Shabdan Di Dhaal : Daljinder Rahel

ਸ਼ਬਦਾਂ ਦੀ ਢਾਲ : ਦਲਜਿੰਦਰ ਰਹਿਲਮਾਂ

ਤੂੰ ਸਾਗਰ ਤੂੰ ਧਰਤ ਆਕਾਸ਼, ਅਗਨ ਤੇ ਆਪੇ ਪੌਣ। ਕਿੱਦਾਂ ਤੇਰੀ ਕਰਾਂ ਮੈਂ ਉਪਮਾ, ਕੀ ਆਖਾਂ ਤੂੰ ਕੌਣ? ਕਿੱਦਾਂ ਸਾਗਰ ਨਾਪਾਂ ਮਾਏ, ਕਿੰਝ ਧਰਤੀ ਨੂੰ ਤੋਲਾਂ। ਕਿੰਝ ਹਵਾ ਨੂੰ ਪਕੜ ਬਿਠਾਵਾਂ, ਕਿੰਝ ਆਕਾਸ਼ ਨੂੰ ਫੋਲਾਂ। ਤੇਰਾ ਰੂਪ-ਸਰੂਪ ਸੁਹਾਵਾ, ਤੇਰੀ ਮਿੱਠੀ ਬਾਣੀ। ਜੀਵਨ ਬੀਤਿਆ ਏਸ ਤਰਾਂ, ਜਿਉਂ ਅੱਗ ਤੇ ਤੁਰਦਾ ਪਾਣੀ। ਧੁੱਪ-ਹਨੇਰੀ ਝੱਖੜ ਜਰ ਕੇ, ਛਾਂ ਕਰਦੀਆਂ ਮਾਵਾਂ। ਮਾਂ ਦੀ ਗੋਦ ਜਿਹੀਆਂ ਨਾ ਕਿਧਰੇ, ਸੁਰਗਾਂ ਵਿੱਚ ਵੀ ਛਾਵਾਂ। ਮਾਂ ਦੇ ਰਿਸ਼ਤੇ ਨਾਲੋਂ ਵੱਡਾ, ਦੂਜਾ ਰੱਬ ਨਾ ਕੋਈ। ਭੁੱਲ ਜਾਵੇ ਜੋ ਮਾਂ ਆਪਣੀ ਨੂੰ ਮਿਲੇ ਨਾ ਉਸਨੂੰ ਕਿਧਰੇ ਢੋਈ। ਤੂੰ ਸਾਗਰ ਤੂੰ ਧਰਤ ਆਕਾਸ਼, ਅਗਨ ਤੇ ਆਪੇ ਪੌਣ। ਕਿੱਦਾਂ ਤੇਰੀ ਕਰਾਂ ਮੈਂ ਉਪਮਾ, ਕੀ ਆਖਾਂ ਤੂੰ ਕੌਣ?

ਸਿਜਦਾ

ਜਿਸ ਕਲਮ ਨੂੰ ਤੂੰ ਕਦੇ ਮੇਰਾ ਹੱਥ ਫੜਕੇ ਲਿਖਣਾ ਸਿਖਾਇਆ ਸੀ ਸਫਰ ਕਰਦੀ, ਅੱਜ ਉਹ ਕਵਿਤਾ ਤੱਕ ਪਹੁੰਚ ਗਈ ਹੈ। ਪਰ ! ਤੇਰੇ ਬਾਰੇ ਲਿਖਣ ਲੱਗਿਆਂ ਭਰੀਆਂ ਅੱਖਾਂ ਤੋਂ ਹਮੇਸ਼ਾ ਪੁੱਛਦੀ ਹੈ ਦੱਸ ਕੀ ਲਿਖਾਂ? ਮਾਂ ਦੀ ਉਸ ਪਵਿੱਤਰ ਰੂਹ ਬਾਰੇ!! ਜਿਸ ਲਈ ਹਰ ਤਸ਼ਬੀਹ, ਅਧੂਰੀ ਜਾਪਦੀ ਹੈ। ਪੁਰਖਿਆਂ ਦੇ ਵਿਰਸੇ ਦੀ ਵਿਰਾਸਤ ਨੂੰ ਵਾਰਸਾਂ ਦੇ ਲੜ ਲਾਉਂਦਿਆਂ ਤੇਰੇ ਕੀਤੇ ਬਲਦਾਨ ਤੇ ਤਿਆਗ ਨੂੰ ਕਿਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਾਂ? ਬਹੁਤ ਗਹਿਰੇ ਹੋ ਗਏ ਨੇ ਮੇਰੇ ਜ਼ਿਹਨ ਵਿੱਚ ਤੇਰੀ ਉਸ ਚੁੱਪ ਦੇ ਅਰਥ ਸਾਡੀ ਪਰਵਰਿਸ਼ ਲਈ ਤੂੰ, ਉਮਰ ਭਰ ਤਿਲ-ਤਿਲ ਹੋ ਕੇ ਬਿਤਾਏ। ਸਲਾਮ ਹੈ, ਤੇਰੇ ਉਸ ਰੋਹ ਨੂੰ ਭਰੀ ਪੰਚਾਇਤ ਵਿੱਚ, ਤਣ ਕੇ ਪੇਟੋਂ ਜਾਇਆਂ ਖਾਤਰ ਇੱਜ਼ਤ ਦਾ ਮੁੱਲ ਰੱਖ ਗਿਆ ਸੀ। ਤੇ ਸਿਜਦਾ ਹੈ, ਤੇਰੇ ਉਸ ਸੰਜਮ ਨੂੰ ਜੋ ਫ਼ਰਜ਼ਾਂ ਦੀ ਪੂਰਤੀ ਲਈ ਬਰਫ਼ ਦੇ ਪਾਣੀਆਂ ਵਾਂਗ ਅੰਗਿਆਰਾਂ ਤੇ ਤੁਰਦਾ ਰਿਹਾ। ਨਹੀਂ ਬਿਆਨ ਹੁੰਦੀ, ਮੇਰੀ ਕਲਮ ਤੋਂ ਤੇਰੇ ਸਾਡੇ ਲਈ ਭੋਗੇ, ਦੁੱਖ-ਦਰਦ ਤੇ ਹੋਣੀਆਂ-ਅਣਹੋਣੀਆਂ ਦੀ ਕਹਾਣੀ ਅਤੇ ਅੰਦਰੂਨੀ ਰੋਹ ਦੇ ਜਵਾਲਾਮੁਖੀ ਨੂੰ ਸਬਰ-ਸੰਤੋਖ ਨਾਲ, ਜਰ ਜਾਣ ਦੀ ਚੀਸ ਨਹੀਂ ਕਰ ਪਾਉਂਦੀ, ਮੇਰੀ ਕਲਮ ਤੇਰੀਆਂ ਉਨ੍ਹਾਂ ਭਰੀਆਂ ਅੱਖਾਂ ਦੇ ਹੰਝੂਆਂ ਦਾ ਵਰਨਣ ਜੋ ਡੁੱਲਣ ਤੋਂ ਪਹਿਲਾਂ ਸਾਡੀਆਂ ਖੁਸ਼ੀਆਂ ਨੂੰ ਤਰਜੀਹ ਦਿੰਦੇ ਸਾਨੂੰ, ਟੁਕ ਖੁਆ, ਲੋਰੀਆਂ ਦੇ ਸੌਣ ਲਈ ਤੋਰ ਆਪ, ਪਹਾੜ ਜਿੱਡੀ ਰਾਤ ਦਾ ਟਾਕਰਾ ਕਰਦੇ। ਮੇਰੀਏ ਮਾਏ! ਨਹੀਂ ਬਿਆਨ ਸਕਦੀ, ਤੈਨੂੰ ਮੇਰੀ ਕਲਮ ਸਿਰਫ ਸਿਜਦਾ ਕਰ ਸਕਦੀ ਹੈ ਸਿਜਦਾ !! ਸਿਜਦਾ ਪ੍ਰਵਾਨ ਕਰੀਂ।।

ਦਾਤੇ

ਰਾਜਿਆਂ ਕੋਲ ਰਾਜ ਭਾਗ ਸੀ ਉਨ੍ਹਾਂ ਜਗੀਰਾਂ ਦਾਨ ਕੀਤੀਆਂ ਦਾਤੇ ਕਹਿਲਾਉਣ ਲੱਗੇ। ਫਕੀਰਾਂ ਕੋਲ ਦੁਆਵਾਂ ਸਨ ਉਨ੍ਹਾਂ ਦੁਆਵਾਂ ਵੰਡੀਆਂ ਲੋਕ, ਉਨ੍ਹਾਂ ਨੂੰ ਵੀ ਦਾਤੇ ਕਹਿਣ ਲੱਗੇ ਸਰਮਾਏ ਦੇ ਅਹਿਸਾਨ ਤੇ ਫਕੀਰਾਂ ਦੀਆਂ ਦੁਆਵਾਂ ਦਾ ਸਦੀਆਂ ਤੋਂ ਬੋਝ ਢੋਂਦੀ ਖਲਕਤ ਮਿਹਨਤ ਮੁਸ਼ੱਕਤ ਨਾਲ ਰਿਜ਼ਕ ਪੈਦਾ ਕਰਦੀ। ਪੀਰਾਂ-ਫਕੀਰਾਂ ਤੇ ਅਮੀਰਾਂ ਸਮੇਤ ਹਰ ਇੱਕ ਦਾ ਢਿੱਡ ਭਰਦੀ ਅਸਲ ਦਾਤੇ ਤੋਂ ਬੇਖ਼ਬਰ ਦਾਤੇ ਦਾ ਸ਼ੁਕਰ ਕਰਦੀ ਰਹੀ।।

ਪੰਜਾਬ

ਜੀਅ ਕਰਦਾ ਸੀ ਇਕ ਦਿਨ ਮੈਂ ਵੀ ਦੇਸ਼ ਪੰਜਾਬ ਦੀ ਗੱਲ ਸੁਣਾਵਾਂ। ਕਿੰਝ ਬੀਤੇ ਅੱਜ ਇਸਦੇ ਉਤੇ, ਬੀਤਿਆ ਹੋਇਆ ਕੱਲ ਸੁਣਾਮਾਂ। ਲਿਖਣ ਲੱਗਾ ਜਦ ਹਾਲ ਮੈਂ ਇਸਦਾ, ਮੇਰੀ ਸੋਚ ਹੀ ਘੇਰਨ ਲੱਗੀ। ਹਾਲ ਏਸਦਾ ਲਿਖਦੇ-ਲਿਖਦੇ, ਕਲਮ ਵੀ ਹੰਝੂ ਕੇਰਨ ਲੱਗੀ। ਚੀਕ-ਚਿਹਾੜਾ ਰੌਲਾ ਰੱਪਾ, ਹਰ ਪਾਸੇ ਭਗਦੜ ਜਿਹੀ ਮੱਚੀ। ਚੋਰ ਬਾਜ਼ਾਰੀ ਖੂਨ ਖ਼ਰਾਬਾ, ਗੱਲ ਨਾ ਕਿਧਰੇ ਹੁੰਦੀ ਸੱਚੀ। ਆਪੋ-ਧਾਪੀ ਮਾਰੋ-ਧਾੜ, ਆਪੇ ਖੇਤ ਨੂੰ ਖਾ ਰਹੀ ਵਾੜ। ਚੋਰ-ਲੁਟੇਰੇ ਬਣੇ ਚੌਧਰੀ, ਸਿਖਰ ਦੁਪਹਿਰੇ ਲੱਗਣ ਪਾੜ। ਸਿਆਸਤ ਕਿੰਨੀ ਗਰਕ ਹੋ ਗਈ, ਜ਼ਿੰਦਗੀ ਸਭ ਦੀ ਨਰਕ ਹੋ ਗਈ। ਨਫ਼ਰਤ ਦੀ ਅੱਗ ਚਾਰ-ਚੁਫ਼ੇਰੇ, ਗੱਲ ਪਿਆਰ ਦੀ ਕੌਣ ਸੁਣਾਵੇ। ਵਿੱਚ ਕਟਹਿਰੇ ਸੱਚ ਤਾੜਿਆ, ਝੂਠ ਸੱਚ ਨੂੰ ਸਜ਼ਾ ਸੁਣਾਵੇ। ਜਾਤ-ਪਾਤ ਤੇ ਧਰਮ ਦੇ ਨਾਂ ਤੇ ਕੱਠੇ ਕਰਕੇ ਲੁੱਟ ਮਚਾਈ। ਕਲਮਾਂ ਵਾਲੇ ਲਿਖ-ਲਿਖ ਦੱਸਣ, ਗੱਲ ਕਿਸੇ ਨੂੰ ਸਮਝ ਨਾ ਆਈ। ਚੁੱਪ ਰਹੋ ਤਾਂ ਬਖਸ਼ੇ ਜਾਮੋਂ, ਸੱਚ ਕਹੋਂ ਤਾਂ ਲਹੂ-ਲੁਹਾਣ। ਪੈਰ ਝੂਠ ਦੇ ਦਿਸਣ ਨਾ ਕਿਧਰੇ, ਐਪਰ ਸਿਰ ਤੇ ਤਾਜ ਟਿਕਾਣ। ਗੱਲ ਅਨੋਖੀ ਹੁੰਦੀ ਜਾਵੇ, ਸਮਝ ਕਿਸੇ ਨੂੰ ਕੁੱਝ ਨਾ ਆਵੇ। ਅੰਨ ਦਾਤਾ ਹੈ ਭੁੱਖਾ ਮਰਦਾ, ਵਿਹਲੜ ਬੈਠਾ ਰੱਜ ਕਿ ਖਾਵੇ। ਪੱਥਰਾਂ ਦੇ ਵਿੱਚ ਰੱਬ ਸਮਝ ਕੇ, ਰੱਬ ਦੇ ਘਰ ਵਿੱਚ ਪੱਥਰ ਰੱਖੇ। ਝੂਠ ਦੀ ਪੂਜਾ ਘਰ-ਘਰ ਹੁੰਦੀ, ਸੱਚ ਨੂੰ ਲੋਕੀ ਮਾਰਨ ਧੱਕੇ। ਰਿਸ਼ਤਿਆਂ ਦੇ ਵਿੱਚ ਤ੍ਰੇੜਾਂ ਆਈਆਂ, ਧਰਮ ਦੇ ਨਾਂ ਤੇ ਵੰਡੀਆ ਪਾਈਆਂ। ਮਾਵਾਂ ਨੂੰ ਪੁੱਤ ਭੁਲਦੇ ਜਾਣ, ਆਪਣਿਆਂ ਨੂੰ ਆਪਣੇ ਖਾਣ। ਫੋਕੀਆਂ ਗੱਲਾਂ, ਫੋਕੇ ਕੰਮ, ਫੋਕੇ ਜਿਸਮ 'ਚ ਫੋਕੇ ਦਮ। ਗੱਭਰੂ ਕਿੰਨੇ ਨਸ਼ਿਆਂ ਗਾਲੇ, ਮੁਟਿਆਰਾਂ ਫੋਕੇ ਫੈਸ਼ਨ ਪਾਲੇ। ਰੂਹ ਪੰਜਾਬ ਦੀ ਉਹ ਨਾ ਰਹਿਗੀ, ਮਹਿਕ ਗੁਲਾਬ ਦੀ ਮੱਧਮ ਪੈਗੀ। ਕਿੱਥੇ ਸਭਿਆਚਾਰ ਗਿਆ ਉਹ, ਪਿਆਰ ਅਤੇ ਸਤਿਕਾਰ ਗਿਆ ਉਹ। ਹੁਣ ਨਹੀਂ ਲੱਭਦੀ ਸਾਂਝ ਪੁਰਾਣੀ, ਮਾਰਨ ਪਏ ਹਾਣੀ ਨੂੰ ਹਾਣੀ। ਹਰ ਥਾਂ ਭ੍ਰਿਸ਼ਟਾਚਾਰ ਹੋ ਗਿਆ, ਰਿਸ਼ਵਤ ਦਾ ਪ੍ਰਚਾਰ ਹੋ ਗਿਆ। ਬਈ ਐਨਾ ਜਿੱਥੇ ਰੋਣਾ ਧੋਣਾ, ਇਹ ਮੇਰਾ ਪੰਜਾਬ ਨੀ ਹੋਣਾ। ਮਸਲਾ ਫਿਰ ਇਹ ਖਾਸ ਹੋ ਗਿਆ, ਮਨ ਮੇਰਾ ਉਦਾਸ ਹੋ ਗਿਆ। ਆਪਾ ਚਕਨਾ ਚੂਰ ਹੋ ਗਿਆ, ਸੋਚਣ ਲਈ ਮਜ਼ਬੂਰ ਹੋ ਗਿਆ। ਲੱਗੀ ਗੱਲ ਨਾ ਕਿਧਰੇ ਪਾਸੇ, ਰੁਸ ਗਏ ਬੁੱਲਾਂ ਤੋਂ ਹਾਸੇ। ਇਕ ਰਾਤ ਫਿਰ ਸੁਪਨਾ ਆਇਆ, ਸੁਪਨੇ ਪੁਰਾਣਾ ਪੰਜਾਬ ਦਿਖਾਇਆ। ਪਿੰਡ ਵਿੱਚ ਅਜੇ ਸਵੇਰ ਹੋਈ ਸੀ, ਹਲ-ਚਲ ਮੁੜਕੇ ਫੇਰ ਹੋਈ ਸੀ। ਮੰਦਿਰ-ਮਸਜਿਦ ਗੁਰੂਦੁਆਰੇ, ਹਰ ਜਸ ਗਾਉਂਦੇ ਲੋਕੀ ਸਾਰੇ। ਪੰਛੀ ਮਿੱਠੇ ਗੀਤ ਸੁਣਾਵਣ, ਲੋਕੀ ਉੁੱਠ ਕੰਮਾਂ ਨੂੰ ਜਾਵਣ। ਮਿੱਠਾ-ਮਿੱਠਾ ਪਿਆਰਾ-ਪਿਆਰਾ, ਹਰ ਪਾਸੇ ਸੰਗੀਤ ਜਿਹਾ ਸੀ। ਰਾਂਝੇ ਦੀ ਵੰਝਲੀ ਦੇ ਵਰਗਾ, ਕਿਸੇ ਫੱਕਰ ਦੇ ਗੀਤ ਜਿਹਾ ਸੀ। ਬਲਦਾਂ ਦੇ ਗਲ ਟੱਲੀਆਂ ਟਣਕਣ, ਬੋਤਿਆਂ ਪੈਰੀਂ ਘੁੰਗਰੂ ਛਣਕਣ। ਉੱਠ ਸੁਆਣੀਆਂ ਖੂਹ ਤੇ ਜਾਵਣ, ਚਾਟੀਆਂ ਵਿੱਚ ਮਧਾਣੀਆਂ ਪਾਵਣ। ਨਾਲ ਹੁਸਨ ਦੇ ਭਰੀਆਂ ਸੀ ਉਹ, ਅਰਸ਼ੋਂ ਉਤਰੀਆਂ ਪਰੀਆਂ ਸੀ ਉਹ। ਚੰਨ ਵੀ ਤੱਕ-ਤੱਕ ਨੀਵੀਂਆਂ ਪਾਵੇ, ਦੇਖਣ ਵਾਲਾ ਦੰਗ ਰਹਿ ਜਾਵੇ। ਗੱਭਰੂ ਸੋਹਣੇ ਛੈਲ ਛਬੀਲੇ, ਦੇਖੋ ਤਾਂ ਕਿੰਨੇ ਫੁਰਤੀਲੇ। ਨੂਰ ਉਨਾਂ ਦਾ ਡੁੱਲ ਡੁੱਲ ਪੈਂਦਾ, ਨਾਲ ਸਾਦਗੀ ਢਕਿਆ ਰਹਿੰਦਾ। ਸੂਰਜ ਵਾਂਗ ਸੀ ਦਗ਼ਦੇ ਚਿਹਰੇ, ਪਰਬਤ ਵਾਂਗ ਉਨ੍ਹਾਂ ਦੇ ਜੇਰੇ। ਪਿਆਰ ਕਰੋ ਪਲਕਾਂ ਤੇ ਚੁੱਕਣ, ਆਕੜ ਅੱਗੇ ਨਾਹੀਂ ਝੁਕਣਾ। ਕੱਚੇ ਕੋਠੇ ਕਿੰਨੇ ਸੋਹਣੇ, ਲਿਪ-ਪੋਚ ਕੀਤੇ ਮਨਮੋਹਣੇ। ਮੱਟ-ਭੜੋਲੇ, ਕੁੰਡ-ਚਾਟੀਆਂ, ਤੌੜੇ-ਝੱਕਰੇ ਅਤੇ ਬਾਟੀਆਂ। ਦੁੱਧ-ਘਿਓ ਦੀਆਂ ਨਹਿਰਾਂ ਵਗਣ, ਸੱਥਾਂ ਦੇ ਵਿੱਚ ਮੇਲੇ ਲੱਗਣ। ਤੇਰ-ਮੇਰ ਦੀ ਰੋਕ ਨਹੀਂ ਸੀ, ਖਾਣ-ਪੀਣ ਦੀ ਟੋਕ ਨਹੀਂ ਸੀ। ਮਾਵਾਂ ਲਈ ਸਭ ਪੁੱਤ ਬਰਾਬਰ, ਪੁੱਤ ਵੀ ਕਰਨ ਉਨ੍ਹਾਂ ਦਾ ਆਦਰ। ਰੁੱਖੀ-ਮਿਸੀ ਵੰਡ ਕੇ ਖਾਂਦੇ, ਢੋਲਾਂ ਉਤੇ ਡੱਗੇ ਲਾਂਦੇ। ਤੇਲੀ-ਨਾਈ, ਛੀਂਬੇ ਝੂਰ, ਜੱਟ ਤਰਖਾਣ ਅਤੇ ਮਜ਼ਦੂਰ। ਆਪੋ ਆਪਣਾ ਕੰਮ ਸਭ ਕਰਦੇ, ਇੱਕ ਦੂਜੇ ਦੀ ਹਾਮੀ ਭਰਦੇ। ਪਿੰਡ ਜਿਵੇਂ ਇਹ ਸਵਰਗ ਜਿਹਾ ਸੀ, ਖੁਸ਼ੀਆਂ ਦਾ ਇਕ ਵਰਗ ਜਿਹਾ ਸੀ। ਸੋਹਣਾ ਫੁੱਲ ਗੁਲਾਬ ਸੀ ਮੇਰਾ, ਇਹ ਪਹਿਲਾਂ ਪੰਜਾਬ ਸੀ ਮੇਰਾ। ਰੱਬਾ ਨਜ਼ਰ ਮਿਹਰ ਦੀ ਪਾਦੇ, ਉਜੜਨ ਤੋਂ ਪੰਜਾਬ ਬਚਾ ਦੇ। ਪਹਿਲਾਂ ਵਾਲੀ ਆਬ ਲਿਆਦੇ, ਮੁੜਕੇ ਨਵਾਂ ਪੰਜਾਬ ਵਸਾ ਦੇ।

ਵਿਦਰੋਹੀ ਸ਼ਿਕਵਾ

ਤਰਸ ਤਰਸ ਕੇ, ਤੜਫ਼ ਤੜਫ਼ ਕੇ, ਪਲ-ਪਲ ਮਰਦੇ ਲੋਕੀ। ਚੰਗੇ ਦਿਨਾਂ ਦਾ ਲਾਰਾ ਲਾ ਕੇ, ਝੋਕਣ ਅੱਗੋਂ ਝੋਕੀ। ਦਾਤਾ ਹੋਇਆ ਭਿਖਾਰੀ ਜਿੱਥੇ, ਰਾਜੇ ਬਣਦੇ ਪਾਜੀ। ਹੱਥਾਂ ਵਿਚੋਂ ਟੁੱਕ ਵੀ ਖੋ ਲਏ ਇਹ ਕਿਹੜੀ ਆਜ਼ਾਦੀ। ਬਾਪ ਦਾਦਾ ਵੀ ਢੋਂਦੇ ਤੁਰਗੇ, ਭਾਰ ਲਿਹਾ ਨਾ ਸਾਥੋਂ। ਹੁੰਦੇ-ਹੁੰਦੇ ਹੋ ਜਾਵਾਂਗੇ, ਬਾਗੀ ਇੱਕ ਦਿਨ ਤੈਥੋਂ। ਜਿਸ ਦੇ ਨਾਂ 'ਤੇ ਹੁੰਦਾ ਰਹਿੰਦਾ, ਨਿੱਤ ਨਵਾਂ ਕੋਈ ਪੰਗਾ। ਝੂਠੇ ਰੱਬ ਦੇ ਨਾਲੋਂ ਬੰਦਾ, ਬੇ-ਰੱਬਾ ਹੀ ਚੰਗਾ। ਦੋਸ਼ ਕਿਸੇ ਦਾ ਸਜ਼ਾ ਕਿਸੇ ਨੂੰ, ਇਹ ਕਿਹੜਾ ਇਨਸਾਫ਼ ਹੋਇਆ। ਹਰ ਥਾਂ ਹਾਹਾਕਾਰ ਮੱਚੀ ਹੈ, ਕਿੱਥੇ ਰੱਬ ਦਾ ਵਾਸ ਹੋਇਆ।।

ਕਦੇ ਨਾ ਆਵੇ ਫਿਰ ਉਹ ਰਾਤ

ਕੁੱਝ ਐਧਰ, ਕੁੱਝ ਓਧਰ ਰਹਿੰਦੇ, ਵਾਂਗ ਭਰਾਵਾਂ ਰਲ-ਮਿਲ ਬਹਿੰਦੇ। ਨਾ ਜਾਣੇ ਕਿਸ ਲੀਕਾਂ ਵਾਹੀਆਂ, ਵੰਡ ਪਈ ਵਿਚ ਸਕਿਆਂ ਭਾਈਆਂ। ਇੱਕ ਹਨੇਰੀ ਐਸੀ ਚੱਲੀ, ਮੱਚ ਗਈ ਸਾਰੇ ਤਰਥੱਲੀ, ਦਿਨ ਵਿੱਚ ਜਿਵੇਂ ਹਨੇਰ ਪੈ ਗਿਆ, ਮਿਰਗਾਂ ਨੂੰ ਜਿਵੇਂ ਸ਼ੇਰ ਪੈ ਗਿਆ। ਇਹ ਅਨਹੋਣੀ ਕੈਸੀ ਹੋਈ, ਪੰਜ-ਆਬਾਂ ਦੀ ਧਰਤੀ ਰੋਈ। ਲਹੂ-ਮਿੱਝ ਦਾ ਗਾਰਾ ਹੋਇਆ, ਸਕਿਆਂ ਨੇ ਸਕਿਆਂ ਨੂੰ ਖੋਇਆ। ਸਮਝ ਕਿਸੇ ਨੂੰ ਕੁੱਝ ਨਾ ਆਈ, ਹਰ ਪਾਸੇ ਸੀ ਮੱਚੀ ਦੁਹਾਈ। ਰੌਲਾ-ਰੱਪਾ ਚੀਕ-ਚਿਹਾੜਾ, ਵੱਢ-ਟੁੱਕ ਤਰਲਾ ਤੇ ਹਾੜਾ ਆਪਣੇ ਮੁਲਕ ਬਿਗਾਨੇ ਹੋ ਗਏ, ਇੱਕੋ ਘਰ ਵਿਚ ਖਾਨੇ ਹੋ ਗਏ। ਨਦੀਆਂ-ਨਾਲੇ, ਟੋਭੇ-ਖੂਹ, ਲਾਸ਼ਾਂ ਪਈਆਂ ਜੂਹੋ ਜੂਹ। ਘਰ-ਘਰ ਦੇ ਵਿੱਚ ਪੈ ਗਿਆ ਸੋਗ, ਰਸਦੇ ਵਸਦੇ ਉਜੜੇ ਲੋਕ। ਦਰਦ ਦਿਲਾਂ ਵਿਚ ਲੈ ਕੇ ਬਹਿ ਗਏ, ਉਮਰੋਂ ਲੰਮੇ ਹਉਕੇ ਰਹਿ ਗਏ। ਅੱਜ ਵੀ ਉਹੋ ਆਵਾਜਾਂ ਆਵਣ, ਹਾੜੇ ਕੱਢਦੀਆਂ ਤਰਲੇ ਪਾਵਣ। ਨਾ ਮਾਰੀਂ, ਨਾ ਮਾਰੀਂ ਮੈਨੂੰ, ਵੇ ਵੀਰਾ ਕੀ ਹੋਇਆ ਤੈਨੂੰ। ਅੱਧੇ ਬੋਲ ਗਲਾਂ ਵਿੱਚ ਰਹਿ ਗਏ, ਧੜ ਨਾਲੋਂ ਜਦ ਸਿਰ ਸੀ ਲਹਿ ਗਏ। ਅੱਜ ਵੀ ਵਿਲਕਣ ਵਿਛੜੀਆਂ ਰੂਹਾਂ, ਵੱਖੋ-ਵੱਖਰੀਆਂ ਹੋਈਆਂ ਜੂਹਾਂ। ਇਕ ਸਰੀਰ ਦੋ ਟੁਕੜੇ ਹੋਏ ਦੋਨੋਂ ਟੁਕੜੇ ਵਿਲਕੇ ਰੋਏ। ਵਕਤ ਵਿਹਾਜੇ ਮੁੜ ਨਾ ਆਉਂਦੇ, ਪਰ ਸਾਨੂੰ ਨੇ ਸਬਕ ਸਿਖਾਉਂਦੇ। ਆਓ ਰਲ ਗਲਵਕੜੀਆਂ ਪਾਈਏ, ਲੀਕਾਂ ਵਾਲੀ ਕੰਧ ਗਿਰਾਈਏ। ਪਿਆਰ ਦੀ ਖੁਸ਼ਬੂ ਹੱਦਾਂ ਟੱਪੇ, ਰੂਹ ਸਾਡੀ ਸਰਹੱਦਾਂ ਟੱਪੇ। ਐਨੇ ਦੀਪਕ ਹੋਰ ਜਗਾਈਏ, ਫੇਰ ਨਾ ਮੁੜਕੇ ਠੋਕਰ ਖਾਈਏ। ਕਦੇ ਨਾ ਆਵੇ ਫਿਰ ਉਹ ਰਾਤ, ਖਿੜੀ ਰਹੇ ਰੋਸ਼ਨ ਪ੍ਰਭਾਤ। ਕਸਮਾਂ ਖਾਈਏ ਵੱਖ ਨਹੀਂ ਰਹਿਣਾ, ਵੱਖ ਹੋਏ ਤਾਂ ਕੱਖ ਨਹੀਂ ਰਹਿਣਾ। ਰਲਕੇ ਬਣੀਏ ਪਹਿਰੇਦਾਰ, ਮਾਂ ਬੋਲੀ ਨੂੰ ਕਰੀਏ ਪਿਆਰ ਸ਼ਹਿਦੋਂ ਮਿੱਠੀ, ਮਿਸਰੀ ਘੋਲੀ, ਸਾਂਝੀ ਮਾਂ ਪੰਜਾਬੀ ਬੋਲੀ। ਇਕੋ ਮਾਂ ਦੇ ਜੰਮੇ ਜਾਏ, ਰਲ ਮਿਲ ਬਹਿੰਦੇ ਜਿਉਂ ਹਮਸਾਏ। ਏਸ ਤਰ੍ਹਾਂ ਦਾ ਪਿਆਰ ਜਤਾਈਏ, ਕਦੇ ਦਿਲਾਂ ਤੋਂ ਦੂਰ ਨਾ ਜਾਈਏ। ਐਨੇ ਦੀਪਕ ਹੋਰ ਜਗਾਈਏ, ਮੁੜਕੇ ਕਦੇ ਨਾ ਠੋਕਰ ਖਾਈਏ। ਕਦੇ ਨਾ ਆਵੇ ਫਿਰ ਉਹ ਰਾਤ, ਖਿੜੀ ਰਹੇ ਰੋਸ਼ਨ ਪ੍ਰਭਾਤ।

ਸੱਚ ਕਹਾਂ

ਇੱਕ ਪਾਸੇ ਨਾ ਰਹਿਣ ਨੂੰ ਕੁੱਲੀਆਂ, ਇੱਕ ਪਾਸੇ ਕੁੱਤਿਆਂ ਲਈ ਕੋਠਾ। ਇੱਕ ਲੋਕੀ ਰੇਸ਼ਮ ਪਾ ਥੱਕੇ, ਇੱਕਨਾ ਕੋਲ ਨਾ ਤੇੜ ਲੰਗੋਟਾ। ਦੇਖਦਾ ਹਾਂ ਜਦ ਉਨ੍ਹਾਂ ਲੋਕਾਂ ਨੂੰ ਅੱਖੀਆਂ ਵਿਚੋਂ ਅੱਥਰੂ ਕਿਰਦੇ। ਸਸਕਾਰ ਲਈ ਵੀ ਜਿਨ੍ਹਾਂ ਨੂੰ, ਮੰਗਣਾ ਪਵੇ ਕਫ਼ਨ ਦਾ ਟੋਟਾ ---- ਸੱਚ ਕਹਾਂ ਤਾਂ ਕੌੜਾ ਲੱਗਦੈ, ਝੂਠ ਕਹਾਂ ਦਿਲ ਮੰਨਦਾ ਨਈਂ। ਤਾਰੇ ਭਾਵੇਂ ਚੜ੍ਹਨ ਹਜ਼ਾਰਾਂ, ਪਰ ਸਾਨੀ ਕੋਈ ਚੰਨ ਦਾ ਨਈਂ। ਝੂਠ ਦੇ ਬੱਦਲ ਰੋਕ ਨਾ ਸਕਦੇ, ਸੱਚ ਸੂਰਜ ਦੀਆਂ ਰਿਸ਼ਮਾਂ ਨੂੰ। ਜਿੱਤ ਕੁਫ਼ਰ ਦੀ ਸਦਾ ਨਾ ਹੁੰਦੀ, ਸੱਚ ਹਾਰ ਜੋ ਮੰਨਦਾ ਨਈਂ। ---- ਰੁੱਖਾਂ ਦਾ ਕੰਮ ਛਾਂ ਹੈ ਦੇਣਾ, ਧੁੱਪ ਹਨੇਰੀ ਜਰ ਕੇ। ਬੇੜੀ ਦਾ ਕੰਮ ਪਾਰ ਲੰਘਾਉਣਾ, ਚੱਪੂਆਂ ਦੇ ਸੰਗ ਤਰ ਕੇ। ਪਰ ਜੇ ਚੱਪੂ ਸਾਥ ਨਾ ਦੇਵਣ, ਬੇੜੀਆਂ ਵੀ ਡੁੱਬ ਜਾਵਣ। ਪਾਣੀ ਬਾਝੋਂ ਰੁੱਖ ਸੱਜਣ ਜੀ, ਸੁਆਹ ਹੋ ਜਾਵਣ ਸੜ ਕੇ। ---- ਮੋਮ ਜੰਮ ਕੇ ਪੱਥਰ ਦਾ ਰੂਪ ਧਾਰੇ, ਪੱਥਰ ਪਿਘਲੇ ਜਵਾਲਾਂ ਦੇ ਮੁੱਖ ਵਿਚੋਂ। ਚੋਰੀ-ਠੱਗੀ, ਬੇਈਮਾਨੀ ਸ਼ੈਤਾਨ ਕਰਦੇ, ਨੇਕੀ ਮਿਲਦੀ ਹੈ ਚੰਗੇ ਮਨੁੱਖ ਵਿਚੋਂ। ਮਿਲਦੀ ਰੋਸ਼ਨੀ ਦੀਵੇ ਦੀ ਲਾਟ ਵਿਚੋਂ, ਛਾਂ ਮਿਲਦੀ ਹੈ ਸੰਘਣੇ ਰੁੱਖ ਵਿਚੋਂ। ਸੱਜਣੋਂ ਸੁੱਖ ਤਾਂ ਕਾਇਆ ਨੂੰ ਗਾਲ ਦਿੰਦੈ, ਕੁੰਦਨ ਬਣੇ ਇਨਸਾਨੀਅਤ ਦੁੱਖ ਵਿਚੋਂ। ----

ਯਾਦਾਂ

ਉਹ ਗਲੀਆਂ ਤੇ ਉਹ ਰਸਤੇ, ਉਹ ਗਲ ਵਿੱਚ ਪਾਏ ਬਸਤੇ। ਉਨ੍ਹਾਂ ਬਸਤਿਆਂ ਵਿਚਲੀਆਂ ਫੱਟੀਆਂ, ਕੁੱਝ ਪਿੰਡ ਮੇਰੇ ਦੀਆਂ ਹੱਟੀਆਂ। ਹੱਟੀਆਂ ਜੋ ਦੇਂਦੀਆਂ ਰੂੰਗਾ, ਕਦੇ ਗੱਚਕ-ਪਾਪੜ ਭੂੰਗਾ। ਯਾਦ ਆਉਂਦੇ ਹਾਣ ਦੇ ਹਾਣੀ, ਛਾਂ ਪਿੱਪਲ ਦੀ ਜੋ ਮਾਣੀ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਉਹ ਬੰਬੀ ਉੱਤੇ ਨਹਾਉਣਾ, ਉਨ੍ਹਾਂ ਫਸਲਾਂ ਦੇ ਸੰਗ ਗਾਉਣਾ। ਉਹ ਕੱਚੀਆਂ ਕੰਧਾਂ ਲਿੱਪਣਾ, ਉਹ ਥਮਲਿਆਂ ਉਹਲੇ ਛਿਪਣਾ। ਉਹ ਕੋਠਿਆਂ ਉੱਤੇ ਚੜ੍ਹਨਾ, ਚੰਨ-ਤਾਰਿਆਂ ਤਾਈਂ ਫੜਨਾ। ਉਹ ਪਿਆਰ-ਪਿਆਰ ਵਿੱਚ ਲੜਨਾ, ਉਹ ਦੀਵੇ ਲਾ ਕੇ ਪੜ੍ਹਨਾ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਉਹ ਮੀਂਹ ਪੈਂਦੇ ਵਿੱਚ ਫਿਰਨਾ, ਤੇ ਤਿਲਕ-ਤਿਲਕ ਕੇ ਗਿਰਨਾ। ਉਹ ਰੇਤ ਦਾ ਘਰ ਬਣਾਉਣਾ, ਫਿਰ ਤੀਲਿਆਂ ਨਾਲ ਸਜਾਉਣਾ। ਖਾ ਲੈਣੀਆਂ ਐਵੇਂ ਕਸਮਾਂ, ਉਹ ਝੂਠੀਆਂ-ਸੱਚੀਆਂ ਰਸਮਾਂ। ਲਏ ਸੁਪਨਿਆਂ ਦਾ ਉਹ ਭੁਰਨਾ, ਉਸ ਰੇਤ ਦੇ ਘਰ ਦਾ ਖੁਰਨਾ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਉਹ ਪਿੱਪਲ, ਨਿੰਮ ਬਰੋਟੇ, ਮੱਝਾਂ-ਗਾਵਾਂ ਤੇ ਝੋਟੇ। ਉਹ ਤੀਆਂ, ਤੀਜ ਤੇ ਕਿੱਕਲੀ, ਉਹ ਫੁੱਲ ਭੰਵਰੇ ਤੇ ਤਿਤਲੀ। ਉਹ ਖੂਹ, ਟੋਭੇ ਤੇ ਮੌਣਾ, ਤੂੰਤਾਂ ਦੀ ਛਾਵੇਂ ਸੌਣਾ। ਉਹ ਪਿੱਠੂ, ਕੋਟ ਛਪਾਕੀ, ਫੁਟਵਾਲ ਤੇ ਕੌਡੀ-ਹਾਕੀ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਯਾਦ ਆਵੇ ਰੁਸ-ਰੁਸ ਬਹਿਣਾ, ਕਰ ਗਲਤੀ ਸੌਰੀ ਕਹਿਣਾ। ਉਹ ਮਾਂ ਦਾ ਕਦੇ ਵਰ੍ਹਾਉਣਾ, ਘੁੱਟ ਛਾਤੀ ਦੇ ਨਾਲ ਲਾਉਣਾ। ਕਦੇ ਬਾਪੂ ਵਾਲੀਆਂ ਝਿੜਕਾਂ, ਚਾਚੇ-ਤਾਇਆਂ ਦੀਆਂ ਬਿੜਕਾਂ। ਭਾਈ-ਭੈਣ ਤੇ ਚਾਚੀ-ਤਾਈ, ਉਹ ਦਾਣੇ ਭੁੰਨਦੀ ਮਾਈ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਉਹ ਗੇੜ ਚੌਰਾਸੀ ਆਇਆ, ਜਿਸ ਹਰ ਇੱਕ ਨੂੰ ਤੜਫਾਇਆ। ਕਹਿ ਗਏ ਨੇ ਲੋਕ ਸਿਆਣੇ, ਜਿਸ ਲੱਗੀਆਂ ਸੋ ਤਨ ਜਾਣੇ। ਫਿਰ ਸਾਂਝੇ ਘਰ ਦਾ ਟੁੱਟਣਾ, ਆਪਣੇ ਨੂੰ ਆਪਣਿਆਂ ਲੁੱਟਣਾ। ਉਹ ਝੂਠ ਦੇ ਤਾਣੇ-ਬਾਣੇ, ਉਹ ਕੋਟ ਕਚਹਿਰੀ ਠਾਣੇ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ। ਫਿਰ ਮਾਂ ਦਾ ਚੁੱਪ ਹੋ ਜਾਣਾ, ਸਾਡੇ ਲਈ ਰੁੱਖ ਹੋ ਜਾਣਾ। ਉਹਦਾ ਉਹਲੇ ਬਹਿ-ਬਹਿ ਰੋਣਾ, ਪਰ ਸਾਥੋਂ ਰੋਣ ਲੁਕੋਣਾ। ਉਹਦਾ ਭੁਲਕੇ ਆਪਣੇ ਦੁੱਖ ਨੂੰ, ਪਹਿਲਾਂ ਪੁੱਛਣਾ ਸਾਡੀ ਭੁੱਖ ਨੂੰ। ਅਸੀਂ ਪੁੱਛਣਾ ਤਾਂ ਉਸ ਕਹਿਣਾ, ਦੁੱਖ-ਸੁੱਖ ਇਨਸਾਨ ਦਾ ਗਹਿਣਾ। ਕੁੱਝ ਪਿੰਡ ਮੇਰੇ ਦੀਆਂ ਗੱਲਾਂ, ਕੁੱਝ ਦਿਲ ਆਪਣੇ ਦੀਆਂ ਬਾਤਾਂ। ਖੁਸ਼ੀਆਂ ਦਾ ਸੋਨ-ਸਵੇਰਾ, ਦੁੱਖਾਂ ਦੀਆਂ ਕਾਲੀਆਂ ਰਾਤਾਂ।

ਦਾਤ

ਜੋ ਹੋਣਾ ਸੀ ਹੁੰਦਾ ਰਹਿੰਦਾ, ਤੂੰ ਤੇ ਮੈਂ ਤਾਂ ਸਾਥ ਸੀ। ਭਲਕ ਨੂੰ ਸੂਰਜ ਚੜ੍ਹ ਜਾਣਾ ਸੀ, ਕੀ ਹੋਇਆਂ ਜੇ ਰਾਤ ਸੀ। ਅਪਣਾ-ਆਪਾ ਕਤਲ ਕਰ ਲਿਆ, ਜਿਨ੍ਹਾਂ ਰਿਸ਼ਤਿਆਂ ਬਦਲੇ ਤੂੰ। ਉਨ੍ਹਾਂ ਨੇ ਕੀ ਕਦਰ ਹੈ ਜਾਣੀ, ਦੱਸ ਤੇਰੇ ਜਜਬਾਤ ਦੀ। ਛੱਡਿਆਂ ਤੋਂ ਵੀ ਛੱਡ ਨਾ ਹੋਈ, ਵਿਛੜਿਆਂ ਤੋਂ ਵਿਛੜੀ ਨਾ। ਰੂਹ ਦੀ ਬੁੱਕਲ ਨੇ ਜੋ ਬਖਸ਼ੀ, ਏਹੋ ਜਿਹੀ ਸੌਗਾਤ ਸੀ। ਕਾਫ਼ਰ ਹੋ ਕੇ ਵੀ ਲੱਭ ਲੈਂਦੇ, ਖੋਜੀ ਅੰਤ ਟਿਕਾਣਿਆਂ ਨੂੰ। ਆਪਾਂ ਕਿਉਂ ਨਾ ਮੰਜ਼ਿਲ ਪਾਉਂਦੇ, ਇਹ ਵੀ ਕਿਹੜੀ ਬਾਤ ਸੀ। ਚੱਲ ਜੋ ਹੋਇਆ ਚੰਗਾ ਹੋਇਆ, ਤੂੰ ਤੇ ਮੈਂ ਦੀਆਂ ਬਾਤਾਂ ਨੇ। ਤੇਰੇ ਬਦਲੇ ਜੋ ਵੀ ਮਿਲਿਆ, ਇਹ ਵੀ ਉਸਦੀ ਦਾਤ ਸੀ।।

ਰੁੱਖਾਂ ਦੀ ਭਾਸ਼ਾ

ਕੌਣ ਰੁੱਖਾਂ ਦੀ ਭਾਸ਼ਾ ਸਮਝੇ, ਕੌਣ ਰੁੱਖਾਂ ਦਾ ਹਾਣੀ ਹੋ? ਛਾਂ ਦੇਵਣ ਲਈ ਦੂਜਿਆਂ ਨੂੰ, ਜਿਨ੍ਹਾਂ ਅੱਗ ਉਮਰਾਂ ਤੱਕ ਖਾਣੀ ਹੋ। ਆਉਂਦੇ-ਜਾਂਦੇ ਲੋਕ ਮੁਸਾਫ਼ਿਰ, ਕੱਟ ਦੁਪਹਿਰਾ ਤੁਰ ਜਾਂਦੇ। ਦੇਵੇ ਕੋਈ ਜਾਂ ਨਾ ਦੇਵੇ, ਕਿਸ ਤੋਂ ਮੰਗਣ ਪਾਣੀ ਹੋ। ਕੌਣ ਰੁੱਖਾਂ ਦੀ ਭਾਸ਼ਾ ਸਮਝੇ, ਕੌਣ ਰੁੱਖਾਂ ਦਾ ਹਾਣੀ ਹੋ। ਛਾਂ ਦੇਵਣ ਲਈ ਦੂਜਿਆਂ ਨੂੰ, ਜਿਨ੍ਹਾਂ ਅੱਗ ਉਮਰਾਂ ਤੱਕ ਖਾਣੀ ਹੋ। ਜੜ-ਜੂਨੀ ਜੋ ਧਰਤੀ ਗੱਡੇ, ਜਨ-ਜੀਵਨ ਨੂੰ ਤੋਰਨ। ਤਨ-ਮਨ ਸੌਂਪਣ ਦੂਜਿਆਂ ਦੇ ਲਈ, ਅਪਣਾ-ਆਪਾ ਖੋਰਨ। ਜਨਮ-ਮਰਨ ਤੇ ਜੀਵਨ ਤੱਕ ਦਾ, ਸਾਥ ਨਿਵਾਵਣ ਹਾਰੇ। ਧੁੱਪ-ਹਨੇਰੀ, ਝੱਖੜ ਜਰ ਕੇ, ਫਿਰ ਵੀ ਲੈਣ ਹੁਲਾਰੇ। ਲੋੜ ਪਈ ਤਾਂ ਵੱਢ ਲੈ ਜਾਂਦੇ, ਧੜ-ਗਰਦਨ ਜਾਂ ਟਾਹਣੀ ਹੋ। ਕੌਣ ਰੁੱਖਾਂ ਦੀ ਭਾਸ਼ਾ ਸਮਝੇ, ਕੌਣ ਰੁੱਖਾਂ ਦਾ ਹਾਣੀ ਹੋ। ਛਾਂ ਦੇਵਣ ਲਈ ਦੂਜਿਆਂ ਨੂੰ, ਜਿਨ੍ਹਾਂ ਅੱਗ ਉਮਰਾਂ ਤੱਕ ਖਾਣੀ ਹੋ।।

ਨਵਾਂ ਸਾਲ

ਫਿਰ ਅੰਗੜਾਈਆਂ ਲੈਣਗੇ, ਗਲਤਾਨੀ ਸੁੱਤੇ। ਟੁੱਕ ਲੱਭਣ ਲਈ ਜਾਣਗੇ, ਪੇਟਾਂ ਤੋਂ ਭੁੱਖੇ। ਨੰਗ ਢਕਣ ਲਈ ਵਿਕੇਗੀ, ਜਿਸਮਾਂ ਦੀ ਰੋਟੀ। ਪਾਊ ਮੁੱਲ ਗਰੀਬ ਦਾ, ਤਕੜੇ ਦੀ ਸੋਟੀ। ਆਦੀ ਹੋ ਕੇ ਭੁਗਤਦੇ ਜੋ ਬਣੇ ਗ਼ੁਲਾਮ। ਨਵੇਂ ਸਾਲ ਦੇ ਸੂਰਜਾ ਲੱਖ-ਲੱਖ ਪ੍ਰਣਾਮ। ਖੌਰੇ ਕੀ ਕੁੱਝ ਰੱਖਿਐ, ਵਿੱਚ ਤੇਰੇ ਝੋਲੇ। ਬੰਬ, ਬੰਦੂਕ, ਬਾਰੂਦ ਜਾਂ ਤੋਪਾਂ ਦੇ ਗੋਲੇ। ਫੇਰ ਉਡਣਗੇ ਚੀਥੜੇ ਜਾਂ ਲੋਥਾਂ ਗੋਰ। ਸੱਚ ਨੂੰ ਫਾਂਸੀ ਦੇਣਗੇ, ਝੂਠਾਂ ਦੇ ਢੋਰ। ਲੰਘ ਜਾਊ ਕੱਲ ਵਾਂਗ ਹੀ ਫਿਰ ਅੱਜ ਦੀ ਸ਼ਾਮ। ਨਵੇਂ ਸਾਲ ਦੇ ਸੂਰਜਾ ਲੱਖ-ਲੱਖ ਪ੍ਰਣਾਮ। ਜੇ ਲਿਆਇਐਂ ਤੂੰ ਰੋਸ਼ਨੀ, ਖੁਸ਼ੀਆਂ ਦੀ ਪੱਲੇ। ਵਾਰ ਸੱਦਕੜੇ ਜਾਂਵਦੇ, ਬਈ ਬੱਲੇ-ਬੱਲੇ। ਕਾਣੀ ਵੰਡ ਨੂੰ ਰੋਕ ਕੇ, ਸਭ ਕਰੀਂ ਬਰਾਬਰ। ਊਚ-ਨੀਚ ਨਾ ਭੇਦ-ਭਾਵ, ਸਭਨਾਂ ਦਾ ਆਦਰ। ਕਰ ਕੂੜ-ਕਪਟ ਦਾ ਖ਼ਾਤਮਾ, ਹੋਵੇ ਸੱਚ ਦਾ ਨਾਮ। ਨਵੇਂ ਸਾਲ ਦੇ ਸੂਰਜਾ, ਲੱਖ-ਲੱਖ ਪ੍ਰਣਾਮ। ਆਇਆ ਫੇਰ ਸਵੇਰ ਲੈ, ਸੂਰਜ ਨੂੰ ਮਾਣੋ। ਉਠੋ ਹੋਕਾ ਦੇ ਰਿਹਾ, ਸਦੀਆਂ ਤੋਂ ਜਾਣੋ। ਸੱਚਮੁੱਚ ਨਵੀਂ ਸਵੇਰ ਜੇ, ਤਾਂ ਫ਼ਰਕ ਲਿਆਓ। ਚੇਤੰਨ ਹੋਈ ਸੋਚ ਵਿੱਚ, ਕੁੱਝ ਤਰਕ ਲਿਆਓ। Ñਲੱਭੋ ਮੰਜ਼ਿਲਾਂ ਰਾਹੀਓ, ਨਹੀਂ ਦੂਰ ਮੁਕਾਮ। ਨਵੇਂ ਸਾਲ ਦੇ ਸੂਰਜਾ, ਲੱਖ-ਲੱਖ ਪ੍ਰਣਾਮ।

ਪੰਜਾਬੀ ਮਾਂ ਬੋਲੀ

ਨਿੱਘੀ-ਮਿੱਠੀ, ਪਿਆਰੀ-ਸੋਹਣੀ, ਮੋਤੀਆਂ ਵਰਗੀ ਮਨ ਨੂੰ ਮੋਹਣੀ ਹਰ ਪੱਖੋਂ ਸੰਪੂਰਨ ਬੋਲੀ, ਬਣਦੀ ਨਾਂ ਇਹ ਕਿਸੇ ਦੀ ਗੋਲੀ। ਪੰਜ ਆਬਾਂ ਦੇ ਹਿੱਸੇ ਆਈ, ਪੀਰ-ਫਕੀਰ, ਆਸ਼ਕਾਂ ਧਿਆਈ। ਬੋਲੀਆਂ ਵਿੱਚੋਂ ਬੋਲੀ ਰਾਣੀ, ਰਚੀ ਗੁਰਾਂ ਨੇ ਇਸ ਵਿਚ ਬਾਣੀ। ਜੇਕਰ ਇਸਨੂੰ ਭੁੱਲ ਜਾਵਾਂਗੇ, ਵਿੱਚ ਹਨੇਰੇ ਰੁਲ਼ ਜਾਵਾਂਗੇ। ਰਲ ਕੇ ਬਣੀਏ ਪਹਿਰੇਦਾਰ, ਮਾਂ ਬੋਲੀ ਨੂੰ ਕਰੀਏ ਪਿਆਰ। ਸ਼ਹਿਦੋਂ ਮਿੱਠੀ, ਮਿਸ਼ਰੀ ਘੋਲੀ, ਸਾਡੀ ਮਾਂ ਪੰਜਾਬੀ ਬੋਲੀ।।

ਕਬਰ

ਸੌਂ ਰਹੀ ਸਾਂ ਮੈਂ ਗੂੜੀ ਨੀਂਦੇ ਸੁਪਨਿਆਂ ਦੇ ਵਿੱਚ ਖੋਈ। ਗਰਭ ਗੋਦ ਵਿੱਚ ਝੂਟੇ ਲੈਂਦੀ, ਅਜੇ ਨਾ ਪੈਦਾ ਹੋਈ। ਪਤਾ ਨਹੀਂ ਇਹ ਸੁਪਨੇ ਕਿਧਰੋਂ, ਘੋੜੇ ਚੜ੍ਹ-ਚੜ੍ਹ ਆਉਂਦੇ। ਨਿੱਕੀਆਂ-ਨਿੱਕੀਆਂ ਬੁਲ੍ਹੀਆਂ ਤਾਈਂ ਹੱਸਣਾ ਪਏ ਸਿਖਾਉਂਦੇ। ਮੈਂ ਜਿਸ ਵਿਹੜੇ ਪੈਦਾ ਹੋਣਾ, ਜੰਨਤ ਨਜ਼ਰੀ ਆਵੇ। ਇਸੇ ਲਈ ਬਾਬਲ ਦਾ ਵਿਹੜਾ, ਜੰਮਣੋਂ ਪਹਿਲਾਂ ਭਾਵੇ। ਅੰਮੀ ਲਈ ਮੈਂ ਛਾਂ ਬਣਾਂਗੀ, ਅੱਬੂ ਲਈ ਸਰਦਾਰੀ। ਭਾਈਆਂ ਦੀ ਮੈਂ ਸ਼ਾਨ ਬਣਾਂਗੀ, ਮਾਹੀ ਲਈ ਫੁੱਲਕਾਰੀ। ਹੋਰ ਪਤਾ ਨਈਂ ਖੌਰੇ ਕੀ ਕੁੱਝ ਸੁਪਨੇ ਵਿੱਚ ਸਮੋਇਆ। ਸੁਪਨਾ ਆਖਰ ਸੁਪਨਾ ਹੁੰਦੈ, ਇਹ ਕਦ ਕਿਸਦਾ ਹੋਇਆ। ਸੁਪਨਾ ਅਜੇ ਨਹੀਂ ਸੀ ਟੁੱਟਾ, ਮੈਂ ਸਾਂ ਗੂੜ੍ਹੀ ਨੀਂਦੇ। ਮੇਰੇ ਵੱਲ ਨੂੰ ਚਾਕੂ ਛੁਰੀਆਂ, ਆਹ ਕਿਉਂ ਵੱਧਦੇ ਦੀਂਹਦੇ। ਹਾਏ ਰੱਬਾ ਕੀ ਘਾਣ ਹੋ ਗਿਆ, ਧਾਹਾਂ ਮਾਰ ਕੇ ਰੋਈ। ਮਾਂ ਮੇਰੀ ਦੇ ਗਰਭ ਗੋਦ, ਮੈਂ ਕੱਟੀ-ਵੱਢੀ, ਮੋਈ। ਮੈਂ ਨਿਰਦੋਸ਼ਣ ਦੋਸ਼ ਕੋਈ ਨਾ, ਫਿਰ ਵੀ ਗਈ ਦਫ਼ਨਾਈ। ਆਪਣਿਆਂ ਨੇ ਮਾਰ ਮੁਕਾ ਕੇ, ਕੁੱਖ ਵਿੱਚ ਕਬਰ ਬਣਾਈ।

ਦੋ ਪਹਿਲੂ

ਜਿੱਤਾਂ ਵੀ ਹੁੰਦੀਆਂ ਨੇ, ਹਾਰਾਂ ਵੀ ਹੁੰਦੀਆਂ ਨੇ। ਮਿਠਾਸ ਵੀ ਹੁੰਦੀ ਏ, ਖਾਰਾਂ ਵੀ ਹੁੰਦੀਆਂ ਨੇ। ਝਿੜਕਾਂ ਵੀ ਹੁੰਦੀਆਂ ਨੇ, ਪੁਚਕਾਰਾਂ ਵੀ ਹੁੰਦੀਆਂ ਨੇ। ਪਤਝੜ ਜੇ ਆਵੇ, ਬਹਾਰਾਂ ਵੀ ਹੁੰਦੀਆਂ ਨੇ। ਹਰ ਇੱਕ ਸਿੱਕੇ ਦੇ ਹੁੰਦੇ ਨੇ ਦੋ ਪਹਿਲੂ ਪਹਿਲੂਆਂ ਨੂੰ ਮਿਲਾਉਂਦੀਆਂ ਕੁੱਝ ਤਾਰਾਂ ਵੀ ਹੁੰਦੀਆਂ ਨੇ। ਦੁੱਖ ਵੀ ਮਿਲਦੈ ਤਾਂ ਸੁੱਖ ਵੀ ਹੁੰਦਾ ਏ। ਤਪਣ ਦੁਪਹਿਰਾਂ ਕਿਤੇ ਰੁੱਖ ਵੀ ਹੁੰਦਾ ਏ। ਘਾਬਰ ਨਾ ਪਿੱਠ ਦੇਖ, ਮੁੱਖ ਵੀ ਹੁੰਦਾ ਏ। ਭੁੱਖਾ ਜੇ ਪੇਟ ਕਿਤੇ ਟੁੱਕ ਵੀ ਹੁੰਦਾ ਏ। ਬੀਜ ਕਿਸੇ ਚੀਜ਼ ਦਾ ਨਾਸ ਨਾ ਹੋਵੇ। ਮਨਮੁੱਖਾਂ ਵਿੱਚ ਮਨੁੱਖ ਵੀ ਹੁੰਦਾ ਏ। ਰੋਂਦੀਆਂ ਜੇ ਅੱਖਾਂ, ਕਦੇ ਬੁੱਲ ਵੀ ਨੇ ਹੱਸਦੇ। ਉਜੜੇ ਲੋਕਾਂ ਦੇ, ਫਿਰ ਘਰ ਵੀ ਨੇ ਵੱਸਦੇ। ਭਟਕੇ ਜੇ ਰਾਹੀ ਕਦੇ ਰਸਤੇ ਵੀ ਦੱਸਦੇ। ਜ਼ਹਿਰ ਜੇ ਪੀਤੀ, ਕਦੇ ਅੰਮ੍ਰਿਤ ਵੀ ਰੱਸਦੇ। ਰਾਤਾਂ ਜੇ ਹੋਵਣ, ਪ੍ਰਭਾਵਾਂ ਵੀ ਹੁੰਦੀਆਂ ਨੇ। ਲੁੱਟ ਜਾਏ ਦੁਨੀਆਂ ਸੌਗਾਤਾਂ ਵੀ ਹੁੰਦੀਆਂ ਨੇ।

ਜ਼ਿੰਦਗੀ

ਭਰਦੀ ਹੁੰਗਾਰਾ ਅਤੇ ਬਾਤ ਵੀ ਹੈ ਜ਼ਿੰਦਗੀ ਵੰਡਦੀ ਹੈ ਖੁਸ਼ੀਆਂ, ਸੌਗਾਤ ਵੀ ਹੈ ਜ਼ਿੰਦਗੀ ਰੁਸ-ਰੁਸ ਬੈਠਦੀ ਤੇ ਆਪੇ ਹੀ ਮਨਾਉਂਦੀ ਹੈ। ਭੱਜੀ-ਨੱਠੀ ਫਿਰਦੀ ਨਜ਼ਰ ਜਹੀ ਆਉਂਦੀ ਹੈ। ਕਦੇ ਕਦੇ ਲੱਗੇ ਕਿ ਉਧਾਰ ਵੀ ਹੈ ਜ਼ਿੰਦਗੀ। ਪਿਆਰ ਵੀ ਹੈ ਜ਼ਿੰਦਗੀ, ਖੁਮਾਰ ਵੀ ਹੈ ਜ਼ਿੰਦਗੀ। ਵੰਡਦੀ ਹੈ ਮਹਿਕਾਂ ਤੇ ਬਹਾਰ ਵੀ ਹੈ ਜ਼ਿੰਦਗੀ। ਨਵਾਂ ਕੁੱਝ ਕਰੀਏ, ਇਹ ਚਾਅ ਜਿਹਾ ਰਹਿੰਦਾ ਹੈ। ਕਹਿੰਦੀ ਕੁੱਝ ਜ਼ਿੰਦਗੀ, ਜ਼ਮਾਨਾ ਕੁੱਝ ਕਹਿੰਦਾ ਹੈ। ਸਮੇਂ ਦੀ ਨਿਰਾਸ਼ਾ ਨਾਲ ਲੜਦੀ ਹੈ ਜ਼ਿੰਦਗੀ। ਫੇਰ ਵੀ ਆਸ਼ਾਵਾਂ ਸੰਗ ਖੜਦੀ ਹੈ ਜ਼ਿੰਦਗੀ। ਹਿੰਮਤਾਂ ਦੀ ਭਰੀ ਬੇਸ਼ੁਮਾਰ ਵੀ ਹੈ ਜ਼ਿੰਦਗੀ। ਪਿਆਰ ਵੀ ਹੈ ਜ਼ਿੰਦਗੀ, ਖੁਮਾਰ ਵੀ ਹੈ ਜ਼ਿੰਦਗੀ। ਵੰਡਦੀ ਹੈ ਮਹਿਕਾਂ ਤੇ ਬਹਾਰ ਵੀ ਹੈ ਜ਼ਿੰਦਗੀ। ਫਰਜ਼ ਕਰਜ਼ ਦੀਆਂ ਪੰਡਾਂ ਥੱਲੇ ਘੁਟ ਜਾਏ। ਪਤਾ ਈ ਨਾ ਲੱਗੇ ਕਦੋਂ ਕਿੱਥੋਂ-ਕਿੱਥੋਂ ਟੁੱਟ ਜਾਏ। ਚਾਵਾਂ ਤੇ ਮਲਾਰਾਂ ਦੀ ਹੁਸੀਨ ਹੋਈ ਜ਼ਿੰਦਗੀ। ਕਦੇ ਇੰਝ ਲੱਗੇ, ਜਿਉਂ ਮਸ਼ੀਨ ਹੋਈ ਜ਼ਿੰਦਗੀ। ਕਿਸੇ ਵੇਲੇ ਖੁਸ਼ੀਆਂ ਦੀ ਠਾਰ ਵੀ ਹੈ ਜ਼ਿੰਦਗੀ। ਪਿਆਰ ਵੀ ਹੈ ਜਿੰਦਗੀ, ਖੁਮਾਰ ਵੀ ਹੈ ਜ਼ਿੰਦਗੀ। ਵੰਡਦੀ ਹੈ ਮਹਿਕਾਂ ਤੇ ਬਹਾਰ ਵੀ ਹੈ ਜ਼ਿੰਦਗੀ। ਸੁਖੀ-ਦੁਖੀ, ਰੁੱਝੀ-ਬੁਝੀ, ਜਿੱਤੀ-ਹਾਰੀ ਜ਼ਿੰਦਗੀ। ਪਰ ਯਾਰੋ ਫੇਰ ਵੀ ਪਿਆਰੀ ਸਾਰੀ ਜ਼ਿੰਦਗੀ। ਜ਼ਿੰਦਗੀ 'ਚ ਜ਼ਿੰਦਗੀ ਹੈ, ਫੇਰ ਵੀ ਹੈ ਜ਼ਿੰਦਗੀ। ਜ਼ਿੰਦਗੀ ਜੇ ਰਾਤ ਹੈ, ਸਵੇਰ ਵੀ ਹੈ ਜ਼ਿੰਦਗੀ। ਲੈਣ ਵੀ ਇਹ ਜਾਣੇ, ਦੇਣਦਾਰ ਵੀ ਹੈ ਜ਼ਿੰਦਗੀ। ਪਿਆਰ ਵੀ ਹੈ ਜਿੰਦਗੀ, ਖੁਮਾਰ ਵੀ ਹੈ ਜ਼ਿੰਦਗੀ। ਵੰਡਦੀ ਹੈ ਮਹਿਕਾਂ ਤੇ ਬਹਾਰ ਵੀ ਹੈ ਜ਼ਿੰਦਗੀ।

ਜੀਵਨਧਾਰਾ

ਨਾ ਤਾਂ ਮੈਂ ਉਹ ਭਾਸ਼ਾ ਜਾਣਾ, ਭੰਨਾਂ ਘੜਤਾਂ ਤੋਲਾਂ। ਕੀਕੂੰ ਦਿਲ ਨੂੰ ਚੁੱਪ ਬਿਠਾਵਾਂ, ਕਿੰਝ ਆਪਣਾ ਮਨ ਫੋਲ਼ਾਂ। ਕੂਕ ਪੁਕਾਰ ਪਪੀਹੇ ਵਾਲੀ, ਸੁਣੇ ਜੇ ਮਹਿਰਮ ਸੋਈ। ਅੰਤਰ ਪੀੜ ਹੱਡਾਂ ਨੂੰ ਚੀਰੇ, ਨਾ ਜਿੰਦਾ ਨਾ ਮੋਈ। ਜੀਵਨ ਡੋਰ ਸਮੇਂ ਦੇ ਛੋਪੋਂ, ਪਲ ਪਲ ਘਟਦੀ ਜਾਵੇ। ਸਰਾਂ-ਗਰਾਂ ਨਾ ਪਿੰਡ-ਪੱਤਲ, ਨਾ ਮੰਜ਼ਿਲ ਕਿਧਰੇ ਆਵੇ। ਹੰਭੀ-ਹਾਰੀ, ਥੱਕੀ ਟੁੱਟੀ, ਜ਼ਿੰਦਗੀ ਖੁਰਦੀ-ਭੁਰਦੀ, ਚਸ਼ਮੇ ਵਾਂਗੂੰ ਆਸ਼ਾ ਰੱਖਦੀ, ਫਿਰ ਵੀ ਜਾਵੇ ਤੁਰਦੀ। ਜੀਵਨ-ਧਾਰਾ ਵੱਗਦੇ ਰਹਿਣਾ, ਵਗਦੇ-ਵਗਦੇ ਫਬੀਏ। ਮੰਜ਼ਿਲ ਨਾ ਸੀ ਤਾਂ ਵੀ ਕੀ ਏ, ਦੂਜਿਆਂ ਲਈ ਰਾਹ ਲੱਭੀਏ।।

ਰੂਹ ਦੇ ਰਿਸ਼ਤੇ

ਪੁੱਛਿਆ ਇਕ ਦਿਨ ਹਵਾ ਨੇ ਰੁੱਖ ਨੂੰ ਯਾਦ ਅਸਾਂ ਨੂੰ ਕਰਦੈਂ? ਮਸਤੀ ਦੇ ਵਿੱਚ ਝੂਮੇ-ਗਾਵੇਂ, ਕਿਸ-ਕਿਸ ਦਾ ਦਮ ਭਰਦੈਂ? ਸੁਣ ਕੇ ਰੁੱਖ ਹਵਾ ਦੀ ਗੱਲ ਨੂੰ, ਧੁਰ ਅੰਦਰ ਨੂੰ ਟੋਹਿਆ। ਕਿੱਦਾਂ ਆਖਾਂ ਤੈਨੂੰ ਅੜੀਏ, ਕਿੰਝ ਹਾਂ ਤੇਰਾ ਹੋਇਆ। ਅੰਦਰ-ਬਾਹਰ ਤੂੰ ਹੀ ਤੂੰ ਹੈ, ਤੂੰ ਸਾਹਾਂ ਸੰਗ ਰਹਿੰਦੀ। ਸੁੱਕ ਜਾਂਦਾ ਹਾਂ, ਮੁੱਕ ਜਾਂਦਾ ਹਾਂ, ਜਿਸ ਪਲ ਨਜ਼ਰ ਨਾ ਪੈਂਦੀ। ਰਿਹਾ ਖਾਮੋਸ਼ ਉਹ ਰੂਹ ਦਾ ਹਾਣੀ ਮੂੰਹੋਂ ਕੁੱਝ ਨਾ ਬੋਲੇ। ਕਿੱਦਾਂ ਆਖੇ ਦਿਲ ਦੀ ਗੱਲ ਨੂੰ, ਕਿੰਝ ਆਪਣਾ ਮਨ ਫੋਲ਼ੇ। ਚੁੱਪ ਦੀ ਵੀ ਇੱਕ ਭਾਸ਼ਾ ਹੁੰਦੀ, ਜੇ ਕੋਈ ਪੜ੍ਹਨੀ ਜਾਣੇ। ਰੂਹ ਦੀਆਂ ਗੱਲਾਂ, ਰੂਹ ਦੇ ਰਿਸ਼ਤੇ, ਰੂਹ ਨੂੰ ਰੂਹ ਪਛਾਣੇ। ਹੁੰਦੇ ਫਰਜ਼, ਗਰਜ਼ ਤੋਂ ਵੱਡੇ, ਜੇ ਕੋਈ ਪਹਿਚਾਣੇ। ਆਪਣਾ ਸੁੱਖ ਤਿਆਗੇ ਜਿਹੜਾ, ਦੂਜੇ ਦਾ ਦੁੱਖ ਜਾਣੇ। ਜੋ ਸੁਲਤਾਨ ਹੈ ਰੂਹ ਦਾ ਲੋਕੋ ਖੁਦ ਰੌਸ਼ਨ ਰੁਸ਼ਨਾਵੇ। ਜਿਸ ਤਨ ਅੰਦਰ ਈਰਖ ਸਾੜਾ ਮੜੀ ਮਸਾਣ ਕਹਾਵੇ। ਇਹ ਸੁਲਤਾਨੀ ਅਜਬ ਫ਼ਕੀਰੀ ਪਲ ਜੀਣਾ ਪਲ ਮਰਨਾ। ਜਿਸ ਨੇ ਪੀੜ ਹੱਡਾਂ ਨੂੰ ਦੇਣੀ, ਦਮ ਉਸਦਾ ਹੀ ਭਰਨਾ। ਯਾ ਅੱਲਾ ਉਹ ਜੀਣ ਹਮੇਸ਼ਾ, ਜੋ ਚਾਨਣ-ਵਣਜਾਰੇ। ਦਿਨ ਵਿੱਚ ਚੜ੍ਹਦੇ ਸੂਰਜ ਬਣਕੇ, ਰਾਤ ਨੂੰ ਬਣਦੇ ਤਾਰੇ।।

ਮਨ ਦੇ ਰੰਗ ਹਜ਼ਾਰ

ਹੱਸੇ-ਟੱਪੇ ਗਾਵੇ ਮਨ , ਦੌੜਾਂ-ਦੌੜਦਾ ਜਾਵੇ ਮਨ। ਭੇਦੋਂ-ਭੇਦ, ਅਭੇਦ-ਅਨੋਖਾ, ਮਨ ਦੇ ਜਾਵੇ ਮਨ ਨੂੰ ਧੋਖਾ। ਗੁੱਝੀਆਂ ਰਮਝਾਂ ਲੱਭਦਾ ਮਨ, ਮਨ ਵਿੱਚ ਮਨ ਨੂੰ ਦੱਬਦਾ ਮਨ। ਮਨ ਜਿੱਤਿਆਂ ਜਗ ਜਿੱਤਿਆ ਜਾਵੇ, ਮਨ ਹਾਰੇ ਤਾਂ ਹਾਰ। ਮਨ ਦੇ ਮੌਸਮ ਰੰਗ ਹਜ਼ਾਰ, ਮਨ ਦੀ ਮਿੱਟੀ ਕੀ ਇਤਵਾਰ। ਮਸਤ-ਮਲੰਘ ਫੌਜਾਂ ਦੀ ਫੌਜ, ਮਨ ਹੀ ਜਾਣੇ ਮਨ ਦੀ ਮੌਜ। ਮਨ ਲੋਭੀ- ਮਨ ਚੰਚਲ ਚਿੱਤ, ਬਣਦਾ ਨਾ ਇਹ ਛੇਤੀ ਮਿੱਤ। ਜੋਤ-ਸਰੂਪੀ, ਅਜਬ-ਸਰੂਪਾ, ਮਨ ਮੰਦਿਰ ਮਨ ਮਹਿਰਮ ਰੂਪਾ। ਡੁੱਬ ਜਾਵੇ ਇੱਕ ਚੂਲੀ ਦੇ ਵਿੱਚ, ਕਰਦਾ ਭਵ-ਸਾਗਰ ਵੀ ਪਾਰ। ਮਨ ਦੇ ਮੌਸਮ ਰੰਗ ਹਜ਼ਾਰ, ਮਨ ਦੀ ਮਿੱਟੀ ਕੀ ਇਤਵਾਰ। ਮਨ ਬੇੜੀ, ਮਨ ਵਣਜ ਮੁਹਾਣੇ, ਮਨ ਦੀ ਪੀੜਾ ਮਨ ਹੀ ਜਾਣੇ। ਮਨ ਨੇੜੇ, ਮਨ ਕੋਹਾਂ ਦੂਰ, ਮਨ ਸਾਬਤ ਮਨ ਚਕਣਾ-ਚੂਰ। ਬੜਾ ਕਠਨ ਇਸਨੂੰ ਸਮਝਾਉਣਾ ਐਧਰੋਂ ਪੁੱਟ ਕੇ ਓਧਰ ਲਾਉਣਾ। ਮਨ ਡੋਲੇ, ਮਨ ਧੀਰ ਧਰਾਵੇ, ਕਿਧਰੇ ਇਸ ਵਿੱਚ ਹਾਹਾਕਾਰ। ਮਨ ਦੇ ਮੌਸਮ ਰੰਗ ਹਜ਼ਾਰ, ਮਨ ਦੀ ਮਿੱਟੀ ਕੀ ਇਤਵਾਰ। ਮਨ ਮੱਤੀਏ, ਮੂੜੇ ਅਭਿਮਾਨੀ, ਸਮਝਣ ਵਾਲੇ ਸੁਘੜ-ਸੁਜਾਨੀ ਧਰਕੇ ਧਿਆਨ ਇਸੇ ਦਾ ਧਿਆਨੀ ਮਨ ਨੂੰ ਜਿੱਤਣ ਬ੍ਰਹਮ ਗਿਆਨੀ ਹੈ ਸ਼ੈਤਾਨ, ਇਨਸਾਨ ਵੀ ਇਸ ਵਿੱਚ, ਵਸਦਾ ਹੈ ਭਗਵਾਨ ਵੀ ਇਸ ਵਿੱਚ। ਹਰ ਮਨ ਦੀ ਹੈ ਆਪਣੀ ਖਸਲਤ, ਹਰ ਮਨ ਦਾ ਵੱਖਰਾ ਕਿਰਦਾਰ। ਮਨ ਦੇ ਮੌਸਮ ਰੰਗ ਹਜ਼ਾਰ, ਮਨ ਦੀ ਮਿੱਟੀ ਕੀ ਇਤਵਾਰ। ਮਨ ਦੀਆਂ ਗੱਲਾਂ ਮਨ ਹੀ ਜਾਣੇ, ਮਨ ਦੇ ਭੇਦ ਨੂੰ ਕੌਣ ਪਛਾਣੇ। ਮਨ ਦੇ ਰੰਗ ਅਨੇਕ ਅਨੰਤ, ਇਸ ਮਨ ਦਾ ਨਾ ਕੋਈ ਅੰਤ। ਇਹ ਮਨ ਦਾਸਨ-ਦਾਸਾਂ, ਦਾਸ, ਇਸ ਮਨ ਦੇ ਵਿੱਚ ਭੋਗ ਵਿਲਾਸ। ਪੰਜ ਤੱਤਾਂ ਦੇ ਮਹਿਲ ਦਾ ਕੈਦੀ, ਜਾਂਦਾ ਸੱਤ-ਸਮੁੰਦਰੋਂ ਪਾਰ। ਮਨ ਦੇ ਮੌਸਮ ਰੰਗ ਹਜ਼ਾਰ, ਮਨ ਦੀ ਮਿੱਟੀ ਕੀ ਇਤਵਾਰ।

ਆ ਪੀੜਾਂ ਨੂੰ ਸਾਂਝਾ ਕਰੀਏ

ਆ ਪੀੜਾਂ ਨੂੰ ਸਾਂਝਾ ਕਰੀਏ, ਆ ਦੁੱਖਾਂ ਨੂੰ ਵੰਡੀਏ। ਆਪਣੇ ਅੰਦਰ ਝਾਤੀ ਮਾਰੀਏ, ਲੋਕਾਂ ਨੂੰ ਕਿਉਂ ਭੰਡੀਏ। ਚਿਹਰੇ ਦਿੱਸਣ ਮਖੌਟਿਆਂ ਵਾਲੇ, ਕਿਸ-ਕਿਸ ਦੇ ਨਾਲ ਲੜੀਏ। ਆਪਣਾ ਆਪਾ ਟੁੱਟ ਨਾ ਜਾਵੇ, ਕਿਉਂ ਨਾ ਇਸ ਨਾਲ ਖੜੀਏ। ਤੂੰ ਵੀ ਜਾਣੇ ਮੈਂ ਵੀ ਜਾਣਾ, ਮੋਹ ਪਿਆਰ ਦੀਆਂ ਬਾਤਾਂ। ਫਿਰ ਵੀ ਦਿਨ ਕਿਉਂ ਐਨੇ ਸੱਖਣੇ, ਸੁੰਨੀਆਂ ਨੇ ਕਿਉਂ ਰਾਤਾਂ। ਖੁਰ-ਖੁਰ ਜਾਵੇ, ਭੁਰ-ਭੁਰ ਜਾਵੇ, ਜਿੰਦ ਨਿਮਾਣੀ ਆਕੀ। ਚਾਅ ਮੁਕਿਆਂ ਤੋਂ ਕੀ ਕਰਨੀ ਏਂ, ਮੁੱਠ ਹੱਡੀਆਂ ਦੀ ਬਾਕੀ। ਬਾਹਰੋਂ ਦਿਸਦੇ ਹੱਸਦੇ ਚਿਹਰੇ, ਅੰਦਰੋਂ ਘੋਰ ਉਦਾਸੀ। ਤਨ ਪੀੜਾਂ ਦੀ ਉਮਰ ਹੰਢਾਵੇ, ਤੜਫ਼ੇ ਰੂਹ ਪਿਆਸੀ। ਨਕਲੀ ਭੇਸ ਮੁਲੱਮੇ ਵਾਲੇ, ਛਾਵਾਂ ਵਿੱਚ ਵੀ ਸੜਦੇ। ਕੁੰਦਨ ਉਹੀਓ ਬਣਦੇ ਸੱਜਣਾ, ਜੋ ਅਗਨੀ ਵਿੱਚ ਖੜਦੇ। ਆ ਪੀੜਾਂ ਨੂੰ ਸਾਂਝਾ ਕਰੀਏ, ਆ ਦੁੱਖਾਂ ਨੂੰ ਵੰਡੀਏ। ਆਪਣੇ ਅੰਦਰ ਝਾਤੀ ਮਾਰੀਏ, ਲੋਕਾਂ ਨੂੰ ਕਿਉਂ ਭੰਡੀਏ।

ਤੁਣਕੇ

ਕਾਤਿਲ ਦੇ ਨਾਲ ਕੋਤਵਾਲ ਦੀ, ਅੱਜ ਵੀ ਸਾਂਝੇਦਾਰੀ ਹੈ, ਰਿਸ਼ਵਤ ਲੈ ਕੇ ਰਿਸ਼ਵਤ ਦੇਵੇ, ਅਫ਼ਸਰ ਜੋ ਸਰਕਾਰੀ ਹੈ। ਧਰਮ ਦੇ ਨਾਂ 'ਤੇ ਲੁੱਟਣ ਵਾਲਾ, ਆਗੂ ਨਹੀਂ ਵਪਾਰੀ ਹੈ, ਵੋਟਾਂ ਲੈ ਕੇ ਧੋਖਾ ਕਰ ਗਿਆ, ਨੇਤਾ ਜੋ ਹਿੱਤਕਾਰੀ ਹੈ। ਆਪਣਾ-ਆਪਣਾ ਕਹਿ ਕੇ ਯਾਰੋ, ਆਪਣਿਆਂ ਖਲ ਉਤਾਰੀ ਹੈ, ਹੱਕ ਮਾਰ ਕੇ ਦੂਜਿਆਂ ਦਾ, ਫਿਰ ਆਖਣ ਇਹ ਸਰਦਾਰੀ ਹੈ। ਇੱਕ ਦੂਜੇ ਦੀ ਨੁਕਤਾਚੀਨੀ, ਸਭ ਨੂੰ ਇਹੋ ਬਿਮਾਰੀ ਹੈ, ਕਲਮ ਵੇਚ ਕੇ ਲਿਖਦਾ ਜਿਹੜਾ, ਕਾਹਦਾ ਉਹੋ ਲਿਖਾਰੀ ਹੈ। ਦਾਰੂ ਭੰਗ ਤੇ ਚਿੱਟਾ ਲਾ ਕੇ, ਇਸਨੂੰ ਕਹਿਣ ਖੁਮਾਰੀ ਹੈ, ਆਪਣੇ ਪੈਰ ਕੁਹਾੜਾ ਮਾਰੇ, ਇਹ ਕਿਹੜੀ ਹੁਸ਼ਿਆਰੀ ਹੈ। ਸੱਚ ਦਾ ਹੋਕਾ ਦਿੰਦਾ ਜਿਹੜਾ, ਉਸਨੂੰ ਕਹਿਣ ਮਦਾਰੀ ਹੈ, ਮੇਰਿਓ ਲੋਕੋ ਸਮਝ ਸੋਚ ਲਓ, ਮੱਤ ਕਿਉਂ ਥੋਡੀ ਮਾਰੀ ਹੈ।

ਪਹਿਚਾਣ

ਜਰਬਾਂ ਤੇ ਤਕਸੀਮਾਂ ਕਰ-ਕਰ ਅਧੂਰੇ, ਏਕੇ ਦਾ ਪੱਲੇ ਜੇ ਗਿਆਨ ਨਾ ਹੋਵੇ। ਖੋ ਜਾਂਦੈ ਵੱਗ 'ਚ ਇੱਜੜਾਂ ਦੇ ਵਾਂਗੂੰ, ਬੰਦੇ ਦੀ ਜੇ ਵੱਖਰੀ ਪਹਿਚਾਣ ਨਾ ਹੋਵੇ। ਮਰ ਮਰ ਕੇ ਜੀਣਾ ਵੀ, ਜੀਣਾ ਕੀ ਯਾਰੋ, ਜੀਣਾ ਉਹ ਕਾਹਦਾ ਜੇ ਸ਼ਾਨ ਨਾ ਹੋਵੇ। ਜ਼ਿੰਦਗੀ ਸਫ਼ਰ ਹੈ, ਕਰਦੇ ਨੇ ਸਾਰੇ, ਕਾਹਦਾ ਸਫ਼ਰ, ਜੇ ਨਿਸ਼ਾਨ ਨਾ ਹੋਵੇ। ਹਿੰਦੂ ਸਿੱਖ ਤੇ ਭਾਵੇਂ ਮੁਸਲਮਾਨ ਹੋਵੇ, ਬੰਦਾ ਕੁੱਝ ਵੀ ਨਹੀਂ, ਜੇ ਇਨਸਾਨ ਨਾ ਹੋਵੇ।।

ਪਰਦੇਸ

ਚਿੰਤਾ ਪੇਪਰਾਂ ਦੀ, ਕਰਜ਼ੇ ਦਾ ਫ਼ਿਕਰ ਰਹਿੰਦਾ ਹੈ। ਕੱਲ ਤੋਂ ਮਾਲਕ ਵੀ, ਕੰਮ ਦੇ ਜੁਆਬ ਲਈ ਕਹਿੰਦਾ ਹੈ। ਫੁੱਲ ਵੇਚਦਿਆਂ ਵੀ, ਮੁਰਝਾ ਕੇ ਚਿਹਰਾ ਸੁੱਕ ਜਾਂਦਾ ਹੈ, ਕੌਣ ਕੀ ਜਾਣੇ, ਪਿੱਛੇ ਉਸਦਾ ਕੀ ਕੁੱਝ ਮੁੱਕ ਜਾਂਦਾ ਹੈ। ਹਰ ਸਵੇਰ, ਭਾਵੇਂ ਇੱਕ ਨਵਾਂ ਪੈਗ਼ਾਮ ਹੁੰਦੀ ਏ। ਪ੍ਰਦੇਸੀਆਂ ਲਈ ਕਈ ਵਾਰੀ, ਸਿੱਖਰ ਦੁਪਹਿਰੇ ਵੀ ਸ਼ਾਮ ਹੁੰਦੀ ਏ। ਧੂੰਆਂ ਯਾਦਾਂ ਦਾ, ਸੁਲਗਦੀ ਅੱਗ ਹੁੰਦੀ ਏ, ਤਣੇ ਨੂੰ, ਜੜਾਂ ਨਾਲ ਜੋੜਨ ਦੀ, ਚਿੰਤਾ ਅਲੱਗ ਹੁੰਦੀ ਏ। ਇਹ ਜੋ ਤੂਫ਼ਾਨਾਂ ਵਿੱਚ ਵੀ, ਸਾਗਰਾਂ ਦੀ ਪੈੜ ਦੱਬਦੇ ਨੇ, ਹਿੰਮਤੀ ਲੋਕ ਹੀ, ਹਨੇਰਿਆਂ 'ਚੋਂ ਚਾਨਣ ਲੱਭਦੇ ਨੇ।।

ਸੰਕਲਪ

ਰੁਕਦੇ ਕਦਮਾਂ ਨੂੰ ਵੀ ਧੂਹ ਕੇ ਦੇਖਿਆ ਹੈ। ਅਸੀਂ ਤਾਂ ਆਪੇ ਨੂੰ ਵੀ, ਲੂਹ ਕੇ ਦੇਖਿਆ ਹੈ। ਸਦੀਆਂ ਦੀ ਗਾਥਾ, ਪਰ ਇਹ ਕਹਿੰਦੀ ਹੈ, ਰਾਜਨੀਤੀ ਰਾਜਨੀਤੀ ਹੈ, ਭਾਰੂ ਹੀ ਰਹਿੰਦੀ ਹੈ। ਇਹ ਵੀ ਸੱਚ ਹੈ ਕਿ ਮਨੁੱਖਤਾ ਨੂੰ ਡਰਾਇਆ ਨਹੀਂ ਜਾ ਸਕਦਾ, ਜਿਤੇ ਨਾ ਜਿਤੇ, ਹਰਾਇਆ ਨਹੀਂ ਜਾ ਸਕਦਾ। ਮਰੀਆਂ ਜ਼ਮੀਰਾਂ ਵਾਲੇ ਲੋਕ ਤਾਂ, ਗ਼ੁਲਾਮ ਰਹਿੰਦੇ ਨੇ, ਇਤਿਹਾਸ ਉਹ ਸਿਰਜਦੇ ਨੇ, ਜੋ ਸ਼ਹਾਦਤਾਂ ਦੇ ਰਾਹ ਪੈਂਦੇ ਨੇ। ਜ਼ਖ਼ਮ ਸਮੇਂ ਦੇ ਸਿੱਦਕ ਨਾਲ ਸੀਅ ਕੇ ਦੇਖਦੇ ਹਾਂ, ਚਲੋ ਫਿਰ ਤੋਂ ਜ਼ਿੰਦਗੀ ਨੂੰ ਜੀਅ ਕੇ ਦੇਖਦੇ ਹਾਂ।

ਵੰਗਾਰ

ਤੁਸੀਂ ਭਾਵੇਂ, ਕਿੰਨਾ ਵੀ ਕਤਲ ਕਰਦੇ ਰਹੋ ਕੁੱਖਾਂ ਵਿੱਚ ਜਾਂ ਦੁੱਖਾਂ ਵਿੱਚ ਮਨੁੱਖਾਂ ਤੇ ਰੁੱਖਾਂ ਵਿੱਚ ਮੈਂ ਫਿਰ ਵੀ ਵੰਗਾਰ ਬਣਕੇ ਪੈਦਾ ਹੁੰਦੀ ਰਹਾਂਗੀ ਪੱਥਰਾਂ ਵਿਚੋਂ ਪੁੰਗਰੀ ਕੂਲੀ ਲਗਰ ਦੀ ਤਰ੍ਹਾਂ।

ਯਾਤਰਾ

ਸਫ਼ਰ ਮੰਜ਼ਿਲ ਤੋਂ ਅੱਗੇ ਵੀ ਹੁੰਦਾ ਹੈ ਬਦਲਵੇਂ ਰੂਪ ਵਿੱਚ ਖੋ ਕੇ ਪਾ ਲੈਣਾ ਵੀ ਇਸ ਸਫ਼ਰ ਦੀ ਪ੍ਰਾਪਤੀ ਹੈ ਆਓ ਯਾਤਰਾ ਕਰੀਏ! ਉਨ੍ਹਾਂ ਰਾਹਾਂ ਦੀ ਜੋ ਕਦੇ ਨਹੀਂ ਮੁਕਦੇ ਤੇ ਨਾ, ਮੁੱਕਣ ਦਿੰਦੇ ਨੇ। ਸਫ਼ਰ ਅੰਤ ਤੋਂ ਅੱਗੇ ਵੀ ਹੁੰਦਾ ਹੈ ਬਦਲਾਅ ਦੇ ਰੂਪ ਵਿੱਚ ਜੋ ਹਮੇਸ਼ਾ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੈ।

ਯੋਧੇ

ਸਮਰੱਥ ਹੋ ਕੇ ਤਾਂ ਹਰ ਕੋਈ ਯੁੱਧ ਕਰ ਸਕਦਾ ਹੈ ਪਰ ਮਹਾਨ ਹੁੰਦੇ ਹਨ ਉਹ ਯੋਧੇ ਜੋ ਨਿਹੱਥੇ ਹੁੰਦਿਆਂ ਵੀ ਸਿਰੜ ਨਹੀਂ ਹਾਰਦੇ ਹਾਲਾਤਾਂ ਨਾਲ ਯੁੱਧ ਕਰਦੇ ਮੈਦਾਨ ਨਹੀਂ ਛੱਡਦੇ ਸਗੋਂ ਜੋਸ਼ ਦੀ ਮੁੱਕੀ ਨੂੰ ਸਮੇਂ ਦੀ ਹਿੱਕ ਵਿੱਚ ਇਓਂ ਖੋਭਦੇ ਹਨ ਜਿਵੇਂ ਭੂਤਰੇ ਹਾਥੀ ਦੇ ਮੱਥੇ ਬੰਨੀਆਂ ਤਵੀਆਂ ਚੀਰਦੀ ਭਾਈ ਬਚਿੱਤਰ ਸਿੰਘ ਦੀ ਨਾਗਣੀ।

ਦਰਿਆਵੇ ਕੰਨੇ ਰੁੱਖੜਾ

ਬਹੁਤ ਔਖਾ ਹੁੰਦਾ ਹੈ ਤੇਜ ਧੁੱਪ, ਹਨੇਰੀ ਤੇ ਝੱਖੜ ਜਰ ਕੇ ਫਲ-ਫੁੱਲ ਤੇ ਛਾਂ ਦਿੰਦੇ ਰਹਿਣਾ ਪਰ ! ਇਸ ਤੋਂ ਕਿਤੇ ਵੱਧ ਔਖਾ ਹੈ ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਰੁੱਖਾਂ ਦਾ ਡਟੇ ਰਹਿਣਾ ਜਿਨ੍ਹਾਂ ਦੀਆਂ ਜੜਾਂ ਅਜੇ ਗਹਿਰੀਆਂ ਨਾ ਹੋਣ ਤੇ ਕਿਨਾਰਾ ਦਰਿਆਵਾਂ ਦਾ ਹੋਵੇ।

ਵਿਕਾਸ-ਵਿਨਾਸ

ਨਹਿਰਾਂ ਨੂੰ ਖੇਤਾਂ ਨੇ ਖੇਤਾਂ ਨੂੰ ਪਿੰਡਾਂ ਨੇ ਪਿੰਡਾਂ ਨੂੰ ਸ਼ਹਿਰਾਂ ਨੇ, ਸ਼ਹਿਰਾਂ ਨੂੰ ਬਸਤੀਆਂ ਨੇ, ਬਸਤੀਆਂ ਨੂੰ ਹਸਤੀਆਂ ਨੇ, ਕੁੱਝ ਐਦਾਂ ਘੇਰ ਲਿਐ। ਕਾਦਰ ਦੀ ਕੁਦਰਤ ਤੋਂ, ਮੁੱਖ ਬੰਦਿਆਂ ਫੇਰ ਲਿਐ।

ਤੂੰ ਕਿਹਾ ਸੀ

ਤੂੰ ਕਿਹਾ ਸੀ ਜੰਗਲ ਦੀ ਅੱਗ ਬੁੱਝਣ ਤੋਂ ਬਾਅਦ ਫਿਰ ਫੁੱਟ ਆਉਂਦੀਆਂ ਨੇ ਲਗਰਾਂ ਫਿਰ ਤੋਂ ਮਹਿਕਾਂ ਬਿਖੇਰਦੇ ਨੇ ਫਲ-ਫੁੱਲ ਤੇ ਬਾਗ-ਬਗੀਚੇ ਇਸ ਧਰਤ ਨੂੰ ਹਰਿਆ-ਭਰਿਆ ਰੱਖਣ ਲਈ ਪਰ! ਐਥੇ ਤਾਂ ਧਰਤ ਦੇ ਪਿੰਡੇ ਤੇ ਫਿਰ ਤੋਂ ਉੱਗ ਆਏ ਨੇ ਕੰਡੇ, ਬਾਰੂਦ ਤੇ ਕਟਾਰਾਂ ਪਿੰਡਿਆਂ ਨਾਲ ਖਹਿ ਕੇ ਲਹੂ-ਲੁਹਾਣ ਹੁੰਦੇ ਪਿੰਡੇ ਫਿਰ ਜੰਗਲ ਦੀ ਅੱਗ ਵੱਲ ਤੁਰ ਪਏ ਨੇ। ਤੂੰ ਕਿਹਾ ਸੀ, ਜੰਗਲ ਦੀ ਅੱਗ ਬੁੱਝਣ ਤੋਂ ਬਾਅਦ ਫਿਰ ਫੁੱਟ ਆਉਂਦੀਆਂ ਨੇ ਲਗਰਾਂ।

ਜਗਿਆਸਾ

ਮਨ ਕਰਦਾ ਹੈ, ਤੇਰੀ ਬੁੱਕਲ ਵਿੱਚ ਢੇਰੀ ਹੋ ਜਾਵਾਂ, ਜਗਿਆਸੂ ਦੀ ਉਸ ਸ਼ਰਧਾ ਵਾਂਗ ਜਿਸ ਨੂੰ ਰਹਿਬਰ ਦਾ ਵਰ ਅਤੇ ਸਰਾਪ ਦੋਵੇਂ ਮੁਕਤੀ ਦਿੰਦੇ ਹੋਣ। ਤੇ, ਤੇਰਾ ਅਲੌਕਿਕ ਸਪੱਰਸ਼ ਮੈਨੂੰ ਅਤੇ ਮੇਰੇ ਗੁਨਾਹਾਂ ਨੂੰ ਬਖਸ਼ਦਾ ਕਲਾਵੇ ਵਿੱਚ ਘੁੱਟ ਲਵੇ। ਸਦੀਆਂ ਵਾਂਗ ਜੀਵਾਂ ਫਿਰ ਮੈਂ ਇਨ੍ਹਾਂ ਪਲਾਂ ਨੂੰ, ਪਰ! ਨਾ ਜਾਣੇ ਕਿੰਨੀ ਦੂਰ ਹੈ ਅਜੇ ਵਾਟ ਜਿਸਨੂੰ ਤਹਿ ਕਰਦਿਆਂ, ਉਮਰਾਂ ਬੀਤ ਚੱਲੀਆਂ ਨੇ। ਫਿਰ ਵੀ, ਭਰੋਸਾ ਹੈ ਕਿ ਵਿਆਕੁਲ ਹੋ ਕੇ ਭਟਕਦੀ ਰੂਹ ਇੱਕ ਦਿਨ ਜਰੂਰ ਤ੍ਰਿਪਤੀ ਦੇ ਦੁਆਰ ਤੱਕ ਪਹੁੰਚੇਗੀ ਅਸੀਂ ਤਾਂ ਤੇਰੇ ਹਾਂ ਤੇਰੇ ਹੀ ਰਹਿਣਾ ਹੈ ਭਰੋਸਾ ਜੇ ਟੁੱਟਿਆ ਉਹ ਵੀ ਤੇਰਾ ਹੀ ਹੋਵੇਗਾ। ਵਰਨਾ, ਮਿੱਟੀ ਨੇ ਤਾਂ, ਮਿੱਟੀ ਵਿੱਚ ਮਿਲਕੇ, ਮਿੱਟੀ ਹੋ ਜਾਣਾ ਹੈ। ਜੀਅ ਕਰਦਾ ਹੈ, ਤੇਰੀ ਬੁੱਕਲ ਵਿੱਚ ਢੇਰੀ ਹੋ ਜਾਵਾਂ ਜਗਿਆਸੂ ਦੀ ਉਸ ਸ਼ਰਧਾ ਵਾਂਗ, ਜਿਸ ਨੂੰ ਰਹਿਬਰ ਦਾ ਵਰ ਅਤੇ ਸਰਾਪ.... ਦੋਵੇਂ ਮੁਕਤੀ ਦਿੰਦੇ ਹੋਣ।

ਗਵਾਹੀ

ਕੌਣ ਹੈ? ਜੋ ਜੀਣਾ ਨਹੀਂ ਚਾਹੁੰਦਾ ਪਰ ਸਾਹਾਂ ਬਿਨਾਂ ਜ਼ਿੰਦਗੀ ਵੀ ਕਦੋਂ ਲੱਭਦੀ ਹੈ ਜ਼ਿੰਦਾ-ਦਿਲੀ ਦਾ ਜੀਣਾ ਹੀ ਸਾਹੀਂ ਜੀਣਾ ਹੈ ਬਾਕੀ ਸਭ ਸਰਾਪ ਤੇ ਸਜ਼ਾ ਆਪਣੀ ਹੀ ਲਾਸ਼ ਨੂੰ ਚੁੱਕੀ ਫਿਰਨਾ ਕਿਸੇ ਮੰਜ਼ਿਲ ਦੀ ਆਸ ਵਿੱਚ ਜਿਵੇਂ ਹਰ ਰਾਤ ਪ੍ਰਭਾਤ ਦਾ ਇੰਤਜ਼ਾਰ ਕਰਦੀ ਹੈ ਪਰ ਬਹੁਤੇ ਸਾਹ ਤਾਂ ਕਾਲੀਆਂ ਰਾਤਾਂ ਵਿੱਚ ਹੀ ਗਵਾਚ ਜਾਂਦੇ ਹਨ ਫਿਰ ਹਨੇਰਾ ਢੋਣਾ ਹੋਣੀ ਬਣ ਜਾਂਦਾ ਹੈ ਤੇ ਹੌਲੀ-ਹੌਲੀ ਸੁਭਾਅ ਪਰ, ਕਿਨੇ ਮਹਾਨ ਹੁੰਦੇ ਹਨ ਉਹ ਲੋਕ ਜੋ ਹਨੇਰਿਆਂ 'ਚ ਰਹਿ ਕੇ ਵੀ ਖੁਦ ਜਗਦੇ ਤੇ ਚਾਨਣ ਵੰਡਦੇ ਹਨ ਉਨ੍ਹਾਂ ਦਾ ਜਗਣਾ ਹੀ ਹਨੇਰ ਕਾਲੀਆਂ ਰਾਤਾਂ ਵਿੱਚ ਚੰਨ ਸੂਰਜਾਂ ਦੀ ਗਵਾਹੀ ਭਰਦਾ ਹੈ ਕੌਣ ਹੈ? ਜੋ ਜੀਣਾ ਨਹੀਂ ਚਾਹੁੰਦਾ ਪਰ ਸਾਹਾਂ ਬਿਨਾਂ, ਜ਼ਿੰਦਗੀ ਕਦੋਂ ਲੱਭਦੀ ਹੈ

ਵੇਦਨਾਂ ਦੇ ਆਰ-ਪਾਰ

ਉਸਨੂੰ ਕਿਵੇਂ ਬਿਆਨ ਕਰਾਂ ਜੋ ਸ਼ਬਦਾਂ ਵਿੱਚ ਨਹੀਂ ਸਮਾਅ ਪਾਉਂਦਾ ਕਲਪਨਾ ਅਤੇ ਅਹਿਸਾਸ ਦੀ ਉਹ ਉਡਾਰੀ ਦਿੱਸਹੱਦਿਆਂ ਤੋਂ ਵੀ ਪਾਰ ਹੋ ਆਉਂਦੀ ਹੈ ਆਸਾਨੀ ਨਾਲ, ਹਰਫ਼ਾਂ ਵਿੱਚ ਕਲਮਬੱਧ ਨਹੀਂ ਹੁੰਦੀ। ਮਨ ਦੀ ਕੈਨਵਸ ਤੋਂ ਨਕਲ ਹੋਈ ਤੇ ਸਮੇਂ ਦੇ ਤਾਰੀਖੀ ਪੰਨਿਆਂ ਤੇ ਉਕਰੀਂਦੀ ਝਲਕ ਦਸਤਾਵੇਜ਼ ਬਣ ਜਾਂਦੀ ਹੈ। ਪਰ ! ਇੱਕ ਸੱਚ, ਉਹ ਵੀ ਹੈ ਜਿਸਨੂੰ, ਧੁਰ-ਅੰਤਰੀਵ ਰੂਹ ਦੇ ਬਨੇਰੇ ਤੋਂ, ਮਹਿਸੂਸਦਾ ਹੈ ਦਿਖ-ਅਦਿਖ, ਦ੍ਰਿਸ਼-ਅਦ੍ਰਿਸ਼ ਤੇ ਇੱਕ ਅਲੌਕਿਕ ਜਿਹਾ ਸੱਚ ਵਜੂਦਾਂ ਤੋਂ ਪਰੇ ਰੂਹ ਦੇ ਕਰੀਬ ਤੇ ਵੇਦਨਾਂ ਦੇ ਆਰ-ਪਾਰ ਹੈ ਕਿਵੇਂ ਬਿਆਨ ਕਰਾਂ ਉਸ ਖੂਬਸੂਰਤ, ਅਣਕਹੇ, ਅਣਮੁੱਲੇ ਅਹਿਸਾਸ ਨੂੰ ਜੋ ਧੁਰ-ਅੰਤਰੀਵ ਵਿੱਚ ਫੁੱਲ ਬਣਕੇ ਖਿੜਦਾ ਰਹਿੰਦਾ ਹੈ ਬ੍ਰਹਮ ਅੱਗੇ ਦੁਆ ਹੈ, ਜੋਦੜੀ ਹੈ ਸ਼ਾਲਾ ! ਇਸ ਪੀੜਾਂ ਲੱਦੇ, ਦੁੱਖ-ਸੁੱਖ ਭਰੇ ਖੂਬਸੂਰਤ ਅਹਿਸਾਸ ਨੂੰ ਨਾ ਖੋਹੀਂ ਜਿਸਦੇ, ਹੰਝੂ ਅਤੇ ਹਾਸੇ ਦੋਨਾਂ ਵਿੱਚੋਂ ਸਕੂਨ ਮਿਲਦਾ ਹੋਵੇ।

ਕਵਿਤਾ ਤੇ ਕਵੀ

ਮੈਂ ਕਦੋਂ ਉਦਾਸ ਸੀ? ਮੈਂ ਤਾਂ ਹਮੇਸ਼ਾ ਤੇਰੇ ਕੋਲ ਫੁੱਲ-ਖੁਸ਼ਬੂ, ਹਵਾ ਤੇ ਮਹਿਕ ਬਣਕੇ ਆਈ। ਉਦਾਸ ਤਾਂ ਤੂੰ ਸੀ ਸੋਚਾਂ ਵਿਚਾਰਾਂ ਦੇ ਸਾਗਰਾਂ ਨੂੰ ਖੰਘਾਲਦਾ-ਖੰਘਾਲਦਾ ਪਤਾ ਨਹੀਂ ਕਿਹੜੇ ਪਾਤਾਲੀ ਲਹਿ ਗਿਆ ਸੈਂ, ਕਿ ਮੇਰੀ ਨਿਹਾਰਤਾ ਦੇ ਢਾਰਸ ਨੇ ਹੀ ਤੈਨੂੰ......ਸੁਹਜ ਤੇ ਸਹਿਜਤਾ ਬਖਸ਼ੀ ਤੇ, ਤੇਰਾ ਮਨ ਵਜਦ ਵਿਚ ਆ ਕੇ ਰੂਹ ਤੱਕ ਖਿੜ ਗਿਆ। ਖਿੜੀ ਰੂਹ ਨੇ ਹੀ ਮੈਨੂੰ ਅੱਖਰਾਂ ਦੀ ਮਾਲਾ ਰਾਹੀਂ ਸ਼ਬਦਾਂ ਦੇ ਸਰੂਪ ਵਿੱਚ ਲੈ ਆਂਦਾ। ਤੂੰ ਮੇਰਾ ਤੇ ਮੈਂ ਤੇਰੀ ਹੋਈ ਤੇਰੇ ਸੰਗ ਹਸੀ ਤੇ ਤੇਰੇ ਸੰਗ ਰੋਈ ਤੇਰੀ ਇੱਕ ਮੁਸਕਾਨ...... ਧੁਰ ਅੰਦਰ ਮਹਿਕਾਂ ਬਿਖੇਰਦੀ ਤੇਰਾ ਇੱਕ ਹੰਝੂ....... ਸਦੀਆਂ ਦੀ ਪੀੜ ਜਿਹਾ ਲੱਗਦਾ ਹੁਣ ਸੋਚਦੀ, ਤਾਂ ਲੱਗਦਾ ਹੈ ਉਦਾਸ ਤਾਂ ਮੈਂ ਵੀ ਸੀ, ਤੇਰੀ ਸੋਚ ਦੇ ਪੋਟਿਆਂ ਨੇ ਹੀ ਮੈਨੂੰ ਸੋਹਜ ਤੇ ਵਿਸ਼ਾਲਤਾ ਬਖ਼ਸ਼ੀ ਤੇਰੇ ਸਪਰਸ਼ ਨਾਲ ਚੇਤੰਨ ਹੋ ਮੈਂ ਕਵਿਤਾ ਦੇ ਵਜੂਦ ਵਿੱਚ ਪ੍ਰਗਟ ਹੋਈ ਹੁਣ ਆਪਾਂ ਇੱਕ ਦੂਜੇ ਨੂੰ ਸੁਣਦੇ-ਸਮਝਦੇ ਤੇ ਮਹਿਸੂਸਦੇ ਆ ਸਾਥ ਚਲੀਏ ਹਮ ਰਾਹੀ ਬਣੀਏ ਸੜ ਰਹੀ ਧਰਤ ਨੂੰ ਠਾਰੀਏ ਇਸ ਦੇ ਫੁੱਲਾਂ-ਰੰਗਾਂ ਤੇ ਖੁਸ਼ਬੂ ਨੂੰ ਨਿਹਾਰੀਏ। ਤਾਂ ਕਿ, ਨ੍ਹੇਰਿਆਂ ਵਿੱਚੋਂ ਚਾਨਣ ਦੀ ਕੋਈ ਲੀਕ ਉਗੇ ਤੇ ਸਾੜਿਆਂ ਵਿਚੋਂ ਮਹਿਕ ਦੀ ਉਮੀਦ ਆ ਇੱਕਮਿੱਕ ਹੋਈਏ ਉਦਾਸੀ ਨੂੰ ਧੋਈਏ।

ਔਰਤ

ਕੁਦਰਤ ਨੇ ਕਿੰਨੀ ਮਹਾਨਤਾ ਬਖਸ਼ੀ ਏ ਤੈਨੂੰ ਤੇ ਕਿੰਨੇ ਹੀ ਰਿਸ਼ਤਿਆਂ ਨੂੰ ਪਾਲਣ ਦੀ ਸਮਰੱਥਾ! ਭੈਣ-ਦੋਸਤ, ਪਤਨੀ-ਮਾਂ ਤੇ ਬੇਟੀ ਬਣਦੀ ਏ ਰੁੱਖਾਂ ਵਾਂਗ ਧੁੱਪ-ਹਨੇਰੀ ਤੇ ਝੱਖੜ ਜਰ ਕੇ ਛਾਂ ਕਰਦੀ ਏਂ ਕਲੰਕ ਤੇ ਕਸ਼ਟ ਸਹਾਰਦੀ ਵੀ ਜ਼ਮੀਰ 'ਚੋਂ ਔਰਤ ਨੂੰ ਮਰਨ ਨਹੀਂ ਦੇਂਦੀ ਬਲਕਿ ਸਿਰਜਣਾ ਕਰਦੀ ਏਂ, ਤੇਰੀ ਇਹੋ ਮਹਾਨਤਾ ਤੈਨੂੰ ਗੁਰੂਦੇਵ ਮਾਤਾ ਨਾਲ ਨਿਵਾਜਦੀ ਧਰਤੀ ਦਾ ਨਾਂ ਦਿੰਦੀ ਹੈ ਏਸ ਤੋਂ ਉੱਚੀ ਤੇ ਸੁੱਚੀ ਵਡਿਆਈ ਇਸ ਜਗਤ ਤੇ ਹੋਰ ਕੋਈ ਨਹੀਂ।। ਬਾਕੀ ਤੂੰ ਜਾਣੇ !

ਚੇਤਾਵਨੀ

ਕਦੇ ਤੂਫ਼ਾਨ, ਸ਼ੋਰ, ਕਦੇ ਵੀਣਾ ਤੇ ਰਾਗ ਬਣਦੀ, ਧਰਤ ਤੇ ਨੱਚਦੀ, ਸਾਗਰਾਂ ਤੇ ਤੈਰਦੀ, ਆਕਾਸ਼ ਨੂੰ ਛੂੰਹਦੀ, ਆਪਣੀ ਮਸਤੀ ਅਤੇ ਹਸਤੀ ਨਾਲ ਕਿਸੇ ਲੈਅ ਸੁਰ ਅਤੇ ਸੰਗੀਤ ਜਿਹੇ ਵਿਚੋਂ ਨਿਰੰਤਰ ਗੁਜ਼ਰਦੀ। ਹੱਦਾਂ-ਸਰਹੱਦਾਂ ਤੇ ਦਿਸਹੱਦਿਆਂ ਤੋਂ ਪਾਰ ਦੇ ਸੁਨੇਹੇ ਪਹੁੰਚਾਉਂਦੀ ਮੈਂ ਹਵਾ ਹਾਂ। ਤੂਫਾਨਾਂ ਚੋਂ ਲੰਘ ਕੇ ਬੱਦਲਾਂ ਨੂੰ ਚੀਰ ਕੇ ਪਰਬਤਾਂ ਨਾਲ ਟਕਰਾਅ ਕੇ ਤੇ ਅਗਨੀ ਦੀਆਂ ਲਾਟਾਂ 'ਚੋਂ ਗੁਜ਼ਰ ਕੇ ਵੀ ਮੈਂ ਯੁੱਗਾਂ ਤੋਂ ਜਿੰਦਾ ਰਹਿ ਕੇ ਸ੍ਰਿਸ਼ਟੀ ਦਾ ਭਲਾ ਮੰਗਦੀ ਸਾਹਾਂ ਦਾ ਦਮ ਭਰਦੀ ਆਈ ਹਾਂ। ਪਰ ਅੱਜ ! ਅੱਜ ਮੈਂ ਆਪ ਮੁੱਕ ਰਹੀ ਹਾਂ ਮਰ ਰਹੀ ਹਾਂ ਹੇ ਸੰਸਾਰ ਦੇ ਮਨੁੱਖਾ ਜਾਤੀ ਦੇ ਪ੍ਰਾਣੀਓ! ਮੇਰੇ ਵਿੱਚ ਐਨਾ ਬਰੂਦ ਨਾ ਘੋਲੋ ਐਨਾ ਜ਼ਹਿਰ ਨਾ ਫੈਲਾਓ ਕਿ ਮੈਂ, ਜੀਵਨ ਦਾਤੀ ਤੋਂ ਵਿਸ਼ ਕੰਨਿਆਂ ਬਣ ਜਾਵਾਂ।

ਵਿਸ਼ਵ ਮੰਥਨ

ਧਰਮ ਸਭਿਆਚਾਰ ਸਾਂਸਕ੍ਰਿਤੀ ਤੇ ਭਾਸ਼ਾਵਾਂ। ਧਰਤ ਆਕਾਸ਼ ਸਾਗਰ ਤੇ ਹਵਾਵਾਂ। ਰੋ ਰਹੇ ਉਥਲ-ਪੁਥਲ ਤੇ ਰਲ-ਗੱਡ ਸਿਰਜਣ-ਵਿਸਰਜਣ ਵਿਕਾਸ-ਨਿਕਾਸ ਅੰਤ ਤੇ ਪਸਾਰਾ ਕੁਦਰਤ ਹੈ ਕੁਦਰਤ ਦਾ ਇਹ ਕੁਦਰਤੀ ਵਰਤਾਰਾ ਇਹ ਭੱਜ-ਦੌੜ ਹਫੜਾ-ਦਫੜੀ ਤੇ ਸ਼ੋਰ-ਸ਼ਰਾਬੇ ਇਹ ਪਿਆਰ ਇਹ ਨਫ਼ਰਤਾਂ ਇਹ ਖੂਨ ਖਰਾਬੇ ਬੀਜ ਕਿਤੋਂ ਦਾ ਜੋ ਉਹ ਕਿਤੇ ਹੀ ਬੋ ਰਿਹਾ ਹੈ ਸਮੇਂ ਦਾ ਸੱਚ ਹੈ ਕਿ...... ਵਿਸ਼ਵ-ਮੰਥਨ ਰੋ ਰਿਹਾ ਹੈ।। ਪੁਰਖੇ ਜਿਨ੍ਹਾਂ ਦੇ ਜਿਨ੍ਹਾਂ ਲਈ ਹਰ ਯੁੱਧ ਲੜੇ ਨੇ.... ਵਕਤ ਦੇ ਵਾਰਸਾਂ ਹੁਣ, ਤਹਿ ਕਰਨਾ ਹੈ ਕਿੱਥੇ, ਖੜੇ ਨੇ....?

ਡਰ

ਕਦੇ ਕਦੇ ਆਪੇ ਤੋਂ ਡਰ ਲਗਦਾ ਹੈ ਬਹੁਤ ਡਰ ਜਦੋਂ ਅੰਦਰਲਾ ਇੱਕ ਰੂਪ ਸ਼ਾਹ ਕਾਲੀ ਕਿਸੇ ਡੂੰਘ ਜਿਹੀ ਖੱਡ ਵਿਚੋਂ ਸੁੰਘੜਿਆ ਮੈਨੂੰ ਰੌਸ਼ਨੀ ਵਲ ਧੱਕਦਾ ਹੈ। ਤੇ ਮੈਂ...... ਮਸ਼ੀਨਾਂ ਨਾਲ ਮਸ਼ੀਨ ਹਾਲਾਤਾਂ ਨਾਲ ਹਾਲਾਤ ਵਕਤ ਨਾਲ ਵਕਤ ਹੁੰਦਾ ਆਪੇ ਦੀ ਵੱਢ ਟੁੱਕ ਕਰਦਾ ਏਧਰ-ਓਧਰ ਭੱਜਦਾ ਹਾਂ। ਰਫ਼ਤਾਰ ਦੀ ਤੇਜ਼ੀ ਦਾ ਟਕਰਾਅ ਕਿਤੇ ਵੀ ਤਬਾਹੀ ਕਰ ਦੇਵੇ ਪਰ ਸਾਹਸੀ ਕਦਮ ਤੇਜ਼ ਹੋਰ ਤੇਜ਼ ਹੋ ਦੌੜਦੇ ਨੇ ਕਿਸੇ ਤਲਾਸ਼ ਵਿੱਚ। ਫਿਰ ਉਸ ਹਨੇਰੀ ਖੱਡ ਵਿਚਲੇ ਅੰਤਰੀਵ ਮਾਸੂਮ ਨੂੰ ਪਰਤ ਕੇ ਦੇਖਦਿਆਂ ਡਰ ਜਾਂਦਾ ਹਾਂ, ਘਬਰਾਅ ਜਾਂਦਾ ਹਾਂ। ਉਸਦੇ ਇਸ਼ਾਰੇ ਅਜੀਬ ਹਨ ਤੱਕਣੀ ਕੁਰੱਖਤ ਹੈ ਵਿਦਰੋਹੀ ਸੁਰ 'ਚੋਂ ਘੂਰਦੀਆਂ ਨਿਗਾਹਾਂ ਜਿਵੇਂ ਕਹਿ ਰਹੀਆਂ ਹੋਣ..... ਵਾਪਸ ਨਾ ਆਵੀਂ ਐਥੇ ਤੇਰੀ ਕੋਈ ਥਾਂ ਨਹੀਂ ਹੁਣ। ਨਜ਼ਰਾਂ ਦਾ ਟਕਰਾਅ ਜ਼ਿਹਨ ਵਿਚਲੀ ਚੀਸ ਨੂੰ ਹਰ ਵਾਰੀ ਹਲੂਣ ਕੇ ਹੋਰ ਡੂੰਘਾ ਕਰ ਦੇਂਦਾ ਹੈ। ਡਰ ਹੈ ਵਾਪਸ ਪਰਤਦਿਆਂ ਹਨੇਰਿਆਂ ਵਿੱਚ ਸੁੰਘੜਨ ਦਾ ਤੇ ਅੱਗੇ ਤੁਰਦਿਆਂ ਰੌਸ਼ਨੀਆਂ ਵਿੱਚੋਂ ਗੁਆਚਣ ਦਾ।

ਕਸ਼ਮਕਸ਼

ਸੱਚ ਤਲਾਸ਼ਿਆ ਕਿੱਥੇ ਹੈ? ਝੂਠ ਅਪਣਾਇਆ ਆਤਮਾ ਵਰੀ ਨਹੀਂ। ਰਾਖੇ ਕਸਾਈ ਨੇ ਫਰਿਆਦ ਕਿਸ ਵਿਹੜੇ ਸਭ ਕੁੱਝ ਰਟਿਆ ਰਟਾਇਆ ਕਿਸੇ ਨਾਟ ਜਿਹੇ ਵਾਗੂੰ ਜਿਵੇਂ ਕਠਪੁਤਲੀਆਂ ਦਾ ਨਾਚ। ਅੰਤਰੀਵੀ ਝਾਤ ਕੰਬਣੀ ਛੇੜੇ ਆਪੇ ਤੋਂ ਆਪਾਂ ਘਬਰਾਵੇ ਅੰਦਰ ਡੁਬਣਾ ਚਾਹਵੇ ਨੱਕੋ ਨੱਕ ਭਰਕੇ ਛਲਕਣ ਦੀ ਉਡੀਕ ਵਿੱਚ।

ਚਕਰਵਿਯੂ

ਆਹ ਕੀ? ਸ਼ੈਤਾਨ ਨੇ ਤਾਂ ਹਰ ਪਾਸੇ ਕਬਜ਼ਾ ਕਰ ਲਿਐ ਧਰਮਾਂ ਤੇ ਕਰਮਾਂ ਤੇ ਰੂਹਾਂ ਤੇ ਬਰੂਹਾਂ ਤੇ ਜਾਹਲਾਂ ਤੇ ਵਿਦਵਾਨਾਂ ਤੇ! ਦੇਖੋ ਕਿਵੇਂ? ਸਭ ਨੂੰ ਆਪਣੇ ਨਾਲ ਰਲਾਈ ਜਾਂਦੈ ਤੇ ਸਾਰੇ ਇਸ ਤੋਂ ਡਰੀ ਜਾਂਦੇ ਨੇ ਇਨਸਾਨ ਕੋਲ ਸੀ ਰਿਮੋਟ ਇਸ ਦੇ ਖਾਤਮੇ ਦਾ ਪਰ! ਇਨਸਾਨ ਤਾਂ ਕੁਦਰਤ ਨਾਲ ਹੀ ਟੱਕਰ ਲੈ ਬੈਠਾ ਖੰਡਾਂ-ਬ੍ਰਹਿਮੰਡਾਂ ਸਮੇਤ ਯੁਗਾਂ-ਯੁਗਾਂਤਰਾਂ ਨੂੰ ਖੰਘਾਲਦੈ ਅਸਲ ਮਕਸਦ ਤੋਂ ਭਟਕਿਆ ਮੁੜ ਮੁੜ ਸੁਆਲ ਕਰਦੈ ਪਰਮ ਸੱਤਾ ਦੀ ਸ਼ੰਕਾ ਤੋਂ ਪੁੱਛਦੈ ਤੂੰ ਮੈਨੂੰ ਪੈਦਾ ਕੀਤੈ? ਜਾਂ ਮੈਂ ਹੀ ਤੈਨੂੰ ਸਿਰਜ ਲਿਐ ਦੋਵਾਂ ਦੀ ਲੜਾਈ ਵਿਚੋਂ ਬੁੜਕਿਆ ਰਿਮੋਟ ਸ਼ੈਤਾਨ ਦੇ ਹੱਥ ਆ ਗਿਆ ਹੁਣ ਫੇਰ ਸਾਲ ਸਦੀਆਂ ਜਾਂ ਯੁੱਗ ਲੱਗਣਗੇ ਇਸਦੇ ਚੱਕਰਵਿਯੂ ਨੂੰ ਤੋੜਨ ਲਈ।

ਮੁਹੱਬਤ

ਅਨੇਕਾਂ ਖੂਬਸੂਰਤ ਰੰਗਾਂ ਚ ਫੈਲਿਆ ਹੁੰਦਾ ਉਸਦਾ ਸੁਹੱਪਣ ਜਦੋਂ ਉਹ ਬੱਦਲਾਂ ਦੀ ਲੁੱਕਣ-ਮਿੱਟੀ ਤੋਂ ਵਿਹਲੀ ਹੋ ਧਰਤੀ ਤੇ ਉਤਰਦੀ। ਮੰਤਰ-ਮੁਗਧ ਹੋ ਉਸਨੂੰ ਛੂਹਣ ਲਈ ਦੌੜਦਿਆਂ ਅਨੇਕਾਂ ਔਕੜਾਂ ਤੇ ਘਾਟੀਆਂ ਨਾਲ ਵਾਹ ਪੈਂਦਾ। ਪਰ ਉਹ, ਅੱਗੇ ਹੋਰ ਅੱਗੇ, ਤੁਰੀ ਰਹਿੰਦੀ ਬੇਹਾਲ ਤੇ ਬੇਵਸ ਕਰ ਧਰਤੀ ਤੇ ਸੁੱਟ ਫਿਰ ਆਕਾਸ਼ੀ ਪਰਤ ਜਾਂਦੀ। ਤੜਪ ਦੀ ਤਪਤ ਤੋਂ ਪੈਦਾ ਹੋਏ ਗੁਰੂਦੇਵ ਨੇ ਆਖਰ ਬਾਂਹ ਫੜ ਆਖਿਆ ਸ਼ਿਸ਼!!! ਇਹ ਸਤਰੰਗੀ ਪੀਂਘ ਖਲਾਅ ਵਿੱਚ ਲਟਕੀ ਜਲ ਤਰੰਗ ਛੂਹ ਨਹੀਂ ਹੋਵੇਗੀ ਇਸਦਾ ਸੁਹੱਪਣ ਮੁਹੱਬਤੀ ਪ੍ਰਕਾਸ਼ ਨਹੀਂ ਇਸ਼ਕੀ ਮਾਇਆ ਜਾਲ ਹੈ ਜਾਗ ਖੁੱਲ ਗਈ ਹਨ੍ਹੇਰਾ ਗਾੜਾ ਸੀ ਗੁਰੂਦੇਵ ਉਂਗਲ ਫੜ ਓਸ ਖੁੱਲੀ ਛੱਤ ਥੱਲੇ ਲੈ ਆਏ ਜਿੱਥੇ, ਧਰਤ ਆਕਾਸ਼ ਤੇ ਚਮਕਦਾ ਚੰਨ ਸੀ ਮੈਂ ਬਾਹਵਾਂ ਪਸਾਰ ਦਿੱਤੀਆਂ ਚਾਨਣ ਨਾਲ ਕਲਾਵਾ ਭਰ ਗਿਆ ਸਵੇਰ ਹੋਈ ਤਾਂ ਸਾਹਮਣੇ ਧਰਤ ਤੇ ਆਕਾਸ਼ ਦੇ ਮਿਲਾਪ ਵਿਚੋਂ ਉਦੈ ਹੋ ਰਿਹਾ ਸੂਰਜ ਮੁਸਕਰਾ ਕੇ ਸਵਾਗਤ ਕਰ ਰਿਹਾ ਸੀ ਤੇ ਮੈਂ! ਮੁਹੱਬਤ ਦੇ ਅਰਥ ਜਾਣ ਲਏ।

ਤਲਾਸ਼

ਤੇਰੀ ਬ੍ਰਿਹਾ ਪੀੜ ਬਿਨ ਹੰਝੂ ਕੇਰਿਆਂ ਵੀ ਮਨ ਦੀ ਮੈਲ਼ ਧੋਂਦੀ ਰਹੀ ਤੇਰੀ ਦੂਰੀ ਮੈਨੂੰ ਆਪੇ ਦੇ ਨੇੜੇ ਲੈ ਆਈ। ਆਪੇ ਨੂੰ ਤੱਕਦਿਆਂ, ਮਹਿਸੂਸ ਹੋਇਆ ਕਿੰਨਾ ਖੁਦਗਰਜ ਸਾਂ ਜੋ ਤੈਨੂੰ ਕਬਜ਼ਾ ਤੇ ਹੱਕ ਸਮਝਦਾ ਰਿਹਾ ਤੈਨੂੰ ਪਾਉਣ ਜਿਨ੍ਹਾਂ ਦੌੜਿਆ ਓਨਾਂ ਹੀ ਬਿਖਰਦਾ ਰਿਹਾ ਤੂੰ ਨਹੀਂ ਜਾਣ ਸਕਦੀ ਤੈਥੋਂ ਬਿਨਾਂ ਕਿੰਨਾ ਟੁੱਟਿਆ ਹਾਂ, ਸ਼ਾਇਦ ! ਮੁੜ ਇਕੱਠਾ ਵੀ ਨਾ ਹੋ ਸਕਾਂ ਪਰ! ਆਪੇ ਨੂੰ ਜੋੜਨ ਦੀ ਕੋਸ਼ਿਸ਼ ਨੇ ਜੋ ਨਵਾਂ ਰੂਪ ਦਿੱਤਾ ਹੈ ਹੁਣ ਮੈਨੂੰ ਉਸ ਨਾਲ ਵੀ ਇਸ਼ਕ ਹੈ ਪਿਆਰ ਹੈ। ਆਪੇ ਨੂੰ ਜੋੜਦਿਆਂ ਹੀ ਪਤਾ ਨਹੀਂ ਕਦੋਂ ਇਹ ਅਹਿਸਾਸ ਹੋ ਗਿਆ ਕਿ ਟੁੱਟੇ ਬਿਨਾਂ ਦਰਦ ਨਹੀਂ ਤੇ ਦਰਦ ਬਿਨਾਂ ਅਹਿਸਾਸ ਸ਼ਾਇਦ ਇਹੋ ਅਹਿਸਾਸ ਅੰਤਰੀਵ ਦੇ ਅੰਤ ਨੂੰ ਅਨੰਤ ਵੱਲ ਤੋਰਦਾ ਹੈ। ਜ਼ਿੰਦਗੀ ਦਾ ਪੈਂਡਾ ਤਹਿ ਕਰਦੇ ਕਦਮ ਅੱਜ ਵੀ ਤੈਨੂੰ ਤਲਾਸ਼ਦੇ ਹਨ ਕਬਜ਼ੇ ਦੇ ਹੱਕ ਨਾਲ ਨਹੀਂ ਤਪੱਸਿਆ ਦੇ ਸੰਪੂਰਨ ਹੋਣ ਦੀ ਆਸ ਨਾਲ ਕਦੇ ਤਾਂ ਮਿਲੇਂਗੀ ਕਿਤੇ ਤਾਂ ਮਿਲੇਂਗੀ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਅਤੇ ਆਕਾਸ਼ ਦੇ ਮਿਲਾਪ ਵਿਚੋਂ ਉਦੈ ਹੋ ਰਹੇ ਸੂਰਜ ਦੇ ਵਾਂਗ ਤੇ ਤਲਾਸ਼....... ਜਾਰੀ ਰਹੇਗੀ।

ਅਹਿਸਾਸ

ਜਦੋਂ ਵੀ ਤੇਰੀ ਹੋਂਦ ਦਾ ਅਹਿਸਾਸ ਕਰਦਾ ਹਾਂ ਦਿਸਹੱਦਿਆਂ ਤੋਂ ਪਾਰ ਰੂਹ ਦੇ ਬਨੇਰੇ ਜਿਹੇ ਤੇ ਬੈਠੀ ਮੇਰੀ ਹੀ ਉਡੀਕ ਕਰ ਰਹੀ ਜਾਪਦੀ ਏਂ। ਲਕੀਰਾਂ ਨੂੰ ਟੱਪਦਾ ਆਪੇ ਨੂੰ ਪੱਛਦਾ ਲੱਖਾਂ ਯਤਨਾਂ ਨਾਲ ਮੈਂ, ਤੇਰੇ ਵੱਲ ਫਿਰ ਦੌੜਦਾ ਹਾਂ। ਪਰ ! ਨਾ ਮੰਜ਼ਿਲ ਆਉਂਦੀ ਏ ਨਾ ਤੂੰ ਨਾ ਹੀ ਕਦਮ ਰੁਕਦੇ ਨੇ ਚਿਹਰਿਆਂ ਦੇ ਮਖੌਟਿਆਂ ਨਾਲ ਟਕਰਾਅ ਕਿ ਮੈਂ ਚੂਰ ਹੋ ਜਾਂਦਾ ਹਾਂ ਫਿਰ , ਬਿਖਰਨ ਤੋਂ ਪਹਿਲਾਂ ਤੇਰੀ ਤਲਾਸ਼ ਤੇਰੀ ਪਿਆਸ ਮੁੜ ਜੋੜ ਦਿੰਦੀ ਹੈ ਮੈਂ ਤੋਂ ਮੁਕਤ ਹੋ ਤੁਸੀਂ ਤੇ ਤੁਸੀਂ ਤੋਂ ਅਸੀਂ ਹੋਣ ਲਈ।।

ਨਾਸੂਰ

ਕੁਦਰਤੀ ਵਰਤਾਰੇ ਨੂੰ ਤਾਂ ਭਾਣਾ ਸਮਝ ਕੇ ਮੰਨ ਲਈਏ ਪਰ! ਮਨੁੱਖੀ ਕਹਿਰਾਂ ਦੀ ਉਸ ਸਾੜਸਤੀ ਨੂੰ ਕਿਹੜੀਆਂ ਅਣਹੋਣੀਆਂ ਦਾ ਨਾਂ ਦਈਏ ਜੋ ਚੰਦ ਸ਼ੌਹਰਤਾਂ, ਹੈਂਕੜਾ, ਤਾਕਤਾਂ ਤੇ ਖੁਦਗਰਜ਼ੀਆਂ ਦੇ ਲਈ ਮਨੁੱਖਤਾ ਦਾ ਘਾਣ ਕਰ ਦੇਵੇ। ਸਰੀਰਕ ਜ਼ਖ਼ਮ ਵੀ ਭਰਨ ਤੋਂ ਬਾਅਦ ਦਾਗ ਛੱਡ ਜਾਂਦੇ ਨੇ ਪਰ ! ਦਿਲ ਦੇ ਉਨ੍ਹਾਂ ਨਾਸੂਰਾਂ ਦਾ ਕੇ ਬਣੇ......। ਜੋ ਹਮੇਸ਼ਾ ਰਿਸਦੇ ਰਹਿ ਜਾਣ?

ਸਮੇਂ ਦੇ ਨਾਲ ਟੱਕਰ

(ਕ੍ਰਾਂਤੀਕਾਰੀ ਯੋਧਿਆਂ ਨੂੰ ਸਮਰਪਿਤ ਰਚਨਾ) ਤੇਰੀਆਂ ਮਾਰਾਂ ਹੀ ਸਨ, ਜਿਸਨੇ ਸਾਨੂੰ ਤੇਰੇ ਨਾਲ ਲੜ ਸਕਣ ਦੇ ਸਮਰੱਥ ਕੀਤਾ ਕੀ ਹੋਇਆ ਜੇ ਜਿੱਤੇ ਨਹੀਂ ਪਰ ਹਥਿਆਰ ਵੀ ਤਾਂ ਨਹੀਂ ਸਿਟੇ ਤੂੰ ਆਪਣਾ ਜ਼ੋਰ ਲਾ ਲਈਂ ਤੇ ਅਸੀਂ ਆਪਣਾ ਲਾਉਂਦੇ ਰਹਾਂਗੇ ਇਕ ਦਿਨ ਜ਼ਰੂਰ ਤਹਿ ਹੋਵੇਗਾ ਕਿ ਕੌਣ? ਕਿੰਨੇ ਫੱਟ ਖਾ ਕੇ ਲੜਦਾ ਰਿਹਾ ਤੇ ਕੌਣ ਹਾਰਦਾ ਤੇਰੀ ਹਿੱਕ ਵਿੱਚ ਗੱਡੇ ਸਾਡੀ ਵੀਰਤਾ ਤੇ ਸਬਰਾਂ ਦੇ ਕਿਲ ਤਾਰੀਖੀ ਗਵਾਹੀ ਬਣ ਜ਼ਰੂਰ ਹਾਮੀਂ ਭਰਨਗੇ ਕਿ ਜੂਝਣ ਵਾਲਿਆਂ ਦੀ ਹਾਰ ਨਹੀਂ ਹੁੰਦੀ ਤੇ ਕੁਰਬਾਨ ਹੋਣ ਵਾਲਿਆਂ ਦੀ ਕਦੇ ਮੌਤ।

ਹੋਂਦ

ਅਣਹੋਂਦ ਸਾਧਨ ਜਰੀਏ ਹੋਂਦ ਨੂੰ ਪੈਦਾ ਕਰਕੇ ਵਜੂਦ ਰੂਪ ਧਾਰਦੀ ਹੈ ਤੇ ਵਜੂਦ ਹਸਤੀ ਰਾਹੀਂ ਹਾਸਿਲ ਨੂੰ ਲੱਭਦਾ ਹੈ। ਪ੍ਰਾਪਤੀਆਂ ਭਾਵੇਂ ਸ਼ਕਤੀ ਤੇ ਚੇਤੰਨਤਾ ਦੀ ਨਿਰਭਰਤਾ ਹਨ, ਪਰ ਵਜੂਦ, ਰੂਹ ਅਤੇ ਪਰਮਾਤਮਾ ਇਕੋ ਹੁੰਦੇ ਹਨ ਜਿਵੇਂ, ਪਿੰਡ-ਪਿੰਡਾ ਤੇ ਬ੍ਰਹਿਮੰਡ।

ਮੁਕਾਮ

ਭੋਗੀ ਲਾਲਸਾ ਮਨ ਨੂੰ ਗੰਧਲਾ ਕਰਕੇ ਮਲੀਨ ਕਰਦੀ ਹੈ ਪਰ, ਸਹਿਜ ਤੇ ਸੰਤੋਖ ਕੋਂਗੂ ਆਪੇ ਨੂੰ ਆਪੇ 'ਚੋਂ ਲੱਭਣਾ ਯਾਤਰਾ ਹੈ ਪਰ ਬ੍ਰਹਮ 'ਚੋਂ ਪਾਉਣਾ ਮੁਕਾਮ ਜੀਵਨ ਆਦਿ ਤੋਂ ਅਨੰਤ ਦਾ ਸਫ਼ਰ ਜਿਵੇਂ, ਬੂੰਦ ਝਰਨਾ ਨਦੀ ਦਰਿਆ ਤੇ ਸਾਗਰ।

ਤੇਰੇ ਨਾਂ

ਤੇਰੇ ਸਾਥ ਦੀ ਕਲਪਨਾ ਮਨ ਵਾਰ-ਵਾਰ ਕਰਦਾ ਹੈ ਬੜੀ ਗਹਿਰ-ਗੰਭੀਰ ਤੇ ਸੁਚੱਜੀ ਏ ਤੂੰ ਝੀਲ ਹਵਾ ਅਤੇ ਧਰਤੀ ਵਾਂਗ ਮੈਂ ਵੀ ਤੇਰੇ ਜਿਹਾ ਬਣਨਾ ਲੋਚਦਾ ਹਾਂ। ਸ਼ਾਇਦ ! ਇਸੇ ਲਈ ਐਨੀ ਪੀੜ ਦੇਂਦੀ ਏ ਤੂੰ ਇਮਤਿਹਾਨਾਂ ਪਾਉਂਦੀ ਏ ਤੂੰ, ਨੈਂਹ ਵਾਂਗ ਹੰਝੂਆਂ ਦੀਆਂ ਘਰਾਲਾਂ ਬਣ ਵਹਿ ਤੁਰਦੀ ਤੇ ਕਿਸੇ ਪਾਤਾਲ ਅੰਦਰ ਵੀ ਲਹਿ ਜਾਨੀ ਏਂ ਤੇਰੀ ਹੋਂਦ ਦਾ ਅਹਿਸਾਸ ਟੁੱਟਣ-ਗੁਆਚਣ ਤੇ ਹਾਰਨ ਨਹੀਂ ਦੇਂਦਾ। ਚੂਰ ਹੋਈ ਦੇਹੀ ਨੂੰ ਥਾਪੀ ਦੇ ਤੋਰਦੀ ਨਵੇਂ ਅਦਰਸ਼ ਸਿਰਜਦੀ ਏ ਤੂੰ ਮੇਰੇ ਅੰਦਰ ਪਰ, ਤੂੰ ਹੈਂ ਕਿੱਥੇ? ਸ਼ਾਇਦ, ਐਥੇ ਐਥੇ ਕਿਤੇ ਇਸੇ ਦੁਨੀਆਂ 'ਚ ਇਸੇ ਧਰਤੀ ਤੇ ਮੇਰੇ ਆਸ-ਪਾਸ ਮੇਰੇ ਅੰਦਰ ਵਜੂਦ ਤੋਂ ਦੂਰ..... ਰੂਹ ਦੇ ਨੇੜੇ-ਤੇੜੇ ਬੜਾ ਗਹਿਰ-ਗੰਭੀਰ ਤੇ ਸੁਚੱਜੀ ਹੈਂ ਤੂੰ ਝੀਲ ਹਵਾ ਅਤੇ ਧਰਤ ਵਾਂਗ ਮੈਂ ਵੀ ਤੇਰੇ ਜਿਹਾ ਬਣਨਾ ਲੋਚਦਾ ਹਾਂ।

ਅੰਤਰ

ਮੈਂ, ਜਦੋਂ ਮੈਂ ਹੀ ਬਣੀ ਰਹਿੰਦੀ ਹੈ ਤਾਂ, ਮੈਂ ਤੋਂ ਹੰਕਾਰ ਹੰਕਾਰ ਤੋਂ ਕੰਡਾ ਕੰਡੇ ਤੋਂ ਕੁੜੱਤਣ ਤੇ ਕੁੜੱਤਣ ਤੋਂ ਜ਼ਹਿਰ ਬਣ ਵਿਨਾਸ਼ ਕਰਦੀ ਹੈ ਪਰ, ਮੈਂ ਜਦੋਂ ਮੈਂ ਤੋਂ ਤੁਸੀਂ ਤੁਸੀਂ ਤੋਂ ਅਸੀਂ ਬਣੇ ਤਾਂ ਅਸੀਂ ਤੋਂ ਆਪਾਂ ਆਪਾਂ ਤੋਂ ਸਾਰੇ ਸਾਰਿਆਂ ਤੋਂ ਹੋਂਦ ਹੋਂਦ ਤੋਂ ਸਿਰਜਣਾ ਤੇ ਸਿਰਜਣਾ ਤੋਂ ਵਿਕਾਸ ਕਰਦੀ ਹੈ।

ਆਸ਼ਾਵਾਂ ਰੱਖਿਓ

ਆਸਾਵਾਂ ਰੱਖਿਓ, ਫਿਰ ਆਉਣਗੇ, ਪਲ ਸੁਨਹਿਰੀ ਵੀ, ਜ਼ਰੂਰ ਆਉਣਗੇ, ਭਾਵੇਂ ਕੁੱਝ ਦੇਰ ਹੋਵੇਗੀ। ਹੋਇਓ ਨਿਰਾਸ਼ ਨਾ, ਕੁੱਝ ਹੋਰ ਲੜਿਓ, ਹਨੇਰੇ ਘਿਰ ਗਿਓ ਲੋਕੋ, ਹੋਇਆ ਕੀ ਰਾਤ ਜੇ ਲੰਮੀ, ਆਖ਼ਰ ਸਵੇਰ ਹੋਵੇਗੀ। ਮੰਨਿਆ ਕੇ ਦੁੱਖ ਨੇ, ਦਰਦ ਨੇ, ਉਪਰੋਂ ਹਨੇਰ ਗਰਦੀਆਂ ਵੀ, ਖੰਘਾਲਿਓ ਆਪਣਾ ਵਿਰਸਾ, ਬੁਝਦਿਲੀ ਸ਼ੇਰ ਹੋਵੇਗੀ। ਖੁਦ ਹੋ ਵਾਰਸ ਉਨ੍ਹਾਂ ਪੁਰਖਿਆਂ ਦੇ, ਜਿਨ੍ਹਾਂ ਨੇ ਹਾਰ ਨਾ ਮੰਨੀ, ਤੁਸੀਂ ਵੀ ਹਾਰ ਨਾ ਮੰਨਿਓ, ਥੋਡੀ ਜਿੱਤ ਫੇਰ ਹੋਵੇਗੀ। ਇਨ੍ਹਾਂ ਦੀਆਂ ਹੈਂਕੜਾਂ, ਇਹ ਹੁਜਤਾਂ, ਇਹ ਖੁਦਗਰਜ਼ੀਆਂ, ਸਮੇਂ ਦਾ ਨਾਚ ਹੈ, ਸਦਾ ਨਹੀਂ ਰਹਿਣੀਆਂ। ਦੇਖਿਓ ਢਹਿਣਗੇ ਇੱਕ ਦਿਨ, ਬੁਰਜ ਹੰਕਾਰ ਦੇ ਉਸਰੇ, ਉੱਠੋ ਹੜ ਬਣੋ ਲੋਕੋ, ਸੁਲਤਾਨੀ ਢੇਰ ਹੋਵੇਗੀ। ਕਾਫ਼ਲੇ ਹਿੰਮਤਾਂ ਦੇ, ਦਰ-ਬਦਰ, ਜੋੜ ਕਿ ਰਖਿਓ, ਬੁਲੰਦੀ ਤਾਕਤਾਂ ਦੀ, ਦੇਖਣਾ ਸੁਮੇਰ ਹੋਵੇਗੀ। ਹੋਇਓ ਨਿਰਾਸ਼ ਨਾ, ਕੁੱਝ ਹੋਰ ਲੜਿਓ, ਹਨੇਰੇ ਘਿਰ ਗਿਓ ਲੋਕੋ, ਹੋਇਆ ਕੀ ਰਾਤ ਜੇ ਲੰਮੀ, ਆਖ਼ਰ ਸਵੇਰ ਹੋਵੇਗੀ।

ਅੰਤਿਕਾ

ਇੱਕ ਤਾਂਘ.... ਜਿਹੀ ਇੱਕ ਪਿਆਸ.... ਜਿਹੀ ਜੋ ਤਰਿਪਤੀ ਲਈ ਵਿਆਕੁਲ ਹੋ ਕੇ ਭਟਕਦੀ ਵੀ ਹੈ ਅਤੇ ਅਤਰਿਪਤੀ ਦੇ ਸੰਤੋਖ ਵਿਚੋਂ ਸੰਕੂਨ ਵੀ ਭਾਲਦੀ ਹੈ ਖੁਦੀ ਨੇ.... ਮਿੱਟ ਜਾਣਾ ਤੇ ਪਾ ਲੈਣਾ ਦੋਨਾਂ ਨੂੰ ਕਬੂਲਿਆਂ ਹੈ ਅੰਤਰੀਵ ਦੇ ਅਰੰਭ ਤੋਂ ਅਨੰਤ ਵਲ ਯਤਨ ਜਾਰੀ ਰਹੇ ਪਾ ਕੇ ਵੀ ਸਥਿਰ ਰਹਿ ਸਕੀਏ ਤੇ ਮਿਟ ਕੇ ਵੀ ਅਡੋਲ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ