ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥(੫੨੬)
ਅਰਥ:ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਜੋ ਅੰਮ੍ਰਿਤ-ਭਰਪੂਰ ਹੈ,
ਜੋ ਅਸਲੀਅਤ-ਰੂਪ ਹੈ, ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ,
ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ।੧।ਰਹਾਉ।
ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ
ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ
(ਸਾਰੇ) ਗੁਣ ਮੌਜੂਦ ਹਨ; ਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ
ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ,
ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ।੧।
ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ
ਹੈਂ ਤਾਂ ਲੋਭ ਆਦਿਕ ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ
ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ ਸਾਰੇ ਮੰਦੇ ਕੰਮ ਛੱਡ ਦੇਹ,
ਦੁਰਮਤਿ ਤਿਆਗ ਦੇਹ, ਅਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ
ਕਰਨ ਦੇ ਸਮਰੱਥ ਹੈ, ਜੋ ਹੁਣ ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ
ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ
ਖਿੜਿਆ ਰਹਿੰਦਾ ਹੈ।੨, ੩।
ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ
ਹਨ।ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ
ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ?।੪।
ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ
ਖ਼ਜ਼ਾਨਾ ਹੈ। ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ
ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ
ਵੇਲੇ ਹਰ ਥਾਂ ਮੌਜੂਦ ਹੈ।੫।੧।
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥(੧੧੦੬)
ਅਰਥ=ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਤੇਰਾ ਵਿਤਕਰੇ
ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ।੧।ਰਹਾਉ।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ,
ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ
ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤਿ-ਸਾਲਾਹ
ਵਿਚ ਹੀ ਆ ਗਿਆ ਹੈ, ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ
ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ) । (ਇਸ ਦਾ ਸਦਕਾ)
ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ
ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ
ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ।੧।
ਜੈਦੇਉ ਆਖਦਾ ਹੈ—ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭ
ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ ।
ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ।੨।੧।