਦੇ ਨਾ ਹੋ ਬਹਿਣਾ,
ਬੜੇ ਭੈੜੇ ਇਹ ਲੋਕ ਸੰਸਾਰ ਦੇ ਈ ।
ਖ਼ੁਸ਼ ਹੋਈਂ ਨਾ ਬੈਠ ਇਸ ਜੁੰਡਲੀ ਵਿਚ,
ਇਹ ਲੋਕ ਵਿਸਾਹ ਕੇ ਮਾਰਦੇ ਈ ।
ਸੁਹਬਤ ਇਨ੍ਹਾਂ ਦੀ ਛੱਡ ਕੇ ਹੋ ਤਿੱਤਰ,
ਇਹ ਬਦੀਆਂ ਦਾ ਝੱਲ ਖਿਲਾਰਦੇ ਈ ।
ਵੇਖ ਲਈਂ ਫ਼ਰੇਬ ਦੇ ਪਿੰਜਰੇ ਵਿਚ,
ਤੈਨੂੰ ਕਿਵੇਂ ਸੱਯਾਦ ਲੰਗਾਰਦੇ ਈ ।

੩੦੨

ਬੁਢੀ ਉਮਰ ਨਤਾਣੀ ਵਿਚ ਸੋਭਦਾ ਨਹੀਂ,
ਵਿਚ ਗੁਲਸ਼ਨ ਦੇ ਮੌਜ ਬਹਾਰ ਕਰਨਾ ।
ਫੁੱਲ-ਅੱਥਰੂ ਕੇਰ ਕੇ ਅੱਖੀਆਂ 'ਚੋਂ,
ਦਾਮਨ ਚਾਹੀਦਾ ਨਾ ਦਾਗ਼ਦਾਰ ਕਰਨਾ ।
ਏਸ ਬਾਗ਼ ਅੰਦਰ ਫੁੱਲ ਡੋਡੀ ਦੇ ਵਾਂਗ,
ਤੈਨੂੰ ਪੈ ਰਿਹਾ ਇੰਤਜ਼ਾਰ ਕਰਨਾ ।
ਖਿੜਨਾ ਓਸੇ ਹੀ ਪਰੀ ਰੁਖ਼ਸਾਰ ਨੂੰ ਵੇਖ,
ਜੀਹਦੀ ਮਹਿਕ ਨੇ ਚਮਨ ਸਰਸ਼ਾਰ ਕਰਨਾ ।

੩੦੩

ਮਨਾ ਕਦੋਂ ਤਕ ਨੱਸਿਆ ਫਿਰੇਂਗਾ ਤੂੰ,
ਜੰਗਲ ਬੇਲਿਆਂ ਅਤੇ ਕੋਹਸਾਰ ਦੇ ਵਿਚ ।
ਸਿਰ ਤੇ ਹਿਰਸ ਹਵਾ ਦੀ ਪੰਡ ਚੁੱਕੀ,
ਕਦੋਂ ਤੱਕ ਤੂੰ ਰਹੇਂ ਆਜ਼ਾਰ ਦੇ ਵਿਚ ।
ਇਹ ਜ਼ਿੰਦਗੀ ਤੇਰੀਆਂ ਖ਼ਾਹਿਸ਼ਾਂ ਦੇ,
ਹੋਣੀ ਕਦੇ ਵੀ ਨਾ ਇਖ਼ਤਿਆਰ ਦੇ ਵਿਚ ।
ਅਜੇ ਵੇਲਾ ਈ ਸੰਭਲ ਜਾ ਸ਼ਰਮ ਕਰ ਲੈ,
ਤਾਂ ਜੋ ਸੁਰਖਰੂ ਹੋਵੇਂ ਦਰਬਾਰ ਦੇ ਵਿਚ ।

੩੦੪

ਮੈਨੂੰ ਮਿੱਤਰਾ ਬੜਾ ਅਫ਼ਸੋਸ ਇਸ ਤੇ,
ਤੂੰ ਆਪਣਾ ਹਾਲ ਵੀ ਜਾਣਦਾ ਨਹੀਂ ।
ਤੂੰ ਆਪਣਾ ਆਪ ਬਦਖਾਹ ਹੋਇਓਂ,
ਭਲਾ ਆਪਣਾ ਤੂੰ ਪਛਾਣਦਾ ਨਹੀਂ ।
ਹੁੰਦਾ ਬੁਰਾ ਖ਼ੁਮਾਰ ਵੀ ਗ਼ਾਫ਼ਿਲੀ ਦਾ,
ਹੋਇਆ ਕਦੇ ਵੀ ਹੋਸ਼ ਦੇ ਹਾਣਦਾ ਨਹੀਂ ।
ਤੜਕਸਾਰ ਜੋ ਨੂਰ ਦਾ ਜਾਮ ਮਿਲਦਾ,
ਤੂੰ ਤਾਂ ਉਹਦਾ ਸੁਆਦ ਵੀ ਮਾਣਦਾ ਨਹੀਂ ।

੩੦੫

ਮਾਲ ਦੌਲਤਾਂ ਦੀ ਖ਼ਾਹਿਸ਼ ਸ਼ੈਅ ਮਾੜੀ,
ਪੈਦਾ ਏਸ ਤੋਂ ਜ਼ਹਿਮਤਾਂ ਹੁੰਦੀਆਂ ਈ ।
ਦਾਮਨ ਯਾਰ ਦਾ ਘੁੱਟ ਕੇ ਪਕੜ ਲਈਏ,
ਬੜੀਆਂ ਓਹਦੀਆਂ ਰਹਿਮਤਾਂ ਹੁੰਦੀਆਂ ਈ ।
ਕਰਨੀ ਗ਼ਾਫ਼ਿਲੀ ਇੱਕ ਅਜ਼ਾਬ ਹੁੰਦਾ,
ਇਸ ਤੋਂ ਬਹੁਤ ਨਦਾਮਤਾਂ ਹੁੰਦੀਆਂ ਈ ।
ਇਹਨਾਂ ਰਮਜ਼ਾਂ ਦੀ ਸਮਝ ਜੇ ਆ ਜਾਏ,
ਬਹੁਤ ਬਹੁਤ ਫ਼ਰਾਗ਼ਤਾਂ ਹੁੰਦੀਆਂ ਈ ।

੩੦੬

ਬੜਾ ਹੋਇਆ ਲਾਚਾਰ ਮੈਂ ਯਾ ਰੱਬਾ !
ਆਉਂਦਾ ਕੋਈ ਵੀ ਕੰਮ ਨਾ ਕਾਰ ਮੇਨੂੰ ।
ਗ਼ਫ਼ਲਤ ਅਤੇ ਗੁਨਾਹਾਂ ਦੀ ਲਾਲਸਾ ਨੇ,
ਕਰ ਛੱਡਿਆ ਸਾਈਆਂ ਬਦਕਾਰ ਮੈਨੂੰ ।
ਜਦੋਂ ਕੰਮ ਦੇ ਲਈ ਨਖਿੱਧ ਹੋਇਆ,
ਫੇਰ ਕੰਮ ਦੀ ਪਈ ਸੀ ਸਾਰ ਮੈਨੂੰ ।
ਕਿਸੇ ਕੰਮ ਜੋ ਕਿਸੇ ਦੇ ਆ ਸਕਦੀ,
ਸੁੱਝੀ ਓਹ ਨਾ ਕੋਈ ਵੀ ਕਾਰ ਮੈਨੂੰ ।

੩੦੭

ਸ਼ਹਿਰਾਂ ਨਗਰਾਂ ਗਰਾਵਾਂ ਵਿਚ ਘੁੰਮਿਆਂ ਤੂੰ,
ਤੇਰੀ ਦੋਸਤੀ ਰਹੀ ਸਹਿਰਾ ਦੇ ਨਾਲ ।
ਪਲੇ ਬੰਨ੍ਹ ਕੇ ਸੱਧਰਾਂ ਖ਼ਾਹਿਸ਼ਾਂ ਨੂੰ,
ਹਰ ਥਾਂ ਗਾਹਿਆ ਤੂੰ ਹਿਰਸ ਹਵਾ ਦੇ ਨਾਲ ।
ਤੁਰਿਆ ਉਮਰ ਦਾ ਕਾਫ਼ਿਲਾ ਪਹੁੰਚ ਗਿਆ,
ਨੇੜੇ ਮੰਜ਼ਲ ਦੇ ਵਕਤ ਢੁਕਾ ਦੇ ਨਾਲ ।
ਸਫ਼ਰ ਮੁੱਕਿਆ ਈ ਹੁਣ ਤੂੰ ਸੋਚ ਬਹਿਕੇ,
ਕਿਥੇ ਘੁੰਮਿਓਂ ਕਿਹੜੀ ਹਵਾ ਦੇ ਨਾਲ ।

੩੦੮

ਦਿਲਾ ਮੇਰਿਆ ਅਗਲੇ ਜਹਾਨ ਕੋਲੋਂ,
ਕਿਉਂ ਐਵੇਂ ਫ਼ਜ਼ੂਲ ਹੀ ਡਰੀ ਜਾਏਂ ?
ਇੱਕ ਘੜੀ ਲਈ ਜ਼ਰਾ ਤੂੰ ਸੋਚ ਤਾਂ ਸਹੀ,
ਕਿਹੜੀ ਸ਼ੈਅ ਨੂੰ ਵੇਖ ਕੇ ਮਰੀ ਜਾਏਂ ?
ਰਾਹੇ ਮੌਤ ਦੇ ਬੜਾ ਆਰਾਮ ਮਿਲਦਾ,
ਹਾਏ ਹਾਏ ਕਿਉਂ ਸ਼ੋਹਦਿਆ ਕਰੀ ਜਾਏਂ ?
ਘਰ ਮੌਤ ਦਾ ਇਸੇ ਜਹਾਨ ਅੰਦਰ,
ਓਹਨੂੰ ਓਪਰੀ ਸਮਝ ਕਿਉਂ ਡਰੀ ਜਾਏਂ ?

੩੦੯

ਲੋਕ ਏਸ ਜਹਾਨ ਦੇ ਬਹੁਤ ਮਾੜੇ,
ਚੰਗੀ ਗੱਲ ਹੈ ਇਨ੍ਹਾਂ ਤੋਂ ਡਰ ਯਾਰਾ ।
ਇਹਨੀਂ ਜੰਗਲੀਂ ਚਿਤਰੇ ਘੁੰਮਦੇ ਨੇ,
ਬੇਲੇ ਇਹ ਬਘਿਆੜਾਂ ਦੇ ਘਰ ਯਾਰਾ ।
ਸ਼ੀਸ਼ਾ ਦਿਲ ਤੇਰਾ ਪੱਥਰ ਦਿਲ ਲੋਕੀਂ,
ਚੂਰ ਓਸ ਨੂੰ ਦੇਣ ਨਾ ਕਰ ਯਾਰਾ ।
ਰੱਖੀਂ ਰੱਖ ਸੰਭਾਲ ਕੇ ਇਹ ਸ਼ੀਸ਼ਾ,
ਕਿਧਰੇ ਇਹਨੂੰ ਨਵੇਕਲਾ ਧਰ ਯਾਰਾ ।

੩੧੦

ਨਹੀਂ ਕੀਤੇ ਗੁਨਾਹਾਂ ਦਾ ਡਰ ਤੈਨੂੰ,
ਰੁਖ਼ ਜਾਪਦਾ ਬੜਾ ਬੇਬਾਕ ਤੇਰਾ ।
ਵਿਚ ਹਿਰਸ ਹਵਾ ਦੇ ਰੱਕੜਾਂ ਦੇ,
ਨਾਲ ਖੀਸੇ ਦੇ ਗਲਮਾ ਵੀ ਚਾਕ ਤੇਰਾ ।
ਚੌਂਹ ਸਾਹਾਂ ਦੀ ਤੈਂਡੜੀ ਜ਼ਿੰਦਗਾਨੀ,
ਹਸ਼ਰ ਹੋਵਣਾ ਏਂ ਇਬਰਤਨਾਕ ਤੇਰਾ ।
ਚੇਤੇ ਰੱਖ ਕਿ ਖ਼ਾਕ ਤੋਂ ਉਪਜਿਆ ਏਂ,
ਜਿਸਮ ਹੋਵੇਗਾ ਅੰਤ ਨੂੰ ਖ਼ਾਕ ਤੇਰਾ ।

੩੧੧

ਜੇ ਦਿਲ ਹੈ ਇੱਕ ਦਰਿਆ ਤੇਰਾ,
ਉਹਦੇ ਵਿਚ ਤੂੰ ਤਾਰੀਆਂ ਲਾਉਣੀਆਂ ਈਂ ।
ਡੂੰਘੇ ਦੁਨੀਆਂ ਦੇ ਸੱਤ ਸਮੁੰਦਰਾਂ ਵਿਚ,
ਵਾਂਗਰ ਟੋਭਿਆਂ ਬਾਘੀਆਂ ਪਾਉਣੀਆਂ ਈਂ ।
ਕਿਹੜੀ ਚੀਜ਼ ਨਾ ਹਸਤੀ ਦੇ ਸਾਗਰਾਂ ਵਿਚ,
ਤੇਰੇ ਹੱਥ ਉਹ ਸਾਰੀਆਂ ਆਉਣੀਆਂ ਈਂ ।
ਲੰਗਰ ਹੋ, ਜਾਂ ਰੂਪ ਤੂਫ਼ਾਨ ਦਾ ਧਾਰ,
ਜੋ ਕੁਛ ਵੀ ਤੇਰੀਆਂ ਭਾਉਣੀਆਂ ਈਂ ।

੩੧੨

ਦਿਲਾ ਮੇਰਿਆ, ਰੱਬ ਦੀ ਸਹੁੰ ਤੈਨੂੰ,
ਤੂੰ ਰੱਬ ਨੂੰ ਮਨੋਂ ਵਿਸਾਰਿਆ ਏ ।
ਸੁਬ੍ਹਾ ਸ਼ਾਮ ਤੂੰ ਸੋਨੇ ਦੀ ਭਾਲ ਕਰਦੈਂ,
ਨਿਹਫਲ ਕੀਮਤੀ ਵਕਤ ਗੁਜ਼ਾਰਿਆ ਏ ।
ਮ੍ਰਿਗ-ਤ੍ਰਿਸ਼ਨਾ ਤੇ ਬੁਲਬੁਲੇ ਵਾਂਗ ਹੋ ਕੇ,
ਦਿਲ ਫੇਰ ਵੀ ਮੇਰਾ ਹੰਕਾਰਿਆ ਏ ।
ਗੁਜ਼ਰ ਜਾਏ ਹਵਾ ਦਾ ਜਿਵੇਂ ਝੌਂਕਾ,
ਫੋਕਾ ਇਹਨੇ ਪਸਾਰ ਪਸਾਰਿਆ ਏ ।

੩੧੩

ਪੀਵੇਂ ਸ਼ਾਮੀਂ ਸ਼ਰਾਬ ਤੂੰ ਗ਼ਾਫ਼ਿਲੀ ਦੀ,
ਤੈਨੂੰ ਓਹਦੀਆਂ ਚੜ੍ਹਦੀਆਂ ਮਸਤੀਆਂ ਨੇ ।
ਤੇਰੀ ਅਕਲ ਨੂੰ ਜੰਦਰੇ ਵੱਜ ਜਾਂਦੇ,
ਹਰ ਪਹਿਲੂ ਤੋਂ ਆਉਂਦੀਆਂ ਪਸਤੀਆਂ ਨੇ ।
ਪਿਆਲਾ ਅਰਸ਼ ਦਾ ਈਰਖਾ ਨਾਲ ਭਰਿਆ,
ਪਾਈਆਂ ਹੋਰ ਵੀ ਵਿੱਚ ਖਰਮਸਤੀਆਂ ਨੇ ।
ਵੇਖ, ਸਮਝ ਲੈ ਓਹਦੀ ਤਾਸੀਰ ਮਾੜੀ,
ਗਰਕ ਹੁੰਦੀਆਂ ਪੀਤਿਆਂ ਹਸਤੀਆਂ ਨੇ ।

੩੧੪

ਚਾਹੇਂ ਤਲਖ਼ੀਆਂ ਪੇਸ਼ ਨਾ ਆਉਣ ਤੈਨੂੰ,
ਸਰਲ ਤੇਰਾ ਹਰ ਕੰਮ ਤੇ ਕਾਰ ਹੋਵੇ ।
ਹਰ ਪੱਖ ਤੋਂ ਜ਼ਿੰਦਗੀ ਸੁਖੀ ਹੋਵੇ,
ਦਿਲ ਤੇ ਨਾ ਨਮੋਸ਼ੀ ਦਾ ਭਾਰ ਹੋਵੇ ।
ਜੀਣਾ ਸਿੱਖ ਸੰਤੋਖ ਦੇ ਨਾਲ ਮਿੱਤਰਾ,
ਤੇਰਾ ਆਸਰਾ ਸਬਰ ਕਰਾਰ ਹੋਵੇ ।
ਬੱਝਾ ਆਦਮੀ ਹਿਰਸ ਦੇ ਨਾਲ ਜਿਹੜਾ,
ਨਿੱਤ ਨਿੱਤ ਉਹ ਖੱਜਲ ਖਵਾਰ ਹੋਵੇ ।

੩੧੫

ਲੱਖ ਮੂੰਹ ਛੁਪਾ ਕੇ ਰਹੁ ਬੈਠਾ,
ਨਜ਼ਰਾਂ ਵਾਲਿਆਂ ਨੂੰ ਨਜ਼ਰੀਂ ਆਉਨਾ ਏਂ ।
ਗੁੱਝਾ ਭੇਦ ਵੀ ਤੈਥੋਂ ਇਹ ਨਹੀਂ ਗੁੱਝਾ,
ਏਸ ਗੱਲ ਨੂੰ ਕਿਉਂ ਛੁਪਾਉਨਾ ਏਂ ।
ਜਿਵੇਂ ਸ਼ਮ੍ਹਾਂ, ਫ਼ਾਨੂਸ ਵਿਚ ਹੋਏ ਜਗਦੀ,
ਬੈਠਾ ਅੰਦਰੋਂ ਝਾਤੀਆਂ ਪਾਉਨਾ ਏਂ ।
ਸਾਈਆਂ ! ਸੈਆਂ ਲਿਬਾਸਾਂ ਦੇ ਪਰਦਿਆਂ 'ਚੋਂ,
ਨੰਗਾ ਆਪਣਾ ਆਪ ਵਿਖਾਉਨਾ ਏਂ ।

੩੧੬

ਗ਼ਮਾਂ ਕੁੱਠੜੇ ਮੇਰੇ ਜਹਾਨ ਅੰਦਰ,
ਤੇਰੇ ਬਾਝੋਂ ਨਾ ਸਾਈਆਂ ਗ਼ਮਖ਼ਾਰ ਮੇਰਾ ।
ਜਿਹੜਾ ਮੈਂਡੜੇ ਹਾਲ ਦਾ ਹੈ ਮਹਿਰਮ,
ਇੱਕ ਤੂੰ ਹੀ ਇਕੱਲੜਾ ਯਾਰ ਮੇਰਾ ।
ਮੈਂ ਦੇਖਿਆ ਪਰਖਿਆ ਸਾਰਿਆਂ ਨੂੰ,
ਮਿਲਿਆ ਕੋਈ ਨਾ ਗ਼ਮਗੁਸਾਰ ਮੇਰਾ ।
ਤੂੰ ਹੀ ਓਟ ਹੈਂ ਇੱਕ ਨਿਓਟਿਆਂ ਦੀ,
ਯਾਰ ਇੱਕ ਤੂੰਹੀਓਂ ਵਫ਼ਾਦਾਰ ਮੇਰਾ ।

੩੧੭

ਸੋਨੇ ਚਾਂਦੀ ਦੀ ਭਾਲ ਵਿਚ ਦਿਨੇ ਰਾਤੀਂ,
ਫਿਰਦਾ ਕਿਉਂ ਤੂੰ ਟੱਕਰਾਂ ਮਾਰਦਾ ਏਂ ।
ਇਸ ਤੋਂ ਬਿਨਾ ਨਮੋਸ਼ੀ ਦੇ ਕੀ ਹਾਸਲ,
ਕਾਹਨੂੰ ਗ਼ਾਫ਼ਿਲਾ ਪੈਰ ਪਸਾਰਦਾ ਏਂ ।
ਚਾਰ ਸਾਹਾਂ ਦੀ ਤੈਂਡੜੀ ਜ਼ਿੰਦਗਾਨੀ,
ਤੂੰ ਤਾਂ ਏਥੇ ਮਹਿਮਾਨ ਦਿਨ ਚਾਰ ਦਾ ਏਂ ।
ਵਾਂਗ ਬੁਲਬੁਲੇ ਤੂੰ ਫ਼ਨਾਹ ਹੋਣਾ,
ਫੇਰ ਸ਼ੇਖੀਆਂ ਕੀ ਬਘਾਰਦਾ ਏਂ ।

੩੧੮

ਤੂੰ ਹਸਤੀ ਦੇ ਲਹਿਰਦੇ ਸਾਗਰਾਂ ਵਿੱਚ,
ਕੱਖ ਕਾਨ ਤੇ ਖ਼ਾਰ ਤੋਂ ਵੱਧ ਕੁਛ ਨਾ ।
ਤਰਦੇ ਬੁਲਬੁਲੇ ਵਾਂਗਰਾਂ ਫੁੱਟ ਜਾਏ,
ਸਾਹ ਚਾਰ ਲਾਚਾਰ ਤੋਂ ਵੱਧ ਕੁਛ ਨਾ ।
ਜਾਲ ਗ਼ਾਫ਼ਿਲੀ ਦਾ ਤਾਰ ਤਾਰ ਕਰ ਦੇ,
ਇਹ ਇਕ ਔਜ਼ਾਰ ਤੋਂ ਵੱਧ ਕੁਛ ਨਾ ।
ਹੋਇਆ ਹਿਰਸ ਹਵਾ ਵਿਚ ਕਿਓਂ ਫਸਿਆ,
ਇਹ ਝੂਠੇ ਪਿਆਰ ਤੋਂ ਵੱਧ ਕੁਛ ਨਾ ।

੩੧੯

ਚਾਰ ਦਿਨਾਂ ਦੀ ਤੇਰੀ ਹੈ ਜ਼ਿੰਦਗਾਨੀ,
ਦੁੱਖ ਦੁਨੀਆਂ ਦੇ ਕਾਸ ਨੂੰ ਪਾਉਂਦਾ ਏਂ ।
ਬਿਨਾਂ ਲੋੜ ਤੇ ਸੋਚਿਆਂ ਸਮਝਿਆਂ ਹੀ,
ਭਾਰੀ ਬੋਝ ਇਹ ਕਿਉਂ ਉਠਾਉਂਦਾ ਏਂ ।
ਅੱਜ ਹਿਰਸ ਨੂੰ ਛੱਡ ਕੇ ਜੇ ਵੇਖੇਂ,
ਬੱਧਾ ਜਿਸ ਵਿਚ ਜਾਨ ਖਪਾਉਂਦਾ ਏਂ ।
ਤੇਰੇ ਚਿੱਤ ਨੂੰ ਕਰੇ ਨਾ ਤੰਗ ਚਿੰਤਾ,
ਜੀਹਦੇ ਡਰ ਤੋਂ ਜੀਅ ਕਲਪਾਉਂਦਾ ਏਂ ।

੩੨੦

ਜ਼ਰਾ ਦੱਸ ਤਾਂ ਸਹੀ ਓ, ਬੇ-ਅਕਲਾ,
ਮੁੱਖ ਰੱਬ ਤੋਂ ਹੋਇਆ ਕਿਓਂ ਮੋੜਿਆ ਈ ।
ਸੋਨੇ, ਚਾਂਦੀ ਅਤੇ ਮਾਲ ਦੌਲਤਾਂ ਨਾਲ,
ਰਿਸ਼ਤਾ ਪਾਗ਼ਲਾਂ ਵਾਂਗਰਾਂ ਜੋੜਿਆ ਈ ।
ਘਾਟਾ ਵਾਧਾ ਖ਼ੁਦਾ ਦੇ ਹੱਥ ਹੁੰਦਾ,
ਕਦੇ ਇਹ ਵੀ ਸਮਝਣਾ ਲੋੜਿਆ ਈ ।
ਬਖ਼ਸ਼ਿਸ਼ ਓਸਦੀ ਵੇਖ ਕੇ ਹੋਰਨਾਂ ਤੇ,
ਸਾੜੇ ਵਿਚ ਕਿਉਂ ਦਿਲ ਨੂੰ ਬੋੜਿਆ ਈ ।

੩੨੧

ਪਿਆਰੇ ਮਿੱਤਰਾ, ਰੱਬ ਦੀ ਸੌਂਹ ਮੈਨੂੰ,
ਇਕ ਬਹੁਤ ਹੀ ਵੱਡਾ ਨਾਦਾਨ ਹੈਂ ਤੂੰ ।
ਚਾਰ ਸਾਹਾਂ ਦਾ ਰੇੜਕਾ ਜ਼ਿੰਦਗਾਨੀ,
ਦੋਂਹ ਦਿਨਾਂ ਦਾ ਏਥੇ ਮਹਿਮਾਨ ਹੈਂ ਤੂੰ ।
ਜਾਏਂ ਪੁੱਜ ਵੀ ਕਿਧਰੇ ਬੁਲੰਦੀਆਂ ਤੇ,
ਸੂਰਜ ਚਮਕਦਾ ਵਿਚ ਅਸਮਾਨ ਹੈਂ ਤੂੰ ।
ਫਿਰ ਵੀ, ਵਿਚ ਸ਼ੁਮਾਰ ਜੋ ਨਹੀਂ ਆਉਂਦਾ,
ਕਿਣਕਾ ਖ਼ਾਕ ਦਾ ਇਕ ਬੇਜਾਨ ਹੈਂ ਤੂੰ ।

੩੨੨

ਚਿੱਤ ਚਾਹੁੰਦਾ ਤੇਰਾ ਜੇ ਬਾਦਸ਼ਾਹੀ,
ਕਰਨੀ ਪਏ ਨਾ ਤੈਨੂੰ ਗਦਾਈ ਕਿਧਰੇ ।
ਤੈਨੂੰ ਚਾਹੀਦਾ ਹੈ ਕਿਤੇ ਭੁੱਲ ਕੇ ਵੀ,
ਕਰ ਬੈਠਣਾ ਨਾ ਪਾਰਸਾਈ ਕਿਧਰੇ ।
ਜਾਮ ਆਖ਼ਰੀ ਤਿਪ ਤਕ ਪੀ ਕੇ ਵੇਖ,
ਹੋਵੇ ਦਿਲ ਦੀ ਜੇ ਸਫ਼ਾਈ ਕਿਧਰੇ ।
ਮੈਖ਼ਾਨਿਉਂ ਤੂੰ ਯਾਰਾ ਯਾਦ ਰੱਖੀਂ,
ਇੱਕ ਪਲ ਨਾ ਲਈਂ ਜੁਦਾਈ ਕਿਧਰੇ ।

੩੨੩

ਮੈਨੂੰ ਬੜਾ ਅਫ਼ਸੋਸ ਹੈ ਗ਼ਾਫ਼ਿਲੀ ਵਿਚ,
ਤੂੰ ਭੁਲਿਆ ਏਂ ਤੇਰੀ ਕੀ ਹਸਤੀ ।
ਝੂਠੇ ਫੋਕੇ ਹੰਕਾਰ ਦੀ ਪੀ ਮਦਰਾ,
ਚੜ੍ਹੀ ਰਹਿੰਦੀ ਹੈ ਤੈਨੂੰ ਸਦਾ ਮਸਤੀ ।
ਭਾਵੇਂ ਭਾਂਬੜਾਂ ਵਾਂਗ ਤੂੰ ਮੱਚ ਉੱਚਾ,
ਤੇਰੀ ਫੇਰ ਵੀ ਕੱਖ ਨਾ ਸਮਝ ਹਸਤੀ ।
ਇਹ ਸਰਕਸ਼ੀ ਕਦੇ ਨਾ ਰਾਸ ਆਏ,
ਹੁੰਦਾ ਓੜਕ ਨੂੰ ਇਹਦਾ ਅੰਜਾਮ ਪਸਤੀ ।

੩੨੪

ਕਿਧਰੇ ਸਰੂ, ਚੰਬੇਲੀ ਦਾ ਫੁੱਲ ਕਿਧਰੇ,
ਕਿਧਰੇ ਖਿੜਿਆ ਤੂੰ ਫੁੱਲ ਗੁਲਾਬ ਦਾ ਏਂ ।
ਭੌਂਦਾ ਫਿਰੇਂ ਪਹਾੜਾਂ ਉਜਾੜਾਂ ਦੇ ਵਿੱਚ,
ਸਾਥੀ ਚਮਨ ਵਿੱਚ ਕਦੇ ਸੁਰਖ਼ਾਬ ਦਾ ਏਂ ।
ਕਿਧਰੇ ਦੀਵੇ ਦਾ ਲਿਸ਼ਕਦਾ ਨੂਰ ਹੈਂ ਤੂੰ,
ਕਿਸੇ ਪਾਸੇ ਤੂੰ ਇਤਰ ਸ਼ਬਾਬ ਦਾ ਏਂ ।
ਕਿਧਰੇ ਚਮਨ ਅੰਦਰ ਕਿਧਰੇ ਮਹਿਫਲਾਂ ਵਿੱਚ,
ਫਿਰਦਾ ਛਲਕਦਾ ਜਾਮ ਸ਼ਰਾਬ ਦਾ ਏਂ ।

੩੨੫

ਇਹ ਠੀਕ ਹੈ ਕਦੇ ਤੂੰ ਮੁੱਖ ਮੋੜੇਂ,
ਕਦੇ ਹੁੰਦਾ ਏਂ ਦਿਲ ਆਜ਼ਾਰ ਤੂੰਹੀਓਂ ।
ਫਿਰ ਵੀ ਤੂੰਹੀਓਂ ਹੀ ਇੱਕ ਗ਼ਮਖਾਰ ਮੇਰਾ,
ਇੱਕ ਯਾਰ ਮੇਰਾ ਵਫ਼ਾਦਾਰ ਤੂੰਹੀਓਂ ।
ਘੁੰਮ, ਫਿਰ ਅਜਮਾ ਕੇ ਵੇਖਿਆ ਮੈਂ,
ਰੱਬਾ ਪਾਪੀਆਂ ਦਾ ਬਖ਼ਸ਼ਣਹਾਰ ਤੂੰਹੀਓਂ ।
ਜਿੱਥੇ ਤੱਕਿਆ ਕੋਈ ਲਾਚਾਰ ਬੰਦਾ,
ਬਣ ਕੇ ਬਹੁੜਿਆ ਏਂ ਮਦਦਗਾਰ ਤੂੰਹੀਓਂ ।

੩੨੬

ਦੀਨ ਛੱਡਿਆ 'ਸਰਮਦਾ' ਹੱਦ ਹੋ ਗਈ,
ਕਿਵੇਂ ਆਪਣਾ ਆਪ ਰੁਸਵਾ ਕੀਤਾ ।
ਕਿੱਥੇ ਰੀਝਿਓਂ ਕਾਲੀਆਂ ਅੱਖੀਆਂ ਤੇ,
ਕਾਫ਼ਿਰ ਉੱਤੇ ਈਮਾਨ ਫ਼ਿਦਾ ਕੀਤਾ ।
ਨਾਲ ਆਜਿਜ਼ੀ ਅਤੇ ਅਧੀਨਗੀ ਦੇ,
ਭੇਂਟ ਸਾਰਾ ਹੀ ਮਾਲ ਮਤਾਅ ਕੀਤਾ ।
ਓਸ, ਬੁੱਤ-ਪ੍ਰਸਤ ਨੂੰ ਟੇਕ ਮੱਥੇ,
ਤੂੰ ਤਾਂ ਕਾਫ਼ਿਰ ਨੂੰ ਚੁੱਕ ਖ਼ੁਦਾ ਕੀਤਾ ।

੩੨੭

ਸਿਰ ਤੋਂ ਪੈਰਾਂ ਤੀਕਰ ਹਿਰਸ ਚੰਬੜੀ ਏ,
ਤੈਨੂੰ ਬੜਾ ਅਫ਼ਸੋਸ ਹੈ, ਕੀ ਹੋਇਆ ?
ਝਾਤੀ ਮਾਰ ਕੇ ਮਿੱਤਰਾ ਵੇਖ ਤਾਂ ਸਹੀ,
ਤੂੰ ਕੀ ਤੋਂ ਆਣ ਕੇ ਕੀ ਹੋਇਆ ?
ਫੰਦਾ ਗ਼ਾਫ਼ਿਲੀ ਦਾ ਤਾਰ ਤਾਰ ਕਰ ਦੇ,
ਕਿਧਰੇ ਫਸ ਵੀ ਗਿਉਂ ਤਾਂ ਕੀ ਹੋਇਆ ।
ਕੀਤਾ ਹੋਇਆ ਹੈ ਹਿਰਸ ਨੇ ਕੈਦ ਤੈਨੂੰ,
ਤੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ?

੩੨੮

ਦਿਲਾ ਮੇਰਿਆ ਹਿਰਸ ਹਵਾ ਦੇ ਨਾਲ,
ਫਿਰਦਾ ਬਹੁਤ ਹੈਂ ਤੂੰ ਗ਼ਮਗ਼ੀਨ ਹੋਇਆ ।
ਕਿਉਂ ਨਾ ਸਬਰ ਸਬੂਰੀ ਦਾ ਪਕੜ ਦਾਮਨ,
ਫਿਕਰ ਮੇਟ ਕੇ ਪੁਰ ਤਸਕੀਨ ਹੋਇਆ ।
ਹੋ ਕੇ ਨੰਗ ਜਹਾਨ ਦਾ ਫਿਰੇਂ ਭੌਂਦਾ,
ਸ਼ਰਮ ਨਾਲ ਤੂੰ ਜ਼ੇਰਿ-ਜ਼ਮੀਨ ਹੋਇਆ ।
ਧੱਬਾ ਦਾਮਨ ਤੇ ਜੋ ਬਦਨਾਮੀਆਂ ਦਾ,
ਤੇਰੇ ਲਈ ਇਹ ਬੋਝ ਸੰਗੀਨ ਹੋਇਆ ।

੩੨੯

ਮੇਰੇ ਦਿਲਾ ਤੂੰ ਏਸ ਜਹਾਨ ਅੰਦਰ,
ਫਿਰੀ ਜਾਂਦਾ ਏਂ ਜਿਵੇਂ ਗੁਮਰਾਹ ਹੋਇਆ ।
ਇਓਂ ਜਾਪਦਾ ਹਿਰਸ ਹਵਾ ਦੇ ਨਾਲ,
ਤੇਰਾ ਚਿਰਾਂ ਦਾ ਕਿਧਰੇ ਵਿਆਹ ਹੋਇਆ ।
ਚਾਹੁੰਦਾ ਵੇਖਣਾ ਹਾਂ ਇਹਨਾਂ ਫਾਹੀਆਂ 'ਚੋਂ,
ਤੈਨੂੰ ਛੇਤੀ ਤੋਂ ਛੇਤੀ ਰਿਹਾ ਹੋਇਆ ।
ਇਸ ਵੇਲੇ ਤੂੰ ਗ਼ਮ ਦੀ ਮੂਰਤੀ ਏਂ,
ਪੀੜਾਂ ਨਾਲ ਪਰੋਤਾ ਹਰ ਸਾਹ ਹੋਇਆ ।

੩੩੦

ਇਕ ਨਿਮਖ ਵੀ ਨਾ ਖਹਿੜਾ ਛੱਡਿਆ ਏ,
ਲੋਭ, ਲਾਲਸਾ, ਹਿਰਸ ਹਵਾ ਤੇਰਾ ।
ਕੀਤੇ ਐਬਾਂ ਦੇ ਫ਼ਿਕਰ ਹੰਦੇਸੜੇ ਨੇ,
ਸੌਖਾ ਹੋਣ ਨਾ ਦਿੱਤਾ ਹੈ ਸਾਹ ਤੇਰਾ ।
ਸਿਰਫ਼ ਆਪਣੀ ਮੂਰਖ ਸੰਭਾਲ ਕਰਦਾ,
ਓਸੇ ਤਰ੍ਹਾਂ ਹੈ ਹਾਲ ਤਬਾਹ ਤੇਰਾ ।
ਬਣਨਾ ਆਦਮੀ ਸੀ ਕੁੱਤਾ ਬਣ ਗਿਉਂ ਤੂੰ,
ਕਿਹੜਾ ਭਲਾ ਹੁਣ ਕਰੇ ਵਿਸਾਹ ਤੇਰਾ ।

੩੩੧

ਸੁੱਤਾ ਗ਼ਾਫ਼ਿਲੀ ਵਿੱਚ ਤੂੰ ਘੂਕ ਹੋਇਆ,
ਲਈ ਆਪਣੇ ਆਪ ਦੀ ਖ਼ਬਰ ਨਹੀਓਂ ।
ਯਾਦ ਰੱਖ ਕਿ ਬਿਨਾ ਨਮੋਸ਼ੀਆਂ ਦੇ,
ਦੇਵੇ ਗ਼ਾਫ਼ਿਲੀ ਕੋਈ ਵੀ ਸਮਰ ਨਹੀਓਂ ।
ਯਾਰ ਪੁੱਜ ਗਏ ਹੋਰ ਤਾਂ ਮੰਜ਼ਲਾਂ ਤੇ,
ਤੂੰ ਅਜੇ ਆਰੰਭਿਆ ਸਫ਼ਰ ਨਹੀਓਂ ।
ਤੇਰੀ ਜ਼ਿੰਦਗੀ ਪਾਣੀ ਤੇ ਲੀਕ ਵਰਗੀ,
ਤੇਰੀ ਪਈ ਪਰ ਏਸ ਤੇ ਨਜ਼ਰ ਨਹੀਓਂ ।

੩੩੨

ਪਿਆ ਹਿਰਸ ਦਾ ਇੱਕ ਦਰਿਆ ਵਗਦਾ,
ਫਸਿਆ ਤੂੰ ਓਹਦੇ ਘੁੰਮਣਘੇਰ ਦੇ ਵਿੱਚ ।
ਰਾਤ ਗ਼ਾਫ਼ਿਲੀ ਦੀ ਤੂੰ ਹੈਂ ਘੂਕ ਸੁੱਤਾ,
ਬੜੀ ਦੇਰ ਹੈ ਅਜੇ ਸਵੇਰ ਦੇ ਵਿੱਚ ।
ਗੁਜ਼ਰ ਗਈ ਜਵਾਨੀ ਹੈ ਗ਼ਾਫ਼ਿਲੀ ਵਿੱਚ,
ਫਸਿਆ ਹੁਣ ਬੁੜ੍ਹਾਪੇ ਦੇ ਫੇਰ ਦੇ ਵਿੱਚ ।
ਅਜੇ ਵਕਤ ਹੈ, ਰੱਬ ਤੋਂ ਮਿਹਰ ਮੰਗੇਂ,
ਪੈਣਾ ਚਾਹੀਦਾ ਨਹੀਂ ਮੇਰ ਤੇਰ ਦੇ ਵਿੱਚ ।

੩੩੩

ਵਾਏ ਵਗਦੀਏ ਸੁਬ੍ਹਾ ਸਵੇਰ ਵੇਲੇ,
"ਮਿਰਜ਼ਾ ਬਖ਼ਸ਼ੀ" ਨੂੰ ਦਈਂ ਪੈਗ਼ਾਮ ਮੇਰਾ ।
ਆਖੀਂ "ਅਰਸ਼ਾਂ ਤੇ ਝੂਲਦਾ ਚੱਲਦਾ ਰਹੇ,
ਝੰਡਾ, ਸਿੱਕਾ ਤੇ ਦਬਦਬਾ, ਨਾਮ ਤੇਰਾ ।
ਨਾਲ ਤਾਰਿਆਂ ਝੋਲੀਆਂ ਭਰ ਸਕਦਾ,
ਦਿਰਮ ਮੰਗੇ ਫਿਰ ਕਿਓਂ ਗ਼ੁਲਾਮ ਤੇਰਾ ।
ਸਾਈਆਂ ਬਖ਼ਸ਼ ਮੈਨੂੰ ਮੇਰਾ ਤੂੰ "ਸੂਰਜ",
ਦੱਮਾਂ ਬਾਝ ਹਾਂ ਮੈਂ ਖ਼ੁੱਦਾਮ ਤੇਰਾ ।"

੩੩੪

"ਸਰਮਦ" ਵਿੱਚ ਜਹਾਨ ਦੇ ਹੋਇਆ ਰੋਸ਼ਨ,
ਹਰ ਸੂ ਗੰਜਿਆ ਏ ਨੇਕ ਨਾਮ ਤੇਰਾ ।
ਮੁੱਖ ਮੋੜਕੇ ਕੁਫ਼ਰ ਦੇ ਮਜ਼੍ਹਬ ਵੱਲੋਂ,
ਝੁਕਿਆ ਦਿਲ ਹੈ ਵੱਲ ਇਸਲਾਮ ਤੇਰਾ ।
ਕਿਹੜੀ ਵੇਖੀ ਰਸੂਲ ਵਿੱਚ ਊਣਤਾਈ ?
ਹੋਇਆ ਕਿਓਂ ਈਮਾਨ ਬਦਨਾਮ ਤੇਰਾ ?
ਕਰਨ ਲੱਗ ਪਿਓਂ ਲਛਮਣ ਦੀ ਕਿਵੇਂ ਪੂਜਾ,
ਮੁਰਸ਼ਦ ਹੋ ਗਿਆ ਕਿਸ ਤਰ੍ਹਾਂ ਰਾਮ ਤੇਰਾ ।