Shakir Mallhi
ਸ਼ਾਕਿਰ ਮੱਲ੍ਹੀ

ਨਾਂ-ਮੁਹੰਮਦ ਰਮਜ਼ਾਨ ਮੱਲ੍ਹੀ, ਕਲਮੀ ਨਾਂ- ਸ਼ਾਕਿਰ ਮੱਲ੍ਹੀ,
ਪਿਤਾ ਦਾ ਨਾਂ-ਹਕੀਮ ਸਿਰਾਜੁੱਦੀਨ,
ਜੰਮਣ ਵਰ੍ਹਾ-1962, ਜਨਮ ਸਥਾਨ-ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ,
ਵਿੱਦਿਆ- ਦਸਵੀਂ, ਕਿੱਤਾ-ਪ੍ਰਾਈਵੇਟ ਨੌਕਰੀ,
ਛਪੀਆਂ ਕਿਤਾਬਾਂ- ਪੰਧ ਹਨੇਰੀ ਰਾਤ ਦਾ (ਪੰਜਾਬੀ ਸ਼ਾਇਰੀ), ਮੌਸਮ ਮਸਤ ਬਹਾਰਾਂ ਦਾ (ਪੰਜਾਬੀ ਸ਼ਾਇਰੀ),
ਪਤਾ-ਫ਼ੈਸਲਾਬਾਦ ਰੋਡ, ਖਾਰਿਆਂ ਵਾਲਾ ਜ਼ਿਲਾ ਸ਼ੇਖ਼ੂਪੁਰਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਪੰਧ ਹਨੇਰੀ ਰਾਤ ਦਾ 2001 ਵਿੱਚੋਂ) : ਸ਼ਾਕਿਰ ਮੱਲ੍ਹੀ

Punjabi Ghazlan (Pandh Haneri Raat Da 2001) : Shakir Mallhiਨਾ ਸ਼ੋਖ਼ੀ ਨਾ ਮਸਤੀ ਰਹਿ ਗਈ

ਨਾ ਸ਼ੋਖ਼ੀ ਨਾ ਮਸਤੀ ਰਹਿ ਗਈ, ਨਾ ਉਹ ਗੀਤ ਪਿਆਰਾਂ ਦੇ, ਕਿਹੜੇ ਪਾਸੇ ਟੁਰ ਗਏ ਰੱਬਾ, ਹਾਸੇ ਮੇਰਿਆਂ ਯਾਰਾਂ ਦੇ । ਤੇਰੀ ਇਕ ਬੰਦੂਕ ਦੇ ਕਰਤਵ ਹੋਰ ਕੀ ਦੱਸਾਂ ਲੋਕਾਂ ਨੂੰ, ਟਾਵੇਂ ਟਾਵੇਂ ਕਰ ਛੱਡੇ ਨੇ ਪੰਛੀ ਇਹਨੇ ਡਾਰਾਂ ਦੇ । ਇੰਜ ਦਾ ਲੱਲ ਬਨਾ ਚਾ ਕੋਈ ਯਾਰ ਦਿਹਾੜੀ ਟੁੱਟੇ ਨਾ, ਭੁੱਖਾਂ ਮਾਰਿਆਂ ਕੀ ਕਰਨੇ ਨੇ, ਤੋਹਫ਼ੇ ਤੇਰੀਆਂ ਕਾਰਾਂ ਦੇ । ਇਜ਼ਤਾਂ ਦਾ ਜੇ ਰਾਖਾ ਹੁੰਦਾ ਹਾਕਮ ਦੇਸ ਅਸਾਡੇ ਦਾ, ਲੁਟੀਆਂ ਨਾ ਕਰਬਾਠ 'ਚ ਜਾਂਦੀਆਂ ਧੀਆਂ ਵਿਚ ਬਾਜ਼ਾਰਾਂ ਦੇ । ਮੇਰੇ ਨਾਲ ਯਾਰਾਨਾ ਲਾਉਣਾ ਈ ਤੇ ਐਨਾ ਸੋਚ ਲਵੀਂ, ਮੇਰੇ ਕੋਲ ਖ਼ਿਜ਼ਾਵਾਂ ਨੇ ਤੇ ਤੈਨੂੰ ਸ਼ੌਕ ਬਹਾਰਾਂ ਦੇ । 'ਸ਼ਾਕਿਰ' ਏਸ ਬਗ਼ੀਚੇ ਦੇ ਵਿਚ ਲਗਦੈ ਲਾਸ਼ਾਂ ਦੱਬੀਆਂ ਨੇ, ਫੁੱਲਾਂ ਵਿਚੋਂ ਆਵਣ ਹੱਲੇ ਖ਼ੂਨ ਦੀਆਂ ਮਹਿਕਾਰਾਂ ਦੇ ।

ਆ ਸੁਫ਼ਨੇ ਦੀ ਪੀਂਘ ਤੇ ਬਹਿ ਕੇ

ਆ ਸੁਫ਼ਨੇ ਦੀ ਪੀਂਘ ਤੇ ਬਹਿ ਕੇ, ਦਿਲ ਦੀ ਜੂਹੇ ਯਾਰਾ । ਸਦਕੇ ਵਾਰੀ ਕਰਸਾਂ ਤੈਥੋਂ, ਆਪਣਾ ਰੂਪ ਕਵਾਰਾ । ਮੈਂ ਇਕ ਅੱਥਰੂ ਵਾਂਗਰ ਡਿਗਿਆ, ਪੈਰਾਂ ਦੇ ਵਿਚ ਤੇਰੇ, ਤੂੰ ਤਲੀਆਂ ਤੇ ਚੱਕ ਕੇ ਮੈਨੂੰ, ਕਰਦੇ ਜਗ ਤੋਂ ਭਾਰਾ । ਮੇਰੀ ਕੀਮਤ ਦਿਲਬਰ ਤੇਰਾ, ਇਕ ਨਿੰਮਾਂ ਜਿਹਾ ਹਾਸਾ, ਤੇਰੀ ਕੀਮਤ ਤੇਰੀ ਕਸਮੇਂ ਦੋ ਜੱਗ ਵੀ ਨਹੀਂ ਸਾਰਾ । ਊਠਾਂ ਵਾਲੇ ਯਾਰ ਬਣਾ ਕੇ, ਬੂਹੇ ਨੀਵੇਂ ਰੱਖੇ, ਕੀ ਤੇਰੇ ਤੇ ਹੋਣੀ ਵਰਤੀ, ਕੀਤਾ ਕਿਸ ਇਹ ਕਾਰਾ । ਧਰਤੀ ਉੱਤੋਂ ਗਿੱਠ ਗਿੱਠ ਉੱਚੀ, ਫਿਰਦੀ ਚਾਵਾਂ ਪਿੱਟੀ, ਖ਼ਵਰੇ ਘਰ ਆਇਆ ਸੂ ਕਿਹੜਾ, ਲਾਲਾਂ ਦਾ ਵਣਜਾਰਾ । ਸੱਧਰਾਂ ਨੂੰ ਖੜਬਾਨੇ ਦੇ ਕੇ, ਤਾਘਾਂ ਲੁੱਡੀਆਂ ਪਾਵਨ, ਰੀਝਾਂ ਪਰੀਆਂ ਵਰਗੀਆਂ ਰੋਵਣ, ਤੱਕ ਤੱਕ ਰਾਹ ਦਿਲਦਾਰਾ । ਖ਼ਬਰ ਮਿਲੀ ਤਾਂ ਦੱਸ ਕੇ ਜਾਵੀਂ ਉਸ ਦੀ ਜਿਉਣ ਕਹਾਣੀ, ਤੇਰਾ ਦਿੱਤਾ ਦਰਦ ਕਸੂਤਾ ਜਿਹੜਾ ਕਰੇ ਗਵਾਰਾ । ਚੁਗ ਚੁਗ ਤੇਰੀਆਂ ਰਾਹਵਾਂ ਵਿਚੋਂ ਸੂਲਾਂ, ਫੁੱਲ ਖਿਲਾਰਾਂ, ਮਿੱਟੀ ਦੇ ਵਿਚ ਮਿੱਟੀ ਕਰਲਾਂ, ਜੋਬਨ ਦਾ ਲਿਸ਼ਕਾਰਾ । ਗ਼ੁਰਬਤ ਦੀ ਅੱਗ ਅੰਦਰ ਸੜ ਕੇ ਭਾਵੇਂ ਭੜਥਾ ਹੋਇਆ, ਆਪਣੀ ਅਣਖ ਤੇ ਕਲਮ ਨਹੀਂ ਵੇਚੀ ਵਾਹ ਸੱਚਿਆ ਫ਼ਨਕਾਰਾ । ਆਵਣ ਵਾਲੀਆਂ ਨਸਲਾਂ ਤੇਰੇ ਫ਼ਨ ਨੂੰ ਵਿਰਸਾ ਕਹਿਣਾ, 'ਸ਼ਾਕਿਰ' ਆਪਣੇ ਲਈ ਤੂੰ ਭਾਵੇਂ ਛੱਤ ਨਾ ਸਕਿਉਂ ਢਾਰਾ ।

ਜੀਵਨ ਦੇ ਵਿਚ ਸਾਨੂੰ ਐਨੇ ਤਲਖ਼

ਜੀਵਨ ਦੇ ਵਿਚ ਸਾਨੂੰ ਐਨੇ ਤਲਖ਼ ਤਜਰਬੇ ਹੋਏ । ਲਫ਼ਜ਼ਾਂ ਦੀ ਜੋ ਡੋਰ 'ਚ ਜਾਵਣ ਨਾਹੀਂ ਯਾਰ ਪਰੋਏ । ਮੱਝਾਂ ਦਾ ਅਜ ਛੇੜੂ ਲਗਦਾ ਕੈਦੀ ਕਿਧਰੇ ਹੋਇਆ, ਤਾਹੀਉਂ ਤਾਂ ਪਿਆ ਨਾਢੂ ਬਣ ਕੇ ਕੈਦੋਂ ਬੂਰੀ ਚੋਏ । ਆਪਣੀ ਆਪ ਕਮਾ ਕੇ ਖਾਈਏ ਅਣਖੀ ਜੀਣ ਹੰਢਾਈਏ, ਯਾ ਰਬ ਸਾਈਂ ਰੱਖੀਂ ਸਾਡੇ ਨੈਂਣ-ਪਰਾਣ ਨਰੋਏ । ਇੰਜ ਦਾ ਪਾਸ ਕਰੋ ਕਾਨੂੰਨ ਅਸੰਬਲੀ ਦੇ ਵਿਚ ਜਾ ਕੇ, ਉਹਦੀ ਕਾਤਿਲ ਬਣੇ ਹਕੂਮਤ ਭੁੱਖ ਥੀ ਜਿਹੜਾ ਮੋਏ । ਸੁਣਿਐਂ ਸਾਰੀ ਰਾਤ ਫ਼ਰਿਸ਼ਤੇ ਉਸ ਤੇ ਲਾਹਨਤ ਭੇਜਣ, ਭੁੱਖੇ ਹੋਣ ਗਵਾਂਢੀ ਜੀਹਦੇ ਤੇ ਉਹ ਰੱਜ ਕੇ ਸੋਏ । 'ਸ਼ਾਕਿਰ' ਧਰ ਕੇ ਸਿਰ ਰੱਬ ਅੱਗੇ ਰੋ-ਰੋ ਕੇ ਇਹ ਆਖੇ, ਤੂੰ ਨਾ ਢੋਈਂ ਬੂਹਾ ਆਪਣਾ ਲੱਖ ਵਾਰੀ ਜਗ ਢੋਏ ।

ਆਪਣੇ ਯਾਰ ਪਿਆਰੇ ਅੱਗੇ

ਆਪਣੇ ਯਾਰ ਪਿਆਰੇ ਅੱਗੇ ਜਿੰਦੇ ਦੁੱਖੜੇ ਫੋਲ । ਐਵੇਂ ਥਾਂ- ਥਾਂ ਦਰਦ ਸੁਣਾਕੇ ਆਪਣਾ ਆਪ ਨਾ ਰੋਲ । ਤੇਰੀਆਂ ਗੁੱਝੀਆਂ ਪੀੜਾਂ ਤਾਹੀਉਂ ਛੱਡਣਾ ਤੇਰੇ ਤੀਕ, ਨਜ਼ਰਾਂ ਨਾਲ ਟਕੋਰਾਂ ਕਰਸੀ, ਜਦ ਉਹ ਬਹਿ ਕੇ ਕੋਲ । ਤੇਰੀ ਮਰਜ਼ੀ ਜ਼ੋਰ ਨਾ ਮਾਹੀਆ ਤੂੰ ਮਾਲਕ ਮੁਖ਼ਤਾਰ, ਤੂੰ ਚਾਹਵੇਂ ਤਾਂ 'ਯੂਸਫ਼' ਤਾਂਈ ਦੇਵੇਂ ਅੱਟੀਉਂ ਤੋਲ । ਸਾਰੀ ਉਮਰ ਖ਼ਿਆਲਾਂ ਦੇ ਵਿਚ ਕੀਤਾ ਜਿਸ ਨੂੰ ਪਿਆਰ, ਰੱਜ ਕੇ ਵੇਖ ਲਵਾਂ ਉਹ ਮੁੱਖੜਾ ਬੂਹਾ ਸੱਜਣਾ ਖੋਲ੍ਹ । ਚੰਨ ਸੂਰਜ ਇਹ ਤਾਰੇ ਧਰਤੀ, ਇਹ ਕਲੀਆਂ ਇਹ ਫੁੱਲ, ਤੇਰੀ ਇਕ ਅਦਾ ਦਾ ਸਦਕਾ ਲਗਦਾ ਮੇਰੇ ਢੋਲ । 'ਸ਼ਾਕਿਰ' ਉਸ ਦਰਵਾਜ਼ੇ ਦਾ ਮੈਂ, ਮੰਗਤਾ ਰਹਵਾਂ ਹਮੇਸ਼, ਦੇ ਕੇ ਖ਼ੈਰ ਤੇ ਪੁੱਛਣ ਜਿੱਥੇ ਹੋਰ ਵੀ ਅੱਗੇ ਬੋਲ ।

ਡੱਕੇ ਜਾਣ ਨਾ ਜੀਵੇਂ ਅੱਥਰੂ

ਡੱਕੇ ਜਾਣ ਨਾ ਜੀਵੇਂ ਅੱਥਰੂ, ਪਲਕਾਂ ਉੱਤੇ ਆਏ ਐਵੇਂ ਭੁੱਖੇ ਬਾਲ ਨਾ ਜਾਵਣ, ਬਾਤਾਂ ਥੀਂ ਪਰਚਾਏ । ਹੁਣ ਤੇ ਸਾਡੇ ਘਰ ਖ਼ੁਸ਼ਹਾਲੀ, ਭੇਜ ਦੇ ਸੋਹਣਿਆ ਰੱਬਾ, ਬੜੀਆਂ ਰੁੱਤਾਂ ਲੰਘੀਆਂ ਸਾਨੂੰ, ਕਰਦਿਆਂ ਹਾਏ ਹਾਏ । ਜਿੱਥੇ ਮਹਿਲਾਂ ਵਾਲੇ ਆਖਣ, ਮਰ ਗਏ ਭੁੱਖਾਂ ਹੱਥੋਂ, ਭਾਂਡੇ ਮਾਂਜਣ ਵਾਲੀ ਕੀ ਫਿਰ ਉੱਥੇ ਹਾਲ ਸੁਣਾਏ । ਜੰਮਦੀ ਧੀ ਨੂੰ ਮਾਰਣ ਵਾਲੀਆਂ ਰਸ਼ਮਾਂ ਮੁੜ ਫੁੱਟ ਪੈਣੈਂ, ਮਜ਼ਦੂਰੀ ਚੋਂ ਜੇਕਰ ਏਥੇ ਗਏ ਨਾ ਦਾਜ ਬਣਾਏ । ਚੁੱਪ-ਚੁਪੀਤੀ ਟੁਰ ਜਾ ਏਥੋਂ ਰੱਤੇ ਰੰਗਾਂ ਭਰੀਏ, ਥਾਪੜ-ਥਾਪੜ ਹੁਣ ਮੈਂ ਆਪਣੇ ਜਜ਼ਬੇ ਹੈਨ ਸੁਲਾਏ । 'ਸ਼ਾਕਿਰ' ਕੋਈ ਆਖੇ ਉਹਨੂੰ ਐਨੀ ਤੇ ਗੱਲ ਜਾ ਕੇ, ਨਹੀਂ ਆਉਣਾ ਤੇ ਆਪਣੀਆਂ ਸੱਭੇ ਯਾਦਾਂ ਵੀ ਲੈ ਜਾਏ ।

ਰੁੱਤ ਵਸਲ ਦੀ ਉਹਦਾ ਪਾਣੀ ਭਰਦੀ ਏ

ਰੁੱਤ ਵਸਲ ਦੀ ਉਹਦਾ ਪਾਣੀ ਭਰਦੀ ਏ । ਜੀਹਦੀ ਜਿੰਦੂ ਯਾਰ ਦੀ ਤਸਬੀ ਕਰਦੀ ਏ । ਉਹਦੇ ਵਿਹੜੇ ਕਦੇ ਖ਼ਿਜ਼ਾਵਾਂ ਆਈਆਂ ਨਹੀਂ ਜਿਸ ਬੰਦੇ ਵੀ ਰਾਖੀ ਕੀਤੀ ਘਰਦੀ ਏ । 'ਯੂਸਫ਼' ਨਹੀਂ ਮੈਂ ਅੱਟੀ ਮੁੱਲ ਖਰੀਦੇਂਗਾ, ਮੇਰੇ ਸਿਰ ਦੀ ਕੀਮਤ ਤੇਰੇ ਸਿਰ ਦੀ ਏ । ਲੱਖਾਂ ਮਹਿਲ ਮੁਨਾਰੇ ਸੜਦੇ ਦੇਖੇ ਨੇ ਸਿਰ ਉਚਾ ਜਦ ਕੱਲਿਆਂ ਵੀ ਅੱਗ ਕਰਦੀ ਏ । ਕਾਲਖ਼ ਮਲਦੀ ਜਾਵੇ ਮੱਥੇ ਰਸ਼ਮਾਂ ਦੇ, ਸੋਹਣੀ ਵਿਚ ਝਨਾ ਦੇ ਜਾਂਦੀ ਤਰਦੀ ਏ । ਕੌਣ ਕਿਸੇ ਦੇ ਪਿੱਛੇ ਜਾਨ ਗੁਆਉਂਦਾ ਏ । 'ਸ਼ਾਕਿਰ' ਗੱਲੀਂ ਬਾਤੀਂ ਦੁਨੀਆ ਮਰਦੀ ਏ ।

ਅੱਖ ਝਪਕਣ ਵਿਚ ਤਾਰੇ

ਅੱਖ ਝਪਕਣ ਵਿਚ ਤਾਰੇ ਅਰਸ਼ਾਂ ਉੱਤੋਂ ਲਾਹਵਾਂ । ਡੁੱਬ ਜਾਵਾਂ ਮੈਂ ਉਹਦੀਆਂ ਜੇ ਵਿਚ ਮਸਤ ਨਿਗਾਹਵਾਂ । ਇਹਦੇ ਵਿਚ ਤੇ ਸ਼ੱਕ ਨਹੀਂ ਮਾਹੀਆ ਤੇਰੀ ਕਸਮੀ, ਤੈਨੂੰ ਵੇਖਣ ਵਾਲੇ ਭੁੱਲਦੇ ਘਰ ਦੀਆਂ ਰਾਹਵਾਂ । ਆਪਣੇ ਪੈਰਾਂ ਦੇ ਵਿਚ ਦੇਵੇਂ ਬਹਿਣ ਜੇ ਮੈਨੂੰ, ਜਗ ਦੇ ਮਹਿਲ ਮੁਨਾਰਿਆਂ ਨੂੰ ਮੈਂ ਚੁੱਲ੍ਹੇ ਡਾਹਵਾਂ । ਜਿਹੜੀ ਖੇਤੀ ਦਾ ਮਾਲਕ ਨਾ ਹੋਵੇ ਕੋਈ, ਉੱਥੇ ਉੱਗਣਾ, ਦੱਭ, ਕਰੀਰਾਂ, ਕਾਹੀਆਂ, ਘਾਵਾਂ । ਸਾਰੇ ਫ਼ਿਕਰ ਅੰਦੇਸ਼ੇ ਲਾਹਕੇ ਸੁੱਤਿਆਂ ਦੇਖਾਂ, ਜੀਹਨਾਂ ਤਾਈਂ ਬਖ਼ਸ਼ੀਆਂ ਉਹਨੇ ਹੈਨ ਪਨਾਹਵਾਂ 'ਸ਼ਾਕਿਰ' ਏਹੋ ਹਸ਼ਰਤ ਮੇਰੇ ਦਿਲ ਦੀ ਢੋਲਾ, ਤੇਰਾ ਨਾਵਾਂ ਜਪਦਿਆਂ ਸ਼ਾਲਾ! ਮੁੱਕਣ ਸਾਹਵਾਂ ।

ਬਾਗ਼ਾਂ ਨਾਲ ਬਹਾਰਾਂ ਲੜੀਆਂ

ਬਾਗ਼ਾਂ ਨਾਲ ਬਹਾਰਾਂ ਲੜੀਆਂ ਹੋਈਆਂ ਨੇ । ਸ਼ਾਖ਼ਾਂ ਨਾਲੋਂ ਕਲੀਆਂ ਝੜੀਆਂ ਹੋਈਆਂ ਨੇ । ਜਿਹੜੇ ਦਿਨ ਦਾ ਯਾਰ ਨਹੀਂ ਦਿਸਦਾ ਅੱਖਾਂ ਨੂੰ । ਸਦੀਆਂ ਵਾਂਗੂੰ ਸਾਨੂੰ ਘੜੀਆਂ ਹੋਈਆਂ ਨੇ । ਤੂੰ ਵੀ ਸੱਜਣਾਂ ਘੂਰੀ ਪਾ ਲਈ ਮੱਥੇ ਤੇ, ਸਾਡੇ ਨਾਲ ਤੇ ਅੱਗੇ ਬੜੀਆ ਹੋਈਆਂ ਨੇ । ਮੀਂਹ ਬਰਸਾਦੇ ਹੁਣ ਤੇ ਰੱਬਾ ਰਹਿਮਤ ਦਾ, ਕੰਧਾਂ ਵਾਂਗ ਤੰਦੂਰਾਂ ਸੜੀਆਂ ਹੋਈਆਂ ਨੇ । 'ਸ਼ਾਕਿਰ' ਆ ਕੇ ਵੇਖ ਤੇ ਸਹੀ ਤੂੰ ਬੇਦਰਦਾ, ਅੱਖਾਂ ਨਾਲ ਦਹਿਲੀਜ਼ਾਂ ਜੜੀਆਂ ਹੋਈਆਂ ਨੇ ।

ਇਕ ਦਿਨ ਸੁੱਕੀਆਂ ਫ਼ਸਲਾਂ

ਇਕ ਦਿਨ ਸੁੱਕੀਆਂ ਫ਼ਸਲਾਂ ਹਰੀਆਂ ਹੋਣਗੀਆਂ । ਫੁੱਲਾਂ ਦੇ ਨਾਲ ਰਾਹਵਾਂ ਭਰੀਆਂ ਹੋਣਗੀਆਂ । ਬੰਜਰ ਧਰਤੀ ਉੱਤੇ ਲੀਲਾ ਲੱਗੇਗੀ, ਥਾਂ ਥਾਂ ਤੇ ਖ਼ੁਸ਼ਬੂਆਂ ਪਰੀਆਂ ਹੋਣਗੀਆਂ । ਕੀਹਨੇ ਦੁੱਖਾਂ ਦੇ ਵਸ ਪਾਇਆ ਜਿੰਦੜੀ ਨੂੰ, ਆਵੇਂਗਾ ਤੇ ਖ਼ਰੀਆਂ ਖ਼ਰੀਆਂ ਹੋਣਗੀਆਂ । ਸੁੱਖੀਂ ਲੱਗਦਾ ਏ ਉਹ ਜੱਗ ਤੋਂ ਵੱਖਰਾ ਏ, ਨਿੱਕੀ ਉਮਰੇ ਧੀਆਂ ਮਰੀਆਂ ਹੋਣਗੀਆਂ । 'ਸ਼ਾਕਿਰ' ਉਹੋ ਲੋਕ ਮੁਰਾਦਾਂ ਪਾਵਣਗੇ, ਜਿਨ੍ਹਾਂ ਨੇ ਤਕਲੀਫ਼ਾਂ ਜਰੀਆਂ ਹੋਣਗੀਆਂ ।

ਕੱਲ੍ਹ ਵੀ ਤੇਰੇ ਵਿੱਚ ਖ਼ਿਆਲਾਂ

ਕੱਲ੍ਹ ਵੀ ਤੇਰੇ ਵਿੱਚ ਖ਼ਿਆਲਾਂ ਨੀਂਦਰ ਨਾਹੀਂ ਆਈ । ਅੱਜ ਵੀ ਮੇਰੇ ਨੈਣਾਂ ਮਾਹੀ ਰੋ ਕੇ ਰਾਤ ਲੰਘਾਈ । ਖ਼ੁਆਬਾਂ ਦੇ ਵਿਚ ਆ ਕੇ ਸਾਨੂੰ ਦਿੱਤੇ ਜੇਸ ਦਿਲਾਸੇ, ਖੁਲੀ ਅੱਖ ਤੇ ਉਹਦੀ ਮੂਰਤ, ਜਿੰਦੜੀ ਏ ਤੜਪਾਈ । ਲੋਕਾਂ ਦੇ ਘਰ ਬਲਦੇ ਦੀਵੇ, ਹਾਸੇ ਖ਼ੁਸ਼ੀਆਂ ਵਾਲੇ, ਮੇਰੇ ਘਰ ਦੇ ਆਲ-ਦਵਾਲੇ ਦੁੱਖਾਂ ਛਾਉਂਣੀ ਪਾਈ । ਪੂਣੀ ਵਾਂਗਰ ਉਹਦੇ ਬੋਲਾਂ ਸੀਨਾਂ ਛਲਣੀ ਕੀਤਾ, ਕੱਲ੍ਹ ਤੱਕ ਜਿਹੜਾ ਥਾਂ-ਥਾਂ ਸਾਡੀ ਕਰਦਾ ਸੀ ਵਡਿਆਈ । ਆਜਾ ਮੋੜ ਮੁਹਾਰਾਂ ਮਾਹੀ ਝੋਕ ਅਸਾਡੀ ਵੱਸੇ, ਹੁਣ ਨਹੀਂ ਝੱਲੀ ਜਾਂਦੀ ਸਾਥੋਂ, ਸੱਜਣਾ ਹੋਰ ਜੁਦਾਈ । ਘੁਟ-ਘੁਟ ਸੀਨੇ ਲਾਵਾਂ ਤੈਨੂੰ, ਠੰਢ ਕਲੇਜੇ ਪਾਵਾਂ 'ਸ਼ਾਕਿਰ' ਤੂੰ ਹੋਵੇਂ ਤੇ ਹੋਵੇ, ਹਰ ਪਾਸੇ ਰੁਸ਼ਨਾਈ ।