Sayyed Mir Hussain ਸੱਯਦ ਮੀਰ ਹੁਸੈਨ

ਫ਼ਕੀਰ ਸੱਯਦ ਮੀਰ ਹੁਸੈਨ ਪਿੰਡ ਦਿੰਜਵਾਂ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਦੇ ਵਸਨੀਕ ਸਨ ।ਉਨ੍ਹਾਂ ਨੇ ੧੩੩੦ ਹਿਜਰੀ ਮੁਤਾਬਕ ੧੯੧੧ ਈ, ਵਿਚ 'ਬਾਗ਼ੇ ਮੁਹੱਬਤ' ਦੇ ਸਿਰਨਾਵੇਂ ਹੇਠ ਸੱਸੀ ਪੁੰਨੂੰ ਦਾ ਕਿੱਸਾ ਪ੍ਰਕਾਸ਼ਤ ਕੀਤਾ ਉਨ੍ਹਾਂ ਨੇ ਇਸ ਪ੍ਰੀਤ-ਕਹਾਣੀ ਨੂੰ ਨਿਰੋਲ ਅਧਿਆਤਮਕ ਰੰਗ ਵਿਚ ਪੇਸ਼ ਕੀਤਾ। ਉਹ ਕਹਿੰਦੇ ਹਨ ਕਿ ਇਹ ਨਿਰੀ ਪੁਰੀ ਇਕ ਕਹਾਣੀ ਹੀ ਨਹੀਂ-
ਮੁਹਮਲ ਤੇ ਬੇਕਾਰ ਨਾ ਜਾਣੋ, ਹਰਗਿਜ਼ ਇਹ ਕਹਾਣੀ;
ਕਾਮਲ ਸ਼ੇਅਰ ਇਹ ਪੁਰਮਤਲਬ, ਵਿਚ ਰਮਜ਼ ਮਨ-ਭਾਣੀ।

ਪੰਜਾਬੀ ਕਲਾਮ/ਕਵਿਤਾ ਸੱਯਦ ਮੀਰ ਹੁਸੈਨ

ਇਸ਼ਕ ਹਕੀਕੀ ਦੀ ਮੰਜ਼ਿਲ

ਐ ਭਾਈ ! ਪੜ੍ਹ ਇਸ ਕਿੱਸੇ ਨੂੰ, ਨਾ ਸਮਝੋ ਅਫ਼ਸਾਨਾ;
ਸੋਚੋ ਕੁਲ ਮਤਾਲਬ ਇਸ ਦੇ, ਮਿਲਣ ਮਰਾਤਬ ਸ਼ਾਨਾਂ।
ਮੁਹਮਲ ਤੇ ਬੇਕਾਰ ਨ ਜਾਣੋ, ਹਰਗਿਜ਼ ਇਹ ਕਹਾਣੀ;
ਕਾਮਿਲ ਸ਼ਿਅਰ ਇਹੀ ਪੁਰਮਤਲਬ, ਵਿਚ ਰਮਜ਼ ਮਨ-ਭਾਣੀ।

ਇਸ਼ਕ ਹਕੀਕੀ ਦੀ ਸਭ ਮੰਜ਼ਿਲ, ਰਾਹ ਤਰੀਕਤ ਵਾਲਾ;
ਬੇਸ਼ਕ ਇਸ ਦੇ ਅੰਦਰ ਭਰਿਆ, ਪਾਓ ਗੰਜ ਸੁਖਾਲਾ।
ਸੱਸੀ ਪੁੰਨੂੰ ਦੀ ਗੱਲ ਸੁਣ ਕੇ, ਹਾਸਾ ਮੂਲ ਨਾ ਪਾਓ,
ਹੈ ਇਹ ਕੁਲ ਤੁਸਾਡੀ ਹਾਲਤ, ਸੋਚ ਦਿਲ ਵਿਚ ਪਾਓ।

ਪੂਰੀ ਕਰੋ ਇਸ਼ਕ ਦੀ ਮੰਜ਼ਿਲ, ਨੂਰ ਮਿਲੇ ਇਰਫ਼ਾਨੋਂ;
ਸੁਣੋ ਹਕੀਕਤ ਇਸ ਕਿੱਸੇ ਦੀ, ਸਭ ਤਫ਼ਸੀਲ ਬਿਆਨੋਂ।
ਸੱਸੀ ਰੂਹ ਇਨਸਾਨ ਇਹੀ ਜੋ, ਗੌਹਰ ਹੈ ਨੂਰਾਨੀ;
ਦੁਨੀਆ ਹੈ ਦਰਿਆ ਜਿਹਦੇ ਵਿਚ, ਠਾਠ ਵਗੇ ਜ਼ੁਲਮਾਨੀ।

ਕੈਦੀ ਹੋ ਕੇ ਜਿਸ ਵਿਚ ਆਇਆ, ਰੂਹ ਅਮਰ ਜਬਾਰੋਂ;
ਲੈ ਕੇ ਨਾਲ ਉਮਰ ਦੇ ਮੋਤੀ, ਖਟਣ ਨਫ਼ਾ ਬਪਾਰੋਂ।
ਧੋਬੀਆਂ ਕਨੋ ਮੁਰਾਦ ਜੋ ਸੁਹਬਤ, ਐਸਿਆਂ ਲੋਕਾਂ ਪਾਵੇ;
ਜੋ ਧੋਵਨ ਸਭ ਮੈਲ ਸਿਆਹੀ, ਨੂਰੋ ਨੂਰ ਹੋ ਜਾਵੇ।

ਬਦਖ਼ਲਕਾਂ ਨੂੰ ਧੋ ਗਵਾਵਣ, ਖ਼ੁਸ਼ ਅਖ਼ਲਾਕ ਬਨਾਵਣ;
ਸਬਰ ਸ਼ੁਕਰ ਤੇ ਜ਼ੁਹਦ ਫ਼ਕਰ ਦਾ, ਮਾਇਆ ਅਬਰ ਰਲਾਵਣ।
ਅਲੀ ਕਨੋਂ ਮੁਰਾਦ ਅਕਲ ਜੋ, ਰੂਹ ਦੀ ਕਰੇ ਵਜ਼ੀਰੀ;
ਯਾਰ ਮਿਲਣ ਦਾ ਰਸਤਾ ਦਸੇ, ਦੂਰ ਹੋਵੇ ਦਿਲਗੀਰੀ।

ਲਿਖਣ ਖ਼ਤ ਪਿਦਰ ਨੂੰ ਇਸ ਦਾ, ਮਤਲਬ ਖ਼ਾਸ ਇਹਾ ਈ;
ਮੰਗਣੀਆਂ ਉਸ ਮਾਲਿਕ ਪਾਸੋਂ, ਸਭ ਇਮਦਾਦਾਂ ਭਾਈ।
ਬਾਗ਼ ਮਹਿਲ ਤੇ ਨੌਕਰ ਮਿਲਣੇ, ਨਾਲ ਫ਼ਜ਼ਲ ਮਨਜ਼ੂਰੀ;
ਜੋ ਤਾਲਿਬ ਨੂੰ ਇਸ ਰਸਤੇ ਵਿਚ, ਚੀਜ਼ਾਂ ਹੈਨ ਜ਼ਰੂਰੀ।

ਕਵਾ ਹਵਾਸ ਅਦਾ ਤੇ ਬਾਕੀ, ਜੋ ਦੁਨੀਆਂ ਦੀਆਂ ਚੀਜ਼ਾਂ;
ਇਹ ਮਿਲੀਆਂ ਸਭ ਰੂਹ ਦੇ ਤਾਈਂ, ਵਾਂਗ ਗ਼ੁਲਾਮ ਕਨੀਜ਼ਾਂ।
ਤਾਂ ਰੂਹ ਨਾਲ ਇਮਦਾਦ ਉਨ੍ਹਾਂ ਦੀ, ਕਤਾਹ ਸਫ਼ਰ ਕਰ ਜਾਏ:
ਹੱਟ ਪੱਤਣ ਤੇ ਕਬਜ਼ਾ ਰਖੇ, ਲਾਂਭੇ ਨਜ਼ਰ ਨਾ ਪਾਏ।

ਸੌਦਾਗਰ ਹੈ ਨਬੀ ਹੱਕਾਨੀ, ਜਿਨ੍ਹਾਂ ਰਾਹ ਦਿਖਾਇਆ;
ਫ਼ਾਨੀਆਂ ਥੀਂ ਮੂੰਹ ਮੋੜ ਅਸਾਨੂੰ, ਦਿਲਬਰ ਵਲ ਝੁਕਾਇਆ।
ਪੁੰਨੂੰ ਹੈ ਇਰਫ਼ਾਨ ਇਲਾਹੀ, ਜੋ ਮਕਸਦ ਰੂਹਾਨੀ।
ਇਸ ਨੂੰ ਹਾਸਿਲ ਕਰਨੇ ਆਇਆ, ਰੂਹ ਅਮਰ ਰਹਿਮਾਨੀ।

ਅਕਦੋਂ ਇਹ ਮੁਰਾਦ ਜੋ ਇਸ ਥੀਂ, ਪਕ ਤਅੱਲੁਕ ਪਾਵੇ;
ਗੰਜ ਇਰਫ਼ਾਨ ਲਏ ਕਰ ਹਾਸਿਲ, ਦਿਲ ਨੂੰ ਨੂਰ ਬਣਾਵੇ।
ਜਦ ਇਰਫ਼ਾਨ ਹੋਇਆ ਕੁਛ ਹਾਸਿਲ, ਪੈਸਣ ਚੋਰ ਤਦਾਹੀਂ;
ਨਫ਼ਸ ਅਤੇ ਸ਼ੈਤਾਨ ਦੋ ਦੁਸ਼ਮਨ, ਪਿਛਾ ਛੋੜਨ ਨਾਹੀਂ।

ਥੋੜਾ ਭੀ ਜੇ ਗ਼ਾਫ਼ਿਲ ਹੋਇਆ, ਉਹ ਝਟ ਕਾਬੂ ਪਾਵਣ;
ਉਮਰ ਤਮਰ ਦੇ ਵਾਂਗ ਕਲਬ ਥੀਂ, ਇਹ ਗੰਜ ਕਢ ਸਿਧਾਵਨ।
ਖ਼ੂਬ ਤਰ੍ਹਾ ਹੁਸ਼ਿਆਰ ਰਹੇ ਸਭ, ਗ਼ਫਲਤ ਦੂਰ ਹਟਾਵੇ;
ਗ਼ਫ਼ਲਤ ਦੇ ਅਸਬਾਬ ਤਮਾਮੀਂ, ਦਿਲ ਥੀਂ ਦੂਰ ਕਰਾਵੇ।

ਥਲ ਮਾਰੂ ਨਫ਼ਸਾਨੀ ਖ਼ਾਹਿਸ਼ਾਂ, ਜੋ ਗ਼ਫ਼ਲਤ ਵਿਚ ਪਾਵਣ;
ਲਾਜ਼ਿਮ ਹੈ ਜੋ ਕਦਮਾਂ ਹੇਠਾਂ, ਸਭ ਦਬਾਈਆਂ ਜਾਵਣ।
ਕਰ ਕੇ ਕਤਾਹ ਉਨ੍ਹਾਂ ਦਾ ਜੰਗਲ, ਆਸ਼ਿਕ ਦਾਹਵਾ ਨੂਰੀ;
ਬੈਠੇ ਵਿਚ ਰਿਆਜ਼ਤ ਗੋਸ਼ੇ, ਜੋ ਹੈ ਕਬਰ ਜ਼ਰੂਰੀ।

ਜ਼ਿਕਰ ਫ਼ਿਕਰ ਵਿਚ ਵਕਤ ਵਿਹਾਵੇ, ਦੁਨੀਆਂ ਰੁਖ਼ਸਤ ਕਰ ਕੇ;
ਪਾਵੇ ਤਦੋਂ ਜਮਾਲ ਸੱਜਣ ਦਾ, ਮਰਨੋਂ ਪਹਿਲੇ ਮਰ ਕੇ।
ਜਾਣੋਂ ਉਹ ਮੁਅੱਕਿਲ ਗ਼ੈਬੀ, ਜੋ ਹੈ ਮਰਦ ਇਆਲੀ।
ਰੂਹ ਆਸ਼ਿਕ ਦੇ ਨਾਲ ਰਹੇ ਨਿਤ, ਸਮਝੋ ਰਮਜ਼ ਸੁਖਾਲੀ।

ਇਸ਼ਕ ਹਕੀਕੀ ਦੀ ਇਹ ਮੰਜ਼ਿਲ, ਜ਼ਾਹਿਰ ਆਖ ਸੁਣਾਈ;
ਬਿਨ ਇਸ਼ਕੋਂ ਈਮਾਨ ਨਾ ਕਾਮਿਲ, ਨਾ ਹਾਸਲ ਵਡਿਆਈ।
ਇਸ਼ਕ ਖ਼ਜ਼ਾਨਾ ਲਾਲਾਂ ਵਾਲਾ, ਇਸ ਥੀਂ ਵਧ ਨਾ ਕਾਈ;
ਕਹਿ ਗਿਆ ਮੀਰ ਹੁਸੈਨ ਬਿਚਾਰਾ, ਪਕੀ ਬਾਤ ਇਹਾਈ।

ਤੇਰਾਂ ਸੌ ਤੀਹ ਹਿਜਰੀ ਅੰਦਰ, ਮੈਂ ਇਹ ਦਰਦ ਛਪਾਇਆ;
ਔਸ਼ਾਕਾਂ ਮੁਸ਼ਤਾਕਾਂ ਕਾਰਨ, ਬਾਗ਼ਿ ਮੁਹੱਬਤ ਲਾਇਆ।

('ਬਾਗ਼ੇ ਮੁਹੱਬਤ' ਵਿੱਚੋਂ)