Shaukat Aahu
ਸ਼ੌਕਤ ਆਹੂ

ਨਾਂ-ਸ਼ੌਕਤ ਅਲੀ, ਕਲਮੀ ਨਾਂ-ਸ਼ੌਕਤ ਆਹੂ,
ਜਨਮ ਸਥਾਨ-ਸਨਖਤਰਾ ਜ਼ਿਲਾ-ਨਾਰੋਵਾਲ,
ਵਿਦਿਆ-ਬੀ. ਏ.,
ਛਪੀਆਂ ਕਿਤਾਬਾਂ-ਮੌਤ ਕਲਾਵੇ (ਪੰਜਾਬੀ ਸ਼ਾਇਰੀ), ਜੁਦਾਈ ਕੇ ਬਾਅਦ (ਉਰਦੂ ਸ਼ਾਇਰੀ), ਖ਼ੁਸ਼ਬੂਏ ਮੁਹੱਬਤ (ਉਰਦੂ ਸ਼ਾਇਰੀ), ਖ਼ੁਸ਼ਬੂਏ ਅਸ਼ਆਰ (ਉਰਦੂ ਸ਼ਾਇਰੀ), ਜ਼ੰਜੀਰ ਬੋਲਤੀ ਹੈ (ਉਰਦੂ ਸ਼ਾਇਰੀ), ਤੁਮਹੇਂ ਯਾਦ ਹੋ ਕਿ ਨਾ ਯਾਦ ਹੋ (ਸ਼ਾਇਰੀ),
ਪਤਾ-ਮੁਹੱਲਾ ਜ਼ਰਗਰਾਂ, ਪਿੰਡ ਸਨਖਤਰਾ, ਤਹਿਸੀਲ ਅਤੇ ਜ਼ਿਲਾ ਨਾਰੋਵਾਲ ।

ਪੰਜਾਬੀ ਗ਼ਜ਼ਲਾਂ (ਮੌਤ ਕਲਾਵੇ 2003 ਵਿੱਚੋਂ) : ਸ਼ੌਕਤ ਆਹੂ

Punjabi Ghazlan (Maut Kalaave 2003) : Shaukat Aahuਸਾਂਝ ਪਰੀਤਾਂ ਵਾਲੇ ਜਿਹੜੇ

ਸਾਂਝ ਪਰੀਤਾਂ ਵਾਲੇ ਜਿਹੜੇ ਆਨ ਖ਼ਿਆਲ ਦਵੋਚ । ਮੈਂ ਵੀ ਤੈਨੂੰ ਸੋਚ ਰਿਹਾ ਵਾਂ ਤੂੰ ਵੀ ਮੈਨੂੰ ਸੋਚ । ਬੇਸ਼ੱਕ ਸਾਡੇ ਜੁੱਸੇ ਚੰਨਾਂ ਮਿੱਟੀ ਵਿੱਚ ਮਧੋਲ, ਵੇਖੀਂ ਨਾਜ਼ੁਕ ਪੈਰੀਂ ਕਿਧਰੇ ਆ ਨਾ ਜਾਵੇ ਮੋਚ । ਦਿਲ ਦੀ ਅਸ਼ਗ਼ਲ ਤੇ ਦਿਲ ਜਾਨੀ ਖ਼ਵਰੇ ਫੇਰਾ ਪਾਣ, ਸੱਚੇ ਪਿਆਰ ਦੇ ਪੋਚੇ ਨਾਲ ਤੂੰ ਦਿਲ ਦਾ ਵਿਹੜਾ ਪੋਚ । ਚੂਸ ਲਿਆ ਏ ਗ਼ਮ ਦੀਆਂ ਕੂਕਾਂ ਜੁੱਸ਼ਿਆਂ ਵਿੱਚੋਂ ਖ਼ੂਨ, ਇਕਲਾਪੇ ਦੇ ਗਿੱਧ ਰਹੇ ਨੇ ਕਲਬੂਤਾਂ ਨੂੰ ਨੋਚ । ਅਜ਼ਲਾਂ ਤੋਂ ਹੈ ਬਣਿਆ ਹੋਇਆ ਕੁਦਰਤ ਦਾ ਕਾਨੂੰਨ, ਟੁੱਟ ਜਾਂਦੀ ਹੈ ਟਹਿਣੀ ਉਹ ਨਹੀਂ ਹੁੰਦੀ ਜਿਸ ਵਿੱਚ ਲੋਚ । ਸਾਹਵਾਂ ਦੀ ਕੁਰਬਾਨੀ ਦੇ ਕੇ ਪਿਆਰ ਦੀ ਰੱਖ ਗਏ ਲਾਜ, ਮਜਨੂੰ, ਰਾਂਝਾ, ਪੁੰਨੂੰ, ਤੇ ਮਹੀਵਾਲ, ਮੁਰਾਦ ਬਲੋਚ ।

ਚੱਲੇਗੀ ਇਹ ਧੱਕਾ-ਸ਼ਾਹੀ ਕਿੰਨੀ ਦੇਰ

ਚੱਲੇਗੀ ਇਹ ਧੱਕਾ-ਸ਼ਾਹੀ ਕਿੰਨੀ ਦੇਰ । ਰਹਿਣਗੇ ਕੱਠੇ ਚੋਰ-ਸਿਪਾਹੀ ਕਿੰਨੀ ਦੇਰ । ਫੁੱਟੇਗਾ ਕੱਲ੍ਹ ਰੰਗ ਸਵੇਰਾ ਦੇਖ ਲਵੀਂ, ਵਧਦੀ ਰਹੇਗੀ ਰਾਤ ਸਿਆਹੀ ਕਿੰਨੀ ਦੇਰ । ਇੱਕ ਦਿਨ ਪੈਰੀਂ ਮੰਜ਼ਿਲ ਨੇ ਆ ਲੱਗਣਾ ਏ, ਉਖੜੇ ਰਹਿਣਗੇ ਰਸਤਿਉਂ ਰਾਹੀ ਕਿੰਨੀ ਦੇਰ । ਅੱਖਾਂ ਅੱਗੇ ਮੌਤ ਵੀ ਨੱਚਣ ਲੱਗ ਪਈ ਏ, ਜੀਵਾਂਗਾ ਮੈਂ ਕੱਲਿਆਂ ਮਾਹੀ ਕਿੰਨੀ ਦੇਰ । ਜ਼ਾਲਮਾਂ ਔਖਾ ਸਾਹ ਲੈਣਾ ਕਰ ਦਿੱਤਾ ਸੀ, ਚੁੱਪ ਰਹਿੰਦੇ ਮਜ਼ਲੂਮ ਇਲਾਹੀ ਕਿੰਨੀ ਦੇਰ । ਹੋਵੇਗੀ ਇਨਕਾਰੀ ਪਿਆਰ ਦੇ ਸੂਰਜ ਤੋਂ, 'ਆਹੂ' ਜਗ ਦੀ ਕੋਰ ਨਿਗਾਰੀ ਕਿੰਨੀ ਦੇਰ ।

ਗ਼ੈਰਾਂ ਦੇ ਨਾਲ ਸਾਂਝ-ਭਿਆਲੀ

ਗ਼ੈਰਾਂ ਦੇ ਨਾਲ ਸਾਂਝ-ਭਿਆਲੀ ਕੀ ਕਰੀਏ । ਇਕ ਦੋ ਘੜੀਆਂ ਦੀ ਖ਼ੁਸ਼ਹਾਲੀ ਕੀ ਕਰੀਏ । ਮੀਂਹ ਦੇ ਬਦਲੇ ਅੱਗ ਵਰੀ ਅਸਮਾਨਾਂ ਤੋਂ, ਗੁਲਜ਼ਾਰਾਂ ਦੇ ਰਾਖੇ ਮਾਲੀ ਕੀ ਕਰੀਏ । ਤੇਰੇ ਨਾਂ ਤੋਂ ਆਪਣੀ ਜ਼ਿੰਦੜੀ ਵਾਰ ਦਿੱਤੀ, ਹੋਰ ਐ ਪਿਆਰ ਨਗਰ ਦੇ ਵਾਲੀ ਕੀ ਕਰੀਏ । ਸਭ ਨੇ ਆਖ਼ਰ ਮੌਤ ਦਾ ਜ਼ਾਇਕਾ ਚੱਖਣਾ ਏ, ਧਨ ਕੀ ਕਰਦਾ, ਰੁਤਬੇ ਆਲੀ, ਕੀ ਕਰੀਏ । ਅਰਮਾਨਾਂ ਦੇ ਫੁੱਲ ਤੇ ਦਿਲ ਵਿਚ ਮਹਿਕੇ ਨਾ, ਹਰ ਸੂ ਸਾਵਣ ਦੀ ਹਰਿਆਲੀ ਕੀ ਕਰੀਏ । ਗ਼ਮ ਨੇ ਦਿਲ ਵਿਚ ਦੀਪਕ ਰਾਗ ਅਲਾਪੇ ਸਨ, ਬੱਦਲੀ ਦੀ ਝੋਲੀ ਸੀ ਖ਼ਾਲੀ ਕੀ ਕਰੀਏ । ਜ਼ਹਿਰ ਜ਼ਮੀਨੋਂ ਉੱਗੇ ਥਾਵੀਂ ਫ਼ਸਲਾਂ ਦੇ, 'ਆਹੂ' ਫੜ ਕੇ ਹਲ ਪੰਜਾਲੀ ਕੀ ਕਰੀਏ ।

ਨਿੱਕੀਆਂ ਨਿੱਕੀਆਂ ਗੱਲਾਂ ਪਾਰੋਂ ਲੜਦੇ ਰਹੇ

ਨਿੱਕੀਆਂ ਨਿੱਕੀਆਂ ਗੱਲਾਂ ਪਾਰੋਂ ਲੜਦੇ ਰਹੇ । ਹਿਰਸ-ਤਮਾ ਦੀ ਅੱਗ ਵਿਚ ਸਾਰੇ ਸੜਦੇ ਰਹੇ । ਗ਼ੈਰਾਂ ਨੇ ਤਸਖੀਰ ਫ਼ਿਜ਼ਾਵਾਂ ਕਰ ਲਈਆਂ, ਅਸੀਂ ਚਕੋਰਾਂ ਵਾਂਗੂੰ ਚੰਨ ਨੂੰ ਫੜਦੇ ਰਹੇ । ਉਹਦੀ ਸ਼ਹਿ ਤੇ ਸਾਰੇ ਮੁਨਸਫ਼ ਵੇਲੇ ਦੇ, ਹਰ ਇੱਕ ਜੁਰਮ ਨੂੰ ਸਾਡੇ ਮੱਥੇ ਮੜ੍ਹਦੇ ਰਹੇ । ਮੇਰੇ ਨਾਲ ਉਹ ਕਿਧਰੇ ਹਸ ਕੇ ਬੋਲ ਪਿਆ, ਵੇਖਣ ਵਾਲੇ ਲੋਕ ਅਫ਼ਸਾਨੇ ਘੜਦੇ ਰਹੇ । ਉਹ ਆਇਆ ਤੇ ਮਹਿਫ਼ਲ ਸਾਰੀ ਮਹਿਕ ਉੱਠੀ ਉਹਦੇ ਬੋਲੇ ਅੱਖਰਾਂ ਚੋਂ ਫੁੱਲ ਝੜਦੇ ਰਹੇ ।

ਸਾਹ-ਸਤ ਖ਼ੂਨ-ਪਸੀਨਾ ਸਭ ਏ

ਸਾਹ-ਸਤ ਖ਼ੂਨ-ਪਸੀਨਾ ਸਭ ਏ ਮਿੱਲਾਂ ਜੋਗਾ । ਰਹਿ ਗਿਆ ਆਦਮਜ਼ਾਦਾ ਬਸ ਹੁਣ ਲਿੱਲਾਂ ਜੋਗਾ । ਮਾਂਝੀ ਬਾਝੋਂ ਕੀਵੇਂ ਪਾਰ ਕਿਨਾਰੇ ਲੱਗਦਾ, ਸੱਧਰਾਂ ਦਾ ਇਹ ਬੇੜਾ ਰਹਿ ਗਿਆ ਠਿੱਲਾਂ ਜੋਗਾ । ਚਿੜੀਆਂ ਦੇ ਲਈ ਔਖਾ ਹੋ ਗਿਆ ਚੋਗਾ ਚੁਗਣਾ, ਰਹਿ ਗਿਆ ਰਿਜ਼ਕ ਜ਼ਮੀਨ ਦਾ ਕਾਵਾਂ-ਇੱਲਾਂ ਜੋਗਾ ਜੀਂਦੇ ਜੀਅ ਖ਼ੁਸ਼ਹਾਲੀ ਮੇਰੇ ਘਰ ਕੀ ਆਉਂਦੀ, ਜੋ ਕੁੱਝ ਖੱਟ ਕਮਾਇਆ ਟੈਕਸਾਂ ਬਿਲਾਂ ਜੋਗਾ । ਛੱਡ ਕੇ ਸੱਜਣ ਬੇਲੀ ਟੁਰ ਗਏ ਦੇਸ ਪਰਾਏ, 'ਆਹੂ'ਕੱਲਾ ਰਹਿ ਗਿਆ ਜੱਗ ਦੀਆਂ ਖਿੱਲਾਂ ਜੋਗਾ ।

ਚਿੜੀਆਂ ਨੂੰ ਨਾ ਚੋਗਾ ਮਿਲਦਾ

ਚਿੜੀਆਂ ਨੂੰ ਨਾ ਚੋਗਾ ਮਿਲਦਾ ਗਿਰਝਾਂ ਖਾਵਣ ਮਾਸ । ਜ਼ੋਰਾਵਰ ਨੂੰ ਤੇਰੀ ਦੁਨੀਆ ਰੱਬਾ ਆਵੇ ਰਾਸ । ਰੱਜ ਕੇ ਵੈਰੀ ਵੈਰ ਕਮਾਂਦੇ ਹਸਦੇ ਦੇਖ ਕੇ ਗ਼ੈਰ, ਘਰ ਦੇ ਖ਼ੂਨ-ਖ਼ਰਾਬੇ ਕੀਤਾ ਘਰ ਦਾ ਸੱਤਿਆ ਨਾਸ । ਜਗ ਦੀਆਂ ਗ਼ਰਜ਼ਾਂ ਕਰ ਦਿੱਤਾ ਏ ਸਭ ਦਾ ਚਿੱਟਾ ਖ਼ੂਨ, ਗੋਰ ਕਿਨਾਰੇ ਪਹੁੰਚ ਗਿਆ ਏ ਬੰਦੇ ਦਾ ਅਹਿਸਾਸ । ਤੇਰੇ ਮਗਰੋਂ ਗੁਲਸ਼ਨ ਦੀ ਫੇਰ ਇੰਜ ਵੀਰਾਨੀ ਹੋਈ, ਰੁੱਸੀਆਂ ਬਾਗ਼ ਬਹਾਰਾਂ ਉੱਡ ਗਈ ਫੁੱਲਾਂ ਵਿੱਚੋਂ ਬਾਸ । ਸਾਰੀ ਦੁਨੀਆ ਵਾਲੇ ਪੂਜਨ ਜ਼ਰ ਦੇ ਲਾਤ-ਮਨਾਤ, ਦਰਵੇਸ਼ਾਂ ਨੂੰ ਰਹਿੰਦੀ 'ਆਹੂ' ਰੱਬ ਸੱਚੇ ਤੇ ਆਸ ।

ਪਿਆਰ ਮੁਹੱਬਤ ਵਾਲੇ ਭਾਂਬੜ

ਪਿਆਰ ਮੁਹੱਬਤ ਵਾਲੇ ਭਾਂਬੜ ਦਿਲ ਵਿਚ ਬਾਲੇ ਆਪੇ । ਬਣ ਕੇ ਮਹਿਰਮ ਦਰਦੀ ਮੇਰਾ ਕਿਹੜਾ ਅੱਗ ਇਹ ਤਾਪੇ । ਧਨ ਦੌਲਤ ਦੇ ਭੁੱਖੇ ਲਗਦੇ ਬੇਹਿਸ ਦੁਨੀਆ ਵਾਲੇ, ਧੀ ਦੀ ਡੋਲੀ ਕਿੰਜ ਤੋਰਣਗੇ ਘਰ ਚੋਂ ਮਾੜੇ ਮਾਪੇ । ਤੇਰੀ ਅੱਖ ਦੇ ਬੂਟੇ ਨਾਲੋਂ ਇੰਜ ਮੈਂ ਟੁੱਟ ਕੇ ਡਿੱਗਿਆ, ਪਤਝੜ ਦੇ ਵਿਚ ਡਿਗਦੇ ਜੀਵੇਂ ਰੁੱਖਾਂ ਨਾਲੋਂ ਪਾਪੇ । ਕਟ ਜਾਵੇਗਾ ਮੇਰਾ ਨਾਵਾਂ ਅੱਜ ਧਰਤੀ ਤੋਂ ਯਾਰੋ, ਰਾਤ ਹਨੇਰੀ ਮਾੜੀ ਜਿੰਦੜੀ ਜ਼ੋਰਾਵਰ ਇਕਲਾਪੇ । ਲੱਭਣ ਟੁਰੀਏ ਸੱਜਣਾਂ ਤੂੰ ਚਲ ਉੱਠ, ਅੱਲ੍ਹਾ ਦੀ ਯਾਰੀ, ਘਰ ਵਿਚ ਬੈਠੇ ਮੁਸ਼ਕਿਲ ਹੁੰਦੇ 'ਆਹੂ' ਮੇਲ ਮਿਲਾਪੇ ।

ਘਰ ਵਾਲੀ ਤੇ ਬਹਿ ਗਈ ਨੁਕਰੇ

ਘਰ ਵਾਲੀ ਤੇ ਬਹਿ ਗਈ ਨੁਕਰੇ ਦਾਜ ਦਾ ਕਰਨ ਸਿਆਪਾ ਜੀ ਧੀ ਮੇਰੀ ਨੇ ਆਖਿਆ ਜਿਸ ਦਿਨ ਪਹਿਲੀ ਵਾਰੀ ਭਾਪਾ ਜੀ । ਉਂਜ ਤੇ ਰਹਿਣੈਂ ਹਰ ਵੇਲੇ ਤੂੰ ਸਾਹ ਰਗ ਤੋਂ ਵੀ ਨੇੜੇ ਪਰ, ਮੇਰੀਆਂ ਅੱਖੀਆਂ ਦੇਖਣਾ ਚਾਹਵਣ ਤੇਰਾ ਅਸਲ ਸਰਾਪਾ ਜੀ । ਸਾਡੀਆਂ ਗੱਲਾਂ ਲੱਲੇ ਪਾਈਆਂ ਵੇਲਾ ਟਾਲੇਂ ਲਾਰਿਆਂ ਵਿਚ, ਪਿਆਰ ਮੁਹੱਬਤ ਗ਼ੈਰਾਂ ਜੋਗਾ ਇਹ ਕਾਹਦਾ ਸਜਨਾਪਾ ਜੀ । 'ਆਹੂ' ਦਿਲ ਦੀ ਧਰਤੀ ਦਾ ਉਹ ਕੱਲਮ-ਕੱਲਾ ਹਾਕਮ ਏ, ਅੰਗ ਅੰਗ ਉੱਤੇ ਲਾ ਰੱਖਿਆ ਏ ਉਹਦੇ ਨਾਂ ਦਾ ਛਾਪਾ ਜੀ ।

ਤੌਰ-ਤਰੀਕੇ ਦੁਨੀਆ ਵਾਲੇ ਸਭ

ਤੌਰ-ਤਰੀਕੇ ਦੁਨੀਆ ਵਾਲੇ ਸਭ ਬੇਢੰਗੇ ਲਗਦੇ ਨੇ । ਸੱਚੇ ਬੰਦੇ ਹਰ ਥਾਂ ਰੱਬਾ ਸੂਲੀ ਟੰਗੇ ਲਗਦੇ ਨੇ । ਐਨਾ ਵੀ ਵਾਵੇਲਾ ਨਾ ਕਰ ਤੂੰ ਆਪਣੀ ਬੇਦੋਸ਼ੀ ਦਾ, ਮਾਸੂਮਾਂ ਦੀ ਰੱਤ ਵਿੱਚ ਤੇਰੇ ਹੱਥ ਵੀ ਰੰਗੇ ਲਗਦੇ ਨੇ । ਉੱਚੇ ਪਰਬਤ ਵਗਦੇ ਦਰਿਆ, ਹਰਿਆਲੀ ਮੈਦਾਨਾਂ ਦੀ, ਆਪਣੇ ਦੇਸ ਦੇ ਸਾਰੇ ਮਨਜ਼ਰ ਦਿਲ ਨੂੰ ਚੰਗੇ ਲਗਦੇ ਨੇ । ਇੰਜ ਚੁੰਮਦੇ ਨੇ ਸਾਰੇ ਆਸ਼ਿਕ ਹਸ ਕੇ ਦਾਰ ਸਲੀਬਾਂ ਨੂੰ, ਨਿੱਕੀ ਉਮਰੇ ਖੇਡਦੇ ਜੀਵੇਂ ਟਹਿਣ-ਪਟੰਗੇ ਲਗਦੇ ਨੇ । ਸੋਹਣੀ ਧਰਤੀ ਦਾ ਹਰ ਜ਼ੱਰਾ ਸੂਹਾ-ਸੂਹਾ ਲਗਦਾ ਏ, ਇਨਸਾਨਾਂ ਦੀ ਜੂਹ ਦੇ ਵਿੱਚੋਂ ਵਹਿਸ਼ੀ ਲੰਘੇ ਲਗਦੇ ਨੇ । ਇੱਕ ਤੇ ਅਜ਼ਲਾਂ ਤੋਂ ਸੀ ਵੈਰੀ ਸਾਡੇ ਪਿਆਰ ਮੁਹੱਬਤ ਦਾ, ਗੂੜ੍ਹੀਆਂ ਸਾਂਝਾਂ ਦੇਖ ਕੇ ਜੱਗ ਨੂੰ ਹੋਰ ਪਤੰਗੇ ਲਗਦੇ ਨੇ । ਗ਼ੈਰਾਂ ਦਾ ਕੀ ਸ਼ਿਕਵਾ ਕਰਦੇ ਹਰ ਸ਼ੈ ਖੋਹ ਲਈ ਮਿਤਰਾਂ ਨੇ, 'ਆਹੂ' ਵਰਗੇ ਮੁਖ਼ਲਿਸ ਵੀ ਯਾਰੀ ਦੇ ਡੰਗੇ ਲਗਦੇ ਨੇ ।