Shah Muhammad ਸ਼ਾਹ ਮੁਹੰਮਦ

ਸ਼ਾਹ ਮੁਹੰਮਦ (੧੭੮੦-੧੮੬੨) ਨੂੰ ਉਨੀਵੀਂ ਸਦੀ ਦੇ ਪੰਜਾਬ ਦੇ ਰਾਸ਼ਟਰੀ ਕਵੀ ਵਜੋਂ ਯਾਦ ਕੀਤਾ ਜਾਂਦਾ ਹੈ।ਉਹ ਆਪਣੀ ਰਚਨਾ 'ਜੰਗਨਾਮਾ-ਸਿੰਘਾਂ ਤੇ ਫਿਰੰਗੀਆਂ' ਦਾ ਕਰਕੇ ਪ੍ਰਸਿੱਧ ਹਨ।ਉਨ੍ਹਾਂ ਨੇ ਅੰਗਰੇਜ਼ਾਂ ਤੇ ਸਿੱਖ ਦੀ ਪਹਿਲੀ ਲੜਾਈ ਅਤੇ ਜਿਹੜੀਆਂ ਘਟਨਾਵਾਂ ਸਿੱਖ-ਰਾਜ ਦੇ ਖਾਤਮੇ ਦਾ ਕਾਰਣ ਬਣੀਆਂ ਨੂੰ ਅੱਖੀਂ ਵੇਖੇ ਹਾਲ ਦੀ ਤਰ੍ਹਾਂ ਬਿਆਨਿਆਂ ਹੈ ।ਸ਼ਾਹ ਮੁਹੰਮਦ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡ ਵਡਾਲਾ ਵੀਰਮ ਦੇ ਰਹਿਣ ਵਾਲੇ ਸਨ । ਜੰਗਨਾਮਾ ੧੮੪੬ ਈਸਵੀ ਦੀ ਰਚਨਾ ਮੰਨੀ ਜਾਂਦੀ ਹੈ ।ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਕਵੀ ਦੇ ਕਈ ਨਜਦੀਕੀ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚ ਸਨ । ਇਸੇ ਕਰਕੇ ਉਨ੍ਹਾਂ ਦੀ ਰਚਨਾ ਦਾ ਬਿਆਨ ਸੱਚਾਈ ਦੇ ਬਹੁਤ ਨੇੜੇ ਹੈ ।ਕਵੀ ਨੇ ਪੰਜਾਬ ਦੇ ਸਾਂਝੇ ਸਭਿਆਚਾਰ ਦੇ ਰੱਜ ਕੇ ਤਾਰੀਫ਼ ਕੀਤੀ ਹੈ।

ਜੰਗਨਾਮਾ ਸ਼ਾਹ ਮੁਹੰਮਦ

1

ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ ਨਿਗਾਰ ਕਰਕੇ,
ਰੰਗਾ ਰੰਗ ਦੇ ਭੇਖ ਰਚਾਂਵਦਾ ਈ ।
ਸਫਾਂ ਪਿਛਲੀਆਂ ਸਭ ਸਮੇਟ ਲੈਂਦਾ,
ਅੱਗੇ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ ।

2

ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ,
ਦੁਨੀਆਂ ਵੇਸਵਾ ਦਾ ਰੱਖੇ ਭੇਸ ਮੀਆਂ ।
ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ ।
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ।
ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ,
ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ।

3

ਇਕ ਰੋਜ਼ ਬਡਾਲੇ ਦੇ ਵਿਚ ਬੈਠੇ,
ਚਲੀ ਆਣ ਫਿਰੰਗੀ ਦੀ ਬਾਤ ਆਹੀ ।
ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ,
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉੱਤੇ ਅਫ਼ਾਤ ਆਹੀ ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ ।

4

ਏਹੁ ਜੱਗ ਸਰਾਇਂ ਮੁਸਾਫਿਰਾਂ ਦੀ,
ਏਥੇ ਜ਼ੋਰ ਵਾਲੇ ਕਈ ਆਇ ਗਏ ।
ਸ਼ਿਦਾਦ, ਨਮਰੂਦ, ਫਿਰਊਨ ਜੇਹੇ,
ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ ।
ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ,
ਫੇਰੀ ਵਾਂਗ ਵਣਜਾਰਿਆਂ ਪਾਇ ਗਏ ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ ।

5

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।

6

ਜਦੋਂ ਹੋਏ ਸਰਕਾਰ ਦੇ ਸਾਸ ਪੂਰੇ,
ਜਮ੍ਹਾ ਹੋਏ ਨੀ ਸਭ ਸਰਦਾਰ ਮੀਆਂ ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਇਹੋ ਸੀ ਕੌਲ-ਕਰਾਰ ਮੀਆਂ ।

7

ਮੇਰੇ ਬੈਠਿਆਂ ਇਨ੍ਹਾਂ ਨੇ ਖ਼ੂਨ ਕੀਤਾ,
ਇਹ ਤਾਂ ਗਰਕ ਜਾਵੇ ਦਰਬਾਰ ਮੀਆਂ ।
ਪਿੱਛੇ ਸਾਡੇ ਵੀ ਕੌਰ ਨਾ ਰਾਜ ਕਰਸੀ,
ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ ।
ਨਾਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ,
ਇਹ ਤਾਂ ਮਰਨਗੇ ਸਭ ਸਿਰਦਾਰ ਮੀਆਂ ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵੱਗੀ,
ਸਭੇ ਕਤਲ ਹੋਂਦੇ ਵਾਰੋ ਵਾਰ ਮੀਆਂ ।

8

ਖੜਕ ਸਿੰਘ ਮਹਾਰਾਜ ਹੋਯਾ ਬਹੁਤ ਮਾਂਦਾ,
ਬਰਸ ਇਕ ਪਿੱਛੇ ਵੱਸ ਕਾਲ ਹੋਇਆ ।
ਆਈ ਮੌਤ ਨਾ ਅਟਕਿਆ ਇਕ ਘੜੀ,
ਚੇਤ ਸਿੰਘ ਦੇ ਗਮ ਦੇ ਨਾਲ ਮੋਇਆ ।
ਕੌਰ ਸਾਹਿਬ ਮਹਾਰਾਜੇ ਦੀ ਗੱਲ ਸੁਣ ਕੇ,
ਜ਼ਰਾ ਗਮ ਦੇ ਨਾਲ ਨਾ ਮੂਲ ਰੋਇਆ ।
ਸ਼ਾਹ ਮੁਹੰਮਦਾ ਕਈਆਂ ਦੇ ਬੰਨ੍ਹਣੇ ਦਾ,
ਵਿਚ ਕੌਂਸਲ ਦੇ ਕੌਰ ਨੂੰ ਫਿਕਰ ਹੋਇਆ ।

9

ਖੜਕ ਸਿੰਘ ਮਹਾਰਾਜੇ ਨੂੰ ਚੁੱਕ ਲਿਆ,
ਵੇਖੋ ਸਾੜਨੇ ਨੂੰ ਹੁਣ ਲੈ ਚੱਲੇ ।
ਧਰਮ ਰਾਇ ਨੂੰ ਜਾਇ ਕੇ ਖਬਰ ਹੋਈ,
ਕੌਰ ਮਾਰਨੇ ਨੂੰ ਓਨ ਦੂਤ ਘੱਲੇ ।
ਮਾਰੋ ਮਾਰ ਕਰਦੇ ਦੂਤ ਉੱਠ ਦੌੜੇ,
ਜਦੋਂ ਹੋਏ ਨੀ ਮੌਤ ਦੇ ਆਇ ਹੱਲੇ ।
ਸ਼ਾਹ ਮੁਹੰਮਦਾ ਦੇਖ ਰਜ਼ਾਇ ਰੱਬ ਦੀ,
ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ ।

10

ਇਕ ਦੂਤ ਨੇ ਆਇ ਕੇ ਫ਼ਿਕਰ ਕੀਤਾ,
ਪਲਕ ਵਿਚ ਦਰਵਾਜ਼ੇ ਦੇ ਆਇਆ ਈ ।
ਜਿਹੜਾ ਧੁਰੋਂ ਦਰਗਾਹੋਂ ਸੀ ਹੁਕਮ ਆਇਆ,
ਦੇਖੋ ਓਸ ਨੇ ਖੂਬ ਬਜਾਇਆ ਈ ।
ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ,
ਛੱਜਾ ਢਾਹ ਦੋਹਾਂ ਉੱਤੇ ਪਾਇਆ ਈ ।
ਸ਼ਾਹ ਮੁਹੰਮਦਾ ਊਧਮ ਸਿੰਘ ਥਾਇਂ ਮੋਇਆ,
ਕੌਰ ਸਾਹਿਬ ਜੋ ਸਹਿਕਦਾ ਆਇਆ ਈ ।

11

ਅੱਠ ਪਹਿਰ ਲੁਕਾਇ ਕੇ ਰੱਖਿਓ ਨੇ,
ਦਿਨ ਦੂਜੇ ਰਾਣੀ ਚੰਦ ਕੌਰ ਆਈ ।
ਖੜਗ ਸਿੰਘ ਦਾ ਮੂਲ ਦਰੇਗ ਨਾਹੀਂ,
ਕੌਰ ਸਾਹਿਬ ਤਾਈਂ ਓਥੇ ਰੋਣ ਆਈ ।
ਮ੍ਰਿਤ ਹੋਇਆ ਤੇ ਕਰੋ ਸਸਕਾਰ ਇਸਦਾ,
ਰਾਣੀ ਆਖਦੀ-'ਤੁਸਾਂ ਕਿਉਂ ਦੇਰ ਲਾਈ ?'
ਸ਼ਾਹ ਮੁਹੰਮਦਾ ਰੋਂਦੀ ਏ ਚੰਦ ਕੌਰਾਂ,
ਜਿਹਦਾ ਮੋਇਆ ਪੁਤ੍ਰ ਸੋਹਣਾ ਸ਼ੇਰ ਸਾਈ ।

12

ਸ਼ੇਰ ਸਿੰਘ ਨੂੰ ਕਿਸੇ ਜਾ ਖਬਰ ਦਿੱਤੀ,
ਜਿਹਦਾ ਮੋਇਆ ਭਤੀਜਾ ਵੀਰ ਯਾਰੋ ।
ਓਨ ਤੁਰਤ ਵਟਾਲਿਓਂ ਕੂਚ ਕੀਤਾ,
ਰਾਹੀਂ ਆਂਵਦਾ ਘੱਤ ਵਹੀਰ ਯਾਰੋ ।
ਜਦੋਂ ਆਣ ਕੇ ਹੋਇਆ ਲਾਹੌਰ ਦਾਖਲ,
ਅੱਖੀਂ ਰੋਵੇ ਪਲੱਟਦਾ ਨੀਰ ਯਾਰੋ ।
ਸ਼ਾਹ ਮੁਹੰਮਦਾ ਲੋਕ ਦਿਲਬਰੀ ਦੇਂਦੇ,
ਚੰਦ ਕੌਰ ਹੋਈ ਦਿਲਗੀਰ ਯਾਰੋ ।

13

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀਂ,
ਸ਼ੇਰ ਸਿੰਘ ਅੰਦਰ ਅੱਜ ਆਵਣਾ ਜੇ,
ਤੁਰਤ ਫੂਕ ਦੇਹੋ ਤੁਸੀਂ ਕਰਾਬੀਨਾਂ,
ਪਲਕ ਵਿਚ ਹੀ ਮਾਰ ਗਵਾਵਣਾ ਜੇ ।
ਸ਼ੇਰ ਸਿੰਘ ਨੂੰ ਰਾਜੇ ਨੇ ਖਬਰ ਦਿੱਤੀ,
ਅੰਦਰ ਅੱਜ ਹਜ਼ੂਰ ਨਾ ਆਵਣਾ ਜੇ ।
ਸ਼ਾਹ ਮੁਹੰਮਦਾ ਅਜੇ ਨਾ ਜ਼ੋਰ ਤੇਰਾ,
ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ ।

14

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ,
ਦਗੇਬਾਜ਼ੀਆਂ ਹੋਰ ਬਥੇਰੀਆਂ ਨੀ ।
ਓਨ ਤੁਰਤ ਲਾਹੌਰ ਥੀਂ ਕੂਚ ਕੀਤਾ,
ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ ।
ਪਿੱਛੇ ਰਾਜ ਬੈਠੀ ਰਾਣੀ ਚੰਦ ਕੌਰਾਂ,
ਦੇਂਦੇ ਆਇ ਮੁਸਾਹਿਬ ਦਲੇਰੀਆਂ ਨੀ ।
ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ,
ਕਿਲ੍ਹੇ ਕੋਟ ਤੇ ਰਈਅਤਾਂ ਤੇਰੀਆਂ ਨੀ ।

15

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,
ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ ।
ਉਹ ਹੈ ਪੁਤ੍ਰ ਸਰਕਾਰ ਦਾ ਫਤੇ-ਜੰਗੀ,
ਗੱਦੀ ਓਸ ਨੂੰ ਚਾਇ ਬਹਾਈਏ ਜੀ ।
ਸਿੰਘਾਂ ਆਖਿਆ,'ਰਾਜਾ ਜੀ ! ਹੁਕਮ ਤੇਰਾ,
ਜਿਸ ਨੂੰ ਕਹੇਂ ਸੋ ਫਤਹਿ ਬੁਲਾਈਏ ਜੀ ।
ਸ਼ਾਹ ਮੁਹੰਮਦਾ ਗੱਲ ਜੋ ਮੂੰਹੋਂ ਕੱਢੇਂ,
ਇਸੇ ਵਖਤ ਹੀ ਤੁਰਤ ਮੰਗਾਈਏ ਜੀ' ।

16

ਬਾਈਆਂ ਦਿਨਾਂ ਦੀ ਰਾਜੇ ਨੇ ਲਈ ਰੁਖਸਤ,
ਤਰਫ ਜੰਮੂ ਦੀ ਹੋਏ ਨੀ ਕੂਚ ਡੇਰੇ,
ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ,
ਮੈਂ ਤਾਂ ਰਫੂ ਕਰ ਛੱਡੇ ਨੀ ਕੰਮ ਤੇਰੇ ।
ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,
ਅਗੋਂ ਆਇ ਮਿਲਸਨ ਤੈਨੂੰ ਸਭ ਡੇਰੇ ।
ਸ਼ਾਹ ਮੁਹੰਮਦਾ ਮਿਲਣਗੇ ਸਭ ਅਫਸਰ,
ਜਿਸ ਵੇਲੜੇ ਸ਼ਹਿਰ ਦੇ ਜਾਇਂ ਨੇੜੇ ।

17

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,
ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ ।
ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,
ਧੂੜਾਂ ਉੱਡ ਕੇ ਘਟਾ ਹੋ ਚੱਲੀਆਂ ਨੀ ।
ਆਵੇ ਬੁੱਧੂ ਦੇ ਪਾਸ ਨੀ ਲਾਏ ਡੇਰੇ,
ਫ਼ੌਜਾਂ ਲੱਥੀਆਂ ਆਣ ਇਕੱਲੀਆਂ ਨੀ ।
ਸ਼ਾਹ ਮੁਹੰਮਦਾ ਆਣ ਜਾਂ ਰਥ ਪਹੁੰਚੇ,
ਗੱਲਾਂ ਸ਼ਹਿਰ ਲਾਹੌਰ ਵਿਚ ਚੱਲੀਆਂ ਨੀ ।

18

ਸ਼ੇਰ ਸਿੰਘ ਫਿਰ ਬੁੱਧੂ ਦੇ ਆਵਿਓਂ ਜੀ,
ਕਰ ਤੁਰਮ ਲਾਹੌਰ ਵੱਲ ਧਾਇਆ ਈ ।
ਫਲ੍ਹੇ ਪੜਤਲਾਂ ਦੇ ਅੱਗੋਂ ਪਾੜ ਕੇ ਜੀ,
ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ ।
ਓਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ,
ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ ।
ਸ਼ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,
ਸ਼ੇਰ ਸਿੰਘ ਨੂੰ ਤਖਤ ਬਿਠਾਇਆ ਈ ।

19

ਸ਼ੇਰ ਸਿੰਘ ਗੱਦੀ ਉੱਤੇ ਆਣ ਬੈਠਾ,
ਰਾਣੀ ਕੈਦ ਕਰਕੇ ਕਿਲ੍ਹੇ ਵਿਚ ਪਾਈ ।
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ,
ਉਹ ਤਾਂ ਮੱਲ ਬੈਠਾ ਸਾਰੀ ਪਾਦਸ਼ਾਹੀ ।
ਬਰਸ ਹੋਇਆ ਜਦ ਓਸ ਨੂੰ ਕੈਦ ਹੋਇਆਂ,
ਰਾਣੀ ਦਿਲ ਦੇ ਵਿਖੇ ਜੋ ਜਿੱਚ ਆਹੀ ।
ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ,
ਸ਼ੇਰ ਸਿੰਘ ਨੇ ਗਲੋਂ ਬਲਾਇ ਲਾਹੀ ।

20

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ,
ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ ।
ਸੰਧਾਵਾਲੀਆਂ ਦੇ ਦੇਸ਼ੋਂ ਪੈਰ ਖਿਸਕੇ,
ਜਾ ਕੇ ਪੁੱਛ ਲੈ ਰਾਹ ਪਧਾਣੀਆਂ ਥੀਂ ।
ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ,
ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ ।
ਸ਼ਾਹ ਮੁਹੰਮਦਾ ਜੰਮਿਆ ਅਲੀ ਅਕਬਰ,
ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ ।

21

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,
ਉਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ ।
ਸ਼ੇਰ ਸਿੰਘ ਨੇ ਬੁੱਘੇ ਨੂੰ ਹੁਕਮ ਕੀਤਾ,
ਓਨ੍ਹਾਂ ਕਿਲ੍ਹਿਓਂ ਬਾਹਰ ਚਾ ਕੱਢਿਆ ਈ ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,
ਨੱਕ ਕੰਨ ਚਾ ਓਨ੍ਹਾਂ ਦਾ ਵੱਢਿਆ ਈ ।
ਸ਼ਾਹ ਮੁਹੰਮਦਾ ਲਾਹਿ ਕੇ ਸਭ ਜੇਵਰ,
ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ ।

22

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ,
ਡੇਰਾ ਸ਼ਾਹ ਬਿਲਾਵਲ ਲਗਾਂਵਦਾ ਈ ।
ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ,
ਸ਼ੇਰ ਸਿੰਘ ਨੂੰ ਆਣ ਦਿਖਾਂਵਦਾ ਈ ।
ਸਿੱਧੀ ਜਦੋਂ ਸ਼ਹਿਜ਼ਾਦੇ ਨੇ ਨਜ਼ਰ ਕੀਤੀ,
ਜਲਦੀ ਨਾਲ ਚਾ ਕਲਾ ਦਬਾਂਵਦਾ ਈ ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਤੇਗ ਮਾਰ ਕੇ ਸੀਸ ਉਡਾਂਵਦਾ ਈ ।

23

ਲਹਿਣਾ ਸਿੰਘ ਜੋ ਬਾਗ ਦੀ ਤਰਫ ਆਇਆ,
ਅੱਗੇ ਕੌਰ ਜੋ ਹੋਮ ਕਰਾਂਵਦਾ ਈ ।
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ,
ਅੱਗੋਂ ਵਾਸਤਾ ਰੱਬ ਦਾ ਪਾਂਵਦਾ ਈ ।
"ਮੈਂ ਤਾਂ ਕਰਾਂਗਾ ਬਾਬਾ ਜੀ ਟਹਿਲ ਤੇਰੀ,'
ਹੱਥ ਜੋੜ ਕੇ ਸੀਸ ਨਿਵਾਂਵਦਾ ਈ ।
ਸ਼ਾਹ ਮੁਹੰਮਦਾ ਓਸ ਨਾ ਇਕ ਮੰਨੀ,
ਤੇਗ ਮਾਰ ਕੇ ਸੀਸ ਉਡਾਂਵਦਾ ਈ ।

24

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ,
ਸੰਧਾਵਾਲੀਏ ਸ਼ਹਿਰ ਨੂੰ ਉੱਠ ਧਾਏ ।
ਰਾਜਾ ਮਿਲਿਆ ਤਾਂ ਕਹਿਆ ਅਜੀਤ ਸਿੰਘ ਨੇ,
'ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ ।'
ਗੱਲੀਂ ਲਾਇ ਕੇ ਤੇ ਕਿਲੇ ਵਿਚ ਆਂਦਾ,
ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ ।
'ਕਿੱਥੇ ਮਾਰੀ ਸੀ ਰਾਜਾ ਜੀ ! ਚੰਦ ਕੌਰਾਂ ?'
ਸ਼ਾਹ ਮੁਹੰਮਦਾ ਪੁੱਛਣੇ ਉਨ੍ਹਾਂ ਚਾਹੇ ।

25

ਗੁਰਮੁਖ ਸਿੰਘ ਗਿਆਨੀ ਨੇ ਮਤ ਦਿੱਤੀ,
'ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਈ ।'
ਮਗਰੋਂ ਮਹਿਰ ਘਸੀਟਾ ਭੀ ਬੋਲਿਆ ਈ,
ਅੱਗੋਂ ਸੁਖਨ ਸਲਾਹੀ ਨੇ ਕੱਢਿਆ ਈ ।
ਇਕ ਅੜਦਲੀ ਨੇ ਕਰਾਬੀਨ ਮਾਰੀ,
ਰੱਸਾ ਆਸ-ਉਮੈਦ ਦਾ ਵੱਢਿਆ ਈ ।
ਸ਼ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫੇ,
ਦਲੀਪ ਸਿੰਘ ਤਾਈਂ ਫੇਰ ਸੱਦਿਆ ਈ ।

26

ਪਹਿਲਾਂ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ,
ਪਿੱਛੋਂ ਦਿੱਤੀਆਂ ਸੱਤ ਪ੍ਰਦੱਖਣਾਂ ਈ ।
'ਤੇਰੇ ਵਾਸਤੇ ਹੋਏ ਨੀ ਸਭ ਕਾਰੇ,
ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ ।
ਸਾਨੂੰ ਘੜੀ ਦੀ ਕੁਝ ਉਮੈਦ ਨਾਹੀਂ,
ਅੱਜ ਰਾਤ ਪ੍ਰਸਾਦ ਕਿਨ ਚੱਖਣਾ ਈ ।
ਤੇਰੀ ਵਲ ਜੋ ਕਰੇਗਾ ਨਜ਼ਰ ਮੈਲੀ,
ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ ।'

27

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ ।
ਧੌਂਸਾ ਮਾਰ ਕੇ ਪਹੁਤਾ ਲਾਹੌਰ ਜਲਦੀ,
ਗੁੱਸੇ ਨਾਲ ਸੀ ਸ਼ਹਿਰ ਦੇ ਵਿਚ ਵੜਿਆ ।
ਰਾਜਪੂਤ ਉਹ ਡੋਗਰਾ ਖੂਬ ਚੰਗਾ,
ਸੰਧਾਵਾਲੀਆਂ ਦੇ ਨਾਲ ਖੂਬ ਲੜਿਆ ।
ਸ਼ਾਹ ਮੁਹੰਮਦਾ ਅਜੀਤ ਸਿੰਘ ਮੁਇਆ ਲੱਧਾ,
ਲਹਿਣਾ ਸਿੰਘ ਜੋ ਜੀਂਵਦਾ ਆਇ ਫੜਿਆ ।

28

ਦੋਹਾਂ ਸਿੰਘਾਂ ਤੋਂ ਬਹੁਤ ਸੂਰਮੱਤ ਹੋਈ,
ਖੰਡਾ ਵਿਚ ਦਰਬਾਰ ਵਜਾਇ ਗਏ ।
ਧਿਆਨ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ,
ਸਾਰੇ ਮੁਲਕ ਦੀ ਕਲਹ ਮਿਟਾਇ ਗਏ ।
ਰਾਜਾ ਕਰਦਾ ਸੀ ਮੁਲਕ ਦੀ ਬਾਦਸ਼ਾਹੀ,
ਪਿੱਛੇ ਰਹਿੰਦਿਆਂ ਨੂੰ ਵਖਤ ਪਾਇ ਗਏ ।
ਸ਼ਾਹ ਮੁਹੰਮਦਾ ਮਾਰ ਕੇ ਮੁਏ ਦੋਵੇਂ,
ਚੰਗੇ ਸੂਰਮੇ ਹੱਥ ਦਿਖਾਇ ਗਏ ।

29

ਦੁੱਲੇ ਭੱਟੀ ਨੂੰ ਗਾਂਵਦਾ ਜਗ ਸਾਰਾ,
ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ ।
ਮੀਰ ਦਾਦ ਚੌਹਾਨ ਦੇ ਸਤਰ ਅੰਦਰ,
ਮੋਈਆਂ ਰਾਣੀਆਂ ਖਾਇ ਕਟਾਰੀਆਂ ਨੀ ।
ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,
ਤੇਗਾਂ ਵਿਚ ਦਰਬਾਰ ਦੇ ਮਾਰੀਆਂ ਨੀ ।
ਸ਼ਾਹ ਮੁਹੰਮਦਾ ਮੁਏ ਨੀ ਬੀਰ ਬਣਕੇ,
ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ ।

30

ਪਿੱਛੋਂ ਆਣ ਕੇ ਸਭਨਾਂ ਨੂੰ ਫ਼ਿਕਰ ਹੋਇਆ,
ਸੋਚੀਂ ਪਏ ਨੀ ਸਭ ਸਿਰਦਾਰ ਮੀਆਂ ।
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ ।
ਗੱਦੀ ਵਾਲਿਆਂ ਨੂੰ ਨਹੀਂ ਬਹਿਣ ਦੇਂਦੇ,
ਹੋਰ ਕੌਣ ਕਿਸ ਦੇ ਪਾਣੀਹਾਰ ਮੀਆਂ ।
ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ,
ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ ।

31

ਲਹਿਣਾ ਸਿੰਘ ਸਿਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ ।
ਮਹਾਂਬਲੀ ਸਿਰਦਾਰ ਸੀ ਪੰਥ ਵਿਚੋਂ,
ਡਿੱਠੀ ਬਣੀ ਕੁਚਲਣੀ ਚਾਲ ਮੀਆਂ ।
ਦਿਲ ਆਪਣੇ ਬੈਠ ਵਿਚਾਰ ਕਰਦਾ,
ਏਥੇ ਕਈਆਂ ਦੇ ਹੋਣਗੇ ਕਾਲ ਮੀਆਂ ।
ਸ਼ਾਹ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ,
ਸਾਰਾ ਛੱਡ ਕੇ ਦੰਗ ਦਵਾਲ ਮੀਆਂ ।

32

ਦਲੀਪ ਸਿੰਘ ਗੱਦੀ ਉੱਤੇ ਰਹੇ ਬੈਠਾ,
ਹੀਰਾ ਸਿੰਘ ਜੋ ਰਾਜ ਕਮਾਂਵਦਾ ਈ ।
ਜੱਲ੍ਹਾ ਓਸ ਦਾ ਖਾਸ ਵਜ਼ੀਰ ਹੈ ਸੀ,
ਖ਼ਾਤਰ ਵਿਚ ਨਾ ਕਿਸੇ ਲਿਆਂਵਦਾ ਈ ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,
ਕਹੇ ਕੁਝ ਤੇ ਕੁਝ ਕਮਾਂਵਦਾ ਈ ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ,
ਹੀਰਾ ਸਿੰਘ ਦਾ ਨਾਸ ਕਰਾਂਵਦਾ ਈ ।

33

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,
ਬੁਰਾ ਕਰਨਹਾਰਾ ਜੱਲ੍ਹਾ ਠੀਕਦਾ ਈ ।
'ਜਲਦੀ ਪਹੁੰਚ ਵਜ਼ੀਰ ਬਣਾ ਲਈਏ,
ਤੈਨੂੰ ਖਾਲਸਾ ਪਇਆ ਉਡੀਕਦਾ ਈ ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,
ਹੀਰਾ ਸਿੰਘ ਤਾਂ ਪੁਤ੍ਰ ਸ਼ਰੀਕ ਦਾ ਈ ।
ਸ਼ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵੱਢੋ,
ਭੱਜ ਜਾਏਗਾ ਮਾਰਿਆ ਲੀਕ ਦਾ ਈ ।

34

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,
ਜਾਮੇ ਵਿਚ ਨਾ ਮੂਲ ਸਮਾਂਵਦਾ ਈ ।
ਵੱਗਾ ਤੱਗ ਲਾਹੌਰ ਨੂੰ ਅਸਾਂ ਜਾਣਾ,
ਡੇਰੇ ਕਾਠੀਆਂ ਚਾਇ ਪਵਾਂਵਦਾ ਈ ।
ਮੰਜੀ ਕਾਕੜੀ ਫੌਜ਼ ਉਤਾਰ ਸਾਰੀ,
ਬਾਈ ਆਦਮੀ ਨਾਲ ਲੈ ਆਵਦਾ ਈ।
ਸ਼ਾਹ ਮੁਹੰਮਦਾ ਆ ਲਾਹੌਰ ਪਹੁੰਚਾ,
ਮੀਆਂਮੀਰ ਡੇਰਾ ਆਣ ਲਾਂਵਦਾ ਈ ।

35

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ,
ਸਭੇ ਪੜਤਲਾਂ ਤੁਰਤ ਲਪੇਟੀਆਂ ਨੀ ।
ਸਿੰਘਾਂ ਆਖਿਆ, 'ਰਾਜਾ ਜੀ ! ਜਾਓ ਮੁੜ ਕੇ,
ਫ਼ੌਜ਼ਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ ।'
'ਸਿੰਘੋ! ਜੀਉਂਦੇ ਜਾਣ ਮੁਹਾਲ ਜੰਮੂ,
ਤਾਅਨੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ ।
'ਸ਼ਾਹ ਮੁਹੰਮਦਾ ਆਇਆ ਵਜ਼ੀਰੀ ਲੈ ਕੇ,'
ਆਖਣ ਸਭ ਪਹਾੜ ਡੁਮੇਟੀਆਂ ਨੀ ।

36

ਤੋਪਾਂ ਜੋੜ ਕੇ ਪੜਤਲਾਂ ਨਾਲ ਲੈ ਕੇ,
ਚਾਚੇ ਸਕੇ ਉੱਤੇ ਹੀਰਾ ਸਿੰਘ ਚੜ੍ਹਦਾ ।
ਜਦੋਂ ਫੌਜ ਨੇ ਘੱਤਿਆ ਆਣ ਘੇਰਾ,
ਖੰਡਾ ਸਾਰ ਦਾ ਖਿੱਚ ਕੇ ਹੱਥ ਫੜਦਾ,
ਭਮਿ ਸਿੰਘ ਤੇ ਕੇਸਰੀ ਸਿੰਘ ਸਾਹਵੇਂ,
ਲੈ ਕੇ ਦੋਹਾਂ ਨੂੰ ਕਟਕ ਦੇ ਵਿਚ ਵੜਦਾ ।
ਸ਼ਾਹ ਮੁਹੰਮਦਾ ਟਿੱਕੇ ਦੀ ਲਾਜ ਰੱਖੀ,
ਮੱਥੇ ਸਾਮ੍ਹਣੇ ਹੋਇ ਕੇ ਖੂਬ ਲੜਦਾ ।

37

ਸਿੰਘ ਜੱਲ੍ਹੇ ਦੇ ਹੱਥ ਤੋਂ ਤੰਗ ਆਏ,
ਦਿਲਾਂ ਵਿਚ ਕਚੀਚੀਆਂ ਖਾਵਦੇ ਨੀ ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ,
ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ ।
ਕਈ ਆਖਦੇ ਦੇ ਇਨਾਮ ਸਗਵਾਂ,
ਲੈ ਬੁਤਕੀਆਂ ਗਲੇ ਚਾ ਪਾਂਵਦੇ ਨੀ ।
ਸ਼ਾਹ ਮੁਹੰਮਦਾ ਜੱਲ੍ਹੇ ਦੇ ਮਾਰਨੇ ਨੂੰ,
ਪੰਚ ਕੌਂਸਲੀ ਚਾਇ ਬਣਾਂਵਦੇ ਨੀ ।

38

ਹੋਇਆ ਹੁਕਮ ਜੋ ਬਹੁਤ ਮਹਾਵਤਾਂ ਨੂੰ,
ਹੌਦੇ ਸੁਇਨੇ ਦੇ ਚਾਇ ਕਸਾਂਵਦੇ ਨੀ ।
ਤਰਫ਼ ਜੰਮੂ ਦੀ ਦੇਇ ਮਰੋੜ ਚੱਲੇ,
ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ ।
ਘੇਰੇ ਅਜ਼ਲ ਦੇ ਅਕਲ ਨਾ ਜ਼ਰਾ ਆਈ,
ਬੁਰਾ ਆਪਣਾ ਆਪ ਕਰਾਂਵਦੇ ਨੀ ।
ਸ਼ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,
ਅੱਗੋਂ ਗੋਲਿਆਂ ਨਾਲ ਉਡਾਂਵਦੇ ਨੀ ।

39

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,
ਜਵਾਹਰ ਸਿੰਘ ਵਜ਼ੀਰ ਬਣਾਇਓ ਨੇ ।
ਤਰਫ਼ ਜੰਮੂ ਪਹਾੜ ਦੀ ਹੋ ਚੱਲੇ,
ਰਾਹੀਂ ਸ਼ੋਰ ਖ਼ਰੂਦ ਮਚਾਇਓ ਨੇ ।
ਓਤੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,
ਕੈਂਠੇ ਫੇਰ ਲੈ ਕੇ ਗਲੀਂ ਪਾਇਓ ਨੇ ।
ਸ਼ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,
ਜਵਾਹਰ ਸਿੰਘ ਨੂੰ ਆਖ ਸੁਣਾਇਓ ਨੇ ।

40

ਕੇਹਾ ਬੁਰਛਿਆਂ ਆਣ ਹਨੇਰ ਪਾਇਆ,
ਜੇੜ੍ਹਾ ਬਹੇ ਗੱਦੀ ਉਹ ਨੂੰ ਮਾਰ ਲੈਂਦੇ ।
ਕੈਂਠੇ ਕੜੇ ਇਨਾਮ ਰੁਪਏ ਬਾਰਾਂ,
ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ ।
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਉੱਤੇ,
ਕਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ ।
ਸ਼ਾਹ ਮੁਹੰਮਦਾ ਚੜ੍ਹੇ ਮਝੈਲ ਭਾਈਏ,
ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।

41

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ,
ਸਭੋ ਕਤਲ ਹੋਏ ਵਾਰੋ ਵਾਰ ਮੀਆਂ ।
ਸਿਰ ਤੇ ਫੌਜ਼ ਦੇ ਰਿਹਾ ਨਾ ਕੋਈ ਕੁੰਡਾ,
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ ।

42

ਜਵਾਹਰ ਸਿੰਘ ਦੇ ਉੱਤੇ ਨੀ ਚੜ੍ਹੇ ਸਾਰੇ,
ਮੱਥਾ ਖ਼ੂਨੀਆਂ ਵਾਂਗ ਚਾ ਵੱਟਿਓ ਨੇ ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,
ਅੱਗੋਂ ਨਾਲ ਸੰਗੀਨਾਂ ਦੇ ਫੱਟਿਓ ਨੇ ।
ਸੀਖਾਂ ਨਾਲ ਉੜੁੰਬ ਕੇ ਫ਼ੀਲ ਉੱਤੇ,
ਕੱਢ ਹੌਦਿਓਂ ਜ਼ਿਮੀਂ ਤੇ ਸੱਟਿਓ ਨੇ ।
ਸ਼ਾਹ ਮੁਹੰਮਦਾ ਵਾਸਤੇ ਪਾਂਵਦੇ ਦਾ,
ਸਿਰ ਨਾਲ ਤਲਵਾਰ ਦੇ ਕੱਟਿਓ ਨੇ ।

43

ਰਾਣੀ ਕੈਦ ਕਨਾਤ ਦੇ ਵਿਚ ਕੀਤੀ,
'ਕਿਸ ਨੂੰ ਰੋਇ ਕੇ ਪਈ ਡਰਾਵਨੀ ਹੈਂ ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ,
ਜਿਹਨੂ ਪਾਇ ਕੇ ਵੈਣ ਸੁਣਾਵਨੀ ਹੈਂ ।
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,
ਜਿਹੜੇ ਡੂੰਘੜੇ ਵੈਣ ਤੂੰ ਪਾਵਨੀ ਹੈਂ ?
ਸ਼ਾਹ ਮੁਹੰਮਦਾ ਦੇਹ ਇਨਾਮ ਸਗੋਂ,
ਸਾਡੇ ਜ਼ੋਰ ਤੇ ਰਾਜ ਕਮਾਵਨੀ ਹੈਂ ।'

44

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,
ਕਿਥੋਂ ਕੱਢਾਂ ਮੈਂ ਕਲਗੀਆਂ ਨਿਤ ਤੋੜੇ ।
ਮੇਰੇ ਸਾਹਮਣੇ ਕੋਹਿਆ ਨੇ ਵੀਰ ਮੇਰਾ,
ਜੈਂਦੀ ਤਾਬਿਆ ਲੱਖ ਹਜ਼ਾਰ ਘੋੜੇ ।
ਕਿੱਥੋਂ ਕੱਢਾਂ ਮੈਂ ਦੇਸ਼ ਫਿਰੰਗੀਆਂ ਦਾ,
ਕੋਈ ਹੋਵੇ ਜੋ ਇਨ੍ਹਾਂ ਦਾ ਗਰਬ ਤੋੜੇ ।
ਸ਼ਾਹ ਮੁਹੰਮਦਾ ਓਸ ਤੋਂ ਜਾਨ ਵਾਰਾਂ,
ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।

45

ਮੈਨੂੰ ਆਣ ਚੁਫੇਰਿਓਂ ਘੂਰਦੇ ਨੀ,
ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ ।
ਜੱਟੀ ਹੋਵਾਂ ਤੇ ਕਰਾਂ ਪੰਜਾਬ ਰੰਡੀ,
ਸਾਰੇ ਮੁਲਕ ਦੇ ਵਿਚ ਚਾ ਛਿੜਨ ਵਾਰਾਂ ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,
ਸਣੇ ਵੱਡਿਆਂ ਅਫ਼ਸਰਾਂ ਜਮਾਦਾਰਾਂ ।
ਪਏ ਰੁਲਣਗੇ ਵਿਚ ਪਰਦੇਸ ਮੁਰਦੇ,
ਸ਼ਾਹ ਮੁਹੰਮਦਾ ਮਾਰਨੀ ਏਸ ਮਾਰਾਂ ।

46

ਜਿਨ੍ਹਾਂ ਕੋਹਿ ਕੇ ਮਾਰਿਆ ਵੀਰ ਮੇਰਾ,
ਮੈਂ ਤਾਂ ਖੋਹਾਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ ।
ਧਾਕਾਂ ਪੈਣ ਵਲਾਇਤੀਂ ਦੇਸ ਸਾਰੇ,
ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,
ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ ।
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਗੇ,
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।

47

ਅਰਜ਼ੀ ਲਿਖੀ ਫਿਰੰਗੀ ਨੂੰ ਕੁੰਜ ਗੋਸ਼ੇ,
ਪਹਿਲਾਂ ਆਪਣੀ ਸੁਖ ਅਨੰਦ ਵਾਰੀ ।
'ਤੇਰੇ ਵੱਲ ਮੈਂ ਫੋਜ਼ਾਂ ਨੂੰ ਤੋਰਨੀ ਹਾਂ,
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ ।
ਪਹਿਲਾਂ ਆਪਣਾ ਜ਼ੋਰ ਤੂੰ ਸੱਭ ਲਾਵੀਂ,
ਪਿੱਛੋਂ ਕਰਾਂਗੀ ਖ਼ਰਚ ਮੈਂ ਬੰਦ ਵਾਰੀ ।
ਸ਼ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,
ਮੈਨੂੰ ਏਤਨੀ ਬਾਤ ਪਸੰਦ ਵਾਰੀ ।

48

ਪਹਿਲੇ ਪਾਰ ਦਾ ਮੁਲਕ ਤੂੰ ਮੱਲ ਸਾਡਾ,
ਆਪੇ ਖਾਇ ਗੁੱਸਾ ਤੈਂਥੀਂ ਆਵਨੀਗੇ ।
ਸੋਈ ਲੜਨਗੇ ਹੈਣ ਬੇ-ਖ਼ਬਰ ਜਿਹੜੇ,
ਮੱਥਾ ਕਦੀ ਸਰਦਾਰ ਨਾ ਡਾਹਵਨੀਗੇ ।
ਏਸੇ ਵਾਸਤੇ ਫੌਜ਼ ਮੈਂ ਪਾੜ ਛੱਡੀ,
ਕਈ ਭਾਂਜ ਅਚਾਣਕੀ ਪਾਵਨੀਗੇ ।
ਸ਼ਾਹ ਮੁਹੰਮਦਾ ਲਾਟ ਜੀ ! ਕਟਕ ਤੇਰੇ,
ਮੇਰੇ ਗਲੋਂ ਤਗਾਦੜੇ ਲਾਹਵਨੀਗੇ ।'

49

ਨੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ ।
ਟੁੰਡੇ ਲਾਟ ਨੇ ਚੁਕਿਆ ਆਣ ਬੀੜਾ,
'ਹਮੀਂ ਜਾਇ ਕੇ ਸੀਖ ਸੋਂ ਅੜੇਗਾ ਜੀ ।
ਘੰਟੇ ਤੀਨ ਮੇਂ ਜਾਇ ਲਾਹੌਰ ਮਾਰਾਂ,
ਏਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ ।
ਸ਼ਾਹ ਮੁਹੰਮਦਾ ਫਗਣੋਂ ਤੇਰ੍ਹਵੀਂ ਨੂੰ,
ਸਾਹਿਬ ਜਾਇ ਲਾਹੌਰ ਵਿਚ ਵੜੇਗਾ ਜੀ ।

50

ਵੱਜੀ ਤੁਰਮ ਤੰਬੂਰ ਕਰਨਾਇ ਸ਼ੁਤਰੀ,
ਤੰਬੂ ਬੈਰਕਾਂ ਲਾਲ ਨਿਸ਼ਾਨ ਮੀਆਂ ।
ਕੋਤਲ ਪਾਲਕੀ ਬੱਘੀਆਂ ਤੋਪਖਾਨੇ,
ਦੂਰਬੀਨ ਜੰਗੀ ਸਾਇਬਾਨ ਮੀਆਂ ।
ਚੜ੍ਹਿਆ ਨੰਦਨੋਂ ਲਾਟ ਉਠਾਇ ਬੀੜਾ,
ਡੇਰਾ ਪਾਂਵਦਾ ਵਿਚ ਮੈਦਾਨ ਮੀਆਂ ।
ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਨ ਮੀਆਂ ।

51

ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,
'ਤੁਸੀਂ ਜਾਹੋ ਖਾਂ ਤਰਫ਼ ਕਸ਼ਮੀਰ ਨੂੰ ਜੀ ।'
ਓਨ੍ਹਾਂ ਰੱਬ ਦਾ ਵਾਸਤਾ ਪਾਇਆ ਸੀ,
'ਮਾਈ ! ਫੜੀਂ ਨਾ ਕਿਸੇ ਤਕਸੀਰ ਨੂੰ ਜੀ ।
ਪਾਰੋਂ ਮੁਲਕ ਫ਼ਿਰੰਗੀਆਂ ਮੱਲ ਲਿਆ,
ਅਸੀਂ ਮਾਰਾਂਗੇ ਓਸ ਬੇਪੀਰ ਨੂੰ ਜੀ ।
ਸ਼ਾਹ ਮੁਹੰਮਦਾ ਆਏ ਨੀ ਹੋਰ ਪਰਿਓਂ,
ਅਸੀਂ ਡੱਕਣਾ ਓਸ ਵਹੀਰ ਨੂੰ ਜੀ ।'

52

ਮਾਈ ਆਖਿਆ, 'ਸੱਭੇ ਚੜ੍ਹ ਜਾਣ ਫੌਜਾਂ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ ।
ਮੁਸਲਮਾਨੀਆਂ ਪੜਤਲਾਂ ਰਹਿਣ ਏਥੇ,
ਘੋੜ-ਚੜ੍ਹੇ ਨਾਹੀਂ ਪਾਸ ਰੱਖਣੇ ਜੀ ।
ਕੰਠੇ ਕਲਗੀਆਂ ਵਾਲੜੇ ਹੋਣ ਅੱਗੇ,
ਮੋਹਰੇ ਹੋਰ ਗਰੀਬ ਨਾ ਧੱਕਣੇ ਜੀ ।
ਸ਼ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰਾਂ,
ਮਜ਼ੇ ਤਿਨ੍ਹਾਂ ਲੜਾਈ ਦੇ ਚੱਖਣੇ ਜੀ ।'

53

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,
ਮੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ ।
ਜਮਨਾ ਤੀਕ ਜੋ ਪਿਆ ਹੈ ਮੁਲਖ ਸੁੰਞਾ,
ਖਾਵੋ ਦੇਸ ਫ਼ਿਰੰਗੀ ਦਾ ਲੁੱਟ ਵਾਰੀ ।
ਮਾਰੋ ਸ਼ਹਿਰ ਫ਼ਿਰੋਜ਼ਪੁਰ, ਲੁਧਿਆਣਾ,
ਸੁਟੋ ਛਾਵਣੀ ਓਸ ਦੀ ਪੁਟ ਸਾਰੀ ।
ਸ਼ਾਹ ਮੁਹੰਮਦਾ ਲਓ ਇਨਾਮ ਮੈਥੋਂ,
ਕੈਂਠੇ ਕੜੇ ਮੈਂ ਦੇਵਾਂਗੀ ਸੁਟ ਵਾਰੀ ।'

54

ਸਿੰਘਾਂ ਆਖਿਆ, 'ਲੜਾਂਗੇ ਹੋਏ ਟੋਟੇ,
ਸਾਨੂੰ ਖ਼ਬਰ ਭੇਜੀਂ ਦਿਨੇ ਰਾਤ ਮਾਈ !
ਤੇਰੀ ਨੌਕਰੀ ਵਿਚ ਨਾ ਫਰਕ ਕਰੀਏ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ ।'
ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ,
ਗੁੱਝਾ ਕਰਨ ਲੱਗੀ ਸਾਡਾ ਘਾਤ ਮਾਈ ।
ਸ਼ਾਹ ਮੁਹੰਮਦਾ ਅਜੇ ਨਾ ਜਾਣਿਓ ਨੇ,
ਖ਼ਾਲੀ ਪਈ ਹੈ ਚੋਪੜੀ ਪਰਾਤ ਮਾਈ ।

55

ਦਿੱਤੀ ਮਾਈ ਨੇ ਜਦੋਂ ਦਿਲਬਰੀ ਭਾਰੀ,
ਸਿੰਘ ਬੈਠੇ ਨੀ ਹੋਇ ਸੁਚੇਤ ਮੀਆਂ ।
ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,
ਕਿਸੇ ਹਾਰ ਦਿੰਦਾ ਕਿਸੇ ਜੇਤ ਮੀਆਂ ।
ਇਕ ਲੱਖ ਬੇਟਾ ਸਵਾ ਲੱਖ ਪੋਤਾ,
ਰਾਵਣ ਮਾਰਿਆ ਘਰ ਦੇ ਭੇਤ ਮੀਆਂ,
ਸ਼ਾਹ ਮੁਹੰਮਦਾ ਜਾਣਦਾ ਜੱਗ ਸਾਰਾ,
ਕਈ ਸੂਰਮੇ ਆਉਣਗੇ ਖੇਤ ਮੀਆਂ ।

56

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,
'ਚੱਲੋ ਹੁਣੇ ਫ਼ਿਰੰਗੀ ਨੂੰ ਮਾਰੀਏ ਜੀ ।
ਇਕ ਵਾਰ ਜੇ ਸਾਹਮਣੇ ਹੋਏ ਸਾਡੇ,
ਇਕ ਘੜੀ ਵਿਚ ਪਾਰ ਉਤਾਰੀਏ ਜੀ ।
ਬੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ,
ਅਸੀਂ ਕਾਸ ਤੋਂ ਓਸ ਤੋਂ ਹਾਰੀਏ ਜੀ ।
ਸ਼ਾਹ ਮੁਹੰਮਦਾ ਮਾਰ ਕੇ ਲੁਧਿਆਣਾ,
ਫੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ ।

57

ਜ਼ਬਤ ਕਰਾਂਗੇ ਮਾਲ ਫਿਰੰਗੀਆਂ ਦਾ,
ਲੁਟ ਲਿਆਵਾਂਗੇ ਦੌਲਤਾਂ ਬੋਰੀਆਂ ਨੀ ।
ਫੇਰ ਵੜਾਂਗੇ ਉਨ੍ਹਾਂ ਦੇ ਸਤਰ-ਖ਼ਾਨੇ,
ਬੰਨ੍ਹ ਲਿਆਵਾਂਗੇ ਸਾਰੀਆਂ ਗੋਰੀਆਂ ਨੀ ।
ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ,
ਮਾਰ ਵੱਢ ਕੇ ਕੀਤੀਆਂ ਪੋਰੀਆਂ ਨੀ ।
ਸ਼ਾਹ ਮੁਹੰਮਦਾ ਲਵਾਂਗੇ ਫੇਰ ਕੈਂਠੇ,
ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ ।'

58

ਧੌਂਸਾ ਵਜਿਆ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।
ਚੜ੍ਹੇ ਪੁਤਰ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।
ਚੜ੍ਹੇ ਸਭ ਮਝੈਲ ਦੁਆਬੀਏ ਜੀ,
ਜਿਨ੍ਹਾਂ ਕਿਲੇ ਨਿਵਾਏ ਨੇ ਢੇਰ ਮੀਆਂ ।
ਸ਼ਾਹ ਮੁਹੰਮਦਾ ਤੁਰੇ ਜੰਬੂਰ ਖਾਨੇ,
ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ ।

59

ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ,
ਜਲ੍ਹੇ ਵਾਲੀਏ ਬਣਤ ਬਣਾਂਵਦੇ ਨੀ ।
ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀ ।
ਚੜ੍ਹੇ ਸਭ ਸਰਦਾਰ ਮਜੀਠੀਏ ਜੀ,
ਸੰਧਾਵਾਲੀਏ ਕਾਠੀਆਂ ਪਾਂਵਦੇ ਨੀ ।
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰਜਮਟ,
ਖੰਡੇ ਸਾਰ ਦੇ ਸਿਕਲ ਕਰਾਂਵਦੇ ਨੀ ।

60

ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਹੋਰ ਇਮਾਮ ਸ਼ਾਹ ਵਾਲੀਆਂ ਨੀ ।
ਇਲਾਹੀ ਬਖਸ਼ ਪਟੋਲੀਏ ਮਾਂਜ ਕੇ ਜੀ,
ਧੂਪ ਦੇਇ ਕੇ ਤਖਤ ਬਹਾਲੀਆਂ ਨੀ ।
ਸ਼ਾਹ ਮੁਹੰਮਦਾ ਐਸੀਆਂ ਸਿਕਲ ਹੋਈਆਂ,
ਬਿਜਲੀ ਵਾਂਗਰਾਂ ਦੇਣ ਦਿਖਾਲੀਆਂ ਨੀ ।

61

ਸੁਣ ਕੇ ਖ਼ਬਰ ਫਿਰੰਗੀ ਦੀ ਚੜ੍ਹੇ ਸਾਰੇ,
ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ ।
ਫੇਰ ਵਾਰ ਕੁ ਵਾਰ ਨਾ ਕਿਸੇ ਡਿੱਠਾ,
ਇਕ ਦੂਸਰੇ ਦੇ ਅੱਗੇ (ਪਿੱਛੇ) ਲੱਗ ਤੁਰੀਆਂ ।
ਅੱਗੇ ਤੋਪਾਂ ਦੇ ਧਨੀ ਵੀ ਹੈਨ ਗੋਰੇ,
ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ ।
ਸ਼ਾਹ ਮੁਹੰਮਦਾ ਵਰਜ ਨਾ ਜਾਂਦਿਆਂ ਨੂੰ,
ਫੌਜਾਂ ਹੋਇ ਮੁਹਤਾਣੀਆਂ ਕਦੋਂ ਮੁੜੀਆਂ ।

62

ਚੜ੍ਹੇ ਸ਼ਹਿਰ ਲਾਹੌਰ ਥੀਂ ਮਾਰ ਧੌਂਸਾ,
ਸੱਭੇ ਗੱਭਰੂ ਨਾਲ ਹੰਕਾਰ ਤੁਰਦੇ ।
ਉਰੇ ਦੋਹਾਂ ਦਰਿਆਵਾਂ ਤੇ ਨਹੀਂ ਅਟਕੇ,
ਪੱਤਣ ਲੰਘੇ ਨੀ ਜਾਇ ਫਿਰੋਜ਼ਪੁਰ ਦੇ ।
ਅੱਗੇ ਛੇੜਿਆ ਨਹੀਂ ਫਿਰੰਗੀਆਂ ਨੇ,
ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।
ਸ਼ਾਹ ਮੁਹੰਮਦਾ ਭੱਜਣਾ ਰਣੋਂ ਭਾਰੀ,
ਜੁੱਟੇ ਸੂਰਮੇ ਆਖ ਤੂੰ ਕਦੋਂ ਮੁੜਦੇ ।

63

ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ ।
ਬੀਕਾਨੇਰ ਗੁਲਨੇਰ ਭਟਨੇਰ ਜੈ ਪੁਰ,
ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।
ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।
ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ,
ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ ।

64

ਅਰਜ਼ੀ ਲਿਖੀ ਫ਼ਿਰੰਗੀਆਂ ਖ਼ਾਲਸੇ ਨੂੰ,
'ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।
ਮਹਾਰਾਜੇ ਦੇ ਨਾਲ ਸੀ ਨੇਮ ਸਾਡਾ,
ਤੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ ।
ਕਈ ਲੱਖ ਰੁਪਏ ਲੈ ਜਾਓ ਸਾਥੋਂ,
ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ ।
ਸ਼ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,
ਤੁਸੀਂ ਏਤਨਾ ਜ਼ੋਰ ਕਿਉਂ ਲਾਂਵਦੇ ਹੋ ।'

65

ਸਿੰਘਾਂ ਲਿਖਿਆ ਖ਼ਤ ਫ਼ਿਰੰਗੀਆਂ ਨੂੰ,
'ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ ।
ਸਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,
ਭਾਵੇਂ ਦੇਹ ਤੂੰ ਢੇਰ ਉਸਾਰ ਕੇ ਜੀ ।
ਉਹੋ ਪੰਥ ਤੇਰੇ ਉੱਤੇ ਆਣ ਚੜ੍ਹਿਆ,
ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ ।
ਸ਼ਾਹ ਮੁਹੰਮਦਾ ਸਾਮ੍ਹਣੇ ਡਾਹ ਤੋਪਾਂ,
ਸੂਰੇ ਕੱਢ ਮੈਦਾਨ ਨਿਤਾਰ ਕੇ ਜੀ ।'

66

ਪੈਂਚਾਂ ਲਿਖਿਆ ਸਾਰੀਆਂ ਪੜਤਲਾਂ ਨੂੰ,
ਸਾਡੀ ਅੱਜ ਹੈ ਵੱਡੀ ਚੜ੍ਹੰਤ ਮੀਆਂ ।
ਬੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ।
ਮਾਰੇ ਅਸੀਂ ਚੁਫੇਰੇ ਦੇ ਕਿਲ੍ਹੇ ਭਾਰੇ,
ਅਸੀਂ ਮਾਰਿਆ ਕੁੱਲੂ ਭਟੰਤ ਮੀਆਂ ।
ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,
ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ ।

67

ਦੂਰਬੀਨ ਅੰਗਰੇਜ਼ ਨੇ ਹੱਥ ਲੈ ਕੇ,
ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ ।
ਜਿਨ੍ਹੀਂ ਥਾਵੀਂ ਸੀ ਜਮ੍ਹਾਂ ਬਾਰੂਦ ਖ਼ਾਨੇ,
ਕੀਤੇ ਸਭ ਮਾਲੂਮ ਹਜ਼ਾਰ ਮੀਆਂ ।
ਦਾਰੂ ਵੰਡਿਆ ਜੰਗੀਆਂ ਸੂਰਿਆਂ ਨੂੰ,
ਦੋ ਦੋ ਬੋਤਲਾਂ ਕੈਫ਼ ਖ਼ੁਮਾਰ ਮੀਆਂ ।
ਸ਼ਾਹ ਮੁਹੰਮਦਾ ਪੀ ਸ਼ਰਾਬ ਗੋਰੇ,
ਹੋਏ ਜੰਗ ਨੂੰ ਤੁਰਤ ਤਿਆਰ ਮੀਆਂ ।

68

ਇਕ ਪਿੰਡ ਦਾ ਨਾਮ ਜੋ ਮੁਦਕੀ ਸੀ,
ਓਥੇ ਭਰੀ ਸੀ ਪਾਣੀ ਦੀ ਖੱਡ ਮੀਆਂ ।
ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ,
ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ ।
ਤੋਪਾਂ ਚੱਲੀਆਂ ਕਟਕ ਫ਼ਿਰੰਗੀਆਂ ਦਾ,
ਗੋਲੇ ਤੋੜਦੇ ਮਾਸ ਤੇ ਹੱਡ ਮੀਆਂ ।
ਸ਼ਾਹ ਮੁਹੰਮਦਾ ਪਿਛਾਂਹ ਨੂੰ ਉੱਠ ਨੱਸੇ,
ਤੋਪਾਂ ਸਭ ਆਏ ਓਥੇ ਛੱਡ ਮੀਆਂ ।

69

ਡੇਰੇ ਆਣ ਕੇ ਬੈਠ ਸਲਾਹ ਕਰਦੇ,
ਐਤਵਾਰ ਅਸੀਂ ਖੰਡਾ ਫੜਾਂਗੇ ਜੀ ।
ਤੇਜਾ ਸਿੰਘ ਦੀ ਵੱਡੀ ਉਡੀਕ ਸਾਨੂੰ,
ਉਹ ਦੇ ਆਏ ਬਗੈਰ ਨਾ ਲੜਾਂਗੇ ਜੀ ।
ਸਰਫਾ ਜਾਨ ਦਾ ਨਹੀਂ ਜੇ ਮੂਲ ਕਰਨਾ,
ਜਦੋਂ ਵਿਚ ਮੈਦਾਨ ਦੇ ਅੜਾਂਗੇ ਜੀ ।
ਸ਼ਾਹ ਮੁਹੰਮਦਾ ਇਕ ਦੂੰ ਇਕ ਹੋ ਕੇ,
ਡੇਰੇ ਚੱਲ ਫ਼ਿਰੰਗੀ ਦੇ ਵੜਾਂਗੇ ਜੀ ।

70

ਤੇਜਾ ਸਿੰਘ ਜੋ ਲਸ਼ਕਰੀਂ ਆਣ ਵੜਿਆ,
ਹੁੱਦੇਦਾਰ ਸਭੇ ਉੱਥੇ ਆਂਵਦੇ ਨੀ ।
ਕਰੋ ਹੁਕਮ ਤੇ ਤੇਗ ਉਠਾਈਏ ਜੀ ,
ਪਏ ਸਿੰਘ ਕਚੀਚੀਆਂ ਖਾਂਵਦੇ ਨੀ ।
ਕੂੰਜਾਂ ਨਜ਼ਰ ਆਈਆਂ ਬਾਜ਼ਾਂ ਭੁੱਖਿਆਂ ਨੂੰ,
ਚੋਟਾਂ ਕੈਸੀਆਂ ਦੇਖ ਚਲਾਂਵਦੇ ਨੀ ।
ਸ਼ਾਹ ਮੁਹੰਮਦਾ ਓਸ ਥੀਂ ਹੁਕਮ ਲੈ ਕੇ,
ਹੱਲਾ ਕਰਨ ਦੀ ਵਿਉਂਤ ਬਣਾਂਵਦੇ ਨੀ ।

71

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,
ਤੋਪਾਂ ਚਲੀਆਂ ਨੀ ਵਾਂਗੂੰ ਤੋੜਿਆਂ ਦੇ ।
ਸਿੰਘ ਸੂਰਮੇ ਆਣ ਮੈਦਾਨ ਲੱਥੇ,
ਗੰਜ ਲਾਹ ਸੁੱਟੇ ਓਨ੍ਹਾਂ ਗੋਰਿਆਂ ਦੇ ।
ਟੁੰਡੇ ਲਾਟ ਨੇ ਅੰਤ ਨੂੰ ਖਾਇ ਗੁੱਸਾ,
ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ ।
ਸ਼ਾਹ ਮੁਹੰਮਦਾ ਰੰਡ ਬਿਠਾਇ ਨੰਦਨ,
ਸਿੰਘ ਜਾਨ ਲੈਂਦੇ ਨਾਲ ਜ਼ੋਰਿਆਂ ਦੇ ।

72

ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
'ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਇਆ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ ।
ਸ਼ਾਹ ਮੁਹੰਮਦਾ ਕਰਨੀ ਪੰਜਾਬ ਖਾਲੀ,
ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ ।'

73

ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,
ਤੋਪਾਂ ਮਾਰੀਆਂ ਨੀਰ ਦੇ ਆਇ ਪੱਲੇ ।
ਫੂਕ ਸੁੱਟੀਆਂ ਸਾਰੀਆਂ ਮੇਖ਼ਜੀਨਾਂ,
ਸਿੰਘ ਉੱਡ ਕੇ ਪੱਤਰਾ ਹੋਇ ਚੱਲੇ ।
ਛੌਲਦਾਰੀਆਂ, ਤੰਬੂਆਂ ਛੱਡ ਦੌੜੇ,
ਕੋਈ ਚੀਜ਼ ਨਾ ਲਈ ਏ ਬੰਨ੍ਹ ਪੱਲੇ ।
ਓੜਕ ਲਿਆ ਮੈਦਾਨ ਫ਼ਿਰੰਗੀਆਂ ਨੇ,
ਸ਼ਾਹ ਮੁਹੰਮਦਾ ਰਣੋਂ ਨਾ ਮੂਲ ਹੱਲੇ ।

74

ਓਧਰ ਆਪ ਫ਼ਿਰੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।
ਚੱਲੇ ਤੋਪਖ਼ਾਨੇ ਸਾਰੇ ਬੇੜਿਆਂ ਦੇ,
ਮਗਰੋਂ ਹੋਈ ਬੰਦੂਕਾਂ ਦੀ ਫੰਡ ਮੀਆਂ ।
ਕਿਨ੍ਹੇ ਜਾਇ ਕੇ ਲਾਟ ਨੂੰ ਖਬਰ ਦਿੱਤੀ,
'ਨੰਦਨ ਹੋਇ ਬੈਠੀ ਤੇਰੀ ਰੰਡ ਮੀਆਂ ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਓਥੇ ਝੰਡ ਮੀਆਂ ।'

75

ਪਹਾੜਾ ਸਿੰਘ ਸੀ ਯਾਰ ਫ਼ਿਰੰਗੀਆਂ ਦਾ,
ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ ।
ਪਿੱਛੋਂ ਭੱਜ ਕੇ ਲਾਟ ਨੂੰ ਜਾਇ ਮਿਲਿਆ,
ਗੱਲ ਜਾਇ ਦੱਸੀ ਸਾਰੀ ਭੇਤ ਵਾਲੀ ।
'ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ,
ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ ।
ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ,
ਛੱਡ ਗਏ ਨੀ ਸਿੰਘ ਮੈਦਾਨ ਖਾਲੀ ।'

76

ਮੁੜ ਕੇ ਫੇਰ ਫ਼ਿਰੰਗੀਆਂ ਜ਼ੋਰ ਪਾਇਆ,
ਲਾਟਾਂਦਾਰ ਗੋਲੇ ਓਥੇ ਆਣ ਛੁੱਟੇ ।
ਉਡੀ ਰਾਲ ਤੇ ਚਾਦਰਾਂ ਕੜਕੀਆਂ ਨੀ,
ਕੈਰੋਂ ਪਾਂਡਵਾਂ ਦੇ ਜੈਸੇ ਬਾਣ ਛੁੱਟੇ ।
ਜਦੋਂ ਡਿੱਠੇ ਨੀ ਹੱਥ ਫ਼ਿਰੰਗੀਆਂ ਦੇ,
ਉਥੇ ਕਈਆਂ ਦੇ ਆਣ ਪ੍ਰਾਣ ਛੁੱਟੇ ।
ਸ਼ਾਹ ਮੁਹੰਮਦਾ ਇਕ ਸੌ ਤੇਈ ਤੋਪਾਂ,
ਤੋਸ਼ੇਖਾਨੇ ਫ਼ਿਰੰਗੀਆਂ ਆਣ ਲੁੱਟੇ ।

77

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,
ਮੁੰਡੇ ਘੋੜ-ਚੜ੍ਹੇ, ਨਵੇਂ ਛੋਕਰੇ ਜੀ ।
ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ,
ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,
ਅਸੀਂ ਜਿਨ੍ਹਾਂ ਦੇ ਪੁਤਰ ਤੇ ਪੋਤਰੇ ਜੀ ।
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ ।

78

ਜਿਹੜੇ ਜੀਂਵਦੇ ਰਹੇ ਸੋ ਪਏ ਸੋਚੀਂ,
ਹੋਏ ਭੁੱਖ ਦੇ ਨਾਲ ਜ਼ਹੀਰ ਮੀਆਂ ।
ਬੁਰੇ ਜਿੰਨ ਹੋ ਕੇ ਸਾਨੂੰ ਪਏ ਗੋਰੇ,
ਅਸੀਂ ਜਾਣਦੇ ਸਾਂ ਕੋਈ ਕੀਰ ਮੀਆਂ ।
ਅਸਾਂ ਸ਼ਹਿਦ ਦੇ ਵਾਸਤੇ ਹੱਥ ਪਾਇਆ,
ਅੱਗੋਂ ਡੂਮਣਾ ਛਿੜੇ ਮਖੀਰ ਮੀਆਂ ।
ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ,
ਜਿਥੇ ਚਲੀਏ ਘੱਤ ਵਹੀਰ ਮੀਆਂ ।

79

ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ,
ਬੇੜੇ ਤੋਪਾਂ ਦੇ ਸਭ ਖੁਹਾਇ ਆਏ ।
ਛੇੜ ਆਫ਼ਤਾਂ ਨੂੰ ਮਗਰ ਲਾਇਓ ਨੇ,
ਸਗੋਂ ਆਪਣਾ ਆਪ ਗਵਾਇ ਆਏ ।
ਸੁਖੀ ਵਸਦਾ ਸ਼ਹਿਰ ਲਾਹੌਰ ਸਾਰਾ,
ਸਗੋਂ ਕੁੰਜੀਆਂ ਹੱਥ ਫੜਾਇ ਆਏ ।
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
'ਤੁਸੀਂ ਚੰਗੀਆਂ ਪੂਰੀਆਂ ਪਾਇ ਆਏ ।'

80

ਘਰੀਂ ਜਾਇ ਕੇ ਫੇਰ ਆਰਾਮ ਕੀਤਾ,
ਕਿਸੇ ਰਾਤ ਕਿਸੇ ਦੋਇ ਰਾਤ ਮੀਆਂ ।
ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,
ਜੇ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ ।
'ਕਿੱਥੇ ਲੁਕੋਗੇ ਜਾਇ ਕੇ ਖਾਲਸਾ ਜੀ,
ਦੱਸੋ ਖੋਲ੍ਹ ਕੇ ਅਸਲ ਦੀ ਬਾਤ ਮੀਆਂ ।'
ਸ਼ਾਹ ਮੁਹੰਮਦਾ ਫੇਰ ਇਕੱਠ ਹੋਇਆ,
ਲੱਗੀ ਚਾਨਣੀ ਹੋਰ ਕਨਾਤ ਮੀਆਂ ।

81

ਕੰਢੇ ਪਾਰ ਦੇ ਜਮ੍ਹਾਂ ਜੁ ਹੋਇ ਡੇਰੇ,
ਨੌਕਰ ਇਵੇਂ ਦੇ ਘਰੀਂ ਨਾ ਮਿਲਣ ਜਾਣੇ ।
ਡੇਰੇ ਆਣ ਕੇ ਬਹੁ ਵਿਰਲਾਪ ਹੋਇਆ,
ਹੋਈਆਂ ਬੁਤਕੀਆਂ ਬੰਦ ਤੇ ਵਿਕਣ ਦਾਣੇ ।
ਛਹੀਆਂ ਕੱਢ ਕੇ ਮੋਰਚੀਂ ਜਾਇ ਬੈਠੇ,
ਡੇਰੀਂ ਆਣ ਕੇ ਫੇਰ ਪ੍ਰਸਾਦ ਖਾਣੇ ।
ਸ਼ਾਹ ਮੁਹੰਮਦਾ ਸਭੇ ਮਾਲੂਮ ਕੀਤੀ,
ਕੀਕੂੰ ਹੋਈ ਸੀ ਦੱਸ ਖਾਂ ਲੁਧਿਆਣੇ ।

82

ਸਰਦਾਰ ਰਣਜੋਧ ਸਿੰਘ ਫੌਜ ਲੈ ਕੇ ,
ਮੱਦਦ ਲਾਡੂਏ ਵਾਲੇ ਦੀ ਚੱਲਿਆ ਜੇ ।
ਉਹ ਦੇ ਸਭ ਕਬੀਲੇ ਸੀ ਕੈਦ ਹੋਏ,
ਕੋਈ ਲਾਟ ਫ਼ਿਰੰਗੀ ਨੇ ਘੱਲਿਆ ਜੇ ।
ਇਨ੍ਹਾਂ ਜਾਇ ਖੋਹੀਆਂ ਬੰਦਾਂ ਸਾਰੀਆਂ ਨੀ,
ਉਹ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਜੇ ।
ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ,
ਵਿਚੋਂ ਜੀਉ ਫ਼ਿਰੰਗੀ ਦਾ ਹੱਲਿਆ ਜੇ ।

83

ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ,
ਸਿੰਘ ਆਪਣੇ ਹੱਥ ਹਥਿਆਰ ਲੈਂਦੇ ।
ਇਨ੍ਹਾਂ ਬਹੁਤ ਫ਼ਿਰੰਗੀ ਦੀ ਫੌਜ ਮਾਰੀ,
ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ ।
ਤੋਪਾਂ, ਸ਼ੁਤਰ, ਹਾਥੀ, ਉਠ, ਰਥ, ਗੱਡੇ,
ਡੇਰੇ ਆਪਣੇ ਸਿੰਘ ਉਤਾਰ ਲੈਂਦੇ ।
ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,
ਭਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ ।

84

ਮੁਹਕਮ ਦੀਨ, ਸਰਦਾਰ ਨੂੰ ਲਿਖੀ ਅਰਜ਼ੀ,
'ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ ।
ਦੇਹੁ ਭੇਜ ਉਰਾਰ ਸਭ ਕਾਰਖਾਨੇ,
ਅਸੀਂ ਰੱਖਾਗੇ ਨਾਲ ਰਮਾਨ ਦੇ ਜੀ ।
ਤੈਨੂੰ ਅੱਜ ਹਜ਼ੂਰ ਥੀਂ ਫ਼ਤਿਹ ਆਈ,
ਖ਼ਬਰਾਂ ਉੱਡੀਆਂ ਵਿਚ ਜਹਾਨ ਦੇ ਜੀ ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ,
ਸਦਾ ਰੱਖੀਏ ਵਿਚ ਧਿਆਨ ਦੇ ਜੀ ।'

85

ਸੱਠ ਕੋਹਾਂ ਦਾ ਪੰਧ ਸੀ ਲੁਧਿਆਣਾ,
ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ ।
ਉਹ ਭੀ ਲੁੱਟਿਆ ਲਾਟ ਨੇ ਆਣ ਡੇਰਾ,
ਤੋਪਾਂ ਸਭ ਖੋਹੀਆਂ ਕੀਤੀ ਰੌੜ ਮੀਆਂ ।
ਝੱਲੀ ਅਬੂਤਬੇਲੇ ਦੀਆਂ ਪੜਤਲਾਂ ਨੇ,
ਅੱਧੀ ਘੜੀ ਲੜਾਈ ਦੀ ਸੌੜ ਮੀਆਂ ।
ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰਾ,
ਕਰ ਆਏ ਨੀ ਤ੍ਰੱਟੀਆਂ ਚੌੜ ਮੀਆਂ ।

86

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਨੱਠੇ,
ਪਏ ਔਝੜੀਂ ਔਝੜੀਂ ਜਾਂਵਦੇ ਨੀ ।
ਲੀੜੇ ਗਏ ਸਾਰੇ ਰਹੀ ਇਕ ਕੁੜਤੀ,
ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ ।
ਅਗੋਂ ਲੋਕ ਲੜਾਈ ਦੀ ਗੱਲ ਪੁਛਣ,
ਜੀਭ ਹੋਠਾਂ ਤੇ ਫੇਰ ਦਿਖਾਂਵਦੇ ਨੀ ।
ਸ਼ਾਹ ਮੁਹੰਮਦਾ ਆਇ ਕੇ ਘਰਦਿਆਂ ਤੋਂ,
ਨਵੇਂ ਕਪੜੇ ਹੋਰ ਸਿਵਾਂਵਦੇ ਨੀ ।

87

ਕਹਿੰਦੇ, ਜੀਉਂਦਿਆਂ ਫੇਰ ਨਾ ਕਦੀ ਜਾਣਾ,
ਮੂੰਹ ਲੱਗਣਾ ਨਹੀਂ ਚੰਡਾਲ ਦੇ ਜੀ ।
ਕਿਤੇ ਜਾਇ ਕੇ ਚਾਰ ਦਿਨ ਕੱਟ ਆਈਏ,
ਢੂੰਡਣ ਆਉਣਗੇ ਸਾਡੇ ਭੀ ਨਾਲ ਦੇ ਜੀ ।
ਤੁਸਾਂ ਆਖਣਾ 'ਮਰ ਗਿਆ ਲੁਧਿਆਣੇ,
ਅਸੀਂ ਫਿਰਦੇ ਹਾਂ ਢੂੰਡਦੇ ਭਾਲਦੇ ਜੀ ।'
ਸ਼ਾਹ ਮੁਹੰਮਦਾ ਰਹੇ ਹਥਿਆਰ ਓਥੇ,
ਲੀੜੇ ਨਹੀਂ ਆਏ ਸਾਡੇ ਨਾਲ ਦੇ ਜੀ ।

88

ਪਿਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ ।
ਫੇੜ(ਛੇੜ) ਬੁਰਛਿਆਂ ਦੀ ਸਾਡੇ ਪੇਸ਼ ਆਈ,
ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿਤਾ ਸਾਰਾ ਪਾਜ ਯਾਰੋ ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,
ਕਦੇ ਰਾਜ ਨਾ ਹੋਇ ਮੁਹਤਾਜ ਯਾਰੋ ।'

89

ਤੀਜੀ ਵਾਰ ਲਲਕਾਰ ਕੇ ਪਏ ਗੋਰੇ,
ਵੇਲੇ ਫ਼ਜ਼ਰ ਦੇ ਹੋਇਆ ਤੰਬੂਰ ਮੀਆਂ ।
ਕੱਸ ਲਈਆਂ ਨੇ ਸਿੰਘਾਂ ਨੇ ਤੁਰਤ ਕਮਰਾਂ,
ਕਾਇਮ ਜੰਗ ਨੂੰ ਹੋਇ ਜ਼ਰੂਰ ਮੀਆਂ ।
ਪਹਿਲਾਂ ਬਾਵਿਓਂ ਆਣ ਕੇ ਜ਼ੋਰ ਦਿਤਾ,
ਪਿਆ ਦਲਾਂ ਦੇ ਵਿਚ ਫਤੂਰ ਮੀਆਂ ।
ਸ਼ਾਹ ਮੁਹੰਮਦਾ ਦੌੜ ਕੇ ਜਾਣ ਕਿਥੇ,
ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ ।

90

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
ਮਾਖੇ ਖਾਂ ਤੇ ਮੇਵਾ ਸਿੰਘ ਹੋਏ ਸਿੱਧੇ,
ਹੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਮਾਰ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ ।

91

ਪਏ ਬਾਵਿਓਂ ਆਣ ਕੇ ਫੇਰ ਗੋਰੇ,
ਫਰਾਂਸੀਸ ਤੇ ਜਿੱਥੇ ਸੀ ਚਾਰ-ਯਾਰੀ ।
ਕੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,
ਬਣੀ ਆਣ ਸਰਦਾਰਾਂ ਨੂੰ ਬਿਪਤ ਭਾਰੀ,
ਤੇਜਾ ਸਿੰਘ ਸਰਦਾਰ ਪੁਲ ਵੱਢ ਦਿਤਾ,
ਘਰੀਂ ਨੱਸ ਨਾ ਜਾਇ ਇਹ ਫੌਜ ਸਾਰੀ,
ਸ਼ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,
ਅਤੇ ਜਾਨ ਨਾ ਕਰਨਗੇ ਮੂਲ ਪਿਆਰੀ ।

92

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।

93

ਕਈ ਸੂਰਮੇ ਮਾਰ ਕੇ ਮੋਏ ਉਥੇ,
ਜਿਨ੍ਹਾਂ ਹੱਥ ਕੀਤੇ ਤੇਗਾਂ ਨੰਗੀਆਂ ਦੇ ।
ਰਹਿੰਦੇ ਘੇਰ ਕੇ ਵਿਚ ਦਰਿਆਇ ਡੋਬੇ,
ਛੱਰਰੇ ਮਾਰ ਕੇ ਤੇ ਤੋਪਾਂ ਚੰਗੀਆਂ ਦੇ ।
ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ।
ਸ਼ਾਹ ਮੁਹੰਮਦਾ ਰੱਬ ਨਾ ਫੇਰ ਲਿਆਵੇ,
ਜੰਗ ਵਿਚ ਜੋ ਨਾਲ ਫ਼ਿਰੰਗੀਆਂ ਦੇ ।

94

ਕਈ ਮਾਵਾਂ ਦੇ ਪੁੱਤਰ ਨੀ ਮੋਏ ਓਥੇ,
ਸੀਨੇ ਲੱਗੀਆਂ ਤੇਜ ਕਟਾਰੀਆਂ ਨੀ ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਜੰਗੀਂ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁਲ੍ਹੇ ਵਾਲ ਤੇ ਕਰਨ ਬੇਜ਼ਾਰੀਆਂ ਨੀ ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ ।

95

ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,
'ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ ।
ਰਹਿੰਦੀ ਫੌਜ ਦਾ ਕਰੋ ਇਲਾਜ ਕੋਈ,
ਕਾਬੂ ਤੁਸਾਂ ਬਗੈਰ ਨਾ ਆਵਣੀ ਜੀ ।
ਮੇਰੀ ਜਾਨ ਦੇ ਅਬ ਹੋ ਤੁਸੀਂ ਰਾਖੇ,
ਪਾਓ ਵਿਚ ਲਾਹੌਰ ਦੇ ਛਾਵਣੀ ਜੀ ।
ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,
ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ ।'

96

ਪੁਲ ਬੱਧਾ ਫ਼ਿਰੰਗੀਆਂ ਖ਼ਬਰ ਸੁਣ ਕੇ,
ਲਾਂਘੇ ਪਏ ਨੀ ਵਿਚ ਪਲਕਾਰਿਆਂ ਦੇ ।
ਆਏ ਸ਼ਹਿਰ ਲਾਹੌਰ ਨੂੰ ਮਾਰ ਧੌਂਸਾ,
ਵੱਜਦੇ ਵਾਜਿਆਂ ਨਾਲ ਨਗਾਰਿਆਂ ਦੇ,
ਸਾਂਭ ਲਏ ਸਰਕਾਰ ਦੇ ਸਿਲ੍ਹੇ-ਖਾਨੇ,
ਵਾਲੀ ਬਣੇ ਜੇ ਰਾਜ-ਦੁਆਰਿਆਂ ਦੇ ।
ਸ਼ਾਹ ਮੁਹੰਮਦਾ ਫੇੜ ਸੀ ਵਿਰਲਿਆਂ ਦੀ,
ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਦੇ ।

97

ਰਾਜਾ ਗਿਆ ਗੁਲਾਬ ਸਿੰਘ ਆਪ ਚੜ੍ਹ ਕੇ,
ਬਾਹੋਂ ਪਕੜ ਲਾਹੌਰ ਲੈ ਜਾਂਵਦਾ ਈ ।
'ਸਾਹਿਬ ਲੋਕ ਜੀ ! ਅਸਾਂ ਪਰ ਦਇਆ ਕਰਨੀ',
ਉਹ ਤਾਂ ਆਪਣਾ ਕੰਮ ਬਣਾਂਵਦਾ ਈ ।
ਦਿਤੇ ਕੱਢ ਮਲਵਈ ਦੁਆਬੀਏ ਜੀ,
ਵਿਚੋਂ ਸਿੰਘਾਂ ਦੀ ਫੌਜ ਖਿਸਕਾਂਵਦਾ ਈ ।
ਸ਼ਾਹ ਮੁਹੰਮਦਾ ਸਭ ਪਹਾੜ ਲੈ ਕੇ,
ਕੂਚ ਜੰਮੂ ਨੂੰ ਤੁਰਤ ਕਰਾਂਵਦਾ ਈ ।

98

ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,
ਪਾਈ ਛਾਵਣੀ ਵਿਚ ਲਾਹੌਰ ਦੇ ਜੀ ।
ਰੋਕ ਮਾਲਵਾ ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿਚ ਫਿਲੌਰ ਦੇ ਜੀ ।
ਲਿਆ ਸ਼ਹਿਰ ਹੁਸ਼ਿਆਰ ਪੁਰ ਤਲਕ ਸਾਰਾ,
ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ ।
ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠਾ,
ਸਭੇ ਕੰਮ ਗਏ ਉਸਦੇ ਸੌਰਦੇ ਜੀ ।

99

ਰਹਿੰਦਾ ਮੁਲਕ ਫ਼ਿਰੰਗੀ ਦੇ ਪਿਆ ਪੇਟੇ,
ਕੀਤਾ ਹੁਕਮ ਜੁ ਗੋਰਿਆਂ ਸਾਰਿਆਂ ਨੇ !
ਮਾਈ ਫੌਜ ਨੂੰ ਚਾਇ ਜਵਾਬ ਦਿਤਾ,
ਦਿਤੀ ਨੌਕਰੀ ਛੱਡ ਵਿਚਾਰਿਆਂ ਨੇ ।
ਪਿਛੋਂ ਸਾਂਭ ਲਿਆ ਮੁਲਕ ਕਾਰਦਾਰਾਂ,
ਬਖ਼ਤਾਵਰਾਂ ਨੇਕ ਸਤਾਰਿਆਂ ਨੇ ।
ਸ਼ਾਹ ਮੁਹੰਮਦਾ ਲੋਕ ਵੈਰਾਨ ਹੋਏ,
ਤੋੜ ਸੁਟਿਆ ਮੁਲਕ ਉਜਾੜਿਆਂ ਨੇ ।

100

ਕੀਤਾ ਅਕਲ ਦਾ ਪੇਚ ਸੀ ਜਿੰਦ ਕੌਰਾਂ,
ਮੱਥਾ ਦੋਹਾਂ ਬਾਦਸ਼ਾਹੀਆਂ ਦਾ ਜੋੜਿਆ ਈ ।
ਗੁੱਝੀ ਰਮਜ਼ ਕਰਕੇ ਰਹੀ ਆਪ ਸੱਚੀ,
ਬਦਲਾ ਤੁਰਤ ਭਿਰਾਉ ਦਾ ਮੋੜਿਆ ਈ ।
ਨਾਲੇ ਫੌਜ ਨੂੰ ਤੁਰਤ ਜਵਾਬ ਦਿਤਾ,
ਉਸ ਕੁਫਰ ਮੁਦਈ ਦਾ ਤੋੜਿਆ ਈ ।
ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ,
ਲਸ਼ਕਰ ਵਿਚ ਦਰਿਆਇ ਦੇ ਬੋੜਿਆ ਈ ।

101

ਪਿੱਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,
ਕੇਹੀ ਚੜ੍ਹੀ ਹੈ ਕਹਿਰ ਦੀ ਸਾਣ ਮਾਈ ।
ਕਿਨ੍ਹਾਂ ਖੁੰਧਰਾਂ ਵਿਚ ਫਸਾਇ ਕੇ ਜੀ,
ਸਾਡੇ ਲਾਹਿ ਸੁਟੇ ਤੂੰ ਤਾਂ ਘਾਣ ਮਾਈ ।
ਹਥ ਧੋ ਕੇ ਪਈ ਹੈਂ ਮਗਰ ਸਾਡੇ,
ਅਜੇ ਘਰੀਂ ਨਾ ਦੇਂਦੀ ਹੈਂ ਜਾਣ ਮਾਈ ।
ਸ਼ਾਹ ਮੁਹੰਮਦਾ ਰਹੇ ਹਥਿਆਰ ਉਥੇ,
ਨਾਲ ਕੁੜਤੀਆਂ ਲਏ ਪਛਾਣ ਮਾਈ ।

102

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ ।
ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ,
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ ।
ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।

103

ਰੱਬ ਚਾਹੇਗਾ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਹ ਦੇ ਨਾਲ ਨਾ ਕਿਸੇ ਦਾ ਵਾਸਤਾ ਈ ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਵਿਚ ਮਹਾਸਤਾ ਈ ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਜਿਵੇਂ ਗੁਮਾਸ਼ਤਾ ਈ ।

104

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,
ਅਗੇ ਹੋਰ ਕੀ ਬਣਤ ਬਣਾਵਣੀ ਜੀ ।
ਇਕ ਘੜੀ ਦੀ ਕੁਝ ਉਮੈਦ ਨਾਹੀਂ,
ਕਿਸੇ ਲਈ ਹਾੜੀ ਕਿਸੇ ਸਾਵਣੀ ਜੀ ।
ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,
ਡਿਠੀ, ਅਸਾਂ ਫ਼ਿਰੰਗੀ ਦੀ ਛਾਵਣੀ ਜੀ ।
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅਗੇ ਹੋਰ ਕੀ ਖੇਡ ਰਚਾਵਣੀ ਜੀ ।

105

ਸੰਮਤ ਉੱਨੀ ਸੈ ਦੂਸਰਾ ਵਰਤਦਾ ਸੀ,
ਜਦੋਂ ਹੋਇਆ ਫ਼ਿਰੰਗੀ ਦਾ ਜੰਗ ਮੀਆਂ ।
ਹੈ ਸੀ ਖ਼ੂਨ ਦੀ ਇਹ ਜ਼ਮੀਨ ਪਿਆਸੀ,
ਹੋਈ ਸੁਰਖ ਸ਼ਰਾਬ ਦੇ ਰੰਗ ਮੀਆਂ ।
ਧਰਤੀ ਉਡ ਕੇ ਧੂੜ ਦੇ ਬਣੇ ਬੱਦਲ,
ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ ।
ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ,
ਨਹੀਂ ਮੋੜਦੇ ਸੂਰਮੇ ਅੰਗ ਮੀਆਂ ।

(ਸਮਾਪਤ)