Sharinh De Phul : Shiv Kumar Batalvi

ਸ਼ਰੀਂਹ ਦੇ ਫੁੱਲ : ਸ਼ਿਵ ਕੁਮਾਰ ਬਟਾਲਵੀ

ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ ।
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ ।

ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਿਹੇ ਦੋ ਨੈਣ ਇਹ ।

ਥਲ ਹੋਏ ਦਿਲ 'ਚੋਂ ਗ਼ਮਾਂ ਦੇ ਕਾਫ਼ਲੇ,
ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।

ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ,
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੀ ਲੇਹ ।

ਰਤਨ ਖ਼ੁਸ਼ੀਆਂ ਦੇ ਮਣਾਂ ਮੂੰਹ ਪੀਹ ਲਏ,
ਇਕ ਪਰਾਗਾ ਰੋੜ ਪਰ ਹੋਏ ਨਾ ਪੀਹ ।

ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ ।

ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ,
ਹੁਣ ਸਹਾਰੇ ਖ਼ਿਜ਼ਰ ਦੇ ਦੀ ਲੋੜ ਕੀਹ ?

ਜਾਣਦੇ ਬੁਝਦੇ ਯਸੂ ਦੇ ਰਹਿਨੁਮਾ,
ਚਾੜ੍ਹ ਆਏ ਬੇ-ਗੁਨਾਹ ਸੂਲੀ ਮਸੀਹ ।

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ ।

ਆਖ਼ਰੀ ਫੁੱਲ ਵੀ ਸ਼ਰੀਂਹ ਦਾ ਡਿੱਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ ।

ਚੰਨ ਦੀ ਰੋਟੀ ਪਕਾਈ ਤਾਰਿਆਂ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ ।

ਗੋਂਦਵੀਂ ਆਸਾਂ ਦੀ ਡੋਰੀ ਟੁੱਟ ਗਈ,
ਧਾਣ ਚਿੜੀਆਂ ਠੂੰਗ ਲਏ ਥੋਥੇ ਨੇ ਤੋਹ ।

ਪੈ ਗਈਆਂ ਫੁੱਲਾਂ ਦੇ ਮੂੰਹ 'ਤੇ ਝੁਰੜੀਆਂ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ ।

ਫੂਕ ਘੱਤੇ ਪਰ ਕਿਸੇ ਅੱਜ ਮੋਰ ਦੇ,
ਹਫ਼ ਗਏ ਕਿਸੇ ਭੌਰ ਦੇ ਉੱਡ-ਉੱਡ ਕੇ ਸਾਹ ।

ਵਗ ਰਹੀ ਹੈ ਓਪਰੀ ਜਿਹੀ ਅੱਜ ਹਵਾ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ ।

ਫੂਕ ਲੈਣੇ ਨੇ ਮੈਂ ਢਾਰੇ ਆਪਣੇ,
ਭੁੱਲ ਜਾਣੇ ਨੇ ਮੈਂ ਆਪਣੇ ਆਪ ਰਾਹ ।

ਦੂਰ ਹੋ ਕੇ ਬਹਿ ਦਿਲ ਦੀਏ ਹਸਰਤੇ,
ਛੂਹ ਨਾ ਪੀੜਾਂ ਮਾਰੀਏ ਮੈਨੂੰ ਨਾ ਛੂਹ ।

ਖਾਣ ਦੇ ਜਿੰਦੂ ਨੂੰ ਕੱਲਰ ਸੋਗ ਦੇ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ ।

ਥੱਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ,
ਨਰੜ ਕੇ ਬੰਨ੍ਹ ਲੈ ਮੇਰੀ ਬੇਚੈਨ ਰੂਹ ।

ਪੀਣ ਦੇ ਆਡਾਂ ਨੂੰ ਪਾਣੀ ਪੀਣ ਦੇ,
ਭਰ ਨਸਾਰਾਂ ਵਹਿਣ ਦੇ ਨੈਣਾਂ ਦੇ ਖੂਹ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ