Kissa Shirin Farhad : Kishan Singh Arif
ਕਿੱਸਾ ਸ਼ੀਰੀਂ ਫ਼ਰਿਹਾਦ : ਕਿਸ਼ਨ ਸਿੰਘ ਆਰਿਫ਼
ੴਸਤਿਗੁਰਪ੍ਰਸਾਦਿ॥ ਅਥ ਕਿੱਸਾ ਸ਼ੀਰੀਂ ਫ਼ਰਿਹਾਦ ਕ੍ਰਿਤ ਕਿਸ਼ਨ ਸਿੰਘ ਆਰਿਫ਼ ਅੰਮ੍ਰਿਤਸਰ ਨਿਵਾਸੀ ਕਾ ਲਿਖ੍ਯਤੇ
ਆਦ ਅੰਤ ਹਮੇਸ਼ ਰਹੀਮ ਰਾਜ਼ਕ ਮਾਲਕ ਮੁਲਕ ਮਕਾਨ ਜਹਾਨ ਦਾ ਜੇ। ਓਹੀ ਆਸਰਾ ਪੀਰ ਫ਼ਕੀਰ ਦਾ ਹੈ ਬਾਦਸ਼ਾਹ ਹਿੰਦੂ ਮੁਸਲਮਾਨ ਦਾ ਜੇ। ਸੂਰਜ ਚੰਦ ਤਾਰੇ ਹੋਰ ਨੂਰ ਸਾਰੇ ਉਸੇ ਨੂਰ ਥੀਂ ਨੂਰ ਅਸਮਾਨ ਦਾ ਜੇ। ਖ਼ਾਕ ਬਾਦ ਆਤਸ ਆਬ ਮੇਲ ਚਾਰੇ ਕਰੇ ਬੁਤ ਸਬੂਤ ਇਨਸਾਨ ਦਾ ਜੇ। ਜੈਂਦਾ ਮਾਉਂ ਨਾ ਬਾਪ ਨਾ ਯਾਰ ਦੁਸਮਨ ਜਾਨੀ ਜਾਨ ਪਿਆਰਾ ਜਾਨ ਜਾਨ ਦਾ ਜੇ। ਹਰ ਜਿਸਮ ਦੇ ਵਿੱਚ ਹੈ ਜਾਨ ਵਾਂਗੂੰ ਆਪੇ ਆਪਨੂੰ ਆਪ ਸਿਆਨਦਾ ਜੇ। ਖਿੜਿਆ ਬਾਗ਼ ਦੇ ਵਾਂਗ ਜਹਾਨ ਸਾਰਾ ਹਰ ਰੰਗ ਅੰਦਰ ਰੰਗ ਮਾਨਦਾ ਜੇ। ਨਿੱਤ ਨਵੇਂ ਹੀ ਫੁੱਲ ਤਿਆਰ ਹੋਵਨ ਏਥੇ ਕੰਮ ਨਾਹੀਂ ਕੋਈ ਸਾਨ ਦਾ ਜੇ। ਬੰਦਾ ਆਸਕ ਤੇ ਰੱਬ ਮਸੂਕ ਜਾਨੋ ਇਸਕ ਹੱਕ ਤੋਂ ਹੱਕ ਸਿਆਨਦਾ ਜੇ। ਇਸਕ ਹੱਕ ਮਿਜ਼ਾਜ ਸਾਬੂਤ ਹੋਵੇ ਸੋਈ ਮੌਜ ਮਾਸੂਕ ਦੀ ਮਾਣਦਾ ਜੇ। ਕਿਸਨ ਸਿੰਘ ਪਛਾਨਨਾ ਰੱਬ ਤਾਈਂ ਏਹ ਕੰਮ ਗਿਆਨ ਧਿਆਨ ਦਾ ਜੇ॥ ੧ ॥ ਆਈ ਦਿਲ ਦੇ ਵਿੱਚ ਦਲੀਲ ਮੇਰੇ ਦਿਆਂ ਇਸ਼ਕ ਦੀ ਬਾਤ ਬਤਾਇ ਲੋਕੋ। ਕਿੱਸਾ ਸ਼ੀਰੀਂ ਫ਼ਰਿਹਾਦ ਦਾ ਸ਼ੁਰੂ ਕੀਤਾ ਨਾਲ ਸ਼ੌਕ ਦੇ ਦਿਆਂ ਬਨਾਇ ਲੋਕੋ। ਖੂਬ ਕਾਫ਼ੀਆ ਜੋੜ ਦਰੁਸਤ ਕਰਕੇ ਅਤੇ ਠੀਕ ਰਦੀਫ਼ ਮਿਲਾਇ ਲੋਕੋ। ਜੋਸ ਦਿਲ ਦਰੀਆਉ ਦਾ ਕਰਾਂ ਜ਼ਾਹਿਰ ਮੋਤੀ ਸੁਖ਼ਨ ਦੇ ਦਿਆਂ ਸੁਨਾਇ ਲੋਕੋ। ਕਦਰ ਮੋਤੀਆਂ ਦੀ ਪਰਖ ਵਾਲਿਆਂ ਨੂੰ ਅਤੇ ਮੂਰਖਾਂ ਖ਼ਬਰ ਨਾ ਕਾਇ ਲੋਕੋ। ਆਰਫ਼ ਬਰਸ ਜਾਂਦੇ ਬੱਦਲ ਵਾਂਗ ਸਾਰੇ ਦਿਲੋਂ ਰੱਖਕੇ ਸ਼ੌਕ ਖੁਦਾਇ ਲੋਕੋ। ਬਾਗ਼ਾਂ ਵਿੱਚ ਰੰਗਾ ਰੰਗ ਫੁਲ ਖਿੜਦੇ ਕੰਡੇ ਕੱਖ ਖਾਈਆਂ ਰੱਖੇ ਲਾਇ ਲੋਕੋ। ਕਿੱਸਾ ਵਾਂਗ ਨਿਸਾਨੇ ਦੇ ਰੱਖਿਆ ਮੈਂ ਪਰ ਬੋਲਸਾਂ ਬੋਲ ਸਫਾਇ ਲੋਕੋ। ਅੰਦਰ ਦੇਸ ਪੰਜਾਬ ਸੁਹਾਂਵਨੇ ਦੇ ਲਿਆ ਜਨਮ ਫਕੀਰ ਨੇ ਆਇ ਲੋਕੋ। ਕਾਬਲ ਅਤੇ ਕੰਧਾਰ ਕਸਮੀਰ ਕੋਲੋਂ ਚੰਗੀ ਦੇਸ ਪੰਜਾਬ ਦੀ ਵਾਇ ਲੋਕੋ। ਦਿੱਲੀ ਕਲਕੱਤਾ ਅਤੇ ਲਖਨਊ ਅਸਾਂ ਦੇਖ ਲੀਤਾ ਅਜ਼ਮਾਇ ਲੋਕੋ। ਚਾਰੋਂ ਤਰਫ਼ ਦੇਖੋ ਨਹੀਂ ਸ਼ਹਿਰ ਐਸਾ ਜੈਸੀ ਰੀਤ ਪੰਜਾਬ ਬਨਾਇ ਲੋਕੋ। ਚੰਗਾ ਖਾਂਵਨਾ ਪੀਵਨਾ ਬੋਲਨਾ ਹੈ ਅਤੇ ਹੁਸਨ ਚੰਗਾ ਮਨ ਭਾਇ ਲੋਕੋ। ਪਾਨੀ ਹੋਰ ਨਾ ਕਿਤੇ ਪੰਜਾਬ ਜੈਸਾ ਦੇਖੋ ਦੇਸ਼ ਸਾਰੇ ਪਰਤਾਾਇ ਲੋਕੋ। ਕਹਿੰਦੇ ਸਾਧ ਅਮੀਰ ਫ਼ਕੀਰ ਸਾਰੇ ਸੁਰਗ ਲੋਕ ਪੰਜਾਬ ਸੁਹਾਇ ਲੋਕੋ। ਕਿਸ਼ਨ ਸਿੰਘ ਪੰਜਆਬ ਪੰਜਾਬ ਅੰਦਰ ਜੈਂਦੀ ਤਾਬਿਆ ਪੰਜ ਦਰਆਇ ਲੋਕੋ॥੨॥
ਅਥ ਸਿਫ਼ਤ ਅੰਮ੍ਰਿਤਸਰ ਦੀ
ਇਕ ਸ਼ਹਿਰ ਪੰਜਾਬ ਦੇ ਵਿੱਚ ਚੰਗਾ ਅੰਮ੍ਰਿਤਸਰ ਜੋ ਨਾਉਂ ਮਸ਼ਹੂਰ ਹੈ ਜੀ। ਸਿਫ਼ਤ ਕੀਤਿਆਂ ਬਡਾ ਪਸਾਰ ਹੋਵੇ ਕਹਾਂ ਜਿਤਨਾਂ ਬਹੁਤ ਜ਼ਰੂਰ ਹੈ ਜੀ। ਚਾਰੋਂ ਤਰਫ਼ ਦੀਵਾਰ ਹੈ ਸ਼ਹਿਰ ਗਿਰਦੇ ਦੂਰੋਂ ਦੇਖਿਆ ਇਕ ਜ਼ਹੂਰ ਹੈ ਜੀ। ਕਿਲੇ ਬਾਗ਼ ਅਮਾਰਤਾਂ ਨਹਿਰ ਖੂਹੇ ਤਾਲ਼ ਨਾਲ ਜਮਾਲ ਜ਼ਹੂਰ ਹੈ ਜੀ। ਇਕ ਖ਼ੂਬ ਦਰਬਾਰ ਗੁਲਜ਼ਾਰ ਖਿੜਿਆ ਤਾਲ ਜਲ ਦਾ ਗਿਰਦ ਭਰਪੂਰ ਹੈ ਜੀ। ਰੰਗ ਰੰਗ ਦੇ ਸੰਗ ਨਿਸੰਗ ਲਾਏ ਦੇਖ ਅਕਲ ਹੋਵੇ ਦੰਗ ਚੂਰ ਹੈ ਜੀ। ਸੋਨੇ ਚਾਂਦੀ ਦਾ ਕੁਝ ਸ਼ੁਮਾਰ ਨਾਹੀਂ ਹੀਰਾ ਮੋਤੀ ਜਵਾਹਰ ਜ਼ਰੂਰ ਹੈ ਜੀ। ਦੇਖ ਔਰਤਾਂ ਸੁੰਦਰਾਂ ਸੋਹਣੀਆਂ ਨੂ ਸਰਮ ਖਾਇ ਜਾਵੇ ਪਰੀ ਹੂਰ ਹੈ ਜੀ। ਜੇਵਰ ਸੋਹਣਿਆਂ ਨਾਲ ਨਿਹਾਲ ਹੋਈਆਂ ਚਾਲ ਮੋਰ ਚਕੋਰ ਦੀ ਪੂਰ ਹੈ ਜੀ। ਹੁਸਨ ਦੇਖ ਕੇ ਦਿਲ ਪਤੰਗ ਵਾਂਗੂੰ ਜਲ ਬੱਲ ਹੋ ਜਾਇ ਮਨੂਰ ਹੈ ਜੀ। ਦੇਖ ਸੂਰਤਾਂ ਮੂਰਤਾਂ ਹੋਨ ਬੰਦੇ ਅਤੇ ਆਸ਼ਕਾਂ ਬਡਾ ਫਤੂਰ ਹੈ ਜੀ॥ ਨੈਨ ਤੀਰ ਤੇ ਭਵਾਂ ਕਮਾਨ ਜੈਸੇ ਲੱਗਨ ਜਿਸ ਨੂੰ ਹੋਂਵਦਾ ਚੂਰ ਹੈ ਜੀ॥ ਤੀਵੀਂ ਮਰਦ ਦੀ ਸਕਲ ਹੈ ਅਸਲ ਜੈਸੇ ਦੇਖ ਹੋਂਵਦਾ ਦਿਲ ਸਰੂਰ ਹੈ ਜੀ। ਮੱਥਾ ਟੇਕਦੇ ਦੇਖਦੇ ਲੋਕ ਸਾਰੇ ਚਾਰੋਂ ਤਰਫ਼ ਦਾ ਮਰਦ ਗੰਜੂਰ ਹੈ ਜੀ। ਕਹੋ ਸ੍ਵਰਗ ਬਹਿਸਤ ਬੈਕੁੰਠ ਕੋਈ ਇਕੇ ਇੰਦਰ ਅਖਾੜੇ ਦਾ ਨੂਰ ਹੈ ਜੀ॥ ਕਥਾ ਵਾਰਤਾ ਗਿਆਨ ਧਿਆਨ ਹੋਵੇ ਹਰ ਚੀਜ ਮੌਜੂਦ ਜ਼ਰੂਰ ਹੈ ਜੀ। ਕਾਂਸੀ ਮਥਰਾ ਅਤੇ ਅਜੁਧਿਆ ਭੀ ਅੰਮ੍ਰਿਤਸਰ ਅੱਗੇ ਮਜ਼ਦੂਰ ਹੈ ਜੀ। ਗਯਾ ਗੰਗ ਪਰਾਗ ਤੇ ਬੱਦਰੀ ਭੀ ਅੰਮ੍ਰਿਤਸਰ ਦੇ ਤਾਲ ਦਾ ਬੂਰ ਹੈ ਜੀ। ਵਾਰ ਸੁਟੀਏ ਸਹਿਰ ਅਨੇਕ ਇਸ ਤੋਂ ਸਭ ਤੀਰਥਾਂ ਦਾ ਏਹ ਮੂਰ ਹੈ ਜੀ। ਭਜਨ ਬੰਦਗੀ ਰਾਤ ਤੇ ਦਿਨੇਂ ਹੋਵੇ ਭਗਤੀ ਵਿੱਚ ਨ ਕੁਝ ਕਸੂਰ ਹੈ ਜੀ। ਬਡੇ ਸੋਹਿਨੇ ਖ਼ੂਬ ਬਾਜ਼ਾਰ ਬਾਂਕੇ ਦੇਖ ਦਿਲ ਹੋਵੇ ਮਖ਼ਮੂਰ ਹੈ ਜੀ। ਦੂਰ ਹੋਨ ਉਦਾਸੀਆਂ ਸਭ ਦਿਲ ਤੋਂ ਹੋਵੇ ਸਹਿਰ ਦੇ ਜਦੋਂ ਹਜ਼ੂਰ ਹੈ ਜੀ। ਦਿਲ ਖਿੜੇ ਗੁਲਾਬ ਦੇ ਫੁਲ ਵਾਂਗੂੰ ਦੇਖ ਸਹਿਰ ਦਾ ਰੰਗ ਮਸ ਹੂਰ ਹੈ ਜੀ। ਦੇਖੇ ਸੁਨੇ ਦਾ ਫ਼ਰਕ ਹੈ ਬਹੁਤ ਸਾਰਾ ਨੂਰ ਅੱਖ ਦਾ ਕਹਿਨ ਅਖਨੂਰ ਹੈ ਜੀ॥ ਕਿਸਨ ਸਿੰਘ ਸੁਰਮਾ ਹੋਯਾ ਅੱਖੀਆਂ ਦਾ ਮੂਸੇ ਮੰਗਿਆ ਨੂਰ ਕੋਹਤੂਰ ਹੈ ਜੀ॥ ੩॥
ਸਿਫ਼ਤ ਤਸਨੀਫ਼ ਕਿਤਾਬ
ਕਿਸਾ ਸੀਰੀਂ ਫ਼ਰਿਹਾਦ ਦਾ ਸੁਨੋ ਲੋਕੋ ਜੇਹਾ ਆਵਸੀ ਤਿਹਾ ਸੁਨਾਵਸਾਂ ਮੈਂ। ਨਹੀਂ ਸਾਇਰਾਂ ਦੇ ਨਾਲ ਰੀਸ ਮੇਰੀ ਅਕਲ ਆਪਨੀ ਖੋਲ ਦਿਖਾਵਸਾਂ ਮੈਂ। ਇਸਕ ਹੱਕ ਦੇ ਨਾਲ ਮਿਜ਼ਾਜ ਮੇਲਾਂ ਪਾਨੀ ਦੁਧ ਦੇ ਵਿਚ ਰਲਾਵਸਾਂ ਮੈਂ। ਸੂਰਤ ਲਿਖ ਮਾਸ਼ੂਕ ਦੀ ਪੱਤਰੇ ਤੇ ਅੱਗੇ ਆਸਕਾਂ ਮੁਲ ਪੁਵਾਵਸਾਂ ਮੈਂ। ਪੱਥਰ ਚਿੱਤ ਸਨ ਚੀਰ ਸਰੀਰ ਵਿਚੋਂ ਸੁਖਨ ਲਾਲ ਅਮੋਲ ਲਿਆਵਸਾਂ ਮੈਂ। ਅੰਦਰ ਦਿਲ ਦਰੀਯਾਇ ਦੇ ਮਾਰ ਗੋਤੇ ਮੋਤੀ ਕੱਢਕੇ ਹਾਰ ਬਨਾਵਸਾਂ ਮੈਂ। ਬਾਦਸ਼ਾਹੀ ਅੰਗਰੇਜ਼ ਦੀ ਬਹੁਤ ਰੰਗੀ ਐਸੇ ਅਮਲ ਮੇਂ ਅਮਲ ਕਮਾਵਸਾਂ ਮੈਂ। ਉਨੀਂ ਸੌ ਨੌਬੀਸ ਤੂੰ ਜਾਨ ਸੰਮਤ ਬਿੱਕ੍ਰਮਜੀਤ ਏਹ ਰੀਤ ਬਤਾਵਸਾਂ ਮੈਂ। ਕਿੱਸਾ ਵਾਸਤੇ ਲੜਕਿਆਂ ਬਾਲਿਆਂ ਦੇ ਸਿਆਨਾ ਹੋਇਕੇ ਕੱਥ ਕਥਾਂਵਸਾਂ ਮੈਂ। ਰਹੀ ਸਾਬਤੀ ਆਸ਼ਕਾਂ ਸਾਦਕਾਂ ਦੀ ਓਸੇ ਸਾਬਤੀ ਨੂੰ ਪਿਆ ਗਾਵਸਾਂ ਮੈਂ। ਕਿਸਨ ਸਿੰਘ ਗੁਲਾਬ ਦੇ ਫੁੱਲ ਵਾਂਗੂੰ ਹਸ ਹਸ ਕੇ ਲੋਕ ਹਸਾਵਸਾਂ ਮੈਂ॥੪॥
ਅਥ ਸਿਫਤ ਇਸ਼ਕ
ਇਸ਼ਕ ਬਿਨਾ ਨਾ ਹੋਂਵਦਾ ਕੰਮ ਕੋਈ ਕਿਸੇ ਕੰਮ ਤਾਈਂ ਹੱਥ ਲਾਇ ਦੇਖੋ। ਬਿਨਾ ਇਸ਼ਕ ਨਾ ਮਿਲੇ ਮਹਬੂਬ ਪਿਆਰਾ ਭਾਵੇਂ ਲੱਖ ਤਾਵੀਜ਼ ਲਿਖਾਇ ਦੇਖੋ। ਇਸ਼ਕ ਬਿਨਾ ਨਾ ਰੱਖਦਾ ਕੰਨ ਕੋਈ ਭਾਵੇਂ ਕਿਤਨੇ ਗਿਆਨ ਸੁਨਾਇ ਦੇਖੋ। ਬਿਨਾਂ ਭੁਖ ਨਾ ਕੁਝ ਸੁਆਦ ਆਵੇ ਭਾਵੇਂ ਖੀਰ ਖੰਡੂ ਖੋਏ ਖਾਇ ਦੇਖੋ। ਬਿਨਾਂ ਪਿਆਸ ਨਾ ਰਾਸ ਹੋ ਕੋਈ ਪੀਵੇ ਭਾਵੇਂ ਮਿਸਰੀਆਂ ਘੋਲ ਪਿਲਾਇ ਦੇਖੋ। ਬਿਨਾਂ ਸੌਕ ਨਾ ਕੋਈ ਫ਼ਕੀਰ ਹੋਵੇ ਭਾਂਵੇ ਲੱਖ ਫਨਾਹਿ ਬਤਾਇ ਦੇਖੋ। ਮੈਲ ਮਨ ਦੀ ਕਦੇ ਨਾ ਦੂਰ ਹੋਵੇ ਲੱਖ ਤੀਰਥੀਂ ਜਾਇਕੇ ਨ੍ਹਾਇ ਦੇਖੋ। ਮੱਕੇ ਗਿਆਂ ਨਾ ਮੁਕਦੀ ਗਲ ਮੂਲੋਂ ਜੇ ਤਾਂ ਆਪ ਨਾਮ ਨੋ ਮੁਕਾਇ ਦੇਖੋ। ਮਨਕਾ ਮਨਕਾ ਫਿਰੇ ਨਾ ਫ਼ਕਰ ਬਾਝੋਂ ਮਾਲਾ ਤਸਬੀਆਂ ਲੱਖ ਫਿਰਾਇ ਦੇਖੋ। ਬਾਝ ਯਾਰ ਨਾ ਸਬਰ ਕਰਾਰ ਆਵੇ ਭਾਵੇਂ ਕਿਤਨਾ ਮਨ ਠਹਰਾਇ ਦੇਖੋ। ਮਿਲੇ ਬਾਝ ਨਾ ਮਿਲਦਾ ਜ਼ਖ਼ਮ ਦਿਲ ਦਾ ਲੱਖ ਮਰਹਮਾਂ ਪੱਟੀਆਂ ਲਾਇ ਦੇਖੋ। ਦੁਸ਼ਮਨ ਮੀਤ ਨਾ ਹੋਂਵਦੇ ਬਾਝ ਸੋਟੇ ਹੱਥ ਜੋੜਕੇ ਸੀਸ ਨਿਵਾਇ ਦੇਖੋ। ਬਿਨਾਂ ਪਰਮ ਨਾ ਪਰਮ ਸਰੂਪ ਪਾਈਏ ਭਾਵੇਂ ਕਿਤਨੇ ਵੇਸ ਬਨਾਇ ਦੇਖੋ। ਬਿਨਾਂ ਗੁਰਾਂ ਨਾ ਬ੍ਰਹਮ ਗਿਆਨ ਹੋਵੇ ਭਾਵੇਂ ਕਿਤਨੇ ਕਰਮ ਕਮਾਇ ਦੇਖੋ। ਕਿਸ਼ਨ ਸਿੰਘ ਨਾ ਨਾਮ ਬਿਨ ਰੰਗ ਆਵੇ ਭਾਵੇਂ ਕਿਤਨੇ ਰੰਗ ਰੰਗਾਇ ਦੇਖੋ॥੫॥
ਸ਼ੁਰੂ ਕਿੱਸਾ ਸ਼ੀਰੀਂ ਫ਼ਰਿਹਾਦ ਕਾ ਲਿਖ੍ਯਤੇ
ਸੂਰਜ ਲਾਹਿ ਦੀ ਵੱਲ ਇਕ ਸ਼ਹਿਰ ਕਹਿੰਦੇ ਇਸਤੰਬੋਲ ਹੈ ਓਸਦਾ ਨਾਮ ਸਾਈਂ। ਓਸ ਸ਼ਹਿਰ ਦੀ ਸਿਫ਼ਤ ਕੀ ਕਰੇ ਕੋਈ ਅਸਫ਼ਾ ਨਿਸਫ਼ ਜਹਾਨ ਹੈ ਆਮ ਸਾਈਂ। ਬੂਹਾ ਸ਼ਹਿਰ ਦਾ ਸੱਤਰ ਹਜ਼ਾਰ ਆਹਾ ਲਿਖੀ ਸ਼ਇਰਾਂ ਸੇਅਰ ਕਲਾਮ ਸਾਈਂ। ਜ਼ੀਨਤ ਜ਼ੇਬ ਸੋਨਾਂ ਚਾਂਦੀ ਅੰਤ ਨਹੀਂ ਸੀ ਟੁਕੜਾ ਜਿਤਨੇ ਰੂਮ ਤੇ ਸ਼ਾਮ ਸਾਈਂ। ਚੰਗੇ ਨਕਸ਼ ਨਿਗਾਰ ਬਾਜ਼ਾਰ ਅੰਦਰ ਦੇਖ ਥਿੜਕ ਜਾਵੇ ਪਾਉਂ ਗਾਮ ਸਾਈਂ। ਓਥੇ ਸ਼ਾਹ ਅਜ਼ੀਜ਼ ਦਾ ਰਾਜ ਆਹਾ ਲੋਕ ਵੱਸਦੇ ਨਾਲ ਆਰਾਮ ਸਾਈਂ। ਕਰੇ ਅਦਲ ਨੌਸੇਰਵਾਂ ਵਾਂਗ ਦਾਇਮ ਬਿੱਕ੍ਰਮਾਜੀਤ ਤੇ ਕਰਨ ਦੇ ਕਾਮ ਸਾਂਈਂ। ਹਾਤਮ ਵੇਖ ਸਖਾਵਤਾਂ ਤਮ ਹੋਵੇ ਰੁਸਤਮ ਜ਼ੋਰ ਨੂੰ ਦੇਖ ਤਮਾਮ ਸਾਈਂ। ਅੱਗੇ ਮੀਰ ਵਜ਼ੀਰ ਦਬੀਰ ਐਸੇ ਅਫ਼ਲਾਤੂੰਨ ਨੂੰ ਗਿਣਨ ਗੁਲਾਮ ਸਾਈਂ। ਜਿਨਾਂ ਦੇਖ ਲੁਕਮਾਨ ਹੈਰਾਨ ਹੋਵੇ ਜਾਲੀਨੂਸ ਫਸੇ ਵਿੱਚ ਦਾਮ ਸਾਈਂ। ਹੋਰ ਬਾਦਸ਼ਾਹ ਆਇਕੇ ਭਰਨ ਹਾਸਲ ਖ਼ੁਰਾਸਾਨ ਤੇ ਰੂਮ ਲੌ ਸ਼ਾਮ ਸਾਈਂ। ਫ਼ੌਜਾਂ ਲਸ਼ਕਰਾਂ ਦਾ ਕੋਈ ਅੰਤ ਨਾਹੀ ਚਾਰੋਂ ਵੱਲ ਰਹਿੰਦੀ ਲਗੀ ਲਾਮ ਸਾਈਂ। ਸੋਲਾਂ ਲਾਖ ਸਿਪਾਹ ਸਵਾਰ ਜੰਗੀ ਚੁਸਤ ਖੜੇ ਰਹਿੰਦੇ ਆਠੋਂ ਜਾਮ ਸਾਈਂ। ਘੋੜੇ ਅਰਬ ਈਰਾਨ ਤੇ ਤੁਰਕ ਤਾਜ਼ੀ ਬਡੇ ਤੇਜ਼ ਰਫਤਾਰ ਖੁਸ ਗਾਮ ਸਾਈਂ। ਨੌਕਰ ਹਬਸਤੇ ਹਿੰਦ ਕੰਧਾਰ ਕਾਬਲ ਕੀਤਾ ਖ਼ੂਬ ਐਸਾ ਇੰਨਤਜ਼ਾਮ ਸਾਈਂ॥ ਰੱਖੇ ਨਾਲ ਪਿਆਰ ਦੇ ਨਫ਼ਰ ਸਾਰੇ ਜਿਵੇਂ ਅਲੀ ਅਜ਼ੀਜ਼ ਇਮਾਮ ਸਾਈਂ॥ ਦੁਖੀ ਦੇਖ ਨਾ ਸੱਕਦਾ ਕਿਸੇ ਤਾਈਂ ਰਖੇ ਖਬਰ ਸਾਰੀ ਸੁਬਾ ਸਾਮ ਸਾਈਂ॥ ਮਹਿਲੀਂ ਗੋਲੀਆਂ ਬਾਂਦੀਆਂ ਬੇਗਮਾਂ ਸਨ ਜਿਨਾਂ ਦੂਸਰਾ ਮਰਦ ਹਰਾਮ ਸਾਈਂ॥ ਪਕੇ ਕਿਲੇ ਇਮਾਰਤੀ ਸਿਫ਼ਤ ਲਾਇਕ ਇੱਟ ਨਜ਼ਰ ਨਾ ਆਂਵਦੀ ਖ਼ਾਮ ਸਾਈਂ॥ ਚੋਰ ਯਾਰ ਤੇ ਠੱਗ ਨਾ ਕੋਈ ਦਿਸੇ ਜ਼ੁਲਮ ਜ਼ੋਰ ਹੋ ਗਿਆ ਨੀਲਾਮ ਸਾਈਂ॥ ਕਰੇ ਨਿਆਉਂ ਨਾ ਥਾਉਂ ਸੁਨਾਵਨੇ ਦੀ ਜਿਵੇਂ ਜਨਕ ਤੇ ਭਰਥਰੀ ਰਾਮ ਸਾਈਂ॥ ਦਿਨੇ ਤਖ਼ਤੇ ਤੇ ਰਾਤ ਨੂੰ ਸਹਿਰ ਅੰਦਰ ਪਹਿਨ ਗੋਦੜੀ ਸੁਨੇ ਕਲਾਮ ਸਾਈਂ॥ ਪਈ ਅਦਲ ਦੀ ਧੁੰਮ ਸੰਸਾਰ ਸਾਰੇ ਸੇਰ ਹਰਨ ਨੂੰ ਕਰਨ ਸਲਾਮ ਸਾਈ॥ ਕੋਈ ਪੀਏ ਸਰਾਬ ਨਾ ਕਰੇ ਚੁਗ਼ਲੀ ਨਹੀਂ ਸੀ ਜੂਏ ਜ਼ਨਾਹ ਦਾ ਨਾਮ ਸਾਈਂ॥ ਸਦਾ ਐਸ ਅਰਾਮ ਨਾ ਗ਼ਮ ਕੋਈ ਇੱਕ ਬਾਝ ਔਲਾਦ ਦਿਲ ਸਾਮ ਸਾਈਂ॥ ਧਨ ਮਾਲ ਜ਼ਵਾਲ ਹੈ ਬਾਲ ਬਾਝੋਂ ਜਿਵੇਂ ਲੂਨ ਦੇ ਬਾਝ ਤੁਆਮ ਸਾਈਂ॥ ਬਿਨਾਂ ਪੁੱਤਰਾਂ ਅੰਧ ਅੰਧਾਰ ਘਰ ਮੇਂ ਜਿਵੇਂ ਬਾਝ ਦੀਵੇ ਕੰਮ ਖ਼ਾਮ ਸਾਈਂ॥ ਕਰੇ ਦੁਆਇ ਖੁਦਾਇ ਥੀਂ ਅੰਸ ਬਦਲੇ ਜਿਵੇਂ ਰਾਤ ਦਿਨੇ ਆਦਮ ਜਾਮ ਸਾਈਂ॥ ਬੂਹੇ ਰੱਬ ਦੇ ਖੜਾ ਫਕੀਰ ਹੋਵੇ ਮੰਗ ਖ਼ੈਰ ਲਈ ਹਥ ਜਾਮ ਸਾਈਂ॥ ਤੇਰੀ ਆਸ ਨਿਰਾਸਿਆਂ ਬੰਦਿਆਂ ਨੂੰ ਤੇਰੇ ਦੁਆਰ ਖੜਾ ਖ਼ਾਸੋ ਆਮ ਸਾਈਂ॥ ਤੇਰੇ ਬਾਝ ਨਾ ਆਸਰਾ ਹੋਰ ਕੋਈ ਕੁਲ ਖ਼ਲਕ ਸਾਈਂ ਤੇਰੀ ਸਾਮ ਸਾਈਂ॥ ਕਿਸ਼ਨ ਸਿੰਘ ਬੇਟੀ ਘਰ ਬਾਪ ਜੰਮੀ ਇੱਕ ਗਿਰੀ ਜਿਉਂ ਵਿੱਚ ਬਾਦਾਮ ਸਾਈਂ॥
ਖ਼ਬਰ ਹੋਨੀ ਸ਼ਾਹ ਅਜ਼ੀਜ਼ ਨੂੰ ਸ਼ੀਰੀਂ ਦੇ ਜੰਮਨੇ ਦੀ
ਹੋਈ ਖ਼ਬਰ ਅਜ਼ੀਜ਼ ਨੂੰ ਕੁੜੀ ਜੰਮੀ ਕਿਹਾ ਸੁਕਰ ਹੈ ਰੱਬ ਗ਼ੁਫ਼ਾਰ ਦਾ ਜੀ॥ ਥਾਲੀ ਸੱਖਨੀ ਭਲੀ ਕਿ ਨਾਲ ਖਿਚਰੀ ਜਿਵੇਂ ਭੁੱਖੇ ਨੂੰ ਮੰਨ ਜੁਵਾਰ ਦਾ ਜੀ॥ ਅੱਜ ਔਤ੍ਰੇ ਤੇ ਹੋਯਾ ਸੌਤਰਾ ਮੈਂ ਪਾਯਾ ਫਲ ਜੋ ਏਸ ਸੰਸਾਰ ਦਾ ਜੀ॥ ਪੁਤ੍ਰ ਧੀ ਸਭ ਦਾਤ ਏਹ ਰੱਬ ਦੀ ਏ ਬੰਦਾ ਸੋਈ ਜੋ ਸੁਕਰ ਗੁਜ਼ਾਰ ਦਾ ਜੀ॥ ਧੀਆ ਪੁਤ੍ਰਾਂ ਤੋਂ ਬਹੁਤ ਪਿਆਰੀਆਂ ਨੀ ਬੁਰਾ ਜਾਨਨਾ ਕੰਮ ਗਵਾਰ ਦਾ ਜੀ॥ ਲੜਕੀ ਲੜਕਿਆਂ ਤੋਂ ਹੋਈ ਨੇਕ ਜਾਨੋ ਕਿਲਾ ਤੋੜ ਦੀ ਤੁਰਤ ਸੰਕਾਰ ਦਾ ਜੀ॥ ਨਾਢੂ ਸ਼ਾਹ ਸਰਾਫ਼ ਨੂੰ ਸਾਫ਼ ਕੀਤਾ ਪੇਚ ਮੋੜਿਆ ਧੀ ਦਸਤਾਰ ਦਾ ਜੀ॥ ਧੀਆਂ ਮਾਪਿਆਂ ਨਾਲ ਨਿਹਾਲ ਸਦਾ ਪੁੱਤ੍ਰ ਗੱਭਰੂ ਹੋਇ ਬਿਗਾੜ ਦਾ ਜੀ॥ ਉਚਰ ਨਾਲ ਮਾਂ ਬਾਪ ਦੇ ਸ਼ਾਦ ਬੇਟਾ ਜਿਚਰ ਮੁੱਖ ਨਾ ਦੇਖਿਆ ਨਾਰ ਦਾ ਜੀ॥ ਹੋਵੇ ਵਿਆਹ ਤਾਂ ਮਾਉਂ ਨੂੰ ਦੇ ਗਾਲੀਂ ਅਤੇ ਬਾਪ ਦੀ ਪੱਗ ਉਤਾਰਦਾ ਜੀ॥ ਲੜੇ ਨਾਲ ਭਰਾਵਾਂ ਦੇ ਹੋਇ ਸਾਂਵਾਂ ਪਕੜ ਲਾਠੀਆਂ ਸੀਸ ਮੇਂ ਮਾਰਦਾ ਜੀ॥ ਹਿਸਾ ਵੰਡ ਸ਼ਰੀਕਾਂ ਤੋਂ ਸੋਰ ਕਰਕੇ ਅਤੇ ਵੱਖਰੇ ਮਹਿਲ ਉਸਾਰਦਾ ਜੀ॥ ਐਵੇਂ ਮਾਪਿਆਂ ਨੂੰ ਚਾਉ ਪੁੱਤ੍ਰਾਂ ਦੇ ਕੋਈ ਗੱਲ ਨਾ ਅਸਲ ਵਿਚਾਰ ਦਾ ਜੀ॥ ਵਹੁਟੀ ਆਇਕੇ ਸੱਸ ਦੇ ਨਾਲ ਲੜਦੀ ਚਿੜ ਨਾਰ ਤੋਂ ਭੈਣ ਨੂੰ ਮਾਰਦਾ ਜੀ॥ ਬਹੂ ਘਿੰਨ ਕੇ ਵੱਖ ਹੋਇ ਜਾਇ ਬੈਠੇ ਕੁੱਲ ਕੋੜਮਾਂ ਚਾਇ ਵਿਸਾਰਦਾ ਜੀ॥ ਫਾਰਖਤੀ ਲਿਖਾ ਕੇ ਬਾਪ ਕੋਲੋਂ ਅਤੇ ਭਾਈਆਂ ਮਾਰ ਨਿਘਾਰ ਦਾ ਜੀ॥ ਦੌਲਤ ਬਾਪ ਦੀ ਵੇਖ ਪ੍ਰਸੰਨ ਹੋਵੇ ਓਹਨੂੰ ਨਾਲ ਦਵਾਈ ਦੇ ਮਾਰਦਾ ਜੀ॥ ਮਾਰ ਦਾਰਾਸ਼ਕੋਹ ਔਰੰਗਜ਼ੇਬੇ ਸੰਗਲ ਸ਼ਾਹਿਜਹਾਨ ਨੂੰ ਡਾਰਦਾ ਜੀ॥ ਔਗਨ ਇਤਨੇ ਪੁੱਤਰਾਂ ਵਿੱਚ ਲੋਕੋ ਕੋਈ ਨੇਕ ਹੋਵੇ ਨੇਕੀ ਸਾਰਦਾ ਜੀ॥ ਪਵੇ ਧੁੰਮ ਜਹਾਨ ਦੇ ਵਿੱਚ ਸਾਰੇ ਭੈੜਾ ਹੋਇ ਜੋ ਪੁੱਤ ਸਰਦਾਰ ਦਾ ਜੀ॥ ਰੰਨ ਸੋਹਣੀ ਕਈ ਨਾ ਮੂਲ ਛੱਡੇ ਅਤੇ ਬਾਪ ਦਾ ਮਾਲ ਉਜਾੜਦਾ ਜੀ॥ ਫਿਰੇ ਗਸ਼ਤੀਆਂ ਮਗਰ ਖੁਵਾਰ ਹੁੰਦਾ ਭਾਵੇਂ ਪੁੱਤ ਹੋਵੈ ਸ਼ਾਹੂਕਾਰ ਦਾ ਜੀ॥ ਜਿਵੇਂ ਸ਼ੇਰ ਫਿਰ ਪਿੱਛੇ ਖੋਤੀਆਂ ਦੇ ਨਹੀਂ ਆਪਨਾ ਕਦਰ ਸੰਭਾਰਦਾ ਜੀ॥ ਖਾਵੇ ਜੁੱਤੀਆਂ ਜਾਇ ਜੁਲਾਹਿਆਂ ਤੋਂ ਪਰ ਨਾਰਾਂ ਨੂੰ ਛੇੜਦਾ ਛਾੜਦਾ ਜੀ॥ ਕਰੇ ਬਾਪ ਦਾ ਨਾਮ ਬਦਨਾਮ ਸਾਰੇ ਅਤੇ ਹਟਕਿਆ ਮੂਲ ਨਾ ਹਾਰਦਾ ਜੀ॥ ਕੋਈ ਅਸਲ ਅਸੀਲ ਦਿਲੀਲ ਚੰਗੀ ਦੌਲਤ ਮੁਫ਼ਤ ਦੀ ਦੇਖ ਚਿਤਾਰ ਦਾ ਜੀ॥ ਰੱਖੇ ਲਾਜ ਜਹਾਨ ਮੇਂ ਮਾਪਿਆਂ ਦੀ ਕਾਜ ਆਪਨਾ ਆਪ ਸੰਵਾਰਦਾ ਜੀ॥ ਪੁਤ੍ਰ ਬਹੁਤ ਮੰਦੇ ਬੇਟੀ ਕੋਈ ਮੰਦੀ ਬਡਾ ਫ਼ਰਕ ਹੋਵੇ ਨਰ ਨਾਰ ਦਾ ਜੀ॥ ਪੁਤ੍ਰ ਧੀ ਸੱਭੇ ਪ੍ਯਾਰੇ ਮਾਪਿਆਂ ਨੂੰ ਫੁੱਲ ਫਲ ਜੈਸੇ ਗੁਲਜ਼ਾਰ ਦਾ ਜੀ॥ ਗੁਨਾਂ ਔਗਨਾਂ ਥੀਂ ਨਹੀਂ ਕੋਈ ਖ਼ਾਲੀ ਫੁੱਲ ਨਾਲ ਹੋਏ ਗੁਲ ਖਾਰ ਦਾ ਜੀ॥ ਕਿਸ਼ਨ ਸਿੰਘ ਨਾ ਐਬ ਥੀਂ ਕੋਈ ਖ਼ਾਲੀ ਬਿਨਾਂ ਐਬ ਹਨਾਮ ਕਰਤਾਰ ਦਾ ਜੀ॥੭॥
ਹੁਕਮ ਕਰਨਾ ਬਾਦਸ਼ਾਹ ਨੇ ਵਾਸਤੇ ਨੌਰੋਜ਼ ਦੇ
ਕੀਤਾ ਬਾਦਸਾਹ ਹੁਕਮ ਨੌਰੋਜ਼ ਹੋਵੇ ਪਾਓ ਫ਼ੀਲਾਂ ਤੇ ਲਾਲ ਅਮਾਰੀਆਂ ਨੂੰ॥ ਕਰੋ ਖੈਰ ਖਰਾਇਤਾਂ ਆਜਜ਼ਾਂ ਨੂੰ ਕਰੇ ਰੱਦ ਜੋ ਆਫ਼ਤਾਂ ਸਾਰੀਆਂ ਨੂੰ॥ ਹਾਥੀ ਲਏ ਸਵਾਰ ਮਹਾਵਤਾਂ ਨੇ ਘੋੜੇ ਹੋਏ ਤਿਆਰ ਸਵਾਰੀਆਂ ਨੂੰ॥ ਰਥ ਬੱਘੀਆਂ ਪੀਨਸਾਂ ਪਾਲਕੀ ਲੈ ਚੱਲੇ ਤੁਰਤ ਕਹਾਇ ਕਹਾਰੀਆਂ ਨੂੰ॥ ਢੋਲਾਂ ਨੌਬਤਾਂ ਤਾਸ਼ਿਆਂ ਸ਼ੋਰ ਪਾਯਾ ਰੰਗਾ ਰੰਗ ਦੇ ਸਾਜ ਸਤਾਰੀਆਂ ਨੂੰ॥ ਕਈ ਤਾਇਫ਼ੇ ਆਨ ਕੇ ਗਿਰਦ ਹੋਏ ਚੜ੍ਹੇ ਚਾਉ ਘਨੇ ਨੱਚਨਹਾਰੀਆਂ ਨੂੰ॥ ਮਲੇ ਅਤਰ ਅੰਬੀਰ ਸੁਹਾਗਨਾਂ ਨੇ ਅਤੇ ਕੱਪੜੇ ਖ਼ੂਬ ਕਵਾਰੀਆਂ ਨੂੰ॥ ਮਹਿਲੀਂ ਔਰਤਾਂ ਔਰਤਾਂ ਨਜ਼ਰ ਆਵਨ ਜਿਵੇਂ ਰੋਕੇ ਬਸੰਤ ਕ੍ਯਾਰੀਆਂ ਨੂੰ॥ ਪਹਿਨ ਕੱਪੜੇ ਸਬਜ਼ ਸੁਫ਼ੈਦ ਸੂਹੇ ਉਤੇ ਲਾਇਕੇ ਗੋਟ ਕਨਾਰੀਆਂ ਨੂੰ॥ ਮਿਰਚਮੋਰ ਚਿੜੀਬਾਗ ਲਏ ਕੋਈ ਇਕ ਲੈਂਦੀਆਂ ਲਾਲ ਫੁਲਕਾਰੀਆਂ ਨੂੰ॥ ਦੇਖਨ ਜਾਇਕੇ ਸ਼ੀਰੀਂ ਦੀ ਸ਼ਕਲ ਤਾਈਂ ਅਤੇ ਕਹਿੰਦੀਆਂ ਸ਼ੁਕਰ ਗੁਜ਼ਾਰੀਆਂ ਨੂੰ॥ ਇੱਕ ਦੇਨ ਮੁਬਾਰਕਾਂ ਸ਼ਗਨ ਪਾਵਨ ਬੈਠਨ ਫੋਲ ਕਹਾਨੀਆਂ ਸਾਰੀਆਂ ਨੂੰ॥ ਆਖਨ ਮਾਉਂ ਨੂੰ ਗ਼ਮਨਾਂ ਕਰੀਂ ਕੋਈ ਅਗੇ ਸਾਈਂ ਦੀਆਂ ਵੇਖ ਦਾਤਾਰੀਆਂ ਨੂੰ॥ ਹੁਣ ਧੀ ਹੋਈ ਫੇਰ ਪੁੱਤ ਹੋਸੀ ਫਲ ਪੌਨ ਲੱਗੇ ਫੁਲਵਾਰੀਆਂ ਨੂੰ॥ ਧੂੰਮ ਧਾਮ ਹੋਈ ਇਸਤੰਬੋਲ ਅੰਦਰ ਸਭ ਹੋਏ ਤਿਆਰ ਤਿਆਰੀਆਂ ਨੂੰ॥ ਲਈ ਹਾਜ਼ਰੀ ਸ਼ਾਹ ਨੇ ਪਲਟਨਾਂ ਦੀ ਬਹੁਤ ਹੋਈ ਪੈਦਾਇਸ਼ ਬਜ਼ਾਰੀਆਂ ਨੂੰ॥ ਤੋਪਾਂ ਸ਼ਲਕ ਤੋਂ ਆਨ ਮੈਦਾਨ ਮੱਲੇ ਅਤੇ ਚੋਟ ਦੀ ਚੋਟ ਦੀਵਾਰੀਆਂ ਨੂੰ॥ ਦੇਕੇ ਦੌਲਤਾਂ ਸਭ ਸਿਪਾਹ ਤਾਈਂ ਗਿਆ ਬਾਦਸ਼ਾਹ ਖ਼ਾਸ ਅਟਾਰੀਆਂ ਨੂੰ॥ ਰੋਸ਼ਨ ਰਾਤ ਨੂੰ ਬਹੁਤ ਚਰਾਗ਼ ਹੋਏ ਅਤੇ ਖ਼ੂਬ ਮਤਾਬੀਆਂ ਬਾਰੀਆਂ ਨੂੰ॥ ਦੇਖ ਸ਼ੀਰੀਂ ਦਾ ਬਾਪ ਨੇ ਮੁੱਖ ਸ਼ੀਰੀਂ ਦਿਲੋਂ ਸੁੱਟਿਆ ਬੇਕਰਾਰੀਆਂ ਨੂੰ॥ ਕੀਤੇ ਵਾਰਨੇ ਮੋਹਰਾਂ ਦੇ ਸੀਸ ਉਤੋਂ ਦਿੱਤੇ ਬੁੱਢੀਆਂ ਤੇ ਦੁਖਿਆਰੀਆਂ ਨੂੰ॥ ਕਿਸ਼ਨ ਸਿੰਘ ਔਲਾਦ ਇਉਂ ਸਿਕਦਿਆਂ ਨੂੰ ਸੋਨਾ ਖ਼ਾਕ ਥੀ ਜਿਵੇਂ ਨਿਆਰੀਆਂ ਨੂੰ॥੮॥
ਸਿਫ਼ਤ ਸ਼ੀਰੀਂ ਦੀ
ਬਾਰਾਂ ਵਰ੍ਹਿਆਂ ਦੀ ਹੋਈ ਜਵਾਨ ਸ਼ੀਰੀਂ ਸ਼ੀਰੀਂ ਬੋਲਦੀ ਸੁਖ਼ਨ ਜ਼ਬਾਨ ਵਿਚੋਂ॥ ਇੱਕ ਨਾਮ ਸ਼ੀਰੀਂ ਦੂਜਾ ਸੁਖ਼ਨ ਸ਼ੀਰੀਂ ਤੀਜਾ ਸਿੱਕਦੀ ਲਈ ਜਹਾਨ ਵਿਚੋਂ॥ ਮੁੱਖੋਂ ਹਸਦਿਆਂ ਚੰਬੇ ਦੇ ਫੁੱਲ ਕਿਰਦੇ ਝੜੇ ਮੋਤੀਆ ਬਾਰ,ਬੁਸਤਾਨ ਵਿਚੋਂ॥ ਇਕੇ ਅਪੱਛਰਾ ਇੰਦਰ ਅਖਾਂਰੜੇ ਦੀ ਇਕੇ ਮੇਮ ਸਾਹਿਬ ਇੰਗਲਿਸਤਾਨ ਵਿਚੋਂ॥ ਹੁਸਨ ਸ਼ੀਰੀਂ ਦਾ ਅੰਤ ਹਿਸਾਬ ਨਹੀਂ ਸੀ ਇਕੇ ਪਰੀ ਆਈ ਪਰਸਤਾਂਨ ਵਿਚੋਂ॥ ਸੰਗਲਦੀਪ ਦੇ ਦੇਸ ਦੀ ਪਦਮਨੀ ਸੀ ਇਕੇ ਹੂਰ ਬਹਿਸ਼ਤ ਜਨਾਨ ਵਿਚੋਂ॥ ਸਿੱਖਨ ਕੋਇਲਾਂ ਬਬੁਲਬੁਲਾਂ ਤੂਤੀਆਂ ਭੀ ਮੋਰ ਕੁਮਰੀਆਂ,ਲਫ਼ਜ਼ ਨਿਸਾਨ ਵਿਚੋਂ॥ ਕੱਦ ਸਰੂ ਦੇ ਇਕੇ ਖਜੂਰ ਕੋਈ ਗੇਲੀ ਚੀਲ ਦੀ ਸੀ ਕੋਹਸਤਾਂਨ ਵਿਚੋਂ॥ ਕਾਲੇ ਵਾਲ ਪਾਲੇ ਬੱਚੇ ਨਾਗਨੀ ਦੇ ਡੰਗ ਲਗਦਿਆਂ ਜਾਏ ਜਹਾਨ ਵਿਚੋਂ॥ ਜੁਲਫਾਂ ਟੇਡੀਆਂ ਜਾਲ ਸ਼ਿਕਾਰੀਆਂ ਦੇ ਪੰਛੀ ਚੁਗਦੇ ਚੋਗ ਚੁਗਾਨ ਵਿਚੋਂ॥ ਮੱਥਾ ਚੰਦ ਸੀ ਚੌਧਵੀਂ ਰਾਤ ਵਾਲਾ ਚੋਰੀ ਲਿਆ ਚੁਰਾਇ ਅਸਮਾਨ ਵਿਚੋਂ॥ ਭਵਾਂ ਤ੍ਰਿਖੀਆਂ ਖ਼ੱਮ ਤਲਵਾਰ ਦਾ ਸੀ ਲਈ ਨਕਲ ਉਤਾਰ ਕਮਾਂਨ ਵਿਚੋਂ॥ ਨੱਕ ਅਲਫ਼ ਸਿੱਧਾਂ ਜਿਵੇਂ ਤੀਰ ਹੋਵੇ ਖੰਜਰ ਖਿੱਚ ਕੇ ਖੜੀ ਮੈਦਾਨ ਵਿਚੋਂ॥ ਦੇਖ ਅੱਖੀਆਂ ਰੱਖੀਆਂ ਰਹਿਨ ਨਾਹੀਂ ਨਿਕਲ ਜਾਇ ਸ਼ਮਸੇਰ ਮਦਾਨ ਵਿਚੋਂ॥ ਜਿਧਰ ਕਰੇ ਨਿਗਾਹ ਫ਼ਨਾਹਫਿੱਲਾ ਕਿਸ਼ਤੀ ਨੂਹ ਦੀ ਰੁੜ੍ਹੇ ਤੂਫ਼ਾਨ ਵਿਚੋਂ॥ ਗੱਲ੍ਹਾਂ ਦੇਖ ਗੱਲਾਂ ਸਭੇ ਭੁਲ ਜਾਵਨ ਸੇਉ ਕਾਬਲੀ ਅੰਬ ਮੁਲਤਾਨ ਵਿਚੋਂ॥ ਲਬਾਂ ਲਾਲ ਪੀਵਨ ਲਹੂ ਆਸ਼ਕਾਂ ਦਾ ਆਏ ਲਾਲ ਪਖਾਨ ਦੀ ਖਾਨ ਵਿਚੋਂ॥ ਦੰਦ ਦੇਖ ਆਨੰਦ ਹੋ ਜਾਨ ਸਾਰੇ ਮਾਲਾ ਮੋਤੀਆਂ ਦੀ ਦੁਰਜਾਨ ਵਿਚੋਂ॥ ਕੰਨ ਸੋਹਿਨੇ ਸੁਨੇ ਨਾ ਹੋਨ ਕੰਨੀ ਸਿੱਪ ਜਾਨੀਏ ਜਾਨ ਪਛਾਨ ਵਿੱਚੋਂ॥ ਗਰਦਨ ਕੂੰਜ ਸੁਰਾਹੀ ਦੀ ਮਿਸਲ ਕਹੀਏ ਭਰੀ ਮਸਤ ਸ਼ਰਾਬ ਮੈਖ਼ਾਨ ਵਿਚੋਂ॥ ਬਾਹਾਂ ਕੂਲੀਆਂ ਹੌਲੀਆਂ ਰੰਗ ਗੋਰੇ ਰੂਲ ਮੁਨਸੀਆਂ ਦੀ ਜੁਜ਼ਦਾਨ ਵਿਚੋਂ॥ ਪੰਜੇ ਉਂਗਲੀ ਨਾਜ਼ਕਾਂ ਨਾਜ਼ ਭਰੀਆਂ ਦੱਸ ਦੇਂਦੀਆਂ ਹਰਫ ਕੁਰਾਨ ਵਿਚੋਂ॥ ਛਾਤੀ ਸਾਫ਼ ਔਸਾਫ਼ ਮੁਆਫ਼ ਕੀਜੇ ਲਾਫ਼ਾ ਬੋਲਨਾ ਨਹੀਂ ਜ਼ਬਾਨ ਵਿਚੋਂ॥ ਤਖ਼ਤੀ ਸੀਨੇ ਦੀ ਬਖਤ ਬੁਲੰਦ ਵਾਲੀ ਲਿਖੀ ਰੇਖ ਦੀ ਮੇਖ ਮਕਾਨ ਵਿਚੋਂ॥ ਪਿਸਤਾਂ ਗੋਲ ਅਭੋਲ ਮਰਜਾਨ ਆਸ਼ਕ ਖੇਨੂੰ ਖੇਡਦੇ ਇਸ਼ਕ ਮੈਦਾਨ ਵਿਚੋਂ॥ ਨਾਫ਼ ਹਰਨ ਦੀ ਨਾਫ਼ ਦਾ ਜਾਨ ਨਾਫ਼ਾ ਮੁਸ਼ਕ ਭਾਰ ਲੱਦੇ ਖ਼ੁਤਨਾਨ ਵਿਚੋਂ॥ ਲੋਕ ਪੱਤਲਾ ਚਿੱਤ੍ਰੇ ਸੇਰ ਜੇਹਾ ਦੇਖ ਜਾਨ ਜਾਵੇ ਇਨਸਾਨ ਵਿਚੋਂ॥ ਲੱਗੇ ਅੱਗ ਫਰਿਸਤਿਆਂ ਨੂਰੀਆਂ ਨੂੰ ਪੰਛੀ ਡਿੱਗਦੇ ਦੇਖ ਅਸਮਾਨ ਵਿਚੋਂ॥ ਅਕਲ ਵਾਲਿਆਂ ਦੀ ਅਕਲ ਦੂਰ ਹੋਵੇ ਵਹਿਸ਼ੀ ਹੋਂਵਦੇ ਦੇਖ ਜ਼ਮਾਨ ਵਿਚੋਂ॥ ਸਾਦੇ ਹਾਰ ਸਿੰਗਾਰ ਤਿਆਰ ਕਰਕੇ ਮਾਰ ਜਾਏ ਤਲਵਾਰ ਮਯਾਨ ਵਿਚੋਂ॥ ਜਾਦੂ ਹੁਸਨ ਦਾ ਪਾਏ ਕੇ ਕੈਦ ਕਰਦੀ ਲੈਂਦੀ ਚਿੱਤ ਚੁਰਾਏ ਗੁਮਾਨ ਵਿਚੋਂ॥ ਪੱਟ ਪੱਟ ਦੇ ਜਿਵੇਂ ਬਾਲੀ ਨਤਕੀ ਏ ਰਖੇ ਆਸ਼ਕਾਂ ਸੀਸ ਸਾਮਾਨ ਵਿਚੋਂ॥ ਅੱਗੇ ਸ਼ਰਮ ਦੀ ਬਾਤ ਹੈ ਸ਼ਰਮ ਕਰ ਤੂੰ ਗੱਲ ਜਾਣੀਏ ਰਾਜ਼ ਬਿਆਨ ਵਿਚੋਂ॥ ਕੋਈ ਸਿੱਖਿਆ ਸੇਹਰ ਮਦਾਰੀਆਂ ਦਾ ਜਿਵੇ ਦੌੜਦਾ ਨਾਗ ਦੁਕਾਨ ਵਿਚੋਂ॥ ਇਸ਼ਕ ਹੁਸਨ ਦਾ ਪੰਥ ਨਿਆਰੜਾ ਈ ਕਰੇ ਵੱਖ ਹਿੰਦੂ ਮੁਸਲਮਾਂਨ ਵਿਚੋਂ॥ ਸਿਫ਼ਤ ਉਨ੍ਹਾਂ ਦੀ ਕਰੇ ਜਹਾਨ ਸਾਰਾ ਸਾਬਤ ਨਿੱਕਲੇ ਸਿਦਕ ਈਮਾਨ ਵਿਚੋਂ॥ ਸਿਦਕਾਂ ਵਾਲਿਆਂ ਦੇ ਬੇੜੇ ਪਾਰ ਹੋਵਨ ਸੁਨਿਆ ਹੋਸੀਆ ਸੁਖਨ ਜ਼ੁਬਾਨ ਵਿਚੋਂ॥ ਕਿਸ਼ਨ ਸਿੰਘ ਸਭ ਸਿਫ਼ਤ ਹੈ ਸਾਬਤੀ ਦੀ ਪਿਆਰਾ ਪਰੇਮ ਤੇ ਗੁਰੂ ਗਿਆਨ ਵਿਚੋਂ॥੯॥
ਬਾਜ਼ੀ ਖੇਲਨੀ ਸ਼ੀਰੀਂ ਦੀ ਨਾਲ ਸਹੇਲੀਆਂ ਦੇ
ਰਲ ਖੇਡਦੀ ਨਾਲ ਸਹੇਲੀਆ ਦੇ ਸੀਰੀਂ ਆਪਨੇ ਵਿੱਚ ਮਹੱਲ ਸਾਈਂ॥ ਕਈ ਗੋਲੀਆਂ ਬਾਂਦੀਆਂ ਗਿਰਦ ਆਈਆਂ ਜੁਦਾ ਹੋਣ ਨਾਹੀਂ ਇਕ ਪੱਲ ਸਾਈਂ॥ ਹੋਰ ਸ਼ਹਿਰ ਥੀਂ ਲੜਕੀਆਂ ਬਹੁਤ ਆਵਨ ਪਾਸ ਸੀਰੀਂ ਦੇ ਖੇਡਨੇ ਚੱਲ ਸਾਈਂ॥ ਨਾਲੇ ਖੇਡਨਾ ਤੇ ਨਾਲੇ ਖਾਵਨਾ ਸੀ ਦੋਹਾਂ ਗੱਲਾਂ ਦੇ ਵਿੱਚ ਸਵੱਲ ਸਾਈਂ॥ ਇੱਕ ਵਿਆਹੀਆਂ ਤੇ ਇੱਕ ਕਵਾਰੀਆਂ ਸਨ ਇੱਕ ਸੁਧੀਆਂ ਤੇ ਨਿਰਮੱਲ ਸਾਈਂ॥ ਇੱਕ ਬਡੇ ਪਖੰਡ ਉਸ਼ਟੰਡ ਜਾਨਨ ਮਕਰ ਠਕਰ ਤੇ ਅੱਲ ਵਲੱਲ ਸਾਈਂ॥ ਇਕ ਭੋਲੀਆਂ ਭਾਲੀਆਂ ਸਾਧ ਮੂਰਤ ਮੂੰਹੋਂ ਆਖ ਨਾ ਜਾਨਦੀਆਂ ਗੱਲ ਸਾਈਂ॥ ਲਾਕੇ ਹਾਰ ਸਿੰਗਾਰ ਬਹਾਰ ਸੇਤੀ ਕੰਨੀ ਫੁੱਲ ਝੋਲੀ ਵਿਚ ਫਲ ਸਾਈਂ॥ ਖੇਡਨ ਮਾਰ ਭੜਥੂ ਵਿੱਚ ਮਦਰਾਂ ਦੇ ਇੱਕ ਵਾਰ ਪੈ ਜਾ ਏਥ ਥਰਥੱਲ ਸਾਈਂ॥ ਖਿਦੋ ਖੇਡਦੀ ਕਿਸੇ ਦੇ ਹੱਥ ਥੱਕਨ ਕੋਈ ਗੁੱਠ ਨੂੰ ਬੈਠਦੀ ਮੱਲ ਸਾਈਂ॥ ਕੋਈ ਆਖਦੀ ਚੱਲ ਨੀ ਚੱਲ ਭੈੜੀ ਫੇਰ ਖੇਡਾਂਗੇ ਆਨ ਕੇ ਕੱਲ ਸਾਈਂ॥ ਕੋਈ ਆਖਦੀ ਬੈਠ ਨੀ ਬੈਠ ਬੌਰੀ ਮਤ ਕਰ ਪਈ ਕੱਲ ਕੱਲ ਸਾਈਂ॥ ਕੋਈ ਲਾਹਿ ਕੇ ਕੱਪੜਾ ਸਿਰੇ ਵਾਲਾ ਨੰਗੀ ਹੋਇ ਦਖਾਂਵਦੀ ਛੱਲ ਸਾਈਂ॥ ਕੋਈ ਆਖਦੀ ਆਨ ਕੇ ਪਕੜ ਪੱਖਾ ਅਤੇ ਬੈਠ ਕੇ ਸ਼ੀਰੀਂ ਨੂੰ ਝੱਲ ਸਾਈਂ॥ ਕੋਈ ਆਖਦੀ ਬੱਸ ਕਰ ਝੱਲੀਏ ਨੀ ਤੈਨੂੰ ਵੱਗ ਗਿਆ ਕੋਈ ਝੱਲ ਸਾਈਂ॥ ਕੋਈ ਮੱਝ ਬਨੇ ਕੋਈ ਹੀਰ ਰਾਂਝਾ ਚੂਰੀ ਕੁੱਟ ਲੈ ਜਾਂਵਦੀ ਝੱਲ ਸਾਈਂ॥ ਸਾਂਗ ਲਾਂਦੀਆਂ ਤੇ ਮੁਸਕਾਂਦੀਆਂ ਸਨ ਪੌਨ ਹੱਸਦਿਆਂ ਪੇਟ ਮੇਂ ਵੱਲ ਸਾਈਂ॥ ਇੱਕ ਨੱਕ ਝੜਾਇਕੈ ਕਰਨ ਗੱਲਾਂ ਰੱਖ ਉਂਗਲੀ ਨੂੰ ਉਤੇ ਗੱਲ੍ਹ ਸਾਈਂ॥ ਇੱਕ ਮਾਰ,ਪਥੱਲੜੂ ਬੈਠ ਜਾਵਨ ਅਤੇ ਕਹਿੰਦੀਆਂ ਜੀਆਨ ਹੱਲ ਸਾਈਂ॥ ਇੱਕ ਜੱਟ ਬਨੇ ਇੱਕ ਬਨੇ ਜੱਟੀ ਇੱਕ ਬੈਲ ਬਨ ਵਾਂਹਦੀਆਂ ਹੱਲ ਸਾਈਂ॥ ਇੱਕ ਮਾਰ ਕੇ ਬੋਲੀਆਂ ਗੋਲੀਆਂ ਨੂੰ ਵਾਂਗ ਗੋਲੀਆਂ ਜਾਂਦੀਆ ਚੱਲ ਸਾਈਂ॥ ਇਕ ਦੇਨ ਤਾਨੇ ਪੱਈਆਂ ਕਰਨ ਨਖ਼ਰੇ ਇੱਕ ਜਾਂਦੀਆਂ ਹਨਿਆਂ ਝੱਲ ਸਾਈਂ॥ ਇਕ ਕਹਿੰਦੀਆਂ ਰਹਿੰਦੀਆਂ ਨਿੱਜ ਏਥੇ ਗਈਆਂ ਨਾਲ ਪਲੂਤਿਆਂ ਬੱਲ ਸਾਈਂ॥ ਕੋਈ ਘੋੜਾ ਤੇ ਕੋਈ ਅਸਵਾਰ ਹੋਏ ਮਾਰ ਅੱਡੀਆਂ ਪਾਨ ਭੂਚੱਲ ਸਾਈਂ॥ ਚੀਚ ਵਹੁਟੀਆਂ ਵਾਂਗ ਹੋ ਜਾਨ ਜਮਾ ਜਿਵੇਂ ਹੋਨ ਸੁਲਤਾਨਾਂ ਦੇ ਦੱਲ ਸਾਈਂ॥ ਕੋਈ ਆਖਦੀ ਚਲੋ ਹੁਨ ਬੱਸ ਕਰੋ ਫੇਰ ਆਵਾਂਗੀਆਂ ਸਾਰੀਆਂ ਰੱਲ ਸਾਈਂ॥ ਕੋਈ ਆਖਦੀ ਅਸਾਂ ਦੇ ਭਾਗ ਚੰਗੇ ਕੀਤਾ ਰੱਬ ਨੇ ਬਡਾ ਸਵੱਲ ਸਾਈਂ॥ ਸ਼ੀਰੀਂ ਬਖ਼ਸ਼ਸ ਕਰੇ ਸਹੇਲੀਆਂ ਨੂੰ ਸਾਰੇ ਹੋਇ ਰਹੀ ਭਲ ਭੱਲ ਸਾਈਂ॥ ਤ੍ਰੈ ਸੈ ਸੱਠ ਸਹੇਲੀਆਂ ਵਿੱਚ ਸੋਹੇ ਜਿਵੇਂ ਤਾਰਿਆਂ ਚੰਦ ਸੱਕਲ ਸਾਈਂ॥ ਜੋਬਨ ਸ਼ੀਰੀਂ ਦਾ ਦੇਖ ਕੇ ਅਕਲਾਂ ਦੀ ਉਡ ਜਾਂਵਦੀ ਹੋਸ਼ ਅੱਕਲ ਸਾਈਂ॥ ਸੂਰਤ ਪਰੀ ਤੇ ਸਿਫ਼ਤ ਫ਼ਰਿਸ਼ਤਿਆਂ ਦੀ ਆਸ਼ਕ ਹੋਂਵਦੇ ਦੇਖਕੇ ਅੱਲ ਸਾਈਂ॥ ਸੱਈਆਂ ਨਾਲ ਖੇਡੇ ਕਰੇ ਚੋਜ ਬਾਂਕੇ ਕੋਈ ਗ਼ਮ ਨਹੀਂ ਸੀ ਇਕ ਪੱਲ ਸਾਈਂ॥ ਕੋਈ ਚੋਰ ਬਨੇ ਠਾਨੇਦਾਰ ਕੋਈ ਮਾਰ ਕੋਟੜੇ ਲਾਂਹਦੀਆਂ ਖੱਲ ਸਾਈਂ॥ ਕੋਈ ਦੌੜ ਚੜੇ ਪੌੜਸਾਂਗ ਉਤੇ ਜਿਵੇਂ ਚੜ੍ਹੇ ਦਰਖ਼ਤ ਤੇ ਵੱਲ ਸਾਈਂ॥ ਕੋਈ ਬਨੇ ਸੱਸੀ ਕੋਈ ਬਨੇ ਪੁੰਨੂੰ ਅਤੇ ਵੈਨ ਪਾਏ ਵਿੱਚ ਥੱਲ ਸਾਈਂ॥ ਕੋਈ ਆਖਦੀ ਸਭ ਜਹਾਨ ਕੂੜਾ ਇੱਕੋ ਰੱਬ ਦਾ ਨਾਮ ਅਟੱਲ ਸਾਈਂ॥ ਕੋਈ ਹੋਇ ਨੰਗੀ ਸਿਰ ਪੈਰ ਤਾਈਂ ਬੈਠ ਜਾਂਵਦੀ ਹੋਇ ਅਚੱਲ ਸਾਈਂ॥ ਕੋਈ ਆਖਦੀ ਆਓ ਨੀ ਸ਼ਰਮ ਕਰੋ ਕਿਹਾ ਘੱਤਿਆ ਤੁਸਾਂ ਖਲੱਲ ਸਾਈਂ॥ ਕੋਈ ਆਖਦੀ ਸ਼ੀਰੀਂ ਹੈ ਜਾਨ ਮੇਰੀ ਜੈਂਦੇ ਨਾਲ ਹੈ ਸਭ ਸੁਖ਼ੱਲ ਸਾਈਂ॥ ਰੱਬ ਆਨ ਸਬਬ ਬਨਾਂਵਦਾ ਈ ਸੱਭੋ ਹੋਇ ਜਾਂਦੀ ਮੁਸ਼ਕਲ ਹੱਲ ਸਾਈਂ॥ ਕੋਈ ਕੰਮਲੀ ਪਹਿਨ ਫ਼ਕੀਰ ਹੋਵੇ ਕਰੇ ਕਮਲਿਆਂ ਵਾਂਗ ਕਮੱਲ ਸਾਈਂ॥ ਸ਼ੀਰੀਂ ਸੱਦ ਸੱਈਆਂ ਦਿਨੇਂ ਖੇਡਦੀ ਸੀ ਰਾਤੀ ਦੇਂਵਦੀ ਘਰਾਂ ਨੂੰ ਘੱਲ ਸਾਈਂ॥ ਮਾਉਂ ਬਾਪ ਸਭ ਦੇਖਕੇ ਹੋਨ ਰਾਜ਼ੀ ਜਿਵੇਂ ਮੱਛੀਆਂ ਦੇਖਕੇ ਜੱਲ ਸਾਈਂ॥ ਕਿਸ਼ਨ ਸਿੰਘ ਇਕੋ ਧੀ ਮਾਪਿਆਂ ਦੀ ਬਿਨਾਂ ਦੇਖਿਆਂ ਜਾਂਵਦੇ ਜੱਲ ਸਾਈਂ॥੧੦॥
ਵਿਆਹ ਕਰਨਾ ਗੁਡੀ ਗੁਡੇ ਦਾ ਸ਼ੀਰੀਂ ਨੇ
ਇੱਕ ਰੋਜ਼ ਜਾਂ ਸ਼ੀਰੀਂ ਦੇ ਮਹਿਲ ਅੰਦਰ ਹੋਈਆਂ ਸੱਭ ਇੱਕਠੀਆਂ ਆਨ ਸੱਈਆਂ॥ ਦੇਖ ਦੇਖਕੇ ਹੋਨ ਨਿਹਾਲ ਪੱਈਆਂ ਸੱਭ ਜਾਨ ਜਹਾਨ ਘੁਮਾਨ ਸੱਈਆਂ॥ ਗੁਡੀ ਗੁਡੇ ਦਾ ਅੱਜ ਵਿਆਹ ਕਰੀਏ ਏਹ ਰਲ ਕੇ ਮਤਾ ਪਕਾਨ ਸੱਈਆਂ॥ ਹੋਯਾ ਹੁਕਮਤਾਂ ਸੱਭ ਤਿਆਰ ਹੋਈਆਂ ਇੱਕ ਦੂਈ ਨੂੰ ਸੱਦ ਲਿਆਨ ਸੱਈਆਂ॥ ਬੇਟੀ ਇੱਕ ਵਜ਼ੀਰ ਦੀ ਨਾਮ ਸਿਫ਼ਤੋ ਗੁਡੀ ਓਸਦੀ ਚਾ ਬਨਾਨ ਸੱਈਆਂ॥ ਗੁਡਾ ਸ਼ੀਰੀਂ ਦਾ ਚਾ ਬਨਾਇਓ ਨੇ ਅਤੇ ਤੁਰਤ ਹੀ ਕਾਜ ਰਚਾਨ ਸੱਈਆਂ॥ ਨੌਕਰ ਭੇਜ ਕੇ ਸ਼ਹਿਰ ਥੀਂ ਨਾਲ ਜਲਦੀ ਲਾਗੀ ਵਿਆਹ ਦੇ ਚਾ ਸਦਾਨ ਸੱਈਆਂ॥ ਹੋਰ ਘਲਿਆ ਆਖ ਹਲਵਾਈਆਂ ਨੂੰ ਮਿਠਿਆਈਆਂ ਖ਼ੂਬ ਪਕਾਨ ਸੱਈਆਂ॥ ਆਤਸ਼ਬਾਜ਼ਾਂ ਨੂੰ ਸੱਦ ਕੇ ਹੁਕਮ ਕੀਤਾ ਆਤਸ਼ਬਾਜ਼ੀਆਂ ਆਨ ਚਲਾਨ ਸੱਈਆਂ॥ ਸਦ ਔਰਤਾਂ ਮੇਲ ਮਿਲਾਪ ਕੀਤਾ ਅਤੇ ਨਿਉਂਦਰਾ ਖ਼ੂਬ ਪਵਾਨ ਸੱਈਆਂ॥ ਪਾਲੋ ਪਾਲ ਬੈਠਾਲ ਕੇ ਲੜਕੀਆਂ ਨੂੰ ਲੋਟਾ ਪਕੜ ਕੇ ਹੱਥ ਧੁਵਾਨ ਸੱਈਆਂ॥ ਦੇ ਕੇ ਥਾਲੀਆਂ ਬਾਲੀਆਂ ਬੁਢੀਆਂ ਨੂੰ ਖਾਣੇ ਖੂਬ ਅਜੂਬ ਖਵਾਨ ਸੱਈਆਂ॥ ਚਾਵਲ ਸਬਜ਼ ਸੁਫ਼ੈਦ ਪੁਲਾ ਜ਼ਰਦੇ ਅਤੇ ਹੋਰ ਸਬ ਦੇਗ ਦਵਾਨ ਸੱਈਆਂ॥ ਬਾਸਮਤੀ ਕਸ਼ਮੀਰ ਦੇ ਧਰਨ ਚਾਵਲ ਉਤੇ ਖੰਡ ਤੇ ਘਿਉ ਘਤਾਨ ਸੱਈਆਂ॥ ਬਰਫ਼ੀ ਬੂੰਦੀ ਜਲੇਬੀਆਂ ਸ਼ਕਰਪਾਰੇ ਪੇੜੇ ਦੁਧ ਦੇ ਨਾਲ ਧਰਾਨ ਸੱਈਆਂ॥ ਕਿਤੇ ਸੇਵੀਆਂ ਫੇਣੀਆਂ ਖੀਰ ਭਰੀਆਂ ਲੱਡੂ ਵੜੇ ਅਚਾਰ ਟਿਕਾਨ ਸੱਈਆਂ॥ ਹੋਰ ਮੱਠੀਆਂ ਲੁੱਚੀਆਂ ਪੂੜੀਆਂ ਭੀ ਕਈ ਕਿਸਮ ਦੇ ਦੇਨ ਪਕਵਾਨ ਸੱਈਆਂ॥ ਭੱਲੇ ਅਤੇ ਪਕੌੜੀਆਂ ਸਾਗ ਭਾਜੀ ਅਤੇ ਪਾਪੜਾਂ ਖ਼ੂਬ ਭੁਨਾਨ ਸੱਈਆਂ॥ ਗੋਸਤ ਖ਼ੂਬ ਮਸਾਲਿਆਂ ਦਾਰ ਭੁੰਨੇ ਅਤੇ ਨਾਲ ਕਬਾਬ ਕਰਾਨ ਸੱਈਆਂ॥ ਹਲਵਾ ਨਰਮ ਤੇ ਗਰਮ ਬਾਦਾਮ ਗਿਰੀਆਂ ਸੀਰੀਂਦਾਰ ਮੇਵੇ ਮੁਖ ਪਾਨ ਸੱਈਆਂ॥ ਵਰਕ ਚਾਂਦੀ ਦੇ ਲਾਇ ਮਿਠਾਈਆਂ ਨੂੰ ਹਰ ਇੱਕ ਤਾਂਈਂ ਵਰਤਾਨ ਸੱਈਆਂ॥ ਰੱਖ ਅੰਦਰੱਸੇ ਗੁਲ ਬਹਿਸ਼ਤ ਸ਼ੀਰੀਂ ਰੰਗਾ ਰੰਗ ਦੀ ਵਸਤ ਲਿਆਨ ਸੱਈਆਂ॥ ਖਾ ਪੀਕੇ ਜਦੋਂ ਆਜ਼ਾਦ ਹੋਈਆਂ ਫੇਰ ਬੈਠ ਮਹੱਲ ਤੇ ਗਾਨ ਸੱਈਆਂ॥ ਗੀਤ ਗਾਂਦੀਆਂ ਨਾਲ ਪਿਆਰ ਸੋਹਿਨੇ ਗੋਯਾ ਪੰਛੀਆਂ ਮਾਰ ਗਿਰਾਨ ਸੱਈਆਂ॥ ਇੱਕ ਗਾਲੀਆਂ ਸਿਠਨੀਆਂ ਦੇਨ ਪਈਆਂ ਇੱਕ ਸਬਦ ਸਲੋਕ ਸੁਨਾਨ ਸੱਈਆਂ॥ ਇੱਕ ਦੋਹਰੇ ਸੋਰਠੇ ਛੰਦ ਬੋਲਨ ਬਾਰਾਂਮਾਂਹ ਸਿਹਰਫ਼ੀਆਂ ਤਾਨ ਸੱਈਆਂ॥ ਇੱਕ ਘੋੜੀਆਂ ਗਾਉਨ ਨਿਹਾਲ ਹੋਈਆਂ ਇੱਕ ਹੀਰ ਰਾਂਝਾ ਪੇਈਆਂ ਗਾਨ ਸੱਈਆਂ॥ ਇੱਕ ਹਸਦੀਆਂ ਹਸਦੀਆਂ ਹੋਨ ਫਾਵਾ ਲੈ ਕੇ ਕੱਪੜਾ ਮੂੰਹ ਮੁਸਕਾਨ ਸੱਈਆਂ। ਇਕ ਹੱਸਕੇ ਹੋਇ ਨਲੇਟ ਜਾਵਨ ਲੇਵ ਲੇਟ ਕੇ ਬਹੁਤ ਲਟਾਨ ਸੱਈਆਂ। ਇੱਕ ਨਸਦੀਆਂ ਫਿਰਨ ਮਹੱਲ ਅੰਦਰ ਵਿੱਚ ਬਾਰੀਆਂ ਝਾਤੀਆਂ ਪਾਨ ਸੱਈਆਂ॥ ਇੱਕ ਲਾਹਿਕੇ ਕੱਪੜਾ ਕਰਨ ਸਿੱਧਾ ਛਾਤੀ ਅਪਨੀ ਸਾਫ਼ ਦਿਖਾਨ ਸੱਈਆਂ॥ ਇਕ ਕਹਿੰਦੀਆਂ ਰਾਵਲਾ ਜੋਗੀਆ ਵੇ ਇੱਕ ਢੋਲ ਦਾ ਢੋਲ ਵਜਾਨ ਸੱਈਆਂ॥ ਜੰਞ ਬੰਨ੍ਹ ਵਜ਼ੀਰ ਦੇ ਘਰੀਂ ਜਾਕੇ ਗੁੱਡੀ ਗੁੱਡੇ ਨੂੰ ਚਾ ਪ੍ਰਨਾਨ ਸੱਈਆਂ॥ ਵੱਜਨ ਤੂਤੀਆਂ ਨੌਬਤਾਂ ਘੁਰਨਵਾਜੇ ਭੇਰਾਂ ਧੁਰਬਤਾਂ ਦੇਂਦੀਆਂ ਤਾਨ ਸੱਈਆਂ॥ ਲੈ ਕੇ ਦਾਜ ਦਹੇਜ਼ ਸਾਮਾਨ ਸਾਰਾ ਘਰ ਸ਼ੀਰੀਂ ਦੇ ਬੈਠੀਆਂ ਆਨ ਸਈਆਂ॥ ਗੁੱਡੀ ਪਾਇ ਡੋਲੀ ਵਿੱਚ ਆਂਦੀਓ ਨੇ ਫੇਰ ਛੱਡ ਕੇ ਘਰਾਂ ਨੂੰ ਜਾਨ ਸੱਈਆਂ॥ ਸਦਾ ਚੋਜ ਏਹੋ ਹਮਜੋਲੀਆਂ ਦੇ ਰਲ ਮਿਲ ਕੇ ਦਿਲ ਪਰਚਾਨ ਸੱਈਆਂ॥ ਸ਼ੀਰੀਂ ਨਾਲ ਘਿਉ ਖਿਚੜੀ ਹੋਇ ਰਹੀਆਂ ਹੋਕੇ ਮਿੱਠੀਆਂ ਦੌਲਤਾਂ ਖਾਨ ਸੱਈਆਂ॥ ਅੱਗੇ ਗੁੱਡੀ ਤੇ ਗੁੱਡੇ ਦਾ ਵਿਆਹ ਹੋਯਾ ਹੁਨ ਸ਼ੀਰੀਂ ਨੂੰ ਵੇਖ ਵਿਆਹਨ ਸੱਈਆਂ॥ ਕਿਸ਼ਨ ਸਿੰਘ ਹੈ ਸਭ ਨੂੰ ਹਾਣ ਪਿਆਰੇ ਹਾਨ ਜਾਨ ਮਿਲਾਂਦੀਆਂ ਹਾਨ ਸੱਈਆਂ॥੧੧॥
ਵਿਆਹ ਹੋਨਾ ਸ਼ੀਰੀਂ ਦਾ ਨਾਲ ਖ਼ਿਸਰੋ ਦੇ
ਕਿਸੇ ਸ਼ਹਿਰ ਦਾ ਕੋਈ ਸੁਲਤਾਨ ਆਹਾ ਖ਼ਿਸਰੋ ਪੁਤ੍ਰ ਉਸਦਾ ਸੁਨ ਪਾਇਓ ਨੇ॥ ਓਹਦੇ ਨਾਲ ਕਰ ਸ਼ੀਰੀਂ ਦਾ ਸਾਕ ਨਾਤਾ ਜੰਞ ਬੰਨ੍ਹ ਕੇ ਤੁਰਤ ਸਦਾਇਓ ਨੇ॥ ਸੱਭੋ ਆਪਨੀ ਰਸਮ ਰਸੂਮ ਕਰਕੇ ਕਾਜੀ ਸੱਦ ਨਕਾਹ ਪੜ੍ਹਾਇਓ ਨੇ॥ ਧੂਮਧਾਮ ਹੋਈ ਬਹੁਤ ਸ਼ਹਿਰ ਅੰਦਰ ਧਨ ਮਾਲ ਭੀ ਬਹੁਤ ਲਗਾਇਓ ਨੇ॥ ਗਹਿਨੇ ਕੱਪੜੇ ਸੀਰੀਂ ਨੂੰ ਬਹੁਤ ਪਾਏ ਖੂਬ ਹਾਰ ਸੰਗਾਰ ਲਗਾਇਓ ਨੇ॥ ਹਾਥੀ ਮਸਤ ਸੰਧੂਰ ਮੈਦਾਨ ਜਿਵੇਂ ਤਿਵੇਂ ਸੀਰੀਂ ਨੂੰ ਕਢ ਦਿਖਾਇਓ ਨੇ॥ ਲਾਲ ਕਪੜੇ ਪਹਿਨ ਕੇ ਬਣੀ ਵੌਹਟੀ ਆਫ਼ਤਾਬ ਦੋਪਹਿਰ ਚੜ੍ਹਾਇਓ ਨੇ॥ ਸੀਸ ਪੱਟੀਆਂ ਗੁੰਦਕੇ ਜ਼ੁਲਫ਼ ਕੀਤੀ ਗਿਰਦੇ ਚੰਦ ਦੇ ਅਬਰ ਬਨਾਇਓ ਨੇ॥ ਗਈ ਰਾਤ ਪਰਭਾਤ ਨੂੰ ਰਲ ਸਭਨਾਂ ਖ਼ਿਸਰੋ ਸਾਹ ਨੂੰ ਵਿਦਾ ਕਰਾਇਓ ਨੇ॥ ਸੀਰੀਂ ਪਾਇ ਡੋਲੀ ਤੋਰੀ ਮਾਪਿਆਂ ਨੇ ਰੋਇ ਰੋਇਕੇ ਨੀਰ ਵਹਾਇਓ ਨੇ॥ ਆਖਨ ਧੀਆਂ ਬਿਗਾਨੜਾ ਮਾਲ ਲੋਕੋ ਏਹਨਾਂ ਨਾਲ ਕੀ ਮੋਹ ਲਗਾਇਓ ਨੇ॥ ਹਾਥੀ ਘੋੜੇ ਦਿੱਤੇ ਊਠ ਨਾਲ ਸੀਰੀਂ ਹੋਰ ਬਹੁਤ ਅਸਬਾਬ ਦਵਾਇਓ ਨੇ॥ ਕਈ ਗੋਲੀਆਂ ਬਾਂਦੀਆਂ ਨਫ਼ਰ ਬੰਦੇ ਹੋਰ ਦਾਜ਼ ਦਹੇਜ਼ ਦਵਾਇਓ ਨੇ॥ ਫ਼ੌਜਾਂ ਲਸਕਰਾਂ ਨਾਲ ਕਮਾਲ ਕਰਕੇ ਚਾਲ ਚਾਲ ਜਮਾਲ ਦਿਖਾਇਓ ਨੇ॥ ਬੇਟੀ ਅਤੇ ਜਵਾਈ ਨੂੰ ਤੋਰ ਕੇ ਜੀ ਘਰ ਆਪਨਾ ਆਨ ਸੁਹਾਇਓ ਨੇ॥ ਸਬਰ ਚੁੱਪ ਕਰਕੇ ਬੈਠ ਰਹੇ ਸੱਭੇ ਅਤੇ ਰੱਬ ਦਾ ਸ਼ੁਕਰ ਬਜਾਇਓ ਨੇ॥ ਲੈਕੇ ਸੀਰੀਂ ਨੂੰ ਚਲੇ ਜਾਂ ਸਾਹਿ ਹੋਰੀ ਪੈਂਡਾ ਰਾਹ ਦਾ ਝੱਟ ਮੁਕਾਇਓ ਨੇ॥ ਪਹੁਤੇ ਜਾਇਕੇ ਆਪਨੇ ਸ਼ਹਿਰ ਅੰਦਰ ਲੋਕ ਅੱਗਿਓਂ ਲੈਨ ਨੂੰ ਆਇਓ ਨੇ॥ ਦੇਵਨ ਸੱਭ ਮੁਬਾਰਕਾਂ ਸਾਦਮਾਨੀ ਬਡੇ ਸਾਜ਼ ਆਵਾਜ਼ ਬਜਾਇਓ ਨੇ॥ ਤੋਪਾਂ ਛੁੱਟਨ ਤੇ ਖੜੀ ਸਿਪਾਹ ਗਿਰਦੇ ਬਡੇ ਮਾਲ ਤੇ ਮੁਲਕ ਲੁਟਾਇਓ ਨੇ॥ ਸੀਰੀਂ ਹੱਥਾਂ ਤੇ ਚਾ ਲੈ ਗਏ ਘਰ ਨੂੰ ਮੋਤੀ ਸੀਸ ਤੋਂ ਚਾਇ ਘੁਮਾਇਓ ਨੇ॥ ਦੇਖਨ ਵਾਲਿਆਂ ਨੂੰ ਕੋਈ ਚੰਦ ਚੜ੍ਹਿਆ ਸੀਰੀਂ ਗਿਰਦ ਪਰਵਾਰ ਬਠਾਇਓ ਨੇ॥ ਸੱਸ ਦੇਖ ਕੇ ਇੱਕ ਤੋਂ ਚਾਰ ਹੋਈ ਬਲਿਹਾਰ ਬਲਿਹਾਰ ਬੁਲਾਇਓ ਨੇ॥ ਕਿਸਨ ਸਿੰਘ ਜੋ ਦੇਖਦਾ ਦੰਗ ਰਹਿੰਦਾ ਐਸਾ ਖੂਬ ਸਾਮਾਨ ਸੁਹਾਇਓ ਨੇ॥੧੨॥
ਸ਼ੀਰੀਂ ਦੇ ਦੇਖਨ ਵਾਸਤੇ ਸ਼ਹਿਰ ਥੀਂ ਔਰਤਾਂ ਆਈਆਂ
ਆਈਆਂ ਵਹੁਟੜੀ ਦੇਖਨੇ ਸਹਿਰ ਵਿੱਚੋਂ ਬਾਲ ਬੁਢੀਆਂ ਨੱਢੀਆਂ ਨੱਸ ਵਾਰੀ॥ ਦੇਖ ਦੇਖ ਜਮਾਲ ਨਿਹਾਲ ਹੋਵਨ ਵਾਹ ਵਾਹ ਆਖਨ ਹੱਸ ਹੱਸ ਵਾਰੀ॥ ਇਕ ਕਹਿਨ ਏਹ ਪਦਮਨੀ ਚਿਤਰਨੀਂ ਹੈ ਪਵੇ ਹੁਸਨ ਏਹਦਾ ਲੱਸ ਲੱਸ ਵਾਰੀ॥ ਇੱਕ ਕਹਿਨ ਏਹ ਹੂਰ ਤੇ ਪਰੀ ਤੇਰੀ ਕੋਈ ਪਵੇ ਬਿੱਜਲੀ ਲਿਸਕਿਆਂ ਵੱਸ ਵਾਰੀ॥ ਜੇਹੜੀ ਦੇਖਦੀ ਦੇਖਦੀ ਰਹਿ ਜਾਂਦੀ ਹੋਇਆ ਹੁਸਨ ਦਾ ਬਹੁਤ ਹੀ ਜੱਸ ਵਾਰੀ॥ ਕੋਈ ਪੱਛਰਾਂ ਇੰਦਰ ਅਖਾਰੜੇ ਦੀ ਦੇਖ ਸਰਮ ਖਾਵਨ ਸੂਰ ਸੱਸ ਵਾਰੀ॥ ਗਿਆ ਦਿਨ ਤੇ ਰਾਤ ਅੰਧੇਰ ਪਾਯਾ ਪਈ ਚਾਨਨੇ ਦੇ ਸਿਰ ਭੱਸ ਵਾਰੀ॥ ਆਨ ਗੋਲੀਆਂ ਬਾਂਦੀਆਂ ਗਿਰਦ ਹੋਈਆਂ ਸੋਹਣੀ ਸੇਜ ਫੁਲਾਂ ਵਾਲੀ ਕੱਸ ਵਾਰੀ॥ ਜਾਹ ਮਾਨ ਸੋਹਾਗ ਨੀ ਭਾਗ ਭਰੀਏ ਕਹਿੰਦੀ ਆ ਨਨਾਨ ਤੇ ਸੱਸ ਵਾਰੀ॥ ਰਹੇਂ ਜੀਂਵਦੀ ਮਾਨ ਜਵਾਨੀਆਂ ਨੀ ਨਾਲ ਪੀਆ ਦੇ ਸਾਦ ਹੋ ਹੱਸ ਵਾਰੀ॥ ਕਿਹਾ ਸ਼ੀਰੀਂ ਨੇ ਕਰੋ ਨਾ ਜ਼ੋਰ ਐਡਾ ਕਾਹਨੂੰ ਪਾਇ ਛੱਡੀ ਖਰਖ਼ੱਸ ਵਾਰੀ॥ ਅੱਜ ਤੀਕ ਨਾ ਕਿਸੇ ਦੇ ਨਾਲ ਸੁਤੀ ਕੱਲੀ ਸੌਨ ਦਾ ਪੈ ਗਿਆ ਝੱਸ ਵਾਰੀ॥ ਹੋਰ ਕਹਿਨ ਹਮਜੋਲੀਆਂ ਗੋਲੀਆਂ ਭੀ ਚੱਲ ਵਹੁਟੀਏ ਹੱਸ ਤੇ ਰੱਸ ਵਾਰੀ॥ ਤੇਰਾ ਉਜ਼ਰ ਨਾ ਜਾਵਸੀ ਪੇਸ ਕੋਈ ਸਾਨੂੰ ਮਕਰ ਫ਼ਰੇਬ ਨਾ ਦੱਸ ਵਾਰੀ॥ ਕਹਿਨ ਸੱਸ ਨਿਣਾਨ ਨਾ ਛਾਣ ਛਾਤਾ ਅਸਾਂ ਛਾਣਿਆਂ ਅੱਠ ਤੇ ਦੱਸ ਵਾਰੀ॥ ਨਾਲ ਖਸਮ ਦੇ ਸੋਰ ਤੇ ਜ਼ੋਰ ਕੇਹਾ ਐਵੇਂ ਫੋਕੀਆਂ ਤੋਪਾਂ ਨਾ ਕੱਸ ਵਾਰੀ॥ ਭਰਨ ਮੁਠੀਆਂ ਕਹਿਨ ਪਿਆਰ ਕਰਕੇ ਨਾਲ ਤਲੀਆਂ ਤਲੀਆਂ ਝੱਸ ਵਾਰੀ॥ ਬਹੁਤਾ ਗੱਜ ਕੇ ਗੜੇ ਵਸਾਉ ਨਾਹੀਂ ਚੰਗੇ ਬੱਦਲਾਂ ਦੇ ਵਾਂਗ ਵੱਸ ਵਾਰੀ॥ ਕੋਈ ਪਕੜ ਖਿੱਚੇ ਪੱਲਾ ਪਲੰਘ ਵੱਲੋਂ ਸੀਰੀਂ ਫੇਰ ਛੁਡਾਂਵਦੀ ਖੱਸ ਵਾਰੀ॥ ਸੱਭੇ ਕਹਿਨ ਨਾ ਮੋੜ ਕਰ ਵਹੁਟੀਏ ਨੀ ਤੈਥੇ ਢੇਰ ਹੋਈ ਹੁਨ ਬੱਸ ਵਾਰੀ॥ ਕਿਸਨ ਸਿੰਘ ਰੱਖੇ ਰੱਖਣ ਹਾਰ ਏਥੋ ਹਰਨੀ ਪਈ ਸਕਾਰੀਆਂ ਵੱਸ ਵਾਰੀ॥੧੩॥
ਜਵਾਬ ਸ਼ੀਰੀਂ
ਕਹਿਆ ਸ਼ੀਰੀਂ ਨੇ ਪਲੰਘ ਇਕ ਹੋਰ ਕੱਸੋ ਕੋਠੇ ਦੂਸਰੇ ਜਾਇ ਕੇ ਸੋਵਸਾਂ ਮੈਂ॥ ਨਹੀਂ ਬੈਠਿਆਂ ਰਾਤ ਲੰਘਾਇ ਦੇਸਾਂ ਰੋਇ ਰੋਇ ਕੇ ਮੁਖੜਾ ਧੋਵਸਾਂ ਮੈਂ॥ ਪਵੇ ਕੂਕ ਦਰਗਾਹ ਕਬੂਲ ਮੇਰੀ ਬੈਠੀ ਹੰਝੂ ਦੇ ਹਾਰ ਪਰੋਵਸਾਂ ਮੈਂ॥ ਮੇਰੀ ਬਾਤ ਮੰਨੋ ਮੈਨੂੰ ਵੱਖ ਰੱਖੋ ਨਹੀਂ ਵਾਲ ਸਾਰੇ ਸਿਰ ਦੇ ਖੋਹਵਸਾਂ ਮੈਂ॥ ਹੋਰ ਜੋਰ ਨਾ ਕੁਝ ਨਿਮਾਨੜੀ ਦਾ ਲੇਖ ਆਪਨੇ ਨੂੰ ਪਈ ਰੋਵਸਾਂ ਮੈਂ॥ ਕਿਸਨ ਸਿੰਘ ਬਖਸੋ ਅੱਜ ਰਾਤ ਮੈਨੂੰ ਭਲਕੇ ਦਾਸ ਤੁਸਾਡੜੀ ਹੋਵਸਾਂ ਮੈਂ॥੧੪॥
ਜਵਾਬ ਸ਼ੀਰੀਂ ਦੀ ਸੱਸ ਦਾ
ਕਿਹਾ ਸੱਸ ਨੇ ਬੱਸ ਨਾ ਹੋਰ ਬੋਲੋ ਏਨੂੰ ਅੱਜ ਦੀ ਰਾਤ ਲੰਘਾਨ ਦੇਹੋ॥ ਭਲਕੇ ਕਰਾਂਗੇ ਏਸ ਨੂੰ ਖ਼ੂਬ ਕਾਬੂ ਅਜ ਜਾਂਦੀ ਹੈ ਤਾਂ ਪਰੇ ਜਾਨ ਦੇਹੋ॥ ਕਾਹਨੂੰ ਜੋਰ ਦੇ ਨਾਲ ਸਵਾਂਦੀਆਂ ਹੋ ਮੇਰੀ ਨੂੰਹ ਨੂੰ ਸੋਰ ਨਾ ਪਾਨ ਦੇਹੋ॥ ਜੇਹੜਾ ਖਾਨਾ ਸੂ ਰਲਕੇ ਨਾਲ ਖ਼ਿਸਰੋ ਅੱਜ ਕੱਲੀ ਨੂੰ ਚੂਰਮਾ ਖਾਨ ਦੇਹੋ॥ ਕਿਸਨ ਸਿੰਘ ਖੁਦਾਇ ਨੂ ਯਾਦ ਕਰਸੀ ਏਹਨੂੰ ਮੋਈ ਨੂੰ ਜਾਨ ਪਰਾਨ ਦੇਹੋ॥੧੫॥
ਮਾਕੂਲਾ ਸਾਇਰ
ਸੀਰੀਂ ਰਹੀ ਇਕੱਲੜੀ ਰਾਤ ਸਾਰੀ ਦਿਨ ਹੋਯਾ ਤਾਂ ਸੁਕਰ ਗੁਜ਼ਾਰ ਹੋਈ॥ ਸੂਰਜ ਚੜਦਿਆਂ ਡੋਲੜੀ ਹੋਈ ਹਾਜ਼ਰ ਸੀਰੀ ਉਠ ਪਲੰਘੋਂ ਅਸਵਾਰ ਹੋਈ॥ ਘਰ ਆਪਨੇ ਆਇਕੇ ਮਿਲੀ ਮਾਂ ਨੂੰ ਮਿਲ ਬਾਪ ਨੂੰ ਇੱਕ ਤੋਂ ਚਾਰ ਹੋਈ॥ ਮਿਲ ਨਾਲ ਸਹੇਲੀਆਂ ਪਿਆਰੀਆਂ ਦੇ ਹੱਸ ਹੱਸ ਕੇ ਫੁਲ ਗੁਲਜ਼ਾਰ ਹੋਈ॥ ਕਿਸਨ ਸਿੰਘ ਨਾ ਸਹੁਰੇ ਗਈ ਚਾਹੇ ਘਰ ਮਾਪਿਆਂ ਦੇ ਹੁਸਿਯਾਰ ਹੋਈ।੧੬॥
ਐਜ਼ਨ
ਸੀਰੀਂ ਨਾਲ ਸਹੇਲੀਆਂ ਖੇਡਦੀ ਸੀ ਅਤੇ ਮਾਨਦੀ ਰੰਗ ਮਹੱਲ ਸਾਈਂ॥ ਕਿਸੇ ਗਲ ਦੀ ਕੁਝ ਪਰਵਾਹ ਨਹੀਂ ਸੀ ਅਤੇ ਖ਼ੌਫ਼ ਨਾ ਕੁਝ ਖਲੱਲ ਸਾਈਂ॥ ਸਦਾ ਖਾਵਨਾ ਖੇਡਨਾ ਸੋਵਨਾ ਸੀ ਪਈ ਗੁਜਰ ਦੀ ਨਾਲ ਸੁਖੱਲ ਸਾਈਂ॥ ਅਚਨ ਚੇਤ ਵਿਚਾਰੀ ਨੂੰ ਇਸਕ ਲੱਗਾ ਗਿਆ ਤੀਰ ਜਿਉਂ ਕਲਜਾ ਸੱਲ ਸਾਈਂ॥ ਕਿਸਨ ਸਿੰਘ ਹੁਨ ਸੀਰੀਂ ਨੂੰ ਛਡ ਏਥੇ ਅਤੇ ਚੱਲ ਫ਼ਰਿਹਾਦ ਦੀ ਵੱਲ ਸਾਈ ॥੧੭॥
ਦਰਬਯਾਨ ਜਨਮ ਲੈਣਾਂ ਫ਼ਰਿਹਾਦ ਦਾ
ਇੱਕ ਮਰਦ ਖੁਦਾਇਦਾ ਨੇਕ ਸੀਰਤ ਅਤੇ ਜ਼ਾਤ ਤ੍ਰਖ਼ਾਨ ਕਹਾਂਵਦਾ ਸੀ॥ ਇਸਤੰਬੋਲ ਹੀ ਸਹਿਰ ਦੇ ਵਿੱਚ ਵਸਦਾ ਸਦਾ ਰੱਬ ਦਾ ਨਾਮ ਧਿਆਵਦਾ ਸੀ॥ ਘਰ ਦੌਲਤਾਂ ਨਿਆਮਤਾਂ ਅੰਤ ਨਹੀ ਸੀ ਚੰਗਾ ਖਾਂਵਦਾ ਹੋਰ ਹੰਢਾਂਵਦਾ ਸੀ॥ ਅੰਦਰ ਖੇਸ ਕਬੀਲੜੇ ਕੁਰਬ ਵਾਲਾ ਭਾਈਆਂ ਵਿੱਚ ਸਰਦਾਰ ਕਹਾਂਵਦਾ ਸੀ॥ ਨਾਮਜ਼ਦ ਸਾਰੇ ਓਸ ਦੇਸ ਅੰਦਰ ਪਾਰ ਮੀਰ ਵਜ਼ੀਰ ਦੇ ਜਾਂਵਦਾ ਸੀ॥ ਬਾਦਸਾਹੀ ਮਹੱਲਾਂ ਦੇ ਵਿੱਚ ਜਾ ਕੇ ਲਿਖੇ ਮੂਰਤਾਂ ਕਾਰ ਕਮਾਂਵਦਾ ਸੀ॥ ਅੰਦਰ ਸ਼ੀਸ ਮਹੱਲ ਜ਼ਨਾਨੀਆਂ ਦੇ ਨਿੱਤ ਨਕਸ ਨਿਗਾਰ ਬਨਾਂਵਦਾ ਸੀ॥ ਕਿਸੇ ਗੱਲ ਦੀ ਭੁੱਖ ਨਾ ਦੁੱਖ ਕੋਈ ਕੁੱਖ ਨਾਰ ਦੀ ਨਹੀਂ ਭਰਾਂਵਦਾ ਸੀ॥ ਦਿਨ ਰਾਤ ਉਲਾਦ ਨੂੰ ਪਿਆ ਝੂਰੇ ਨਿੱਤ ਪੀਰ ਫ਼ਕੀਰ ਮਨਾਂਵਦਾ ਸੀ॥ ਅੰਨ ਭੁੱਖਿਆਂ ਨੰਗਿਆਂ ਦੇ ਜਾਮੇ ਅਤੇ ਪਿਆਸਿਆਂ ਖੂਹ ਲਵਾਂਵਦਾ ਸੀ॥ ਦੇਵੇ ਖੈਰ ਖਰਾਇਤਾਂ ਆਜਜ਼ਾਂ ਨੂੰ ਖੈਰ ਆਪਨੀ ਰੱਬ ਤੋਂ ਚਾਹੁੰਦਾ ਸੀ॥ ਘਰ ਮੇਰੇ ਜੇ ਇੱਕ ਫ਼ਰਜੰਦ ਹੋਵੇ ਤਲਬਗਾਰ ਮੋਇਆਂ ਪਿੱਛੇ ਨਾਉਂ ਦਾ ਸੀ॥ ਕਿਸੇ ਵੇਲੇ ਦੀ ਅਰਜ਼ ਕਬੂਲ ਹੋਈ ਏਹੋ ਕੰਮ ਜੋ ਓਸਨੂੰ ਭਾਂਵਦਾ ਸੀ॥ ਪਿਆ ਬੀਜ ਬੂਟਾ ਤਰੋਤਾਜ਼ ਹੋਇਆ ਮਾਲੀ ਬਾਗ਼ ਦਾ ਫਲ ਪਵਾਂਵਦਾ ਸੀ॥ ਸ੍ਵਾਂਤ ਬੂੰਦ ਜਾ ਸਿੱਪਦੇ ਵਿੱਚ ਠਹਿਰੀ ਮੋਤੀ ਦੁਰਯਗਾਣ ਲਿਆਂਵਦਾ ਸੀ॥ ਨਵੀਂ ਮਾਹ ਹੋਯਾ ਮਾਹ ਆਨ ਰੌਸ਼ਨ ਚੰਦ ਬੱਦਲੋਂ ਮੁੱਖ ਦਿਖਾਂਵਦਾ ਸੀ॥ ਦੇਖ ਬਾਲ ਹੋ ਗਏ ਨਿਹਾਲ ਸਾਰੇ ਲਾਲ ਰਾਤ ਅੰਦਰ ਦਮਕਾਂ ਲਾਂਵਦਾ ਸੀ॥ ਸੂਰਜ ਬੱਦਲਾਂ ਦੇ ਵਿੱਚੋਂ ਬਾਹਰ ਆਯਾ ਹਰ ਇੱਕ ਤਾਈਂ ਪਿਆ ਭਾਂਵਦਾ ਸੀ॥ ਪਿਤਾ ਪੁੱਤ ਦੇ ਨਾਮ ਨਿਸ਼ਾਨ ਉਤੋਂ ਵਾਰ ਵਾਰ ਸਦੱਕੜੇ ਜਾਂਵਦਾ ਸੀ॥ ਦੇਵੇ ਖ਼ੈਰ ਖ਼ਰਾਇਤਾਂ ਮੰਗਤਿਆਂ ਨੂੰ ਅਤੇ ਦੌਲਤਾਂ ਪਿਆ ਲੁਟਾਂਵਦਾ ਸੀ॥ ਅਰਬੀ ਦਖਨੀ ਵਾਜਿਆਂ ਜ਼ੋਰ ਪਾਯਾ ਅਤੇ ਨਾਚ ਭੀ ਬਹੁਤ ਨਚਾਂਵਦਾ ਸੀ॥ ਧੂੰਮਧਾਮ ਸੁਨਕੇ ਬਾਲ ਜੰਮਨੇ ਦੀ ਸਾਰਾ ਸਹਿਰ ਹੁਮਾਇਕੇ ਆਂਵਦਾ ਸੀ॥ ਲਾਗ ਲਾਗੀਆਂ ਨੌਕਰਾਂ ਚਾਕਰਾਂ ਨੂੰ ਦਾਨ ਦਾਤਿਆਂ ਵਾਂਗ ਦਵਾਂਵਦਾ ਸੀ॥ ਹੋਰ ਸਾਕ ਕਬੀਲੜੇ ਆਪਨੇ ਨੂੰ ਘਰ ਸੱਦਕੇ ਤੁਆਮ ਖੁਲਾਂਵਦਾ ਸੀ॥ ਕਿਸਨ ਸਿੰਘ ਖੁਦਾਇ ਤੋਂ ਖ਼ੈਰ ਲੈ ਕੇ ਖੁਸੀ ਹੋਇਕੇ ਸੁਕਰ ਬਜਾਂਵਦਾ ਸੀ॥੧੮॥
ਦਰ ਬਿਯਾਨ ਸਿਫ਼ਤ ਫ਼ਰਿਹਾਦ ਦੀ ਕਾਰਾਗਰੀ ਦੀ
ਬਾਰਾਂ ਵਰ੍ਹਿਆਂ ਦਾ ਜਦੋਂ ਫ਼ਰਿਯਾਦ ਹੋਯਾ ਬਾਪ ਮੂਰਤਾ ਲਿਖਨ ਸਿਖਲਾਨ ਲੱਗਾ॥ ਇਲਮ ਅਦਬ ਅਦਾਬ ਜਵਾਬ ਸਾਰੇ ਕਲਮਾਂ ਕੁਤਬ ਕੁਰਾਨ ਪੜ੍ਹਾਨ ਲੱਗਾ॥ ਕੋਈ ਬੁੱਧ ਫ਼ਰਿਹਾਦ ਦੀ ਤੇਲੀਆ ਸੀ ਕਸਬ ਕਿਤਨੇ ਪੇਟ ਮੇਂ ਪਾਨ ਲੱਗਾ॥ ਰਾਹੇ ਚੱਕੀਆਂ ਮਾਨੀਆਂ ਠੋਕ ਆਵੇ ਅਤੇ ਕਿੱਲੀਆਂ ਘੜਨ ਘੜਾਂਨ ਲੱਗਾ॥ ਖਨੀ ਲਾਲ ਲੈ ਸੰਨ੍ਹੀ ਦੇ ਨਾਲ ਪਕੜੇ ਅਤੇ ਹੱਥ ਹਥੌੜੀਆਂ ਪਾਨ ਲੱਗਾ॥ ਸਿੱਖ ਕੰਮ ਲੁਹਾਰ ਤ੍ਰਖਾਨ ਵਾਲੇ ਅਤੇ ਖੱਲਾਂ ਨੂੰ ਖੂਬ ਹਲਾਨ ਲੱਗਾ॥ ਚੀਰੇ ਲੱਕੜੀ ਪਕੜ ਕਰਵੱਤ ਲੈਂਦਾ ਅਤੇ ਫਟੀਆਂ ਚੀਰ ਬਨਾਨ ਲੱਗਾ॥ ਕਦੇ ਸੈਫ਼ ਤਲਵਾਰ ਲੈ ਹੱਥ ਪਕੜੇ ਕਦੇ ਤੀਰ ਕਮਾਨ ਚਲਾਨ ਲੱਗਾ॥ ਠੋਕੇ ਮੰਜੀਆਂ ਪੀੜ੍ਹੀਆਂ ਖਿੜਕੀਆਂ ਨੂੰ ਅਤੇ ਪਾਵੇ ਖਰਾਦ ਚੜ੍ਹਾਨ ਲੱਗਾ॥ ਤੇਸੀ ਪਕੜ ਕੇ ਇਟ ਦੇ ਕਰੇ ਟੁਕੜੇ ਅਤੇ ਡਾਟ ਮਹੱਲ ਲਗਾਨ ਲੱਗਾ॥ ਕੁਝ ਰਾਗ ਦਾ ਆਨ ਕੇ ਸੌਕ ਹੋਯਾ ਮਾਰ ਚੁਟਕੀਆਂ ਸੀਸ ਹਲਾਨ ਲੱਗਾ॥ ਤਬਲੇ ਢੋਲਕੀ ਸਾਰਿੰਗੀ ਰਾਗ ਸੋਹਨੇ ਅਤੇ ਮੱਧਮਾਂ ਚੰਗੇ ਵਜਾਨ ਲੱਗਾ॥ ਗਾਵੇ ਜੰਗਲਾ ਸੋਰਠਾਂ ਧਰਪਤਾਂ ਨੂੰ ਦੀਪਕ ਰਾਗ ਕਲਿਆਣ ਅਲਾਨ ਲੱਗਾ॥ ਜੋਗ ਕਾਨੜਾ ਦਖਨੀ ਦੇਸ਼ ਗਾਵੇ ਮਾਲ ਕੌਂਸ ਹੰਡੋਲ ਸੁਨਾਨ ਲੱਗਾ॥ ਘੜੇ ਥਾਲੀਆਂ ਖੰਜਰੀ ਕੈਂਸੀਆਂ ਭੀ ਨਾਲੇ ਨਾਲ ਤਾਊਸ ਘੁਕਾਨ ਲੱਗਾ॥ ਸਿਰੀ ਭੈਰਵੀ ਮੇਘ ਬੰਗਾਲ ਮਾਧੌ ਟੋਡੀ ਸਿੰਧਵੀ ਸਾਵਰੀ ਲਾਨ ਲੱਗਾ॥ ਖੰਬਾਵਤੀ ਬੈਰਾੜ ਤੇ ਰਾਮਕਲੀ ਗੌੜੀ ਨੱਟ ਕੇਦਾਰ ਕਮਾਨ ਲੱਗਾ॥ ਪਟਮੰਜਰੀ ਕੂਦ ਧਨਾਸਰੀ ਨੂੰ ਮਾਰੂ ਰਾਗ ਬਸੰਤ ਬਸਾਨ ਲੱਗਾ॥ ਗਾਵੇ ਖ਼ੂਬ ਬਿਲਾਵਲੀ ਸਾਦ ਹੋਕੇ ਨਾਲ ਸੋਕ ਤੇ ਜ਼ੌਕ ਬਤਾਨ ਲੱਗਾ॥ ਵੱਡਾ ਚਤੁਰ ਚਾਲਾਕ ਤੇ ਚੁਸਤ ਹੋਯਾ ਤਾਂਨਸੈਨ ਜੇਹਾ ਰੱਦ ਜਾਨ ਲੱਗਾ॥ ਬਡਾ ਸੌਕ ਤਸਵੀਰਾਂ ਦੇ ਲਿਖਨੇ ਦਾ ਹੱਥ ਕੰਧਾਂ ਤੇ ਲਿਖ ਟਿਕਾਨ ਲੱਗਾ॥ ਤੁਰੇ ਜਾਂਦੇ ਦੀ ਦੇਖ ਤਸਵੀਰ ਲਾਹੇ ਮਾਨੀ ਅਤੇ ਉਕਲੈਦ ਭੁਲਾਨ ਲੱਗਾ॥ ਨਾਲ ਬਾਪ ਦੇ ਰਲ ਕੇ ਕਾਰ ਕਰੇ ਤੇਸਾ ਪ੍ਰੇਮ ਦੇ ਨਾਲ ਉਠਾਨ ਲੱਗਾ॥ ਸੋਲਾਂ ਵਰਿਆਂ ਦਾ ਜਦੋਂ ਜਵਾਨ ਹੋਯਾ ਦੇਖ ਮੇਹਰੀਆਂ ਮੇਹਰ ਵਧਾਨ ਲੱਗਾ॥ ਸੁੰਦਰ ਸੋਹਨਾ ਸਾਵਲਾ ਛੈਲ ਬਾਂਕਾ ਹਰ ਕਿਸੇ ਦਾ ਚਿਤ ਚੁਰਾਨ ਲੱਗਾ॥ ਕਿਸਨ ਸਿੰਘ ਜਵਾਨ ਜਦ ਹੋਯਾ ਬੰਦਾ ਤਦੋਂ ਕਰਨ ਗੁਮਾਨ ਤੇ ਸਾਨ ਲੱਗਾ॥੧੯॥
ਸਿਫ਼ਤ ਫ਼ਰਿਹਾਦ
ਸੁਨੋ ਸਿਫ਼ਤ ਫ਼ਰਿਹਾਦ ਦੀ ਸਾਦ ਹੋ ਕੇ ਕੱਦ ਸਰੂ ਆਜ਼ਾਦ ਗੁਲਜਾਰ ਵਿੱਚੋਂ॥ ਵਾਲ ਸੀਸ ਦੇ ਨਾਲ ਫੁਲੇਲ ਭਿੰਨੇ ਲਿਆ ਅਤਰ ਅਤਾਰ ਪਸਾਰ ਵਿੱਚੋਂ॥ ਮੱਥਾ ਸੋਹਣਾ ਮਾਹਿ ਫ਼ਲੱਕ ਦਾ ਸੀ ਚੰਦ ਨਿਕਲਿਆ ਅਬਰ ਬਹਾਰ ਵਿਚੋਂ॥ ਭਵਾਂ ਟੇਢੀਆਂ ਰੇ ਦੇ ਹਰਫ਼ ਵਾਂਗੂੰ ਲਈ ਨਕਲ ਉਤਾਰ ਤਲਵਾਰ ਵਿੱਚੋਂ॥ ਚਸਮਾ ਚਾਰ ਹੋ ਜਾਨ ਲਾਚਾਰ ਕਿਤੇ ਚੀਰ ਜਾਂਦੀਆਂ ਨੈਨਾਂ ਦੀ ਧਾਰ ਵਿੱਚੋਂ॥ ਕਿਸੇ ਮ੍ਰਿਗ ਦੇ ਬਚੇ ਦੀਆਂ ਅੱਖੀਆਂ ਸਨ ਲਿਆ ਪਕੜ ਤਾਤਾਰ ਦੀ ਬਾਰ ਵਿੱਚੋਂ॥ ਸੂਰਤ ਯੂਸਫ਼ ਤੇ ਹੁਸਨ ਹੁਸੈਨ ਵਾਲਾ ਮਲਕ ਸਿਫ਼ਤ ਸੋਹਨਾ ਸਰਦਾਰ ਵਿੱਚੋਂ॥ ਨਿੱਕ ਪੱਤਲਾ ਮਿਸਰ ਦੀ ਤੇਗ ਦਾ ਸੀ ਲਿਖਯਾ ਅਲਫ਼ ਕਿਤਾਬ ਕਬਾਰ ਵਿੱਚੋਂ॥ ਗੱਲ੍ਹਾਂ ਫੁਲ ਗੁਲਾਬ ਦਾ ਟੈਹਕਿਆ ਸੀ ਕੋਈ ਸੇਉ ਕਸ਼ਮੀਰ ਕੰਧਾਰ ਵਿਚੋਂ॥ ਹੋਠ ਸੁਰਖ਼ ਸਿੰਗਰਫ਼ ਜਿਉਂ ਪਾਨ ਰੰਗੇ ਮੋਤੀ ਦੰਦ ਆਹੇ ਕਿਸੇ ਹਾਰ ਵਿੱਚੋਂ॥ ਠੋਡੀ ਠੀਕ ਬਾਦਾਮ ਤੇ ਮੋਰ ਗਰਦਨ ਭਰੀ ਤੁੰਗ ਸਰਾਬ ਖ਼ੁਮਾਰ ਵਿੱਚੋਂ॥ ਰੰਗ ਸੋਹਨਾ ਗੰਦਮੀ ਗੋਰੜਾ ਸੀ ਗੁਝਾ ਰਹੇ ਨਾ ਲੱਖ ਹਜ਼ਾਰ ਵਿੱਚੋਂ॥ ਸਾਫਾ ਸੀਸ ਜਾਮਾ ਗਲ ਬਾਫਤੇ ਦਾ ਲੱਕ ਕੱਪੜਾ ਖੂਬ ਸਲਵਾਰ ਵਿੱਚੋਂ॥ ਜ਼ੇਵਰ ਗਹਿਨਿਆਂ ਨਾਲ ਜਮਾਲ ਭਰਿਆ ਜੋੜਾ ਮਖ਼ਮਲੀ ਹੱਟ ਚਮਿਆਰ ਵਿੱਚੋਂ॥ ਮਿੱਠਾ ਬੋਲਦਾ ਘੋਲਦਾ ਸ਼ਹਿਦ ਸਰਬਤ ਫਲ ਕਿਰਨ ਓਹਦੀ ਗੁਫ਼ਤਾਰ ਵਿੱਚੋਂ॥ ਦੇਖਨ ਹੱਟੀਆਂ ਵਾਲੜੇ ਛੋੜ ਹੱਟਾਂ ਜਦੋਂ ਜਾਏ ਫ਼ਰਿਹਾਦ ਬਾਜ਼ਾਰ ਵਿੱਚੋਂ॥ ਚੱਲੇ ਚਾਲ ਕੋਈ ਮਸਤਾਨਿਆਂ ਦੀ ਰੰਗ ਰੰਗ ਨਯਾਰਾ ਨਰ ਨਾਰ ਵਿੱਚੋਂ॥ ਦਿਲੋਂ ਸਾਫ ਨਾ ਗੰਢ ਮਰੋੜ ਕੋਈ ਜ਼ੇਵਰ ਸਾਜਿਆ ਹੱਥ ਸੁਨਿਆਰ ਵਿੱਚੋਂ॥ ਦੇਖ ਮਜਨੂੰ ਜੇਹੇ ਹੋ ਜਾਨ ਬੌਰੇ ਓਹਦੀ ਭੋਲੜੀ ਬਾਤ ਪਿਆਰ ਵਿੱਚੋਂ॥ ਕਈ ਹੁਸਨ ਗੁਮਾਨ ਤੇ ਸਾਂਨ ਵਾਲੇ ਹੋਨ ਸੱਦਕੇ ਓਸਦੀ ਸਾਰ ਵਿੱਚੋਂ॥ ਰੱਜ ਜਾਂਵਦੇ ਦੇਖਕੇ ਤੁਰਤ ਭੁਖੇ ਓਦੇ ਸੋਹਨੇ ਸਾਫ਼ ਦੀਦਾਰ ਵਿੱਚੋਂ॥ ਨਾਜ਼ਕ ਕਮਰ ਤੇ ਕਮਰ ਦੀ ਸਕਲ ਵਾਲਾ ਨਿਕਲ ਜਾਂਵਦੀ ਅਕਲ ਨਜ਼ਾਰ ਵਿੱਚੋਂ॥ ਚੰਦ੍ਰਬਦਨ ਦੇ ਬਦਨ ਦੀ ਲਿਖੀ ਸੂਰਤ ਮੂਰਤਯਾਰ ਮਾਯਾਰ ਦੀ ਕਾਰ ਵਿੱਚੋਂ॥ ਦੇਖ ਦਿਲ ਭੀ ਪੇਚ ਦਰ ਪੇਚ ਪਾਏ ਪੇਚਦਾਰ ਦਸਤਾਰ ਖਮਦਾਰ ਵਿੱਚੋਂ॥ ਕੰਠੇ ਕੜੇ ਤੇ ਬੁਧਕੀਆਂ ਕੰਨਵਾਲੇ ਵੱਲ ਵੱਲ ਜਾਵਨ ਦਿਲਦਾਰ ਵਿੱਚੋਂ॥ ਕੋਈ ਬਦਰੇ ਮੁਨੀਰ ਨਜੀਰ ਕੈਸੀ ਇਕੇ ਬੇਨਜ਼ੀਰ ਸੰਸਾਰ ਵਿੱਚੋਂ॥ ਜੇਹੜਾ ਦੇਖਦਾ ਦੇਖਦਾ ਰਹਿ ਜਾਂਦਾ ਖਿੜਿਆ ਫੁਲ ਜਿਉਂ ਬਾਗ਼ ਬਹਾਰ ਵਿੱਚੋਂ॥ ਕਿਸੇ ਗਲੀ ਦੇ ਵਿੱਚ ਜੇ ਜਾਇ ਵੜਦਾ ਦੇਖਨ ਔਰਤਾਂ ਨਿਕਲ ਘਰਬਾਰ ਵਿੱਚੋਂ॥ ਮਾਉਂ ਬਾਪ ਨੂੰ ਦੇਖਕੇ ਚੰਦ ਚੜਦਾ ਸੂਰਜ ਨਿਕਲੇ ਜਿਵੇਂ ਅੰਧਾਰ ਵਿੱਚੋਂ॥ ਦੇਖ ਮਾਮੀਆਂ ਫੁਫੀਆਂ ਜਾਨ ਸਦਕੇ ਲੈਣ ਵਾਰਨੇ ਆ ਵਾਰ ਵਾਰ ਵਿੱਚੋਂ॥ ਕਰੇ ਬਾਤ ਰਸੀਲੜੀ ਰਸ ਭਿੰਨੀ ਦਾਨਾ ਨਿਕਲੇ ਜਿਵੇਂ ਅਨਾਰ ਵਿੱਚੋਂ॥ ਸਮਝੇ ਚਮਕ ਮਰੋੜ ਪਿਆਰਿਆਂ ਦੀ ਬਾਤ ਦਰਦ ਦੀ ਕਰੇ ਪਿਆਰ ਵਿੱਚੋਂ॥ ਕਿਸਨ ਸਿੰਘ ਆਛੰਦੜਾ ਲਾਡਲਾ ਸੀ ਹੀਰਾ ਲਾਲ ਜਿਉਂ ਸੋਨੇ ਦੀ ਤਾਰ ਵਿੱਚੋਂ॥੨੦॥
ਹੁਕਮ ਦੇਨਾ ਫ਼ਰਿਹਾਦ ਦੇ ਬਾਪ ਦਾ ਨੌਕਰਾਂ ਨੂੰ
ਇੱਕ ਰੋਜ਼ ਫ਼ਰਿਹਾਦ ਦੇ ਬਾਪ ਕੇਹਾ ਸੱਦ ਨੌਕਰਾਂ ਲਾਗੀਆਂ ਨਾਈਆਂ ਨੂੰ॥ ਕਿਤੇ ਕਰੋ ਖਾਂ ਸਾਕ ਲਡਿੱਕੜੇ ਦਾ ਜਿਵੇਂ ਕਰੇ ਜਹਾਨ ਕੁੜਮਾਈਆਂ ਨੂੰ॥ ਨਾਤਾ ਹੋਵੇ ਤਾਂ ਝੱਬ ਵਿਆਹ ਕਰੀਏ ਅਸਾਂ ਲਾਵਨਾ ਨਹੀਂ ਦੇਰ ਆਈਆਂ ਨੂੰ॥ ਹੱਥ ਬੰਨ੍ਹ ਕੇ ਲਾਗੀਆਂ ਅਰਜ਼ ਕੀਤੀ ਅਸਾਂ ਪੁਛ ਕੇ ਆਵਨਾ ਮਾਈਆਂ ਨੂੰ॥ ਤੁਸਾਂ ਜੇਹਿਆਂ ਨੂੰ ਨੂੰਹਾਂ ਦਾ ਨਹੀਂ ਘਾਟਾ ਆਖ ਦੇਂਵਦੇ ਗਏ ਦੁਵਾਈਆਂ ਨੂੰ॥ ਅਗਲੇ ਰੋਜ਼ ਫਰਿਹਾਦ ਦੀ ਹੋਈ ਨਿਸਬਤ ਲੋਗ ਦੇਂਵਦੇ ਆਇ ਵਧਾਈਆਂ ਨੂੰ॥ ਧਰੀ ਢੋਲਕੀ ਆਇ ਮਿਰਾਸੀਆਂ ਨੇ ਖੁਸੀ ਹੋਈ ਤ੍ਰੀਮਤਾਂ ਜਾਈਆਂ ਨੂੰ॥ ਲਾਗੀ ਧੇਤਿਆਂ ਦੇ ਬੂਹੇ ਆਨ ਬੈਠੇ ਅਤੇ ਖਾਨ ਲਗੇ ਮਿਠਿਆਈਆਂ ਨੂੰ॥ ਰੰਗ ਰੰਗ ਦੇ ਸਾਜ਼ ਆਵਾਜ਼ ਹੋਏ ਅਤੇ ਢੋਲਾਂ ਤੇ ਜ਼ੋਰ ਭਰਾਈਆਂ ਨੂੰ॥ ਸਾਏਬਾਨ ਤੰਬੂ ਲਾਏ ਵਿੱਚ ਡੇਰੇ ਚੋਬਾਂ ਰੱਖ ਕੇ ਹੇਠ ਸੁਹਾਈਆਂ ਨੂੰ॥ ਲੋਹਾਂ ਚਾੜੀਆਂ ਤੇ ਪਏ ਪੱਕ ਮੰਡੇ ਸੰਦ ਆਪਨੀਆਂ ਅਤੇ ਪਰਾਈਆਂ ਨੂੰ॥ ਦੇਖ ਸਭ ਇੱਕਠੀਆਂ ਆਨ ਹੋਈਆਂ ਲਿਆਵਨ ਕੁਆਰੀਆਂ ਸੱਦ ਵਿਆਹੀਆਂ ਨੂੰ॥ ਕੰਮ ਕਾਰ ਵਿਸਾਰਕੇ ਆਇ ਗਈਆਂ ਜਿਵੇਂ ਜੰਗ ਦਾ ਜ਼ੋਰ ਸਿਪਾਹੀਆਂ ਨੂੰ॥ ਸੱਕਰ ਪਾ ਵੰਡੀ ਵਿੱਚ ਥਾਲੀਆਂ ਦੇ ਫਿਰਨ ਦੇਂਦੀਆਂ ਅੰਗ ਹਮਸਾਈਆਂ ਨੂੰ॥ ਗਾਵਨ ਗੀਤ ਤੇ ਸੀਤ ਕਰ ਦੇਨ ਛਾਤੀ ਜਦੋਂ ਲੈਂਦੀਆਂ ਖੂਬ ਸਫ਼ਾਈਆਂ ਨੂੰ॥ ਚਾਓ ਵਿਆਹ ਦਾ ਰੰਨਾਂ ਨੂੰ ਖੂਬ ਹੋਂਦਾ ਜਿਵੇਂ ਪਾਨੀ ਦਾ ਜ਼ੋਰ ਮੁਰਗਾਈਆਂ ਨੂੰ॥ ਸੋਰ ਔਰਤਾਂ ਦਾ ਹੋਵੇ ਵਿਆਹ ਅੰਦਰ ਜਿਵੇਂ ਬੁਲਬੁਲਾਂ ਬਾਗ਼ ਬਹਾਈਆਂ ਨੂੰ॥ ਉਲੀ ਲਾਹ ਜਬਾਨ ਦੀ ਲੈਨ ਸਾਰੀ ਸਕਲ ਸੀਸਿਆਂ ਦੀ ਜਿਵੇਂ ਛਾਈਆਂ ਨੂੰ॥ ਦੇਵਨ ਗਾਲੀਆਂ ਬੋਲ ਕੇ ਬੋਲ ਮੰਦੇ ਸਾਕ ਅੰਗ ਨਸੰਗ ਜਵਾਈਆਂ ਨੂੰ॥ ਕਰਕੇ ਹਾਰ ਸਿੰਗਾਰ ਪਿਆਰ ਸੇਤੀ ਚੱਲਨ ਦੱਸਕੇ ਖੂਬ ਅਦਾਈਆਂ ਨੂੰ॥ ਬੋਲਨ ਬਾਗ਼ ਵਿੱਚ ਕੋਇਲਾਂ ਕੁਮਰੀਆਂ ਜਿਉਂ ਤਿਵੇਂ ਬੋਲ ਰਹੀਆਂ ਵਡਿਆਈਆਂ ਨੂੰ॥ ਵੇਹੜੇ ਵਿੱਚ ਵਿਛਾਇ ਕੇ ਫ਼ਰਸ ਚੰਗਾ ਲਿਆ ਸੱਦ ਸਰੀਕਾਂ ਤੇ ਭਾਈਆਂ ਨੂੰ॥ ਲਾਗੀ ਲਾਗ ਵਾਲੇ ਵਿੱਚ ਆਨ ਬੈਠੇ ਅਤੇ ਬੋਲ ਬੋਲਨ ਨਰਮਾਈਆਂ ਨੂੰ॥ ਬਾਪ ਸਦ ਫ਼ਰਿਹਾਦ ਨੂੰ ਪਾਸ ਲੈਂਦਾ ਅਤੇ ਸ਼ਾਦ ਸੀ ਸ਼ਾਦੀਆਂ ਆਈਆਂ ਨੂੰ॥ ਛੁਹਾਰਾ ਦਿਤੋ ਨੇ ਮੁਖ ਫ਼ਰਿਹਾਦੜੇ ਦੇ ਜਿਵੇਂ ਦੇਂਵਦੇ ਲੋਕ ਜਵਾਈਆਂ ਨੂੰ॥ ਸ਼ਕਰ ਵੰਡ ਵੰਡਾਇਕੇ ਉਠ ਬੈਠੇ ਅਤੇ ਝਲਕੇ ਸਭ ਭਲਿਆਈਆਂ ਨੂੰ॥ ਚਲੋ ਭਲਕੇ ਫੇਰ ਵਿਆਹ ਹੋਸੀ ਆਖ ਛਡਿਆ ਨੌਕਰਾਂ ਨਾਈਆਂ ਨੂੰ॥ ਕਿਸ਼ਨ ਸਿੰਘ ਵਿਹਾਹ ਦੀ ਚਾਹ ਐਸੀ ਜੈਸੇ ਪੀਆ ਦੀ ਚਾਹ ਪ੍ਰਨਾਈਆਂ ਨੂੰ॥੨੧॥
ਸਾਮਾਨ ਸ਼ਾਦੀ ਫ਼ਰਿਹਾਦ ਦੀ ਦਾ
ਦੇਖੋ ਵਿਆਹ ਦਾ ਸਾਜ਼ ਸਾਮਾਨ ਹੋਯਾ ਲੱਕ ਬੰਨ੍ਹਕੇ ਸਭ ਤਯਾਰ ਹੋਏ॥ ਕੁਝ ਖਾਵਨੇ ਪੀਵਨੇ ਦੇਖਨੇ ਨੂੰ ਕੱਠੇ ਆਦਮੀ ਆਨ ਹਜ਼ਾਰ ਹੋਏ॥ ਕਿਤੇ ਬੱਕਰੇ ਕੋਹਿ ਕੇ ਦੇਗ ਪਾਏ ਕਿਤੇ ਚਾਵਲਾਂ ਦੇ ਮੁਸ਼ਕ ਬਾਰ ਹੋਏ॥ ਕਿਤੇ ਦਾਲ ਦੇ ਦੇਗਚੇ ਲਾਲ ਕੀਤੇ ਕਿਤੇ ਬੋਲਕੇ ਬਾਲ ਬੇਜ਼ਾਰ ਹੋਏ॥ ਕਿਤੇ ਨਰਾਂ ਨੇ ਸਾਜਿਆ ਨਖਰਿਆਂ ਨੂੰ ਕਿਤੇ ਨਾਰਾਂ ਦੇ ਹਾਰ ਸਿੰਗਾਰ ਹੋਏ॥ ਕਿਤੇ ਹੋਨ ਮੁਜਰੇ ਨੰਚਨ ਵਾਲੀਆਂ ਦੇ ਕਿਤੇ ਘੁੰਗਰੂ ਦੇ ਛਨਕਾਰ ਹੋਏ॥ ਕਿਤੇ ਰੋਟੀਆਂ ਖਾਨ ਮਨੁੱਖ ਬੈਠੇ ਕਿਤੇ ਔਰਤਾਂ ਦੇ ਘੁਮਕਾਰ ਹੋਏ॥ ਕਿਤੇ ਗਾਂਦੀਆਂ ਲੜਕੀਆਂ ਵਿੱਚ ਵੇਹੜੇ ਕਿਤੇ ਕੋਠੇ ਤੇ ਬੈਠ ਨਜ਼ਾਰ ਹੋਏ॥ ਇੱਕ ਆਂਦੀਆਂ ਤੇ ਇੱਕ ਜਾਂਦੀਆਂ ਨੀ ਜਿਵੇਂ ਵੱਗਦਾ ਪਿਆ ਬਾਜ਼ਾਰ ਹੋਏ॥ ਛਾਲਾਂ ਮਾਰ ਕੇ ਛੋਹਰੀਆਂ ਛੱਤ ਟੱਪਨ ਜਿਵੇਂ ਹਰਨੀਆਂ ਦੀ ਕੋਈ ਡਾਰ ਹੋਏ॥ ਇੱਕ ਦੂਈ ਦੇ ਨਾਲ ਮਿਲ ਜਾਇ ਰਹੀਆਂ ਜਿਵੇਂ ਕੂੰਜਾਂ ਦੀ ਡਾਰ ਕਤਾਰ ਹੋਏ॥ ਨਾਲ ਹੇਕ ਬਾਰੀਕ ਦੇ ਬੋਲ ਬੋਲਨ ਜਿਵੇਂ ਕੋਇਲਾਂ ਕੂਕ ਪੁਕਾਰ ਹੋਏ॥ ਲਾਲ ਕੱਪੜੇ ਪਹਿਨਕੇ ਬੈਨ ਰਹੀਆਂ ਜਿਵੇਂ ਬਾਗ਼ ਦਰ ਗੁਲ ਅਨਾਰ ਹੋਏ॥ ਇੱਕ ਪਾਇ ਲਹਿੰਗੇ ਲਹਿਰਾਂ ਮਾਰ ਰਹੀਆ ਜਿਵੇਂ ਨਹਿਰ ਦੀ ਲਹਿਰ ਫ਼ਰਾਰ ਹੋਏ॥ ਇੱਕ ਲੜਦੀਆਂ ਖੋਲ ਕੇ ਬਾਲ ਸਿਰ ਦੇ ਜਿਵੇਂ ਗਿਰਦ ਗੁਟਾਰ ਗੁਟਾਰ ਹੋਏ॥ ਚੀਚ ਵਹੁਟੀਆਂ ਵਾਂਗ ਰਲ ਕਰਨ ਮੇਲਾ ਜਿਵੇਂ ਸੁਰਖਾਂ ਦੀ ਡਾਰ ਅਸਵਾਰ ਹੋਏ॥ ਇੱਕ ਟੁਰਦੀਆਂ ਲਟਕ ਦੇ ਨਾਲ ਲਟਕ ਜਿਵੇਂ ਮੋਰ ਚਕੋਰ ਦੀ ਚਾਰ ਹੋਏ॥ ਇੱਕ ਕੱਢ ਕੇ ਘੁੰਡ ਤੇ ਧੌਨ ਨੀਵੀਂ ਜਿਵੇਂ ਘੋੜੀ ਦੀ ਖ਼ੂਬ ਰਫ਼ਤਾਰ ਹੋਏ॥ ਗਾਵਨ ਰਾਗ ਤੇ ਰੰਗ ਨਾ ਸੰਗ ਕੋਈ ਜਿਵੇਂ ਜੰਗ ਨੂ ਫ਼ੌਜ ਤਿਆਰ ਹੋਏ॥ ਨੱਥਾਂ ਮੰਛਲੀਆਂ ਨੱਕ ਦੇ ਵਿੱਚ ਚਮਕਨ ਜਿਵੇਂ ਬਿੱਜਲੀ ਦਾ ਚਮਕਾਰ ਹੋਏ॥ ਚੂੜੇ ਗੋਖਰੂ ਆਰਸੀ ਸ਼ੀਸ਼ਿਆਂ ਦਾ ਤਲਵਾਰ ਦੇ ਵਾਂਗ ਲਿਸ਼ਕਾਰ ਹੋਏ॥ ਕਿਤੇ ਨੈਨਾਂ ਨੂੰ ਨੈਨ ਨਿਹਾਰ ਰਹੇ ਜਿਨ੍ਹਾਂ ਆਸ਼ਕਾਂ ਕੌਲ ਕਰਾਰ ਹੋਏ॥ ਕੋਈ ਦੇਖਦੀ ਚਸ਼ਮ ਚੁਰਾਇਕੇ ਤੇ ਗੁਝੀ ਬਰਛੀਆਂ ਦੀ ਬੁਰੀ ਮਾਰ ਹੋਏ॥ ਇੱਕ ਖੁਸ਼ੀ ਦੇ ਨਾਲ ਨਿਹਾਲ ਹੋ ਕੇ ਸਾਰੇ ਫ਼ਿਕਰ ਤੇ ਗੰਮ ਤੋਂ ਪਾਰ ਹੋਏ॥ ਇੱਕ ਦੇਖ ਕੇ ਸੋਹਣੀਆਂ ਸੂਰਤਾਂ ਨੂੰ ਅੱਗ ਇਸ਼ਕ ਦੀ ਨਾਲ ਜਲ ਛਾਰ ਹੋਏ॥ ਇੱਕ ਮਿਲਕੇ ਨਾਲ ਪਿਆਰੀਆਂ ਦੇ ਵਾਂਗ ਬਰਫ ਠੰਢੀ ਠੰਢੇਠਾਰ ਹੋਏ॥ ਕਿਤੇ ਬੋਲੀਆਂ ਗੋਲੀਆਂ ਵਾਂਗ ਵੱਜਨ ਕਿਤੇ ਪ੍ਯਾਰੀਆਂ ਨਾਲ ਪਿਆਰ ਹੋਏ॥ ਦੇਖੋ ਆਨ ਲੁਹਾਰੀਆਂ ਜਮਾਂ ਹੋਈਆਂ ਹੁਸਨ ਜਿਨਾਂ ਦੇ ਭਖ ਅੰਗਾਰ ਹੋਏ॥ ਦੂਰੋਂ ਮਾਰ ਚਿੰਗਾਰੀਆਂ ਸਾੜ ਦੇਵਨ ਲਾਲ ਖੱਨੀਆਂ ਵਾਂਗ ਲੁਹਾਰ ਹੋਏ॥ ਲੱਗੇ ਜਿਨਾਂ ਨੂੰ ਪ੍ਰੇਮ ਦੇ ਫੱਟ ਕਾਰੀ ਠੰਢੇ ਸਾਂਸ ਜਿਉਂ ਖਲ ਖਿਲਾਰ ਹੋਏ॥ ਅਹਿਰਨ ਵਾਂਗ ਬੈਠੇ ਇਕ ਸਬਰ ਕਰਕੇ ਤਾਨੇ ਖਾਇਕੇ ਸੁਕਰ ਗੁਜ਼ਾਰ ਹੋਏ॥ ਕੋਈ ਆਖਦੀ ਲੁਟ ਲਓ ਮੌਜ ਪਿਆਰੇ ਏਨ੍ਹਾਂ ਸਾਦੀਆਂ ਦੇ ਦਿਨ ਚਾਰ ਹੋਏ॥ ਓੜਕ ਲਿਆ ਤੰਬੋਲ ਤੇ ਬੰਨ੍ਹ ਸੇਹਰੇ ਜੰਞ ਜੋੜ ਕੇ ਤੁਰਤ ਤਿਆਰ ਹੋਏ॥ ਕੋਈ ਬੱਘੀਆਂ ਖ਼ਾਸਿਆਂ ਹਾਥੀਆਂ ਤੇ ਕੋਈ ਘੋੜਿਆਂ ਤੇ ਅਸਵਾਰ ਹੋਏ॥ ਨਾਲ ਤਾਇਫ਼ੇ ਨੱਚਦੇ ਜਾਨ ਅੱਗੇ ਅਤੇ ਵਾਜਿਆਂ ਦੇ ਸੋਰਸਾਰ ਹੋਏ॥ ਨੌਸਹੁ ਚਾਹੜ ਘੋੜੀ ਅਸਵਾਰ ਕੀਤਾ ਅਤੇ ਸੀਸ ਤੇ ਫੁਲਾਂ ਦੇ ਹਾਰ ਹੋਏ॥ ਨਾਲ ਘੋੜੀਆਂ ਜਾਂਦੀਆਂ ਗਾਨ ਨਾਰਾਂ ਸਾਡੇ ਲਾੜੇ ਦੇ ਭਾਗ ਬੇਦਾਰ ਹੋਏ॥ ਬੂਹੇ ਕੁੜਮਾਂ ਦੇ ਜਾਇਕੇ ਖੜੇ ਹੋਏ ਰੌਸ਼ਨ ਨਾਲ ਮਿਸਾਲ ਦੇ ਝਾਰ ਹੋਏ॥ ਕਿਸਨ ਸਿੰਘ ਸੋਹਾਵਣੀ ਸੇਜ ਸੋਹਣੀ ਜਿਵੇਂ ਫੁਲਾਂ ਦੀ ਰੰਗ ਬਹਾਰ ਹੋਏ॥੨੨॥
ਬਾਜ਼ੀ ਖੇਲਨੀ ਲੜਕੀਆਂ ਦੀ
ਵਾਗ ਘੋੜੀ ਦੀ ਪਕੜ ਖਲੋ ਰਹੇ ਲੱਗੇ ਸਗਨ ਸਗੂਨ ਕਰਾਵਣੇ ਨੂੰ॥ ਕੰਧੇ ਲਾਇਕੇ ਕੁੜੀ ਨੂੰ ਚਾਇ ਲਿਆਏ ਲੱਗੇ ਘੋੜੀ ਦੇ ਹੇਠ ਲੰਘਾਂਵਣੇ ਨੂੰ॥ ਆਈਆਂ ਲੜਕੀਆਂ ਬਾਲੀਆਂ ਸਾਲੀਆਂ ਭੀ ਫੜ ਤੀਲੀਆਂ ਮਾਰ ਡਰਾਵਣੇ ਨੂੰ॥ ਦੇਵਨ ਗਾਲੀਆਂ ਤਾਲੀਆਂ ਮਾਰ ਰਹੀਆਂ ਆਇਓਂ ਅੰਮਾਂ ਦੀ ਧੀ ਵਿਆਹਵਣੇ ਨੂੰ॥ ਭੈਣ ... ਲਾੜਾ ਸਰਬਾਲੜੇ ਦੀ ਲੱਗਾ ਅੱਜ ਕਰਤੂਤ ਕਢਾਵਣੇ ਨੂੰ॥ ਸਾਡੇ ਵੀਰ ਨੂੰ ਆਪਨੀ ਦੇਹ ਭੂਆ ਜੇ ਤੂ ਆਇਓਂ ਵੀਰ ਪਰਨਾਵਣੇ ਨੂੰ॥ ਲਾਹਿ ਘੋੜੀ ਤੋਂ ਧਰਤ ਬਹਾਲਿਓ ਨੇ ਦੀਵੇ ਬਾਲ ਕੇ ਮੁਖ ਦਿਖਾਵਣੇ ਨੂੰ॥ ਮੁਠ ਮੀਟ ਕੇ ਵਹੁਟੀ ਦੀ ਖੋਲ੍ਹ ਦਿੱਤੀ ਆਈਆਂ ਜੂਠੜਾ ਦੁਧ ਪਿਲਾਂਵਣੇ ਨੂੰ॥ ਅੰਦਰ ਜਾਇ ਬਹਾਲਿਆ ਸੋਹਣੇ ਨੂ ਵਿੱਚ ਲੱਸੀ ਦੇ ਪੈਰ ਪੁਆਵਣੇ ਨੂੰ॥ ਲਾਹਿ ਕਪੜੇ ਚੌਕੀ ਤੇ ਚਾੜ੍ਹਿਓ ਨੇ ਆਂਨ ਲੱਗੀਆਂ ਲਾਲ ਨਵਾਵਣੇ ਨੂੰ॥ ਵੱਢ ਚੂੰਢੀਆਂ ਵੱਖੀ ਦੇ ਵਿੱਚ ਆਖਨ ਜੀਉ ਕੀਤਾ ਈ ਗਾਲੀਆਂ ਖਾਵਣੇ ਨੂੰ॥ ਇੱਕ ਹਸਦੀਆਂ ਬਹੁਤ ਖੁਸਹਾਲ ਹੋਕੇ ਫ਼ਰਿਹਾਦ ਦਾ ਦਿਲ ਅਜ਼ਮਾਵਣੇ ਨੂੰ॥ ਲਾੜਾ ਚੁਪ ਖ਼ਾਮੋਸ ਹੋ ਮਸਤ ਰਿਹਾ ਰੰਨਾਂ ਲੱਗੀਆਂ ਝੁਰਮਟਾਂ ਪਾਵਣੇ ਨੂੰ॥ ਬਾਹਿਰ ਵਾਜਿਆਂ ਦੇ ਘਮਸਾਨ ਪਏ ਲੱਗੇ ਸਾਜ਼ ਅਵਾਜ਼ ਵਜਾਵਣੇ ਨੂੰ॥ ਹੋਰ ਵੇਸਵਾ ਭਗਤੀਏ ਨਾਚ ਨੱਚਨ ਹੱਸ ਹੱਸ ਕੇ ਲੋਗ ਹਸਾਵਨੇ ਨੂੰ॥ ਆਤਸਬਾਜਾਂ ਨੇ ਆਨ ਮੈਦਾਨ ਮੱਲੇ ਆਤਸ ਬਾਜ਼ੀਆਂ ਖੂਬ ਚਲਾਵਣੇ ਨੂੰ॥ ਚੱਲਣ ਚਾਦਰਾਂ ਟੋਟਕੇ ਹੋਰ ਗੋਲੇ ਘੋੜੇ ਫ਼ੀਲ ਤੇ ਹਰਨ ਕੁਦਾਵਣੇ ਨੂੰ॥ ਨਚਨ ਮੁਗਲ ਪਠਾਨ ਨਸਾਨ ਉਤੇ ਸਾਵਣ ਭਾਦ੍ਰੋਂ ਮੀਂਹ ਵਸਾਵਣੇ ਨੂੰ॥ ਅੰਬਰ ਜਾਨ ਹਵਾਈ ਅਨਾਰ ਛੁਟਨ ਮਾਹਤਾਬੀਆਂ ਚੰਦ ਚੜ੍ਹਾਵਣੇ ਨੂੰ॥ ਕਿਤੇ ਗੁਲ ਦੁਪਹਿਰ ਨੇ ਲਹਿਰ ਲਾਈ ਚਕਚੂੰਦਰਾਂ ਪੈਰਾਂ ਦੇ ਅਵਣੇ ਨੂੰ॥ ਰੋਟੀ ਖਾਇਕੇ ਜੰਞ ਨਿਹਾਲ ਹੋਈ ਲੱਗੇ ਫੇਰ ਨਿਕਾਹ ਪੜ੍ਹਾਵਣੇ ਨੂੰ॥ ਕਈ ਤਰਾਂ ਦੇ ਖਾਣੇ ਤਿਆਰ ਹੋਏ ਲੱਗੇ ਸੱਦ ਕੇ ਜੰਞ ਖੁਆਵਣੇ ਨੂੰ॥ ਦੀਵਾ ਬਾਲ ਕੇ ਸਭਾ ਦੇ ਵਿੱਚ ਧਰਿਆ ਕਾਜ਼ੀ ਸੱਦਿਆ ਅਕਦ ਪੜਾਵਣੇ ਨੂੰ॥ ਔਰਤ ਮਰਦ ਬੈਠਾਇਕੇ ਖਾਰਿਆਂ ਤੇ ਕਲਮਾਂ ਨਬੀ ਦਾ ਕੇਹਾ ਸੁਣਾਵਣੇ ਨੂੰ॥ ਲੰਬਰ ਚੌਧਰੀ ਕੋਲ ਗਵਾਹ ਕੀਤੇ ਲੱਗੇ ਦੋਹਾਂ ਤੋਂ ਪੁੱਛ ਪੁਛਾਵਣੇ ਨੂੰ॥ ਬੱਧਾ ਹੱਕ ਨਿਕਾਹ ਕਬੂਲ ਹੋਯਾ ਲਾਗ ਵੰਡ ਦਿੱਤੇ ਜੱਸ ਗਾਵਣੇ ਨੂੰ॥ ਗਈ ਰਾਤ ਤੇ ਦਿਨ ਜ਼ਹੂਰ ਹੋਯਾ ਕੁੜੀ ਆਂਦੀਓਂ ਨੇ ਡੋਲੀ ਪਾਵਣੇ ਨੂੰ॥ ਡੋਲੀ ਚਾਇ ਕਹਾਰ ਤਿਆਰ ਹੋਏ ਵਾਰ ਵਾਰ ਸੁੱਟੇ ਦਮ ਆਵਣੇ ਨੂੰ॥ ਦਮ ਸੱਟੀਏ ਤਾਂ ਸੋਭਾ ਖੱਟੀਏ ਵੇ ਰੰਨਾਂ ਲੱਗੀਆਂ ਬੋਲ ਬੁਲਾਵਣੇ ਨੂੰ॥ ਦਮ ਲਾਈਏ ਪੁੱਤ ਵਿਆਹੀਏ ਵੇ ਪਿਆਰੇ ਦਮ ਕੁਵਾਰੇ ਪੁੱਤ ਵਿਆਹਵਣੇ ਨੂੰ॥ ਮਾਉਂ ਬਾਪ ਰੋਵਨ ਝੋਲੀ ਪਾਇ ਧੀ ਨੂੰ ਉੱਚਾ ਬੋਲ ਦੇ ਜੱਗ ਸੁਨਾਵਣੇ ਨੂੰ॥ ਕੇਹਾ ਮਾਣ ਨਿਮਾਨੀਆਂ ਬੱਚੀਆਂ ਦਾ ਚੀਕਾ ਮਾਰਦੀ ਹੱਥ ਉਠਾਵਣੇ ਨੂੰ॥ ਕਿਸਨ ਸਿੰਘ ਚੱਲੀ ਡੋਲੀ ਕੂਚ ਹੋਈ ਬਡਾ ਜ਼ੋਰ ਕੀਤਾ ਘਰ ਆਵਨੇ ਨੂੰ॥੨੩॥
ਮਕੂਲਾ ਸਾਇਰ
ਜੱਸ ਬਹੁਤ ਫਰਿਹਾਦ ਦੇ ਬਾਪ ਲੀਤਾ ਲਿਆਇਆ ਲਾਡਲੇ ਨੂੰ ਪਰਨਾਇਕੇ ਜੀ॥ ਹੋਰ ਦਾਜ ਦਿਹਾਜ ਦਾ ਅੰਤ ਨਹੀਂ ਸੀ ਘੋੜੇ ਊਠ ਗਾਈਂ ਹਿਕਵਾਇਕੇ ਜੀ॥ ਪੀੜਾ ਪਲੰਘ ਤੇ ਲੇਫ਼ ਨਿਹਾਲੀਆਂ ਭੀ ਹੋਰ ਕਪੜੇ ਬਹੁਤ ਚੁਕਾਇਕੇ ਜੀ॥ ਘਰ ਆਏ ਤਾਂ ਲੜਕੀਆਂ ਗੀਤ ਗਾਵਨ ਦੂਲੋ ਅੱਜ ਆਯਾ ਫ਼ਤਹ ਪਾਇਕੇ ਜੀ॥ ਸਾਡੇ ਲਾੜੇ ਦੇ ਭਾਗਾਂ ਨੂੰ ਕੁੜੀ ਜੰਮੀ ਗਾਵਨ ਘੋੜੀਆਂ ਘੁੰਡ ਉਠਾਇਕੇ ਜੀ॥ ਜੰਞ ਵਿਦਾ ਕੀਤੀ ਲਾਗੀ ਘਰੀਂ ਪਹੁੰਚੇ ਲਏ ਆਪਨੇ ਸਗਨ ਮਨਾਇਕੇ ਜੀ॥ ਇਕ ਕੋਠੜੀ ਦੇ ਵਿੱਚ ਪਲੰਘ ਡਾਹਿਆ ਮੁੰਡਾ ਕੁੜੀ ਦੇ ਕੋਲ ਬਹਾਇਕੇ ਜੀ॥ ਫੁਲ ਰੰਗਲੀ ਸੇਜ ਵਿਛਾਇ ਛੱਡੀ ਉੱਤੇ ਨੌਸਹੁ ਦੀ ਨਾਰ ਲਿਟਾਇਕੇ ਜੀ॥ ਫਰਿਹਾਦ ਭੀ ਬਹੁਤ ਦਿਲਸਾਦ ਹੋਕੇ ਸੁਤਾ ਪਾਸ ਮਹਬੂਬ ਦੇ ਜਾਇਕੇ ਜੀ॥ ਇੱਕੇ ਕੱਪੜੇ ਦੇ ਵਿੱਚ ਹੋਇ ਦੋਵੇਂ ਸੌ ਰਹੇ ਗਲਵੱਕੜੀ ਪਾਇਕੇ ਜੀ॥ ਸੂਰਤ ਸੋਹਣੀ ਵਿੱਚ ਨਾ ਫ਼ਰਕ ਰੱਤੀ ਥੇਵਾ ਮੁੰਦਰੀ ਲਿਆ ਜੜਾਇਕੇ ਜੀ॥ ਭੁਲ ਗਏ ਜਹਾਨ ਦੇ ਦੁਖ ਸਾਰੇ ਜਦੋਂ ਮੁਖ ਡਿੱਠਾ ਪੱਲਾ ਚਾਇਕੇ ਜੀ॥ ਗੱਲਾਂ ਕੀਤੀਆਂ ਖੂਬ ਨਸੰਗ ਦੋਹਾਂ ਨਾਲ ਅੰਗ ਦੇ ਅੰਗ ਲਗਾਇਕੇ ਜੀ॥ ਮਨ ਸੀਤ ਸੀਨਾ ਠੰਢਾ ਠਾਰ ਹੋਯਾ ਪਾਨੀ ਅੱਗ ਉੱਤੇ ਪਿਆ ਜਾਇਕੇ ਜੀ॥ ਲੱਜ਼ਤ ਇਸਤਰੀ ਜੇਹਾ ਨਾ ਜੱਗ ਕੋਈ ਭਾਵੇਂ ਦੇਖ ਲਓ ਅਜ਼ਮਾਇਕੇ ਜੀ॥ ਵੱਡਾ ਫ਼ਰਕ ਹਰਾਮ ਹਲਾਲ ਅੰਦਰ ਚੋਰ ਜਾਨ ਜੋ ਖਾਇ ਚੁਰਾਇਕੇ ਜੀ॥ ਮੇਹਰੀ ਮਰਦ ਨਾ ਵੱਖਰੇ ਹੋਨ ਕਦੇ ਰੱਬ ਦੋਹਾਂ ਨੂੰ ਰੱਖੇ ਰਲਾਇਕੇ ਜੀ॥ ਦੁਖ ਕੋਈ ਨਾ ਹੋਰ ਫਿਰਾਕ ਜੇਹਾ ਲਾਈਏ ਲੂਨ ਜਿਵੇਂ ਪਛਵਾਇਕੇ ਜੀ॥ ਦੂਜੀ ਮੌਤ ਜੁਦਾਈ ਜਹਾਨ ਅੰਦਰ ਜੇਹਾ ਪੀਵਨਾ ਜ਼ਹਿਰ ਘੁਟਾਇਕੇ ਜੀ॥ ਕੰਤ ਰਹਿਣ ਜ਼ਿੰਦੇ ਕੰਤਾਂ ਵਾਲੀਆਂ ਦੇ ਕਰਾਂ ਦੁਆ ਏਹ ਹੱਥ ਉਠਾਇਕੇ ਜੀ॥ ਲਾਵਨ ਹਾਰ ਸਿੰਗਾਰ ਸਵਾਰ ਸੋਹਨੇ ਖਾਵਣ ਰੱਬ ਦਾ ਨਾਮ ਧਿਆਇਕੇ ਜੀ॥ ਗਈ ਰਾਤ ਲਾੜੀ ਲਾੜਾ ਉਠ ਬੈਠੇ ਸੱਈਆਂ ਕਹਿੰਦੀਆਂ ਤਾਕ ਹਿਲਾਇਕੇ ਜੀ॥ ਸਾਰੀ ਰਾਤ ਨਾ ਰੱਜੀਓਂ ਨਿਕਲ ਬਾਹਰ ਕੱਖੀ ਬੈਠਿਓਂ ਥਾਲ ਦਬਾਇਕੇ ਜੀ॥ ਘੁੰਡ ਕੱਢ ਵਹੁਟੀ ਬਾਹਰ ਆਨ ਬੈਠੀ ਵਾਂਗ ਵਹੁਟੀਆ ਸੀਸ ਝੁਕਾਇਕੇ ਜੀ॥ ਰਲ ਮਿਲ ਕੁੜੀਆਂ ਸੱਭੇ ਕਰਨ ਠੱਠੇ ਗਲ ਪੁਛਾਂਗੇ ਅੱਜ ਬਨਾਇਕੇ ਜੀ॥ ਪਾਨੀ ਗਰਮ ਦੇ ਨਾਲ ਅਸਨਾਨ ਕੀਤਾ ਲੱਈਆਂ ਪਹਿਨ ਪੌਸਾਕੀਆਂ ਪਾਇਕੇ ਜੀ॥ ਏਸੇ ਚਾਲ ਦੇ ਨਾਲ ਨਿਹਾਲ ਰਹਿੰਦੇ ਵੇਖਨ ਨੈਨ ਨੈਨਾ ਸਰਮਾਇਕੇ ਜੀ॥ ਪੇਈਏ ਸਾਹੁਰੇ ਸਹਿਰ ਦੇ ਵਿਚ ਰਹਿੰਦੇ ਰਾਜੀ ਹੋ ਆਵੇ ਨਿਤ ਜਾਇਕੇ ਜੀ॥ ਕਈ ਬਰਸ ਬੀਤੇ ਏਸੇ ਰੰਗ ਅੰਦਰ ਡਿੱਠਾ ਦੁਖ ਨਾ ਅੱਖ ਉਠਾਇਕੇ ਜੀ॥ ਜਲੇ ਬਖ਼ਤ ਦੇਖੋ ਵਖ਼ਤ ਸਖ਼ਤ ਆਯਾ ਇਸਕ ਤਖ਼ਤ ਬੈਠਾ ਸਭਾ ਲਾਇਕੇ ਜੀ॥ ਦੁਖ ਦੇਨ ਲੱਗਾ ਸੁਖ੍ਯਾਰਿਆਂ ਨੂ ਦੇਖੋ ਸੁਤੜੀ ਕਲਾ ਜਗਾਇਕੇ ਜੀ॥ ਕਿਸਨ ਸਿੰਘ ਇਸ ਇਸਕ ਦਾ ਕੰਮ ਏਹੋ ਜਦੋਂ ਆਂਵਦਾ ਜਾਏ ਮੁਕਾਇਕੇ ਜੀ॥੨੪॥
ਦ੍ਰਗਾਹ ਰੱਬ ਥੀਂ ਆਵਨਾ ਇਸਕ ਸ਼ਹਿਰ ਇਸਤੰਬੋਲ ਵਿੱਚ
ਆਯਾ ਹੁਕਮ ਦਰਗਾਹ ਥੀਂ ਇਸਕ ਤਾਈਂ ਇਸਤੰਬੋਲ ਦੀ ਤਰਫ਼ ਤਿਆਰ ਹੋਯਾ॥ ਪਕੜ ਕੋਰੜਾ ਕਹਿਰ ਦਾ ਕਮਰ ਕੱਸੀ ਘੋੜੇ ਸਿਦਕ ਦੇ ਤੇ ਅਸਵਾਰ ਹੋਯਾ॥ ਸੋਹਰਤ ਫ਼ੋੌਜ ਨੇ ਸੋਰ ਦਾ ਲਿਆ ਲਸਕਰ ਫ਼ਾਕਾ ਫ਼ਿਕਰ ਅੱਗੇ ਫ਼ੌਜਦਾਰ ਹੋਯਾ॥ ਝੰਡੇ ਝਿੜਕਦੇ ਝੋਰੇ ਦਾ ਲਾਲ ਨੇਜ਼ਾ ਜੋਬਨ ਰੱਸਕੇ ਤੇ ਜਮਾਦਾਰ ਹੋਯਾ॥ ਪਲਟਨ ਆਹੀਂ ਦੀ ਆਨ ਕੇ ਪਰਾ ਬੱਧਾ ਸਬਰ ਸੈ ਉਠਾਇ ਸਰਦਾਰ ਹੋਯਾ॥ ਮੁਲਕ ਮੱਲਿਆ ਆਇ ਮਲਾਮਤਾਂ ਨੇ ਸਿਦਕ ਹੱਠ ਅਗੇ ਸੂਬੇਦਾਰ ਹੋਯਾ॥ ਗ਼ੋਗ਼ਾ ਗੁਲ ਨੇ ਗੁਟ ਗ਼ੁਬਾਰ ਕੀਤਾ ਜ਼ੋਰ ਜ਼ੁਲਮ ਦੇ ਨਾਲ ਅੰਧਾਰ ਹੋਯਾ॥ ਹੁਸਨ ਹੁਕਮ ਚਲਾਂਵਦਾ ਫਿਰੇ ਸਭ ਤੇ ਰੂਪ ਰਸ ਰਸੀਲੜਾ ਯਾਰ ਹੋਯਾ॥ ਸਫ਼ਰ ਸਕਰ ਦੀ ਸਕਲ ਬਨਾ ਬੈਠਾ ਨਾਲ ਮਕਰ ਭੀ ਆਇ ਰਵਾਦਾਰ ਹੋਯਾ॥ ਪ੍ਰੇਮ ਪਾਇ ਰੋਲਾ ਕਹੇ ਚਲੋ ਭਾਈ ਜ਼ੋਕ ਜ਼ਿੱਲਤਾਂ ਨਾਲ ਖੁਆਰ ਹੋਯਾ॥ ਲੱਦ ਹਲਦ ਦੇ ਊਠ ਫਿਰਾਕ ਤੁਰਿਆ ਬਾਝ ਯਾਰ ਦੇ ਰੰਗ ਵਿਸਾਰ ਹੋਯਾ॥ ਚਲੇ ਫ਼ੀਲ ਫ਼ੁਸਾਦ ਦੇ ਸਦ ਹੋਕੇ ਸੰਗਲ ਸੋਗਦਾ ਮਾਰਨੇਹਾਰ ਹੋਯਾ॥ ਭੁਖ ਨੰਗ ਦੀਆਂ ਗੱਡੀਆਂ ਲੱਦ ਲਈਆਂ ਦੁਖ ਦਰਦ ਅੱਗੇ ਠਾਨੇਦਾਰ ਹੋਯਾ॥ ਤੰਬੂ ਤਾਨਿਆਂ ਦੇ ਰੱਖੇ ਟੱਟੂਆਂ ਤੇ ਮੇਹਨਾਂ ਜੀਂਵਦਾ ਹੀ ਮੁਰਦਾਰ ਹੋਯਾ॥ ਠੂਠੇ ਠੋਕਰਾਂ ਦੇ ਪਿਆਲੇ ਪੋਸਤੀ ਦੇ ਠੀਕਰ ਪਕੜ ਦਰਵੇਸ ਦਵਾਰ ਹੋਯਾ॥ ਤੋਪਾਂ ਤੋਹਮਤਾਂ ਤਖ਼ਤੇ ਚਾੜ ਲੱਈਆਂ ਬਦਨਾਮ ਅੱਗੇ ਕਿਲੇਦਾਰ ਹੋਯਾ॥ ਹਲਕਾ ਹੁਜਤਾਂ ਰੋਕਿਆ ਹੌਲ ਸੇਤੀ ਮੁਸਕਲ ਬਨੀ ਨੂੰ ਰੱਬ ਗੁਫ਼ਾਰ ਹੋਯਾ॥ ਕੁਮੇਦਾਨ ਕਿਸਾ ਆਖੇ ਚਲ ਭਾਈ ਗੋਲੰਦਾਜ਼ ਗ਼ੁਸਾ ਹੁਸਯਾਰ ਹੋਯਾ॥ ਅਦਬ ਨਾਲ ਬੇਅਦਬ ਸਵਾਬ ਕੀਤੇ ਦਾਗ਼ ਦੂਰਿਆਂ ਦਾ ਦਫ਼ਾਦਾਰ ਹੋਯਾ॥ ਧੁੰਮ ਧੂੜ ਉਡਾਇ ਧਰਵਾਸ ਆਯਾ ਸੱਲ ਸਿਰਜਨਾਂ ਦਾ ਸਿਕਦਾਰ ਹੋਯਾ॥ ਸੁਸਤੀ ਆਇ ਸੁਤੀ ਕਿਸੇ ਬਹਲ ਅੰਦਰ ਆਲਸ ਚਿਤਵਨਾ ਦਾ ਦਿਲਦਾਰ ਹੋਯਾ॥ ਚਿੰਤਾ ਚੂਰ ਹੋ ਪਈ ਮੈਦਾਨ ਅੰਦਰ ਗ਼ਮ ਗੈਰਤਾਂ ਨਾਲ ਗੁਬਾਰ ਹੋਯਾ॥ ਲਏ ਪਕੜ ਨਿਸਾਨ ਅੰਦੇਸਿਆਂ ਨੇ ਵਹਿਮ ਵਾਸਤਾ ਸਹਿਮ ਦਾ ਯਾਰ ਹੋਯਾ॥ ਇਸਕ ਬਾਦਸਾਹ ਸੀਸ ਪਰ ਤਾਜ ਧਰਕੇ ਖ਼ੌਫ਼ ਦੂਰ ਕਰਕੇ ਖ਼ਬਰਦਾਰ ਹੋਯਾ॥ ਇਸਤੰਬੋਲ ਦੇ ਕੋਲ ਆ ਕੀਆ ਡੇਰਾ ਦੇਖੋ ਵੱਸਦਾ ਸਹਿਰ ਉਜਾੜ ਹੋਯਾ॥ ਇਸਕ ਮੁਸਕ ਤੇ ਹੁਸਨ ਨਾ ਰਹਿਨ ਗੁਝੇ ਜਿਵੇਂ ਰੂੰ ਦੇ ਵਿੱਚ ਅੰਗਾਰ ਹੋਯਾ॥ ਇਸਕ ਠੱਗ ਆਯਾ ਕੋਈ ਠੱਗਣੇ ਨੂੰ ਦੇਖੋ ਠੱਗ ਕੇ ਤੁਰਤ ਫ਼ਰਾਰ ਹੋਯਾ॥ ਲਿਯਾ ਲੁਟ ਫ਼ਰਿਹਾਦ ਦਾ ਮਾਲਖ਼ਾਨਾ ਮਹਿਲ ਸੀਰੀਂ ਦੇ ਟੱਪ ਕੇ ਪਾਰ ਹੋਯਾ॥ ਕਿਸਨ ਸਿੰਘ ਜਿਸ ਇਸਕ ਦੇ ਹੱਥ ਲੱਗੇ ਘੁਟ ਵੱਟ ਕੇ ਮਸਤ ਖ਼ੁਮਾਰ ਹੋਯਾ॥੨੫॥
ਖਬਰ ਹੋਣੀ ਆਵਨੇ ਇਸ਼ਕ ਦੇ ਦੀ ਸ਼ਹਿਰ ਦਿਲ ਦੇ ਵਿਚ
ਆਈ ਖ਼ਬਰ ਜਾਂ ਇਸਕ ਦੇ ਆਵਨੇ ਦੀ ਅਕਲ ਐਸ ਅਰਾਮ ਹੈਰਾਨ ਹੋਏ॥ ਧਰਮ ਸਰਮ ਤੇ ਕਰਮ ਨੇ ਕੂਚ ਕੀਤਾ ਭਰਮ ਵਹਿਮ ਤਮਾਮ ਵੈਰਾਨ ਹੋਏ॥ ਘਰਾਂ ਮਾਰ ਬੁਕਲ ਵੜੀ ਕੁੰਜ ਗੋਸੇ ਜਦੋਂ ਇਸਕ ਦੇ ਆਨ ਫਰਮਾਨ ਹੋਏ॥ ਹਿੰਮਤ ਹਾਰ ਹਿੰਮਤ ਹਰਿ ਧਿਆਇ ਰਹੀ ਸੱਕਸਾਨ ਸਾਰੇ ਪਸੇਮਾਨ ਹੋਏ॥ ਜ਼ੋਰ ਜ਼ੁਲਮ ਗੁਲਾਮ ਹੋ ਆਨ ਖੜੇ ਸਬਰ ਸਿਦਕ ਹੋਰੀ ਬਿਨਾਂ ਜਾਨ ਹੋਏ॥ ਜ਼ਿਕਰ ਫ਼ਿਕਰ ਤੇ ਫ਼ਹਿਮ ਦੀ ਹੋਸ ਉਡੀ ਜੋਸ ਜਾਸ ਹੋਰੀ ਸਰਗਰਦਾਨ ਹੋਏ॥ ਪਈ ਧੁੰਮ ਮਸੀਤ ਦੁਆਰ ਸਾਰੇ ਮਾਰੋਮਾਰ ਕਰਕੇ ਜਮਾ ਆਨ ਹੋਏ॥ ਹਿੰਦੂ ਹਾਲ ਹੀ ਹਾਲ ਪੁਕਾਰ ਉਠੇ ਗ਼ਾਜ਼ੀ ਥੀਵਨੇ ਨੂੰ ਮੁਸਲਮਾਨ ਹੋਏ॥ ਰੋਜ਼ੇ ਮਰਨ ਭੁਖੇ ਈਦ ਨੱਸ ਚੱਲੀ ਅਤੇ ਜਾਲਿਆਂ ਵਿਚ ਕੁਰਾਨ ਹੋਏ॥ ਬਾਂਗਾਂ ਮਾਰ ਚਾਂਗਾ ਕੰਨੀ ਹੱਥ ਰੱਖੇ ਗਿਆਨ ਮਸਲੇ ਸਭ ਸਾਮਾਨ ਹੋਏ॥ ਗਈ ਦੌੜ ਨਿਮਾਜ਼ ਜਾਂ ਰਾਜ਼ ਪਾਯਾ ਮਨਕੇ ਤਸਬੀਆਂ ਦੇ ਦਾਨ ਦਾਨ ਹੋਏ॥ ਮਾਲਾ ਸਿਮਰਨੇ ਟੁਟ ਕੇ ਪਈ ਪੈਰੀਂ ਜੰਞੂ ਪਾਇ ਪੱਲੇ ਗਲੀਂ ਗਾਨ ਹੋਏ॥ ਪਈਆਂ ਪੋਥੀਆਂ ਰਹਿਨ ਨਾ ਪੜੇ ਕੋਈ ਅਤੇ ਵਿੱਚ ਸੰਦੂਕ ਪੁਰਾਨ ਹੋਏ॥ ਗਏ ਭੁਲ ਗਿਆਨ ਧਿਆਨ ਸਾਰੇ ਜਦੋਂ ਇਸਕ ਦੇ ਖੜੇ ਨਿਸਾਨ ਹੋਏ॥ ਭੁਲੀ ਬੰਦਗੀ ਵਿਰਦ ਨਾ ਕਰੇ ਕੋਈ ਪਿਆਲੇ ਇਸਕ ਦੇ ਨਾਲ ਮਸਤਾਨ ਹੋਏ॥ ਪੂਜਾ ਠਾਕਰਾਂ ਦੀ ਪਾਨੀ ਪਿੱਪਲਾਂ ਨੂੰ ਕੰਮਾਂ ਐਸਿਆਂ ਥੀਂ ਨਾ ਫ਼ਰਮਾਨ ਹੋਏ॥ ਪਿਆਰੇ ਬਾਝ ਨਾ ਪਤ੍ਰੀ ਭਲੀ ਭਾਵੇ ਚੰਦਭਾਨ ਜਾਂ ਸਿਕਰ ਅਸਮਾਨ ਹੋਏ॥ ਮੁਲਾਂ ਕਾਜ਼ੀਆਂ ਪੰਡਿਤਾਂ ਫ਼ਿਕਰ ਪਿਆ ਜਦੋਂ ਇਸਕ ਦੇ ਮੁਆਮਲੇ ਆਨ ਹੋਏ॥ ਗਏ ਖ਼ੇਸ ਕਬੀਲੜੇ ਨੱਸ ਸਾਰੇ ਦੋਸਤ ਯਾਰ ਪਿਆਰੇ ਦੁਸਮਨ ਜਾਨ ਹੋਏ॥ ਚੱਲੇ ਕੌਲ ਕਰਾਰ ਅਸਵਾਰ ਹੋਕੇ ਅਤੇ ਦੀਨਈਮਾਨ ਅਜਾਨ ਹੋਏ॥ ਸੁਕਾ ਮਾਸ ਤੇ ਰੱਤ ਨਾ ਰਹੀ ਰੱਤੀ ਨੈਨ ਰੋਂਦਿਆਂ ਲਹੂ ਲੁਹਾਨ ਹੋਏ॥ ਆਹੀਂ ਚੱਲੀਆਂ ਹੱਲੀਆਂ ਹਿਰਸ ਹੋਰੀ ਜੋਗ ਰੋਗ ਤੇ ਸੋਗ ਸੁਲਤਾਨ ਹੋਏ॥ ਰੋਵਨ ਅੱਖੀਆਂ ਵਾਲ ਜ਼ਵਾਲ ਐਸੇ ਅਬਰੂ ਝੁਕ ਕੇ ਵਾਂਗ ਕਮਾਨ ਹੋਏ॥ ਕੜਕਨ ਹੱਡੀਆਂ ਤਨ ਤੰਦੂਰ ਹੋਯਾ ਏਹ ਇਸਕ ਦੇ ਆਨ ਨਸਾਨ ਹੋਏ॥ ਭੁਲੇ ਕੰਮ ਤੇ ਗ਼ਮ ਨੇ ਮਹਿਲ ਪਾਏ ਦੁਖ ਦਰਦ ਆ ਕੇ ਅਵਾਦਾਨ ਹੋਏ॥ ਲੱਗੀ ਤਾਂਘ ਮਹਬੂਬ ਦੀ ਖ਼ੂਬ ਜਿਨਾਂ ਸੋਈ ਦੇਖ ਮਗ਼ਲੂਬ ਜਹਾਨ ਹੋਏ॥ ਅਲ ਇਸਕ ਨਾਰੁਨ ਤਰਹਕਾਮਾਸਵਾਅੱਲਾ ਬਾਝ ਯਾਰ ਦੇ ਭੁਜ ਮਸਾਨ ਹੋਏ॥ ਬੁਰੀ ਅੱਗ ਵਿਛੋੜੇ ਦੀ ਸਾੜ ਸੁਟੇ ਜਿਵੇਂ ਵਿੱਚ ਤੰਦੂਰ ਦੇ ਨਾਨ ਹੋਏ॥ ਅੱਗ ਇਸਕ ਦੀ ਬਾਝ ਨਾ ਕੋਈ ਪੱਕੇ ਕੱਚੇ ਗਲ ਕੇ ਖ਼ਾਕ ਸਮਾਨ ਹੋਏ॥ ਸੋਨਾ ਅੱਗ ਦੇ ਵਿਚ ਹੈ ਸਾਫ਼ ਹੋਂਦਾ ਮੈਲ ਦੂਰ ਕਰਕੇ ਕਦਰਦਾਨ ਹੋਏ॥ ਕਿਸਨ ਸਿੰਘ ਆਸਕ ਇਵੇਂ ਇਸਕ ਅੰਦਰ ਜਿਵੇਂ ਸੂਰਮੇਂ ਵਿਚ ਮਦਾਨ ਹੋਏ॥੨੬॥